Beginning
ਯਹੂਦਾਹ ਵਿੱਚ ਅਕਾਲ
1 ਬਹੁਤ ਸਮਾਂ ਪਹਿਲਾਂ, ਨਿਆਂਕਾਰਾਂ ਦੇ ਸਮੇਂ ਵਿੱਚ, ਇੱਕ ਅਜਿਹਾ ਸਮਾਂ ਆਇਆ ਜਦੋਂ ਧਰਤੀ ਉੱਤੇ ਅਕਾਲ ਪੈ ਗਿਆ। ਇੱਕ ਆਦਮੀ ਯਹੂਦਾਹ ਵਿੱਚੋਂ ਬੈਤਲਹਮ ਤੋਂ ਆਪਣੀ ਪਤਨੀ ਅਤੇ ਦੋ ਪੁੱਤਰਾਂ ਸਮੇਤ ਮੋਆਬ ਦੀ ਧਰਤੀ ਉੱਤੇ ਰਹਿਣ ਲਈ ਗਿਆ। 2 ਆਦਮੀ ਦਾ ਨਾਮ ਅਲੀਮਲਕ ਸੀ। ਉਸਦੀ ਪਤਨੀ ਦਾ ਨਾਮ ਨਾਓਮੀ ਸੀ ਅਤੇ ਉਸ ਦੇ ਪੁੱਤਰਾਂ ਦੇ ਨਾਮ ਮਹਿਲੋਨ ਅਤੇ ਕਿਲਉਨ ਸਨ। ਉਹ ਯਹੂਦਾਹ ਵਿੱਚ ਬੈਤਲਹਮ ਤੋਂ ਇਫ਼ਰਾਥੀ ਦੇ ਪਰਿਵਾਰ ਵਿੱਚੋਂ ਸਨ। ਉਹ ਮੋਆਬ ਦੀ ਧਰਤੀ ਵਿੱਚ ਜਾਕੇ ਵੱਸ ਗਏ।
3 ਬਾਦ ਵਿੱਚ ਨਾਓਮੀ ਦਾ ਪਤੀ ਅਲੀਮਲਕ ਮਰ ਗਿਆ। ਇਸ ਲਈ ਸਿਰਫ਼ ਨਾਓਮੀ ਅਤੇ ਉਸ ਦੇ ਦੋ ਪੁੱਤਰ ਪਿੱਛੇ ਰਹਿ ਗਏ। 4 ਉਸ ਦੇ ਪੁੱਤਰਾਂ ਨੇ ਮੋਆਬ ਦੇ ਦੇਸ਼ ਦੀਆਂ ਔਰਤਾਂ ਨਾਲ ਸ਼ਾਦੀ ਕਰ ਲਈ। ਇੱਕ ਪਤਨੀ ਦਾ ਨਾਮ ਆਰਪਾਹ ਸੀ ਅਤੇ ਦੂਸਰੀ ਪਤਨੀ ਦਾ ਨਾਮ ਰੂਥ ਸੀ। ਉਹ ਮੋਆਬ ਵਿੱਚ 10 ਵਰ੍ਹੇ ਰਹੇ, ਤਕਰੀਬਨ 5 ਅਤੇ ਮਹਿਲੋਨ ਅਤੇ ਕਿਲਉਨ ਵੀ ਮਰ ਗਏ। ਇਸ ਲਈ ਨਾਓਮੀ ਆਪਣੇ ਪਤੀ ਅਤੇ ਦੋ ਪੁੱਤਰਾਂ ਤੋਂ ਬਿਨਾ ਇਕੱਲੀ ਰਹਿ ਗਈ।
ਨਾਓਮੀ ਘਰ ਜਾਂਦੀ ਹੈ
6 ਜਦੋਂ ਨਾਓਮੀ ਮੋਆਬ ਦੀ ਧਰਤੀ ਵਿੱਚ ਸੀ, ਉਸ ਨੇ ਸੁਣਿਆ ਕਿ ਯਹੋਵਾਹ ਨੇ ਆਪਣੇ ਲੋਕਾਂ ਦੀ ਸਹਾਇਤਾ ਕੀਤੀ ਸੀ ਅਤੇ ਉਨ੍ਹਾਂ ਨੂੰ ਯਹੂਦਾਹ ਵਿੱਚ ਭੋਜਨ ਦਿੱਤਾ ਸੀ। ਇਸ ਲਈ ਨਾਓਮੀ ਨੇ ਮੋਆਬ ਨੂੰ ਛੱਡ ਕੇ ਯਹੂਦਾਹ ਵਿੱਚ ਖੁਦ ਦੇ ਘਰ ਵਾਪਸ ਜਾਣ ਦਾ ਫ਼ੈਸਲਾ ਕੀਤਾ। ਉਸ ਦੀਆਂ ਨੂਹਾਂ ਨੇ ਵੀ ਉਸ ਦੇ ਨਾਲ ਹੀ ਜਾਣ ਦਾ ਫ਼ੈਸਲਾ ਕੀਤਾ। 7 ਉਨ੍ਹਾਂ ਨੇ ਉਹ ਥਾਂ ਛੱਡ ਦਿੱਤੀ ਜਿੱਥੇ ਉਹ ਰਹਿ ਰਹੇ ਸਨ, ਅਤੇ ਯਹੂਦਾਹ ਦੀ ਧਰਤੀ ਉੱਤੇ ਪੈਦਲ ਵਾਪਸ ਜਾਣਾ ਸ਼ੁਰੂ ਕਰ ਦਿੱਤਾ।
8 ਫ਼ੇਰ ਨਾਓਮੀ ਨੇ ਆਪਣੀਆਂ ਨੂਹਾਂ ਨੂੰ ਆਖਿਆ, “ਤੁਹਾਡੇ ਵਿੱਚੋਂ ਹਰੇਕ ਨੂੰ ਆਪਣੀ ਮਾਂ ਦੇ ਘਰ ਆਪਸ ਜਾਣਾ ਚਾਹੀਦਾ ਹੈ। ਤੁਸੀਂ ਮੇਰੇ ਅਤੇ ਮੇਰੇ ਸਵਰਗਵਾਸੀ ਪੁੱਤਰਾਂ ਨਾਲ ਬਹੁਤ ਚੰਗੀਆਂ ਰਹੀਆਂ ਹੋ। ਇਸ ਲਈ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਯਹੋਵਾਹ ਤੁਹਾਡੇ ਨਾਲ ਇਨਸਾਫ਼ ਕਰੇਗਾ ਅਤੇ ਤੁਹਾਡੇ ਉੱਤੇ ਮਿਹਰ ਕਰੇਗਾ। 9 ਮੈਂ ਪ੍ਰਾਰਥਨਾ ਕਰਦੀ ਹਾਂ ਕਿ ਉਹ ਤੁਹਾਨੂੰ ਇੱਕ ਚੰਗੇ ਪਤੀ ਨਾਲ ਇੱਕ ਘਰ ਵਿੱਚ ਅਰਾਮ ਲੱਭਣ ਵਿੱਚ ਮਦਦ ਕਰੇ।” ਨਾਓਮੀ ਨੇ ਆਪਣੀਆਂ ਨੂਹਾਂ ਨੂੰ ਚੁੰਮਿਆ ਅਤੇ ਉਹ ਸਾਰੀਆਂ ਰੋਣ ਲੱਗ ਪਈਆਂ।
10 ਫ਼ੇਰ ਨੂਹਾਂ ਨੇ ਆਖਿਆ, “ਪਰ ਅਸੀਂ ਤਾਂ ਤੁਹਾਡੇ ਨਾਲ ਆਉਣਾ ਚਾਹੁੰਦੀਆਂ ਹਾਂ ਅਤੇ ਤੁਹਾਡੇ ਪਰਿਵਾਰ ਵਿੱਚ ਜਾਣਾ ਚਾਹੁੰਦੀਆਂ ਹਾਂ।”
11 ਪਰ ਨਾਓਮੀ ਨੇ ਆਖਿਆ, “ਨਹੀਂ, ਧੀਓ, ਆਪੋ-ਆਪਣੇ ਘਰਾਂ ਨੂੰ ਵਾਪਸ ਜਾਓ। ਮੇਰੇ ਨਾਲ ਤੁਸੀਂ ਕਿਉਂ ਜਾਂਦੀਆਂ ਹੋ? ਮੈਂ ਤੁਹਾਡੀ ਸਹਾਇਤਾ ਨਹੀਂ ਕਰ ਸੱਕਦੀ। ਮੇਰੇ ਅੰਦਰ ਹੋਰ ਕੋਈ ਪੁੱਤਰ ਨਹੀਂ ਹਨ ਜਿਹੜੇ ਤੁਹਾਡੇ ਪਤੀ ਬਣ ਸੱਕਣ। 12 ਮੇਰੀਓ ਧੀਓ, ਘਰ ਵਾਪਸ ਚਲੀਆਂ ਜਾਵੋ! ਮੈਂ ਇੰਨੀ ਬੁੱਢੀ ਹਾਂ ਕਿ ਹੋਰ ਨਵਾਂ ਪਤੀ ਨਹੀਂ ਕਰ ਸੱਕਦੀ। ਜੇ ਮੈਂ ਦੋਬਰਾ ਸ਼ਾਦੀ ਕਰਾਉਣ ਦੀ ਵੀ ਸੋਚਾਂ, ਤਾਂ ਵੀ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸੱਕਦੀ। ਜੇ ਮੈਂ ਅੱਜ ਰਾਤ ਨੂੰ ਹੀ ਗਰਭਵਤੀ ਹੋ ਜਾਵਾਂ ਅਤੇ ਦੋ ਪੁੱਤਰ ਜਣਾ ਇਸ ਨਾਲ ਤੁਹਾਡੀ ਕੋਈ ਸਹਾਇਤਾ ਨਹੀਂ ਹੋਵੇਗੀ। 13 ਕੀ ਤੁਸੀਂ ਉਨ੍ਹਾਂ ਦੇ ਵੱਡੇ ਹੋਣ ਤੱਕ ਲੰਮੇ ਸਮੇਂ ਲਈ ਇੰਤਜ਼ਾਰ ਕਰੋਂਗੀਆਂ? ਕੀ ਤੁਸੀਂ ਉਨ੍ਹਾਂ ਦੇ ਇੰਤਜ਼ਾਰ ਵਿੱਚ ਅਣਵਿਆਹੀਆਂ ਰਹੋਂਗੀਆਂ? ਨਹੀਂ, ਮੇਰੀਓ ਧੀਓ, ਇਹ ਮੈਨੂੰ ਤੁਹਾਡੇ ਹੋਣ ਨਾਲੋਂ ਵੀ ਵੱਧੇਰੇ ਉਦਾਸ ਕਰ ਦੇਵੇਗਾ। ਯਹੋਵਾਹ ਮੇਰੇ ਖਿਲਾਫ਼ ਪਰਤ ਗਿਆ ਹੈ।”
14 ਇਸ ਲਈ ਉਹ ਔਰਤਾਂ ਫ਼ੇਰ ਬਹੁਤ ਰੋਈਆਂ। ਫ਼ੇਰ ਆਰਪਾਹ ਨੇ ਨਾਓਮੀ ਨੂੰ ਚੁੰਮਿਆ ਅਤੇ ਚਲੀ ਗਈ। ਪਰ ਰੂਥ ਨੇ ਉਸ ਨੂੰ ਜਫ਼ੀ ਪਾ ਲਈ ਅਤੇ ਠਹਿਰ ਗਈ।
15 ਨਾਓਮੀ ਨੇ ਆਖਿਆ, “ਦੇਖ ਤੇਰੀ ਜਿਠਾਣੀ ਆਪਣੇ ਲੋਕਾਂ ਅਤੇ ਆਪਣੇ ਦੇਵਤਿਆਂ ਕੋਲ ਵਾਪਸ ਚਲੀ ਗਈ ਹੈ। ਇਸ ਲਈ ਤੈਨੂੰ ਵੀ ਇਵੇਂ ਹੀ ਕਰਨਾ ਚਾਹੀਦਾ ਹੈ।”
16 ਪਰ ਰੂਥ ਨੇ ਆਖਿਆ, “ਮੈਨੂੰ ਤੈਨੂੰ ਛੱਡ ਕੇ ਜਾਣ ਲਈ ਮਜ਼ਬੂਰ ਨਾ ਕਰ! ਮੈਨੂੰ ਆਪਣੇ ਲੋਕਾਂ ਕੋਲ ਵਾਪਸ ਜਾਣ ਲਈ ਮਜ਼ਬੂਰ ਨਾ ਕਰੀਂ। ਮੈਨੂੰ ਆਪਣੇ ਨਾਲ ਆਉਣ ਦੇ। ਜਿੱਥੇ ਤੂੰ ਜਾਵੇਂਗੀ ਮੈਂ ਵੀ ਉੱਥੇ ਹੀਜਾਵਾਂਗੀ। ਜਿੱਥੇ ਤੂੰ ਰਹੇਂਗੀ ਮੈਂ ਵੀ ਉੱਥੇ ਹੀ ਰਹਾਂਗੀ। ਤੇਰੇ ਲੋਕ ਮੇਰੇ ਲੋਕ ਹੋਣਗੇ ਅਤੇ ਤੇਰਾ ਪਰਮੇਸ਼ੁਰ, ਮੇਰਾ ਪਰਮੇਸ਼ੁਰ ਹੋਵੇਗਾ। 17 ਜਿੱਥੇ ਤੁਸੀਂ ਮਰੋਂਗੇ ਉੱਥੇ ਹੀ ਮੈਂ ਮਰਾਂਗੀ। ਅਤੇ ਉੱਥੇ ਹੀ ਮੈਨੂੰ ਦਫ਼ਨਾਇਆ ਜਾਵੇਗਾ। ਮੈਂ ਯਹੋਵਾਹ ਪਾਸੋਂ ਇਹ ਮੰਗ ਕਰਦੀ ਹਾਂ ਕਿ ਮੈਂ ਇਸ ਇਕਰਾਰ ਨੂੰ ਨਾ ਨਿਭਾਵਾਂ ਤਾਂ ਉਹ ਮੈਨੂੰ ਸਜ਼ਾ ਦੇਵੇ: ਸਿਰਫ਼ ਮੌਤ ਹੀ ਸਾਨੂੰ ਵੱਖ ਕਰੇਗੀ।” [a]
ਘਰ ਵਾਪਸੀ
18 ਨਾਓਮੀ ਨੇ ਦੇਖਿਆ ਕਿ ਰੂਥ ਉਸ ਦੇ ਨਾਲ ਜਾਣਾ ਬਹੁਤ ਚਾਹੁੰਦੀ ਸੀ। ਇਸ ਲਈ ਨਾਓਮੀ ਨੇ ਉਸ ਦੇ ਨਾਲ ਦਲੀਲਬਾਜ਼ੀ ਕਰਨੀ ਛੱਡ ਦਿੱਤੀ। 19 ਨਾਓਮੀ ਅਤੇ ਰੂਥ ਸਫ਼ਰ ਕਰਦੀਆਂ ਰਹੀਆਂ ਜਦੋਂ ਤੱਕ ਕਿ ਉਹ ਬੈਤਲਹਮ ਦੇ ਕਸਬੇ ਵਿੱਚ ਨਹੀਂ ਪਹੁੰਚ ਗਈਆਂ। ਜਦੋਂ ਦੋਹਾਂ ਔਰਤਾਂ ਨੇ ਬੈਤਲਹਮ ਵਿੱਚ ਪ੍ਰਵੇਸ਼ ਕੀਤਾ ਸਾਰੇ ਲੋਕ ਬਹੁਤ ਉਤਸੁਕ ਸਨ। ਉਨ੍ਹਾਂ ਆਖਿਆ, “ਇਹ ਤਾਂ ਨਾਓਮੀ ਹੈ?”
20 ਪਰ ਨਾਓਮੀ ਨੇ ਲੋਕਾਂ ਨੂੰ ਆਖਿਆ, “ਮੈਨੂੰ ਨਾਓਮੀ ਨਾ ਬੁਲਾਓ, ਮੈਨੂੰ ਮਾਰਾ ਬੁਲਾਓ। ਇਸੇ ਨਾਮ ਦੀ ਵਰਤੋਂ ਕਰੋ, ਕਿਉਂਕਿ ਪਰਮੇਸ਼ੁਰ ਸਰਬ-ਸ਼ਕਤੀਮਾਨ ਨੇ ਮੇਰੀ ਜ਼ਿੰਦਗੀ ਨੂੰ ਬਹੁਤ ਉਦਾਸ ਬਣਾ ਦਿੱਤਾ ਹੈ। 21 ਜਦੋਂ ਮੈਂ ਗਈ ਸੀ ਮੇਰੇ ਕੋਲ ਲੋੜੀਂਦੀਆਂ ਸਾਰੀਆਂ ਚੀਜ਼ਾਂ ਸਨ। ਪਰ ਹੁਣ, ਯਹੋਵਾਹ ਮੈਨੂੰ ਖਾਲੀ ਹਥੀ ਘਰ ਵਾਪਸ ਲਿਆਇਆ ਹੈ। ਉਸ ਨੇ ਮੈਨੂੰ ਉਦਾਸੀ ਦਿੱਤੀ ਹੈ, ਤਾਂ ਤੁਸੀਂ ਮੈਨੂੰ ‘ਖੁਸ਼’ ਕਿਉਂ ਬੁਲਾਉਂਦੇ ਹੋ? ਪਰਮੇਸ਼ੁਰ ਸਰਬ-ਸ਼ਕਤੀਮਾਨ ਨੇ ਮੈਨੂੰ ਬਹੁਤ ਸਾਰੀਆਂ ਮੁਸੀਬਤਾਂ ਦਿੱਤੀਆਂ ਹਨ।”
22 ਇਸ ਤਰ੍ਹਾਂ ਨਾਓਮੀ ਅਤੇ ਉਸਦੀ ਨੂੰਹ ਰੂਥ, ਮੋਆਬੀ ਔਰਤ, ਮੋਆਬ ਦੀ ਧਰਤੀ ਤੋਂ ਯਹੁਦਾਹ ਵਿੱਚ ਬੈਤਲਹਮ ਨੂੰ ਜੌਆਂ ਦੀ ਵਾਢੀ ਦੇ ਸ਼ੁਰੂ ਵਿੱਚ ਵਾਪਸ ਆ ਗਈਆਂ।
ਰੂਥ ਬੋਅਜ਼ ਨੂੰ ਮਿਲਦੀ ਹੈ
2 ਬੈਤਲਹਮ ਵਿੱਚ ਇੱਕ ਅਮੀਰ ਆਦਮੀ ਰਹਿੰਦਾ ਸੀ। ਉਸਦਾ ਨਾਮ ਬੋਅਜ਼ ਸੀ। ਬੋਅਜ਼ ਅਲੀਮਲਕ ਦੇ ਪਰਿਵਾਰ ਵਿੱਚੋਂ ਨਾਓਮੀ ਦੇ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਸੀ।
2 ਇੱਕ ਦਿਨ (ਮੋਆਬ ਦੀ ਔਰਤ) ਰੂਥ ਨੇ ਨਾਓਮੀ ਨੂੰ ਆਖਿਆ, “ਮੇਰਾ ਖਿਆਲ ਹੈ ਕਿ ਮੈਨੂੰ ਖੇਤਾ ਵਿੱਚ ਜਾਣਾ ਚਾਹੀਦਾ ਹੈ। ਸ਼ਾਇਦ ਮੈਨੂੰ ਕੋਈ ਅਜਿਹਾ ਬੰਦਾ ਮਿਲ ਜਾਵੇ ਜਿਹੜਾ ਮੇਰੇ ਉੱਤੇ ਮਿਹਰਬਾਨ ਹੋਵੇ ਅਤੇ ਮੈਨੂੰ ਆਪਣੇ ਖੇਤਾਂ ਵਿੱਚੋਂ ਬਚੇ ਹੋਏ ਅਨਾਜ ਨੂੰ ਇਕੱਠਾ ਕਰਨ ਦੇਵੇ।”
ਨਾਓਮੀ ਨੇ ਆਖਿਆ, “ਚੰਗੀ ਗੱਲ ਹੈ ਧੀਏ ਜਾ।”
3 ਇਸ ਲਈ ਰੂਥ ਖੇਤਾਂ ਵੱਲ ਗਈ। ਉਸ ਨੇ ਉਨ੍ਹਾਂ ਕਾਮਿਆਂ ਦਾ ਪਿੱਛਾ ਕੀਤਾ ਜਿਹੜੇ ਅਨਾਜ ਕੱਟ ਰਹੇ ਸਨ ਅਤੇ ਉਸ ਨੇ ਬੱਚਿਆਂ ਹੋਇਆ ਅਨਾਜ ਇਕੱਠਾ ਕਰ ਲਿਆ। [b] ਗੱਲ ਇਸ ਤਰ੍ਹਾਂ ਹੋਈ ਕਿ ਉਸ ਖੇਤ ਦਾ ਇੱਕ ਹਿੱਸਾ ਅਲੀਮਲਕ ਦੇ ਪਰਿਵਾਰ ਦੇ ਇੱਕ ਬੰਦੇ ਬੋਅਜ਼ ਦਾ ਸੀ।
4 ਬਾਦ ਵਿੱਚ ਬੋਅਜ਼ ਬੈਤਲਹਮ ਵਿੱਚੋਂ ਖੇਤ ਵੱਲ ਆਇਆ। ਬੋਅਜ਼ ਨੇ ਆਪਣੇ ਕਾਮਿਆਂ ਨਾਲ ਦੁਆ ਸਲਾਮ ਕੀਤੀ। ਉਸ ਨੇ ਆਖਿਆ, “ਯਹੋਵਾਹ ਤੁਹਾਡੇ ਅੰਗ-ਸੰਗ ਰਹੇ!”
ਅਤੇ ਕਾਮਿਆਂ ਨੇ ਜਵਾਬ ਦਿੱਤਾ, “ਅਤੇ ਯਹੋਵਾਹ ਤੈਨੂੰ ਅਸੀਸ ਦੇਵੇ।”
5 ਫ਼ੇਰ ਬੋਅਜ਼ ਨੇ ਆਪਣੇ ਉਸ ਨੌਕਰ ਨਾਲ ਗੱਲ ਕੀਤੀ ਜਿਹੜਾ ਕਾਮਿਆਂ ਦਾ ਨਿਗਰਾਨ ਸੀ। ਉਸ ਨੇ ਪੁੱਛਿਆ, “ਉਹ ਕਿਸਦੀ ਕੁੜੀ ਹੈ?”
6 ਨੌਕਰ ਨੇ ਜਵਾਬ ਦਿੱਤਾ, “ਉਹ ਮੋਆਬੀ ਔਰਤ ਹੈ ਜਿਹੜੀ ਨਾਓਮੀ ਦੇ ਨਾਲ ਮੋਆਬ ਦੀ ਧਰਤੀ ਤੋਂ ਆਈ ਹੈ। 7 ਉਹ ਮੇਰੇ ਕੋਲ ਆਈ ਅਤੇ ਪੁੱਛਿਆ ਕੀ ਉਹ ਕਾਮਿਆਂ ਦੁਆਰਾ ਛੱਡਿਆ ਹੋਇਆ ਅਨਾਜ ਇਕੱਠਾ ਕਰ ਸੱਕਦੀ ਹੈ, ਉਸ ਨੇ, ਸ਼ਰਣ-ਸਥਾਨ ਵਿੱਚ ਥੋੜਾ ਜਿਹਾ ਅਰਾਮ ਕਰਨ ਤੋਂ ਇਲਾਵਾ, ਸਵੇਰੇ ਤੋਂ ਲੈ ਕੇ ਹੁਣ ਤਾਈਂ ਕੰਮ ਕੀਤਾ ਹੈ।”
8 ਤਾਂ ਬੋਅਜ਼ ਨੇ ਰੂਥ ਨੂੰ ਆਖਿਆ, “ਸੁਣ, ਮੇਰੀਏ ਧੀਏ। ਆਪਣੇ ਲਈ ਅਨਾਜ ਇਕੱਠਾ ਕਰਨ ਵਾਸਤੇ ਇੱਥੇ ਮੇਰੇ ਖੇਤ ਵਿੱਚ ਠਹਿਰ ਜਾ। ਤੈਨੂੰ ਕਿਸੇ ਹੋਰ ਵਿਅਕਤੀ ਦੇ ਖੇਤ ਵਿੱਚ ਜਾਣ ਦੀ ਲੋੜ ਨਹੀਂ। ਮੇਰੀਆਂ ਕਾਮੀਆਂ ਦੇ ਮਗਰ-ਮਗਰ ਚੱਲਦੀ ਜਾ। 9 ਇਹ ਦੇਖ ਕਿ ਉਹ ਕਿਹੜੇ ਖੇਤ ਵੱਲ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਪਿੱਛੇ ਜਾ। ਮੈਂ ਨੌਜਵਾਨਾਂ ਨੂੰ ਚਿਤਾਵਨੀ ਦੇ ਦਿੱਤੀ ਹੈ ਕਿ ਤੈਨੂੰ ਤੰਗ ਨਾ ਕਰਨ। ਜਦੋਂ ਤੈਨੂੰ ਪਿਆਸ ਲੱਗੇ ਤਾਂ ਉਸ ਘੜੇ ਵਿੱਚੋਂ ਪਾਣੀ ਪੀ ਲਵੀ ਜਿਸ ਵਿੱਚੋਂ ਮੇਰੇ ਆਦਮੀ ਪੀਂਦੇ ਹਨ।”
10 ਫ਼ੇਰ ਰੂਥ ਨੇ ਝੁਕ ਕੇ ਪ੍ਰਣਾਮ ਕੀਤਾ। ਉਸ ਨੇ ਬੋਅਜ਼ ਨੂੰ ਆਖਿਆ, “ਮੈਨੂੰ ਹੈਰਾਨੀ ਹੈ ਕਿ ਤੁਸੀਂ ਮੇਰੇ ਵੱਲ ਧਿਆਨ ਕਰ ਲਿਆ! ਮੈਂ ਤਾਂ ਅਜਨਬੀ ਹਾਂ ਪਰ ਤੁਸੀਂ ਮੇਰੇ ਉੱਪਰ ਬਹੁਤ ਮਿਹਰਬਾਨੀ ਕੀਤੀ ਹੈ।”
11 ਬੋਅਜ਼ ਨੇ ਉਸ ਨੂੰ ਜਵਾਬ ਦਿੱਤਾ, “ਮੈਨੂੰ ਉਸ ਸਾਰੀ ਸਹਾਇਤਾ ਬਾਰੇ ਪਤਾ ਹੈ ਜਿਹੜੀ ਤੂੰ ਆਪਣੀ ਸੱਸ ਨਾਓਮੀ ਨੂੰ ਦਿੱਤੀ ਹੈ। ਮੈਂ ਜਾਣਦਾ ਹਾਂ ਕਿ ਤੂੰ ਉਦੋਂ ਵੀ ਉਸਦੀ ਸਹਾਇਤਾ ਕੀਤੀ ਜਦੋਂ ਤੇਰੇ ਪਤੀ ਦਾ ਦੇਹਾਂਤ ਹੋ ਗਿਆ। ਅਤੇ ਮੈਂ ਜਾਣਦਾ ਹਾਂ ਕਿ ਤੂੰ ਆਪਣੇ ਮਾਤਾ-ਪਿਤਾ ਅਤੇ ਆਪਨੇ ਦੇਸ਼ ਨੂੰ ਛੱਡ ਕੇ ਇਸ ਦੇਸ਼ ਵਿੱਚ ਆ ਗਈ ਹੈਂ। ਤੂੰ ਇਸ ਦੇਸ਼ ਦੇ ਕਿਸੇ ਹੋਰ ਬੰਦੇ ਨੂੰ ਨਹੀਂ ਜਾਣਦੀ ਸੀ ਪਰ ਤੂੰ ਨਾਓਮੀ ਦੇ ਨਾਲ ਇੱਥੇ ਆ ਗਈ। 12 ਯਹੋਵਾਹ ਤੈਨੂੰ ਇਨ੍ਹਾਂ ਸਾਰੇ ਨੇਕ ਕੰਮਾਂ ਦਾ ਫ਼ਲ ਦੇਵੇਗਾ ਜੋ ਤੂੰ ਕੀਤੇ ਹਨ। ਤੈਨੂੰ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਪੂਰਾ ਇਵਜ਼ਾਨਾ ਦੇਵੇਗਾ। ਤੂੰ ਉਸ ਕੋਲ ਸ਼ਰਣ ਲਈ ਹੈ। ਅਤੇ ਉਹ ਤੇਰੀ ਰੱਖਿਆ ਕਰੇਗਾ।”
13 ਤਾਂ ਰੂਥ ਨੇ ਆਖਿਆ, “ਸ਼੍ਰੀਮਾਨ ਜੀ ਤੁਸੀਂ ਮੇਰੇ ਉੱਪਰ ਬਹੁਤ ਮਿਹਰਬਾਨ ਹੋ। ਮੈਂ ਤਾਂ ਸਿਰਫ਼ ਇੱਕ ਨੌਕਰ ਹਾਂ। ਮੈਂ ਤੁਹਾਡੇ ਕਿਸੇ ਇੱਕ ਨੌਕਰ ਦੇ ਵੀ ਬਰਾਬਰ ਨਹੀਂ ਹਾਂ। ਪਰ ਤੁਸੀਂ ਮੈਨੂੰ ਮਿਹਰ ਭਰੇ ਸ਼ਬਦ ਆਖੇ ਹਨ ਅਤੇ ਮੈਨੂੰ ਹੌਸਲਾ ਦਿੱਤਾ ਹੈ।”
14 ਦੁਪਿਹਰ ਦੀ ਰੋਟੀ ਸਮੇਂ ਬੋਅਜ਼ ਨੇ ਰੂਥ ਨੂੰ ਆਖਿਆ, “ਇੱਥੇ ਆ ਜਾ! ਸਾਡੀ ਰੋਟੀ ਵਿੱਚੋਂ ਕੁਝ ਖਾ ਲੈ। ਇੱਥੇ ਆਪਣੀ ਰੋਟੀ ਸਾਡੇ ਸਿਰਕੇ ਵਿੱਚ ਡੁਬੋ ਲੈ।”
ਇਸ ਲਈ ਰੂਥ ਕਾਮਿਆਂ ਦੇ ਨਾਲ ਹੀ ਬੈਠ ਗਈ। ਬੋਅਜ਼ ਨੇ ਉਸ ਨੂੰ ਕੁਝ ਭੁਜਿਆ ਹੋਇਆ ਅਨਾਜ ਦਿੱਤਾ। ਰੂਥ ਨੇ ਪੇਟ ਭਰਕੇ ਖਾਧਾ ਅਤੇ ਕੁਝ ਭੋਜਨ ਬਚ ਗਿਆ। 15 ਫ਼ੇਰ ਰੂਥ ਉੱਠ ਖਲੋਤੀ ਅਤੇ ਕੰਮ ਉੱਤੇ ਵਾਪਸ ਚਲੀ ਗਈ।
ਫ਼ੇਰ ਬੋਅਜ਼ ਨੇ ਆਪਣੇ ਨੌਕਰਾਂ ਨੂੰ ਆਖਿਆ, “ਰੂਥ ਨੂੰ ਅਨਾਜ ਦੀਆਂ ਢੇਰੀਆਂ ਦੇ ਲਾਗਿਉ ਵੀ ਇਕੱਠਾ ਕਰਨ ਦਿਉ। ਉਸ ਨੂੰ ਰੋਕਿਓ ਨਾ। 16 ਜ਼ਮੀਨ ਉੱਤੇ ਕੁਝ ਅਨਾਜ ਨਾਲ ਭਰੇ ਸਿੱਟੇ ਸੁੱਟ ਕੇ ਉਸਦਾ ਕੰਮ ਆਸਾਨ ਕਰ ਦਿਉ। ਉਸ ਨੂੰ ਇਹ ਅਨਾਜ ਇਕੱਠਾ ਕਰ ਲੈਣ ਦਿਉ ਅਤੇ ਉਸ ਨੂੰ ਤੰਗ ਨਾ ਕਰਿਉ।”
ਨਾਓਮੀ ਬੋਅਜ਼ ਬਾਰੇ ਸੁਣਦੀ ਹੈ
17 ਰੂਥ ਨੇ ਸ਼ਾਮ ਤੱਕ ਖੇਤਾਂ ਵਿੱਚ ਕੰਮ ਕੀਤਾ। ਫ਼ੇਰ ਉਸ ਨੇ ਅਨਾਜ ਨੂੰ ਤੂੜੀ ਨਾਲੋਂ ਵੱਖ ਕੀਤਾ। ਉਸ ਦੇ ਕੋਲ ਲਗਭਗ 10 ਕਿੱਲੋ ਜੌਁ ਸਨ। 18 ਰੂਥ ਉਹ ਅਨਾਜ ਚੁੱਕੇ ਸ਼ਹਿਰ ਲੈ ਗਈ ਆਪਣੀ ਸੱਸ ਨੂੰ ਇਹ ਦਿਖਾਉਣ ਲਈ ਕਿ ਉਸ ਨੇ ਕੀ ਇਕੱਠਾ ਕੀਤਾ ਹੈ। ਉਸ ਨੇ ਉਸ ਨੂੰ ਕੁਝ ਭੋਜਨ ਵੀ ਦਿੱਤਾ ਜਿਹੜਾ ਦੁਪਿਹਰ ਦੇ ਭੋਜਨ ਵਿੱਚੋਂ ਬਚ ਗਿਆ ਸੀ।
19 ਉਸਦੀ ਸੱਸ ਨੇ ਉਸ ਨੂੰ ਪੁੱਛਿਆ, “ਇਹ ਸਾਰਾ ਅਨਾਜ ਤੂੰ ਕਿੱਥੋਂ ਇਕੱਠਾ ਕੀਤਾ ਹੈ? ਤੂੰ ਕਿੱਥੇ ਕੰਮ ਕੀਤਾ? ਉਸ ਆਦਮੀ ਨੂੰ ਅਸੀਸ ਦੇ ਜਿਸਨੇ ਤੇਰੇ ਵੱਲ ਧਿਆਨ ਦਿੱਤਾ।”
ਫ਼ੇਰ ਰੂਥ ਨੇ ਉਸ ਨੂੰ ਦੱਸਿਆ ਕਿ ਉਸ ਨੇ ਕਿਸਦੇ ਨਾਲ ਕੰਮ ਕੀਤਾ ਸੀ। ਉਸ ਨੇ ਆਖਿਆ, “ਅੱਜ ਮੈਂ ਜਿਸ ਬੰਦੇ ਨਾਲ ਕੰਮ ਕੀਤਾ ਹੈ ਉਸਦਾ ਨਾਮ ਬੋਅਜ਼ ਹੈ।”
20 ਨਾਓਮੀ ਨੇ ਆਪਣੀ ਨੂਹ ਨੂੰ ਆਖਿਆ, “ਯਹੋਵਾਹ ਉਸਦਾ ਭਲਾ ਕਰੇ! ਉਸ ਨੇ ਜਿਉਂਦਿਆਂ ਅਤੇ ਮੁਰਦਿਆਂ ਦੋਹਾਂ ਉੱਤੇ ਮਿਹਰ ਕੀਤੀ ਹੈ।” ਫ਼ੇਰ ਨਾਓਮੀ ਨੇ ਆਪਣੀ ਨੂਹ ਨੂੰ ਆਖਿਆ, “ਬੋਅਜ਼ ਸਾਡੇ ਰਿਸ਼ਤੇਦਾਰਾਂ ਵਿੱਚੋਂ ਹੈ। ਬੋਅਜ਼ ਸਾਡੇ ਰੱਖਿਅਕਾਂ [c] ਵਿੱਚੋਂ ਹੈ।”
21 ਫ਼ੇਰ ਰੂਥ ਨੇ ਆਖਿਆ, “ ਬੋਅਜ਼ ਨੇ ਮੈਨੂੰ ਇਹ ਵੀ ਆਖਿਆ ਸੀ ਕਿ ਮੈਂ ਫ਼ੇਰ ਆਵਾਂ ਅਤੇ ਕੰਮ ਕਰਦੀ ਰਹਾਂ। ਬੋਅਜ਼ ਨੇ ਆਖਿਆ ਸੀ ਕਿ ਮੈਂ ਫ਼ਸਲ ਦੀ ਪੂਰੀ ਵਾਢੀ ਹੋਣ ਤੀਕ ਉਸ ਦੇ ਨੌਕਰਾਂ ਨਾਲ ਨੇੜੇ ਰਹਿ ਕੇ ਕੰਮ ਕਰਾਂ।”
22 ਫ਼ੇਰ ਨਾਓਮੀ ਨੇ ਆਪਣੀ ਨੂੰਹ ਰੂਥ ਨੂੰ ਆਖਿਆ, “ਤੇਰੇ ਲਈ ਉਸ ਦੀਆਂ ਕਾਮੀਆਂ ਨਾਲ ਕੰਮ ਕਰਦੇ ਰਹਿਣਾ ਚੰਗੀ ਗੱਲ ਹੈ। ਜੇ ਤੂੰ ਕਿਸੇ ਹੋਰ ਦੇ ਖੇਤ ਵਿੱਚ ਕੰਮ ਕਰੇਗੀ ਤਾਂ ਕੋਈ ਬੰਦਾ ਤੈਨੂੰ ਨੁਕਸਾਨ ਵੀ ਪਹੁੰਚਾ ਸੱਕਦਾ ਹੈ।” 23 ਇਸ ਤਰ੍ਹਾਂ ਰੂਥ ਨੇ ਬੋਅਜ਼ ਦੀਆਂ ਕਾਮੀਆਂ ਨਾਲ ਨੇੜੇ ਹੋਕੇ ਕੰਮ ਕਰਨਾ ਜਾਰੀ ਰੱਖਿਆ। ਉਸ ਨੇ ਜੌਆਂ ਦੀ ਫ਼ਸਲ ਦੀ ਵਾਢੀ ਹੋਣ ਤੱਕ ਅਨਾਜ ਇਕੱਠਾ ਕੀਤਾ। ਉਸ ਨੇ ਕਣਕ ਦੀ ਵਾਢੀ ਦੇ ਅੰਤ ਤੱਕ ਵੀ ਉੱਥੇ ਕੰਮ ਕੀਤਾ। ਰੂਥ ਆਪਣੀ ਸੱਸ ਨਾਓਮੀ ਦੇ ਨਾਲ ਰਹਿੰਦੀ ਰਹੀ।
ਖਲਵਾੜਾ
3 ਫ਼ੇਰ ਰੂਥ ਦੀ ਸੱਸ ਨਾਓਮੀ ਨੇ ਉਸ ਨੂੰ ਆਖਿਆ, “ਮੇਰੀਏ ਧੀਏ, ਮੈਨੂੰ ਤੇਰੇ ਲਈ ਇੱਕ ਚੰਗਾ ਪਤੀ ਲੱਭਣ ਦੇ ਜੋ ਤੇਰੇ ਲਈ ਪ੍ਰਬੰਧ ਕਰੇਗਾ, ਤਾਂ ਜੋ ਤੈਨੂੰ ਸ਼ਾਂਤੀ ਅਤੇ ਅਰਾਮ ਮਿਲ ਸੱਕੇ। 2 ਹੋ ਸੱਕਦਾ ਬੋਅਜ਼ ਹੀ ਢੁਕਵਾਂ ਆਦਮੀ ਹੋਵੇ। ਬੋਅਜ਼ ਸਾਡਾ ਨਜ਼ਦੀਕੀ ਰਿਸ਼ਤੇਦਾਰ ਹੈ ਅਤੇ ਤੂੰ ਉਸ ਦੀਆਂ ਕਾਮੀਆਂ ਨਾਲ ਕੰਮ ਕੀਤਾ ਹੈ। ਅੱਜ, ਉਹ ਆਪਣੇ ਖਲਵਾੜੇ ਵਿੱਚ ਜੌਂ ਨੂੰ ਫ਼ਟਕ ਰਿਹਾ ਹੋਵੇਗਾ। 3 ਜਾ ਅਤੇ ਨਹਾ ਕੇ ਅਤਰ ਛਿੜਕ ਲੈ ਚੰਗੇ ਕੱਪੜੇ ਪਾ ਅਤੇ ਖਲਵਾੜੇ ਵੱਲ ਚਲੀ ਜਾ, ਪਰ ਤੂੰ ਓਨੀ ਦੇਰ ਬੋਅਜ਼ ਨੂੰ ਨਜ਼ਰ ਨਾ ਆਵੀਂ ਜਦੋਂ ਤੱਕ ਉਹ ਰਾਤ ਦਾ ਖਾਣਾ ਖਤਮ ਨਾ ਕਰ ਲਵੇ। 4 ਖਾਣ ਤੋਂ ਬਾਦ ਉਹ ਅਰਾਮ ਕਰਨ ਲਈ ਲੇਟ ਜਾਵੇਗਾ ਉੱਥੇ ਜਾਵੀਂ ਅਤੇ ਉਸ ਦਿਆਂ ਪੈਰਾਂ ਤੋਂ ਵਸਤਰ ਹਟਾ ਦੇਵੀਂ। ਫ਼ਿਰ ਬੋਅਜ਼ ਨਾਲ ਲੇਟ ਜਾਵੀਂ। ਫ਼ੇਰ ਉਹ ਤੈਨੂੰ ਦੱਸੇਗਾ ਕਿ ਕੀ ਕਰਨਾ ਹੈ।”
5 ਰੂਥ ਨੇ ਜਵਾਬ ਦਿੱਤਾ, “ਜੋ ਤੁਸੀਂ ਆਖਿਆ ਹੈ ਮੈਂ ਉਵੇਂ ਹੀ ਕਰਾਂਗੀ।”
6 ਇਸ ਲਈ ਰੂਥ ਖਲਵਾੜੇ ਵੱਲ ਗਈ। ਰੂਥ ਨੇ ਉਹ ਸਭ ਕੁਝ ਕੀਤਾ ਜੋ ਉਸਦੀ ਸੱਸ ਨੇ ਕਰਨ ਲਈ ਆਖਿਆ ਸੀ। 7 ਖਾਣ-ਪੀਣ ਤੋਂ ਬਾਦ ਬੋਅਜ਼ ਬਹੁਤ ਸੰਤੁਸ਼ਟ ਹੋ ਗਿਆ। ਬੋਅਜ਼ ਅਨਾਜ ਦੇ ਢੇਰ ਨੇੜੇ ਲੇਟ ਗਿਆ। ਫ਼ੇਰ ਰੂਥ ਬਹੁਤ ਚੁੱਪ-ਚਾਪ ਉਸ ਦੇ ਕੋਲ ਗਈ ਅਤੇ ਉਸ ਦੇ ਪੈਰਾਂ ਤੋਂ ਵਸਤਰ ਹਟਾ ਦਿੱਤਾ। ਰੂਥ ਉਸ ਦੇ ਪੈਰਾਂ ਕੋਲ ਲੇਟ ਗਈ।
8 ਅੱਧੀ ਰਾਤ ਵੇਲੇ ਬੋਅਜ਼ ਨੇ ਪਾਸਾ ਪਰਤਿਆ ਆਪਣੀ ਨੀਂਦ ਵਿੱਚ ਅਤੇ ਉੱਠ ਖੜ੍ਹਾ ਹੋਇਆ। ਉਹ ਬਹੁਤ ਹੈਰਾਨ ਹੋ ਗਿਆ। ਉਸ ਦੇ ਪੈਰਾਂ ਨੇੜੇ ਇੱਕ ਔਰਤ ਲੇਟੀ ਹੋਈ ਸੀ। 9 ਬੋਅਜ਼ ਨੇ ਆਖਿਆ, “ਤੂੰ ਕੌਣ ਹੈ?”
ਉਸ ਨੇ ਆਖਿਆ, “ਮੈਂ ਤੁਹਾਡੀ ਨੌਕਰਾਨੀ ਰੂਥ ਹਾਂ ਮੇਰੇ ਉੱਪਰ ਆਪਣੀ ਚਾਦਰ ਪਾ ਦਿਉ ਤੁਸੀਂ ਮੇਰੇ ਰਾਖੇ ਹੋ।”
10 ਤਾਂ ਬੋਅਜ਼ ਨੇ ਆਖਿਆ, “ਮੁਟਿਆਰੇ ਯਹੋਵਾਹ ਤੇਰਾ ਭਲਾ ਕਰੇ। ਤੂੰ ਮੇਰੇ ਉੱਤੇ ਮਿਹਰਬਾਨ ਰਹੀਂ ਹੈ ਮੇਰੇ ਲਈ ਤੇਰੀ ਮਿਹਰਬਾਨੀ ਉਸ ਮਿਹਰਬਾਨੀ ਨਾਲੋਂ ਵਡੇਰੀ ਹੈ ਜਿਹੜੀ ਤੂੰ ਸ਼ੁਰੂ ਵਿੱਚ ਨਾਓਮੀ ਉੱਤੇ ਕੀਤੀ ਸੀ। ਤੂੰ ਸ਼ਾਦੀ ਲਈ ਕਿਸੇ ਅਮੀਰ ਜਾਂ ਗਰੀਬ ਜਵਾਨ ਆਦਮੀ ਨੂੰ ਵੀ ਚੁਣ ਸੱਕਦੀ ਸੀ ਪਰ ਤੂੰ ਅਜਿਹਾ ਨਹੀਂ ਕੀਤਾ। 11 ਹੁਣ, ਮੁਟਿਆਰੇ ਭੈਭੀਤ ਨਾ ਹੋ ਜੋ ਤੂੰ ਆਖੇਗੀ ਮੈਂ ਉਹੀ ਕਰਾਂਗਾ। ਸਾਡੇ ਕਸਬੇ ਦੇ ਸਾਰੇ ਲੋਕ ਜਾਣਦੇ ਹਨ ਕਿ ਤੂੰ ਬਹੁਤ ਚੰਗੀ ਔਰਤ ਹੈ। 12 ਅਤੇ ਇਹ ਸੱਚ ਹੈ ਕਿ ਮੈਂ ਨਜ਼ਦੀਕੀ ਰਿਸ਼ਤੇਦਾਰ ਹਾਂ। ਪਰ ਇੱਥੇ ਇੱਕ ਆਦਮੀ ਹੈ ਜਿਹੜਾ ਮੇਰੇ ਨਾਲੋਂ ਵੱਧੇਰੇ ਤੇਰਾ ਨਜ਼ਦੀਕੀ ਰਿਸ਼ਤੇਦਾਰ ਹੈ। 13 ਰਾਤ ਇੱਥੇ ਰੁਕ ਜਾ ਸਵੇਰੇ ਅਸੀਂ ਦੇਖਾਂਗੇ ਕਿ ਕੀ ਉਹ ਤੇਰੀ ਮਦਦ ਕਰੇਗਾ। ਜੇ ਉਹ ਤੇਰੀ ਮਦਦ ਕਰਨ ਦਾ ਫ਼ੈਸਲਾ ਕਰਦਾ ਹੈ ਤਾਂ ਬਹੁਤ ਚੰਗੀ ਗੱਲ ਹੈ। ਜੇ ਉਹ ਮਦਦ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਮੈਂ ਯਹੋਵਾਹ ਨੂੰ ਹਾਜਰ-ਨਾਜਰ ਸਮਝਕੇ ਇਕਰਾਰ ਕਰਦਾ ਹਾਂ ਕਿ ਮੈਂ ਤੇਰੇ ਨਾਲ ਸ਼ਾਦੀ ਕਰ ਲਵਾਂਗਾ ਅਤੇ ਤੇਰੇ ਲਈ ਅਲੀਮਲਕ ਦੀ ਧਰਤੀ ਵਾਪਸ ਖਰੀਦ ਦੇਵਾਂਗਾ। ਇਸ ਲਈ ਸਵੇਰ ਹੋਣ ਤੱਕ ਇੱਥੇ ਲੇਟੀ ਰਹਿ।”
14 ਇਸ ਲਈ ਰੂਥ ਬੋਅਜ਼ ਦੇ ਪੈਰਾਂ ਨੇੜੇ ਸਵੇਰ ਤੱਕ ਲੇਟੀ ਰਹੀ। ਹਾਲੇ ਹਨੇਰਾ ਹੀ ਸੀ ਜਦੋਂ ਉਹ ਉੱਠ ਖਲੋਤੀ। ਇਸਤੋਂ ਪਹਿਲਾਂ ਕਿ ਇੰਨਾ ਚਾਨਣ ਹੋ ਜਾਵੇ ਕਿ ਲੋਕ ਇੱਕ ਦੂਜੇ ਨੂੰ ਪਛਾਣ ਲੈਣ।
ਬੋਅਜ਼ ਨੇ ਉਸ ਨੂੰ ਆਖਿਆ, “ਅਸੀਂ ਇਸ ਗੱਲ ਨੂੰ ਗੁਪਤ ਰੱਖਾਂਗੇ ਕਿ ਤੂੰ ਪਿੱਛਲੀ ਰਾਤ ਮੇਰੇ ਕੋਲ ਆਈ ਸੀ।” 15 ਫ਼ੇਰ ਬੋਅਜ਼ ਨੇ ਆਖਿਆ, “ਆਪਣਾ ਸ਼ੌਲ ਲਿਆ ਅਤੇ ਇਸ ਨੂੰ ਖੋਲ੍ਹ।”
ਇਸ ਲਈ ਰੂਥ ਨੇ ਆਪਣੇ ਸ਼ੌਲ ਨੂੰ ਖੋਲ੍ਹਿਆ ਅਤੇ ਬੋਅਜ਼ ਨੇ ਜੌਆਂ ਦੇ ਛੇ ਤੋਂਲ ਲਈ ਅਤੇ ਉਸਦੀ ਸੱਸ ਨਾਓਮੀ ਨੂੰ ਸੁਗਾਤ ਵਜੋਂ ਦੇ ਦਿੱਤੇ। ਫ਼ੇਰ ਉਸ ਨੇ ਇਸ ਨੂੰ ਰੂਥ ਦੇ ਸ਼ੌਲ ਵਿੱਚ ਲਪੇਟ ਕੇ ਅਤੇ ਉਸ ਦੇ ਸਿਰ ਉੱਤੇ ਰੱਖ ਦਿੱਤਾ ਫ਼ੇਰ ਉਹ ਸ਼ਹਿਰ ਨੂੰ ਵਪਸ ਚੱਲਾ ਗਿਆ।
16 ਰੂਥ ਆਪਣੀ ਸੱਸ ਨਾਓਮੀ ਦੇ ਘਰ ਚਲੀ ਗਈ। ਨਾਓਮੀ ਦਰਵਾਜ਼ੇ ਵੱਲ ਗਈ ਅਤੇ ਪੁੱਛਿਆ, “ਕੌਣ ਹੈ?”
ਰੂਥ ਘਰ ਚਲੀ ਗਈ। ਨਾਓਮੀ ਨੂੰ ਉਹ ਸਾਰੀ ਗੱਲ ਦੱਸੱਦਿਆਂ ਹੋਇਆ ਜਿਹੜੀ ਬੋਅਜ਼ ਨੇ ਉਸ ਨਾਲ ਕੀਤੀ ਸੀ। 17 ਉਸ ਨੇ ਆਖਿਆ, “ਬੋਅਜ਼ ਨੇ ਮੈਨੂੰ ਇਹ ਜੌਂ ਤੁਹਾਡੇ ਲਈ ਸੁਗਾਤ ਵਜੋਂ ਦਿੱਤੇ ਹਨ ਬੋਅਜ਼ ਨੇ ਆਖਿਆ ਸੀ ਕਿ ਮੈਂ ਤੁਹਾਡੇ ਲਈ ਸੁਗਾਤ ਲਈ ਬਿਨਾ ਘਰ ਨਾ ਜਾਵਾਂ।”
18 ਨਾਓਮੀ ਨੇ ਆਖਿਆ, “ਧੀਏ ਓਨੀ ਦੇਰ ਤੱਕ ਹੌਂਸਲਾ ਰੱਖ ਜਿੰਨੀ ਦੇਰ ਤੱਕ ਅਸੀਂ ਕੁਝ ਵਾਪਰਨ ਬਾਰੇ ਨਹੀਂ ਸੁਣਦੇ ਬੋਅਜ਼ ਨੂੰ ਓਨੀ ਦੇਰ ਤੱਕ ਚੈਨ ਨਹੀਂ ਆਵੇਗਾ ਜਦੋਂ ਤੱਕ ਕਿ ਉਹ ਗੱਲ ਨਹੀਂ ਕਰ ਲੈਂਦਾ ਜਿਹੜੀ ਉਸ ਨੂੰ ਕਰਨੀ ਚਾਹੀਦੀ ਹੈ। ਅਸੀਂ ਦਿਨ ਮੁੱਕਣ ਤੋਂ ਪਹਿਲਾਂ ਹੀ ਜਾਣ ਲਵਾਂਗੇ ਕਿ ਕੀ ਵਾਪਰੇਗਾ।”
ਬੋਅਜ਼ ਅਤੇ ਦੂਸਰਾ ਰਿਸ਼ਤੇਦਾੜ
4 ਬੋਅਜ਼ ਉੱਥੇ ਚੱਲਾ ਗਿਆ ਜਿੱਥੇ ਲੋਕ ਸ਼ਹਿਰ ਦੇ ਦਰਵਾਜ਼ੇ ਨੇੜੇ ਇਕੱਠੇ ਹੁੰਦੇ ਹਨ। ਬੋਅਜ਼ ਓਨਾ ਚਿਰ ਉੱਥੇ ਬੈਠਾ ਰਿਹਾ ਜਦੋਂ ਤੱਕ ਕਿ ਉਹ ਨਜ਼ਦੀਕੀ ਰਿਸ਼ਤੇਦਾਰ ਜਿਸਦਾ ਜ਼ਿਕਰ ਬੋਅਜ਼ ਨੇ ਕੀਤਾ ਸੀ ਉੱਥੋਂ ਨਹੀਂ ਗੁਜ਼ਰਿਆ। ਬੋਅਜ਼ ਨੇ ਉਸ ਨੂੰ ਅਵਾਜ਼ ਦਿੱਤੀ, “ਇਧਰ ਆਉ ਦੋਸਤ! ਇੱਥੇ ਬੈਠੋ!”
2 ਬੋਅਜ਼ ਨੇ ਸ਼ਹਿਰ ਦੇ ਦਸ ਬਜ਼ੁਰਗਾਂ ਨੂੰ ਇਕੱਠਿਆ ਕੀਤਾ ਅਤੇ ਉਨ੍ਹਾਂ ਨੂੰ ਆਖਿਆ, “ਇੱਥੇ ਬੈਠੋ!” ਤਾਂ ਉਹ ਹੇਠਾਂ ਬੈਠ ਗਏ।
3 ਫ਼ੇਰ ਬੋਅਜ਼ ਨੇ ਨਜ਼ਦੀਕੀ ਰਿਸ਼ਤੇਦਾਰ ਨਾਲ ਗੱਲ ਕੀਤੀ। ਉਸ ਨੇ ਆਖਿਆ, “ਨਾਓਮੀ ਮੋਆਬ ਦੇ ਪਹਾੜੀ ਪ੍ਰਦੇਸ਼ ਤੋਂ ਵਾਪਸ ਮੁੜ ਆਈ ਹੈ। ਉਹ ਜ਼ਮੀਨ ਵੇਚ ਰਹੀ ਹੈ [d] ਜਿਹੜੀ ਸਾਡੇ ਰਿਸ਼ਤੇਦਾਰ ਅਲੀਮਲਕ ਦੀ ਸੀ। 4 ਮੈਂ ਇਹ ਗੱਲ ਇੱਥੇ ਰਹਿਣ ਵਾਲੇ ਲੋਕਾਂ ਦੇ ਸਾਹਮਣੇ ਅਤੇ ਆਪਣੇ ਬਜ਼ੁਰਗਾਂ ਦੇ ਸਾਹਮਣੇ ਤੈਨੂੰ ਆਖਣ ਦਾ ਨਿਆਂ ਕੀਤਾ ਹੈ। ਜੋ ਤੂੰ ਜ਼ਮੀਨ ਖਰੀਦਣਾ ਚਾਹੁੰਦਾ ਹੈ ਤਾਂ ਖਰੀਦ ਲੈ। ਜੇ ਤੂੰ ਜ਼ਮੀਨ ਨੂੰ ਛੁਡਾਉਣ ਨਹੀਂ ਚਾਹੁੰਦਾ ਤਾਂ ਮੈਨੂੰ ਦੱਸ ਮੈਂ ਜਾਣਦਾ ਹਾਂ ਕਿ ਤੇਰੇ ਤੋਂ ਮਗਰੋਂ ਮੈਂ ਹੀ ਉਹ ਅਗਲਾ ਬੰਦਾ ਹਾਂ ਜਿਹੜਾ ਜ਼ਮੀਨ ਛੁਡਾ ਸੱਕਦਾ ਹੈ। ਜੇ ਤੂੰ ਜ਼ਮੀਨ ਵਾਪਸ ਨਹੀਂ ਖਰੀਦੇਗਾ ਤਾਂ ਮੈਂ ਖਰੀਦ ਲਵਾਂਗਾ।”
5 ਫ਼ੇਰ ਬੋਅਜ਼ ਨੇ ਆਖਿਆ, “ਜੇ ਤੂੰ ਨਾਓਮੀ ਤੋਂ ਜ਼ਮੀਨ ਖਰੀਦੇਂਗਾ ਤਾਂ ਤੂੰ ਉਸ ਸਵਰਗਵਾਸੀ ਬੰਦੇ ਦੀ ਪਤਨੀ ਮੋਆਬੀ ਔਰਤ ਰੂਥ ਨੂੰ ਵੀ ਹਸਿਲ ਕਰ ਲਵੇਂਗਾ। ਜਦੋਂ ਰੂਥ ਦੇ ਬੱਚਾ ਹੋਵੇਗਾ ਤਾਂ ਜ਼ਮੀਨ ਬੱਚੇ ਨੂੰ ਮਿਲੇਗੀ। ਇਸ ਤਰ੍ਹਾਂ ਜ਼ਮੀਨ ਸਵਰਗਵਾਸੀ ਬੰਦੇ ਦੇ ਪਰਿਵਾਰ ਵਿੱਚ ਰਹੇਗੀ।”
6 ਨਜ਼ਦੀਕੀ ਰਿਸ਼ਤੇਦਾਰ ਨੇ ਜਵਾਬ ਦਿੱਤਾ, “ਮੈਂ ਜ਼ਮੀਨ ਵਾਪਸ ਨਹੀਂ ਖਰੀਦ ਸੱਕਦਾ। ਉਹ ਜ਼ਮੀਨ ਮੇਰੀ ਹੋਣੀ ਚਾਹੀਦੀ ਹੈ ਪਰ ਮੈਂ ਇਸ ਨੂੰ ਖਰੀਦ ਨਹੀਂ ਸੱਕਦਾ। ਜੇ ਮੈਂ ਅਜਿਹਾ ਕਰਦਾ ਹਾਂ ਤਾਂ ਸ਼ਾਇਦ ਮੈਂ ਆਪਣੀ ਜ਼ਮੀਨ ਵੀ ਗਵਾ ਲਵਾਂਗਾ। ਇਸ ਲਈ ਤੁਸੀਂ ਜ਼ਮੀਨ ਖਰੀਦ ਸੱਕਦੇ ਹੋ।” 7 ਬਹੁਤ ਚਿਰ ਪਹਿਲਾਂ ਇਸਰਾਏਲ ਵਿੱਚ, ਜਦੋਂ ਲੋਕ ਜ਼ਾਇਦਾਦ ਨੂੰ ਖਰੀਦਦੇ ਜਾਂ ਛੁਡਵਾਉਂਦੇ ਸੀ ਤਾਂ ਇੱਕ ਬੰਦਾ ਆਪਣੀ ਜੁੱਤੀ ਉਤਾਰਕੇ ਦੂਸਰੇ ਨੂੰ ਦੇ ਦਿੰਦਾ ਸੀ। ਇਹ ਖਰੀਦਾਰੀ ਦਾ ਸਬੂਤ ਹੁੰਦਾ ਸੀ। 8 ਇਸ ਲਈ ਨਜ਼ਦੀਕੀ ਰਿਸ਼ਤੇਦਾਰ ਨੇ ਆਖਿਆ, “ਜ਼ਮੀਨ ਖਰੀਦ ਲਵੋ” ਅਤੇ ਫ਼ੇਰ ਨਜ਼ਦੀਕੀ ਰਿਸ਼ਤੇਦਾਰ ਨੇ ਆਪਣੀ ਜੁੱਤੀ ਉਤਾਰੀ ਅਤੇ ਬੋਅਜ਼ ਨੂੰ ਦੇ ਦਿੱਤੀ।
9 ਫ਼ੇਰ ਬੋਅਜ਼ ਨੇ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੂੰ ਆਖਿਆ, “ਅੱਜ ਤੁਸੀਂ ਸਾਰੇ ਗਵਾਹ ਹੋ ਕਿ ਮੈਂ ਨਾਓਮੀ ਕੋਲੋਂ ਉਹ ਹਰ ਚੀਜ਼ ਖਰੀਦ ਰਿਹਾ ਹਾਂ ਜਿਹੜੀ ਅਲੀਮਲਕ ਕਿਲਉਨ ਅਤੇ ਮਹਿਲੋਮ ਦੀ ਸੀ। 10 ਮੈਂ ਰੂਥ ਨੂੰ ਵੀ ਆਪਣੀ ਪਤਨੀ ਵਜੋਂ ਖਰੀਦ ਰਿਹਾ ਹਾਂ ਅਜਿਹਾ ਮੈਂ ਇਸ ਲਈ ਕਰ ਰਿਹਾ ਹਾਂ ਕਿ ਸਵਰਗਵਾਸੀ ਬੰਦੇ ਦੀ ਜਾਇਦਾਦ ਉਸ ਦੇ ਪਰਿਵਾਰ ਵਿੱਚ ਹੀ ਰਹੇ। ਇਸ ਤਰ੍ਹਾਂ ਸਵਰਗਵਾਸੀ ਬੰਦੇ ਦਾ ਨਾਮ ਉਸ ਦੇ ਪਰਿਵਾਰ ਅਤੇ ਉਸਦੀ ਜ਼ਮੀਨ ਤੋਂ ਵੱਖ ਨਹੀਂ ਹੋਵੇਗਾ। ਅੱਜ ਦੇ ਦਿਨ ਤੁਸੀਂ ਗਵਾਹ ਹੋ।”
11 ਇਸ ਲਈ ਉਹ ਸਾਰੇ ਲੋਕ ਅਤੇ ਬਜ਼ੁਰਗ ਜਿਹੜੇ ਸ਼ਹਿਰ ਦੇ ਦਰਵਾਜ਼ਿਆਂ ਨੇੜੇ ਸਨ ਗਵਾਹ ਬਣ ਗਏ। ਉਸ ਨੇ ਆਖਿਆ, “ਯਹੋਵਾਹ ਇਸ ਔਰਤ ਨੂੰ, ਜਿਹੜੀ ਆ ਰਹੀ ਹੈ ਤੇਰੇ ਘਰ ਅੰਦਰ, ਰਾਖੇਲ ਅਤੇ ਲੇਆਹ ਵਾਂਗ ਬਣਾਵੇ, ਜਿਨ੍ਹਾਂ ਨੇ ਇਸਰਾਏਲ ਦਾ ਘਰ ਉਸਾਰਿਆ ਸੀ। ਇਫ਼ਰਾਥਾਹ ਅੰਦਰ ਬਣ ਜਾ ਸ਼ਕਤੀਸ਼ਾਲੀ। ਬੈਤਲਹਮ ਵਿੱਚ ਮਸ਼ਹੂਰ ਹੋ ਜਾ। 12 ਤਾਮਾਰ ਨੇ ਯਹੂਦਾਹ ਦੇ ਪੁੱਤਰ ਫ਼ਾਰਸ ਨੂੰ ਜਨਮ ਦਿੱਤਾ ਸੀ। ਅਤੇ ਉਸਦਾ ਪਰਿਵਾਰ ਮਹਾਨ ਹੋ ਗਿਆ ਸੀ, ਇਸੇ ਤਰ੍ਹਾਂ ਹੀ ਯਹੋਵਾਹ ਤੈਨੂੰ, ਰੂਥ ਦੇ ਰਾਹੀਂ ਬਹੁਤ ਸਾਰੇ ਬੱਚਿਆਂ ਦੀ ਦਾਤ ਦੇਵੇ ਅਤੇ ਰੱਥ ਕਰੇ ਤੇਰਾ ਪਰਿਵਾਰ ਵੀ ਉਸੇ ਜਿਹਾ ਮਹਾਨ ਹੋਵੇ।”
13 ਇਸ ਲਈ ਬੋਅਜ਼ ਨੇ ਰੂਥ ਨਾਲ ਸ਼ਾਦੀ ਕਰ ਲਈ ਯਹੋਵਾਹ ਦੀ ਰਜ਼ਾ ਨਾਲ ਰੂਥ ਗਰਭਵਤੀ ਹੋ ਗਈ ਅਤੇ ਉਸ ਨੇ ਇੱਕ ਪੁੱਤਰ ਜਨਮਿਆ। 14 ਨਗਰ ਦੀਆਂ ਔਰਤਾਂ ਨੇ ਨਾਓਮੀ ਨੂੰ ਆਖਿਆ, “ਯਹੋਵਾਹ ਦੀ ਉਸਤਤਿ ਹੋਵੇ ਜਿਸਨੇ ਤੈਨੂੰ ਇੱਕ ਛੁਟਕਾਰਾ ਦਿਵਾਉਣ ਵਾਲੇ ਤੋਂ ਬਿਨਾ ਨਹੀਂ ਛੱਡਿਆ। ਉਹ ਇਸਰਾਏਲ ਵਿੱਚ ਪ੍ਰਸਿਧ ਹੋਵੇ ਅਤੇ ਸਤਿਕਾਰਿਆ ਜਾਵੇ। 15 ਇਹ ਤੈਨੂੰ ਫ਼ੇਰ ਜਿਉਂਦਾ ਕਰੇਗਾ ਅਤੇ ਬੁੱਢਾਪੇ ਵੇਲੇ ਤੇਰੀ ਦੇਖ-ਭਾਲ ਕਰੇਗਾ। ਤੇਰੀ ਨੂੰਹ ਨੇ ਇਸ ਨੂੰ ਸੰਭਵ ਕੀਤਾ, ਉਸ ਨੇ ਇਹ ਬੱਚਾ ਤੇਰੇ ਲਈ ਪੈਦਾ ਕੀਤਾ ਹੈ ਉਹ ਤੈਨੂੰ ਪਿਆਰ ਕਰਦੀ ਹੈ ਅਤੇ ਉਹ ਤੇਰੇ ਲਈ ਸੱਤਾਂ ਪੁੱਤਰਾਂ ਨਾਲੋਂ ਵੀ ਬਿਹਤਰ ਹੈ।”
16 ਨਾਓਮੀ ਨੇ ਬੱਚਾ ਚੁੱਕਿਆ ਆੱਪਣੇ ਹੱਥਾਂ ਵਿੱਚ ਲਿਆ ਅਤੇ ਉਸਦੀ ਦੇਖ-ਭਾਲ ਕੀਤੀ। 17 ਗੁਆਂਢੀਆਂ ਨੇ ਬੱਚੇ ਦਾ ਨਾਮ ਰੱਖ ਦਿੱਤਾ। ਇਸ ਨੂੰ ਔਰਤਾਂ ਨੇ ਆਖਿਆ, “ਨਾਓਮੀ ਕੋਲ ਹੁਣ ਇੱਕ ਪੁੱਤਰ ਹੈ।” ਅਤੇ ਉਨ੍ਹਾਂ ਨੇ ਉਸਦਾ ਨਾਮ ਓਬੇਦ ਰੱਖਿਆ। ਉਬੇਦ ਯੱਸੀ ਦਾ ਪਿਤਾ ਸੀ। ਅਤੇ ਯੱਸੀ ਰਾਜੇ ਦਾਊਦ ਦਾ ਪਿਤਾ ਸੀ।
ਰੂਥ ਅਤੇ ਬੋਅਜ਼ ਦਾ ਪਰਿਵਾਰ
18 ਫ਼ਾਰਸ, ਦੇ ਪਰਿਵਾਰ ਦਾ ਇਤਿਹਾਸ ਇਹ ਹੈ:
ਫ਼ਾਰਸ, ਹਸਰੋਨ ਦਾ ਪਿਤਾ ਸੀ।
19 ਹਸਰੋਨ, ਰਾਮ ਦਾ ਪਿਤਾ ਸੀ।
ਰਾਮ, ਅਮਿਨਦਾਬ ਦਾ ਪਿਤਾ ਸੀ।
20 ਅਮਿਨਦਾਬ, ਨਹਿਸ਼ੋਨ ਦਾ ਪਿਤਾ ਸੀ।
ਨਹਿਸ਼ੋਨ, ਸ਼ਲਮੋਨ ਦਾ ਪਿਤਾ ਸੀ।
21 ਸ਼ਲਮੋਨ, ਬੋਅਜ਼ ਦਾ ਪਿਤਾ ਸੀ।
ਬੋਅਜ਼, ਓਬੇਦ ਦਾ ਪਿਤਾ ਸੀ।
22 ਓਬੇਦ, ਯੱਸੀ ਦਾ ਪਿਤਾ ਸੀ।
ਯੱਸੀ, ਦਾਊਦ ਦਾ ਪਿਤਾ ਸੀ।
2010 by World Bible Translation Center