Beginning
ਅਫ਼ਰਾਈਮ ਅਤੇ ਮਨੱਸ਼ਹ ਲਈ ਧਰਤੀ
16 ਇਹ ਉਹ ਧਰਤੀ ਹੈ ਜਿਹੜੀ ਯੂਸੁਫ਼ ਦੇ ਪਰਿਵਾਰ ਨੂੰ ਮਿਲੀ। ਇਹ ਧਰਤੀ ਯਰੀਹੋ ਨੇੜੇ ਯਰਦਨ ਨਦੀ ਤੋਂ ਸ਼ੁਰੂ ਹੁੰਦੀ ਸੀ ਅਤੇ ਯਰੀਹੋ ਦੇ ਪਾਣੀਆਂ ਤੱਕ ਜਾਂਦੀ ਸੀ। (ਇਹ ਯਰੀਹੋ ਦੇ ਬਿਲਕੁਲ ਪੂਰਬ ਵੱਲ ਸੀ।) ਸਰਹੱਦ ਯਰੀਹੋ ਤੋਂ ਬੈਤਏਲ ਦੇ ਪਹਾੜੀ ਪ੍ਰਦੇਸ਼ ਤੱਕ ਜਾਂਦੀ ਸੀ। 2 ਫ਼ੇਰ ਸਰਹੱਦ ਬੈਤਏਲ (ਲੂਜ਼) ਤੋਂ ਸ਼ੁਰੂ ਹੋਕੇ ਅਟਰੋਥ ਵਿਖੇ ਅਰਕੀ ਦੀ ਸਰਹੱਦ ਤੱਕ ਜਾਂਦੀ ਸੀ। 3 ਸਰਹੱਦ ਹੇਠਲੇ ਬੈਤ ਹੋਰੋਨ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਗਜ਼ਰ ਤੱਕ ਗਈ ਸੀ। ਅਤੇ ਮੱਧ ਸਾਗਰ ਤੱਕ ਚਲੀ ਗਈ ਸੀ।
4 ਇਸ ਤਰ੍ਹਾਂ ਮਨੱਸ਼ਹ ਅਤੇ ਅਫ਼ਰਾਈਮ ਦੇ ਲੋਕਾਂ ਨੇ ਇਹ ਆਪਣੀ ਧਰਤੀ ਪ੍ਰਾਪਤ ਕੀਤੀ। (ਮਨੱਸ਼ਹ ਅਤੇ ਅਫ਼ਰਾਈਮ ਯੂਸੁਫ਼ ਦੇ ਪੁੱਤਰ ਸਨ।)
5 ਅਫ਼ਰਾਈਮ ਦੇ ਲੋਕਾਂ ਨੂੰ ਦਿੱਤੀ ਗਈ ਧਰਤੀ ਇਹ ਸੀ: ਉਨ੍ਹਾਂ ਦੀ ਪੂਰਬੀ ਸਰਹੱਦ ਉੱਪਰ ਬੈਤ ਹੋਰੋਨ ਦੇ ਨੇੜੇ ਅਟਰੋਥ ਅੱਦਾਰ ਤੋਂ ਸ਼ੁਰੂ ਹੁੰਦੀ ਸੀ। 6 ਅਤੇ ਪੱਛਮੀ ਸਰਹੱਦ ਮਿਕਮੱਥਾਥ ਤੋਂ ਸ਼ੁਰੂ ਹੁੰਦੀ ਸੀ। ਸਰਹੱਦ ਪੂਰਬ ਵੱਲ ਤਅਨਥ ਸ਼ੀਲੋਹ ਨੂੰ ਮੁੜ ਜਾਂਦੀ ਸੀ ਅਤੇ ਯਾਨੋਹਾਹ ਦੇ ਪੂਰਬ ਤੱਕ ਜਾਂਦੀ ਸੀ। 7 ਫ਼ੇਰ ਸਰਹੱਦ ਯਾਨੋਹਾਹ ਤੋਂ ਹੁੰਦੀ ਹੋਈ ਹੇਠਾਂ ਅਟਰੋਥ ਅਤੇ ਨਆਰਾਥ ਨੂੰ ਜਾਂਦੀ ਸੀ। ਸਰਹੱਦ ਉੱਥੋਂ ਤੱਕ ਜਾਂਦੀ ਸੀ ਜਿੱਥੇ ਇਹ ਯਰੀਹੋ ਨੂੰ ਛੂੰਹਦੀ ਸੀ ਅਤੇ ਯਰਦਨ ਨਦੀ ਉੱਤੇ ਜਾਕੇ ਮੁਕਦੀ ਸੀ। 8 ਸਰਹੱਦ ਪੱਛਮੀ ਤੱਪੂਆਹ ਤੋਂ ਕਾਨਾਹ ਘਾਟੀ ਤੱਕ ਜਾਂਦੀ ਸੀ ਅਤੇ ਸਮੁੰਦਰ ਉੱਤੇ ਮੁੱਕਦੀ ਸੀ। ਇਹੀ ਉਹ ਸਾਰੀ ਧਰਤੀ ਸੀ ਜਿਹੜੀ ਅਫ਼ਰਾਈਮ ਦੇ ਲੋਕਾਂ ਨੂੰ ਦਿੱਤੀ ਗਈ ਸੀ। ਉਸ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਇਸ ਧਰਤੀ ਦਾ ਹਿੱਸਾ ਮਿਲਿਆ ਸੀ। 9 ਅਫ਼ਰਾਈਮ ਦੇ ਬਹੁਤ ਸਾਰੇ ਸਰਹੱਦੀ ਕਸਬੇ ਅਸਲ ਵਿੱਚ ਮਨੱਸ਼ਹ ਦੀਆਂ ਸਰਹੱਦਾਂ ਵਿੱਚ ਸਨ, ਪਰ ਅਫ਼ਰਾਈਮ ਦੇ ਲੋਕਾਂ ਨੂੰ ਉਹ ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਮਿਲੇ ਸਨ। 10 ਪਰ ਅਫ਼ਰਾਮੀ ਲੋਕ ਕਨਾਨੀ ਲੋਕਾਂ ਨੂੰ ਗਜ਼ਰ ਦਾ ਕਸਬਾ ਛੱਡਣ ਲਈ ਮਜ਼ਬੂਰ ਨਹੀਂ ਕਰ ਸੱਕੇ। ਇਸ ਲਈ ਕਨਾਨੀ ਲੋਕ ਅੱਜ ਤੱਕ ਵੀ ਅਫ਼ਰਾਮੀ ਲੋਕਾਂ ਦੇ ਵਿੱਚਕਾਰ ਰਹਿ ਰਹੇ ਹਨ। ਪਰ ਕਨਾਨੀ ਲੋਕ ਅਫ਼ਰਾਮੀ ਲੋਕਾਂ ਦੇ ਗੁਲਾਮ ਬਣ ਗਏ।
17 ਫ਼ੇਰ ਮਨੱਸ਼ਹ ਦੇ ਪਰਿਵਾਰ-ਸਮੂਹ ਨੂੰ ਧਰਤੀ ਦਿੱਤੀ ਗਈ। ਮਨੱਸ਼ਹ ਯੂਸੁਫ਼ ਦਾ ਵੱਡਾ ਪੁੱਤਰ ਸੀ। ਮਨੱਸ਼ਹ ਦਾ ਵੱਡਾ ਪੁੱਤਰ ਮਾਕੀਰ ਸੀ ਜਿਹੜਾ ਗਿਲਆਦ ਦਾ ਪਿਤਾ [a] ਮਾਕੀਰ ਮਹਾਨ ਸਿਪਾਹੀ ਸੀ ਇਸ ਲਈ ਗਿਲਆਦ ਅਤੇ ਬਾਸ਼ਾਨ ਦੇ ਇਲਾਕੇ ਮਕਾਰ ਪਰਿਵਾਰ ਨੂੰ ਦਿੱਤੇ ਗਏ। 2 ਮਨੱਸ਼ਹ ਦੇ ਪਰਿਵਾਰ-ਸਮੂਹ ਦੇ ਹੋਰਨਾਂ ਪਰਿਵਾਰਾਂ ਨੂੰ ਧਰਤੀ ਦਿੱਤੀ ਗਈ। ਉਹ ਪਰਿਵਾਰ ਸਨ ਅਬੀਅਜ਼ਰ, ਹੇਲਕ, ਅਸਰੀਏਲ, ਸ਼ਕਮ, ਹੇਫ਼ਰ ਅਤੇ ਸ਼ਮੀਦਾ। ਇਹ ਸਾਰੇ ਆਦਮੀ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਹੋਰ ਪੁੱਤਰ ਸਨ। ਇਨ੍ਹਾਂ ਆਦਮੀਆਂ ਦੇ ਪਰਿਵਾਰਾਂ ਨੂੰ ਵੀ ਧਰਤੀ ਦਾ ਆਪਣਾ ਹਿੱਸਾ ਮਿਲਿਆ।
3 ਸਲਾਫ਼ਹਾਦ ਹੇਫ਼ੇਰ ਦਾ ਪੁੱਤਰ ਸੀ। ਹੇਫ਼ਰ ਗਿਲਆਦ ਦਾ ਪੁੱਤਰ ਸੀ! ਗਿਲਆਦ ਮਾਕੀਰ ਦਾ ਪੁੱਤਰ ਸੀ ਅਤੇ ਮਾਕੀਰ ਮਨੱਸ਼ਹ ਦਾ ਪੁੱਤਰ ਸੀ। ਸਲਾਫ਼ਹਾਦ ਦਾ ਕੋਈ ਪੁੱਤਰ ਨਹੀਂ ਸੀ ਪਰ ਉਸ ਦੀਆਂ ਪੰਜ ਧੀਆਂ ਸਨ। ਧੀਆਂ ਦੇ ਨਾਮ ਸਨ ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ। 4 ਧੀਆਂ ਜਾਜਕ ਅਲਆਜ਼ਾਰ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਹੋਰ ਸਾਰੇ ਆਗੂਆਂ ਕੋਲ ਗਈਆਂ। ਧੀਆਂ ਨੇ ਆਖਿਆ, “ਯਹੋਵਾਹ ਨੇ ਮੂਸਾ ਨੂੰ ਆਖਿਆ ਸੀ ਕਿ ਉਹ ਸਾਨੂੰ ਵੀ ਸਾਡੇ ਸਾਰੇ ਰਿਸ਼ਤੇਦਾਰਾਂ ਵਾਂਗ ਹੀ ਧਰਤੀ ਦੇਵੇ।” ਇਸ ਲਈ ਉਸ ਨੇ ਯਹੋਵਾਹ ਦੀ ਆਗਿਆ ਮੰਨੀ ਅਤੇ ਧੀਆਂ ਨੂੰ ਕੁਝ ਧਰਤੀ ਦਿੱਤੀ। ਇਸ ਲਈ ਇਨ੍ਹਾਂ ਧੀਆਂ ਨੂੰ ਆਪਣੇ ਚਾਚਿਆਂ ਵਾਂਗ ਹੀ ਧਰਤੀ ਮਿਲੀ।
5 ਇਸ ਲਈ ਮਨੱਸ਼ਹ ਦੇ ਪਰਿਵਾਰ-ਸਮੂਹ ਨੂੰ ਯਰਦਨ ਨਦੀ ਦੇ ਪੱਛਮ ਵੱਲ ਧਰਤੀ ਦੇ ਦਸ ਇਲਾਕੇ ਅਤੇ ਧਰਤੀ ਦੇ ਦੋ ਹੋਰ ਇਲਾਕੇ, ਗਿਲਆਦ ਅਤੇ ਬਾਸ਼ਾਨ, ਜਿਹੜੇ ਯਰਦਨ ਨਦੀ ਦੇ ਦੂਸਰੇ ਪਾਸੇ ਸਨ, ਮਿਲੇ। 6 ਇਸ ਲਈ ਮਨੱਸ਼ਹ ਦੇ ਪਰਿਵਾਰ-ਸਮੂਹ ਦੀਆਂ ਇਨ੍ਹਾਂ ਔਰਤਾਂ ਨੂੰ ਵੀ ਮਰਦਾ ਵਾਂਗ ਹੀ ਧਰਤੀ ਮਿਲੀ। ਗਿਲਆਦ ਦੀ ਧਰਤੀ ਮਨੱਸ਼ਹ ਦੇ ਬਾਕੀ ਦੇ ਪਰਿਵਾਰਾਂ ਨੂੰ ਦਿੱਤੀ ਗਈ।
7 ਮਨੱਸ਼ਹ ਦੀਆਂ ਜ਼ਮੀਨਾ ਆਸ਼ੇਰ ਅਤੇ ਮਿਕਮੱਥਾਥ ਦੇ ਇਲਾਕੇ ਵਿੱਚਕਾਰ ਸਨ। ਇਹ ਸ਼ਕਮ ਦੇ ਨੇੜੇ ਹੈ। ਸਰਹੱਦ ਦੱਖਣ ਵੱਲ ਏਨ ਤੱਪੂਆਹ ਇਲਾਕੇ ਵੱਲ ਚਲੀ ਗਈ ਸੀ। 8 ਤੱਪੂਆਹ ਦੇ ਇਰਦ-ਗਿਰਦ ਦੀ ਧਰਤੀ ਮਨੱਸ਼ਹ ਦੀ ਸੀ ਪਰ ਖੁਦ ਕਸਬਾ ਉਸਦਾ ਨਹੀਂ ਸੀ। ਤੱਪੂਆਹ ਦਾ ਕਸਬਾ ਮਨੱਸ਼ਹ ਦੀ ਧਰਤੀ ਦੀ ਹੱਦ ਉੱਤੇ ਸੀ ਅਤੇ ਇਹ ਅਫ਼ਰਾਈਮ ਦੇ ਲੋਕਾਂ ਦਾ ਸੀ। 9 ਮਨੱਸ਼ਹ ਦੀ ਸਰਹੱਦ ਦੱਖਣ ਵੱਲ ਕਾਨਾਹ ਘਾਟੀ ਤੱਕ ਚਲੀ ਗਈ ਸੀ। ਇਹ ਇਲਾਕਾ ਮਨੱਸ਼ਹ ਦੇ ਪਰਿਵਾਰ-ਸਮੂਹ ਦਾ ਸੀ ਪਰ ਸ਼ਹਿਰ ਅਫ਼ਰਾਈਮ ਦੇ ਲੋਕਾਂ ਦੇ ਸਨ। ਮਨੱਸ਼ਹ ਦੀ ਸਰਹੱਦ ਨਦੀ ਦੇ ਉਤਰ ਵਾਲੇ ਪਾਸੇ ਸੀ ਅਤੇ ਇਹ ਪੱਛਮ ਵਿੱਚ ਮੱਧ ਸਾਗਰ ਤੱਕ ਜਾਂਦੀ ਸੀ। 10 ਦੱਖਣ ਵੱਲ ਦੀ ਧਰਤੀ ਅਫ਼ਰਾਈਮ ਦੀ ਸੀ। ਅਤੇ ਉੱਤਰ ਵਾਲੇ ਪਾਸੇ ਦੀ ਧਰਤੀ ਮਨੱਸ਼ਹ ਦੀ ਸੀ। ਮੱਧ ਸਾਗਰ ਪੱਛਮੀ ਸਰਹੱਦ ਸੀ। ਸਰਹੱਦ ਉੱਤਰ ਵਿੱਚ ਆਸ਼ੇਰ ਦੀ ਧਰਤੀ ਨੂੰ ਛੂੰਹਦੀ ਸੀ ਅਤੇ ਪੂਰਬ ਵੱਲ ਯਿੱਸਾਕਾਰ ਦੀ ਧਰਤੀ ਨੂੰ।
11 ਮਨੱਸ਼ਹ ਦੇ ਲੋਕਾਂ ਕੋਲ ਯਿੱਸਾਕਾਰ ਅਤੇ ਆਸ਼ੇਰ ਦੇ ਇਲਾਕੇ ਅੰਦਰ ਕਸਬੇ ਵੀ ਸਨ। ਬੈਤ-ਸ਼ਾਨ ਯਿਬਲਆਮ ਅਤੇ ਉਨ੍ਹਾਂ ਦੇ ਦੁਆਲੇ ਦੇ ਛੋਟੇ ਕਸਬੇ ਮਨੱਸ਼ਹ ਦੇ ਲੋਕਾਂ ਦੇ ਸਨ। ਮਨੱਸ਼ਹ ਦੇ ਲੋਕ ਦੋਰ, ਏਨਦੋਰ, ਤਅਨਾਕ, ਮਗਿੱਦੋ ਅਤੇ ਉਨ੍ਹਾਂ ਸ਼ਹਿਰਾਂ ਦੇ ਦੁਆਲੇ ਦੇ ਛੋਟੇ ਕਸਬਿਆਂ ਵਿੱਚ ਰਹਿੰਦੇ ਸਨ। ਉਹ ਨਾਫ਼ੋਥ ਦੇ ਤਿੰਨ ਕਸਬਿਆਂ ਅੰਦਰ ਵੀ ਰਹਿੰਦੇ ਸਨ। 12 ਮਨੱਸ਼ਹ ਦੇ ਲੋਕ ਉਨ੍ਹਾਂ ਸ਼ਹਿਰਾਂ ਨੂੰ ਹਰਾ ਨਹੀਂ ਸੱਕੇ ਸਨ। ਇਸ ਲਈ ਕਨਾਨੀ ਲੋਕਾਂ ਦਾ ਰਹਿਣਾ ਉੱਥੇ ਜਾਰੀ ਰਿਹਾ 13 ਪਰ ਇਸਰਾਏਲ ਦੇ ਲੋਕ ਮਜ਼ਬੂਤ ਬਣ ਗਏ ਜਦੋਂ ਇਹ ਗੱਲ ਵਾਪਰੀ ਤਾਂ ਉਨ੍ਹਾਂ ਨੇ ਕਨਾਨੀ ਲੋਕਾਂ ਨੂੰ ਆਪਣੇ ਲਈ ਕੰਮ ਕਰਨ ਵਾਸਤੇ ਮਜ਼ਬੂਰ ਕਰ ਦਿੱਤਾ। ਪਰ ਉਨ੍ਹਾਂ ਨੇ ਕਨਾਨੀ ਲੋਕਾਂ ਨੂੰ ਉਸ ਧਰਤੀ ਤੋਂ ਨਹੀਂ ਕੱਢਿਆ।
14 ਯੂਸੁਫ਼ ਦੇ ਪਰਿਵਾਰ-ਸਮੂਹ ਨੇ ਯਹੋਸ਼ੁਆ ਨਾਲ ਗੱਲ ਕੀਤੀ ਅਤੇ ਆਖਿਆ, “ਤੁਸੀਂ ਸਾਨੂੰ ਧਰਤੀ ਦਾ ਸਿਰਫ਼ ਇੱਕ ਇਲਾਕਾ ਹੀ ਦਿੱਤਾ ਹੈ। ਪਰ ਅਸੀਂ ਬਹੁਤ ਲੋਕ ਹਾਂ। ਤੁਸੀਂ ਸਾਨੂੰ ਉਸ ਸਾਰੀ ਧਰਤੀ ਦਾ ਸਿਰਫ਼ ਇੱਕ ਹਿੱਸਾ ਹੀ ਦਿੱਤਾ ਜਿਹੜੀ ਯਹੋਵਾਹ ਨੇ ਆਪਣੇ ਲੋਕਾਂ ਨੂੰ ਦਿੱਤੀ ਸੀ?”
15 ਯਹੋਸ਼ੁਆ ਨੇ ਉਨ੍ਹਾਂ ਨੂੰ ਜਵਾਬ ਦਿੱਤਾ, “ਜੇ ਤੁਸੀਂ ਬਹੁਤੇ ਬੰਦੇ ਹੋ ਤਾਂ ਪਹਾੜੀ ਪ੍ਰਦੇਸ਼ ਵਿੱਚਲੇ ਜੰਗਲ ਦੇ ਇਲਾਕੇ ਵਿੱਚ ਚੱਲੇ ਜਾਓ ਅਤੇ ਉਸ ਧਰਤੀ ਨੂੰ ਸਾਫ਼ ਕਰਕੇ ਵਾਹੀ ਯੋਗ ਬਣਾ ਲਵੋ। ਉਹ ਧਰਤੀ ਹੁਣ ਫ਼ਰਿੱਜ਼ੀ ਲੋਕਾਂ ਅਤੇ ਰਫ਼ਾਈ ਲੋਕਾਂ ਦੀ ਹੈ। ਪਰ ਜੇ ਅਫ਼ਰਾਈਮ ਦਾ ਪਹਾੜੀ ਪ੍ਰਦੇਸ਼ ਤੁਹਾਡੇ ਲਈ ਬਹੁਤ ਛੋਟਾ ਹੈ ਤਾਂ ਜਾਕੇ ਉਹ ਧਰਤੀ ਲੈ ਲਵੋ।”
16 ਯੂਸੁਫ਼ ਦੇ ਲੋਕਾਂ ਨੇ ਆਖਿਆ, “ਇਹ ਠੀਕ ਹੈ ਕਿ ਅਫ਼ਰਾਈਮ ਦਾ ਪਹਾੜੀ ਪ੍ਰਦੇਸ਼ ਸਾਡੇ ਲਈ ਕਾਫ਼ੀ ਨਹੀਂ ਹੈ। ਪਰ ਉੱਥੇ ਰਹਿਣ ਵਾਲੇ ਕਨਾਨੀ ਲੋਕਾਂ ਕੋਲ ਸ਼ਕਤੀਸ਼ਾਲੀ ਹਥਿਆਰ ਹਨ-ਉਨ੍ਹਾਂ ਕੋਲ ਲੋਹੇ ਦੇ ਰੱਥ ਹਨ ਅਤੇ ਉਨ੍ਹਾਂ ਨੇ ਬੈਤ-ਸ਼ਾਨ ਅਤੇ ਯਿਜ਼ਰਾਏਲ ਵਾਦੀ ਵਿੱਚਲੇ ਛੋਟੇ-ਛੋਟੇ ਨਗਰਾਂ ਉੱਤੇ ਕਬਜ਼ਾ ਕਰ ਲਿਆ ਹੈ।”
17 ਫ਼ੇਰ ਯਹੋਸ਼ੁਆ ਨੇ ਯੂਸੁਫ਼ ਦੇ ਲੋਕਾਂ ਨੂੰ, ਅਫ਼ਰਾਈਮ ਦੇ ਲੋਕਾਂ ਨੂੰ ਅਤੇ ਮਨੱਸ਼ਹ ਦੇ ਲੋਕਾਂ ਨੂੰ ਆਖਿਆ, “ਪਰ ਤੁਸੀਂ ਤਾਂ ਬਹੁਤ-ਬਹੁਤ ਸਾਰੇ ਹੋ। ਅਤੇ ਤੁਸੀਂ ਬਹੁਤ ਤਾਕਤਵਰ ਹੋ। ਤੁਹਾਨੂੰ ਧਰਤੀ ਦਾ ਇੱਕ ਨਾਲੋਂ ਵੱਧੇਰੇ ਹਿੱਸਾ ਮਿਲਣਾ ਚਾਹੀਦਾ ਹੈ। 18 ਤੁਸੀਂ ਪਹਾੜੀ ਪ੍ਰਦੇਸ਼ ਲੈ ਲਵੋਂਗੇ। ਇਹ ਜੰਗਲ ਹੈ, ਪਰ ਤੁਸੀਂ ਰੁੱਖ ਕੱਟ ਕੇ ਇਸ ਨੂੰ ਰਹਿਣ ਲਈ ਚੰਗੀ ਥਾਂ ਬਣਾ ਸੱਕਦੇ ਹੋ। ਅਤੇ ਤੁਸੀਂ ਇਸ ਸਾਰੀ ਧਰਤੀ ਦੇ ਮਾਲਕ ਹੋਵੋਂਗੇ। ਤੁਸੀਂ ਕਨਾਨੀ ਲੋਕਾਂ ਨੂੰ ਉਸ ਧਰਤੀ ਤੋਂ ਕੱਢ ਦਿਉਂਗੇ। ਅਤੇ ਤੁਸੀਂ ਉਨ੍ਹਾਂ ਨੂੰ ਹਰਾ ਦਿਉਂਗੇ ਭਾਵੇਂ ਉਹ ਤਾਕਤਵਰ ਹਨ ਅਤੇ ਉਨ੍ਹਾਂ ਕੋਲ ਸ਼ਕਤੀਸ਼ਾਲੀ ਹਥਿਆਰ ਹਨ।”
ਬਾਕੀ ਦੀ ਧਰਤੀ ਦੀ ਵੰਡ
18 ਸਾਰੇ ਇਸਰਾਏਲੀ ਲੋਕ ਸ਼ੀਲੋਹ ਵਿੱਚ ਇਕੱਠੇ ਹੋਏ ਅਤੇ ਉੱਥੇ ਮੰਡਲੀ ਦਾ ਤੰਬੂ ਸਥਾਪਿਤ ਕੀਤਾ। ਇਸਰਾਏਲੀਆਂ ਨੇ ਉਸ ਦੇਸ਼ ਵਿੱਚਲੇ ਸਾਰੇ ਦੁਸ਼ਮਣਾ ਨੂੰ ਹਰਾ ਦਿੱਤਾ ਅਤੇ ਉਸ ਦੇਸ਼ ਨੂੰ ਆਪਣੇ ਨਿਯੰਤ੍ਰਣ ਹੇਠਾ ਕਰ ਲਿਆ। 2 ਪਰ ਇਸ ਸਮੇਂ ਇਸਰਾਏਲ ਦੇ ਸੱਤ ਪਰਿਵਾਰ-ਸਮੂਹ ਅਜਿਹੇ ਸਨ ਜਿਨ੍ਹਾਂ ਨੂੰ ਉਹ ਧਰਤੀ ਨਹੀਂ ਮਿਲੀ ਸੀ ਜਿਸ ਬਾਰੇ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ।
3 ਇਸ ਲਈ ਯਹੋਸ਼ੁਆ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਤੁਸੀਂ ਆਪਣੀ ਧਰਤੀ ਹਾਸਿਲ ਕਰਨ ਵਿੱਚ ਇੰਨੀ ਦੇਰ ਇੰਤਜ਼ਾਰ ਕਿਉਂ ਕਰ ਰਹੇ ਹੋ? ਯਹੋਵਾਹ, ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਇਹ ਧਰਤੀ ਦਿੱਤੀ ਹੈ। 4 ਇਸ ਲਈ ਤੁਹਾਡੇ ਪਰਿਵਾਰ-ਸਮੂਹਾਂ ਨੂੰ ਤਿੰਨ ਆਦਮੀ ਚੁਣਨੇ ਚਾਹੀਦੇ ਹਨ। ਮੈਂ ਉਨ੍ਹਾਂ ਆਦਮੀਆਂ ਨੂੰ ਧਰਤੀ ਬਾਰੇ ਪਤਾ ਲਾਉਣ ਲਈ ਭੇਜਾਂਗਾ। ਉਹ ਉਸ ਧਰਤੀ ਬਾਰੇ ਪਤਾ ਲਾਉਣਗੇ ਅਤੇ ਫ਼ੇਰ ਮੇਰੇ ਕੋਲ ਵਾਪਸ ਆਉਣਗੇ। 5 ਉਹ ਧਰਤੀ ਨੂੰ ਸੱਤ ਹਿੱਸਿਆਂ ਵਿੱਚ ਵੰਡਣਗੇ। ਯਹੂਦਾਹ ਦੇ ਲੋਕ ਆਪਣੀ ਧਰਤੀ ਦੱਖਣ ਵਿੱਚ ਰੱਖਣਗੇ। ਯੂਸੁਫ਼ ਦੇ ਲੋਕ ਆਪਣੀ ਧਰਤੀ ਉੱਤਰ ਵਿੱਚ ਰੱਖਣਗੇ। 6 ਪਰ ਤੁਹਾਨੂੰ ਧਰਤੀ ਦਾ ਵੇਰਵਾ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਸੱਤਾਂ ਹਿਸਿਆਂ ਵਿੱਚ ਵੰਡਣਾ ਚਾਹੀਦਾ ਹੈ। ਮੇਰੇ ਕੋਲ ਨਕਸ਼ਾ ਲਿਆਉ, ਅਤੇ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਇਹ ਨਿਆਂ ਕਰਨ ਦਿਆਂਗੇ ਕਿ ਕਿਹੜੇ ਪਰਿਵਾਰ-ਸਮੂਹ ਨੂੰ ਕਿਹੜੀ ਧਰਤੀ ਮਿਲਣੀ ਚਾਹੀਦੀ ਹੈ। [b] 7 ਲੇਵੀ ਲੋਕਾਂ ਦਾ ਧਰਤੀ ਵਿੱਚ ਕੋਈ ਹਿੱਸਾ ਨਹੀਂ। ਉਨ੍ਹਾਂ ਦਾ ਹਿੱਸਾ ਜਾਜਕਾਂ ਦੇ ਤੌਰ ਤੇ ਯਹੋਵਾਹ ਦੀ ਸੇਵਾ ਕਰਨ ਵਿੱਚ ਹੈ। ਗਾਦ, ਰਊਬੇਨ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਮਸੂਹ ਵਾਲਿਆਂ ਨੂੰ ਉਹ ਧਰਤੀ ਪਹਿਲਾਂ ਹੀ ਮਿਲ ਚੁੱਕੀ ਹੈ ਜਿਸਦਾ ਇਕਰਾਰ ਕੀਤਾ ਗਿਆ ਸੀ। ਉਹ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਹਨ। ਯਹੋਵਾਹ ਦੇ ਸੇਵਕ ਮੂਸਾ ਨੇ ਪਹਿਲਾਂ ਹੀ ਉਨ੍ਹਾਂ ਨੂੰ ਉਹ ਧਰਤੀ ਦੇ ਦਿੱਤੀ ਸੀ।”
8 ਇਨ੍ਹਾਂ ਲਈ ਜਿਨ੍ਹਾਂ ਆਦਮੀਆਂ ਨੂੰ ਚੁਣਿਆ ਗਿਆ ਸੀ ਉਹ ਧਰਤੀ ਨੂੰ ਦੇਖਣ ਅਤੇ ਉਸਦਾ ਵੇਰਵਾ ਲਿਖਣ ਲਈ ਚੱਲੇ ਗਏ। ਯਹੋਸ਼ੁਆ ਨੇ ਉਨ੍ਹਾਂ ਨੂੰ ਆਖਿਆ, “ਸਾਰੀ ਧਰਤੀ ਵਿੱਚ ਘੁੰਮੋ ਅਤੇ ਉਸਦਾ ਵੇਰਵਾ ਲਿਖੋ। ਫ਼ੇਰ ਮੇਰੇ ਕੋਲ ਸ਼ੀਲੋਹ ਵਿਖੇ ਵਾਪਸ ਆ ਜਾਉ। ਫ਼ੇਰ ਮੈਂ ਨਰਦਾਂ ਸੁੱਟਾਂਗਾ ਅਤੇ ਤੁਹਾਡੇ ਲਈ ਯਹੋਵਾਹ ਨੂੰ ਧਰਤੀ ਦੀ ਵੰਡ ਕਰਨ ਦਿਆਂਗਾ।”
9 ਇਸ ਲਈ ਉਹ ਆਦਮੀ ਉਸ ਧਰਤੀ ਵੱਲ ਗਏ। ਉਹ ਆਦਮੀ ਉਸ ਸਾਰੀ ਧਰਤੀ ਵਿੱਚ ਘੁੰਮੇ ਅਤੇ ਯਹੋਸ਼ੁਆ ਲਈ ਇਸਦਾ ਵੇਰਵਾ ਲਿਖਿਆ। ਉਨ੍ਹਾਂ ਨੇ ਸਾਰੇ ਸ਼ਹਿਰਾਂ ਦੀ ਸੂਚੀ ਬਣਾਈ ਅਤੇ ਧਰਤੀ ਨੂੰ ਸੱਤ ਹਿੱਸਿਆਂ ਵਿੱਚ ਵੰਡਿਆ। ਉਹ ਸ਼ੀਲੋਹ ਵਿਖੇ ਯਹੋਸ਼ੁਆ ਕੋਲ ਵਾਪਸ ਗਏ। 10 ਯਹੋਸ਼ੁਆ ਨੇ ਸ਼ੀਲੋਹ ਵਿਖੇ ਯਹੋਵਾਹ ਦੇ ਸਾਹਮਣੇ ਉਨ੍ਹਾਂ ਲਈ ਨਰਦਾ ਸੁੱਟੀਆਂ। ਇਸ ਤਰ੍ਹਾਂ ਯਹੋਸ਼ੁਆ ਨੇ ਧਰਤੀ ਦੀ ਵੰਡ ਕੀਤੀ ਅਤੇ ਪਰਿਵਾਰ-ਸਮੂਹ ਨੂੰ ਉਸ ਧਰਤੀ ਵਿੱਚ ਬਣਦਾ ਹਿੱਸਾ ਦਿੱਤਾ।
ਬਿਨਯਾਮੀਨ ਲਈ ਧਰਤੀ
11 ਬਿਨਯਾਮੀਨ ਦੇ ਪਰਿਵਾਰ-ਸਮੂਹ ਨੂੰ ਉਹ ਧਰਤੀ ਦਿੱਤੀ ਗਈ ਜਿਹੜੀ ਯਹੂਦਾਹ ਅਤੇ ਯੂਸੁਫ਼ ਦੇ ਇਲਾਕਿਆਂ ਦੇ ਵਿੱਚਕਾਰ ਸੀ। ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਹਰ ਪਰਿਵਾਰ ਨੂੰ ਆਪਣੀ ਧਰਤੀ ਮਿਲੀ। ਬਿਨਯਾਮੀਨ ਲਈ ਚੁਣੀ ਗਈ ਧਰਤੀ ਇਹ ਸੀ: 12 ਉੱਤਰੀ ਸਰਹੱਦ ਯਰਦਨ ਨਦੀ ਤੋਂ ਸ਼ੁਰੂ ਹੁੰਦੀ ਸੀ। ਇਹ ਸਰਹੱਦ ਯਰੀਹੋ ਦੇ ਉੱਤਰੀ ਕੰਢੇ ਦੇ ਨਾਲ-ਨਾਲ ਚਲੀ ਗਈ ਸੀ। ਫ਼ੇਰ ਸਰਹੱਦ ਪੱਛਮ ਵਿੱਚ ਪਹਾੜੀ ਪ੍ਰਦੇਸ਼ ਵੱਲ ਚਲੀ ਗਈ ਸੀ। ਸਰਹੱਦ ਉਦੋਂ ਤੀਕ ਜਾਰੀ ਰਹਿੰਦੀ ਸੀ ਜਦੋਂ ਇਹ ਬੈਤ ਆਵਨ ਦੇ ਬਿਲਕੁਲ ਪੂਰਬ ਵੱਲ ਪਹੁੰਚ ਜਾਂਦੀ ਸੀ। 13 ਫ਼ੇਰ ਸਰਹੱਦ ਦੱਖਣ ਵੱਲ ਲੂਜ਼ (ਬੈਤਏਲ) ਤੱਕ ਜਾਂਦੀ ਸੀ। ਫ਼ੇਰ ਸਰਹੱਦ ਅਟਾਰੋਥ, ਅੱਦਾਰ ਤੱਕ ਚਲੀ ਗਈ ਸੀ। ਅਟਾਰੋਥ ਅੱਦਾਰ ਹੇਠਲੇ ਬੈਤ ਹੋਰੋਨ ਦੇ ਦੱਖਣ ਵੱਲ ਪਹਾੜੀ ਉੱਤੇ ਹੈ। 14 ਬੈਤ ਹੋਰੋਨ ਦੇ ਦੱਖਣ ਵੱਲ ਦੀ ਪਹਾੜੀ ਉੱਤੇ ਸਰਹੱਦ ਦੱਖਣ ਵੱਲ ਮੁੜ ਜਾਂਦੀ ਸੀ ਅਤੇ ਪਹਾੜੀ ਦੇ ਪੱਛਮੀ ਪਾਸੇ ਵੱਲ ਜਾਂਦੀ ਸੀ। ਸਰਹੱਦ ਕਿਰਯਥ ਬਆਲ (ਜਿਸ ਨੂੰ ਕਿਰਯਥ ਯਾਰੀਮ ਵੀ ਆਖਿਆ ਜਾਂਦਾ ਸੀ) ਵੱਲ ਚਲੀ ਗਈ ਸੀ। ਇਹ ਕਸਬਾ ਯਹੂਦਾਹ ਦੇ ਲੋਕਾਂ ਦਾ ਸੀ। ਇਹ ਪੱਛਮੀ ਸਰਹੱਦ ਸੀ।
15 ਦੱਖਣੀ ਸਰਹੱਦ ਕਿਰਯਥ ਯਾਰੀਮ ਨੇੜਿਉ ਸ਼ੁਰੂ ਹੁੰਦੀ ਸੀ ਅਤੇ ਨਫ਼ਤੋਂਆਹ ਦੀ ਨਦੀ ਤੱਕ ਚਲੀ ਗਈ ਸੀ। 16 ਫ਼ੇਰ ਸਰਹੱਦ ਰਫ਼ਾਈਮ ਵਾਦੀ ਦੇ ਉੱਤਰ ਵੱਲ, ਬਨ ਹਿੰਨੋਮ ਦੀ ਵਾਦੀ ਦੇ ਨੇੜੇ ਪਹਾੜੀ ਦੇ ਹੇਠਾਂ ਤੱਕ ਚਲੀ ਗਈ ਸੀ। ਸਰਹੱਦ ਯਬੂਸੀ ਸ਼ਹਿਰ ਦੇ ਬਿਲਕੁਲ ਦੱਖਣ ਵਿੱਚ ਹਿੰਨੋਮ ਵਾਦੀ ਦੇ ਹੇਠਾਂ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਏਨ ਰੋਗੇਲ ਨੂੰ ਚਲੀ ਗਈ ਸੀ। 17 ਉੱਥੇ, ਸਰਹੱਦ ਉੱਤਰ ਵੱਲ ਮੁੜਦੀ ਸੀ ਅਤੇ ਏਨ ਸ਼ਮਸ਼ ਨੂੰ ਚਲੀ ਗਈ ਸੀ। ਸਰਹੱਦ ਗਲੀਲੋਥ ਤੱਕ ਜਾਰੀ ਰਹਿੰਦੀ ਸੀ। (ਗਲੀਲੋਥ ਪਹਾੜਾਂ ਵਿੱਚ ਅੱਦੂਮੀਮ ਦੱਰ੍ਰੇ ਦੇ ਨੇੜੇ ਹੈ।) ਸਰਹੱਦ ਹੇਠਾਂ ਵੱਲ ਵੱਡੇ ਪੱਥਰ ਤੱਕ ਚਲੀ ਗਈ ਸੀ ਜਿਸਦਾ ਨਾਮ ਰਊਬੇਨ ਦੇ ਪੁੱਤਰ ਬੋਹਨ ਦੇ ਨਾਮ ਉੱਤੇ ਰੱਖਿਆ ਗਿਆ ਸੀ। 18 ਸਰਹੱਦ ਬੈਤ ਅਰਾਬਾਹ ਦੇ ਉੱਤਰੀ ਪਾਸੇ ਤੱਕ ਜਾਰੀ ਰਹਿੰਦੀ ਸੀ। ਫ਼ੇਰ ਸਰਹੱਦ ਹੇਠਾਂ ਯਰਦਨ ਵਾਦੀ ਵੱਲ ਚਲੀ ਗਈ ਸੀ। 19 ਫ਼ੇਰ ਸਰਹੱਦ ਬੈਤ ਹਾਗਲਾਹ ਦੇ ਉੱਤਰੀ ਪਾਸੇ ਤੱਕ ਚਲੀ ਗਈ ਸੀ ਅਤੇ ਡੈਡ ਸੀ ਦੇ ਉੱਤਰੀ ਕੰਢੇ ਉੱਤੇ ਖ਼ਤਮ ਹੁੰਦੀ ਸੀ। ਇੱਥੇ ਹੀ ਯਰਦਨ ਨਦੀ ਸਾਗਰ ਵਿੱਚ ਡਿੱਗਦੀ ਸੀ। ਇਹ ਦੱਖਣੀ ਸਰਹੱਦ ਸੀ।
20 ਯਰਦਨ ਨਦੀ ਪੂਰਬੀ ਸਰਹੱਦ ਸੀ। ਇਸ ਤਰ੍ਹਾਂ ਉਹ ਧਰਤੀ ਸੀ ਜਿਹੜੀ ਬਿਨਯਾਮੀਨ ਦੇ ਪਰਿਵਾਰ-ਸਮੂਹ ਨੂੰ ਦਿੱਤੀ ਗਈ ਸੀ। ਸਾਰੇ ਪਾਸਿਆਂ ਦੀਆਂ ਸਰਹੱਦਾਂ ਇਹ ਹਨ: 21 ਹਰ ਪਰਿਵਾਰ ਨੂੰ ਆਪਣੀ ਧਰਤੀ ਮਿਲੀ ਸੀ। ਉਨ੍ਹਾਂ ਦੇ ਸ਼ਹਿਰ ਇਹ ਹਨ: 22 ਬੈਤ ਅਰਾਬਾਹ, ਸਮਾਰਯਿਮ, ਬੈਤਏਲ, 23 ਅੱਵੀਮ, ਪਾਰਾਹ, ਅਫ਼ਰਾਹ, 24 ਕਫ਼ਰ-ਅੰਮੋਨੀ, ਆਫ਼ਨੀ ਅਤੇ ਗਾਬਾ। ਉੱਥੇ 12 ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਖੇਤ ਸਨ।
25 ਬਿਨਯਾਮੀਨ ਦੇ ਪਰਿਵਾਰ-ਸਮੂਹ ਨੂੰ ਗਿਬਓਨ, ਰਾਮਾਹ, ਬਏਰੋਥ, 26 ਮਿਸਪਾਹ, ਕਫ਼ੀਰਾਹ, ਮੋਸਾਹ, 27 ਰਕਮ, ਯਿਰਪਏਲ, ਤਰਲਾਹ, 28 ਸੇਲਾ, ਅਲਫ਼, ਯਬੂਸ਼ੀ ਸ਼ਹਿਰ (ਯਰੂਸ਼ਲਮ) ਗਿਬਥ ਅਤੇ ਕਿਰਯਥ ਵੀ ਮਿਲੇ। ਉੱਥੇ ਆਲੇ-ਦੁਆਲੇ ਦੇ ਖੇਤਾਂ ਸਮੇਤ 14 ਸ਼ਹਿਰ ਸਨ। ਬਿਨਯਾਮੀਨ ਦੇ ਪਰਿਵਾਰ-ਸਮੂਹ ਨੂੰ ਇਹ ਸਾਰੇ ਇਲਾਕੇ ਮਿਲੇ ਸਨ।
2010 by World Bible Translation Center