Beginning
ਇਸਰਾਏਲ, ਪਰਮੇਸ਼ੁਰ ਦੇ ਖਾਸ ਲੋਕ
14 “ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਬੱਚੇ ਹੋ। ਜੇਕਰ ਕੋਈ ਮਰ ਜਾਵੇ, ਤੁਹਾਨੂੰ ਆਪਣੇ-ਆਪ ਨੂੰ ਸੱਟ ਮਾਰਕੇ ਜਾਂ ਆਪਣੇ ਸਿਰ ਮੁਨਾਕੇ ਅਫ਼ਸੋਸ ਨਹੀਂ ਕਰਨਾ ਚਾਹੀਦਾ। 2 ਕਿਉਂਕਿ ਤੁਸੀਂ ਹੋਰਨਾ ਲੋਕਾਂ ਨਾਲੋਂ ਵੱਖਰੇ ਹੋ। ਤੁਸੀਂ ਯਹੋਵਾਹ ਦੇ ਖਾਸ ਬੰਦੇ ਹੋ। ਦੁਨੀਆਂ ਦੇ ਸਾਰਿਆਂ ਲੋਕਾਂ ਵਿੱਚੋਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਆਪਣੇ ਖਾਸ ਬੰਦੇ ਬਨਾਉਣ ਲਈ ਚੁਣਿਆ ਸੀ।
ਜਿਹੜੇ ਭੋਜਨ ਦੀ ਇਸਰਾਏਲੀਆਂ ਨੂੰ ਖਾਣ ਦੀ ਇਜਾਜ਼ਤ ਹੈ
3 “ਕੋਈ ਵੀ ਅਜਿਹੀ ਚੀਜ਼ ਨਾ ਖਾਉ ਜਿਸ ਨੂੰ ਯਹੋਵਾਹ ਨਫ਼ਰਤ ਕਰਦਾ ਹੈ। 4 ਤੁਸੀਂ ਇਹ ਜਾਨਵਰ ਖਾ ਸੱਕਦੇ ਹੋ: ਗਾਵਾਂ, ਭੇਡਾਂ, ਬੱਕਰੀਆਂ, 5 ਹਿਰਨ, ਗਜ਼ੇਲ, ਬਾਰ੍ਹਾਂ ਸਿੰਗੇ, ਜੰਗਲੀ ਭੇਡਾਂ, ਜੰਗਲੀ ਬੱਕਰੀਆਂ, ਐਂਟੀਲੋਪ ਅਤੇ ਪਹਾੜੀ ਭੇਡਾਂ। 6 ਤੁਸੀਂ ਕੋਈ ਵੀ ਅਜਿਹਾ ਜਾਨਵਰ ਖਾ ਸੱਕਦੇ ਹੋ ਜਿਸਦੇ ਪੈਰ ਦੋ ਹਿਸਿਆਂ ਵਿੱਚ ਪਾਟੇ ਹੋਣ ਅਤੇ ਜੋ ਜੁਗਾਲੀ ਕਰਦਾ ਹੈ। 7 ਪਰ ਊਠਾਂ, ਖਰਗੋਸ਼ਾਂ ਜਾਂ ਪਹਾੜੀ ਬਿਜੂਆਂ ਨੂੰ ਨਾ ਖਾਣਾ। ਇਹ ਜਾਨਵਰ ਜੁਗਾਲੀ ਕਰਦੇ ਹਨ, ਪਰ ਇਨ੍ਹਾਂ ਦੇ ਪੈਰ ਨਹੀਂ ਪਾਟੇ ਹੁੰਦੇ। ਇਸ ਲਈ ਇਹ ਜਾਨਵਰ ਤੁਹਾਡੇ ਲਈ ਨਾਪਾਕ ਹਨ। 8 ਤੁਹਾਨੂੰ ਸੂਰ ਬਿਲਕੁਲ ਨਹੀਂ ਖਾਣੇ ਚਾਹੀਦੇ। ਉਨ੍ਹਾਂ ਦੇ ਪੈਰ ਤਾਂ ਪਾਟੇ ਹੁੰਦੇ ਹਨ ਪਰ ਉਹ ਜੁਗਾਲੀ ਨਹੀਂ ਕਰਦੇ। ਇਸ ਲਈ ਸੂਰ ਤੁਹਾਡੇ ਵਾਸਤੇ ਨਾਪਾਕ ਹਨ। ਇਸ ਲਈ ਕਿਸੇ ਵੀ ਸੂਰ ਦਾ ਮਾਸ ਨਾ ਖਾਉ ਅਤੇ ਸੂਰ ਦੀ ਲਾਸ਼ ਨੂੰ ਵੀ ਨਾ ਛੂਹੋ।
9 “ਪਾਣੀ ਵਿੱਚ ਰਹਿਣ ਵਾਲੇ ਸਾਰੇ ਪ੍ਰਾਣੀਆਂ ਵਿੱਚੋਂ, ਤੁਸੀਂ ਕਿਸੇ ਵੀ ਪਰਾਂਤੇ ਚਾਨਿਆਂ ਵਾਲੇ ਪ੍ਰਾਣੀਆਂ ਨੂੰ ਖਾ ਸੱਕਦੇ ਹੋ। 10 ਪਰ ਤੁਹਾਨੂੰ ਪਰਾਂ ਅਤੇ ਚਾਨੇ ਨਾ ਹੋਣ ਵਾਲੇ ਪ੍ਰਾਣੀਆਂ ਨੂੰ ਨਹੀਂ ਖਾਣਾ ਚਾਹੀਦਾ। ਉਹ ਤੁਹਾਡੇ ਲਈ ਨਾਪਾਕ ਹਨ।
11 “ਤੁਸੀਂ ਕੋਈ ਵੀ ਪਾਕ ਪੰਛੀ ਖਾ ਸੱਕਦੇ ਹੋ। 12 ਪਰ ਇਨ੍ਹਾਂ ਵਿੱਚੋਂ ਕੋਈ ਵੀ ਪੰਛੀ ਨਹੀਂ ਖਾਣਾ: ਬਾਜ਼, ਗਿਰਝ, ਹੱਡ ਖੋਰ, 13 ਲਾਲ ਇੱਲ, ਸਮੁੰਦਰੀ ਬਾਜ਼, ਕਿਸੇ ਵੀ ਤਰ੍ਹਾਂ ਦੀ ਇੱਲ, 14 ਕਿਸੇ ਵੀ ਤਰ੍ਹਾਂ ਦਾ ਕਾਂ, 15 ਸਿਂਗਾ ਵਾਲੇ ਉੱਲੂ, ਮਾਹੀਗੀਰ, ਕਿਸੇ ਵੀ ਤਰ੍ਹਾਂ ਦਾ ਬਾਜ਼, 16 ਛੋਟਾ ਉੱਲੂ, ਵੱਡਾ ਉੱਲੂ, ਸਫ਼ੇਦ ਉੱਲੂ, 17 ਮਾਰੂਥਲ ਦੇ ਉੱਲੂ, ਓਸ ਪ੍ਰੇਰ, ਕੋਰਮੋਰੇਂਟ, 18 ਬਗਲੇ ਅਤੇ ਕਿਸੇ ਵੀ ਤਰ੍ਹਾਂ ਦੇ ਲੰਮ ਢੀਂਗ, ਹੂਪੋ ਜਾਂ ਚਮਗਿੱਦੜ,
19 “ਪਰਾਂ ਵਾਲੇ ਸਾਰੇ ਕੀੜੇ ਨਾਪਾਕ ਹਨ। ਇਸ ਲਈ ਉਹ ਨਹੀਂ ਖਾਣੇ। 20 ਪਰ ਤੁਸੀਂ ਕੋਈ ਵੀ ਪਾਕ ਪੰਛੀ ਖਾ ਸੱਕਦੇ ਹੋ।
21 “ਕਿਸੇ ਵੀ ਆਪੇ ਮਰੇ ਹੋਏ ਜਾਨਵਰ ਨੂੰ ਨਹੀਂ ਖਾਣਾ। ਤੁਸੀਂ ਇਸ ਮੁਰਦਾ ਜਾਨਵਰ ਨੂੰ ਆਪਣੇ ਸ਼ਹਿਰ ਦੇ ਕਿਸੇ ਵਿਦੇਸ਼ੀ ਨੂੰ ਦੇ ਸੱਕਦੇ ਹੋ, ਪਰ ਤੁਹਾਨੂੰ ਇਸ ਮੁਰਦਾ ਜਾਨਵਰ ਨੂੰ ਨਹੀਂ ਖਾਣਾ ਚਾਹੀਦਾ। ਕਿਉਂਕਿ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਦੇ ਲੋਕ ਹੋ। ਤੁਸੀਂ ਉਸ ਦੇ ਖਾਸ ਲੋਕ ਹੋ।
“ਕਿਸੇ ਵੀ ਛੋਟੀ ਬੱਕਰੀ ਨੂੰ ਇਸਦੀ ਮਾਂ ਦੇ ਦੁੱਧ ਵਿੱਚ ਨਾ ਉਬਾਲੋ।
ਦਸਵੰਧ ਦੇਣਾ
22 “ਹਰ ਸਾਲ ਤੁਹਾਨੂੰ ਆਪਣੇ ਖੇਤਾਂ ਵਿੱਚ ਉੱਗਣ ਵਾਲੀਆਂ ਸਾਰੀਆਂ ਫ਼ਸਲਾਂ ਦਾ ਦਸਵੰਧ ਜ਼ਰੂਰ ਕੱਢਣਾ ਚਾਹੀਦਾ ਹੈ। 23 ਫ਼ੇਰ ਤੁਹਾਨੂੰ ਉਸ ਜਗ਼੍ਹਾ ਉੱਤੇ, ਯਹੋਵਾਹ ਆਪਣੇ ਪਰਮੇਸ਼ੁਰ ਨਾਲ ਹੋਣ ਲਈ ਜਾਣਾ ਚਾਹੀਦਾ ਜਿਸ ਨੂੰ ਯਹੋਵਾਹ ਨੇ ਆਪਣੇ ਨਾਮ ਲਈ ਰਿਹਾਇਸ਼ ਦੀ ਜਗ਼੍ਹਾ ਵਜੋਂ ਚੁਣਿਆ ਹੈ। ਤੁਸੀਂ ਆਪਣੀ ਫ਼ਸਲ ਦਾ ਦਸਵੰਧ, ਨਵੀਂ ਮੈਅ, ਤੇਲ ਆਪਣੇ ਇੱਜੜ ਅਤੇ ਵੱਗਾਂ ਦੇ ਪਲੋਠਿਆਂ ਨੂੰ ਖਾ ਸੱਕਦੇ ਹੋ। ਇਸ ਤਰ੍ਹਾਂ, ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਦੀ ਇੱਜ਼ਤ ਕਰਨੀ ਸਿੱਖ ਜਾਵੋਂਗੇ। 24 ਪਰ ਹੋ ਸੱਕਦਾ ਹੈ ਕਿ ਉਹ ਸਥਾਨ ਤੁਹਾਡੇ ਲਈ ਲੰਮੀ ਮੁਸਾਫ਼ਰੀ ਵਾਲਾ ਹੋਵੇ। ਹੋ ਸੱਕਦਾ ਹੈ ਕਿ ਤੁਸੀਂ ਆਪਣੀਆਂ ਉਨ੍ਹਾਂ ਸਾਰੀਆਂ ਫ਼ਸਲਾਂ ਦਾ ਦਸਵੰਧ ਚੁੱਕ ਕੇ ਨਾ ਲੈ ਜਾ ਸੱਕੋ ਜਿਸਦੀ ਤੁਹਾਨੂੰ ਯਹੋਵਾਹ ਨੇ ਅਸੀਸ ਦਿੱਤੀ ਹੈ। ਜੇ ਅਜਿਹਾ ਵਾਪਰੇ, ਤਾਂ 25 ਆਪਣੀਆਂ ਫ਼ਸਲਾਂ ਦੇ ਉਸ ਹਿੱਸੇ ਨੂੰ ਵੇਚ ਦੇਵੋ। ਆਪਣੇ ਨਾਲ ਉਹ ਪੈਸਾ ਲੈ ਕੇ ਉਸ ਖਾਸ ਸਥਾਨ ਉੱਤੇ ਜਾਉ ਜਿਸਦੀ ਯਹੋਵਾਹ ਨੇ ਚੋਣ ਕੀਤੀ ਹੈ। 26 ਉਸ ਪੈਸੇ ਨਾਲ ਆਪਣੀ ਇੱਛਾ ਅਨੁਸਾਰ ਕੋਈ ਵੀ ਚੀਜ਼ ਖਰੀਦੋ-ਗਾਵਾਂ, ਭੇਡਾਂ, ਮੈਅ ਜਾਂ ਬੀਅਰ ਜਾਂ ਕੋਈ ਹੋਰ ਭੋਜਨ। ਫ਼ੇਰ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਉਸ ਸਥਾਨ ਉੱਤੇ ਯਹੋਵਾਹ, ਆਪਣੇ ਪਰਮੇਸ਼ੁਰ ਨਾਲ ਭੋਜਨ ਦਾ ਆਨੰਦ ਮਾਨਣਾ ਚਾਹੀਦਾ ਹੈ। 27 ਪਰ ਆਪਣੇ ਸ਼ਹਿਰ ਵਿੱਚ ਰਹਿਣ ਵਾਲੇ ਲੇਵੀਆਂ ਨੂੰ ਨਾ ਭੁੱਲਣਾ। ਆਪਣਾ ਭੋਜਨ ਉਨ੍ਹਾਂ ਨਾਲ ਸਾਂਝਾ ਕਰਨਾ। ਕਿਉਂਕਿ ਉਨ੍ਹਾਂ ਕੋਲ ਤੁਹਾਡੇ ਵਾਂਗ ਧਰਤੀ ਦਾ ਹਿੱਸਾ ਨਹੀਂ ਹੈ।
28 “ਹਰ ਤਿੰਨ ਸਾਲ ਬਾਦ, ਤੁਹਾਨੂੰ ਉਸ ਸਾਲ ਦੀ ਆਪਣੀ ਫ਼ਸਲ ਦਾ ਦਸਵੰਧ ਇੱਕਤਰ ਕਰਨਾ ਚਾਹੀਦਾ ਹੈ। ਇਸ ਭੋਜਨ ਨੂੰ ਆਪਣੇ ਕਸਬਿਆਂ ਵਿੱਚ ਜਮ੍ਹਾਂ ਕਰੋ ਜਿੱਥੇ ਹੋਰ ਲੋਕ ਇਸ ਨੂੰ ਵਰਤ ਸੱਕਦੇ ਹੋਣ। 29 ਇਹ ਭੋਜਨ ਲੇਵੀਆਂ ਲਈ ਹੈ, ਕਿਉਂਕਿ ਉਨ੍ਹਾਂ ਕੋਲ ਧਰਤੀ ਦਾ ਕੋਈ ਆਪਣਾ ਹਿੱਸਾ ਨਹੀਂ ਹੈ। ਇਹ ਭੋਜਨ ਤੁਹਾਡੇ ਕਸਬੇ ਦੇ ਹੋਰਨਾ ਲੋੜਵੰਦ ਲੋਕਾਂ ਲਈ ਹੈ। ਇਹ ਭੋਜਨ ਵਿਦੇਸ਼ੀਆਂ, ਵਿਧਵਾਵਾਂ ਅਤੇ ਯਤੀਮਾਂ ਲਈ ਹੈ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਹਰ ਤਰ੍ਹਾਂ ਦੀ ਅਸੀਸ ਦੇਵੇਗਾ।
ਕਰਜ਼ਾ ਮਾਫ਼ੀ ਦਾ ਖਾਸ ਵਰ੍ਹਾ
15 “ਹਰ ਸੱਤ ਸਾਲਾਂ ਬਾਦ, ਤੁਹਾਨੂੰ ਕਰਜ਼ੇ ਖਤਮ ਕਰ ਦੇਣੇ ਚਾਹੀਦੇ ਹਨ। 2 ਇਸਦਾ ਢੰਗ ਇਹ ਹੈ: ਹਰ ਇਸਰਾਏਲੀ ਜਿਸਨੇ ਕਿਸੇ ਦੂਸਰੇ ਇਸਰਾਏਲੀ ਨੂੰ ਕਰਜ਼ਾ ਦਿੱਤਾ ਹੈ ਉਸ ਨੂੰ ਉਹ ਕਰਜ਼ਾ ਮਾਫ਼ ਕਰ ਦੇਣਾ ਚਾਹੀਦਾ ਹੈ। ਉਸ ਨੂੰ ਆਪਣੇ ਭਰਾ (ਇਸਰਾਏਲੀ) ਨੂੰ ਕਰਜ਼ਾ ਵਾਪਸ ਕਰਨ ਲਈ ਨਹੀਂ ਆਖਣਾ ਚਾਹੀਦਾ। ਕਿਉਂਕਿ ਯਹੋਵਾਹ ਨੇ ਉਸ ਵਰ੍ਹੇ ਦੌਰਾਨ ਕਰਜ਼ੇ ਮਾਫ਼ ਕਰਨ ਲਈ ਆਖਿਆ ਸੀ। 3 ਤੁਹਾਨੂੰ ਕਰਜ਼ਾ ਵਾਪਸ ਲੈਣ ਲਈ ਕਿਸੇ ਵਿਦੇਸ਼ੀ ਦੀ ਲੋੜ ਪੈ ਸੱਕਦੀ ਹੈ। ਪਰ ਤੁਹਾਨੂੰ ਕਿਸੇ ਵੀ ਇਸਰਾਏਲੀ ਨੂੰ ਦਿੱਤੇ ਹੋਏ ਕਰਜ਼ੇ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ। 4 ਤੁਹਾਨੂੰ ਆਪਣੇ ਦੇਸ਼ ਵਿੱਚ ਗਰੀਬ ਲੋਕ ਨਹੀਂ ਹੋਣ ਦੇਣੇ ਚਾਹੀਦੇ। ਕਿਉਂਕਿ ਯਹੋਵਾਹ ਤੁਹਾਨੂੰ ਇਹ ਦੇਸ਼ ਦੇ ਰਿਹਾ ਹੈ ਅਤੇ ਉਹ ਤੁਹਾਨੂੰ ਮਹਾਨ ਅਸੀਸਾਂ ਦੇਵੇਗਾ। 5 ਪਰ ਅਜਿਹਾ ਹੁਣ ਹੀ ਵਾਪਰੇਗਾ ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਹੁਕਮ ਮੰਨੋਗੇ। ਤੁਹਾਨੂੰ ਹਰ ਉਸ ਹੁਕਮ ਦੀ ਪਾਲਣਾ ਕਰਨ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਹੜਾ ਮੈਂ ਤੁਹਾਨੂੰ ਅੱਜ ਦੱਸਿਆ ਹੈ। 6 ਫ਼ੇਰ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸੇ ਤਰ੍ਹਾਂ ਅਸੀਸ ਦੇਵੇਗਾ ਜਿਵੇਂ ਉਸ ਨੇ ਇਕਰਾਰ ਕੀਤਾ ਹੈ। ਅਤੇ ਤੁਹਾਡੇ ਕੋਲ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ ਦੇਣ ਲਈ ਕਾਫ਼ੀ ਧੰਨ ਹੋਵੇਗਾ। ਪਰ ਤੁਹਾਨੂੰ ਕਿਸੇ ਕੋਲੋਂ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ। ਤੁਸੀਂ ਬਹੁਤ ਸਾਰੀਆਂ ਕੌਮਾਂ ਉੱਤੇ ਰਾਜ ਕਰੋਂਗੇ। ਪਰ ਉਨ੍ਹਾਂ ਵਿੱਚੋਂ ਕੋਈ ਵੀ ਕੌਮ ਤੁਹਾਡੇ ਉੱਪਰ ਰਾਜ ਨਹੀਂ ਕਰੇਗੀ।
7 “ਜਦੋਂ ਤੁਸੀਂ ਉਸ ਧਰਤੀ ਉੱਤੇ ਰਹਿ ਰਹੇ ਹੋਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ, ਉੱਥੇ ਤੁਹਾਡੇ ਦਰਮਿਆਨ ਕੋਈ ਗਰੀਬ ਵਿਅਕਤੀ ਹੋ ਸੱਕਦਾ। ਤੁਹਾਨੂੰ ਖੁਦਗਰਜ਼ ਨਹੀਂ ਹੋਣਾ ਚਾਹੀਦਾ। ਤੁਹਾਨੂੰ ਉਸ ਗਰੀਬ ਵਿਅਕਤੀ ਨੂੰ ਸਹਾਇਤਾ ਦੇਣ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ। 8 ਤੁਹਾਨੂੰ ਉਸ ਨਾਲ ਸਾਂਝ ਪਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਤੁਹਾਨੂੰ ਉਸ ਬੰਦੇ ਨੂੰ ਉਸਦੀ ਲੋੜ ਪੂਰੀ ਕਰਨ ਲਈ ਕਰਜ਼ ਦੇਣਾ ਚਾਹੀਦਾ ਹੈ।
9 “ਕਿਸੇ ਵੀ ਬੰਦੇ ਨੂੰ ਸਿਰਫ਼ ਇਸ ਵਾਸਤੇ ਸਹਾਇਤਾ ਕਰਨ ਤੋਂ ਇਨਕਾਰ ਨਾ ਕਰੋ ਕਿ ਸੱਤਵਾਂ ਵਰ੍ਹਾ, ਕਰਜ਼ਿਆਂ ਦੀ ਮਾਫ਼ੀ ਦਾ ਵਰ੍ਹਾ, ਨੇੜੇ ਹੈ। ਆਪਣੇ ਮਨ ਵਿੱਚ ਅਜਿਹਾ ਮੰਦਾ ਵਿੱਚਾਰ ਨਾ ਆਉਣ ਦਿਉ। ਤੁਹਾਨੂੰ ਕਿਸੇ ਵੀ ਬੰਦੇ ਬਾਰੇ ਮੰਦਾ ਨਹੀਂ ਸੋਚਣਾ ਚਾਹੀਦਾ ਜਿਸ ਨੂੰ ਤੁਹਾਡੀ ਸਹਾਇਤਾ ਦੀ ਲੋੜ ਹੋਵੇ ਅਤੇ ਉਸਦੀ ਸਹਾਇਟਾ ਕਰਨ ਤੋਂ ਕਦੇ ਵੀ ਇਨਕਾਰ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਉਸ ਗਰੀਬ ਵਿਅਕਤੀ ਦੀ ਸਹਾਇਤਾ ਨਹੀਂ ਕਰੋਂਗੇ, ਉਹ ਯਹੋਵਾਹ ਅੱਗੇ ਤੁਹਾਡੇ ਖਿਲਾਫ਼ ਸ਼ਿਕਾਇਤ ਕਰੇਗਾ ਅਤੇ ਯਹੋਵਾਹ ਤੁਹਾਨੂੰ ਪਾਪ ਦਾ ਦੋਸ਼ੀ ਪਾਵੇਗਾ।
10 “ਗਰੀਬ ਵਿਅਕਤੀ ਨੂੰ ਆਪਣੀ ਸਮਰਥਾ ਅਨੁਸਾਰ ਦਿਉ। ਉਸ ਨੂੰ ਦੇਣ ਲੱਗਿਆ ਬੁੱਰਾ ਮਹਿਸੂਸ ਨਾ ਕਰੋ। ਕਿਉਂਕਿ ਯਹੋਵਾਹ ਤੁਹਾਡਾ ਪਰਮੇਸ਼ੁਰ, ਤੁਹਾਨੂੰ ਇਸ ਨੇਕੀ ਬਦਲੇ ਅਸੀਸ ਦੇਵੇਗਾ। ਉਹ ਤੁਹਾਨੂੰ ਤੁਹਾਡੇ ਸਾਰੇ ਕੰਮਾਂ ਅਤੇ ਸਾਰੀਆਂ ਕਰਨੀਆਂ ਵਿੱਚ ਬਰਕਤ ਦੀ ਅਸੀਸ ਦੇਵੇਗਾ। 11 ਧਰਤੀ ਉੱਤੇ ਹਮੇਸ਼ਾ ਹੀ ਗਰੀਬ ਲੋਕ ਹੋਣਗੇ। ਇਹ ਇਸ ਕਿਉਂਕਿ ਮੈਂ ਤੁਹਾਨੂੰ ਆਪਣੇ ਸਂਗੀ ਇਸਰਾਏਲੀਆਂ ਦੀ ਸਹਾਇਤਾ ਕਰਨ ਲਈ ਤਿਆਰ ਰਹਿਣ ਦਾ ਹੁਕਮ ਦਿੰਦਾ ਹਾਂ। ਆਪਣੀ ਧਰਤੀ ਉੱਤੇ ਲੋੜਵਂਦ ਅਤੇ ਗਰੀਬ ਲੋਕਾਂ ਨੂੰ ਦਯਾਲਤਾ ਨਾਲ ਦਿਉ।
ਗੁਲਾਮਾਂ ਨੂੰ ਆਜ਼ਾਦ ਕਰਨਾ
12 “ਤੁਸੀਂ ਚਾਹੋ ਤਾਂ ਕਿਸੇ ਇਬਰਾਨੀ ਆਦਮੀ ਜਾਂ ਔਰਤ ਨੂੰ ਗੁਲਾਮ ਦੇ ਤੌਰ ਤੇ ਸੇਵਾ ਕਰਨ ਲਈ ਰੱਖ ਸੱਕਦੇ ਹੋ। ਤੁਸੀਂ ਉਸ ਬੰਦੇ ਨੂੰ ਛੇ ਸਾਲ ਲਈ ਗੁਲਾਮ ਰੱਖ ਸੱਕਦੇ ਹੋ। ਪਰ ਸੱਤਵੇਂ ਵਰ੍ਹੇ ਵਿੱਚ ਤੁਹਾਨੂੰ ਉਸ ਬੰਦੇ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਹੈ। 13 ਪਰ ਜਦੋਂ ਤੁਸੀਂ ਆਪਣੇ ਗੁਲਾਮ ਨੂੰ ਆਜ਼ਾਦ ਕਰੋ ਤਾਂ ਉਸ ਨੂੰ ਖਾਲੀ ਹੱਥ ਨਾ ਭੇਜੋ। 14 ਤੁਹਾਨੂੰ ਉਸ ਬੰਦੇ ਨੂੰ ਆਪਣੇ ਕੁਝ ਪਸ਼ੂ, ਅਨਾਜ ਅਤੇ ਮੈਅ ਦੇਣੀ ਚਾਹੀਦੀ ਹੈ। ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਅਸੀਸ ਦਿੱਤੀ ਸੀ ਅਤੇ ਤੁਹਾਨੂੰ ਚੋਖੀਆਂ ਚੀਜ਼ਾਂ ਦਿੱਤੀਆਂ ਸਨ। ਇਸੇ ਤਰ੍ਹਾਂ ਤੁਹਾਨੂੰ ਵੀ ਕਾਫ਼ੀ ਸਾਰੀਆਂ ਚੰਗੀਆਂ ਚੀਜ਼ਾਂ ਆਪਣੇ ਗੁਲਾਮ ਨੂੰ ਦੇਣੀਆਂ ਚਾਹੀਦੀਆਂ ਹਨ। 15 ਦਿਮਾਗ ਵਿੱਚ ਰੱਖੋ, ਕਿ ਤੁਸੀਂ ਵੀ ਮਿਸਰ ਵਿੱਚ ਗੁਲਾਮ ਸੀ ਅਤੇ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਆਜ਼ਾਦ ਕੀਤਾ ਸੀ। ਇਸੇ ਲਈ ਮੈਂ ਅੱਜ ਤੁਹਾਨੂੰ ਇਹ ਹੁਕਮ ਦੇ ਰਿਹਾ ਹਾਂ।
16 “ਤੁਹਾਡੇ ਗੁਲਾਮਾਂ ਵਿੱਚੋਂ ਕੋਈ ਜਣਾ ਤੁਹਾਨੂੰ ਇਹ ਵੀ ਆਖ ਸੱਕਦਾ ਹੈ, ‘ਮੈਂ ਤੁਹਾਨੂੰ ਛੱਡ ਕੇ ਨਹੀਂ ਜਾਵਾਂਗਾ।’ ਹੋ ਸੱਕਦਾ ਹੈ ਕਿ ਉਹ ਇਹ ਗੱਲ ਇਸ ਵਾਸਤੇ ਆਖੇ ਕਿਉਂ ਕਿ ਉਹ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਪਿਆਰ ਕਰਦਾ ਅਤੇ ਕਿਉਂਕਿ ਉਸ ਨੇ ਤੁਹਾਡੇ ਨਾਲ ਚੰਗਾ ਜੀਵਨ ਬਿਤਾਇਆ ਹੈ। 17 ਉਸ ਨੌਕਰ ਨੂੰ ਆਖੋ ਕਿ ਉਹ ਤੁਹਾਡੇ ਦਰਵਾਜ਼ੇ ਨਾਲ ਆਪਣਾ ਕੰਨ ਲਾਵੇ, ਅਤੇ ਕੋਈ ਤਿਖਾ ਔਜ਼ਾਰ ਲੈ ਕੇ ਉਸਦਾ ਕੰਨ ਵਿੰਨ੍ਹ ਦਿਉ। ਇਸਤੋਂ ਹਮੇਸ਼ਾ ਇਸਦਾ ਪਤਾ ਲੱਗੇਗਾ ਕਿ ਉਹ ਤੁਹਾਡਾ ਗੁਲਾਮ ਹੈ। ਤੁਹਾਨੂੰ ਇਹ ਗੱਲ ਆਪਣੀਆਂ ਉਨ੍ਹਾਂ ਗੁਲਾਮ ਔਰਤਾਂ ਨਾਲ ਵੀ ਕਰਨੀ ਚਾਹੀਦੀ ਹੈ ਜਿਹੜੀਆਂ ਤੁਹਾਡੇ ਨਾਲ ਰਹਿਣਾ ਚਾਹੁੰਦੀਆਂ ਹੋਣ।
18 “ਆਪਣੇ ਗੁਲਾਮ ਨੂੰ ਆਜ਼ਾਦੀ ਦਿੰਦਿਆਂ ਬੁਰਾ ਮਹਿਸੂਸ ਨਾ ਕਰੋ। ਯਾਦ ਰੱਖੋ! ਉਸ ਨੇ ਛੇ ਸਾਲ ਤੱਕ ਤੁਹਾਡੀ ਭਾੜੇ ਦੇ ਮਜ਼ਦੂਰ ਨਾਲੋਂ ਅੱਧੇ ਪੈਸਿਆਂ ਵਿੱਚ ਸੇਵਾ ਕੀਤੀ ਸੀ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਹਰ ਕੰਮ ਵਿੱਚ ਬਰਕਤ ਦੇਵੇਗਾ।
ਪਹਿਲੋਠੇ ਜਾਨਵਰਾਂ ਬਾਰੇ ਬਿਧੀਆਂ
19 “ਤੁਹਾਡੇ ਵੱਗ ਅਤੇ ਇੱਜੜ ਦੇ ਪਹਿਲੋਠੇ ਨਰ ਖਾਸ ਹਨ। ਤੁਹਾਨੂੰ ਇਹ ਜਾਨਵਰ ਯਹੋਵਾਹ ਆਪਣੇ ਪਰਮੇਸ਼ੁਰ ਲਈ ਅਲੱਗ ਕਰ ਲੈਣੇ ਚਾਹੀਦੇ ਹਨ। ਪਹਿਲੋਠੇ ਜਨਮੇ ਬਲਦ ਤੋਂ ਕੰਮ ਨਾ ਲਵੋ ਅਤੇ ਪਲੋਠੀ ਜਨਮੀ ਭੇਡ ਦੀ ਉੱਨ ਨਾ ਲਾਹੋ। 20 ਹਰ ਸਾਲ, ਤੁਹਾਨੂੰ ਇਨ੍ਹਾਂ ਜਾਨਵਰਾਂ ਨੂੰ ਉਸ ਥਾਂ ਉੱਤੇ ਲੈ ਕੇ ਜਾਣਾ ਚਾਹੀਦਾ, ਜਿਸਦੀ ਚੋਣ ਯਹੋਵਾਹ ਕਰੇਗਾ। ਓੱਥੇ, ਤੁਸੀਂ ਅਤੇ ਤੁਹਾਡਾ ਪਰਿਵਾਰ ਇਨ੍ਹਾਂ ਜਾਨਵਰਾਂ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਹਾਜ਼ਰੀ ਵਿੱਚ ਖਾਵੋਂਗੇ।
21 “ਪਰ ਜੇ ਇਨ੍ਹਾਂ ਵਿੱਚੋਂ ਕਿਸੇ ਜਾਨਵਰ ਵਿੱਚ ਕੋਈ ਨੁਕਸ ਹੈ-ਜੇ ਇਹ ਲੰਗੜਾ ਜਾਂ ਅੰਨ੍ਹਾ ਜਾਂ ਇਸ ਵਿੱਚ ਕੋਈ ਹੋਰ ਖਰਾਬੀ ਹੈ, ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਅੱਗੇ ਇਸ ਜਾਨਵਰ ਦੀ ਬਲੀ ਨਹੀਂ ਚੜ੍ਹਾਉਣੀ ਚਾਹੀਦੀ। 22 ਤੁਸੀਂ ਆਪਣੇ ਘਰ ਵਿੱਚ ਇਸ ਜਾਨਵਰ ਦਾ ਮਾਸ ਖਾ ਸੱਕਦੇ ਹੋ। ਕੋਈ ਵੀ ਇਸ ਨੂੰ ਖਾ ਸੱਕਦਾ, ਭਾਵੇਂ ਉਹ ਪਾਕ ਹੈ ਜਾਂ ਨਾਪਾਕ। ਇਸ ਮਾਸ ਨੂੰ ਖਾਣ ਦੀਆਂ ਬਿਧੀਆਂ ਵੀ ਉਹੀ ਹਨ ਜਿਹੜੀਆਂ ਹਿਰਨ ਦੇ ਮਾਸ ਅਤੇ ਗਜ਼ੇਲ ਦੇ ਮਾਸ ਲਈ ਹਨ। 23 ਪਰ ਤੁਹਾਨੂੰ ਕਿਸੇ ਜਾਨਵਰ ਦਾ ਖੂਨ ਨਹੀਂ ਖਾਣਾ ਚਾਹੀਦਾ। ਤੁਹਾਨੂੰ ਉਹ ਖੂਨ ਪਾਣੀ ਵਾਂਗ ਧਰਤੀ ਉੱਤੇ ਡੋਲ੍ਹ ਦੇਣਾ ਚਾਹੀਦਾ ਹੈ।
ਪਸਹ
16 “ਅਬੀਬ ਦੇ ਮਹੀਨੇ ਨੂੰ ਚੇਤੇ ਰੱਖੋ। ਉਸ ਸਮੇਂ ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਆਦਰ ਵਿੱਚ ਪਸਹ ਦਾ ਜਸ਼ਨ ਮਨਾਉਣਾ ਚਾਹੀਦਾ ਹੈ। ਕਿਉਂਕਿ ਉਸ ਮਹੀਨੇ ਅੰਦਰ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਰਾਤ ਵੇਲੇ ਮਿਸਰ ਤੋਂ ਬਾਹਰ ਲੈ ਆਇਆ ਸੀ। 2 ਤੁਹਾਨੂੰ ਉਸ ਸਥਾਨ ਉੱਤੇ ਜਾਣਾ ਚਾਹੀਦਾ ਹੈ ਜਿਸ ਨੂੰ ਯਹੋਵਾਹ ਆਪਣਾ ਨਾਮ ਰੱਖਣ ਲਈ ਚੁਣੇਗਾ। ਉੱਥੇ ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਸਹ ਦੀ ਬਲੀ ਚੜ੍ਹਾਉਣੀ ਚਾਹੀਦੀ ਹੈ। ਤੁਹਾਨੂੰ ਆਪਣੇ ਵੱਗ ਜਾਂ ਇੱਜੜ ਵਿੱਚੋਂ ਇੱਕ ਜਾਨਵਰ ਨੂੰ ਭੇਟ ਕਰਨਾ ਚਾਹੀਦਾ ਹੈ। 3 ਇਸ ਬਲੀ ਦੇ ਨਾਲ ਉਹ ਰੋਟੀ ਨਾ ਖਾਉ ਜਿਹੜੀ ਖਮੀਰੀ ਰੋਟੀ ਹੋਵੇ। ਤੁਹਾਨੂੰ ਸੱਤ ਦਿਨ ਤੱਕ ਪਤੀਰੀ ਰੋਟੀ ਖਾਣੀ ਚਾਹੀਦੀ ਹੈ। ਇਸ ਰੋਟੀ ਨੂੰ ‘ਮੁਸੀਬਤ ਦੀ ਰੋਟੀ’ ਆਖਦੇ ਹਨ। ਇਹ ਤੁਹਾਨੂੰ ਉਨ੍ਹਾਂ ਮੁਸੀਬਤਾਂ ਨੂੰ ਚੇਤੇ ਰੱਖਣ ਵਿੱਚ ਸਹਾਇਤਾ ਕਰੇਗੀ। ਜਿਹੜੀਆਂ ਤੁਸੀਂ ਮਿਸਰ ਵਿੱਚ ਝੱਲੀਆਂ ਸਨ। ਯਾਦ ਕਰੋ ਕਿੰਨੀ ਕਾਹਲੀ ਵਿੱਚ ਤੁਹਾਨੂੰ ਉਹ ਦੇਸ਼ ਛੱਡਣ ਪਿਆ ਸੀ। ਜਦੋਂ ਤੱਕ ਤੁਸੀਂ ਜਿਉਂਦੇ ਹੋ ਤੁਹਾਨੂੰ ਉਹ ਦਿਨ ਯਾਦ ਰੱਖਣਾ ਚਾਹੀਦਾ ਹੈ। 4 ਸਾਰੇ ਦੇਸ਼ ਵਿੱਚ ਕਿਸੇ ਵੀ ਘਰ ਅੰਦਰ ਸੱਤ ਦਿਨਾਂ ਤੱਕ ਕੋਈ ਖਮੀਰ ਨਹੀਂ ਹੋਣਾ ਚਾਹੀਦਾ ਅਤੇ ਇਹ ਵੀ ਕਿ ਉਹ ਸਾਰਾ ਮਾਸ ਜਿਹੜਾ ਤੁਸੀਂ ਪਹਿਲੇ ਦਿਨ ਦੀ ਸ਼ਾਮ ਨੂੰ ਬਲੀ ਚੜ੍ਹਾਉਂਦੇ ਹੋ ਸਵੇਰ ਤੋਂ ਪਹਿਲਾਂ ਖਾਧਾ ਜਾਣਾ ਚਾਹੀਦਾ ਹੈ।
5 “ਤੁਹਾਨੂੰ ਚਾਹੀਦਾ ਹੈ ਕਿ ਪਸਹ ਦੇ ਜਾਨਵਰ ਦੀ ਬਲੀ ਕਿਸੇ ਵੀ ਉਸ ਕਸਬੇ ਵਿੱਚ ਨਾ ਦਿਉ ਜਿਸ ਨੂੰ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦਿੰਦਾ ਹੈ। 6 ਤੁਹਾਨੂੰ ਪਸਹ ਦੇ ਜਾਨਵਰਾਂ ਦੀ ਬਲੀ ਸਿਰਫ਼ ਉਸੇ ਥਾਂ ਉੱਤੇ ਚੜ੍ਹਾਉਣੀ ਚਾਹੀਦੀ ਹੈ ਜਿਸਦੀ ਚੋਣ ਯਹੋਵਾਹ, ਤੁਹਾਡਾ ਪਰਮੇਸ਼ੁਰ, ਆਪਣੇ ਨਾਮ ਦੀ ਰਿਹਾਇਸ਼ ਦੇ ਸਥਾਨ ਵਜੋਂ ਕਰੇ। ਉੱਥੇ ਤੁਸੀਂ ਪਸਹ ਦੇ ਜਾਨਵਰ ਦੀ ਬਲੀ ਸੂਰਜ ਛੁਪਣ ਤੋਂ ਪਹਿਲਾਂ ਚੜ੍ਹਾਵੋਂਗੇ। ਇਹ ਪਰਬ ਤੁਹਾਨੂੰ ਉਸ ਦਿਨ ਦੀ ਯਾਦ ਕਰਾਵੇਗਾ ਜਿਸ ਦਿਨ ਪਰਮੇਸ਼ੁਰ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਇਆ ਸੀ। 7 ਤੁਹਾਨੂੰ ਪਸਹ ਦਾ ਮਾਸ ਉਸ ਸਥਾਨ ਉੱਤੇ ਰਿਂਨਣਾ ਚਾਹੀਦਾ ਹੈ ਜਿਸਦੀ ਚੋਣ ਯਹੋਵਾਹ, ਤੁਹਾਡਾ ਪਰਮੇਸ਼ੁਰ ਕਰੇਗਾ। ਫ਼ੇਰ ਸਵੇਰ ਵੇਲੇ ਤੁਸੀਂ ਵਾਪਸ ਘਰ ਜਾ ਸੱਕਦੇ ਹੋ। 8 ਤੁਹਾਨੂੰ ਛੇ ਦਿਨ ਤੱਕ ਬਿਨਾ ਖਮੀਰ ਵਾਲੀ ਰੋਟੀ ਜ਼ਰੂਰ ਖਾਣੀ ਚਾਹੀਦੀ ਹੈ। ਸੱਤਵੇ ਦਿਨ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਇਸ ਦਿਨ ਲੋਕ ਯਹੋਵਾਹ, ਆਪਣੇ ਪਰਮੇਸ਼ੁਰ ਦੇ ਆਦਰ ਵਿੱਚ ਖਾਸ ਸਭਾ ਵਿੱਚ ਇਕੱਠੇ ਹੋਣਗੇ।
ਹਫ਼ਤਿਆਂ ਦਾ ਪਰਬ (ਪੁਂਤੇਕੁਸਤ)
9 “ਤੁਹਾਨੂੰ ਅਨਾਜ ਦੀ ਵਾਢੀ ਵਾਲੇ ਦਿਨ ਤੋਂ ਸੱਤ ਹਫ਼ਤੇ ਗਿਨਣੇ ਚਾਹੀਦੇ ਹਨ। 10 ਫ਼ੇਰ ਯਹੋਵਾਹ, ਆਪਣੇ ਪਰਮੇਸ਼ੁਰ ਲਈ ਹਫ਼ਤਿਆਂ ਦਾ ਪਰਬ ਮਨਾਉ। ਇਸ ਨੂੰ ਮਨਾਉਣ ਲਈ ਆਪਣੀ ਮਨ ਮਰਜ਼ੀ ਦੀ ਕੋਈ ਖਾਸ ਸੁਗਾਤ ਲੈ ਕੇ ਆਉ। ਇਹ ਨਿਆਂ ਇਹ ਸੋਚਦਿਆਂ ਹੋਇਆ ਕਰੋ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਕਿੰਨੀ ਕੁ ਬਰਕਤ ਦਿੱਤੀ। 11 ਉਸ ਸਥਾਨ ਉੱਤੇ ਜਾਉ ਜਿਸ ਨੂੰ ਯਹੋਵਾਹ ਆਪਣੇ ਨਾਮ ਦੀ ਰਿਹਾਇਸ਼ ਦੇ ਸਥਾਨ ਵਜੋਂ ਚੁਣੇਗਾ। ਤੈਨੂੰ ਅਤੇ ਤੁਹਾਡੇ ਲੋਕਾਂ ਨੂੰ ਉੱਥੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਾਹਮਣੇ ਆਨੰਦ ਮਾਨਣਾ ਚਾਹੀਦਾ। ਆਪਣੇ ਨਾਲ, ਆਪਣੇ ਪੁੱਤਰਾਂ, ਧੀਆਂ, ਆਪਣੇ ਸਾਰੇ ਨੌਕਰਾਂ, ਲੇਵੀਆਂ, ਵਿਦੇਸ਼ੀਆਂ, ਯਤੀਮਾਂ ਅਤੇ ਵਿਧਵਾਵਾਂ ਨੂੰ ਲੈ ਜਾਉ ਜਿਹੜੀਆਂ ਤੁਹਾਡੇ ਨਗਰਾਂ ਵਿੱਚ ਰਹਿੰਦੀਆਂ ਹਨ। 12 ਯਾਦ ਰੱਖੋ, ਮਿਸਰ ਵਿੱਚ ਤੁਸੀਂ ਗੁਲਾਮ ਸੀ। ਇਸ ਲਈ ਇਨ੍ਹਾਂ ਕਨੂੰਨਾ ਨੂੰ ਜ਼ਰੂਰ ਮੰਨੋ।
ਡੇਰਿਆ ਦਾ ਪਰਬ
13 “ਖਲਵਾੜੇ ਵਿੱਚੋਂ ਅਤੇ ਵਾਈਨ ਪ੍ਰੈਸ ਵਿੱਚੋਂ ਆਪਣੀ ਫ਼ਸਲ ਇਕੱਠੀ ਕਰਨ ਦੇ ਸੱਤ ਦਿਨ ਬਾਦ ਤੁਹਾਨੂੰ ਡੇਰਿਆਂ ਦਾ ਪਰਬ ਮਨਾਉਣਾ ਚਾਹੀਦਾ ਹੈ। 14 ਸਾਰੇ ਮਿਲਕੇ ਇਸ ਤਿਉਹਾਰ ਦਾ ਆਨੰਦ ਮਾਣੋ-ਤੁਸੀਂ, ਤੁਹਾਡੇ ਪੁੱਤਰ, ਤੁਹਾਡੀਆਂ ਧੀਆਂ, ਤੁਹਾਡੇ ਸਾਰੇ ਨੌਕਰ ਅਤੇ ਲੇਵੀ, ਵਿਦੇਸ਼ੀ, ਯਤੀਮ ਅਤੇ ਵਿਧਵਾਵਾਂ ਜਿਹੜੇ ਵੀ ਤੁਹਾਡੇ ਕਸਬੇ ਵਿੱਚ ਰਹਿੰਦੇ ਹਨ। 15 ਯਹੋਵਾਹ ਦੁਆਰਾ ਚੁਣੇ ਹੋਏ ਸਥਾਨ ਉੱਤੇ ਸੱਤਾਂ ਦਿਨਾਂ ਤੱਕ ਇਹ ਪਰਬ ਮਨਾਉ। ਅਜਿਹਾ ਕਰੋ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਤੁਹਾਡੀਆਂ ਫ਼ਸਲਾਂ ਵਿੱਚ ਅਤੇ ਤੁਹਾਡੀਆਂ ਸਾਰੀਆਂ ਕਰਨੀਆਂ ਵਿੱਚ ਬਰਕਤ ਦਿੱਤੀ ਹੈ। ਇਸ ਲਈ ਤੁਹਾਨੂੰ ਆਨੰਦ ਮਾਨਣਾ ਚਾਹੀਦਾ ਹੈ।
16 “ਸਾਲ ਵਿੱਚ ਤਿੰਨ ਵਾਰੀ ਤੁਹਾਡੇ ਸਾਰੇ ਆਦਮੀਆਂ ਨੂੰ ਯਹੋਵਾਹ, ਆਪਣੇ ਪਰਮੇਸ਼ੁਰ ਨੂੰ ਮਿਲਣ ਵਾਸਤੇ ਉਸ ਦੇ ਚੁਣੇ ਹੋਏ ਖਾਸ ਸਥਾਨ ਉੱਤੇ ਆਉਣਾ ਚਾਹੀਦਾ ਹੈ। ਉਨ੍ਹਾਂ ਨੂੰ ਪਤੀਰੀ ਰੋਟੀ ਦੇ ਪਰਬ ਅਤੇ ਹਫ਼ਤਿਆਂ ਦੇ ਪਰਬ ਉੱਤੇ ਅਤੇ ਡੇਰਿਆਂ ਦੇ ਪਰਬ ਉੱਤੇ ਜ਼ਰੂਰ ਆਉਣਾ ਚਾਹੀਦਾ ਹੈ। ਹਰ ਉਹ ਬੰਦਾ ਜਿਹੜਾ ਯਹੋਵਾਹ ਨੂੰ ਮਿਲਣ ਆਉਂਦਾ ਹੈ ਕੋਈ ਸੁਗਾਤ ਜ਼ਰੂਰ ਲੈ ਕੇ ਆਵੇ। 17 ਹਰ ਬੰਦਾ ਆਪਣੀ ਸਮਰਥਾ ਅਨੁਸਾਰ ਦਾਨ ਕਰੇ। ਉਸ ਨੂੰ ਇਹ ਸੋਚਦਿਆਂ ਹੋਇਆ ਦਾਨ ਬਾਰੇ ਨਿਆਂ ਕਰਨਾ ਚਾਹੀਦਾ ਹੈ ਕਿ ਯਹੋਵਾਹ ਨੇ ਉਸ ਨੂੰ ਕਿੰਨਾ ਕੁਝ ਦਿੱਤਾ ਹੈ।
ਲੋਕਾਂ ਵਾਸਤੇ ਨਿਆਂਕਾਰ ਅਤੇ ਅਧਿਕਾਰੀ
18 “ਹਰ ਉਸ ਨਗਰ ਵਿੱਚ, ਜਿਹੜਾ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਵੇਗਾ, ਕੁਝ ਲੋਕਾਂ ਨੂੰ ਆਪਣੇ ਪਰਿਵਾਰਾਂ ਲਈ ਨਿਆਂਕਾਰਾਂ ਅਤੇ ਅਧਿਕਾਰੀਆਂ ਵਜੋਂ ਚੁਣੋ। ਹਰ ਪਰਿਵਾਰ-ਸਮੂਹ ਨੂੰ ਅਜਿਹਾ ਕਰਨਾ ਚਾਹੀਦਾ ਹੈ। ਅਤੇ ਉਹ ਸਾਰੇ ਲੋਕ ਜੋ ਨਿਆਂ ਕਰਨ, ਨਿਰਪੱਖ ਹੋਣੇ ਚਾਹੀਦੇ ਹਨ। 19 ਤੁਹਾਨੂੰ ਹਮੇਸ਼ਾ ਨਿਰਪੱਖ ਹੋਣਾ ਚਾਹੀਦਾ ਹੈ। ਤੁਹਾਨੂੰ ਕੁਝ ਲੋਕਾਂ ਨਾਲ ਹੋਰਨਾਂ ਦੇ ਮੁਕਾਬਲੇ ਰਿਆਇਤ ਨਹੀਂ ਕਰਨੀ ਚਾਹੀਦੀ। ਤੁਹਾਨੂੰ ਵੱਢੀ ਲੈ ਕੇ ਫ਼ੈਸਲਾ ਬਦਲਣਾ ਨਹੀਂ ਚਾਹੀਦਾ। ਪੈਸਾ ਸਿਆਣੇ ਲੋਕਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੰਦਾ ਹੈ ਅਤੇ ਚੰਗੇ ਬੰਦੇ ਦੀ ਗਵਾਹੀ ਨੂੰ ਬਦਲ ਦਿੰਦਾ ਹੈ। 20 ਨੇਕੀ ਅਤੇ ਨਿਰਪੱਖਤਾ! ਤੁਹਾਨੂੰ ਹਮੇਸ਼ਾ ਨੇਕ ਅਤੇ ਨਿਰਪੱਖ ਹੋਣ ਲਈ ਸਖਤ ਮਿਹਨਤ ਕਰਨੀ ਚਾਹੀਦੀ ਹੈ। ਫ਼ੇਰ ਤੁਸੀਂ ਹਮੇਸ਼ਾ ਉਸ ਧਰਤੀ ਵਿੱਚ ਰਹੋਂਗੇ, ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ।
ਪਰਮੇਸ਼ੁਰ ਬੁੱਤਾਂ ਨੂੰ ਨਫ਼ਰਤ ਕਰਦਾ ਹੈ
21 “ਜਦੋਂ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਲਈ ਜਗਵੇਦੀ ਉਸਾਰੋ, ਇਸਦੇ ਨੇੜੇ ਅਸ਼ੇਰਾਹ [a] ਦੇ ਥੰਮ ਵਜੋਂ ਕੋਈ ਵੀ ਰੁੱਖ ਨਾ ਲਾਵੋ। 22 ਅਤੇ ਤੁਹਾਨੂੰ ਝੂਠੇ ਦੇਵਤਿਆਂ ਦੀ ਉਪਾਸਨਾ ਲਈ ਖਾਸ ਪੱਥਰ ਵੀ ਨਹੀਂ ਸਥਾਪਿਤ ਕਰਨੇ ਚਾਹੀਦੇ। ਯਹੋਵਾਹ, ਤੁਹਾਡਾ ਪਰਮੇਸ਼ੁਰ, ਇਨ੍ਹਾਂ ਚੀਜ਼ਾਂ ਨੂੰ ਨਫ਼ਰਤ ਕਰਦਾ ਹੈ।
2010 by World Bible Translation Center