Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
1 ਸਮੂਏਲ 9-12

ਸ਼ਾਊਲ ਦਾ ਆਪਣੇ ਪਿਉ ਦੇ ਖੋਤਿਆਂ ਨੂੰ ਲੱਭਣਾ

ਕੀਸ਼ ਬਿਨਯਾਮੀਨ ਦੀ ਗੋਤ ਦਾ ਇੱਕ ਮਹੱਤਵਪੂਰਣ ਮਨੁੱਖ ਸੀ। ਕੀਸ਼ ਅਬੀਏਲ ਦਾ ਪੁੱਤਰ ਸੀ ਅਤੇ ਅਬੀਏਲ ਸ਼ਰੂਰ ਦਾ ਪੁੱਤਰ ਸੀ। ਅਤੇ ਬਕੋਰਥ ਦਾ ਪੁੱਤਰ ਸਰੂਰ ਸੀ। ਬਕੋਰਥ ਅਫ਼ਿਆਹ ਦਾ ਪੁੱਤਰ ਸੀ ਜੋ ਕਿ ਬਿਨਯਾਮੀਨ ਤੋਂ ਸੀ। ਕੀਸ਼ ਦਾ ਪੁੱਤਰ ਸੀ ਸ਼ਾਊਲ ਜੋ ਕਿ ਬੜਾ ਸੁੰਦਰ ਨੌਜਵਾਨ ਸੀ। ਉੱਥੇ ਸ਼ਾਊਲ ਤੋਂ ਵੱਧ ਕੋਈ ਵੀ ਖੂਬਸੂਰਤ ਨਹੀਂ ਸੀ। ਉਹ ਇਸਰਾਏਲੀਆਂ ਵਿੱਚ ਸਭ ਤੋਂ ਵੱਧ ਸਿਰ ਕੱਢ ਸੀ।

ਇੱਕ ਦਿਨ ਕੀਸ਼ ਦੇ ਖੋਤੇ ਗੁਆਚ ਗਏ ਤਾਂ ਕੀਸ਼ ਨੇ ਆਪਣੇ ਪੁੱਤਰ ਸ਼ਾਊਲ ਨੂੰ ਆਖਿਆ, “ਇੱਕ ਸੇਵਕ ਨੂੰ ਆਪਣੇ ਨਾਲ ਲੈ ਜਾ ਅਤੇ ਜਾਕੇ ਖੋਤਿਆਂ ਦੀ ਭਾਲ ਕਰ ਕਿ ਉਹ ਕਿੱਥੇ ਗੁਆਚੇ ਹਨ?” ਸ਼ਾਊਲ ਉਨ੍ਹਾਂ ਨੂੰ ਲੱਭਣ ਲਈ ਚੱਲਾ ਗਿਆ। ਸੋ ਉਹ ਅਫ਼ਰਾਈਮ ਦੇ ਪਹਾੜ ਵੱਲੋਂ ਵੀ ਲੰਘਿਆ ਉਸਤੋਂ ਬਾਦ ਉਹ ਸ਼ਲੀਸ਼ਾਹ ਦੇ ਦੇਸ਼ ਵਿੱਚੋਂ ਦੀ ਲੰਘਿਆ ਪਰ ਉਸ ਨੂੰ ਅਤੇ ਉਸ ਦੇ ਸੇਵਕ ਨੂੰ ਖੋਤੇ ਉੱਥੇ ਵੀ ਨਾ ਲੱਭੇ, ਤਦ ਉਹ ਸ਼ਲੀਸ਼ਾਹ ਦੇ ਦੇਸ਼ ਵਿੱਚ ਗਏ ਕੀਸ਼ ਦੇ ਖੋਤੇ ਉੱਥੇ ਵੀ ਨਹੀਂ ਸਨ। ਫ਼ਿਰ ਉਹ ਬਿਨਯਾਮੀਨੀਆਂ ਦੇ ਦੇਸ਼ ਵਿੱਚੋਂ ਦੀ ਵੀ ਲੰਘੇ ਪਰ ਉਹ ਕੀਸ਼ ਦੇ ਖੋਤੇ ਉਨ੍ਹਾਂ ਨੂੰ ਉੱਥੇ ਵੀ ਨਾ ਮਿਲੇ।

ਅਖੀਰ ਵਿੱਚ ਸ਼ਾਊਲ ਅਤੇ ਸੇਵਕ ਸੂਫ਼ ਦੇ ਦੇਸ਼ ਵਿੱਚ ਆਏ ਅਤੇ ਸ਼ਾਊਲ ਨੇ ਆਪਣੇ ਸੇਵਕ ਨੂੰ ਕਿਹਾ, “ਚੱਲ ਵਾਪਸ ਚੱਲੀਏ। ਕਿਤੇ ਐਸਾ ਨਾ ਹੋਵੇ ਕਿ ਮੇਰਾ ਪਿਉ ਖੋਤਿਆਂ ਦਾ ਫ਼ਿਕਰ ਛੱਡ ਕੇ ਸਾਡਾ ਹੀ ਫ਼ਿਕਰ ਕਰਨ ਲੱਗ ਪਵੇ।”

ਪਰ ਨੌਕਰ ਨੇ ਜਵਾਬ ਦਿੱਤਾ, “ਵੇਖ, ਇਸ ਸ਼ਹਿਰ ਦੇ ਵਿੱਚ ਇੱਕ ਪਰਮੇਸ਼ੁਰ ਦਾ ਮਨੁੱਖ ਹੈ। ਲੋਕ ਉਸਦੀ ਬੜੀ ਇੱਜ਼ਤ ਕਰਦੇ ਹਨ। ਉਹ ਜੋ ਕੁਝ ਵੀ ਆਖੇ ਸੱਚ ਹੋ ਜਾਂਦਾ ਹੈ। ਇਸ ਲਈ ਚੱਲੋ ਸ਼ਹਿਰ ਨੂੰ ਚੱਲੀਏ। ਸ਼ਾਇਦ ਪਰਮੇਸ਼ੁਰ ਦਾ ਮਨੁੱਖ ਹੀ ਸਾਨੂੰ ਕੋਈ ਰਾਹ ਦੱਸ ਦੇਵੇ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ।”

ਸ਼ਾਊਲ ਨੇ ਆਪਣੇ ਸੇਵਕ ਨੂੰ ਕਿਹਾ, “ਠੀਕ ਹੈ, ਅਸੀਂ ਸ਼ਹਿਰ ਨੂੰ ਚੱਲੇ ਜਾਈਏ ਪਰ ਅਸੀਂ ਉਸ ਵਾਸਤੇ ਲੈ ਕੀ ਜਾਈਏ? ਸਾਡੇ ਕੋਲ ਪਰਮੇਸ਼ੁਰ ਦੇ ਮਨੁੱਖ ਨੂੰ ਭੇਟ ਕਰਨ ਲਈ ਕੋਈ ਤੋਹਫ਼ਾ ਨਹੀਂ ਹੈ? ਹੁਣ ਤਾਂ ਸਾਡੇ ਥੈਲਿਆਂ ਵਿੱਚ ਭੋਜਨ ਵੀ ਮੁੱਕ ਗਿਆ ਹੈ ਤਾਂ ਅਸੀਂ ਉਸ ਨੂੰ ਕੀ ਚੜ੍ਹਾਵਾਂਗੇ”

ਸੇਵਕ ਨੇ ਫ਼ਿਰ ਸ਼ਾਊਲ ਨੂੰ ਆਖਿਆ, “ਵੇਖੋ! ਮੇਰੇ ਕੋਲ ਥੋੜਾ ਜਿਹਾ ਧੰਨ ਹੈ। ਚੱਲੋਂ ਅਸੀਂ ਪਰਮੇਸ਼ੁਰ ਦੇ ਮਨੁੱਖ ਨੂੰ ਇਹ ਹੀ ਭੇਟ ਕਰ ਦਿਆਂਗੇ ਤਾਂ ਉਹ ਸਾਨੂੰ ਦੱਸ ਦੇਵੇਗਾ ਕਿ ਸਾਨੂੰ ਅਗਾਂਹ ਕੀ ਕਰਨਾ ਚਾਹੀਦਾ ਹੈ?”

9-11 ਸ਼ਾਊਲ ਨੇ ਆਪਣੇ ਸੇਵਕ ਨੂੰ ਆਖਿਆ “ਇਹ ਇੱਕ ਚੰਗਾ ਵਿੱਚਾਰ ਹੈ। ਚੱਲ ਚੱਲੀਏ!” ਉਹ ਉਸ ਥਾਵੇਂ ਗਏ ਜਿਸ ਸ਼ਹਿਰ ਵਿੱਚ ਪਰਮੇਸ਼ੁਰ ਦਾ ਆਦਮੀ ਰਹਿੰਦਾ ਸੀ।

ਸ਼ਾਊਲ ਅਤੇ ਉਸਦਾ ਨੌਕਰ ਉਤਾਂਹ ਪਹਾੜੀ ਉੱਤੇ ਨਗਰ ਨੂੰ ਜਾ ਰਹੇ ਸਨ। ਰਾਹ ਵਿੱਚ, ਉਹ ਕੁਝ ਮੁਟਿਆਰਾਂ ਨੂੰ ਮਿਲੇ ਜਿਹੜੀਆਂ ਪਾਣੀ ਖਿੱਚਣ ਲਈ ਬਾਹਰ ਜਾ ਰਹੀਆਂ ਸਨ। ਨੌਕਰ ਨੇ ਔਰਤਾਂ ਨੂੰ ਪੁੱਛਿਆ, “ਕੀ ਪੈਗੰਬਰ ਇੱਥੇ ਹੈ?” (ਪਹਿਲਿਆਂ ਦਿਨਾਂ ਵਿੱਚ, ਲੋਕ ਨਬੀ ਨੂੰ “ਪੈਗੰਬਰ” ਆਖਦੇ ਸਨ। ਇਸ ਲਈ ਜਦੋਂ ਉਹ ਪਰਮੇਸ਼ੁਰ ਨੂੰ ਕੁਝ ਪੁੱਛਣਾ ਚਾਹੁੰਦੇ ਸਨ, ਉਹ ਆਖਦੇ ਸਨ, ਆਪਾਂ ਚੱਲ ਕੇ ਪੈਗੰਬਰ ਨੂੰ ਵੇਖੀਏ।)

12 ਔਰਤਾਂ ਨੇ ਜਵਾਬ ਦਿੱਤਾ, “ਹਾਂ, ਪੈਗੰਬਰ ਇੱਥੇ ਹੈ। ਉਹ ਇਸ ਸੜਕ ਦੇ ਹੇਠਾਂ ਰਹਿੰਦਾ ਹੈ। ਉਹ ਅੱਜ ਹੀ ਸ਼ਹਿਰ ਨੂੰ ਪਰਤਿਆ। ਕੁਝ ਲੋਕ ਅੱਜ ਉਪਾਸਨਾ ਦੇ ਸਥਾਨ ਤੇ ਸੁੱਖ-ਸਾਂਦ ਦੀਆਂ ਭੇਟਾਂ ਵਿੱਚ ਹਿੱਸਾ ਲੈਣ ਲਈ ਇਕੱਠੇ ਹੋ ਰਹੇ ਹਨ। 13 ਇਸ ਲਈ ਤੁਸੀਂ ਸ਼ਹਿਰ ਵਿੱਚ ਚੱਲੇ ਜਾਵੋ ਤਾਂ ਤੁਸੀਂ ਉਸ ਨੂੰ ਲੱਭ ਲਵੋਂਗੇ। ਜੇਕਰ ਤੁਸੀਂ ਜਲਦੀ ਚੱਲੇ ਜਾਵੋਂ ਤਾਂ ਤੁਸੀਂ ਉਸ ਨੂੰ ਮਿਲ ਸੱਕੋਂਗੇ ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਦੇਰ ਕਰ ਦੇਵੋ ਤਾਂ ਉਹ ਉਪਾਸਨਾ ਵਾਲੀ ਥਾਂ ਉੱਤੇ ਭੋਜਨ ਕਰਨ ਚੱਲਾ ਜਾਵੇ, ਇਸ ਲਈ ਕਿਉਂਕਿ ਉਹ ਬਲੀ ਨੂੰ ਅਸੀਸ ਦਿੰਦਾ ਹੈ ਅਤੇ ਜਦ ਤੱਕ ਉਹ ਨਾ ਪਹੁੰਚੇ ਲੋਕ ਖਾਂਦੇ ਨਹੀਂ ਇਸ ਲਈ ਜੇਕਰ ਤੁਸੀਂ ਜਲਦੀ ਚੱਲੇ ਜਾਵੋਂਗੇ ਤਾਂ ਤੁਸੀਂ ਪੈਗੰਬਰ ਨੂੰ ਮਿਲ ਸੱਕੋਂਗੇ।”

14 ਸ਼ਾਊਲ ਅਤੇ ਉਸ ਦੇ ਸੇਵਕ ਨੇ ਸ਼ਹਿਰ ਵੱਲ ਪਹਾੜੀ ਚਢ਼ਨਾ ਸ਼ੁਰੂ ਕੀਤਾ। ਜਦ ਹੀ ਉਨ੍ਹਾਂ ਸ਼ਹਿਰ ਵਿੱਚ ਪੈਰ ਪਾਇਆ ਤਾਂ ਉਨ੍ਹਾਂ ਨੇ ਸਮੂਏਲ ਨੂੰ ਆਪਣੇ ਵੱਲ ਆਉਂਦਾ ਵੇਖਿਆ। ਸਮੂਏਲ ਉੱਚੇ ਥਾਂ ਨੂੰ ਜਾਣ ਲਈ ਉਨ੍ਹਾਂ ਦੇ ਸਾਹਮਣੇ ਉੱਥੋਂ ਬਾਹਰ ਨਿਕਲਿਆ।

15 ਇੱਕ ਦਿਨ ਪਹਿਲਾਂ ਹੀ ਯਹੋਵਾਹ ਨੇ ਸਮੂਏਲ ਨੂੰ ਆਖਿਆ ਸੀ ਕਿ, 16 “ਇਸੇ ਵੇਲੇ ਕੱਲ ਬਿਨਯਾਮੀਨ ਸ਼ਹਿਰ ਤੋਂ ਇੱਕ ਮਨੁੱਖ ਮੈਂ ਤੇਰੇ ਵੱਲ ਭੇਜਾਂਗਾ। ਤੂੰ ਉਸ ਨੂੰ ਮਸਹ ਕਰੀਂ ਤਾਂ ਜੋ ਉਹ ਮੇਰੇ ਇਸਰਾਏਲ ਦੇ ਲੋਕਾਂ ਦਾ ਆਗੂ ਅਤੇ ਪਰਧਾਨ ਬਣੇ। ਇਹ ਮਨੁੱਖ ਮੇਰੇ ਲੋਕਾਂ ਨੂੰ ਫ਼ਲਿਸਤੀਆਂ ਕੋਲੋਂ ਬਚਾਵੇਗਾ। ਮੈਂ ਆਪਣੇ ਲੋਕਾਂ ਨੂੰ ਕਸ਼ਟ ਸਹਿੰਦਿਆਂ ਵੇਖਿਆ ਹੈ ਅਤੇ ਮੈਂ ਲੋਕਾਂ ਵੱਲੋਂ ਚੀਖ ਪੁਕਾਰ ਵੀ ਸੁਣੀ ਹੈ।”

17 ਜਦੋਂ ਸਮੂਏਲ ਨੇ ਸ਼ਾਊਲ ਨੂੰ ਵੇਖਿਆ ਤਾਂ ਯਹੋਵਾਹ ਨੇ ਉਸ ਨੂੰ ਕਿਹਾ, “ਇਹ ਹੀ ਹੈ ਉਹ ਮਨੁੱਖ ਜਿਸ ਬਾਰੇ ਮੈਂ ਤੈਨੂੰ ਆਖਿਆ ਸੀ। ਇਹੀ ਮੇਰੇ ਲੋਕਾਂ ਉੱਪਰ ਰਾਜ ਕਰੇਗਾ।”

18 ਸ਼ਾਊਲ ਸ਼ਹਿਰ ਦੇ ਫ਼ਾਟਕ ਦੇ ਨੇੜੇ ਸਮੂਏਲ ਕੋਲ ਆਇਆ ਅਤੇ ਪੁੱਛਿਆ, “ਕਿਰਪਾ ਕਰਕੇ ਮੈਨੂੰ ਦੱਸ ਕਿ ਪੈਗੰਬਰ ਕਿੱਥੇ ਰਹਿੰਦਾ ਹੈ?”

19 ਸਮੂਏਲ ਨੇ ਆਖਿਆ, “ਮੈਂ ਹੀ ਪੈਗੰਬਰ ਹਾਂ। ਮੇਰੇ ਅੱਗੇ-ਅੱਗੇ ਉਸ ਉੱਚੇ ਥਾਂ ਵੱਲ ਚੱਲੇ ਜਾਓ ਜਿੱਥੇ ਉਪਾਸਨਾ ਹੋਣੀ ਹੈ। ਤੂੰ ਅਤੇ ਤੇਰਾ ਸੇਵਕ ਅੱਜ ਮੇਰੇ ਨਾਲ ਭੋਜਨ ਕਰਨਾ। ਕੱਲ ਸਵੇਰ ਨੂੰ ਮੈਂ ਤੁਹਾਨੂੰ ਤੇਰੇ ਘਰ ਵੱਲ ਵਿਦਾ ਕਰ ਦੇਵਾਂਗਾ ਅਤੇ ਉਸਤੋਂ ਪਹਿਲਾਂ ਮੈਂ ਤੇਰੇ ਸਾਰੇ ਸਵਾਲਾਂ ਦੇ ਜਵਾਬ ਵੀ ਦੇਵਾਂਗਾ। 20 ਅਤੇ ਖੋਤਿਆਂ ਦੀ ਚਿੰਤਾ ਨਾ ਕਰੀਂ ਜਿਹੜੇ ਕਿ ਤਿੰਨ ਦਿਨ ਪਹਿਲਾਂ ਤੁਹਾਡੇ ਤੋਂ ਗੁਆਚ ਗਏ ਸਨ। ਉਹ ਲੱਭ ਗਏ ਹਨ। ਹੁਣ ਸਾਰਾ ਇਸਰਾਏਲ ਜਿਸਦੇ ਮੂੰਹ ਵੱਲ ਜੋ ਦੇਖ ਰਿਹਾ ਹੈ-ਉਹ ਮਨੁੱਖ ਤੂੰ ਹੀ ਹੈਂ। ਉਹ ਸਾਰੇ ਲੋਕ ਤੈਨੂੰ ਅਤੇ ਤੇਰੇ ਪਿਤਾ ਦੇ ਪਰਿਵਾਰ ਨੂੰ ਚਾਹੁੰਦੇ ਹਨ।”

21 ਸ਼ਾਊਲ ਨੇ ਆਖਿਆ, “ਪਰ ਮੈਂ ਤਾਂ ਬਿਨਯਾਮੀਨ ਦੀ ਗੋਤ ਵਿੱਚੋਂ ਹਾਂ ਅਤੇ ਇਹ ਇਸਰਾਏਲ ਦੀਆਂ ਗੋਤਾਂ ਵਿੱਚੋਂ ਸਭ ਤੋਂ ਛੋਟਾ ਪਰਿਵਾਰ ਹੈ। ਅਤੇ ਮੇਰਾ ਪਰਿਵਾਰ ਤਾਂ ਬਿਨਯਾਮੀਨ ਦੇ ਪਰਿਵਾਰਾਂ ਵਿੱਚੋਂ ਸਭ ਤੋਂ ਛੋਟਾ ਅਤੇ ਨਿਮਾਣਾ ਹੈ। ਤੂੰ ਇੰਝ ਕਿਉਂ ਆਖ ਰਿਹਾ ਹੈ ਕਿ ਇਸਰਾਏਲੀ ਮੈਨੂੰ ਚਾਹੁੰਦੇ ਹਨ?”

22 ਤਦ ਸਮੂਏਲ ਨੇ ਸ਼ਾਊਲ ਅਤੇ ਉਸ ਦੇ ਸੇਵਕ ਨੂੰ ਲੰਗਰ ਖਾਣ ਵਾਲੀ ਥਾਂ ਉੱਤੇ ਲੈ ਆਂਦਾ। ਉੱਥੇ ਤੀਹ ਦੇ ਕਰੀਬ ਲੋਕਾਂ ਨੂੰ ਇਕੱਠਿਆਂ ਖਾਣ ਲਈ ਸੱਦਾ ਦਿੱਤਾ ਹੋਇਆ ਸੀ ਅਤੇ ਬਲੀ ਵਿੱਚ ਹਿੱਸਾ ਵੰਡਣ ਲਈ ਸਮੂਏਲ ਨੇ ਸ਼ਾਊਲ ਅਤੇ ਉਸ ਦੇ ਸੇਵਕ ਨੂੰ ਖਾਣ ਵਾਲੀ ਮੇਜ਼ ਦੀ ਸਭ ਤੋਂ ਅਹੁਦੇ ਵਾਲੀ ਥਾਂ ਉੱਤੇ ਬਿਠਾਇਆ। 23 ਸਮੂਏਲ ਨੇ ਲਾਂਗਰੀ ਨੂੰ ਕਿਹਾ, “ਉਹ ਮਾਸ ਦਾ ਟੁਕੜਾ, ਜੋ ਮੈਂ ਤੈਨੂੰ ਕਿਹਾ ਸੀ ਰੱਖ ਛੱਡੀ, ਉਹ ਲੈ ਆ।”

24 ਲਾਂਗਰੀ ਪੱਟ ਦਾ ਵੱਡਾ ਟੁਕੜਾ [a] ਲਿਆਇਆ ਅਤੇ ਮੇਜ਼ ਉੱਪਰ ਸ਼ਾਊਲ ਦੇ ਸਾਹਮਣੇ ਰੱਖ ਦਿੱਤਾ। ਸਮੂਏਲ ਨੇ ਆਖਿਆ, “ਜੋ ਮਾਸ ਦਾ ਟੁਕੜਾ ਤੇਰੇ ਸਾਹਮਣੇ ਧਰਿਆ ਹੈ ਉਹ ਖਾਉ। ਜਦੋਂ ਮੈਂ ਲੋਕਾਂ ਨੂੰ ਇਕੱਠਿਆਂ ਬੁਲਾਇਆ ਸੀ ਉਸ ਵਕਤ ਇਹ ਟੁਕੜਾ ਖਾਸ ਤੇਰੇ ਲਈ ਬਚਾਕੇ ਰੱਖਿਆ ਸੀ।” ਤਾਂ ਸ਼ਾਊਲ ਨੇ ਉਸ ਦਿਨ ਸਮੂਏਲ ਨਾਲ ਖਾਣਾ ਖਾਧਾ।

25 ਜਦੋਂ ਉਹ ਖਾਣਾ ਖਾ ਹਟੇ, ਉਹ ਪਵਿੱਤਰ ਸਥਾਨ ਤੋਂ ਹੇਠਾਂ ਆਏ ਅਤੇ ਵਾਪਸ ਸ਼ਹਿਰ ਨੂੰ ਪਰਤ ਗਏ। ਸਮੂਏਲ ਨੇ ਸ਼ਾਊਲ ਲਈ ਛੱਤ ਉੱਤੇ ਬਿਸਤਰਾ ਤਿਆਰ ਕੀਤਾ ਅਤੇ ਸ਼ਾਊਲ ਸੌਣ ਲਈ ਚੱਲਾ ਗਿਆ।

26 ਅਗਲੀ ਸਵੇਰ ਚੜ੍ਹਦੇ ਹੀ ਸਮੂਏਲ ਨੇ ਸ਼ਾਊਲ ਨੂੰ ਘਰ ਦੀ ਛੱਤ ਉੱਪਰ ਜ਼ੋਰ ਦੀ ਪੁਕਾਰਿਆ, “ਉੱਠੋ! ਤਾਂ ਜੋ ਮੈਂ ਤੈਨੂੰ ਤੇਰੇ ਰਾਹ ਨੂੰ ਤੋਂਰਾਂ।” ਸ਼ਾਊਲ ਉੱਠਿਆ ਅਤੇ ਸਮੂਏਲ ਦੇ ਨਾਲ ਘਰ ਤੋਂ ਬਾਹਰ ਨੂੰ ਤੁਰ ਪਿਆ।

27 ਸ਼ਾਊਲ, ਉਸਦਾ ਸੇਵਕ ਅਤੇ ਸਮੂਏਲ ਤਿੰਨੋ ਸ਼ਹਿਰ ਦੇ ਕੰਢੇ ਵੱਲ ਨੂੰ ਇਕੱਠੇ ਜਾਂਦੇ ਪਏ ਸਨ ਤਾਂ ਸਮੂਏਲ ਨੇ ਸ਼ਾਊਲ ਨੂੰ ਕਿਹਾ, “ਆਪਣੇ ਸੇਵਕ ਨੂੰ ਆਖ ਕਿ ਸਾਡੇ ਤੋਂ ਅੱਗੇ-ਅੱਗੇ ਹੋਕੇ ਤੁਰੇ ਕਿਉਂਕਿ ਮੈਂ ਤੈਨੂੰ ਪਰਮੇਸ਼ੁਰ ਦਾ ਸੰਦੇਸ਼ ਦੇਣਾ ਹੈ।” ਤਾਂ ਸੇਵਕ ਉਨ੍ਹਾਂ ਦੇ ਅੱਗੇ ਹੋ ਤੁਰਿਆ।

ਸਮੂਏਲ ਦਾ ਸ਼ਾਊਲ ਨੂੰ ਮਸਹ ਕਰਨਾ

10 ਸਮੂਏਲ ਨੇ ਖਾਸ ਤੇਲ ਦਾ ਇੱਕ ਕੁੱਪੀ ਲਿਆ ਅਤੇ ਉਸ ਨੂੰ ਸ਼ਾਊਲ ਦੇ ਸਿਰ ਵਿੱਚ ਪਾਇਆ। ਸਮੂਏਲ ਨੇ ਸ਼ਾਊਲ ਨੂੰ ਚੁੰਮਿਆ ਅਤੇ ਕਿਹਾ, “ਯਹੋਵਾਹ ਨੇ ਤੈਨੂੰ ਮਸਹ ਕੀਤਾ ਹੈ ਕਿ ਤੂੰ ਉਨ੍ਹਾਂ ਲੋਕਾਂ ਨੂੰ ਜੋ ਉਸ ਨਾਲ ਸੰਬੰਧਿਤ ਹਨ ਉਨ੍ਹਾਂ ਦਾ ਆਗੂ ਬਣੇ। ਤੂੰ ਯਹੋਵਾਹ ਦੇ ਲੋਕਾਂ ਉੱਤੇ ਨਿਯੰਤ੍ਰਣ ਕਰੇਂਗਾ। ਅਤੇ ਉਨ੍ਹਾਂ ਲੋਕਾਂ ਦੇ ਆਸ-ਪਾਸ ਜਿੰਨੇ ਵੀ ਵੈਰੀ ਹਨ ਉਨ੍ਹਾਂ ਤੋਂ ਤੂੰ ਉਨ੍ਹਾਂ ਦੀ ਰੱਖਿਆ ਕਰੇਂਗਾ। ਉਸ ਨੇ ਯਹੋਵਾਹ ਨੇ ਤੈਨੂੰ ਆਪਣੀ ਕੌਮ ਉੱਪਰ ਮਸਹ ਕੀਤਾ ਹੈ। ਇਹ ਇੱਕ ਨਿਸ਼ਾਨ ਹੈ ਜੋ ਇਸ ਗੱਲ ਨੂੰ ਸੱਚ ਸਾਬਿਤ ਕਰੇਗਾ। ਅੱਜ ਜਦੋਂ ਤੂੰ ਮੈਨੂੰ ਛੱਡ ਕੇ ਜਾਵੇਂਗਾ ਤਾਂ ਤੈਨੂੰ ਰਾਖੇਲ ਦੀ ਸਮਾਧ ਦੇ ਕੋਲ ਬਿਨਯਾਮੀਨ ਦੀ ਹੱਦ ਵਿੱਚ ਸਲਸਹ ਦੇ ਕੋਲ ਦੋ ਆਦਮੀ ਮਿਲਣਗੇ। ਉਹ ਦੋ ਆਦਮੀ ਤੈਨੂੰ ਆਖਣਗੇ, ‘ਜਿਨ੍ਹਾਂ ਨੂੰ ਤੂੰ ਲੱਭਣ ਗਿਆ ਸੀ ਉਹ ਖੋਤੇ ਲੱਭ ਪਏ ਹਨ। ਹੁਣ ਤੇਰਾ ਪਿਉ ਖੋਤਿਆਂ ਵੱਲੋਂ ਨਿਸ਼ਚਿੰਤ ਹੋਕੇ ਤੁਹਾਡੇ ਲਈ ਚਿੰਤਾ ਕਰਦਾ ਹੈ ਅਤੇ ਆਖਦਾ ਹੈ ਕਿ, ਮੈਂ ਆਪਣੇ ਪੁੱਤਰ ਨੂੰ ਕਿੱਥੋਂ ਲੱਭਾਂ?’”

ਸਮੂਏਲ ਨੇ ਕਿਹਾ, “ਤਦ ਤੂੰ ਉੱਥੋਂ ਲੰਘੇਗਾ ਅਤੇ ਤਬੋਰ ਦੇ ਬਲੂਤ ਹੇਠਾਂ ਆਵੇਂਗਾ।” ਉੱਥੇ ਤੈਨੂੰ ਤਿੰਨ ਆਦਮੀ ਮਿਲਣਗੇ। ਉਹ ਤਿੰਨ ਆਦਮੀ ਪਰਮੇਸ਼ੁਰ ਦੇ ਅੱਗੇ ਬੈਤੇਲ ਵਿੱਚ ਉਪਾਸਨਾ ਕਰਨ ਜਾਂਦੇ ਹੋਣਗੇ। ਇੱਕ ਆਦਮੀ ਦੇ ਹੱਥ ਵਿੱਚ ਤਿੰਨ ਪਠੇਰੇ ਹੋਣਗੇ ਅਤੇ ਦੂਜੇ ਦੇ ਹੱਥ ਵਿੱਚ ਤਿੰਨ ਰੋਟੀਆਂ ਅਤੇ ਤੀਜੇ ਮਨੁੱਖ ਦੇ ਹੱਥ ਵਿੱਚ ਦਾਖ ਰਸ ਦੀ ਬੋਤਲ ਹੋਵੇਗੀ। ਇਹ ਤਿੰਨੋ ਆਦਮੀ ਤੈਨੂੰ ਸੁੱਖ-ਸਾਂਦ ਪੁੱਛਣਗੇ ਅਤੇ ਉਹ ਤੈਨੂੰ ਦੋ ਰੋਟੀਆਂ ਦੇਣਗੇ, ਸੋ ਤੂੰ ਉਨ੍ਹਾਂ ਦੇ ਹੱਥੋਂ ਲੈ ਲਵੀਂ। ਫ਼ਿਰ ਤੂੰ ਗਿਬਆਹ ਅਬੋਹੀਮ ਵੱਲ ਜਾਵੇਂਗਾ ਉੱਥੇ ਉਸ ਜਗ਼੍ਹਾ ਫ਼ਲਿਸਤੀਆਂ ਦਾ ਇੱਕ ਗੈਰਜ਼ੀਨ (ਸੈਨਾ-ਰੱਖਿਅਕ) ਹੈ। ਜਦੋਂ ਤੂੰ ਉੱਥੇ ਪਹੁੰਚੇਗਾ, ਅਨੇਕਾਂ ਨਬੀ ਉਪਾਸਨਾ ਦੇ ਸਥਾਨ ਤੋਂ ਹੇਠਾ ਆਉਣਗੇ। ਉਹ ਅਗੰਮੀ ਵਾਕ ਕਰ ਰਹੇ ਹੋਣਗੇ ਅਤੇ ਰਬਾਬ, ਖੰਜਰੀਆਂ, ਬੰਸਰੀਆਂ ਅਤੇ ਸਿਤਾਰਾਂ ਵਜਾ ਰਹੇ ਹੋਣਗੇ। ਫ਼ੇਰ ਉਸੇ ਪਲ ਯਹੋਵਾਹ ਦਾ ਆਤਮਾ ਤੇਰੇ ਉੱਪਰ ਸ਼ਕਤੀਸ਼ਾਲੀ ਤਰੀਕੇ ਨਾਲ ਆਵੇਗਾ ਅਤੇ ਤੂੰ ਇੱਕ ਵੱਖਰਾ ਮਨੁੱਖ ਬਣ ਜਾਵੇਂਗਾ। ਤੂੰ ਬਾਕੀ ਨਬੀਆਂ ਵਾਂਗ ਭਵਿੱਖਬਾਣੀ ਕਰਨ ਲੱਗ ਪਵੇਂਗਾ। ਇਹ ਵਾਪਰ ਜਾਣ ਤੋਂ ਬਾਦ, ਤੂੰ ਜੋ ਵੀ ਕੰਮ ਕਰਨ ਲਈ ਚੁਣੇ, ਕਰ ਸੱਕਦਾ ਹੈਂ ਕਿਉਂਕਿ ਉਸ ਵਕਤ ਪਰਮੇਸ਼ੁਰ ਤੇਰੇ ਵੱਲ ਹੋਵੇਗਾ।

“ਮੇਰੇ ਤੋਂ ਪਹਿਲਾਂ ਤੂੰ ਗਿਲਗਾਲ ਵੱਲ ਜਾ। ਉੱਥੇ ਫ਼ਿਰ ਮੈਂ ਤੇਰੇ ਕੋਲ ਆਵਾਂਗਾ ਅਤੇ ਮੈਂ ਉੱਥੇ ਹੋਮ ਦੀਆਂ ਭੇਟਾ ਅਤੇ ਸੁੱਖ-ਸਾਂਦ ਦੀਆਂ ਭੇਟਾ ਚੜ੍ਹਾਵਾਂਗਾ। ਪਰ ਤੈਨੂੰ ਉੱਥੇ ਸੱਤ ਦਿਨ ਇੰਤਜ਼ਾਰ ਕਰਨਾ ਪਵੇਗਾ ਜਦ ਤੱਕ ਕਿ ਮੈਂ ਤੇਰੇ ਕੋਲ ਨਾ ਪਹੁੰਚ ਜਾਵਾਂ ਤਦ ਮੈਂ ਤੇਰੇ ਕੋਲ ਆਕੇ ਤੈਨੂੰ ਦੱਸਾਂਗਾ ਕਿ ਤੈਨੂੰ ਕੀ ਕਰਨਾ ਫੋਵੇਗਾ।”

ਸ਼ਾਊਲ ਨਬੀਆਂ ਵਾਂਗ ਹੋ ਗਿਆ

ਜਿਉਂ ਹੀ ਜਾਣ ਵਾਸਤੇ ਸ਼ਾਊਲ ਨੇ ਸਮੂਏਲ ਵੱਲ ਪਿੱਠ ਭੁਆਈ ਤਾਂ ਪਰਮੇਸ਼ੁਰ ਨੇ ਉਸਦੀ ਜ਼ਿੰਦਗੀ ਦਾ ਰੁੱਖ ਹੀ ਮੋੜ ਦਿੱਤਾ ਅਤੇ ਉਹ ਸਭ ਨਿਸ਼ਾਨੀਆਂ ਉਸੇ ਦਿਨ ਹੋ ਗਈਆਂ। 10 ਸ਼ਾਊਲ ਅਤੇ ਉਸਦਾ ਸੇਵਕ ਗਿਬਆਹ ਪਰਬਤ ਵੱਲ ਮੁੜੇ। ਉੱਥੇ ਸ਼ਾਊਲ ਇੱਕ ਨਬੀਆਂ ਦੀ ਟੋਲੀ ਨੂੰ ਮਿਲਿਆ। ਪਰਮੇਸ਼ੁਰ ਦੇ ਆਤਮੇ ਨੇ ਸ਼ਾਊਲ ਅੰਦਰ ਬੜੇ ਜ਼ੋਰ ਦੀ ਪ੍ਰਵੇਸ਼ ਕੀਤਾ ਅਤੇ ਸ਼ਾਊਲ ਨੇ ਵੀ ਨਬੀਆਂ ਵਾਂਗ ਅਗੰਮੀ ਵਾਕ ਬੋਲਣੇ ਸ਼ੁਰੂ ਕਰ ਦਿੱਤੇ। 11 ਜਿਨ੍ਹਾਂ ਮਨੁੱਖਾਂ ਨੇ ਸ਼ਾਊਲ ਨੂੰ ਨਬੀਆਂ ਨਾਲ ਅਗੰਮੀ ਵਾਕ ਬੋਲਣ ਤੋਂ ਪਹਿਲਾਂ ਵੇਖਿਆ ਹੋਇਆ ਸੀ ਅਤੇ ਜਾਣਦੇ ਸਨ ਜਦ ਉਨ੍ਹਾਂ ਨੇ ਉਸ ਨੂੰ ਨਬੀਆਂ ਨਾਲ ਅਗੰਮੀ ਵਾਕ ਬੋਲਦੇ ਸੁਣਿਆ ਤਾਂ ਇੱਕ ਦੂਜੇ ਨੂੰ ਆਖਣ ਲੱਗੇ, “ਕੀਸ਼ ਦੇ ਪੁੱਤਰ ਨੂੰ ਕੀ ਹੋਇਆ ਹੈ? ਕੀ ਸ਼ਾਊਲ ਵੀ ਨਬੀਆਂ ਵਿੱਚੋਂ ਹੈ?”

12 ਇੱਕ ਮਨੁੱਖ ਜੋ ਗਿਬਆਹ ਦਾ ਨਿਵਾਸੀ ਸੀ ਉਸ ਨੇ ਕਿਹਾ, “ਹਾਂ! ਅਤੇ ਇਉਂ ਜਾਪਦਾ ਹੈ ਜਿਵੇਂ ਇਹ ਉਨ੍ਹਾਂ ਦਾ ਆਗੂ ਹੈ।” ਤਾਂ ਹੀ ਇਹ ਕਹਾਵਤ ਮਸ਼ਹੂਰ ਹੋ ਗਈ ਹੈ, ਕਿ “ਕੀ ਭਲਾ ਸ਼ਾਊਲ ਵੀ ਨਬੀਆਂ ਵਿੱਚੋਂ ਹੈ?”

ਸ਼ਾਊਲ ਦਾ ਘਰ ਨੂੰ ਪਰਤਨਾ

13 ਫ਼ਲਸਵਰੂਪ ਉਸ ਨੇ ਭਵਿੱਖਬਾਣੀ ਕਰਨੀ ਬੰਦ ਕਰ ਦਿੱਤੀ ਅਤੇ ਉਪਾਸਨਾ ਸਥਾਨ ਨੂੰ ਚੱਲਿਆ ਗਿਆ।

14 ਸ਼ਾਊਲ ਦੇ ਚਾਚੇ ਨੇਉਸ ਨੂੰ ਅਤੇ ਉਸ ਦੇ ਸੇਵਕ ਨੂੰ ਪੁੱਛਿਆ, “ਤੁਸੀਂ ਇੰਨੇ ਦਿਨਾਂ ਤੋਂ ਕਿੱਥੇ ਸੀ?”

ਸ਼ਾਊਲ ਨੇ ਆਖਿਆ, “ਅਸੀਂ ਖੋਤਿਆਂ ਨੂੰ ਲੱਭ ਰਹੇ ਸੀ, ਜਦੋਂ ਉਹ ਸਾਨੂੰ ਨਾ ਲੱਭੇ ਤਾਂ ਅਸੀਂ ਸਮੂਏਲ ਕੋਲ ਚੱਲੇ ਗਏ।”

15 ਸ਼ਾਊਲ ਦੇ ਚਾਚੇ ਨੇ ਸਾਨੂੰ ਕਿਹਾ, “ਕਿਰਪਾ ਕਰਕੇ ਮੈਨੂੰ ਦੱਸ ਕਿ ਤੈਨੂੰ ਸਮੂਏਲ ਨੇ ਕੀ ਕਿਹਾ ਹੈ?”

16 ਸ਼ਾਊਲ ਨੇ ਉੱਤਰ ਦਿੱਤਾ, “ਸਮੂਏਲ ਨੇ ਸਾਨੂੰ ਦੱਸਿਆ ਕਿ ਖੋਤੇ ਤਾਂ ਪਹਿਲਾਂ ਹੀ ਲੱਭ ਗਏ ਹਨ।” ਸ਼ਾਊਲ ਨੇ ਆਪਣੇ ਚਾਚੇ ਨੂੰ ਸਭ ਕੁਝ ਨਾ ਦੱਸਿਆ। ਸ਼ਾਊਲ ਨੇ ਉਸ ਨੂੰ ਉਹ ਗੱਲਾਂ ਵੀ ਨਾ ਦੱਸੀਆਂ ਜੋ ਸਮੂਏਲ ਨੇ ਰਾਜ ਬਾਰੇ ਕਰੀਆਂ ਸਨ।

ਸਮੂਏਲ ਦਾ ਸ਼ਾਊਲ ਨੂੰ ਪਾਤਸ਼ਾਹ ਘੋਸ਼ਿਤ ਕਰਨਾ

17 ਇਸਤੋਂ ਪਿੱਛੋਂ ਸਮੂਏਲ ਨੇ ਮਿਸਫ਼ਾਹ ਵਿੱਚ ਲੋਕਾਂ ਨੂੰ ਸਦ੍ਦਕੇ ਯਹੋਵਾਹ ਦੇ ਸਾਹਮਣੇ ਇਕੱਠਿਆਂ ਕੀਤਾ। 18 ਸਮੂਏਲ ਨੇ ਇਸਰਾਏਲੀਆਂ ਨੂੰ ਆਖਿਆ, “ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, ‘ਮੈਂ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਇਆ, ਮੈਂ ਤੁਹਾਨੂੰ ਮਿਸਰੀਆਂ ਕੋਲੋਂ ਬਚਾਇਆ ਅਤੇ ਉਨ੍ਹਾਂ ਸਭ ਰਾਜਾਂ-ਰਜਵਾੜਿਆਂ ਦੇ ਹੱਥੋਂ ਬਚਾਇਆ ਜਿਹੜੇ ਕਿ ਤੁਹਾਨੂੰ ਕਸ਼ਟ ਦਿੰਦੇ ਸਨ ਅਤੇ ਤੁਹਾਡੇ ਉੱਤੇ ਜ਼ੁਲਮ ਕਰਦੇ ਸਨ।’ 19 ਪਰ ਅੱਜ ਤੁਸੀਂ ਆਪਣੇ ਪਰਮੇਸ਼ੁਰ ਨੂੰ ਤਿਆਗ ਦਿੱਤਾ ਜਿਸਨੇ ਤੁਹਾਡੀਆਂ ਸਾਰੀਆਂ ਬੁਰਾਈਆਂ ਅਤੇ ਦੁੱਖਾਂ ਤੋਂ ਤੁਹਾਡਾ ਛੁਟਾਕਾਰਾ ਕੀਤਾ। ਪਰ ਤੁਸੀਂ ਕਿਹਾ, ‘ਸਾਡੇ ਲਈ ਨਵਾਂ ਪਾਤਸ਼ਾਹ ਠਹਿਰਾਵੋ ਜੋ ਸਾਡੇ ਉੱਤੇ ਰਾਜ ਕਰੇ।’ ਹੁਣ ਆਓ, ਆਪਣੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਵਿੱਚ ਯਹੋਵਾਹ ਦੇ ਸਾਹਮਣੇ ਖਲੋਵੋ।”

20 ਤਾਂ ਸਮੂਏਲ ਨੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਨੂੰ ਇੱਕਤਰ ਕੀਤਾ। ਤਦ ਸਮੂਏਲ ਨੇ ਨਵਾਂ ਪਾਤਸ਼ਾਹ ਚੁਨਣਾ ਸ਼ੁਰੂ ਕੀਤਾ। ਪਹਿਲਾਂ ਬਿਨਯਾਮੀਨ ਦਾ ਪਰਿਵਾਰ-ਸਮੂਹ ਸਭ ਤੋਂ ਪਹਿਲਾਂ ਚੁਣਿਆ ਗਿਆ। 21 ਤਾਂ ਸਮੂਏਲ ਨੇ ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਸਾਰੇ ਪਰਿਵਾਰਾਂ ਨੂੰ ਉਸ ਦੇ ਪਰਿਵਾਰਾਂ ਅਨੁਸਾਰ ਨੇੜੇ ਸੱਦਿਆ ਤਾਂ ਮਟਰੀ ਦੇ ਪਰਿਵਾਰ ਦਾ ਨਾਉਂ ਨਿਕਲਿਆ। ਫ਼ਿਰ ਸਮੂਏਲ ਨੇ ਸਾਰੇ ਮਟਰੀ ਦੇ ਪਰਿਵਾਰ ਦੇ ਮਨੁੱਖਾਂ ਨੂੰ ਸੱਦਿਆ, ਉੱਨ੍ਹਾਂ ਵਿੱਚੋਂ ਕੀਸ਼ ਦੇ ਪੁੱਤਰ ਸ਼ਾਊਲ ਦਾ ਨਾਉਂ ਨਿਕਲਿਆ ਅਤੇ ਉਹ ਚੁਣਿਆ ਗਿਆ।

ਪਰ ਜਦੋਂ ਲੋਕ ਸ਼ਾਊਲ ਨੂੰ ਲੱਭਣ ਲੱਗੇ ਤਾਂ ਉਹ ਕਿਤੇ ਵੀ ਨਾ ਲੱਭਿਆ। 22 ਤਾਂ ਉਨ੍ਹਾਂ ਨੇ ਯਹੋਵਾਹ ਨੂੰ ਪੁੱਛਿਆ, “ਕੀ ਸ਼ਾਊਲ ਅਜੇ ਤੀ ਇੱਥੇ ਨਹੀਂ ਆਇਆ?”

ਯਹੋਵਾਹ ਨੇ ਆਖਿਆ, “ਸ਼ਾਊਲ ਸਾਮਗਰੀ ਦੇ ਪਿੱਛੇ ਲੁਕ ਰਿਹਾ ਹੈ?”

23 ਲੋਕੀਂ ਗਏ ਅਤੇ ਉਸ ਨੂੰ ਭੱਜਕੇ ਉੱਥੋਂ ਲੈ ਆਏ ਅਤੇ ਜਦ ਉਹ ਲੋਕਾਂ ਦੇ ਵਿੱਚਕਾਰ ਖਲੋਤਾ ਤਾਂ ਉਹ ਸਾਰਿਆਂ ਵਿੱਚੋਂ ਸਿਰ ਕੱਢਦਾ ਸੀ।

24 ਸਮੂਏਲ ਨੇ ਸਭਨਾਂ ਨੂੰ ਕਿਹਾ, “ਵੇਖੋ! ਜਿਸ ਨੂੰ ਯਹੋਵਾਹ ਨੇ ਚੁਣਿਆ ਹੈ ਉਹ ਇਹ ਹੈ। ਲੋਕਾਂ ਵਿੱਚ ਸ਼ਾਊਲ ਵਰਗਾ ਕੋਈ ਹੋਰ ਦੂਜਾ ਮਨੁੱਖ ਨਹੀਂ ਹੈ।” ਤਦ ਸਭਨਾਂ ਲੋਕਾਂ ਨੇ ਜੈਕਾਰਾ ਬੁਲਾਕੇ ਆਖਿਆ, “ਪਾਤਸ਼ਾਹ ਜਿਉਂਦਾ ਰਹੇ।”

25 ਫ਼ੇਰ ਸਮੂਏਲ ਨੇ ਲੋਕਾਂ ਨੂੰ ਰਾਜ ਦੇ ਤੌਰ ਤਰੀਕੇ ਦੱਸੇ। ਉਸ ਨੇ ਇਹ ਨੇਮ ਇੱਕ ਪੁਸਤਕ ਵਿੱਚ ਲਿਖ ਦਿੱਤੇ ਅਤੇ ਇਹ ਪੋਥੀ ਯਹੋਵਾਹ ਦੇ ਅੱਗੇ ਰੱਖੀ ਅਤੇ ਸਮੂਏਲ ਨੇ ਫ਼ਿਰ ਲੋਕਾਂ ਨੂੰ ਘਰ ਵਾਪਸ ਜਾਣ ਲਈ ਕਿਹਾ।

26 ਸ਼ਾਊਲ ਵੀ ਗਿਬਆਹ ਵਿੱਚ ਆਪਣੇ ਘਰ ਪਰਤਿਆ। ਲੋਕਾਂ ਦੀ ਇੱਕ-ਇੱਕ ਟੋਲੀ ਦੇ ਮਨਾਂ ਨੂੰ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਉਕਸਾਇਆ ਸੀ ਉਹ ਸ਼ਾਊਲ ਦੇ ਪਿੱਛੇ ਹੋ ਤੁਰੇ। 27 ਪਰ ਕੁਝ ਫ਼ਸਾਦੀ ਲੋਕਾਂ ਨੇ ਕਿਹਾ, “ਇਹ ਆਦਮੀ ਸਾਨੂੰ ਕਿਵੇਂ ਬਚਾ ਸੱਕਦਾ?” ਉਨ੍ਹਾਂ ਨੇ ਸ਼ਾਊਲ ਦੀ ਨਿੰਦਿਆ ਕੀਤੀ ਅਤੇ ਉਸ ਨੂੰ ਤੋਹਫ਼ੇ ਦੇਣ ਤੋਂ ਇਨਕਾਰ ਕਰ ਦਿੱਤਾ। ਪਰ ਸ਼ਾਊਲ ਨੇ ਕੁਝ ਨਾ ਕਿਹਾ।

ਨਾਹਾਸ਼, ਅੰਮੋਨੀਆਂ ਦਾ ਰਾਜਾ

ਅੰਮੋਨ ਦਾ ਰਾਜਾ ਨਾਹਾਸ਼, ਗਾਦ ਅਤੇ ਰਊਬੇਨ ਦੇ ਪਰਿਵਾਰ-ਸਮੂਹਾਂ ਲਈ ਮੁਸੀਬਤਾਂ ਖੜੀਆਂ ਕਰ ਰਿਹਾ ਸੀ। ਨਾਹਾਸ਼ ਨੇ ਉਨ੍ਹਾਂ ਨੇ ਪਰਿਵਾਰ-ਸਮੂਹ ਦੇ ਹਰ ਆਦਮੀ ਦੀ ਸੱਜੀ ਅੱਖ ਬਾਹਰ ਕੱਢ ਦਿੱਤੀ ਅਤੇ ਉਸ ਨੇ ਯਰਦਨ ਦਰਿਆ ਦੇ ਪੂਰਬ ਵਾਲੇ ਪਾਸੇ ਰਹਿਣ ਵਾਲੇ ਹਰ ਇਸਰਾਏਲੀ ਆਦਮੀ ਦੀ ਸੱਜੀ ਅੱਖ ਬਾਹਰ ਕੱਢ ਦਿੱਤੀ। ਪਰ ਇਸਰਾਏਲ ਦੇ 7,000 ਆਦਮੀ ਅੰਮੋਨੀਆਂ ਕੋਲੋਂ ਬਚ ਗਏ ਅਤੇ ਯਾਬੇਸ਼ ਗਿਲਆਦ ਨੂੰ ਆ ਗਏ। [b]

11 ਤਕਰੀਬਨ ਇੱਕ ਮਹੀਨੇ ਬਾਦ, ਅੰਮੋਨੀਆਂ ਦਾ ਨਾਹਾਸ਼ ਰਾਜਾ ਅਤੇ ਉਸਦੀ ਸੈਨਾ ਨੇ ਯਾਬੇਸ਼-ਗਿਲਆਦ ਨੂੰ ਘੇਰ ਲਿਆ। ਯਾਬੇਸ਼ ਦੇ ਲੋਕਾਂ ਨੇ ਨਾਹਾਸ਼ ਨੂੰ ਕਿਹਾ, “ਜੇਕਰ ਤੂੰ ਸਾਡੇ ਨਾਲ ਸਮਝੌਤਾ ਕਰ ਲਵੇਂ ਤਾਂ ਅਸੀਂ ਤੇਰੀ ਟਹਿਲ ਕਰਾਂਗੇ।”

ਪਰ ਅੰਮੋਨੀ ਨਾਹਾਸ਼ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਇਸ ਗੱਲ ਉੱਪਰ ਮੈਂ ਤੁਹਾਡੇ ਨਾਲ ਸਮਝੌਤਾ ਕਰਾਂਗਾ ਜੇਕਰ ਮੈਂ ਤੁਹਾਡੇ ਸਭ ਆਦਮੀਆਂ ਦੀਆਂ ਸੱਜੀਆਂ ਅੱਖਾਂ ਕੱਢ ਸੁੱਟਾ ਅਤੇ ਇੰਝ ਮੈਂ ਇਹ ਬੇਪਤੀ ਸਾਰੇ ਇਸਰਾਏਲ ਦੇ ਉੱਤੇ ਠਹਿਰਾਵਾਂਗਾ।”

ਯਾਬੇਸ਼ ਦੇ ਆਗੂਆਂ ਨੇ ਨਾਹਾਸ਼ ਨੂੰ ਆਖਿਆ, “ਸਾਨੂੰ ਸੱਤ ਦਿਨਾਂ ਦੀ ਮੁਹਲਤ ਦੇ। ਅਸੀਂ ਸਾਰੇ ਇਸਰਾਏਲ ਵਿੱਚ ਹਲਕਾਰੇ ਭੇਜਾਂਗੇ। ਜੇਕਰ ਕੋਈ ਵੀ ਸਾਡੀ ਮਦਦ ਲਈ ਨਾ ਆਇਆ ਤਾਂ ਅਸੀਂ ਆਪਣੇ-ਆਪ ਤੈਨੂੰ ਆਪਣਾ-ਆਪ ਸਮਰਪਣ ਕਰ ਦੇਵਾਂਗੇ।”

ਸ਼ਾਊਲ ਦਾ ਯਾਬੇਸ਼-ਗਿਲਆਦ ਨੂੰ ਬਚਾਉਣਾ

ਤਦ ਗਿਬਆਹ ਵਿੱਚ ਜਿੱਥੇ ਸ਼ਾਊਲ ਰਹਿੰਦਾ ਸੀ ਹਲਕਾਰੇ ਆਏ ਉੱਥੇ ਆਕੇ ਉਨ੍ਹਾਂ ਨੇ ਲੋਕਾਂ ਨੂੰ ਇਹ ਖਬਰ ਦਿੱਤੀ ਤਾਂ ਲੋਕ ਜ਼ੋਰ-ਜ਼ੋਰ ਦੀ ਚੀਕਣ ਲੱਗੇ। ਸ਼ਾਊਲ ਖੇਤਾਂ ਵਿੱਚ ਆਪਣੀਆਂ ਗਊਆਂ ਨੂੰ ਲੈ ਕੇ ਗਿਆ ਹੋਇਆ ਸੀ, ਜਦ ਉਹ ਪੈਲੀਆਂ ਤੋਂ ਬਾਹਰ ਘਰ ਨੂੰ ਮੁੜਿਆ ਤਾਂ ਰਾਹ ਵਿੱਚ ਉਸ ਨੇ ਲੋਕਾਂ ਨੂੰ ਰੋਂਦਿਆਂ ਕੁਰਲਾਉਂਦਿਆਂ ਵੇਖਿਆ ਤਾਂ ਉਸ ਨੇ ਪੁੱਛਿਆ, “ਤੁਹਾਨੂੰ ਕੀ ਹੋਇਆ ਹੈ? ਤੁਸੀਂ ਕਿਉਂ ਰੋ ਰਹੇ ਹੋ?”

ਤਦ ਲੋਕਾਂ ਨੇ ਉਸ ਨੂੰ ਦੱਸਿਆ ਕਿ ਯਾਬੇਸ਼ ਤੋਂ ਹਲਕਾਰੇ ਕੀ ਖਬਰ ਲੈ ਕੇ ਆਏ ਹਨ। ਸ਼ਾਉਲ ਨੇ ਉਨ੍ਹਾਂ ਦੀ ਪੂਰੀ ਗੱਲ ਸੁਣੀ। ਤਦ ਪਰਮੇਸ਼ੁਰ ਦੇ ਆਤਮੇ ਨੇ ਬੜੇ ਜ਼ੋਰ ਨਾਲ ਸ਼ਾਊਲ ਵਿੱਚ ਪ੍ਰਵੇਸ਼ ਕੀਤਾ ਅਤੇ ਸ਼ਾਊਲ ਬੜੇ ਕਰੋਧ ਵਿੱਚ ਆ ਗਿਆ। ਸ਼ਾਊਲ ਨੇ ਗਊਆਂ ਦਾ ਇੱਕ ਜੋੜਾ ਲਿਆ ਅਤੇ ਉਨ੍ਹਾਂ ਦੇ ਟੋਟੇ-ਟੋਟੇ ਕਰ ਦਿੱਤੇ। ਫ਼ਿਰ ਉਹ ਟੋਟੇ ਉਸ ਨੇ ਉਨ੍ਹਾਂ ਹਲਕਾਰਿਆਂ ਨੂੰ ਦਿੱਤੇ ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਇਹ ਟੋਟੇ ਇਸਰਾਏਲ ਦੀਆਂ ਸਾਰੀਆਂ ਹੱਦਾਂ ਤੀਕ ਲੈ ਜਾਕੇ ਵੰਡ ਦੇਵੋ। ਅਤੇ ਉਨ੍ਹਾਂ ਨੂੰ ਕਿਹਾ ਕਿ ਜਾਕੇ ਇਸਰਾਏਲ ਦੇ ਲੋਕਾਂ ਨੂੰ ਇਹ ਸੁਨੇਹਾ ਦੇਵੋ ਕਿ, “ਜੇ ਕੋਈ ਸ਼ਾਊਲ ਅਤੇ ਸਮੂਏਲ ਦੇ ਮਗਰ ਨਾ ਆਵੇਗਾ ਤਾਂ ਉਨ੍ਹਾਂ ਦੀਆਂ ਗਊਆਂ ਨਾਲ ਵੀ ਅਇਹਾ ਸਲੂਕ ਹੀ ਕੀਤਾ ਜਾਏਗਾ।”

ਤਦ ਯਹੋਵਾਹ ਦਾ ਭੈਅ ਲੋਕਾਂ ਨੂੰ ਪੈ ਗਿਆ। ਉਹ ਸਾਰੇ ਇਕੱਠੇ ਅਤੇ ਇੱਕ ਹੋਕੇ ਉਸ ਕੋਲ ਆਏ। ਸ਼ਾਊਲ ਨੇ ਸਾਰਿਆਂ ਆਦਮੀਆਂ ਨੂੰ ਬਜ਼ਕ ਵਿੱਚ ਇਕੱਠਿਆਂ ਕੀਤਾ। ਉੱਥੇ 3,00,000 ਆਦਮੀ ਇਸਰਾਏਲ ਤੋਂ ਅਤੇ 30,000 ਆਦਮੀ ਯਹੂਦਾਹ ਤੋਂ ਸਨ।

ਸ਼ਾਊਲ ਅਤੇ ਉਸਦੀ ਸੈਨਾ ਨੇ ਉਨ੍ਹਾਂ ਹਲਕਾਰਿਆਂ ਨੂੰ ਜੋ ਯਾਬੇਸ਼ ਤੋਂ ਆਏ ਸਨ, “ਤੁਸੀਂ ਯਾਬੇਸ਼-ਗਿਲਆਦ ਦੇ ਲੋਕਾਂ ਨੂੰ ਜਾਕੇ ਆਖ ਦਿਉ ਕਿ ਕੱਲ੍ਹ ਜਿਸ ਵੇਲੇ ਧੁੱਪ ਤੇਜ਼ ਹੋਵੇਗੀ ਤਾਂ ਉਸ ਵਕਤ ਤੱਕ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ।”

ਹਲਕਾਰਿਆਂ ਨੇ ਯਾਬੇਸ਼ ਦੇ ਲੋਕਾਂ ਨੂੰ ਜਾਕੇ ਸ਼ਾਊਲ ਦਾ ਸੁਨੇਹਾ ਦੇ ਦਿੱਤਾ। ਤਾਂ ਉਹ ਲੋਕ ਬੜੇ ਖੁਸ਼ ਹੋਏ। 10 ਤਾਂ ਯਾਬੇਸ਼ ਦੇ ਲੋਕਾਂ ਨੇ ਅੰਮੋਨੀਆਂ ਦੇ ਨਾਹਾਸ਼ ਨੂੰ ਕਿਹਾ, “ਕੱਲ੍ਹ ਅਸੀਂ ਤੇਰੇ ਕੋਲ ਆਵਾਂਗੇ ਤੂੰ ਜਿਵੇਂ ਚਾਹੇਂ ਸਾਡਾ ਜੋ ਕਰਨਾ ਚਾਹੇਂ ਕਰ ਲਵੀਂ।”

11 ਅਗਲੀ ਸਵੇਰ ਸ਼ਾਊਲ ਨੇ ਆਪਣੇ ਸਿਪਾਹੀਆਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ। ਸਵੇਰ ਦੇ ਪਹਿਲੇ ਪਹਿਰ ਹੀ ਸ਼ਾਊਲ ਆਪਣੇ ਸਿਪਾਹੀਆਂ ਨਾਲ ਅੰਮੋਨੀਆਂ ਦੇ ਡੇਰੇ ਆ ਵੜਿਆ। ਉਸ ਨੇ ਉਨ੍ਹਾਂ ਉੱਪਰ ਉਸ ਵਕਤ ਆਕੇ ਹਮਲਾ ਕੀਤਾ ਜਿਸ ਵੇਲੇ ਉਸ ਸਵੇਰ ਉਹ ਆਪਣੇ ਦਰਬਾਨ ਬਦਲ ਰਹੇ ਸਨ। ਦੁਪਿਹਰ ਤੋਂ ਪਹਿਲੇ-ਪਹਿਲੇ ਸ਼ਾਊਲ ਅਤੇ ਉਸ ਦੇ ਸਿਪਾਹੀਆਂ ਨੇ ਅੰਮੋਨੀਆਂ ਨੂੰ ਹਰਾ ਦਿੱਤਾ। ਅਤੇ ਅੰਮੋਨੀ ਸਿਪਾਹੀ ਸਾਰੇ ਇੱਧਰ-ਉੱਧਰ ਭੱਜ ਖਲੋਤੇ। ਸਭ ਇੱਕ ਦੂਜੇ ਤੋਂ ਖਿੰਡਰ ਗਏ, ਕੋਈ ਦੋ ਇਕੱਠੇ ਨਾ ਰਹੇ।

12 ਤਦ ਲੋਕਾਂ ਨੇ ਸਮੂਏਲ ਨੂੰ ਕਿਹਾ, “ਉਹ ਲੋਕ ਕਿੱਥੇ ਹਨ ਜਿਨ੍ਹਾਂ ਨੇ ਇਹ ਆਖਿਆ ਕਿ ਸ਼ਾਊਲ ਸਾਡਾ ਪਾਤਸ਼ਾਹ ਨਹੀਂ ਬਣੇਗਾ? ਉਨ੍ਹਾਂ ਲੋਕਾਂ ਨੂੰ ਇੱਥੇ ਲਿਆਵੋ, ਅਸੀਂ ਉਨ੍ਹਾਂ ਨੂੰ ਵੱਢ ਸੁੱਟਾਂਗੇ।”

13 ਪਰ ਸ਼ਾਊਲ ਨੇ ਕਿਹਾ, “ਨਹੀਂ! ਅੱਜ ਦੇ ਦਿਨ ਕਿਸੇ ਨੂੰ ਜਾਨੋ ਨਾ ਮਾਰੋ, ਕਿਉਂਕਿ ਅੱਜ ਦੇ ਦਿਨ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਬਚਾਇਆ ਹੈ।”

14 ਤਦ ਸਮੂਏਲ ਨੇ ਲੋਕਾਂ ਨੂੰ ਕਿਹਾ, “ਆਓ, ਆਪਾਂ ਗਿਲਗਾਲ ਨੂੰ ਚੱਲੀਏ। ਅਸੀਂ ਗਿਲਗਾਲ ਵਿਖੇ ਫ਼ਿਰ ਤੋਂ ਸ਼ਾਊਲ ਨੂੰ ਰਾਜਾ ਤਸਦੀਕ ਕਰਾਂਗੇ।”

15 ਫ਼ਿਰ ਸਾਰੇ ਲੋਕ ਗਿਲਗਾਲ ਨੂੰ ਗਏ। ਉੱਥੇ ਯਹੋਵਾਹ ਦੇ ਸਾਹਮਣੇ, ਲੋਕਾਂ ਨੇ ਸ਼ਾਊਲ ਨੂੰ ਪਾਤਸ਼ਾਹ ਠਹਿਰਾਇਆ। ਉਨ੍ਹਾਂ ਨੇ ਉੱਥੇ ਯਹੋਵਾਹ ਦੇ ਅੱਗੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ ਅਤੇ ਉੱਥੇ ਸ਼ਾਊਲ ਅਤੇ ਸਾਰੇ ਇਸਰਾਏਲੀ ਮਨੁੱਖਾਂ ਨੇ ਵੱਡੀ ਖੁਸ਼ੀ ਮਨਾਈ।

ਸਮੂਏਲ ਦਾ ਪਾਤਸ਼ਾਹ ਬਾਰੇ ਬੋਲਣਾ

12 ਸਮੂਏਲ ਨੇ ਸਾਰੇ ਇਸਰਾਏਲ ਦੇ ਲੋਕਾਂ ਨੂੰ ਕਿਹਾ, “ਮੈਂ ਉਹ ਸਭ ਕੁਝ ਕੀਤਾ ਹੈ ਜੋ ਤੁਸੀਂ ਲੋਕਾਂ ਨੇ ਮੇਰੇ ਕੋਲੋਂ ਚਾਹਿਆ। ਮੈਂ ਤੁਹਾਡੇ ਉੱਪਰ ਪਾਤਸ਼ਾਹ ਵੀ ਠਹਿਰਾ ਦਿੱਤਾ ਹੈ। ਹੁਣ ਤੁਹਾਨੂੰ ਤੁਹਾਡੇ ਅੱਗੇ-ਅੱਗੇ ਤੁਰਨ ਲਈ ਪਾਤਸ਼ਾਹ ਵੀ ਦਿੱਤਾ ਹੈ। ਮੈਂ ਹੁਣ ਬੁੱਢਾ ਹੋ ਗਿਆ ਹਾਂ ਅਤੇ ਮੇਰੇ ਵਾਲ ਚਿੱਟੇ ਹੋ ਗਏ ਹਨ, ਪਰ ਮੇਰੇ ਪੁੱਤਰ ਤੁਹਾਡੇ ਨਾਲ ਹਨ। ਜਦ ਤੋਂ ਮੈਂ ਅਜੇ ਛੋਟਾ ਜਿਹਾ ਬਾਲਕ ਸੀ ਤਦ ਤੋਂ ਮੈਂ ਤੁਹਾਡਾ ਆਗੂ ਰਿਹਾ ਹਾਂ। ਵੇਖੋ, ਮੈਂ ਹਾਜ਼ਰ ਹਾਂ। ਜੇਕਰ ਮੈਂ ਕੋਈ ਗਲਤੀ ਕੀਤੀ ਹੋਵੇ ਤਾਂ ਤੁਹਾਨੂੰ ਉਹ ਜ਼ਰੂਰ ਯਹੋਵਾਹ ਅਤੇ ਉਸ ਦੇ ਚੁਣੇ ਹੋਏ ਪਾਤਸ਼ਾਹ ਨੂੰ ਦੱਸਣੀ ਚਾਹੀਦੀ ਹੈ। ਕੀ ਮੈਂ ਕਿਸੇ ਦੀ ਗਊ ਚੁਰਾਈ ਜਾਂ ਕਿਸੇ ਦਾ ਖੋਤਾ ਚੁਰਾਇਆ? ਕੀ ਮੈਂ ਕਿਸੇ ਨੂੰ ਧੋਖਾ ਦਿੱਤਾ ਜਾਂ ਕਿਸੇ ਦਾ ਕੁਝ ਚੁਰਾਇਆ? ਕੀ ਮੈਂ ਆਪਣੀਆਂ ਅੱਖਾਂ ਅੰਨ੍ਹੀਆਂ ਕਰਨ ਲਈ ਕਣੇ ਦੀ ਵੱਢੀ ਲਿੱਤੀ ਤਾਂ ਜੋ ਕਿਸੇ ਹੋਰ ਦੁਆਰਾ ਕੀਤੇ ਅਪਰਾਧ ਨੂੰ ਅਣਦੇਖਿਆਂ ਕਰਾਂ। ਜੇਕਰ ਮੈਂ ਇਨ੍ਹਾਂ ਗੱਲਾਂ ਵਿੱਚੋਂ ਕੁਝ ਵੀ ਕੀਤਾ ਹੋਵੇ ਮੈਂ ਹਾਨੀ-ਪੂਰਤੀ ਕਰਾਂਗਾ।”

ਤਾਂ ਇਸਰਾਏਲੀਆਂ ਨੇ ਆਖਿਆ, “ਨਹੀਂ! ਤੂੰ ਸਾਡੇ ਨਾਲ ਕਦੇ ਵੀ ਬਦਸਲੂਕੀ ਨਹੀਂ ਕੀਤੀ ਨਾ ਹੀ ਕਦੇ ਤੂੰ ਸਾਨੂੰ ਧੋਖਾ ਦਿੱਤਾ ਅਤੇ ਨਾ ਹੀ ਕੋਈ ਕਦੇ ਵੱਢੀ ਲਿੱਤੀ ਹੈ।”

ਸਮੂਏਲ ਨੇ ਇਸਰਾਏਲੀਆਂ ਨੂੰ ਕਿਹਾ, “ਯਹੋਵਾਹ ਤੁਹਾਡੇ ਉੱਤੇ ਗਵਾਹ ਹੈ ਅਤੇ ਉਸਦਾ ਮਸਹ ਕੀਤਾ ਹੋਇਆ ਵੀ ਅੱਜ ਦੇ ਦਿਨ ਗਵਾਹ ਹੈ ਕਿ ਤੁਸੀਂ ਮੇਰੇ ਖਿਲਾਫ਼ ਮੇਰੇ ਵਿੱਚ ਕੁਝ ਨਹੀਂ ਲੱਭਿਆ।” ਲੋਕਾਂ ਨੇ ਆਖਿਆ, “ਹਾਂ ਯਹੋਵਾਹ ਗਵਾਹ ਹੈ।”

ਤਦ ਸਮੂਏਲ ਨੇ ਲੋਕਾਂ ਨੂੰ ਕਿਹਾ, “ਯਹੋਵਾਹ ਨੇ ਸਭ ਅੱਖੀਂ ਡਿੱਠਾ ਹੈ ਜੋ ਕੁਝ ਵੀ ਵਾਪਰਿਆ ਹੈ। ਇਹ ਯਹੋਵਾਹ ਹੀ ਹੈ ਜਿਸਨੇ ਮੂਸਾ ਅਤੇ ਹਾਰੂਨ ਨੂੰ ਠਹਿਰਾਇਆ ਅਤੇ ਇਹ ਵੀ ਯਹੋਵਾਹ ਹੀ ਹੈ ਜੋ ਤੁਹਾਡੇ ਪੁਰਖਿਆਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ। ਹੁਣ ਤੁਸੀਂ ਚੁੱਪ ਕਰਕੇ ਖੜ੍ਹੇ ਹੋ ਜਾਉ ਤਾਂ ਜੋ ਮੈਂ ਉਹ ਸਭ ਗੱਲਾਂ ਤੁਹਾਨੂੰ ਦੱਸ ਸੱਕਾਂ ਜੋ ਯਹੋਵਾਹ ਨੇ ਤੁਹਾਡੇ ਲਈ ਅਤੇ ਤੁਹਾਡੇ ਪੁਰਖਿਆਂ ਲਈ ਕੀਤੀਆਂ।

“ਯਾਕੂਬ ਮਿਸਰ ਨੂੰ ਗਿਆ। ਬਾਦ ਵਿੱਚ ਮਿਸਰੀਆਂ ਨੇ ਉਸ ਦੇ ਉੱਤਰਾਧਿਕਾਰੀਆਂ ਲਈ ਜਿਉਣਾ ਮੁਸ਼ਕਿਲ ਕਰ ਦਿੱਤਾ। ਇਸ ਲਈ ਉਨ੍ਹਾਂ ਨੇ ਯਹੋਵਾਹ ਅੱਗੇ ਮਦਦ ਲਈ ਪੁਕਾਰ ਕੀਤੀ ਅਤੇ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਤੁਹਾਡੇ ਪੁਰਖਿਆਂ ਦੀ ਮਿਸਰ ਵਿੱਚੋਂ ਬਾਹਰ ਕੱਢਣ ਲਈ ਅਗਵਾਈ ਕਰਨ ਲਈ ਭੇਜਿਆ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਇਸ ਜਗ਼੍ਹਾ ਉੱਤੇ ਰਹਿਣ ਦਿੱਤਾ।

“ਪਰ ਤੁਹਾਡੇ ਪੁਰਖੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਕਰਨੀ ਨੂੰ ਭੁੱਲ ਗਏ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਸੀਸਰਾ ਦਾ ਗੁਲਾਮ ਬਣਾ ਦਿੱਤਾ। ਹਸੋਰ ਦੇਸ਼ ਦੀ ਸੈਨਾ ਦਾ ਸੀਸਰਾ ਸੈਨਾਪਤੀ ਸੀ। ਫ਼ਿਰ ਯਹੋਵਾਹ ਨੇ ਉਨ੍ਹਾਂ ਨੂੰ ਫ਼ਲਿਸਤੀਆਂ ਦੇ ਹੱਥ ਅਤੇ ਮੋਆਬ ਦੇ ਹੱਥ ਵੇਚ ਦਿੱਤਾ। ਉਹ ਸਭ ਤੁਹਾਡੇ ਪੁਰਖਿਆਂ ਦੇ ਖਿਲਾਫ਼ ਲੜੇ। 10 ਫ਼ਿਰ ਤੁਹਾਡੇ ਪੁਰਖਿਆਂ ਨੇ ਯਹੋਵਾਹ ਅੱਗੇ ਪੁਕਾਰ ਕੀਤੀ। ਉਨ੍ਹਾਂ ਕਿਹਾ, ‘ਅਸੀਂ ਪਾਪੀ ਹਾਂ। ਅਸੀਂ ਯਹੋਵਾਹ ਨੂੰ ਛੱਡ ਕੇ ਬਆਲੀਮ ਅਤੇ ਅਸ਼ਤਾਰੋਥ ਵਰਗੇ ਝੂਠੇ ਦੇਵੀ ਦੇਵਤਿਆਂ ਨੂੰ ਪੂਜਦੇ ਰਹੇ। ਪਰ ਜੇ ਤੂੰ ਹੁਣ ਸਾਨੂੰ ਸਾਡੇ ਵੈਰੀਆਂ ਦੇ ਹੱਥੋਂ ਛੁਡਾਵੇ ਤਾਂ ਅਸੀਂ ਹੁਣ ਤੇਰੀ ਹੀ ਉਪਾਸਨਾ ਕਰਾਂਗੇ।’

11 “ਫ਼ਿਰ ਯਹੋਵਾਹ ਨੇ ਯਰੁੱਬਆਲ, ਬਦਾਨ ਯਿਫ਼ਤਾਹ ਅਤੇ ਸਮੂਏਲ ਨੂੰ ਭੇਜਿਆ ਅਤੇ ਤੁਹਾਡੇ ਚਾਰੋ ਤਰਫ਼ ਜਿਹੜੇ ਤੁਹਾਡੇ ਦੁਸ਼ਮਣ ਸਨ ਉਨ੍ਹਾਂ ਤੋਂ ਨਿਜਾਤ ਦਿਵਾਈ। ਤਾਂ ਫ਼ਿਰ ਤੁਸੀਂ ਸੁੱਖ ਨਾਲ ਵਸ ਗਏ। 12 ਪਰ ਜਦੋਂ ਤੁਸੀਂ ਵੇਖਿਆ ਕਿ ਅੰਮੋਨੀਆਂ ਦਾ ਪਾਤਸ਼ਾਹ ਨਾਹਾਸ਼ ਤੁਹਾਡੇ ਵਿਰੁੱਧ ਲੜਨ ਆ ਰਿਹਾ ਹੈ ਤਾਂ ਤੁਸੀਂ ਕਿਹਾ, ‘ਨਹੀਂ! ਸਾਨੂੰ ਇੱਕ ਪਾਤਸ਼ਾਹ ਚਾਹੀਦਾ ਹੈ’ ਜੋ ਸਾਡੇ ਉੱਤੇ ਰਾਜ ਕਰੇ। ਤੁਸੀਂ ਇਹ ਕਿਹਾ ਜਦ ਕਿ ਤੁਹਾਡੇ ਉੱਪਰ ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਪਾਤਸ਼ਾਹ ਸੀ! 13 ਹੁਣ ਵੇਖੋ! ਇਹ ਹੈ ਤੁਹਾਡਾ ਪਾਤਸ਼ਾਹ ਜੋ ਕਿ ਤੁਸੀਂ ਚੁਣਿਆ। ਯਹੋਵਾਹ ਨੇ ਇਸ ਪਾਤਸ਼ਾਹ ਨੂੰ ਤੁਹਾਡੇ ਉੱਪਰ ਠਹਿਰਾਇਆ ਹੈ। 14 ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਇਸਦਾ ਕਹਿਣਾ ਮੰਨੋ ਅਤੇ ਇਸਦਾ ਆਦਰ ਕਰੋ। ਤੁਹਾਨੂੰ ਉਸਦੀ ਟਹਿਲ ਸੇਵਾ ਕਰਨੀ ਚਾਹੀਦੀ ਹੈ ਅਤੇ ਹੁਕਮ ਦਾ ਪਾਲਣ ਕਰਨਾ ਚਾਹੀਦਾ ਹੈ। ਤੁਹਾਨੂੰ ਉਸ ਦੇ ਖਿਲਾਫ਼ ਨਹੀਂ ਹੋਣਾ ਚਾਹੀਦਾ। ਤੁਸੀਂ ਅਤੇ ਤੁਹਾਡੇ ਪਾਤਸ਼ਾਹ ਨੂੰ ਜੋ ਤੁਹਾਡੇ ਉੱਪਰ ਰਾਜ ਕਰੇ ਯਹੋਆਹ ਤੁਹਾਡੇ ਪਰਮੇਸ਼ੁਰ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ ਅਤੇ ਉਸਦਾ ਕਹਿਣਾ ਮੰਨਣਾ ਚਾਹੀਦਾ ਹੈ। 15 ਪਰ ਜੇ ਤੁਸੀਂ ਯਹੋਵਾਹ ਤੋਂ ਨਾ ਡਰੇ ਰਹੋ ਅਤੇ ਉਸਦਾ ਆਦਰ ਨਾ ਕੀਤਾ ਅਤੇ ਉਸ ਦੇ ਖਿਲਾਫ਼ ਹੋ ਗਏ ਤਾਂ ਉਹ ਤੁਹਾਡੇ ਵਿਰੁੱਧ ਹੋ ਜਾਵੇਗਾ ਤਾਂ ਫ਼ਿਰ ਯਹੋਵਾਹ ਤੁਹਾਨੂੰ ਅਤੇ ਤੁਹਾਡੇ ਪਾਤਸ਼ਾਹ ਨੂੰ ਵੀ ਨਾਸ਼ ਕਰ ਦੇਵੇਗਾ।

16 “ਹੁਣ ਤੁਸੀਂ ਚੁੱਪ-ਚਾਪ ਖੜ੍ਹੇ ਹੋ ਜਾਓ ਅਤੇ ਵੇਖੋ ਤੁਹਾਡੀਆਂ ਅੱਖਾਂ ਸਾਹਮਣੇ ਯਹੋਵਾਹ ਕੀ ਨਜ਼ਾਰਾ ਵਿਖਾਉਂਦਾ ਹੈ। 17 ਇਹ ਕਣਕ ਵੱਢਣ ਦਾ ਸਮਾਂ ਹੈ। ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ। ਮੈਂ ਉਸ ਨੂੰ ਗਰਜਣ ਅਤੇ ਮੀਂਹ ਪਾਉਣ ਲਈ ਬੇਨਤੀ ਕਰਾਂਗਾ, ਇਸ ਲਈ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਯਹੋਵਾਹ ਕੋਲੋਂ ਪਾਤਸ਼ਾਹ ਮੰਗਣ ਦੀ ਇੱਕ ਵੱਡੀ ਗਲਤੀ ਕੀਤੀ ਹੈ।”

18 ਇਸ ਉਪਰੰਤ ਸਮੂਏਲ ਨੇ ਯਹੋਵਾਹ ਨੂੰ ਪੁਕਾਰਿਆ। ਉਸੇ ਦਿਨ ਯਹੋਵਾਹ ਨੇ ਗਰਜ ਅਤੇ ਮੀਂਹ ਪਾ ਦਿੱਤਾ। ਤਦ ਲੋਕ ਯਹੋਵਾਹ ਅਤੇ ਸਮੂਏਲ ਕੋਲੋਂ ਬੜਾ ਡਰ ਗਏ। 19 ਸਭ ਲੋਕਾਂ ਨੇ ਸਮੂਏਲ ਨੂੰ ਕਿਹਾ, “ਆਪਣੇ ਦਾਸਾਂ ਦੇ ਲਈ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਬੇਨਤੀ ਕਰ ਕਿ ਸਾਨੂੰ ਮਰਨ ਤੋਂ ਬਚਾਵੇ। ਅਸੀਂ ਬੜੇ ਪਾਪ ਕੀਤੇ ਹਨ ਅਤੇ ਬਾਰ-ਬਾਰ ਕੀਤੇ ਹਨ ਅਤੇ ਜਦੋਂ ਅਸੀਂ ਹੁਣ ਨਵੇਂ ਪਾਤਸ਼ਾਹ ਦੀ ਮੰਗ ਕੀਤੀ, ਉਨ੍ਹਾਂ ਪਾਪਾਂ ਵਿੱਚ ਇੱਕ ਹੋਰ ਇਜ਼ਾਫ਼ਾ ਕੀਤਾ ਹੈ।”

20 ਤਦ ਸਮੂਏਲ ਨੇ ਲੋਕਾਂ ਨੂੰ ਆਖਿਆ, “ਘਬਰਾਓ ਨਾ! ਇਹ ਸੱਚ ਹੈ ਕਿ ਤੁਸੀਂ ਬਹੁਤ ਸਾਰੇ ਮਾੜੇ ਕੰਮ ਕੀਤੇ ਪਰ ਯਹੋਵਾਹ ਨੂੰ ਮੰਨਣਾ ਨਾ ਛੱਡੋ। ਤੁਸੀਂ ਪੂਰੇ ਮਨ ਨਾਲ ਯਹੋਵਾਹ ਦੀ ਸੇਵਾ ਕਰੋ। 21 ਬੁੱਤ ਤਾਂ ਸਿਰਫ਼ ਪੱਥਰ ਹਨ ਦੇਵਤੇ ਨਹੀਂ। ਉਹ ਤੁਹਾਡਾ ਕੁਝ ਨਹੀਂ ਸੁਆਰ ਸੱਕਦੇ। ਇਸ ਲਈ ਉਨ੍ਹਾਂ ਦੀ ਉਪਾਸਨਾ ਵਿਅਰਥ ਹੈ। ਬੁੱਤ ਨਾ ਤੁਹਾਡੀ ਮਦਦ ਕਰ ਸੱਕਦੇ ਹਨ ਨਾ ਤੁਹਾਨੂੰ ਬਚਾ ਸੱਕਦੇ ਹਨ। ਉਹ ਕੁਝ ਵੀ ਨਹੀਂ ਹਨ।

22 “ਪਰ ਯਹੋਵਾਹ ਆਪਣੇ ਲੋਕਾਂ ਨੂੰ ਛੱਡੇਗਾ ਨਹੀਂ। ਸਗੋਂ ਯਹੋਵਾਹ ਤਾਂ ਤੁਹਾਨੂੰ ਆਪਣੀ ਪਰਜਾ ਬਣਾਕੇ ਖੁਸ਼ ਹੈ ਸੋ ਉਹ ਆਪਣੇ ਵੱਡੇ ਨਾਮ ਕਾਰਣ ਆਪਣੇ ਲੋਕਾਂ ਦਾ ਤਿਆਗ ਨਹੀਂ ਕਰੇਗਾ। 23 ਅਤੇ ਜਿੱਥੇ ਤੱਕ ਮੇਰਾ ਤਾਲੁਕ ਹੈ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਨਾ ਛੱਡਾਂਗਾ। ਜੇਕਰ ਮੈਂ ਤੁਹਾਡੇ ਲਈ ਬੇਨਤੀ ਕਰਨੀ ਛੱਡ ਦੇਵਾਂ ਇਸਦਾ ਮਤਲਬ ਹੋਵੇਗਾ ਕਿ ਮੈਂ ਯਹੋਵਾਹ ਦੇ ਵਿਰੁੱਧ ਪਾਪ ਕਰ ਰਿਹਾ ਹਾਂ। ਮੈਂ ਤੁਹਾਨੂੰ ਹਮੇਸ਼ਾ ਚੰਗਾ ਜੀਵਨ ਜਿਉਣ ਦੀ ਸੇਧ ਦਿੰਦਾ ਰਹਾਂਗਾ। 24 ਪਰ ਤੁਸੀਂ ਯਹੋਵਾਹ ਨੂੰ ਮਾਨ ਜ਼ਰੂਰ ਦੇਣਾ। ਤੁਸੀਂ ਆਪਣੇ ਪੂਰੇ ਮਨ ਨਾਲ ਉਸਦੀ ਭਗਤੀ ਕਰੋ। ਹਮੇਸ਼ਾ ਤੁਹਾਡੇ ਨਾਲ ਕੀਤੀਆਂ ਉਸ ਦੀਆਂ ਨੇਕਨਾਮੀਆਂ ਨੂੰ ਯਾਦ ਰੱਖੋ। 25 ਪਰ ਜੇ ਤੁਸੀਂ ਢੀਠ ਬਣੇ ਰਹੇ ਅਤੇ ਅੱਗੇ ਤੋਂ ਫ਼ਿਰ ਪਾਪ ਕੀਤੇ ਤਾਂ ਫ਼ਿਰ ਪਰਮੇਸ਼ੁਰ ਤੁਹਾਨੂੰ ਅਤੇ ਤੁਹਾਡੇ ਪਾਤਸ਼ਾਹ ਨੂੰ ਬਾਹਰ ਕੱਢ ਸੁੱਟੇਗਾ ਉਵੇਂ ਹੀ ਜਿਵੇਂ ਝਾੜੂ ਨਾਲ ਮਿੱਟੀ-ਘੱਟੇ ਨੂੰ।”

Punjabi Bible: Easy-to-Read Version (ERV-PA)

2010 by World Bible Translation Center