Beginning
ਪਰਮੇਸ਼ੁਰ ਦਾ ਇਸਰਾਏਲ ਦੀ ਅਗਵਾਈ ਕਰਨ ਲਈ ਯਹੋਸ਼ੁਆ ਨੂੰ ਚੁਨਣਾ
1 ਮੂਸਾ ਯਹੋਵਾਹ ਦਾ ਸੇਵਕ ਸੀ। ਨੂਨ ਦਾ ਪੁੱਤਰ ਯਹੋਸ਼ੁਆ ਮੂਸਾ ਦਾ ਸਹਾਇਕ ਸੀ। ਮੂਸਾ ਦੀ ਮੌਤ ਤੋਂ ਬਾਦ ਯਹੋਵਾਹ ਨੇ ਯਹੋਸ਼ੁਆ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, 2 “ਮੇਰਾ ਸੇਵਕ ਮੂਸਾ ਗੁਜ਼ਰ ਗਿਆ ਹੈ। ਹੁਣ ਤੈਨੂੰ ਅਤੇ ਇਨ੍ਹਾਂ ਲੋਕਾਂ ਨੂੰ ਯਰਦਨ ਨਦੀ ਦੇ ਪਾਰ ਜ਼ਰੂਰ ਜਾਣਾ ਚਾਹੀਦਾ ਹੈ। ਤੁਹਾਨੂੰ, ਇਸਰਾਏਲ ਦੇ ਲੋਕਾਂ ਨੂੰ ਉਸ ਧਰਤੀ ਉੱਤੇ ਜਾਣਾ ਚਾਹੀਦਾ ਹੈ ਜਿਹੜੀ ਮੈਂ ਤੁਹਾਨੂੰ ਦੇ ਰਿਹਾ ਹਾਂ। 3 ਮੈਂ ਮੂਸਾ ਨਾਲ ਇਕਰਾਰ ਕੀਤਾ ਸੀ ਕਿ ਮੈਂ ਤੁਹਾਨੂੰ ਇਹ ਧਰਤੀ ਦੇਵਾਂਗਾ। ਇਸ ਲਈ, ਜਿੱਥੇ ਵੀ ਤੁਸੀਂ ਜਾਵੋਂਗੇ ਮੈਂ ਤੁਹਾਨੂੰ ਉਹ ਧਰਤੀ ਦੇਵਾਂਗਾ। 4 ਹਿੱਤੀ ਲੋਕਾਂ ਦੀ ਸਾਰੀ ਧਰਤੀ, ਮਾਰੂਥਲ ਅਤੇ ਲਬਾਨੋਨ ਤੋਂ ਲੈ ਕੇ ਵੱਡੀ ਨਦੀ (ਅਰਥਾਤ ਫ਼ਰਾਤ ਨਦੀ) ਤੱਕ, ਤੁਹਾਡੀ ਹੋਵੇਗੀ। ਇੱਥੋਂ ਲੈ ਕੇ ਪੱਛਮ ਵਿੱਚ ਭੂਮੱਧ ਸਾਗਰ ਤੱਕ (ਅਰਥਾਤ ਉਹ ਥਾਂ ਜਿੱਥੇ ਸੂਰਜ ਛੁਪਦਾ ਹੈ) ਦੀ ਸਾਰੀ ਧਰਤੀ ਤੁਹਾਡੀਆਂ ਸਰਹੱਦਾਂ ਵਿੱਚ ਹੋਵੇਗੀ। 5 ਮੈਂ ਤੁਹਾਡੇ ਨਾਲ ਹੋਵਾਂਗਾ ਉਵੇਂ ਹੀ ਜਿਵੇਂ ਮੈਂ ਮੂਸਾ ਦੇ ਨਾਲ ਸਾਂ। ਜ਼ਿੰਦਗੀ ਭਰ ਕੋਈ ਬੰਦਾ ਤੁਹਾਨੂੰ ਰੋਕ ਨਹੀਂ ਸੱਕੇਗਾ। ਮੈਂ ਤੁਹਾਡਾ ਸਾਥ ਨਹੀਂ ਛੱਡਾਂਗਾ। ਮੈਂ ਤੁਹਾਨੂੰ ਕਦੇ ਨਹੀਂ ਛੱਡਾਂਗਾ।
6 “ਯਹੋਸ਼ੁਆ, ਤੈਨੂੰ ਤਾਕਤਵਰ ਅਤੇ ਬਹਾਦਰ ਹੋਣਾ ਚਾਹੀਦਾ ਹੈ! ਤੈਨੂੰ ਇਨ੍ਹਾਂ ਲੋਕਾਂ ਦੀ ਅਗਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਹ ਆਪਣੀ ਧਰਤੀ ਲੈ ਸੱਕਣ। ਮੈਂ ਇਨ੍ਹਾਂ ਦੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ ਕਿ ਮੈਂ ਉਨ੍ਹਾਂ ਨੂੰ ਇਹ ਧਰਤੀ ਦੇਵਾਂਗਾ। 7 ਪਰ ਤੈਨੂੰ ਇੱਕ ਹੋਰ ਗੱਲ ਬਾਰੇ ਵੀ ਤਾਕਤਵਰ ਅਤੇ ਬਹਾਦਰ ਹੋਣਾ ਚਾਹੀਦਾ ਹੈ। ਤੈਨੂੰ ਇਹ ਪੱਕ ਕਰਨਾ ਚਾਹੀਦਾ ਹੈ ਕਿ ਤੂੰ ਉਨ੍ਹਾਂ ਆਦੇਸ਼ਾਂ ਦਾ ਪਾਲਣ ਕਰੇ ਜਿਹੜੇ ਤੈਨੂੰ ਮੇਰੇ ਸੇਵਕ ਮੂਸਾ ਨੇ ਦਿੱਤੇ ਸਨ। ਜੇ ਤੂੰ ਪੂਰੀ ਤਰ੍ਹਾਂ ਇਸ ਬਿਵਸਥਾ ਉੱਤੇ ਅਮਲ ਕਰੇਂਗਾ ਤਾਂ ਤੂੰ ਆਪਣੀ ਹਰ ਗੱਲ ਵਿੱਚ ਸਫ਼ਲ ਹੋ ਜਾਵੇਂਗਾ। 8 ਹਮੇਸ਼ਾ ਉਨ੍ਹਾਂ ਗੱਲਾਂ ਨੂੰ ਚੇਤੇ ਰੱਖਣਾ ਜਿਹੜੀਆਂ ਬਿਵਸਥਾ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ। ਉਸ ਪੁਸਤਕ ਦਾ ਅਧਿਐਨ ਦਿਨ-ਰਾਤ ਕਰਨਾ। ਫ਼ੇਰ ਤੂੰ ਉਨ੍ਹਾਂ ਗੱਲਾਂ ਨੂੰ ਮੰਨਣ ਬਾਰੇ ਯਕੀਨ ਕਰ ਸੱਕਦਾ ਹੈਂ ਜਿਹੜੀਆਂ ਉੱਥੇ ਲਿਖੀਆਂ ਹੋਈਆਂ ਹਨ। ਜੇ ਤੂੰ ਅਜਿਹਾ ਕਰੇਂਗਾ, ਤਾਂ ਤੂੰ ਜੋ ਕੁਝ ਵੀ ਕਰੇਂਗਾ ਉਸ ਬਾਰੇ ਸਿਆਣਪ ਅਤੇ ਸਫ਼ਲਤਾ ਹਾਸਿਲ ਕਰ ਸੱਕੇਂਗਾ। 9 ਯਾਦ ਰੱਖੀਂ, ਮੈਂ ਤੈਨੂੰ ਤਾਕਤਵਰ ਅਤੇ ਬਹਾਦਰ ਬਣਨ ਦਾ ਆਦੇਸ਼ ਦਿੰਦਾ ਹਾਂ। ਇਸ ਲਈ ਭੈਭੀਤ ਨਾ ਹੋ, ਕਿਉਂਕਿ ਜਿੱਥੇ ਵੀ ਤੂੰ ਜਾਵੇਂਗਾ ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਨਾਲ ਹੋਵੇਗਾ।”
ਯਹੋਸ਼ੁਆ ਹੁਕਮ ਲੈਂਦਾ ਹੈ
10 ਇਸ ਲਈ ਯਹੋਸ਼ੁਆ ਨੇ ਲੋਕਾਂ ਦੇ ਆਗੂਆਂ ਨੂੰ ਹੁਕਮ ਦਿੱਤਾ। ਉਸ ਨੇ ਆਖਿਆ, 11 “ਖੈਮਿਆਂ ਵਿੱਚ ਜਾਉ ਅਤੇ ਲੋਕਾਂ ਨੂੰ ਤਿਆਰ ਹੋ ਜਾਣ ਲਈ ਆਖੋ। ਲੋਕਾਂ ਨੂੰ ਆਖੋ, ‘ਕੁਝ ਭੋਜਨ ਦਾ ਪ੍ਰਬੰਧ ਕਰੋ। ਹੁਣ ਤੋਂ ਤਿੰਨ ਦਿਨ ਬਾਦ ਅਸੀਂ ਯਰਦਨ ਨਦੀ ਦੇ ਪਾਰ ਜਾਵਾਂਗੇ। ਅਸੀਂ ਜਾਵਾਂਗੇ ਅਤੇ ਉਹ ਧਰਤੀ ਲੈ ਲਵਾਂਗੇ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ।’”
12 ਫ਼ੇਰ ਯਹੋਸ਼ੁਆ ਨੇ ਰਊਬੇਨ, ਗਾਦ ਦੇ ਪਰਿਵਾਰ-ਸਮੂਹਾਂ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨਾਲ ਗੱਲ ਕੀਤੀ। ਯਹੋਸ਼ੁਆ ਨੇ ਆਖਿਆ, 13 “ਯਾਦ ਕਰੋ ਯਹੋਵਾਹ ਦੇ ਸੇਵਕ ਮੂਸਾ ਨੇ ਤੁਹਾਨੂੰ ਕੀ ਆਖਿਆ ਸੀ। ਉਸ ਨੇ ਆਖਿਆ ਸੀ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਆਰਾਮ ਕਰਨ ਲਈ ਇੱਕ ਥਾਂ ਦੇਵੇਗਾ। ਯਹੋਵਾਹ ਤੁਹਾਨੂੰ ਉਹ ਧਰਤੀ ਦੇਵੇਗਾ। 14 ਅਸਲ ਵਿੱਚ, ਯਹੋਵਾਹ ਨੇ ਤੁਹਾਨੂੰ ਇਹ ਧਰਤੀ ਯਰਦਨ ਨਦੀ ਦੇ ਪੂਰਬ ਵੱਲ ਦੇ ਦਿੱਤੀ ਹੈ। ਤੁਹਾਡੀਆਂ ਪਤਨੀਆਂ ਅਤੇ ਬੱਚੇ ਇਸ ਧਰਤੀ ਉੱਤੇ ਤੁਹਾਡੇ ਪਸ਼ੂਆਂ ਸਮੇਤ ਰਹਿ ਸੱਕਦੇ ਹਨ। ਪਰ ਤੁਹਾਡੇ ਲੜਾਕੂ ਬੰਦੇ ਯਰਦਨ ਨਦੀ ਨੂੰ ਤੁਹਾਡੇ ਭਰਾਵਾਂ ਸਮੇਤ ਜ਼ਰੂਰ ਪਾਰ ਕਰਨ। ਤੁਹਾਨੂੰ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਧਰਤੀ ਲੈਣ ਵਿੱਚ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। 15 ਯਹੋਵਾਹ ਤੁਹਾਨੂੰ ਅਰਾਮ ਕਰਨ ਲਈ ਇੱਕ ਥਾਂ ਦੇਵੇਗਾ ਅਤੇ ਉਹ ਤੁਹਾਡੇ ਭਰਾਵਾਂ ਨੂੰ ਵੀ ਸਥਾਨ ਦੇਵੇਗਾ। ਪਰ ਤੁਹਾਨੂੰ ਉਦੋਂ ਤੱਕ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਜਦੋਂ ਤੱਕ ਕਿ ਉਹ ਉਸ ਧਰਤੀ ਨੂੰ ਹਾਸਿਲ ਕਰ ਲੈਣ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਉਨ੍ਹਾਂ ਨੂੰ ਦੇ ਰਿਹਾ ਹੈ। ਫ਼ੇਰ ਤੁਸੀਂ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ, ਆਪਣੀ ਧਰਤੀ ਉੱਤੇ ਵਾਪਸ ਆ ਸੱਕਦੇ ਹੋ ਜਿਹੜੀ ਮੂਸਾ, ਯਹੋਵਾਹ ਦੇ ਸੇਵਕ ਨੇ ਤੁਹਾਨੂੰ ਦਿੱਤੀ ਸੀ।”
16 ਫ਼ੇਰ ਲੋਕਾਂ ਨੇ ਯਹੋਸ਼ੁਆ ਨੂੰ ਜਵਾਬ ਦਿੱਤਾ, “ਅਸੀਂ ਉਹੀ ਗੱਲ ਕਰਾਂਗੇ ਜਿਸਦਾ ਤੂੰ ਸਾਨੂੰ ਆਦੇਸ਼ ਦੇਵੇਂਗਾ! ਅਸੀਂ ਉੱਥੇ ਹੀ ਜਾਵਾਂਗੇ ਜਿੱਥੇ ਤੂੰ ਸਾਨੂੰ ਜਾਣ ਲਈ ਆਖੇਂਗਾ। 17 ਤੂੰ ਜੋ ਵੀ ਆਖੇਂਗਾ ਅਸੀਂ ਮੰਨਾਗੇ, ਉਵੇਂ ਹੀ ਜਿਵੇਂ ਅਸੀਂ ਮੂਸਾ ਦੀ ਗੱਲ ਮੰਨੀ ਸੀ। ਅਸੀਂ ਯਹੋਵਾਹ ਪਾਸੋਂ ਸਿਰਫ਼ ਇੱਕ ਚੀਜ਼ ਮੰਗਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਤੇਰਾ ਪਰਮੇਸ਼ੁਰ ਉਸੇ ਤਰ੍ਹਾਂ ਤੇਰੇ ਨਾਲ ਹੋਵੇ ਜਿਵੇਂ ਉਹ ਮੂਸਾ ਦੇ ਨਾਲ ਸੀ। 18 ਫ਼ੇਰ, ਜੇ ਕੋਈ ਬੰਦਾ ਤੇਰੇ ਆਦੇਸ਼ਾ ਨੂੰ ਮੰਨਣ ਤੋਂ ਇਨਕਾਰ ਕਰੇਗਾ ਜਾਂ ਜੋ ਕੋਈ ਬੰਦਾ ਤੇਰੇ ਖਿਲਾਫ਼ ਹੋਵੇਗਾ, ਤਾਂ ਉਹ ਬੰਦਾ ਮਾਰ ਦਿੱਤਾ ਜਾਵੇਗਾ। ਬਸ ਤਾਕਤਵਰ ਅਤੇ ਬਹਾਦਰ ਬਣ!”
ਯਰੀਹੋ ਵਿੱਚ ਜਾਸੂਸ
2 ਯਹੋਸ਼ੁਆ, ਨੂਨ ਦਾ ਪੁੱਤਰ ਅਤੇ ਹੋਰ ਸਾਰੇ ਆਦਮੀਆਂ ਨੇ ਅਕਾਸੀਆ ਵਿਖੇ ਡੇਰਾ ਲਾਇਆ ਹੋਇਆ ਸੀ। ਯਹੋਸ਼ੁਆ ਨੇ ਦੋ ਬੰਦਿਆ ਨੂੰ ਜਸੂਸਾਂ ਵਜੋਂ ਉਸ ਧਰਤੀ ਉੱਤੇ ਘੱਲਿਆ। ਇਨ੍ਹਾਂ ਬੰਦਿਆਂ ਨੇ ਧਰਤੀ ਦੀ, ਖਾਸੱਕਰ ਯਰੀਹੋ ਸ਼ਹਿਰ ਦੀ ਜਸੂਸੀ ਕਰਨੀ ਸੀ।
ਇਹ ਦੋਵੇਂ ਬੰਦੇ ਰਾਹਾਬ ਨਾਮ ਦੀ ਵੇਸਵਾ ਦੇ ਘਰੇ ਠਹਿਰੇ।
2 ਕਿਸੇ ਨੇ ਯਰੀਹੋ ਦੇ ਰਾਜੇ ਨੂੰ ਆਖਿਆ, “ਪਿੱਛਲੀ ਰਾਤ ਇਸਰਾਏਲ ਦੇ ਕੁਝ ਆਦਮੀ ਸਾਡੇ ਦੇਸ਼ ਦੀਆਂ ਕਮਜ਼ੋਰੀਆਂ ਦੇਖਣ ਆਏ।”
3 ਇਸ ਲਈ ਯਰੀਹੋ ਦੇ ਰਾਜੇ ਨੇ ਰਾਹਾਬ ਨੂੰ ਇਹ ਸੰਦੇਸ਼ ਭੇਜਿਆ: “ਉਨ੍ਹਾਂ ਬੰਦਿਆਂ ਨੂੰ ਨਾ ਛੁਪਾ ਜਿਹੜੇ ਆਏ ਸਨ ਅਤੇ ਤੇਰੇ ਘਰ ਠਹਿਰੇ ਸਨ। ਉਨ੍ਹਾਂ ਨੂੰ ਬਾਹਰ ਲਿਆ। ਉਹ ਸਾਡੇ ਦੇਸ਼ ਦੀ ਜਸੂਸੀ ਕਰਨ ਆਏ ਹਨ।”
4 ਰਾਹਾਬ ਨੇ ਦੋ ਬੰਦਿਆ ਨੂੰ ਛੁਪਾਇਆ ਹੋਇਆ ਸੀ। ਪਰ ਰਾਹਾਬ ਨੇ ਆਖਿਆ, “ਉਹ ਦੋ ਆਦਮੀ ਇੱਥੇ ਆਏ ਜ਼ਰੂਰ ਸਨ, ਪਰ ਮੈਨੂੰ ਨਹੀਂ ਪਤਾ ਉਹ ਕਿੱਥੋਂ ਆਏ ਸਨ। 5 ਸ਼ਾਮ ਵੇਲੇ ਜਦੋਂ ਸ਼ਹਿਰ ਦਾ ਦਰਵਾਜ਼ਾ ਬੰਦ ਕਰਨ ਦਾ ਵੇਲਾ ਸੀ, ਉਹ ਆਦਮੀ ਚੱਲੇ ਗਏ। ਮੈਨੂੰ ਨਹੀਂ ਪਤਾ ਉਹ ਕਿਧਰ ਚੱਲੇ ਗਏ। ਪਰ ਜੇ ਤੁਸੀਂ ਛੇਤੀ ਜਾਉ, ਤਾਂ ਸ਼ਾਇਦ ਤੁਸੀਂ ਉਨ੍ਹਾਂ ਨੂੰ ਫ਼ੜ ਸੱਕੋ।” 6 (ਰਾਹਾਬ ਨੇ ਇਹ ਗੱਲਾਂ ਆਖੀਆਂ, ਪਰ ਅਸਲ ਵਿੱਚ ਉਹ ਔਰਤ ਉਨ੍ਹਾਂ ਆਦਮੀਆਂ ਨੂੰ ਛੱਤ ਉੱਤੇ ਲੈ ਗਈ ਸੀ, ਅਤੇ ਉਸ ਨੇ ਉਨ੍ਹਾਂ ਨੂੰ ਉੱਥੇ ਉੱਪਰ ਇਕੱਠੇ ਕੀਤੇ ਹੋਏ ਘਾਹ ਵਿੱਚ ਛੁਪਾਇਆ ਹੋਇਆ ਸੀ।)
7 ਇਸ ਲਈ ਰਾਜੇ ਦੇ ਬੰਦੇ ਸ਼ਹਿਰ ਤੋਂ ਬਾਹਰ ਚੱਲੇ ਗਏ, ਅਤੇ ਲੋਕਾਂ ਨੇ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਦਿੱਤੇ। ਰਾਜੇ ਦੇ ਆਦਮੀ ਇਸਰਾਏਲ ਦੇ ਉਨ੍ਹਾਂ ਦੋਹਾਂ ਬੰਦਿਆਂ ਦੀ ਭਾਲ ਵਿੱਚ ਗਏ। ਉਹ ਯਰਦਨ ਨਦੀ ਉੱਤੇ ਗਏ ਅਤੇ ਉਨ੍ਹਾਂ ਨੇ ਉਹ ਸਾਰੀਆਂ ਥਾਵਾਂ ਦੇਖੀਆਂ ਜਿੱਥੇ ਲੋਕ ਨਦੀ ਪਾਰ ਕਰਦੇ ਹਨ।
8 ਦੋਵੇਂ ਬੰਦੇ ਰਾਤ ਵੇਲੇ ਸੌਣ ਲਈ ਤਿਆਰ ਸਨ। ਪਰ ਰਾਹਾਬ ਛੱਤ ਉੱਤੇ ਗਈ ਅਤੇ ਉਨ੍ਹਾਂ ਨਾਲ ਗੱਲ ਕੀਤੀ। 9 ਰਾਹਾਬ ਨੇ ਆਖਿਆ, “ਮੈਂ ਜਾਣਦੀ ਹਾਂ ਕਿ ਯਹੋਵਾਹ ਨੇ ਇਹ ਧਰਤੀ ਤੁਹਾਡੇ ਲੋਕਾਂ ਨੂੰ ਦੇ ਦਿੱਤੀ ਹੈ। ਤੁਸੀਂ ਸਾਨੂੰ ਭੈਭੀਤ ਕਰਦੇ ਹੋ। ਇਸ ਦੇਸ਼ ਵਿੱਚ ਰਹਿਣ ਵਾਲੇ ਸਾਰੇ ਲੋਕ ਤੁਹਾਡੇ ਕੋਲੋਂ ਭੈਭੀਤ ਹਨ। 10 ਅਸੀਂ ਇਸ ਲਈ ਭੈਭੀਤ ਹਾਂ ਕਿਉਂਕਿ ਅਸੀਂ ਉਨ੍ਹਾਂ ਢੰਗਾ ਬਾਰੇ ਸੁਣ ਲਿਆ ਹੈ ਜਿਨ੍ਹਾਂ ਰਾਹੀਂ ਯਹੋਵਾਹ ਨੇ ਤੁਹਾਡੀ ਮਦਦ ਕੀਤੀ ਹੈ। ਅਸੀਂ ਸੁਣਿਆ ਹੈ ਕਿ ਉਸ ਨੇ ਲਾਲ ਸਾਗਰ ਦੇ ਪਾਣੀ ਨੂੰ ਸੁਕਾ ਦਿੱਤਾ ਸੀ ਜਦੋਂ ਤੁਸੀਂ ਮਿਸਰ ਵਿੱਚੋਂ ਆਏ ਸੀ। ਅਸੀਂ ਇਹ ਵੀ ਸੁਣਿਆ ਸੀ ਕਿ ਤੁਸੀਂ ਅਮੋਰੀਆਂ ਦੇ ਦੋ ਰਾਜਿਆਂ ਸੀਹੋਨ ਅਤੇ ਓਗ ਨਾਲ ਕੀ ਕੀਤਾ ਸੀ। ਅਸੀਂ ਸੁਣਿਆ ਸੀ ਕਿ ਕਿਵੇਂ ਤੁਸੀਂ ਯਰਦਨ ਨਦੀ ਦੇ ਪੂਰਬ ਵੱਲ ਰਹਿਣ ਵਾਲੇ ਉਨ੍ਹਾਂ ਰਾਜਿਆਂ ਨੂੰ ਤਬਾਹ ਕੀਤਾ ਸੀ। 11 ਅਸੀਂ ਉਨ੍ਹਾਂ ਗੱਲਾਂ ਬਾਰੇ ਸੁਣਿਆ ਸੀ ਅਤੇ ਅਸੀਂ ਬਹੁਤ ਭੈਭੀਤ ਹੋ ਗਏ ਸਾਂ। ਅਤੇ ਹੁਣ ਸਾਡੇ ਵਿੱਚੋਂ ਕੋਈ ਵੀ ਬੰਦਾ ਇੰਨਾ ਬਹਾਦਰ ਨਹੀਂ ਕਿ ਤੁਹਾਡੇ ਨਾਲ ਲੜ ਸੱਕੇ। ਕਿਉਂਕਿ ਯਹੋਵਾਹ ਤੁਹਾਡਾ ਪਰਮੇਸ਼ੁਰ, ਉਪਰ ਆਕਾਸ਼ ਵਿੱਚ ਅਤੇ ਹੇਠਾਂ ਧਰਤੀ ਉੱਤੇ ਹਕੂਮਤ ਕਰਦਾ ਹੈ! 12 ਇਸ ਲਈ ਹੁਣ, ਯਹੋਵਾਹ ਅੱਗੇ ਮੇਰੇ ਨਾਲ ਇਕਰਾਰ ਕਰੋ ਕਿ ਜਿਵੇਂ ਮੈਂ ਤੁਹਾਡੇ ਲਈ ਚੰਗੀ ਸੀ ਅਤੇ ਤੁਹਾਡੀ ਸਹਾਇਤਾ ਕੀਤੀ ਤੁਸੀਂ ਮੇਰੇ ਪਰਿਵਾਰ ਲਈ ਚੰਗੇ ਹੋਵੋਂਗੇ। ਕਿਰਪਾ ਕਰਕੇ ਮੈਨੂੰ ਯਕੀਨ ਕਰਵਾਉ ਕਿ ਤੁਸੀਂ ਅਜਿਹਾ ਹੀ ਕਰੋਂਗੇ। 13 ਮੈਨੂੰ ਦੱਸੋ ਕਿ ਤੁਸੀਂ ਮੇਰੇ ਪਰਿਵਾਰ ਨੂੰ ਜਿਉਣ ਦੀ ਇਜਾਜ਼ਤ ਦਿਉਂਗੇ-ਮੇਰੇ ਪਿਤਾ, ਮਾਤਾ, ਭਰਾਵਾ, ਭੈਣਾ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਵੀ। ਇਕਰਾਰ ਕਰੋ ਕਿ ਤੁਸੀਂ ਸਾਨੂੰ ਮੌਤ ਤੋਂ ਬਚਾਵੋਂਗੇ।”
14 ਉਨ੍ਹਾਂ ਆਦਮੀਆਂ ਨੇ ਉਸ ਨੂੰ ਯਕੀਨ ਦਿਵਾਇਆ, “ਅਸੀਂ ਤੁਹਾਡੀਆਂ ਜ਼ਿੰਦਗੀਆਂ ਖਾਤਰ ਆਪਣੀਆਂ ਜ਼ਿੰਦਗੀਆਂ ਦੇ ਦੇਵਾਂਗੇ ਜੇਕਰ ਤੂੰ ਕਿਸੇ ਨੂੰ ਨਾ ਦੱਸੇ ਕਿ ਅਸੀਂ ਕੀ ਕਰ ਰਹੇ ਹਾਂ। ਫ਼ੇਰ, ਜਦੋਂ ਯਹੋਵਾਹ ਸਾਨੂੰ ਸਾਡੀ ਧਰਤੀ ਦੇਵੇਗਾ, ਅਸੀਂ ਤੁਹਾਡੇ ਲਈ ਚੰਗੇ ਹੋਵਾਂਗੇ। ਤੂੰ ਸਾਡੇ ਉੱਤੇ ਭਰੋਸਾ ਕਰ ਸੱਕਦੀ ਹੈ।”
15 ਰਾਹਾਬ ਦਾ ਘਰ ਸ਼ਹਿਰ ਦੀ ਦੀਵਾਰ ਦੇ ਨਾਲ ਬਣਿਆ ਹੋਇਆ ਸੀ। ਇਹ ਦੀਵਾਰ ਦਾ ਹਿੱਸਾ ਸੀ। ਇਸ ਲਈ ਰਾਹਾਬ ਨੇ ਆਦਮੀਆਂ ਨੂੰ ਰਸੇ ਰਾਹੀਂ ਖਿੜਕੀ ਵਿੱਚੋਂ ਹੇਠਾ ਉਤਾਰ ਦਿੱਤਾ। 16 ਫ਼ੇਰ ਰਾਹਾਬ ਨੇ ਉਨ੍ਹਾਂ ਨੂੰ ਆਖਿਆ, “ਪੱਛਮ ਵੱਲ ਪਹਾੜਾ ਨੂੰ ਚੱਲੇ ਜਾਉ ਤਾਂ ਜੋ ਭੁੱਲ-ਭੁਲੇਖੇ ਰਾਜੇ ਦੇ ਬੰਦੇ ਤੁਹਾਨੂੰ ਲੱਭ ਨਾ ਲੈਣ। ਉੱਥੇ ਤਿੰਨ ਦਿਨਾ ਤੱਕ ਛੁੱਪੇ ਰਹੋ। ਜਦੋਂ ਰਾਜੇ ਦੇ ਆਦਮੀ ਵਾਪਸ ਆ ਜਾਣ ਤਾਂ ਤੁਸੀਂ ਆਪਣੇ ਰਾਹ ਜਾ ਸੱਕੋਂਗੇ।”
17 ਆਦਮੀਆਂ ਨੇ ਆਖਿਆ, “ਅਸੀਂ ਤੁਹਾਡੇ ਨਾਲ ਇਕਰਾਰ ਕੀਤਾ ਸੀ। ਪਰ ਤੁਹਾਨੂੰ ਇੱਕ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਨਹੀਂ ਤਾਂ ਅਸੀਂ ਆਪਣੇ ਇਕਰਾਰ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ। 18 ਤੁਸੀਂ ਇਹ ਲਾਲ ਰੱਸਾ ਸਾਡੇ ਬਚ ਨਿਕਲਣ ਵਿੱਚ ਸਹਾਇਤਾ ਕਰਨ ਲਈ ਵਰਤ ਰਹੇ ਹੋ। ਅਸੀਂ ਇਸ ਧਰਤੀ ਉੱਤੇ ਵਾਪਸ ਆਵਾਂਗੇ। ਉਸ ਵੇਲੇ ਤੁਸੀਂ ਇਹ ਲਾਲ ਰੱਸਾ ਆਪਣੀ ਖਿੜਕੀ ਨਾਲ ਜ਼ਰੂਰ ਬੰਨ੍ਹ ਦੇਣਾ। ਤੁਸੀਂ ਆਪਣੇ ਪਿਤਾ, ਆਪਣੀ ਮਾਤਾ, ਆਪਣੇ ਭਰਾਵਾਂ ਅਤੇ ਆਪਣੇ ਪਰਿਵਾਰ ਦੇ ਸਾਰੇ ਮੈਂਬਰਾ ਨੂੰ ਆਪਣੇ ਘਰ ਵਿੱਚ ਜ਼ਰੂਰ ਨਾਲ ਲੈ ਆਉਣਾ। 19 ਅਸੀਂ ਹਰ ਉਸ ਬੰਦੇ ਦੀ ਰੱਖਿਆ ਕਰਾਂਗੇ ਜਿਹੜਾ ਇਸ ਘਰ ਵਿੱਚ ਠਹਿਰੇਗਾ। ਜੇ ਤੁਹਾਡੇ ਘਰ ਦੇ ਕਿਸੇ ਵੀ ਬੰਦੇ ਦਾ ਨੁਕਸਾਨ ਹੋਵੇਗਾ ਤਾਂ ਫ਼ੇਰ ਅਸੀਂ ਜ਼ਿੰਮੇਵਾਰ ਹੋਵਾਂਗੇ। ਪਰ ਜੇ ਕੋਈ ਬੰਦਾ ਤੁਹਾਡੇ ਘਰ ਵਿੱਚੋਂ ਬਾਹਰ ਜਾਵੇਗਾ ਤਾਂ ਹੋ ਸੱਕਦਾ ਹੈ ਕਿ ਉਹ ਬੰਦਾ ਮਾਰਿਆ ਜਾਵੇ। ਅਸੀਂ ਉਸ ਬੰਦੇ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ। ਇਸ ਵਿੱਚ ਉਸਦਾ ਹੀ ਕਸੂਰ ਹੋਵੇਗਾ। 20 ਅਸੀਂ ਇਹ ਇਕਰਾਰਨਾਮਾ ਤੁਹਾਡੇ ਨਾਲ ਕਰ ਰਹੇ ਹਾਂ। ਪਰ ਜੇ ਤੁਸੀਂ ਕਿਸੇ ਨੂੰ ਇਸ ਬਾਰੇ ਦੱਸ ਦਿਉਂਗੇ ਕਿ ਅਸੀਂ ਕੀ ਕਰ ਰਹੇ ਹਾਂ ਤਾਂ ਅਸੀਂ ਇਸ ਇਕਰਾਰਨਾਮੇ ਤੋਂ ਮੁਕਤ ਹੋਵਾਂਗੇ।”
21 ਰਾਹਾਬ ਨੇ ਜਵਾਬ ਦਿੱਤਾ, “ਮੈਂ ਬਿਲਕੁਲ ਉਵੇਂ ਹੀ ਕਰਾਂਗੀ ਜਿਵੇਂ ਤੁਸੀਂ ਆਖਿਆ ਹੈ।” ਰਾਹਾਬ ਨੇ ਉਨ੍ਹਾਂ ਨੂੰ ਵਿਦਾ ਕਰ ਦਿੱਤਾ ਅਤੇ ਆਦਮੀ ਉਸ ਦੇ ਘਰ ਤੋਂ ਚੱਲੇ ਗਏ। ਫ਼ੇਰ ਰਾਹਾਬ ਨੇ ਖਿੜਕੀ ਵਿੱਚ ਲਾਲ ਰੱਸਾ ਬੰਨ੍ਹ ਦਿੱਤਾ।
22 ਆਦਮੀ ਉਸ ਦੇ ਘਰੋ ਚੱਲੇ ਗਏ ਅਤੇ ਪਹਾੜਾ ਵਿੱਚ ਚੱਲੇ ਗਏ। ਉਹ ਉੱਥੇ ਤਿੰਨ ਦਿਨ ਠਹਿਰੇ। ਰਾਜੇ ਦੇ ਆਦਮੀਆਂ ਨੇ ਸਾਰੇ ਰਾਹ ਉੱਤੇ ਨਜ਼ਰ ਮਾਰੀ। ਤਿੰਨ ਦਿਨਾ ਮਗਰੋਂ, ਰਾਜੇ ਦੇ ਆਦਮੀਆ ਨੇ ਤਲਾਸ਼ ਛੱਡ ਦਿੱਤੀ ਅਤੇ ਸ਼ਹਿਰ ਵਾਪਸ ਚੱਲੇ ਗਏ। 23 ਫ਼ੇਰ ਦੋਵੇਂ ਆਦਮੀ ਯਹੋਸ਼ੁਆ ਕੋਲ ਵਾਪਸ ਚੱਲੇ ਗਏ। ਆਦਮੀ ਪਹਾੜਾ ਵਿੱਚੋਂ ਬਾਹਰ ਆ ਗਏ ਅਤੇ ਨਦੀ ਨੂੰ ਪਾਰ ਕਰ ਗਏ। ਉਹ ਨੂਨ ਦੇ ਪੁੱਤਰ ਯਹੋਸ਼ੁਆ ਕੋਲ ਗਏ। ਉਨ੍ਹਾਂ ਨੇ ਜੋ ਕੁਝ ਵੀ ਜਾਣਿਆ ਸੀ ਯਹੋਸ਼ੁਆ ਨੂੰ ਦੱਸ ਦਿੱਤਾ। 24 ਉਨ੍ਹਾਂ ਨੇ ਯਹੋਸ਼ੁਆ ਨੂੰ ਆਖਿਆ, “ਯਹੋਵਾਹ ਨੇ ਸੱਚ ਮੁੱਚ ਹੀ ਸਾਡੀ ਧਰਤੀ ਸਾਨੂੰ ਦੇ ਦਿੱਤੀ ਹੈ। ਉਸ ਦੇਸ਼ ਦੇ ਸਾਰੇ ਹੀ ਲੋਕ ਸਾਡੇ ਕੋਲੋਂ ਭੈਭੀਤ ਹਨ।”
ਯਰਦਨ ਨਦੀ ਵਿਖੇ ਚਮਤਕਾਰ
3 ਦੂਸਰੇ ਦਿਨ ਬਹੁਤ ਸਵੇਰੇ, ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕ ਉੱਠੇ ਅਤੇ ਅਕਾਸ਼ੀਆ ਨੂੰ ਛੱਡ ਗਏ। ਉਹ ਯਰਦਨ ਨਦੀ ਵੱਲ ਗਏ ਅਤੇ ਉਨ੍ਹਾਂ ਨੇ ਪਾਰ ਜਾਣ ਤੋਂ ਪਹਿਲਾ ਉੱਥੇ ਡੇਰਾ ਲਾ ਲਿਆ। 2 ਤਿੰਨ ਦਿਨਾ ਮਗਰੋਂ, ਆਗੂ ਡੇਰੇ ਵਿੱਚ ਗਏ। 3 ਆਗੂਆਂ ਨੇ ਲੋਕਾਂ ਨੂੰ ਹੁਕਮ ਦਿੱਤਾ। ਉਨ੍ਹਾਂ ਨੇ ਆਖਿਆ, “ਤੁਸੀਂ, ਜਾਜਕਾਂ ਅਤੇ ਲੇਵੀਆਂ ਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ ਦੇ ਇਕਰਾਰਨਾਮੇ ਵਾਲੇ ਸੰਦੂਕ ਨੂੰ ਲਿਜਾਂਦਿਆ ਦੇਖੋਂਗੇ। ਉਸ ਵੇਲੇ ਤੁਹਾਨੂੰ ਉਨ੍ਹਾਂ ਦੇ ਪਿੱਛੇ ਜ਼ਰੂਰ ਲੱਗਣਾ ਚਾਹੀਦਾ ਹੈ। 4 ਪਰ ਬਹੁਤ ਨੇੜੇ ਹੋਕੇ ਉਨ੍ਹਾਂ ਦਾ ਪਿੱਛਾ ਨਹੀਂ ਕਰਨਾ। ਉਨ੍ਹਾਂ ਕੋਲੋਂ ਤਕਰੀਬਨ 1,000 ਗਜ ਪਿੱਛੇ ਰਹਿਣਾ। ਤੁਸੀਂ ਉੱਥੇ ਪਹਿਲਾਂ ਕਦੇ ਨਹੀਂ ਗਏ। ਪਰ ਜੇ ਤੁਸੀਂ ਉਨ੍ਹਾਂ ਦਾ ਪਿੱਛਾ ਕਰੋਂਗੇ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਧਰ ਜਾਣਾ ਹੈ।”
5 ਫ਼ੇਰ ਯਹੋਸ਼ੁਆ ਨੇ ਲੋਕਾਂ ਨੂੰ ਕਿਹਾ, “ਆਪਣੇ ਆਪ ਨੂੰ ਪਵਿੱਤਰ ਬਣਾ ਲਵੋ। ਕੱਲ ਨੂੰ ਯਹੋਵਾਹ ਤੁਹਾਡੇ ਦਰਮਿਆਨ ਇੱਕ ਮਹਾਨ ਕਰਿਸ਼ਮਾ ਕਰੇਗਾ।”
6 ਫ਼ੇਰ ਯਹੋਸ਼ੁਆ ਨੇ ਜਾਜਕਾਂ ਨੂੰ ਆਖਿਆ, “ਇਕਰਾਰਨਾਮੇ ਦਾ ਸੰਦੂਕ ਚੁੱਕ ਲਵੋ ਅਤੇ ਲੋਕਾਂ ਦੇ ਸਾਹਮਣੇ ਨਦੀ ਦੇ ਪਾਰ ਜਾਵੋ।” ਇਸ ਲਈ ਜਾਜਕਾਂ ਨੇ ਸੰਦੂਕ ਚੁੱਕ ਲਿਆ ਅਤੇ ਇਸ ਨੂੰ ਲੋਕਾਂ ਦੇ ਸਾਹਮਣੇ ਲੈ ਗਏ।
7 ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਅੱਜ ਮੈਂ ਤੈਨੂੰ ਇਸਰਾਏਲ ਦੇ ਸਾਰੇ ਲੋਕਾਂ ਦੀ ਨਜ਼ਰ ਵਿੱਚ ਮਹਾਨ ਬੰਦਾ ਬਨਾਉਣਾ ਸ਼ੁਰੂ ਕਰ ਦਿਆਂਗਾ। ਫ਼ੇਰ ਲੋਕਾਂ ਨੂੰ ਪਤਾ ਚੱਲ ਜਾਵੇਗਾ ਕਿ ਮੈਂ ਤੇਰੇ ਨਾਲ ਵੀ ਉਵੇਂ ਹੀ ਹਾਂ ਜਿਵੇਂ ਮੈਂ ਮੂਸਾ ਦੇ ਨਾਲ ਸੀ। 8 ਜਾਜਕ ਇਕਰਾਰਨਾਮੇ ਦਾ ਸੰਦੂਕ ਲੈ ਜਾਣਗੇ, ਜਾਜਕਾਂ ਨੂੰ ਇਹ ਆਖ, ‘ਯਰਦਨ ਨਦੀ ਦੇ ਕੰਢੇ ਤੱਕ ਤੁਰਕੇ ਜਾਣ ਅਤੇ ਪਾਣੀ ਵਿੱਚ ਪੈਰ ਪਾਉਣ ਤੋਂ ਰਤਾ ਕੁ ਪਹਿਲਾ ਠਹਿਰ ਜਾਣ।’”
9 ਫ਼ੇਰ ਯਹੋਸ਼ੁਆ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਆਉ ਅਤੇ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਸ਼ਬਦਾ ਨੂੰ ਧਿਆਨ ਨਾਲ ਸੁਣੋ। 10 ਇਹ ਇੱਕ ਸਬੂਤ ਹੈ ਕਿ ਜਿਉਂਦਾ ਪਰਮੇਸ਼ੁਰ ਸੱਚਮੁੱਚ ਤੁਹਾਡੇ ਨਾਲ ਹੈ ਅਤੇ ਉਹ ਤੁਹਾਡੇ ਦੁਸ਼ਮਣਾ ਨੂੰ ਹਰਾਉਣ ਵਿੱਚ ਅਸਫ਼ਲ ਨਹੀਂ ਹੋਵੇਗਾ। ਉਹ ਕਨਾਨੀਆਂ, ਹਿੱਤੀਆਂ, ਹਿੱਵੀਆਂ, ਫ਼ਰਿੱਜ਼ੀਆਂ, ਗਿਰਗਾਸੀਆਂ, ਅਮੋਰੀਆਂ ਅਤੇ ਯਬੂਸੀਆਂ ਨੂੰ ਹਰਾ ਦੇਵੇਗਾ ਅਤੇ ਉਨ੍ਹਾਂ ਨੂੰ ਧਰਤੀ ਛੱਡ ਜਾਣ ਲਈ ਮਜ਼ਬੂਰ ਕਰ ਦੇਵੇਗਾ। 11 ਇਹੀ ਇੱਕ ਸਬੂਤ ਹੈ। ਸਾਰੀ ਦੁਨੀਆਂ ਦੇ ਪ੍ਰਭੂ ਦਾ ਇਕਰਾਰਨਾਮੇ ਦਾ ਸੰਦੂਕ ਤੁਹਾਡੇ ਅੱਗੇ ਜਾਵੇਗਾ ਜਦੋਂ ਤੁਸੀਂ ਯਰਦਨ ਨਦੀ ਨੂੰ ਪਾਰ ਕਰੋਂਗੇ। 12 ਹੁਣ ਬਾਰਾਂ ਆਦਮੀ ਚੁਣੋ। ਇਸਰਾਏਲ ਦੇ ਹਰ ਇੱਕ ਪਰਿਵਾਰ ਸਮੂਹ ਵਿੱਚੋਂ ਇੱਕ-ਇੱਕ ਆਦਮੀ ਚੁਣੋ। 13 ਜਾਜਕ, ਯਹੋਵਾਹ ਦਾ ਸੰਦੂਕ ਲੈ ਕੇ ਜਾਣਗੇ ਯਹੋਵਾਹ ਸਾਰੀ ਦੁਨੀਆ ਦਾ ਪ੍ਰਭੂ ਹੈ। ਉਹ ਪਵਿੱਤਰ ਸੰਦੂਕ ਨੂੰ ਤੁਹਾਡੇ ਸਾਹਮਣੇ ਯਰਦਨ ਨਦੀ ਵਿੱਚ ਲੈ ਕੇ ਜਾਣਗੇ ਜਦੋਂ ਉਹ ਪਾਣੀ ਵਿੱਚ ਦਾਖਲ ਹੋਣਗੇ ਯਰਦਨ ਨਦੀ ਦਾ ਪਾਣੀ ਵਗਣੋ ਹਟ ਜਾਵੇਗਾ ਪਾਣੀ ਠਹਿਰ ਜਾਵੇਗਾ। ਅਤੇ ਉਸ ਸਥਾਨ ਦੇ ਪਿੱਛੇ ਬੰਨ੍ਹ ਵਾਂਗ ਭਰ ਜਾਵੇਗਾ।”
14 ਜਾਜਕਾਂ ਨੇ ਇਕਰਾਰਨਾਮੇ ਦਾ ਸੰਦੂਕ ਚੁੱਕ ਲਿਆ ਅਤੇ ਲੋਕਾਂ ਨੇ ਆਪਣੇ ਡੇਰੇ ਵਾਲੀ ਥਾਂ ਛੱਡ ਦਿੱਤੀ ਲੋਕ ਯਰਦਨ ਨਦੀ ਦੇ ਪਾਰ ਜਾਣੇ ਸ਼ੁਰੂ ਹੋ ਗਏ। 15 ਫ਼ਸਲ ਦੀ ਵਾਢੀ ਵੇਲੇ ਯਰਦਨ ਨਦੀ ਦੇ ਕੰਢਿਆਂ ਤੀਕ ਵਗਦੀ ਹੈ ਇਸ ਲਈ ਨਦੀ ਪੂਰੀ ਭਰੀ ਹੋਈ ਸੀ ਜਿਨ੍ਹਾਂ ਜਾਜਕਾਂ ਨੇ ਸੰਦੂਕ ਚੁੱਕਿਆ ਹੋਇਆ ਸੀ ਉਹ ਨਦੀ ਦੇ ਕੰਢੇ ਆ ਗਏ। ਉਨ੍ਹਾਂ ਨੇ ਨਦੀ ਵਿੱਚ ਪੈਰ ਪਾ ਦਿੱਤੇ। 16 ਅਤੇ ਫ਼ੌਰਨ ਹੀ, ਪਾਣੀ ਵਗਣੋ ਰੁਕ ਗਿਆ। ਪਾਣੀ ਉਸ ਥਾਂ ਦੇ ਪਿੱਛੇ ਬੰਨ੍ਹ ਵਾਂਗ ਭਰਿਆ ਹੋਇਆ ਸੀ। ਪਾਣੀ ਨਦੀ ਦੇ ਉੱਪਰ ਵੱਲ ਦੂਰ ਤੀਕ ਉੱਚਾ ਉੱਠਿਆ ਹੋਇਆ ਸੀ-(ਸਾਰਥਾਨ ਦੇ ਕਸਬੇ) ਆਦਮ ਤੀਕ। ਲੋਕਾਂ ਨੇ ਯਰੀਹੋ ਦੇ ਨਜ਼ਦੀਕ ਨਦੀ ਪਾਰ ਕੀਤੀ। 17 ਉਸ ਥਾਂ ਜ਼ਮੀਨ ਖੁਸ਼ਕ ਹੋ ਗਈ ਅਤੇ ਜਾਜਕ ਯਹੋਵਾਹ ਦੇ ਇਕਰਾਰਨਾਮੇ ਦਾ ਸੰਦੂਕ ਚੁੱਕ ਕੇ ਨਦੀ ਦੇ ਅੱਧ ਵਿੱਚਕਾਰ ਲੈ ਗਏ ਅਤੇ ਰੁਕ ਗਏ। ਜਾਜਕ ਉੱਥੇ ਖਲੋ ਕੇ ਉਡੀਕਣ ਲੱਗੇ ਜਦੋਂ ਕਿ ਇਸਰਾਏਲ ਦੇ ਸਾਰੇ ਲੋਕ ਯਰਦਨ ਨਦੀ ਦੀ ਖੁਸ਼ਕ ਥਾਂ ਤੋਂ ਤੁਰ ਕੇ ਪਾਰ ਹੋ ਗਏ।
ਲੋਕਾਂ ਨੂੰ ਚੇਤੇ ਕਰਾਉਣ ਵਾਲੀਆਂ ਚੱਟਾਨਾ
4 ਜਦੋਂ ਸਾਰੇ ਲੋਕ ਨਦੀ ਪਾਰ ਕਰ ਗਏ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, 2 “ਬਾਰਾਂ ਆਦਮੀ ਚੁਣੋ। ਹਰ ਪਰਿਵਾਰ-ਸਮੂਹ ਵਿੱਚੋਂ ਇੱਕ-ਇੱਕ ਆਦਮੀ ਚੁਣੋ। 3 ਉਨ੍ਹਾਂ ਨੂੰ ਆਖੋ ਕਿ ਨਦੀ ਵਿੱਚ ਉਸ ਥਾਂ ਦੇਖਣ ਜਿੱਥੇ ਜਾਜਕ ਖਲੋਤੇ ਹੋਏ ਸਨ। ਉਨ੍ਹਾਂ ਨੂੰ ਆਖੋ ਕਿ ਉਸ ਥਾਂ ਉੱਤੇ ਬਾਰਾਂ ਪੱਥਰ ਤਲਾਸ਼ ਕਰਨ। ਉਨ੍ਹਾਂ ਬਾਰਾਂ ਪੱਥਰਾਂ ਨੂੰ ਆਪਣੇ ਨਾਲ ਲੈ ਜਾਣਾ। ਬਾਰਾਂ ਪਥਰਾਂ ਨੂੰ ਉੱਥੇ ਰੱਖ ਦੇਣਾ ਜਿੱਥੇ ਤੁਸੀਂ ਰਾਤ ਕੱਟੋ।”
4 ਇਸ ਲਈ, ਯਹੋਸ਼ੁਆ ਨੇ ਹਰ ਪਰਿਵਾਰ-ਸਮੂਹ ਵਿੱਚੋਂ ਇੱਕ-ਇੱਕ ਬੰਦਾ ਚੁਣਿਆ। ਫ਼ੇਰ ਉਸ ਨੇ ਬਾਰਾਂ ਆਦਮੀਆਂ ਨੂੰ ਇਕੱਠੇ ਹੋਣ ਲਈ ਆਖਿਆ। 5 ਯਹੋਸ਼ੁਆ ਨੇ ਆਦਮੀਆਂ ਨੂੰ ਆਖਿਆ, “ਨਦੀ ਵਿੱਚ ਉੱਥੇ ਜਾਵੋ ਜਿੱਥੇ ਯਹੋਵਾਹ ਤੁਹਾਡੇ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਹੈ। ਤੁਹਾਡੇ ਵਿੱਚੋਂ ਹਰੇਕ ਨੂੰ ਇੱਕ-ਇੱਕ ਪੱਥਰ ਤਲਾਸ਼ ਕਰਨਾ ਚਾਹੀਦਾ ਹੈ। ਇਸਰਾਏਲ ਦੇ ਬਾਰਾਂ ਪਰਿਵਾਰ-ਸਮੂਹਾਂ ਵਿੱਚੋਂ ਹਰੇਕ ਪਾਸ ਇੱਕ-ਇੱਕ ਪੱਥਰ ਹੋਵੇਗਾ। ਉਸ ਪੱਥਰ ਨੂੰ ਆਪਣੇ ਮੋਢਿਆਂ ਉੱਤੇ ਚੁੱਕੋ। 6 ਇਹ ਪੱਥਰ ਤੁਹਾਡੇ ਲਈ ਨਿਸ਼ਾਨ ਹੋਣਗੇ। ਭਵਿੱਖ ਵਿੱਚ, ਤੁਹਾਡੇ ਬੱਚੇ ਤੁਹਾਨੂੰ ਪੁੱਛਣਗੇ, ‘ਇਨ੍ਹਾਂ ਪਥਰਾਂ ਦਾ ਕੀ ਅਰਥ ਹੈ?’ 7 ਤੁਸੀਂ ਬੱਚਿਆਂ ਨੂੰ ਦੱਸੋਂਗੇ ਕਿ ਯਹੋਵਾਹ ਨੇ ਯਰਦਨ ਨਦੀ ਦੇ ਪਾਣੀ ਨੂੰ ਵਗਣ ਤੋਂ ਰੋਕ ਦਿੱਤਾ ਸੀ। ਜਦੋਂ ਯਹੋਵਾਹ ਨੇ ਇਕਰਾਰਨਾਮੇ ਵਾਲਾ ਪਵਿੱਤਰ ਸੰਦੂਕ ਨਦੀ ਪਾਰ ਕਰ ਰਿਹਾ ਸੀ, ਪਾਣੀ ਵਗਣੋ ਹਟ ਗਿਆ ਸੀ। ਉਹ ਪੱਥਰ ਇਸਰਾਏਲ ਦੇ ਲੋਕਾਂ ਨੂੰ ਇਹ ਗੱਲ ਹਮੇਸ਼ਾ ਯਾਦ ਰੱਖਣ ਵਿੱਚ ਸਹਾਇਤਾ ਕਰਨਗੇ।”
8 ਇਸ ਲਈ ਇਸਰਾਏਲ ਦੇ ਲੋਕਾਂ ਨੇ ਯਹੋਸ਼ੁਆ ਦੀ ਗੱਲ ਮੰਨ ਲਈ। ਉਹ ਯਰਦਨ ਨਦੀ ਦੇ ਅੱਧ ਵਿੱਚਕਾਰੋਂ ਬਾਰਾਂ ਪੱਥਰ ਚੁੱਕ ਲਿਆਏ। ਇਸਰਾਏਲ ਦੇ ਹਰ ਬਾਰਾਂ ਪਰਿਵਾਰ-ਸਮੂਹਾਂ ਲਈ ਇੱਕ-ਇੱਕ ਪੱਥਰ ਸੀ। ਉਨ੍ਹਾਂ ਨੇ ਅਜਿਹਾ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਯਹੋਸ਼ੁਆ ਨੂੰ ਆਦੇਸ਼ ਦਿੱਤਾ ਸੀ। ਲੋਕਾਂ ਨੇ ਪੱਥਰ ਆਪਣੇ ਨਾਲ ਲੈ ਲਏ। ਫ਼ੇਰ ਉਨ੍ਹਾਂ ਨੇ ਉਹ ਪੱਥਰ ਉੱਥੇ ਰੱਖ ਦਿੱਤੇ ਜਿੱਥੇ ਉਨ੍ਹਾਂ ਨੇ ਆਪਣਾ ਡੇਰਾ ਲਾਇਆ। 9 (ਯਹੋਸ਼ੁਆ ਨੇ ਯਰਦਨ ਨਦੀ ਦੇ ਅੱਧ ਵਿੱਚਕਾਰ ਵੀ ਬਾਰਾਂ ਪੱਥਰ ਰੱਖ ਦਿੱਤੇ। ਉਸ ਨੇ ਇਨ੍ਹਾਂ ਨੂੰ ਉਸ ਥਾਂ ਰੱਖ ਦਿੱਤਾ ਜਿੱਥੇ ਜਾਜਕ ਉਦੋਂ ਖਲੋਤੇ ਸਨ ਜਦੋਂ ਉਨ੍ਹਾਂ ਨੇ ਯਹੋਵਾਹ ਦਾ ਪਵਿੱਤਰ ਸੰਦੂਕ ਚੁੱਕਿਆ ਹੋਇਆ ਸੀ। ਇਹ ਪੱਥਰ ਅੱਜ ਵੀ ਉਸੇ ਥਾਂ ਹਨ।)
10 ਯਹੋਵਾਹ ਨੇ ਯਹੋਸ਼ੁਆ ਨੂੰ ਆਦੇਸ਼ ਦੇ ਦਿੱਤਾ ਸੀ ਕਿ ਉਹ ਲੋਕਾਂ ਨੂੰ ਦੱਸ ਦੇਵੇ ਕਿ ਉਨ੍ਹਾਂ ਨੇ ਕੀ ਕਰਨਾ ਹੈ। ਇਹ ਉਹੀ ਗੱਲਾਂ ਸਨ ਜਿਹੜੀਆਂ ਮੂਸਾ ਨੇ ਯਹੋਸ਼ੁਆ ਨੂੰ ਜ਼ਰੂਰ ਕਰਨ ਲਈ ਆਖੀਆਂ ਸਨ। ਇਸ ਲਈ ਜਿਹੜੇ ਜਾਜਕ ਪਵਿੱਤਰ ਸੰਦੂਕ ਨੂੰ, ਲਈ ਖਲੋਤੇ ਸਨ ਉਦੋਂ ਤੀਕ ਨਦੀ ਦੇ ਅੱਧ ਵਿੱਚਕਾਰ ਖਲੋਤੇ ਰਹੇ ਜਦੋਂ ਤੱਕ ਕਿ ਉਹ ਸਾਰੀਆਂ ਗੱਲਾਂ ਕਰ ਨਹੀਂ ਲਈਆਂ ਗਈਆਂ। ਲੋਕ ਕਾਹਲੀ ਨਾਲ ਨਦੀ ਦੇ ਪਾਰ ਹੋ ਗਏ। 11 ਲੋਕਾਂ ਨੇ ਨਦੀ ਪਾਰ ਕਰ ਲਈ। ਉਸਤੋਂ ਮਗਰੋਂ ਜਾਜਕ, ਯਹੋਵਾਹ ਦੇ ਸੰਦੂਕ ਨੂੰ ਲੋਕਾਂ ਦੇ ਸਾਹਮਣੇ ਲੈ ਆਏ।
12 ਰਊਬੇਨ, ਗਾਦ ਦੇ ਪਰਿਵਾਰ-ਸਮੂਹਾਂ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨੇ ਮੂਸਾ ਦੀ ਗੱਲ ਮੰਨੀ। ਇਨ੍ਹਾਂ ਆਦਮੀਆਂ ਨੇ ਹੋਰਨਾਂ ਲੋਕਾਂ ਦੇ ਸਾਹਮਣੇ ਨਦੀ ਪਾਰ ਕੀਤੀ। ਇਹ ਆਦਮੀ ਲੜਾਈ ਲਈ ਤਿਆਰ ਸਨ। ਉਹ ਇਸਰਾਏਲ ਦੇ ਬਾਕੀ ਦੇ ਲੋਕਾਂ ਦੀ ਧਰਤੀ ਨੂੰ ਹਾਸਿਲ ਕਰਨ ਵਿੱਚ ਸਹਾਇਤਾ ਕਰਨ ਜਾ ਰਹੇ ਸਨ ਜਿਹੜੀ ਪਰਮੇਸ਼ੁਰ ਨੇ ਉਨ੍ਹਾਂ ਨੂੰ ਦੇਣ ਦਾ ਇਕਰਾਰ ਕੀਤਾ ਸੀ। 13 ਤਕਰੀਬਨ 40,000 ਸਿਪਾਹੀ, ਲੜਾਈ ਲਈ ਤਿਆਰ ਹੋਏ, ਯਹੋਵਾਹ ਦੇ ਸਾਹਮਣਿਉ ਲੰਘੇ। ਉਹ ਯਰੀਹੋ ਦੇ ਮੈਦਾਨਾ ਵੱਲ ਕੂਚ ਕਰ ਰਹੇ ਸਨ।
14 ਉਸ ਦਿਨ ਯਹੋਵਾਹ ਨੇ ਯਹੋਸ਼ੁਆ ਨੂੰ ਇਸਰਾਏਲ ਦੇ ਸਾਰੇ ਲੋਕਾਂ ਲਈ, ਮਹਾਨ ਇਨਸਾਨ ਬਣਾ ਦਿੱਤਾ। ਉਸ ਸਮੇਂ ਤੋਂ ਬਾਦ ਲੋਕਾਂ ਨੇ ਯਹੋਸ਼ੁਆ ਦਾ ਆਦਰ ਕੀਤਾ। ਉਨ੍ਹਾਂ ਨੇ ਯਹੋਸ਼ੁਆ ਦਾ ਉਸਦੀ ਸਾਰੀ ਜ਼ਿੰਦਗੀ ਉਸੇ ਤਰ੍ਹਾਂ ਆਦਰ ਕੀਤਾ ਜਿਸ ਤਰ੍ਹਾਂ ਉਨ੍ਹਾਂ ਨੇ ਮੂਸਾ ਦਾ ਕੀਤਾ ਸੀ।
15 ਜਦੋਂ ਹਾਲੇ ਸੰਦੂਕ ਚੁੱਕਣ ਵਾਲੇ ਜਾਜਕ ਨਦੀ ਵਿੱਚ ਹੀ ਖਲੋਤੇ ਸਨ, ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, 16 “ਜਾਜਕਾਂ ਨੂੰ ਨਦੀ ਵਿੱਚੋਂ ਬਾਹਰ ਆਉਣ ਦਾ ਆਦੇਸ਼ ਦਿਉ।”
17 ਇਸ ਲਈ ਯਹੋਸ਼ੁਆ ਨੇ ਜਾਜਕਾਂ ਨੂੰ ਆਦੇਸ਼ ਦਿੱਤਾ। ਉਸ ਨੇ ਆਖਿਆ, “ਯਰਦਨ ਨਦੀ ਵਿੱਚੋਂ ਬਾਹਰ ਆ ਜਾਵੋ।”
18 ਜਾਜਕਾ ਨੇ ਯਹੋਸ਼ੁਆ ਦੀ ਗੱਲ ਮੰਨ ਲਈ। ਉਨ੍ਹਾਂ ਨੇ ਆਪਣੇ ਨਾਲ ਪੇਟੀ ਚੁੱਕ ਲਈ ਅਤੇ ਨਦੀ ਵਿੱਚੋਂ ਬਾਹਰ ਆ ਗਏ। ਜਦੋਂ ਜਾਜਕਾਂ ਦੇ ਪੈਰ ਨਦੀ ਦੇ ਦੂਸਰੇ ਕੰਢੇ ਧਰਤੀ ਨੂੰ ਛੂਹੇ, ਨਦੀ ਦਾ ਪਾਣੀ ਫ਼ੇਰ ਵਗਣ ਲੱਗ ਪਿਆ। ਪਾਣੀ ਉਸੇ ਤਰ੍ਹਾਂ ਕੰਢਿਆਂ ਤੋਂ ਬਾਹਰ ਵਗਣ ਲੱਗਿਆ ਜਿਵੇਂ ਲੋਕਾਂ ਦੇ ਇਸ ਨੂੰ ਪਾਰ ਕਰਨ ਤੋਂ ਪਹਿਲਾ ਵਗਦਾ ਸੀ।
19 ਲੋਕਾਂ ਨੇ ਯਰਦਨ ਨਦੀ ਨੂੰ ਪਹਿਲੇ ਮਹੀਨੇ ਦੇ ਦਸਵੇਂ ਦਿਨ ਪਾਰ ਕੀਤਾ। ਲੋਕਾਂ ਨੇ ਯਰੀਹੋ ਦੇ ਪੂਰਬ ਵੱਲ ਗਿਲਗਾਲ ਵਿਖੇ ਡੇਰਾ ਲਾ ਲਿਆ। 20 ਲੋਕਾਂ ਨੇ ਉਹ ਬਾਰਾਂ ਪੱਥਰ ਨਾਲ ਲਿਆਂਦੇ ਜਿਹੜੇ ਉਨ੍ਹਾਂ ਨੇ ਯਰਦਨ ਨਦੀ ਵਿੱਚੋਂ ਚੁੱਕੇ ਸਨ। ਅਤੇ ਯਹੋਸ਼ੁਆ ਨੇ ਉਨ੍ਹਾਂ ਪੱਥਰਾਂ ਨੂੰ ਗਿਲਗਾਲ ਵਿਖੇ ਸਥਾਪਿਤ ਕਰ ਦਿੱਤਾ। 21 ਫ਼ੇਰ ਯਹੋਸ਼ੁਆ ਨੇ ਲੋਕਾਂ ਨੂੰ ਆਖਿਆ, “ਭਵਿੱਖ ਵਿੱਚ ਤੁਹਾਡੇ ਬੱਚੇ ਆਪਣੇ ਮਾਪਿਆਂ ਨੂੰ ਪੁੱਛਣਗੇ, ‘ਇਨ੍ਹਾਂ ਪਥਰਾਂ ਦਾ ਕੀ ਅਰਥ ਹੈ?’ 22 ਤੁਸੀਂ ਬੱਚਿਆਂ ਨੂੰ ਦੱਸੋਂਗੇ, ‘ਇਹ ਪੱਥਰ ਸਾਨੂੰ ਇਹ ਗੱਲ ਚੇਤੇ ਰੱਖਣ ਵਿੱਚ ਸਹਾਇਤਾ ਕਰਦੇ ਹਨ ਕਿ ਕਿਵੇਂ ਇਸਰਾਏਲ ਦੇ ਲੋਕਾਂ ਨੇ ਯਰਦਨ ਨਦੀ ਨੂੰ ਸੁੱਕੀ ਥਾਂ ਤੋਂ ਪਾਰ ਕੀਤਾ ਸੀ। 23 ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਯਰਦਨ ਨਦੀ ਦੇ ਪਾਣੀ ਨੂੰ ਵਗਣੋ ਰੋਕ ਦਿੱਤਾ ਸੀ ਤਾਂ ਜੋ ਤੁਸੀਂ ਇਸ ਨੂੰ ਸੁੱਕੀ ਥਾਂ ਤੋਂ ਪਾਰ ਕਰ ਸੱਕੋ-ਉਸੇ ਤਰ੍ਹਾਂ ਜਿਵੇਂ ਯਹੋਵਾਹ ਨੇ ਲਾਲ ਸਾਗਰ ਦੇ ਪਾਣੀ ਨੂੰ ਰੋਕ ਦਿੱਤਾ ਸੀ ਤਾਂ ਜੋ ਅਸੀਂ ਇਸ ਨੂੰ ਸੁੱਕੀ ਥਾਂ ਤੋਂ ਪਾਰ ਕਰ ਸੱਕੀਏ।’ 24 ਯਹੋਵਾਹ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਇਸ ਧਰਤੀ ਦੇ ਸਾਰੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਯਹੋਵਾਹ ਬਹੁਤ ਸ਼ਕਤੀਸ਼ਾਲੀ ਹੈ ਅਤੇ ਤੁਸੀਂ ਹਮੇਸ਼ਾ ਉਸ ਤੋਂ ਡਰੋ।”
2010 by World Bible Translation Center