Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਬਿਵਸਥਾ ਸਾਰ 17-20

ਬਲੀਆਂ ਲਈ ਸਿਰਫ਼ ਚੰਗੇ ਜਾਨਵਰਾਂ ਨੂੰ ਹੀ ਵਰਤੋਂ

17 “ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ ਅੱਗੇ ਕਿਸੇ ਉਸ ਗਾਂ ਜਾਂ ਭੇਡ ਦੀ ਬਲੀ ਨਹੀਂ ਦੇਣੀ ਚਾਹੀਦੀ ਜਿਸ ਵਿੱਚ ਕੋਈ ਨੁਕਸ ਹੈ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ ਇਸ ਨੂੰ ਨਫ਼ਰਤ ਕਰਦਾ ਹੈ!

ਬੁੱਤਾਂ ਦੀ ਉਪਾਸਨਾ ਕਰਨ ਦੀ ਸਜ਼ਾ

“ਹੋ ਸੱਕਦਾ ਹੈ ਕਿ ਤੁਸੀਂ ਉਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇੱਕ ਸ਼ਹਿਰ ਵਿੱਚ, ਜਿਹੜਾ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ, ਕਿਸੇ ਮੰਦੀ ਗੱਲ ਵਾਪਰਨ ਬਾਰੇ ਸੁਣੋ। ਸ਼ਾਇਦ ਤੁਸੀਂ ਇਹ ਸੁਣੋ ਕਿ ਤੁਹਾਡੇ ਸਮੂਹ ਦੇ ਕਿਸੇ ਆਦਮੀ ਜਾਂ ਔਰਤ ਨੇ ਯਹੋਵਾਹ ਦੇ ਖਿਲਾਫ਼ ਪਾਪ ਕੀਤਾ ਹੈ। ਸ਼ਾਇਦ ਤੁਸੀਂ ਸੁਣੋ ਕਿ ਉਨ੍ਹਾਂ ਨੇ ਯਹੋਵਾਹ ਦੇ ਇਕਰਾਰਨਾਮੇ ਨੂੰ ਤੋੜਿਆ ਹੈ; ਜਾਂ ਉਨ੍ਹਾਂ ਨੇ ਹੋਰਨਾ ਦੇਵਤਿਆਂ ਦੀ ਉਪਾਸਨਾ ਕੀਤੀ ਹੋਵੇ, ਜਾਂ ਉਨ੍ਹਾਂ ਨੇ ਸੂਰਜ, ਚੰਨ ਜਾਂ ਤਾਰਿਆਂ ਦੀ ਉਪਾਸਨਾ ਕੀਤੀ ਹੋਵੇ। ਇਹ ਉਸ ਹੁਕਮ ਦੇ ਵਿਰੁੱਧ ਹੈ ਜੋ ਮੈਂ ਤੁਹਾਨੂੰ ਦਿੱਤਾ ਹੈ। ਜੇ ਤੁਸੀਂ ਇਸ ਤਰ੍ਹਾਂ ਦੀ ਕੋਈ ਮਾੜੀ ਖਬਰ ਸੁਣੋ, ਤਾਂ ਤੁਹਾਨੂੰ ਇਸਦੀ ਚੰਗੀ ਤਰ੍ਹਾਂ ਪੜਤਾਲ ਕਰਨੀ ਚਾਹੀਦੀ ਹੈ। ਤੁਹਾਨੂੰ ਇਸ ਗੱਲ ਬਾਰੇ ਜਾਨਣਾ ਚਾਹੀਦਾ ਹੈ ਕਿ ਕੀ ਇਹ ਸੱਚ ਹੈ ਅਤੇ ਅਜਿਹੀ ਭਿਆਨਕ ਗੱਲ ਸੱਚਮੁੱਚ ਇਸਰਾਏਲ ਵਿੱਚ ਵਾਪਰੀ ਹੈ। ਜੇ ਤੁਸੀਂ ਸਾਬਤ ਕਰ ਦਿਉ ਕਿ ਇਹ ਸੱਚ ਹੈ, ਤਾਂ ਤੁਹਾਨੂੰ ਉਸ ਬੰਦੇ ਨੂੰ ਸਜ਼ਾ ਦੇਣੀ ਚਾਹੀਦੀ ਹੈ ਜਿਸਨੇ ਅਜਿਹੀ ਮੰਦੀ ਗੱਲ ਕੀਤੀ ਹੋਵੇ ਅਤੇ ਤੁਹਾਨੂੰ ਉਸ ਆਦਮੀ ਜਾਂ ਔਰਤ ਨੂੰ ਸ਼ਹਿਰ ਦੇ ਪ੍ਰਵੇਸ਼ ਕੋਲ ਲਿਜਾਕੇ ਉਸ ਨੂੰ ਪੱਥਰਾਂ ਨਾਲ ਮਾਰ ਦੇਣਾ ਚਾਹੀਦਾ ਹੈ। ਪਰ ਕਿਸੇ ਆਦਮੀ ਨੂੰ ਮੌਤ ਦੀ ਸਜ਼ਾ ਨਹੀਂ ਦੇਣੀ ਚਾਹੀਦੀ ਜੇ ਸਿਰਫ਼ ਇੱਕ ਗਵਾਹ ਹੀ ਆਖਦਾ ਹੈ ਕਿ ਉਸ ਬੰਦੇ ਨੇ ਬੁਰਾ ਕੰਮ ਕੀਤਾ। ਪਰ ਜੇ ਦੋ ਜਾਂ ਤਿੰਨ ਗਵਾਹ ਆਖਦੇ ਹਨ ਕਿ ਕਿ ਇਹ ਸੱਚ ਹੈ ਤਾਂ ਉਸ ਵਿਅਕਤੀ ਨੂੰ ਮਾਰ ਦੇਣਾ ਚਾਹੀਦਾ ਹੈ। ਗਵਾਹ, ਉਸ ਬੰਦੇ ਉੱਤੇ ਪੱਥਰ ਸੁੱਟਕੇ ਉਸ ਨੂੰ ਮਾਰਨ ਲਈ ਪਹਿਲੇ ਹੋਣੇ ਚਾਹੀਦੇ ਹਨ। ਫ਼ੇਰ ਬਾਕੀ ਦੇ ਲੋਕਾਂ ਨੂੰ ਪੱਥਰ ਸੁੱਟਕੇ ਉਸ ਨੂੰ ਮਾਰ ਦੇਣਾ ਚਾਹੀਦਾ ਹੈ। ਇੰਝ ਤੁਸੀਂ ਆਪਣੇ ਲੋਕਾਂ ਵਿੱਚੋਂ ਬਦੀ ਨੂੰ ਕੱਢ ਦਿਉਂਗੇ।

ਕਚਿਹਰੀ ਦੇ ਮੁਸ਼ਕਿਲ ਫ਼ੈਸਲੇ

“ਹੋ ਸੱਕਦਾ ਹੈ ਕਿ ਕਿਸੇ ਸਮੱਸਿਆ ਦਾ ਕਚਿਹਰੀ ਵਿੱਚ ਨਿਆਂ ਕਰਨਾ ਬਹੁਤ ਮੁਸ਼ਕਿਲ ਹੋਵੇ। ਇਹ ਕਤਲ, ਕੋਈ ਲੜਾਈ ਵੀ ਹੋ ਸੱਕਦੀ ਹੈ ਜਿਸ ਵਿੱਚ ਕੋਈ ਜ਼ਖਮੀ ਹੋ ਗਿਆ ਹੋਵੇ, ਜਾਂ ਇਹ ਦੋ ਲੋਕਾਂ ਵਿੱਚਕਾਰ ਦਲੀਲਬਾਜ਼ੀ ਵੀ ਹੋ ਸੱਕਦੀ ਹੈ। ਜਦੋਂ ਅਜਿਹੀਆਂ ਸਮੱਸਿਆਵਾਂ ਤੁਹਾਡੇ ਨਗਰਾਂ ਵਿੱਚ ਉੱਠਣ, ਤੁਹਾਡੇ ਨਿਆਂਕਾਰ, ਨਿਆਂ ਕਰਨ ਵਿੱਚ ਦਿੱਕਤ ਮਹਿਸੂਸ ਕਰਨ ਕਿ ਕੀ ਠੀਕ ਹੈ। ਫ਼ੇਰ ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦੁਆਰਾ ਚੁਣੀ ਹੋਈ ਜਗ਼੍ਹਾ ਉੱਤੇ ਜਾਣਾ ਚਾਹੀਦਾ ਹੈ। ਜਾਜਕ ਲੇਵੀ ਪਰਿਵਾਰ-ਸਮੂਹ ਵਿੱਚੋਂ ਹਨ। ਤੁਹਾਨੂੰ ਉਨ੍ਹਾਂ ਜਾਜਕਾਂ ਅਤੇ ਨਿਆਂਕਾਰ ਕੋਲ ਜਾਣਾ ਚਾਹੀਦਾ ਜੋ ਉਸ ਵੇਲੇ ਡਿਉਟੀ ਉੱਤੇ ਹੋਵੇ। ਉਹ ਫ਼ੈਸਲਾ ਕਰਨਗੇ ਕਿ ਇਸ ਸਮੱਸਿਆ ਬਾਰੇ ਕੀ ਕੀਤਾ ਜਾਣਾ ਚਾਹੀਦਾ। 10 ਉੱਥੇ, ਯਹੋਵਾਹ ਦੇ ਖਾਸ ਸਥਾਨ ਉੱਤੇ ਉਹ ਆਪਣਾ ਨਿਆਂ ਦੱਸਣਗੇ। ਤੁਹਾਨੂੰ ਉਹੀ ਕਰਨਾ ਚਾਹੀਦਾ ਹੈ ਜੋ ਵੀ ਉਹ ਆਖਣ। ਉਹ ਸਾਰੀਂ ਗੱਲਾਂ ਕਰਨ ਲਈ ਦ੍ਰਿੜ ਹੋਵੋ ਜਿਨ੍ਹਾਂ ਬਾਰੇ ਉਹ ਆਖਦੇ ਹਨ। 11 ਤੁਹਾਨੂੰ ਉਨ੍ਹਾਂ ਦਾ ਫ਼ੈਸਲਾ ਮੰਨ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਹਿਦਾਇਤਾਂ ਉੱਤੇ ਪੂਰੀ ਤਰ੍ਹਾਂ ਅਮਲ ਕਰਨਾ ਚਾਹੀਦਾ ਹੈ। ਤੁਹਾਨੂੰ ਬਿਲਕੁਲ ਉਹੀ ਕਰਨਾ ਚਾਹੀਦਾ ਹੈ ਜੋ ਉਹ ਤੁਹਾਨੂੰ ਕਰਨ ਲਈ ਆਖਣ-ਕਿਸੇ ਤਰ੍ਹਾਂ ਦੀ ਵੀ ਤਬਦੀਲੀ ਨਾ ਕਰੋ!

12 “ਤੁਹਾਨੂੰ ਉਸ ਬੰਦੇ ਨੂੰ ਸਜ਼ਾ ਦੇਣੀ ਚਾਹੀਦੀ ਹੈ ਜਿਹੜਾ ਉਸ ਜਾਜਕ ਅਤੇ ਨਿਆਂਕਾਰ ਦੀ ਗੱਲ ਮੰਨਣ ਤੋਂ ਇਨਕਾਰ ਕਰਦਾ ਜੋ ਉਸ ਵੇਲੇ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ ਹੋਵੇ। ਉਸ ਬੰਦੇ ਨੂੰ ਮਰਨਾ ਪਵੇਗਾ ਤੁਹਾਨੂੰ ਇਸਰਾਏਲ ਦੀ ਧਰਤੀ ਵਿੱਚੋਂ ਬਦੀ ਨੂੰ ਕੱਢ ਦੇਣਾ ਚਾਹੀਦਾ ਹੈ। 13 ਸਾਰੇ ਲੋਕ ਇਸ ਸਜ਼ਾ ਬਾਰੇ ਸੁਣਨਗੇ ਅਤੇ ਭੈਭੀਤ ਹੋਣਗੇ। ਫ਼ੇਰ ਉਹ ਜ਼ਿੱਦੀ ਨਹੀਂ ਰਹਿਣਗੇ।

ਰਾਜੇ ਦੀ ਚੋਣ ਕਿਵੇਂ ਕਰਨੀ ਹੈ

14 “ਤੁਸੀਂ ਉਸ ਧਰਤੀ ਅੰਦਰ ਦਾਖਲ ਹੋਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। ਤੁਸੀਂ ਉਹ ਧਰਤੀ ਹਾਸਿਲ ਕਰ ਲਵੋਂਗੇ ਅਤੇ ਉੱਥੇ ਰਹੋਂਗੇ। ਫ਼ੇਰ ਤੁਸੀਂ ਆਖੋਂਗੇ, ‘ਅਸੀਂ ਆਪਣੇ ਉੱਪਰ ਇੱਕ ਰਾਜਾ ਥਾਪਾਂਗੇ, ਜਿਵੇਂ ਸਾਡੇ ਆਲੇ-ਦੁਆਲੇ ਦੀਆਂ ਹੋਰ ਕੌਮਾਂ ਕਰਦੀਆਂ ਹਨ।’ 15 ਜਦੋਂ ਅਜਿਹਾ ਵਾਪਰੇ, ਤੁਸੀਂ ਉਸ ਰਾਜੇ ਦੀ ਚੋਣ ਕਰਨੀ ਜਿਸ ਨੂੰ ਯਹੋਵਾਹ ਤੁਹਾਡੇ ਉੱਤੇ ਸ਼ਾਸਨ ਕਰਨ ਲਈ ਚੁਣੇ। ਉਹ ਰਾਜਾ ਤੁਹਾਡੇ ਆਪਣੇ ਲੋਕਾਂ ਵਿੱਚੋਂ ਹੀ ਹੋਣਾ ਚਾਹੀਦਾ ਹੈ। ਤੁਹਾਨੂੰ ਕਿਸੇ ਅਜਨਬੀ ਨੂੰ ਆਪਣਾ ਰਾਜਾ ਨਹੀਂ ਬਨਾਉਣਾ ਚਾਹੀਦਾ। 16 ਰਾਜੇ ਨੂੰ ਆਪਣੇ ਲਈ ਜ਼ਰੂਰਤ ਤੋਂ ਵੱਧੇਰੇ ਘੋੜੇ ਨਹੀਂ ਰੱਖਣੇ ਚਾਹੀਦੇ। ਅਤੇ ਉਸ ਨੂੰ ਲੋਕਾਂ ਨੂੰ ਮਿਸਰ ਵਿੱਚ ਲੋਕਾਂ ਨੂੰ ਹੋਰ ਘੋੜੇ ਲੈਣ ਲਈ ਨਹੀਂ ਭੇਜਣਾ ਚਾਹੀਦਾ। ਕਿਉਂਕਿ ਯਹੋਵਾਹ ਨੇ ਤੁਹਾਨੂੰ ਦੱਸਿਆ ਹੈ, ‘ਤੁਹਾਨੂੰ ਕਦੇ ਵੀ ਉਸ ਰਾਹ ਵਾਪਸ ਨਹੀਂ ਜਾਣਾ ਚਾਹੀਦਾ।’ 17 ਇਹ ਵੀ ਕਿ, ਰਾਜੇ ਦੀਆਂ ਬਹੁਤ ਸਾਰੀਆਂ ਪਤਨੀਆਂ ਨਹੀਂ ਹੋਣੀਆਂ ਚਾਹੀਦੀਆਂ। ਕਿਉਂਕਿ ਇਹ ਗੱਲ ਉਸ ਨੂੰ ਯਹੋਵਾਹ ਕੋਲੋਂ ਦੂਰ ਭਜਾਵੇਗੀ। ਅਤੇ ਰਾਜੇ ਨੂੰ ਕਦੇ ਵੀ ਆਪਣੇ-ਆਪ ਨੂੰ ਸੋਨੇ ਚਾਂਦੀ ਨਾਲ ਅਮੀਰ ਨਹੀਂ ਬਨਾਉਣਾ ਚਾਹੀਦਾ।

18 “ਜਦੋਂ ਰਾਜਾ ਰਾਜ ਕਰਨ ਲੱਗੇ, ਉਸ ਨੂੰ ਆਪਣੇ ਲਈ ਬਿਵਸਥਾ ਦੀ ਇੱਕ ਨਕਲ ਲਿਖਣੀ ਚਾਹੀਦੀ ਹੈ ਉਹ ਉਸ ਨਕਲ ਨੂੰ ਉਨ੍ਹਾਂ ਪੋਥੀਆਂ ਵਿੱਚਂ ਬਣਾਵੇ ਜਿਹੜੀਆਂ ਜਾਜਕ ਅਤੇ ਲੇਵੀ ਆਪਣੇ ਨਾਲ ਰੱਖਦੇ ਹਨ। 19 ਰਾਜੇ ਨੂੰ ਉਹ ਕਿਤਾਬ ਆਪਣੇ ਕੋਲ ਰੱਖਣੀ ਚਾਹੀਦੀ ਹੈ। ਉਸ ਨੂੰ ਸਾਰੀ ਉਮਰ ਉਸ ਕਿਤਾਬ ਨੂੰ ਪੜ੍ਹਨਾ ਚਾਹੀਦਾ ਹੈ। ਕਿਉਂਕਿ ਰਾਜੇ ਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਆਦਰ ਕਰਨਾ ਅਵੱਸ਼ ਸਿੱਖਣਾ ਚਾਹੀਦਾ ਹੈ। ਅਤੇ ਰਾਜੇ ਨੂੰ ਹਰ ਉਸ ਗੱਲ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਸਿੱਖਣੀ ਚਾਹੀਦੀ ਹੈ ਜੋ ਕਾਨੂੰਨ ਹੁਕਮ ਕਰਦਾ ਹੈ। 20 ਫ਼ੇਰ ਰਾਜਾ ਇਹ ਨਹੀਂ ਸੋਚੇਗਾ ਕਿ ਉਹ ਆਪਣੇ ਲੋਕਾਂ ਨਾਲੋਂ ਬਿਹਤਰ ਹੈ। ਉਹ ਬਿਧੀ ਤੋਂ ਭੱਜੇਗਾ ਨਹੀਂ, ਸਗੋਂ ਇਸਦੀ ਪੂਰੀ ਤਰ੍ਹਾਂ ਪਾਲਣਾ ਕਰੇਗਾ। ਫ਼ੇਰ ਉਹ ਰਾਜਾ ਅਤੇ ਉਸ ਦੇ ਉੱਤਰਾਧਿਕਾਰੀ ਲੰਮੇ ਸਮੇਂ ਤੀਕ ਇਸਰਾਏਲ ਉੱਤੇ ਰਾਜ ਕਰਨਗੇ।

ਜਾਜਕਾਂ ਅਤੇ ਲੇਵੀਆਂ ਨੂੰ ਆਸਰਾ ਦੇਣਾ

18 “ਲੇਵੀ ਦੇ ਪਰਿਵਾਰ-ਸਮੂਹ ਨੂੰ ਇਸਰਾਏਲ ਵਿੱਚ ਧਰਤੀ ਦਾ ਕੋਈ ਹਿੱਸਾ ਨਹੀਂ ਮਿਲੇਗਾ। ਉਹ ਲੋਕ ਜਾਜਕਾਂ ਵਜੋਂ ਸੇਵਾ ਕਰਨਗੇ। ਉਹ ਆਪਣਾ ਜੀਵਨ ਨਿਰਬਾਹ ਉਨ੍ਹਾਂ ਬਲੀਆਂ ਦੇ ਭੋਜਨ ਰਾਹੀਂ ਕਰਨਗੇ ਜਿਨ੍ਹਾਂ ਨੂੰ ਅਗਨ ਉੱਤੇ ਪਕਾਇਆ ਜਾਂਦਾ ਹੈ ਅਤੇ ਯਹੋਵਾਹ ਨੂੰ ਭੇਟ ਕੀਤਾ ਜਾਂਦਾ ਹੈ। ਇਹ ਲੇਵੀ ਦੇ ਪਰਿਵਾਰ-ਸਮੂਹਾ ਦੇ ਲੋਕਾਂ ਦਾ ਹਿੱਸਾ ਹੈ। ਉਹ ਲੇਵੀ ਹੋਰਨਾ ਪਰਿਵਾਰ-ਸਮੂਹਾਂ ਵਾਂਗ ਧਰਤੀ ਦਾ ਕੋਈ ਹਿੱਸਾ ਪ੍ਰਾਪਤ ਨਹੀਂ ਕਰਨਗੇ। ਲੇਵੀਆਂ ਦਾ ਹਿੱਸਾ ਖੁਦ ਯਹੋਵਾਹ ਹੈ ਜਿਵੇਂ ਕਿ ਯਹੋਵਾਹ ਨੇ ਉਨ੍ਹਾਂ ਨੂੰ ਆਖਿਆ ਸੀ।

“ਜਦੋਂ ਵੀ ਤੁਸੀਂ ਕਿਸੇ ਗਾਂ ਜਾਂ ਭੇਡ ਦੀ ਬਲੀ ਦਿਉ, ਤੁਹਾਨੂੰ ਜਾਜਕਾਂ ਨੂੰ ਇਹ ਹਿੱਸੇ ਦੇਣੇ ਚਾਹੀਦੇ ਹਨ: ਮੋਢਾ, ਦੋਵੇਂ ਗੱਲ੍ਹਾਂ, ਅਤੇ ਢਿੱਡ। ਤੁਹਾਨੂੰ ਜਾਜਕਾਂ ਨੂੰ ਆਪਣੀ ਫ਼ਸਲ ਦਾ ਪਹਿਲਾ ਹਿੱਸਾ ਅਰਪਨ ਕਰਨਾ ਚਾਹੀਦਾ ਹੈ। ਤੁਹਾਨੂੰ ਉਨ੍ਹਾਂ ਨੂੰ ਆਪਣੇ ਅਨਾਜ, ਆਪਣੀ ਮੈਅ, ਆਪਣੇ ਤੇਲ ਦਾ ਪਹਿਲਾ ਹਿੱਸਾ ਦੇਣਾ ਚਾਹੀਦਾ ਹੈ। ਤੁਹਾਨੂੰ ਆਪਣੀਆਂ ਭੇਡਾਂ ਤੋਂ ਲਾਹੀ ਉੱਨ ਦਾ ਪਹਿਲਾ ਹਿੱਸਾ ਲੇਵੀਆਂ ਨੂੰ ਦੇਣਾ ਚਾਹੀਦਾ ਹੈ। ਕਿਉਂਕਿ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਸਮੂਹ ਪਰਿਵਾਰ-ਸਮੂਹਾਂ ਵੱਲ ਦੇਖਿਆ ਅਤੇ ਲੇਵੀਆਂ ਦੇ ਉੱਤਰਾਧਿਕਾਰੀਆਂ ਨੂੰ ਜਾਜਕਾਂ ਵਜੋਂ ਆਪਣੀ ਸੇਵਾ ਲਈ ਹਮੇਸ਼ਾ ਵਾਸਤੇ ਚੁਣ ਲਿਆ।

“ਇਸਰਾਏਲ ਵਿੱਚ ਕਿਤੇ ਵੀ ਰਹਿਣ ਵਾਲਾ ਕੋਈ ਵੀ ਲੇਵੀ, ਆਪਣਾ ਘਰ ਛੱਡ ਕੇ ਯਹੋਵਾਹ ਦੇ ਖਾਸ ਸਥਾਨ ਉੱਤੇ ਆ ਸੱਕਦਾ ਹੈ। ਉਹ ਅਜਿਹਾ ਜਦੋਂ ਵੀ ਚਾਹੇ ਕਰ ਸੱਕਦਾ ਹੈ। ਅਤੇ ਇਹ ਲੇਵੀ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਨਾਮ ਉੱਤੇ ਸੇਵਾ ਕਰ ਸੱਕਦਾ ਹੈ, ਕਿਉਂ ਜੋ ਉਸ ਦੇ ਸਾਰੇ ਹੀ ਲੇਵੀ ਭਰਾ ਯਹੋਵਾਹ ਦੇ ਸਨਮੁੱਖ ਸੇਵਾ ਉੱਤੇ ਹਨ। ਉਸ ਲੇਵੀ ਨੂੰ ਉਸ ਹਿੱਸੇ ਤੋਂ ਇਲਾਵਾ ਜਿਹੜਾ ਉਸ ਦੇ ਪਰਿਵਾਰ ਨੂੰ ਆਮ-ਤੌਰ ਤੇ ਮਿਲਦਾ ਹੈ ਹੋਰਨਾਂ ਲੇਵੀਆਂ ਦੇ ਬਰਾਬਰ ਦਾ ਹਿੱਸਾ ਮਿਲੇਗਾ।

ਇਸਰਾਏਲ ਨੂੰ ਹੋਰਨਾ ਕੌਮਾਂ ਵਾਂਗ ਨਹੀਂ ਰਹਿਣਾ ਚਾਹੀਦਾ

“ਜਦੋਂ ਤੁਸੀਂ ਉਸ ਧਰਤੀ ਉੱਤੇ ਆਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ, ਤਾਂ ਉਨ੍ਹਾਂ ਭਿਆਨਕ ਗੱਲਾਂ ਨੂੰ ਨਾ ਸਿਖਣਾ ਜਿਹੜੀਆਂ ਉੱਥੇ ਹੋਰਨਾਂ ਕੌਮਾਂ ਦੇ ਲੋਕ ਕਰਦੇ ਹਨ। 10 ਆਪਣੇ ਪੁੱਤਰਾਂ ਧੀਆਂ ਨੂੰ ਆਪਣੀਆਂ ਜਗਵੇਦੀਆਂ ਉੱਤੇ ਸਾੜਕੇ ਬਲੀਆਂ ਨਹੀਂ ਚੜ੍ਹਾਉਣੀਆਂ। ਕਿਸੇ ਜੋਤਸ਼ੀ ਨੂੰ ਜਾਂ ਕਿਸੇ ਭੂਤ-ਮ੍ਰਿਤ ਜਾਂ ਸਿਆਣੇ ਨੂੰ ਪੁੱਛਕੇ ਇਹ ਜਾਨਣ ਦੀ ਕੋਸ਼ਿਸ਼ ਨਾ ਕਰਨਾ ਕਿ ਭਵਿੱਖ ਵਿੱਚ ਕੀ ਵਾਪਰੇਗਾ। 11 ਕਿਸੇ ਵੀ ਵਿਅਕਤੀ ਨੂੰ ਹੋਰਨਾ ਉੱਤੇ ਜਾਦੂ ਨਾ ਕਰਨ ਦਿਉ। ਕਿਸੇ ਨੂੰ ਵੀ ਮਦਦ ਲਈ ਭੂਤਾਂ ਜਾਂ ਆਤਮਿਆਂ ਦੀ ਸਲਾਹ ਨਾ ਲੈਣ ਦਿਉ ਜਾਂ ਮੁਰਦਾ ਵਿਅਕਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਨਾ ਕਰਨ ਦਿਉ। 12 ਯਹੋਵਾਹ, ਤੁਹਾਡਾ ਪਰਮੇਸ਼ੁਰ, ਜਿਉਣ ਦੇ ਇਸ ਭਿਆਨਕ ਢੰਗ ਕਾਰਣ ਹੀ ਹੋਰਨਾ ਕੌਮਾਂ ਨੂੰ ਤੁਹਾਡੇ ਇਸ ਦੇਸ਼ ਵਿੱਚੋਂ ਬਾਹਰ ਕੱਢ ਰਿਹਾ ਹੈ। 13 ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਹੋਣਾ ਚਾਹੀਦਾ ਹੈ।

ਯਹੋਵਾਹ ਦਾ ਖਾਸ ਨਬੀ

14 “ਤੁਹਾਨੂੰ ਉਨ੍ਹਾਂ ਹੋਰਨਾਂ ਕੌਮਾਂ ਨੂੰ ਆਪਣੀ ਧਰਤੀ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਹੋਰਨਾ ਕੌਮਾਂ ਦੇ ਲੋਕ ਉਨ੍ਹਾਂ ਲੋਕਾਂ ਨੂੰ ਸੁਣਦੇ ਹਨ ਜਿਹੜੇ ਜਾਦੂ ਦੀ ਵਰਤੋਂ ਕਰਦੇ ਹਨ ਅਤੇ ਭਵਿੱਖ ਦਾ ਹਾਲ ਦੱਸਣ ਦੀ ਕੋਸ਼ਿਸ਼ ਕਰਦੇ ਹਨ। ਪਰ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨ ਦੇਵੇਗਾ। 15 ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਵੱਲ ਇੱਕ ਨਬੀ ਭੇਜੇਗਾ। ਇਹ ਨਬੀ ਤੁਹਾਡੇ ਆਪਣੇ ਹੀ ਲੋਕਾਂ ਵਿੱਚੋਂ ਆਵੇਗਾ। ਉਹ ਮੇਰੇ ਵਰਗਾ ਹੋਵੇਗਾ। ਤੁਹਾਨੂੰ ਉਸ ਨਬੀ ਦੀ ਗੱਲ ਸੁਨਣੀ ਚਾਹੀਦੀ ਹੈ। 16 ਪਰਮੇਸ਼ੁਰ ਤੁਹਾਡੇ ਕੋਲ ਇਸ ਨਬੀ ਨੂੰ ਇਸ ਲਈ ਭੇਜੇਗਾ ਕਿਉਂਕਿ ਤੁਸੀਂ ਉਸ ਨੂੰ ਅਜਿਹਾ ਹੀ ਕਰਨ ਲਈ ਆਖਿਆ ਸੀ। ਜਦੋਂ ਤੁਸੀਂ ਹੇਰੋਬ ਪਰਬਤ ਵਿਖੇ ਇਕੱਠੇ ਹੋਏ ਸੀ, ਤੁਸੀਂ ਪਰਮੇਸ਼ੁਰ ਦੀ ਆਵਾਜ਼ ਅਤੇ ਉਸ ਅੱਗ ਤੋਂ ਭੈਭੀਤ ਸੀ ਜਿਹੜੀ ਤੁਸੀਂ ਪਰਬਤ ਉੱਤੇ ਦੇਖੀ ਸੀ। ਇਸ ਲਈ ਤੁਸੀਂ ਆਖਿਆ ਸੀ, ‘ਸਾਨੂੰ ਫ਼ੇਰ ਕਦੇ ਵੀ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਆਵਾਜ਼ ਨਾ ਸੁਣਨ ਦੇਵੋ। ਸਾਨੂੰ ਉਹ ਮਹਾਨ ਅੱਗ ਨਾ ਦੇਖਣ ਦਿਉ ਨਹੀਂ ਤਾਂ ਅਸੀਂ ਮਰ ਜਾਵਾਂਗੇ।’

17 “ਯਹੋਵਾਹ ਨੇ ਮੈਨੂੰ ਆਖਿਆ, ‘ਜੋ ਚੀਜ਼ ਇਹ ਮੰਗਦੇ ਹਨ ਉਹ ਚੰਗੀ ਹੈ। 18 ਮੈਂ ਉਨ੍ਹਾਂ ਦੇ ਆਪਣੇ ਲੋਕਾਂ ਦਰਮਿਆਨੋ ਹੀ ਤੇਰੇ ਵਰਗਾ ਇੱਕ ਨਬੀ ਭੇਜਾਂਗਾ। ਮੈਂ ਉਸ ਨੂੰ ਉਹ ਗੱਲਾਂ ਦੱਸਾਂਗਾ ਜਿਹੜੀਆਂ ਉਸ ਨੇ ਤੁਹਾਨੂੰ ਦੱਸਣੀਆਂ ਅਤੇ ਉਹ ਲੋਕਾਂ ਨੂੰ ਉਹ ਸਭ ਕੁਝ ਦੱਸੇਗਾ ਜਿਸਦਾ ਮੈਂ ਹੁਕਮ ਦਿੱਤਾ। 19 ਇਹ ਨਬੀ ਮੇਰੀ ਥਾਵੇਂ ਗੱਲ ਕਰੇਗਾ। ਜੇਕਰ ਕੋਈ ਮੇਰੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰੇਗਾ, ਜਦੋਂ ਉਹ ਬੋਲੇਗਾ ਉਸ ਨੂੰ ਮੈਨੂੰ ਜਵਾਬ ਦੇਣ ਪਵੇਗਾ।’

ਝੂਠੇ ਨਬੀਆਂ ਦੀ ਪਛਾਣ

20 “ਪਰ ਕੋਈ ਨਬੀ ਅਜਿਹੀ ਗੱਲ ਵੀ ਆਖ ਸੱਕਦਾ ਹੈ ਜਿਹੜੀ ਮੈਂ ਉਸ ਨੂੰ ਆਖਣ ਲਈ ਨਹੀਂ ਕਹੀ ਸੀ। ਅਤੇ ਉਹ ਇਹ ਵੀ ਆਖ ਸੱਕਦਾ ਹੈ ਕਿ ਉਹ ਮੇਰੇ ਵੱਲੋਂ ਬੋਲ ਰਿਹਾ ਹੈ। ਜੇ ਅਜਿਹਾ ਵਾਪਰੇ, ਤਾਂ ਉਸ ਨਬੀ ਨੂੰ ਮਾਰ ਦੇਣਾ ਚਾਹੀਦਾ ਹੈ। ਅਤੇ ਇਹ ਵੀ ਕਿ, ਕੋਈ ਨਬੀ ਅਜਿਹਾ ਵੀ ਆਵੇ ਜਿਹੜਾ ਹੋਰਨਾ ਦੇਵਤਿਆਂ ਵੱਲੋਂ ਬੋਲੇ। ਉਸ ਨਬੀ ਨੂੰ ਵੀ ਮਾਰ ਮੁਕਾਉਣਾ ਚਾਹੀਦਾ ਹੈ। 21 ਸ਼ਾਇਦ ਤੁਸੀਂ ਸੋਚ ਰਹੇ ਹੋਵੋ, ‘ਅਸੀਂ ਇਹ ਕਿਵੇਂ ਜਾਣ ਸੱਕਦੇ ਹਾਂ ਕਿ ਕੋਈ ਨਬੀ ਕੁਝ ਆਖਦਾ ਹੈ ਉਹ ਯਹੋਵਾਹ ਵੱਲੋਂ ਨਹੀਂ ਹੈ?’ 22 ਜੇ ਕੋਈ ਨਬੀ ਇਹ ਆਖਦਾ ਹੈ ਕਿ ਉਹ ਯਹੋਵਾਹ ਵੱਲੋਂ ਬੋਲ ਰਿਹਾ ਹੈ, ਪਰ ਉਹ ਚੀਜ਼ ਨਹੀਂ ਵਾਪਰਦੀ, ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਸ ਨੂੰ ਯਹੋਵਾਹ ਨੇ ਨਹੀਂ ਆਖਿਆ। ਤੁਹਾਨੂੰ ਪਤਾ ਚੱਲ ਜਾਵੇਗਾ ਕਿ ਇਹ ਨਬੀ ਆਪਣੇ ਹੀ ਵਿੱਚਾਰਾ ਦੀ ਗੱਲ ਕਰ ਰਿਹਾ ਸੀ। ਤੁਹਾਨੂੰ ਉਸ ਕੋਲੋਂ ਡਰਨ ਦੀ ਲੋੜ ਨਹੀਂ।

ਸੁਰੱਖਿਆ ਦੇ ਸ਼ਹਿਰ

19 “ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਹ ਧਰਤੀ ਦੇ ਰਿਹਾ ਹੈ ਜਿਹੜੀ ਹੋਰਨਾ ਕੌਮਾਂ ਦੀ ਹੈ। ਯਹੋਵਾਹ ਉਨ੍ਹਾਂ ਕੌਮਾਂ ਨੂੰ ਤਬਾਹ ਕਰ ਦੇਵੇਗਾ। ਤੁਸੀਂ ਉਸ ਥਾਂ ਰਹੋਂਗੇ ਜਿੱਥੇ ਉਹ ਲੋਕ ਰਹਿੰਦੇ ਸਨ। ਤੁਸੀਂ ਉਨ੍ਹਾਂ ਦੇ ਸ਼ਹਿਰਾਂ ਅਤੇ ਮਕਾਨਾ ਉੱਤੇ ਕਬਜ਼ਾ ਕਰ ਲਵੋਂਗੇ। ਜਦੋਂ ਅਜਿਹਾ ਵਾਪਰੇ, 2-3 ਤੁਹਾਨੂੰ ਉਸ ਧਰਤੀ ਨੂੰ ਤਿੰਨ ਹਿਸਿਆਂ ਵਿੱਚ ਵੰਡ ਲੈਣਾ ਚਾਹੀਦਾ ਹੈ। ਫ਼ੇਰ ਤੁਹਾਨੂੰ ਹਰ ਹਿੱਸੇ ਵਿੱਚ ਇੱਕ ਅਜਿਹਾ ਸ਼ਹਿਰ ਚੁਣ ਲੈਣਾ ਚਾਹੀਦਾ ਹੈ ਜਿਹੜਾ ਉਸ ਇਲਾਕੇ ਵਿੱਚ ਹਰ ਕਿਸੇ ਦੇ ਨੇੜੇ ਹੋਵੇ। ਅਤੇ ਤੁਹਾਨੂੰ ਉਨ੍ਹਾਂ ਸ਼ਹਿਰਾਂ ਲਈ ਸੜਕਾਂ ਤਿਆਰ ਕਰਨੀਆਂ ਚਾਹੀਦੀਆਂ ਹਨ। ਤਾਂ ਜੋ ਕੋਈ ਵੀ ਬੰਦਾ ਜਿਹੜਾ ਕਿਸੇ ਦਾ ਕਤਲ ਕਰ ਦਿੰਦਾ ਹੈ ਉਸ ਸ਼ਹਿਰ ਵੱਲ ਸੁਰੱਖਿਆ ਲਈ ਭੱਜ ਜਾਵੇ।

“ਉਸ ਬੰਦੇ ਲਈ, ਜਿਹੜਾ ਕਿਸੇ ਨੂੰ ਮਾਰ ਦਿੰਦਾ ਹੈ ਅਤੇ ਸੁਰੱਖਿਆ ਲਈ ਉਨ੍ਹਾਂ ਤਿੰਨ ਸ਼ਹਿਰਾਂ ਵਿੱਚੋਂ ਕਿਸੇ ਇੱਕ ਵਿੱਚ ਭੱਜਕੇ ਚੱਲਾ ਜਾਂਦਾ ਹੈ, ਇੱਕ ਅਸੂਲ ਹੈ: ਇਹ ਜ਼ਰੂਰੀ ਹੈ ਕਿ ਉਹ ਅਜਿਹਾ ਬੰਦਾ ਹੋਣਾ ਚਾਹੀਦਾ ਹੈ ਜਿਸਨੇ ਦੁਰਘਟਨਾ ਕਾਰਣ ਕਿਸੇ ਦੂਸਰੇ ਬੰਦੇ ਨੂੰ ਮਾਰਿਆ ਹੋਵੇ। ਇਹ ਜ਼ਰੂਰੀ ਹੈ ਕਿ ਜਿਸ ਬੰਦੇ ਨੂੰ ਉਸ ਨੇ ਮਾਰਿਆ ਉਹ ਉਸ ਨੂੰ ਨਫ਼ਰਤ ਨਾ ਕਰਦਾ ਹੋਵੇ। ਇੱਕ ਮਿਸਾਲ ਹੈ: ਕੋਈ ਬੰਦਾ ਜੰਗਲ ਵਿੱਚ ਲੱਕੜਾਂ ਨੂੰ ਕੱਟਣ ਲਈ ਕਿਸੇ ਹੋਰ ਬੰਦੇ ਨਾਲ ਜਾਂਦਾ ਹੈ, ਉਹ ਬੰਦਾ ਰੁੱਖ ਨੂੰ ਕੱਟਣ ਲਈ ਕੁਹਾੜੀ ਦਾ ਵਾਰ ਕਰਦਾ ਹੈ, ਪਰ ਕੁਹਾੜੀ ਦਾ ਫ਼ਲ੍ਹ ਹੱਥੇ ਨਾਲੋਂ ਵੱਖ ਹੋ ਜਾਂਦਾ ਹੈ। ਕੁਹਾੜੀ ਦਾ ਫ਼ਲ੍ਹ ਦੂਸਰੇ ਬੰਦੇ ਨੂੰ ਵੱਜ ਜਾਂਦਾ ਹੈ ਅਤੇ ਉਸ ਨੂੰ ਮਾਰ ਦਿੰਦਾ ਹੈ। ਉਹ ਬੰਦਾ ਜਿਸਨੇ ਕੁਹਾੜੀ ਉਗਰਾਹੀ ਸੀ ਸੁਰੱਖਿਆ ਲਈ ਉਨ੍ਹਾਂ ਤਿੰਨਾਂ ਸ਼ਹਿਰਾਂ ਵਿੱਚੋਂ ਕਿਸੇ ਵਿੱਚ ਭੱਜਕੇ ਜਾ ਸੱਕਦਾ ਹੈ। ਪਰ ਜੇ ਸ਼ਹਿਰ ਬਹੁਤ ਦੂਰ ਹੋਵੇਗਾ ਤਾਂ ਉਹ ਉੱਥੇ ਤੇਜ਼ੀ ਨਾਲ ਭੱਜਕੇ ਨਹੀ ਜਾ ਸੱਕੇਗਾ। ਹੋ ਸੱਕਦਾ ਹੈ ਕਿ ਉਸ ਕੋਲੋਂ ਮਾਰੇ ਗਏ ਬੰਦੇ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਉਸ ਦੇ ਪਿੱਛੇ ਭੱਜਕੇ ਉਸ ਨੂੰ ਸ਼ਹਿਰ ਪਹੁੰਚਣ ਤੋਂ ਪਹਿਲਾਂ ਹੀ ਫ਼ੜ ਲਵੇ। ਸ਼ਾਇਦ ਉਹ ਨਜ਼ਦੀਕੀ ਰਿਸ਼ਤੇਦਾਰ ਬਹੁਤ ਗੁੱਸੇ ਵਿੱਚ ਹੋਵੇ ਤੇ ਉਸ ਬੰਦੇ ਨੂੰ ਮਾਰ ਦੇਵੇ। ਪਰ ਉਹ ਬੰਦਾ ਮੌਤ ਦਾ ਅਧਿਕਾਰੀ ਨਹੀਂ ਸੀ। ਉਸ ਕੋਲੋਂ ਜਿਹੜਾ ਬੰਦਾ ਮਰਿਆ ਸੀ ਉਹ ਉਸ ਨੂੰ ਨਫ਼ਰਤ ਨਹੀਂ ਕਰਦਾ ਸੀ। ਇਸ ਲਈ, ਮੈਂ ਤੁਹਾਨੂੰ ਤਿੰਨ ਖਾਸ ਸ਼ਹਿਰਾਂ ਦੀ ਚੋਣ ਕਰਨ ਲਈ ਆਖ ਰਿਹਾ ਹਾਂ।

“ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਪੁਰਖਿਆਂ ਨੂੰ ਇਹ ਇਕਰਾਰ ਦਿੱਤਾ ਸੀ ਕਿ ਉਹ ਤੁਹਾਡੀ ਧਰਤੀ ਨੂੰ ਵੱਡੇਰਾ ਕਰੇਗਾ। ਉਹ ਤੁਹਾਨੂੰ ਉਹ ਸਾਰੀ ਧਰਤੀ ਦੇਵੇਗਾ ਜਿਸਦਾ ਉਸ ਨੇ ਤੁਹਾਡੇ ਪੁਰਖਿਆਂ ਨੂੰ ਦੇਣ ਦਾ ਇਕਰਾਰ ਕੀਤਾ ਸੀ। ਉਹ ਅਜਿਹਾ ਹੀ ਕਰੇਗਾ ਜੇ ਤੁਸੀਂ ਪੂਰੀ ਤਰ੍ਹਾਂ ਉਨ੍ਹਾਂ ਆਦੇਸ਼ਾਂ ਦੀ ਪਾਲਣਾ ਕਰੋਂਗੇ ਜਿਹੜੇ ਮੈਂ ਤੁਹਾਨੂੰ ਅੱਜ ਦਿੰਦਾ ਹਾਂ-ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਪਿਆਰ ਕਰੋਂਗੇ ਅਤੇ ਹਮੇਸ਼ਾ ਉਸੇ ਤਰ੍ਹਾਂ ਜੀਵੋਂਗੇ ਜਿਸ ਤਰ੍ਹਾਂ ਉਹ ਚਾਹੁੰਦਾ ਹੈ। ਫ਼ੇਰ, ਜਦੋਂ ਯਹੋਵਾਹ ਤੁਹਾਡੀ ਧਰਤੀ ਨੂੰ ਵੱਡੇਰਾ ਕਰੇਗਾ, ਤਾ ਤੁਹਾਨੂੰ ਤਿੰਨ ਹੋਰ ਸੁਰੱਖਿਆ ਸ਼ਹਿਰਾਂ ਦੀ ਚੋਣ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਪਹਿਲੇ ਤਿੰਨਾ ਸ਼ਹਿਰਾਂ ਵਿੱਚ ਸ਼ਾਮਿਲ ਕਰ ਦੇਣਾ ਚਾਹੀਦਾ ਹੈ। 10 ਤਾਂ ਫ਼ੇਰ ਉਸ ਧਰਤੀ ਉੱਤੇ, ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ, ਬੇਗੁਨਾਹ ਲੋਕਾਂ ਦਾ ਕਤਲ ਨਹੀਂ ਹੋਵੇਗਾ। ਅਤੇ ਤੁਸੀਂ ਇਨ੍ਹਾਂ ਮੌਤਾਂ ਦੇ ਦੋਸ਼ੀ ਨਹੀਂ ਹੋਵੋਂਗੇ।

11 “ਪਰ ਹੋ ਸੱਕਦਾ ਹੈ ਕਿ ਕੋਈ ਬੰਦਾ ਕਿਸੇ ਦੂਸਰੇ ਬੰਦੇ ਨੂੰ ਨਫ਼ਰਤ ਕਰਦਾ ਹੋਵੇ। ਸ਼ਾਇਦ ਉਹ ਬੰਦਾ ਉਸ ਬੰਦੇ ਨੂੰ ਮਾਰਨ ਲਈ ਛੁਪਕੇ ਉਡੀਕ ਕਰ ਰਿਹਾ ਹੋਵੇ, ਜਿਸ ਨੂੰ ਉਹ ਨਫ਼ਰਤ ਕਰਦਾ ਹੈ। ਸ਼ਾਇਦ ਉਹ ਉਸ ਬੰਦੇ ਨੂੰ ਮਾਰ ਦੇਵੇ ਅਤੇ ਫ਼ੇਰ ਉਨ੍ਹਾਂ ਸੁਰੱਖਿਆ ਦੇ ਸ਼ਹਿਰਾਂ ਵਿੱਚੋਂ ਕਿਸੇ ਇੱਕ ਵਿੱਚ ਭੱਜਕੇ ਵੜ ਜਾਵੇ। 12 ਜੇ ਅਜਿਹੀ ਗੱਲ ਵਾਪਰੇ, ਤਾਂ ਉਸ ਬੰਦੇ ਦੇ ਜੱਦੀ ਕਸਬੇ ਦੇ ਬਜ਼ੁਰਗਾਂ ਨੂੰ ਕੋਈ ਬੰਦਾ ਭੇਜਕੇ ਉਸ ਨੂੰ ਸੁਰੱਖਿਆ ਦੇ ਸ਼ਹਿਰ ਵਿੱਚੋਂ ਵਾਪਸ ਲਿਆਉਣਾ ਚਾਹੀਦਾ ਹੈ। ਉਨ੍ਹਾਂ ਆਗੂਆਂ ਨੂੰ ਉਹ ਬੰਦਾ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਕਾਤਲ ਨੂੰ ਅਵੱਸ਼ ਮਰਨਾ ਚਾਹੀਦਾ ਹੈ। 13 ਤੁਹਾਨੂੰ ਉਸ ਲਈ ਅਫ਼ਸੋਸ ਨਹੀਂ ਕਰਨਾ ਚਾਹੀਦਾ ਹੈ। ਉਹ ਕਿਸੇ ਬੇਗੁਨਾਹ ਦੇ ਕਤਲ ਦਾ ਦੋਸ਼ੀ ਸੀ। ਤੁਹਾਨੂੰ ਚਾਹੀਦਾ ਹੈ ਕਿ ਇਸ ਦੋਸ਼ ਨੂੰ ਇਸਰਾਏਲ ਤੋਂ ਦੂਰ ਕਰ ਦਿਉ। ਫ਼ੇਰ ਤੁਹਾਡਾ ਹਰ ਤਰ੍ਹਾਂ ਭਲਾ ਹੋਵੇਗਾ।

ਮਾਲਕੀ ਦੀਆਂ ਹੱਦ ਬੰਦੀਆਂ

14 “ਤੁਹਾਨੂੰ ਆਪਣੇ ਗੁਆਂਢੀ ਦੇ ਵਲਗਣ ਦੇ ਪੱਥਰਾਂ ਨੂੰ ਨਹੀਂ ਹਟਾਉਣਾ ਚਾਹੀਦਾ। ਅਤੀਤ ਵਿੱਚ, ਲੋਕਾਂ ਨੇ ਆਪਣੀ ਜ਼ਮੀਨ ਦੀਆਂ ਸੀਮਾਵਾਂ ਉੱਤੇ ਨਿਸ਼ਾਨ ਲਾਉਣ ਲਈ ਇਹ ਪੱਥਰ ਪਾਏ ਸਨ। ਇਹ ਪੱਥਰ ਉਸ ਧਰਤੀ ਦੀ ਨਿਸ਼ਾਨਦੇਹੀ ਕਰਦੇ ਹਨ ਜਿਹੜੀ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਦਿੱਤੀ ਸੀ।

ਗਵਾਹ

15 “ਜੇਕਰ ਕੋਈ ਆਦਮੀ ਕਿਸੇ ਗਲਤੀ ਜਾਂ ਪਾਪ ਦਾ ਦੋਸ਼ੀ ਹੋਵੇ, ਜੋ ਉਸ ਨੇ ਕੀਤਾ ਹੋਵੇ, ਤਾਂ ਇੱਕ ਗਵਾਹ ਕਾਫ਼ੀ ਨਹੀਂ ਹੋਵੇਗਾ ਇਹ ਸਾਬਤ ਕਰਨ ਲਈ ਦੋ ਜਾਂ ਤਿੰਨ ਗਵਾਹ ਹੋਣੇ ਚਾਹੀਦੇ ਹਨ।

16 “ਇੱਕ ਗਵਾਹ ਦੂਸਰੇ ਵਿਅਕਤੀ ਨੂੰ ਝੂਠ ਬੋਲਕੇ ਅਤੇ ਇਹ ਆਖਕੇ ਦੁੱਖ ਪਹੁੰਚਾਉਣ ਦੀ ਕੋਸ਼ਿਸ਼ ਕਰ ਸੱਕਦਾ ਹੈ ਕਿ ਇਸ ਵਿਅਕਤੀ ਨੇ ਗਲਤੀ ਕੀਤੀ ਹੈ। 17 ਜੇ ਅਜਿਹਾ ਵਾਪਰੇ, ਇਨ੍ਹਾਂ ਲੋਕਾਂ ਨੂੰ ਯਹੋਵਾਹ ਦੇ ਅੱਗੇ ਖੜ੍ਹੇ ਹੋਕੇ ਉੱਥੇ ਡਿਉਟੀ ਕਰ ਰਹੇ ਨਿਆਂਕਾਰਾਂ ਅਤੇ ਜਾਜਕਾਂ ਤੋਂ ਨਿਆਂ ਪ੍ਰਾਪਤ ਕਰਨਾ ਚਾਹੀਦਾ ਹੈ। 18 ਨਿਆਂਕਾਰਾਂ ਨੂੰ ਧਿਆਨ ਨਾਲ ਸਵਾਲ ਪੁੱਛਣੇ ਚਾਹੀਦੇ ਹਨ ਅਤੇ ਜੇਕਰ ਗਵਾਹ ਨੇ ਝੂਠ ਬੋਲਿਆ ਹੋਵੇ, 19 ਤਾਂ ਤੁਹਾਨੂੰ ਉਸ ਨੂੰ ਸਜ਼ਾ ਦੇਣੀ ਚਾਹੀਦੀ ਹੈ। ਤੁਹਾਨੂੰ ਉਸ ਬੰਦੇ ਨਾਲ ਉਹੀ ਸਲੂਕ ਕਰਨਾ ਚਾਹੀਦਾ ਹੈ ਜਿਹੋ ਜਿਹਾ ਉਹ ਕਿਸੇ ਹੋਰ ਦੇ ਖਿਲਾਫ਼ ਕਰਨਾ ਚਾਹੁੰਦਾ ਸੀ। ਇਸ ਤਰ੍ਹਾਂ ਨਾਲ ਤੁਸੀਂ ਆਪਣੇ ਸਮੂਹ ਵਿੱਚੋਂ ਬਦੀ ਨੂੰ ਖਤਮ ਕਰ ਦਿਉਂਗੇ। 20 ਹੋਰ ਲੋਕੀ ਇਸ ਬਾਰੇ ਸੁਣਨਗੇ ਅਤੇ ਭੈਭੀਤ ਹੋਣਗੇ। ਅਤੇ ਉਹ ਲੋਕ ਇਹੋ ਜਿਹੀਆਂ ਮੰਦੀਆਂ ਗੱਲਾਂ ਫ਼ੇਰ ਨਹੀਂ ਕਰਨਗੇ।

21 “ਸਜ਼ਾ ਜ਼ੁਰਮ ਜਿੰਨੀ ਹੀ ਸਖ਼ਤ ਹੋਣੀ ਚਾਹੀਦੀ ਹੈ। ਉਸ ਵਿਅਕਤੀ ਨੂੰ ਸਜ਼ਾ ਦੇਣ ਲੱਗਿਆ ਬੁੱਰਾ ਮਹਿਸੂਸ ਨਾ ਕਰੋ ਜਿਸਨੇ ਜ਼ੁਰਮ ਕੀਤਾ ਹੋਵੇ। ਜੇ ਕੋਈ ਬੰਦਾ ਜਾਨ ਲੈਂਦਾ, ਉਸ ਨੂੰ ਇਸਦੇ ਬਦਲੇ ਆਪਣੀ ਜਾਨ ਦੇਣੀ ਚਾਹੀਦੀ ਹੈ। ਅਸੂਲ ਇਹ ਹੈ: ਅੱਖ ਬਦਲੇ ਅੱਖ, ਦੰਦ ਬਦਲੇ ਦੰਦ, ਹੱਥ ਬਦਲੇ ਹੱਥ ਅਤੇ ਪੈਰ ਬਦਲੇ ਪੈਰ।

ਜੰਗ ਅਤੇ ਅਸੂਲ

20 “ਜਦੋਂ ਤੁਸੀਂ ਆਪਣੇ ਦੁਸ਼ਮਣ ਦੇ ਵਿਰੁੱਧ ਲੜਾਈ ਕਰਨ ਲਈ ਜਾਵੋ, ਅਤੇ ਤੁਸੀਂ ਆਪਣੇ ਨਾਲੋਂ ਵੱਧੇਰੇ ਆਦਮੀਆਂ, ਘੋੜਿਆਂ ਅਤੇ ਰੱਥਾਂ ਨੂੰ ਵੇਖੋ, ਤੁਹਾਨੂੰ ਉਨ੍ਹਾਂ ਕੋਲੋਂ ਡਰਨਾ ਨਹੀਂ ਚਾਹੀਦਾ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ-ਜੋ ਤੁਹਾਨੂੰ ਮਿਸਰ ਵਿੱਚੋਂ ਬਾਹਰ ਲੈ ਕੇ ਆਇਆ, ਤੁਹਾਡੇ ਨਾਲ ਹੈ।

“ਜੰਗ ਵਿੱਚ ਜਾਣ ਤੋਂ ਪਹਿਲਾਂ, ਜਾਜਕ ਨੂੰ ਸਿਪਾਹੀਆਂ ਕੋਲ ਜਾਕੇ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ। ਜਾਜਕ ਆਖੇਗਾ, ‘ਇਸਰਾਏਲ ਦੇ ਲੋਕੋ, ਮੇਰੀ ਗੱਲ ਸੁਣੋ! ਅੱਜ ਤੁਸੀਂ ਆਪਣੇ ਦੁਸ਼ਮਣ ਨਾਲ ਲੜਨ ਲਈ ਜਾ ਰਹੇ ਹੋ। ਆਪਣਾ ਹੌਂਸਲਾ ਨਹੀਂ ਹਾਰਨਾ। ਆਤੰਕਿਤ ਨਹੀਂ ਹੋਣਾ! ਆਪਣੇ ਦੁਸ਼ਮਣ ਤੋਂ ਡਰਨਾ ਨਹੀਂ! ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਡੇ ਅੰਗ-ਸੰਗ ਹੈ। ਉਹ ਤੁਹਾਡੀ ਦੁਸ਼ਮਣਾ ਨਾਲ ਲੜਾਈ ਵਿੱਚ ਸਹਾਇਤਾ ਕਰੇਗਾ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਜਿੱਤਣ ਵਿੱਚ ਸਹਾਇਤਾ ਕਰੇਗਾ।’

“ਉਹ ਅਧਿਕਾਰੀ ਸਿਪਾਹੀਆਂ ਨੂੰ ਆਖਣਗੇ, ‘ਕੀ ਇੱਥੇ ਕੋਈ ਅਜਿਹਾ ਬੰਦਾ ਹੈ ਜਿਸਨੇ ਨਵਾਂ ਘਰ ਬਣਾਇਆ ਹੋਵੇ ਪਰ ਇਸ ਨੂੰ ਹਾਲੇ ਤੱਕ ਸਮਰਪਿਤ ਨਾ ਕੀਤਾ ਹੋਵੇ? ਉਸ ਬੰਦੇ ਨੂੰ ਘਰ ਵਾਪਸ ਚੱਲੇ ਜਾਣਾ ਚਾਹੀਦਾ। ਜੇਕਰ ਉਹ ਜੰਗ ਵਿੱਚ ਮਾਰਿਆ ਗਿਆ ਫ਼ੇਰ ਹੋ ਸੱਕਦਾ ਕਿ ਕੋਈ ਹੋਰ ਬੰਦਾ ਉਸ ਬੰਦੇ ਦੇ ਘਰ ਨੂੰ ਸਮਰਪਿਤ ਕਰੇਗਾ। ਕੀ ਇੱਥੇ ਕੋਈ ਅਜਿਹਾ ਬੰਦਾ ਹੈ ਜਿਸਨੇ ਅੰਗੂਰਾਂ ਦਾ ਬਾਗ ਲਾਇਆ ਹੋਵੇ ਪਰ ਹਾਲੇ ਤੀਕ ਅੰਗੂਰਾਂ ਦੀ ਫ਼ਸਲ ਨਾ ਲਾਈ ਹੋਵੇ? ਉਸ ਬੰਦੇ ਨੂੰ ਘਰ ਚੱਲੇ ਜਾਣਾ ਚਾਹੀਦਾ ਹੈ। ਜੇ ਉਹ ਬੰਦਾ ਜੰਗ ਵਿੱਚ ਮਾਰਿਆ ਜਾਂਦਾ ਹੈ ਤਾਂ ਕੋਈ ਹੋਰ ਬੰਦਾ ਉਸ ਦੇ ਖੇਤ ਦੇ ਫ਼ਲਾਂ ਦਾ ਆਨੰਦ ਮਾਣੇਗਾ। ਕੀ ਕੋਈ ਅਜਿਹਾ ਬੰਦਾ ਵੀ ਹੈ ਜਿਸਦੀ ਮੰਗਣੀ ਹੋਈ ਹੈ ਪਰ ਵਿਆਹ ਨਹੀਂ। ਜੇ ਉਹ ਬੰਦਾ ਜੰਗ ਵਿੱਚ ਮਾਰਿਆ ਗਿਆ ਤਾਂ ਕੋਈ ਹੋਰ ਬੰਦਾ ਉਸਦੀ ਮੰਗ ਨੂੰ ਵਿਆਹ ਲਵੇਗਾ।’

“ਉਨ੍ਹਾਂ ਅਧਿਕਾਰੀਆਂ ਨੂੰ ਲੋਕਾਂ ਨੂੰ ਇਹ ਵੀ ਆਖਣਾ ਚਾਹੀਦਾ, ‘ਕੀ ਇੱਥੇ ਕੋਈ ਅਜਿਹਾ ਬੰਦਾ ਹੈ ਜਿਸਦਾ ਹੌਂਸਲਾ ਟੁੱਟ ਗਿਆ ਹੋਵੇ ਅਤੇ ਡਰ ਗਿਆ ਹੈ? ਉਸ ਨੂੰ ਘਰ ਵਾਪਸ ਚੱਲਿਆ ਜਾਣਾ ਚਾਹੀਦਾ। ਫ਼ੇਰ ਉਹ ਹੋਰਨਾ ਸਿਪਾਹੀਆਂ ਨੂੰ ਡਰਾਉਣ ਦਾ ਕਾਰਣ ਨਹੀਂ ਬਣੇਗਾ।’ ਫ਼ੇਰ, ਜਦੋਂ ਅਧਿਕਾਰੀ ਫ਼ੌਜ ਨਾਲ ਗੱਲ ਕਰ ਹਟਣ ਤਾਂ ਉਨ੍ਹਾਂ ਨੂੰ ਸਿਪਾਹੀਆਂ ਦੀ ਅਗਵਾਈ ਲਈ ਕਪਤਾਨ ਚੁਨਣੇ ਚਾਹੀਦੇ ਹਨ।

10 “ਜਦੋਂ ਤੁਸੀਂ ਕਿਸੇ ਸ਼ਹਿਰ ਉੱਤੇ ਹਮਲਾ ਕਰਨ ਜਾਂਦੇ ਹੋ, ਤਾਂ ਤੁਹਾਨੂੰ ਸਭ ਤੋਂ ਪਹਿਲਾਂ ਉੱਥੋਂ ਦੇ ਲੋਕਾਂ ਨੂੰ ਅਮਨ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ। 11 ਜੇ ਉਹ ਤੁਹਾਡੀ ਪੇਸ਼ਕਸ਼ ਨੂੰ ਪ੍ਰਵਾਨ ਕਰ ਲੈਣ ਅਤੇ ਆਪਣੇ ਦਰਵਾਜ਼ੇ ਖੋਲ੍ਹ ਦੇਣ ਤਾਂ ਉਸ ਸ਼ਹਿਰ ਦੇ ਸਾਰੇ ਲੋਕ ਤੁਹਾਡੇ ਗੁਲਾਮ ਬਣ ਜਾਣਗੇ ਅਤੇ ਤੁਹਾਡੇ ਲਈ ਕੰਮ ਕਰਨ ਲਈ ਮਜ਼ਬੂਰ ਹੋਣਗੇ। 12 ਪਰ ਜੇ ਉਹ ਸ਼ਹਿਰ ਤੁਹਾਡੇ ਨਾਲ ਸ਼ਾਤੀ ਕਰਨ ਤੋਂ ਇਨਕਾਰ ਕਰਦਾ ਹੈ ਅਤੇ ਤੁਹਾਡੇ ਖਿਲਾਫ਼ ਲੜਾਈ ਕਰਦਾ ਹੈ ਤਾਂ ਤੁਹਾਨੂੰ ਉਸ ਸ਼ਹਿਰ ਨੂੰ ਘੇਰਾ ਪਾ ਲੈਣਾ ਚਾਹੀਦਾ ਹੈ। 13 ਅਤੇ ਜਦੋਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਸ਼ਹਿਰ ਉੱਤੇ ਕਬਜ਼ਾ ਕਰ ਲੈਣ ਦੇਵੇ ਤਾਂ ਤੁਹਾਨੂੰ ਉਸ ਸ਼ਹਿਰ ਦੇ ਸਾਰੇ ਆਦਮੀ ਮਾਰ ਦੇਣੇ ਚਾਹੀਦੇ ਹਨ। 14 ਪਰ ਤੁਸੀਂ ਔਰਤਾਂ, ਬੱਚਿਆਂ, ਗਾਵਾਂ ਅਤੇ ਸ਼ਹਿਰ ਦੀ ਹੋਰ ਹਰ ਸ਼ੈਅ ਨੂੰ ਆਪਣੇ ਕਬਜ਼ੇ ਵਿੱਚ ਲੈ ਸੱਕਦੇ ਹੋ। ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਕਰ ਸੱਕਦੇ ਹੋ। ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਇਹ ਚੀਜ਼ਾਂ ਦਿੱਤੀਆਂ ਹਨ। 15 ਇਹੀ ਗੱਲ ਹੈ ਜਿਹੜੀ ਤੁਹਾਨੂੰ ਉਨ੍ਹਾਂ ਸਾਰੇ ਸ਼ਹਿਰਾਂ ਨਾਲ ਕਰਨੀ ਚਾਹੀਦੀ ਹੈ ਜਿਹੜੇ ਤੁਹਾਡੇ ਕੋਲੋਂ ਬਹੁਤ ਦੂਰ ਹਨ-ਉਹ ਸ਼ਹਿਰ ਜਿਹੜੇ ਉਸ ਧਰਤੀ ਉੱਤੇ ਨਹੀਂ ਹਨ ਜਿੱਥੇ ਤੁਸੀਂ ਰਹੋਗੇ।

16 “ਪਰ ਜਦੋਂ ਤੁਸੀਂ ਉਸ ਧਰਤੀ ਦੇ ਸ਼ਹਿਰਾਂ ਉੱਪਰ ਕਬਜ਼ਾ ਕਰੋ ਜੋ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ, ਤੁਹਾਨੂੰ ਹਰੇਕ ਨੂੰ ਮਾਰ ਦੇਣਾ ਚਾਹੀਦਾ ਹੈ। 17 ਤੁਹਾਨੂੰ ਸਾਰੇ ਲੋਕਾਂ-ਹਿੱਤੀਆਂ, ਅਮੋਰੀਆਂ, ਕਨਾਨੀਆਂ, ਪਰਿਜ਼ੀਆਂ, ਹਿੱਵੀਆਂ ਅਤੇ ਯਬੂਸੀਆਂ-ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਾ ਚਾਹੀਦਾ ਹੈ। ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਅਜਿਹਾ ਕਰਨ ਦਾ ਆਦੇਸ਼ ਦਿੱਤਾ ਹੈ। 18 ਕਿਉਂਕਿ ਫ਼ੇਰ ਉਹ ਤੁਹਾਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੇ ਖਿਲਾਫ਼ ਗੁਨਾਹ ਕਰਨ ਲਈ ਨਹੀਂ ਉਕਸਾ ਸੱਕਣਗੇ। ਉਹ ਤੁਹਾਨੂੰ ਉਹੋ ਜਿਹੀਆਂ ਭਿਆਨਕ ਗੱਲਾਂ ਦੀ ਸਿੱਖਿਆ ਨਹੀਂ ਦੇ ਸੱਕਣਗੇ ਜਿਹੜੀਆਂ ਉਹ ਆਪਣੇ ਦੇਵਤਿਆਂ ਦੀ ਉਪਾਸਨਾ ਕਰਨ ਵੇਲੇ ਕਰਦੇ ਹਨ।

19 “ਜਦੋਂ ਤੁਸੀਂ ਕਿਸੇ ਸ਼ਹਿਰ ਦੇ ਖਿਲਾਫ਼ ਜੰਗ ਕਰ ਰਹੇ ਹੋ, ਹੋ ਸੱਕਦਾ ਹੈ ਤੁਹਾਨੂੰ ਲੰਮੇ ਸਮੇਂ ਤੱਕ ਉਸ ਸ਼ਹਿਰ ਨੂੰ ਘੇਰਾ ਪਾਉਣਾ ਪਵੇ। ਤੁਹਾਨੂੰ ਸ਼ਹਿਰ ਦੇ ਆਲੇ-ਦੁਆਲੇ ਦੇ ਫ਼ਲਦਾਰ ਰੁੱਖਾਂ ਨੂੰ ਨਹੀਂ ਕੱਟਣਾ ਚਾਹੀਦਾ। ਤੁਸੀਂ ਇਨ੍ਹਾਂ ਰੁੱਖਾਂ ਦੇ ਫ਼ਲ ਖਾ ਸੱਕਦੇ ਹੋ ਪਰ ਤੁਹਾਨੂੰ ਇਨ੍ਹਾਂ ਨੂੰ ਕੱਟਣਾ ਨਹੀਂ ਚਾਹੀਦਾ। ਇਹ ਰੁੱਖ ਦੁਸ਼ਮਣ ਨਹੀਂ ਹਨ, ਇਸ ਲਈ ਇਨ੍ਹਾਂ ਦੇ ਖਿਲਾਫ਼ ਜੰਗ ਨਾ ਕਰੋ! 20 ਪਰ ਤੁਸੀਂ ਉਨ੍ਹਾਂ ਰੁੱਖਾਂ ਨੂੰ ਕੱਟ ਸੱਕਦੇ ਹੋ ਜਿਨ੍ਹਾਂ ਦਾ ਤੁਹਾਨੂੰ ਇਹ ਪਤਾ ਹੈ ਕਿ ਉਹ ਫ਼ਲਦਾਰ ਨਹੀਂ ਹਨ। ਤੁਸੀਂ ਇਨ੍ਹਾਂ ਰੁੱਖਾਂ ਦੀ ਵਰਤੋਂ, ਉਸ ਸ਼ਹਿਰ ਦੇ ਲੋਕਾਂ ਨਾਲ ਜੰਗ ਕਰਨ ਲਈ ਹਥਿਆਰ ਬਣਾਕੇ, ਕਰ ਸੱਕਦੇ ਹੋ, ਤੁਸੀਂ ਓਨਾ ਚਿਰ ਤੱਕ ਉਨ੍ਹਾਂ ਦੀ ਵਰਤੋਂ ਕਰ ਸੱਕਦੇ ਹੋ ਜਿੰਨਾ ਚਿਰ ਤੱਕ ਕਿ ਉਹ ਸ਼ਹਿਰ ਜਿੱਤਿਆ ਨਹੀਂ ਜਾਂਦਾ।

Punjabi Bible: Easy-to-Read Version (ERV-PA)

2010 by World Bible Translation Center