Beginning
ਮੂਸਾ ਜਾਜਕਾਂ ਨੂੰ ਤਿਆਰ ਕਰਦਾ ਹੈ
8 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਹਾਰੂਨ ਨੂੰ ਉਸ ਦੇ ਪੁੱਤਰਾਂ ਉਨ੍ਹਾਂ ਦੇ ਵਸਤਰਾਂ, ਮਸਹ ਵਾਲੇ ਤੇਲ, ਪਾਪ ਦੀ ਭੇਟ ਦੇ ਬਲਦ ਦੋ ਭੇਡੂਆਂ ਅਤੇ ਪਤੀਰੀ ਰੋਟੀ ਦੀ ਟੋਕਰੀ ਸਮੇਤ ਨਾਲ ਲੈ। 3 ਅਤੇ ਫ਼ੇਰ ਲੋਕਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਇਕੱਠਿਆਂ ਕਰ।”
4 ਮੂਸਾ ਨੇ ਉਹੀ ਕੀਤਾ ਜਿਸਦਾ ਯਹੋਵਾਹ ਨੇ ਆਦੇਸ਼ ਦਿੱਤਾ ਸੀ। ਲੋਕ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਕੋਲ ਇਕੱਠੇ ਹੋ ਗਏ। 5 ਫ਼ੇਰ ਮੂਸਾ ਨੇ ਲੋਕਾਂ ਨੂੰ ਆਖਿਆ, “ਇਹ ਚੀਜ਼ ਹੈ ਜੋ ਯਹੋਵਾਹ ਨੇ ਹੁਕਮ ਦਿੱਤਾ ਹੈ ਕਿ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ।”
6 ਫ਼ੇਰ ਮੂਸਾ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਲਿਆਇਆ। ਉਸ ਨੇ ਉਨ੍ਹਾਂ ਨੂੰ ਪਾਣੀ ਨਾਲ ਧੋਤਾ। 7 ਫ਼ੇਰ ਮੂਸਾ ਨੇ ਉਣੀ ਹੋਈ ਕਮੀਜ਼ ਹਾਰੂਨ ਨੂੰ ਪਹਿਨਾਈ ਅਤੇ ਉਸ ਦੇ ਲੱਕ ਦੁਆਲੇ ਪੇਟੀ ਬੰਨ੍ਹੀ। ਫ਼ੇਰ ਉਸ ਨੇ ਹਾਰੂਨ ਨੂੰ ਚੋਲਾ ਪਹਿਨਾਇਆ। ਇਸਤੋਂ ਮਗਰੋਂ, ਉਸ ਨੇ ਹਾਰੂਨ ਨੂੰ ਏਫ਼ੋਦ ਪਹਿਨਾਇਆ ਅਤੇ ਇਸ ਨੂੰ ਸੁੰਦਰ ਕਮਰਬੰਦ ਦੇ ਨਾਲ ਬੰਨ੍ਹ ਦਿੱਤਾ। 8 ਉਸ ਨੇ ਉਸ ਨੂੰ ਸੀਨੇ-ਬੰਦ ਪਹਿਨਾਇਆ ਅਤੇ ਸੀਨੇ-ਬੰਦ ਦੀ ਜੇਬ ਵਿੱਚ ਉਰੀਮ ਅਤੇ ਤੁੰਮੀਮ ਪਾਏ। 9 ਉਸ ਨੇ ਹਾਰੂਨ ਦੇ ਸਿਰ ਤੇ ਅਮਾਮਾ ਵੀ ਰੱਖਿਆ ਅਤੇ ਅਮਾਮੇ ਦੇ ਅਗਲੇ ਪਾਸੇ ਇੱਕ ਸੋਨੇ ਦੀ ਪੱਟੀ ਬੰਨ੍ਹੀ। ਇਹ ਪਵਿੱਤਰ ਤਾਜ ਹੈ। ਮੂਸਾ ਨੇ ਇਹ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਉਸ ਨੂੰ ਆਦੇਸ਼ ਦਿੱਤਾ ਸੀ।
10 ਫ਼ੇਰ ਮੂਸਾ ਨੇ ਮਸਹ ਕਰਨ ਵਲਾ ਤੇਲ ਲਿਆ ਅਤੇ ਇਸ ਨੂੰ ਪਵਿੱਤਰ ਤੰਬੂ ਅਤੇ ਇਸ ਵਿੱਚਲੀਆਂ ਸਾਰੀਆਂ ਚੀਜ਼ਾਂ ਉੱਤੇ ਛਿੜਕਿਆ। ਇਸ ਤਰ੍ਹਾਂ ਮੂਸਾ ਨੇ ਉਨ੍ਹਾਂ ਨੂੰ ਪਵਿੱਤਰ ਬਣਾ ਦਿੱਤਾ। 11 ਉਸ ਨੇ ਮਸਹ ਵਾਲਾ ਕੁਝ ਤੇਲ ਜਗਵੇਦੀ ਉੱਤੇ ਅਤੇ ਇਸਦੇ ਸਾਰੇ ਸੰਦਾਂ ਅਤੇ ਪਲੇਟਾਂ ਉੱਤੇ ਸੱਤ ਵਾਰੀ ਛਿੜਕਿਆ। ਉਸ ਨੇ ਇਹ ਤੇਲ ਪਾਣੀ ਦੇ ਵੱਡੇ ਹੌਂਦ ਅਤੇ ਉਸਦੀ ਚੌਂਕੀ ਉੱਤੇ ਵੀ ਛਿੜਕਿਆ ਅਤੇ ਇਸ ਤਰ੍ਹਾਂ, ਉਨ੍ਹਾਂ ਨੂੰ ਪਵਿੱਤਰ ਬਣਾ ਦਿੱਤਾ। 12 ਫ਼ੇਰ ਉਸ ਨੇ ਮਸਹ ਵਾਲਾ ਕੁਝ ਤੇਲ ਹਾਰੂਨ ਦੇ ਸਿਰ ਉੱਤੇ ਡੋਲ੍ਹਿਆ। ਇਸ ਤਰ੍ਹਾਂ ਉਸ ਨੇ ਹਾਰੂਨ ਨੂੰ ਮਸਹ ਕੀਤਾ ਅਤੇ ਉਸ ਨੂੰ ਪਵਿੱਤਰ ਬਣਾ ਦਿੱਤਾ। 13 ਫ਼ੇਰ ਉਹ ਹਾਰੂਨ ਦੇ ਪੁੱਤਰਾਂ ਨੂੰ ਲਿਆਇਆ ਅਤੇ ਉਨ੍ਹਾਂ ਨੂੰ ਉਣੀਆਂ ਹੋਈਆਂ ਕਮੀਜ਼ਾਂ ਪੁਆਈਆਂ। ਉਨ੍ਹਾਂ ਦੁਆਲੇ ਪੇਟੀਆਂ ਬੰਨ੍ਹੀਆਂ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਟੋਪੀਆਂ ਪਾਈਆਂ। ਮੂਸਾ ਨੇ ਇਹ ਗੱਲਾਂ ਉਸੇ ਤਰ੍ਹਾਂ ਕੀਤੀਆਂ ਜਿਵੇਂ ਯਹੋਵਾਹ ਨੇ ਹੁਕਮ ਕੀਤਾ ਸੀ।
14 ਫ਼ੇਰ ਮੂਸਾ ਨੇ ਪਾਪ ਦੀ ਭੇਟ ਦਾ ਬਲਦ ਲਿਆਂਦਾ। ਹਾਰੂਨ ਤੇ ਉਸ ਦੇ ਪੁੱਤਰਾਂ ਨੇ ਪਾਪ ਦੀ ਭੇਟ ਦੇ ਬਲਦ ਦੇ ਸਿਰ ਤੇ ਆਪਣੇ ਹੱਥ ਰੱਖੇ। 15 ਫ਼ੇਰ ਉਸ ਨੇ ਬਲਦ ਨੂੰ ਮਾਰਕੇ ਇਸਦਾ ਖੂਨ ਇਕੱਠਾ ਕਰ ਲਿਆ। ਉਸ ਨੇ ਆਪਣੀ ਉਂਗਲੀ ਦੀ ਵਰਤੋਂ ਕੀਤੀ ਅਤੇ ਕੁਝ ਖੂਨ ਜਗਵੇਦੀ ਦੇ ਸਾਰੇ ਕੋਨਿਆਂ ਤੇ ਲੇਪ ਦਿੱਤਾ। ਇਸ ਤਰ੍ਹਾਂ, ਉਸ ਨੇ ਜਗਵੇਦੀ ਨੂੰ ਸ਼ੁੱਧ ਕਰ ਦਿੱਤਾ। [a] ਫ਼ੇਰ ਉਸ ਨੇ ਜਗਵੇਦੀ ਦੇ ਥੜੇ ਉੱਤੇ ਖੂਨ ਡੋਲ੍ਹ ਦਿੱਤਾ। ਇਸ ਤਰ੍ਹਾਂ, ਉਸ ਨੇ ਜਗਵੇਦੀ ਨੂੰ ਪਵਿੱਤਰ ਅਤੇ ਵਰਤੋਂ ਦੇ ਲਾਇੱਕ ਬਣਾ ਦਿੱਤਾ। [b] 16 ਉਸ ਨੇ ਬਲਦ ਦੇ ਅੰਦਰਲੇ ਅੰਗਾਂ ਵਿੱਚੋਂ ਸਾਰੀ ਚਰਬੀ, ਕਲੇਜੀ ਦਾ ਚਰਬੀ ਵਾਲਾ ਹਿੱਸਾ ਦੋਹਾਂ ਗੁਰਦਿਆਂ ਸਮੇਤ ਅਤੇ ਉਸ ਉੱਪਰਲੀ ਚਰਬੀ ਲਈ। ਫ਼ੇਰ ਉਸ ਨੇ ਉਨ੍ਹਾਂ ਨੂੰ ਜਗਵੇਦੀ ਉੱਤੇ ਸਾੜਿਆ। 17 ਪਰ ਮੂਸਾ ਬਲਦ ਦੀ ਚਮੜੀ ਅਤੇ ਇਸ ਦਾ ਬੱਚਿਆਂ ਹੋਇਆ ਸ਼ਰੀਰ ਅਤੇ ਇਸਦੀ ਰਹਿੰਦ ਖੁੰਹਦ ਨੂੰ ਡੇਰੇ ਤੋਂ ਬਾਹਰ ਲੈ ਆਇਆ ਅਤੇ ਇਨ੍ਹਾਂ ਚੀਜ਼ਾਂ ਨੂੰ ਸਾੜ ਦਿੱਤਾ। ਉਸ ਨੇ ਇਹ ਗੱਲਾਂ ਉਵੇਂ ਹੀ ਕੀਤੀਆਂ ਜਿਵੇਂ ਯਹੋਵਾਹ ਨੇ ਆਦੇਸ਼ ਦਿੱਤਾ ਸੀ।
18 ਫ਼ੇਰ ਮੂਸਾ ਹੋਮ ਦੀ ਭੇਟ ਦੇ ਭੇਡੂ ਨੂੰ ਲੈ ਆਇਆ। ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਆਪਣੇ ਹੱਥ ਭੇਡੂ ਦੇ ਸਿਰ ਉੱਤੇ ਰੱਖੇ। 19 ਫ਼ੇਰ ਉਸ ਨੇ ਭੇਡੂ ਨੂੰ ਜਿਬਹ ਕੀਤਾ ਅਤੇ ਉਸ ਨੇ ਖੂਨ ਨੂੰ ਜਗਵੇਦੀ ਦੇ ਸਾਰੀ ਪਾਸੀਂ ਛਿੜਕ ਦਿੱਤਾ। 20-21 ਮੂਸਾ ਨੇ ਭੇਡੂ ਦੇ ਟੋਟੇ ਕੀਤੇ। ਮੂਸਾ ਨੇ ਅੰਦਰਲੇ ਹਿਸਿਆਂ ਅਤੇ ਲੱਤਾਂ ਨੂੰ ਪਾਣੀ ਨਾਲ ਸਾਫ਼ ਕੀਤਾ। ਫ਼ੇਰ ਮੂਸਾ ਨੇ ਪੂਰੇ ਭੇਡੂ ਨੂੰ ਜਗਵੇਦੀ ਉੱਤੇ ਸਾੜ ਦਿੱਤਾ। ਮੂਸਾ ਨੇ ਸਿਰੀ, ਟੁਕੜਿਆਂ ਅਤੇ ਚਰਬੀ ਨੂੰ ਸਾੜਿਆ। ਇਹ ਅੱਗ ਨਾਲ ਭੇਟ ਕੀਤੀ ਹੋਮ ਦੀ ਭੇਟ ਸੀ। ਇਸਦੀ ਸੁਗੰਧ ਨੇ ਯਹੋਵਾਹ ਨੂੰ ਪ੍ਰਸੰਨ ਕੀਤਾ। ਮੂਸਾ ਨੇ ਇਹ ਗੱਲਾਂ ਉਵੇਂ ਕੀਤੀਆਂ ਜਿਵੇਂ ਯਹੋਵਾਹ ਨੇ ਹੁਕਮ ਕੀਤਾ ਸੀ।
22 ਫ਼ੇਰ ਮੂਸਾ ਦੂਸਰੇ ਭੇਡੂ ਨੂੰ ਲਿਆਇਆ। ਇਸ ਭੇਡੂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਜਾਜਕ ਬਨਾਉਣ ਵਾਸਤੇ ਮਸਹ ਕਰਨ ਲਈ ਵਰਤਿਆ ਗਿਆ। ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਭੇਡੂ ਦੇ ਸਿਰ ਉੱਤੇ ਆਪਣੇ ਹੱਥ ਰੱਖੇ। 23 ਫ਼ੇਰ ਉਸ ਨੇ ਭੇਡੂ ਨੂੰ ਮਾਰਕੇ ਇਸਦਾ ਕੁਝ ਖੂਨ ਹਾਰੂਨ ਦੇ ਸੱਜੇ ਕੰਨ ਦੀ ਪਿਪਲੀ ਉੱਤੇ, ਉਸ ਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਸ ਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਾਇਆ। 24 ਫ਼ੇਰ ਉਹ ਹਾਰੂਨ ਦੇ ਪੁੱਤਰਾਂ ਨੂੰ ਲਿਆਇਆ ਅਤੇ ਕੁਝ ਖੂਨ ਉਨ੍ਹਾਂ ਦੇ ਸੱਜੇ ਕੰਨਾਂ ਦੀਆਂ ਪਿਪਲੀਆਂ ਉੱਤੇ, ਉਨ੍ਹਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਉੱਤੇ ਅਤੇ ਉਨ੍ਹਾਂ ਦੇ ਸੱਜੇ ਪੈਰਾਂ ਦੇ ਅੰਗੂਠਿਆਂ ਉੱਤੇ ਲਾਇਆ। ਫ਼ੇਰ ਉਸ ਨੇ ਜਗਵੇਦੀ ਦੇ ਉੱਤੇ ਅਤੇ ਆਸੇ-ਪਾਸੇ ਖੂਨ ਡੋਲ੍ਹਿਆ। 25 ਮੂਸਾ ਨੇ ਚਰਬੀ ਲਈ, ਚਰਬੀ ਵਾਲੀ ਪੂਛ, ਅੰਦਰਲੇ ਅੰਗਾਂ ਦੀ ਸਾਰੀ ਚਰਬੀ, ਕਲੇਜੀ ਤੇ ਚੜ੍ਹੀ ਹੋਈ ਚਰਬੀ, ਦੋਵੇਂ ਗੁਰਦੇ ਅਤੇ ਉਨ੍ਹਾਂ ਦੀ ਚਰਬੀ ਅਤੇ ਸੱਜਾ ਪੱਟ ਲਿਆ। 26 ਪਤੀਰੀ ਰੋਟੀ ਦੀ ਇੱਕ ਟੋਕਰੀ ਹਰ ਰੋਜ਼ ਯਹੋਵਾਹ ਅੱਗੇ ਰੱਖੀ ਜਾਂਦੀ ਹੈ। ਮੂਸਾ ਨੇ ਉਨ੍ਹਾਂ ਰੋਟੀਆਂ ਵਿੱਚੋਂ ਇੱਕ ਰੋਟੀ ਲਈ, ਅਤੇ ਇੱਕ ਰੋਟੀ ਤੇਲ ਨਾਲ ਚੋਪੜੀ ਹੋਈ, ਅਤੇ ਇੱਕ ਪਤੀਰੀ ਮਠੀ ਲਈ। ਮੂਸਾ ਨੇ ਰੋਟੀਆਂ ਦੇ ਉਹ ਟੁਕੜੇ ਭੇਡੂ ਦੇ ਸੱਜੇ ਪੱਟ ਅਤੇ ਚਰਬੀ ਉੱਤੇ ਰੱਖ ਦਿੱਤੇ। 27 ਫ਼ੇਰ ਮੂਸਾ ਨੇ ਉਹ ਸਾਰੀਆਂ ਚੀਜ਼ਾਂ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਹੱਥਾਂ ਉੱਤੇ ਧਰ ਦਿੱਤੀਆਂ। ਮੂਸਾ ਨੇ ਇਨ੍ਹਾਂ ਟੁਕੜਿਆਂ ਨੂੰ ਯਹੋਵਾਹ ਦੇ ਅੱਗੇ ਹਿਲਾਉਣ ਦੀਆਂ ਭੇਟਾਂ ਵਜੋਂ ਹਿਲਾਇਆ। 28 ਫ਼ੇਰ ਉਸ ਨੇ ਇਹ ਚੀਜ਼ਾਂ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਹੱਥਾਂ ਵਿੱਚੋਂ ਵਾਪਸ ਲੈ ਲਈਆਂ ਅਤੇ ਇਨ੍ਹਾਂ ਨੂੰ ਜਗਵੇਦੀ ਉੱਤੇ ਹੋਮ ਦੀ ਭੇਟ ਦੇ ਨਾਲ ਸਾੜਿਆ। ਇਹ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਜਾਜਕਾਂ ਵਜੋਂ ਮਸਹ ਕਰਨ ਲਈ ਚੜ੍ਹਾਵਾ ਸੀ। ਇਹ ਅੱਗ ਦੁਆਰਾ ਦਿੱਤਾ ਗਿਆ ਚੜ੍ਹਾਵਾ ਸੀ ਅਤੇ ਇਸਦੀ ਸੁਗੰਧ ਨੇ ਯਹੋਵਾਹ ਨੂੰ ਪ੍ਰਸੰਨ ਕਰ ਦਿੱਤਾ। 29 ਮੂਸਾ ਨੇ ਸੀਨਾ ਲਿਆ ਅਤੇ ਇਸ ਨੂੰ ਯਹੋਵਾਹ ਦੇ ਅੱਗੇ ਹਿਲਾਉਣ ਦੀ ਭੇਟ ਵਜੋਂ ਹਿਲਾਇਆ। ਇਹ ਮੂਸਾ ਦਾ ਜਾਜਕਾਂ ਨੂੰ ਮਸਹ ਕਰਨ ਦੀ ਰਸਮ ਦਾ ਇੱਕ ਹਿੱਸਾ ਸੀ। ਇਹ ਉਸੇ ਤਰ੍ਹਾਂ ਸੀ ਜਿਵੇਂ ਮੂਸਾ ਨੂੰ ਯਹੋਵਾਹ ਨੇ ਹੁਕਮ ਕੀਤਾ ਸੀ।
30 ਮੂਸਾ ਨੇ ਕੁਝ ਕੁ ਮਸਹ ਕਰਨ ਵਾਲਾ ਤੇਲ ਲਿਆ ਅਤੇ ਜਗਵੇਦੀ ਉੱਪਰਲਾ ਕੁਝ ਖੂਨ ਲਿਆ। ਮੂਸਾ ਨੇ ਇਸ ਵਿੱਚੋਂ ਕੁਝ ਹਾਰੂਨ ਅਤੇ ਹਾਰੂਨ ਦੇ ਵਸਤਰਾਂ ਉੱਤੇ ਛਿੜਕਿਆ। ਮੂਸਾ ਨੇ ਇਸ ਵਿੱਚੋਂ ਕੁਝ ਹਾਰੂਨ ਦੇ ਪੁੱਤਰਾਂ ਅਤੇ ਉਨ੍ਹਾਂ ਦੇ ਵਸਤਰਾਂ ਉੱਤੇ ਛਿੜਕਿਆ। ਜਿਹੜੇ ਹਾਰੂਨ ਦੇ ਨਾਲ ਸਨ। ਇਸ ਤਰ੍ਹਾਂ ਮੂਸਾ ਨੇ ਹਾਰੂਨ, ਉਸ ਦੇ ਵਸਤਰਾਂ, ਉਸ ਦੇ ਪੁੱਤਰਾਂ ਅਤੇ ਉਸ ਦੇ ਪੁੱਤਰਾਂ ਦੇ ਵਸਤਰਾਂ ਨੂੰ ਪਵਿੱਤਰ ਬਣਾ ਦਿੱਤਾ।
31 ਫ਼ੇਰ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਖਿਆ, “ਜਿਵੇਂ ਮੈਂ ਹੁਕਮ ਦਿੱਤਾ ਸੀ, ‘ਹਾਰੂਨ ਤੇ ਉਸ ਦੇ ਪੁੱਤਰਾਂ ਨੂੰ ਇਹ ਚੀਜ਼ਾਂ ਖਾਣੀਆਂ ਚਾਹੀਦੀਆਂ।’ ਇਸ ਲਈ ਰੋਟੀਆਂ ਵਾਲੀ ਟੋਕਰੀ ਅਤੇ ਜਾਜਕ ਚੁਨਣ ਦੀ ਰਸਮ ਦਾ ਮਾਸ ਲੈ ਲਵੋ। ਉਸ ਮਾਸ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਕੋਲ ਉਬਾਲੋ ਅਤੇ ਮਾਸ ਤੇ ਰੋਟੀ ਨੂੰ ਉਸ ਥਾਂ ਉੱਤੇ ਖਾਉ। 32 ਜੇ ਮਾਸ ਜਾਂ ਰੋਟੀ ਵਿੱਚੋਂ ਕੁਝ ਬਚ ਜਾਵੇ ਤਾਂ ਇਸ ਨੂੰ ਸਾੜ ਦਿਉ। 33 ਜਾਜਕਾਂ ਨੂੰ ਚੁਨਣ ਦੀ ਰਸਮ ਸੱਤ ਦਿਨਾਂ ਤੱਕ ਚੱਲੇਗੀ। ਜਦੋਂ ਤੱਕ ਇਹ ਸਮਾਂ ਖਤਮ ਨਹੀਂ ਹੋ ਜਾਂਦਾ ਤੁਹਾਨੂੰ ਮੰਡਲੀ ਵਾਲੇ ਤੰਬੂ ਦਾ ਪ੍ਰਵੇਸ਼ ਦੁਆਰ ਨਹੀਂ ਛੱਡਣਾ ਚਾਹੀਦਾ। 34 ਜਿਹੜੀਆਂ ਗੱਲਾਂ ਅੱਜ ਹੋਈਆਂ ਹਨ ਯਹੋਵਾਹ ਨੇ ਤੁਹਾਡੇ ਲਈ ਪਰਾਸਚਿਤ ਕਰਨ ਲਈ ਉਨ੍ਹਾਂ ਨੂੰ ਕਰਨ ਦਾ ਆਦੇਸ਼ ਦਿੱਤਾ ਹੈ। 35 ਤੁਹਾਨੂੰ ਸੱਤਾਂ ਦਿਨਾਂ ਤੱਕ ਦਿਨ ਰਾਤ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਰਹਿਣਾ ਪਵੇਗਾ। ਜੇ ਤੁਸੀਂ ਯਹੋਵਾਹ ਦੇ ਹੁਕਮਾਂ ਦੀ ਪਾਲਣਾ ਨਹੀਂ ਕਰੋਂਗੇ ਤਾਂ ਤੁਸੀਂ ਮਰ ਜਾਉਂਗੇ। ਯਹੋਵਾਹ ਨੇ ਮੈਨੂੰ ਇਹ ਹੁਕਮ ਦਿੱਤੇ ਸਨ।”
36 ਇਸ ਲਈ ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਉਹ ਸਾਰੀਆਂ ਗੱਲਾਂ ਕੀਤੀਆਂ ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
ਯਹੋਵਾਹ ਜਾਜਕਾਂ ਨੂੰ ਪ੍ਰਵਾਨ ਕਰਦਾ ਹੈ
9 ਅੱਠਵੇਂ ਦਿਨ, ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਸੱਦਿਆ। ਉਸ ਨੇ ਇਸਰਾਏਲ ਦੇ ਬਜ਼ੁਰਗਾਂ ਨੂੰ ਵੀ ਸੱਦਿਆ। 2 ਮੂਸਾ ਨੇ ਹਾਰੂਨ ਨੂੰ ਆਖਿਆ, “ਇੱਕ ਬਲਦ ਅਤੇ ਇੱਕ ਭੇਡੂ ਲਵੋ। ਇਨ੍ਹਾਂ ਜਾਨਵਰਾਂ ਵਿੱਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ। ਬਲਦ ਪਾਪ ਦੀ ਭੇਟ ਹੋਵੇਗਾ ਅਤੇ ਭੇਡੂ ਹੋਮ ਦੀ ਭੇਟ ਹੋਵੇਗਾ। ਇਹ ਜਾਨਵਰ ਯਹੋਵਾਹ ਨੂੰ ਭੇਟ ਕਰੋ। 3 ਇਸਰਾਏਲ ਦੇ ਲੋਕਾਂ ਨੂੰ ਆਖੋ, ‘ਪਾਪ ਦੀ ਭੇਟ ਲਈ ਇੱਕ ਬੱਕਰਾ ਲਵੋ ਅਤੇ ਹੋਮ ਦੀ ਭੇਟ ਲਈ ਇੱਕ ਵੱਛਾ ਅਤੇ ਲੇਲਾ ਲਵੋ। ਵੱਛਾ ਅਤੇ ਲੇਲਾ ਇੱਕ-ਇੱਕ ਸਾਲ ਦੇ ਹੋਣੇ ਚਾਹੀਦੇ ਹਨ। ਇਨ੍ਹਾਂ ਜਾਨਵਰਾਂ ਵਿੱਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ। 4 ਸੁੱਖ-ਸਾਂਦ ਦੀ ਭੇਟ ਲਈ ਇੱਕ ਬਲਦ ਤੇ ਭੇਡੂ ਲਵੋ। ਉਨ੍ਹਾਂ ਜਾਨਵਰਾਂ ਨੂੰ ਅਤੇ ਤੇਲ ਨਾਲ ਗੁਨ੍ਹੇ ਹੋਏ ਅਨਾਜ ਦੀ ਭੇਟ ਨੂੰ ਲਵੋ ਅਤੇ ਇਹ ਚੀਜ਼ਾਂ ਯਹੋਵਾਹ ਨੂੰ ਭੇਟ ਕਰੋ। ਕਿਉਂਕਿ ਅੱਜ ਯਹੋਵਾਹ ਤੁਹਾਡੇ ਸਾਹਮਣੇ ਆਵੇਗਾ।’”
5 ਇਸ ਲਈ ਸਾਰੇ ਲੋਕ ਮੰਡਲੀ ਵਾਲੇ ਤੰਬੂ ਕੋਲ ਆ ਗਏ। ਉਨ੍ਹਾਂ ਸਾਰਿਆਂ ਨੇ ਉਹ ਚੀਜ਼ਾਂ ਲਿਆਂਦੀਆਂ ਜਿਨ੍ਹਾਂ ਦਾ ਮੂਸਾ ਨੇ ਆਦੇਸ਼ ਦਿੱਤਾ ਸੀ। ਸਾਰੇ ਲੋਕ ਯਹੋਵਾਹ ਦੇ ਸਾਹਮਣੇ ਖੜ੍ਹੇ ਹੋ ਗਏ। 6 ਮੂਸਾ ਨੇ ਆਖਿਆ, “ਤੁਹਾਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਯਹੋਵਾਹ ਨੇ ਹੁਕਮ ਦਿੱਤਾ ਸੀ। ਤਾਂ ਯਹੋਵਾਹ ਦਾ ਪਰਤਾਪ ਤੁਹਾਨੂੰ ਦਿਖਾਈ ਦੇਵੇਗਾ।”
7 ਤਾਂ ਮੂਸਾ ਨੇ ਹਾਰੂਨ ਨੂੰ ਇਹ ਗੱਲਾਂ ਆਖੀਆਂ, “ਜਾ, ਉਹ ਗੱਲਾਂ ਕਰ ਜਿਨ੍ਹਾਂ ਦਾ ਯਹੋਵਾਹ ਨੇ ਆਦੇਸ਼ ਦਿੱਤਾ ਸੀ। ਜਗਵੇਦੀ ਕੋਲ ਜਾ ਅਤੇ ਆਪਣੀ ਪਾਪ ਦੀ ਭੇਟ ਅਤੇ ਆਪਣੀ ਹੋਮ ਦੀ ਭੇਟ ਚੜ੍ਹਾ। ਆਪਣੇ ਅਤੇ ਆਪਣੇ ਲੋਕਾਂ ਦੇ ਪਾਪਾਂ ਲਈ ਪਰਾਸਚਿਤ ਕਰ। ਲੋਕਾਂ ਦੀਆਂ ਬਲੀਆਂ ਲੈ ਅਤੇ ਉਨ੍ਹਾਂ ਲਈ ਪਰਾਸਚਿਤ ਕਰ।”
8 ਇਸ ਲਈ ਹਾਰੂਨ ਜਗਵੇਦੀ ਕੋਲ ਗਿਆ। ਉਸ ਨੇ ਬਲਦ ਨੂੰ ਪਾਪ ਦੀ ਭੇਟ ਵਜੋਂ ਜ਼ਿਬਹ ਕੀਤਾ। ਇਹ ਪਾਪ ਦੀ ਭੇਟ ਉਸ ਦੇ ਆਪਣੇ ਲਈ ਸੀ। 9 ਫ਼ੇਰ ਹਾਰੂਨ ਦੇ ਪੁੱਤਰ ਨੇ ਖੂਨ ਹਾਰੂਨ ਕੋਲ ਲਿਆਂਦਾ। ਹਾਰੂਨ ਨੇ ਖੂਨ ਵਿੱਚ ਆਪਣੀ ਉਂਗਲੀ ਡੁਬੋਈ ਅਤੇ ਇਸ ਨੂੰ ਜਗਵੇਦੀ ਦੇ ਕਿਨਾਰਿਆਂ ਉੱਤੇ ਲਾਇਆ। ਫ਼ੇਰ ਹਾਰੂਨ ਨੇ ਜਗਵੇਦੀ ਦੇ ਥੜੇ ਉੱਤੇ ਖੂਨ ਡੋਲ੍ਹ ਦਿੱਤਾ। 10 ਉਸ ਨੇ ਪਾਪ ਦੀ ਭੇਟ ਤੋਂ ਚਰਬੀ, ਗੁਰਦੇ ਅਤੇ ਕਲੇਜੀ ਦਾ ਚਰਬੀ ਵਾਲਾ ਹਿੱਸਾ ਲੈ ਕੇ ਇਨ੍ਹਾਂ ਨੂੰ ਜਗਵੇਦੀ ਉੱਤੇ ਉਸੇ ਤਰ੍ਹਾਂ ਸਾੜ ਦਿੱਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 11 ਫ਼ੇਰ ਹਾਰੂਨ ਨੇ ਮਾਸ ਅਤੇ ਚਮੜੀ ਨੂੰ ਡੇਰੇ ਤੋਂ ਬਾਹਰ ਅੱਗ ਉੱਤੇ ਸਾੜ ਦਿੱਤਾ।
12 ਇਸਤੋਂ ਮਗਰੋਂ, ਉਸ ਨੇ ਹੋਮ ਦੀ ਭੇਟ ਲਈ ਜਾਨਵਰਾਂ ਨੂੰ ਮਾਰਿਆ। ਹਾਰੂਨ ਦੇ ਪੁੱਤਰ ਹਾਰੂਨ ਕੋਲ ਖੂਨ ਲਿਆਏ ਅਤੇ ਉਸ ਨੇ ਖੂਨ ਨੂੰ ਜਗਵੇਦੀ ਉੱਤੇ ਅਤੇ ਉਸ ਦੇ ਆਲੇ-ਦੁਆਲੇ ਡੋਲ੍ਹ ਦਿੱਤਾ। 13 ਹਾਰੂਨ ਦੇ ਪੁੱਤਰਾਂ ਨੇ ਹੋਮ ਦੀ ਭੇਟ ਦੀ ਸਿਰੀ ਅਤੇ ਟੁਕੜੇ ਹਾਰੂਨ ਨੂੰ ਦੇ ਦਿੱਤੇ। ਫ਼ੇਰ ਹਾਰੂਨ ਨੇ ਉਨ੍ਹਾਂ ਨੂੰ ਜਗਵੇਦੀ ਉੱਤੇ ਸਾੜ ਦਿੱਤਾ। 14 ਹਾਰੂਨ ਨੇ ਹੋਮ ਦੀ ਭੇਟ ਦੇ ਅੰਦਰਲੇ ਅੰਗਾਂ ਅਤੇ ਲੱਤਾਂ ਨੂੰ ਪਾਣੀ ਨਾਲ ਧੋਤਾ। ਅਤੇ ਉਸ ਨੇ ਇਨ੍ਹਾਂ ਨੂੰ ਜਗਵੇਦੀ ਉੱਪਰ ਸਾੜ ਦਿੱਤਾ।
15 ਫ਼ੇਰ ਹਾਰੂਨ ਨੇ ਲੋਕਾਂ ਨੂੰ ਚੜ੍ਹਾਵਾ ਲਿਆਂਦਾ। ਉਸ ਨੇ ਪਾਪ ਦੀ ਭੇਟ ਦਾ ਬੱਕਰਾ ਮਾਰਿਆ ਜਿਹੜਾ ਲੋਕਾਂ ਲਈ ਸੀ। ਉਸ ਨੇ ਪਹਿਲਾਂ ਵਾਂਗ ਪਾਪ ਲਈ ਬੱਕਰਾ ਭੇਟ ਕੀਤਾ। 16 ਉਸ ਨੇ ਹੋਮ ਦੀ ਭੇਟ ਲਿਆਂਦੀ ਅਤੇ ਇਸ ਨੂੰ ਉਸੇ ਤਰ੍ਹਾਂ ਭੇਟ ਕੀਤਾ ਜਿਵੇਂ ਯਹੋਵਾਹ ਨੇ ਆਦੇਸ਼ ਦਿੱਤਾ ਸੀ। 17 ਉਸ ਨੇ ਅਨਾਜ ਦੀ ਭੇਟ ਜਗਵੇਦੀ ਤੇ ਲਿਆਂਦੀ। ਉਸ ਨੇ ਅਨਾਜ ਦੀ ਇੱਕ ਮੁੱਠ ਭਰੀ ਅਤੇ ਇਸ ਨੂੰ ਜਗਵੇਦੀ ਉੱਤੇ ਸਵੇਰ ਵੇਲੇ ਦੀ ਰੋਜ਼ਾਨਾ ਹੋਮ ਦੀ ਭੇਟ ਨਾਲ ਸਾੜ ਦਿੱਤਾ।
18 ਹਾਰੂਨ ਨੇ ਲੋਕਾਂ ਲਈ ਸੁੱਖ-ਸਾਂਦ ਦੀ ਭੇਟ ਵਜੋਂ ਇੱਕ ਬਲਦ ਅਤੇ ਇੱਕ ਭੇਡੂ ਵੀ ਮਾਰਿਆ। ਉਸ ਦੇ ਪੁੱਤਰ ਉਸ ਕੋਲ ਖੂਨ ਲਿਆਏ ਅਤੇ ਉਸ ਨੇ ਖੂਨ ਨੂੰ ਜਗਵੇਦੀ ਉੱਤੇ ਅਤੇ ਉਸ ਦੇ ਆਲੇ-ਦੁਆਲੇ ਡੋਲ੍ਹ ਦਿੱਤਾ। 19 ਹਾਰੂਨ ਦੇ ਪੁੱਤਰ, ਉਸ ਕੋਲ ਬਲਦ ਅਤੇ ਭੇਡੂ ਦੀ ਚਰਬੀ ਵੀ ਲਿਆਏ। ਉਹ ਮੋਟੀ ਪੂਛ, ਅੰਦਰਲੇ ਅੰਗਾਂ ਤੇ ਚੜ੍ਹੀ ਹੋਈ ਚਰਬੀ, ਗੁਰਦੇ ਅਤੇ ਕਲੇਜੀ ਦਾ ਚਰਬੀ ਵਾਲਾ ਹਿੱਸਾ ਲਿਆਏ। 20 ਉਸ ਦੇ ਪੁੱਤਰਾਂ ਨੇ ਚਰਬੀ ਵਾਲੇ ਇਨ੍ਹਾਂ ਹਿੱਸਿਆਂ ਨੂੰ ਬਲਦ ਅਤੇ ਭੇਡੂ ਦੇ ਸੀਨਿਆਂ ਉੱਤੇ ਪਾ ਦਿੱਤਾ ਅਤੇ ਉਸ ਨੇ ਚਰਬੀ ਵਾਲੇ ਹਿਸਿਆਂ ਨੂੰ ਜਗਵੇਦੀ ਉੱਤੇ ਸਾੜਿਆ। 21 ਉਸ ਨੇ ਸੀਨਿਆਂ ਅਤੇ ਸੱਜੇ ਪੱਟਾਂ ਨੂੰ ਯਹੋਵਾਹ ਅੱਗੇ ਹਿਲਾਉਣ ਦੀ ਭੇਟ ਵਜੋਂ ਮੂਸਾ ਦੇ ਆਦੇਸ਼ ਅਨੁਸਾਰ ਹਿਲਾਇਆ।
22 ਫ਼ੇਰ ਹਾਰੂਨ ਨੇ ਲੋਕਾਂ ਵੱਲ ਆਪਣੇ ਹੱਥ ਉੱਠਾਏ ਅਤੇ ਉਨ੍ਹਾਂ ਨੂੰ ਅਸੀਸ ਦਿੱਤੀ। ਜਦੋਂ ਹਾਰੂਨ ਪਾਪ ਦੀ ਭੇਟ, ਹੋਮ ਦੀ ਭੇਟ ਅਤੇ ਸੁੱਖ-ਸਾਂਦ ਦੀਆਂ ਭੇਟਾਂ ਨੂੰ ਚੜ੍ਹਾ ਹਟਿਆ ਤਾਂ ਉਹ ਜਗਵੇਦੀ ਤੋਂ ਹੇਠਾਂ ਉਤਰ ਆਇਆ।
23 ਮੂਸਾ ਅਤੇ ਹਾਰੂਨ ਮੰਡਲੀ ਵਾਲੇ ਤੰਬੂ ਵਿੱਚ ਗਏ। ਉਹ ਬਾਹਰ ਨਿਕਲੇ ਅਤੇ ਲੋਕਾਂ ਨੂੰ ਅਸੀਸ ਦਿੱਤੀ। ਫ਼ੇਰ ਯਹੋਵਾਹ ਦਾ ਪਰਤਾਪ ਸਾਰੇ ਲੋਕਾਂ ਸਾਹਮਣੇ ਪ੍ਰਗਟ ਹੋਇਆ। 24 ਯਹੋਵਾਹ ਵੱਲੋਂ ਅੱਗ ਬਾਹਰ ਆਈ ਅਤੇ ਜਗਵੇਦੀ ਉੱਪਰ ਹੋਮ ਦੀ ਭੇਟ ਅਤੇ ਚਰਬੀ ਨੂੰ ਸਾੜ ਦਿੱਤਾ। ਜਦੋਂ ਸਮੂਹ ਲੋਕਾਂ ਨੇ ਇਹ ਦੇਖਿਆ, ਉਨ੍ਹਾਂ ਨੇ ਨਾਅਰੇ ਲਾਏ ਅਤੇ ਧਰਤੀ ਉੱਤੇ ਝੁਕ ਕੇ ਮੱਥਾ ਟੇਕਿਆ।
ਪਰਮੇਸ਼ੁਰ ਨਾਦਾਬ ਅਤੇ ਅਬੀਹੂ ਨੂੰ ਤਬਾਹ ਕਰਦਾ
10 ਫ਼ੇਰ ਹਾਰੂਨ ਦੇ ਪੁੱਤਰਾਂ, ਨਾਦਾਬ ਅਤੇ ਅਬੀਹੂ ਨੇ ਪਾਪ ਕੀਤਾ। ਹਰੇਕ ਪੁੱਤਰ ਨੇ ਆਪੋ-ਆਪਣਾ ਧੂਪਦਾਨ ਲਿਆ, ਅਤੇ ਇਨ੍ਹਾਂ ਵਿੱਚ ਅੱਗ ਪਾਕੇ ਇਸ ਵਿੱਚ ਧੂਪ ਪਾਈ। ਉਨ੍ਹਾਂ ਨੇ ਯਹੋਵਾਹ ਅੱਗੇ ਅਜੀਬ ਤਰ੍ਹਾਂ ਦੀ ਅੱਗ ਭੇਟ ਕੀਤੀ। ਉਨ੍ਹਾਂ ਨੇ ਉਸ ਅੱਗ ਦੀ ਵਰਤੋਂ ਨਹੀਂ ਕੀਤੀ ਜਿਸਦੀ ਵਰਤੋਂ ਕਰਨ ਲਈ ਉਨ੍ਹਾਂ ਨੂੰ ਯਹੋਵਾਹ ਨੇ ਕਿਹਾ ਸੀ। 2 ਇਸ ਲਈ ਯਹੋਵਾਹ ਵੱਲੋਂ ਅੱਗ ਆਈ ਅਤੇ ਨਾਦਾਬ ਅਤੇ ਅਬੀਹੂ ਨੂੰ ਭਸਮ ਕਰ ਦਿੱਤਾ। ਉਹ ਯਹੋਵਾਹ ਦੇ ਸਾਹਮਣੇ ਮਰ ਗਏ।
3 ਤਾਂ ਮੂਸਾ ਨੇ ਹਾਰੂਨ ਨੂੰ ਆਖਿਆ, “ਯਹੋਵਾਹ ਆਖਦਾ ਹੈ, ‘ਜਿਹੜੇ ਜਾਜਕ ਮੇਰੇ ਨੇੜੇ ਆਉਣ ਉਨ੍ਹਾਂ ਨੂੰ ਮੇਰੇ ਪਵਿੱਤਰ ਹੋਣ ਦਾ ਆਦਰ ਕਰਨਾ ਚਾਹੀਦਾ ਹੈ। ਮੈਂ ਸਾਰੇ ਲੋਕਾਂ ਦੇ ਸਾਹਮਣੇ ਸਤਿਕਾਰਿਆ ਜਾਣਾ ਚਾਹੀਦਾ ਹੈ।’” ਹਾਰੂਨ ਚੁੱਪ-ਚਾਪ ਸੀ।
4 ਹਾਰੂਨ ਦੇ ਚਾਚੇ ਉਜਿਏਲ ਦੇ ਦੋ ਪੁੱਤਰ ਸਨ। ਉਹ ਸਨ ਮੀਸ਼ਾਏਲ ਤੇ ਇਲਜਫ਼ਾਨ। ਮੂਸਾ ਨੇ ਉਨ੍ਹਾਂ ਪੁੱਤਰਾਂ ਨੂੰ ਆਖਿਆ, “ਪਵਿੱਤਰ ਸਥਾਨ ਦੇ ਅਗਲੇ ਹਿੱਸੇ ਵੱਲ ਜਾਓ। ਆਪਣੇ ਚਚੇਰੇ ਭਰਾਵਾਂ ਦੀਆਂ ਲਾਸ਼ਾਂ ਚੁੱਕੇ ਉਨ੍ਹਾਂ ਨੂੰ ਡੇਰੇ ਤੋਂ ਬਾਹਰ ਲੈ ਜਾਓ।”
5 ਇਸ ਤਰ੍ਹਾਂ, ਮੀਸ਼ਾਏਲ ਤੇ ਇਲਜਫ਼ਾਨ ਨੇ ਮੂਸਾ ਦਾ ਆਦੇਸ਼ ਮੰਨਿਆ। ਉਹ ਨਾਦਾਬ ਅਤੇ ਅਬੀਹੂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੀਆਂ ਬੁਣੀਆਂ ਹੋਈਆਂ ਕਮੀਜ਼ਾਂ ਤੋਂ ਚੁੱਕੇ ਡੇਰੇ ਤੋਂ ਬਾਹਰ ਲੈ ਗਏ।
6 ਤਾਂ ਮੂਸਾ ਨੇ ਹਾਰੂਨ ਅਤੇ ਉਸ ਦੇ ਦੋ ਦੂਸਰੇ ਪੁੱਤਰਾਂ, ਅਲਆਜ਼ਾਰ ਅਤੇ ਈਥਾਮਾਰ ਨਾਲ ਗੱਲ ਕੀਤੀ। ਮੂਸਾ ਨੇ ਉਨ੍ਹਾਂ ਨੂੰ ਆਖਿਆ, “ਕਿਸੇ ਤਰ੍ਹਾਂ ਦੀ ਉਦਾਸੀ ਨਹੀਂ ਦਰਸਾਉਣੀ। ਆਪਣੇ ਵਸਤਰ ਨਹੀਂ ਪਾੜਨੇ ਜਾਂ ਆਪਣੇ ਵਾਲ ਨਹੀਂ ਫ਼ਰੋਲਣੇ। ਆਪਣੀ ਉਦਾਸੀ ਨਾ ਦਰਸਾਉਣੀ ਫ਼ੇਰ ਤੁਸੀਂ ਨਹੀਂ ਮਾਰੇ ਜਾਉਂਗੇ। ਯਹੋਵਾਹ ਸਾਰੇ ਲੋਕਾਂ ਤੇ ਕਰੋਧਵਾਨ ਨਹੀਂ ਹੋਵੇਗਾ। ਇਸਰਾਏਲ ਦੇ ਸਾਰੇ ਲੋਕ ਤੁਹਾਡੇ ਰਿਸ਼ਤੇਦਾਰ ਹਨ-ਉਹ ਯਹੋਵਾਹ ਵੱਲੋਂ ਨਾਦਾਬ ਅਤੇ ਅਬੀਹੂ ਨੂੰ ਸਾੜੇ ਜਾਣ ਤੇ ਰੋ ਸੱਕਦੇ ਹਨ। 7 ਪਰ ਤੁਹਾਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਨੂੰ ਛੱਡ ਕੇ ਵੀ ਨਹੀਂ ਜਾਣਾ ਚਾਹੀਦਾ। ਜੇ ਤੁਸੀਂ ਚੱਲੇ ਚਾਉਂਗੇ, ਤਾਂ ਤੁਸੀਂ ਮਾਰੇ ਜਾਉਂਗੇ। ਕਿਉਂਕਿ ਯਹੋਵਾਹ ਦਾ ਮਸਹ ਵਾਲਾ ਤੇਲ ਤੁਹਾਨੂੰ ਲੱਗਿਆ ਹੋਇਆ ਹੈ।” ਇਸ ਲਈ ਹਾਰੂਨ, ਅਲਆਜ਼ਾਰ ਅਤੇ ਈਥਮਾਰ ਨੇ ਮੂਸਾ ਦਾ ਹੁਕਮ ਮੰਨਿਆ।
8 ਤਾਂ ਯਹੋਵਾਹ ਨੇ ਹਾਰੂਨ ਨੂੰ ਆਖਿਆ, 9 “ਜਦੋਂ ਤੁਸੀਂ ਮੰਡਲੀ ਵਾਲੇ ਤੰਬੂ ਵਿੱਚ ਆਉ, ਤੁਹਾਨੂੰ ਮੈਅ ਜਾਂ ਬੀਅਰ ਨਹੀਂ ਪੀਣੀ ਚਾਹੀਦੀ। ਜੇ ਤੁਸੀਂ ਇਹ ਚੀਜ਼ਾਂ ਪੀਉਂਗੇ, ਤੁਸੀਂ ਮਾਰੇ ਜਾਉਂਗੇ। ਇਹ ਕਾਨੂਨ ਤੁਹਾਡੀਆਂ ਪੀੜੀਆਂ ਤੀਕ ਹਮੇਸ਼ਾ ਲਈ ਜਾਰੀ ਰਹੇਗਾ। 10 ਤੁਹਾਨੂੰ ਉਨ੍ਹਾਂ ਈਜ਼ਾਂ ਵਿੱਚ, ਜਿਹੜੀਆਂ ਪਵਿੱਤਰ ਹਨ ਅਤੇ ਉਨ੍ਹਾਂ ਵਿੱਚ ਜਿਹੜੀਆਂ ਸਾਧਾਰਣ ਹਨ, ਅਤੇ ਉਨ੍ਹਾਂ ਵਿੱਚ ਜਿਹੜੀਆਂ ਪਾਕ ਅਤੇ ਨਾਪਾਕ ਚੀਜ਼ਾਂ ਹਨ, ਸਾਫ਼ ਫ਼ਰਕ ਕਰਨਾ ਚਾਹੀਦਾ ਹੈ। 11 ਯਹੋਵਾਹ ਨੇ ਆਪਣੇ ਨੇਮ ਮੂਸਾ ਨੂੰ ਦਿੱਤੇ, ਅਤੇ ਮੂਸਾ ਨੇ ਇਹ ਨੇਮ ਲੋਕਾਂ ਨੂੰ ਦਿੱਤੇ। ਹਾਰੂਨ, ਤੈਨੂੰ ਲੋਕਾਂ ਨੂੰ ਇਨ੍ਹਾਂ ਸਾਰੇ ਨੇਮਾਂ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ।”
12 ਹਾਰੂਨ ਦੇ ਦੋ ਹੋਰ ਪੁੱਤਰ ਸਨ, ਅਲਆਜ਼ਾਰ ਅਤੇ ਈਥਮਾਰ ਜਿਹੜੇ ਹਾਲੇ ਜਿਉਂਦੇ ਸਨ। ਮੂਸਾ ਨੇ ਹਾਰੂਨ ਅਤੇ ਉਸ ਦੇ ਦੋਹਾਂ ਪੁੱਤਰਾਂ ਨੂੰ ਆਖਿਆ, “ਅੱਗ ਵਿੱਚ ਸਾੜੀਆਂ ਗਈਆਂ ਬਲੀਆਂ ਵਿੱਚੋਂ ਕੁਝ ਅਨਾਜ ਦੀ ਭੇਟ ਬਚ ਗਈ ਹੈ। ਤੁਹਾਨੂੰ ਅਨਾਜ ਦੀ ਭੇਟ ਦਾ ਇਹ ਹਿੱਸਾ ਜਗਵੇਦੀ ਦੇ ਨੇੜੇ ਖਾਣਾ ਚਾਹੀਦਾ ਹੈ ਜਿਸ ਵਿੱਚ ਖਮੀਰ ਨਾ ਹੋਵੇ। ਕਿਉਂਕਿ ਉਹ ਭੇਟ ਅੱਤ ਪਵਿੱਤਰ ਹੈ। 13 ਅੱਗ ਦੁਆਰਾ ਦਿੱਤੀ ਭੇਟ ਦਾ ਇਹ ਹਿੱਸਾ ਤੇਰੇ ਅਤੇ ਤੇਰੇ ਪੁੱਤਰਾਂ ਦਾ ਹੈ। ਇਹੀ ਹੈ ਜਿਸਦਾ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ ਸੀ। ਪਰ ਤੁਹਾਨੂੰ ਇਹ ਕਿਸੇ ਪਵਿੱਤਰ ਸਥਾਨ ਵਿੱਚ ਖਾਣਾ ਚਾਹੀਦਾ ਹੈ।
14 “ਇਸਤੋਂ ਇਲਾਵਾ, ਤੂੰ, ਤੇਰੇ ਪੁੱਤਰ ਅਤੇ ਤੇਰੀਆਂ ਧੀਆਂ ਹਿਲਾਉਣ ਦੀਆਂ ਭੇਟਾਂ ਵਿੱਚੋਂ ਸੀਨਾ ਅਤੇ ਸੁੱਖ-ਸਾਂਦ ਦੀਆਂ ਭੇਟਾਂ ਵਿੱਚੋਂ ਪੱਟ ਖਾ ਸੱਕਦੀਆਂ ਹਨ। ਪਰ ਤੁਹਾਨੂੰ ਇਸ ਨੂੰ ਕਿਸੇ ਸਾਫ਼ ਸਥਾਨ ਤੇ ਖਾਣਾ ਪਵੇਗਾ। ਕਿਉਂਕਿ ਲੋਕਾਂ ਦੇ ਸੁੱਖ-ਸਾਂਦ ਦੀਆਂ ਭੇਟ ਦਾ ਇਹ ਹਿੱਸਾ ਤੈਨੂੰ ਅਤੇ ਤੇਰੇ ਪੁੱਤਰਾਂ ਨੂੰ ਦਿੱਤਾ ਗਿਆ ਹੈ। 15 ਲੋਕਾਂ ਨੂੰ, ਸਾੜੇ ਜਾਣ ਵਾਲੀ ਚਰਬੀ ਸਮੇਤ, ਸੁੱਖ-ਸਾਂਦ ਦੀ ਭੇਟ ਦਾ ਪੱਟ ਅਤੇ ਹਿਲਾਉਣ ਦੀ ਭੇਟ ਦਾ ਸੀਨਾ ਲਿਆਉਣਾ ਚਾਹੀਦਾ ਹੈ। ਇਨ੍ਹਾਂ ਨੂੰ ਯਹੋਵਾਹ ਦੇ ਸਾਹਮਣੇ ਹਿਲਾਇਆ ਜਾਵੇਗਾ, ਅਤੇ ਬਲੀਆਂ ਦਾ ਇਹ ਹਿੱਸਾ ਹਮੇਸ਼ਾ ਤੇਰਾ ਅਤੇ ਤੇਰੇ ਬੱਚਿਆਂ ਦਾ ਹੋਵੇਗਾ, ਜਿਹਾ ਕਿ ਯਹੋਵਾਹ ਨੇ ਆਖਿਆ ਹੈ।”
16 ਮੂਸਾ ਨੇ ਪਾਪ ਦੀ ਭੇਟ ਦੇ ਬੱਕਰੇ ਵੱਲ ਦੇਖਿਆ, ਪਰ ਇਹ ਪਹਿਲਾਂ ਹੀ ਸੜ ਚੁੱਕੀ ਸੀ। ਉਹ ਹਾਰੂਨ ਦੇ ਦੂਸਰੇ ਪੁੱਤਰ, ਅਲਆਜ਼ਾਰ ਅਤੇ ਈਥਾਮਾਰ ਨਾਲ ਬਹੁਤ ਨਾਰਾਜ਼ ਹੋ ਗਿਆ। ਅਤੇ ਆਖਿਆ, 17 “ਤੁਹਾਨੂੰ ਇਸ ਬੱਕਰੇ ਨੂੰ ਪਵਿੱਤਰ ਖੇਤਰ ਵਿੱਚ ਖਾਣਾ ਚਾਹੀਦਾ ਸੀ। ਇਹ ਅੱਤ ਪਵਿੱਤਰ ਹੈ। ਤੁਸੀਂ ਇਸ ਨੂੰ ਯਹੋਵਾਹ ਦੇ ਸਾਹਮਣੇ ਕਿਉਂ ਨਹੀਂ ਖਾਧਾ? ਯਹੋਵਾਹ ਨੇ ਇਹ ਤੁਹਾਨੂੰ ਲੋਕਾਂ ਦੇ ਪਾਪ ਲੈਣ ਲਈ, ਯਹੋਵਾਹ ਦੇ ਅੱਗੇ ਉਨ੍ਹਾਂ ਲਈ ਪਰਾਸਚਿਤ ਕਰਨ ਲਈ, ਦਿੱਤਾ ਸੀ। 18 ਬੱਕਰੀ ਦਾ ਖੂਨ ਪਵਿੱਤਰ ਸਥਾਨ ਦੇ ਅੰਦਰ ਨਹੀਂ ਲਿਆਂਦਾ ਗਿਆ। ਇਸ ਲਈ ਤੁਹਾਨੂੰ ਇਸ ਮਾਸ ਨੂੰ ਪਵਿੱਤਰ ਸਥਾਨ ਵਿੱਚ ਖਾਣਾ ਚਾਹੀਦਾ ਸੀ, ਜਿਵੇਂ ਮੈਂ ਤੁਹਾਨੂੰ ਆਦੇਸ਼ ਦਿੱਤਾ ਸੀ।”
19 ਪਰ ਹਾਰੂਨ ਨੇ ਮੂਸਾ ਨੂੰ ਆਖਿਆ, “ਦੇਖੋ, ਅੱਜ ਉਹ ਆਪਣੀ ਪਾਪ ਦੀ ਭੇਟ ਨੂੰ ਅਤੇ ਹੋਮ ਦੀ ਭੇਟ ਨੂੰ ਯਹੋਵਾਹ ਦੇ ਸਾਹਮਣੇ ਲੈ ਕੇ ਆਏ। ਪਰ ਤੁਹਾਨੂੰ ਪਤਾ ਹੈ ਕਿ ਮੇਰੇ ਨਾਲ ਅੱਜ ਕੀ ਵਾਪਰਿਆ ਹੈ। ਕੀ ਤੁਹਾਡਾ ਖਿਆਲ ਹੈ ਕਿ ਯਹੋਵਾਹ ਪ੍ਰਸੰਨ ਹੋਵੇਗਾ। ਜੇ ਮੈਂ ਅੱਜ ਪਾਪ ਦੀ ਭੇਟ ਖਾ ਲਈ? ਨਹੀਂ।”
20 ਜਦੋਂ ਮੂਸਾ ਨੇ ਇਹ ਗੱਲ ਸੁਣੀ ਤਾਂ ਉਹ ਮੰਨ ਗਿਆ।
2010 by World Bible Translation Center