Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
1 ਸਮੂਏਲ 4-8

ਸਮੂਏਲ ਦੀ ਖ਼ਬਰ ਸਾਰੇ ਇਸਰਾਏਲ ਵਿੱਚ ਫ਼ੈਲ ਗਈ। ਏਲੀ ਬਹੁਤ ਬੁੱਢਾ ਹੋ ਗਿਆ ਸੀ ਅਤੇ ਉਸ ਦੇ ਪੁੱਤਰ ਯਹੋਵਾਹ ਦੇ ਸਾਹਮਣੇ ਬਦਸਲੂਕੀ ਕਰਦੇ ਰਹੇ।

ਫ਼ਲਿਸਤੀਆਂ ਨੇ ਇਸਰਾਏਲੀਆਂ ਨੂੰ ਹਰਾਇਆ

ਉਸ ਵਕਤ ਇਸਰਾਏਲ ਫ਼ਲਿਸਤੀਆਂ ਨਾਲ ਲੜਨ ਨੂੰ ਨਿਕਲ ਪਏ ਅਤੇ ਉਨ੍ਹਾਂ ਨੇ ਅਬਨ-ਅਜ਼ਰ ਦੇ ਨਜ਼ਦੀਕ ਤੰਬੂ ਲਾਏ। ਫ਼ਲਿਸਤੀਆਂ ਨੇ ਅਫ਼ੇਕ ਵਿੱਚ ਤੰਬੂ ਲਾਏ। ਤਾਂ ਫ਼ਲਿਸਤੀਆਂ ਨੇ ਇਸਰਾਏਲ ਉੱਪਰ ਹਮਲਾ ਕਰਨ ਦੀ ਤਿਆਰੀ ਕੀਤੀ ਅਤੇ ਲੜਾਈ ਸ਼ੁਰੂ ਹੋ ਗਈ।

ਫ਼ਲਿਸਤੀਆਂ ਨੇ ਇਸਰਾਏਲੀਆਂ ਨੂੰ ਹਰਾ ਦਿੱਤਾ। ਉਨ੍ਹਾਂ ਨੇ ਇਸਰਾਏਲੀਆਂ ਦੀ ਸੈਨਾ ਦੇ ਤਕਰੀਬਨ 4,000 ਸੈਨਿਕ ਮਾਰ ਦਿੱਤੇ। ਬਾਕੀ ਦੇ ਇਸਰਾਏਲੀ ਆਪਣੇ ਡੇਰਿਆਂ ਨੂੰ ਪਰਤ ਗਏ। ਇਸਰਾਏਲ ਦੇ ਬਜ਼ੁਰਗਾਂ ਨੇ ਉਨ੍ਹਾਂ ਨੂੰ ਪੁੱਛਿਆ, “ਅੱਜ ਯਹੋਵਾਹ ਨੇ ਫ਼ਲਿਸਤੀਆਂ ਨੂੰ ਸਾਨੂੰ ਹਰਾਉਣ ਕਿਉਂ ਦਿੱਤਾ? ਅਸੀਂ ਸ਼ੀਲੋਹ ਵਿੱਚੋਂ ਯਹੋਵਾਹ ਦੇ ਨੇਮ ਦਾ ਸੰਦੂਕ ਲਿਆਵਾਂਗੇ। ਇਉਂ, ਜੰਗ ਵਿੱਚ ਪਰਮੇਸ਼ੁਰ ਸਾਡੇ ਨਾਲ ਜਾਵੇਗਾ ਅਤੇ ਸਾਡੇ ਦੁਸ਼ਮਣਾ ਤੋਂ ਸਾਡੀ ਰੱਖਿਆ ਕਰੇਗਾ।”

ਤਾਂ ਕੁਝ ਲੋਕ ਸ਼ੀਲੋਹ ਨੂੰ ਭੇਜੇ ਗਏ, ਉਹ ਯਹੋਵਾਹ ਸਰਬ ਸ਼ਕਤੀਮਾਨ ਦਾ ਨੇਮ ਦਾ ਸੰਦੂਕ ਲੈ ਆਏ। ਸੰਦੂਕ ਉੱਤੇ ਕਰੂਬੀ ਫ਼ਰਿਸ਼ਤੇ ਸਨ ਅਤੇ ਇਹ ਤਖਤ ਵਾਂਗ ਸੀ ਜਿਸ ਉੱਤੇ ਯਹੋਵਾਹ ਬੈਠਦਾ। ਏਲੀ ਦੇ ਪੁੱਤਰ ਹਾਫ਼ਨੀ ਅਤੇ ਫ਼ੀਨਹਾਸ ਸੰਦੂਕ ਦੇ ਨਾਲ ਆਏ।

ਜਦੋਂ ਯਹੋਵਾਹ ਦੇ ਨੇਮ ਦਾ ਸੰਦੂਕ ਤੰਬੂ ਵਿੱਚ ਆਇਆ, ਤਾਂ ਸਾਰੇ ਇਸਰਾਏਲੀਆਂ ਨੇ ਉੱਚੀ ਅਵਾਜ਼ ਵਿੱਚ ਜੈਕਾਰਾ ਲਾਇਆ, ਜਿਸਨੇ ਧਰਤੀ ਨੂੰ ਵੀ ਹਿਲਾ ਦਿੱਤਾ। ਜਦੋਂ ਫ਼ਲਿਸਤੀਆਂ ਨੇ ਉਨ੍ਹਾਂ ਦਾ ਗੂੰਜਦਾ ਜੈਕਾਰਾ ਸੁਣਿਆ ਤਾਂ ਉਨ੍ਹਾਂ ਆਖਿਆ, “ਭਈ ਇਬਰਾਨੀਆਂ ਦੇ ਤੰਬੂ ਵਿੱਚ ਇਹ ਜੈਕਾਰੇ ਦੀ ਕੈਸੀ ਆਵਾਜ਼ ਹੈ?”

ਤਦ ਫ਼ਲਿਸਤੀਆਂ ਨੂੰ ਜਾ ਪਤਾ ਲੱਗਾ ਕਿ ਯਹੋਵਾਹ ਦਾ ਪਵਿੱਤਰ ਸੰਦੂਕ ਇਸਰਾਏਲੀਆਂ ਦੇ ਤੰਬੂ ਵਿੱਚ ਲਿਆਇਆ ਗਿਆ ਹੈ। ਤਾਂ ਫ਼ਲਿਸਤੀ ਡਰ ਗਏ ਅਤੇ ਉਨ੍ਹਾਂ ਨੇ ਕਿਹਾ, “ਪਰਮੇਸ਼ੁਰ ਡੇਰੇ ਵਿੱਚ ਆਏ ਹਨ। ਹੁਣ ਅਸੀਂ ਮੁਸੀਬਤ ਵਿੱਚ ਹਾਂ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਸਾਨੂੰ ਫ਼ਿਕਰ ਲੱਗਾ ਹੋਇਆ ਹੈ ਕਿ ਹੁਣ ਸਾਨੂੰ ਇਨ੍ਹਾਂ ਸ਼ਕਤੀਵਾਨ ਲੋਕਾਂ ਤੋਂ ਕੌਣ ਬਚਾਵੇਗਾ? ਇਹ ਉਹੀ ਦੇਵਤੇ ਹਨ ਜਿਨ੍ਹਾਂ ਨੇ ਮਿਸਰੀਆਂ ਨੂੰ ਉਜਾੜ ਵਿੱਚ ਸਭ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਭਿਆਨਕ ਦੁੱਖ ਰੋਗ ਦਿੱਤੇ ਸਨ। ਹੇ ਫ਼ਲਿਸਤੀਓ! ਤੁਸੀਂ ਤਕੜੇ ਹੋ ਜਾਵੋ। ਬਹਾਦੁਰਾਂ ਵਾਂਗ ਲੜੋ! ਅਤੀਤ ਵਿੱਚ ਇਬਰਾਨੀ ਸਾਡੇ ਗੁਲਾਮ ਰਹੇ ਹਨ ਇਸ ਲਈ ਮਰਦਾਂ ਵਾਂਗ ਲੜੋ, ਕਿਤੇ ਇਹ ਨਾ ਹੋਵੇ ਕਿ ਤੁਸੀਂ ਉਨ੍ਹਾਂ ਦੇ ਗੁਲਾਮ ਬਣ ਜਾਵੋ।”

10 ਸੋ ਫ਼ਲਿਸਤੀਆਂ ਨੇ ਡਟਕੇ ਮੁਕਾਬਲਾ ਕੀਤਾ ਅਤੇ ਇਸਰਾਏਲੀਆਂ ਨੂੰ ਹਾਰ ਦਿੱਤੀ। ਹਰ ਇਸਰਾਏਲੀ ਫ਼ੌਜੀ ਆਪਣੇ ਤੰਬੂ ਵਿੱਚ ਨੱਸ ਗਿਆ। ਇਹ ਉਨ੍ਹਾਂ ਦੀ ਬੜੀ ਸਖ਼ਤ ਹਾਰ ਸੀ ਜਿਸ ਵਿੱਚ 30,000 ਸਿਪਾਹੀ ਮਾਰਿਆ ਗਿਆ ਸੀ। 11 ਫ਼ਲਿਸਤੀਆਂ ਨੇ ਪਰਮੇਸ਼ੁਰ ਦਾ ਪਵਿੱਤਰ ਸੰਦੁਕ ਚੁੱਕਿਆ ਅਤੇ ਏਲੀ ਦੇ ਦੋਨਾਂ ਪੁੱਤਰਾਂ ਹਾਫ਼ਨੀ ਅਤੇ ਫ਼ੀਨਹਾਸ ਨੂੰ ਮਾਰ ਸੁੱਟਿਆ।

12 ਉਸ ਦਿਨ ਬਿਨਯਾਮੀਨ ਦਾ ਇੱਕ ਮਨੁੱਖ ਫ਼ੌਜ ਦੇ ਵਿੱਚੋਂ ਨੱਠਿਆ ਅਤੇ ਕੱਪੜੇ ਪਾੜਕੇ ਅਤੇ ਸਿਰ ਵਿੱਚ ਮਿੱਟੀ ਪਾਕੇ ਉਸੇ ਦਿਨ ਸ਼ੀਲੋਹ ਵਿੱਚ ਪਹੁੰਚਿਆ। ਇਹ ਹਾਲ ਸਭ ਉਸ ਨੇ ਆਪਣਾ ਸ਼ੋਕ ਪਰਗਟ ਕਰਨ ਲਈ ਕੀਤਾ। 13 ਸ਼ਹਿਰ ਦੇ ਦਰਵਾਜ਼ੇ ਦੇ ਕੋਲ ਕੁਰਸੀ ਉੱਪਰ ਏਲੀ ਬੈਠਿਆ ਹੋਇਆ ਸੀ ਜਦੋਂ ਇਹ ਆਦਮੀ ਸ਼ੀਲੋਹ ਵਿੱਚ ਆਇਆ। ਏਲੀ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਬਾਰੇ ਫ਼ਿਕਰਮੰਦ ਸੀ ਇਸ ਲਈ ਉਹ ਬਾਹਰ ਬੈਠਾ ਵੇਖ ਰਿਆ ਅਤੇ ਉਡੀਕ ਰਿਹਾ ਸੀ ਤਦ ਹੀ ਬਿਨਯਾਮੀਨ ਦੇ ਇੱਕ ਮਨੁੱਖ ਨੇ ਸ਼ੀਲੋਹ ਵਿੱਚ ਆਕੇ ਇਹ ਭੈੜੀ ਖਬਰ ਦੱਸੀ। ਤਾਂ ਸ਼ਹਿਰ ਵਿੱਚ ਸਾਰੇ ਲੋਕਾਂ ਨੇ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ। 14-15 ਏਲੀ 98 ਵਰ੍ਹਿਆਂ ਦਾ ਹੋ ਗਿਆ ਸੀ। ਉਸ ਨੂੰ ਨਜ਼ਰ ਵੀ ਕੁਝ ਨਹੀਂ ਸੀ ਆਉਂਦਾ, ਇਸ ਲਈ ਉਸ ਨੂੰ ਇਹ ਤਾਂ ਨਾ ਨਜ਼ਰ ਆਇਆ ਕਿ ਕੀ ਹੋ ਰਿਹਾ ਹੈ ਪਰ ਲੋਕਾਂ ਦੇ ਉੱਚੀ-ਉੱਚੀ ਰੋਣ-ਪਿੱਟਣ ਦੀਆਂ ਆਵਾਜ਼ਾਂ ਸੁਣਕੇ ਏਲੀ ਨੇ ਪੁੱਛਿਆ, “ਲੋਕ ਇੰਨਾ ਰੌਲਾ ਕਿਉਂ ਪਾ ਰਹੇ ਹਨ?”

16 ਬਿਨਯਾਮੀਨ ਦਾ ਆਦਮੀ ਦੌੜਾਕੇ ਏਲੀ ਕੋਲ ਆਇਆ ਅਤੇ ਆਕੇ ਸਾਰੀ ਵਾਰਦਾਤ ਦੱਸੀ ਅਤੇ ਕਿਹਾ, “ਮੈਂ ਹੁਣੇ-ਹੁਣੇ ਉਸ ਲੜਾਈ ਵਿੱਚੋਂ ਅੱਜ ਹੀ ਭੱਜਕੇ ਇੱਥੇ ਆਇਆ ਹਾਂ।”

ਏਲੀ ਨੇ ਪੁੱਛਿਆ, “ਪੁੱਤਰ, ਕੀ ਹੋਇਆ ਹੈ ਉੱਥੇ?”

17 ਬਿਨਯਾਮੀਨ ਦੇ ਮਨੁੱਖ ਨੇ ਕਿਹਾ, “ਇਸਰਾਏਲ ਨੇ ਫ਼ਲਿਸਤੀਆਂ ਅੱਗੇ ਹਾਰ ਖਾਧੀ ਅਤੇ ਆਪਣੀ ਬਹੁਤੀ ਸੈਨਾ ਦੇ ਸਿਪਾਹੀ ਕਤਲ ਹੋ ਗਏ। ਤੇਰੇ ਦੋਨੋ ਪੁੱਤਰ ਵੀ ਮਰ ਗਏ ਹਨ। ਅਤੇ ਫ਼ਲਿਸਤੀਆਂ ਨੇ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਵੀ ਚੁੱਕ ਲਿਆ ਹੈ।”

18 ਜਦੋਂ ਬਿਨਯਾਮੀਨ ਦੇ ਹਲਕਾਰੇ ਨੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਬਾਰੇ ਖ਼ਬਰ ਦਿੱਤੀ ਤਾਂ ਏਲੀ ਦਰਵਾਜ਼ੇ ਦੇ ਕੋਲ ਜਿਸ ਕੁਰਸੀ ਉੱਤੇ ਬੈਠਾ ਹੋਇਆ ਸੀ ਉੱਥੇ ਹੀ ਉਸਦੀ ਧੌਣ ਲੁੜਕ ਗਈ। ਏਲੀ ਬੁੱਢਾ ਅਤੇ ਮੋਟਾ ਸੀ ਇਸ ਲਈ ਉਹ ਉੱਥੇ ਹੀ ਚਿੱਤ ਹੋ ਗਿਆ। ਏਲੀ 40 ਵਰ੍ਹੇ ਇਸਰਾਏਲ ਦਾ ਨਿਆਂ ਕਰਦਾ ਰਿਹਾ ਸੀ।

ਪਰਤਾਪ ਖਤਮ ਹੋਇਆ

19 ਏਲੀ ਦੀ ਨੂਹ ਅਤੇ ਫ਼ੀਨਹਾਸ ਦੀ ਤੀਵੀਂ ਗਰਭਵਤੀ ਸੀ ਅਤੇ ਉਸ ਨੂੰ ਜਲਦ ਹੀ ਬੱਚਾ ਜੰਮਣ ਵਾਲਾ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਚੁੱਕਿਆ ਗਿਆ ਹੈ ਅਤੇ ਉਸਦਾ ਸੌਹਰਾ, ਏਲੀ ਅਤੇ ਪਤੀ ਫ਼ੀਨਹਾਸ ਵੀ ਖਤਮ ਹੋ ਚੁੱਕੇ ਹਨ, ਜਦ ਹੀ ਉਸ ਨੇ ਇਹ ਖਬਰਾਂ ਸੁਣੀਆਂ ਤਾਂ ਉਸ ਨੂੰ ਪ੍ਰਸੂਤੀ ਪੀੜਾਂ ਉੱਠੀਆਂ ਅਤੇ ਉਸ ਨੇ ਬੱਚਾ ਜੰਮਣਾ ਸ਼ੁਰੂ ਕੀਤਾ। 20 ਉਹ ਮਰਨ ਹੀ ਵਾਲੀ ਸੀ ਕਿ ਇੱਕ ਔਰਤ ਨੇ ਜਿਸਨੇ ਉਸਦੀ ਮਦਦ ਕੀਤੀ ਉਸ ਨੂੰ ਕਿਹਾ, “ਫ਼ਿਕਰ ਨਾ ਕਰ, ਅਤੇ ਤੇਰੇ ਘਰ ਪੁੱਤਰ ਪੈਦਾ ਹੋਇਆ ਹੈ।”

ਪਰ ਏਲੀ ਦੀ ਨੂੰਹ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਚੁੱਪ ਰਹੀ। 21 ਏਲੀ ਦੀ ਨੂੰਹ ਨੇ ਬੱਚੇ ਦਾ ਨਾਮ ਈਕਾਬੋਦ ਰੱਖਿਆ। ਜਿਸਤੋਂ ਉਸਦਾ ਭਾਵ ਸੀ, “ਇਸਰਾਏਲ ਦਾ ਪਰਤਾਪ ਜਾਂਦਾ ਰਿਹਾ।” ਉਸ ਨੇ ਇਹ ਇਸ ਲਈ ਕਿਹਾ ਕਿਉਂਕਿ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਜੋ ਚੁੱਕਿਆ ਗਿਆ ਸੀ ਅਤੇ ਉਸਦਾ ਸੌਹਰਾ ਅਤੇ ਪਤੀ ਦੋਵੇਂ ਮਰ ਗਏ ਸਨ। 22 ਉਸ ਨੇ ਕਿਹਾ, “ਇਸਰਾਏਲ ਦੀ ਵਡਿਆਈ ਪਰਤਾਪ ਖਤਮ ਹੋ ਗਿਆ” ਕਿਉਂਕਿ ਫ਼ਲਿਸਤੀਆਂ ਨੇ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਚੁੱਕ ਲਿਆ ਹੈ।

ਪਵਿੱਤਰ ਸੰਦੂਕ ਫ਼ਲਿਸਤੀਆਂ ਨੂੰ ਸੰਕਟ ’ਚ ਪਾਉਂਦਾ

ਫ਼ਲਿਸਤੀਆਂ ਨੇ ਅਬਨ-ਅਜ਼ਰ ਤੋਂ ਪਰਮੇਸ਼ੁਰ ਤੋਂ ਦਾ ਪਵਿੱਤਰ ਸੰਦੂਕ ਚੁਕਵਾ ਕੇ ਅਸ਼ਦੋਦ ਵਿੱਚ ਪਹੁੰਚਾ ਦਿੱਤਾ। ਫ਼ਲਿਸਤੀਆਂ ਨੇ ਪਵਿੱਤਰ ਸੰਦੂਕ ਨੂੰ ਦਾਗੋਨ ਦੇ ਘਰ ਵਿੱਚ ਲਿਆਕੇ ਦਾਗੋਨ ਕੋਲ ਰੱਖਿਆ। ਅਗਲੀ ਸਵੇਰ ਨੂੰ ਜਦ ਅਸ਼ਦੋਦੀ ਉੱਠੇ ਤਾਂ ਉਨ੍ਹਾਂ ਵੇਖਿਆ ਕਿ ਦਾਗੋਨ ਯਹੋਵਾਹ ਦੇ ਸੰਦੂਕ ਅੱਗੇ ਮੂੰਹ ਪਰਨੇ ਧਰਤੀ ਉੱਪਰ ਡਿੱਗਿਆ ਹੋਇਆ ਹੈ।

ਤਾਂ ਅਸ਼ਦੋਦ ਦੇ ਲੋਕਾਂ ਨੇ ਦਾਗੋਨ ਦੇ ਬੁੱਤ ਨੂੰ ਚੁੱਕ ਕੇ ਵਾਪਸ ਉਸਦੀ ਥਾਵੇਂ ਖੜ੍ਹਾ ਕੀਤਾ। ਪਰ ਅਗਲੀ ਸਵੇਰ ਜਦ ਅਸ਼ਦੋਦੀ ਉੱਠੇ ਤਾਂ ਉਨ੍ਹਾਂ ਨੇ ਦਾਗੋਨ ਨੂੰ ਮੂੰਹ ਪਰਨੇ ਡਿੱਗਿਆ ਪਾਇਆ। ਦਾਗੋਨ ਯਹੋਵਾਹ ਦੇ ਪਵਿੱਤਰ ਸੰਦੂਕ ਅੱਗੇ ਡਿੱਗਿਆ ਪਿਆ ਸੀ। ਇਸ ਵਾਰ ਦਾਗੋਨ ਦੇ ਹੱਥ ਸਿਰ ਡਿੱਗਕੇ ਟੁੱਟਕੇ ਥੜੇ ਉੱਤੇ ਖਿੱਲਰੇ ਪਏ ਸਨ। ਸਿਰਫ਼ ਉਸਦਾ ਸ਼ਰੀਰ ਸਬੂਤਾ ਸੀ। ਇਸੇ ਲਈ, ਅਜੇ ਤੀਕ ਵੀ ਦਾਗੋਨ ਦੇ ਜਾਜਕ ਜਾਂ ਕੋਈ ਵੀ ਹੋਰ ਮਨੁੱਖ ਜੋ ਵੀ ਅਸ਼ਦੋਦ ਵਿੱਚ ਦਾਗੋਨ ਦੇ ਮੰਦਰ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਹ ਉਸ ਥੜੇ ਉੱਤੇ ਪੈਰ ਰੱਖਣ ਤੋਂ ਇਨਕਾਰ ਕਰਦਾ ਹੈ।

ਯਹੋਵਾਹ ਨੇ ਅਸ਼ਦੋਦ ਦੇ ਲੋਕਾਂ ਅਤੇ ਉਨ੍ਹਾਂ ਦੇ ਗੁਆਂਢੀਆਂ ਦਾ ਜਿਉਣਾ ਔਖਾ ਕਰ ਦਿੱਤਾ ਅਤੇ ਉਸ ਨੇ ਉਨ੍ਹਾਂ ਨੂੰ ਅਨੇਕਾਂ ਮੁਸੀਬਤਾਂ ਦਿੱਤੀਆਂ। ਉਸ ਨੇ ਉਨ੍ਹਾਂ ਨੂੰ ਸਤਾਉਣ ਵਾਲੀਆਂ ਰਸੌਲੀਆਂ ਦਿੱਤੀਆਂ। ਉਸ ਨੇ ਉੱਥੇ ਚੂਹੇ ਭੇਜੇ ਅਤੇ ਉਹ ਉਨ੍ਹਾਂ ਦੇ ਸਾਰਿਆਂ ਜਹਾਜ਼ਾਂ ਵਿੱਚ ਫ਼ੈਲ ਗਏ ਅਤੇ ਫ਼ੇਰ ਉਨ੍ਹਾਂ ਦੀ ਜ਼ਮੀਨ ਵਿੱਚ ਚੱਲੇ ਗਏ। ਸ਼ਹਿਰ ਵਿੱਚ ਹਰ ਕੋਈ ਡਰਿਆ ਹੋਇਆ ਸੀ। ਅਸ਼ਦੋਦੀਆਂ ਨੇ ਵੇਖਿਆ ਕਿ ਕੀ ਭਾਣਾ ਵਰਤ ਰਿਹਾ ਹੈ ਤਾਂ ਉਨ੍ਹਾਂ ਕਿਹਾ, “ਇਸਰਾਏਲ ਦੇ ਪਰਮੇਸ਼ੁਰ ਦਾ ਸੰਦੂਕ ਇੱਥੇ ਨਹੀਂ ਟਿਕ ਸੱਕਦਾ। ਤਾਂ ਹੀ ਪਰਮੇਸ਼ੁਰ ਸਾਨੂੰ ਅਤੇ ਸਾਡੇ ਦੇਵਤੇ ਦਾਗੋਨ ਨੂੰ ਦੰਡ ਦੇ ਰਿਹਾ ਹੈ।”

ਅਸ਼ਦੋਦ ਦੇ ਲੋਕਾਂ ਨੇ ਫ਼ਲਿਸਤੀਆਂ ਦੇ ਸਾਰੇ ਆਗੂਆਂ ਨੂੰ ਇਕੱਠਿਆ ਬੁਲਾਇਆ ਅਤੇ ਪੁੱਛਿਆ, “ਸਾਨੂੰ ਇਸਰਾਏਲ ਦੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨਾਲ ਕੀ ਕਰਨਾ ਚਾਹੀਦਾ ਹੈ?”

ਸ਼ਾਸਕਾਂ ਨੇ ਜਵਾਬ ਦਿੱਤਾ, “ਇਸਰਾਏਲ ਦੇ ਪਵਿੱਤਰ ਸੰਦੂਕ ਨੂੰ ਗਥ ਦੇ ਸ਼ਹਿਰ ਵਿੱਚ ਲੈ ਜਾਉ।” ਤਾਂ ਫ਼ਲਿਸਤੀਆਂ ਨੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਚੁੱਕ ਲਿਆ।

ਪਰ ਜਦੋਂ ਫ਼ਲਿਸਤੀਆਂ ਦੇ ਲੋਕ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਗਥ ਵਿੱਚ ਲੈ ਗਏ, ਤਾਂ ਯਹੋਵਾਹ ਨੇ ਉਸ ਸ਼ਹਿਰ ਨੂੰ ਨਸ਼ਟ ਕਰ ਦਿੱਤਾ। ਉੱਥੋਂ ਦੇ ਲੋਕ ਬਹੁਤ ਡਰ ਗਏ। ਪਰਮੇਸ਼ੁਰ ਨੇ ਉੱਥੋਂ ਦੇ ਲੋਕ, ਕੀ ਵੱਡੇ, ਕੀ ਬੁੱਢੇ ਅਤੇ ਬੱਚੇ ਸਭਨਾ ਉੱਤੇ ਬੜਾ ਕਹਿਰ ਲਿਆਂਦਾ। ਗਥ ਦੇ ਲੋਕਾਂ ਨੂੰ ਮਵੇਸ਼ੀਆਂ ਵਰਗੀਆਂ ਖਤਰਨਾਕ ਬਿਮਾਰੀਆਂ ਲੱਗ ਗਈਆਂ। 10 ਇਸ ਸਭ ਤੋਂ ਡਰਕੇ ਫ਼ਲਿਸਤੀਆਂ ਨੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਗਥ ਤੋਂ ਅਕਰੋਨ ਭੇਜ ਦਿੱਤਾ।

ਪਰ ਜਦੋਂ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਅਕਰੋਨ ਵਿੱਚ ਪਹੁੰਚਿਆ ਤਾਂ ਉੱਥੋਂ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਅਤੇ ਕਿਹਾ, “ਤੁਸੀਂ ਇਸਰਾਏਲ ਦੇ ਪਰਮੇਸ਼ੁਰ ਦਾ ਸੰਦੂਕ ਭਲਾ ਸਾਡੇ ਸ਼ਹਿਰ ਅਕਰੋਨ ਵਿੱਚ ਕਿਉਂ ਲਿਆਏ ਹੋ? ਕੀ ਤੁਸੀਂ ਹੁਣ ਸਾਨੂੰ ਅਤੇ ਸਾਡੇ ਲੋਕਾਂ ਨੂੰ ਮਾਰਨਾ ਚਾਹੁੰਦੇ ਹੋ?” 11 ਅਕਰੋਨੀ ਲੋਕਾਂ ਨੇ ਸਾਰੇ ਫ਼ਲਿਸਤੀਆਂ ਦੇ ਸ਼ਾਸਕਾਂ ਨੂੰ ਇੱਕਤਰ ਕਰਕੇ ਉਨ੍ਹਾਂ ਤੋਂ ਇਹ ਪੁੱਛਿਆ ਅਤੇ ਉਨ੍ਹਾਂ ਨੂੰ ਆਖਿਆ, “ਇਸ ਇਸਰਾਏਲ ਦੇ ਪਰਮੇਸ਼ੁਰ ਦਾ ਸੰਦੂਕ ਇਸ ਤੋਂ ਪਹਿਲਾਂ ਕਿ ਉਹ ਸਾਡੇ ਉੱਤੇ ਕਰੋਪੀ ਲਿਆਵੇ ਅਤੇ ਸਾਨੂੰ ਮਾਰ ਸੁੱਟੇ, ਚੰਗਾ ਹੈ ਕਿ ਇਸ ਨੂੰ ਵਾਪਸ ਜਿੱਥੇ ਲਿਆਏ ਸੀ, ਉੱਥੇ ਹੀ ਛੱਡ ਆਵੋ।”

ਅਕਰੋਨ ਦੇ ਲੋਕੀ ਬਹੁਤ ਘਬਰਾਏ ਹੋਏ ਸਨ। ਪਰਮੇਸ਼ੁਰ ਨੇ ਉੱਥੇ ਹੋਰਨਾਂ ਲੋਕਾਂ ਦਾ ਜਿਉਣਾ ਹਰਾਮ ਕਰ ਦਿੱਤਾ। 12 ਬਹੁਤ ਸਾਰੇ ਲੋਕ ਮਰ ਗਏ ਅਤੇ ਜਿਹੜੇ ਲੋਕ ਉੱਥੇ ਬਚੇ ਉਨ੍ਹਾਂ ਨੂੰ ਮਵੇਸ਼ੀਆਂ ਹੋ ਗਈਆਂ ਅਤੇ ਉਹ ਆਕਾਸ਼ ਤੱਕ ਉੱਚੀ-ਉੱਚੀ ਦੁਹਾਈ ਦੇਣ ਲੱਗੇ।

ਪਰਮੇਸ਼ੁਰ ਦਾ ਪਵਿੱਤਰ ਸੰਦੂਕ ਵਾਪਸ ਆਪਣੀ ਥਾਵੇਂ ਭੇਜਿਆ ਗਿਆ

ਫ਼ਲਿਸਤੀਆਂ ਨੇ ਸੱਤ ਮਹੀਨੇ ਉਸ ਪਵਿੱਤਰ ਸੰਦੂਕ ਨੂੰ ਆਪਣੀ ਧਰਤੀ ਉੱਤੇ ਰੱਖਿਆ। ਤਾਂ ਉਨ੍ਹਾਂ ਨੇ ਜਾਜਕਾਂ ਅਤੇ ਜੋਤਸ਼ੀਆਂ ਨੂੰ ਸੱਦਿਆ ਅਤੇ ਕਿਹਾ, “ਸਾਨੂੰ ਯਹੋਵਾਹ ਦੇ ਸੰਦੂਕ ਦਾ ਕੀ ਕਰਨਾ ਚਾਹੀਦਾ ਹੈ? ਸਾਨੂੰ ਦੱਸੋ ਕਿ ਇਸ ਸੰਦੂਕ ਨੂੰ ਹੁਣ ਵਾਪਸ ਉੱਥੇ ਕਿਵੇਂ ਪਹੁੰਚਾਇਆ ਜਾਵੇ?”

ਜਾਜਕਾਂ ਅਤੇ ਜਾਦੂਗਰਾਂ ਨੇ ਆਖਿਆ, “ਜੇਕਰ ਤੁਸੀਂ ਇਸਰਾਏਲ ਦੇ ਪਰਮੇਸ਼ੁਰ ਦਾ ਸੰਦੂਕ ਵਾਪਸ ਉੱਥੇ ਹੀ ਭੇਜਣਾ ਹੈ ਤਾਂ ਇਸ ਨੂੰ ਫ਼ੇਰ ਖਾਲੀ ਨਾ ਭੇਜੋ। ਤੁਸੀਂ ਇਸ ਵਿੱਚ ਕੁਝ ਤੋਹਫ਼ੇ ਅਤੇ ਭੇਟਾਂ ਜ਼ਰੂਰ ਪਾਵੋ ਤਾਂ ਜੋ ਇਸਰਾਏਲ ਦਾ ਪਰਮੇਸ਼ੁਰ ਤੁਹਾਡੇ ਪਾਪ ਬਖਸ਼ ਦੇਵੇ। ਫ਼ਿਰ ਤੁਸੀਂ ਪਾਕ ਅਤੇ ਪਵਿੱਤਰ ਹੋ ਜਾਵੋਂਗੇ। ਤੁਹਾਨੂੰ ਇੰਝ ਹੀ ਕਰਨਾ ਚਾਹੀਦਾ ਹੈ। ਤਾਂ ਜੋ ਪਰਮੇਸ਼ੁਰ ਤੁਹਾਡੇ ਉੱਤੇ ਰਹਿਮ ਕਰੇ ਅਤੇ ਤੁਹਾਡੇ ਉੱਤੇ ਕਹਿਰ ਬੰਦ ਕਰੇ।”

ਫ਼ਲਿਸਤੀਆਂ ਨੇ ਪੁੱਛਿਆ, “ਅਸੀਂ ਕਿਹੋ ਜਿਹੇ ਤੋਹਫ਼ੇ ਇਸਰਾਏਲ ਦੇ ਪਰਮੇਸ਼ੁਰ ਨੂੰ ਭੇਜੀਏ ਤਾਂ ਜੋ ਉਹ ਸਾਡੇ ਪਾਪ ਬਖਸ਼ ਦੇਵੇ?”

ਜਾਜਕਾਂ ਅਤੇ ਜਾਦੂਗਰਾਂ ਨੇ ਆਖਿਆ, “ਇੱਥੇ ਪੰਜ ਫ਼ਲਿਸਤੀਆਂ ਦੇ ਅਲੱਗ-ਅਲੱਗ ਸ਼ਹਿਰਾਂ ਦੇ ਆਗੂ ਇਕੱਠੇ ਹੋਏ ਹਨ, ਅਤੇ ਤੁਹਾਡੇ ਆਗੁਆਂ ਅਤੇ ਤੁਹਾਡੀਆਂ ਸਭਨਾ ਦੀਆਂ ਇੱਕੋ ਜਿਹੀਆਂ ਮੁਸੀਬਤਾਂ ਹਨ। ਸੋ ਤੁਸੀਂ ਫ਼ਲਿਸਤੀ ਸ਼ਾਸਕਾਂ ਦੀ ਗਿਣਤੀ ਅਨੁਸਾਰ ਪੰਜ ਸੁਨਿਹਰੀ ਮਵੇਸ਼ੀਆਂ ਅਤੇ ਪੰਜ ਸੁਨਿਹਰੀ ਚੁਹੀਆਂ ਬਣਵਾਉ ਇਸ ਲਈ ਮਵੇਸ਼ੀਆਂ ਦੇ ਬੁੱਤ ਅਤੇ ਚੂਹੀਆਂ ਦੇ ਬੁੱਤ ਬਣਵਾਉ, ਜਿਨ੍ਹਾਂ ਨੇ ਦੇਸ਼ ਨੂੰ ਨਸ਼ਟ ਕੀਤਾ ਹੈ। ਅਤੇ ਰਕਮ ਵਜੋਂ ਇਹ ਮੂਰਤਾਂ ਤੁਸੀਂ ਇਸਰਾਏਲ ਦੇ ਪਰਮੇਸ਼ੁਰ ਨੂੰ ਅਦਾ ਕਰੋ ਤਾਂ ਸ਼ਾਇਦ ਉਹ ਤੁਹਾਨੂੰ ਸਜ਼ਾ ਦੇਣ ਤੋਂ ਹਟ ਜਾਵੇ, ਅਤੇ ਸ਼ਾਇਦ ਉਹ ਤੁਹਾਡੀ ਜ਼ਮੀਨ ਅਤੇ ਦੇਵਤਿਆਂ ਉੱਪਰ ਆਪਣੀ ਕਰੋਪੀ ਤੋਂ ਰੁਕ ਜਾਵੇ। ਮਿਸਰੀਆਂ ਅਤੇ ਫ਼ਿਰਊਨ ਦੇ ਲੋਕਾਂ ਵਾਂਗ ਆਪਣੇ ਮਨ ਨੂੰ ਕਰੜਾ ਨਾ ਕਰੋ। ਪਰਮੇਸ਼ੁਰ ਨੇ ਮਿਸਰੀਆਂ ਨੂੰ ਦੰਡ ਦਿੱਤਾ ਇਸੇ ਲਈ ਮਿਸਰੀਆਂ ਨੇ ਇਸਰਾਏਲੀਆਂ ਨੂੰ ਛੱਡਣ ਨੂੰ ਕਿਹਾ।

“ਹੁਣ ਤੁਸੀਂ ਇੱਕ ਨਵੀਂ ਗੱਡੀ ਬਣਾਉ ਅਤੇ ਦੋ ਲਵੇਰੀਆਂ ਗਊਆਂ ਲਵੋ ਜੋ ਜੂਲੇ ਹੇਠ ਨਾ ਆਈਆਂ ਹੋਣ ਭਾਵ ਜਿਨ੍ਹਾਂ ਨੇ ਅਜੇ ਖੇਤਾਂ ਵਿੱਚ ਕੰਮ ਨਾ ਕੀਤਾ ਹੋਵੇ ਉਨ੍ਹਾਂ ਗਊਆਂ ਨੂੰ ਉਸ ਗੱਡੀ ਨਾਲ ਬੰਨ੍ਹੋ ਤਾਂ ਜੋ ਉਹ ਉਸ ਨੂੰ ਧੱਕ ਸੱਕਣ। ਅਤੇ ਵਛੜਿਆਂ ਨੂੰ ਵਾਪਸ ਲਿਆਕੇ ਉਨ੍ਹਾਂ ਨੂੰ ਉੱਥੇ ਵਾਪਸ ਗਊਸ਼ਾਲਾ ’ਚ ਬੰਨ੍ਹ ਦੇਵੋ। ਉਨ੍ਹਾਂ ਨੂੰ ਗਊਆਂ ਦੇ ਪਿੱਛੇ ਨਾ ਜਾਣ ਦੇਵੋ। [a] ਯਹੋਵਾਹ ਦਾ ਪਵਿੱਤਰ ਸੰਦੂਕ ਇੱਕ ਬੰਦ ਗੱਡੀ ਉੱਤੇ ਰੱਖੋ। ਤੁਹਾਨੂੰ ਸੋਨੇ ਦੇ ਬੁੱਤਾਂ ਨੂੰ ਇੱਕ ਝੋਲੇ ਵਿੱਚ ਪਾਕੇ ਸੰਦੂਕ ਦੇ ਕੋਲ ਰੱਖਣੇ ਚਾਹੀਦੇ ਹਨ। ਇਹ ਬੁੱਤ ਤੁਹਾਡੇ ਪਾਪ ਬਖਸ਼ਣ ਲਈ ਪਰਮੇਸ਼ੁਰ ਨੂੰ ਸੁਗਾਤਾਂ ਹਨ। ਫ਼ੇਰ ਗੱਡੀ ਨੂੰ ਸਿੱਧੀ ਇਸਦੇ ਰਾਹ ਵੱਲ ਭੇਜ ਦਿਉ। ਅਤੇ ਗੱਡੀ ਨੂੰ ਵੇਖੋ ਕਿ ਜੇਕਰ ਇਹ ਸਿੱਧਾ ਇਸਰਾਏਲ ਦੀ ਆਪਣੀ ਧਰਤੀ ਬੈਤਲਹਮ ਵੱਲ ਜਾਂਦੀ ਹੈ ਤਾਂ ਇਸਦਾ ਮਤਲਬ ਹੈ ਕਿ ਇਹ ਸਾਰੇ ਦੁੱਖ ਤਕਲੀਫ਼ ਸਾਡੇ ਉੱਪਰ ਯਹੋਵਾਹ ਵੱਲੋਂ ਭੇਜੇ ਗਏ ਹਨ ਪਰ ਜੇਕਰ ਗਊਆਂ ਗੱਡੀ ਨੂੰ ਸਿੱਧਾ ਬੈਤਲਹਮ ਵੱਲ ਨਾ ਲੈ ਜਾਕੇ ਦੂਜੇ ਪਾਸੇ ਨੂੰ ਗਈਆਂ ਤਾਂ ਇਸ ਦਾ ਭਾਵ ਇਹ ਹੋਵੇਗਾ ਕਿ ਇਸਰਾਏਲ ਦੇ ਪਰਮੇਸ਼ੁਰ ਨੇ ਇਹ ਕਰੋਪੀ ਅਤੇ ਦੰਡ ਸਾਨੂੰ ਨਹੀਂ ਦਿੱਤਾ ਸਗੋਂ ਅਸੀਂ ਫ਼ਿਰ ਇਹ ਸਮਝਾਂਗੇ ਕਿ ਇਹ ਦੁੱਖ ਤਕਲੀਫ਼ਾਂ ਵੈਸੇ ਹੀ ਵਾਪਰੀਆਂ ਸਨ।”

10 ਸੋ ਫ਼ਲਿਸਤੀਆਂ ਨੇ ਉਵੇਂ ਹੀ ਕੀਤਾ ਜਿਵੇਂ ਜਾਜਕਾਂ ਅਤੇ ਜਾਦੂਗਰਾਂ ਨੇ ਆਖਿਆ। ਉਨ੍ਹਾਂ ਲੋਕਾਂ ਨੂੰ ਦੋ ਅਜਿਹੀਆਂ ਲਵੇਰੀਆਂ ਗਊਆਂ ਮਿਲ ਗਈਆਂ ਤਾਂ ਉਨ੍ਹਾਂ ਨੇ ਗਊਆਂ ਨੂੰ ਗੱਡੀ ਅੱਗੇ ਬੰਨ੍ਹਿਆ ਅਤੇ ਵਛੜਿਆਂ ਨੂੰ ਵਾਪਸ ਗਊਸ਼ਾਲਾ ਵਿੱਚ ਬੰਨ੍ਹਿਆ। 11 ਤਦ ਫ਼ਲਿਸਤੀਆਂ ਨੇ ਯਹੋਵਾਹ ਦਾ ਪਵਿੱਤਰ ਸੰਦੂਕ ਛਕੜਾ ਗੱਡੀ ਵਿੱਚ ਰੱਖਿਆ ਅਤੇ ਨਾਲ ਹੀ ਉਸ ਨਾਲ ਸੋਨੇ ਦੇ ਬਣੇ ਹੋਏ ਮਵੇਸ਼ੀਆਂ ਅਤੇ ਸੋਨੇ ਦੀਆਂ ਚੂਹੀਆਂ ਦੀਆਂ ਮੂਰਤਾਂ ਨੂੰ ਵੀ ਉਸ ਵਿੱਚ ਰੱਖਿਆ। 12 ਗਊਆਂ ਸਿੱਧੀਆਂ ਬੈਤਸ਼ਮਸ਼ ਨੂੰ ਗਈਆਂ। ਉਹ ਸੜਕ ਤੇ ਤੁਰਦੀਆਂ ਜਾਂਦੀਆਂ, ਰਾਹ ’ਚ ਅੜਾਉਂਦੀਆਂ ਗਈਆਂ। ਉਹ ਕਿਤੇ ਵੀ ਖੱਬੇ ਜਾਂ ਸੱਜੇ ਨਾ ਮੁੜੀਆਂ। ਫ਼ਲਿਸਤੀਨੀ ਸ਼ਾਸਕ ਉਨ੍ਹਾਂ ਦੇ ਪਿੱਛੇ-ਪਿੱਛੇ ਬੈਤਸ਼ਮਸ਼ ਦੀ ਹੱਦ ਤੱਕ ਗਏ।

13 ਬੈਤਸ਼ਮਸ਼ ਦੇ ਲੋਕ ਉਸ ਵਾਦੀ ਵਿੱਚ ਕਣਕ ਦੀਆਂ ਵਾਢੀਆਂ ਕਰ ਰਹੇ ਸਨ। ਉਨ੍ਹਾਂ ਨੇ ਪਵਿੱਤਰ ਸੰਦੂਕ ਆਉਂਦਾ ਵੇਖਿਆ। ਤਦ ਸੰਦੂਕ ਨੂੰ ਆਪਸ ਆਉਂਦਾ ਵੇਖਕੇ ਉਹ ਬੜੇ ਖੁਸ਼ ਹੋਏ, ਅਤੇ ਉਸ ਨੂੰ ਲੈਣ ਲਈ ਉਸ ਵੱਲ ਦੌੜੇ। 14-15 ਬੈਤਸ਼ਮਸ਼ ਦੇ ਉਸ ਖੇਤ ਵੱਲ ਛਕੜਾ ਗੱਡੀ ਵੱਧੀ ਜੋ ਯਹੋਸ਼ੁਆ ਦਾ ਸੀ।

ਇੱਥੇ ਇੱਕ ਵੱਡੇ ਸਾਰੇ ਪੱਥਰ ਕੋਲ ਆਕੇ ਇਹ ਛਕੜਾ ਗੱਡੀ ਖੜੀ ਹੋ ਗਈ। ਤਾਂ ਉੱਥੋਂ ਦੇ ਲੋਕਾਂ ਨੇ ਗੱਡੀ ਦੀਆਂ ਲੱਕੜਾਂ ਨੂੰ ਚੀਰਿਆ ਅਤੇ ਗਊਆਂ ਨੂੰ ਯਹੋਵਾਹ ਲਈ ਬਲੀ ਕਰਨ ਲਈ ਮਾਰ ਦਿੱਤਾ।

ਤਦ ਲੇਵੀਆਂ ਨੇ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਉਸ ਸੰਦੂਕੜੀ ਸਮੇਤ ਜੋ ਉਸ ਦੇ ਨਾਲ ਸੀ, ਅਤੇ ਜਿਸ ਵਿੱਚ ਸੋਨੇ ਦੀਆਂ ਵਸਤਾਂ ਸਨ ਹੇਠਾਂ ਉਤਾਰੀਆਂ ਅਤੇ ਉਸ ਨੂੰ ਉਸ ਵੱਡੇ ਪੱਥਰ ਉੱਪਰ ਰੱਖਿਆ ਅਤੇ ਬੈਤਸ਼ਮਸ਼ ਦੇ ਲੋਕਾਂ ਨੇ ਉਸੇ ਦਿਨ ਯਹੋਵਾਹ ਦੇ ਲਈ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਹੋਰ ਬਲੀਆਂ ਵੀ ਦਿੱਤੀਆਂ।

16 ਦੂਰ ਇਹ ਪੰਜ ਫ਼ਲਿਸਤੀਨ ਦੇ ਸ਼ਾਸਕ ਬੈਤਸ਼ਮਸ਼ ਦੇ ਲੋਕਾਂ ਨੂੰ ਇਹ ਸਭ ਕੁਝ ਕਰਦਿਆਂ ਵੇਖਦੇ ਰਹੇ ਅਤੇ ਉਸਤੋਂ ਬਾਦ ਉਸੇ ਦਿਨ ਉਹ ਵਾਪਸ ਅਕਰੋਨ ਨੂੰ ਪਰਤ ਗਏ।

17 ਇਹ ਸੋਨੇ ਦੀਆਂ ਮਵੇਸ਼ੀਆਂ ਜੋ ਫ਼ਲਿਸਤੀਆਂ ਦੇ ਪਾਪ ਦੀ ਭੇਟ ਲਈ ਯਹੋਵਾਹ ਨੂੰ ਚੜ੍ਹਾਈਆਂ ਉਹ ਫ਼ਲਿਸਤੀਆਂ ਦੇ ਪੰਜ ਨਗਰਾਂ ਵੱਲੋਂ ਸਨ। ਉਨ੍ਹਾਂ ਵਿੱਚੋਂ ਇੱਕ ਅਸ਼ਦੋਦ ਵੱਲੋਂ ਸੀ, ਇੱਕ ਆਜ਼ਾਹ ਦੀ, ਇੱਕ ਅਸ਼ਕਲੋਨ, ਗਥ ਦੀ ਅਤੇ ਅਕਰੋਨ ਦੀ ਸੀ। 18 ਫ਼ਲਿਸਤੀਆਂ ਨੇ ਪੰਜ ਸੋਨੇ ਦੀਆਂ ਚੂਹੀਆਂ ਦੀਆਂ ਮੂਰਤਾਂ ਵੀ ਭੇਜੀਆਂ ਸਨ। ਇਹ ਪੰਜ ਮੂਰਤਾਂ ਵੀ ਫ਼ਲਿਸਤੀਨ ਦੇ ਪੰਜ ਨਗਰਾਂ ਜਿਹੜੇ ਪੰਜਾਂ ਸ਼ਾਸਕਾਂ ਦੇ ਸਨ ਉਨ੍ਹਾਂ ਵੱਲੋਂ ਸੀ। ਇਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਪੱਕੀਆਂ ਦੀਵਾਰਾਂ ਸਨ, ਹਰ ਸ਼ਹਿਰ ਵਿੱਚ ਉਸ ਦੇ ਆਸ-ਪਾਸ ਪਿੰਡ ਸਨ।

ਬੈਤਸ਼ਮਸ਼ ਦੇ ਲੋਕਾਂ ਨੇ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਉਸ ਵੱਡੇ ਪੱਥਰ ਉੱਪਰ ਰੱਖਿਆ। ਉਹ ਪੱਥਰ ਅੱਜ ਤੀਕ ਵੀ ਬੈਤਸ਼ਮਸ਼ ਵਿੱਚ ਯਹੋਸ਼ੂਆ ਦੀ ਪੈਲੀ ਵਿੱਚ ਹੈ। 19 ਪਰ ਬੈਤ-ਸ਼ਮਸ਼ ਦੇ ਕੁਝ ਲੋਕਾਂ ਨੇ ਯਹੋਵਾਹ ਦੇ ਪਵਿੱਤਰ ਸੰਦੂਕ ਵਿੱਚ ਝਾਕ ਲਿਆ ਕਿਉਂ ਜੋ ਉੱਥੇ ਜਾਜਕ ਨਹੀਂ ਸਨ। ਇਸ ਲਈ ਪਰਮੇਸ਼ੁਰ ਨੇ ਬੈਤ-ਸ਼ਮਸ਼ ਵਿਖੇ 70 ਆਦਮੀਆਂ [b] ਨੂੰ ਮਾਰ ਦਿੱਤਾ ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਪਵਿੱਤਰ ਸੰਦੂਕ ਵਿੱਚ ਤੱਕਿਆ ਸੀ। ਬੈਤਸ਼ਮਸ਼ ਦੇ ਲੋਕ ਬੜੇ ਰੋਏ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਬੜੀ ਸਖ਼ਤ ਸਜ਼ਾ ਦਿੱਤੀ ਸੀ। 20 ਤਾਂ ਬੈਤਸ਼ਮਸ਼ ਦੇ ਲੋਕਾਂ ਨੇ ਕਿਹਾ, “ਭਲਾ ਕਿਸੇ ਦੀ ਕੀ ਮਜ਼ਾਲ ਹੈ ਕੋਈ ਇਸ ਪਵਿੱਤਰ ਯਹੋਵਾਹ ਪਰਮੇਸ਼ੁਰ ਅੱਗੇ ਖੜ੍ਹਾ ਹੋ ਸੱਕੇਗਾ, ਕੌਣ ਜਾਜਕ ਹੈ ਜੋ ਇਸ ਪਵਿੱਤਰ ਸੰਦੂਕ ਦੀ ਸੰਭਾਲ ਕਰ ਸੱਕੇ। ਇੱਥੇ ਇਹ ਸੰਦੂਕ ਕਿਸ ਕੋਲ ਜਾਵੇ?”

21 ਕਿਰਯਥ-ਯਾਰੀਮ ਵਿੱਚ ਇੱਕ ਜਾਜਕ ਸੀ, ਤਾਂ ਬੈਤਸ਼ਮਸ਼ ਦੇ ਲੋਕਾਂ ਨੇ ਕਿਰਯਥ-ਯਾਰੀਮ ਵੱਲ ਹਲਕਾਰੇ ਭੇਜੇ ਅਤੇ ਉਨ੍ਹਾਂ ਹਲਕਾਰਿਆਂ ਨੇ ਕਿਹਾ, “ਫ਼ਲਿਸਤੀ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਮੋੜ ਲਿਆਏ ਹਨ, ਸੋ ਤੁਸੀਂ ਆਓ ਅਤੇ ਉਸ ਸੰਦੂਕ ਨੂੰ ਆਪਣੇ ਸ਼ਹਿਰ ਵਿੱਚ ਲੈ ਜਾਵੋ।”

ਤਦ ਕਿਰਯਥ-ਯਾਰੀਮ ਦੇ ਲੋਕ ਆਏ ਅਤੇ ਯਹੋਵਾਹ ਦੇ ਸੰਦੂਕ ਨੂੰ ਅਬੀਨਾਦਾਬ ਦੇ ਘਰ ਜੋ ਕਿ ਪਹਾੜੀ ਉੱਪਰ ਸੀ ਉੱਥੇ ਛੱਡ ਆਏ। ਉਨ੍ਹਾਂ ਨੇ ਅਬੀਨਾਦਾਬ ਦੇ ਪੁੱਤਰ ਅਲਆਜ਼ਾਰ ਨੂੰ ਖਾਸ ਰਸਮ ਨਾਲ ਪਵਿੱਤਰ ਕੀਤਾ, ਤਾਂ ਜੋ ਉਹ ਯਹੋਵਾਹ ਦੇ ਸੰਦੂਕ ਦੀ ਰਾਖੀ ਕਰ ਸੱਕੇ। ਕਿਰਯਥ-ਯਾਰੀਮ ਵਿੱਚ ਉਹ ਸੰਦੂਕ ਤਕਰੀਬਨ 20 ਵਰ੍ਹੇ ਪਿਆ ਰਿਹਾ।

ਯਹੋਵਾਹ ਦਾ ਇਸਰਾਏਲੀਆਂ ਨੂੰ ਬਚਾਉਣਾ

ਇਸਰਾਏਲ ਦੇ ਲੋਕਾਂ ਨੇ ਮੁੜ ਤੋਂ ਯਹੋਵਾਹ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਸਮੂਏਲ ਨੇ ਇਸਰਾਏਲ ਦੇ ਲੋਕਾਂ ਨੂੰ ਕਿਹਾ, “ਜੇਕਰ ਤੁਸੀਂ ਸੱਚੇ ਦਿਲੋਂ ਯਹੋਵਾਹ ਵੱਲ ਵਾਪਸ ਪਰਤੇ ਹੋ ਤਾਂ ਤੁਸੀਂ ਸਾਰੇ ਬਾਹਰਲੇ ਦੇਵਤਿਆਂ ਨੂੰ ਸੁੱਟ ਦੇਵੋ। ਤੁਹਾਨੂੰ ਆਪਣੇ ਅਸ਼ਤਾਰੋਥ ਦੇ ਬੁੱਤ ਨੂੰ ਵੀ ਸੁੱਟਣਾ ਹੋਵੇਗਾ ਅਤੇ ਤੁਹਾਨੂੰ ਪੂਰਨ ਰੂਪ ਵਿੱਚ ਇੱਕ ਮਨ ਯਹੋਵਾਹ ਨੂੰ ਆਪਣਾ-ਆਪ ਸਮਰਪਣ ਕਰਨਾ ਹੋਵੇਗਾ। ਤਾਂ ਹੀ ਯਹੋਵਾਹ ਤੁਹਾਨੂੰ ਫ਼ਲਿਸਤੀਆਂ ਕੋਲੋਂ ਬਚਾਵੇਗਾ।”

ਤਾਂ ਫ਼ਿਰ ਇਸਰਾਏਲੀਆਂ ਨੇ ਆਪਣੇ ਬਆਲੀਮ ਅਤੇ ਅਸ਼ਤਾਰੋਥ ਦੇ ਬੁੱਤਾਂ ਨੂੰ ਬਾਹਰ ਕੱਢ ਸੁੱਟਿਆ। ਅਤੇ ਕੇਵਲ ਯਹੋਵਾਹ ਦੀ ਸੇਵਾ ਕਰਨ ਲੱਗ ਪਏ।

ਸਮੂਏਲ ਨੇ ਕਿਹਾ, “ਮਿਸਫ਼ਾਹ ਵਿੱਚ ਤੁਸੀਂ ਸਾਰੇ ਇਸਰਾਏਲੀਆਂ ਨੂੰ ਇਕੱਠੇ ਕਰੋ ਤਾਂ ਤੁਹਾਡੇ ਲਈ ਯਹੋਵਾਹ ਅੱਗੇ ਮੈਂ ਬੇਨਤੀ ਕਰਾਂਗਾ।”

ਸਾਰੇ ਇਸਰਾਏਲੀ ਮਿਸਫ਼ਾਹ ਵਿੱਚ ਇੱਕਤਰ ਹੋਏ। ਉਨ੍ਹਾਂ ਨੇ ਪਾਣੀ ਭਰਕੇ ਯਹੋਵਾਹ ਦੇ ਅੱਗੇ ਰੋੜ੍ਹਿਆ ਅਤੇ ਉਸ ਦਿਨ ਵਰਤ ਰੱਖਿਆ ਉਸ ਦਿਨ ਉਨ੍ਹਾਂ ਨੇ ਕੁਝ ਵੀ ਨਾ ਖਾਧਾ, ਅਤੇ ਆਪਣੇ ਪਾਪਾਂ ਨੂੰ ਕਬੂਲ ਕੀਤਾ ਅਤੇ ਕਿਹਾ, “ਅਸੀਂ ਯਹੋਵਾਹ ਦੇ ਨਾਲ ਧ੍ਰੋਹ ਕੀਤਾ ਅਤੇ ਪਾਪ ਕੀਤਾ ਹੈ।” ਅਤੇ ਮਿਸਫ਼ਾਹ ਦੇ ਵਿੱਚ ਸਮੂਏਲ ਦੇ ਇਸਰਾਏਲੀਆਂ ਦਾ ਨਿਆਉਂ ਕੀਤਾ।

ਜਦੋਂ ਫ਼ਲਿਸਤੀਆਂ ਨੂੰ ਪਤਾ ਲੱਗਾ ਕਿ ਇਸਰਾਏਲੀ ਮਿਸਫ਼ਾਹ ਵਿੱਚ ਇਕੱਠੇ ਹੋਏ ਹਨ ਤਾਂ ਉਨ੍ਹਾਂ ਦੇ ਸ਼ਾਸਕਾਂ ਨੇ ਇਸਰਾਏਲੀਆਂ ਉੱਪਰ ਹਮਲਾ ਕਰ ਦਿੱਤਾ। ਜਦੋਂ ਇਸਰਾਏਲੀਆਂ ਨੂੰ ਫ਼ਲਿਸਤੀਆਂ ਬਾਰੇ ਪਤਾ ਲੱਗਾ ਤਾਂ ਉਹ ਡਰ ਗਏ। ਇਸਰਾਏਲੀਆਂ ਨੇ ਸਮੂਏਲ ਨੂੰ ਕਿਹਾ, “ਚੁੱਪ ਨਾ ਰਹੋ? ਸਾਡੇ ਯਹੋਵਾਹ ਪਰਮੇਸ਼ੁਰ ਅੱਗੇ ਬੇਨਤੀ ਕਰੀ ਜਾਵੋ? ਯਹੋਵਾਹ ਨੂੰ ਆਖੋ ਕਿ ਸਾਨੂੰ ਫ਼ਲਿਸਤੀਆਂ ਕੋਲੋਂ ਬਚਾਵੋ।”

ਸਮੂਏਲ ਨੇ ਇੱਕ ਛੋਟਾ ਲੇਲਾ ਲਿਆ ਅਤੇ ਇਸ ਨੂੰ ਹੋਮ ਦੀ ਭੇਟ ਵਜੋਂ ਯਹੋਵਾਹ ਦੇ ਅੱਗੇ ਚੜ੍ਹਾਇਆ। ਉਸ ਨੇ ਇਸਰਾਏਲ ਵਾਸਤੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਨੇ ਉਸ ਨੂੰ ਉੱਤਰ ਦਿੱਤਾ। 10 ਜਦੋਂ ਸਮੂਏਲ ਹੋਮ ਦੀ ਬਲੀ ਚੜ੍ਹਾ ਰਿਹਾ ਸੀ ਉਸ ਵਕਤ ਫ਼ਲਿਸਤੀ ਇਸਰਾਏਲ ਉੱਪਰ ਹਮਲਾ ਕਰਨ ਵਾਲੇ ਸਨ ਕਿ ਯਹੋਵਾਹ ਫ਼ਲਿਸਤੀਆਂ ਉੱਪਰ ਇੱਕ ਵੱਡੀ ਗਰਜਨ ਦੇ ਨਾਲ ਗਰਜਿਆ। ਫ਼ਲਿਸਤੀ ਇਸ ਨਾਲ ਘਬਰਾ ਗਏ। ਗਰਜਨ ਨੇ ਉਨ੍ਹਾਂ ਨੂੰ ਡਰਾ ਦਿੱਤਾ ਅਤੇ ਉਹ ਬੜੇ ਪਰੇਸ਼ਾਨ ਹੋ ਗਏ। ਉਨ੍ਹਾਂ ਦੇ ਆਗੂ ਆਪਣੇ ਵੱਸ ਵਿੱਚ ਨਾ ਰਹੇ, ਤਾਂ ਇਉਂ ਇਸਰਾਏਲੀਆਂ ਨੇ ਫ਼ਲਿਸਤੀਆਂ ਨੂੰ ਲੜਾਈ ਵਿੱਚ ਹਰਾ ਦਿੱਤਾ। 11 ਅਤੇ ਇਸਰਾਏਲੀਆਂ ਨੇ ਮਿਸਫ਼ਾਹ ਵਿੱਚੋਂ ਨਿਕਲਕੇ ਫ਼ਲਿਸਤੀਆਂ ਦਾ ਪਿੱਛਾ ਕੀਤਾ, ਅਤੇ ਬੈਤ-ਕਰ ਤੱਕ ਉਨ੍ਹਾਂ ਦੇ ਸਿਪਾਹੀਆਂ ਨੂੰ ਮਾਰਦੇ ਚੱਲੇ ਗਏ।

ਇਸਰਾਏਲ ਵਿੱਚ ਅਮਨ ਬਹਾਲ

12 ਇਸਤੋਂ ਬਾਦ, ਸਮੂਏਲ ਨੇ ਇੱਕ ਖਾਸ ਪੱਥਰ ਲੈ ਕੇ ਮਿਸਫ਼ਾਹ ਅਤੇ ਸ਼ੇਨ ਦੇ ਵਿੱਚਕਾਰ ਖੜ੍ਹਾ ਕੀਤਾ। ਇਸਦਾ ਨਾਮ ਉਸ ਨੇ ਅਬਨ-ਅਜ਼ਰ ਮਦਦ ਦਾ ਪੱਥਰ ਰੱਖਿਆ। ਇਹ ਸਭ ਉਸ ਨੇ ਇਸ ਲਈ ਕੀਤਾ ਤਾਂ ਜੋ ਲੋਕ ਪਰਮੇਸ਼ੁਰ ਦੀ ਕਰਨੀ ਨੂੰ ਯਾਦ ਰੱਖਣ। ਅਤੇ ਸਮੂਏਲ ਨੇ ਆਖਿਆ, “ਇੱਥੋਂ ਤੀਕ ਯਹੋਵਾਹ ਨੇ ਸਾਡੀ ਸਹਾਇਤਾ ਕੀਤੀ ਹੈ।”

13 ਫ਼ਲਿਸਤੀਆਂ ਦੀ ਹਾਰ ਹੋਈ ਤਾਂ ਫ਼ਿਰ ਉਹ ਕਦੇ ਇਸਰਾਏਲ ਦੀ ਧਰਤੀ ਤੇ ਨਾ ਵੜੇ। ਸਮੂਏਲ ਦੇ ਜੀਵਨ ਕਾਲ ਤੱਕ ਯਹੋਵਾਹ ਫ਼ਲਿਸਤੀਆਂ ਦੇ ਵਿਰੁੱਧ ਹੀ ਰਿਹਾ। 14 ਫ਼ਲਿਸਤੀਆਂ ਨੇ ਅਕਰੋਨ ਅਤੇ ਗਥ ਵਿੱਚਲੇ ਇਲਾਕੇ ਦੇ ਸਾਰੇ ਇਸਰਾਏਲੀ ਨਗਰ ਲੈ ਲਈ ਸਨ। ਪਰ ਇਸਰਾਏਲੀਆਂ ਨੇ ਇਨ੍ਹਾਂ ਨਗਰਾਂ ਨੂੰ ਇਨ੍ਹਾਂ ਦੇ ਆਲੇ-ਦੁਆਲੇ ਦੀ ਜ਼ਮੀਨ ਸਮੇਤ ਵਾਪਸ ਜਿੱਤ ਲਿਆ।

ਇਸਰਾਏਲ ਅਤੇ ਅਮੋਰੀਆਂ ਵਿੱਚਕਾਰ ਅਮਨ ਹੋ ਗਿਆ।

15 ਜਦੋਂ ਤੀਕ ਸਮੂਏਲ ਜਿਉਂਦਾ ਰਿਹਾ ਇਸਰਾਏਲ ਦਾ ਨਿਆਉਂ ਕਰਦਾ ਰਿਹਾ। 16 ਉਹ ਹਰ ਵਰ੍ਹੇ ਦੇਸ਼ ਦਾ ਦੌਰਾ ਕਰਦਾ। ਅਤੇ ਬੈਤੇਲ, ਗਿਲਗਾਲ ਅਤੇ ਮਿਸਫ਼ਾਹ ਵਿੱਚ ਫ਼ੇਰੀ ਕਰਦਾ। ਇੰਝ ਉਸ ਨੇ ਇਸਰਾਏਲ ਦੀਆਂ ਇਨ੍ਹਾਂ ਸਾਰੀਆਂ ਥਾਵਾਂ ਉੱਪਰ ਨਿਆਉਂ ਅਤੇ ਰਾਜ ਕੀਤਾ। 17 ਪਰ ਸਮੂਏਲ ਦਾ ਘਰ ਰਾਮਾਹ ਵਿੱਚ ਸੀ ਇਸ ਲਈ ਅਖੀਰ ਉਹ ਰਾਮਾਹ ਨੂੰ ਜ਼ਰੂਰ ਪਰਤਦਾ ਅਤੇ ਉਸ ਸ਼ਹਿਰ ਵਿੱਚੋਂ ਸਮੂਏਲ ਇਸਰਾਏਲ ਵਿੱਚ ਰਾਜ ਅਤੇ ਨਿਆਉਂ ਕਰਦਾ ਅਤੇ ਉੱਥੇ ਰਾਮਾਹ ਵਿੱਚ ਉਸ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ।

ਇਸਰਾਏਲ ਦੀ ਪਾਤਸ਼ਾਹ ਲਈ ਮੰਗ

ਜਦੋਂ ਸਮੂਏਲ ਬੁੱਢਾ ਹੋ ਗਿਆ ਤਾਂ ਉਸ ਨੇ ਇਸਰਾਏਲ ਉੱਪਰ ਨਿਆਉਂ ਕਰਨ ਲਈ ਆਪਣੇ ਪੁੱਤਰਾਂ ਨੂੰ ਠਹਿਰਾਇਆ। ਸਮੂਏਲ ਦੇ ਜੇਠੇ ਪੁੱਤਰ ਦਾ ਨਾਉਂ ਯੋਏਲ ਸੀ ਅਤੇ ਦੂਜੇ ਪੁੱਤਰ ਦਾ ਅੱਬਿਯਾਹ। ਯੋਏਲ ਅਤੇ ਅੱਬਿਯਾਹ ਬਏਰਸ਼ਬਾ ਵਿੱਚ ਨਿਆਉਂ ਕਰਦੇ ਸਨ। ਪਰ ਸਮੂਏਲ ਦੇ ਪੁੱਤਰ ਉਸ ਦੇ ਵਾਂਗ ਨਾ ਰਹੇ। ਯੋਏਲ ਅਤੇ ਅੱਬਿਯਾਹ ਨੇ ਰਿਸ਼ਵਤਾਂ ਲਈਆਂ ਅਤੇ ਅਦਾਲਤ ਵਿੱਚ ਆਪਣੇ ਨਿਆਂ ਬਦਲ ਦਿੰਦੇ ਸਨ। ਉਹ ਅਦਾਲਤ ਵਿੱਚ ਲੋਕਾਂ ਨਾਲ ਧੋਖਾ ਕਰਦੇ ਸਨ। [c] ਤਾਂ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੇ ਇਕੱਠੇ ਹੋਕੇ ਇੱਕ ਸਭਾ ਕੀਤੀ ਅਤੇ ਉਹ ਸਮੂਏਲ ਨੂੰ ਮਿਲਣ ਲਈ ਰਾਮਾਹ ਵਿੱਚ ਗਏ। ਬਜ਼ੁਰਗਾਂ ਨੇ ਸਮੂਏਲ ਨੂੰ ਕਿਹਾ, “ਤੂੰ ਹੁਣ ਬੁੱਢਾ ਹੋ ਗਿਆ ਹੈਂ ਅਤੇ ਤੇਰੇ ਪੁੱਤਰ ਸਹੀ ਮਾਰਗ ਉੱਤੇ ਨਹੀਂ ਚੱਲ ਰਹੇ, ਉਹ ਤੇਰੇ ਨਕਸ਼ੇ ਕਦਮਾਂ ਉੱਤੇ ਨਹੀਂ ਚੱਲਦੇ ਸੋ ਸਾਨੂੰ ਕੋਈ ਅਜਿਹਾ ਬਾਦਸ਼ਾਹ ਦੇ ਜੋ ਬਾਕੀ ਕੌਮਾਂ ਵਾਂਗ ਸਾਡੇ ਉੱਤੇ ਰਾਜ ਕਰ ਸੱਕੇ।”

ਉਨ੍ਹਾਂ ਬਜ਼ੁਰਗਾਂ ਨੇ ਜੋ ਇਹ ਆਖਿਆ ਕਿ ਸਾਨੂੰ ਕੋਈ ਅਜਿਹਾ ਪਾਤਸ਼ਾਹ ਦੇ ਜੋ ਸਾਡਾ ਨਿਆਉਂ ਕਰੇ ਤਾਂ ਸਮੂਏਲ ਨੇ ਇਸ ਨੂੰ ਦੁਰਵਿੱਚਾਰ ਸਮਝਿਆ ਤਾਂ ਸਮੂਏਲ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਯਹੋਵਾਹ ਨੇ ਸਮੂਏਲ ਨੂੰ ਕਿਹਾ, “ਤੂੰ ਉਹੀ ਕਰ ਜੋ ਤੈਨੂੰ ਲੋਕੀ ਆਖਦੇ ਹਨ। ਉਨ੍ਹਾਂ ਨੇ ਤੈਨੂੰ ਰੱਦ ਨਹੀਂ ਕੀਤਾ ਸਗੋਂ ਉਨ੍ਹਾਂ ਨੇ ਮੈਨੂੰ ਰੱਦ ਕੀਤਾ ਹੈ। ਇਸਦਾ ਮਤਲਬ ਉਹ ਮੈਨੂੰ ਆਪਣਾ ਪਾਤਸ਼ਾਹ ਨਹੀਂ ਠਹਿਰਾਉਣਾ ਚਾਹੁੰਦੇ। ਉਹ ਮੇਰੇ ਖਿਲਾਫ਼ ਉਹੀ ਗੱਲਾਂ ਕਰ ਰਹੇ ਹਨ ਜੋ ਉਹ ਮੇਰੇ ਉਨ੍ਹਾਂ ਨੇ ਮਿਸਰ ਤੋਂ ਬਾਹਰ ਕੱਢਣ ਦੇ ਦਿਨ ਤੋਂ ਕਰਦੇ ਆ ਰਹੇ ਹਨ। ਉਨ੍ਹਾਂ ਨੇ ਮੈਨੂੰ ਛੱਡ ਦਿੱਤਾ ਅਤੇ ਹੋਰਨਾਂ ਦੇਵਤਿਆਂ ਦੀ ਸੇਵਾ ਕੀਤੀ ਅਤੇ ਉਨ੍ਹਾਂ ਦੀ ਉਪਾਸਨਾ ਕੀਤੀ। ਹੁਣ ਉਹ ਉਹੀ ਤੇਰੇ ਨਾਲ ਕਰ ਰਹੇ ਹਨ। ਇਸ ਲਈ ਤੂੰ ਉਨ੍ਹਾਂ ਦੀ ਸੁਣ ਅਤੇ ਉਹੀ ਕਰ ਜੋ ਉਹ ਕਹਿੰਦੇ ਹਨ ਪਰ ਤੂੰ ਉਨ੍ਹਾਂ ਨੂੰ ਖਬਰਦਾਰ ਕਰ ਦੇ। ਉਨ੍ਹਾਂ ਨੂੰ ਦੱਸ ਕਿ ਜਿਹੜਾ ਪਾਤਸ਼ਾਹ ਉਨ੍ਹਾਂ ਉੱਪਰ ਰਾਜ ਕਰੇਗਾ ਉਸੀ ਡੌਲ-ਚਾਲ ਕਿਹੋ ਜਿਹੀ ਹੋਵੇਗੀ!”

10 ਉਨ੍ਹਾਂ ਲੋਕਾਂ ਨੇ ਪਾਤਸ਼ਾਹ ਦੀ ਮੰਗ ਕੀਤੀ ਤਾਂ ਸਮੂਏਲ ਨੂੰ ਉਨ੍ਹਾਂ ਨੂੰ ਉਹ ਸਭ ਕੁਝ ਕਿਹਾ ਜੋ ਉਸ ਨੂੰ ਯਹੋਵਾਹ ਨੇ ਆਖਿਆ ਸੀ। 11 ਸਮੂਏਲ ਨੇ ਕਿਹਾ, “ਜੇਕਰ ਤੁਹਾਡੇ ਉੱਪਰ ਜੋ ਹੋਰ ਪਾਤਸ਼ਾਹ ਆਵੇਗਾ ਉਹ ਤੁਹਾਡੇ ਉੱਪਰ ਇੰਝ ਰਾਜ ਕਰੇਗਾ: ਉਹ ਤੁਹਾਡੇ ਕੋਲੋਂ ਤੁਹਾਡੇ ਪੁੱਤਰ ਖੋਹ ਲਵੇਗਾ ਅਤੇ ਉਨ੍ਹਾਂ ਨੂੰ ਆਪਣੀ ਸੇਵਾ ਕਰਨ ਲਈ ਮਜ਼ਬੂਰ ਕਰੇਗਾ। ਉਹ ਉਨ੍ਹਾਂ ਨੂੰ ਸਿਪਾਹੀ ਬਣਨ ਲਈ ਮਜ਼ਬੂਰ ਅਤੇ ਉਨ੍ਹਾਂ ਨੂੰ ਆਪਣੇ ਰੱਥਾਂ ਦੇ ਲਈ ਅਤੇ ਆਪਣੇ ਘੁੜ-ਸਵਾਰ ਬਣਾਕੇ ਲੜਨ ਲਈ ਮਜ਼ਬੂਰ ਕਰੇਗਾ। ਤੁਹਾਡੇ ਪੁੱਤਰ ਪਾਤਸ਼ਾਹ ਦੇ ਰੱਥ ਦੇ ਅੱਗੇ ਉਸ ਦੇ ਰੱਖਵਾਲੇ ਬਣਕੇ ਉਸਦੀ ਰਾਖੀ ਕਰਦੇ ਉਸ ਦੇ ਅੱਗੇ-ਅੱਗੇ ਭੱਜਣਗੇ।

12 “ਪਾਤਸ਼ਾਹ ਉਨ੍ਹਾਂ ਨੂੰ ਸਿਪਾਹੀ ਬਣਨ ਲਈ ਮਜ਼ਬੂਰ ਕਰੇਗਾ। ਉਨ੍ਹਾਂ ਵਿੱਚੋਂ ਕੁਝ 1,000 ਮਨੁੱਖਾਂ ਦੇ ਉੱਪਰ ਅਫ਼ਸਰ ਲੱਗਣਗੇ ਅਤੇ ਕੁਝ 50 ਦੇ ਉੱਪਰ।

“ਤੁਹਾਡੇ ਕੁਝ ਪੁੱਤਰਾਂ ਤੋਂ ਪਾਤਸ਼ਾਹ ਹੱਲ ਚਲਵਾਏਗਾ ਅਤੇ ਵਾਢੀ ਕਰਵਾਏਗਾ। ਕੁਝ ਤੁਹਾਡੇ ਪੁੱਤਰਾਂ ਨੂੰ ਪਾਤਸ਼ਾਹ ਔਜ਼ਾਰ ਬਨਾਉਣ ਦਾ ਹੁਕਮ ਦੇਵੇਗਾ ਤਾਂ ਜੋ ਉਹ ਸ਼ਸਤਰ ਜੰਗ ਵਿੱਚ ਵਰਤੇ ਜਾਣ ਅਤੇ ਉਨ੍ਹਾਂ ਨੂੰ ਉਹ ਆਪਣੇ ਰੱਥ ਲਈ ਕਈ ਕੁਝ ਬਨਾਉਣ ਲਈ ਮਜ਼ਬੂਰ ਕਰੇਗਾ।

13 “ਪਾਤਸ਼ਾਹ ਤੁਹਾਡੀਆਂ ਸਾਰੀਆਂ ਧੀਆਂ ਤੁਹਾਡੇ ਕੋਲੋਂ ਲੈ ਲਵੇਗਾ। ਤੁਹਾਡੀਆਂ ਕੁਝ ਧੀਆਂ ਨੂੰ ਉਹ ਆਪਣੇ ਲਈ ਇਤਰ ਬਨਾਉਣ ਦਾ ਹੁਕਮ ਦੇਵੇਗਾ ਅਤੇ ਕੁਝ ਨੂੰ ਸੇਵਕਾਂ ਦਾਸੀਆਂ ਵਾਲੇ ਕੰਮ ਰੋਟੀ ਬਨਾਉਣ ਤੇ ਦੇਖ-ਰੇਖ ਕਰਨ ਦੇ ਕੰਮ ਕਰਨ ਨੂੰ ਮਜ਼ਬੂਰ ਕਰੇਗਾ।

14 “ਪਾਤਸ਼ਾਹ ਤੁਹਾਡੀਆਂ ਸਭ ਤੋਂ ਵੱਧੀਆਂ ਪੈਲੀਆਂ, ਦਾਖਾਂ ਦੇ ਬਾਗ਼ ਅਤੇ ਜੈਤੂਨ ਦੇ ਬੇਲੇ ਨੂੰ ਤੁਹਾਡੇ ਕੋਲੋਂ ਲੈ ਲਵੇਗਾ। ਉਹ ਤੁਹਾਡੇ ਕੋਲੋਂ ਇਹ ਸਭ ਕੁਝ ਲੈ ਕੇ ਆਪਣੇ ਅਫ਼ਸਰਾਂ ਨੂੰ ਦੇ ਦੇਵੇਗਾ। 15 ਉਹ ਤੁਹਾਡੇ ਅਨਾਜ ਅਤੇ ਅੰਗੂਰਾਂ ਦਾ ਦਸਵੰਧ ਤੁਹਾਡੇ ਕੋਲੋਂ ਲੈ ਲਵੇਗਾ। ਅਤੇ ਇਹ ਵਸਤਾਂ ਉਹ ਆਪਣੇ ਸੇਵਕਾਂ ਅਤੇ ਅਫ਼ਸਰਾਂ ਨੂੰ ਵੰਡ ਦੇਵੇਗਾ।

16 “ਇਹ ਪਾਤਸ਼ਾਹ ਤੁਹਾਡੇ ਮਰਦਾਂ ਅਤੇ ਔਰਤਾਂ ਨੂੰ ਆਪਣੇ ਦਾਸ ਬਣਾਵੇਗਾ। ਉਹ ਤੁਹਾਡੇ ਸਭ ਤੋਂ ਵੱਧੀਆਂ ਨਸਲ ਦੇ ਜਾਨਵਰ ਅਤੇ ਖੋਤੇ ਤੁਹਾਡੇ ਕੋਲੋਂ ਲੈ ਕੇ ਉਨ੍ਹਾਂ ਨੂੰ ਆਪਣੇ ਕੰਮ ਵਿੱਚ ਲਿਆਵੇਗਾ। 17 ਉਹ ਤੁਹਾਡੇ ਇੱਜੜਾਂ ਦੇ ਦਸਵੰਧ ਲੈ ਲਵੇਗਾ।

“ਫ਼ੇਰ ਤੁਸੀਂ ਖੁਦ ਹੀ ਪਾਤਸ਼ਾਹ ਦੇ ਗੁਲਾਮ ਬਣ ਜਾਵੋਂਗੇ। 18 ਅਤੇ ਜਦੋਂ ਉਹ ਵਕਤ ਆਵੇਗਾ ਤਾਂ ਤੁਸੀਂ ਦੁਹਾਈ ਦੇ ਦੇਕੇ ਰੋਵੋਂਗੇ ਕਿ ਅਸੀਂ ਕਿਸ ਨੂੰ ਪਾਤਸ਼ਾਹ ਚੁਣਿਆ ਪਰ ਉਸ ਵਕਤ ਯਹੋਵਾਹ ਤੁਹਾਡੀ ਇੱਕ ਵੀ ਨਹੀਂ ਸੁਣੇਗਾ।”

19 ਪਰ ਲੋਕਾਂ ਨੇ ਸਮੂਏਲ ਦੀ ਇੱਕ ਨਾ ਸੁਣੀ। ਉਨ੍ਹਾਂ ਕਿਹਾ, “ਨਹੀਂ! ਸਾਨੂੰ ਆਪਣੇ ਲਈ ਨਵਾਂ ਸ਼ਾਸਕ ਚਾਹੀਦਾ ਹੈ, ਜੋ ਸਾਡੇ ਉੱਤੇ ਰਾਜ ਕਰ ਸੱਕੇ। 20 ਫ਼ਿਰ ਅਸੀਂ ਵੀ ਸਾਰੀਆਂ ਕੌਮਾਂ ਵਰਗੇ ਹੋ ਜਾਵਾਂਗੇ। ਸਾਡਾ ਪਾਤਸ਼ਾਹ ਸਾਡੇ ਅੱਗੇ-ਅੱਗੇ ਤੁਰੇ, ਜੋ ਸਾਡੇ ਲਈ ਲੜ ਸੱਕੇ।”

21 ਸਮੂਏਲ ਨੇ ਉਨ੍ਹਾਂ ਨੂੰ ਧਿਆਨ ਨਾਲ ਸੁਣਿਆ ਅਤੇ ਫ਼ਿਰ ਉਸ ਨੇ ਉਨ੍ਹਾਂ ਦੇ ਸ਼ਬਦ ਯਹੋਵਾਹ ਅੱਗੇ ਦੁਹਰਾਏ। 22 ਯਹੋਵਾਹ ਨੇ ਆਖਿਆ, “ਤੂੰ ਉਨ੍ਹਾਂ ਦਾ ਕਹਿਣਾ ਮੰਨ ਅਤੇ ਉਨ੍ਹਾਂ ਨੂੰ ਨਵਾਂ ਪਾਤਸ਼ਾਹ ਦੇ।”

ਤਦ ਸਮੂਏਲ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਠੀਕ ਹੈ ਤੁਹਾਨੂੰ ਨਵਾਂ ਪਾਤਸ਼ਾਹ ਮਿਲੇਗਾ ਹੁਣ, ਤੁਸੀਂ ਸਾਰੇ ਲੋਕ ਆਪੋ-ਆਪਣੇ ਘਰੀਂ ਜਾਵੋ।”

Punjabi Bible: Easy-to-Read Version (ERV-PA)

2010 by World Bible Translation Center