Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਗਿਣਤੀ 8-10

ਸ਼ਮਾਦਾਨ

ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਨੂੰ ਆਖ ਕਿ ਉਹ ਸੱਤ ਦੀਵਿਆਂ ਨੂੰ ਉਸ ਥਾਂ ਰੱਖੇ ਜਿਹੜੀ ਮੈਂ ਤੈਨੂੰ ਦਿਖਾਈ ਸੀ। ਇਹ ਦੀਵੇ ਸ਼ਮਾਦਾਨ ਦੇ ਸਾਹਮਣੇ ਦੇ ਖੇਤਰ ਨੂੰ ਰੌਸ਼ਨ ਕਰਨਗੇ।”

ਹਾਰੂਨ ਨੇ ਇਵੇਂ ਹੀ ਕੀਤਾ। ਹਾਰੂਨ ਨੇ ਦੀਵਿਆਂ, ਨੂੰ ਸਹੀ ਥਾਂ ਰੱਖਿਆ ਅਤੇ ਉਨ੍ਹਾਂ ਦਾ ਰੁੱਖ ਇਸ ਤਰ੍ਹਾਂ ਕਰ ਦਿੱਤਾ ਕਿ ਉਹ ਸ਼ਮਾਦਾਨ ਦੇ ਸਾਹਮਣੇ ਵਾਲੇ ਪਾਸੇ ਨੂੰ ਰੌਸ਼ਨ ਕਰਦੇ ਸਨ। ਉਸ ਨੇ ਉਸ ਆਦੇਸ਼ ਨੂੰ ਪੂਰਾ ਕੀਤਾ ਜਿਹੜਾ ਯਹੋਵਾਹ ਨੇ ਮੂਸਾ ਨੂੰ ਦਿੱਤਾ ਸੀ। ਸ਼ਮਾਦਾਨ ਇਸ ਤਰ੍ਹਾਂ ਬਣਾਇਆ ਗਿਆ ਸੀ: ਇਹ ਹੇਠਾਂ ਸੁਨਿਹਰੀ ਆਧਾਰ ਤੋਂ ਲੈ ਕੇ ਉੱਪਰ ਸੁਨਿਹਰੀ ਫ਼ੁੱਲਾਂ ਤੱਕ ਸੋਨੇ ਦੇ ਪੱਤਰੇ ਨਾਲ ਬਣਾਇਆ ਗਿਆ ਸੀ। ਇਹ ਉਸੇ ਨਮੂਨੇ ਦਾ ਸੀ ਜਿਸ ਤਰ੍ਹਾਂ ਦਾ ਯਹੋਵਾਹ ਨੇ ਮੂਸਾ ਨੂੰ ਦਿਖਾਇਆ ਸੀ।

ਲੇਵੀਆਂ ਦਾ ਸਮਰਪਨ

ਯਹੋਵਾਹ ਨੇ ਮੂਸਾ ਨੂੰ ਆਖਿਆ, “ਲੇਵੀਆਂ ਨੂੰ ਇਸਰਾਏਲ ਦੇ ਹੋਰਨਾਂ ਲੋਕਾਂ ਤੋਂ ਵੱਖ ਕਰ ਲਵੋ। ਉਨ੍ਹਾਂ ਲੇਵੀਆਂ ਨੂੰ ਪਵਿੱਤਰ ਬਣਾ ਦਿਉ। ਉਨ੍ਹਾਂ ਨੂੰ ਪਵਿੱਤਰ ਬਨਾਉਣ ਲਈ ਤੁਹਾਨੂੰ ਇਹ ਕੁਝ ਕਰਨਾ ਚਾਹੀਦਾ ਹੈ। ਉਨ੍ਹਾਂ ਉੱਤੇ ਪਾਪ ਦੀ ਭੇਟ ਦਾ ਖਾਸ ਪਾਣੀ ਛਿੜਕੋ। ਇਹ ਪਾਣੀ ਉਨ੍ਹਾਂ ਨੂੰ ਪਵਿੱਤਰ ਬਣਾ ਦੇਵੇਗਾ। ਫ਼ੇਰ ਉਨ੍ਹਾਂ ਨੂੰ ਆਪਣੇ ਸ਼ਰੀਰ ਦੇ ਵਾਲ ਮੁੰਨਣੇ ਚਾਹੀਦੇ ਹਨ ਅਤੇ ਕੱਪੜੇ ਧੋਣੇ ਚਾਹੀਦੇ ਹਨ। ਇਸ ਨਾਲ ਉਨ੍ਹਾਂ ਦੇ ਸ਼ਰੀਰ ਪਵਿੱਤਰ ਹੋ ਜਾਣਗੇ।

“ਲੇਵੀ ਆਦਮੀਆਂ ਨੂੰ ਤੇਲ ਨਾਲ ਮਿਲੇ ਮੈਦੇ ਦੀ ਅਨਾਜ ਦੀ ਭੇਟ ਦੇ ਨਾਲ ਵਹਿੜਕਾ ਲੈਣਾ ਚਾਹੀਦਾ ਹੈ। ਫ਼ੇਰ ਤੁਹਾਨੂੰ ਪਾਪ ਦੀ ਭੇਟ ਵਜੋਂ ਇੱਕ ਹੋਰ ਜਵਾਨ ਬਲਦ ਲੈਣਾ ਚਾਹੀਦਾ ਹੈ। ਲੇਵੀ ਲੋਕਾਂ ਨੂੰ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਵਾਲੇ ਪਾਸੇ ਲਿਆਉ। ਫ਼ੇਰ ਇਸਰਾਏਲ ਦੇ ਸਮੂਹ ਲੋਕਾਂ ਨੂੰ ਉੱਥੇ ਇਕੱਠਾ ਕਰੋ। 10 ਲੇਵੀ ਲੋਕਾਂ ਨੂੰ ਯਹੋਵਾਹ ਦੇ ਸਮੂਹ ਦੇ ਸਾਹਮਣੇ ਲਿਆਉ। ਇਸਰਾਏਲ ਦੇ ਲੋਕ ਉਨ੍ਹਾਂ ਉੱਤੇ ਆਪਣੇ ਹੱਥ ਧਰਨਗੇ। 11 ਫ਼ੇਰ ਹਾਰੂਨ ਲੇਵੀਆਂ ਨੂੰ ਯਹੋਵਾਹ ਨੂੰ ਸਮਰਪਿਤ ਕਰੇਗਾ। ਉਹ ਇਸਰਾਏਲ ਦੇ ਲੋਕਾਂ ਵੱਲੋਂ ਪਰਮੇਸ਼ੁਰ ਲਈ ਭੇਟ ਵਾਂਗ ਹੋਣਗੇ। ਇਸ ਤਰ੍ਹਾਂ, ਲੇਵੀ ਯਹੋਵਾਹ ਲਈ ਆਪਣਾ ਖਾਸ ਕੰਮ ਕਰਨ ਲਈ ਤਿਆਰ ਹੋਣਗੇ।

12 “ਲੇਵੀਆਂ ਨੂੰ ਆਖਣਾ ਕਿ ਉਹ ਵਹਿੜਕਿਆਂ ਦੇ ਸਿਰਾਂ ਉੱਤੇ ਆਪਣੇ ਹੱਥ ਰੱਖਣ। ਇੱਕ ਵਹਿੜਕਾ ਯਹੋਵਾਹ ਲਈ ਪਾਪ ਦੀ ਭੇਟ ਹੋਵੇਗਾ ਅਤੇ ਦੂਸਰੇ ਵਹਿੜਕੇ ਨੂੰ ਹੋਮ ਦੀ ਭੇਟ ਵਜੋਂ ਇਸਤੇਮਾਲ ਕੀਤਾ ਜਾਵੇਗਾ। ਇਹ ਭੇਟਾ ਲੇਵੀਆਂ ਲਈ ਪਰਾਸਚਿਤ ਕਰਨਗੀਆਂ। 13 ਲੇਵੀ ਲੋਕਾਂ ਨੂੰ ਆਖਣਾ ਕਿ ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਸਾਹਮਣੇ ਖੜ੍ਹੇ ਹੋ ਜਾਣ। ਫ਼ੇਰ ਲੇਵੀ ਆਦਮੀਆਂ ਨੂੰ ਯਹੋਵਾਹ ਨੂੰ ਸਮਰਪਿਤ ਕਰ ਦੇਣਾ। ਉਹ ਇੱਕ ਹਿਲਾਉਣ ਦੀ ਭੇਟ ਵਾਂਗ ਹੋਣਗੇ। 14 ਇਸ ਨਾਲ ਲੇਵੀ ਲੋਕ ਪਵਿੱਤਰ ਬਣ ਜਾਣਗੇ। ਇਹ ਗੱਲ ਇਹ ਦਰਸਾਵੇਗੀ ਕਿ ਉਨ੍ਹਾਂ ਦੀ ਪਰਮੇਸ਼ੁਰ ਲਈ ਖਾਸ ਢੰਗ ਨਾਲ ਵਰਤੋਂ ਕੀਤੀ ਜਾ ਸੱਕਦੀ ਹੈ। ਉਹ ਇਸਰਾਏਲ ਦੇ ਹੋਰਨਾਂ ਲੋਕਾਂ ਕੋਲੋਂ ਵੱਖਰੇ ਹੋਣਗੇ। ਲੇਵੀ ਲੋਕ ਮੇਰੇ ਹੋਣਗੇ।

15 “ਇਸ ਲਈ ਲੇਵੀ ਲੋਕਾਂ ਨੂੰ ਪਵਿੱਤਰ ਬਣਾਉ। ਅਤੇ ਉਨ੍ਹਾਂ ਨੂੰ ਯਹੋਵਾਹ ਅੱਗੇ ਸਮਰਪਿਤ ਕਰੋ। ਉਹ ਇੱਕ ਹਿਲਾਉਣ ਦੀ ਭੇਟ ਵਾਂਗ ਹੋਣਗੇ। ਜਦੋਂ ਤੁਸੀਂ ਇਹ ਕਰ ਚੁੱਕੋਂਗੇ ਤਾਂ ਉਹ ਆ ਸੱਕਦੇ ਹਨ ਅਤੇ ਮੰਡਲੀ ਵਾਲੇ ਤੰਬੂ ਵਿਖੇ ਆਪਣਾ ਕੰਮ ਕਰ ਸੱਕਦੇ ਹਨ। 16 ਇਸਰਾਏਲੀ ਲੋਕ ਮੇਰੇ ਲਈ ਲੇਵੀਆਂ ਨੂੰ ਸਮਰਪਿਤ ਕਰਨਗੇ। ਉਹ ਮੇਰੇ ਹੋਣਗੇ ਅਤੀਤ ਵਿੱਚ ਮੈਂ ਹਰੇਕ ਇਸਰਾਏਲ ਪਰਿਵਾਰ ਨੂੰ ਆਖਿਆ ਸੀ ਕਿ ਉਹ ਆਪਣਾ ਪਹਿਲੋਠਾ ਪੁੱਤਰ ਮੈਨੂੰ ਭੇਟ ਕਰਨ। ਪਰ ਹੁਣ ਮੈਂ ਇਸਰਾਏਲ ਦੇ ਹੋਰਨਾਂ ਪਰਿਵਾਰਾਂ ਦੇ ਪਹਿਲੋਠੇ ਪੁੱਤਰਾਂ ਬਦਲੇ ਲੇਵੀ ਲੋਕਾਂ ਨੂੰ ਲੈ ਰਿਹਾ ਹਾਂ। 17 ਇਸਰਾਏਲ ਦਾ ਹਰ ਪਹਿਲੋਠਾ ਨਰ ਮੇਰਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਆਦਮੀ ਹੈ ਜਾਂ ਜਾਨਵਰ, ਇਹ ਫ਼ੇਰ ਵੀ ਮੇਰਾ ਹੈ। ਕਿਉਂਕਿ ਮੈਂ ਮਿਸਰ ਦੇ ਸਮੂਹ ਪਹਿਲੋਠੇ ਬੱਚਿਆਂ ਅਤੇ ਜਾਨਵਰਾ ਨੂੰ ਮਾਰ ਦਿੱਤਾ ਸੀ ਅਤੇ ਮੈਂ ਪਹਿਲੋਠੇ ਪੁੱਤਰਾਂ ਨੂੰ ਆਪਣਾ ਬਨਾਉਣ ਦੀ ਚੋਣ ਕੀਤੀ ਸੀ। 18 ਪਰ ਹੁਣ ਮੈਂ ਉਨ੍ਹਾਂ ਦੀ ਥਾਵੇਂ ਲੇਵੀ ਲੋਕਾਂ ਨੂੰ ਲੈ ਲਵਾਂਗਾ। ਮੈਂ ਇਸਰਾਏਲ ਦੇ ਹੋਰਨਾਂ ਪਰਿਵਾਰਾਂ ਦੇ ਪਹਿਲੋਠੇ ਪੁੱਤਰਾਂ ਦੀ ਥਾਵੇ ਲੇਵੀ ਲੋਕਾਂ ਨੂੰ ਲੈ ਲਵਾਂਗਾ। 19 ਮੈਂ ਇਸਰਾਏਲ ਦੇ ਸਾਰੇ ਲੋਕਾਂ ਵਿੱਚੋਂ ਲੇਵੀ ਲੋਕਾਂ ਦੀ ਚੋਣ ਕੀਤੀ ਸੀ। ਅਤੇ ਮੈਂ ਉਨ੍ਹਾਂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਸੁਗਾਤ ਵਜੋਂ ਦੇ ਦੇਵਾਂਗਾ। ਮੈਂ ਚਾਹੁੰਦਾ ਹਾਂ ਕਿ ਉਹ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ। ਉਹ ਇਸਰਾਏਲ ਦੇ ਸਮੂਹ ਲੋਕਾਂ ਲਈ ਸੇਵਾ ਕਰਨਗੇ। ਉਹ ਅਜਿਹੀਆਂ ਬਲੀਆਂ ਦੇਣ ਵਿੱਚ ਸਹਾਇਤਾ ਕਰਨਗੇ ਜਿਹੜੀਆਂ ਇਸਰਾਏਲ ਦੇ ਲੋਕਾਂ ਨੂੰ ਪਵਿੱਤਰ ਬਨਾਉਣਗੀਆਂ। ਫ਼ੇਰ ਇਸਰਾਏਲ ਦੇ ਲੋਕਾਂ ਨੂੰ ਸਹਾਇਤਾ ਜਾਂ ਬਿਪਤਾ ਨਹੀਂ ਪਵੇਗੀ ਜਦੋਂ ਉਹ ਪਵਿੱਤਰ ਸਥਾਨ ਦੇ ਨੇੜੇ ਆਉਣਗੇ।”

20 ਇਸ ਲਈ, ਮੂਸਾ, ਹਾਰੂਨ ਅਤੇ ਇਸਰਾਏਲ ਦੇ ਸਮੂਹ ਲੋਕਾਂ ਨੇ ਯਹੋਵਾਹ ਦਾ ਹੁਕਮ ਮੰਨਿਆ। ਉਨ੍ਹਾਂ ਨੇ ਲੇਵੀ ਲੋਕਾਂ ਲਈ ਉਹ ਸਾਰਾ ਕੁਝ ਕੀਤਾ ਜਿਸਦਾ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ। 21 ਲੇਵੀਆਂ ਨੇ ਇਸਨਾਨ ਕੀਤਾ ਅਤੇ ਕੱਪੜੇ ਧੋਤੇ। ਫ਼ੇਰ ਹਾਰੂਨ ਨੇ ਉਨ੍ਹਾਂ ਨੂੰ ਯਹੋਵਾਹ ਅੱਗੇ ਹਿਲਾਉਣ ਦੀ ਭੇਟ ਵਜੋਂ ਅਰਪਿਤ ਕਰ ਹਾਰੂਨ ਨੂੰ ਉਹ ਚੜ੍ਹਾਵੇ ਦਿੱਤੇ ਜਿਨ੍ਹਾਂ ਨੇ ਉਨ੍ਹਾਂ ਦੇ ਪਾਪ ਢੱਕ ਲਏ ਅਤੇ ਉਨ੍ਹਾਂ ਨੂੰ ਪਵਿੱਤਰ ਬਣਾ ਦਿੱਤਾ। 22 ਇਸਤੋਂ ਮਗਰੋਂ, ਲੇਵੀ ਲੋਕ ਆਪਣਾ ਕੰਮ ਕਰਨ ਲਈ ਮੰਡਲੀ ਵਾਲੇ ਤੰਬੂ ਵੱਲ ਆਏ। ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਉਨ੍ਹਾਂ ਦੀ ਨਿਗਰਾਨੀ ਕੀਤੀ। ਉਹ ਇਨ੍ਹਾਂ ਲੇਵੀ ਲੋਕਾਂ ਦੇ ਕੰਮ ਲਈ ਜ਼ਿੰਮੇਵਾਰ ਸਨ। ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਉਹੀ ਕੀਤਾ ਜਿਸਦਾ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।

23 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 24 “ਲੇਵੀ ਲੋਕਾਂ ਲਈ ਇਹ ਖਾਸ ਆਦੇਸ਼ ਹੈ: ਹਰੇਕ ਲੇਵੀ ਬੰਦਾ ਜਿਹੜਾ 25 ਵਰ੍ਹਿਆ ਦਾ ਜਾਂ ਇਸਤੋਂ ਵੱਡਾ ਹੈ। ਮੰਡਲੀ ਵਾਲੇ ਤੰਬੂ ਦੇ ਕੰਮ ਵਿੱਚ ਹਿੱਸਾ ਲੈਣ ਲਈ ਜ਼ਰੂਰ ਆਵੇ। 25 ਪਰ ਜਦੋਂ ਕੋਈ ਆਦਮੀ 50 ਸਾਲ ਦਾ ਹੋ ਜਾਵੇ ਤਾਂ ਉਸ ਨੂੰ ਆਪਣੇ ਕੰਮ ਤੋਂ ਸੇਵਾ ਮੁਕਤ ਹੋ ਜਾਣਾ ਚਾਹੀਦਾ ਹੈ। ਉਸ ਨੂੰ ਫ਼ੇਰ ਕੰਮ ਕਰਨ ਦੀ ਲੋੜ ਨਹੀਂ ਹੋਵੇਗੀ। 26 ਉਹ ਆਦਮੀ ਜਿਹੜੇ 50 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਹਨ ਆਪਣੇ ਭਰਾਵਾਂ ਦੀ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਵਿੱਚ ਸਹਾਇਤਾ ਕਰ ਸੱਕਦੇ ਹਨ। ਪਰ ਉਨ੍ਹਾਂ ਨੂੰ ਖੁਦ ਕੰਮ ਨਹੀਂ ਕਰਨਾ ਚਾਹੀਦਾ। ਇੰਝ ਤੁਹਾਨੂੰ ਲੇਵੀਆਂ ਨਾਲ ਉਨ੍ਹਾਂ ਦੇ ਕੰਮ ਬਾਰੇ ਪੇਸ਼ ਆਉਣਾ ਚਾਹੀਦਾ ਹੈ।”

ਪਸਾਹ

ਯਹੋਵਾਹ ਨੇ ਮੂਸਾ ਨਾਲ ਸੀਨਈ ਦੇ ਮਾਰੂਥਲ ਵਿੱਚ ਗੱਲ ਕੀਤੀ। ਇਹ ਇਸਰਾਏਲ ਦੇ ਲੋਕਾਂ ਦੇ ਮਿਸਰ ਵਿੱਚੋਂ ਬਾਹਰ ਆਉਣ ਦੇ ਦੂਸਰੇ ਵਰ੍ਹੇ ਦੇ ਪਹਿਲੇ ਮਹੀਨੇ ਦੇ ਦੌਰਾਨ ਦੀ ਗੱਲ ਹੈ। ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਆਖੋ ਕਿ ਉਹ ਪਸਾਹ ਦਾ ਚੁਣੇ ਹੋਏ ਸਮੇਂ ਜਸ਼ਨ ਮਨਾਉਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇਸ ਮਹੀਨੇ ਦੀ 14 ਤਰੀਕ ਨੂੰ ਸ਼ਾਮ ਵੇਲੇ ਪਸਾਹ ਦੀ ਦਾਵਤ ਖਾਣ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਅਜਿਹਾ ਚੁਣੇ ਹੋਏ ਸਮੇਂ ਕਰਨ, ਅਤੇ ਉਹ ਪਸਾਹ ਦੇ ਸਾਰੇ ਨੇਮਾਂ ਦੀ ਪਾਲਣਾ ਅਵੱਸ਼ ਕਰਨ।”

ਇਸ ਲਈ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਪਸਾਹ ਦਾ ਜਸ਼ਨ ਮਨਾਉਣ ਲਈ ਆਖਿਆ। ਲੋਕਾਂ ਨੇ ਅਜਿਹਾ ਸੀਨਈ ਦੇ ਮਾਰੂਥਲ ਵਿਖੇ ਪਹਿਲੇ ਮਹੀਨੇ ਦੀ 14ਵੀਂ ਤਰੀਕ ਨੂੰ ਕੀਤਾ। ਇਸਰਾਏਲੀਆਂ ਨੇ ਸਾਰਾ ਕੁਝ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।

ਪਰ ਕੁਝ ਲੋਕ ਪਸਾਹ ਦਾ ਜਸ਼ਨ ਉਸ ਦਿਨ ਨਹੀਂ ਮਨਾ ਸੱਕੇ। ਉਹ ਅਪਵਿੱਤਰ ਸਨ ਕਿਉਂਕਿ ਉਨ੍ਹਾਂ ਨੇ ਮੁਰਦਾ ਜਿਸਮ ਨੂੰ ਛੂਹ ਲਿਆ ਸੀ। ਇਸ ਲਈ ਉਹ ਉਸ ਦਿਨ ਮੂਸਾ ਅਤੇ ਹਾਰੂਨ ਕੋਲ ਗਏ। ਉਨ੍ਹਾਂ ਲੋਕਾਂ ਨੇ ਮੂਸਾ ਨੂੰ ਆਖਿਆ, “ਅਸੀਂ ਇੱਕ ਮੁਰਦਾ ਜਿਸਮ ਨੂੰ ਛੂਹ ਲਿਆ ਹੈ ਅਤੇ ਅਪਵਿੱਤਰ ਹੋ ਗਏ ਸਾਂ। ਜਾਜਕਾਂ ਨੇ ਸਾਨੂੰ ਚੁਣੇ ਹੋਏ ਸਮੇਂ ਯਹੋਵਾਹ ਨੂੰ ਸੁਗਾਤਾ ਦੇਣ ਤੋਂ ਰੋਕਿਆ। ਇਸ ਲਈ ਅਸੀਂ ਇਸਰਾਏਲ ਦੇ ਹੋਰਨਾਂ ਲੋਕਾਂ ਨਾਲ ਪਸਾਹ ਦਾ ਜਸ਼ਨ ਨਹੀਂ ਮਨਾ ਸੱਕਦੇ! ਸਾਨੂੰ ਕੀ ਕਰਨਾ ਚਾਹੀਦਾ ਹੈ?”

ਮੂਸਾ ਨੇ ਉਨ੍ਹਾਂ ਨੂੰ ਆਖਿਆ, “ਇੱਥੇ ਠਹਿਰੋ ਅਤੇ ਮੈਂ ਯਹੋਵਾਹ ਨੂੰ ਪੁੱਛ ਕੇ ਵੇਖਦਾ ਹਾਂ ਕਿ ਉਹ ਇਸ ਬਾਰੇ ਕੀ ਆਖਣਾ ਚਾਹੁੰਦਾ।”

ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, 10 “ਇਸਰਾਏਲ ਦੇ ਲੋਕਾਂ ਨੂੰ ਇਹ ਗੱਲਾਂ ਆਖ: ਇਹ ਬਿਧੀ ਤੁਹਾਡੇ ਲਈ ਅਤੇ ਤੁਹਾਡੇ ਉੱਤਰਾਧਿਕਾਰੀਆਂ ਲਈ ਹੋਵੇਗੀ। ਸ਼ਾਇਦ ਕੋਈ ਬੰਦਾ ਸਹੀ ਸਮੇਂ ਪਸਾਹ ਦਾ ਜਸ਼ਨ ਮਨਾਉਣ ਦੇ ਯੋਗ ਨਾ ਹੋਵੇ। ਸ਼ਾਇਦ ਉਹ ਬੰਦਾ ਇਸ ਲਈ ਅਪਵਿੱਤਰ ਹੈ ਕਿਉਂਕਿ ਉਸ ਨੇ ਮੁਰਦਾ ਜਿਸਮ ਛੂਹ ਲਿਆ ਹੈ ਜਾਂ ਸ਼ਾਇਦ ਉਹ ਬੰਦਾ ਦੂਰ ਕਿਸੇ ਸਫ਼ਰ ਉੱਤੇ ਸੀ। 11 ਉਹ ਬੰਦਾ ਫ਼ੇਰ ਵੀ ਕਿਸੇ ਹੋਰ ਸਮੇਂ ਪਸਾਹ ਦਾ ਜਸ਼ਨ ਮਨਾਉਣ ਦੇ ਯੋਗ ਹੋਵੇਗਾ। ਉਸ ਬੰਦੇ ਨੂੰ ਦੂਸਰੇ ਮਹੀਨੇ ਦੀ 14ਵੀ ਤਰੀਕ ਨੂੰ ਸ਼ਾਮ ਵੇਲੇ ਪਸਾਹ ਦਾ ਜਸ਼ਨ ਮਨਾਉਣਾ ਚਾਹੀਦਾ ਹੈ। ਉਸ ਸਮੇਂ ਉਸ ਨੂੰ ਲੇਲਾ, ਪਤੀਰੀ ਰੋਟੀ ਅਤੇ ਕੌੜੀਆਂ ਬੂਟੀਆਂ ਖਾਣੀਆਂ ਚਾਹੀਦੀਆਂ ਹਨ। 12 ਉਸ ਬੰਦੇ ਨੂੰ ਚਾਹੀਦਾ ਹੈ ਕਿ ਉਹ ਉਸ ਭੋਜਨ ਵਿੱਚੋਂ ਕੁਝ ਵੀ ਅਗਲੀ ਸਵੇਰ ਲਈ ਨਾ ਛੱਡੇ ਅਤੇ ਉਸ ਬੰਦੇ ਨੂੰ ਲੇਲੇ ਦੀ ਕੋਈ ਵੀ ਹੱਡੀ ਤੋਂੜਨੀ ਨਹੀਂ ਚਾਹੀਦੀ ਪਸਾਹ ਬਾਰੇ ਸਾਰੀਆਂ ਬਿਧੀਆਂ ਦਾ ਪਾਲਣ ਕਰਨਾ ਚਾਹੀਦਾ ਹੈ। 13 ਪਰ ਕੋਈ ਵੀ ਬੰਦਾ ਜਿਹੜਾ ਸਹੀ ਸਮੇਂ ਪਸਾਹ ਦਾ ਜਸ਼ਨ ਮਨਾ ਸੱਕਦਾ ਹੈ ਉਸ ਨੂੰ ਅਜਿਹਾ ਅਵੱਸ਼ ਕਰਨਾ ਚਾਹੀਦਾ ਹੈ। ਜੇ ਉਹ ਪਵਿੱਤਰ ਹੈ ਅਤੇ ਸਫ਼ਰ ਉੱਤੇ ਨਹੀਂ ਹੈ। ਤਾਂ ਉਸ ਲਈ ਕੋਈ ਬਹਾਨਾ ਨਹੀਂ ਹੈ ਜੇ ਉਹ ਬੰਦਾ ਸਹੀ ਸਮੇਂ ਪਸਾਹ ਦਾ ਜਸ਼ਨ ਨਹੀਂ ਮਨਾਉਂਦਾ ਤਾਂ ਉਸ ਨੂੰ ਉਸ ਦੇ ਲੋਕਾਂ ਨਾਲੋਂ ਅਵੱਸ਼ ਹੀ ਵੱਖ ਕਰ ਦੇਣਾ ਚਾਹੀਦਾ ਹੈ। ਉਹ ਦੋਸ਼ੀ ਹੈ। ਅਤੇ ਉਸ ਨੂੰ ਅਵੱਸ਼ ਸਜ਼ਾ ਮਿਲਣੀ ਚਾਹੀਦੀ ਹੈ! ਕਿਉਂਕਿ ਉਸ ਨੇ ਯਹੋਵਾਹ ਨੂੰ ਆਪਣੀ ਸੁਗਾਤ ਸਹੀ ਸਮੇਂ ਨਹੀਂ ਦਿੱਤੀ।

14 “ਹੋ ਸੱਕਦਾ ਹੈ ਕਿ ਤੁਹਾਡੇ ਦਰਮਿਆਨ ਰਹਿਣ ਵਾਲਾ ਕੋਈ ਵਿਦੇਸ਼ੀ ਤੁਹਾਡੇ ਨਾਲ ਯਹੋਵਾਹ ਦੇ ਪਸਾਹ ਦੇ ਜਸ਼ਨ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੋਵੇ। ਇਸਦੀ ਇਜਾਜ਼ਤ ਹੈ। ਪਰ ਉਸ ਬੰਦੇ ਨੂੰ ਪਸਾਹ ਦੀਆਂ ਸਾਰੀਆਂ ਬਿਧੀਆ ਦਾ ਪਾਲਣ ਕਰਨਾ ਚਾਹੀਦਾ ਹੈ। ਹਰ ਕਿਸੇ ਲਈ ਉਹੀ ਬਿਧੀਆਂ ਹਨ।”

ਬੱਦਲ ਅਤੇ ਅੱਗ

15 ਉਸ ਦਿਨ ਪਵਿੱਤਰ ਤੰਬੂ, ਇਕਰਾਰਨਾਮੇ ਵਾਲਾ ਤੰਬੂ ਸਥਾਪਿਤ ਕੀਤਾ ਗਿਆ। ਯਹੋਵਾਹ ਦੇ ਬੱਦਲ ਨੇ ਇਸ ਨੂੰ ਕੱਜ ਲਿਆ। ਰਾਤ ਵੇਲੇ ਪਵਿੱਤਰ ਤੰਬੂ ਉੱਪਰਲਾ ਬੱਦਲ ਅੱਗ ਵਾਂਗ ਦਿਸਦਾ ਸੀ। 16 ਸਾਰਾ ਸਮਾਂ ਬੱਦਲ ਪਵਿੱਤਰ ਤੰਬੂ ਉੱਤੇ ਟਿਕਿਆ ਰਿਹਾ। ਅਤੇ ਰਾਤ ਵੇਲੇ ਬੱਦਲ ਅੱਗ ਵਾਂਗ ਨਜ਼ਰ ਆਇਆ। 17 ਜਦੋਂ ਬੱਦਲ ਪਵਿੱਤਰ ਤੰਬੂ ਉੱਤੋਂ ਆਪਣੀ ਥਾਂ ਤੋਂ ਹਿਲਿਆ, ਇਸਰਾਏਲੀਆਂ ਨੇ ਇਸਦਾ ਪਿੱਛਾ ਕੀਤਾ। ਜਦੋਂ ਬੱਦਲ ਠਹਿਰ ਗਿਆ, ਉਹੀ ਥਾਂ ਸੀ ਜਿੱਥੇ ਇਸਰਾਏਲੀਆਂ ਨੇ ਡੇਰਾ ਲਾਇਆ। 18 ਇਹੀ ਉਹ ਤਰੀਕਾ ਸੀ ਜਿਸ ਰਾਹੀਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਇਹ ਦਰਸਾਇਆ ਕਿ ਕਦੋਂ ਹਿੱਲਣਾ ਹੈ ਅਤੇ ਕਦੋਂ ਰੁਕਣਾ ਹੈ ਅਤੇ ਕਦੋਂ ਡੇਰਾ ਲਾਉਣਾ ਹੈ। ਜਦੋਂ ਬੱਦਲ ਪਵਿੱਤਰ ਤੰਬੂ ਉੱਤੇ ਰੁਕਿਆ ਹੋਇਆ ਸੀ ਲੋਕਾਂ ਨੇ ਉਸੇ ਥਾਂ ਉੱਤੇ ਡੇਰਾ ਲਾਈ ਰੱਖਿਆ। 19 ਕਦੇ ਬੱਦਲ ਪਵਿੱਤਰ ਤੰਬੂ ਉੱਤੇ ਦੇਰ ਤੱਕ ਰੁਕਿਆ ਰਹਿੰਦਾ ਸੀ। ਇਸਰਾਏਲੀਆਂ ਨੇ ਯਹੋਵਾਹ ਦਾ ਹੁਕਮ ਮੰਨਿਆ ਅਤੇ ਹਿੱਲੇ ਨਹੀਂ। 20 ਕਦੇ-ਕਦੇ ਬੱਦਲ ਪਵਿੱਤਰ ਤੰਬੂ ਉੱਤੇ ਸਿਰਫ਼ ਕੁਝ ਦਿਨਾ ਲਈ ਹੀ ਰੁਕਿਆ। ਇਸ ਲਈ ਲੋਕਾਂ ਨੇ ਯਹੋਵਾਹ ਦਾ ਆਦੇਸ਼ ਮੰਨਿਆ, ਉਨ੍ਹਾਂ ਨੇ ਉਦੋਂ ਬੱਦਲ ਦਾ ਪਿੱਛਾ ਕੀਤਾ ਜਦੋਂ ਇਹ ਹਿੱਲਿਆ। 21 ਕਦੇ-ਕਦੇ ਬੱਦਲ ਸਿਰਫ਼ ਰਾਤ ਦੌਰਾਨ ਰੁਕਿਆ ਅਗਲੀ ਸਵੇਰ ਬੱਦਲ ਹਿੱਲ ਗਿਆ। ਇਸ ਲਈ ਲੋਕਾਂ ਨੇ ਆਪਣੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਅਤੇ ਇਸਦਾ ਪਿੱਛਾ ਕੀਤਾ। ਜੇ ਬੱਦਲ ਦਿਨ ਵੇਲੇ ਜਾਂ ਰਾਤ ਵੇਲੇ ਹਿਲਿਆ, ਤਾਂ ਲੋਕਾਂ ਨੇ ਇਸਦਾ ਪਿੱਛਾ ਕੀਤਾ। 22 ਜੇ ਬੱਦਲ ਪਵਿੱਤਰ ਤੰਬੂ ਉੱਤੇ ਦੋ ਦਿਨ ਜਾਂ ਇੱਕ ਮਹੀਨਾ ਜਾਂ ਇੱਕ ਸਾਲ ਰੁਕਿਆ, ਲੋਕਾਂ ਨੇ ਯਹੋਵਾਹ ਦਾ ਹੁਕਮ ਮੰਨਣਾ ਜਾਰੀ ਰੱਖਿਆ। ਉਹ ਉਸ ਥਾਂ ਰੁਕੇ ਰਹੇ ਅਤੇ ਉਦੋਂ ਤੀਕ ਨਹੀਂ ਹਿੱਲੇ ਜਦੋਂ ਤੀਕ ਕਿ ਬੱਦਲ ਨਹੀਂ ਹਿਲਿਆ। ਫ਼ੇਰ ਜਦੋਂ ਬੱਦਲ ਆਪਣੀ ਥਾਂ ਤੋਂ ਉੱਠਿਆ ਅਤੇ ਹਿਲਿਆ, ਲੋਕ ਵੀ ਹਿੱਲੇ। 23 ਇਸ ਲਈ ਲੋਕਾਂ ਨੇ ਯਹੋਵਾਹ ਦੇ ਆਦੇਸ਼ਾਂ ਨੂੰ ਮੰਨਿਆ। ਉਹ ਰੁਕੇ ਰਹੇ ਜਦੋਂ ਯਹੋਵਾਹ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਆਖਿਆ। ਅਤੇ ਉਹ ਹਿੱਲ ਪਏ ਜਦੋਂ ਯਹੋਵਾਹ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਆਖਿਆ। ਲੋਕਾਂ ਨੇ ਬਹੁਤ ਗੌਰ ਨਾਲ ਦੇਖਿਆ ਅਤੇ ਯਹੋਵਾਹ ਵੱਲੋਂ ਮੂਸਾ ਨੂੰ ਦਿੱਤੇ ਆਦੇਸ਼ਾਂ ਨੂੰ ਮੰਨਿਆ।

ਚਾਂਦੀ ਦੀਆਂ ਤੁਰ੍ਹੀਆਂ

10 ਯਹੋਵਾਹ ਨੇ ਮੂਸਾ ਨੂੰ ਆਖਿਆ, “ਚਾਂਦੀ ਦੀ ਵਰਤੋਂ ਕਰੋ ਇਸ ਨੂੰ ਹਥੌੜਿਆਂ ਨਾਲ ਚੰਡਕੇ ਦੋ ਤੁਰ੍ਹੀਆਂ ਬਣਾਉ। ਇਹ ਤੁਰ੍ਹੀਆਂ ਲੋਕਾਂ ਨੂੰ ਇਕੱਠਿਆਂ ਕਰਨ ਲਈ ਹੋਣਗੀਆਂ ਅਤੇ ਉਨ੍ਹਾਂ ਨੂੰ ਇਹ ਦੱਸਣ ਲਈ ਹੋਣਗਿਆਂ ਕਿ ਕੂਚ ਦਾ ਸਮਾਂ ਆ ਚੁੱਕਿਆ ਹੈ। ਜੇ ਤੁਸੀਂ ਇਨ੍ਹਾਂ ਤੁਰ੍ਹੀਆਂ ਨੂੰ ਲੰਮੀ ਧੁਨ ਵਿੱਚ ਵਜਾਵੋਂਗੇ ਤਾਂ ਸਮੂਹ ਲੋਕਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਇਕੱਠੇ ਹੋ ਜਾਣਾ ਚਾਹੀਦਾ ਹੈ। ਜਦੋਂ ਤੁਸੀਂ ਲੰਮੀ ਧੁਨ ਵਿੱਚ ਸਿਰਫ਼ ਇੱਕ ਤੁਰ੍ਹੀ ਨੂੰ ਵਜਾਵੋਂ, ਤਾਂ ਹੀ ਆਗੂਆਂ ਨੂੰ ਤੁਹਾਨੂੰ ਮਿਲਣ ਲਈ ਆਉਣਾ ਚਾਹੀਦਾ ਹੈ। (ਇਹ ਆਗੂ ਇਸਰਾਏਲ ਦੇ 12 ਪਰਿਵਾਰ-ਸਮੂਹਾਂ ਵਿੱਚੋਂ ਹਨ।)

“ਤੁਰ੍ਹੀ ਨਾਲ ਪੈਦਾ ਕੀਤੀਆਂ ਗਈਆਂ ਛੋਟੀਆਂ ਧੁਨਾਂ ਲੋਕਾਂ ਨੂੰ ਡੇਰਾ ਉੱਠਾ ਲੈਣ ਦੀ ਸੂਚਨਾ ਹੋਵੇਗੀ। ਤੁਸੀਂ ਪਹਿਲੀ ਵਾਰ ਤੁਰ੍ਹੀਆਂ ਉੱਤੇ ਛੋਟੀ ਧੁਨ ਪੈਦਾ ਕਰੋਂਗੇ ਤਾਂ ਮੰਡਲੀ ਵਾਲੇ ਤੰਬੂ ਦੇ ਪੂਰਬ ਵਾਲੇ ਪਾਸੇ ਦੇ ਪਰਿਵਾਰ-ਸਮੂਹ ਡੇਰੇ ਤੋਂ ਚੱਲਣਾ ਸ਼ੁਰੂ ਕਰ ਦੇਣਗੇ। ਦੂਜੀ ਵਾਰੀ ਤੁਸੀਂ ਤੁਰ੍ਹੀਆਂ ਤੇ ਛੋਟੀ ਜਿਹੀ ਧੁਨ ਪੈਦਾ ਕਰੋਂਗੇ, ਮੰਡਲੀ ਵਾਲੇ ਤੰਬੂ ਦੇ ਦੱਖਣੀ ਪਾਸੇ ਵਾਲੇ ਪਰਿਵਾਰ-ਸਮੂਹ ਅੱਗੇ ਵੱਧਣਾ ਸ਼ੁਰੂ ਕਰਨਗੇ। ਪਰ ਜੇ ਤੁਸੀਂ ਲੋਕਾਂ ਨੂੰ ਖਾਸ ਮੰਡਲੀ ਵਿੱਚ ਇਕੱਠਿਆ ਕਰਨਾ ਚਾਹੁੰਦੇ ਹੋ ਤਾਂ ਤੁਰ੍ਹੀਆਂ ਨੂੰ ਵਖਰੇ ਢੰਗ ਨਾਲ ਵਜਾਉ, ਤੁਰ੍ਹੀ ਉੱਤੇ ਇੱਕ ਲੰਮੀ ਸਥਿਰ ਧੁਨ ਪੈਦਾ ਕਰੋ। ਸਿਰਫ਼ ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਹੀ ਤੁਰ੍ਹੀਆਂ ਵਜਾਉਣੀਆ ਚਾਹੀਦੀਆਂ ਹਨ। ਇਹ ਤੁਹਾਡੇ ਲਈ ਅਜਿਹੀ ਬਿਧੀ ਹੈ ਜਿਹੜਾ ਸਦਾ ਜਾਰੀ ਰਹੇਗਾ, ਆਉਣ ਵਾਲੀਆਂ ਪੀੜੀਆਂ ਤੀਕ।

“ਜੇ ਤੁਸੀਂ ਆਪਣੀ ਜ਼ਮੀਨ ਉੱਤੇ ਦੁਸ਼ਮਣ ਨਾਲ ਲੜ ਰਹੇ ਹੋ, ਤਾਂ ਉਨ੍ਹਾਂ ਨਾਲ ਜਾਕੇ ਲੜਨ ਤੋਂ ਪਹਿਲਾਂ ਉੱਚੀ ਅਵਾਜ਼ ਵਿੱਚ ਤੁਰ੍ਹੀ ਵਜਾਉ। ਤੁਹਾਡਾ ਯਹੋਵਾਹ ਪਰਮੇਸ਼ੁਰ ਆਵਾਜ਼ ਸੁਣੇਗਾ ਅਤੇ ਦੁਸ਼ਮਣਾ ਤੋਂ ਤੁਹਾਡੀ ਰੱਖਿਆ ਕਰੇਗਾ। 10 ਤੁਹਾਨੂੰ ਇਨ੍ਹਾਂ ਤੁਰ੍ਹੀਆਂ ਨੂੰ ਆਪਣੀਆਂ ਸਾਰੀਆਂ ਖਾਸ ਸਭਾਵਾਂ, ਮਹੀਨੇ ਦੇ ਪਹਿਲੇ ਦਿਨਾ ਉੱਤੇ ਅਤੇ ਤੁਹਾਡੀ ਖੁਸ਼ੀ ਦੇ ਸਰਿਆਂ ਮੌਕਿਆਂ ਉੱਤੇ ਵਜਾਉਣਾ ਚਾਹੀਦਾ ਹੈ। ਜਦੋਂ ਤੁਸੀਂ ਹੋਮ ਦੀਆਂ ਭੇਟਾ ਅਤੇ ਸੁੱਖ-ਸਾਂਦ ਦੀਆਂ ਭੇਟਾ ਚੜ੍ਹਾਵੋਂ ਤਾਂ ਤੁਰ੍ਹੀਆਂ ਵਜਾਉ। ਇਹ ਤੁਹਾਡੇ ਯਹੋਵਾਹ ਲਈ ਤੁਹਾਡੇ ਨਾਲ ਉਸ ਦੇ ਇਕਰਾਰਨਾਮੇ ਚੇਤੇ ਕਰਾਉਣ ਦਾ ਖਾਸ ਢੰਗ ਹੋਵੇਗਾ। ਮੈਂ ਤੁਹਾਨੂੰ ਅਜਿਹਾ ਕਰਨ ਦਾ ਆਦੇਸ਼ ਦਿੰਦਾ ਹਾਂ, ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”

ਇਸਰਾਏਲ ਦੇ ਲੋਕ ਆਪਣਾ ਡੇਰਾ ਅੱਗੇ ਵੱਧਾਉਂਦੇ ਹਨ

11 ਇਸਰਾਏਲ ਦੇ ਲੋਕਾਂ ਦੇ ਮਿਸਰ ਛੱਡਣ ਤੋਂ ਮਗਰੋਂ ਦੂਸਰੇ ਵਰ੍ਹੇ ਦੇ ਦੂਸਰੇ ਮਹੀਨੇ ਦੇ 20ਵੇਂ ਦਿਨ, ਇਕਰਾਰਨਾਮੇ ਵਾਲੇ ਤੰਬੂ ਤੋਂ ਬੱਦਲ ਉੱਠਿਆ। 12 ਇਸ ਲਈ ਇਸਰਾਏਲ ਦੇ ਲੋਕਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਉਨ੍ਹਾਂ ਨੇ ਸੀਨਈ ਦਾ ਮਾਰੂਥਲ ਛੱਡ ਦਿੱਤਾ ਅਤੇ ਉਦੋਂ ਤੱਕ ਸਫ਼ਰ ਕਰਦੇ ਰਹੇ ਜਦੋਂ ਤੱਕ ਕਿ ਬੱਦਲ ਪਾਰਾਨ ਦੇ ਮਾਰੂਥਲ ਵਿੱਚ ਠਹਿਰ ਨਹੀਂ ਗਿਆ। 13 ਇਹ ਪਹਿਲੀ ਵਾਰ ਸੀ ਜਦੋਂ ਲੋਕਾਂ ਨੇ ਆਪਣਾ ਡੇਰਾ ਅੱਗੇ ਤੋਂਰਿਆ। ਉਨ੍ਹਾਂ ਨੇ ਇਸ ਨੂੰ ਉਸੇ ਤਰ੍ਹਾਂ ਅੱਗੇ ਤੋਰਿਆ ਜਿਵੇਂ ਮੂਸਾ ਨੇ ਯਹੋਵਾਹ ਨੂੰ ਆਦੇਸ਼ ਦਿੱਤਾ ਸੀ।

14 ਯਹੂਦਾਹ ਦੇ ਡੇਰੇ ਦੇ ਤਿੰਨ ਟੋਲੇ ਪਹਿਲਾਂ ਗਏ। ਉਨ੍ਹਾਂ ਨੇ ਆਪਣੇ ਝੰਡੇ ਹੇਠਾਂ ਸਫ਼ਰ ਕੀਤਾ। ਪਹਿਲਾ ਟੋਲਾ ਯਹੂਦਾਹ ਦਾ ਪਰਿਵਾਰ-ਸਮੂਹ ਸੀ। ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਉਸ ਟੋਲੇ ਦਾ ਆਗੂ ਸੀ। 15 ਉਸਤੋਂ ਮਗਰੋਂ ਯਿੱਸਾਕਾਰ ਦਾ ਪਰਿਵਾਰ-ਸਮੂਹ ਆਇਆ। ਸੂਆਰ ਦਾ ਪੁੱਤਰ ਨਥਨਿਏਲ ਉਸ ਟੋਲੇ ਦਾ ਆਗੂ ਸੀ। 16 ਅਤੇ ਫ਼ੇਰ ਜ਼ਬੂਲੁਨ ਦੇ ਪਰਿਵਾਰ-ਸਮੂਹ ਦੀ ਵਾਰੀ ਆਈ। ਹੇਲੋਨ ਦਾ ਪੁੱਤਰ ਅਲੀਆਬ ਉਸ ਟੋਲੇ ਦਾ ਆਗੂ ਸੀ।

17 ਫ਼ੇਰ ਪਵਿੱਤਰ ਤੰਬੂ ਉਤਾਰਿਆ ਗਿਆ। ਅਤੇ ਗੇਰਸ਼ੋਨ ਅਤੇ ਮਰਾਰੀ ਪਰਿਵਾਰਾਂ ਦੇ ਆਦਮੀਆਂ ਨੇ ਪਵਿੱਤਰ ਤੰਬੂ ਨੂੰ ਚੁੱਕਿਆ। ਇਸ ਲਈ ਇਨ੍ਹਾਂ ਪਰਿਵਾਰਾਂ ਦੇ ਲੋਕ ਅਗਲੀ ਕਤਾਰ ਵਿੱਚ ਸਨ।

18 ਫ਼ੇਰ ਰਊਬੇਨ ਦੇ ਡੇਰੇ ਦੇ ਤਿੰਨ ਟੋਲੇ ਆਏ। ਉਨ੍ਹਾਂ ਨੇ ਆਪਣੇ ਝੰਡੇ ਹੇਠਾ ਸਫ਼ਰ ਕੀਤਾ। ਪਹਿਲਾ ਟੋਲਾ ਰਊਬੇਨ ਦਾ ਪਰਿਵਾਰ-ਸਮੂਹ ਸੀ। ਸ਼ਦੇਊਰ ਦਾ ਪੁੱਤਰ ਅਲੀਸੂਰ ਉਸ ਟੋਲੇ ਦਾ ਆਗੂ ਸੀ। 19 ਫ਼ੇਰ ਸ਼ਿਮੋਨ ਦੇ ਪਰਿਵਾਰ-ਸਮੂਹ ਦੀ ਵਾਰੀ ਸੀ। ਸੂਰੀਸ਼ੱਦਾਈ ਦਾ ਪੁੱਤਰ ਸ਼ਲੁਮੀਏਲ ਉਸ ਟੋਲੇ ਦਾ ਆਗੂ ਸੀ। 20 ਅਤੇ ਫ਼ੇਰ ਗਾਦ ਦਾ ਪਰਿਵਾਰ-ਸਮੂਹ ਆਇਆ। ਦਊਏਲ ਦਾ ਪੁੱਤਰ ਅਲਯਾਸਾਫ਼ ਉਸ ਟੋਲੇ ਦਾ ਆਗੂ ਸੀ। 21 ਫ਼ੇਰ ਕਹਾਥ ਪਰਿਵਾਰ ਸਮੂਹ ਆਇਆ। ਉਨ੍ਹਾਂ ਨੇ ਪਵਿੱਤਰ ਸਥਾਨ ਤੋਂ ਪਵਿੱਤਰ ਚੀਜ਼ਾਂ ਚੁੱਕੀਆਂ। ਉਹ ਇਸ ਸਮੇਂ ਇਸ ਲਈ ਆਏ ਤਾਂ ਜੋ ਬਾਕੀ ਲੋਕ ਪਵਿੱਤਰ ਤੰਬੂ ਨੂੰ ਨਵੇਂ ਸਥਾਨ ਉੱਤੇ ਸਥਾਪਿਤ ਕਰ ਸੱਕਣ ਅਤੇ ਉਨ੍ਹਾਂ ਦੇ ਉੱਥੇ ਆਉਣ ਤੋਂ ਪਹਿਲਾਂ ਇਸ ਨੂੰ ਤਿਆਰ ਕਰ ਸੱਕਣ।

22 ਇਸਤੋਂ ਅੱਗੇ ਅਫ਼ਰਾਈਮ ਦੇ ਡੇਰੇ ਵਿੱਚੋਂ ਤਿੰਨ ਟੋਲੇ ਆਏ। ਉਨ੍ਹਾਂ ਨੇ ਆਪਣੇ ਝੰਡੇ ਹੇਠਾਂ ਸਫ਼ਰ ਕੀਤਾ। ਪਹਿਲਾ ਟੋਲਾ ਅਫ਼ਰਾਈਮ ਦੇ ਪਰਿਵਾਰ ਵਿੱਚੋਂ ਸੀ। ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਇਸ ਟੋਲੇ ਦਾ ਆਗੂ ਸੀ। 23 ਫ਼ੇਰ ਮਨੱਸ਼ਹ ਦਾ ਪਰਿਵਾਰ-ਸਮੂਹ ਆਇਆ। ਪਦਾਹਸੂਰ ਦਾ ਪੁੱਤਰ ਗਮਲੀਏਲ ਉਸ ਸਮੂਹ ਦਾ ਆਗੂ ਸੀ। 24 ਫ਼ੇਰ ਬਿਨਯਾਮੀਨ ਦਾ ਪਰਿਵਾਰ-ਸਮੂਹ ਆਇਆ। ਗਿਦਓਨੀ ਦਾ ਪੁੱਤਰ ਅਬੀਦਾਨ ਇਸ ਟੋਲੇ ਦਾ ਆਗੂ ਸੀ।

25 ਅਗਲੀ ਕਤਾਰ ਵਿੱਚਲੇ ਤਿੰਨ ਆਖਰੀ ਪਰਿਵਾਰ-ਸਮੂਹ ਹੋਰ ਸਾਰੇ ਪਰਿਵਾਰ-ਸਮੂਹਾਂ ਪਿੱਛਲੇ ਦਸਤੇ ਵਿੱਚ ਸਨ। ਇਹ ਸਮੂਹ ਦਾਨ ਦੇ ਪਰਿਵਾਰ-ਸਮੂਹ ਦੇ ਡੇਰੇ ਵਿੱਚੋਂ ਸਨ। ਉਨ੍ਹਾਂ ਨੇ ਆਪਣੇ ਝੰਡੇ ਹੇਠਾਂ ਸਫ਼ਰ ਕੀਤਾ। ਪਹਿਲਾ ਸਮੂਹ ਦਾਨ ਦਾ ਪਰਿਵਾਰ-ਸਮੂਹ ਸੀ। ਅੰਮੀਸ਼ਦਾਈ ਦਾ ਪੁੱਤਰ ਅਹੀਅਜ਼ਰ ਉਨ੍ਹਾਂ ਦਾ ਆਗੂ ਸੀ। 26 ਫ਼ੇਰ ਆਸ਼ੇਰ ਦਾ ਪਰਿਵਾਰ-ਸਮੂਹ ਆਇਆ। ਆਕਰਾਨ ਦਾ ਪੁੱਤਰ ਪਗੀਏਲ ਉਸ ਟੋਲੇ ਦਾ ਆਗੂ ਸੀ। 27 ਫ਼ੇਰ ਨਫ਼ਤਾਲੀ ਦਾ ਪਰਿਵਾਰ-ਸਮੂਹ ਆਇਆ। ਏਨਾਨ ਦਾ ਪੁੱਤਰ ਅਹੀਰਾ ਉਸ ਟੋਲੇ ਦਾ ਆਗੂ ਸੀ। 28 ਇਹੀ ਉਹ ਢੰਗ ਸੀ ਜਦੋਂ ਇਸਰਾਏਲ ਦੇ ਲੋਕ ਇੱਕ ਥਾਂ ਤੋਂ ਦੂਸਰੀ ਥਾ ਜਾਣ ਬਾਰੇ ਪੇਸ਼ ਕਦਮੀ ਕਰਦੇ ਸਨ।

29 ਹੋਬਾਬ ਰਊਏਲ ਦਾ ਪੁੱਤਰ ਸੀ ਜਿਹੜਾ ਮਿਦਯਾਨੀ ਸੀ। (ਰਊਏਲ ਮੂਸਾ ਦਾ ਸੌਹਰਾ ਸੀ।) ਮੂਸਾ ਨੇ ਹੋਬਾਬ ਨੂੰ ਆਖਿਆ, “ਅਸੀਂ ਉਸ ਧਰਤੀ ਵੱਲ ਸਫ਼ਰ ਕਰ ਰਹੇ ਹਾਂ ਜਿਹੜੀ ਪਰਮੇਸ਼ੁਰ ਨੇ ਸਾਨੂੰ ਦੇਣ ਦਾ ਇਕਰਾਰ ਕੀਤਾ ਸੀ। ਸਾਡੇ ਨਾਲ ਆ ਜਾਉ ਅਤੇ ਅਸੀਂ ਤੁਹਾਡੇ ਨਾਲ ਚੰਗਾ ਸਲੂਕ ਕਰਾਂਗੇ। ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਚੰਗੀਆਂ ਚੀਜ਼ਾਂ ਦੇਣ ਦਾ ਇਕਰਾਰ ਕੀਤਾ ਹੈ।”

30 ਪਰ ਹੋਬਾਬ ਨੇ ਜਵਾਬ ਦਿੱਤਾ, “ਨਹੀਂ ਮੈਂ ਤੇਰੇ ਨਾਲ ਨਹੀਂ ਜਾਵਾਂਗਾ। ਮੈਂ ਆਪਣੀ ਮਾਤ੍ਰ ਭੂਮੀ ਵੱਲ ਜਾਵਾਂਗਾ ਅਤੇ ਆਪਣੇ ਲੋਕਾਂ ਕੋਲ ਜਾਵਾਂਗਾ।”

31 ਮੂਸਾ ਨੇ ਆਖਿਆ, “ਕਿਰਪਾ ਕਰਕੇ ਸਾਨੂੰ ਛੱਡ ਕੇ ਨਾ ਜਾਉ। ਤੁਸੀਂ ਮਾਰੂਥਲ ਬਾਰੇ ਸਾਡੇ ਨਾਲੋਂ ਜ਼ਿਆਦਾ ਜਾਣਦੇ ਹੋ। ਤੁਸੀਂ ਸਾਡੇ ਰਾਹ ਬਰ ਹੋ ਸੱਕਦੇ ਹੋ। 32 ਜੇ ਤੁਸੀਂ ਸਾਡੇ ਨਾਲ ਆਵੋਂਗੇ, ਤਾਂ ਅਸੀਂ ਤੁਹਾਡੇ ਨਾਲ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਾਂਝਿਆ ਕਰਾਂਗੇ, ਜਿਹੜੀਆਂ ਯਹੋਵਾਹ ਸਾਨੂੰ ਦੇਵੇਗਾ।”

33 ਇਸ ਲਈ ਹੋਬਾਬ ਮੰਨ ਗਿਆ ਅਤੇ ਉਨ੍ਹਾਂ ਨੇ ਯਹੋਵਾਹ ਦੇ ਪਹਾੜ ਤੋਂ ਆਪਣੀ ਯਾਤਰਾ ਅਰਂਭ ਕੀਤੀ। ਜਾਜਕਾਂ ਨੇ ਯਹੋਵਾਹ ਦੇ ਇਕਰਾਰਨਾਮੇ ਦਾ ਸੰਦੂਕ ਚੁੱਕਿਆ ਅਤੇ ਲੋਕਾਂ ਦੇ ਅੱਗੇ-ਅੱਗੇ ਤੁਰ ਪਏ। ਉਨ੍ਹਾਂ ਨੇ ਡੇਰਾ ਸਥਾਪਿਤ ਕਰਨ ਵਾਲੀ ਥਾਂ ਨੂੰ ਲੱਭਦਿਆਂ ਸੰਦੂਕ ਨੂੰ ਤਿੰਨਾ ਦਿਨਾਂ ਤੱਕ ਚੁੱਕੀ ਰੱਖਿਆ। 34 ਯਹੋਵਾਹ ਦਾ ਬੱਦਲ ਉਨ੍ਹਾਂ ਦੇ ਉੱਪਰ ਹਰ ਰੋਜ਼ ਸੀ। ਅਤੇ ਜਦੋਂ ਉਨ੍ਹਾਂ ਨੇ ਹਰ ਸਵੇਰੇ ਆਪਣਾ ਡੇਰਾ ਛੱਡਿਆ, ਬੱਦਲ ਉਨ੍ਹਾਂ ਦੀ ਅਗਵਾਈ ਲਈ ਉੱਥੇ ਹੀ ਸੀ।

35 ਜਦੋਂ ਲੋਕਾਂ ਨੇ ਪਵਿੱਤਰ ਸੰਦੂਕ ਨੂੰ ਡੇਰਾ ਚੁੱਕਣ ਲਈ ਉੱਠਾਇਆ, ਮੂਸਾ ਨੇ ਹਮੇਸ਼ਾ ਆਖਿਆ,

“ਉੱਠੋ ਯਹੋਵਾਹ ਜੀ!
    ਸਾਰੇ ਤੁਹਾਡੇ ਦੁਸ਼ਮਣ ਖਿੰਡ ਜਾਣ।
    ਸਾਰੇ ਤੁਹਾਡੇ ਦੁਸ਼ਮਣ ਤੁਹਾਡੇ ਕੋਲੋਂ ਦੂਰ ਭੱਜ ਜਾਣ।”

36 ਅਤੇ ਜਦੋਂ ਪਵਿੱਤਰ ਸੰਦੂਕ ਨੂੰ ਉਸਦੀ ਥਾਵੇਂ ਰੱਖਿਆ ਗਿਆ ਮੂਸਾ ਨੇ ਹਮੇਸ਼ਾ ਆਖਿਆ,

“ਵਾਪਸ ਆ ਜਾਉ, ਯਹੋਵਾਹ,
    ਇਸਰਾਏਲ ਦੇ ਲਖਾਂ ਲੋਕਾਂ ਕੋਲ।”

Punjabi Bible: Easy-to-Read Version (ERV-PA)

2010 by World Bible Translation Center