Beginning
ਲੋਕਾਂ ਦੀ ਗਿਣਤੀ ਕੀਤੀ ਗਈ
26 ਮਹਾਮਾਰੀ ਤੋਂ ਮਗਰੋਂ ਯਹੋਵਾਹ ਨੇ ਮੂਸਾ ਅਤੇ ਜਾਜਕ ਹਾਰੂਨ ਦੇ ਪੁੱਤਰ ਅਲਆਜ਼ਾਰ ਨਾਲ ਗੱਲ ਕੀਤੀ। 2 ਉਸ ਨੇ ਆਖਿਆ, “ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰੋ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕਰੋ ਜਿਹੜੇ 20 ਸਾਲਾਂ ਜਾਂ ਇਸਤੋਂ ਵਡੇਰੇ ਹਨ ਅਤੇ ਉਨ੍ਹਾਂ ਦੀ ਪਰਿਵਾਰਾਂ ਸਮੇਤ ਸੂਚੀ ਬਣਾਉ। ਇਹ ਉਹ ਲੋਕ ਹਨ ਜਿਹੜੇ ਇਸਰਾਏਲ ਦੀ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਹਨ।”
3 ਇਹ ਯਰੀਹੋ ਦੇ ਸਾਹਮਣੇ ਪਾਸੇ ਯਰਦਨ ਨਦੀ ਦੇ ਨੇੜੇ ਸੀ। ਇਸ ਲਈ ਮੂਸਾ ਅਤੇ ਅਲਆਜ਼ਾਰ ਨੇ ਲੋਕਾਂ ਨਾਲ ਗੱਲ ਕੀਤੀ। ਉਨ੍ਹਾਂ ਨੇ ਆਖਿਆ, 4 “ਤੁਹਾਨੂੰ ਹਰ ਉਸ ਬੰਦੇ ਦੀ ਗਿਣਤੀ ਕਰਨੀ ਚਾਹੀਦੀ ਹੈ ਜਿਹੜਾ 20 ਸਾਲਾਂ ਜਾਂ ਇਸਤੋਂ ਵਡੇਰੀ ਉਮਰ ਦਾ ਹੈ। ਯਹੋਵਾਹ ਨੇ ਮੂਸਾ ਨੂੰ ਇਹ ਆਦੇਸ਼ ਦਿੱਤਾ ਸੀ।”
ਇਹ ਇਸਰਾਏਲ ਦੇ ਉਨ੍ਹਾਂ ਲੋਕਾਂ ਦੀ ਸੂਚੀ ਹੈ ਜਿਹੜੇ ਮਿਸਰ ਵਿੱਚੋਂ ਬਾਹਰ ਆਏ ਸਨ:
5 ਇਹ ਰਊਬੇਨ ਦੇ ਪਰਿਵਾਰ ਦੇ ਲੋਕ ਹਨ। (ਰਊਬੇਨ ਇਸਰਾਏਲ) ਦਾ ਪਹਿਲੋਠਾ ਪੁੱਤਰ ਸੀ। ਪਰਿਵਾਰ ਸਨ:
ਹਨੋਕ-ਹਨੋਕੀਆ ਪਰਿਵਾਰ।
ਪੱਲੂ-ਪੱਲੂਆ ਪਰਿਵਾਰ।
6 ਹਸਰੋਨ-ਹਸਰੋਨੀਆ ਪਰਿਵਾਰ।
ਕਰਮੀ-ਕਰਮੀਆ ਪਰਿਵਾਰ।
7 ਇਹ ਰਊਬੇਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ। ਇਨ੍ਹਾਂ ਵਿੱਚ ਕੁੱਲ 43,730 ਆਦਮੀ ਸਨ।
8 ਪੱਲੂ ਦਾ ਪੁੱਤਰ ਸੀ ਅਲੀਆਬ। 9 ਅਲੀਆਬ ਦੇ ਤਿੰਨ ਪੁੱਤਰ ਸਨ-ਨਮੂਏਲ, ਦਾਥਾਨ ਅਤੇ ਅਬੀਰਾਮ। ਚੇਤੇ ਕਰੋ, ਦਾਥਾਨ ਅਤੇ ਅਬੀਰਾਮ ਉਹ ਦੋ ਆਗੂ ਸਨ ਜਿਹੜੇ ਮੂਸਾ ਅਤੇ ਹਾਰੂਨ ਦੇ ਵਿਰੁੱਧ ਹੋ ਗਏ ਸਨ। ਉਹ ਕੋਰਹ ਦੇ ਪਿੱਛੇ ਲੱਗੇ ਸਨ ਜਦੋਂ ਕੋਰਹ ਯਹੋਵਾਹ ਦੇ ਵਿਰੁੱਧ ਹੋ ਗਿਆ ਸੀ। 10 ਇਹ ਉਹ ਸਮਾਂ ਸੀ ਜਦੋਂ ਧਰਤੀ ਪਾਟ ਗਈ ਸੀ ਅਤੇ ਕੋਰਹ ਅਤੇ ਉਸ ਦੇ ਸਾਰੇ ਅਨੁਯਾਈਆਂ ਨੂੰ ਨਿਗਲ ਗਈ ਸੀ। ਅਤੇ 250 ਆਦਮੀ ਮਾਰੇ ਗਏ ਸਨ। ਇਹ ਇਸਰਾਏਲ ਦੇ ਸਮੂਹ ਲੋਕਾਂ ਲਈ ਇੱਕ ਚਿਤਾਵਨੀ ਸੀ। 11 ਪਰ ਕੋਰਹ ਪਰਿਵਾਰ ਦੇ ਹੋਰ ਲੋਕ ਵੀ ਸਨ ਜਿਹੜੇ ਮਾਰੇ ਨਹੀਂ ਗਏ ਸਨ।
12 ਇਹ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:
ਨਮੂਏਲ-ਨਮੂਏਲੀਆਂ ਪਰਿਵਾਰ।
ਯਮੀਨ-ਯਮੀਨੀਆ ਪਰਿਵਾਰ।
ਯਾਕੀਨ-ਯਾਕਾਨੀਆਂ ਪਰਿਵਾਰ।
13 ਜ਼ਰਹ-ਜ਼ਰਹੀਆਂ ਪਰਿਵਾਰ।
ਸ਼ਾਊਲ-ਸ਼ਾਊਲੀਆਂ ਪਰਿਵਾਰ।
14 ਇਹ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ। ਇਸ ਵਿੱਚ ਕੁੱਲ 22,200 ਅਦਮੀ ਸਨ।
15 ਇਹ ਗਾਦ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:
ਸਫ਼ੋਨ-ਸਫ਼ੋਨੀਆਂ ਪਰਿਵਾਰ।
ਹੱਗੀ-ਹੱਗੀਆਂ ਪਰਿਵਾਰ।
ਸੂਨੀ-ਸੂਨੀਆਂ ਪਰਿਵਾਰ।
16 ਆਜ਼ਨੀ-ਆਜ਼ਨੀਆਂ ਪਰਿਵਾਰ।
ਏਰੀ-ਏਰੀਆਂ ਪਰਿਵਾਰ।
17 ਅਰੋਦ-ਅਰੋਦੀਆਂ ਪਰਿਵਾਰ।
ਅਰਏਲੀ-ਅਰਏਲੀਆਂ ਪਰਿਵਾਰ।
18 ਇਹ ਪਰਿਵਾਰ ਗਾਦ ਦੇ ਪਰਿਵਾਰ-ਸਮੂਹ ਵਿੱਚੋਂ ਸਨ। ਇਸ ਵਿੱਚ ਕੁੱਲ 40,500 ਆਦਮੀ ਸਨ।
19-20 ਇਹ ਯਹੂਦਾਹ ਦੇ ਪਰਿਵਾਰ-ਸਮੂਹ ਦੇ ਪਰਿਵਾਰ ਹਨ:
ਸ਼ੇਲਾਹ-ਸ਼ੇਲਾਹੀਆਂ ਪਰਿਵਾਰ।
ਪਰਸ-ਪਰਸੀਆਂ ਪਰਿਵਾਰ।
ਜ਼ਰਹ-ਜ਼ਰਹੀਆਂ ਪਰਿਵਾਰ।
(ਯਹੂਦਾਹ ਦੇ ਦੋ ਪੁੱਤਰ, ਏਰ ਅਤੇ ਓਨਾਨ ਕਨਾਨ ਵਿੱਚ ਮਾਰੇ ਗਏ ਸਨ।)
21 ਇਹ ਪਰਸ ਦੇ ਪਰਿਵਾਰ ਸਨ:
ਹਸਰੋਨ-ਹਸਰੋਨੀਆਂ ਪਰਿਵਾਰ।
ਹਮੂਲ-ਹਮੂਲੀਆਂ ਪਰਿਵਾਰ।
22 ਇਹ ਪਰਿਵਾਰ ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਸਨ। ਆਦਮੀਆਂ ਦੀ ਕੁੱਲ ਗਿਣਤੀ 76,500 ਸੀ।
23 ਯਿੱਸਾਕਾਰ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:
ਤੋਲਾ-ਤੋਲੀਆਂ ਪਰਿਵਾਰ।
ਪੁੱਵਾਹ-ਪੂਨੀਆਂ ਪਰਿਵਾਰ।
24 ਯਾਸੂਬ-ਯਾਸੂਬੀਆਂ ਪਰਿਵਾਰ।
ਸ਼ਿਮਰੋਨ-ਸ਼ਿਮਰੋਨੀਆਂ ਪਰਿਵਾਰ।
25 ਇਹ ਪਰਿਵਾਰ ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ ਸਨ। ਆਦਮੀਆਂ ਦੀ ਕੁੱਲ ਗਿਣਤੀ 64,300 ਸੀ।
26 ਜ਼ਬੂਲੁਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:
ਸਰਦ-ਸਰਦੀਆਂ ਪਰਿਵਾਰ।
ਏਲੋਨ-ਏਲੋਨੀਆਂ ਪਰਿਵਾਰ।
ਯਹਲਏਲ-ਯਹਲਏਲੀਆਂ ਪਰਿਵਾਰ।
27 ਇਹ ਜ਼ਬੂਲੁਨੀਆਂ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ: ਆਦਮੀਆਂ ਦੀ ਕੁੱਲ ਗਿਣਤੀ 60,500 ਸੀ।
28 ਯੂਸੁਫ਼ ਦੇ ਦੋ ਪੁੱਤਰ ਸਨ ਮਨੱਸ਼ਹ ਅਤੇ ਅਫ਼ਰਾਈਮ ਹਰ ਪੁੱਤਰ ਆਪੋ-ਆਪਣੇ ਪਰਿਵਾਰ ਨਾਲ ਇੱਕ ਪਰਿਵਾਰ-ਸਮੂਹ ਬਣ ਗਿਆ। 29 ਮਨੱਸ਼ਹ ਦੇ ਪਰਿਵਾਰ ਸਨ:
ਮਾਕੀਰ-ਮਾਕੀਰੀਆਂ ਪਰਿਵਾਰ। (ਮਾਕੀਰ ਗਿਲਆਦ ਦਾ ਪਿਤਾ ਸੀ।)
ਗਿਲਆਦ-ਗਿਲਆਦੀਆਂ ਪਰਿਵਾਰ।
30 ਗਿਲਆਦ ਦੇ ਪਰਿਵਾਰ ਸਨ:
ਈਅਜ਼ਰ-ਈਅਜ਼ਰੀਆਂ ਪਰਿਵਾਰ।
ਹੇਲਕ-ਹੇਲਕੀਆਂ ਪਰਿਵਾਰ।
31 ਅਸਰੀਏਲ-ਅਸਰੀਏਲੀਆਂ ਪਰਿਵਾਰ।
ਸ਼ਕਮ-ਸ਼ਕਮੀਆਂ ਪਰਿਵਾਰ।
32 ਸ਼ਮੀਦਾ-ਸ਼ਮੀਦਾਈਆਂ ਪਰਿਵਾਰ।
ਹੇਫ਼ਰ-ਹੇਫ਼ਰੀਆਂ ਪਰਿਵਾਰ।
33 ਸਲਾਫ਼ਹਾਦ ਹੇਫ਼ਰ ਦਾ ਪੁੱਤਰ ਸੀ। ਪਰ ਉਸਦਾ ਕੋਈ ਪੁੱਤਰ ਨਹੀਂ ਸੀ-ਸਿਰਫ਼ ਧੀਆਂ ਸਨ। ਉਸ ਦੀਆਂ ਧੀਆਂ ਦੇ ਨਾਮ ਸਨ ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ।
34 ਉਹ ਸਾਰੇ ਮਨੱਸ਼ਹ ਦੇ ਪਰਿਵਾਰ-ਸਮੂਹਾਂ ਦੇ ਪਰਿਵਾਰ ਸਨ। ਆਦਮੀਆਂ ਦੀ ਕੁੱਲ ਗਿਣਤੀ 52,700 ਸੀ।
35 ਅਫ਼ਰਾਈਮ ਦੇ ਪਰਿਵਾਰ-ਸਮੂਹਾਂ ਦੇ ਪਰਿਵਾਰ ਸਨ:
ਸੂਥਲਹ-ਸੂਥਲਹੀਆਂ ਪਰਿਵਾਰ।
ਬਕਰ-ਬਕਰੀਆਂ ਪਰਿਵਾਰ।
ਬਹਨ-ਬਹਨੀਆਂ ਪਰਿਵਾਰ।
36 ਏਰਾਨ ਸੂਥਲਹ ਪਰਿਵਾਰ ਵਿੱਚੋਂ ਸੀ।
ਏਰਾਨ ਦਾ ਪਰਿਵਾਰ ਏਰਾਨੀਆਂ ਪਰਿਵਾਰ ਸੀ।
37 ਇਹ ਅਫ਼ਰਾਈਮ ਪਰਿਵਾਰ-ਸਮੂਹ ਦੇ ਪਰਿਵਾਰ ਸਨ। ਕੁੱਲ ਆਦਮੀਆਂ ਦੀ ਗਿਣਤੀ 32,500 ਸੀ। ਉਹ ਸਾਰੇ ਲੋਕ ਯੂਸੁਫ਼ ਦੇ ਪਰਿਵਾਰ-ਸਮੂਹ ਵਿੱਚੋਂ ਸਨ।
38 ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:
ਬਲਾ-ਬਲੀਆਂ ਪਰਿਵਾਰ।
ਅਸ਼ਬੇਲ-ਅਸ਼ਬੇਲੀਆਂ ਪਰਿਵਾਰ।
ਅਹੀਰਾਮ-ਅਹੀਰਾਮੀਆਂ ਪਰਿਵਾਰ।
39 ਸ਼ਫ਼ੂਫ਼ਾਮ-ਸ਼ਫ਼ੂਫ਼ਾਮੀਆਂ ਪਰਿਵਾਰ
ਹੂਫ਼ਾਮ-ਹੂਫ਼ਾਮੀਆਂ ਪਰਿਵਾਰ।
40 ਬਲਾ ਦੇ ਪਰਿਵਾਰ ਸਨ:
ਅਰਦ-ਅਰਦੀਆਂ ਪਰਿਵਾਰ।
ਨਆਮਾਨ-ਨਆਮਾਨੀਆਂ ਪਰਿਵਾਰ।
41 ਇਹ ਸਾਰੇ ਪਰਿਵਾਰ ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਸਨ। ਆਦਮੀਆਂ ਦੀ ਕੁੱਲ ਗਿਣਤੀ 45,600 ਸੀ।
42 ਦਾਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:
ਸ਼ੂਹਾਮ-ਸ਼ੂਹਾਮੀਆਂ ਪਰਿਵਾਰ-ਸਮੂਹ।
ਇਹ ਦਾਨ ਦੇ ਪਰਿਵਾਰ-ਸਮੂਹ ਦਾ ਪਰਿਵਾਰ ਸੀ। 43 ਸ਼ੂਹਾਮ ਪਰਿਵਾਰ-ਸਮੂਹ ਦੇ ਬਹੁਤ ਸਾਰੇ ਪਰਿਵਾਰ ਸਨ। ਆਦਮੀਆਂ ਦੀ ਕੁੱਲ ਗਿਣਤੀ 64,400 ਸੀ।
44 ਆਸ਼ੇਰ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:
ਯਿਮਨਾਹ-ਯਿਮਨਾਹੀਆਂ ਪਰਿਵਾਰ।
ਯਿਸ਼ਵੀ-ਯਿਸ਼ਵੀਆਂ ਪਰਿਵਾਰ।
ਬਰੀਯਾਹ-ਬਰੀਈਆਂ ਪਰਿਵਾਰ।
45 ਬਰੀਯਾਹ ਦੇ ਪਰਿਵਾਰ ਸਨ:
ਹੇਬਰ-ਹੇਬਰੀਆਂ ਪਰਿਵਾਰ।
ਮਲਕੀਏਲ-ਮਲਕੀਏਲੀਆਂ ਪਰਿਵਾਰ।
46 (ਆਸ਼ੇਰ ਦੀ ਇੱਕ ਧੀ ਵੀ ਸੀ ਜਿਸਦਾ ਨਾਮ ਸਾਰਹ ਸੀ।) 47 ਇਹ ਆਸ਼ੇਰ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ। ਆਦਮੀਆਂ ਦੀ ਕੁੱਲ ਗਿਣਤੀ 53,400 ਸੀ।
48 ਨਫ਼ਤਾਲੀ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:
ਯਹਸਏਲ-ਯਹਸਏਲੀਆਂ ਪਰਿਵਾਰ।
ਗੂਨੀ- ਗੂਨੀਆਂ ਪਰਿਵਾਰ।
49 ਯੇਸਰ-ਯੇਸਰੀਆਂ ਪਰਿਵਾਰ।
ਸ਼ਿਲੇਮ-ਸ਼ਿਲੇਮੀਆਂ ਪਰਿਵਾਰ।
50 ਇਹ ਨਫ਼ਤਾਲੀ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ। ਆਦਮੀਆਂ ਦੀ ਕੁੱਲ ਗਿਣਤੀ 45,400 ਸੀ।
51 ਇਸ ਤਰ੍ਹਾਂ ਇਸਰਾਏਲ ਦੇ ਆਦਮੀਆਂ ਦੀ ਕੁੱਲ ਗਿਣਤੀ 6,01,730 ਸੀ।
52 ਯਹੋਵਾਹ ਨੇ ਮੂਸਾ ਨੂੰ ਆਖਿਆ, 53 “ਧਰਤੀ ਫ਼ੇਰ ਵੰਡੀ ਜਾਵੇਗੀ ਅਤੇ ਇਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ। ਹਰੇਕ ਪਰਿਵਾਰ-ਸਮੂਹ ਨੂੰ ਗਿਣਤੀ ਕੀਤੇ ਗਏ ਲੋਕਾਂ ਲਈ ਧਰਤੀ ਮਿਲੇਗੀ। 54 ਵੱਡੇ ਪਰਿਵਾਰ ਨੂੰ ਵੱਧੇਰੇ ਧਰਤੀ ਮਿਲੇਗੀ ਅਤੇ ਛੋਟੇ ਪਰਿਵਾਰ ਨੂੰ ਘੱਟ ਧਰਤੀ ਮਿਲੇਗੀ। ਉਹ ਧਰਤੀ ਜਿਹੜੀ ਉਨ੍ਹਾਂ ਨੂੰ ਮਿਲੇਗੀ ਉਹ ਗਿਣਤੀ ਕੀਤੇ ਹੋਏ ਲੋਕਾਂ ਦੇ ਬਰਾਬਰ ਹੋਵੇਗੀ। 55 ਪਰ ਤੁਹਾਨੂੰ ਗੁਣੇ ਪਾਕੇ ਨਿਆਂ ਕਰਨਾ ਚਾਹੀਦਾ ਹੈ ਕਿ ਕਿਹੜੇ ਪਰਿਵਾਰ ਨੂੰ ਧਰਤੀ ਦਾ ਕਿਹੜਾ ਭਾਗ ਮਿਲੇਗਾ। ਹਰੇਕ ਪਰਿਵਾਰ-ਸਮੂਹ ਆਪਣਾ ਹਿੱਸਾ ਪ੍ਰਾਪਤ ਕਰੇਗਾ ਅਤੇ ਇਸਤੋਂ ਬਾਦ ਉਸ ਧਰਤੀ ਨੂੰ ਨਾਮ ਦਿੱਤਾ ਜਾਵੇਗਾ। 56 ਵੱਡੀ ਜਾਂ ਛੋਟੀ ਧਰਤੀ ਹਰੇਕ ਪਰਿਵਾਰ ਨੂੰ ਦਿੱਤੀ ਜਾਵੇਗੀ। ਅਤੇ ਤੁਸੀਂ ਨਿਆਂ ਕਰਨ ਲਈ ਗੁਣੇ ਪਾਵੋਂਗੇ।”
57 ਉਨ੍ਹਾਂ ਨੇ ਲੇਵੀ ਦੇ ਪਰਿਵਾਰ-ਸਮੂਹ ਦੀ ਗਿਣਤੀ ਵੀ ਕੀਤੀ। ਲੇਵੀ ਦੇ ਪਰਿਵਾਰ-ਸਮੂਹ ਦੇ ਪਰਿਵਾਰ ਇਹ ਹਨ:
ਗੇਰਸ਼ੋਨ-ਗੇਰਸ਼ੋਨੀਆ ਪਰਿਵਾਰ।
ਕਹਾਥ-ਕਹਾਥੀਆ ਪਰਿਵਾਰ।
ਮਰਾਰੀ-ਮਰਾਰੀਆ ਪਰਿਵਾਰ।
58 ਇਹ ਪਰਿਵਾਰ ਵੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਹਨ:
ਲਿਬਨੀ ਪਰਿਵਾਰ।
ਹਬਰੋਨੀ ਪਰਿਵਾਰ।
ਮਹਲੀ ਪਰਿਵਾਰ।
ਮੂਸ਼ੀ ਪਰਿਵਾਰ।
ਕਾਰਹੀ ਪਰਿਵਾਰ।
ਅਮਰਾਮ ਕਹਾਥ ਪਰਿਵਾਰ-ਸਮੂਹ ਵਿੱਚੋਂ ਸੀ। 59 ਅਮਰਾਮ ਦੀ ਪਤਨੀ ਦਾ ਨਾਮ ਯੋਕਬਦ ਸੀ। ਉਹ ਵੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਉਹ ਮਿਸਰ ਵਿੱਚ ਜੰਮੀ ਸੀ। ਅਮਰਾਮ ਅਤੇ ਯੋਕਬਦ ਦੇ ਦੋ ਪੁੱਤਰ ਸਨ, ਹਾਰੂਨ ਅਤੇ ਮੂਸਾ। ਉਨ੍ਹਾਂ ਦੀ ਇੱਕ ਧੀ ਵੀ ਸੀ, ਮਿਰਯਮ।
60 ਹਾਰੂਨ ਨਾਦਾਮ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਦਾ ਪਿਤਾ ਸੀ। 61 ਪਰ ਨਾਦਾਬ ਅਤੇ ਅਬੀਹੂ ਮਰ ਗਏ ਸਨ। ਉਹ ਇਸ ਲਈ ਮਰ ਗਏ ਸਨ ਕਿਉਂਕਿ ਉਨ੍ਹਾਂ ਨੇ ਯਹੋਵਾਹ ਨੂੰ ਅਜਿਹੀ ਹੋਮ ਦੀ ਭੇਟ ਚੜ੍ਹਾਈ ਸੀ ਜਿਸਦੀ ਆਗਿਆ ਨਹੀਂ ਸੀ।
62 ਲੇਵੀ ਦੇ ਪਰਿਵਾਰ-ਸਮੂਹ ਵਿੱਚ ਹਰ, ਇੱਕ ਮਹੀਨੇ ਅਤੇ ਇਸਤੋਂ ਵੱਧ ਉਮਰ ਵਾਲੇ ਨਰਾਂ ਦੀ ਕੁੱਲ ਗਿਣਤੀ 23,000 ਸੀ। ਪਰ ਇਨ੍ਹਾਂ ਦੀ ਗਿਣਤੀ ਇਸਰਾਏਲ ਦੇ ਹੋਰਨਾਂ ਲੋਕਾਂ ਨਾਲ ਨਹੀਂ ਕੀਤੀ ਗਈ ਸੀ। ਉਨ੍ਹਾ ਨੂੰ ਉਸ ਧਰਤੀ ਦਾ ਉਹ ਹਿੱਸਾ ਨਹੀਂ ਮਿਲਿਆ ਜਿਹੜੀ ਯਹੋਵਾਹ ਨੇ ਹੋਰਨਾਂ ਲੋਕਾਂ ਨੂੰ ਦਿੱਤੀ ਸੀ।
63 ਮੂਸਾ ਅਤੇ ਜਾਜਕ ਅਲਆਜ਼ਾਰ ਨੇ ਇਨ੍ਹਾਂ ਸਾਰੇ ਲੋਕਾਂ ਦੀ ਗਿਣਤੀ ਉਦੋਂ ਕੀਤੀ ਜਦੋਂ ਉਹ ਮੋਆਬ ਵਿੱਚ ਯਰਦਨ ਵਾਦੀ ਵਿੱਚ ਸਨ। ਇਹ ਯਰੀਹੋ ਤੋਂ ਯਰਦਨ ਨਦੀ ਦੇ ਪਾਰ ਸੀ। 64 ਬਹੁਤ ਵਰ੍ਹੇ ਪਹਿਲਾਂ, ਸੀਨਈ ਮਾਰੂਥਲ ਵਿੱਚ ਮੂਸਾ ਅਤੇ ਜਾਜਕ ਹਾਰੂਨ ਨੇ ਇਸਰਾਏਲ ਦੇ ਲੋਕਾਂ ਦੀ ਗਿਣਤੀ ਕੀਤੀ ਸੀ। ਪਰ ਉਹ ਸਾਰੇ ਲੋਕ ਮਰ ਚੁੱਕੇ ਸਨ। ਉਨ੍ਹਾਂ ਲੋਕਾਂ ਵਿੱਚੋਂ ਕੋਈ ਵੀ ਹੁਣ ਜਿਉਂਦਾ ਨਹੀਂ ਸੀ। 65 ਕਿਉਂਕਿ ਯਹੋਵਾਹ ਨੇ ਇਸਰਾਏਲ ਦੇ ਉਨ੍ਹਾਂ ਲੋਕਾਂ ਨੂੰ ਦੱਸਿਆ ਸੀ ਕਿ ਉਹ ਸਾਰੇ ਹੀ ਮਾਰੂਥਲ ਅੰਦਰ ਮਾਰੇ ਜਾਣਗੇ। ਸਿਰਫ਼ ਦੋ ਬੰਦੇ ਜਿਹੜੇ ਜਿਉਂਦੇ ਬਚ ਗਏ ਸਨ ਉਹ ਸਨ ਯਫ਼ੁੰਨਹ ਦਾ ਪੁੱਤਰ ਕਾਲੇਬ ਅਤੇ ਨੂਨ ਦਾ ਪੁੱਤਰ ਯਹੋਸ਼ੁਆ।
ਸਲਾਫ਼ਹਾਦ ਦੀਆਂ ਧੀਆਂ
27 ਸਲਾਫ਼ਹਾਦ ਹੇਫ਼ਰ ਦਾ ਪੁੱਤਰ ਸੀ। ਹੇਫ਼ਰ ਗਿਲਆਦ ਦਾ ਪੁੱਤਰ ਸੀ। ਗਿਲਆਦ ਮਾਕੀਰ ਦਾ ਪੁੱਤਰ ਸੀ। ਮਾਕੀਰ ਮਨੱਸ਼ਹ ਦਾ ਪੁੱਤਰ ਸੀ। ਮਨੱਸ਼ਹ ਯੂਸੁਫ਼ ਦਾ ਪੁੱਤਰ ਸੀ। ਸਲਾਫ਼ਹਾਦ ਦੀਆਂ ਪੰਜ ਧੀਆਂ ਸਨ। ਉਨ੍ਹਾਂ ਦੇ ਨਾਮ ਸਨ: ਮਾਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ। 2 ਇਹ ਪੰਜੇ ਔਰਤਾਂ, ਮੰਡਲੀ ਵਾਲੇ ਤੰਬੂ ਵੱਲ ਗਈਆਂ ਅਤੇ ਮੂਸਾ, ਜਾਜਕ ਅਲਆਜ਼ਾਰ, ਆਗੂਆ ਅਤੇ ਇਸਰਾਏਲ ਦੇ ਸਮੂਹ ਲੋਕਾਂ ਸਾਹਮਣੇ ਖਲੋ ਗਈਆਂ।
ਪੰਜਾਂ ਧੀਆਂ ਨੇ ਆਖਿਆ, 3 “ਜਦੋਂ ਅਸੀਂ ਮਾਰੂਥਲ ਵਿੱਚ ਸਫ਼ਰ ਕਰ ਰਹੀਆਂ ਸਾਂ ਤਾਂ ਸਾਡੇ ਪਿਤਾ ਦਾ ਦੇਹਾਂਤ ਹੋ ਗਿਆ। ਸਾਡੇ ਪਿਤਾ ਦੀ ਮੌਤ ਕੁਦਰਤੀ ਤੌਰ ਤੇ ਹੋਈ ਸੀ। ਉਹ ਉਨ੍ਹਾਂ ਲੋਕਾਂ ਵਿੱਚੋਂ ਸੀ ਜਿਹੜੇ ਕੋਰਹ ਦੇ ਸਮੂਹ ਵਿੱਚ ਸ਼ਾਮਿਲ ਹੋ ਗਏ ਸਨ। (ਕੋਰਹ ਉਹ ਬੰਦਾ ਸੀ ਜਿਹੜਾ ਯਹੋਵਾਹ ਦੇ ਖਿਲਾਫ਼ ਹੋ ਗਿਆ ਸੀ।) ਪਰ ਸਾਡੇ ਪਿਤਾ ਦਾ ਕੋਈ ਪੁੱਤਰ ਨਹੀਂ ਸੀ। 4 ਨਤੀਜਤਨ, ਸਾਡੇ ਪਿਤਾ ਦਾ ਨਾਮ ਹਟਾ ਦਿੱਤਾ ਜਾਵੇਗਾ ਕਿਉਂਕਿ ਉਸ ਦੇ ਕੋਈ ਪੁੱਤਰ ਨਹੀਂ ਸਨ। ਇਹ ਉਚਿਤ ਨਹੀਂ ਕਿ ਸਾਡੇ ਪਿਤਾ ਦਾ ਨਾਮ ਜਾਰੀ ਨਾ ਰਹੇ। ਇਸ ਲਈ ਅਸੀਂ ਤੁਹਾਡੇ ਕੋਲੋਂ ਉਸ ਜ਼ਮੀਨ ਦਾ ਕੁਝ ਹਿੱਸਾ ਮੰਗਦੀਆਂ ਹਾਂ ਜਿਹੜੀ ਸਾਡੇ ਪਿਤਾ ਦੇ ਭਰਾਵਾਂ ਨੂੰ ਮਿਲੇਗੀ।”
5 ਇਸ ਲਈ ਮੂਸਾ ਨੇ ਯਹੋਵਾਹ ਨੂੰ ਪੁੱਛਿਆ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ। 6 ਯਹੋਵਾਹ ਨੇ ਉਸ ਨੂੰ ਆਖਿਆ, 7 “ਸਲਾਫ਼ਹਾਦ ਦੀਆਂ ਧੀਆਂ ਠੀਕ ਆਖਦੀਆਂ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਦੀ ਜ਼ਮੀਨ ਦਾ ਹਿੱਸਾ ਮਿਲਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੂੰ ਉਹ ਜ਼ਮੀਨ ਦੇ ਦਿਉ ਜਿਹੜੀ ਤੁਸੀਂ ਉਨ੍ਹਾ ਦੇ ਪਿਤਾ ਨੂੰ ਦੇਣੀ ਸੀ।”
8 “ਇਸ ਲਈ ਇਸਰਾਏਲ ਦੇ ਲੋਕਾਂ ਲਈ ਇਹ, ਬਿਧੀ ਬਣਾ ਦਿਉ, ‘ਜੇ ਕਿਸੇ ਬੰਦੇ ਦੇ ਕੋਈ ਪੁੱਤਰ ਨਾ ਹੋਵੇ ਅਤੇ ਉਹ ਮਰ ਜਾਵੇ, ਉਸਦੀ ਹਰ ਚੀਜ਼ ਉਸ ਦੀਆਂ ਧੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ। 9 ਜੇ ਉਸਦੀ ਕੋਈ ਧੀ ਨਾ ਹੋਵੇ ਤਾਂ ਉਸਦੀ ਹਰ ਸ਼ੈਅ ਉਸ ਦੇ ਭਰਾਵਾ ਨੂੰ ਦਿੱਤੀ ਜਾਣੀ ਚਾਹੀਦੀ ਹੈ। 10 ਜੇ ਉਸ ਦੇ ਭਰਾ ਨਾ ਹੋਣ ਤਾਂ ਉਸਦੀ ਹਰ ਸ਼ੈਅ ਉਸ ਦੇ ਪਿਤਾ ਦੇ ਭਰਾਵਾ ਨੂੰ ਦਿੱਤੀ ਜਾਣੀ ਚਾਹੀਦੀ ਹੈ। 11 ਜੇ ਉਸ ਦੇ ਪਿਤਾ ਦਾ ਕੋਈ ਭਰਾ ਨਹੀਂ ਤਾਂ ਉਸਦੀ ਹਰ ਸ਼ੈਅ ਉਸ ਦੇ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਨੂੰ ਦਿੱਤੀ ਜਾਣੀ ਚਾਹੀਦੀ ਹੈ। ਇਹ ਇਸਰਾਏਲ ਦੇ ਲੋਕਾਂ ਲਈ ਬਿਧੀ ਹੋਣੀ ਚਾਹੀਦੀ ਹੈ। ਯਹੋਵਾਹ, ਮੂਸਾ ਨੂੰ ਇਹ ਆਦੇਸ਼ ਦਿੰਦਾ ਹੈ।’”
ਯਹੋਸ਼ੁਆ ਨਵਾਂ ਆਗੂ ਹੈ
12 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਯਰਦਨ ਨਦੀ ਦੇ ਪੂਰਬ ਵੱਲ ਦੇ ਮਾਰੂਥਲ ਵਿੱਚਲੇ ਇੱਕ ਪਰਬਤ ਉੱਤੇ ਜਾ। ਉੱਥੇ ਤੂੰ ਉਹ ਧਰਤੀ ਦੇਖੇਂਗਾ ਜਿਹੜੀ ਮੈਂ ਇਸਰਾਏਲ ਦੇ ਲੋਕਾਂ ਨੂੰ ਦੇ ਰਿਹਾ ਹਾਂ। 13 ਜਦੋਂ ਤੂੰ ਉਹ ਧਰਤੀ ਦੇਖ ਲਵੇਂਗਾ ਤਾਂ ਤੂੰ ਵੀ ਆਪਣੇ ਭਰਾ ਹਾਰੂਨ ਵਾਂਗ ਮਰ ਜਾਵੇਂਗਾ। 14 ਚੇਤੇ ਕਰ, ਜਦੋਂ ਲੋਕ ਸੀਨਈ ਦੇ ਮਾਰੂਥਲ ਵਿੱਚ ਪਾਣੀ ਲਈ ਗੁੱਸੇ ਹੋ ਰਹੇ ਸਨ, ਹਾਰੂਨ ਅਤੇ ਤੂੰ ਦੋਵਾਂ ਨੇ ਮੇਰੇ ਆਦੇਸ਼ਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਤੂੰ ਮੇਰਾ ਆਦਰ ਨਹੀਂ ਕੀਤਾ ਅਤੇ ਲੋਕਾਂ ਨੂੰ ਨਹੀਂ ਦੱਸਿਆ ਕਿ ਮੈਂ ਪਵਿੱਤਰ ਹਾਂ।” (ਇਹ ਸੀਨ ਮਾਰੂਥਲ ਵਿੱਚ, ਕਾਦੇਸ਼ ਦੇ ਨੇੜੇ ਮਰੀਬਾਹ ਦੇ ਪਾਣੀ ਵਿਖੇ ਸੀ।)
15 ਮੂਸਾ ਨੇ ਯਹੋਵਾਹ ਨੂੰ ਆਖਿਆ, 16 “ਯਹੋਵਾਹ ਹੀ ਉਹ ਪਰਮੇਸ਼ੁਰ ਹੈ ਜਿਹੜਾ ਇਹ ਜਾਣਦਾ ਹੈ ਕਿ ਲੋਕ ਕੀ ਸੋਚ ਰਹੇ ਹਨ। ਯਹੋਵਾਹ, ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਇਨ੍ਹਾਂ ਲੋਕਾਂ ਦਾ ਆਗੂ ਜ਼ਰੂਰ ਚੁਣੋਗੇ। 17 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਯਹੋਵਾਹ ਅਜਿਹਾ ਆਗੂ ਚੁਣੇ ਜਿਹੜਾ ਇਨ੍ਹਾਂ ਲੋਕਾਂ ਦੀ ਯੁੱਧ ਵਿੱਚ ਅਗਵਾਈ ਕਰੇਗਾ। ਫ਼ੇਰ ਯਹੋਵਾਹ ਦੇ ਲੋਕ ਬਿਨ ਅਯਾਲੀ ਦੀਆਂ ਭੇਡਾਂ ਵਰਗੇ ਨਹੀਂ ਹੋਣਗੇ।”
18 ਇਸ ਲਈ ਯਹੋਵਾਹ ਨੇ ਮੂਸਾ ਨੂੰ ਆਖਿਆ, “ਨੂਨ ਦਾ ਪੁੱਤਰ ਯਹੋਸ਼ੁਆ ਨਵਾਂ ਆਗੂ ਹੋਵੇਗਾ। ਉਹ ਬਹੁਤ ਸਿਆਣਾ ਹੈ। [a] ਉਸ ਨੂੰ ਨਵਾਂ ਆਗੂ ਬਣਾ ਦੇ। 19 ਉਸ ਨੂੰ ਆਖ ਕਿ ਉਹ ਜਾਜਕ ਅਲਆਜ਼ਾਰ ਅਤੇ ਹੋਰ ਸਾਰੇ ਲੋਕਾਂ ਸਾਹਮਣੇ ਖਲੋਵੋ। ਫ਼ੇਰ ਉਸ ਨੂੰ ਨਵਾਂ ਆਗੂ ਬਣਾ ਦੇਵੀ।
20 “ਲੋਕਾਂ ਨੂੰ ਇਹ ਦਰਸਾ ਕਿ ਤੂੰ ਉਸ ਨੂੰ ਆਗੂ ਥਾਪ ਰਿਹਾ ਹੈ, ਫ਼ੇਰ ਸਾਰੇ ਲੋਕ ਉਸਦਾ ਆਦੇਸ਼ ਮੰਨਣਗੇ। 21 ਜੇ ਯਹੋਸ਼ੁਆ ਨੂੰ ਕੋਈ ਨਿਆਂ ਕਰਨ ਦੀ ਲੋੜ ਪਵੇ, ਤਾਂ ਉਹ ਜਾਜਕ ਅਲਆਜ਼ਾਰ ਵੱਲ ਜਾਵੇਗਾ। ਅਲਆਜ਼ਾਰ ਊਰੀਮ ਦੀ ਵਰਤੋਂ ਕਰਕੇ ਯਹੋਵਾਹ ਦਾ ਉੱਤਰ ਜਾਣੇਗਾ। ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਸਮੂਹ ਲੋਕ ਉਹੀ ਗੱਲ ਕਰਨਗੇ ਜੋ ਪਰਮੇਸ਼ੁਰ ਆਖਦਾ ਹੈ। ਜੇ ਉਹ ਆਖੇ, ‘ਯੁੱਧ ਕਰੋ’, ਤਾਂ ਉਹ ਯੁੱਧ ਕਰਨਗੇ। ਅਤੇ ਜੇ ਉਹ ਆਖੇ ‘ਘਰ ਜਾਉ’ ਤਾਂ ਉਹ ਘਰ ਚੱਲੇ ਜਾਣਗੇ।”
22 ਮੂਸਾ ਨੇ ਯਹੋਵਾਹ ਦਾ ਹੁਕਮ ਪ੍ਰਵਾਨ ਕਰ ਲਿਆ। ਮੂਸਾ ਨੇ ਯਹੋਸ਼ੁਆ ਨੂੰ ਜਾਜਕ ਅਲਆਜ਼ਾਰ ਅਤੇ ਇਸਰਾਏਲ ਦੇ ਸਮੂਹ ਲੋਕਾਂ ਦੇ ਸਾਹਮਣੇ ਖੜ੍ਹੇ ਹੋਣ ਲਈ ਆਖਿਆ। 23 ਫ਼ੇਰ ਮੂਸਾ ਨੇ ਇਹ ਦਰਸਾਉਣ ਲਈ ਉਸ ਉੱਤੇ ਆਪਣੇ ਹੱਥ ਰੱਖੇ, ਕਿ ਉਹੀ ਨਵਾਂ ਆਗੂ ਸੀ। ਜਿਵੇਂ ਯਹੋਵਾਹ ਚਾਹੁੰਦਾ ਸੀ ਕਿ ਉਹ ਕਰੇ।
2010 by World Bible Translation Center