Beginning
ਮਾਸ ਖਾਣ ਬਾਰੇ ਨੇਮ
11 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਆਖਿਆ, 2 “ਇਸਰਾਏਲ ਦੇ ਲੋਕਾਂ ਨੂੰ ਆਖੋ; ਇਹ ਉਹ ਜਾਨਵਰ ਹਨ ਜਿਨ੍ਹਾਂ ਨੂੰ ਤੁਸੀਂ ਖਾ ਸੱਕਦੇ ਹੋ; 3 ਜੇ ਕਿਸੇ ਜਾਨਵਰ ਦੇ ਖੁਰ ਦੋ ਹਿਸਿਆਂ ਵਿੱਚ ਪਾਟੇ ਹੋਏ ਹਨ ਅਤੇ ਜੇ ਉਹ ਜਾਨਵਰ ਜੁਗਾਲੀ ਵੀ ਕਰਦਾ ਹੈ ਤਾਂ ਤੁਸੀਂ ਉਸ ਜਾਨਵਰ ਦਾ ਮਾਸ ਖਾ ਸੱਕਦੇ ਹੋ।
4-6 “ਕੁਝ ਜਾਨਵਰ ਜੁਗਾਲੀ ਕਰਦੇ ਹਨ, ਪਰ ਉਨ੍ਹਾਂ ਦੇ ਖੁਰ ਪਾਟੇ ਹੋਏ ਨਹੀਂ ਹੁੰਦੇ। ਉਨ੍ਹਾਂ ਨੂੰ ਨਾ ਖਾਉ। ਊਠ, ਪਹਾੜੀ ਬਿੱਜੂ ਅਤੇ ਖਰਗੋਸ਼ ਇਸੇ ਤਰ੍ਹਾਂ ਦੇ ਹਨ, ਇਸ ਲਈ ਉਹ ਤੁਹਾਡੇ ਲਈ ਨਾਪਾਕ ਹਨ। 7 ਸੂਰਾਂ ਦੇ ਖੁਰ ਤਾਂ ਹੁੰਦੇ ਹਨ ਜੋ ਦੋ ਹਿਸਿਆਂ ਵਿੱਚ ਵੰਡੇ ਹੋਏ ਹੁੰਦੇ ਹਨ, ਪਰ ਉਹ ਜੁਗਾਲੀ ਨਹੀਂ ਕਰਦੇ ਇਸ ਲਈ ਉਹ ਤੁਹਾਡੇ ਲਈ ਨਾਪਾਕ ਹਨ। 8 ਉਨ੍ਹਾਂ ਜਾਨਵਰਾਂ ਦਾ ਮਾਸ ਨਾ ਖਾਉ। ਉਨ੍ਹਾਂ ਦੇ ਮੁਰਦਾ ਸਰੀਰਾਂ ਨੂੰ ਛੂਹੋ ਵੀ ਨਾ। ਉਹ ਤੁਹਾਡੇ ਲਈ ਨਾਪਾਕ ਹਨ।
ਸਮੁੰਦਰੀ ਭੋਜਨ ਬਾਰੇ ਬਿਧੀਆਂ
9 “ਜੇ ਕੋਈ ਜਾਨਵਰ ਸਮੁੰਦਰ ਵਿੱਚ ਜਾਂ ਨਦੀ ਵਿੱਚ ਰਹਿੰਦਾ ਹੈ ਅਤੇ ਜੇ ਉਹ ਜਾਨਵਰ ਦੇ ਖੰਭ ਅਤੇ ਛਿਲਕੇ ਹੋਣ, ਤਾਂ ਤੁਸੀਂ ਉਸ ਜਾਨਵਰ ਨੂੰ ਖਾ ਸੱਕਦੇ ਹੋ। 10-11 ਪਰ ਜੇ ਕੋਈ ਵੀ ਜਾਨਵਰ ਜਾਂ ਕੋਈ ਹੋਰ ਜਿਉਂਦਾ ਪ੍ਰਾਣੀ ਜੋ ਸਮੁੰਦਰ ਵਿੱਚ ਜਾਂ ਨਦੀ ਵਿੱਚ ਰਹਿੰਦਾ ਹੈ [a] ਜਿਨ੍ਹਾਂ ਦੇ ਖੰਭ ਅਤੇ ਚਾਨੇ ਨਾ ਹੋਣ, ਤੁਹਾਨੂੰ ਉਨ੍ਹਾਂ ਜਾਨਵਰਾਂ ਨੂੰ ਨਹੀਂ ਖਾਣਾ ਚਾਹੀਦਾ। ਇਨ੍ਹਾਂ ਜਾਨਵਰਾਂ ਦੇ ਮੁਰਦਾ ਸਰੀਰਾਂ ਨੂੰ ਵੀ ਨਾ ਛੂਹੋ। ਤੁਹਾਨੂੰ ਉਨ੍ਹਾਂ ਚੀਜ਼ਾਂ ਨੂੰ ਨਫ਼ਰਤ ਕਰਨੀ ਚਾਹੀਦੀ ਹੈ। 12 ਤੁਹਾਨੂੰ ਚਾਹੀਦਾ ਹੈ ਕਿ ਪਾਣੀ ਦੇ ਕਿਸੇ ਵੀ ਉਸ ਜਾਨਵਰ ਨੂੰ ਜਿਸਦੇ ਖੰਭ ਤੇ ਛਿਲਕੇ ਨਾ ਹੋਣ, ਅਜਿਹਾ ਜਾਨਵਰ ਸਮਝੋਂ ਜਿਨ੍ਹਾਂ ਨੂੰ ਖਾਣਾ, ਪਰਮੇਸ਼ੁਰ ਬੁਰਾ ਆਖਦਾ ਹੈ।
ਉਹ ਪੰਛੀ ਜਿਨ੍ਹਾਂ ਨੂੰ ਨਹੀਂ ਖਾਣਾ ਚਾਹੀਦਾ
13 “ਤੁਹਾਨੂੰ ਚਾਹੀਦਾ ਹੈ ਕਿ ਇਨ੍ਹਾਂ ਪੰਛੀਆਂ ਨੂੰ ਪਰਮੇਸ਼ੁਰ ਦੇ ਆਖੇ ਅਨੁਸਾਰ ਖਾਣ ਲਈ ਬੁਰਾ ਜਾਨਵਰ ਸਮਝੋ। ਇਨ੍ਹਾਂ ਵਿੱਚੋਂ ਕਿਸੇ ਵੀ ਪੰਛੀ ਨੂੰ ਨਾ ਖਾਉ। ਉਕਾਬ, ਗਿਰਝਾਂ, ਮੱਛੀਮਾਰ, 14 ਇੱਲਾਂ ਅਤੇ ਹਰ ਕਿਸਮ ਦੇ ਬਾਜ, 15 ਹਰ ਤਰ੍ਹਾਂ ਦੇ ਕਾਂ, 16 ਸ਼ਤਰ ਮੁਰਗ, ਕਲਪੇਚਕ, ਜਲਕਾਉਂ ਅਤੇ ਹਰ ਤਰ੍ਹਾਂ ਦੇ ਸ਼ਿਕਰੇ, 17 ਉੱਲੂ, ਚੁਗਲ, ਬੋਜਾ, 18 ਰਾਜ ਹੰਸ, ਹਵਾਸਿਲ, ਆਰਗਲ, 19 ਲਮ ਢੀਂਗ ਅਤੇ ਹਰ ਤਰ੍ਹਾਂ ਦੇ ਬਗਲੇ, ਟਟੀਹਰੀ ਅਤੇ ਚਾਮਚੜ੍ਹਿੱਕ।
ਕੀੜਿਆਂ ਨੂੰ ਖਾਣ ਬਾਰੇ ਬਿਧੀਆਂ
20 “ਤੁਹਾਨੂੰ ਕਿਸੇ ਵੀ ਉਸ ਮਕੌੜੇ ਨੂੰ ਨਫ਼ਰਤ ਕਰਨੀ ਚਾਹੀਦੀ ਹੈ ਜੋ ਉੱਡਦਾ ਜਾਂ ਲੱਤਾਂ ਉੱਤੇ ਰੀਂਗਦਾ ਹੈ। 21 ਪਰ ਤੁਸੀਂ ਉਨ੍ਹਾਂ ਜਾਨਵਰਾਂ ਨੂੰ ਖਾ ਸੱਕਦੇ ਹੋ ਜੇ ਉਨ੍ਹਾਂ ਦੇ ਪੈਰਾਂ ਦੇ ਉੱਪਰ ਵੱਲ ਜੋੜਾਂ ਵਾਲੀਆਂ ਲੱਤਾਂ ਹਨ ਤਾਂ ਜੋ ਉਹ ਉੱਛਲ ਸੱਕਦੇ ਹਨ। 22 ਤੁਸੀਂ ਹਰ ਤਰ੍ਹਾਂ ਦੀਆਂ ਟਿੱਡੀਆਂ, ਪਰਾਂ ਵਾਲੀਆਂ ਟਿੱਡੀਆਂ, ਝੀਂਗਰ ਅਤੇ ਟਿੱਡੇ ਖਾ ਸੱਕਦੇ ਹੋ।
23 “ਪਰ ਹੋਰ ਸਾਰੇ ਮਕੌੜੇ ਜੋ ਉਡਦੇ ਹਨ ਜਾਂ ਚਾਰ ਲੱਤਾਂ ਵਾਲੇ ਹਨ ਤੁਹਾਡੇ ਲਈ ਘ੍ਰਿਣਾਯੋਗ ਹੋਣੇ ਚਾਹੀਦੇ ਹਨ। 24 ਉਹ ਮਕੌੜੇ ਤੁਹਾਨੂੰ ਨਾਪਾਕ ਬਣਾ ਦੇਣਗੇ। ਜਿਹੜਾ ਵੀ ਬੰਦਾ ਇਨ੍ਹਾਂ ਮਕੌੜਿਆਂ ਦੇ ਮੁਰਦਾ ਸਰੀਰਾਂ ਨੂੰ ਹੱਥ ਲਾਉਂਦਾ ਹੈ ਉਹ ਸ਼ਾਮ ਤੱਕ ਨਾਪਾਕ ਰਹੇਗਾ। 25 ਜੇ ਕੋਈ ਬੰਦਾ ਇਨ੍ਹਾਂ ਮਰੇ ਹੋਏ ਮਕੌੜਿਆਂ ਵਿੱਚੋਂ ਕਿਸੇ ਨੂੰ ਚੁੱਕਦਾ ਹੈ, ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਉਹ ਸ਼ਾਮ ਤੱਕ ਨਾਪਾਕ ਰਹੇਗਾ।
ਜਾਨਵਰਾਂ ਬਾਰੇ ਹੋਰ ਬਿਧੀਆਂ
26 “ਕੁਝ ਜਾਨਵਰਾਂ ਦੇ ਖੁਰ ਤਾਂ ਪਾਟੇ ਹੁੰਦੇ ਹਨ ਪਰ ਪੂਰੀ ਤਰ੍ਹਾਂ ਦੋ ਹਿਸਿਆਂ ਵਿੱਚ ਨਹੀਂ ਪਾਟੇ ਹੁੰਦੇ। ਕੁਝ ਜਾਨਵਰ ਜੁਗਾਲੀ ਨਹੀਂ ਕਰਦੇ। 27 ਕੋਈ ਵੀ ਚੌਹਾਂ ਲੱਤਾਂ ਵਾਲਾ ਜਾਨਵਰ ਜੋ ਆਪਣੇ ਪੰਜਿਆਂ ਉੱਤੇ ਚੱਲਦਾ ਹੈ ਤੁਹਾਡੇ ਲਈ ਨਾਪਾਕ ਹੋਣਾ ਚਾਹੀਦਾ ਹੈ। ਕੋਈ ਵੀ ਬੰਦਾ ਜਿਹੜਾ ਇਨ੍ਹਾਂ ਜਾਨਵਰਾਂ ਦੇ ਮੁਰਦਾ ਸਰੀਰਾਂ ਨੂੰ ਛੂਹੇਗਾ ਨਾਪਾਕ ਹੋ ਜਾਵੇਗਾ। ਉਹ ਬੰਦਾ ਸ਼ਾਮ ਤੀਕ ਨਾਪਾਕ ਰਹੇਗਾ। 28 ਜੇ ਕੋਈ ਬੰਦਾ ਉਨ੍ਹਾਂ ਦੀਆਂ ਲਾਸ਼ਾਂ ਨੂੰ ਚੁੱਕਦਾ ਹੈ, ਤਾਂ ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ। ਉਹ ਬੰਦਾ ਸ਼ਾਮ ਤੱਕ ਨਾਪਾਕ ਰਹੇਗਾ। ਉਹ ਜਾਨਵਰ ਤੁਹਾਡੇ ਲਈ ਨਾਪਾਕ ਹਨ।
ਘਿਸਰਨ ਵਾਲੇ ਜਾਨਵਰਾਂ ਬਾਰੇ ਬਿਧੀਆਂ
29 “ਇਹ ਘਿਸਰਨ ਵਾਲੇ ਜਾਨਵਰ ਤੁਹਾਡੇ ਲਈ ਨਾਪਾਕ ਹਨ; ਚਕੂੰਦਰ, ਚੂਹੇ ਅਤੇ ਹਰ ਤਰ੍ਹਾਂ ਦੀਆਂ ਕਿਰਲੀਆਂ, 30 ਵਰਲ, ਮਗਰਮੱਛ, ਕੋਹੜਕਿਰਲੇ ਅਤੇ ਰੇਤੇ ਦੇ ਸੱਪ ਅਤੇ ਗਿਰਗਿਟ। 31 ਇਹ ਘਿਸਰਨ ਵਾਲੇ ਜਾਨਵਰ ਤੁਹਾਡੇ ਲਈ ਨਾਪਾਕ ਹਨ। ਜਿਹੜਾ ਵੀ ਬੰਦਾ ਇਨ੍ਹਾਂ ਦੀਆਂ ਲਾਸ਼ਾਂ ਨੂੰ ਛੂਹ ਲਵੇਗਾ ਉਹ ਸ਼ਾਮ ਤੱਕ ਨਾਪਾਕ ਰਹੇਗਾ।
ਨਾਪਾਕ ਜਾਨਵਰਾਂ ਬਾਰੇ ਬਿਧੀਆਂ
32 “ਜੇ ਇਨ੍ਹਾਂ ਵਿੱਚੋਂ ਕੋਈ ਵੀ ਨਾਪਾਕ ਜਾਨਵਰ ਮਰਕੇ ਕਿਸੇ ਚੀਜ਼ ਉੱਤੇ ਡਿੱਗ ਪਵੇ, ਤਾਂ ਉਹ ਵੀ ਨਾਪਾਕ ਹੋ ਜਾਵੇਗੀ। ਇਹ ਕੋਈ ਲੱਕੜੀ, ਕੱਪੜਾ, ਚਮੜਾ, ਬੋਰੇ ਜਾਂ ਕੋਈ ਔਜ਼ਾਰ ਹੋ ਸੱਕਦਾ ਹੈ। ਭਾਵੇਂ ਇਹ ਜੋ ਵੀ ਹੈ, ਇਸ ਨੂੰ ਪਾਣੀ ਨਾਲ ਧੋਤਾ ਜਾਣਾ ਚਾਹੀਦਾ। ਇਹ ਸ਼ਾਮ ਤੱਕ ਨਾਪਾਕ ਬਣੀ ਰਹੇਗੀ ਅਤੇ ਮਗਰੋਂ ਇਹ ਫ਼ੇਰ ਤੋਂ ਪਾਕ ਹੋ ਜਾਵੇਗੀ। 33 ਜੇ ਇਨ੍ਹਾਂ ਜਾਨਵਰਾਂ ਵਿੱਚੋਂ ਕੋਈ ਵੀ ਮਰਕੇ ਕਿਸੇ ਮਿੱਟੀ ਦੇ ਘੜੇ ਵਿੱਚ ਡਿੱਗ ਪੈਂਦਾ ਹੈ ਤਾਂ ਉਸ ਘੜੇ ਵਿੱਚ ਦਾ ਸਭ ਕੁਝ ਨਾਪਾਕ ਹੋ ਜਾਵੇਗਾ। ਅਤੇ ਤੁਹਾਨੂੰ ਉਹ ਘੜਾ ਤੋੜ ਦੇਣਾ ਚਾਹੀਦਾ ਹੈ। 34 ਜੇ ਉਸ ਨਾਪਾਕ ਘੜੇ ਦਾ ਪਾਣੀ ਕਿਸੇ ਭੋਜਨ ਤੇ ਡਿੱਗਦਾ ਹੈ, ਉਹ ਭੋਜਨ ਨਾਪਾਕ ਹੋ ਜਾਵੇਗਾ ਅਤੇ ਕੋਈ ਵੀ ਪੇਯ ਜੇ ਅਜਿਹੇ ਬਰਤਨ ਵਿੱਚ ਸੀ, ਨਾਪਾਕ ਹੋ ਜਾਵੇਗਾ। 35 ਜੇ ਕਿਸੇ ਵੀ ਮਰੇ ਹੋਏ ਨਾਪਾਕ ਜਾਨਵਰ ਦਾ ਕੋਈ ਅੰਗ ਕਿਸੇ ਚੀਜ਼ ਉੱਤੇ ਡਿੱਗ ਪਵੇ, ਤਾਂ ਉਹ ਚੀਜ਼ ਨਾਪਾਕ ਹੈ। ਇਹ ਮਿੱਟੀ ਦਾ ਤੰਦੂਰ ਜਾਂ ਭੋਜਨ ਪਕਾਉਣ ਵਾਲੀ ਭਠੀ ਵੀ ਹੋ ਸੱਕਦੀ ਹੈ ਅਤੇ ਇਸ ਨੂੰ ਭੰਨ ਦੇਣਾ ਚਾਹੀਦਾ ਹੈ। ਇਹ ਚੀਜ਼ਾਂ ਫ਼ੇਰ ਕਦੇ ਵੀ ਪਾਕ ਨਹੀਂ ਹੋਣਗੀਆਂ। ਉਹ ਹਮੇਸ਼ਾ ਤੁਹਾਡੇ ਲਈ ਨਾਪਾਕ ਹੋਣਗੀਆਂ।
36 “ਕੋਈ ਵੀ ਚਸ਼ਮਾ ਜਾਂ ਖੂਹ ਜਿਸ ਵਿੱਚ ਪਾਣੀ ਜਮ੍ਹਾਂ ਹੁੰਦਾ ਹੈ ਪਾਕ ਰਹੇਗਾ। ਪਰ ਜੇ ਕੋਈ ਬੰਦਾ ਕਿਸੇ ਨਾਪਾਕ ਜਾਨਵਰ ਦੀ ਲਾਸ਼ ਨੂੰ ਛੂਹ ਲੈਂਦਾ ਹੈ, ਉਹ ਵਿਅਕਤੀ ਨਾਪਾਕ ਹੋ ਜਾਂਦਾ। 37 ਜੇ ਉਨ੍ਹਾਂ ਮਰੇ ਹੋਏ ਨਾਪਾਕ ਜਾਨਵਰਾਂ ਦਾ ਕੋਈ ਅੰਗ ਕਿਸੇ ਬੀਜਣ ਵਾਲੇ ਬੀਜ ਉੱਤੇ ਡਿੱਗ ਪੈਂਦਾ ਹੈ ਤਾਂ ਉਹ ਬੀਜ ਹਾਲੇ ਵੀ ਪਾਕ ਹੈ। 38 ਪਰ ਜੇ ਤੁਸੀਂ ਬੀਜਾਂ ਉੱਤੇ ਪਾਣੀ ਪਾ ਦਿੰਦੇ ਹੋ ਅਤੇ ਜੇ ਉਨ੍ਹਾਂ ਮਰੇ ਹੋਏ ਜਾਨਵਰਾਂ ਦਾ ਕੋਈ ਅੰਗ ਇਨ੍ਹਾ ਬੀਜਾਂ ਉੱਤੇ ਡਿੱਗ ਪੈਂਦਾ ਹੈ, ਤਾਂ ਉਹ ਬੀਜ ਤੁਹਾਡੇ ਲਈ ਨਾਪਾਕ ਹਨ।
39 “ਇਸ ਤੋਂ ਇਲਾਵਾ, ਜੇ ਕੋਈ ਅਜਿਹਾ ਜਾਨਵਰ ਜਿਸ ਨੂੰ ਤੁਸੀਂ ਭੋਜਨ ਲਈ ਵਰਤਦੇ ਹੋ ਮਰ ਜਾਂਦਾ ਹੈ, ਤਾਂ ਜਿਹੜਾ ਬੰਦਾ ਉਸਦੀ ਲਾਸ਼ ਨੂੰ ਛੂਹੇਗਾ ਸ਼ਾਮ ਤੱਕ ਨਾਪਾਕ ਰਹੇਗਾ। 40 ਉਹ ਬੰਦਾ ਜਿਹੜਾ ਇਸ ਜਾਨਵਰ ਦਾ ਮਾਸ ਖਾਂਦਾ ਹੈ ਉਸ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ। ਉਹ ਸ਼ਾਮ ਤੱਕ ਨਾਪਾਕ ਰਹੇਗਾ। ਜਿਹੜਾ ਬੰਦਾ ਜਾਨਵਰ ਦੇ ਮੁਰਦਾ ਸ਼ਰੀਰ ਨੂੰ ਚੁੱਕਦਾ ਹੈ ਉਸ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ। ਉਹ ਸ਼ਾਮ ਤੀਕ ਨਾਪਾਕ ਰਹੇਗਾ।
41 “ਹਰ ਉਹ ਜਾਨਵਰ ਜਿਹੜਾ ਧਰਤੀ ਉੱਤੇ ਘਿਸਰਦਾ ਹੈ ਉਨ੍ਹਾਂ ਜਾਨਵਰਾਂ ਵਿੱਚੋਂ ਹੈ ਜਿਨ੍ਹਾਂ ਨੂੰ ਖਾਣਾ ਯਹੋਵਾਹ ਨੇ ਮਨ੍ਹਾ ਕੀਤਾ ਹੈ। 42 ਤੁਹਾਨੂੰ ਉਹ ਜਾਨਵਰ ਨਹੀਂ ਖਾਣੇ ਚਾਹੀਦੇ ਜਿਹੜੇ ਧਰਤੀ ਤੇ ਰੀਂਗਦੇ ਹਨ; ਉਹ ਜਿਹੜੇ ਆਪਣੇ ਢਿੱਡ ਭਾਰ ਰੀਂਗਦੇ ਹਨ, ਉਹ ਜਿਨ੍ਹਾਂ ਦੀਆਂ ਚਾਰ ਲੱਤਾਂ ਹਨ ਜਾਂ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਲੱਤਾਂ ਹੋਣ। ਇਹ ਜਾਨਵਰ ਤੁਹਾਡੇ ਲਈ ਘ੍ਰਿਣਾਯੋਗ ਹੋਣੇ ਚਾਹੀਦੇ ਹਨ। 43 ਇਨ੍ਹਾਂ ਰੀਂਗਣ ਵਾਲੇ ਜੀਵਾਂ ਜਾਂ ਸੱਪਾਂ ਕਾਰਣ ਆਪਣੇ-ਆਪ ਨੂੰ ਘ੍ਰਿਣਾਯੋਗ ਨਾ ਬਣਾਉ। ਤੁਹਾਨੂੰ ਇਨ੍ਹਾਂ ਨਾਲ ਆਪਣੇ-ਆਪ ਨੂੰ ਗੰਦਾ ਨਹੀਂ ਬਨਾਉਣਾ ਚਾਹੀਦਾ, ਨਹੀਂ ਤਾਂ ਤੁਸੀਂ ਨਾਪਾਕ ਹੋ ਜਾਵੋਂਗੇ। 44 ਕਿਉਂਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਮੈਂ ਪਵਿੱਤਰ ਹਾਂ, ਇਸ ਲਈ ਤੁਹਾਨੂੰ ਆਪਣੇ-ਆਪ ਨੂੰ ਪਵਿੱਤਰ ਰੱਖਣਾ ਚਾਹੀਦਾ ਹੈ। ਇਨ੍ਹਾਂ ਘਿਸਰਨ ਵਾਲਿਆਂ ਸ਼ੈਆਂ ਨਾਲ ਆਪਣੇ-ਆਪ ਨੂੰ ਪਲੀਤ ਨਾ ਬਣਾਉ। 45 ਮੈਂ ਯਹੋਵਾਹ ਹਾਂ ਜੋ ਤੁਹਾਨੂੰ ਮਿਸਰ ਦੀ ਧਰਤੀ ਵਿੱਚੋਂ ਬਾਹਰ ਲਿਆਇਆ ਤਾਂ ਜੋ ਮੈਂ ਤੁਹਾਡਾ ਪਰਮੇਸ਼ੁਰ ਹੋ ਸੱਕਾਂ। ਤੁਹਾਨੂੰ ਉਵੇਂ ਹੀ ਪਵਿੱਤਰ ਹੋਣਾ ਚਾਹੀਦਾ ਹੈ ਜਿਵੇਂ ਮੈਂ ਪਵਿੱਤਰ ਹਾਂ।”
46 ਇਹ ਨੇਮ ਸਾਰੇ ਪਾਲਤੂ ਜਾਨਵਰਾਂ, ਪੰਛੀਆਂ ਅਤੇ ਧਰਤੀ ਦੇ ਹੋਰ ਜਾਨਵਰਾਂ ਬਾਰੇ ਹਨ। ਇਹ ਨੇਮ ਸਮੁੰਦਰ ਦੇ ਸਾਰੇ ਜਾਨਵਰਾਂ, ਅਤੇ ਉਨ੍ਹਾਂ ਸਾਰੇ ਜਾਨਵਰਾਂ ਬਾਰੇ ਹਨ ਜਿਹੜੇ ਧਰਤੀ ਉੱਤੇ ਘਿਸਰਦੇ ਹਨ। 47 ਇਹ ਸਿੱਖਿਆਵਾਂ ਇਸ ਲਈ ਹਨ ਤਾਂ ਜੋ ਲੋਕ ਪਲੀਤ ਜਾਨਵਰਾਂ ਨੂੰ ਪਾਕ ਜਾਨਵਰਾਂ ਨਾਲੋਂ ਨਿਖੇੜ ਸੱਕਣ। ਤਾਂ ਜੋ ਲੋਕ ਜਾਣ ਸੱਕਣ ਕਿ ਕਿਨ੍ਹਾਂ ਜਾਨਵਰਾਂ ਨੂੰ ਉਹ ਖਾ ਸੱਕਦੇ ਹਨ ਅਤੇ ਕਿਨ੍ਹਾਂ ਨੂੰ ਉਹ ਨਹੀਂ ਖਾ ਸੱਕਦੇ।
ਨਵੀਆਂ ਬਣੀਆਂ ਮਾਵਾਂ ਲਈ ਬਿਧੀਆਂ
12 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਇਸਰਾਏਲ ਦੇ ਲੋਕਾਂ ਨੂੰ ਆਖ:
“ਜੇ ਕੋਈ ਔਰਤ ਮੁੰਡੇ ਨੂੰ ਜਨਮ ਦਿੰਦੀ ਹੈ, ਤਾਂ ਉਹ ਔਰਤ ਸੱਤ ਦਿਨ ਤੱਕ ਪਲੀਤ ਰਹੇਗੀ। ਇਹ ਉਸ ਦੇ ਮਹਾਂਵਾਰੀ ਦੇ ਸਮੇਂ ਪਲੀਤ ਹੋਣ ਵਾਂਗ ਹੋਵੇਗਾ। 3 ਅੱਠਵੇਂ ਦਿਨ ਉਸ ਮੁੰਡੇ ਦੀ ਸੁੰਨਤ ਹੋਣੀ ਚਾਹੀਦੀ ਹੈ। 4 ਖੂਨ ਦੀ ਕਮੀ ਤੋਂ ਉਸਦੀ ਸ਼ੁੱਧਤਾ ਲਈ ਹੋਰ 33 ਦਿਨ ਲੱਗਣਗੇ। ਉਸ ਨੂੰ ਕਿਸੇ ਵੀ ਪਵਿੱਤਰ ਚੀਜ਼ ਨੂੰ ਨਹੀਂ ਛੂਹਣਾ ਚਾਹੀਦਾ। ਉਸ ਦੇ ਪਾਕ ਹੋ ਜਾਣ ਦੇ ਸਮੇਂ ਤੀਕ, ਉਸ ਨੂੰ ਪਵਿੱਤਰ ਸਥਾਨ ਵਿੱਚ ਦਾਖਲ ਨਹੀਂ ਹੋਣਾ ਚਾਹੀਦਾ। 5 ਪਰ ਜੇ ਔਰਤ ਕਿਸੇ ਕੁੜੀ ਨੂੰ ਜਨਮ ਦਿੰਦੀ ਹੈ, ਉਹ ਦੋ ਹਫ਼ਤਿਆਂ ਤੱਕ ਉਸੇ ਤਰ੍ਹਾਂ ਪਲੀਤ ਰਹੇਗੀ ਜਿਵੇਂ ਮਹਾਵਾਰੀ ਦੇ ਸਮੇਂ ਰਹਿੰਦੀ ਹੈ। ਖੂਨ ਦੀ ਕਮੀ ਤੋਂ ਉਸਦੀ ਸ਼ੁੱਧਤਾ ਲਈ ਹੋਰ 66 ਦਿਨ ਲੱਗਣਗੇ।
6 “ਆਪਣੇ ਪਾਕ ਹੋਣ ਦੇ ਸਮੇਂ ਦੇ ਮੁੱਕਣ ਤੋਂ ਮਗਰੋਂ ਮੁੰਡੇ ਜਾਂ ਕੁੜੀ ਦੀ ਨਵੀਂ ਮਾਂ ਨੂੰ ਮੰਡਲੀ ਵਾਲੇ ਤੰਬੂ ਲਈ ਖਾਸ ਬਲੀਆਂ ਲੈ ਕੇ ਆਉਣੀਆਂ ਚਾਹੀਦੀਆਂ ਹਨ। ਉਸ ਨੂੰ ਉਹ ਬਲੀਆਂ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਜਾਜਕ ਨੂੰ ਦੇਣੀਆਂ ਚਾਹੀਦੀਆਂ ਹਨ। ਉਸ ਨੂੰ ਹੋਮ ਦੀ ਭੇਟ ਲਈ ਇੱਕ ਸਾਲ ਦਾ ਲੇਲਾ ਅਤੇ ਪਾਪ ਦੀ ਭੇਟ ਲਈ ਇੱਕ ਘੁੱਗੀ ਜਾਂ ਕਬੂਤਰ ਲਿਆਉਣਾ ਚਾਹੀਦਾ ਹੈ। 7-8 ਜਾਜਕ ਇਨ੍ਹਾਂ ਨੂੰ ਯਹੋਵਾਹ ਅੱਗੇ ਭੇਟ ਕਰੇਗਾ। ਇਸ ਤਰ੍ਹਾਂ ਜਾਜਕ ਉਸ ਲਈ ਪਰਾਸਚਿਤ ਕਰੇਗਾ। ਫ਼ੇਰ ਉਹ ਆਪਣੇ ਖੂਨ ਦੀ ਕਮੀ ਤੋਂ ਪਾਕ ਹੋ ਜਾਵੇਗੀ। ਇਹ ਨੇਮ ਉਸ ਔਰਤ ਲਈ ਹਨ ਜੋ ਕਿਸੇ ਮੁੰਡੇ ਜਾਂ ਕੁੜੀ ਨੂੰ ਜਨਮ ਦਿੰਦੀ ਹੈ।” ਜੇ ਉਸ ਔਰਤ ਵਿੱਚ ਲੇਲਾ ਲਿਆ ਸੱਕਣ ਦੀ ਪੁੱਜਤ ਨਹੀਂ ਤਾਂ ਉਹ ਦੋ ਘੁੱਗੀ ਜਾਂ ਦੋ ਕਬੂਤਰ ਲਿਆ ਸੱਕਦੀ ਹੈ। ਇੱਕ ਪੰਛੀ ਹੋਮ ਦੀ ਭੇਟ ਲਈ ਅਤੇ ਦੂਸਰਾ ਪੰਛੀ ਪਾਪ ਦੀ ਭੇਟ ਲਈ ਹੋਵੇਗਾ।
ਚਮੜੀ ਦੇ ਰੋਗਾਂ ਬਾਰੇ ਬਿਧੀਆਂ
13 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਆਖਿਆ, 2 “ਕਿਸੇ ਬੰਦੇ ਦੀ ਚਮੜੀ ਤੇ ਸੋਜਸ਼ ਜਾਂ ਖੁਜਲੀ ਹੋ ਸੱਕਦੀ ਹੈ ਜਾਂ ਫ਼ੋੜਾ ਹੋ ਸੱਕਦਾ ਹੈ। ਜੇ ਫ਼ੋੜਾ ਕੋੜ੍ਹ ਵਰਗਾ ਲਗਦਾ ਹੋਵੇ, ਉਸ ਬੰਦੇ ਨੂੰ ਜਾਜਕ ਹਾਰੂਨ ਜਾਂ ਉਸ ਦੇ ਕਿਸੇ ਇੱਕ ਜਾਜਕ ਪੁੱਤਰ ਕੋਲ ਲਿਆਂਦਾ ਜਾਣਾ ਚਾਹੀਦਾ ਹੈ। 3 ਜਾਜਕ ਨੂੰ ਉਸ ਬੰਦੇ ਦੀ ਚਮੜੀ ਉਤਲੇ ਫ਼ੋੜੇ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਫ਼ੋੜੇ ਦਾ ਵਾਲ ਚਿੱਟਾ ਹੋ ਗਿਆ ਹੈ ਅਤੇ ਜੇ ਫ਼ੋੜਾ ਉਸ ਬੰਦੇ ਦੀ ਚਮੜੀ ਨਾਲ ਡੂੰਘਾ ਨਜ਼ਰ ਆਉਂਦਾ ਹੈ, ਤਾਂ ਇਹ ਕੋੜ੍ਹ ਦੀ ਬਿਮਾਰੀ ਹੈ। ਉਸ ਬੰਦੇ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ, ਜਾਜਕ ਨੂੰ ਇਹ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਪਲੀਤ ਹੈ।
4 “ਜੇਕਰ ਕਿਸੇ ਬੰਦੇ ਦੀ ਚਮੜੀ ਉੱਤੇ ਚਿੱਟਾ ਨਿਸ਼ਾਨ ਹੈ ਅਤੇ ਇਹ ਚਮੜੀ ਨਾਲੋਂ ਡੂੰਘਾ ਦਿਖਾਈ ਦਿੰਦਾ ਅਤੇ ਧੱਬੇ ਵਿੱਚਲੇ ਵਾਲ ਚਿੱਟੇ ਨਹੀਂ ਹੋਏ। ਜੇ ਇਹ ਸੱਚ ਹੈ, ਜਾਜਕ ਨੂੰ, ਉਸ ਨੂੰ ਸੱਤਾਂ ਦਿਨਾਂ ਲਈ ਹੋਰਨਾਂ ਲੋਕਾਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ। 5 ਸੱਤਵੇਂ ਦਿਨ, ਜਾਜਕ ਨੂੰ ਉਸ ਵਿਅਕਤੀ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਜਾਜਕ ਦੇਖਦਾ ਹੈ ਕਿ ਫ਼ੋੜਾ ਨਹੀਂ ਬਦਲਿਆ ਤੇ ਚਮੜੀ ਉੱਤੇ ਨਹੀਂ ਫ਼ੈਲਿਆ, ਉਸ ਨੂੰ ਉਸ ਬੰਦੇ ਨੂੰ ਹੋਰ ਸੱਤਾਂ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ। 6 ਸੱਤਾਂ ਦਿਨਾਂ ਮਗਰੋਂ ਜਾਜਕ ਨੂੰ ਇੱਕ ਵਰੀ ਫ਼ੇਰ ਉਸ ਬੰਦੇ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਫ਼ੋੜਾ ਮਧਮ ਹੋ ਗਿਆ ਹੈ ਅਤੇ ਚਮੜੀ ਉੱਤੇ ਨਹੀਂ ਫ਼ੈਲਿਆ ਉਸ ਨੂੰ ਐਲਾਨ ਕਰ ਦੇਣਾ ਚਾਹੀਦਾ ਹੈ ਕਿ ਉਹ ਬੰਦਾ ਪਾਕ ਹੈ ਅਤੇ ਇਹ ਕਿ ਫ਼ੋੜਾ ਸਿਰਫ਼ ਖਾਰਸ਼ ਹੀ ਹੈ। ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਇੱਕ ਵਾਰੀ ਫ਼ੇਰ ਉਹ ਪਾਕ ਹੋ ਜਾਵੇਗਾ।
7 “ਪਰ ਜੇ, ਉਸ ਬੰਦੇ ਨੂੰ ਪਾਕ ਘੋਸ਼ਿਤ ਹੋਣ ਲਈ ਦੋਬਾਰਾ ਜਾਜਕ ਨੂੰ ਦਿਖਾਏ ਜਾਣ ਤੋਂ ਬਾਦ, ਫ਼ੋੜਾ ਉਸਦੀ ਚਮੜੀ ਉੱਤੇ ਹੋਰ ਵੀ ਵੱਧੇਰੇ ਫ਼ੈਲ ਗਿਆ ਹੋਵੇ ਤਾਂ ਉਸ ਬੰਦੇ ਨੂੰ ਇੱਕ ਵਾਰੀ ਫ਼ੇਰ ਜਾਜਕ ਕੋਲ ਆਉਣਾ ਚਾਹੀਦਾ ਹੈ। 8 ਜਾਜਕ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਪਪੜੀ ਚਮੜੀ ਉੱਤੇ ਫ਼ੈਲ ਗਈ ਹੈ, ਤਾਂ ਜਾਜਕ ਇਹ ਐਲਾਨ ਕਰੇ ਕਿ ਬੰਦਾ ਪਲੀਤ ਹੈ। ਇਹ ਕੋੜ੍ਹ ਦੀ ਬਿਮਾਰੀ ਹੈ।
9 “ਜੇ ਕਿਸੇ ਬੰਦੇ ਨੂੰ ਕੋੜ੍ਹ ਦੀ ਬਿਮਾਰੀ ਹੈ ਤਾਂ ਉਸ ਨੂੰ ਜਾਜਕ ਕੋਲ ਲਿਆਂਦਾ ਜਾਵੇ। 10 ਜਾਜਕ ਨੂੰ ਉਸ ਬੰਦੇ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇਕਰ ਉਸ ਦੇ ਸ਼ਰੀਰ ਉੱਤੇ ਚਿੱਟੇ ਰੰਗ ਦੀ ਸੋਜ਼ਿਸ਼ ਹੈ ਅਤੇ ਜੇ ਵਾਲ ਚਿੱਟੇ ਹੋ ਗਏ ਹਨ ਅਤੇ ਜੇਕਰ ਚਮੜੀ ਉਸ ਜਗ਼੍ਹਾ ਤੋਂ ਕੱਚੀ ਹੋਵੇ ਜਿੱਥੇ ਇਹ ਸੁੱਜੀ ਹੋਈ ਹੈ, 11 ਤਾਂ ਇਹ ਛੂਤ ਦੀ ਬਿਮਾਰੀ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਇਹ ਬੰਦਾ ਨਾਪਾਕ ਹੈ। ਉਸ ਨੂੰ ਉਸ ਬੰਦੇ ਨੂੰ ਥੋੜੇ ਸਮੇਂ ਲਈ ਹੋਰਨਾਂ ਲੋਕਾਂ ਤੋਂ ਵੱਖ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਪਹਿਲਾਂ ਹੀ ਜਾਣਦਾ ਹੈ ਕਿ ਬੰਦਾ ਨਾਪਾਕ ਹੈ।
12 “ਕਈ ਵਾਰੀ ਕੋਈ ਚਮੜੀ ਦਾ ਰੋਗ ਕਿਸੇ ਬੰਦੇ ਦੇ ਸਾਰੇ ਸ਼ਰੀਰ ਉੱਤੇ ਫ਼ੈਲ ਜਾਵੇਗਾ। ਇਹ ਚਮੜੀ ਦਾ ਰੋਗ ਉਸ ਬੰਦੇ ਦੀ ਚਮੜੀ ਦੇ ਸਿਰ ਤੋਂ ਪੈਰਾਂ ਤੱਕ ਫ਼ੈਲ ਜਾਵੇਗਾ। ਜਾਜਕ ਨੂੰ ਉਸ ਬੰਦੇ ਦੇ ਸਾਰੇ ਸ਼ਰੀਰ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। 13 ਜੇ ਜਾਜਕ ਦੇਖਦਾ ਹੈ ਕਿ ਚਮੜੀ ਦਾ ਰੋਗ ਸਾਰੇ ਸ਼ਰੀਰ ਉੱਤੇ ਫ਼ੈਲਿਆ ਹੋਇਆ ਹੈ ਅਤੇ ਇਸਨੇ ਉਸ ਬੰਦੇ ਦੀ ਸਾਰੀ ਚਮੜੀ ਨੂੰ ਚਿੱਟਾ ਕਰ ਦਿੱਤਾ ਹੈ ਤਾਂ ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਪਾਕ ਹੈ। 14 ਪਰ ਜੇਕਰ ਉੱਥੇ ਕੱਚੀ ਚਮੜੀ ਹੈ, ਤਾਂ ਉਹ ਨਾਪਾਕ ਹੈ। 15 ਜਦੋਂ ਜਾਜਕ ਕੱਚੀ ਚਮੜੀ ਨੂੰ ਦੇਖੇ, ਉਸ ਨੂੰ ਐਲਾਨ ਕਰਨਾ ਚਾਹੀਦਾ ਕਿ ਉਹ ਬੰਦਾ ਨਾਪਾਕ ਹੈ। ਕੱਚੀ ਚਮੜੀ ਪਾਕ ਨਹੀਂ ਹੈ, ਇਹ ਕੋੜ੍ਹ ਹੈ।
16 “ਜੇ ਕੱਚੀ ਚਮੜੀ ਰੰਗ ਬਦਲੇ ਅਤੇ ਚਿੱਟੀ ਹੋ ਜਾਵੇ, ਉਸ ਵਿਅਕਤੀ ਨੂੰ ਜਾਜਕ ਕੋਲ ਆਉਣਾ ਚਾਹੀਦਾ ਹੈ। 17 ਜਾਜਕ ਨੂੰ ਉਸ ਵਿਅਕਤੀ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇਕਰ ਜਗ਼੍ਹਾ ਚਿੱਟੀ ਹੋ ਗਈ ਹੋਵੇ, ਉਸ ਨੂੰ ਐਲਾਨ ਕਰਨਾ ਚਾਹੀਦਾ ਕਿ ਉਹ ਵਿਅਕਤੀ ਪਾਕ ਹੈ।
18 “ਕਿਸੇ ਬੰਦੇ ਦੇ ਫ਼ੋੜਾ ਹੋ ਸੱਕਦਾ ਜੋ ਬਾਦ ਵਿੱਚ ਰਾਜੀ ਹੋ ਜਾਵੇ। 19 ਜੇਕਰ ਉਸ ਜਗ਼੍ਹਾ ਤੇ ਚਿੱਟੀ ਸੋਜ਼ਿਸ਼ ਹੋਵੇ ਜਾਂ ਲਾਲ ਧਾਰੀਆਂ ਵਾਲਾ ਚਮਕੀਲਾ ਚਿੱਟਾ ਨਿਸ਼ਾਨ ਬਣ ਜਾਵੇ ਤਾਂ ਉਸ ਬੰਦੇ ਨੂੰ ਉਹ ਜਗ਼੍ਹਾ ਜਾਜਕ ਨੂੰ ਦਿਖਾਉਣੀ ਚਾਹੀਦੀ ਹੈ। 20 ਜੇ ਫ਼ੋੜਾ ਚਮੜੀ ਨਾਲੋਂ ਗਹਿਰਾ ਹੈ ਅਤੇ ਇਸਦੇ ਉੱਪਰ ਵਾਲ ਚਿੱਟੇ ਹੋ ਜਾਣ ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਇਹ ਬੰਦਾ ਨਾਪਾਕ ਹੈ। ਉਸ ਫ਼ੋੜੇ ਵਿੱਚੋਂ ਛੂਤ ਦੀ ਭੈੜੀ ਸਥਿਤੀ ਫੁੱਟ ਪਈ ਹੈ। 21 ਪਰ ਜੇ ਜਾਜਕ ਧਿਆਨ ਨਾਲ ਉਸ ਨਿਸ਼ਾਨ ਨੂੰ ਦੇਖਦਾ ਹੈ ਅਤੇ ਇਸਦੇ ਉੱਪਰ ਚਿੱਟੇ ਵਾਲ ਨਹੀਂ ਹਨ ਅਤੇ ਨਿਸ਼ਾਨ ਚਮੜੀ ਤੋਂ ਗਹਿਰਾ ਨਹੀਂ ਹੈ ਪਰ ਮਧਮ ਪੈ ਗਿਆ ਹੈ ਤਾਂ ਜਾਜਕ ਨੂੰ ਉਸ ਬੰਦੇ ਨੂੰ ਸੱਤ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ। 22 ਜੇ ਫ਼ੋੜਾ ਚਮੜੀ ਉੱਪਰ ਫ਼ੈਲ ਜਾਵੇ, ਤਾਂ ਉਸ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਨਾਪਾਕ ਹੈ। ਇਹ ਛੂਤ ਹੈ। 23 ਪਰ ਜੇ ਚਮਕੀਲਾ ਨਿਸ਼ਾਨ ਉਸੇ ਥਾਂ ਰਹਿੰਦਾ ਹੈ ਅਤੇ ਫ਼ੈਲਦਾ ਨਹੀਂ, ਇਹ ਸਿਰਫ਼ ਪੁਰਾਣੇ ਫ਼ੋੜੇ ਦਾ ਚਟਾਕ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਇਹ ਬੰਦਾ ਪਾਕ ਹੈ।
24-25 “ਕਿਸੇ ਬੰਦੇ ਦੀ ਚਮੜੀ ਉੱਤੇ ਛਾਲਾ ਹੋ ਸੱਕਦਾ ਹੈ। ਜੇ ਰਿਸਦੀ ਹੋਈ ਚਮੜੀ ਚਿੱਟਾ ਨਿਸ਼ਾਨ ਜਾਂ ਲਾਲ ਧਾਰੀਆਂ ਵਾਲਾ ਚਿੱਟਾ ਨਿਸ਼ਾਨ ਬਣ ਜਾਂਦੀ ਹੈ, ਤਾਂ ਜਾਜਕ ਨੂੰ ਇਸ ਵੱਲ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਉਹ ਚਿੱਟਾ ਨਿਸ਼ਾਨ ਚਮੜੀ ਨਾਲੋਂ ਗਹਿਰਾ ਦਿਖਾਈ ਦਿੰਦਾ ਹੈ ਅਤੇ ਇਸ ਨਿਸ਼ਾਨ ਉੱਪਰ ਵਾਲ ਚਿੱਟੇ ਹੋ ਗਏ ਹਨ ਤਾਂ ਇਹ ਕੋੜ੍ਹ ਦਾ ਰੋਗ ਹੈ। ਕੋੜ੍ਹ ਛਾਲੇ ਵਿੱਚੋਂ ਫੁੱਟ ਰਿਹਾ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਪਲੀਤ ਹੈ। ਇਹ ਕੋੜ੍ਹ ਦਾ ਰੋਗ ਹੈ। 26 ਪਰ ਜੇ ਉਹ ਨਿਸ਼ਾਨ ਦਾ ਧਿਆਨ ਨਾਲ ਨਿਰੀਖਣ ਕਰਦਾ ਹੈ ਅਤੇ ਚਮਕੀਲੇ ਨਿਸ਼ਾਨ ਉੱਤੇ ਚਿੱਟੇ ਵਾਲ ਨਹੀਂ ਹਨ ਅਤੇ ਜੇਕਰ ਨਿਸ਼ਾਨ ਚਮੜੀ ਤੋਂ ਗਹਿਰਾ ਨਹੀਂ ਹੈ ਪਰ ਮਧਮ ਪੈ ਗਿਆ ਹੈ, ਉਸ ਨੂੰ ਉਸ ਵਿਅਕਤੀ ਨੂੰ ਸੱਤਾਂ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ। 27 ਸੱਤਵੇਂ ਦਿਨ ਜਾਜਕ ਨੂੰ ਉਸ ਬੰਦੇ ਨੂੰ ਫ਼ੇਰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਚਮੜੀ ਦਾ ਨਿਸ਼ਾਨ ਫ਼ੈਲ ਜਾਂਦਾ ਹੈ ਤਾਂ ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਬੰਦਾ ਪਲੀਤ ਹੈ। ਇਹ ਕੋੜ੍ਹ ਦਾ ਰੋਗ ਹੈ। 28 ਪਰ ਜੇ ਚਮਕੀਲਾ ਨਿਸ਼ਾਨ ਚਮੜੀ ਉੱਤੇ ਹੋਰ ਨਹੀਂ ਫ਼ੈਲਿਆ ਅਤੇ ਮੱਧਮ ਹੋ ਗਿਆ, ਤਾਂ ਇਹ ਛਾਲੇ ਦੀ ਸੋਜ਼ਿਸ਼ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਬੰਦਾ ਪਾਕ ਹੈ। ਇਹ ਸਿਰਫ਼ ਛਾਲੇ ਦਾ ਦਾਗ ਹੈ।
29 “ਕਿਸੇ ਬੰਦੇ ਦੇ ਸਿਰ ਜਾਂ ਦਾਢ਼ੀ ਉੱਤੇ ਕੋਈ ਛੂਤ ਲੱਗ ਸੱਕਦੀ ਹੈ। 30 ਜਾਜਕ ਨੂੰ ਇਸ ਬੁਰੇ ਅਸਰ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਲੱਗੇ ਕਿ ਇਹ ਚਮੜੀ ਤੋਂ ਗਹਿਰਾ ਦਿਖਾਈ ਦਿੰਦਾ ਹੈ ਅਤੇ ਜੇ ਇਸ ਵਿੱਚਲੇ ਵਾਲ ਪਤਲੇ ਤੇ ਪੀਲੇ ਹਨ ਉਸ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਵਿਅਕਤੀ ਨਾਪਾਕ ਹੈ। ਇਹ ਇੱਕ ਮੰਦਾ ਰੋਗ ਹੈ। ਇਹ ਸਿਰ ਜਾਂ ਦਾਢ਼ੀ ਉੱਤੇ ਛੂਤ ਦੀ ਇੱਕ ਭੈੜੀ ਸਥਿਤੀ ਹੈ। 31 ਜੇ ਬਿਮਾਰੀ ਚਮੜੀ ਤੋਂ ਡੂੰਘੇਰੀ ਦਿਖਾਈ ਨਹੀਂ ਦਿੰਦੀ, ਪਰ ਇਸ ਵਿੱਚ ਕੋਈ ਕਾਲਾ ਵਾਲ ਨਹੀਂ ਹੈ, ਤਾਂ ਜਾਜਕ ਨੂੰ ਉਸ ਬੰਦੇ ਨੂੰ ਸੱਤ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ। 32 ਸੱਤਵੇਂ ਦਿਨ ਜਾਜਕ ਨੂੰ ਛੂਤ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਬਿਮਾਰੀ ਹੋਰ ਨਹੀਂ ਵੱਧੀ ਅਤੇ ਇਸ ਵਿੱਚ ਪੀਲੇ ਵਾਲ ਨਹੀਂ ਉੱਗੇ ਹੋਏ ਅਤੇ ਬਿਮਾਰੀ ਚਮੜੀ ਤੋਂ ਡੂੰਘੇਰੀ ਨਹੀਂ ਜਾਪਦੀ, 33 ਤਾਂ ਉਸ ਬੰਦੇ ਨੂੰ ਆਪਣੀ ਹਜਾਮਤ ਕਰਾਉਣੀ ਚਾਹੀਦੀ ਹੈ ਪਰ ਉਸ ਨੂੰ ਬਿਮਾਰੀ ਵਾਲੀ ਥਾਂ ਦੀ ਹਜਾਮਤ ਨਹੀਂ ਕਰਾਉਣੀ ਚਾਹੀਦੀ। ਜਾਜਕ ਨੂੰ ਉਸ ਬੰਦੇ ਨੂੰ ਹੋਰ ਸੱਤਾਂ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ। 34 ਸੱਤਵੇਂ ਦਿਨ ਉਸ ਨੂੰ ਬਿਮਾਰੀ ਦਾ ਹੋਰ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਬਿਮਾਰੀ ਚਮੜੀ ਉੱਤੇ ਹੋਰ ਨਹੀਂ ਫ਼ੈਲੀ ਅਤੇ ਇਹ ਚਮੜੀ ਨਾਲੋਂ ਗਹਿਰੀ ਨਹੀਂ ਦਿਖਾਈ ਦਿੰਦੀ, ਉਸ ਨੂੰ ਐਲਾਨ ਕਰਨਾ ਚਾਹੀਦਾ ਕਿ ਬੰਦਾ ਪਾਕ ਹੈ। ਫ਼ੇਰ ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਉਹ ਪਾਕ ਹੋ ਜਾਵੇਗਾ। 35 ਪਰ ਜੇ ਉਸ ਬੰਦੇ ਦੇ ਪਾਕ ਹੋ ਜਾਣ ਤੋਂ ਬਾਦ ਬਿਮਾਰੀ ਚਮੜੀ ਉੱਤੇ ਫ਼ੈਲ ਜਾਂਦੀ ਹੈ, 36 ਤਾਂ ਜਾਜਕ ਨੂੰ ਉਸ ਬੰਦੇ ਨੂੰ ਫ਼ੇਰ ਧਿਆਨ ਨਾਲ ਦੇਖਣਾ ਚਾਹੀਦਾ ਹੈ ਜੇ ਬਿਮਾਰੀ ਚਮੜੀ ਵਿੱਚ ਫ਼ੈਲ ਗਈ ਹੈ ਤਾਂ ਜਾਜਕ ਨੂੰ ਪੀਲੇ ਵਾਲਾਂ ਨੂੰ ਦੇਖਣ ਦੀ ਲੋੜ ਨਹੀਂ। ਉਹ ਬੰਦਾ ਪਲੀਤ ਹੈ। 37 ਪਰ ਜੇ ਜਾਜਕ ਸੋਚਦਾ ਹੈ ਕਿ ਬਿਮਾਰੀ ਰੁਕ ਗਈ ਹੈ ਅਤੇ ਇਸ ਵਿੱਚ ਕਾਲੇ ਵਾਲ ਉੱਗ ਰਹੇ ਹਨ ਤਾਂ ਬਿਮਾਰੀ ਠੀਕ ਹੋ ਗਈ ਹੈ। ਬੰਦਾ ਪਾਕ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਬੰਦਾ ਪਾਕ ਹੈ।
38 “ਜੇ ਕਿਸੇ ਬੰਦੇ ਦੀ ਚਮੜੀ ਉੱਤੇ ਚਿੱਟੇ ਨਿਸ਼ਾਨ ਹਨ, 39 ਤਾਂ ਜਾਜਕ ਨੂੰ ਉਨ੍ਹਾਂ ਨੂੰ ਨਿਸ਼ਾਨਾਂ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਉਸ ਬੰਦੇ ਦੀ ਚਮੜੀ ਉਤਲੇ ਨਿਸ਼ਾਨ ਮੱਧਮ ਜਿਹੇ ਚਿੱਟੇ ਹਨ, ਤਾਂ ਇਹ ਬਿਮਾਰੀ ਨੁਕਸਾਨ ਰਹਿਤ ਖਾਰਸ਼ ਹੀ ਹੈ ਅਤੇ ਉਹ ਬੰਦਾ ਪਾਕ ਹੈ।
40 “ਹੋ ਸੱਕਦਾ ਹੈ ਕਿ ਕੋਈ ਬੰਦਾ ਗੰਜਾ ਹੋ ਜਾਵੇ। ਉਹ ਪਾਕ ਹੈ। ਇਹ ਸਿਰਫ਼ ਗੰਜ ਹੈ। 41 ਹੋ ਸੱਕਦਾ ਹੈ ਕਿਸੇ ਬੰਦੇ ਦੇ ਮੱਥੇ ਦੇ ਵਾਲ ਝੜ ਜਾਣ। ਉਹ ਪਾਕ ਹੈ। ਇਹ ਸਿਰਫ਼ ਇੱਕ ਹੋਰ ਤਰ੍ਹਾਂ ਦਾ ਗੰਜਾਪਨ ਹੈ। 42 ਪਰ ਜੇ ਉਸ ਦੇ ਸਿਰ ਦੀ ਚਮੜੀ ਉੱਤੇ ਲਾਲ ਅਤੇ ਚਿੱਟੀ ਛੂਤ ਹੈ, ਇਹ ਛੂਤ ਦੀ ਇੱਕ ਭੈੜੀ ਸਥਿਤੀ ਹੈ। 43 ਜਾਜਕ ਨੂੰ ਉਸ ਬੰਦੇ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਛੂਤ ਦੀ ਸੋਜ਼ਿਸ਼ ਲਾਲ ਅਤੇ ਚਿੱਟੀ ਹੈ ਅਤੇ ਸ਼ਰੀਰ ਦੇ ਹੋਰਨਾਂ ਹਿਸਿਆਂ ਉੱਤੇ ਕੋੜ੍ਹ ਵਰਗੀ ਦਿਖਾਈ ਦਿੰਦੀ ਹੈ, 44 ਤਾਂ ਉਸ ਬੰਦੇ ਦੇ ਸਿਰ ਦੀ ਚਮੜੀ ਉੱਤੇ ਕੋੜ੍ਹ ਦਾ ਰੰਗ ਹੈ। ਉਹ ਬੰਦਾ ਪਲੀਤ ਹੈ। ਜਾਜਕ ਨੂੰ ਇਹ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਪਲੀਤ ਹੈ।
45 “ਜੇਕਰ ਕਿਸੇ ਬੰਦੇ ਨੂੰ ਛੂਤ ਦੀ ਅਜਿਹੀ ਭੈੜੀ ਬਿਮਾਰੀ ਹੈ ਉਸ ਨੂੰ ਹੋਰਨਾਂ ਲੋਕਾਂ ਨੂੰ ਚੇਤਾਵਨੀ ਦੇਣੀ ਚਾਹੀਦੀ ਹੈ। ਉਸ ਨੂੰ ਉੱਚੀ ਅਵਾਜ਼ ਵਿੱਚ ਐਲਾਨ ਕਰਨਾ ਚਾਹੀਦਾ ਹੈ, ‘ਨਾਪਾਕ, ਨਾਪਾਕ।’ ਉਸ ਦੇ ਕੱਪੜਿਆਂ ਨੂੰ ਪਾੜ ਦੇਣਾ ਚਾਹੀਦਾ ਹੈ, ਉਸ ਨੂੰ ਆਪਣੇ ਵਾਲ ਨਹੀਂ ਵਾਹੁਣੇ ਚਾਹੀਦੇ ਅਤੇ ਆਪਣਾ ਮੂੰਹ ਢੱਕ ਲੈਣਾ ਚਾਹੀਦਾ ਹੈ। 46 ਜਿੰਨਾ ਚਿਰ ਤੱਕ ਉਸ ਬੰਦੇ ਨੂੰ ਬਿਮਾਰੀ ਲਗੀ ਹੋਈ ਹੈ, ਉਹ ਨਾਪਾਕ ਰਹੇਗਾ ਅਤੇ ਉਸ ਨੂੰ ਇੱਕਲੇ ਨੂੰ ਡੇਰੇ ਤੋਂ ਬਾਹਰ ਰਹਿਣਾ ਚਾਹੀਦਾ ਹੈ।
47-48 “ਕੁਝ ਕੱਪੜਿਆਂ ਉੱਤੇ ਫ਼ਫ਼ੂੰਦੀ ਦੇ ਨਿਸ਼ਾਨ ਹੋ ਸੱਕਦੇ ਹਨ। ਇਹ ਕੱਪੜਾ ਲਿਨਨ ਦਾ ਜਾਂ ਉੱਨ ਦਾ ਵੀ ਹੋ ਸੱਕਦਾ ਹੈ, ਜਾਂ ਲਿਨਨ ਜਾਂ ਉੱਨ ਤੋਂ ਉਣਿਆ ਹੋਇਆ ਜਾਂ ਬੁਣਿਆ ਹੋਇਆ ਹੋ ਸੱਕਦਾ ਹੈ। ਜਾਂ ਇਹ ਫ਼ਫ਼ੂੰਦੀ ਦਾ ਨਿਸ਼ਾਨ ਕਿਸੇ ਚਮੜੇ ਜਾਂ ਚਮੜੇ ਦੀ ਬਣੀ ਹੋਈ ਚੀਜ਼ ਉੱਪਰ ਹੋ ਸੱਕਦਾ ਹੈ। 49 ਜੇ ਫ਼ਫ਼ੂੰਦੀ ਹਰੀ ਜਾਂ ਲਾਲ ਹੈ ਤਾਂ ਇਹ ਨੁਕਸਾਨ ਦਾਇੱਕ ਫ਼ਫ਼ੂੰਦੀ ਹੈ ਅਤੇ ਇਸ ਨੂੰ ਜਾਜਕ ਨੂੰ ਦਿਖਾਉਣਾ ਚਾਹੀਦਾ ਹੈ। 50 ਜਾਜਕ ਨੂੰ ਇਸ ਫ਼ਫ਼ੂੰਦੀ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਉਸ ਨੂੰ ਇਹ ਚੀਜ਼ ਸੱਤ ਦਿਨਾਂ ਲਈ ਵਖਰੀ ਥਾਂ ਰੱਖ ਦੇਣੀ ਚਾਹੀਦੀ ਹੈ। 51-52 ਸੱਤਵੇਂ ਦਿਨ, ਉਸ ਨੂੰ ਇਸ ਫ਼ਫ਼ੂੰਦੀ ਦਾ ਬੜੇ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਫ਼ਫ਼ੂੰਦੀ ਕਾਸੇ ਲਈ ਵਰਤੇ ਗਏ ਚਮੜੇ ਉੱਤੇ ਹੈ ਜਾਂ ਉਣੇ ਹੋਏ ਕੱਪੜੇ ਉੱਤੇ ਹੈ। ਜੇ ਫ਼ਫ਼ੂੰਦੀ ਫ਼ੈਲ ਗਈ ਹੈ, ਉਹ ਕੱਪੜਾ ਜਾਂ ਚਮੜਾ ਨਾਪਾਕ ਹੈ। ਇਹ ਨੁਕਸਾਨਦੇਹ ਫ਼ਫ਼ੂੰਦੀ ਹੈ ਜਾਜਕ ਨੂੰ ਉਹ ਕੱਪੜਾ ਜਾਂ ਚਮੜਾ ਸਾੜ ਦੇਣਾ ਚਾਹੀਦਾ ਹੈ।
53 “ਜੇ ਜਾਜਕ ਉਸ ਕੱਪੜੇ ਜਾਂ ਚਮੜੇ ਦਾ ਨਿਰੀਖਣ ਕਰਦਾ ਅਤੇ ਵੇਖਦਾ ਕਿ ਫ਼ਫ਼ੂੰਦੀ ਨਹੀਂ ਫ਼ੈਲੀ, 54 ਤਾਂ ਜਾਜਕ ਨੂੰ ਲੋਕਾਂ ਨੂੰ ਉਸ ਚਮੜੇ ਜਾਂ ਕੱਪੜੇ ਦੇ ਟੁਕੜੇ ਨੂੰ ਧੋਣ ਦਾ ਆਦੇਸ਼ ਦੇਣਾ ਚਾਹੀਦਾ ਭਾਵੇਂ ਇਹ ਬੁਣਿਆ ਹੋਵੇ ਜਾਂ ਉਣਿਆ ਹੋਵੇ, ਅਤੇ ਉਸ ਚਮੜੇ ਜਾਂ ਕੱਪੜੇ ਨੂੰ ਹੋਰ ਸੱਤ ਦਿਨਾਂ ਲਈ ਵੱਖਰਾ ਰੱਖਣਾ ਚਾਹੀਦਾ ਹੈ। 55 ਇਸ ਸਮੇਂ ਤੋਂ ਬਾਦ, ਜਾਜਕ ਨੂੰ ਇੱਕ ਵਾਰੀ ਫ਼ੇਰ ਧਿਆਨ ਨਾਲ ਇਸਦਾ ਨਿਰੀਖਣ ਕਰਨਾ ਚਾਹੀਦਾ ਹੈ। ਜੇ ਫ਼ਫ਼ੂੰਦੀ ਫ਼ੇਰ ਵੀ ਉਸੇ ਤਰ੍ਹਾਂ ਦਿਖਾਈ ਦਿੰਦੀ ਹੈ ਅਤੇ ਬਦਲੀ ਨਹੀਂ, ਇਹ ਨਾਪਾਕ ਹੈ। ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਫ਼ਫ਼ੂੰਦੀ ਉਸ ਚਮੜੇ ਜਾਂ ਕੱਪੜੇ ਦੇ ਅੰਦਰਲੇ ਪਾਸੇ ਹੈ ਜਾਂ ਬਾਹਰਲੇ ਪਾਸੇ। ਤੁਹਾਨੂੰ ਇਸ ਨੂੰ ਸਾੜ ਦੇਣਾ ਚਾਹੀਦਾ ਹੈ।
56 “ਪਰ ਜੇ ਜਾਜਕ ਚਮੜੇ ਜਾਂ ਕੱਪੜੇ ਦੇ ਉਸ ਟੁਕੜੇ ਦਾ ਨਿਰੀਖਣ ਕਰਦਾ ਹੈ, ਅਤੇ ਫ਼ਫ਼ੂੰਦੀ ਮਧਮ ਪੈ ਗਈ ਹੋਵੇ, ਤਾਂ ਜਾਜਕ ਨੂੰ ਚਮੜੇ ਜਾਂ ਕੱਪੜੇ ਤੋਂ ਉਸ ਫ਼ਫ਼ੂੰਦੀ ਨੂੰ ਪਾੜ ਦੇਣਾ ਚਾਹੀਦਾ ਹੈ। ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਕੱਪੜਾ ਉਣਿਆ ਹੋਇਆ ਹੈ ਜਾਂ ਬੁਣਿਆ ਹੋਇਆ ਹੈ। 57 ਪਰ ਚਮੜੇ ਜਾਂ ਕੱਪੜੇ ਦੇ ਉਸ ਟੁਕੜੇ ਉੱਤੇ ਫ਼ਫ਼ੂੰਦੀ ਫ਼ੇਰ ਉਭਰ ਸੱਕਦੀ ਹੈ। ਇਸ ਲਈ ਇਸ ਨੂੰ ਸਾੜ ਦੇਣਾ ਚਾਹੀਦਾ ਹੈ। 58 ਪਰ ਜੇ ਚਮੜੇ ਜਾਂ ਕੱਪੜੇ ਦੇ ਉਸ ਟੁਕੜੇ ਨੂੰ ਧੋਣ ਤੋਂ ਮਗਰੋਂ ਫ਼ਫ਼ੂੰਦੀ ਫ਼ੇਰ ਨਹੀਂ ਉਭਰੀ, ਇਸ ਨੂੰ ਫ਼ੇਰ ਤੋਂ ਧੋਤਾ ਜਾਣਾ ਚਾਹੀਦਾ ਹੈ। ਫ਼ੇਰ ਇਹ ਪਾਕ ਹੋ ਜਾਵੇਗਾ।”
59 ਚਮੜੇ ਜਾਂ ਕੱਪੜੇ ਦੇ ਟੁਕੜੇ ਉੱਤੇ ਫ਼ਫ਼ੂੰਦੀ ਪਾਕ ਹੈ ਜਾਂ ਨਾਪਾਕ ਦਾ ਫ਼ੈਸਲਾ ਕਰਨ ਦੇ ਲਈ ਇਹ ਬਿਧੀਆਂ ਹਨ। ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਕੱਪੜਾ ਲਿਨਨ ਤੋਂ ਬਣਿਆ ਜਾਂ ਉੱਨ ਤੋਂ ਜਾਂ ਇਹ ਉਣਿਆ ਹੋਇਆ ਹੈ ਜਾਂ ਬੁਣਿਆ ਹੋਇਆ ਹੈ।
2010 by World Bible Translation Center