Beginning
22 “ਉਸ ਆਦਮੀ ਨੂੰ ਤੁਸੀਂ ਕੀ ਸਜ਼ਾ ਦਿਉਂਗੇ ਜਿਹੜਾ ਕਿਸੇ ਬਲਦ ਜਾਂ ਭੇਡ ਨੂੰ ਚੁਰਾ ਲੈਂਦਾ ਹੈ? ਜੇ ਉਹ ਆਦਮੀ ਉਸ ਜਾਨਵਰ ਨੂੰ ਮਾਰ ਦਿੰਦਾ ਹੈ ਜਾਂ ਵੇਚ ਦਿੰਦਾ ਹੈ, ਤਾਂ ਉਹ ਇਸ ਨੂੰ ਵਾਪਸ ਨਹੀਂ ਕਰ ਸੱਕਦਾ। ਇਸ ਲਈ ਉਸ ਨੂੰ ਚੁਰਾਏ ਹੋਏ ਬਲਦ ਬਦਲੇ ਪੰਜ ਬਲਦ ਦੇਣੇ ਪੈਣਗੇ। ਜਾਂ ਉਸ ਨੂੰ ਚੋਰੀ ਕੀਤੀ ਇੱਕ ਭੇਡ ਬਦਲੇ ਚਾਰ ਭੇਡਾਂ ਦੇਣੀਆਂ ਪੈਣਗੀਆਂ। ਉਸ ਨੂੰ ਚੋਰੀ ਕਰਨ ਦਾ ਇਵਜ਼ਾਨਾ ਦੇਣਾ ਪਵੇਗਾ। 2-4 ਜੇ ਉਸ ਬੰਦੇ ਕੋਲ ਕੁਝ ਵੀ ਨਹੀਂ ਤਾਂ ਉਸ ਨੂੰ ਗੁਲਾਮ ਦੇ ਤੌਰ ਤੇ ਵੇਚ ਦਿੱਤਾ ਜਾਵੇਗਾ। ਪਰ ਜੇ ਉਸ ਆਦਮੀ ਕੋਲ ਉਹ ਜਾਨਵਰ ਹੈ ਅਤੇ ਤੁਸੀਂ ਉਸ ਨੂੰ ਲੱਭ ਲਿਆ ਤਾਂ ਉਸ ਆਦਮੀ ਨੂੰ ਮਾਲਕ ਨੂੰ ਹਰ ਇੱਕ ਚੁਰਾਏ ਹੋਏ ਜਾਨਵਰ ਬਦਲੇ ਦੋ ਜਾਨਵਰ ਦੇਣੇ ਪੈਣਗੇ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਜਾਨਵਰ ਬਲਦ ਸੀ ਜਾਂ ਖੋਤਾ ਜਾਂ ਭੇਡ।
“ਜੇ ਕੋਈ ਚੋਰ ਰਾਤ ਵੇਲੇ ਕਿਸੇ ਘਰ ਵਿੱਚ ਸੰਨ੍ਹ ਲਾਉਂਦਾ ਮਾਰਿਆ ਜਾਵੇ, ਤਾਂ ਉਸ ਨੂੰ ਮਾਰਨ ਲਈ ਕੋਈ ਵੀ ਦੋਸ਼ੀ ਨਹੀਂ ਹੋਵੇਗਾ। ਪਰ ਜੇ ਅਜਿਹਾ ਦਿਨ ਵੇਲੇ ਵਾਪਰਦਾ ਹੈ, ਤਾਂ ਉਹ ਬੰਦਾ ਜਿਸਨੇ ਉਸ ਨੂੰ ਮਾਰਿਆ, ਕਤਲ ਦਾ ਦੋਸ਼ੀ ਹੋਵੇਗਾ।
5 “ਜੇ ਕੋਈ ਬੰਦਾ ਆਪਣੇ ਜਾਨਵਰਾਂ ਨੂੰ ਚਰਨ ਲਈ ਬਾਹਰ ਖੇਤ ਜਾਂ ਅੰਗੂਰਾਂ ਦੇ ਬਾਗ ਵਿੱਚ ਛੱਡਦਾ ਹੈ ਅਤੇ ਜੇਕਰ ਉਹ ਉਨ੍ਹਾਂ ਜਾਨਵਰਾਂ ਨੂੰ ਆਪਣੇ ਗੁਆਂਢੀ ਦੇ ਖੇਤ ਜਾਂ ਅੰਗੂਰ ਦੇ ਬਾਗ ਵਿੱਚ ਧੱਕੇ ਨਾਲ ਵੜਕੇ ਚਰਨ ਦਿੰਦਾ ਹੈ, ਤਾਂ ਉਸ ਨੂੰ ਨੁਕਸਾਨ ਦੀ ਅਦਾਇਗੀ ਵਜੋਂ ਆਪਣੀ ਸਭ ਤੋਂ ਚੰਗੀ ਖੇਤੀ ਦੇਣੀ ਪਵੇਗੀ।
6 “ਹੋ ਸੱਕਦਾ ਹੈ ਕੋਈ ਬੰਦਾ ਆਪਣੇ ਖੇਤ ਵਿੱਚ ਕੰਡਿਆਲੀਆਂ ਝਾੜੀਆਂ ਨੂੰ ਸਾੜਨ ਲਈ ਅੱਗ ਬਾਲੇ। ਪਰ ਜੇ ਇਹ ਅੱਗ ਫ਼ੈਲ ਜਾਂਦੀ ਹੈ ਅਤੇ ਉਸ ਦੇ ਗੁਆਂਢੀ ਦੀਆਂ ਫ਼ਸਲਾਂ ਜਾਂ ਉਸ ਦੇ ਖੇਤ ਦੇ ਅਨਾਜ ਨੂੰ ਸਾੜ ਦਿੰਦੀ ਹੈ, ਤਾਂ ਜਿਸ ਬੰਦੇ ਨੇ ਅੱਗ ਲਾਈ ਸੀ, ਉਸ ਨੂੰ ਉਨ੍ਹਾਂ ਸਾੜੀਆਂ ਹੋਈਆਂ ਚੀਜ਼ਾਂ ਦਾ ਇਵਜ਼ਾਨਾ ਦੇਣਾ ਪਵੇਗਾ।
7 “ਹੋ ਸੱਕਦਾ ਹੈ ਕੋਈ ਬੰਦਾ ਆਪਣੇ ਲਈ ਗੁਆਂਢੀ ਦੇ ਘਰ ਵਿੱਚ ਕੁਝ ਚੀਜ਼ਾਂ ਜਾਂ ਪੈਸੇ ਰੱਖਣ ਲਈ ਆਖੇ। ਜੇ ਉਹ ਪੈਸੇ ਜਾਂ ਚੀਜ਼ਾਂ ਉਸ ਗੁਆਂਢੀ ਦੇ ਘਰੋਂ ਚੋਰੀ ਹੋ ਜਾਣ ਤਾਂ ਫ਼ੇਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਤੁਹਾਨੂੰ ਚੋਰ ਨੂੰ ਫ਼ੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਤੁਸੀਂ ਚੋਰ ਨੂੰ ਫ਼ੜ ਲਵੋਂ ਤਾਂ ਉਸ ਨੂੰ ਉਨ੍ਹਾਂ ਚੀਜ਼ਾਂ ਦਾ ਦੁੱਗਣਾ ਅਦਾ ਕਰਨਾ ਚਾਹੀਦਾ ਹੈ। 8 ਪਰ ਜੇ ਤੁਸੀਂ ਚੋਰ ਨੂੰ ਨਾ ਫ਼ੜ ਸੱਕੋਂ, ਪਰਮੇਸ਼ੁਰ ਫ਼ੈਸਲਾ ਕਰੇਗਾ ਕਿ ਕੀ ਘਰ ਦਾ ਮਾਲਕ ਦੋਸ਼ੀ ਹੈ ਜਾਂ ਨਹੀਂ। ਘਰ ਦੇ ਮਾਲਕ ਨੂੰ ਨਿਆਂਕਾਰਾਂ ਦੇ ਸਾਹਮਣੇ ਜਾਣਾ ਚਾਹੀਦਾ ਹੈ, ਅਤੇ ਉਹ ਸੌਂਹ ਖਾਵੇ ਕਿ ਉਸ ਨੇ ਆਪਣੇ ਗੁਆਂਢੀ ਦੀਆਂ ਚੀਜ਼ਾਂ ਨਹੀਂ ਚੁਰਾਈਆਂ।
9 “ਜੇ ਦੋ ਵਿਅਕਤੀਆਂ ਵਿੱਚਕਾਰ ਕਿਸੇ ਬਲਦ ਜਾਂ ਖੋਤੇ ਜਾਂ ਭੇਡ ਜਾਂ ਕੱਪੜੇ ਜਾਂ ਕਿਸੇ ਗੁਆਚੀ ਹੋਈ ਚੀਜ਼ ਬਾਰੇ ਝਗੜਾ ਹੋ ਜਾਵੇ, ਜਿੱਥੇ ਇੱਕ ਵਿਅਕਤੀ ਆਖੇ, ‘ਇਹ ਮੇਰਾ ਹੈ’, ਅਤੇ ਦੂਸਰਾ ਆਖੇ, ‘ਨਹੀਂ, ਇਹ ਮੇਰਾ ਹੈ’, ਉਨ੍ਹਾਂ ਦੋਹਾਂ ਨੂੰ ਨਿਆਂਕਾਰਾਂ ਦੇ ਸਾਹਮਣੇ ਜਾਣਾ ਚਾਹੀਦਾ ਹੈ। ਜਿਸ ਵਿਅਕਤੀ ਨੂੰ ਨਿਆਂਕਾਰ ਦੋਸ਼ੀ ਘੋਸ਼ਿਤ ਕਰੇ, ਉਸ ਨੂੰ ਦੂਸਰੇ ਵਿਅਕਤੀ ਨੂੰ ਦੁੱਗਣਾ ਹਿੱਸਾ ਅਦਾ ਕਰਨਾ ਪਵੇਗਾ।
10 “ਹੋ ਸੱਕਦਾ ਹੈ ਕਿ ਕੋਈ ਬੰਦਾ ਆਪਣੇ ਗੁਆਂਢੀ ਨੂੰ ਕੁਝ ਸਮੇਂ ਲਈ ਕਿਸੇ ਜਾਨਵਰ ਦੀ ਦੇਖ-ਭਾਲ ਕਰਨ ਲਈ ਆਖੇ। ਇਹ ਖੋਤਾ ਜਾਂ ਬਲਦ ਜਾਂ ਭੇਡ ਵੀ ਹੋ ਸੱਕਦੀ ਹੈ। ਪਰ ਜੇ ਉਹ ਜਾਨਵਰ ਜ਼ਖਮੀ ਹੋ ਜਾਂਦਾ ਹੈ ਜਾਂ ਮਰ ਜਾਂਦਾ ਹੈ ਜਾਂ ਕੋਈ ਉਸ ਜਾਨਵਰ ਨੂੰ ਅੱਖ ਬਚਾ ਕੇ ਚੁਰਾ ਲੈਂਦਾ ਹੈ, ਤਾਂ ਫ਼ੇਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ? 11 ਉਸ ਗੁਆਂਢੀ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਉਸ ਨੇ ਜਾਨਵਰ ਨਹੀਂ ਚੁਰਾਇਆ। ਜੇ ਇਹ ਸਹੀ ਹੈ, ਤਾਂ ਉਹ ਗੁਆਂਢੀ ਯਹੋਵਾਹ ਅੱਗੇ ਇਕਰਾਰ ਕਰੇਗਾ ਕਿ ਉਸ ਨੇ ਇਸ ਨੂੰ ਨਹੀਂ ਚੁਰਾਇਆ। ਜਾਨਵਰ ਦੇ ਮਾਲਕ ਨੂੰ ਇਸ ਇਕਰਾਰ ਨੂੰ ਮੰਨ ਲੈਣਾ ਚਾਹੀਦਾ ਹੈ। ਗੁਆਂਢੀ ਨੂੰ ਜਾਨਵਰ ਲਈ ਮਾਲਕ ਨੂੰ ਪੈਸੇ ਦੇਣ ਦੀ ਲੋੜ ਨਹੀਂ। 12 ਪਰ ਜੇਕਰ ਜਾਨਵਰ ਉਦੋਂ ਚੋਰੀ ਹੁੰਦਾ ਹੈ ਜਦੋਂ ਉਹ ਗੁਆਂਢੀ ਦੀ ਨਿਗਰਾਨੀ ਵਿੱਚ ਸੀ, ਤਾਂ ਉਸ ਨੂੰ ਜਾਨਵਰ ਦੀ ਕੀਮਤ ਮਾਲਕ ਨੂੰ ਅਦਾ ਕਰਨੀ ਪਵੇਗੀ। 13 ਜੇ ਜੰਗਲੀ ਜਾਨਵਰਾਂ ਨੇ ਉਸ ਜਾਨਵਰ ਨੂੰ ਮਾਰ ਦਿੱਤਾ ਹੋਵੇ, ਤਾਂ ਗੁਆਂਢੀ ਨੂੰ ਜਾਨਵਰ ਦੀ ਲਾਸ਼ ਸਬੂਤ ਵਜੋਂ ਪੇਸ਼ ਕਰਨੀ ਪਵੇਗੀ। ਗੁਆਂਢੀ ਨੂੰ ਉਸ ਜਾਨਵਰ ਦੀ ਕੀਮਤ ਮਾਲਕ ਨੂੰ ਨਹੀਂ ਦੇਣੀ ਪਵੇਗੀ ਜਿਹੜਾ ਮਾਰਿਆ ਗਿਆ ਸੀ।
14 “ਜੇ ਕੋਈ ਆਦਮੀ ਆਪਣੇ ਗੁਆਂਢੀ ਤੋਂ ਕੋਈ ਜਾਨਵਰ ਲੈਂਦਾ ਅਤੇ ਜੇਕਰ ਉਹ ਜਾਨਵਰ ਜਦੋਂ ਮਾਲਕ ਉੱਥੇ ਨਹੀਂ ਸੀ ਜ਼ਖਮੀ ਹੋ ਜਾਂਦਾ ਹੈ, ਜਾਂ ਉਹ ਜਾਨਵਰ ਮਰ ਜਾਂਦਾ, ਤਾਂ ਗੁਆਂਢੀ ਨੂੰ ਇਸਦੀ ਕੀਮਤ ਮਾਲਕ ਨੂੰ ਅਦਾ ਕਰਨੀ ਚਾਹੀਦੀ ਹੈ। 15 ਪਰ ਜੇ ਮਾਲਕ ਜਾਨਵਰ ਦੇ ਨਾਲ ਸੀ, ਤਾਂ ਗੁਆਂਢੀ ਨੂੰ ਕੁਝ ਦੇਣ ਦੀ ਲੋੜ ਨਹੀਂ। ਜਾਂ, ਜੇ ਗੁਆਂਢੀ ਇਸ ਕੰਮ ਲਈ ਜਾਨਵਰ ਦੀ ਵਰਤੋਂ ਲਈ ਪੈਸੇ ਦੇ ਰਿਹਾ ਸੀ। ਤਾਂ ਉਸ ਨੂੰ ਕੁਝ ਨਹੀਂ ਦੇਣਾ ਪਵੇਗਾ ਜੇ ਜਾਨਵਰ ਮਰ ਜਾਂਦਾ ਹੈ ਜਾਂ ਜ਼ਖਮੀ ਹੋ ਜਾਂਦਾ ਹੈ। ਜਿਹੜਾ ਪੈਸਾ ਉਸ ਨੇ ਜਾਨਵਰ ਦੀ ਵਰਤੋਂ ਲਈ ਦਿੱਤਾ ਉਹ ਅਦਾਇਗੀ ਲਈ ਕਾਫ਼ੀ ਹੋਵੇਗਾ।
16 “ਜੇ ਕਿਸੇ ਬੰਦੇ ਦੇ ਕਿਸੇ ਕੁਆਰੀ ਮੁਟਿਆਰ ਨਾਲ ਜਿਨਸੀ ਸੰਬੰਧ ਹਨ, ਤਾਂ ਉਸ ਨੂੰ ਉਸ ਨਾਲ ਵਿਆਹ ਕਰਾਉਣਾ ਪਵੇਗਾ। ਅਤੇ ਉਸ ਨੂੰ ਉਸ ਦੇ ਪਿਤਾ ਨੂੰ ਪੂਰਾ ਦਾਜ ਦੇਣਾ ਪਵੇਗਾ। 17 ਜੇ ਪਿਤਾ ਉਸ ਨੂੰ ਆਪਣੀ ਧੀ ਨਾਲ ਵਿਆਹ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਵੀ ਉਸ ਆਦਮੀ ਨੂੰ ਪੈਸਾ ਦੇਣਾ ਪਵੇਗਾ। ਉਸ ਨੂੰ ਉਸ ਲਈ ਪੂਰਾ ਪੂਰਾ ਪੈਸਾ ਦੇਣਾ ਪਵੇਗਾ।
18 “ਜੇਕਰ ਕੋਈ ਔਰਤ ਕਾਲਾ ਜਾਦੂ ਕਰਦੀ ਹੈ, ਤੁਹਾਨੂੰ ਉਸ ਨੂੰ ਜਿਉਂਦਿਆਂ ਨਹੀਂ ਰਹਿਣ ਦੇਣਾ ਚਾਹੀਦਾ।
19 “ਤੁਹਾਨੂੰ ਕਿਸੇ ਬੰਦੇ ਨੂੰ ਕਿਸੇ ਜਾਨਵਰ ਨਾਲ ਜਿਨਸੀ ਸੰਬੰਧ ਨਹੀਂ ਰੱਖਣ ਦੇਣੇ ਚਾਹੀਦੇ। ਜੇ ਅਜਿਹਾ ਹੁੰਦਾ ਹੈ ਤਾਂ ਉਸ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ।
20 “ਜੇ ਕੋਈ ਬੰਦਾ ਕਿਸੇ ਝੂਠੇ ਦੇਵਤੇ ਨੂੰ ਬਲੀ ਚੜ੍ਹਾਉਂਦਾ ਹੈ, ਤਾ ਉਸ ਬੰਦੇ ਨੂੰ ਤਬਾਹ ਕਰ ਦੇਣਾ ਚਾਹੀਦਾ ਹੈ। ਇੱਕ ਯਹੋਵਾਹ ਪਰਮੇਸ਼ੁਰ ਹੀ ਹੈ ਜਿਸ ਨੂੰ ਤੁਹਾਨੂੰ ਬਲੀਆਂ ਚੜ੍ਹਾਉਣੀਆਂ ਚਾਹੀਦੀਆਂ ਹਨ।
21 “ਚੇਤੇ ਰੱਖੋ, ਅਤੀਤ ਵਿੱਚ ਤੁਸੀਂ ਮਿਸਰ ਦੀ ਧਰਤੀ ਉੱਤੇ ਵਿਦੇਸ਼ੀ ਸੀ। ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਕਿਸੇ ਅਜਿਹੇ ਬੰਦੇ ਨੂੰ ਧੋਖਾ ਨਾ ਦਿਓ ਜਾਂ ਨੁਕਸਾਨ ਨਾ ਪੁਚਾਓ ਜਿਹੜਾ ਤੁਹਾਡੇ ਦੇਸ਼ ਵਿੱਚ ਵਿਦੇਸ਼ੀ ਹੈ।
22 “ਤੁਹਾਨੂੰ ਕਦੇ ਵੀ ਉਨ੍ਹਾਂ ਔਰਤਾਂ ਨਾਲ ਮੰਦਾ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਨੇ ਪਤੀ ਮਰ ਚੁੱਕੇ ਹਨ ਜਾਂ ਉਨ੍ਹਾਂ ਬੱਚਿਆਂ ਨਾਲ ਮੰਦਾ ਨਹੀਂ ਕਰਨਾ ਚਾਹੀਦਾ ਜਿਹੜੇ ਯਤੀਮ ਹਨ। 23 ਜੇ ਤੁਸੀਂ ਉਨ੍ਹਾਂ ਵਿਧਵਾਵਾਂ ਜਾਂ ਯਤੀਮਾਂ ਨਾਲ ਮੰਦਾ ਕਰੋਂਗੇ, ਤਾਂ ਮੈਂ ਇਸ ਨੂੰ ਜਾਣ ਜਾਵਾਂਗਾ। ਮੈਂ ਉਨ੍ਹਾਂ ਦੀਆਂ ਤਕਲੀਫ਼ਾਂ ਸੁਣਾਂਗਾ। 24 ਅਤੇ ਮੈਂ ਬਹੁਤ ਕਰੋਧਵਾਨ ਹੋਵਾਂਗਾ। ਮੈਂ ਤੁਹਾਨੂੰ ਤਲਵਾਰ ਨਾਲ ਕਤਲ ਕਰ ਦਿਆਂਗਾ। ਫ਼ੇਰ ਤੁਹਾਡੀਆਂ ਪਤਨੀਆਂ ਵਿਧਵਾ ਹੋ ਜਾਣਗੀਆਂ। ਅਤੇ ਤੁਹਾਡੇ ਬੱਚੇ ਯਤੀਮ ਹੋ ਜਾਣਗੇ।
25 “ਜੇ ਮੇਰੇ ਬੰਦਿਆਂ ਵਿੱਚੋਂ ਕੋਈ ਗਰੀਬ ਹੈ, ਅਤੇ ਤੁਸੀਂ ਉਸ ਨੂੰ ਪੈਸਾ ਉਧਾਰ ਦਿੰਦੇ ਹੋ ਤਾਂ ਤੁਹਾਨੂੰ ਉਸ ਪੈਸੇ ਦਾ ਬਿਆਜ ਨਹੀਂ ਲੈਣਾ ਚਾਹੀਦਾ। ਅਤੇ ਤੁਹਾਨੂੰ ਚਾਹੀਦਾ ਹੈ ਕਿ ਉਸ ਨੂੰ ਛੇਤੀ ਪੈਸਾ ਵਾਪਸ ਕਰਨ ਲਈ ਮਜਬੂਰ ਨਾ ਕਰੋ। 26 ਹੋ ਸੱਕਦਾ ਹੈ ਕੋ ਕੋਈ ਬੰਦਾ ਤੁਹਾਨੂੰ ਇਸ ਇਕਰਾਰ ਵਜੋਂ ਆਪਣਾ ਕੋਟ ਦੇ ਦੇਵੇ ਕਿ ਉਹ ਤੁਹਾਡਾ ਦਿੱਤਾ ਪੈਸਾ ਵਾਪਸ ਮੋੜ ਦੇਵੇਗਾ। ਪਰ ਤੁਹਾਨੂੰ ਚਾਹੀਦਾ ਹੈ ਕਿ ਸੂਰਜ ਛੁਪਣ ਤੋਂ ਪਹਿਲਾਂ ਉਸ ਨੂੰ ਉਹ ਕੋਟ ਵਾਪਸ ਕਰ ਦਿਓ। 27 ਜੇ ਉਸ ਬੰਦੇ ਕੋਲ ਕੋਟ ਨਹੀਂ ਹੋਵੇਗਾ ਤਾਂ ਉਸ ਕੋਲ ਆਪਣਾ ਸ਼ਰੀਰ ਢੱਕਣ ਲਈ ਕੁਝ ਨਹੀਂ ਹੋਵੇਗਾ। ਉਸ ਨੂੰ ਸੁੱਤਿਆਂ ਹ੍ਹੋਇਆਂ ਸਰਦੀ ਲੱਗ ਜਾਵੇਗੀ। ਅਤੇ ਜੇ ਉਹ ਮੇਰੇ ਅੱਗੇ ਪੁਕਾਰ ਕਰੇਗਾ, ਤਾਂ ਮੈਂ ਉਸਦੀ ਪੁਕਾਰ ਸੁਣਾਂਗਾ। ਮੈਂ ਧਿਆਨ ਦੇਵਾਂਗਾ ਕਿਉਂਕਿ ਮੈਂ ਮਿਹਰਬਾਨ ਹਾਂ।
28 “ਤੁਹਾਨੂੰ ਆਪਣੇ ਲੋਕਾਂ ਦੇ ਆਗੂਆਂ ਜਾਂ ਆਪਣੇ ਨਿਆਂਕਾਰਾਂ ਨੂੰ ਕੁਝ ਗਲਤ ਨਹੀਂ ਆਖਣਾ ਚਾਹੀਦਾ।
29 “ਫ਼ਸਲ ਦੀ ਵਾਢੀ ਵੇਲੇ ਤੁਸੀਂ ਮੈਨੂੰ ਪਹਿਲਾ ਅਨਾਜ ਤੇ ਆਪਣੇ ਫ਼ਲਾਂ ਦਾ ਪਹਿਲਾ ਰਸ ਜ਼ਰੂਰ ਭੇਂਟ ਕਰੋਂਗੇ। ਵਰ੍ਹੇ ਦੇ ਦੌਰਾਨ ਦੇਰੀ ਨਾ ਕਰੋ।
“ਆਪਣੇ ਪਹਿਲੋਠੇ ਪੁੱਤਰ ਮੈਨੂੰ ਦਿਓ। 30 ਆਪਣੇ ਪਹਿਲੋਠੇ ਪਸ਼ੂ ਅਤੇ ਭੇਡਾਂ ਵੀ ਮੈਨੂੰ ਦਿਓ। ਪਲੋਠੀ ਸੰਤਾਨ ਨੂੰ ਸੱਤਾਂ ਦਿਨਾਂ ਤੱਕ ਆਪਣੀ ਮਾਂ ਕੋਲ ਰਹਿਣ ਦਿਓ। ਫ਼ੇਰ ਅੱਠਵੇਂ ਦਿਨ ਉਸ ਨੂੰ ਮੈਨੂੰ ਦੇ ਦੇਵੋ।
31 “ਤੁਸੀਂ ਮੇਰੇ ਖਾਸ ਲੋਕ ਹੋ, ਇਸ ਲਈ ਉਸ ਜਾਨਵਰ ਦਾ ਮਾਸ ਨਾ ਖਾਓ ਜੋ ਜੰਗਲੀ ਜਾਨਵਰ ਦੁਆਰਾ ਮਾਰਿਆ ਗਿਆ ਹੋਵੇ। ਤੁਹਾਨੂੰ ਇਸ ਨੂੰ ਕੁਤਿਆਂ ਅੱਗੇ ਸੁੱਟ ਦੇਣਾ ਚਾਹੀਦਾ ਹੈ।
23 “ਹੋਰਨਾਂ ਲੋਕਾਂ ਦੇ ਵਿਰੁੱਧ ਝੂਠ ਨਾ ਬੋਲੋ। ਜੇ ਤੁਸੀਂ ਕਚਿਹਰੀ ਵਿੱਚ ਗਵਾਹ ਹੋ, ਤਾਂ ਕਿਸੇ ਬੁਰੇ ਆਦਮੀ ਦੀ ਝੂਠ ਬੋਲਕੇ ਸਹਾਇਤਾ ਨਾ ਕਰੋ।
2 “ਕੁਝ ਵੀ ਗਲਤ ਕਰਨ ਵਾਲੇ ਲੋਕਾਂ ਦੇ ਟੋਲਿਆਂ ਦਾ ਅਨੁਸਰਣ ਨਾ ਕਰੋ। ਜੇਕਰ ਤੁਸੀਂ ਅਦਾਲਤ ਵਿੱਚ ਗਵਾਹ ਹੋ, ਤਾਂ ਉਨ੍ਹਾਂ ਬੰਦਿਆਂ ਦੀ ਖਾਤਰ ਆਪਣੀ ਗਵਾਹੀ ਨਾ ਬਦਲੋ ਜੋ ਗਲਤ ਹਨ। ਉਹੀ ਕਰੋ ਜੋ ਸਹੀ ਅਤੇ ਬੇਲਾਗ ਹੈ।
3 “ਜੇ ਕਿਸੇ ਗਰੀਬ ਆਦਮੀ ਦਾ ਨਿਆਂ ਕੀਤਾ ਜਾਂਦਾ ਹੈ, ਤਾਂ ਕਈ ਵਾਰੀ ਲੋਕ ਉਸਦਾ ਪੱਖ ਲੈਂਦੇ ਹਨ ਕਿਉਂਕਿ ਉਨ੍ਹਾਂ ਨੂੰ ਉਸ ਉੱਪਰ ਤਰਸ ਆਉਂਦਾ ਹੈ। ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਉਸਦਾ ਪੱਖ ਤਾਂ ਹੀ ਲਵੋ ਜੇ ਉਹ ਸਹੀ ਹੈ।
4 “ਜੇ ਤੁਹਾਨੂੰ ਕੋਈ ਗੁਆਚਿਆ ਹੋਇਆ ਬਲਦ ਜਾਂ ਖੋਤਾ ਨਜ਼ਰ ਆਵੇ ਤਾਂ ਤੁਹਾਨੂੰ ਇਸਦੇ ਮਾਲਕ ਨੂੰ ਵਪਸ ਕਰ ਦੇਣਾ ਚਾਹੀਦਾ ਹੈ। ਤੁਹਾਨੂੰ ਅਜਿਹਾ ਹੀ ਕਰਨਾ ਚਾਹੀਦਾ ਹੈ ਭਾਵੇਂ ਮਾਲਕ ਤੁਹਾਡਾ ਦੁਸ਼ਮਣ ਹੀ ਕਿਉਂ ਨਾ ਹੋਵੇ।
5 “ਜੇ ਤਸੀਂ ਦੇਖਦੇ ਹੋ ਕਿ ਕੋਈ ਜਾਨਵਰ ਇਸ ਲਈ ਨਹੀਂ ਚੱਲ ਸੱਕਦਾ ਕਿਉਂਕਿ ਉਸ ਉੱਪਰ ਬਹੁਤ ਭਾਰ ਲਦਿਆ ਹੋਇਆ ਹੈ, ਤਾਂ ਤੁਹਾਨੂੰ ਰੁਕ ਕੇ ਉਸ ਜਾਨਵਰ ਦੀ ਸਹਾਇਤਾ ਜ਼ਰੂਰ ਕਰਨੀ ਚਾਹੀਦੀ ਹੈ ਭਾਵੇਂ ਇਹ ਤੁਹਾਡੇ ਕਿਸੇ ਦੁਸ਼ਮਣ ਦਾ ਹੀ ਹੋਵੇ।
6 “ਤੁਹਾਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਕਿਸੇ ਗਰੀਬ ਆਦਮੀ ਨਾਲ ਪੱਖਪਾਤ ਨਾ ਕਰਨ ਦਿਓ। ਉਸਦਾ ਨਿਆਂ ਕਿਸੇ ਵੀ ਦੂਸਰੇ ਬੰਦੇ ਵਾਂਗ ਹੋਣਾ ਚਾਹੀਦਾ ਹੈ।
7 “ਕਿਸੇ ਬੰਦੇ ਉੱਤੇ ਝੂਠੇ ਦੋਸ਼ ਨਾ ਲਾਓ ਅਤੇ ਕਿਸੇ ਵੀ ਬੇਕਸੂਰ ਜਾਂ ਇਮਾਨਦਾਰ ਬੰਦੇ ਨੂੰ ਮੌਤ ਦੀ ਸਜ਼ਾ ਨਾ ਦੇਵੋ ਕਿਉਂ ਜੋ ਮੈਂ ਕਦੇ ਵੀ ਬਦ ਵਿਅਕਤੀ ਨੂੰ ਬੇਕਸੂਰ ਨਹੀਂ ਸਮਝਾਂਗਾ।
8 “ਜੇ ਕੋਈ ਆਦਮੀ ਤੁਹਾਨੂੰ ਪੈਸੇ ਦੇਕੇ ਆਪਣੇ ਲਈ ਹਾਮੀ ਭਰਾਉਣ ਦੀ ਕੋਸ਼ਿਸ਼ ਕਰਦਾ ਹੈ, ਜਦੋਂ ਕਿ ਉਹ ਗਲਤ ਹੈ, ਤਾਂ ਉਸ ਦੇ ਪੈਸੇ ਨੂੰ ਪ੍ਰਵਾਨ ਨਾ ਕਰੋ। ਇਸ ਤਰ੍ਹਾਂ ਦੀ ਰਿਸ਼ਵਤ ਮੁਨਸਫ਼ਾਂ ਨੂੰ ਅੰਨ੍ਹਿਆਂ ਕਰ ਦਿੰਦੀ ਹੈ ਤੇ ਉਹ ਸੱਚ ਨੂੰ ਨਹੀਂ ਦੇਖ ਸੱਕਦੇ। ਅਤੇ ਇਸ ਤਰ੍ਹਾਂ ਦੀ ਰਿਸ਼ਵਤ ਨੇਕ ਬੰਦਿਆਂ ਤੋਂ ਵੀ ਝੂਠ ਬੁਲਵਾ ਸੱਕਦੀ ਹੈ।
9 “ਤੁਹਾਨੂੰ ਚਾਹੀਦਾ ਹੈ ਕਿ ਕਿਸੇ ਵਿਦੇਸ਼ੀ ਨਾਲ ਕਦੇ ਵੀ ਗਲਤ ਵਿਹਾਰ ਨਾ ਕਰੋ। ਚੇਤੇ ਰੱਖੋ ਕਿ ਇੱਕ ਸਮੇਂ ਤੁਸੀਂ ਵੀ ਵਿਦੇਸ਼ੀ ਸੀ ਜਦੋਂ ਤੁਸੀਂ ਮਿਸਰ ਦੀ ਧਰਤੀ ਉੱਤੇ ਰਹਿੰਦੇ ਸੀ।
ਖਾਸ ਛੁੱਟੀਆਂ
10 “ਛੇ ਵਰ੍ਹਿਆਂ ਤੱਕ ਜ਼ਮੀਨ ਵਾਹੋ, ਬੀਜ ਬੀਜੋ ਅਤੇ ਆਪਣੀਆਂ ਫ਼ਸਲਾਂ ਵੱਢੋ। 11 ਸੱਤਵਾਂ ਵਰ੍ਹਾ ਧਰਤੀ ਦੇ ਆਰਾਮ ਦਾ ਖਾਸ ਸਮਾਂ ਹੋਣਾ ਚਾਹੀਦਾ ਹੈ, ਆਪਣੇ ਖੇਤਾਂ ਵਿੱਚ ਕੁਝ ਨਾ ਬੀਜੋ। ਜੇ ਓੱਥੇ ਕੋਈ ਫ਼ਸਲਾਂ ਉੱਗਦੀਆਂ ਹਨ, ਤਾਂ ਇਹ ਗਰੀਬ ਲੋਕਾਂ ਨੂੰ ਲੈ ਲੈਣ ਦਿਓ ਅਤੇ ਜੋ ਉਹ ਛੱਡਣ ਜੰਗਲੀ ਜਾਨਵਰਾਂ ਨੂੰ ਖਾ ਲੈਣ ਦਿਓ। ਅਜਿਹਾ ਹੀ ਤੁਹਾਨੂੰ ਆਪਣੇ ਅੰਗੂਰਾਂ ਦੇ ਬਾਗਾਂ ਨਾਲ ਅਤੇ ਜੈਤੂਨ ਦੇ ਰੁੱਖਾਂ ਨਾਲ ਵੀ ਕਰਨਾ ਚਾਹੀਦਾ ਹੈ।
12 “ਛੇ ਦਿਨ ਕੰਮ ਕਰੋ। ਫ਼ੇਰ ਸੱਤਵੇ ਦਿਨ ਛੁੱਟੀ ਕਰੋ। ਇਸ ਨਾਲ ਤੁਹਾਡੇ ਗੁਲਾਮਾਂ ਅਤੇ ਹੋਰਨਾਂ ਕਾਮਿਆਂ ਨੂੰ ਅਰਾਮ ਕਰਨ ਅਤੇ ਸੁਸਤਾਉਣ ਦਾ ਸਮਾਂ ਮਿਲ ਜਾਵੇਗਾ। ਅਤੇ ਤੁਹਾਡੇ ਬਲਦਾਂ ਅਤੇ ਖੋਤਿਆਂ ਨੂੰ ਵੀ ਅਰਾਮ ਕਰਨ ਦਾ ਸਮਾਂ ਮਿਲੇਗਾ।
13 “ਇਨ੍ਹਾਂ ਸਾਰੇ ਕਨੂਨਾਂ ਦੀ ਪਾਲਣਾ ਕਰਨੀ ਯਾਦ ਰੱਖੋ। ਤੁਹਾਨੂੰ ਹੋਰਨਾਂ ਦੇਵਤਿਆਂ ਦੇ ਨਾਮ ਵੀ ਨਹੀਂ ਲੈਣੇ ਚਾਹੀਦੇ। ਤੁਹਾਨੂੰ ਉਨ੍ਹਾਂ ਨੂੰ ਆਪਣੇ ਬੁਲ੍ਹਾਂ ਤੇ ਵੀ ਨਹੀਂ ਸੁਣਨ ਦੇਣਾ ਚਾਹੀਦਾ।
14 “ਹਰ ਸਾਲ ਤੁਹਾਡੇ ਲਈ ਤਿੰਨ ਖਾਸ ਛੁੱਟੀਆਂ ਹੋਣਗੀਆਂ। ਇਨ੍ਹਾਂ ਛੁੱਟੀਆਂ ਵੇਲੇ ਤੁਸੀਂ ਮੇਰੇ ਖਾਸ ਸਥਾਨ ਉੱਤੇ ਮੇਰੀ ਉਪਾਸਨਾ ਕਰਨ ਲਈ ਆਵੋਂਗੇ। 15 ਪਹਿਲੀ ਛੁੱਟੀ ‘ਪਤੀਰੀ ਰੋਟੀ ਦਾ ਪਰਬ’ ਹੋਵੇਗੀ। ਇਹ ਉਸੇ ਤਰ੍ਹਾਂ ਹੈ ਜਿਵੇਂ ਮੈਂ ਹੁਕਮ ਦਿੱਤਾ ਸੀ। ਇਸ ਵੇਲੇ ਤੁਸੀਂ ਪਤੀਰੀ ਰੋਟੀ ਖਾਵੋਂਗੇ। ਇਹ ਸੱਤ ਦਿਨਾਂ ਤੱਕ ਜਾਰੀ ਰਹੇਗੀ। ਇਹ ਤੁਸੀਂ ਅਬੀਬ ਦੇ ਮਹੀਨੇ ਦੌਰਾਨ ਕਰੋਂਗੇ, ਕਿਉਂਕਿ ਇਹੀ ਉਹ ਸਮਾਂ ਸੀ ਜਦੋਂ ਤੁਸੀਂ ਮਿਸਰ ਤੋਂ ਬਾਹਰ ਆਏ। ਉਸ ਸਮੇਂ ਹਰ ਬੰਦਾ ਮੇਰੇ ਲਈ ਬਲੀ ਲੈ ਕੇ ਆਵੇਗਾ।
16 “ਦੂਸਰੀ ਛੁੱਟੀ ‘ਪਹਿਲੇ ਫ਼ਲਾਂ ਦੇ ਪਰਬ’ ਦੀ ਹੋਵੇਗੀ ਇਹ ਛੁੱਟੀ ਗਰਮੀਆਂ ਦੇ ਸ਼ੁਰੂ ਵਿੱਚ ਹੋਵੇਗੀ ਜਦੋਂ ਤੁਸੀਂ ਉਨ੍ਹਾਂ ਫ਼ਸਲਾਂ ਦੀ ਵਾਢੀ ਸ਼ੁਰੂ ਕਰਦੇ ਹੋ, ਜੋ ਤੁਸੀਂ ਆਪਣੇ ਖੇਤਾਂ ਵਿੱਚ ਬੀਜੀਆਂ ਸਨ।
“ਤੀਸਰੀ ਛੁੱਟੀ ‘ਵਾਢੀ ਦੇ ਪਰਬ’ ਦੀ ਹੋਵੇਗੀ ਇਹ ਪਤਝੜ ਦੇ ਮੌਸਮ ਵਿੱਚ ਹੋਵੇਗੀ ਜਦੋਂ ਤੁਸੀਂ ਆਪਣੇ ਖੇਤਾਂ ਦੀਆਂ ਸਾਰਿਆਂ ਫ਼ਸਲਾਂ ਇਕੱਠੀਆਂ ਕਰਦੇ ਹੋ।
17 “ਇਸ ਲਈ ਹਰ ਸਾਲ ਤਿੰਨ ਵਾਰੀ ਸਾਰੇ ਆਦਮੀ ਖਾਸ ਸਥਾਨ ਉੱਤੇ ਤੁਹਾਡੇ ਯਹੋਵਾਹ ਪਰਮੇਸ਼ੁਰ ਦੇ ਸਨਮੁੱਖ ਹੋਣ ਲਈ ਆਉਣਗੇ।
18 “ਜਦੋਂ ਤੁਸੀਂ ਕਿਸੇ ਜਾਨਵਰ ਨੂੰ ਮਾਰਕੇ ਇਸਦੇ ਖੂਨ ਨੂੰ ਬਲੀ ਵਜੋਂ ਚੜ੍ਹਾਉਂਦੇ ਹੋ, ਤੁਹਾਨੂੰ ਖਮੀਰ ਵਾਲੀ ਰੋਟੀ ਭੇਟ ਨਹੀਂ ਕਰਨੀ ਚਾਹੀਦੀ। ਇਸ ਬਲੀ ਦੇ ਮਾਸ ਦਾ ਕੋਈ ਵੀ ਹਿੱਸਾ ਅਗਲੇ ਦਿਨ ਲਈ ਨਾ ਬਚਾਓ।
19 “ਜਦੋਂ ਤੁਸੀਂ ਵਾਢੀ ਵੇਲੇ ਆਪਣੀਆਂ ਫ਼ਸਲਾਂ ਇੱਕਤਰ ਕਰੋ, ਤੁਹਾਨੂੰ ਵਾਢੀ ਕੀਤੀ ਹੋਈ ਹਰ ਚੀਜ਼ ਦਾ ਪਹਿਲਾ ਫ਼ਲ ਤੁਹਾਡੇ ਯਹੋਵਾਹ ਪਰਮੇਸ਼ੁਰ ਦੇ ਘਰ ਲੈ ਕੇ ਆਉਣਾ ਚਾਹੀਦਾ ਹੈ।
“ਤੁਹਾਨੂੰ ਕਿਸੇ ਬਕਰੋਟੇ ਨੂੰ ਉਸਦੀ ਮਾਂ ਦੇ ਦੁੱਧ ਵਿੱਚ ਨਹੀਂ ਉਬਾਲਣਾ ਚਾਹੀਦਾ।”
ਪਰਮੇਸ਼ੁਰ ਇਸਰਾਏਲ ਦੀ ਆਪਣੀ ਧਰਤੀ ਲੈਣ ਵਿੱਚ ਮਦਦ ਕਰੇਗਾ
20 ਪਰਮੇਸ਼ੁਰ ਨੇ ਆਖਿਆ, “ਮੈਂ ਤੁਹਾਡੇ ਅੱਗੇ ਇੱਕ ਦੂਤ ਭੇਜ ਰਿਹਾ ਹਾਂ। ਇਹ ਦੂਤ ਤੁਹਾਨੂੰ ਉਸ ਸਥਾਨ ਤੇ ਲੈ ਜਾਵੇਗਾ ਜਿਸ ਨੂੰ ਮੈਂ ਤੁਹਾਡੇ ਲਈ ਤਿਆਰ ਕੀਤਾ ਹੈ। ਦੂਤ ਤੁਹਾਡੀ ਰੱਖਿਆ ਕਰੇਗਾ। 21 ਦੂਤ ਦਾ ਹੁਕਮ ਮੰਨਣਾ ਅਤੇ ਉਸ ਦੇ ਪਿੱਛੇ ਚੱਲਣਾ। ਉਸ ਦੇ ਖਿਲਾਫ਼ ਬਗਾਵਤ ਨਹੀਂ ਕਰਨੀ। ਦੂਤ ਉਨ੍ਹਾਂ ਮੰਦੀਆਂ ਗੱਲਾਂ ਨੂੰ ਮਾਫ਼ ਨਹੀਂ ਕਰੇਗਾ ਜਿਹੜੀਆਂ ਤੁਸੀਂ ਸਦੇ ਖਿਲਾਫ਼ ਕਰੋਂਗੇ। ਉਸ ਦੇ ਅੰਦਰ ਮੇਰੀ ਸ਼ਕਤੀ ਹੈ। 22 ਤੁਹਾਨੂੰ ਉਸਦੀ ਹਰ ਗੱਲ ਮੰਨਣੀ ਚਾਹੀਦੀ ਹੈ। ਤੁਹਾਨੂੰ ਹਰ ਉਹ ਗੱਲ ਕਰਨੀ ਚਾਹੀਦੀ ਹੈ ਜੋ ਮੈਂ ਤੁਹਾਨੂੰ ਆਖਦਾ ਹਾਂ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਮੈਂ ਤੁਹਾਡੇ ਅੰਗ ਸੰਗ ਹੋਵਾਂਗਾ। ਮੈਂ ਤੁਹਾਡੇ ਸਾਰੇ ਦੁਸ਼ਮਣਾਂ ਦੇ ਵਿਰੁੱਧ ਹੋਵਾਂਗਾ। ਅਤੇ ਮੈਂ ਹਰ ਉਸ ਬੰਦੇ ਦਾ ਦੁਸ਼ਮਣ ਹੇਵਾਂਗਾ ਜਿਹੜਾ ਤੁਹਾਡੇ ਵਿਰੁੱਧ ਹੋਵੇਗਾ।”
23 ਪਰਮੇਸ਼ੁਰ ਨੇ ਆਖਿਆ, “ਮੇਰਾ ਦੂਤ ਧਰਤੀ ਉੱਤੇ ਤੁਹਾਡੀ ਅਗਵਾਈ ਕਰੇਗਾ। ਉਹ ਤੁਹਾਡੀ ਬਹੁਤ ਸਾਰੇ ਵਖਰੇ ਲੋਕਾਂ ਦੇ ਖਿਲਾਫ਼ ਅਗਵਾਈ ਕਰੇਗਾ-ਅਮੋਰੀਆਂ, ਹਿੱਤੀਆਂ, ਫ਼ਰਿੱਜ਼ੀਆਂ, ਕਨਾਨੀਆਂ, ਹਿੱਵੀਆਂ ਅਤੇ ਯਬੂਸੀਆਂ ਦੇ। ਪਰ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਹਰਾ ਦਿਆਂਗਾ।
24 “ਉਨ੍ਹਾਂ ਲੋਕਾਂ ਦੇਵਤਿਆਂ ਦੀ ਉਪਾਸਨਾ ਨਹੀਂ ਕਰਨੀ। ਕਦੇ ਵੀ ਉਨ੍ਹਾਂ ਦੇਵਤਿਆਂ ਅੱਗੇ ਸਿਰ ਨਹੀਂ ਝੁਕਾਉਣਾ। ਤੁਹਾਨੂੰ ਕਦੇ ਵੀ ਉਨ੍ਹਾਂ ਲੋਕਾਂ ਵਾਂਗ ਨਹੀਂ ਰਹਿਣਾ ਚਾਹੀਦਾ। ਤੁਹਾਨੂੰ ਉਨ੍ਹਾਂ ਦੇ ਬੁੱਤ ਤੋੜ ਦੇਣੇ ਚਾਹੀਦੇ ਹਨ। ਅਤੇ ਤੁਹਾਨੂੰ ਉਹ ਪੱਥਰ ਤੋੜ ਦੇਣੇ ਚਾਹੀਦੇ ਹਨ ਜੋ ਉਨ੍ਹਾਂ ਦੇ ਦੇਵਤਿਆਂ ਨੂੰ ਚੇਤੇ ਕਰਾਉਣ ਵਿੱਚ ਸਹਾਇਤਾ ਕਰਦੇ ਹਨ। 25 ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੀਦੀ ਹੈ। ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਮੈਂ ਤੁਹਾਨੂੰ ਚੋਖੀ ਰੋਟੀ ਅਤੇ ਪਾਣੀ ਦਾ ਵਰਦਾਨ ਦਿਆਂਗਾ, ਮੈਂ ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਕਰ ਦਿਆਂਗਾ। 26 ਤੁਹਾਡੀਆਂ ਸਾਰੀਆਂ ਔਰਤਾਂ ਬੱਚੇ ਜੰਮਣ ਦੇ ਯੋਗ ਹੋਣਗੀਆਂ। ਉਨ੍ਹਾਂ ਦਾ ਕੋਈ ਬੱਚਾ ਜਨਮ ਸਮੇਂ ਨਹੀਂ ਮਰੇਗਾ। ਅਤੇ ਮੈਂ ਤੁਹਾਨੂੰ ਲੰਮੀ ਉਮਰ ਦਾ ਵਰ ਦਿਆਂਗਾ।
27 “ਜਦੋਂ ਤੁਸੀਂ ਆਪਣੇ ਦੁਸ਼ਮਣਾਂ ਨਾਲ ਯੁੱਧ ਕਰੋਂਗੇ, ਤਾਂ ਮੈਂ ਆਪਣੀ ਮਹਾਨ ਸ਼ਕਤੀ ਤੁਹਾਡੇ ਅੱਗੇ ਭੇਜਾਂਗਾ। ਮੈਂ ਤੁਹਾਡੇ ਸਾਰੇ ਦੁਸ਼ਮਣਾਂ ਨੂੰ ਹਰਾਉਣ ਵਿੱਚ ਤੁਹਾਡੀ ਮਦਦ ਕਰਾਂਗਾ। ਜਿਹੜੇ ਲੋਕ ਤੁਹਾਡੇ ਵਿਰੁੱਧ ਹਨ ਉਹ ਯੁੱਧ ਵਿੱਚ ਘਬਰਾ ਜਾਣਗੇ ਅਤੇ ਭੱਜ ਜਾਣਗੇ। 28 ਮੈਂ ਤੁਹਾਡੇ ਅੱਗੇ-ਅੱਗੇ ਹਾਰਨੈਟ [a] ਨੂੰ ਭੇਜਾਂਗਾ। ਉਹ ਤੁਹਾਡੇ ਦੁਸ਼ਮਣਾਂ ਨੂੰ ਭਜਾ ਦੇਵਾਂਗਾ। ਹਿੱਵੀ ਲੋਕ, ਕਨਾਨੀ ਲੋਕ ਅਤੇ ਹਿੱਤੀ ਲੋਕ ਤੁਹਾਡਾ ਦੇਸ਼ ਛੱਡ ਜਾਣਗੇ। 29 ਪਰ ਮੈਂ ਸਾਰੇ ਲੋਕਾਂ ਨੂੰ ਛੇਤੀ ਹੀ, ਇੱਕ ਸਾਲ ਦੇ ਅੰਦਰ-ਅੰਦਰ ਤੁਹਾਡਾ ਦੇਸ਼ ਛੱਡ ਜਾਣ ਲਈ ਮਜ਼ਬੂਰ ਨਹੀਂ ਕਰਾਂਗਾ। ਜੇ ਮੈਂ ਸਾਰੇ ਲੋਕਾਂ ਨੂੰ ਬਹੁਤੀ ਛੇਤੀ ਇਸ ਧਰਤੀ ਵਿੱਚੋਂ ਕੱਢ ਦਿਆਂਗਾ, ਇਹ ਖਾਲੀ ਹੋ ਜਾਵੇਗੀ ਅਤੇ ਸਾਰੇ ਜੰਗਲੀ ਜਾਨਵਰ ਵੱਧ ਜਾਣਗੇ ਅਤੇ ਧਰਤੀ ਉੱਤੇ ਕਬਜ਼ਾ ਕਰ ਲੈਣਗੇ। ਉਹ ਤੁਹਾਡੇ ਲਈ ਬਹੁਤ ਵੱਡੀ ਮੁਸੀਬਤ ਬਣ ਜਾਣਗੇ। 30 ਇਸ ਲਈ ਮੈਂ ਇਨ੍ਹਾਂ ਲੋਕਾਂ ਨੂੰ ਥੋੜਾ-ਥੋੜਾ ਕਰਕੇ ਤੁਹਾਡੇ ਦੇਸ਼ ਵਿੱਚੋਂ ਕੱਢਾਂਗਾ ਜਦੋਂ ਤੱਕ ਕਿ ਤੁਹਾਡੀ ਗਿਣਤੀ ਵੱਧ ਜਾਵੇਗੀ ਅਤੇ ਤੁਸੀਂ ਜ਼ਮੀਨ ਉੱਤੇ ਕਾਬੂ ਪਾ ਲਵੋਂਗੇ।
31 “ਮੈਂ ਤੁਹਾਨੂੰ ਲਾਲ ਸਾਗਰ ਤੋਂ ਲੈ ਕੇ ਫ਼ਰਾਤ ਨਦੀ ਤੱਕ ਦੀ ਸਾਰੀ ਧਰਤੀ ਦੇ ਦਿਆਂਗਾ। ਪੱਛਮੀ ਸਰਹੱਦ ਫ਼ਲਿਸਤੀ ਸਾਗਰ (ਭੂਮੱਧ ਸਾਗਰ) ਹੋਵੇਗੀ, ਅਤੇ ਪੂਰਬੀ ਸਰਹੱਦ ਅਰਬ ਦਾ ਮਾਰੂਥਲ ਹੋਵੇਗੀ। ਮੈਂ ਤੁਹਾਨੂੰ ਓੱਥੇ ਰਹਿੰਦੇ ਲੋਕਾਂ ਨੂੰ ਹਰਾਉਣ ਵਿੱਚ ਮਦਦ ਦੇਵਾਂਗਾ। ਅਤੇ ਤੁਸੀਂ ਉਨ੍ਹਾਂ ਸਾਰੇ ਲੋਕਾਂ ਨੂੰ ਉੱਥੋਂ ਕੱਢ ਦਿਉਂਗੇ।
32 “ਤੁਹਾਨੂੰ ਉਨ੍ਹਾਂ ਲੋਕਾਂ ਨਾਲ ਜਾਂ ਉਨ੍ਹਾਂ ਦੇ ਦੇਵਤਿਆਂ ਨਾਲ ਕੋਈ ਇਕਰਾਰਨਾਮੇ ਨਹੀਂ ਕਰਨੇ ਚਾਹੀਦੇ। 33 ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਠਹਿਰਣ ਨਾ ਦੇਣਾ। ਜੇ ਤੁਸੀਂ ਉਨ੍ਹਾਂ ਨੂੰ ਰਹਿਣ ਦਿਉਂਗੇ ਤਾਂ ਉਹ ਤੁਹਾਡੇ ਲਈ ਇੱਕ ਫ਼ੰਧੇ ਵਾਂਗ ਹੋਣਗੇ-ਉਹ ਤੁਹਾਡੇ ਕੋਲੋਂ ਮੇਰੇ ਵਿਰੁੱਧ ਪਾਪ ਕਰਾਉਣਗੇ। ਅਤੇ ਤੁਸੀਂ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਲੱਗ ਪਵੋਂਗੇ।”
ਪਰਮੇਸ਼ੁਰ ਤੇ ਇਸਰਾਏਲ ਆਪਣਾ ਇਕਰਾਰਨਾਮਾ ਕਰਦੇ ਹਨ
24 ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਤੁਸੀਂ, ਹਾਰੂਨ, ਨਾਦਾਬ, ਅਬੀਹੂ ਅਤੇ ਇਸਰਾਏਲ ਦੇ ਸੱਤਰ ਬਜ਼ੁਰਗ ਪਰਬਤ ਕੋਲ ਆਕੇ ਦੂਰ ਤੋਂ ਮੇਰੀ ਉਪਾਸਨਾ ਕਰੋ। 2 ਤਾਂ ਮੂਸਾ ਖੁਦ ਯਹੋਵਾਹ ਦੇ ਨੇੜੇ ਆਵੇਗਾ, ਬਾਕੀ ਦੇ ਹੋਰ ਬੰਦਿਆਂ ਨੂੰ ਨੇੜੇ ਨਹੀਂ ਆਉਣਾ ਚਾਹੀਦਾ। ਲੋਕਾਂ ਨੂੰ ਤਾਂ ਉਸ ਦੇ ਨਾਲ ਪਰਬਤ ਉੱਤੇ ਵੀ ਨਹੀਂ ਆਉਣਾ ਚਾਹੀਦਾ।”
3 ਮੂਸਾ ਨੇ ਲੋਕਾਂ ਨੂੰ ਯਹੋਵਾਹ ਦੀਆਂ ਸਾਰੀਆਂ ਬਿਧੀਆਂ ਤੇ ਹੁਕਮ ਦੱਸੇ। ਤਾਂ ਸਾਰੇ ਲੋਕਾਂ ਨੇ ਆਖਿਆ, “ਅਸੀਂ ਉਨ੍ਹਾਂ ਸਾਰੇ ਹੁਕਮਾਂ ਨੂੰ ਮੰਨਾਂਗੇ ਜਿਹੜੇ ਯਹੋਵਾਹ ਨੇ ਸੁਣਾਏ ਹਨ।”
4 ਤਾਂ ਮੂਸਾ ਨੇ ਯਹੋਵਾਹ ਦੇ ਸਾਰੇ ਹੁਕਮ ਇੱਕ ਪੱਤਰੀ ਉੱਪਰ ਲਿਖ ਲਏ। ਅਗਲੀ ਸਵੇਰ ਨੂੰ, ਮੂਸਾ ਉੱਠਿਆ ਪਰਬਤ ਦੀ ਤਰਾਈ ਨੇੜੇ ਇੱਕ ਜਗਵੇਦੀ ਉਸਾਰੀ ਅਤੇ ਉਸ ਨੇ ਇਸਦੇ ਆਲੇ-ਦੁਆਲੇ ਬਾਰ੍ਹਾਂ ਪੱਥਰ ਧਰ ਦਿੱਤੇ ਇਸਰਾਏਲ ਦੇ ਬਾਰ੍ਹਾਂ ਪਰਿਵਾਰ-ਸਮੂਹਾਂ ਵਿੱਚ ਹਰੇਕ ਲਈ ਇੱਕ ਪੱਥਰ। 5 ਫ਼ੇਰ ਮੂਸਾ ਨੇ ਇਸਰਾਏਲ ਦੇ ਜਵਾਨ ਆਦਮੀਆਂ ਨੂੰ ਬਲੀਆਂ ਚੜ੍ਹਾਉਣ ਲਈ ਭੇਜਿਆ। ਇਨ੍ਹਾਂ ਆਦਮੀਆਂ ਨੇ ਯਹੋਵਾਹ ਨੂੰ ਹੋਮ ਦੀਆਂ ਭੇਟਾਂ ਅਤੇ ਸੁੱਖ ਸਾਂਦ ਦੀਆਂ ਭੇਟਾਂ ਵਜੋਂ ਬਲਦਾਂ ਦੀ ਬਲੀ ਦਿੱਤੀ।
6 ਮੂਸਾ ਨੇ ਇਨ੍ਹਾਂ ਜਾਨਵਰਾਂ ਦਾ ਖੂਨ ਇਕੱਠਾ ਕਰ ਲਿਆ। ਮੂਸਾ ਨੇ ਅੱਧਾ ਖੂਨ ਪਿਆਲਿਆਂ ਵਿੱਚ ਪਾ ਦਿੱਤਾ ਅਤੇ ਬਾਕੀ ਦਾ ਅੱਧਾ ਖੂਨ ਜਗਵੇਦੀ ਉੱਤੇ ਡੋਲ੍ਹ ਦਿੱਤਾ।
7 ਮੂਸਾ ਨੇ ਉਹ ਪੱਤਰੀ ਲਈ ਜਿਸ ਉੱਤੇ ਖਾਸ ਇਕਰਾਰਨਾਮਾ ਲਿਖਿਆ ਹੋਇਆ ਸੀ ਅਤੇ ਸਾਰੇ ਲੋਕਾਂ ਨੂੰ ਪੜ੍ਹਕੇ ਸੁਣਾਈ। ਫ਼ੇਰ ਉਨ੍ਹਾਂ ਨੇ ਆਖਿਆ, “ਉਹ ਸਾਰੇ ਕਾਨੂੰਨ ਜੋ ਯਹੋਵਾਹ ਨੇ ਸਾਨੂੰ ਦਿੱਤੇ ਹਨ, ਉਨ੍ਹਾਂ ਨੂੰ ਕਰਨ ਲਈ ਅਤੇ ਮੰਨਣ ਲਈ ਅਸੀਂ ਤਿਆਰ ਹਾਂ।”
8 ਤਾਂ ਮੂਸਾ ਨੇ ਬਲੀਆਂ ਤੋਂ ਭਰੇ ਖੂਨ ਦੇ ਪਿਆਲੇ ਲਈ ਅਤੇ ਇਸ ਨੂੰ ਲੋਕਾਂ ਉੱਤੇ ਛਿੜਕ ਕੇ ਆਖਿਆ, “ਇਹ ਖੂਨ ਦਰਸਾਉਂਦਾ ਹੈ ਕਿ ਤੁਹਾਡੇ ਇਨ੍ਹਾਂ ਸਾਰੇ ਕਾਨੂੰਨਾਂ ਦੇ ਅਧਾਰ ਤੇ ਯਹੋਵਾਹ ਨੇ ਤੁਹਾਡੇ ਨਾਲ ਇੱਕ ਖਾਸ ਇਕਰਾਰਨਾਮਾ ਕੀਤਾ ਹੈ।”
9 ਤਾਂ ਮੂਸਾ, ਹਾਰੂਨ, ਨਾਦਾਬ, ਅਬੀਹੂ ਅਤੇ ਇਸਰਾਏਲ ਦੇ 70 ਬਜ਼ੁਰਗ ਪਰਬਤ ਉੱਤੇ ਗਏ। 10 ਪਰਬਤ ਉੱਤੇ ਇਨ੍ਹਾਂ ਲੋਕਾਂ ਨੇ ਇਸਰਾਏਲ ਦੇ ਪਰਮੇਸ਼ੁਰ ਦਾ ਦੀਦਾਰ ਕੀਤਾ। ਪਰਮੇਸ਼ੁਰ ਕਿਸੇ ਅਜਿਹੀ ਚੀਜ਼ ਉੱਤੇ ਖਲੋਤਾ ਸੀ ਜਿਹੜੀ ਅਕਾਸ਼ ਵਾਂਗ ਸਾਫ਼ ਨੀਲਮ ਵਰਗੀ ਜਾਪਦੀ ਸੀ। 11 ਇਸਰਾਏਲ ਦੇ ਸਾਰੇ ਆਗੂਆਂ ਨੇ ਪਰਮੇਸ਼ੁਰ ਨੂੰ ਦੇਖਿਆ, ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਤਬਾਹ ਨਹੀਂ ਕੀਤਾ। [b] ਉਨ੍ਹਾਂ ਸਾਰਿਆਂ ਨੇ ਰਲ-ਮਿਲ ਕੇ ਖਾਧਾ ਕੀਤਾ।
ਮੂਸਾ ਪਰਮੇਸ਼ੁਰ ਦੀ ਬਿਵਸਥਾ ਲੈਣ ਜਾਂਦਾ ਹੈ
12 ਯਹੋਵਾਹ ਨੇ ਮੂਸਾ ਨੂੰ ਆਖਿਆ, “ਮੇਰੇ ਕੋਲ ਪਰਬਤ ਉੱਤੇ ਆ। ਮੈਂ ਤੈਨੂੰ ਦੋ ਪੱਥਰ ਦੀਆਂ ਤਖਤੀਆਂ ਦੇਵਾਂਗਾ ਜਿਨ੍ਹਾਂ ਉੱਤੇ ਮੈਂ ਆਪਣੀ ਬਿਵਸਥਾ ਅਤੇ ਕਾਨੂੰਨ ਲਿਖੇ ਹਨ ਤਾਂ ਜੋ ਤੂੰ ਲੋਕਾਂ ਨੂੰ ਸਿੱਖਾ ਸੱਕੇਂ।”
13 ਤਾਂ ਮੂਸਾ ਅਤੇ ਉਸਦਾ ਸਹਾਇਕ ਯਹੋਸ਼ੂਆ ਪਰਮੇਸ਼ੁਰ ਦੇ ਪਰਬਤ ਉੱਪਰ ਗਏ। 14 ਮੂਸਾ ਨੇ ਬਜ਼ੁਰਗਾਂ ਨੂੰ ਆਖਿਆ, “ਇੱਥੇ ਸਾਡਾ ਇੰਤਜ਼ਾਰ ਕਰੋ ਅਸੀਂ ਤੁਹਾਡੇ ਕੋਲ ਵਾਪਸ ਆਵਾਂਗੇ। ਜਦੋਂ ਮੈਂ ਚੱਲਾ ਗਿਆ ਤਾਂ ਹਾਰੂਨ ਅਤੇ ਹੋਰ ਤੁਹਾਡੇ ਉੱਪਰ ਹਕੂਮਤ ਕਰਨਗੇ। ਜੇ ਕਿਸੇ ਨੂੰ ਕੋਈ ਸਮੱਸਿਆ ਹੋਵੇ ਤਾਂ ਇਨ੍ਹਾਂ ਬੰਦਿਆਂ ਕੋਲ ਚੱਲਿਆ ਜਾਵੇ।”
ਮੂਸਾ ਪਰਮੇਸ਼ੁਰ ਨੂੰ ਮਿਲਦਾ ਹੈ
15 ਤਾਂ ਮੂਸਾ ਪਹਾੜ ਉੱਪਰ ਗਿਆ। ਅਤੇ ਬੱਦਲ ਨੇ ਪਰਬਤ ਨੂੰ ਕੱਜ ਲਿਆ। 16 ਯਹੋਵਾਹ ਦਾ ਪਰਤਾਪ ਹੇਠਾਂ ਸੀਨਈ ਪਰਬਤ ਉੱਤੇ ਆਇਆ। ਬੱਦਲ ਨੇ ਛੇ ਦਿਨਾਂ ਤੱਕ ਪਰਬਤ ਨੂੰ ਕੱਜੀ ਰੱਖਿਆ। ਸੱਤਵੇਂ ਦਿਨ ਯਹੋਵਾਹ ਨੇ ਬੱਦਲ ਵਿੱਚੋਂ ਮੂਸਾ ਨਾਲ ਗੱਲ ਕੀਤੀ। 17 ਇਸਰਾਏਲ ਦੇ ਲੋਕ ਯਹੋਵਾਹ ਪਰਤਾਪ ਦੇਖ ਸੱਕਦੇ ਸਨ। ਇਹ ਪਰਬਤ ਦੀ ਚੋਟੀ ਉੱਤੇ ਬਲਦੀ ਹੋਈ ਅੱਗ ਵਾਂਗ ਸੀ।
18 ਤਾਂ ਮੂਸਾ ਪਰਬਤ ਉੱਤੇ ਹੋਰ ਉਤਾਂਹ ਬੱਦਲ ਵਿੱਚ ਗਿਆ। ਮੂਸਾ ਪਰਬਤ ਉੱਤੇ 40 ਦਿਨ 40 ਰਾਤਾਂ ਰਿਹਾ।
2010 by World Bible Translation Center