Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਲੇਵੀਆਂ ਦੀ ਪੋਥੀ 14-15

ਕੋੜ੍ਹੀ ਨੂੰ ਪਾਕ ਬਨਾਉਣ ਦੀਆਂ ਬਿਧੀਆਂ

14 ਯਹੋਵਾਹ ਨੇ ਮੂਸਾ ਨੂੰ ਆਖਿਆ, “ਉਨ੍ਹਾਂ ਲੋਕਾਂ ਲਈ ਇਹ ਬਿਧੀਆਂ ਹਨ ਜਿਨ੍ਹਾਂ ਨੂੰ ਚਮੜੀ ਦਾ ਰੋਗ ਹੋਇਆ ਅਤੇ ਫ਼ੇਰ ਰਾਜ਼ੀ ਹੋ ਗਏ। ਉਸ ਬੰਦੇ ਨੂੰ ਪਾਕ ਬਨਾਉਣ ਦੀਆਂ ਬਿਧੀਆਂ ਇਹ ਹਨ।

“ਉਸ ਬੰਦੇ ਨੂੰ ਜਾਜਕ ਕੋਲ ਲਿਆਂਦਾ ਜਾਣਾ ਚਾਹੀਦਾ ਹੈ। ਜਾਜਕ ਨੂੰ ਡੇਰੇ ਤੋਂ ਬਾਹਰ ਉਸ ਬੰਦੇ ਕੋਲ ਜਾਣਾ ਚਾਹੀਦਾ ਹੈ। ਜਾਜਕ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ ਕਿ ਚਮੜੀ ਦਾ ਰੋਗ ਹਟ ਗਿਆ ਹੈ ਜਾਂ ਨਹੀਂ। ਜੇ ਬੰਦਾ ਸਿਹਤਮੰਦ ਹੋ ਗਿਆ ਹੈ ਤਾਂ ਜਾਜਕ ਨੂੰ ਉਸ ਨੂੰ ਇਹ ਗੱਲਾਂ ਕਰਨ ਲਈ ਆਖਣਾ ਚਾਹੀਦਾ ਹੈ; ਉਸ ਬੰਦੇ ਨੂੰ ਦੋ ਜਿਉਂਦੇ ਪਾਕ ਪੰਛੀ ਲੈਣੇ ਚਾਹੀਦੇ ਹਨ। ਉਸ ਨੂੰ ਦਿਆਰ ਦੀ ਲੱਕੜੀ ਦਾ ਇੱਕ ਟੁਕੜਾ, ਲਾਲ ਕੱਪੜੇ ਦੀ ਇੱਕ ਟਾਕੀ ਅਤੇ ਜ਼ੁਫ਼ਾ ਲਿਆਉਣ ਚਾਹੀਦਾ ਹੈ। ਫ਼ੇਰ ਜਾਜਕ ਨੂੰ ਹੁਕਮ ਦੇਣਾ ਚਾਹੀਦਾ ਹੈ ਕਿ ਵਗਦੇ ਪਾਣੀ ਉੱਤੇ ਮਿੱਟੀ ਦੇ ਭਾਂਡੇ ਵਿੱਚ ਇੱਕ ਪੰਛੀ ਨੂੰ ਮਾਰਿਆ ਜਾਵੇ। ਜਾਜਕ ਨੂੰ ਦੂਸਰਾ ਪੰਛੀ, ਜਿਹੜਾ ਹਾਲੇ ਜਿਉਂਦਾ ਹੈ, ਅਤੇ ਦਿਆਰ ਦੀ ਲੱਕੜੀ ਦਾ ਟੁਕੜਾ, ਲਾਲ ਕੱਪੜੇ ਦੀ ਟਾਕੀ ਅਤੇ ਜ਼ੂਫ਼ਾ ਲੈਣਾ ਚਾਹੀਦਾ ਹੈ। ਉਸ ਨੂੰ ਉਹ ਜਿਉਂਦਾ ਪੰਛੀ ਅਤੇ ਦੂਸਰੀਆਂ ਚੀਜ਼ਾਂ ਨੂੰ ਉਸ ਪੰਛੀ ਦੇ ਖੂਨ ਵਿੱਚ ਡੁਬੋਣਾ ਚਾਹੀਦਾ ਹੈ ਜਿਹੜਾ ਵਗਦੇ ਪਾਣੀ ਉੱਤੇ ਮਾਰਿਆ ਗਿਆ ਸੀ। ਜਾਜਕ ਨੂੰ ਉਸ ਬੰਦੇ ਉੱਤੇ ਸੱਤ ਵਾਰੀ ਖੂਨ ਛਿੜਕਣਾ ਚਾਹੀਦਾ ਹੈ। ਜਿਸ ਨੂੰ ਚਮੜੀ ਦਾ ਰੋਗ ਸੀ। ਫ਼ੇਰ ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਪਾਕ ਹੈ। ਇਸਤੋਂ ਮਗਰੋਂ ਜਾਜਕ ਨੂੰ ਕਿਸੇ ਖੁਲ੍ਹੇ ਖੇਤ ਵੱਲ ਜਾਣਾ ਚਾਹੀਦਾ ਹੈ ਅਤੇ ਜਿਉਂਦੇ ਪੰਛੀ ਨੂੰ ਅਜ਼ਾਦ ਕਰ ਦੇਣਾ ਚਾਹੀਦਾ ਹੈ।

“ਫ਼ੇਰ ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ। ਉਸ ਨੂੰ ਆਪਣੇ ਸਾਰੇ ਵਾਲ ਮੁੱਨ ਲੈਣੇ ਚਾਹੀਦੇ ਹਨ। ਅਤੇ ਉਸ ਨੂੰ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਫ਼ੇਰ ਉਹ ਪਾਕ ਹੋ ਜਾਵੇਗਾ। ਫ਼ੇਰ ਉਹ ਬੰਦਾ ਡੇਰੇ ਵਿੱਚ ਜਾ ਸੱਕੇਗਾ। ਪਰ ਉਸ ਨੂੰ ਸੱਤ ਦਿਨ ਤੱਕ ਆਪਣੇ ਤੰਬੂ ਤੋਂ ਬਾਹਰ ਰਹਿਣਾ ਚਾਹੀਦਾ ਹੈ। ਸੱਤਵੇਂ ਦਿਨ, ਉਸ ਨੂੰ ਆਪਣੇ ਸਾਰੇ ਵਾਲ ਮੁਨਾ ਲੈਣੇ ਚਾਹੀਦੇ ਹਨ। ਉਸ ਨੂੰ ਆਪਣਾ ਸਿਰ, ਆਪਣੀ ਦਾਹੜੀ ਅਤੇ ਆਪਣੇ ਭਰਵੱਟੇ-ਹਾਂ ਸਾਰੇ ਹੀ ਵਾਲ ਮੁਨਾ ਲੈਣੇ ਚਾਹੀਦੇ ਹਨ। ਫ਼ੇਰ ਉਸ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ। ਫ਼ੇਰ ਉਹ ਪਾਕ ਹੋ ਜਾਵੇਗਾ।

10 “ਅੱਠਵੇਂ ਦਿਨ, ਜਿਸ ਬੰਦੇ ਨੂੰ ਚਮੜੀ ਦਾ ਰੋਗ ਸੀ, ਉਸ ਨੂੰ ਦੋ ਬੇਨੁਕਸ ਲੇਲੇ ਅਤੇ ਇੱਕ ਸਾਲ ਦੀ ਲੇਲੀ ਲਿਆਉਣੀ ਚਾਹੀਦੀ ਹੈ। ਉਸ ਬੰਦੇ ਨੂੰ ਤੇਲ ਮਿਲਿਆ 24 ਕੱਪ ਮੈਦਾ ਅਤੇ 2/3 ਪਿੰਟ ਜੈਤੂਨ ਦਾ ਤੇਲ ਵੀ ਲਿਆਉਣਾ ਚਾਹੀਦਾ ਹੈ। 11 ਜਾਜਕ ਨੂੰ ਉਸ ਬੰਦੇ ਨੂੰ ਅਤੇ ਉਸ ਦੀਆਂ ਬਲੀਆਂ ਨੂੰ ਯਹੋਵਾਹ ਦੇ ਸਾਹਮਣੇ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਤੇ ਲਿਆਉਣਾ ਚਾਹੀਦਾ ਹੈ। 12 ਜਾਜਕ ਲੇਲਿਆਂ ਵਿੱਚੋਂ ਇੱਕ ਨੂੰ ਦੋਸ਼ ਦੀ ਭੇਟ ਵਜੋਂ ਭੇਟ ਕਰੇਗਾ। ਉਹ ਉਸ ਲੇਲੇ ਅਤੇ ਤੇਲ ਨੂੰ ਯਹੋਵਾਹ ਦੇ ਅੱਗੇ ਹਿਲਾਉਣ ਦੀ ਭੇਟ ਵਜੋਂ ਚੜ੍ਹਾਵੇਗਾ। 13 ਫ਼ੇਰ ਉਹ ਜਾਜਕ ਉਸ ਲੇਲੇ ਨੂੰ ਪਵਿੱਤਰ ਸਥਾਨ ਵਿੱਚ ਉਸ ਥਾਂ ਤੇ ਮਾਰੇਗਾ ਜਿੱਥੇ ਪਾਪ ਦੀ ਭੇਟ ਅਤੇ ਹੋਮ ਦੀ ਭੇਟ ਨੂੰ ਮਾਰਿਆ ਜਾਂਦਾ ਹੈ। ਦੋਸ਼ ਦੀ ਭੇਟ ਪਾਪ ਦੀ ਭੇਟ ਵਰਗੀ ਹੀ ਹੈ। ਇਹ ਜਾਜਕ ਦੀ ਹੈ ਅਤੇ ਇਹ ਅੱਤ ਪਵਿੱਤਰ ਹੈ।

14 “ਜਾਜਕ ਦੋਸ਼ ਦੀ ਭੇਟ ਦਾ ਥੋੜਾ ਜਿਹਾ ਖੂਨ ਲਵੇਗਾ। ਜਾਜਕ ਇਸ ਵਿੱਚੋਂ ਥੋੜਾ ਜਿਹਾ ਖੂਨ ਉਸ ਬੰਦੇ ਦੇ ਸੱਜੇ ਕੰਨ ਦੀ ਕਰੂੰਬਲ ਉੱਤੇ ਲਾਵੇਗਾ ਜਿਸ ਨੂੰ ਪਾਕ ਬਣਾਇਆ ਜਾਣਾ ਹੈ। ਜਾਜਕ ਇਸ ਖੂਨ ਵਿੱਚੋਂ ਥੋੜਾ ਜਿਹਾ ਉਸ ਬੰਦੇ ਦੇ ਸੱਜੇ ਹੱਥ ਦੇ ਅੰਗੂਠੇ ਅਤੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਾਵੇਗਾ। 15 ਜਾਜਕ ਥੋੜਾ ਜਿਹਾ ਜੈਤੂਨ ਦਾ ਤੇਲ ਆਪਣੀ ਖੱਬੀ ਹਥੇਲੀ ਉੱਤੇ ਪਾਵੇਗਾ। 16 ਫ਼ੇਰ ਜਾਜਕ ਆਪਣੇ ਸੱਜੇ ਹੱਥ ਦੀ ਉਂਗਲੀ ਆਪਣੀ ਖੱਬੀ ਹਥੇਲੀ ਉੱਤੇ ਰੱਖੇ ਤੇਲ ਵਿੱਚ ਡੋਬੇਗਾ ਅਤੇ ਉਸ ਤੇਲ ਨੂੰ ਸੱਤ ਵਾਰੀ ਯਹੋਵਾਹ ਦੇ ਸਾਹਮਣੇ ਛਿੜਕੇਗਾ। 17 ਫ਼ੇਰ ਜਾਜਕ ਆਪਣੀ ਹਥੇਲੀ ਤੋਂ ਕੁਝ ਤੇਲ ਲਵੇਗਾ ਅਤੇ ਉਸ ਵਿਅਕਤੀ ਤੇ ਪਾਵੇਗਾ ਜਿਸ ਨੂੰ ਪਾਕ ਬਣਾਇਆ ਜਾਣਾ ਹੈ। ਉਹ ਇਸ ਤੇਲ ਨੂੰ ਉਸ ਬੰਦੇ ਦੇ ਸੱਜੇ ਕੰਨ ਦੀ ਪਿਪਲੀ ਉੱਤੇ, ਉਸ ਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਸ ਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਪਾਵੇਗਾ। ਉਹ ਇਸ ਤੇਲ ਨੂੰ ਉਸ ਖੂਨ ਦੇ ਉੱਤੇ ਪਾਵੇਗਾ ਜਿਹੜਾ ਪਹਿਲਾਂ ਹੀ ਇਨ੍ਹਾਂ ਥਾਵਾਂ ਉੱਤੇ ਪਾਇਆ ਗਿਆ ਸੀ। 18 ਜਾਜਕ ਆਪਣੀ ਹਥੇਲੀ ਤੇ ਬਚੇ ਹੋਏ ਤੇਲ ਨੂੰ ਉਸ ਬੰਦੇ ਦੇ ਸਿਰ ਤੇ ਪਾਵੇਗਾ ਜਿਸ ਨੂੰ ਪਾਕ ਬਣਾਇਆ ਜਾਣਾ ਹੈ। ਇਸ ਤਰ੍ਹਾਂ ਜਾਜਕ ਯਹੋਵਾਹ ਦੇ ਸਾਹਮਣੇ ਉਸ ਬੰਦੇ ਲਈ ਪਰਾਸਚਿਤ ਕਰੇਗਾ।

19-20 “ਫ਼ੇਰ ਜਾਜਕ ਨੂੰ ਪਾਕ ਬਣਾਏ ਜਾਣ ਵਾਲੇ ਬੰਦੇ ਲਈ ਇੱਕ ਪਾਪ ਦੀ ਭੇਟ ਚੜ੍ਹਾਉਣੀ ਚਾਹੀਦੀ ਹੈ। ਉਹ ਉਸ ਪਾਪ ਦੀ ਭੇਟ ਨੂੰ ਚੜ੍ਹਾਵੇਗਾ ਅਤੇ ਉਸ ਬੰਦੇ ਲਈ ਪਰਾਸਚਿਤ ਕਰੇਗਾ। ਇਸਤੋਂ ਮਗਰੋਂ, ਜਾਜਕ ਹੋਮ ਦੀ ਭੇਟ ਲਈ ਜਾਨਵਰ ਨੂੰ ਮਾਰੇਗਾ। ਫ਼ੇਰ ਉਹ ਜਗਵੇਦੀ ਉੱਤੇ ਹੋਮ ਦੀ ਭੇਟ ਅਤੇ ਅਨਾਜ ਦੀ ਭੇਟ ਚੜ੍ਹਾਵੇਗਾ। ਇਸ ਤਰ੍ਹਾਂ ਜਾਜਕ ਯਹੋਵਾਹ ਦੇ ਅੱਗੇ ਉਸ ਬੰਦੇ ਲਈ ਪਰਾਸਚਿਤ ਕਰੇਗਾ।

21 “ਪਰ ਜੇ ਬੰਦਾ ਗਰੀਬ ਹੈ ਅਤੇ ਉਨ੍ਹਾਂ ਚੜ੍ਹਾਵਿਆਂ ਦੀ ਉਸਦੀ ਪੁੱਜਤ ਨਹੀਂ ਤਾਂ ਉਸ ਨੂੰ ਦੋਸ਼ ਦੀ ਭੇਟ ਲਈ ਇੱਕ ਲੇਲਾ ਲੈਣਾ ਚਾਹੀਦਾ ਹੈ। ਇਹ ਹਿਲਾਉਣ ਦੀ ਭੇਟ ਹੋਵੇਗੀ ਤਾਂ ਜੋ ਜਾਜਕ ਉਸ ਬੰਦੇ ਨੂੰ ਸ਼ੁੱਧ ਬਣਾ ਸੱਕੇ। ਉਸ ਨੂੰ 8 ਕੱਪ ਤੇਲ ਮਿਲਿਆ ਮੈਦਾ ਲਿਆਉਣਾ ਚਾਹੀਦਾ ਹੈ। ਇਹ ਮੈਦਾ ਅਨਾਜ ਦੀ ਭੇਟ ਲਈ ਵਰਤਿਆ ਜਾਵੇਗਾ। ਉਸ ਬੰਦੇ ਨੂੰ 2/3 ਪਿੰਟ ਜੈਤੂਨ ਦਾ ਤੇਲ ਲਿਆਉਣਾ ਚਾਹੀਦਾ ਹੈ। 22 ਉਸ ਨੂੰ ਦੋ ਘੁੱਗੀ ਜਾਂ ਦੋ ਕਬੂਤਰ ਲਿਆਉਣੇ ਚਾਹੀਦੇ ਹਨ ਜਿਨ੍ਹਾਂ ਨੂੰ ਕੋਈ ਵੀ ਦੇ ਸੱਕਦਾ ਹੈ। ਇੱਕ ਪੰਛੀ ਪਾਪ ਦੀ ਭੇਟ ਲਈ ਅਤੇ ਦੂਸਰਾ ਹੋਮ ਦੀ ਭੇਟ ਲਈ ਹੋਵੇਗਾ।

23 “ਅੱਠਵੇਂ ਦਿਨ, ਉਹ ਬੰਦਾ ਜਾਜਕ ਕੋਲ ਇਹ ਚੀਜ਼ਾਂ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਤੇ ਯਹੋਵਾਹ ਦੇ ਸਾਹਮਣੇ ਲੈ ਕੇ ਆਵੇਗਾ। 24 ਜਾਜਕ ਦੋਸ਼ ਦੀ ਭੇਟ ਦੇ ਲੇਲੇ ਅਤੇ ਤੇਲ ਨੂੰ ਲਾਵੇਗਾ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਸਾਹਮਣੇ ਹਿਲਾਉਣ ਦੀ ਭੇਟ ਵਜੋਂ ਭੇਟ ਕਰੇਗਾ। 25 ਫ਼ੇਰ ਜਾਜਕ ਦੀ ਦੋਸ਼ ਦੀ ਭੇਟ ਵਾਲੇ ਲੇਲੇ ਨੂੰ ਮਾਰੇਗਾ। ਉਹ ਦੋਸ਼ ਦੀ ਭੇਟ ਦਾ ਥੋੜਾ ਜਿਹਾ ਖੂਨ ਲੈ ਕੇ ਉਸ ਬੰਦੇ ਦੇ ਸੱਜੇ ਕੰਨ ਦੀ ਪਪੜੀ ਉੱਤੇ ਲਾਵੇਗਾ ਜਿਸ ਨੂੰ ਪਾਕ ਬਣਾਇਆ ਜਾਣਾ ਹੈ। ਉਹ ਉਸ ਖੂਨ ਵਿੱਚੋਂ ਥੋੜਾ ਜਿਹਾ ਖੂਨ ਉਸ ਬੰਦੇ ਦੇ ਸੱਜੇ ਹੱਥ ਦੇ ਅੰਗੂਠੇ ਅਤੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਾਵੇਗਾ। 26 ਜਾਜਕ ਇਹ ਥੋੜਾ ਜਿਹਾ ਤੇਲ ਆਪਣੀ ਖੱਬੀ ਤਲੀ ਉੱਤੇ ਪਾਵੇਗਾ। 27 ਜਾਜਕ ਆਪਣੇ ਸੱਜੇ ਹੱਥ ਦੀ ਉਂਗਲੀ ਨਾਲ ਆਪਣੇ ਖੱਬੇ ਹੱਥ ਦੀ ਹਥੇਲੀ ਤੋਂ ਥੋੜਾ ਜਿਹਾ ਤੇਲ ਯਹੋਵਾਹ ਦੇ ਸਾਹਮਣੇ ਸੱਤ ਵਾਰੀ ਛਿੜਕੇਗਾ। 28 ਫ਼ੇਰ ਜਾਜਕ ਆਪਣੀ ਹਥੇਲੀ ਉਤਲੇ ਤੇਲ ਵਿੱਚੋਂ ਕੁਝ ਉਨ੍ਹਾਂ ਥਾਵਾਂ ਉੱਤੇ ਪਾਵੇਗਾ ਜਿੱਥੇ ਉਸ ਨੇ ਦੋਸ਼ ਦੀ ਭੇਟ ਦਾ ਖੂਨ ਪਾਇਆ ਸੀ। ਉਹ ਤੇਲ ਪਾਕ ਬਣਾਏ ਜਾਣ ਵਾਲੇ ਬੰਦੇ ਦੇ ਸੱਜੇ ਕੰਨ ਦੀ ਪਪੜੀ ਉੱਤੇ ਲਾਵੇਗਾ। ਉਹ ਕੁਝ ਤੇਲ ਉਸ ਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਕੁਝ ਤੇਲ ਉਸ ਬੰਦੇ ਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਾਵੇਗਾ। 29 ਜਾਜਕ ਆਪਣੀ ਹਥੇਲੀ ਤੇ ਬਚੇ ਹੋਏ ਤੇਲ ਨੂੰ ਪਾਕ ਬਣਾਏ ਜਾਣ ਵਾਲੇ ਬੰਦੇ ਦੇ ਸਿਰ ਉੱਤੇ ਪਾਵੇਗਾ। ਇਸ ਤਰ੍ਹਾਂ ਜਾਜਕ ਯਹੋਵਾਹ ਦੇ ਸਾਹਮਣੇ ਉਸ ਬੰਦੇ ਲਈ ਪਰਾਸਚਿਤ ਕਰੇਗਾ।

30 “ਫ਼ੇਰ ਜਾਜਕ ਘੁੱਗੀਆਂ ਜਾਂ ਕਬੂਤਰਾਂ ਵਿੱਚੋਂ ਇੱਕ ਨੂੰ ਭੇਟ ਕਰੇਗਾ। (ਉਸ ਨੂੰ ਉਹੀ ਭੇਟ ਕਰਨਾ ਚਾਹੀਦਾ ਹੈ ਜੋ ਕਿਸੇ ਬੰਦੇ ਦੀ ਪੁੱਜਤ ਹੈ।) 31 ਉਸ ਨੂੰ ਇਨ੍ਹਾਂ ਵਿੱਚੋਂ ਇੱਕ ਪੰਛੀ ਨੂੰ ਪਾਪ ਦੀ ਭੇਟ ਵਜੋਂ ਅਤੇ ਦੂਸਰੇ ਨੂੰ ਹੋਮ ਦੀ ਭੇਟ ਵਜੋਂ ਭੇਟ ਕਰਨਾ ਚਾਹੀਦਾ ਹੈ। ਉਸ ਨੂੰ ਪੰਛੀਆਂ ਨੂੰ ਅਨਾਜ ਦੀ ਭੇਟ ਦੇ ਨਾਲ ਭੇਟ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਜਾਜਕ ਉਸ ਬੰਦੇ ਲਈ ਪਰਾਸਚਿਤ ਕਰੇਗਾ ਜਿਹੜਾ ਯਹੋਵਾਹ ਦੇ ਸਾਹਮਣੇ ਪਾਕ ਬਣਾਇਆ ਜਾ ਰਿਹਾ।”

32 ਇਹ ਨੇਮ ਉਨ੍ਹਾਂ ਲੋਕਾਂ ਲਈ ਹਨ ਜਿਹੜੇ ਆਪਣੇ ਚਮੜੀ ਦੇ ਰੋਗਾਂ ਤੋਂ ਰਾਜੀ ਹੋਏ ਹਨ ਪਰ ਪਾਕ ਹੋਣ ਲਈ ਬਲੀਆਂ ਦੇਣ ਦੇ ਸਮਰਥ ਨਹੀਂ ਹਨ।

ਘਰ ਵਿੱਚਲੀ ਫ਼ਫ਼ੂੰਦ ਬਾਰੇ ਬਿਧੀਆਂ

33 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਇਹ ਵੀ ਆਖਿਆ, 34 “ਤੁਸੀਂ ਕਨਾਨ ਦੀ ਧਰਤੀ ਵਿੱਚ ਦਾਖਲ ਹੋਵੋਂਗੇ ਜਿਸ ਨੂੰ ਮੈਂ ਤੁਹਾਡੇ ਵਿਰਸੇ ਵਿੱਚੋਂ ਤੁਹਾਨੂੰ ਦੇ ਰਿਹਾ ਹਾਂ। ਉੱਥੇ ਮੈਂ ਕਿਸੇ ਬੰਦੇ ਦੇ ਘਰੇ ਫ਼ਫ਼ੂੰਦੀ ਉਗਾਉਣ ਦਾ ਕਾਰਣ ਬਣ ਸੱਕਦਾ ਹਾਂ। 35 ਜਿਹੜਾ ਬੰਦਾ ਉਸ ਘਰ ਦਾ ਮਾਲਕ ਹੈ ਉਸ ਨੂੰ ਜਾਜਕ ਕੋਲ ਆਕੇ ਇਹ ਆਖਣਾ ਚਾਹੀਦਾ ਹੈ, ‘ਮੈਨੂੰ ਆਪਣੇ ਘਰ ਵਿੱਚ ਫ਼ਫ਼ੂੰਦ ਵਰਗੀ ਕੋਈ ਚੀਜ਼ ਨਜ਼ਰ ਆਉਂਦੀ ਹੈ।’

36 “ਤਾਂ ਜਾਜਕ ਲੋਕਾਂ ਨੂੰ ਉਸ ਘਰ ਵਿੱਚੋਂ ਹਰ ਚੀਜ਼ ਨੂੰ ਬਾਹਰ ਕੱਢਣ ਦਾ ਹੁਕਮ ਦੇਵੇਗਾ। ਇਸਤੋਂ ਪਹਿਲਾਂ ਕਿ ਜਾਜਕ ਅੰਦਰ ਜਾਕੇ ਫ਼ਫ਼ੂੰਦ ਨੂੰ ਧਿਆਨ ਨਾਲ ਦੇਖੇਗਾ, ਲੋਕਾਂ ਨੂੰ ਇਹ ਗੱਲ ਜ਼ਰੂਰ ਕਰਨੀ ਚਾਹੀਦੀ ਹੈ। ਫ਼ੇਰ ਜਾਜਕ ਨੂੰ ਇਹ ਨਹੀਂ ਕਹਿਣਾ ਪਵੇਗਾ ਕਿ ਘਰ ਦੀ ਹਰ ਚੀਜ਼ ਪਲੀਤ ਹੈ। ਜਦੋਂ ਲੋਕ ਘਰ ਵਿੱਚੋਂ ਹਰ ਚੀਜ਼ ਬਾਹਰ ਕੱਢ ਹਟਣਗੇ, ਜਾਜਕ ਘਰ ਨੂੰ ਅੰਦਰ ਜਾਕੇ ਧਿਆਨ ਨਾਲ ਦੇਖੇਗਾ। 37 ਜਾਜਕ ਫ਼ਫ਼ੂੰਦੀ ਦਾ ਧਿਆਨ ਨਾਲ ਨਿਰੀਖਣ ਕਰੇਗਾ। ਜੇ ਘਰ ਦੀਆਂ ਕੰਧਾਂ ਤੇ ਉੱਗੀ ਫ਼ਫ਼ੂੰਦੀ ਵਿੱਚ ਹਰੇ ਰੰਗ ਦੇ ਜਾਂ ਲਾਲ ਰੰਗ ਦੇ ਛੇਕ ਹਨ, ਅਤੇ ਜੇ ਫ਼ਫ਼ੂੰਦੀ ਕੰਧ ਦੀ ਸਤਹ ਤੋਂ ਡੂੰਘੇਰੀ ਦਿਖਾਈ ਦਿੰਦੀ ਹੈ, 38 ਜਾਜਕ ਨੂੰ ਘਰ ਵਿੱਚੋਂ ਬਾਹਰ ਆ ਜਾਣਾ ਚਾਹੀਦਾ ਹੈ ਅਤੇ ਘਰ ਨੂੰ ਸੱਤ ਦਿਨਾਂ ਲਈ ਤਾਲਾ ਲਾ ਦੇਣਾ ਚਾਹੀਦਾ ਹੈ।

39 “ਸੱਤਵੇਂ ਦਿਨ, ਜਾਜਕ ਨੂੰ ਵਾਪਸ ਆਕੇ ਘਰ ਦੀ ਜਾਂਚ ਕਰਨੀ ਚਾਹੀਦੀ ਹੈ। ਜੇ ਫ਼ਫ਼ੂੰਦ ਘਰ ਦੀਆਂ ਕੰਧਾਂ ਉੱਤੇ ਫ਼ੈਲ ਗਈ ਹੈ, 40 ਤਾਂ ਜਾਜਕ ਨੂੰ ਲੋਕਾਂ ਨੂੰ ਹੁਕਮ ਦੇਣਾ ਚਾਹੀਦਾ ਹੈ ਕਿ ਉਹ ਫ਼ਫ਼ੂੰਦ ਲੱਗੇ ਪੱਥਰਾਂ ਨੂੰ ਖਿੱਚਕੇ ਬਾਹਰ ਸੁੱਟ ਦੇਣ। ਉਨ੍ਹਾਂ ਨੂੰ ਇਹ ਪੱਥਰ ਸ਼ਹਿਰ ਤੋਂ ਬਾਹਰ ਕਿਸੇ ਖਾਸ ਪਲੀਤ ਥਾਂ ਉੱਤੇ ਸੁੱਟਣੇ ਚਾਹੀਦੇ ਹਨ। 41 ਫ਼ੇਰ ਜਾਜਕ ਨੂੰ ਲੋਕਾਂ ਤੋਂ ਸਾਰੇ ਘਰ ਨੂੰ ਖੁਰਚਵਾ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਉਹ ਖੁਰਚਿਆ ਹੋਇਆ ਪਲਸਤਰ ਸ਼ਹਿਰ ਤੋਂ ਬਾਹਰ ਖਾਸ ਨਾਪਾਕ ਥਾਂ ਤੇ ਸੁੱਟ ਦੇਣਾ ਚਾਹੀਦਾ ਹੈ। 42 ਫ਼ੇਰ ਮਾਲਕ ਨੂੰ ਕੰਧਾਂ ਵਿੱਚ ਨਵੇਂ ਪੱਥਰ ਲਾਉਣੇ ਚਾਹੀਦੇ ਹਨ ਅਤੇ ਇਨ੍ਹਾਂ ਕੰਧਾਂ ਉੱਤੇ ਨਵਾਂ ਪਲਸਤਰ ਕਰਨਾ ਚਾਹੀਦਾ ਹੈ।

43 “ਹੋ ਸੱਕਦਾ ਹੈ ਕਿ ਕੋਈ ਬੰਦਾ ਪੁਰਾਣੇ ਪੱਥਰਾਂ ਅਤੇ ਪਲਸਤਰ ਨੂੰ ਚੁੱਕ ਲਵੇ ਅਤੇ ਨਵੇਂ ਪੱਥਰਾਂ ਅਤੇ ਪਲਸਤਰ ਵਿੱਚ ਮਿਲਾ ਦੇਵੇ। ਅਤੇ ਹੋ ਸੱਕਦਾ ਹੈ ਕਿ ਉਸ ਘਰ ਵਿੱਚ ਫ਼ਫ਼ੂੰਦ ਇੱਕ ਵਾਰ ਫ਼ੇਰ ਦਿਖਾਈ ਦੇਵੇ। 44 ਤਾਂ ਜਾਜਕ ਨੂੰ ਅੰਦਰ ਆਕੇ ਘਰ ਦੀ ਜਾਂਚ ਕਰਨੀ ਚਾਹੀਦੀ ਹੈ। ਜੇਕਰ ਫ਼ਫ਼ੂੰਦੀ ਘਰ ਵਿੱਚ ਫ਼ੈਲ ਗਈ ਹੈ, ਇਹ ਨੁਕਸਾਨਦੇਹ ਫ਼ਫ਼ੂੰਦੀ ਹੈ। ਇਸ ਲਈ ਉਹ ਘਰ ਪਲੀਤ ਹੈ। 45 ਉਸ ਬੰਦੇ ਨੂੰ ਘਰ, ਇਸਦੇ ਪੱਥਰ, ਇਸ ਦੀਆਂ ਲੱਕੜਾਂ ਅਤੇ ਇਸਦਾ ਸਾਰਾ ਪਲਸਤਰ ਉਧੇੜ ਦੇਣਾ ਚਾਹੀਦਾ ਹੈ। ਲੋਕਾਂ ਨੂੰ ਘਰ ਦਾ ਸਾਰਾ ਮਲਬਾ ਸ਼ਹਿਰ ਤੋਂ ਬਾਹਰ ਖਾਸ ਪਲੀਤ ਥਾਂ ਤੇ ਸੁੱਟ ਦੇਣਾ ਚਾਹੀਦਾ ਹੈ। 46 ਕੋਈ ਵੀ ਬੰਦਾ ਜੋ ਉਸ ਘਰ ਵਿੱਚ ਜਾਂਦਾ ਹੈ ਜਦ ਉਹ ਘਰ ਬੰਦ ਪਿਆ ਹੋਵੇ, ਤਾਂ ਉਹ ਬੰਦਾ ਸ਼ਾਮ ਤੱਕ ਪਲੀਤ ਰਹੇਗਾ। 47 ਜੇ ਕੋਈ ਬੰਦਾ ਉਸ ਘਰ ਵਿੱਚ ਭੋਜਨ ਕਰਦਾ ਹੈ ਜਾਂ ਲੇਟ ਜਾਂਦਾ ਹੈ, ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ।

48 “ਜਦੋਂ ਕਿਸੇ ਘਰ ਵਿੱਚ ਨਵੇਂ ਪੱਥਰ ਤੇ ਚੂਨਾ ਲੱਗ ਜਾਵੇ, ਜਾਜਕ ਨੂੰ ਉਸ ਘਰ ਦੀ ਜਾਂਚ ਕਰਨੀ ਚਾਹੀਦੀ ਹੈ। ਜੇ ਘਰ ਵਿੱਚ ਫ਼ਫ਼ੂੰਦ ਨਹੀਂ ਫ਼ੈਲੀ ਹੋਈ ਤਾਂ ਜਾਜਕ ਇਹ ਐਲਾਨ ਕਰੇਗਾ ਕਿ ਘਰ ਪਾਕ ਹੈ। ਕਿਉਂਕਿ ਫ਼ਫ਼ੂੰਦ ਚਲੀ ਗਈ ਹੈ।

49 “ਫ਼ੇਰ, ਘਰ ਨੂੰ ਪਾਕ ਬਨਾਉਣ ਲਈ, ਜਾਜਕ ਨੂੰ ਦੋ ਪੰਛੀ, ਦਿਆਰ ਦੀ ਲੱਕੜ ਦਾ ਇੱਕ ਟੁਕੜਾ ਅਤੇ ਲਾਲ ਕੱਪੜੇ ਦੀ ਟਾਕੀ ਅਤੇ ਜ਼ੂਫ਼ਾ ਲੈਣਾ ਚਾਹੀਦਾ ਹੈ। 50 ਜਾਜਕ ਇੱਕ ਪੰਛੀ ਨੂੰ ਵਗਦੇ ਪਾਣੀ ਉੱਤੇ ਮਿੱਟੀ ਦੇ ਬਰਤਨ ਵਿੱਚ ਜ਼ਿਬਹ ਕਰੇਗਾ। 51 ਫ਼ੇਰ ਜਾਜਕ ਦਿਆਰ ਦੀ ਲੱਕੜ, ਜ਼ੂਫ਼ਾ, ਲਾਲ ਕੱਪੜੇ ਦੀ ਟਾਕੀ ਅਤੇ ਜਿਉਂਦੇ ਪੰਛੀ ਨੂੰ ਲਵੇਗਾ। ਉਹ ਇਨ੍ਹਾਂ ਚੀਜ਼ਾਂ ਨੂੰ ਉਸ ਪੰਛੀ ਦੇ ਖੂਨ ਵਿੱਚ ਡੁਬੋਵੇਗਾ ਜਿਸ ਨੂੰ ਵਗਦੇ ਪਾਣੀ ਵਿੱਚ ਮਾਰਿਆ ਗਿਆ ਸੀ। ਫ਼ੇਰ ਉਹ ਖੂਨ ਨੂੰ ਸੱਤ ਵਾਰੀ ਉਸ ਘਰ ਉੱਤੇ ਛਿੜਕੇਗਾ। 52 ਜਾਜਕ ਉਨ੍ਹਾਂ ਚੀਜ਼ਾਂ ਦੀ ਇਹ ਵਰਤੋਂ ਘਰ ਨੂੰ ਪਾਕ ਬਨਾਉਣ ਲਈ ਕਰੇਗਾ। 53 ਜਾਜਕ ਸ਼ਹਿਰ ਤੋਂ ਬਾਹਰ ਖੁਲ੍ਹੇ ਖੇਤਾਂ ਵਿੱਚ ਜਾਵੇਗਾ ਅਤੇ ਜਿਉਂਦੇ ਪੰਛੀ ਨੂੰ ਉਡਾ ਦੇਵੇਗਾ। ਇਸ ਤਰ੍ਹਾਂ, ਜਾਜਕ ਉਸ ਘਰ ਲਈ ਪਰਾਸਚਿਤ ਕਰੇਗਾ ਅਤੇ ਇਸ ਨੂੰ ਪਾਕ ਘੋਸ਼ਿਤ ਕਰ ਦੇਵੇਗਾ।”

54 ਇਹ ਨੇਮ ਕੋੜ੍ਹ ਦੀ ਕਿਸੇ ਵੀ ਛੂਤ ਲਈ, 55 ਕੱਪੜਿਆਂ ਉੱਤੇ ਜਾਂ ਘਰ ਵਿੱਚ ਲਗੀ ਫ਼ਫ਼ੂੰਦ ਲਈ ਹਨ। 56 ਇਹ ਨੇਮ ਚਮੜੀ ਉੱਤੇ ਉਭਰੀ ਸੋਜ਼ਿਸ਼, ਪਪੜੀ ਜਾਂ ਚਮਕੀਲੇ ਧਬਿਆਂ ਲਈ ਹਨ। 57 ਇਹ ਨੇਮ ਸਿੱਖਾਉਂਦੇ ਹਨ ਕਿ ਕਦੋਂ ਚੀਜ਼ਾਂ ਨਾਪਾਕ ਹੁੰਦੀਆਂ ਹਨ ਅਤੇ ਕਦੋਂ ਚੀਜ਼ਾਂ ਪਲੀਤ ਹੁੰਦੀਆਂ ਹਨ। ਇਹ ਇਸ ਤਰ੍ਹਾਂ ਦੀਆਂ ਬਿਮਾਰੀਆਂ ਲਈ ਨੇਮ ਹਨ।

ਪ੍ਰਮੇਹ ਦੇ ਰੋਗਾਂ ਬਾਰੇ ਬਿਧੀਆਂ

15 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਇਹ ਵੀ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਆਖੋ; ਜਦੋਂ ਕਿਸੇ ਬੰਦੇ ਦੇ ਸ਼ਰੀਰ ਵਿੱਚੋਂ ਦ੍ਰਵ ਨਿਕਲ ਰਿਹਾ ਹੋਵੇ, ਤਾਂ ਉਹ ਪਲੀਤ ਹੈ। ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਉਸ ਦੇ ਸ਼ਰੀਰ ਵਿੱਚੋਂ ਇਹ ਚੀਜ਼ ਵਗਣਾ ਜਾਰੀ ਰੱਖਦੀ ਹੈ ਜਾਂ ਉਸਦਾ ਸ਼ਰੀਰ ਇਸ ਨੂੰ ਵਗਣ ਤੋਂ ਰੋਕ ਦਿੰਦਾ ਹੈ।

“ਜੇ ਉਹ ਬੰਦਾ, ਜਿਸਦੇ ਸ਼ਰੀਰ ਵਿੱਚੋਂ ਕੋਈ ਚੀਜ਼ ਵਗਦੀ ਹੈ, ਕਿਸੇ ਬਿਸਤਰੇ ਉੱਤੇ ਲੇਟਿਆ ਹੈ, ਤਾਂ ਉਹ ਬਿਸਤਰਾ ਪਲੀਤ ਹੋ ਜਾਂਦਾ ਹੈ। ਉਹ ਹਰ ਚੀਜ਼, ਜਿਸ ਉੱਤੇ ਉਹ ਬੰਦਾ ਬੈਠਦਾ ਹੈ, ਪਲੀਤ ਹੋ ਜਾਂਦੀ ਹੈ। ਜੇ ਕੋਈ ਉਸ ਬੰਦੇ ਦੇ ਬਿਸਤਰੇ ਨੂੰ ਛੂਹ ਲੈਂਦਾ ਹੈ, ਉਸ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਆਪਣੇ-ਆਪ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ। ਜੇ ਕੋਈ ਬੰਦਾ ਕਿਸੇ ਐਸੀ ਚੀਜ਼ ਉੱਤੇ ਬੈਠਦਾ ਹੈ ਜਿਸ ਉੱਤੇ ਵਗਦੀ ਹੋਈ ਚੀਜ਼ ਵਾਲਾ ਬੰਦਾ ਬੈਠਿਆ ਸੀ ਤਾਂ ਉਸ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ। ਇਸਤੋਂ ਇਲਾਵਾ, ਜੇ ਕੋਈ ਬੰਦਾ ਪ੍ਰਮੇਹ ਵਾਲੇ ਬੰਦੇ ਨੂੰ ਛੂਹ ਲੈਂਦਾ ਹੈ ਤਾਂ ਉਸ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ। ਜੇ ਕੋਈ ਪ੍ਰਮੇਹ ਵਾਲਾ ਬੰਦਾ ਕਿਸੇ ਪਾਕ ਬੰਦੇ ਉੱਤੇ ਥੁੱਕ ਸੁੱਟਦਾ ਹੈ ਤਾਂ ਉਸ ਪਾਕ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਇਹ ਬੰਦਾ ਸ਼ਾਮ ਤੱਕ ਪਲੀਤ ਰਹੇਗਾ। ਸਵਾਰੀ ਕਰਦੇ ਵਕਤ ਪ੍ਰਮੇਹ ਵਾਲਾ ਬੰਦਾ ਜਿਸ ਕਾਸੇ ਤੇ ਵੀ ਬੈਠਦਾ ਹੈ ਪਲੀਤ ਹੋ ਜਾਂਦੀ ਹੈ। 10 ਇਸ ਲਈ ਜੋ ਵੀ ਬੰਦਾ ਉਨ੍ਹਾਂ ਚੀਜ਼ਾਂ ਨੂੰ ਛੂਹ ਲੈਂਦਾ ਹੈ ਜਿਹੜੀਆਂ ਪ੍ਰਮੇਹ ਵਾਲੇ ਬੰਦੇ ਦੇ ਹੇਠਾਂ ਸਨ, ਸ਼ਾਮ ਤੱਕ ਪਲੀਤ ਰਹੇਗਾ। ਜਿਹੜਾ ਬੰਦਾ ਇਨ੍ਹਾਂ ਚੀਜ਼ਾਂ ਨੂੰ ਚੁੱਕਦਾ ਜਿਹੜੀਆਂ ਪ੍ਰਮੇਹ ਵਾਲੇ ਬੰਦੇ ਦੇ ਹੇਠਾਂ ਸਨ ਉਸ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਆਪਣੇ-ਆਪ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਉਹ ਸ਼ਾਮ ਤੀਕ ਪਲੀਤ ਰਹੇਗਾ। 11 ਅਜਿਹਾ ਵੀ ਵਾਪਸ ਸੱਕਦਾ ਹੈ ਕਿ ਪ੍ਰਮੇਹ ਵਾਲੇ ਬੰਦੇ ਨੇ ਆਪਣੇ ਹੱਥ ਨਹੀਂ ਧੋਤੇ ਅਤੇ ਕਿਸੇ ਦੂਸਰੇ ਬੰਦੇ ਨੂੰ ਛੂਹ ਲਿਆ ਹੋਵੇ। ਤਾਂ ਦੂਸਰੇ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ।

12 “ਪਰ ਜੇ ਕੋਈ ਪ੍ਰਮੇਹ ਵਾਲਾ ਬੰਦਾ ਕਿਸੇ ਮਿੱਟੀ ਦੇ ਭਾਂਡੇ ਨੂੰ ਛੂਹ ਲੈਂਦਾ ਹੈ, ਤਾਂ ਉਹ ਭਾਂਡਾ ਤੋੜ ਦੇਣਾ ਚਾਹੀਦਾ ਹੈ। ਜੇ ਕੋਈ ਪ੍ਰਮੇਹ ਵਾਲਾ ਬੰਦਾ ਕਿਸੇ ਲੱਕੜ ਦੇ ਬਰਤਨ ਨੂੰ ਛੂਹ ਲੈਂਦਾ ਹੈ ਤਾਂ ਉਸ ਬਰਤਨ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ।

13 “ਜਦੋਂ ਕੋਈ ਪ੍ਰਮੇਹ ਵਾਲਾ ਬੰਦਾ ਪਾਕ ਬਣਾਏ ਜਾਣ ਲਈ ਤਿਆਰ ਹੁੰਦਾ ਹੈ, ਉਸ ਨੂੰ ਪਾਕ ਬਣਾਏ ਜਾਣ ਤੋਂ ਪਹਿਲਾਂ ਸੱਤ ਦਿਨ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ। ਫ਼ੇਰ ਉਸ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਵਗਦੇ ਪਾਣੀ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ। ਫ਼ੇਰ ਉਹ ਪਾਕ ਹੋ ਜਾਵੇਗਾ। 14 ਅੱਠਵੇਂ ਦਿਨ, ਉਹ ਬੰਦਾ ਦੋ ਘੁੱਗੀਆਂ ਜਾਂ ਦੋ ਕਬੂਤਰ ਲੈ ਕੇ ਆਵੇ। ਉਸ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਤੇ ਯਹੋਵਾਹ ਦੇ ਸਾਹਮਣੇ ਆਉਣਾ ਚਾਹੀਦਾ ਹੈ। ਉਹ ਦੋਵੇਂ ਪੰਛੀ ਜਾਜਕ ਨੂੰ ਦੇਵੇਗਾ। 15 ਜਾਜਕ ਪੰਛੀਆਂ ਨੂੰ, ਇੱਕ ਨੂੰ ਪਾਪ ਦੀ ਭੇਟ ਵਜੋਂ ਅਤੇ ਦੂਸਰੇ ਨੂੰ ਹੋਮ ਦੀ ਭੇਟ ਵਜੋਂ ਚੜ੍ਹਾਵੇਗਾ। ਇਸ ਤਰ੍ਹਾਂ, ਜਾਜਕ ਯਹੋਵਾਹ ਦੇ ਸਾਹਮਣੇ ਉਸ ਬੰਦੇ ਲਈ ਪਰਾਸਚਿਤ ਕਰੇਗਾ।

ਆਦਮੀਆਂ ਲਈ ਬਿਧੀਆਂ

16 “ਜੇਕਰ ਕੋਈ ਬੰਦਾ ਵੀਰਜ ਵਗਾਉਂਦਾ, ਉਸ ਨੂੰ ਆਪਣੇ-ਆਪ ਨੂੰ ਪਾਣੀ ਵਿੱਚ ਪੂਰੀ ਤਰ੍ਹਾਂ ਧੋਣਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ। 17 ਜੇ ਵੀਰਜ ਕਿਸੇ ਕੱਪੜੇ ਜਾਂ ਚਮੜੇ ਉੱਤੇ ਹੈ, ਇਸ ਨੂੰ ਪਾਣੀ ਨਾਲ ਧੋਤਾ ਜਾਣਾ ਚਾਹੀਦਾ ਹੈ। ਇਹ ਸ਼ਾਮ ਤੱਕ ਪਲੀਤ ਰਹੇਗਾ। 18 ਜੇ ਕੋਈ ਬੰਦਾ ਕਿਸੇ ਔਰਤ ਨਾਲ ਸੰਭੋਗ ਕਰਦਾ ਹੈ, ਆਦਮੀ ਤੇ ਔਰਤ, ਦੋਹਾਂ ਨੂੰ ਆਪਣੇ-ਆਪ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹਿਣਗੇ।

ਔਰਤਾਂ ਲਈ ਬਿਧੀਆਂ

19 “ਜੇ ਕਿਸੇ ਔਰਤ ਦਾ ਮਾਹਵਾਰੀ ਸਮੇਂ ਖੂਨ ਵਗਦਾ ਹੈ, ਤਾਂ ਉਹ ਸੱਤ ਦਿਨਾਂ ਤੱਕ ਪਲੀਤ ਰਹੇਗੀ। ਜੇ ਕੋਈ ਬੰਦਾ ਉਸ ਨੂੰ ਛੂਹ ਲੈਂਦਾ ਹੈ, ਤਾਂ ਉਹ ਬੰਦਾ ਸ਼ਾਮ ਤੱਕ ਪਲੀਤ ਰਹੇਗਾ। 20 ਇਸਤੋਂ ਇਲਾਵਾ ਹਰ ਉਹ ਚੀਜ਼ ਜਿਸ ਉੱਤੇ ਮਾਹਵਾਰੀ ਸਮੇਂ ਵਾਲੀ ਔਰਤ ਲੇਟਦੀ ਹੈ। ਪਲੀਤ ਹੋ ਜਾਵੇਗੀ। ਅਤੇ ਹਰ ਉਹ ਚੀਜ਼, ਜਿਸ ਉੱਤੇ ਉਹ ਉਸ ਸਮੇਂ ਦੌਰਾਨ ਬੈਠਦੀ ਹੈ, ਪਲੀਤ ਹੋ ਜਾਵੇਗੀ। 21 ਜੇ ਕੋਈ ਬੰਦਾ ਉਸ ਔਰਤ ਦੇ ਬਿਸਤਰੇ ਨੂੰ ਛੂੰਹਦਾ ਹੈ, ਉਸ ਬੰਦੇ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਵਿੱਚ ਨਹਾਉਣਾ ਚਾਹੀਦਾ ਹੈ। ਉਹ ਸ਼ਾਮ ਤੀਕ ਪਲੀਤ ਰਹੇਗਾ। 22 ਜੇ ਕੋਈ ਵੀ ਕਿਸੇ ਅਜਿਹੀ ਚੀਜ਼ ਨੂੰ ਛੂੰਹਦਾ ਹੈ ਜਿਸ ਉੱਤੇ ਉਹ ਔਰਤ ਬੈਠੀ ਸੀ, ਉਸ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਆਪਣੇ-ਆਪ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ? ਉਹ ਸ਼ਾਮ ਤੱਕ ਪਲੀਤ ਰਹੇਗਾ। 23 ਜੇ ਕੋਈ ਬੰਦਾ ਕਿਸੇ ਉਸ ਚੀਜ਼ ਨੂੰ ਛੂੰਹਦਾ ਜੋ ਬਿਸਤਰੇ ਉੱਤੇ ਸੀ ਜਾਂ ਜਿਸ ਉੱਤੇ ਉਹ ਬੈਠੀ ਹੋਈ ਸੀ, ਉਹ ਸ਼ਾਮ ਤੱਕ ਪਲੀਤ ਰਹੇਗਾ।

24 “ਜੇ ਕੋਈ ਆਦਮੀ ਕਿਸੇ ਔਰਤ ਨਾਲ ਉਸ ਦੇ ਮਾਹਵਾਰੀ ਸਮੇਂ ਦੌਰਾਨ, ਸੰਭੋਗ ਕਰਦਾ ਹੈ, ਉਹ ਸੱਤਾਂ ਦਿਨਾਂ ਤੱਕ ਪਲੀਤ ਰਹੇਗਾ। ਹਰ ਉਹ ਬਿਸਤਰ ਜਿਸ ਉੱਤੇ ਉਹ ਆਦਮੀ ਸੌਵੇਗਾ, ਪਲੀਤ ਹੋਵੇਗਾ।

25 “ਜੇ ਕਿਸੇ ਔਰਤ ਨੂੰ ਬਹੁਤ ਦਿਨ ਲਈ ਖੂਨ ਪੈਂਦਾ ਹੈ, ਆਪਣੇ ਮਾਹਵਾਰੀ ਸਮੇਂ ਤੋਂ ਬਿਨਾ, ਜਾਂ ਜੇ ਉਸ ਨੂੰ ਮਾਹਵਾਰੀ ਦੇ ਸਮੇਂ ਤੋਂ ਵੱਧ ਖੂਨ ਪੈਂਦਾ ਹੈ, ਤਾਂ ਉਹ ਮਾਹਵਾਰੀ ਸਮੇਂ ਵਾਂਗ ਹੀ ਪਲੀਤ ਹੋਵੇਗੀ। 26 ਖੂਨ ਪੈਣ ਦੇ ਸਮੇਂ ਦੌਰਾਨ ਜਿਹੜੇ ਬਿਸਤਰੇ ਉੱਤੇ ਉਹ ਔਰਤ ਲੇਟਦੀ ਹੈ ਉਹ ਉਸ ਦੇ ਮਾਹਵਾਰੀ ਸਮੇਂ ਦੇ ਬਿਸਤਰੇ ਵਰਗਾ ਹੀ ਹੋਵੇਗਾ। ਹਰ ਉਹ ਚੀਜ਼ ਜਿਸ ਉੱਤੇ ਉਹ ਔਰਤ ਬੈਠਦੀ ਹੈ ਉਹ ਉਸੇ ਤਰ੍ਹਾਂ ਪਲੀਤ ਹੋਵੇਗੀ ਜਿਵੇਂ ਉਹ ਮਾਹਵਾਰੀ ਦੇ ਦੌਰਾਨ ਹੁੰਦੀ ਹੈ। 27 ਜੇ ਕੋਈ ਬੰਦਾ ਉਨ੍ਹਾਂ ਚੀਜ਼ਾਂ ਨੂੰ ਛੂੰਹਦਾ ਹੈ ਤਾਂ ਉਹ ਬੰਦਾ ਪਲੀਤ ਹੋਵੇਗਾ। ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਪਾਣੀ ਨਾਲ ਨਹਾ ਲੈਣਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ। 28 ਔਰਤ ਦੇ ਖੂਨ ਬੰਦ ਹੋਣ ਤੋਂ ਮਗਰੋਂ, ਉਸ ਨੂੰ ਸੱਤਾਂ ਦਿਨਾਂ ਲਈ ਇੰਤਜ਼ਾਰ ਕਰਨਾ ਚਾਹੀਦਾ ਹੈ। ਫ਼ੇਰ ਉਹ ਪਾਕ ਹੋਵੇਗੀ। 29 ਫ਼ੇਰ ਅੱਠਵੇਂ ਦਿਨ, ਔਰਤ ਨੂੰ ਦੋ ਘੁੱਗੀਆਂ ਜਾਂ ਦੋ ਕਬੂਤਰ ਲੈ ਕੇ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਤੇ ਜਾਜਕ ਕੋਲ ਲੈ ਕੇ ਆਉਣਾ ਚਾਹੀਦਾ ਹੈ। 30 ਫ਼ੇਰ ਜਾਜਕ ਨੂੰ ਪੰਛੀ, ਇੱਕ ਪੰਛੀ ਪਾਪ ਦੀ ਭੇਟ ਵਜੋਂ ਅਤੇ ਦੂਸਰੇ ਨੂੰ ਹੋਮ ਦੀ ਭੇਟ ਵਜੋਂ ਚੜ੍ਹਾਉਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਉਸ ਲਈ ਯਹੋਵਾਹ ਦੇ ਸਾਹਮਣੇ ਉਸ ਦੇ ਨਾਪਾਕ ਖੂਨ ਵਗਣ ਖਾਤਰ ਪਰਾਸਚਿਤ ਕਰੇਗਾ।

31 “ਇਸ ਤਰ੍ਹਾਂ ਤੁਹਾਨੂੰ ਇਸਰਾਏਲ ਦੇ ਲੋਕਾਂ ਨੂੰ ਪਲੀਤ ਹੋਣ ਬਾਰੇ ਚੇਤਾਵਨੀ ਦੇਣੀ ਚਾਹੀਦੀ ਹੈ। ਜੇ ਤੁਸੀਂ ਚੇਤਾਵਨੀ ਨਹੀਂ ਦਿਉਂਗੇ, ਤਾਂ ਹੋ ਸੱਕਦਾ ਹੈ ਕਿ ਉਹ ਮੇਰੇ ਪਵਿੱਤਰ ਤੰਬੂ ਨੂੰ ਪਲੀਤ ਕਰ ਦੇਣ। ਅਤੇ ਫ਼ੇਰ ਉਨ੍ਹਾਂ ਨੂੰ ਮਰਨਾ ਪਵੇਗਾ।”

32 ਇਹ ਬਿਧੀਆਂ ਪ੍ਰਮੇਹ ਵਾਲੇ ਲੋਕਾਂ ਅਤੇ ਉਨ੍ਹਾਂ ਆਦਮੀਆਂ ਲਈ ਹਨ ਜਿਨ੍ਹਾਂ ਦਾ ਵੀਰਜ ਵਗ ਜਾਵੇ ਅਤੇ ਇਸ ਕਾਰਣ ਪਲੀਤ ਹੋ ਜਾਣ। 33 ਇਹ ਬਿਧੀਆਂ ਉਨ੍ਹਾਂ ਔਰਤਾਂ ਲਈ ਹਨ ਜਿਹੜੀਆਂ ਆਪਣੇ ਮਾਹਵਾਰੀ ਦੇ ਖੂਨ ਨਾਲ ਪਲੀਤ ਹੋ ਜਾਂਦੀਆਂ ਹਨ। ਇਹ ਬਿਧੀਆਂ ਹਰ ਉਸ ਵਿਅਕਤੀ ਲਈ ਹਨ ਜਿਸ ਨੂੰ ਅਸੁਭਾਵਿਕ ਪ੍ਰਮੇਹ ਹੋਵੇ ਅਤੇ ਉਸ ਆਦਮੀ ਲਈ ਹਨ ਜਿਹੜਾ ਕਿਸੇ ਨਾਪਾਕ ਔਰਤ ਨਾਲ ਸੰਭੋਗ ਕਰਦਾ ਹੈ।

Punjabi Bible: Easy-to-Read Version (ERV-PA)

2010 by World Bible Translation Center