Beginning
ਸ਼ਿਮਓਨ ਲਈ ਧਰਤੀ
19 ਫ਼ੇਰ ਯਹੋਸ਼ੁਆ ਨੇ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਸਾਰੇ ਪਰਿਵਾਰਾਂ ਨੂੰ ਉਨ੍ਹਾਂ ਦੇ ਹਿੱਸੇ ਦੀ ਧਰਤੀ ਦਿੱਤੀ। ਜਿਹੜੀ ਧਰਤੀ ਉਨ੍ਹਾਂ ਨੂੰ ਮਿਲੀ ਉਹ ਉਸ ਇਲਾਕੇ ਦੇ ਅੰਦਰ ਸੀ ਜਿਹੜਾ ਯਹੂਦਾਹ ਦਾ ਸੀ। 2 ਉਨ੍ਹਾਂ ਨੂੰ ਇਹ ਕੁਝ ਮਿਲਿਆ: ਬਏਰਸ਼ਬਾ (ਜਿਸ ਨੂੰ ਸ਼ਬਾ ਵੀ ਆਖਿਆ ਜਾਂਦਾ ਸੀ,) ਮੋਲਾਦਾਹ, 3 ਹਸਰ ਸੂਆਲ, ਬਾਲਾਹ, ਆਮਸ, 4 ਅਲਤੋਂਲਦ, ਬਥੂਲ, ਹਾਰਮਾਹ, 5 ਸਿਕਲਾਗ, ਬੈਤ ਮਾਰਕਾਬੋਥ, ਹਸਰ ਸੂਸਾਹ, 6 ਬੈਤ ਲਬਾਓਥ ਅਤੇ ਸਾਰੂਹਨ। ਉੱਥੇ 13 ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ।
7 ਉਨ੍ਹਾਂ ਨੂੰ ਏਨ, ਰਿੰਮੋਨ, ਅਥਰ ਅਤੇ ਆਸ਼ਾਨ ਦੇ ਕਸਬੇ ਵੀ ਮਿਲੇ। ਓੱਥੇ ਚਾਰ ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ। 8 ਉਨ੍ਹਾਂ ਨੂੰ ਬਆਲਥ-ਬਏਰ (ਨੇਗੇਵ ਵਿੱਚਲੇ ਰਾਮਥ) ਤੱਕ ਦੇ ਸ਼ਹਿਰਾਂ ਦੇ ਸਾਰੇ ਖੇਤ ਵੀ ਮਿਲੇ। ਇਸ ਤਰ੍ਹਾਂ ਇਹ ਇਲਾਕਾ ਸੀ ਜਿਹੜਾ ਸ਼ਿਮਓਨ ਦੇ ਪਰਿਵਾਰ-ਸਮੂਹ ਨੂੰ ਮਿਲਿਆ ਸੀ। ਹਰ ਪਰਿਵਾਰ ਨੂੰ ਆਪਣੀ ਧਰਤੀ ਮਿਲੀ। 9 ਸ਼ਿਮਓਨ ਦੀ ਧਰਤੀ ਦਾ ਹਿੱਸਾ ਉਸ ਇਲਾਕੇ ਵਿੱਚ ਸੀ ਜਿਹੜਾ ਯਹੂਦਾਹ ਨੂੰ ਮਿਲਿਆ ਸੀ। ਯਹੂਦਾਹ ਦੇ ਲੋਕਾਂ ਨੂੰ ਆਪਣੀ ਲੋੜ ਨਾਲੋਂ ਵੱਧੇਰੇ ਧਰਤੀ ਮਿਲੀ ਸੀ, ਇਸ ਲਈ ਸ਼ਿਮਓਨ ਦੇ ਲੋਕਾਂ ਨੂੰ ਉਨ੍ਹਾਂ ਦੀ ਧਰਤੀ ਵਿੱਚੋਂ ਇੱਕ ਹਿੱਸਾ ਮਿਲਿਆ ਸੀ।
ਜ਼ਬੂਲੁਨ ਲਈ ਧਰਤੀ
10 ਅਗਲਾ ਪਰਿਵਾਰ-ਸਮੂਹ, ਜਿਸਨੇ ਆਪਣੀ ਧਰਤੀ ਹਾਸਿਲ ਕੀਤੀ, ਜ਼ਬੂਲੁਨ ਸੀ। ਜ਼ਬੂਲੁਨ ਦੇ ਹਰ ਪਰਿਵਾਰ ਨੂੰ ਉਹ ਧਰਤੀ ਮਿਲੀ ਜਿਸਦਾ ਉਨ੍ਹਾਂ ਨੂੰ ਇਕਰਾਰ ਕੀਤਾ ਗਿਆ ਸੀ। ਜ਼ਬੂਲੁਨ ਦੀ ਸਰਹੱਦ ਸਰੀਦ ਤੱਕ ਜਾਂਦੀ ਸੀ। 11 ਫ਼ੇਰ ਸਰਹੱਦ ਪੱਛਮ ਵੱਲ ਮਰਾਲਾਹ ਤੱਕ ਚਲੀ ਗਈ ਸੀ ਜਿਹੜੀ ਦੱਬਾਸ਼ਬ ਨੂੰ ਛੂੰਹਦੀ ਸੀ। ਫ਼ੇਰ ਸਰਹੱਦ ਯਾਕਨੁਆਮ ਦੇ ਨੇੜੇ ਦੀ ਘਾਟੀ ਦੇ ਨਾਲ-ਨਾਲ ਚਲੀ ਗਈ ਸੀ। 12 ਫ਼ੇਰ ਸਰਹੱਦ ਪੂਰਬ ਵੱਲ ਮੁੜਦੀ ਸੀ। ਇਹ ਸ਼ਹਿਰ ਤੋਂ ਕਿਸਲੋਥ ਤਾਬੋਰ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਅੱਗੇ ਦਾਬਰਥ ਅਤੇ ਯਾਫ਼ੀਆਂ ਤੱਕ ਚਲੀ ਗਈ ਸੀ। 13 ਫ਼ੇਰ ਸਰਹੱਦ ਗਿੱਤਾ ਹੇਫ਼ਰ ਅਤੇ ਇੱਤਾਕਾਸੀਨ ਤੱਕ ਪੂਰਬ ਵੱਲ ਨੂੰ ਚਲੀ ਜਾਂਦੀ ਸੀ। ਸਰਹੱਦ ਰਿਂਮੋਨ ਤੇ ਖਤਮ ਹੁੰਦੀ ਸੀ। ਫ਼ੇਰ ਸਰਹੱਦ ਮੁੜ ਜਾਂਦੀ ਸੀ ਅਤੇ ਨੇਆਹ ਵੱਲ ਜਾਂਦੀ ਸੀ। 14 ਨੇਆਹ ਉੱਤੇ ਸਰਹੱਦ ਫ਼ੇਰ ਮੁੜ ਜਾਂਦੀ ਸੀ ਅਤੇ ਉੱਤਰ ਵੱਲ ਹਨਾਥੋਨ ਨੂੰ ਜਾਂਦੀ ਸੀ ਅਤੇ ਯਿੱਫ਼ਤਰ ਏਲ ਦੀ ਵਾਦੀ ਤੱਕ ਜਾਂਦੀ ਰਹਿੰਦੀ ਸੀ। 15 ਇਸ ਸਰਹੱਦ ਦੇ ਅੰਦਰ ਕੱਟਾਥ, ਨਹਲਾਲ, ਸ਼ਿਮਰੋਨ, ਯਿਦਲਾਹ ਅਤੇ ਬੈਤਲਹਮ ਦੇ ਸ਼ਹਿਰ ਆ ਜਾਂਦੇ ਸਨ। ਕੁੱਲ ਮਿਲਾ ਕੇ, ਇੱਥੇ ਬਾਰਾਂ ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ।
16 ਇਸ ਤਰ੍ਹਾਂ ਇਹ ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ ਜਿਹੜੇ ਜ਼ਬੂਲੁਨ ਨੂੰ ਦਿੱਤੇ ਗਏ ਸਨ। ਜ਼ਬੂਲੁਨ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ।
ਯਿੱਸਾਕਾਰ ਲਈ ਧਰਤੀ
17 ਧਰਤੀ ਦਾ ਚੌਥਾ ਹਿੱਸਾ ਯਿੱਸਾਕਾਰ ਦੇ ਪਰਿਵਾਰ-ਸਮੂਹ ਨੂੰ ਦਿੱਤਾ ਗਿਆ। ਇਹ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ। 18 ਜਿਹੜੀ ਧਰਤੀ ਇਸ ਪਰਿਵਾਰ-ਸਮੂਹ ਨੂੰ ਦਿੱਤੀ ਗਈ ਉਹ ਇਹ ਸੀ: ਯਿਜ਼ਰਾਏਲ, ਕਸੂਲੋਥ, ਸੂਨੇਮ, 19 ਹਫ਼ਾਰਈਮ, ਸ਼ੀਓਨ, ਅਨਾਹਰਾਥ, 20 ਰੰਬੀਥ, ਕਿਸ਼ਯੋਨ, ਆਬਸ, 21 ਰਮਥ, ਏਨ ਗਨੀਮ, ਏਨ ਹੱਦਦ ਅਤੇ ਬੈਤ ਪੱਸੇਸ।
22 ਉਨ੍ਹਾਂ ਦੀ ਧਰਤੀ ਦੀ ਸਰਹੱਦ, ਤਾਬੋਰ, ਸਾਹਸੀਮਾਹ ਅਤੇ ਬੈਤ ਸ਼ਮਸ਼ ਨੂੰ ਛੂੰਹਦੀ ਸੀ। ਸਰਹੱਦ ਯਰਦਨ ਨਦੀ ਉੱਤੇ ਮੁੱਕਦੀ ਸੀ। ਕੁੱਲ ਮਿਲਾ ਕੇ ਇੱਥੇ 16 ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਖੇਤ ਸਨ। 23 ਇਹ ਸ਼ਹਿਰ ਅਤੇ ਕਸਬੇ ਉਸ ਧਰਤੀ ਦਾ ਹਿੱਸਾ ਸਨ ਜਿਹੜੀ ਯਿੱਸਾਕਾਰ ਦੇ ਪਰਿਵਾਰ-ਸਮੂਹ ਨੂੰ ਦਿੱਤੀ ਗਈ ਸੀ! ਪਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ ਸੀ।
ਆਸ਼ੇਰ ਲਈ ਧਰਤੀ
24 ਧਰਤੀ ਦਾ ਪੰਜਵਾਂ ਹਿੱਸਾ ਆਸ਼ੇਰ ਦੇ ਪਰਿਵਾਰ-ਸਮੂਹ ਨੂੰ ਦਿੱਤਾ ਗਿਆ। ਉਹ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਵਿੱਚੋਂ ਆਪਣਾ ਹਿੱਸਾ ਮਿਲਿਆ। 25 ਉਸ ਪਰਿਵਾਰ-ਸਮੂਹ ਨੂੰ ਦਿੱਤੀ ਗਈ ਧਰਤੀ ਇਹ ਸੀ: ਹਲਕਥ, ਹਲੀ, ਬਟਨ, ਅਕਸ਼ਾਫ਼, 26 ਅਲੀਮਲਕ, ਅਮਾਦ ਅਤੇ ਮਿਸ਼ਾਲ।
ਪੱਛਮੀ ਸਰਹੱਦ ਕਰਮਲ ਪਰਬਤ ਅਤੇ ਸ਼ੀਹੋਰ ਲਿਬਨਾਥ ਤੱਕ ਚਲੀ ਗਈ ਸੀ। 27 ਫ਼ੇਰ ਸਰਹੱਦ ਪੂਰਬ ਵੱਲ ਮੁੜ ਗਈ ਸੀ। ਸਰਹੱਦ ਬੈਤ ਦਾਗੋਨ ਨੂੰ ਜਾਂਦੀ ਸੀ ਸਰਹੱਦ ਜ਼ਬੂਲੁਨ ਅਤੇ ਯਿੱਫ਼ਤਾਏਲ ਦੀ ਵਾਦੀ ਨੂੰ ਛੂੰਹਦੀ ਸੀ। ਫ਼ੇਰ ਸਰਹੱਦ ਉੱਤਰ ਵੱਲ ਬੈਤ ਏਮਕ ਨਈਏਲ ਤੱਕ ਜਾਂਦੀ ਸੀ। ਸਰਹੱਦ ਕਬੂਲ ਦੇ ਉੱਤਰ ਵੱਲੋਂ ਲੰਘਦੀ ਸੀ। 28 ਫ਼ੇਰ ਸਰਹੱਦ ਅਬਰੋਨ, ਰਹੋਬ, ਹੰਮੋਨ ਅਤੇ ਕਾਨਾਹ ਨੂੰ ਜਾਂਦੀ ਸੀ। ਸਰਹੱਦ ਵਡੇਰੇ ਸੀਦੋਨ ਇਲਾਕੇ ਵੱਲ ਚਲੀ ਗਈ ਸੀ। 29 ਫ਼ੇਰ ਸਰਹੱਦ ਵਾਪਸ ਦੱਖਣ ਵੱਲ ਰਾਮਾਹ ਨੂੰ ਜਾਂਦੀ ਸੀ। ਸਰਹੱਦ ਟਾਰੇ ਦੇ ਮਜ਼ਬੂਤ ਸ਼ਹਿਰ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਮੁੜ ਜਾਂਦੀ ਸੀ ਅਤੇ ਹੋਸਾਹ ਨੂੰ ਜਾਂਦੀ ਸੀ। ਸਰਹੱਦ ਅਕਜ਼ੀਬ, 30 ਉੱਮਾਹ, ਅਫ਼ੇਕ ਅਤੇ ਰਹੋਬ ਨੇੜੇ ਸਮੁੰਦਰ ਕੰਢੇ ਜਾਕੇ ਮੁਕਦੀ ਸੀ।
ਕੁੱਲ ਮਿਲਾ ਕੇ ਇੱਥੇ 22 ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ। 31 ਇਹ ਸ਼ਹਿਰ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਆਸ਼ੇਰ ਦੇ ਪਰਿਵਾਰ-ਸਮੂਹ ਨੂੰ ਦਿੱਤੇ ਗਏ ਸਨ। ਉਸ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ ਸੀ।
ਨਫ਼ਤਾਲੀ ਲਈ ਧਰਤੀ
32 ਧਰਤੀ ਦਾ ਛੇਵਾਂ ਹਿੱਸਾ ਨਫ਼ਤਾਲੀ ਦੇ ਪਰਿਵਾਰ-ਸਮੂਹ ਨੂੰ ਦਿੱਤਾ ਗਿਆ ਸੀ। ਉਸ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪਣਾ ਹਿੱਸਾ ਮਿਲਿਆ। 33 ਉਨ੍ਹਾਂ ਦੀ ਧਰਤੀ ਦੀ ਸਰਹੱਦ ਸਆਨੰਨੀਮ ਨੇੜੇ ਇੱਕ ਵੱਡੇ ਰੁੱਖ ਤੋਂ ਸ਼ੁਰੂ ਹੁੰਦੀ ਸੀ। ਇਹ ਹਲਫ਼ ਦੇ ਨੇੜੇ ਹੈ। ਫ਼ੇਰ ਸਰਹੱਦ ਅਦਾਮੀ ਨਕਬ ਅਤੇ ਯਬਨਏਲ ਵਿੱਚੋਂ ਲੰਘਦੀ ਸੀ। ਸਰਹੱਦ ਲੱਕੂਮ ਤੱਕ ਜਾਰੀ ਰਹਿੰਦੀ ਸੀ ਅਤੇ ਯਰਦਨ ਨਦੀ ਤੇ ਆਕੇ ਮੁੱਕਦੀ ਸੀ। 34 ਫ਼ੇਰ ਸਰਹੱਦ ਅਜ਼ਨੋਥ ਤਾਬੋਰ ਵਿੱਚੋਂ ਹੁੰਦੀ ਹੋਈ ਪੱਛਮ ਵੱਲ ਚਲੀ ਗਈ ਸੀ। ਸਰਹੱਦ ਹੁੱਕੋਕ ਉੱਤੇ ਆਕੇ ਰੁਕ ਜਾਂਦੀ ਸੀ। ਦੱਖਣੀ ਸਰਹੱਦ ਜ਼ਬੂਲੁਨ ਨੂੰ ਛੂੰਹਦੀ ਸੀ ਅਤੇ ਪੱਛਮੀ ਸਰਹੱਦ ਆਸ਼ੇਰ ਨੂੰ ਛੂੰਹਦੀ ਸੀ। ਸਰਹੱਦ ਪੂਰਬ ਵੱਲ ਯਰਦਨ ਨਦੀ ਕੰਢੇ ਯਹੂਦਾਹ ਨੂੰ ਜਾਂਦੀ ਸੀ। 35 ਇਨ੍ਹਾਂ ਸਰਹੱਦਾਂ ਦੇ ਅੰਦਰ ਕੁਝ ਬਹੁਤ ਮਜ਼ਬੂਤ ਸ਼ਹਿਰ ਸਨ। ਉਹ ਸ਼ਹਿਰ ਸਨ ਸਿੱਦੀਮ, ਸੇਰ, ਹੰਮਥ, ਰਕੱਥ, ਕਿੰਨਾਰਥ, 36 ਅਦਾਮਾਹ, ਰਾਮਾਹ, ਹਾਸੋਰ 37 ਕਦਸ਼, ਅੰਦਰਈ, ਏਨ ਹਾਸੋਰ, 38 ਯਿਰੋਨ, ਮਿਗਦਲਏਲ, ਹਾਰੇਮ, ਬੈਤ ਅਨਾਥ ਅਤੇ ਬੈਤ ਸ਼ਮਸ਼। ਕੁੱਲ ਮਿਲਾ ਕੇ 19 ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ।
39 ਇਹ ਸ਼ਹਿਰ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਨਫ਼ਤਾਲੀ ਦੇ ਪਰਿਵਾਰ-ਸਮੂਹ ਨੂੰ ਦਿੱਤੇ ਗਏ ਸਨ। ਉਸ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ।
ਦਾਨ ਲਈ ਧਰਤੀ
40 ਫ਼ੇਰ ਧਰਤੀ ਦਾਨ ਦੇ ਪਰਿਵਾਰ-ਸਮੂਹ ਨੂੰ ਦਿੱਤੀ ਗਈ। ਉਸ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪਣਾ ਹਿੱਸਾ ਮਿਲਿਆ। 41 ਉਨ੍ਹਾਂ ਨੂੰ ਦਿੱਤੀ ਗਈ ਧਰਤੀ ਇਹ ਸੀ: ਸਾਰਾਹ, ਅਸ਼ਤਾਓਲ, ਇਰਸ਼ਮਸ਼, 42 ਸ਼ਆਲੱਬੀਨ, ਅਯਾਲੋਨ, ਯਿਥਲਾਹ, 43 ਏਲੋਨ, ਤਿਮਨਾਥਾਹ, ਅਕਰੋਨ, 44 ਅਲਤਕੇਹ, ਗਿਬਥੋਨ, ਬਆਲਾਥ, 45 ਯਿਹੁਦ, ਬਨੇ-ਬਰਕ, ਗਾਥ ਰਿੰਮੋਨ, 46 ਮੇ ਯਰਕੋਨ, ਅਤੇ ਯਾਫ਼ੋ ਦੇ ਨੇੜੇ ਦਾ ਇਲਾਕਾ।
47 ਪਰ ਦਾਨ ਪਰਿਵਾਰ-ਸਮੂਹ ਦੇ ਸਦੱਸਾਂ ਨੇ ਆਪਣੀ ਧਰਤੀ ਗੁਆ ਲਈ। ਉੱਥੇ ਤਾਕਤਵਰ ਦੁਸ਼ਮਨ ਸਨ ਅਤੇ ਦਾਨ ਦੇ ਲੋਕ ਉਨ੍ਹਾਂ ਨੂੰ ਆਸਾਨੀ ਨਾਲ ਹਰਾ ਨਹੀਂ ਸੱਕਦੇ ਸਨ। ਇਸ ਲਈ ਉਹ ਇਸਰਾਏਲ ਦੇ ਉੱਤਰੀ ਹਿੱਸੇ ਵੱਲ ਗਏ ਅਤੇ ਲਾਈਸ਼ ਦੇ ਖਿਲਾਫ਼ ਲੜੇ ਉਨ੍ਹਾਂ ਨੇ ਲਾਈਸ਼ ਨੂੰ ਹਰਾ ਦਿੱਤਾ ਅਤੇ ਉੱਥੇ ਰਹਿੰਦੇ ਲੋਕਾਂ ਨੂੰ ਮਾਰ ਦਿੱਤਾ। ਫ਼ੇਰ ਉਨ੍ਹਾਂ ਨੇ ਉਸ ਜਗ਼੍ਹਾ ਦਾ ਨਾਮ ਦਾਨ ਰੱਖ ਦਿੱਤਾ ਕਿਉਂਕਿ ਇਹ ਉਨ੍ਹਾਂ ਦੇ ਪੁਰਖਿਆਂ ਦੇ ਪਰਿਵਾਰ ਦਾ ਨਾਮ ਸੀ। 48 ਇਹ ਸਾਰੇ ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਦਾਨ ਦੇ ਪਰਿਵਾਰ-ਸਮੂਹ ਨੂੰ ਦਿੱਤੇ ਗਏ। ਹਰ ਪਰਿਵਾਰ ਨੂੰ ਧਰਤੀ ਵਿੱਚੋਂ ਆਪਣਾ ਹਿੱਸਾ ਮਿਲਿਆ।
ਯਹੋਸ਼ੁਆ ਲਈ ਧਰਤੀ
49 ਇਸ ਤਰ੍ਹਾਂ ਆਗੂਆਂ ਨੇ ਧਰਤੀ ਨੂੰ ਵੰਡਣ ਅਤੇ ਇਸ ਨੂੰ ਭਿੰਨ-ਭਿੰਨ ਪਰਿਵਾਰ-ਸਮੂਹਾਂ ਨੂੰ ਦੇਣ ਦਾ ਕੰਮ ਮੁਕਾ ਲਿਆ। ਸਾਰਾ ਕੰਮ ਮੁਕਾ ਲੈਣ ਤੋਂ ਬਾਦ ਇਸਰਾਏਲ ਦੇ ਲੋਕਾਂ ਨੇ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਵੀ ਧਰਤੀ ਦਾ ਕੁਝ ਹਿੱਸਾ ਦੇਣ ਦਾ ਨਿਆਂ ਕੀਤਾ। ਇਹ ਉਹ ਧਰਤੀ ਸੀ ਜਿਸਦਾ ਉਸ ਦੇ ਲਈ ਇਕਰਾਰ ਕੀਤਾ ਗਿਆ ਸੀ। 50 ਯਹੋਵਾਹ ਨੇ ਆਦੇਸ਼ ਦਿੱਤਾ ਸੀ ਕਿ ਉਸ ਨੂੰ ਇਹ ਧਰਤੀ ਮਿਲੇ। ਇਸ ਲਈ ਉਨ੍ਹਾਂ ਨੇ ਅਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਤਿਮਨਾਥਾਹ ਸਰਹ ਦਾ ਕਸਬਾ ਯਹੋਸ਼ੁਆ ਨੂੰ ਦਿੱਤਾ। ਇਹ ਉਹੀ ਕਸਬਾ ਸੀ ਜਿਸ ਬਾਰੇ ਯਹੋਸ਼ੁਆ ਨੇ ਆਖਿਆ ਸੀ ਕਿ ਉਹ ਇਸ ਨੂੰ ਲੈਣ ਚਾਹੁੰਦਾ ਹੈ ਇਸ ਲਈ ਯਹੋਸ਼ੁਆ ਨੇ ਕਸਬੇ ਨੂੰ ਵੱਧੇਰੇ ਮਜ਼ਬੂਤ ਬਣਾਇਆ ਅਤੇ ਉੱਥੇ ਰਹਿਣ ਲੱਗਾ।
51 ਇਸ ਤਰ੍ਹਾਂ ਇਹ ਸਾਰੀਆਂ ਧਰਤੀਆਂ ਇਸਰਾਏਲ ਦੇ ਭਿੰਨ-ਭਿੰਨ ਪਰਿਵਾਰ-ਸਮੂਹਾਂ ਨੂੰ ਦਿੱਤੀਆਂ ਗਈਆਂ। ਜਾਜਕ ਅਲਆਜ਼ਾਰ, ਨੂਨ ਦਾ ਪੁੱਤਰ ਯਹੋਸ਼ੁਆ ਅਤੇ ਹਰੇਕ ਪਰਿਵਾਰ-ਸਮੂਹ ਦੇ ਸਾਰੇ ਆਗੂ ਧਰਤੀ ਵੰਡਣ ਲਈ ਸ਼ੀਲੋਹ ਵਿਖੇ ਇਕੱਠੇ ਹੋਏ। ਉਹ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਯਹੋਵਾਹ ਦੇ ਸਾਹਮਣੇ ਇਕੱਠੇ ਹੋਏ। ਇਸ ਤਰ੍ਹਾਂ ਉਨ੍ਹਾਂ ਨੇ ਧਰਤੀ ਵੰਡਣ ਦਾ ਕੰਮ ਮੁਕਾਇਆ।
ਸੁਰੱਖਿਆ ਦੇ ਸ਼ਹਿਰ
20 ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ: 2 “ਆਪਣੇ ਲਈ ਸੁਰੱਖਿਆ ਦੇ ਸ਼ਹਿਰ ਚੁਣੋ ਜਿਨ੍ਹਾਂ ਬਾਰੇ ਮੈਂ ਮੂਸਾ ਰਾਹੀਂ ਤੇਰੇ ਨਾਲ ਬੋਲਿਆ ਸੀ। 3 ਜੇ ਕੋਈ ਬੰਦਾ ਕਿਸੇ ਦੂਸਰੇ ਬੰਦੇ ਨੂੰ ਮਾਰ ਦਿੰਦਾ ਹੈ, ਪਰ ਇਹ ਇੱਕ ਦੁਰਘਟਨਾ ਹੀ ਹੈ, ਅਤੇ ਉਸ ਨੇ ਉਸ ਬੰਦੇ ਨੂੰ ਮਾਰਨਾ ਨਹੀਂ ਸੀ ਚਾਹਿਆ, ਤਾਂ ਉਹ ਉਨ੍ਹਾਂ ਰਿਸ਼ਤੇਦਾਰਾਂ ਤੋਂ ਛੁਪਣ ਲਈ, ਸੁਰੱਖਿਅਤ ਸ਼ਹਿਰ ਵਿੱਚ ਜਾ ਸੱਕਦਾ ਹੈ, ਜਿਹੜੇ ਉਸ ਨੂੰ ਮਾਰਨਾ ਚਾਹੁੰਦੇ ਸਨ।
4 “ਉਸ ਬੰਦੇ ਨੂੰ ਇਹ ਗੱਲ ਅਵੱਸ਼ ਕਰਨੀ ਚਾਹੀਦੀ ਹੈ। ਜਦੋਂ ਉਹ ਭੱਜ ਕੇ ਉਨ੍ਹਾਂ ਸੁਰੱਖਿਅਤ ਸ਼ਹਿਰਾਂ ਵਿੱਚੋਂ ਕਿਸੇ ਇੱਕ ਵਿੱਚ ਜਾਵੇ ਤਾਂ ਉਸ ਨੂੰ ਸ਼ਹਿਰ ਦੇ ਪ੍ਰਵੇਸ਼ ਉੱਤੇ ਜ਼ਰੂਰ ਖੜ੍ਹਾ ਹੋ ਜਾਣਾ ਚਾਹੀਦਾ ਹੈ। ਉਸ ਨੂੰ ਦਰਵਾਜ਼ੇ ਉੱਤੇ ਖਲੋ ਜਾਣਾ ਚਾਹੀਦਾ ਹੈ ਅਤੇ ਲੋਕਾਂ ਦੇ ਆਗੂਆਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਵਾਪਰਿਆ ਸੀ। ਫ਼ੇਰ ਆਗੂ ਉਸ ਨੂੰ ਸ਼ਹਿਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇ ਸੱਕਦੇ ਹਨ। ਉਹ ਉਸ ਨੂੰ ਆਪਣੇ ਵਿੱਚਕਾਰ ਰਹਿਣ ਦੀ ਜਗ਼੍ਹਾ ਦੇਣਗੇ। 5 ਪਰ ਜੇਕਰ ਬਦਲੇ ਦੀ ਝਾਕ ਰੱਖਣ ਵਾਲਾ ਆਦਮੀ ਸ਼ਹਿਰ ਅੰਦਰ ਉਸਦਾ ਪਿੱਛਾ ਕਰਦਾ ਹੈ, ਤਾਂ ਉਸ ਸ਼ਹਿਰ ਦੇ ਆਗੂਆਂ ਨੂੰ, ਉਸ ਨੂੰ ਉਸ ਵਿਅਕਤੀ ਦੇ ਹਵਾਲੇ ਨਹੀਂ ਕਰਨਾ ਚਾਹੀਦਾ, ਕਿਉਂਕਿ ਉਸ ਨੇ ਦੁਰਘਟਨਾ ਵਸ਼ ਅਤੇ ਬਿਨਾ ਕਿਸੇ ਬੁਰੇ ਮੰਤਵ ਤੋਂ ਕਿਸੇ ਨੂੰ ਮਾਰਿਆ ਹੈ। 6 ਉਸ ਬੰਦੇ ਨੂੰ ਉਦੋਂ ਤੀਕ ਸ਼ਹਿਰ ਵਿੱਚ ਰਹਿਣਾ ਚਾਹੀਦਾ ਹੈ ਜਦੋਂ ਤੱਕ ਕਿ ਉਸ ਸ਼ਹਿਰ ਦੀ ਕਚਿਹਰੀ ਵਿੱਚ ਉਸ ਬਾਰੇ ਨਿਆਂ ਨਾ ਕੀਤਾ ਜਾਵੇ। ਅਤੇ ਉਸ ਨੂੰ ਉਸ ਸ਼ਹਿਰ ਵਿੱਚ ਉਦੋਂ ਤੱਕ ਰਹਿਣਾ ਚਾਹੀਦਾ ਹੈ ਜਦੋਂ ਤੱਕ ਕਿ ਪ੍ਰਧਾਨ ਜਾਜਕ ਮਰ ਨਹੀਂ ਜਾਂਦਾ। ਫ਼ੇਰ ਉਹ ਆਪਸ ਆਪਣੇ ਘਰ ਆਪਣੇ ਉਸ ਸ਼ਹਿਰਾਂ ਵਿੱਚ ਜਾ ਸੱਕਦਾ ਹੈ ਜਿੱਥੇ ਉਹ ਭੱਜ ਕੇ ਆਇਆ ਸੀ।”
7 ਇਸ ਲਈ ਇਸਰਾਏਲ ਦੇ ਲੋਕਾਂ ਨੇ ਕੁਝ ਸ਼ਹਿਰ ਦੀ “ਸੁਰੱਖਿਅਤ ਸ਼ਹਿਰਾਂ” ਵਜੋਂ ਚੋਣ ਕੀਤੀ। ਇਹ ਸ਼ਹਿਰ ਸਨ: ਨਫ਼ਤਾਲੀ ਦੇ ਪਹਾੜੀ ਇਲਾਕੇ ਵਿੱਚ ਸਨ ਗਲੀਲ ਵਿੱਚਾ ਕਦਸ਼; ਅਫ਼ਰਾਈਮ ਦੇ ਪਹਾੜੀ ਇਲਾਕੇ ਵਿੱਚਲਾ ਸ਼ਕਮ; ਯਹੂਦਾਹ ਦੇ ਪਹਾੜੀ ਇਲਾਕੇ ਵਿੱਚਲਾ ਕਿਰਯਥ ਅਰਬਾ (ਹਬਰੋਨ)।
8 ਰਊਬੇਨ ਦੀ ਧਰਤੀ ਉੱਤੇ ਮਾਰੂਥਲ ਦੇ ਇਲਾਕੇ ਵਿੱਚ ਯਰੀਹੋ ਦੇ ਸਾਹਮਣੇ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਦਾ, ਬਸਰ; ਗਾਦ ਦੀ ਧਰਤੀ ਉੱਤੇ, ਗਿਲਆਦ ਵਿੱਚਲਾ ਰਾਮੋਥ; ਮਨੱਸ਼ਹ ਦੀ ਧਰਤੀ ਉੱਤੇ, ਬਾਸ਼ਾਨ ਵਿੱਚਲਾ ਗੋਲਨ।
9 ਕੋਈ ਵੀ ਇਸਰਾਏਲੀ ਜਾਂ ਉਨ੍ਹਾਂ ਦੇ ਵਿੱਚਕਾਰ ਰਹਿਣ ਵਾਲਾ ਉਹ ਵਿਦੇਸ਼ੀ ਜਿਸਨੇ ਦੁਰਘਟਨਾ ਵਸ਼ ਕਿਸੇ ਬੰਦੇ ਨੂੰ ਮਾਰ ਦਿੱਤਾ ਸੀ, ਉਸ ਨੂੰ ਇਨ੍ਹਾਂ ਸੁਰੱਖਿਅਤ ਸ਼ਹਿਰਾਂ ਵਿੱਚੋਂ ਕਿਸੇ ਇੱਕ ਵੱਲ ਭੱਜ ਜਾਣ ਦੀ ਇਜਾਜ਼ਤ ਸੀ। ਫ਼ੇਰ ਉਹ ਬੰਦਾ ਉੱਥੇ ਸੁਰੱਖਿਅਤ ਹੋ ਸੱਕਦਾ ਸੀ ਅਤੇ ਕਿਸੇ ਅਜਿਹੇ ਬੰਦੇ ਵੱਲੋਂ ਮਾਰਿਆ ਨਹੀਂ ਜਾ ਸੱਕਦਾ ਸੀ ਜਿਹੜਾ ਉਸਦਾ ਪਿੱਛਾ ਕਰ ਰਿਹਾ ਹੋਵੇ! ਉਸ ਬੰਦੇ ਬਾਰੇ ਸ਼ਹਿਰ ਦੀ ਕਚਿਹਰੀ ਵਿੱਚ ਨਿਆਂ ਹੋਣਾ ਸੀ।
ਲੇਵੀਆਂ ਅਤੇ ਜਾਜਕਾਂ ਲਈ ਸ਼ਹਿਰ
21 ਲੇਵੀ ਪਰਿਵਾਰ-ਸਮੂਹ ਦੇ ਸ਼ਾਸਕ, ਜਾਜਕ ਅਲਆਜ਼ਾਰ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਸਰਾਏਲ ਦੇ ਹੋਰਨਾ ਪਰਿਵਾਰ-ਸਮੂਹਾਂ ਦੇ ਆਗੂਆਂ ਕੋਲ ਗੱਲ ਕਰਨ ਲਈ ਗਏ। 2 ਇਹ ਗੱਲ ਕਨਾਨ ਦੀ ਧਰਤੀ ਉੱਤੇ ਸ਼ੀਲੋਹ ਕਸਬੇ ਵਿੱਚ ਵਾਪਰੀ। ਲੇਵੀ ਹਾਕਮਾਂ ਨੇ ਉਨ੍ਹਾਂ ਨੂੰ ਆਖਿਆ, “ਯਹੋਵਾਹ ਨੇ ਮੂਸਾ ਨੂੰ ਇੱਕ ਆਦੇਸ਼ ਦਿੱਤਾ ਸੀ। ਉਸ ਨੇ ਆਦੇਸ਼ ਦਿੱਤਾ ਸੀ ਕਿ ਤੁਸੀਂ ਸਾਨੂੰ ਰਹਿਣ ਵਾਸਤੇ ਕਸਬੇ ਦੇਵੋਂਗੇ। ਅਤੇ ਉਸ ਨੇ ਆਦੇਸ਼ ਦਿੱਤਾ ਸੀ ਕਿ ਤੁਸੀਂ ਸਾਨੂੰ ਸਾਡੇ ਜਾਨਵਰਾਂ ਦੇ ਚਰਨ ਵਾਸਤੇ ਖੇਤ ਦੇਵੋਂਗੇ।” 3 ਇਸ ਲਈ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਦੇ ਇਸ ਆਦੇਸ਼ ਨੂੰ ਮੰਨਿਆ। ਉਨ੍ਹਾਂ ਨੇ ਲੇਵੀ ਲੋਕਾਂ ਨੂੰ ਇਹ ਕਸਬੇ ਅਤੇ ਉਨ੍ਹਾਂ ਦੇ ਜਾਨਵਰਾਂ ਲਈ ਆਲੇ-ਦੁਆਲੇ ਦੇ ਖੇਤ ਦਿੱਤੇ:
4 ਕਹਾਥ ਪਰਿਵਾਰ ਵਾਲੇ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਜਾਜਕ ਹਾਰੂਨ ਦੇ ਉੱਤਰਾਧਿਕਾਰੀ ਸਨ। ਕਹਾਥ ਪਰਿਵਾਰ ਦੇ ਇੱਕ ਹਿੱਸੇ ਨੂੰ, ਉਨ੍ਹਾਂ ਇਲਾਕਿਆਂ ਵਿੱਚ 13 ਕਸਬੇ ਦਿੱਤੇ ਗਏ, ਜਿਹੜੇ ਯਹੂਦਾਹ, ਸ਼ਿਮਓਨ ਅਤੇ ਬਿਨਯਾਮੀਨ ਦੀ ਮਾਲਕੀ ਹੇਠਾਂ ਸਨ।
5 ਹੋਰਨਾ ਕਹਾਥ ਪਰਿਵਾਰਾਂ ਨੂੰ ਦਸ ਕਸਬੇ ਉਨ੍ਹਾਂ ਇਲਾਕਿਆਂ ਅੰਦਰ ਦਿੱਤੇ ਗਏ ਜਿਹੜੇ ਅਫ਼ਰਾਈਮ, ਦਾਨ ਅਤੇ ਅੱਧੇ ਮਨੱਸ਼ਹ ਦੀ ਮਾਲਕੀ ਹੇਠਾਂ ਸਨ।
6 ਗੇਰਸ਼ੋਨ ਪਰਿਵਾਰ ਦੇ ਲੋਕਾਂ ਨੂੰ 13 ਕਸਬੇ ਦਿੱਤੇ ਗਏ। ਇਹ ਕਸਬੇ ਉਨ੍ਹਾਂ ਇਲਾਕਿਆਂ ਵਿੱਚ ਸਨ ਜਿਹੜੇ ਯਿੱਸਾਕਾਰ, ਆਸ਼ੇਰ, ਨਫ਼ਤਾਲੀ ਅਤੇ ਬਾਸ਼ਾਨ ਵਿੱਚਲੇ ਅੱਧੇ ਮਨੱਸ਼ਹ ਦੀ ਮਾਲਕੀ ਹੇਠਾਂ ਸਨ।
7 ਮਰਾਰੀ ਪਰਿਵਾਰ ਦੇ ਲੋਕਾਂ ਨੂੰ ਬਾਰਾਂ ਕਸਬੇ ਦਿੱਤੇ ਗਏ। ਇਹ ਬਾਰਾਂ ਕਸਬੇ ਉਨ੍ਹਾਂ ਇਲਾਕਿਆਂ ਵਿੱਚ ਆਉਂਦੇ ਸਨ ਜਿਹੜੇ ਰਊਬੇਨ, ਗਾਦ ਅਤੇ ਜ਼ਬੂਲੁਨ ਦੀ ਮਾਲਕੀ ਹੇਠਾਂ ਸਨ।
8 ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਲੇਵੀ ਲੋਕਾਂ ਨੂੰ, ਜਿਵੇਂ ਕਿ ਯਹੋਵਾਹ ਨੇ ਮੂਸਾ ਨੂੰ ਆਖਿਆ ਸੀ, ਇਹ ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਦੇ ਦਿੱਤੇ।
9 ਉਨ੍ਹਾਂ ਕਸਬਿਆਂ ਦੇ ਨਾਮ, ਜਿਹੜੇ ਯਹੂਦਾਹ ਅਤੇ ਸ਼ਿਮਓਨ ਦੀ ਮਾਲਕੀ ਹੇਠਲੇ ਇਲਾਕਿਆਂ ਵਿੱਚ ਸਨ, ਇਹ ਹਨ। 10 ਕਸਬਿਆਂ ਦੀ ਚੋਣ ਕਰਨ ਦਾ ਪਹਿਲਾ ਹੱਕ ਕਹਾਥ ਪਰਿਆਰ ਦੇ ਲੇਵੀਆਂ ਨੂੰ ਦਿੱਤਾ ਗਿਆ। 11 ਉਨ੍ਹਾਂ ਨੇ ਉਨ੍ਹਾਂ ਨੂੰ ਕਿਰਯਥ ਅਰਬਾ ਦਿੱਤਾ (ਇਹ ਹਬਰੋਨ ਹੈ। ਇਸਦਾ ਨਾਮ ਅਰਬਾ ਨਾਮ ਦੇ ਆਦਮੀ ਉੱਤੇ ਰੱਖਿਆ ਗਿਆ ਸੀ। ਅਰਬਾ ਅਨੋਕ ਦਾ ਪਿਉ ਸੀ।) ਉਨ੍ਹਾਂ ਨੇ ਉਨ੍ਹਾਂ ਦੇ ਜਾਨਵਰਾਂ ਲਈ ਕਸਬੇ ਦੇ ਨਜ਼ਦੀਕ ਕੁਝ ਧਰਤੀ ਵੀ ਦੇ ਦਿੱਤੀ। 12 ਪਰ ਕਿਰਯਥ ਅਰਬਾ ਸ਼ਹਿਰ ਦੇ ਆਲੇ-ਦੁਆਲੇ ਦੇ ਛੋਟੇ ਕਸਬੇ ਅਤੇ ਖੇਤ ਯਫ਼ੁੰਨਾਹ ਦੇ ਪੁੱਤਰ ਕਾਲੇਬ ਦੀ ਮਾਲਕੀ ਹੇਠਾਂ ਸਨ। 13 ਇਸ ਲਈ ਉਨ੍ਹਾਂ ਨੇ ਹਾਰੂਨ ਦੇ ਉੱਤਰਾਧਿਕਾਰੀਆਂ ਨੂੰ ਹਬਰੋਨ ਸ਼ਹਿਰ ਦੇ ਦਿੱਤਾ। (ਹਬਰੋਨ ਸੁਰੱਖਿਅਤ ਸ਼ਹਿਰ ਸੀ।) ਉਨ੍ਹਾਂ ਨੇ ਹਾਰੂਨ ਦੇ ਉੱਤਰਾਧਿਕਾਰੀਆਂ ਨੂੰ ਲਬਾਨੋਨ, 14 ਯੱਤਿਰ, ਅਸ਼ਤਮੋਆ, 15 ਹੋਲੋਨ, ਦਬਿਰ, ਹੋਲੋਨ, ਦਬਿਰ, 16 ਆਇਨ, ਯੁੱਤਾਹ ਅਤੇ ਬੈਤ ਸ਼ਮਸ਼ ਦੇ ਕਸਬੇ ਵੀ ਦਿੱਤੇ। ਉਨ੍ਹਾਂ ਨੇ ਉਨ੍ਹਾਂ ਦੇ ਜਾਨਵਰਾਂ ਲਈ ਇਨ੍ਹਾਂ ਕਸਬਿਆਂ ਦੇ ਨੇੜੇ ਦੀ ਕੁਝ ਧਰਤੀ ਵੀ ਦੇ ਦਿੱਤੀ। ਉਨ੍ਹਾਂ ਨੇ ਇਨ੍ਹਾਂ ਸਮੂਹਾਂ ਨੂੰ ਨੌਂ ਕਸਬੇ ਦਿੱਤੇ।
17 ਉਨ੍ਹਾਂ ਨੇ ਹਾਰੂਨ ਦੇ ਉੱਤਰਾਧਿਕਾਰੀਆਂ ਨੂੰ ਉਹ ਸ਼ਹਿਰ ਵੀ ਦਿੱਤੇ ਜਿਹੜੇ ਬਿਨਯਾਮੀਨ ਦੇ ਪਰਿਵਾਰ-ਸਮੂਹ ਦੀ ਮਾਲਕੀ ਹੇਠਾਂ ਸਨ ਇਹ ਸ਼ਹਿਰ ਸਨ ਗਿਬਓਨ, ਗਬਾ, 18 ਅਨਾਥੋਥ ਅਤੇ ਅਲਮੋਨ ਉਨ੍ਹਾਂ ਨੇ ਉਨ੍ਹਾਂ ਨੂੰ ਇਹ ਚਾਰ ਕਸਬੇ ਅਤੇ ਉਨ੍ਹਾਂ ਦੇ ਜਾਨਵਰਾਂ ਲਈ ਇਨ੍ਹਾਂ ਕਸਬਿਆਂ ਦੇ ਨੇੜੇ ਦੀ ਕੁਝ ਧਰਤੀ ਦਿੱਤੀ। 19 ਕੁੱਲ ਮਿਲਾ ਕੇ ਉਨ੍ਹਾਂ ਨੇ ਜਾਜਕਾਂ ਨੂੰ 13 ਕਸਬੇ ਦਿੱਤੇ। (ਸਾਰੇ ਜਾਜਕ ਹਾਰੂਨ ਦੀ ਸੰਤਾਨ ਸਨ।) ਉਨ੍ਹਾਂ ਨੇ ਉਨ੍ਹਾਂ ਨੂੰ ਹਰੇਕ ਕਸਬੇ ਦੇ ਨੇੜੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।
20 ਕਹਾਥ ਪਰਿਵਾਰ ਦੇ ਹੋਰਨਾਂ ਲੋਕਾਂ ਨੂੰ ਉਹ ਕਸਬੇ ਦਿੱਤੇ ਗਏ ਜਿਹੜੇ ਅਫ਼ਰਾਈਮ ਦੇ ਪਰਿਵਾਰ-ਸਮੂਹ ਦੀ ਮਾਲਕੀ ਹੇਠਲੇ ਇਲਾਕਿਆਂ ਵਿੱਚ ਸਨ। ਉਨ੍ਹਾਂ ਨੂੰ ਇਹ ਕਸਬੇ ਮਿਲੇ: 21 ਅਫ਼ਰਾਈਮ ਦੇ ਪਹਾੜੀ ਪ੍ਰਦੇਸ਼ ਦਾ ਸ਼ਹਿਰ ਸ਼ਕਮ। (ਸ਼ਕਮ ਸੁਰੱਖਿਅਤ ਸ਼ਹਿਰ ਸੀ।) ਉਨ੍ਹਾਂ ਨੂੰ ਗਜ਼ਰ, 22 ਕਿਬਸੈਮ ਅਤੇ ਬੈਤ ਹੋਰੋਨ ਵੀ ਮਿਲੇ। ਕੁੱਲ ਮਿਲਾ ਕੇ ਅਫ਼ਰਾਈਮ ਨੇ ਉਨ੍ਹਾਂ ਨੂੰ ਚਾਰ ਕਸਬੇ, ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।
23 ਦਾਨ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਅਲਤਕੇਹ ਗਿਬਥੋਨ, 24 ਅੱਯਾਲੋਨ ਅਤੇ ਗਥ ਰਿੰਮੋਨ ਦਿੱਤੇ। ਕੁੱਲ ਮਿਲਾ ਕੇ ਦਾਨ ਨੇ ਉਨ੍ਹਾਂ ਨੂੰ ਚਾਰ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।
25 ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਤਾਨਾਕ ਅਤੇ ਗਥ ਰਿੰਮੋਨ ਦਿੱਤੇ। ਕੁੱਲ ਮਿਲਾ ਕੇ ਇਸ ਅੱਧੇ ਮਨੱਸ਼ਹ ਨੇ ਉਨ੍ਹਾਂ ਨੂੰ ਦੋ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।
26 ਕੁੱਲ ਮਿਲਾ ਕੇ, ਕਹਾਥ ਪਰਿਵਾਰ ਦੇ ਰਹਿੰਦੇ ਲੋਕਾਂ ਨੂੰ ਦਸ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਮਿਲੀ। 27 ਗੇਰਸ਼ੋਨ ਪਰਿਵਾਰ ਵੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਉਨ੍ਹਾਂ ਨੂੰ ਇਹ ਕਸਬੇ ਮਿਲੇ:
ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਬਾਸ਼ਾਨ ਵਿੱਚਲਾ ਗੋਲਨ ਦਿੱਤਾ। (ਗੋਲਨ ਸੁਰੱਖਿਅਤ ਸ਼ਹਿਰ ਸੀ।) ਮਨੱਸ਼ਹ ਨੇ ਉਨ੍ਹਾਂ ਨੂੰ ਬਅਸ਼ਤਰਾਹ ਵੀ ਦਿੱਤਾ। ਕੁੱਲ ਮਿਲਾ ਕੇ ਇਸ ਅੱਧੇ ਮਨੱਸ਼ਹ ਨੇ ਉਨ੍ਹਾਂ ਨੂੰ ਦੋ ਕਸਬੇ ਅਤੇ ਹਰੇਕ ਦੇ ਆਲੇ-ਦੁਆਲੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।
28 ਯਿੱਸਾਕਾਰ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਕਿਸ਼ਯੋਨ, ਦਾਬਰਥ, 29 ਯਰਮੂਥ ਅਤੇ ਏਨ ਗੱਨੀਮ ਦਿੱਤੇ। ਕੁੱਲ ਮਿਲਾ ਕੇ ਯਿੱਸਾਕਾਰ ਨੇ ਉਨ੍ਹਾਂ ਨੂੰ ਚਾਰ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।
30 ਆਸ਼ੇਰ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਮਿਸ਼ਾਲ, ਅਬਦੋਨ, 31 ਹਲਕਾਥ ਅਤੇ ਰਹੋਬ ਦਿੱਤੇ। ਕੁੱਲ ਮਿਲਾ ਕੇ ਆਸ਼ੇਰ ਨੇ ਉਨ੍ਹਾਂ ਨੂੰ ਚਾਰ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।
32 ਨਫ਼ਤਾਲੀ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਗਲੀਲ ਵਿੱਚਲਾ ਕਦਸ਼ ਦਿੱਤਾ। (ਕਦਸ਼ ਸੁਰੱਖਿਅਤ ਸ਼ਹਿਰ ਸੀ।) ਨਫ਼ਤਾਲੀ ਨੇ ਉਨ੍ਹਾਂ ਨੂੰ ਹੱਮੋਥ ਦੌਰ ਅਤੇ ਕਰਤਾਨ ਵੀ ਦਿੱਤੇ ਕੁੱਲ ਮਿਲਾ ਕੇ ਨਫ਼ਤਾਲੀ ਨੇ ਉਨ੍ਹਾਂ ਨੂੰ ਤਿੰਨ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।
33 ਕੁੱਲ ਮਿਲਾ ਕੇ ਗੇਰਸ਼ੋਨ ਪਰਿਵਾਰ ਨੂੰ 13 ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਮਿਲੀ।
34 ਦੂਸਰਾ ਲੇਵੀ-ਸਮੂਹ ਮਰਾਰੀ ਪਰਿਵਾਰ ਸੀ। ਮਰਾਰੀ ਪਰਿਵਾਰ ਨੂੰ ਇਹ ਕਸਬੇ ਮਿਲੇ: ਜ਼ਬੂਲੁਨ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਯਾਕਨਾਮ, ਕਾਰਤਾਹ, 35 ਦਿਮਨਾਹ ਅਤੇ ਨਹਲਾਲ ਦਿੱਤੇ। ਕੁੱਲ ਮਿਲਾ ਕੇ ਜ਼ਬੂਲੁਨ ਨੇ ਉਨ੍ਹਾਂ ਨੂੰ ਚਾਰ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ। 36 ਰਊਬੇਨ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਬਸਰ, ਯਾਹਸਾਹ, 37 ਕੇਦੋਮੋਥ ਅਤੇ ਮੇਪਅਬ ਦਿੱਤੇ। ਕੁੱਲ ਮਿਲਾ ਕੇ ਰਊਬੇਨ ਨੇ ਉਨ੍ਹਾਂ ਨੂੰ ਚਾਰ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ। 38 ਗਾਦ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਗਿਲਆਦ ਵਿੱਚਲਾ ਰਾਮੋਥ ਦਿੱਤਾ। (ਰਾਮੋਥ ਸੁਰੱਖਿਅਤ ਸ਼ਹਿਰ ਸੀ।) ਉਨ੍ਹਾਂ ਨੇ ਉਨ੍ਹਾਂ ਨੂੰ ਮਹਨਇਮ, 39 ਹਸ਼ਬੋਨ ਅਤੇ ਯਆਜ਼ੇਰ ਵੀ ਦਿੱਤੇ। ਕੁੱਲ ਮਿਲਾ ਕੇ ਗਾਦ ਨੇ ਉਨ੍ਹਾਂ ਨੂੰ ਚਾਰ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।
40 ਕੁੱਲ ਮਿਲਾ ਕੇ ਲੇਵੀ ਦੇ ਆਖਰੀ ਪਰਿਵਾਰ ਮਰਾਰੀ ਪਰਿਵਾਰ ਨੂੰ 12 ਕਸਬੇ ਮਿਲੇ।
41 ਇਸ ਤਰ੍ਹਾਂ ਲੇਵੀਆਂ ਨੂੰ ਕੁੱਲ 48 ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਮਿਲੀ। ਇਹ ਸਾਰੇ ਕਸਬੇ ਉਨ੍ਹਾਂ ਇਲਾਕਿਆਂ ਵਿੱਚ ਸਨ ਜਿਹੜੇ ਹੋਰਨਾ ਪਰਿਵਾਰ-ਸਮੂਹਾਂ ਦੀ ਮਾਲਕੀ ਹੇਠਾਂ ਸਨ। 42 ਇਨ੍ਹਾਂ ਵਿੱਚੋਂ ਹਰੇਕ ਕਸਬੇ ਕੋਲ ਉਨ੍ਹਾਂ ਦੇ ਜਾਨਵਰਾਂ ਲਈ ਕੁਝ ਧਰਤੀ ਸੀ। ਇਹ ਗੱਲ ਹਰੇਕ ਕਸਬੇ ਬਾਰੇ ਸਹੀ ਸੀ।
43 ਇਸ ਤਰ੍ਹਾਂ ਯਹੋਵਾਹ ਨੇ ਉਸ ਇਕਰਾਰ ਨੂੰ ਨਿਭਾਇਆ ਜਿਹੜਾ ਉਸ ਨੇ ਇਸਰਾਏਲ ਦੇ ਲੋਕਾਂ ਨਾਲ ਕੀਤਾ ਸੀ। ਉਸ ਨੇ ਲੋਕਾਂ ਨੂੰ ਉਹ ਸਾਰੀ ਧਰਤੀ ਦਿੱਤੀ ਜਿਸਦਾ ਉਸ ਨੇ ਇਕਰਾਰ ਕੀਤਾ ਸੀ। ਲੋਕਾਂ ਨੇ ਧਰਤੀ ਪ੍ਰਾਪਤ ਕੀਤੀ ਅਤੇ ਉਸ ਵਿੱਚ ਵਸ ਗਏ। 44 ਅਤੇ ਯਹੋਵਾਹ ਨੇ, ਜਿਹਾ ਕਿ ਉਸ ਨੇ ਉਨ੍ਹਾਂ ਦੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ, ਉਨ੍ਹਾਂ ਦੇ ਧਰਤੀ ਦੇ ਹਰ ਪਾਸੇ ਸ਼ਾਂਤੀ ਰੱਖਣ ਦੀ ਇਜਾਜ਼ਤ ਦੇ ਦਿੱਤੀ। ਉਨ੍ਹਾਂ ਦੇ ਕਿਸੇ ਵੀ ਦੁਸ਼ਮਣ ਨੇ ਉਨ੍ਹਾਂ ਨੂੰ ਨਹੀਂ ਹਰਾਇਆ। ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਹਰ ਦੁਸ਼ਮਣ ਨੂੰ ਹਰਾਉਣ ਦੀ ਇਜਾਜ਼ਤ ਦਿੱਤੀ। 45 ਯਹੋਵਾਹ ਨੇ ਉਹ ਹਰ ਇਕਰਾਰ ਨਿਭਾਇਆ ਜਿਹੜਾ ਉਸ ਨੇ ਇਸਰਾਏਲ ਦੇ ਲੋਕਾਂ ਨਾਲ ਕੀਤਾ ਸੀ। ਕੋਈ ਵੀ ਇਕਰਾਰ ਅਜਿਹਾ ਨਹੀਂ ਸੀ ਜਿਹੜਾ ਉਸ ਨੇ ਨਿਭਾਇਆ ਨਾ ਹੋਵੇ। ਹਰ ਇਕਰਾਰ ਸੱਚਾ ਸਾਬਤ ਹੋਇਆ।
2010 by World Bible Translation Center