Beginning
ਜਾਜਕਾਂ ਅਤੇ ਲੇਵੀਆਂ ਦਾ ਕਾਰਜ
18 ਯਹੋਵਾਹ ਨੇ ਹਾਰੂਨ ਨੂੰ ਆਖਿਆ, “ਤੂੰ, ਮੇਰੇ ਪੁੱਤਰ, ਅਤੇ ਤੇਰੇ ਪਿਤਾ ਦੇ ਪਰਿਵਾਰ ਦੇ ਸਮੂਹ ਦੇ ਬੰਦੇ, ਹੁਣ ਕਿਸੇ ਵੀ ਉਨ੍ਹਾਂ ਗਲਤ ਕਂਮਾ ਲਈ ਜ਼ਿੰਮੇਵਾਰ ਹੋ, ਜਿਹੜੇ ਪਵਿੱਤਰ ਸਥਾਨ ਦੇ ਵਿਰੁੱਧ ਕੀਤੇ ਜਾਂਦੇ ਹਨ। 2 ਆਪਣੇ ਪਰਿਵਾਰ-ਸਮੂਹ ਵਿੱਚੋਂ ਹੋਰਨਾ ਲੇਵੀਆਂ, ਆਪਣੇ ਭਰਾਵਾਂ ਨੂੰ ਵੀ ਆਪਣੇ ਨਾਲ ਸ਼ਾਮਿਲ ਕਰ ਲੈ। ਉਹ ਮੰਡਲੀ ਵਾਲੇ ਤੰਬੂ ਵਿੱਚ ਤੇਰੇ ਅਤੇ ਤੇਰੇ ਪੁੱਤਰਾਂ ਦੇ ਕੰਮ ਵਿੱਚ ਸਹਾਇਤਾ ਕਰਨਗੇ। 3 ਲੇਵੀ ਦੇ ਪਰਿਵਾਰ ਦੇ ਉਹ ਲੋਕ ਤੇਰੇ ਸਪੁਰਦ ਹਨ। ਉਹ ਤੰਬੂ ਵਿੱਚ ਕੀਤੇ ਜਾਣ ਵਾਲੇ ਸਮੂਹ ਕਂਮਾ ਨੂੰ ਕਰਨਗੇ। ਪਰ ਉਨ੍ਹਾਂ ਨੂੰ ਪਵਿੱਤਰ ਸਥਾਨ ਦੀਆਂ ਵਸਤਾਂ ਜਾਂ ਜਗਵੇਦੀ ਦੇ ਨੇੜੇ ਨਹੀਂ ਜਾਣਾ ਚਾਹੀਦਾ। ਜੇ ਉਹ ਜਾਣਗੇ ਤਾਂ ਮਾਰੇ ਜਾਣਗੇ-ਅਸੀਂ ਤੁਸੀਂ ਵੀ ਮਾਰੇ ਜਾਵਾਂਗੇ। 4 ਉਹ ਤੁਹਾਡੇ ਵਿੱਚ ਸ਼ਾਮਿਲ ਹੋਣਗੇ ਅਤੇ ਤੁਹਾਡੇ ਨਾਲ ਕੰਮ ਕਰਨਗੇ। ਉਹ ਮੰਡਲੀ ਵਾਲੇ ਤੰਬੂ ਦੀ ਸਾਂਭ-ਸੰਭਾਲ ਲਈ ਜ਼ਿੰਮੇਵਾਰ ਹੋਣਗੇ। ਜਿਹੜਾ ਵੀ ਕੰਮ ਤੰਬੂ ਵਿੱਚ ਕਰਨ ਵਾਲਾ ਹੋਵੇਗਾ ਉਹ ਉਨ੍ਹਾਂ ਰਾਹੀ ਹੀ ਕੀਤਾ ਜਾਵੇਗਾ। ਹੋਰ ਕੋਈ ਵੀ ਉੱਥੇ ਨਾ ਆਵੇ ਜਿੱਥੇ ਤੁਸੀਂ ਹੋ।
5 “ਤੁਸੀਂ ਪਵਿੱਤਰ ਸਥਾਨ ਅਤੇ ਜਗਵੇਦੀ ਦੀ ਸੇਵਾ ਸੰਭਾਲ ਲਈ ਜ਼ਿੰਮੇਵਾਰ ਹੋ। ਮੈਂ ਇਸਰਾਏਲ ਦੇ ਲੋਕਾਂ ਨਾਲ ਫ਼ੇਰ ਕਰੋਧਵਾਨ ਨਹੀਂ ਹੋਣਾ ਚਾਹੁੰਦਾ। 6 ਮੈਂ ਖੁਦ ਲੇਵੀਆਂ ਨੂੰ ਇਸਰਾਏਲੀਆਂ ਦਰਮਿਆਨੋ ਚੁਣਿਆ ਸੀ। ਮੈਂ ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਕਰਨ ਅਤੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਵਾਸਤੇ ਤੁਹਾਨੂੰ ਦਿੱਤਾ ਹੈ। 7 ਪਰ, ਹਾਰੂਨ ਸਿਰਫ਼ ਤੂੰ ਅਤੇ ਤੇਰੇ ਪੁੱਤਰ ਹੀ ਜਾਜਕ ਵਜੋਂ ਸੇਵਾ ਕਰਨ। ਸਿਰਫ਼ ਤੁਸੀਂ ਹੀ ਹੋ ਜਿਹੜੇ ਜਗਵੇਦੀ ਦੇ ਨੇੜੇ ਜਾ ਸੱਕਦੇ ਹੋ। ਸਿਰਫ਼ ਤੁਸੀਂ ਹੀ ਹੋ ਜਿਹੜੇ ਪਰਦੇ ਅੰਦਰ ਅੱਤ ਪਾਵਨ ਸਥਾਨ ਵਿੱਚ ਜਾ ਸੱਕਦੇ ਹੋ। ਮੈਂ ਤੁਹਾਨੂੰ ਇੱਕ ਸੁਗਾਤ ਦੇ ਰਿਹਾ ਹਾਂ-ਤੁਹਾਡੀ ਜਾਜਕ ਵਜੋਂ ਸੇਵਾ ਨੂੰ। ਹੋਰ ਕੋਈ ਵੀ ਜਿਹੜਾ ਮੇਰੇ ਪਵਿੱਤਰ ਸਥਾਨ ਦੇ ਨੇੜੇ ਆਵੇਗਾ, ਅਵੱਸ਼ ਮਾਰਿਆ ਜਾਏਗਾ।”
8 ਫ਼ੇਰ ਯਹੋਵਾਹ ਨੇ ਹਾਰੂਨ ਨੂੰ ਆਖਿਆ, “ਮੈਂ ਖੁਦ ਉਨ੍ਹਾਂ ਖਾਸ ਸੁਗਾਤਾਂ ਦੀ ਜ਼ਿੰਮੇਵਾਰੀ ਤੈਨੂੰ ਦਿੱਤੀ ਸੀ ਜਿਹੜੀਆਂ ਲੋਕ ਮੈਨੂੰ ਦਿੰਦੇ ਹਨ। ਉਹ ਸਾਰੀਆਂ ਪਵਿੱਤਰ ਸੁਗਾਤਾ ਜਿਹੜੀਆਂ ਇਸਰਾਏਲ ਦੇ ਲੋਕ ਮੈਨੂੰ ਦਿੰਦੇ ਹਨ, ਮੈਂ ਤੈਨੂੰ ਦਿੰਦਾ ਹਾਂ। ਤੂੰ ਅਤੇ ਤੇਰੇ ਪੁੱਤਰ ਇਨ੍ਹਾਂ ਸੁਗਾਤਾਂ ਵਿੱਚੋਂ ਹਿੱਸਾ ਲੈ ਸੱਕਦੇ ਹੋ। ਉਹ ਹਮੇਸ਼ਾ ਤੁਹਾਡੀਆਂ ਹੀ ਰਹਿਣਗੀਆਂ। 9 ਲੋਕੀ ਬਲੀਆਂ, ਅਨਾਜ ਦੀਆਂ ਭੇਟਾ, ਪਾਪ ਦੀਆਂ ਭੇਟਾ ਅਤੇ ਦੋਸ਼ ਦੀਆਂ ਭੇਟਾ ਲੈ ਕੇ ਆਉਣਗੇ। ਇਹ ਭੇਟਾ ਅੱਤ ਪਵਿੱਤਰ ਹਨ। ਇਨ੍ਹਾਂ ਸਾਰੀਆਂ ਪਵਿੱਤਰ ਭੇਟਾ ਵਿੱਚੋਂ ਤੁਹਾਡਾ ਹਿੱਸਾ ਅੱਗ ਵਿੱਚ ਨਾ ਪਾਏ ਹੋਏ ਹਿੱਸੇ ਹੋਣਗੇ। ਇਹ ਸਾਰੀਆਂ ਵਸਤਾਂ ਤੇਰੇ ਅਤੇ ਤੇਰੇ ਪੁੱਤਰਾਂ ਲਈ ਹੋਣਗੀਆਂ। 10 ਅੱਤ ਪਵਿੱਤਰ ਸਥਾਨ ਉੱਤੇ ਸਿਰਫ਼ ਉਹੀ ਚੀਜ਼ਾਂ ਛਕਣੀਆਂ। ਤੁਹਾਡੇ ਪਰਿਵਾਰ ਦਾ ਹਰ ਮਰਦ ਉਨ੍ਹਾਂ ਨੂੰ ਛਕੇਗਾ ਪਰ ਤੁਹਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਉਹ ਭੇਟਾ ਪਵਿੱਤਰ ਹਨ।
11 “ਅਤੇ ਉਸ ਸਾਰੀਆਂ ਸੁਗਾਤਾਂ ਜਿਹੜੀਆਂ ਇਸਰਾਏਲ ਦੇ ਲੋਕ, ਹਿਲਾਉਣ ਦੀ ਭੇਟ ਵਜੋਂ ਦਿੰਦੇ ਹਨ, ਉਹ ਵੀ ਤੁਹਾਡੀਆਂ ਹੋਣਗੀਆਂ। ਇਹ ਮੈਂ ਤੈਨੂੰ ਤੇਰੇ ਧੀਆਂ-ਪੁੱਤਰਾਂ ਨੂੰ ਦਿੰਦਾ ਹਾਂ। ਇਹ ਤੁਹਾਡਾ ਹਿੱਸਾ ਹੈ। ਤੁਹਾਡੇ ਪਰਿਵਾਰ ਦਾ ਹਰ ਉਹ ਜੀਅ ਜਿਹੜਾ ਸਾਫ਼-ਸੁਥਰਾ ਹੈ, ਇਸ ਨੂੰ ਖਾ ਸੱਕੇਗਾ।
12 “ਅਤੇ ਮੈਂ ਤੁਹਾਨੂੰ ਸਭ ਤੋਂ ਉੱਤਮ ਜੈਤੂਨ ਦਾ ਤੇਲ ਅਤੇ ਸਭ ਤੋਂ ਚੰਗੀ ਨਵੀਂ ਮੈਅ ਅਤੇ ਅਨਾਜ ਤੁਹਾਨੂੰ ਦਿੰਦਾ ਹਾਂ। ਇਹ ਉਹ ਚੀਜ਼ਾਂ ਹਨ ਜਿਹੜੀਆਂ ਇਸਰਾਏਲ ਲੋਕ ਮੈਨੂੰ, ਯਹੋਵਾਹ ਨੂੰ ਦਿੰਦੇ ਹਨ। ਇਹ ਉਨ੍ਹਾਂ ਦੀ ਫ਼ਸਲ ਦੀਆਂ ਸਭ ਤੋਂ ਪਹਿਲੀਆਂ ਚੀਜ਼ਾਂ ਹਨ। 13 ਜਦੋਂ ਵੀ ਲੋਕ ਆਪਣੀ ਫ਼ਸਲ ਵਢਦੇ ਹਨ, ਉਹ ਪਹਿਲੀਆਂ ਚੀਜ਼ਾਂ ਯਹੋਵਾਹ ਨੂੰ ਚੜ੍ਹਾਉਂਦੇ ਹਨ। ਇਸ ਲਈ ਇਹ ਚੀਜ਼ਾਂ ਮੈਂ ਤੁਹਾਨੂੰ ਦੇਵਾਂਗਾ। ਤੁਹਾਡੇ ਪਰਿਵਾਰ ਦਾ ਹਰ ਸਦੱਸ ਜਿਹੜਾ ਪਵਿੱਤਰ ਹੈ, ਇਸ ਨੂੰ ਖਾ ਸੱਕਦਾ ਹੈ।
14 “ਇਸਰਾਏਲ ਦੀ ਹਰ ਉਹ ਚੀਜ਼ ਜਿਹੜੀ ਯਹੋਵਾਹ ਨੂੰ ਚੜ੍ਹਾਈ ਜਾਵੇਗੀ ਉਹ ਤੁਹਾਡੀ ਹੋਵੇਗੀ।
15 “ਯਹੋਵਾਹ ਨੂੰ ਦਿੱਤਾ ਹੋਇਆ ਕਿਸੇ ਔਰਤ ਅਤੇ ਕਿਸੇ ਜਾਨਵਰ ਦਾ ਪਹਿਲੋਠਾ ਤੁਹਾਡਾ ਹੈ। ਜੇਕਰ ਪਹਿਲੋਠਾ ਪਸ਼ੂ ਨਾਪਾਕ ਹੈ, ਤਾਂ ਇਸ ਨੂੰ ਛੁਡਾਕੇ ਵਾਪਸ ਲਿਆ ਜਾਣਾ ਚਾਹੀਦਾ ਹੈ। ਜੇਕਰ ਪਹਿਲੋਠਾ ਮਨੁੱਖ ਦਾ ਬੱਚਾ ਹੈ, ਇਸ ਨੂੰ ਛੁਡਾਕੇ ਵਾਪਸ ਲਿਆ ਜਾਣਾ ਚਾਹੀਦਾ ਹੈ। 16 ਜਦੋਂ ਬੱਚਾ ਇੱਕ ਮਹੀਨੇ ਦਾ ਹੋਵੇ, ਉਨ੍ਹਾਂ ਨੂੰ ਮੁੱਲ ਜ਼ਰੂਰ ਤਾਰਨਾ ਚਾਹੀਦਾ ਹੈ। ਮੁੱਲ, ਦੋ ਔਂਸ ਚਾਂਦੀ ਹੋਵੇਗੀ ਅਤੇ ਇਹ ਤੁਹਾਡੇ ਦੁਆਰਾ ਸਰਕਾਰੀ ਨਾਪ ਅਨੁਸਾਰ ਤੋਂਲੀ ਜਾਣੀ ਚਾਹੀਦੀ ਹੈ। ਸਰਕਾਰੀ ਨਾਪ ਅਨੁਸਾਰ, ਇੱਕ ਸ਼ੈਕਲ 20 ਗੇਰਾਹ ਦਾ ਹੁੰਦਾ ਹੈ।
17 “ਪਰ ਤੁਹਾਨੂੰ ਪਲੋਠੀ ਦੀ ਗਊ, ਭੇਡ ਜਾਂ ਬੱਕਰੀ ਲਈ ਕੀਮਤ ਅਦਾ ਨਹੀਂ ਕਰਨੀ ਚਾਹੀਦੀ। ਇਹ ਜਾਨਵਰ ਪਵਿੱਤਰ ਹਨ। ਉਨ੍ਹਾਂ ਦਾ ਖੂਨ ਜਗਵੇਦੀ ਉੱਤੇ ਛਿੜਕੋ ਅਤੇ ਉਨ੍ਹਾਂ ਦੀ ਚਰਬੀ ਨੂੰ ਸਾੜੋ ਇਹ ਹੋਮ ਦੀ ਭੇਟ ਹੈ। ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ। 18 ਪਰ ਇਨ੍ਹਾਂ ਜਾਨਵਰਾ ਦਾ ਮਾਸ ਤੁਹਾਡਾ ਹੋਵੇਗਾ। ਅਤੇ ਹਿਲਾਉਣ ਦੇ ਭੇਟ ਦਾ ਸੀਨਾ ਤੁਹਾਡਾ ਹੋਵੇਗਾ। ਅਤੇ ਹੋਰਨਾ ਭੇਟਾ ਵਿੱਚੋਂ ਸੱਜਾ ਪੱਟ ਤੁਹਾਡਾ ਹੋਵੇਗਾ। 19 ਉਹ ਸਾਰੀਆਂ ਚੀਜ਼ਾਂ ਜਿਹੜੀਆਂ ਲੋਕ ਪਵਿੱਤਰ ਭੇਟਾ ਵਜੋਂ ਚੜ੍ਹਾਉਂਦੇ ਹਨ, ਮੈਂ, ਯਹੋਵਾਹ, ਉਹ ਤੁਹਾਨੂੰ, ਤੁਹਾਡੇ ਪੁੱਤਰਾਂ ਅਤੇ ਤੁਹਾਡੀਆਂ ਧੀਆਂ ਨੂੰ ਦਿੰਦਾ ਹਾਂ। ਇਹ ਤੁਹਾਡਾ ਹਿੱਸਾ ਹੈ। ਇਹ ਬਿਧੀ ਸਦਾ ਜਾਰੀ ਰਹੇਗੀ। ਇਹ ਯਹੋਵਾਹ ਨਾਲ ਕੀਤਾ ਹੋਇਆ ਇਕਰਾਰਨਾਮਾ ਹੈ ਜਿਹੜਾ ਤੋੜਿਆ ਨਹੀਂ ਜਾ ਸੱਕਦਾ। ਇਹ ਇਕਰਾਰ ਮੈਂ ਤੇਰੇ ਅਤੇ ਤੇਰੇ ਉੱਤਰਾਧਿਕਾਰੀਆਂ ਨਾਲ ਕਰਦਾ ਹਾਂ।”
20 ਯਹੋਵਾਹ ਨੇ ਹਾਰੂਨ ਨੂੰ ਇਹ ਵੀ ਆਖਿਆ, “ਤੁਹਾਨੂੰ ਕੋਈ ਜ਼ਮੀਨ ਨਹੀਂ ਮਿਲੇਗੀ। ਅਤੇ ਕੋਈ ਵੀ ਚੀਜ਼ ਜਿਹੜੀ ਲੋਕਾਂ ਦੀ ਮਲਕੀਅਤ ਹੈ ਉਹ ਤੁਹਾਡੀ ਮਲਕੀਅਤ ਨਹੀਂ ਹੋਵੇਗੀ। ਮੈਂ, ਯਹੋਵਾਹ, ਤੁਹਾਡਾ ਹੋਵਾਂਗਾ। ਇਸਰਾਏਲ ਦੇ ਲੋਕਾਂ ਨੂੰ ਉਹ ਜ਼ਮੀਨ ਮਿਲੇਗੀ ਜਿਸਦਾ ਮੈਂ ਇਕਰਾਰ ਕੀਤਾ ਹੈ। ਪਰ ਤੁਹਾਡੇ ਲਈ ਮੈਂ, ਖੁਦ ਹੀ ਇੱਕ ਸੁਗਾਤ ਹਾਂ।
21 “ਇਸਰਾਏਲ ਦੇ ਲੋਕ ਆਪਣੇ ਹਰੇਕ ਧਨ ਦਾ ਦਸਵੰਧ ਦੇਣਗੇ। ਇਸ ਲਈ ਉਹ ਦਸਵੰਧ ਮੈਂ ਲੇਵੀ ਦੇ ਸਮੂਹ ਉੱਤਰਾਧਿਕਾਰੀਆਂ ਨੂੰ ਦਿੰਦਾ ਹਾਂ। ਇਹ ਉਨ੍ਹਾਂ ਦੇ ਮੰਡਲੀ ਵਾਲੇ ਤੰਬੂ ਵਿੱਚ ਕੀਤੇ ਕੰਮ ਦੀ ਤਨਖਾਹ ਹੈ। 22 ਪਰ ਇਸਰਾਏਲ ਦੇ ਹੋਰਨਾਂ ਲੋਕਾਂ ਵਿੱਚੋਂ ਕਿਸੇ ਨੂੰ ਵੀ ਮੰਡਲੀ ਵਾਲੇ ਤੰਬੂ ਦੇ ਨੇੜੇ ਨਹੀਂ ਜਾਣਾ ਚਾਹੀਦਾ। ਜੇ ਉਹ ਜਾਣਗੇ, ਤਾਂ ਉਨ੍ਹਾਂ ਨੂੰ ਅਵੱਸ਼ ਹੀ ਮਾਰ ਦਿੱਤਾ ਜਾਵੇ! 23 ਉਹ ਲੇਵੀ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਦੇ ਹਨ, ਉਨ੍ਹਾਂ ਨੂੰ ਇਸਦੇ ਵਿਰੁੱਧ ਕੀਤੇ ਗਏ ਕਿਸੇ ਵੀ ਪਾਪ ਦੀ ਸਜ਼ਾ ਭੁਗਤਣੀ ਚਾਹੀਦੀ ਹੈ। ਇਹ ਉਹ ਬਿਧੀ ਹੈ ਜਿਹੜੀ ਹਮੇਸ਼ਾ ਲਈ ਜਾਰੀ ਰਹੇਗੀ। ਲੇਵੀਆਂ ਨੂੰ ਕੋਈ ਜ਼ਮੀਨ ਨਹੀਂ ਮਿਲੇਗੀ ਜਿਸਦਾ ਮੈਂ ਇਸਰਾਏਲ ਦੇ ਹੋਰਨਾਂ ਲੋਕਾਂ ਨਾਲ ਇਕਰਾਰ ਕੀਤਾ ਸੀ। 24 ਪਰ ਇਸਰਾਏਲ ਦੇ ਲੋਕ ਆਪਣੀ ਹਰ ਚੀਜ਼ ਵਿੱਚੋਂ ਦਸਵੰਧ ਕੱਢ ਕੇ ਮੈਨੂੰ ਦੇਣਗੇ। ਅਤੇ ਮੈਂ ਉਹ ਦਸਵੰਧ ਲੇਵੀਆਂ ਨੂੰ ਦੇ ਦੇਵਾਂਗਾ। ਇਹੀ ਕਾਰਣ ਹੈ ਕਿ ਮੈਂ ਲੇਵੀਆਂ ਬਾਰੇ ਇਹ ਸ਼ਬਦ ਆਖੇ ਹਨ: ਉਨ੍ਹਾਂ ਲੋਕਾਂ ਨੂੰ ਉਸ ਧਰਤੀ ਦਾ ਕੋਈ ਹਿੱਸਾ ਨਹੀਂ ਮਿਲੇਗਾ ਜਿਸਦਾ ਮੈਂ ਇਸਰਾਏਲ ਦੇ ਲੋਕਾਂ ਨਾਲ ਇਕਰਾਰ ਕੀਤਾ ਸੀ।”
25 ਯਹੋਵਾਹ ਨੇ ਮੂਸਾ ਨੂੰ ਆਖਿਆ, 26 “ਲੇਵੀ ਲੋਕਾਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਦੱਸ: ਇਸਰਾਏਲ ਦੇ ਲੋਕ ਆਪਣੀ ਹਰ ਚੀਜ਼ ਵਿੱਚੋਂ ਦਸਵੰਧ ਕੱਢ ਕੇ ਯਹੋਵਾਹ ਨੂੰ ਦੇਣਗੇ। ਉਹ ਦਸਵੰਧ ਲੇਵੀ ਲੋਕਾਂ ਦਾ ਹੋਵੇਗਾ। ਪਰ ਤੁਹਾਨੂੰ ਉਸਦਾ ਦਸਵਾ ਹਿੱਸਾ ਯਹੋਵਾਹ ਨੂੰ ਭੇਟ ਵਜੋਂ ਦੇਣਾ ਚਾਹੀਦਾ। 27 ਜਦੋਂ ਫ਼ਸਲਾਂ ਦੀ ਵਾਢੀ ਹੋਵੇਗੀ, ਤੁਹਾਨੂੰ ਪੀਸੇ ਹੋਏ ਦਾਣਿਆ ਤੋਂ ਅਨਾਜ ਅਤੇ ਕੋਲੂ ਤੋਂ ਨਵੀਂ ਮੈਅ ਵੀ ਮਿਲੇਗੀ। ਫ਼ੇਰ ਇਹ ਵੀ ਤੁਹਾਡੀ ਯਹੋਵਾਹ ਨੂੰ ਭੇਟ ਹੋਵੇਗੀ। 28 ਇਸ ਤਰ੍ਹਾਂ ਤੁਸੀਂ ਵੀ ਇਸਰਾਏਲ ਦੇ ਹੋਰਨਾਂ ਲੋਕਾਂ ਵਾਂਗ ਯਹੋਵਾਹ ਨੂੰ ਭੇਟ ਚੜ੍ਹਾਉਗੇ। ਤੁਸੀਂ ਇਸਰਾਏਲ ਦੇ ਲੋਕਾਂ ਵੱਲੋਂ ਯਹੋਵਾਹ ਨੂੰ ਦਿੱਤੇ ਦਸਵੰਧ ਨੂੰ ਪ੍ਰਾਪਤ ਕਰੋਂਗੇ। ਫ਼ੇਰ ਤੁਸੀਂ ਉਸਦਾ ਦਸਵਾਂ ਹਿੱਸਾ ਜਾਜਕ ਹਾਰੂਨ ਨੂੰ ਦੇਵੋਂਗੇ। 29 ਜਦੋਂ ਤੁਹਾਨੂੰ ਇਸਰਾਏਲ ਦੇ ਲੋਕ ਆਪਣੀ ਹਰ ਚੀਜ਼ ਵਿੱਚੋਂ ਦਸਵੰਧ ਕੱਢ ਕੇ ਦੇਣ, ਤਾਂ ਤੁਹਾਨੂੰ ਉਨ੍ਹਾਂ ਚੀਜ਼ਾਂ ਵਿੱਚੋਂ ਸਭ ਤੋਂ ਉੱਤਮ ਅਤੇ ਪਵਿੱਤਰ ਹਿੱਸੇ ਦੀ ਚੋਣ ਕਰਨੀ ਚਾਹੀਦੀ ਹੈ। ਇਹ ਉਹ ਦਸਵੰਧ ਹੈ ਜਿਹੜਾ ਤੁਸੀਂ ਯਹੋਵਾਹ ਨੂੰ ਦਿੰਦੇ ਹੋ।
30 “ਮੂਸਾ, ਲੇਵੀ ਲੋਕਾਂ ਨੂੰ ਆਖ; ਇਸਰਾਏਲ ਦੇ ਲੋਕ ਤੁਹਾਨੂੰ ਆਪਣੀ ਫ਼ਸਲ ਅਤੇ ਆਪਣੀ ਮੈਅ ਵਿੱਚੋਂ ਦਸਵੰਧ ਕੱਢ ਕੇ ਦੇਣਗੇ। ਫ਼ੇਰ ਤੁਸੀਂ ਉਸਦਾ ਸਭ ਤੋਂ ਚੰਗਾ ਹਿੱਸਾ ਯਹੋਵਾਹ ਨੂੰ ਦੇਵੋਂਗੇ। 31 ਬਾਕੀ ਜੋ ਵੀ ਬਚੇ ਤੁਸੀਂ ਅਤੇ ਤੁਹਾਡੇ ਪਰਿਵਾਰ ਖਾ ਸੱਕਦੇ ਹਨ। ਇਹ ਤੁਹਾਡੀ ਮੰਡਲੀ ਵਾਲੇ ਤੰਬੂ ਵਿੱਚ ਕੀਤੀ ਸੇਵਾ ਦਾ ਫ਼ਲ ਹੈ। 32 ਤੇ ਜੇ ਤੁਸੀਂ ਹਮੇਸ਼ਾ ਇਸਦਾ ਸਭ ਤੋਂ ਚੰਗਾ ਹਿੱਸਾ ਯਹੋਵਾਹ ਨੂੰ ਭੇਟ ਕਰੋਂਗੇ ਤਾਂ ਤੁਸੀਂ ਕਦੇ ਵੀ ਦੋਸ਼ੀ ਨਹੀਂ ਹੋ ਸੱਕਦੇ। ਤੁਸੀਂ ਹਮੇਸ਼ਾ ਚੇਤੇ ਰੱਖੋਂਗੇ ਕਿ ਇਹ ਸੁਗਾਤਾਂ ਇਸਰਾਏਲ ਦੇ ਲੋਕਾਂ ਵੱਲੋਂ ਪਵਿੱਤਰ ਭੇਟਾ ਹਨ। ਅਤੇ ਤੁਸੀਂ ਮਾਰੇ ਨਹੀਂ ਜਾਵੋਂਗੇ।”
ਲਾਲ ਗਊ ਦੀ ਰਾਖ
19 ਯਹੋਵਾਹ ਨੇ ਮੂਸਾ ਅਤੇ ਹਾਰੂਨ ਨਾਲ ਗੱਲ ਕੀਤੀ। ਉਸ ਨੇ ਆਖਿਆ, 2 “ਇਹ ਬਿਧੀ ਉਨ੍ਹਾਂ ਬਿਵਸਥਾਵਾਂ ਵਿੱਚੋਂ ਹਨ ਜਿਹੜੀਆਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਦਿੱਤੀਆਂ ਸਨ। ਇੱਕ ਲਾਲ ਰੰਗ ਦੀ ਗਊ ਲਵੋ ਜਿਹੜੀ ਦੋਸ਼ ਰਹਿਤ ਹੋਵੇ। ਉਸ ਗਊ ਦੇ ਕੋਈ ਝਰੀਟਾ ਨਹੀਂ ਹੋਣੀਆਂ ਚਾਹੀਦੀਆਂ। ਅਤੇ ਉਸ ਗਊ ਉੱਤੇ ਕਦੇ ਵੀ ਪੰਜਾਲੀ ਨਹੀਂ ਪਾਈ ਹੋਣੀ ਚਾਹੀਦੀ। 3 ਉਹ ਗਊ ਜਾਜਕ ਅਲਆਜ਼ਾਰ ਨੂੰ ਦੇ ਦੇਵੋ। ਅਲਆਜ਼ਾਰ ਉਸ ਗਊ ਨੂੰ ਡੇਰੇ ਤੋਂ ਬਾਹਰ ਲੈ ਜਾਵੇਗਾ ਅਤੇ ਉੱਥੇ ਉਸ ਨੂੰ ਜ਼ਿਬਾਹ ਕਰ ਦੇਵੇਗਾ। 4 ਫ਼ੇਰ ਅਲਆਜ਼ਾਰ, ਜਾਜਕ ਨੂੰ ਇਸਦਾ ਕੁਝ ਖੂਨ ਆਪਣੀ ਉਂਗਲੀ ਉੱਤੇ ਲਾਉਣਾ ਚਾਹੀਦਾ ਹੈ ਅਤੇ ਇਸ ਨੂੰ ਮੰਡਲੀ ਵਾਲੇ ਤੰਬੂ ਵੱਲ ਛਿੜਕਣਾ ਚਾਹੀਦਾ ਹੈ। ਉਸ ਨੂੰ ਇਹ ਸੱਤ ਵਾਰੀ ਕਰਨਾ ਚਾਹੀਦਾ ਹੈ। 5 ਫ਼ੇਰ ਉਸ ਪੂਰੀ ਦੀ ਪੂਰੀ ਗਊ ਨੂੰ ਉਸ ਦੇ ਸਾਹਮਣੇ ਸਾੜ ਦੇਣਾ ਚਾਹੀਦਾ ਹੈ। ਚਮੜੀ, ਮਾਸ, ਖੂਨ ਅਤੇ ਅੰਤੜੀਆਂ ਸਭ ਸੜ ਜਾਣੀਆਂ ਚਾਹੀਦੀਆਂ ਹਨ। 6 ਫ਼ੇਰ ਜਾਜਕ ਨੂੰ ਇੱਕ ਦਿਆਰ ਦੇ ਰੁੱਖ ਦੀ ਸੋਟੀ, ਇੱਕ ਜ਼ੂਫ਼ੇ ਦੀ ਟਹਿਣੀ ਅਤੇ ਕੁਝ ਲਾਲ ਧਾਗਾ ਲੈਣਾ ਚਾਹੀਦਾ ਹੈ। ਜਾਜਕ ਨੂੰ ਚਾਹੀਦਾ ਹੈ ਕਿ ਜਦੋਂ ਗਊ ਸੜ ਰਹੀ ਹੋਵੇ ਤਾਂ ਇਨ੍ਹਾਂ ਚੀਜ਼ਾਂ ਨੂੰ ਅੱਗ ਵਿੱਚ ਸੁੱਟ ਦੇਵੇ। 7 ਫ਼ੇਰ ਜਾਜਕ ਨੂੰ ਆਪਣੇ ਸ਼ਰੀਰ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ, ਆਪਣੇ ਵਸਤਰ ਧੋ ਲੈਣੇ ਚਾਹੀਦੇ ਹਨ, ਅਤੇ ਆਪਣੇ ਡੇਰੇ ਅੰਦਰ ਵਾਪਸ ਆ ਜਾਣਾ ਚਾਹੀਦਾ ਹੈ। ਉਹ ਸ਼ਾਮ ਤੱਕ ਨਾਪਾਕ ਰਹੇਗਾ। 8 ਜਿਹੜਾ ਬੰਦਾ ਉਸ ਗਊ ਨੂੰ ਸਾੜਦਾ ਹੈ ਉਸ ਨੂੰ ਵੀ ਪਾਣੀ ਨਾਲ ਇਸ਼ਨਾਨ ਕਰ ਲੈਣਾ ਚਾਹੀਦਾ ਹੈ ਅਤੇ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ। ਉਹ ਵੀ ਸ਼ਾਮ ਤੱਕ ਅਪਵਿੱਤਰ ਰਹੇਗਾ।
9 “ਫ਼ੇਰ ਉਹ ਆਦਮੀ ਜਿਹੜਾ ਪਵਿੱਤਰ ਹੈ, ਗਊ ਦੀ ਰਾਖ ਇਕੱਠੀ ਕਰੇਗਾ। ਉਹ ਇਸ ਰਾਖ ਨੂੰ ਡੇਰੇ ਤੋਂ ਬਾਹਰ ਕਿਸੇ ਸਾਫ਼ ਥਾਂ ਉੱਤੇ ਰੱਖ ਦੇਵੇਗਾ। ਇਸ ਰਾਖ ਦੀ ਵਰਤੋਂ ਉਦੋਂ ਕੀਤੀ ਜਾਵੇਗੀ ਜਦੋਂ ਲੋਕਾਂ ਨੂੰ ਪਵਿੱਤਰ ਹੋਣ ਲਈ ਖਾਸ ਰਸਮ ਕਰਨ ਦੀ ਲੋੜ ਪਵੇਗੀ। ਇਸ ਰਾਖ ਦੀ ਵਰਤੋਂ ਕਿਸੇ ਬੰਦੇ ਦੇ ਪਾਪ ਦੂਰ ਕਰਨ ਲਈ ਵੀ ਕੀਤੀ ਜਾਵੇਗੀ।
10 “ਜਿਸ ਬੰਦੇ ਨੇ ਗਊ ਦੀ ਰਾਖ ਇਕੱਠੀ ਕੀਤੀ ਸੀ ਉਸ ਨੂੰ ਆਪਣੇ ਕੱਪੜੇ ਜ਼ਰੂਰ ਧੋ ਲੈਣੇ ਚਾਹੀਦੇ ਹਨ। ਉਹ ਸ਼ਾਮ ਤੱਕ ਅਪਵਿੱਤਰ ਰਹੇਗਾ।
“ਇਹ ਬਿਧੀ ਹਮੇਸ਼ਾ ਜਾਰੀ ਰਹੇਗੀ ਇਹ ਬਿਧੀ ਇਸਰਾਏਲ ਦੇ ਨਾਗਰਿਕਾਂ ਲਈ ਹੈ। ਅਤੇ ਇਹ ਬਿਧੀ ਤੁਹਾਡੇ ਵਿੱਚਕਾਰ ਰਹਿਣ ਵਾਲੇ ਵਿਦੇਸ਼ੀਆਂ ਲਈ ਵੀ ਹੈ। 11 ਜੇ ਕੋਈ ਬੰਦਾ ਕਿਸੇ ਲਾਸ਼ ਨੂੰ ਛੂਹ ਲੈਂਦਾ ਹੈ ਤਾਂ ਉਹ ਸੱਤਾਂ ਦਿਨਾਂ ਤੱਕ ਅਪਵਿੱਤਰ ਰਹੇਗਾ। 12 ਉਸ ਨੂੰ ਖਾਸ ਪਾਣੀ ਨਾਲ ਤੀਜੇ ਦਿਨ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਫ਼ੇਰ ਸੱਤਵੇਂ ਦਿਨ ਵੀ। ਜੇ ਉਹ ਅਜਿਹਾ ਨਹੀਂ ਕਰਦਾ ਤਾਂ ਉਹ ਅਪਵਿੱਤਰ ਰਹੇਗਾ। 13 ਜੇ ਕੋਈ ਬੰਦਾ ਕਿਸੇ ਮੁਰਦਾ ਸ਼ਰੀਰ ਨੂੰ ਛੂਹ ਲੈਂਦਾ ਹੈ ਤਾਂ ਉਹ ਬੰਦਾ ਅਪਵਿੱਤਰ ਹੋ ਜਾਂਦਾ ਹੈ। ਜੇ ਉਹ ਬੰਦਾ ਅਪਵਿੱਤਰ ਬਣਿਆ ਰਹਿੰਦਾ ਹੈ ਅਤੇ ਫ਼ੇਰ ਪਵਿੱਤਰ ਤੰਬੂ ਵਿੱਚ ਚੱਲਿਆ ਜਾਂਦਾ ਹੈ ਤਾਂ ਪਵਿੱਤਰ ਤੰਬੂ ਵੀ ਅਪਵਿੱਤਰ ਹੋ ਜਾਂਦਾ ਹੈ। ਇਸ ਲਈ ਉਸ ਬੰਦੇ ਨੂੰ ਇਸਰਾਏਲ ਦੇ ਲੋਕਾਂ ਨਾਲੋਂ ਵੱਖ ਕਰ ਦੇਣਾ ਚਾਹੀਦਾ ਹੈ। ਜੇ ਕਿਸੇ ਅਪਵਿੱਤਰ ਬੰਦੇ ਉੱਤੇ ਖਾਸ ਜਲ ਨਹੀਂ ਛਿੜਕਿਆ ਜਾਂਦਾ ਤਾਂ ਉਹ ਬੰਦਾ ਅਪਵਿੱਤਰ ਹੀ ਰਹੇਗਾ।
14 “ਇਹ ਬਿਧੀ ਉਨ੍ਹਾਂ ਲੋਕਾਂ ਲਈ ਹੈ ਜਿਹੜੇ ਆਪਣੇ ਤੰਬੂਆਂ ਅੰਦਰ ਮਾਰੇ ਜਾਂਦੇ ਹਨ। ਜੇ ਕੋਈ ਬੰਦਾ ਆਪਣੇ ਤੰਬੂ ਅੰਦਰ ਮਰ ਜਾਂਦਾ ਹੈ, ਤਾਂ ਉਸ ਤੰਬੂ ਦਾ ਹਰ ਬੰਦਾ ਅਪਵਿੱਤਰ ਹੋ ਜਾਵੇਗਾ। ਉਹ ਸੱਤਾਂ ਦਿਨਾ ਤੱਕ ਅਪਵਿੱਤਰ ਰਹਿਣਗੇ। 15 ਅਤੇ ਹਰ ਢੱਕਣ ਰਹਿਤ ਭਾਂਡਾ ਅਪਵਿੱਤਰ ਹੋ ਜਾਵੇਗਾ। 16 ਜੇ ਕੋਈ ਬੰਦਾ ਮੁਰਦਾ ਸ਼ਰੀਰ ਨੂੰ ਛੂਹ ਲੈਂਦਾ ਹੈ ਤਾਂ ਉਹ ਬੰਦਾ ਸੱਤਾਂ ਦਿਨਾਂ ਤੱਕ ਅਪਵਿੱਤਰ ਰਹੇਗਾ। ਇਹ ਬਿਧੀ ਲਾਗੂ ਹੋਵੇਗੀ ਜੇ ਮੁਰਦਾ ਸ਼ਰੀਰ ਬਾਹਰ ਖੇਤ ਵਿੱਚ ਪਿਆ ਹੋਇਆ ਹੈ ਜਾਂ ਜੇ ਉਹ ਬੰਦਾ ਜੰਗ ਵਿੱਚ ਮਰਿਆ ਹੈ। ਇਹ ਵੀ ਕਿ ਜੇ ਕੋਈ ਕਿਸੇ ਮੁਰਦੇ ਦੀਆਂ ਹੱਡੀਆਂ ਨੂੰ ਹੱਥ ਲਾਉਂਦਾ ਹੈ ਤਾਂ ਉਹ ਬੰਦਾ ਅਪਵਿੱਤਰ ਹੋ ਜਾਂਦਾ ਹੈ।
17 “ਇਸ ਲਈ ਤੁਹਾਨੂੰ ਸੜੀ ਹੋਈ ਗਊ ਦੀ ਰਾਖ ਵਰਤਕੇ ਉਸ ਬੰਦੇ ਨੂੰ ਫ਼ੇਰ ਤੋਂ ਪਵਿੱਤਰ ਕਰਨਾ ਚਾਹੀਦਾ ਹੈ। ਕਿਸੇ ਮਰਤਬਾਨ ਵਿੱਚ ਰਾਖ ਪਾਕੇ ਉਸ ਉੱਤੇ ਤਾਜ਼ਾ ਪਾਣੀ ਛਿੜਕੋ। 18 ਕਿਸੇ ਪਵਿੱਤਰ ਬੰਦੇ ਨੂੰ ਜ਼ੂਫ਼ੇ ਦੀ ਟਹਿਣੀ ਪਾਣੀ ਵਿੱਚ ਡੁਬੋਣੀ ਚਾਹੀਦੀ ਹੈ। ਫ਼ੇਰ ਉਸ ਨੂੰ ਇਸ ਰਾਹੀਂ ਤੰਬੂ, ਪਲੇਟਾਂ ਅਤੇ ਉਨ੍ਹਾਂ ਬੰਦਿਆਂ ਉੱਤੇ ਪਾਣੀ ਛਿੜਕਣਾ ਚਾਹੀਦਾ ਹੈ ਜਿਹੜੇ ਤੰਬੂ ਵਿੱਚ ਸਨ। ਤੁਹਾਨੂੰ ਅਜਿਹਾ ਹਰ ਕਿਸੇ ਉਸ ਬੰਦੇ ਨਾਲ ਵੀ ਕਰਨਾ ਚਾਹੀਦਾ ਹੈ ਜਿਹੜਾ ਕਿਸੇ ਮੁਰਦਾ ਸ਼ਰੀਰ ਨੂੰ ਛੂਹ ਲੈਂਦਾ ਹੈ। ਤੁਹਾਨੂੰ ਅਜਿਹਾ ਉਸ ਬੰਦੇ ਨਾਲ ਵੀ ਕਰਨਾ ਚਾਹੀਦਾ ਹੈ ਜਿਹੜਾ ਕਿਸੇ ਜੰਗ ਵਿੱਚ ਮਰੇ ਹੋਏ ਬੰਦੇ ਨੂੰ ਛੂੰਹਦਾ ਹੈ ਅਤੇ ਉਸ ਨਾਲ ਵੀ, ਜਿਹੜਾ ਕਿਸੇ ਕਬਰ ਜਾਂ ਮੁਰਦਾ ਸ਼ਰੀਰ ਦੀਆਂ ਹੱਡੀਆਂ ਨੂੰ ਛੂੰਹਦਾ ਹੈ।
19 “ਫ਼ੇਰ ਕਿਸੇ ਪਵਿੱਤਰ ਬੰਦੇ ਨੂੰ ਇਹ ਪਾਣੀ, ਉਸ ਅਪਵਿੱਤਰ ਬੰਦੇ ਉੱਤੇ, ਤੀਸਰੇ ਦਿਨ ਅਤੇ ਫ਼ੇਰ ਸੱਤਵੇਂ ਦਿਨ ਜ਼ਰੂਰ ਛਿੜਕਨਾ ਚਾਹੀਦਾ ਹੈ। ਸੱਤਵੇਂ ਦਿਨ ਉਹ ਬੰਦਾ ਪਵਿੱਤਰ ਹੋ ਜਾਵੇਗਾ। ਉਸ ਨੂੰ ਆਪਣੇ ਵਸਤਰ ਪਾਣੀ ਨਾਲ ਧੋਣੇ ਚਾਹੀਦੇ ਹਨ। ਉਹ ਸ਼ਾਮ ਨੂੰ ਪਵਿੱਤਰ ਹੋ ਜਾਣਗੇ।
20 “ਜੇ ਕੋਈ ਬੰਦਾ ਅਪਵਿੱਤਰ ਹੋ ਜਾਂਦਾ ਹੈ ਅਤੇ ਪਵਿੱਤਰ ਨਹੀਂ ਕੀਤਾ ਜਾਂਦਾ, ਤਾਂ ਉਸ ਬੰਦੇ ਨੂੰ ਇਸਰਾਏਲ ਦੇ ਲੋਕਾਂ ਨਾਲੋਂ ਵੱਖ ਕਰ ਦੇਣਾ ਚਾਹੀਦਾ ਹੈ। ਉਸ ਬੰਦੇ ਉੱਤੇ ਖਾਸ ਜਲ ਨਹੀਂ ਛਿੜਕਿਆ ਗਿਆ ਸੀ। ਉਹ ਪਵਿੱਤਰ ਨਹੀਂ ਹੋਇਆ ਸੀ। ਇਸ ਲਈ ਹੋ ਸੱਕਦਾ ਹੈ ਕਿ ਉਹ ਪਵਿੱਤਰ ਤੰਬੂ ਨੂੰ ਹੀ ਅਪਵਿੱਤਰ ਕਰ ਦੇਵੇ। 21 ਇਹ ਬਿਧੀ ਤੁਹਾਡੇ ਲਈ ਸਦਾ ਵਾਸਤੇ ਹੋਵੇਗੀ। ਜੇ ਕਿਸੇ ਬੰਦੇ ਉੱਤੇ ਖਾਸ ਜਲ ਛਿੜਕਿਆ ਜਾਂਦਾ ਹੈ ਤਾਂ ਉਸ ਨੂੰ ਆਪਣੇ ਵਸਤਰ ਵੀ ਧੋ ਲੈਣੇ ਚਾਹੀਦੇ ਹਨ। ਜਿਹੜਾ ਵੀ ਕੋਈ ਬੰਦਾ ਖਾਸ ਜਲ ਨੂੰ ਛੂੰਹਦਾ ਹੈ ਉਹ ਸ਼ਾਮ ਤੱਕ ਅਪਵਿੱਤਰ ਰਹੇਗਾ। 22 ਜੇ ਕੋਈ ਅਪਵਿੱਤਰ ਬੰਦਾ ਕਿਸੇ ਪਵਿੱਤਰ ਬੰਦੇ ਨੂੰ ਛੂਹ ਲੈਂਦਾ ਹੈ ਤਾਂ ਉਹ ਦੂਸਰਾ ਬੰਦਾ ਵੀ ਅਪਵਿੱਤਰ ਹੋ ਜਾਂਦਾ ਹੈ। ਉਹ ਬੰਦਾ ਸ਼ਾਮ ਤੱਕ ਅਪਵਿੱਤਰ ਰਹੇਗਾ।”
ਮਿਰਯਮ ਦੀ ਮੌਤ
20 ਪਹਿਲੇ ਮਹੀਨੇ ਵਿੱਚ ਇਸਰਾਏਲ ਦੇ ਸਾਰੇ ਲੋਕ ਸੀਨਈ ਮਾਰੂਥਲ ਪਹੁੰਚ ਗਏ। ਉਹ ਕਾਦੇਸ਼ ਵਿੱਚ ਠਹਿਰੇ। ਮਿਰਯਮ ਮਰ ਗਈ ਅਤੇ ਉੱਥੇ ਦਫ਼ਨਾਈ ਗਈ।
ਮੂਸਾ ਇੱਕ ਗਲਤੀ ਕਰਦਾ ਹੈ
2 ਉਸ ਥਾਂ ਲੋਕਾਂ ਲਈ ਪੀਣ ਵਾਸਤੇ ਕਾਫ਼ੀ ਪਾਣੀ ਨਹੀਂ ਸੀ। ਇਸ ਲਈ ਲੋਕ ਇਕੱਠੇ ਹੋਕੇ ਮੂਸਾ ਅਤੇ ਹਾਰੂਨ ਕੋਲ ਸ਼ਿਕਾਇਤਾ ਲੈ ਕੇ ਆ ਗਏ। 3 ਲੋਕਾਂ ਨੇ ਮੂਸਾ ਨਾਲ ਝਗੜਾ ਕੀਤਾ। ਉਨ੍ਹਾਂ ਨੇ ਆਖਿਆ, “ਸ਼ਾਇਦ ਸਾਨੂੰ ਵੀ ਆਪਣੇ ਹੋਰਨਾ ਭਰਾਵਾਂ ਵਾਂਗ ਯਹੋਵਾਹ ਦੇ ਸਾਹਮਣੇ ਮਰ ਜਾਣਾ ਚਾਹੀਦਾ ਹੈ। 4 ਤੁਸੀਂ ਯਹੋਵਾਹ ਦੇ ਬੰਦਿਆਂ ਨੂੰ ਇਸ ਮਾਰੂਥਲ ਅੰਦਰ ਕਿਉਂ ਲੈ ਕੇ ਆਏ ਹੋ? ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਅਤੇ ਸਾਡੇ ਪਸ਼ੂ ਇੱਥੇ ਮਰ ਜਾਈਏ? 5 ਤੁਸੀਂ ਸਾਨੂੰ ਮਿਸਰ ਵਿੱਚੋਂ ਕਿਉਂ ਲੈ ਕੇ ਆਏ? ਤੁਸੀਂ ਸਾਨੂੰ ਇੱਥੇ ਭੈੜੀ ਥਾਂ ਉੱਤੇ ਕਿਉਂ ਲੈ ਕੇ ਆਏ। ਇੱਥੇ ਕੋਈ ਅਨਾਜ ਨਹੀਂ। ਇੱਥੇ ਕੋਈ ਅੰਜੀਰ ਨਹੀਂ ਅਤੇ ਨਾ ਕੋਈ ਅੰਗੂਰ ਜਾਂ ਅਨਾਰ ਹਨ। ਅਤੇ ਇੱਥੇ ਪੀਣ ਲਈ ਪਾਣੀ ਵੀ ਨਹੀਂ।”
6 ਇਸ ਲਈ ਮੂਸਾ ਅਤੇ ਹਾਰੂਨ ਲੋਕਾਂ ਦੀ ਭੀੜ ਨੂੰ ਛੱਡ ਕੇ ਮੰਡਲੀ ਵਾਲੇ ਤੰਬੂ ਵੱਲ ਚੱਲੇ ਗਏ। ਉਹ ਆਪਣੇ ਮੂੰਹ ਹੇਠਾਂ ਜ਼ਮੀਨ ਵੱਲ ਕਰਕੇ ਝੁਕ ਗਏ ਅਤੇ ਉਨ੍ਹਾਂ ਨੇ ਯਹੋਵਾਹ ਦਾ ਪਰਤਾਪ ਵੇਖਿਆ।
7 ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸ ਨੇ ਆਖਿਆ, 8 “ਚੱਲਣ ਵਾਲੀ ਖਾਸ ਰੋਟੀ ਲੈ ਆ। ਆਪਣੇ ਭਰਾ ਹਾਰੂਨ ਨੂੰ ਅਤੇ ਲੋਕਾਂ ਦੀ ਭੀੜ ਨੂੰ ਨਾਲ ਲੈ ਕੇ ਉਸ ਚੱਟਾਨ ਵੱਲ ਜਾ। ਲੋਕਾਂ ਦੇ ਸਾਹਮਣੇ ਚੱਟਾਨ ਨਾਲ ਗੱਲ ਕਰ, ਫ਼ੇਰ ਇਸ ਵਿੱਚੋਂ ਪਾਣੀ ਵਗ ਤੁਰੇਗਾ। ਤੂੰ ਉਹ ਪਾਣੀ ਲੋਕਾਂ ਨੂੰ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਦੇ ਸੱਕਦਾ ਹੈ।”
9 ਚੱਲਣ ਵਾਲੀ ਸੋਟੀ ਯਹੋਵਾਹ ਦੇ ਸਾਹਮਣੇ ਪਵਿੱਤਰ ਤੰਬੂ ਵਿੱਚ ਸੀ। ਮੂਸਾ ਨੇ ਯਹੋਵਾਹ ਦੇ ਕਹੇ ਅਨੁਸਾਰ ਸੋਟੀ ਚੁੱਕ ਲਈ। 10 ਮੂਸਾ ਅਤੇ ਹਾਰੂਨ ਨੇ ਲੋਕਾਂ ਨੂੰ ਚੱਟਾਨ ਦੇ ਸਾਹਮਣੇ ਇਕੱਠੇ ਹੋਣ ਲਈ ਆਖਿਆ। ਫ਼ੇਰ ਮੂਸਾ ਨੇ ਆਖਿਆ, “ਤੁਸੀਂ ਲੋਕ ਹਮੇਸ਼ਾ ਸ਼ਿਕਾਇਤਾਂ ਕਰਦੇ ਰਹਿੰਦੇ ਹੋ। ਹੁਣ ਮੇਰੀ ਗੱਲ ਸੁਣੋ। ਮੈਂ ਇਸ ਚੱਟਾਨ ਅੰਦਰੋਂ ਪਾਣੀ ਵਗਾਵਾਂਗਾ।” 11 ਮੂਸਾ ਨੇ ਆਪਣੀ ਬਾਂਹ ਚੁੱਕੀ ਅਤੇ ਦੋ ਵਾਰ ਚੱਟਾਨ ਉੱਤੇ ਚੋਟ ਕੀਤੀ। ਚੱਟਾਨ ਵਿੱਚੋਂ ਪਾਣੀ ਵਗਣ ਲੱਗ ਪਿਆ। ਅਤੇ ਲੋਕਾਂ ਨੇ ਅਤੇ ਲੋਕਾਂ ਦੇ ਪਸ਼ੂਆਂ ਨੇ ਉਹ ਪਾਣੀ ਪੀਤਾ।
12 ਪਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, “ਸਾਰੇ ਇਸਰਾਏਲ ਦੇ ਲੋਕ ਜਮ੍ਹਾ ਸਨ। ਪਰ ਤੁਸੀਂ ਮੇਰੇ ਲਈ ਆਦਰ ਨਹੀਂ ਪ੍ਰਗਟ ਕੀਤਾ। ਤੁਸੀਂ ਇਸਰਾਏਲ ਦੇ ਲੋਕਾਂ ਨੂੰ ਇਹ ਨਹੀਂ ਦਰਸਾਇਆ ਕਿ ਪਾਣੀ ਪੈਦਾ ਕਰਨ ਦੀ ਸ਼ਕਤੀ ਮੇਰੇ ਅੰਦਰ ਸੀ। ਤੁਸੀਂ ਲੋਕਾਂ ਨੂੰ ਇਹ ਨਹੀਂ ਦਰਸਾਇਆ ਕਿ ਤੁਹਾਨੂੰ ਮੇਰੇ ਉੱਤੇ ਭਰੋਸਾ ਸੀ। ਮੈਂ ਉਨ੍ਹਾਂ ਲੋਕਾਂ ਨੂੰ ਇਹ ਨਹੀਂ ਦਰਸਾਇਆ ਕਿ ਤੁਹਾਨੂੰ ਤੇਰੇ ਉੱਤੇ ਭਰੋਸਾ ਸੀ। ਮੈਂ ਉਨ੍ਹਾਂ ਲੋਕਾਂ ਨੂੰ ਉਹ ਧਰਤੀ ਦੇਵਾਂਗਾ ਜਿਸਦਾ ਮੈਂ ਉਨ੍ਹਾਂ ਨਾਲ ਇਕਰਾਰ ਕੀਤਾ ਸੀ। ਪਰ ਤੁਸੀਂ ਉਨ੍ਹਾਂ ਦੀ ਉਸ ਧਰਤੀ ਉੱਤੇ ਅਗਵਾਈ ਨਹੀਂ ਕਰੋਂਗੇ।”
13 ਇਸ ਸਥਾਨ ਦਾ ਨਾਮ ਮਰੀਬਾਹ ਦੇ ਪਾਣੀ ਸੀ। ਇਹੀ ਉਹ ਥਾਂ ਸੀ ਜਿੱਥੇ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨਾਲ ਝਗੜਾ ਕੀਤਾ ਸੀ। ਅਤੇ ਇਹੀ ਉਹ ਥਾਂ ਸੀ ਜਿੱਥੇ ਯਹੋਵਾਹ ਨੇ ਉਨ੍ਹਾਂ ਨੂੰ ਦਰਸਾ ਦਿੱਤਾ ਸੀ ਕਿ ਉਹ ਪਵਿੱਤਰ ਸੀ।
ਅਦੋਮ ਇਸਰਾਏਲ ਨੂੰ ਲੰਘਣ ਨਹੀਂ ਦਿੰਦਾ
14 ਜਦੋਂ ਮੂਸਾ ਕਾਦੇਸ਼ ਵਿੱਚ ਸੀ ਉਸ ਨੇ ਕੁਝ ਆਦਮੀਆਂ ਨੂੰ ਸੰਦੇਸ਼ ਦੇਕੇ ਅਦੋਮ ਦੇ ਰਾਜੇ ਵੱਲ ਭੇਜਿਆ। ਸੰਦੇਸ਼ ਵਿੱਚ ਆਖਿਆ ਗਿਆ ਸੀ:
“ਤੁਹਾਡੇ ਭਰਾ, ਇਸਰਾਏਲ ਦੇ ਲੋਕ ਤੁਹਾਨੂੰ ਆਖਦੇ ਹਨ: ਤੁਸੀਂ ਜਾਣਦੇ ਹੋ ਕਿ ਅਸੀਂ ਕੀ-ਕੀ ਮੁਸੀਬਤਾਂ ਝੱਲੀਆਂ ਹਨ। 15 ਬਹੁਤ ਵਰ੍ਹੇ ਪਹਿਲਾਂ, ਸਾਡੇ ਪੁਰਖੇ ਮਿਸਰ ਨੂੰ ਗਏ ਸਨ ਅਤੇ ਅਸੀਂ ਉੱਥੇ ਕਾਫ਼ੀ ਵਰ੍ਹੇ ਰਹੇ। ਮਿਸਰੀ ਸਾਡੇ ਨਾਲ ਅਤੇ ਸਾਡੇ ਪੁਰਖਿਆਂ ਨਾਲ ਬੁਰਾ ਵਿਹਾਰ ਕਰ ਰਹੇ ਸਨ। 16 ਪਰ ਅਸੀਂ ਯਹੋਵਾਹ ਪਾਸੋਂ ਸਹਾਇਤਾ ਮੰਗੀ ਯਹੋਵਾਹ ਨੇ ਸਾਡੀ ਫ਼ਰਿਆਦ ਸੁਣੀ ਅਤੇ ਸਾਡੀ ਸਹਾਇਤਾ ਲਈ ਇੱਕ ਦੂਤ ਨੂੰ ਭੇਜਿਆ। ਯਹੋਵਾਹ ਸਾਨੂੰ ਮਿਸਰ ਵਿੱਚੋਂ ਬਾਹਰ ਲੈ ਆਇਆ ਹੈ।
“ਹੁਣ ਅਸੀਂ ਕਾਦੇਸ਼ ਵਿੱਚ ਹਾਂ ਜਿੱਥੇ ਤੁਹਾਡੀ ਧਰਤੀ ਸ਼ੁਰੂ ਹੁੰਦੀ ਹੈ। 17 ਕਿਰਪਾ ਕਰਕੇ ਸਾਨੂੰ ਆਪਣੀ ਧਰਤੀ ਵਿੱਚੋਂ ਲੰਘ ਲੈਣ ਦਿਉ। ਅਸੀਂ ਖੇਤਾਂ ਜਾਂ ਅੰਗੂਰਾਂ ਦੇ ਬਗੀਚਿਆਂ ਵਿੱਚੋਂ ਨਹੀਂ ਲੰਘਾਂਗੇ। ਅਸੀਂ ਤੁਹਾਡੇ ਕਿਸੇ ਵੀ ਖੂਹ ਦਾ ਪਾਣੀ ਨਹੀਂ ਪੀਵਾਂਗੇ। ਅਸੀਂ ਸਿਰਫ਼ ਸ਼ਾਹੀ ਸੜਕ ਉੱਤੋਂ ਦੀ ਲੰਘਾਗੇ। ਅਸੀਂ ਇਹ ਸੜਕ ਛੱਡ ਕੇ ਸੱਜੇ ਜਾਂ ਖੱਬੇ ਨਹੀਂ ਹੋਵਾਂਗੇ। ਤੁਹਾਡੇ ਦੇਸ਼ ਵਿੱਚੋਂ ਗੁਜ਼ਰਦੇ ਹੋਏ ਇਸ ਨੂੰ ਪਾਰ ਕਰ ਜਾਣ ਤੀਕ ਸੜਕ ਉੱਤੇ ਹੀ ਚੱਲਾਂਗੇ।”
18 ਪਰ ਅਦੋਮ ਦੇ ਰਾਜੇ ਨੇ ਜਵਾਬ ਦਿੱਤਾ, “ਤੁਸੀਂ ਸਾਡੇ ਦੇਸ਼ ਵਿੱਚੋਂ ਨਾ ਲੰਘੇ। ਜੇ ਤੁਸੀਂ ਸਾਡੇ ਦੇਸ਼ ਵਿੱਚੋਂ ਹੋਕੇ ਗੁਜਰੋਂਗੇ, ਤਾਂ ਅਸੀਂ ਆਕੇ ਤੁਹਾਡੇ ਨਾਲ ਤਲਵਾਰਾ ਨਾਲ ਜੰਗ ਕਰਾਂਗੇ।”
19 ਇਸਰਾਏਲ ਦੇ ਲੋਕਾਂ ਨੇ ਜਵਾਬ ਦਿੱਤਾ, “ਅਸੀਂ ਮੁੱਖ ਸੜਕ ਉੱਤੋਂ ਦੀ ਲੰਘਾਗੇ। ਜੇਕਰ ਅਸੀਂ ਜਾਂ ਸਾਡੇ ਪਸ਼ੂ ਤੁਹਾਡਾ ਪਾਣੀ ਪੀਣਗੇ ਤਾਂ ਅਸੀਂ ਇਸਦਾ ਮੁੱਲ ਤਾਰਾਂਗੇ। ਅਸੀਂ ਸਿਰਫ਼ ਤੁਹਾਡੇ ਦੇਸ਼ ਵਿੱਚੋਂ ਲੰਘਣਾ ਚਾਹੁੰਦੇ ਹਾਂ ਅਤੇ ਇਸ ਨੂੰ ਆਪਣੇ ਲਈ ਜਿੱਤਣਾ ਨਹੀਂ ਚਾਹੁੰਦੇ।”
20 ਪਰ ਅਦੋਮ ਨੇ ਫ਼ੇਰ ਜਵਾਬ ਦਿੱਤਾ, “ਅਸੀਂ ਤੁਹਾਨੂੰ ਆਪਣੇ ਦੇਸ਼ ਵਿੱਚ ਨਹੀਂ ਵੜਨ ਦਿਆਂਗੇ।”
ਫ਼ੇਰ ਅਦੋਮ ਦੇ ਰਾਜੇ ਨੇ ਬਹੁਤ ਸ਼ਕਤੀਸ਼ਾਲੀ ਫ਼ੌਜ ਇਕੱਠੀ ਕੀਤੀ ਅਤੇ ਇਸਰਾਏਲ ਦੇ ਲੋਕਾਂ ਨਾਲ ਲੜਨ ਲਈ ਚੱਲਾ ਗਿਆ। 21 ਅਦੋਮ ਦੇ ਰਾਜੇ ਨੇ ਇਸਰਾਏਲ ਦੇ ਲੋਕਾਂ ਨੂੰ ਆਪਣੇ ਦੇਸ਼ ਵਿੱਚੋਂ ਲੰਘਣ ਤੋਂ ਇਨਕਾਰ ਕਰ ਦਿੱਤਾ। ਅਤੇ ਇਸਰਾਏਲ ਦੇ ਲੋਕ ਹੋਰ ਪਾਸੇ ਮੁੜ ਪਏ ਅਤੇ ਹੋਰ ਰਾਹ ਚੱਲੇ ਗਏ।
ਹਾਰੂਨ ਦੀ ਮੌਤ
22 ਇਸਰਾਏਲ ਦੇ ਸਾਰੇ ਲੋਕ ਕਾਦੇਸ਼ ਤੋਂ ਚੱਲ ਕੇ “ਹੋਰ ਪਹਾੜੀ” ਵੱਲ ਚੱਲੇ ਗਏ। 23 “ਹੋਰ ਪਹਾੜੀ” ਅਦੋਮ ਦੀ ਸੀਮਾ ਲਾਗੇ ਸੀ। ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, 24 “ਹੁਣ ਹਾਰੂਨ ਦੇ ਦੇਹਾਂਤ ਦਾ ਸਮਾਂ ਆ ਗਿਆ ਹੈ ਅਤੇ ਉਸ ਦੇ ਪੁਰਖਿਆਂ ਕੋਲ ਪਹੁੰਚਣ ਦਾ ਵੇਲਾ ਆ ਗਿਆ ਹੈ। ਹਾਰੂਨ ਉਸ ਧਰਤੀ ਵਿੱਚ ਦਾਖਲ ਨਹੀਂ ਹੋਵੇਗਾ ਜਿਸਦਾ ਮੈਂ ਇਸਰਾਏਲ ਦੇ ਲੋਕਾਂ ਨਾਲ ਇਕਰਾਰ ਕੀਤਾ ਹੈ। ਮੂਸਾ, ਇਹ ਗੱਲ ਮੈਂ ਤੈਨੂੰ ਆਖਦਾ ਹਾਂ ਕਿਉਂਕਿ ਤੂੰ ਅਤੇ ਹਾਰੂਨ ਦੋਹਾਂ ਨੇ ਮੇਰੇ ਉਸ ਆਦੇਸ਼ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਸੀ ਜਿਹੜਾ ਮੈਂ ਤੁਹਾਨੂੰ ਮਰੀਬਾਹ ਦੇ ਪਾਣੀਆਂ ਕੰਢੇ ਦਿੱਤਾ ਸੀ।
25 “ਹੁਣ, ਹਾਰੂਨ ਅਤੇ ਉਸ ਦੇ ਪੁੱਤਰ ਅਲਆਜ਼ਾਰ ਨੂੰ ‘ਹੋਰ ਪਹਾੜੀ’ ਉੱਪਰ ਲੈ ਆ। 26 ਹਾਰੂਨ ਦੇ ਖਾਸ ਵਸਤਰ ਉਸ ਕੋਲੋਂ ਲੈ ਅਤੇ ਇਨ੍ਹਾਂ ਨੂੰ ਉਸ ਦੇ ਪੁੱਤਰ ਅਲਆਜ਼ਾਰ ਨੂੰ ਪਹਿਨਾ ਦੇ, ਹਾਰੂਨ ਉੱਥੇ ਪਹਾੜੀ ਉੱਤੇ ਮਰ ਜਾਵੇਗਾ। ਅਤੇ ਉਹ ਆਪਣੇ ਪੁਰਖਿਆਂ ਕੋਲ ਚੱਲਾ ਜਾਵੇਗਾ।”
27 ਮੂਸਾ ਨੇ ਯਹੋਵਾਹ ਦਾ ਆਦੇਸ਼ ਮੰਨ ਲਿਆ। ਮੂਸਾ, ਹਾਰੂਨ ਅਤੇ ਅਲਆਜ਼ਾਰ ਹੋਰ ਪਹਾੜੀ ਉੱਪਰ ਚੱਲੇ ਗਏ। ਇਸਰਾਏਲ ਦੇ ਸਮੂਹ ਲੋਕਾਂ ਨੇ ਉਨ੍ਹਾਂ ਨੂੰ ਜਾਂਦਿਆ ਦੇਖਿਆ। 28 ਮੂਸਾ ਨੇ ਹਾਰੂਨ ਦੇ ਖਾਸ ਵਸਤਰ ਉਤਾਰ ਲਈ ਅਤੇ ਇਹ ਵਸਤਰ ਹਾਰੂਨ ਦੇ ਪੁੱਤਰ ਅਲਆਜ਼ਾਰ ਨੂੰ ਪਹਿਨਾ ਦਿੱਤੇ। ਫ਼ੇਰ ਹਾਰੂਨ ਪਹਾੜੀ ਦੀ ਚੋਟੀ ਉੱਤੇ ਜਾਕੇ ਮਰ ਗਿਆ। ਮੂਸਾ ਅਤੇ ਅਲਆਜ਼ਾਰ ਪਹਾੜੀ ਤੋਂ ਹੇਠਾਂ ਉੱਤਰ ਆਏ। 29 ਇਸਰਾਏਲ ਦੇ ਸਮੂਹ ਲੋਕਾਂ ਨੂੰ ਪਤਾ ਲੱਗ ਗਿਆ ਕਿ ਹਾਰੂਨ ਮਰ ਚੁੱਕਿਆ। ਇਸ ਲਈ ਇਸਰਾਏਲ ਦੇ ਹਰ ਬੰਦੇ ਨੇ 30 ਦਿਨਾਂ ਦਾ ਸੋਗ ਮਨਾਇਆ।
2010 by World Bible Translation Center