Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਗਿਣਤੀ 23-25

ਬਿਲਆਮ ਦਾ ਪਹਿਲਾ ਸੰਦੇਸ਼

23 ਬਿਲਆਮ ਨੇ ਬਾਲਾਕ ਨੂੰ ਆਖਿਆ, “ਇੱਥੇ ਸੱਤ ਜਗਵੇਦੀਆਂ ਉਸਾਰ ਅਤੇ ਮੇਰੇ ਲਈ ਸੱਤ ਵਹਿੜਕੇ ਅਤੇ ਸੱਤ ਭੇਡੂ ਤਿਆਰ ਕਰਵਾ।” ਬਾਲਾਕ ਨੇ ਬਿਲਆਮ ਦੇ ਆਖੇ ਅਨੁਸਾਰ ਕੀਤਾ ਅਤੇ ਉਸ ਨੇ ਅਤੇ ਬਿਲਆਮ ਨੇ ਇੱਕ-ਇੱਕ ਵਹਿੜਕਾ ਅਤੇ ਇੱਕ-ਇੱਕ ਭੇਡੂ ਦੀ ਬਲੀ ਹਰੇਕ ਜਗਵੇਦੀ ਉੱਤੇ ਚੜ੍ਹਾਈ।

ਫ਼ੇਰ ਬਿਲਆਮ ਨੇ ਬਾਲਾਕ ਨੂੰ ਆਖਿਆ, “ਇਸ ਜਗਵੇਦੀ ਦੇ ਨੇੜੇ, ਇੱਥੇ ਖਲੋਵੋ। ਮੈਂ ਕਿਸੇ ਦੂਸਰੇ ਸਥਾਨ ਤੇ ਜਾਵਾਂਗਾ। ਫ਼ੇਰ ਯਹੋਵਾਹ ਮੇਰੇ ਕੋਲ ਆਵੇਗਾ ਅਤੇ ਮੈਨੂੰ ਦੱਸੇਗਾ ਕਿ ਮੈਂ ਕੀ ਆਖਣਾ ਹੈ।” ਫ਼ੇਰ ਬਿਲਆਮ ਇੱਕ ਉਚੇਰੇ ਸਥਾਨ ਉੱਤੇ ਚੱਲਿਆ ਗਿਆ।

ਉਸ ਥਾਂ ਉੱਤੇ ਪਰਮੇਸ਼ੁਰ ਬਿਲਆਮ ਨੂੰ ਮਿਲਿਆ। ਬਿਲਆਨ ਨੇ ਆਖਿਆ, “ਮੈਂ ਸੱਤ ਜਗਵੇਦੀਆਂ ਤਿਆਰ ਕਰ ਦਿੱਤੀਆਂ ਹਨ ਅਤੇ ਮੈਂ ਹਰੇਕ ਜਗਵੇਦੀ ਉੱਤੇ ਇੱਕ-ਇੱਕ ਵਹਿੜਕਾ ਅਤੇ ਇੱਕ-ਇੱਕ ਭੇਡੂ ਬਲੀ ਚੜ੍ਹਾ ਦਿੱਤਾ ਹੈ।”

ਤਾਂ ਯਹੋਵਾਹ ਨੇ ਬਿਲਆਮ ਨੂੰ ਦੱਸਿਆ ਕਿ ਉਸ ਨੂੰ ਕੀ ਆਖਣਾ ਚਾਹੀਦਾ ਹੈ। ਫ਼ੇਰ ਯਹੋਵਾਹ ਨੇ ਆਖਿਆ, “ਬਾਲਾਕ ਕੋਲ ਵਾਪਸ ਜਾ ਅਤੇ ਉਸ ਨੂੰ ਇਹ ਗੱਲਾਂ ਆਖ ਜਿਹੜੀਆਂ ਮੈਂ ਤੈਨੂੰ ਆਖਣ ਲਈ ਦੱਸੀਆਂ ਹਨ।”

ਇਸ ਲਈ ਬਿਲਆਮ ਬਾਲਾਕ ਕੋਲ ਵਾਪਸ ਚੱਲਿਆ ਗਿਆ। ਬਾਲਾਕ ਹਾਲੇ ਵੀ ਜਗਵੇਦੀ ਦੇ ਨੇੜੇ ਖਲੋਤਾ ਸੀ। ਅਤੇ ਮੋਆਬ ਦੇ ਸਾਰੇ ਆਗੂ ਉਨ੍ਹਾਂ ਦੇ ਨਾਲ ਖਲੋਤੇ ਸਨ। ਤਾਂ ਬਿਲਆਮ ਨੇ ਇਹ ਗੱਲਾਂ ਆਖੀਆਂ:

“ਮੋਆਬ ਦੇ ਰਾਜੇ ਬਾਲਾਕ ਨੇ
    ਮੈਨੂੰ ਇੱਥੇ ਆਰਾਮ ਦੇ ਪੂਰਬੀ ਪਹਾੜਾਂ ਤੋਂ ਲਿਆਂਦਾ,
ਮੈਨੂੰ ਬਾਲਾਕ ਨੇ ਆਖਿਆ ਸੀ।
    ‘ਆ, ਮੇਰੇ ਲਈ ਯਾਕੂਬ ਨੂੰ ਸਰਾਪ ਸਰਾਪ ਦੇ,
    ਆ, ਇਸਰਾਏਲ ਦੇ ਲੋਕਾਂ ਨੂੰ ਸਰਾਪ ਦੇ।’
ਪਰ ਪਰਮੇਸ਼ੁਰ ਉਨ੍ਹਾਂ ਲੋਕਾਂ ਦੇ ਖਿਲਾਫ਼ ਨਹੀਂ ਹੈ,
    ਇਸ ਲਈ ਮੈਂ ਵੀ ਉਨ੍ਹਾਂ ਨੂੰ ਸਰਾਪ ਨਹੀਂ ਦੇ ਸੱਕਦਾ।
ਯਹੋਵਾਹ ਨੇ ਉਨ੍ਹਾਂ ਲੋਕਾਂ ਲਈ ਮੰਦੀਆਂ ਹੋਣੀਆਂ ਨਹੀਂ ਮੰਗੀਆਂ।
    ਇਸ ਲਈ ਮੈਂ ਵੀ ਅਜਿਹਾ ਨਹੀਂ ਕਰ ਸੱਕਦਾ।
ਮੈਂ ਉਨ੍ਹਾਂ ਲੋਕਾਂ ਨੂੰ ਪਰਬਤ ਉੱਤੋਂ ਦੇਖ ਰਿਹਾ ਹਾਂ।
    ਮੈਂ ਉਨ੍ਹਾਂ ਨੂੰ ਉੱਚੀਆਂ ਪਹਾੜੀਆਂ ਤੋਂ ਦੇਖਦਾ ਹਾਂ।
ਉਹ ਲੋਕ, ਇੱਕਲੇ ਰਹਿੰਦੇ ਹਨ।
    ਉਹ ਕਿਸੇ ਹੋਰ ਕੌਮ ਦਾ ਹਿੱਸਾ ਨਹੀਂ ਹੈ।
10 ਕੌਣ ਯਾਕੂਬ ਦੇ ਲੋਕਾਂ ਨੂੰ ਗਿਣ ਸੱਕਦਾ ਹੈ?
    ਉਹ ਰੇਤ ਦੇ ਕਿਣਕਿਆਂ ਵਾਂਗ ਅਨਗਿਣਤ ਹਨ।
    ਕੋਈ ਇਸਰਾਏਲ ਦੇ ਇੱਕ ਚੁਥਾਈ ਲੋਕਾਂ ਦੀ ਵੀ ਗਿਣਤੀ ਨਹੀਂ ਕਰ ਸੱਕਦਾ।
ਮੈਨੂੰ ਇੱਕ ਨੇਕ ਇਨਸਾਨ ਵਾਂਗੂ ਮਰਨ ਦਿਉ।
    ਮੇਰੀ ਜ਼ਿੰਦਗੀ ਨੂੰ ਉਨ੍ਹਾਂ ਵਾਂਗ ਖੁਸ਼ੀ ਨਾਲ ਭਰੀ ਹੋਈ ਨੂੰ ਖਤਮ ਹੋਣ ਦਿਉ।”

11 ਬਾਲਾਕ ਨੇ ਬਿਲਆਮ ਨੂੰ ਆਖਿਆ, “ਤੂੰ ਮੇਰੇ ਨਾਲ ਕੀ ਕੀਤਾ ਹੈ? ਮੈਂ ਤੈਨੂੰ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਸੱਦਿਆ ਸੀ। ਪਰ ਤੂੰ ਤਾਂ ਸਿਰਫ਼ ਉਨ੍ਹਾਂ ਨੂੰ ਅਸੀਸ ਦਿੱਤੀ ਹੈ।”

12 ਪਰ ਬਿਲਆਮ ਨੇ ਜਵਾਬ ਦਿੱਤਾ, “ਮੈਨੂੰ ਉਹੀ ਗੱਲਾਂ ਆਖਣੀਆਂ ਪੈਂਦੀਆਂ ਹਨ ਜਿਹੜੀਆਂ ਉਹ ਮੇਰੇ ਪਾਸੋਂ ਅਖਵਾਉਂਦਾ ਹੈ।”

13 ਫ਼ੇਰ ਬਾਲਾਕ ਨੇ ਉਸ ਨੂੰ ਆਖਿਆ, “ਇਸ ਲਈ ਮੇਰੇ ਨਾਲ ਕਿਸੇ ਹੋਰ ਥਾਂ ਉੱਤੇ ਆ। ਇਸ ਥਾਂ ਤੋਂ ਤੂੰ ਉਨ੍ਹਾਂ ਸਾਰਿਆਂ ਨੂੰ ਨਹੀਂ ਵੇਖ ਸੱਕਦਾ, ਤੂੰ ਸਿਰਫ਼ ਉਨ੍ਹਾਂ ਲੋਕਾਂ ਦੇ ਇੱਕ ਹਿੱਸੇ ਨੂੰ ਹੀ ਦੇਖ ਸੱਕਦਾ ਹੈ। ਹੋ ਸੱਕਦਾ ਹੈ ਕਿ ਉਸ ਥਾਂ ਤੋਂ ਤੂੰ ਮੇਰੇ ਲਈ ਉਨ੍ਹਾਂ ਦੇ ਵਿਰੁੱਧ ਬੋਲ ਸੱਕੇਂ।” 14 ਇਸ ਲਈ ਬਾਲਾਕ ਬਿਲਆਮ ਨੂੰ ਸੋਫ਼ੀਮ ਦੇ ਖੇਤਾਂ ਨੂੰ ਲੈ ਗਿਆ। ਇਹ ਥਾਂ ਪਿਸਗਾਹ ਪਰਬਤ ਦੀ ਚੋਟੀ ਉੱਤੇ ਸੀ। ਉਸ ਥਾਂ ਉੱਤੇ, ਬਾਲਾਕ ਨੇ ਸੱਤ ਜਗਵੇਦੀਆਂ ਬਣਾਈਆ ਅਤੇ ਫ਼ੇਰ ਤੋਂ ਹਰੇਕ ਜਗਵੇਦੀ ਉੱਤੇ ਉਸ ਨੇ ਇੱਕ-ਇੱਕ ਵਹਿੜਕਾ ਅਤੇ ਇੱਕ-ਇੱਕ ਭੇਡੂ ਬਲੀ ਚੜ੍ਹਾਇਆ।

15 ਇਸ ਲਈ ਬਿਲਆਮ ਨੇ ਬਾਲਾਕ ਨੂੰ ਆਖਿਆ, “ਆਪਣੀ ਬਲੀ ਦੇ ਕੋਲ ਖਲੋ। ਮੈਂ ਉਸ ਥਾਂ ਉੱਤੇ ਜਾਕੇ ਯਹੋਵਾਹ ਨੂੰ ਮਿਲਾਂਗਾ।”

16 ਇਸ ਤਰ੍ਹਾਂ ਯਹੋਵਾਹ ਬਿਲਆਮ ਨੂੰ ਮਿਲਣ ਲਈ ਆਇਆ ਅਤੇ ਬਿਲਆਮ ਨੂੰ ਦੱਸਿਆ ਕਿ ਉਸ ਨੇ ਕੀ ਆਖਣਾ ਹੈ। ਫ਼ੇਰ ਯਹੋਵਾਹ ਨੇ ਬਿਲਆਮ ਨੂੰ ਬਾਲਾਕ ਕੋਲ ਵਾਪਸ ਜਾਣ ਅਤੇ ਇਹ ਗੱਲਾਂ ਦੱਸਣ ਲਈ ਆਖਿਆ। 17 ਇਸ ਤਰ੍ਹਾਂ ਬਿਲਆਮ ਬਾਲਾਕ ਕੋਲ ਗਿਆ। ਬਾਲਾਕ ਹਾਲੇ ਵੀ ਜਗਵੇਦੀ ਦੇ ਨੇੜੇ ਖਲੋਤਾ ਸੀ। ਮੋਆਬ ਦੇ ਆਗੂ ਉਸ ਦੇ ਨਾਲ ਸਨ। ਅਤੇ ਬਾਲਾਕ ਨੇ ਬਿਲਆਮ ਨੂੰ ਆਉਂਦਿਆ ਦੇਖਿਆ ਅਤੇ ਆਖਿਆ, “ਯਹੋਵਾਹ ਨੇ ਕੀ ਆਖਿਆ ਹੈ?”

ਬਿਲਆਮ ਦਾ ਦੂਸਰਾ ਸੰਦੇਸ਼

18 ਫ਼ੇਰ ਬਿਲਆਮ ਨੇ ਇਹ ਗੱਲਾਂ ਆਖੀਆ:

“ਬਾਲਾਕ, ਖੜ੍ਹਾ ਹੋ ਜਾ ਅਤੇ ਜੋ ਮੈਂ ਆਖਦਾ ਹਾਂ ਸੁਣ।
    ਮੇਰੀ ਗੱਲ ਸੁਣ, ਸਿੱਪੋਰ ਦੇ ਪੁੱਤਰ।
19 ਪਰਮੇਸ਼ੁਰ ਕੋਈ ਮਨੁੱਖ ਨਹੀਂ ਹੈ
    ਅਤੇ ਉਹ ਝੂਠ ਨਹੀਂ ਬੋਲਦਾ।
ਪਰਮੇਸ਼ੁਰ ਕਿਸੇ ਮਨੁੱਖ ਦਾ ਪੁੱਤਰ ਨਹੀਂ ਹੈ।
    ਉਸ ਦੇ ਨਿਆਂ ਕਦੇ ਵੀ ਨਹੀ ਬਦਲਣਗੇ।
ਜਦੋਂ ਯਹੋਵਾਹ ਕੁਝ ਆਖਦਾ,
    ਉਹ ਇਸ ਨੂੰ ਕਰੇਗਾ।
ਜੇਕਰ ਯਹੋਵਾਹ ਕੋਈ ਇਕਰਾਰ ਕਰਦਾ,
    ਉਹ ਉਹੀ ਕਰੇਗਾ ਜਿਸਦਾ ਉਸ ਨੇ ਇਕਰਾਰ ਕੀਤਾ।
20 ਯਹੋਵਾਹ ਨੇ ਮੈਨੂੰ ਉਨ੍ਹਾਂ ਲੋਕਾਂ ਨੂੰ ਅਸੀਸ ਦੇਣ ਲਈ ਆਖਿਆ ਸੀ,
    ਯਹੋਵਾਹ ਨੇ ਉਨ੍ਹਾਂ ਨੂੰ ਅਸੀਸ ਦਿਤੀ, ਇਸ ਵਾਸਤੇ ਮੈਂ ਇਸ ਨੂੰ ਨਹੀਂ ਬਦਲ ਸੱਕਦਾ।
21 ਪਰਮੇਸ਼ੁਰ, ਨੂੰ ਯਾਕੂਬ ਦੇ ਲੋਕਾਂ ਅੰਦਰ ਕੁਝ ਵੀ ਗਲਤ ਨਹੀਂ ਦਿਸਿਆ।
    ਪਰਮੇਸ਼ੁਰ ਨੂੰ, ਇਸਰਾਏਲ ਦੇ ਲੋਕਾਂ ਵਿੱਚ ਕੋਈ ਪਾਪ ਨਹੀਂ ਦਿਸਿਆ।
ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹੈ
    ਅਤੇ ਉਹ ਉਨ੍ਹਾਂ ਦੇ ਨਾਲ ਹੈ।
    ਉਹ ਉਸ ਨੂੰ ਆਪਣਾ ਰਾਜਾ ਹੋਣ ਦਾ ਐਲਾਨ ਕਰਦੇ ਹਨ!
22 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਇਆ।
    ਉਹ ਜੰਗਲੀ ਝੋਟੇ ਵਰਗੇ ਤਾਕਤਵਰ ਹਨ।
23 ਯਾਕੂਬ ਦੇ ਲੋਕਾਂ ਦੇ ਖਿਲਾਫ਼ ਕੋਈ ਜਾਦੂਗਰੀ ਨਹੀਂ ਹੈ।
    ਅਜਿਹਾ ਕੋਈ ਜਾਦੂ ਨਹੀਂ ਜੋ ਇਸਰਾਏਲ ਦੇ ਲੋਕਾਂ ਨੂੰ ਰੋਕ ਸੱਕੇ।
ਸਹੀ ਸਮੇਂ ਤੇ, ਲੋਕ ਯਕੂਬ ਦੇ ਆਦਮੀਆਂ ਅਤੇ ਇਸਰਾਏਲ ਦੇ ਲੋਕਾਂ ਲਈ ਇਹੀ ਆਖਣਗੇ।
    ‘ਉਨ੍ਹਾਂ ਮਹਾਨ ਕਰਿਸ਼ਮਿਆਂ ਵੱਲ ਦੇਖੋ, ਜੋ ਪਰਮੇਸ਼ੁਰ ਨੇ ਕੀਤੇ ਹਨ!’
24 ਲੋਕ ਸ਼ੇਰ ਵਾਂਗ ਮਜ਼ਬੂਤ ਨੇ।
    ਉਹ ਸ਼ੇਰ ਆਰਾਮ ਨਹੀਂ ਕਰੇਗਾ ਜਦੋਂ ਤੱਕ ਉਹ
ਆਪਣੇ ਦੁਸ਼ਮਣ ਨੂੰ ਖਾ ਨਹੀਂ ਲੈਂਦਾ।
    ਅਤੇ ਜਦੋਂ ਤੱਕ ਉਹ ਆਪਣੇ ਸ਼ਿਕਾਰ ਦਾ ਖੂਨ ਨਹੀਂ ਪੀ ਲੈਂਦਾ।”

25 ਫ਼ੇਰ ਬਾਲਾਕ ਨੇ ਬਿਲਆਮ ਨੂੰ ਆਖਿਆ, “ਉਨ੍ਹਾਂ ਨੂੰ ਨਾ ਸਰਾਪੀ ਅਤੇ ਨਾ ਹੀ ਉਨ੍ਹਾ ਨੂੰ ਅਸੀਸ ਦੇਵੀ।”

26 ਬਿਲਆਮ ਨੇ ਜਵਾਬ ਦਿੱਤਾ, “ਮੈਂ ਤੈਨੂੰ ਪਹਿਲਾਂ ਹੀ ਦੱਸਿਆ ਸੀ ਕਿ ਮੈਂ ਤਾਂ ਸਿਰਫ਼ ਉਹੀ ਗੱਲਾਂ ਆਖ ਸੱਕਦਾ ਹਾਂ ਜਿਹੜੀਆਂ ਯਹੋਵਾਹ ਮੇਰੇ ਕੋਲੋਂ ਅਖਵਾਉਂਦਾ ਹੈ।”

27 ਫ਼ੇਰ ਬਾਲਾਕ ਨੇ ਬਿਲਆਮ ਨੂੰ ਆਖਿਆ, “ਤਾਂ ਮੇਰੇ ਨਾਲ ਕਿਸੇ ਹੋਰ ਥਾਂ ਆ। ਸ਼ਾਇਦ ਪਰਮੇਸ਼ੁਰ ਪ੍ਰਸੰਨ ਹੋ ਜਾਵੇ ਅਤੇ ਤੇਰੇ ਕੋਲੋਂ ਉਨ੍ਹਾਂ ਨੂੰ ਉਸ ਥਾਂ ਤੋਂ ਸਰਾਪ ਦੇ ਦੇਵੇ।” 28 ਇਸ ਲਈ ਬਾਲਾਕ ਬਿਲਆਮ ਨੂੰ ਪਓਰ ਪਰਬਤ ਦੀ ਚੋਟੀ ਉੱਤੇ ਲੈ ਗਿਆ। ਇਸ ਪਰਬਤ ਦਾ ਰੁੱਖ ਮਾਰੂਥਲ ਵੱਲ ਹੈ।

29 ਬਿਲਆਮ ਨੇ ਆਖਿਆ, “ਇੱਥੇ ਸੱਤ ਜਗਵੇਦੀਆਂ ਉਸਾਰ। ਫ਼ੇਰ ਸੱਤ ਵਹਿੜਕੇ ਅਤੇ ਸੱਤ ਭੇਡੂ ਤਿਆਰ ਕਰਵਾ।” 30 ਬਾਲਾਕ ਨੇ ਉਹੀ ਕੀਤਾ ਜੋ ਬਿਲਆਮ ਨੇ ਆਖਿਆ ਸੀ। ਬਾਲਾਕ ਨੇ ਇੱਕ ਬਲਦ ਅਤੇ ਇੱਕ ਭੇਡੂ ਹਰੇਕ ਜਗਵੇਦੀ ਉੱਤੇ ਬਲੀ ਚੜ੍ਹਾਇਆ।

ਬਿਲਆਮ ਦਾ ਤੀਸਰਾ ਸੰਦੇਸ਼

24 ਬਿਲਆਮ ਨੇ ਦੇਖਿਆ ਕਿ ਯਹੋਵਾਹ ਇਸਰਾਏਲ ਨੂੰ ਅਸੀਸ ਦੇਣਾ ਚਾਹੁੰਦਾ ਸੀ। ਇਸ ਲਈ ਬਿਲਆਮ ਨੇ ਇਸ ਨੂੰ ਕਿਸੇ ਵੀ ਤਰ੍ਹਾਂ ਕਾਲੇ ਇਲਮ ਰਾਹੀ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਬਿਲਆਮ ਨੇ ਆਪਣਾ ਮੂੰਹ ਮੋੜਕੇ ਮਾਰੂਥਲ ਵੱਲ ਦੇਖਿਆ। ਬਿਲਆਮ ਨੇ ਮਾਰੂਥਲ ਵੱਲ ਤੱਕਿਆ ਅਤੇ ਇਸਰਾਏਲ ਦੇ ਲੋਕਾਂ ਨੂੰ ਵੇਖਿਆ। ਉਨ੍ਹਾਂ ਨੇ ਆਪਣੇ ਪਰਿਵਾਰ-ਸਮੂਹ ਨਾਲ ਵੱਖ-ਵੱਖ ਥਾਵਾਂ ਤੇ ਡੇਰਾ ਲਾਇਆ ਹੋਇਆ ਸੀ। ਫ਼ੇਰ ਪਰਮੇਸ਼ੁਰ ਦਾ ਆਤਮਾ ਬਿਲਆਮ ਕੋਲ ਆਇਆ। ਬਿਲਆਮ ਨੇ ਇਹ ਸ਼ਬਦ ਆਖੇ:

“ਇਹ ਸੰਦੇਸ਼ ਬਓਰ ਦੇ ਪੁੱਤਰ ਬਿਲਆਮ ਵੱਲੋ ਹੈ।
    ਮੈਂ ਉਨ੍ਹਾਂ ਗੱਲਾਂ ਬਾਰੇ ਦੱਸ ਰਿਹਾ ਹਾਂ ਜੋ ਮੈਂ ਸਾਫ਼ ਤੌਰ ਤੇ ਦੇਖੀਆਂ ਹਨ।
ਮੈਂ ਪਰਮੇਸ਼ੁਰ ਕੋਲੋਂ ਇਹ ਸੰਦੇਸ਼ ਸੁਣਿਆ ਸੀ।
    ਮੈਂ ਉਹੀ ਦੇਖਿਆ ਜੋ ਪਰਮੇਸ਼ੁਰ ਸਰਬ-ਸ਼ਕਤੀਮਾਨ ਨੇ ਦਿਖਾਇਆ।
    ਮੈਂ ਨਿਮਰਤਾ ਨਾਲ ਆਖਦਾ ਹਾਂ, ਜੋ ਮੈਂ ਸਾਫ਼ ਤੌਰ ਤੇ ਦੇਖਿਆ।

“ਯਾਕੂਬ ਦੇ ਲੋਕੋ, ਤੁਹਾਡੇ ਤੰਬੂ ਸੁੰਦਰ ਨੇ।
    ਇਸਰਏਲ ਦੇ ਲੋਕੋ, ਤੁਹਾਡੇ ਘਰ ਸੁੰਦਰ ਨੇ।
ਤੁਸੀਂ ਉਨ੍ਹਾਂ ਬਾਗਾਂ ਵਰਗੇ
    ਹੋ ਜਿਹੜੇ ਨਹਿਰਾਂ ਨੇ ਸਿੰਜੇ ਨੇ।
ਤੁਸੀਂ ਉਨ੍ਹਾਂ ਬਾਗਾਂ ਵਰਗੇ
    ਹੋ ਜਿਹੜੇ ਨਦੀਆਂ ਕੰਢੇ ਉੱਗਦੇ ਨੇ।
ਤੁਸੀਂ ਉਨ੍ਹਾਂ ਸੁਗੰਧਿਤ ਝਾੜੀਆਂ ਵਰਗੇ
    ਹੋ ਜਿਹੜੀਆਂ ਯਹੋਵਾਹ ਨੇ ਬੀਜੀਆਂ ਨੇ।
ਤੁਸੀਂ ਉਨ੍ਹਾਂ ਸੁੰਦਰ ਰੁੱਖਾਂ ਵਰਗੇ
    ਹੋ ਜਿਹੜੇ ਪਾਣੀ ਕੰਢੇ ਉੱਗਦੇ ਨੇ।
ਤੁਹਾਨੂੰ ਹਮੇਸ਼ਾ ਹੀ ਕਾਫ਼ੀ ਪਾਣੀ ਮਿਲੇਗਾ,
    ਤੁਹਾਡੇ ਬੀਜ਼ਾਂ ਲਈ ਵੀ ਕਾਫ਼ੀ ਪਾਣੀ।
ਤੁਹਾਡਾ ਰਾਜਾ ਅਗਾਗ ਰਾਜੇ ਨਾਲੋਂ ਵੀ ਵੱਧੇਰੇ ਮਹਾਨ ਹੋਵੇਗਾ।
    ਤੁਹਾਡੀ ਸਲਤਨਤ ਬਹੁਤ ਮਹਾਨ ਹੋਵੇਗੀ।

“ਪਰਮੇਸ਼ੁਰ ਨੇ ਇਨ੍ਹਾਂ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਂਦਾ।
    ਉਹ ਜੰਗਲੀ ਝੋਟੇ ਵਾਂਗ ਮਜ਼ਬੂਤ ਹਨ ਅਤੇ ਉਹ ਆਪਣੇ ਸਾਰੇ ਦੁਸ਼ਮਣਾ ਨੂੰ ਹਰਾ ਦੇਣਗੇ।
ਉਹ ਉਨ੍ਹਾਂ ਦੀਆਂ ਹੱਡੀਆਂ ਤੋੜ ਦੇਣਗੇ ਅਤੇ ਉਨ੍ਹਾਂ ਨੂੰ,
    ਉਨ੍ਹਾਂ ਦੇ ਤੀਰਾਂ ਨਾਲ ਕੁਚਲ ਦੇਣਗੇ।
ਇਸਰਾਏਲ ਨਿਮ੍ਰ
    ਅਤੇ ਲੰਮੇ ਪਏ ਹੋਏ ਸ਼ੇਰ ਵਾਂਗ ਹੈ।
ਹਾਂ ਉਹ ਇੱਕ ਜਵਾਨ ਸ਼ੇਰ ਵਰਗੇ ਹਨ
    ਅਤੇ ਕੋਈ ਵੀ ਉਨ੍ਹਾਂ ਨੂੰ ਜਗਾਉਣਾ ਨਹੀਂ ਚਾਹੁੰਦਾ।
ਉਨ੍ਹਾਂ ਨੂੰ ਅਸੀਸ ਮਿਲੇ ਜੋ ਉਨ੍ਹਾਂ ਨੂੰ ਅਸੀਸ ਦੇਣ
    ਅਤੇ ਉਹ ਸਰਾਪੇ ਜਾਣ ਜੋ ਉਨ੍ਹਾਂ ਨੂੰ ਸਰਾਪਣ।”

10 ਬਾਲਾਕ ਬਿਲਆਮ ਉੱਤੇ ਬਹੁਤ ਕਰੋਧਵਾਨ ਹੋ ਗਿਆ ਅਤੇ ਉਸ ਨੇ ਆਪਣੇ ਹੱਥ ਇਕੱਠੇ ਵਜਾਕੇ ਉਸ ਨੂੰ ਆਖਿਆ, “ਮੈਂ ਤੈਨੂੰ ਆਪਣੇ ਦੁਸ਼ਮਣਾ ਨੂੰ ਸਰਾਪਣ ਲਈ ਬੁਲਾਇਆ ਸੀ ਪਰ ਤੂੰ ਉਨ੍ਹਾਂ ਨੂੰ ਤਿੰਨ ਵਾਰੀ ਅਸੀਸ ਦੇ ਦਿੱਤੀ। 11 ਹੁਣ ਇੱਥੋਂ ਚੱਲਾ ਜਾ ਅਤੇ ਘਰ ਪਰਤ ਜਾ। ਮੈਂ ਤੈਨੂੰ ਆਖਿਆ ਸੀ ਕਿ ਮੈਂ ਤੈਨੂੰ ਬਹੁਤ ਚੰਗਾ ਇਨਾਮ ਦਿਆਂਗਾ। ਪਰ ਯਹੋਵਾਹ ਨੇ ਤੇਰੇ ਕੋਲੋਂ ਤੇਰਾ ਇਨਾਮ ਖੋਹ ਲਿਆ ਹੈ।”

12 ਬਿਲਆਮ ਨੇ ਬਾਲਾਕ ਨੂੰ ਆਖਿਆ, “ਕੀ ਮੈਂ, ਮੇਰੇ ਕੋਲ ਭੇਜੇ ਤੇਰੇ ਸੰਦੇਸ਼ਵਾਹਕਾਂ ਨੂੰ ਨਹੀਂ ਆਖਿਆ ਸੀ, 13 ‘ਭਾਵੇਂ ਜੇ ਬਾਲਾਕ ਆਪਣਾ ਖੂਬਸੂਰਤ ਮਹਿਲ ਸੋਨੇ ਅਤੇ ਚਾਂਦੀ ਨਾਲ ਭਰਕੇ ਮੈਨੂੰ ਦੇਵੇ। ਮੈਂ ਖੁਦ ਕੁਝ ਵੀ ਚੰਗਾ ਜਾਂ ਮਾੜਾ ਨਹੀਂ ਕਰ ਸੱਕਦਾ ਅਤੇ ਯਹੋਵਾਹ ਦੇ ਹੁਕਮ ਦੇ ਖਿਲਾਫ਼ ਨਹੀਂ ਜਾ ਸੱਕਦਾ।’ ਮੈਨੂੰ ਉਹੀ ਆਖਣਾ ਪੈਂਦਾ ਹੈ ਜੋ ਯਹੋਵਾਹ ਆਖਦਾ ਹੈ। 14 ਹੁਣ ਮੈਂ ਆਪਣੇ ਲੋਕਾਂ ਕੋਲ ਵਾਪਸ ਜਾ ਰਿਹਾ ਹਾਂ। ਪਰ ਮੈਂ ਤੈਨੂੰ ਇਹ ਚਿਤਾਵਨੀ ਦਿੰਦਾ ਹਾਂ। ਮੈਂ ਤੈਨੂੰ ਦੱਸਾਂਗਾ ਕਿ ਆਉਣ ਵਾਲੇ ਸਮੇਂ ਵਿੱਚ ਇਸਰਾਏਲ ਦੇ ਇਹ ਲੋਕ ਤੇਰੇ ਨਾਲ ਅਤੇ ਤੇਰੇ ਲੋਕਾਂ ਨਾਲ ਕੀ ਕਰਨਗੇ।”

ਬਿਲਆਮ ਦਾ ਆਖਰੀ ਸੰਦੇਸ਼

15 ਫ਼ੇਰ ਬਿਲਆਮ ਨੇ ਇਹ ਗੱਲਾਂ ਆਖੀਆਂ:

“ਇਹ ਸੰਦੇਸ਼ ਬਓਰ ਦੇ ਪੁੱਤਰ, ਬਿਲਆਮ ਵੱਲੋਂ ਹੈ।
    ਮੈਂ ਆਖਦਾ ਹਾਂ, ਜੋ ਮੈਂ ਸਾਫ਼-ਸਾਫ਼ ਦੇਖਦਾ ਹਾਂ।
16 ਮੈਂ ਪਰਮੇਸ਼ੁਰ ਕੋਲੋਂ ਇਹ ਸੰਦੇਸ਼ ਸੁਣਿਆ।
    ਮੈਂ ਉਹੀ ਸਿੱਖਿਆ ਜੋ ਮੈਨੂੰ ਪਰਮੇਸ਼ੁਰ ਸਰਬ-ਉੱਚ ਨੇ ਸਿੱਖਾਇਆ।
ਮੈਂ ਦੇਖਿਆ, ਜੋ ਵੀ ਮੈਨੂੰ ਪਰਮੇਸ਼ੁਰ ਸਰਬ-ਸ਼ਕਤੀਮਾਨ ਨੇ ਦਿਖਾਇਆ।
    ਮੈਂ ਨਿਮਰ ਹੋਕੇ ਦੱਸਦਾ ਹਾਂ ਜੋ ਵੀ ਮੈਂ ਸਾਫ਼-ਸਾਫ਼ ਦੇਖਦਾ ਹਾਂ।

17 “ਮੈਂ ਯਹੋਵਾਹ ਨੂੰ ਆਉਂਦਿਆ ਦੇਖਦਾ ਹਾਂ, ਪਰ ਛੇਤੀ ਨਹੀ।
    ਯਾਕੂਬ ਦੇ ਪਰਿਵਾਰ ਵਿੱਚੋਂ ਇੱਕ ਤਾਰਾ ਆਵੇਗਾ।
ਇਸਰਾਏਲ ਦੇ ਲੋਕਾਂ ਵਿੱਚੋਂ ਇੱਕ ਨਵਾਂ ਹਾਕਮ ਆਵੇਗਾ।
    ਉਹ ਹਾਕਮ, ਮੋਆਬੀ ਲੋਕਾਂ ਦੇ ਸਿਰ ਭਂਨੇਗਾ।
ਉਹ ਹਾਕਮ, ਸੇਥ ਦੇ ਸਮੂਹ
    ਪੁੱਤਰਾਂ ਦੇ ਸਿਰ ਭੰਨ ਦੇਵੇਗਾ।
18 ਇਸਰਾਏਲ ਮਜ਼ਬੂਤ ਹੋ ਜਾਵੇਗਾ
    ਅਤੇ ਅਦੋਮ ਦੀ ਧਰਤੀ ਉੱਤੇ ਕਬਜ਼ਾ ਕਰ ਲਵੇਗਾ!
    ਉਹ ਸੇਈਰ, ਆਪਣੇ ਦੁਸ਼ਮਣ ਦੀ ਧਰਤੀ ਉੱਤੇ ਕਬਜ਼ਾ ਕਰ ਲੈਣਗੇ।

19 “ਯਾਕੂਬ ਦੇ ਪਰਿਵਾਰ ਵਿੱਚੋਂ ਇੱਕ ਨਵਾਂ ਹਾਕਮ ਆਵੇਗਾ, ਉਹ ਹਾਕਮ,
    ਉਸ ਸ਼ਹਿਰ ਵਿੱਚ ਜਿਉਂਦੇ ਬਚੇ ਲੋਕਾਂ ਨੂੰ ਤਬਾਹ ਕਰ ਦੇਵੇਗਾ।”

20 ਫ਼ੇਰ ਬਿਲਆਮ ਨੇ ਅਮਾਲੇਕੀ ਲੋਕਾਂ ਨੂੰ ਦੇਖਿਆ ਅਤੇ ਇਹ ਸ਼ਬਦ ਉਚਾਰੇ:

“ਅਮਾਲੇਕ ਸਮੂਹ ਕੌਮਾਂ ਨਾਲੋਂ ਤਾਕਤਵਰ ਹੈ।
    ਪਰ ਅਮਾਲੇਕ ਵੀ ਤਬਾਹ ਹੋ ਜਾਏਗਾ!”

21 ਫ਼ੇਰ ਬਿਲਆਮ ਨੇ ਕੇਨੀ ਲੋਕਾਂ ਵੱਲ ਦੇਖਿਆ ਅਤੇ ਇਹ ਸ਼ਬਦ ਉੱਚਾਰੇ:

“ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਡਾ ਦੇਸ਼ ਸੁਰੱਖਿਅਤ ਹੈ
    ਜਿਵੇਂ ਪੰਛੀ ਉੱਚੇ ਪਰਬਤ ਬਣਾਏ ਆਲ੍ਹਣੇ ਅੰਦਰ ਬੈਠਾ ਹੋਵੇ।
22 ਪਰ ਤੁਸੀਂ ਕੇਨੀ ਲੋਕ ਤਬਾਹ ਕੀਤੇ ਜਾਵੋਂਗੇ
    ਜਦੋਂ ਅੱਸ਼ੂਰ ਤੁਹਾਨੂੰ ਕੈਦੀ ਬਣਾਕੇ ਲੈ ਜਾਵੇਗਾ।”

23 ਫ਼ੇਰ ਬਿਲਆਮ ਨੇ ਇਹ ਸ਼ਬਦ ਆਖੇ:

“ਹਾਏ! ਕੌਣ ਜਿਉਂ ਸੱਕਦਾ ਹੈ ਜਦੋਂ ਪਰਮੇਸ਼ੁਰ ਅਜਿਹਾ ਕਰੇ?
24     ਆਉਣਗੇ ਜਹਾਜ਼ ਕਿਬਰਸ ਵਲੋ,
ਹਰਾ ਦੇਣਗੇ ਉਹ ਅਸੀਂਰੀਆ ਅਤੇ ਏਬਰ ਨੂੰ
    ਪਰ ਤਬਾਹ ਹੋ ਜਾਵੇਗਾ ਉਹ ਜਹਾਜ਼ ਵੀ।”

25 ਫ਼ੇਰ ਬਿਲਆਮ ਉੱਠ ਖਲੋਇਆ ਅਤੇ ਵਾਪਸ ਘਰ ਨੂੰ ਮੁੜ ਪਿਆ। ਬਾਲਾਕ ਵੀ ਆਪਣੇ ਰਾਹ ਚੱਲਿਆ ਗਿਆ।

ਪਓਰ ਵਿਖੇ ਇਸਰਾਏਲ

25 ਇਸਰਾਏਲ ਦੇ ਲੋਕਾਂ ਨੇ ਅਕੇਸੀਆ ਦੇ ਲਾਗੇ ਡੇਰਾ ਲਾਇਆ ਹੋਇਆ ਸੀ। ਉਸ ਸਮੇਂ, ਆਦਮੀਆਂ ਨੇ ਮੋਆਬੀ ਔਰਤਾਂ ਨਾਲ ਜਿਸਨੀ ਪਾਪ ਕਰਨੇ ਸ਼ੁਰੂ ਕਰ ਦਿੱਤੇ। 2-3 ਮੋਆਬੀ ਔਰਤਾਂ ਨੇ ਆਦਮੀਆ ਨੂੰ ਆਪਣੇ ਦੇਵਤਿਆ ਅੱਗੇ ਬਲੀਆਂ ਚੜ੍ਹਾਉਣ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ। ਇਸਰਾਏਲੀਆਂ ਨੇ ਉਨ੍ਹਾ ਦੇਵਤਿਆਂ ਦੀ ਉਪਾਸਨਾ ਕੀਤੀ ਅਤੇ ਬਲੀਆ ਦਾ ਭੋਜਨ ਖਾਧਾ। ਉਹ ਦੇਵਤੇ ਪਓਰ ਬਆਲ ਦੀ ਉਪਾਸਨਾ ਕਰਨ ਲੱਗ ਪਏ। ਇਸ ਲਈ ਯਹੋਵਾਹ ਉਨ੍ਹਾਂ ਦੇ ਨਾਲ ਬਹੁਤ ਗੁੱਸੇ ਹੋ ਗਿਆ।

ਯਹੋਵਾਹ ਨੇ ਮੂਸਾ ਨੂੰ ਆਖਿਆ, “ਇਨ੍ਹਾਂ ਸਾਰੇ ਲੋਕਾਂ ਨੂੰ ਆਪਣੇ ਨਾਲ ਲੈ। ਫ਼ੇਰ ਉਨ੍ਹਾਂ ਨੂੰ ਧੁੱਪੇ ਯਹੋਵਾਹ ਦੇ ਸਾਹਮਣੇ ਫ਼ਾਂਸੀ ਦੇ ਦੇਵੀ ਤਾਂ ਜੋ ਹਰ ਕੋਈ ਵੇਖ ਸੱਕੇ। ਫ਼ੇਰ ਯਹੋਵਾਹ ਇਸਰਾਏਲ ਦੇ ਸਮੂਹ ਲੋਕਾਂ ਨੂੰ ਆਪਣਾ ਗੁੱਸਾ ਨਹੀਂ ਦਰਸਾਵੇਗਾ।”

ਇਸ ਲਈ ਮੂਸਾ ਨੇ ਇਸਰਾਏਲ ਦੇ ਨਿਆਂਕਾਰਾ ਨੂੰ ਆਖਿਆ, “ਤੁਹਾਡੇ ਵਿੱਚੋਂ ਹਰੇਕ ਨੂੰ ਆਪੋ-ਆਪਣੇ ਪਰਿਵਾਰ-ਸਮੂਹ ਵਿੱਚੋਂ ਅਜਿਹੇ ਬੰਦਿਆ ਦੀ ਤਲਾਸ਼ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਲੋਕਾਂ ਨੂੰ ਝੂਠੇ ਦੇਵਤੇ ਪਓਰ ਦੇ ਬਆਲ ਦੀ ਉਪਾਸਨਾ ਕਰਨ ਵਿੱਚ ਅਗਵਾਈ ਕੀਤੀ। ਫ਼ੇਰ ਤੁਹਾਨੂੰ ਉਨ੍ਹਾਂ ਸਮੂਹ ਆਦਮੀਆ ਨੂੰ ਮਾਰ ਦੇਣਾ ਚਾਹੀਦਾ ਹੈ।”

ਉਸ ਸਮੇਂ, ਮੂਸਾ ਅਤੇ ਇਸਰਾਏਲ ਦੇ ਸਮੂਹ ਬਜ਼ੁਰਗ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਇਕੱਠੇ ਹੋਏ ਸਨ। ਇੱਕ ਇਸਰਾਏਲੀ ਆਦਮੀ ਕਿਸੇ ਮਿਦਯਾਨੀ ਔਰਤ ਨੂੰ ਆਪਣੇ ਭਰਾਵਾ ਲਈ ਘਰ ਲੈ ਆਇਆ। ਉਸ ਨੇ ਅਜਿਹਾ ਉਸ ਥਾਂ ਕੀਤਾ ਜਿੱਥੇ ਮੂਸਾ ਅਤੇ ਸਮੂਹ ਆਗੂ ਦੇਖ ਸੱਕਦੇ ਸਨ। ਮੂਸਾ ਅਤੇ ਸਾਰੇ ਆਗੂ ਬਹੁਤ ਉਦਾਸ ਹੋ ਗਏ। ਫ਼ੀਨਹਾਸ, ਅਲਆਜ਼ਾਰ ਦਾ ਪੁੱਤਰ ਅਤੇ ਜਾਜਕ ਹਾਰੂਨ ਦਾ ਪੋਤਰਾ ਸੀ। ਉਸ ਨੇ ਉਸ ਆਦਮੀ ਨੂੰ ਔਰਤ ਨੂੰ ਡੇਰੇ ਅੰਦਰ ਲਿਆਉਂਦਿਆ ਦੇਖ ਲਿਆ। ਇਸ ਲਈ ਉਹ ਲੋਕਾਂ ਵਿੱਚਕਾਰੋਂ ਉੱਠਿਆ ਅਤੇ ਆਪਣਾ ਬਰਛਾ ਲਿਆ। ਉਸ ਨੇ ਇਸਰਾਏਲੀ ਆਦਮੀ ਦਾ ਤੰਬੂ ਤੱਕ ਪਿੱਛਾ ਕੀਤਾ। ਫ਼ੇਰ ਉਸ ਨੇ ਬਰਛੇ ਨਾਲ ਇਸਰਾਏਲੀ ਆਦਮੀ ਅਤੇ ਮਿਦਯਾਨੀ ਔਰਤ ਨੂੰ ਉਸ ਦੇ ਤੰਬੂ ਅੰਦਰ ਮਾਰ ਦਿੱਤਾ। ਉਸ ਨੇ ਬਰਛਾ ਦੋਹਾਂ ਦੇ ਸਰੀਰਾਂ ਅੰਦਰ ਖੋਭ ਦਿੱਤਾ। ਉਸ ਸਮੇਂ ਇਸਰਾਏਲੀ ਲੋਕਾਂ ਅੰਦਰ ਮਹਾਮਾਰੀ ਫ਼ੈਲੀ ਹੋਈ ਸੀ। ਪਰ ਜਦੋਂ ਫ਼ੀਨਹਾਸ ਏ ਇਨ੍ਹਾਂ ਦੋਹਾਂ ਨੂੰ ਮਾਰ ਦਿੱਤਾ, ਬਿਮਾਰੀ ਖਤਮ ਹੋ ਗਈ। ਕੁੱਲ 24,000 ਬੰਦੇ ਇਸ ਮਹਾਮਾਰੀ ਨਾਲ ਮਾਰੇ ਗਏ ਸਨ।

10 ਯਹੋਵਾਹ ਨੇ ਮੂਸਾ ਨੂੰ ਆਖਿਆ, 11 “ਮੇਰੇ ਮਨ ਵਿੱਚ ਆਪਣੇ ਲੋਕਾਂ ਲਈ ਬਹੁਤ ਪਿਆਰ ਹੈ-ਮੈਂ ਚਾਹੁੰਦਾ ਹਾਂ ਕਿ ਉਹ ਸਿਰਫ਼ ਮੇਰੇ ਹੀ ਰਹਿਣ। ਅਲਆਜ਼ਾਰ ਦੇ ਪੁੱਤਰ ਫ਼ੀਨਹਾਸ, ਜਾਜਕ ਹਾਰੂਨ ਦੇ ਪੋਤਰੇ ਨੇ ਲੋਕਾਂ ਨੂੰ ਮੇਰੇ ਕਹਿਰ ਤੋਂ ਬਚਾ ਲਿਆ। ਉਸ ਨੇ ਅਜਿਹਾ ਮੇਰੇ ਲੋਕਾਂ ਵਾਸਤੇ ਇਨ੍ਹਾਂ ਭਾਵਾਂ ਦੇ ਪ੍ਰਗਟਾਵੇ ਰਾਹੀਂ ਕੀਤਾ। ਇਸ ਲਈ ਮੈਂ ਲੋਕਾਂ ਨੂੰ ਉਸ ਤਰ੍ਹਾਂ ਨਹੀਂ ਮਾਰਾਂਗਾ ਜਿਸ ਤਰ੍ਹਾਂ ਮੈਂ ਚਾਹੁੰਦਾ ਸੀ। 12 ਫ਼ੀਨਹਾਸ ਨੂੰ ਆਖ ਕਿ ਮੈਂ ਉਸ ਨੂੰ ਆਪਣੀ ਸ਼ਾਂਤੀ ਦੀ ਬਿਧੀ ਦੇ ਰਿਹਾ ਹਾਂ। 13 ਇਕਰਾਰਨਾਮਾ ਇਹ ਹੈ: ਉਹ ਅਤੇ ਉਸਤੋਂ ਬਾਦ, ਉਸਦਾ ਸਾਰਾ ਪਰਿਵਾਰ ਹਮੇਸ਼ਾ ਜਾਜਕ ਹੋਣਗੇ। ਕਿਉਂਕਿ ਉਸ ਦੇ ਦਿਲ ਵਿੱਚ ਆਪਣੇ ਪਰਮੇਸ਼ੁਰ ਲਈ ਡੂੰਘੀਆਂ ਭਾਵਨਾਵਾਂ ਸਨ। ਅਤੇ ਉਸ ਨੇ ਉਹ ਗੱਲਾਂ ਕੀਤੀਆਂ ਜਿਨ੍ਹਾਂ ਨੇ ਇਸਰਾਏਲ ਦੇ ਲੋਕਾਂ ਨੂੰ ਪਵਿੱਤਰ ਬਣਾਇਆ।”

14 ਉਸ ਇਸਰਾਏਲੀ ਆਦਮੀ ਦਾ ਨਾਮ, ਸਾਲੂ ਦਾ ਪੁੱਤਰ ਜ਼ਿਮਰੀ ਸੀ, ਜਿਹੜਾ ਮਿਦਯਾਨੀ ਔਰਤ ਨਾਲ ਮਾਰਿਆ ਗਿਆ ਸੀ। ਉਹ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਇੱਕ ਪਰਿਵਾਰ ਦਾ ਆਗੂ ਸੀ। 15 ਅਤੇ ਜਿਹੜੀ ਮਿਦਯਾਨੀ ਔਰਤ ਮਾਰੀ ਗਈ ਸੀ ਉਸਦਾ ਨਾਮ ਕਾਜ਼ਬੀ ਸੀ। ਉਹ ਸੂਰ ਦੀ ਧੀ ਸੀ। ਸੂਰ ਇੱਕ ਮਿਦਯਾਨੀ ਪਰਿਵਾਰ-ਸਮੂਹ ਦੇ ਇੱਕ ਪਰਿਵਾਰ ਦਾ ਆਗੂ ਅਤੇ ਮੁਖੀਆ ਸੀ।

16 ਯਹੋਵਾਹ ਨੇ ਮੂਸਾ ਨੂੰ ਆਖਿਆ, 17 “ਮਿਦਯਾਨੀ ਲੋਕ ਤੁਹਾਡੇ ਦੁਸ਼ਮਣ ਹਨ। ਤੁਹਾਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਮਾਰ ਦਿਉ। 18 ਉਨ੍ਹਾਂ ਨੇ ਪਹਿਲਾਂ ਹੀ ਤੁਹਾਨੂੰ ਆਪਣਾ ਦੁਸ਼ਮਣ ਬਣਾ ਲਿਆ ਹੈ। ਉਨ੍ਹਾਂ ਨੇ ਪਓਰ ਵਿਖੇ ਤੁਹਾਨੂੰ ਧੋਖਾ ਦਿੱਤਾ ਅਤੇ ਉਨ੍ਹਾਂ ਨੇ ਤੁਹਾਨੂੰ ਕਾਜ਼ਬੀ ਨਾਮ ਦੀ ਇੱਕ ਔਰਤ ਰਾਹੀਂ ਧੋਖਾ ਦਿੱਤਾ। ਉਹ ਇੱਕ ਮਿਦਯਾਨੀ ਆਗੂ ਦੀ ਧੀ ਸੀ। ਪਰ ਉਹ ਉਦੋਂ ਮਾਰੀ ਗਈ ਸੀ ਜਦੋਂ ਪਓਰ ਵਾਲੀ ਘਟਨਾ ਕਾਰਣ ਇਸਰਾਏਲੀ ਲੋਕਾਂ ਅੰਦਰ ਮਹਾਮਾਰੀ ਫ਼ੈਲੀ ਸੀ।”

Punjabi Bible: Easy-to-Read Version (ERV-PA)

2010 by World Bible Translation Center