Beginning
ਪਰਮੇਸ਼ੁਰ ਦਾ ਇਸਰਾਏਲ ਨਾਲ ਇਕਰਾਰਨਾਮਾ
19 ਇਸਰਾਏਲ ਦੇ ਲੋਕ ਮਿਸਰ ਤੋਂ ਆਪਣੀ ਯਾਤਰਾ ਦੇ ਤੀਸਰੇ ਮਹੀਨੇ ਸੀਨਈ ਮਾਰੂਥਲ ਵਿੱਚ ਪਹੁੰਚੇ। 2 ਉਨ੍ਹਾਂ ਨੇ ਰਫ਼ੀਦੀਮ ਤੋਂ ਸੀਨਈ ਮਾਰੂਥਲ ਦਾ ਸਫ਼ਰ ਕੀਤਾ ਸੀ। ਇਸਰਾਏਲ ਦੇ ਲੋਕਾਂ ਨੇ ਹੋਰੇਬ ਪਰਬਤ ਨੇੜੇ ਡੇਰਾ ਲਾਇਆ। 3 ਤਾਂ ਮੂਸਾ ਪਰਮੇਸ਼ੁਰ ਨੂੰ ਮਿਲਣ ਲਈ ਪਰਬਤ ਉੱਤੇ ਚੜ੍ਹ ਗਿਆ ਅਤੇ ਪਰਮੇਸ਼ੁਰ ਨੇ ਉਸ ਨਾਲ ਗੱਲ ਕੀਤੀ ਤੇ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਯਾਕੂਬ ਦੇ ਪਰਿਵਾਰ ਨੂੰ, ਇਹ ਗੱਲਾਂ ਆਖ; 4 ‘ਤੁਸੀਂ ਲੋਕਾਂ ਨੇ ਦੇਖਿਆ ਹੈ ਕਿ ਮੈਂ ਆਪਣੇ ਦੁਸ਼ਮਣਾਂ ਨਾਲ ਕੀ ਕਰ ਸੱਕਦਾ ਹਾਂ। ਤੁਸੀਂ ਦੇਖਿਆ ਕਿ ਮੈਂ ਮਿਸਰ ਦੇ ਲੋਕਾਂ ਨਾਲ ਕੀ ਕੀਤਾ। ਤੁਸੀਂ ਦੇਖਿਆ ਕਿ ਮੈਂ ਤੁਹਾਨੂੰ ਮਿਸਰ ਵਿੱਚ ਬਾਜ਼ ਦੀ ਤਰ੍ਹਾਂ ਚੁੱਕ ਕੇ ਇੱਥੇ ਆਪਣੇ ਕੋਲ ਲਿਆਇਆ। 5 ਇਸ ਲਈ ਹੁਣ ਮੈਂ ਤੁਹਾਨੂੰ ਆਪਣੇ ਹੁਕਮ ਮੰਨਣ ਲਈ ਆਖਦਾ ਹਾਂ। ਮੇਰੇ ਇਕਰਾਰਨਾਮੇ ਦੀ ਪਾਲਣ ਕਰੋ। ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਤੁਸੀਂ ਮੇਰੇ ਆਪਣੇ ਖਾਸ ਬੰਦੇ ਹੋਵੋਂਗੇ। ਸਾਰੀ ਦੁਨੀਆਂ ਮੇਰੀ ਹੈ ਪਰ ਮੈਂ ਤੁਹਾਨੂੰ ਆਪਣੇ ਖਾਸ ਬੰਦਿਆਂ ਵਜੋਂ ਚੁਣ ਰਿਹਾ ਹਾਂ। 6 ਤੁਸੀਂ ਇੱਕ ਖਾਸ ਕੌਮ ਹੋਵੋਂਗੇ-ਜਾਜਕਾਂ ਦੀ ਰਿਆਸਤ।’ ਮੂਸਾ, ਤੈਨੂੰ ਇਸਰਾਏਲ ਦੇ ਲੋਕਾਂ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਮੈਂ ਕੀ ਆਖਿਆ ਹੈ।”
7 ਤਾਂ ਮੂਸਾ ਪਰਬਤ ਤੋਂ ਹੇਠਾਂ ਉਤਰ ਆਇਆ ਅਤੇ ਲੋਕਾਂ ਦੇ ਬਜ਼ੁਰਗਾਂ ਨੂੰ ਇਕੱਠਿਆਂ ਕੀਤਾ। ਮੂਸਾ ਨੇ ਬਜ਼ੁਰਗਾਂ ਨੂੰ ਹਰ ਉਹ ਗੱਲ ਦੱਸੀ ਜਿਹੜੀ ਯਹੋਵਾਹ ਨੇ ਉਸ ਨੂੰ ਉਨ੍ਹਾਂ ਨੂੰ ਦੱਸਣ ਦਾ ਹੁਕਮ ਦਿੱਤਾ ਸੀ। 8 ਸਾਰੇ ਲੋਕ ਇੱਕੋ ਵੇਲੇ ਬੋਲੇ ਅਤੇ ਆਖਿਆ, “ਅਸੀਂ ਹਰ ਉਹ ਗੱਲ ਮੰਨਾਂਗੇ ਜੋ ਯਹੋਵਾਹ ਆਖਦਾ ਹੈ।”
ਤਾਂ ਮੂਸਾ ਪਰਬਤ ਉੱਤੇ ਪਰਮੇਸ਼ੁਰ ਕੋਲ ਵਾਪਸ ਗਿਆ। ਮੂਸਾ ਨੇ ਪਰਮੇਸ਼ੁਰ ਨੂੰ ਦੱਸਿਆ ਕਿ ਲੋਕ ਉਸਦਾ ਹੁਕਮ ਮੰਨਣਗੇ। 9 ਅਤੇ ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਸੰਘਣੇ ਬੱਦਲ ਵਿੱਚ ਤੇਰੇ ਕੋਲ ਆਵਾਂਗਾ। ਮੈਂ ਤੇਰੇ ਨਾਲ ਗੱਲ ਕਰਾਂਗਾ। ਸਾਰੇ ਲੋਕ ਮੈਨੂੰ ਤੇਰੇ ਨਾਲ ਗੱਲ ਕਰਿਦਆਂ ਸੁਣਨਗੇ। ਮੈਂ ਅਜਿਹਾ ਇਸ ਲਈ ਕਰਾਂਗਾ ਤਾਂ ਜੋ ਲੋਕ ਹਮੇਸ਼ਾ ਉਨ੍ਹਾਂ ਗੱਲਾਂ ਉੱਤੇ ਵਿਸ਼ਵਾਸ ਕਰਨ ਜੋ ਤੂੰ ਉਨ੍ਹਾਂ ਨੂੰ ਆਖੇਂ।”
ਤਾਂ ਮੂਸਾ ਨੇ ਪਰਮੇਸ਼ੁਰ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਲੋਕਾਂ ਨੇ ਆਖੀਆਂ ਸਨ।
10 ਯਹੋਵਾਹ ਨੇ ਮੂਸਾ ਨੂੰ ਆਖਿਆ, “ਅੱਜ ਅਤੇ ਕਲ ਨੂੰ ਤੈਨੂੰ ਮੇਰੇ ਨਾਲ ਖਾਸ ਸਭਾ ਵਾਸਤੇ ਲੋਕਾਂ ਨੂੰ ਤਿਆਰ ਕਰਨਾ ਚਾਹੀਦਾ ਹੈ। ਲੋਕ ਆਪਣੇ ਕੱਪੜੇ ਧੋ ਲੈਣ। 11 ਅਤੇ ਤੀਸਰੇ ਦਿਨ ਮੇਰੇ ਲਈ ਤਿਆਰ ਰਹਿਣ। ਤੀਸਰੇ ਦਿਨ ਮੈਂ, ਯਹੋਵਾਹ ਸੀਨਈ ਪਰਬਤ ਉੱਤੇ ਆਵਾਂਗਾ। ਅਤੇ ਸਾਰੇ ਲੋਕ ਮੈਨੂੰ ਦੇਖਣਗੇ। 12-13 ਪਰਬਤ ਦੇ ਦੁਆਲੇ ਇੱਕ ਲਕੀਰ ਖਿੱਚ ਦੇਵੀਂ ਅਤੇ ਲੋਕਾਂ ਨੂੰ ਉਹ ਲਕੀਰ ਨਾ ਟੱਪਣ ਦੇਵੀਂ। ਕੋਈ ਵੀ ਬੰਦਾ ਜਿਹੜਾ ਪਰਬਤ ਨੂੰ ਛੂਹੇ, ਅਵੱਸ਼ ਹੀ ਮਾਰਿਆ ਜਾਵੇ। ਉਸ ਨੂੰ ਪੱਥਰਾਂ ਜਾਂ ਤੀਰਾਂ ਨਾਲ ਮਾਰ ਦਿੱਤਾ ਜਾਵੇ, ਕਿਸੇ ਵੀ ਹੱਥ ਨੂੰ ਉਸ ਨੂੰ ਨਹੀਂ ਛੂਹਣਾ ਚਾਹੀਦਾ। ਭਾਵੇਂ ਆਦਮੀ ਹੋਵੇ ਜਾਂ ਜਾਨਵਰ, ਉਸ ਨੂੰ ਜਿਉਂਦਾ ਨਹੀਂ ਰਹਿਣਾ ਚਾਹੀਦਾ। ਲੋਕਾਂ ਨੂੰ ਤੁਰ੍ਹੀ ਤੋਂ ਇੱਕ ਵੱਡੀ ਅਵਾਜ਼ ਦਾ ਇੰਤਜ਼ਾਰ ਕਰਨਾ ਚਾਹੀਦਾ। ਸਿਰਫ਼ ਉਦੋਂ ਹੀ, ਉਹ ਪਰਬਤ ਉੱਤੇ ਜਾ ਸੱਕਦੇ ਹਨ।”
14 ਫ਼ੇਰ ਮੂਸਾ ਪਰਬਤ ਤੋਂ ਹੇਠਾਂ ਉਤਰਿਆ ਅਤੇ ਲੋਕਾਂ ਕੋਲ ਗਿਆ। ਮੂਸਾ ਨੇ ਉਨ੍ਹਾਂ ਨੂੰ ਪਰਮੇਸ਼ੁਰ ਨਾਲ ਖਾਸ ਸਭਾ ਵਾਸਤੇ ਤਿਆਰ ਕੀਤਾ ਅਤੇ ਉਨ੍ਹਾਂ ਨੇ ਆਪਣੇ ਕੱਪੜੇ ਧੋ ਲਏ।
15 ਫ਼ੇਰ ਮੂਸਾ ਨੇ ਲੋਕਾਂ ਨੂੰ ਆਖਿਆ, “ਤਿੰਨਾਂ ਦਿਨਾਂ ਅੰਦਰ ਪਰਮੇਸ਼ੁਰ ਨੂੰ ਮਿਲਣ ਲਈ ਤਿਆਰ ਹੋ ਜਾਵੋ। ਉਸ ਸਮੇਂ ਤੱਕ ਆਦਮੀਆਂ ਨੂੰ ਔਰਤਾਂ ਨੂੰ ਨਹੀਂ ਛੂਹਣਾ ਚਾਹੀਦਾ।”
16 ਤੀਸਰੇ ਦਿਨ ਹੀ ਸਵੇਰ ਨੂੰ ਪਰਬਤ੍ਰ ਉੱਤੋਂ ਇੱਕ ਸੰਘਣਾ ਬੱਦਲ ਹੇਠਾਂ ਆਇਆ। ਓੱਥੇ ਗਰਜ ਅਤੇ ਚਮਕ ਹੋਈ ਅਤੇ ਭੇਡੂ ਦੇ ਸਿੰਗ ਦੀ ਤੁਰ੍ਹੀ ਦੀ ਬਹੁਤ ਉੱਚੀ ਅਵਾਜ਼ ਸੁਣਾਈ ਦਿੱਤੀ। ਡੇਰੇ ਦੇ ਸਾਰੇ ਲੋਕ ਡਰ ਗਏ। 17 ਤਾਂ ਮੂਸਾ ਲੋਕਾਂ ਨੂੰ ਡੇਰੇ ਤੋਂ ਬਾਹਰ ਪਰਬਤ ਦੇ ਨੇੜੇ ਪਰਮੇਸ਼ੁਰ ਨਾਲ ਮੁਲਾਕਾਤ ਲਈ ਲੈ ਆਇਆ। 18 ਸੀਨਈ ਪਰਬਤ ਧੂੰਏਂ ਨਾਲ ਭਰਿਆ ਹੋਇਆ ਸੀ। ਪਰਬਤ ਤੋਂ ਧੂੰਆਂ ਇਸ ਤਰ੍ਹਾਂ ਉੱਠ ਰਿਹਾ ਸੀ ਜਿਵੇਂ ਕਿਸੇ ਭਠੀ ਵਿੱਚੋਂ ਉੱਠਦਾ ਹੈ। ਅਜਿਹਾ ਇਸ ਲਈ ਹੋਇਆ ਕਿ ਯਹੋਵਾਹ ਪਰਬਤ ਉੱਤੇ ਅਗਨੀ ਵਿੱਚ ਆਇਆ। ਅਤੇ ਸਾਰਾ ਪਰਬਤ ਕੰਬਣ ਲੱਗਾ। 19 ਤੁਰ੍ਹੀ ਦੀ ਆਵਾਜ਼ ਹਰ ਵਾਰ ਉੱਚੀ ਤੋਂ ਉੱਚੀ ਹੁੰਦੀ ਗਈ। ਮੂਸਾ ਬੋਲਿਆ ਅਤੇ ਪਰਮੇਸ਼ੁਰ ਨੇ ਗਰਜਦੀ ਆਵਾਜ਼ ਵਿੱਚ ਉਸ ਨੂੰ ਜਵਾਬ ਦਿੱਤਾ।
20 ਇਸ ਤਰ੍ਹਾਂ ਯਹੋਵਾਹ ਸੀਨਈ ਪਰਬਤ ਵੱਲ ਹੇਠਾਂ ਆਇਆ। ਯਹੋਵਾਹ ਅਕਾਸ਼ ਤੋਂ ਪਰਬਤ ਦੀ ਚੋਟੀ ਉੱਤੇ ਆਇਆ। ਫ਼ੇਰ ਯਹੋਵਾਹ ਨੇ ਮੂਸਾ ਨੂੰ ਆਪਣੇ ਕੋਲ ਪਰਬਤ ਦੀ ਚੋਟੀ ਤੇ ਬੁਲਾਇਆ। ਇਸ ਲਈ ਮੂਸਾ ਪਰਬਤ ਤੇ ਚੜ੍ਹ ਗਿਆ।
21 ਯਹੋਵਾਹ ਨੇ ਮੂਸਾ ਨੂੰ ਆਖਿਆ, “ਹੇਠਾ ਜਾ ਅਤੇ ਲੋਕਾਂ ਨੂੰ ਚਿਤਾਵਨੀ ਦੇ ਕਿ ਮੇਰੇ ਨੇੜੇ ਨਾ ਆਉਣ ਤੇ ਮੇਰੇ ਵੱਲ ਨਾ ਦੇਖਣ। ਜੇ ਉਹ ਅਜਿਹਾ ਕਰਨਗੇ ਤਾਂ ਬਹੁਤ ਸਾਰੇ ਲੋਕ ਮਰ ਜਾਣਗੇ। 22 ਜਾਜਕਾਂ ਨੂੰ ਵੀ ਦੱਸ ਕਿ ਉਹ ਆਪਣੇ-ਆਪ ਨੂੰ ਇਸ ਖਾਸ ਮੁਲਾਕਾਤ ਲਈ ਤਿਆਰ ਕਰਨ। ਜੇ ਉਹ ਅਜਿਹਾ ਨਹੀਂ ਕਰਨਗੇ ਤਾਂ ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ।”
23 ਮੂਸਾ ਨੇ ਯਹੋਵਾਹ ਨੂੰ ਆਖਿਆ, “ਪਰ ਲੋਕ ਪਰਬਤ ਉੱਤੇ ਨਹੀਂ ਆ ਸੱਕਦੇ ਤੂੰ ਮੈਨੂੰ ਖੁਦ ਆਖਿਆ ਸੀ ਕਿ ਇੱਕ ਲਕੀਰ ਖਿੱਚ ਦਿਆਂ ਅਤੇ ਲੋਕਾਂ ਨੂੰ ਲਕੀਰ ਟੱਪਕੇ ਪਵਿੱਤਰ ਧਰਤੀ ਤੇ ਨਾ ਆਉਣ ਦਿਆਂ।”
24 ਯਹੋਵਾਹ ਨੇ ਉਸ ਨੂੰ ਆਖਿਆ, “ਹੇਠਾਂ ਲੋਕਾਂ ਕੋਲ ਜਾ ਹਾਰੂਨ ਨੂੰ ਲੈ ਤੇ ਆਪਣੇ ਨਾਲ ਲੈ ਕੇ ਮੇਰੇ ਕੋਲ ਵਾਪਸ ਆ। ਪਰ ਜਾਜਕਾਂ ਜਾਂ ਲੋਕਾਂ ਨੂੰ ਮੇਰੇ ਨੇੜੇ ਨਾ ਆਉਣ ਦੇਵੀਂ। ਜੇ ਉਹ ਮੇਰੇ ਬਹੁਤਾ ਨੇੜੇ ਆਉਣਗੇ ਤਾਂ ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ।”
25 ਇਸ ਲਈ ਮੂਸਾ ਹੇਠਾਂ ਲੋਕਾਂ ਕੋਲ ਗਿਆ ਅਤੇ ਉਨ੍ਹਾਂ ਨੂੰ ਇਹ ਗੱਲਾਂ ਦੱਸੀਆਂ।
ਦਸ ਹੁਕਮ
20 ਤਾਂ ਪਰਮੇਸ਼ੁਰ ਨੇ ਆਖਿਆ,
2 “ਮੈਂ ਯਹੋਵਾਹ ਹਾਂ ਤੁਹਾਡਾ ਪਰਮੇਸ਼ੁਰ। ਮੈਂ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਂਦਾ ਜਿੱਥੇ ਤੁਸੀਂ ਗੁਲਾਮ ਸੀ। ਇਸ ਲਈ ਤੁਹਾਨੂੰ ਇਹ ਹੁਕਮ ਮਂਨਣੇ ਚਾਹੀਦੇ ਹਨ;
3 “ਤੁਹਾਨੂੰ ਮੇਰੇ ਇਲਾਵਾ ਕਿਸੇ ਹੋਰ ਦੇਵਤੇ ਦੀ ਉਪਾਸਨਾ ਨਹੀਂ ਕਰਨੀ ਚਾਹੀਦੀ।
4 “ਤੁਹਾਨੂੰ ਕੋਈ ਬੁੱਤ ਨਹੀਂ ਬਨਾਉਣੇ ਚਾਹੀਦੇ। ਅਕਾਸ਼ ਵਿੱਚ ਜਾਂ ਧਰਤੀ ਉੱਤੇ ਜਾਂ ਪਾਣੀ ਅੰਦਰ ਕਿਸੇ ਚੀਜ਼ ਦੇ ਬੁੱਤ ਜਾਂ ਤਸਵੀਰਾਂ ਨਾ ਬਨਾਓ। 5 ਕਿਸੇ ਤਰ੍ਹਾਂ ਦੇ ਬੁੱਤਾਂ ਦੀ ਉਪਾਸਨਾ ਜਾਂ ਸੇਵਾ ਨਾ ਕਰੋ। ਕਿਉਂ? ਕਿਉਂਕਿ ਮੈਂ, ਯਹੋਵਾਹ, ਤੁਹਾਡਾ ਪਰਮੇਸ਼ੁਰ ਹਾਂ। ਮੈਂ ਆਪਣੇ ਲੋਕਾਂ ਨੂੰ ਹੋਰਨਾਂ ਦੇਵਤਿਆਂ ਦੀ ਉਪਾਸਨਾ ਕਰਦਿਆਂ ਦੇਖਕੇ ਨਫ਼ਰਤ ਕਰਦਾ ਹਾਂ। ਜਿਹੜੇ ਲੋਕ ਮੇਰੇ ਖਿਲਾਫ਼ ਪਾਪ ਕਰਦੇ ਹਨ ਉਹ ਮੇਰੇ ਦੁਸ਼ਮਣ ਬਣ ਜਾਂਦੇ ਹਨ। ਅਤੇ ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿਆਂਗਾ। ਅਤੇ ਮੈਂ ਉਨ੍ਹਾਂ ਦੇ ਪੁੱਤਾਂ ਪੋਤਿਆਂ ਅਤੇ ਪੜਪੋਤਿਆਂ ਨੂੰ ਵੀ ਸਜ਼ਾ ਦਿਆਂਗਾ। 6 ਪਰ ਮੈਂ ਉਨ੍ਹਾਂ ਲੋਕਾਂ ਉੱਤੇ ਬਹੁਤ ਮਿਹਰਬਾਨ ਹੋਵਾਂਗਾ ਜਿਹੜੇ ਮੈਨੂੰ ਪਿਆਰ ਕਰਦੇ ਹਨ ਅਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ। ਮੈਂ ਉਨ੍ਹਾਂ ਦੇ ਪਰਿਵਾਰਾਂ ਉੱਪਰ ਹਜ਼ਾਰਾਂ ਪੀੜੀਆਂ ਤੱਕ ਮਿਹਰਬਾਨ ਹੋਵਾਂਗਾ।
7 “ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਗਲਤ ਢੰਗ ਨਾਲ ਨਹੀਂ ਵਰਤਣਾ ਚਾਹੀਦਾ। ਜੇ ਕੋਈ ਬੰਦਾ ਯਹੋਵਾਹ ਦਾ ਨਾਮ ਗਲਤ ਢੰਗ ਨਾਲ ਵਰਤਦਾ ਹੈ, ਤਾਂ ਉਹ ਬੰਦਾ ਦੋਸ਼ੀ ਹੈ। ਅਤੇ ਯਹੋਵਾਹ ਉਸ ਨੂੰ ਨਿਰਦੋਸ਼ ਨਹੀਂ ਬਣਾਵੇਗਾ।
8 “ਤੁਹਾਨੂੰ ਸਬਤ ਨੂੰ, ਇੱਕ ਖਾਸ ਦਿਨ ਵਜੋਂ ਰੱਖਣਾ ਚਾਹੀਦਾ ਹੈ। 9 ਹਫ਼ਤੇ ਵਿੱਚ ਛੇ ਦਿਨ ਕੰਮ ਕਰੋ। 10 ਪਰ ਸੱਤਵਾਂ ਦਿਨ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਆਦਰ ਵਿੱਚ ਅਰਾਮ ਦਾ ਦਿਨ ਹੈ। ਇਸ ਲਈ ਓਸ ਦਿਨ ਕਿਸੇ ਬੰਦੇ ਨੂੰ ਕੰਮ ਨਹੀਂ ਕਰਨਾ ਚਾਹੀਦਾ-ਨਾ ਤੁਹਾਨੂੰ, ਨਾ ਤੁਹਾਡੇ ਪੁੱਤਰਾਂ-ਧੀਆਂ, ਜਾਂ ਤੁਹਾਡੇ ਨੌਕਰ-ਨੌਕਰਾਣੀਆਂ ਨੂੰ। ਤੁਹਾਡੇ ਸ਼ਹਿਰਾਂ ਵਿੱਚ ਰਹਿੰਦੇ ਤੁਹਾਡੇ ਜਾਨਵਰਾਂ ਅਤੇ ਵਿਦੇਸ਼ੀਆਂ ਨੂੰ ਵੀ ਕੰਮ ਨਹੀਂ ਕਰਨਾ ਚਾਹੀਦਾ। 11 ਕਿਉਂਕਿ ਯਹੋਵਾਹ ਨੇ ਛੇ ਦਿਨ ਕੰਮ ਕੀਤਾ ਅਤੇ ਅਕਾਸ਼, ਧਰਤੀ ਅਤੇ ਸਮੁੰਦਰ ਅਤੇ ਉਨ੍ਹਾਂ ਵਿੱਚਲੀ ਹਰ ਸ਼ੈਅ ਬਣਾਈ। ਅਤੇ ਸੱਤਵੇਂ ਦਿਨ ਪਰਮੇਸ਼ੁਰ ਨੇ ਅਰਾਮ ਕੀਤਾ। ਇਸ ਤਰ੍ਹਾਂ ਯਹੋਵਾਹ ਨੇ ਸਬਤ-ਅਰਾਮ ਦੇ ਦਿਨ ਨੂੰ ਅਸੀਸ ਦਿੱਤੀ। ਯਹੋਵਾਹ ਨੇ ਉਸ ਨੂੰ ਬਹੁਤ ਖਾਸ ਦਿਨ ਬਣਾ ਦਿੱਤਾ।
12 “ਤੁਹਾਨੂੰ ਤੁਹਾਡੇ ਪਿਤਾ ਅਤੇ ਮਾਤਾ ਦੀ ਇੱਜ਼ਤ ਕਰਨੀ ਚਾਹੀਦੀ ਹੈ। ਤਾਂ ਜੋ ਤੁਸੀਂ ਉਸ ਧਰਤੀ ਤੇ ਭਰਪੂਰ ਜੀਵਨ ਜਿਉਂ ਸੱਕੋ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ।
13 “ਤੁਹਾਨੂੰ ਕਿਸੇ ਦਾ ਕਤਲ ਨਹੀਂ ਕਰਨਾ ਚਾਹੀਦਾ।
14 “ਤੁਹਾਨੂੰ ਵਿਭਚਾਰ ਦਾ ਪਾਪ ਨਹੀਂ ਕਰਨਾ ਚਾਹੀਦਾ।
15 “ਤੁਹਾਨੂੰ ਕੋਈ ਚੀਜ਼ ਚੁਰਾਉਣੀ ਨਹੀਂ ਚਾਹੀਦੀ।
16 “ਤੁਹਾਨੂੰ ਅਦਾਲਤ ਵਿੱਚ ਕਿਸੇ ਦੂਸਰੇ ਵਿਅਕਤੀ ਬਾਰੇ ਝੂਠੀ ਗਵਾਹੀ ਨਹੀਂ ਦੇਣੀ ਚਾਹੀਦੀ।
17 “ਤੁਹਾਨੂੰ ਆਪਣੇ ਗੁਆਂਢੀ ਦੇ ਘਰ ਦੀ ਇੱਛਾ ਨਹੀਂ ਕਰਨੀ ਚਾਹੀਦੀ। ਤੁਹਾਨੂੰ ਤੁਹਾਡੇ ਗੁਆਂਢੀ ਦੀ ਪਤਨੀ, ਉਸ ਦੇ ਦਾਸ ਜਾਂ ਦਾਸੀਆਂ, ਉਸ ਦੇ ਬਲਦ ਜਾਂ ਖੋਤੇ ਜਾਂ ਤੁਹਾਡੇ ਗੁਆਂਢੀ ਨਾਲ ਸੰਬੰਧਿਤ ਕਿਸੇ ਵੀ ਚੀਜ਼ ਨੂੰ ਪਾਉਣ ਦੀ ਇੱਛਾ ਨਹੀਂ ਕਰਨੀ ਚਾਹੀਦੀ।”
ਲੋਕ ਪਰਮੇਸ਼ੁਰ ਤੋਂ ਡਰਦੇ ਹਨ
18 ਇਸ ਸਮੇਂ ਦੌਰਾਨ, ਵਾਦੀ ਦੇ ਸਾਰੇ ਲੋਕਾਂ ਨੇ ਬੱਦਲਾਂ ਦੀ ਗਰਜ ਸੁਣੀ ਅਤੇ ਪਰਬਤ ਉੱਤੇ ਬਿਜਲੀ ਲਿਸ਼ਕਦੀ, ਅਤੇ ਪਰਬਤ ਚੋਂ ਧੂੰਆਂ ਉੱਠਦਾ ਦੇਖਿਆ। ਉਹ ਡਰ ਨਾਲ ਕੰਬ ਰਹੇ ਸਨ ਅਤੇ ਪਰਬਤ ਤੋਂ ਪਰ੍ਹਾਂ ਹਟ ਗਏ। 19 ਤਾਂ ਲੋਕਾਂ ਨੇ ਮੂਸਾ ਨੂੰ ਆਖਿਆ, “ਜੇ ਤੁਸੀਂ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ, ਤਾਂ ਅਸੀਂ ਸੁਣਾਂਗੇ। ਪਰ ਮਿਹਰਬਾਨੀ ਕਰਕੇ ਪਰਮੇਸ਼ੁਰ ਨੂੰ ਸਾਡੇ ਨਾਲ ਗੱਲ ਨਾ ਕਰਨ ਦਿਓ। ਜੇ ਅਜਿਹਾ ਹੋਇਆ ਤਾਂ ਅਸੀਂ ਮਾਰੇ ਜਾਵਾਂਗੇ।”
20 ਤਾਂ ਮੂਸਾ ਨੇ ਲੋਕਾਂ ਨੂੰ ਆਖਿਆ, “ਡਰੋ ਨਾ। ਯਹੋਵਾਹ ਤੁਹਾਨੂੰ ਪਰੱਖਣ ਲਈ ਆਇਆ ਹੈ ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਉਸਦੀ ਇੱਜ਼ਤ ਕਰੋ ਤਾਂ ਜੋ ਤੁਸੀਂ ਪਾਪ ਨਾ ਕਰੋ।”
21 ਲੋਕ ਪਰਬਤ ਤੋਂ ਦੂਰ ਖਲੋਤੇ ਰਹੇ ਜਦੋਂ ਕਿ ਮੂਸਾ ਉਸ ਕਾਲੇ ਬੱਦਲ ਵੱਲ ਗਿਆ ਜਿੱਥੇ ਪਰਮੇਸ਼ੁਰ ਸੀ। 22 ਫ਼ੇਰ ਯਹੋਵਾਹ ਨੇ ਮੂਸਾ ਨੂੰ ਇਹ ਗੱਲਾਂ ਇਸਰਾਏਲ ਦੇ ਲੋਕਾਂ ਨੂੰ ਆਖਣ ਲਈ ਆਖਿਆ: “ਤੁਸੀਂ ਲੋਕਾਂ ਨੇ ਦੇਖਿਆ ਹੈ ਕਿ ਮੈਂ ਤੁਹਾਡੇ ਨਾਲ ਅਕਾਸ਼ ਤੋਂ ਗੱਲ ਕੀਤੀ। 23 ਇਸ ਲਈ ਤੁਹਾਨੂੰ ਮੇਰੇ ਨਾਲ ਮੁਕਾਬਲਾ ਕਰਨ ਲਈ ਸੋਨੇ ਜਾਂ ਚਾਂਦੀ ਦੇ ਬੁੱਤ ਨਹੀਂ ਬਨਾਉਣੇ ਚਾਹੀਦੇ। ਤੁਹਾਨੂੰ ਇਹ ਝੂਠੇ ਦੇਵਤੇ ਨਹੀਂ ਬਨਾਉਣੇ ਚਾਹੀਦੇ।
24 “ਮੇਰੇ ਲਈ ਖਾਸ ਜਗਵੇਦੀ ਬਣਾਓ। ਇਸ ਜਗਵੇਦੀ ਨੂੰ ਬਨਾਉਣ ਲਈ ਮਿੱਟੀ ਦੀ ਵਰਤੋਂ ਕਰੋ। ਇਸ ਜਗਵੇਦੀ ਉੱਤੇ ਹੋਮ ਦੀਆਂ ਭੇਟਾਂ ਅਤੇ ਸੁੱਖ ਸਾਂਦ ਦੀਆਂ ਭੇਟਾਂ ਮੇਰੇ ਲਈ ਬਲੀ ਵਜੋਂ ਭੇਂਟ ਕਰੋ। ਅਜਿਹਾ ਕਰਨ ਲਈ ਆਪਣੀਆਂ ਭੇਡਾਂ ਜਾਂ ਪਸ਼ੂਆਂ ਦੀ ਵਰਤੋਂ ਕਰੋ। ਅਜਿਹਾ ਹਰ ਉਸ ਥਾਂ ਕਰੋ ਜਿੱਥੇ ਮੈਂ ਤੁਹਾਨੂੰ ਮੈਨੂੰ ਚੇਤੇ ਕਰਨ ਲਈ ਆਖਦਾ ਹਾਂ। ਫ਼ੇਰ ਮੈਂ ਆਵਾਂਗਾ ਤੇ ਤੁਹਾਨੂੰ ਅਸੀਸ ਦਿਆਂਗਾ। 25 ਜੇ ਤੁਸੀਂ ਜਗਵੇਦੀ ਬਨਾਉਣ ਲਈ ਪੱਥਰਾਂ ਦੀ ਵਰਤੋਂ ਕਰੋ, ਤਾਂ ਉਨ੍ਹਾਂ ਪੱਥਰਾਂ ਦੀ ਵਰਤੋਂ ਨਾ ਕਰੋ ਜਿਨ੍ਹਾਂ ਨੂੰ ਲੋਹੇ ਦੇ ਔਜ਼ਾਰਾਂ ਨਾਲ ਤਰਾਸ਼ਿਆ ਗਿਆ ਹੋਵੇ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਇਹ ਜਗਵੇਦੀ ਨੂੰ ਮੈਂ ਅਪ੍ਰਵਾਨ ਬਣਾ ਦੇਵੇਗਾ। 26 ਅਤੇ ਤੁਹਾਨੂੰ ਜਗਵੇਦੀ ਤੱਕ ਜਾਣ ਲਈ ਪੌੜੀਆਂ ਨਹੀਂ ਬਨਾਉਣੀਆਂ ਚਾਹੀਦੀਆਂ। ਜੇ ਓੱਥੇ ਪੌੜੀਆਂ ਹੋਣਗੀਆਂ ਤਾਂ ਜਦੋਂ ਲੋਕ ਉੱਪਰ ਜਗਵੇਦੀ ਵੱਲ ਦੇਖਣਗੇ ਤਾਂ ਉਨ੍ਹਾਂ ਨੂੰ ਤੁਹਾਡੇ ਅੰਦਰਲੇ ਵਸਤਰ ਨਜ਼ਰ ਆਉਣਗੇ।”
ਹੋਰ ਨੇਮ ਤੇ ਹੁਕਮ
21 ਫ਼ੇਰ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਇਹ ਹੋਰ ਨੇਮ ਹਨ ਜਿਹੜੇ ਤੂੰ ਲੋਕਾਂ ਨੂੰ ਦੇਵੇਂਗਾ:
2 “ਜੇ ਤੁਸੀਂ ਕਿਸੇ ਯਹੂਦੀ ਗੁਲਾਮ ਨੂੰ ਖਰੀਦੋ, ਤਾਂ ਉਹ ਗੁਲਾਮ ਤੁਹਾਡੀ ਸੇਵਾ ਸਿਰਫ਼ 6 ਸਾਲ ਤੱਕ ਕਰੇਗਾ। 6 ਸਾਲਾਂ ਬਾਦ ਉਹ ਅਜ਼ਾਦ ਹੋ ਜਾਵੇਗਾ। ਉਸ ਨੂੰ ਕੁਝ ਵੀ ਅਦਾ ਨਹੀਂ ਕਰਨਾ ਪਵੇਗਾ। 3 ਜੇ ਕੋਈ ਬੰਦਾ ਤੁਹਾਡਾ ਗੁਲਾਮ ਬਣਨ ਸਮੇਂ ਵਿਆਹਿਆ ਹੋਇਆ ਨਹੀਂ, ਤਾਂ ਜਦੋਂ ਉਹ ਅਜ਼ਾਦ ਹੋਵੇਗਾ, ਉਹ ਆਪਣੀ ਪਤਨੀ ਤੋਂ ਬਿਨਾ ਜਾਵੇਗਾ। ਪਰ ਜੇ ਉਹ ਤੁਹਾਡਾ ਗੁਲਾਮ ਬਣਨ ਸਮੇਂ ਵਿਆਹਿਆ ਹੋਇਆ ਹੈ ਤਾਂ ਜਦੋਂ ਉਸ ਨੂੰ ਅਜ਼ਾਦ ਕੀਤਾ ਜਾਵੇਗਾ ਤਾਂ ਉਹ ਆਪਣੀ ਪਤਨੀ ਨੂੰ ਰੱਖ ਸੱਕਦਾ ਹੈ। 4 ਜੇ ਗੁਲਾਮ ਵਿਆਹਿਆ ਹੋਇਆ ਨਹੀਂ ਹੈ ਤਾਂ ਸੁਆਮੀ ਉਸ ਨੂੰ ਪਤਨੀ ਦੇ ਸੱਕਦਾ ਹੈ। ਜੇ ਉਹ ਪਤਨੀ ਪੁੱਤਰਾਂ ਜਾਂ ਧੀਆਂ ਨੂੰ ਜਨਮ ਦਿੰਦੀ ਹੈ ਤਾਂ ਉਹ ਤੇ ਉਸ ਦੇ ਬੱਚੇ ਸੁਆਮੀ ਦੇ ਹੋਣਗੇ। ਜਦੋਂ ਗੁਲਾਮ ਆਪਣੀ ਨੌਕਰੀ ਦੇ ਵਰ੍ਹੇ ਪੂਰੇ ਕਰ ਲਵੇ ਤਾਂ ਉਸ ਨੂੰ ਆਜ਼ਾਦ ਕਰ ਦਿੱਤਾ ਜਾਵੇਗਾ।
5 “ਪਰ ਸ਼ਾਇਦ ਗੁਲਾਮ ਇਹ ਨਿਆਂ ਕਰੇ ਕਿ ਉਹ ਆਪਣੇ ਸੁਆਮੀ ਕੋਲ ਰਹਿਣਾ ਚਾਹੁੰਦਾ ਹੈ। ਤਾਂ ਉਸ ਨੂੰ ਕਹਿਣਾ ਚਾਹੀਦਾ ਹੈ, ‘ਮੈਂ ਆਪਣੇ ਸੁਆਮੀ ਨੂੰ ਪਿਆਰ ਕਰਦਾ ਹਾਂ। ਮੈਂ ਆਪਣੀ ਪਤਨੀ ਤੇ ਬੱਚਿਆਂ ਨੂੰ ਪਿਆਰ ਕਰਦਾ ਹਾਂ। ਮੈਂ ਆਜ਼ਾਦ ਨਹੀਂ ਹੋਵਾਂਗਾ-ਮੈਂ ਰੁਕਾਂਗਾ।’ 6 ਜੇ ਅਜਿਹਾ ਵਾਪਰੇ, ਤਾਂ ਸੁਆਮੀ ਨੂੰ ਗੁਲਾਮ ਨੂੰ ਨਿਆਂਕਾਰਾਂ [a] ਦੇ ਸਾਹਮਣੇ ਲਿਆਵੇਗਾ। ਉਹ ਉਸ ਨੂੰ ਕਿਸੇ ਦਰਵਾਜੇ ਜਾਂ ਕਿਸੇ ਚੁਗਾਠ ਦੇ ਕੋਲ ਲਿਆਵੇਗਾ ਅਤੇ ਕਿਸੇ ਤਿੱਖੇ ਔਜ਼ਾਰ ਨਾਲ ਉਸ ਦੇ ਕੰਨ ਵਿੱਚ ਇੱਕ ਸੁਰਾਖ ਕਰੇਗਾ। ਫ਼ੇਰ ਉਹ ਗੁਲਾਮ ਹਮੇਸ਼ਾ ਲਈ ਸੁਆਮੀ ਦੀ ਸੇਵਾ ਕਰੇਗਾ।
7 “ਜੇ ਕੋਈ ਆਦਮੀ ਆਪਣੀ ਧੀ ਨੂੰ ਇੱਕ ਗੁਲਾਮ ਵਜੋਂ ਵੇਚਣ ਦਾ ਨਿਸ਼ਚਾ ਕਰ ਲਵੇ, ਤਾਂ ਉਸ ਨੂੰ ਅਜ਼ਾਦ ਕਰਨ ਦੀਆਂ ਬਿਧੀਆਂ ਓਹੀ ਨਹੀਂ ਹਨ ਜੋ ਮਰਦ ਗੁਲਾਮਾਂ ਲਈ ਹਨ। 8 ਜੇ ਉਹ ਆਪਣੇ ਸੁਆਮੀ ਨੂੰ ਪ੍ਰਸੰਨ ਨਾ ਕਰੇ, ਉਹ ਉਸ ਔਰਤ ਨੂੰ ਵਾਪਸ ਉਸ ਦੇ ਪਿਤਾ ਕੋਲ ਵੇਚ ਸੱਕਦਾ ਹੈ। ਉਸ ਕੋਲ ਉਸ ਔਰਤ ਨੂੰ ਵਿਦੇਸ਼ੀਆਂ ਨੂੰ ਵੇਚਣ ਦਾ ਕੋਈ ਹੱਕ ਨਹੀਂ। 9 ਜੇ ਸੁਆਮੀ ਨੇ ਔਰਤ ਨੂੰ ਆਪਣੇ ਪੁੱਤਰ ਨਾਲ ਵਿਆਹ ਕਰ ਲੈਣ ਦਾ ਇਕਰਾਰ ਕੀਤਾ ਹੈ ਤਾਂ ਉਸ ਨੂੰ ਗੁਲਾਮ ਵਾਂਗ ਨਹੀਂ ਸਮਝਣਾ ਚਾਹੀਦਾ। ਉਸ ਨੂੰ ਇੱਕ ਧੀ ਵਾਂਗ ਸਮਝਣਾ ਚਾਹੀਦਾ ਹੈ।
10 “ਜੇ ਸੁਆਮੀ ਕਿਸੇ ਦੂਸਰੀ ਔਰਤ ਨਾਲ ਸ਼ਾਦੀ ਕਰਦਾ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੀ ਪਹਿਲੀ ਪਤਨੀ ਨੂੰ ਘੱਟ ਭੋਜਨ ਜਾਂ ਕੱਪੜੇ ਨਾ ਦੇਵੇ। ਅਤੇ ਉਸ ਨੂੰ ਚਾਹੀਦਾ ਹੈ ਉਸ ਨੂੰ ਉਹ ਸਾਰੀਆਂ ਚੀਜ਼ਾਂ ਦੇਣ ਜਾਰੀ ਰੱਖੇ ਜਿਸਦੀ ਉਹ ਸ਼ਾਦੀ ਕਾਰਣ ਅਧਿਕਾਰਨ ਹੈ। 11 ਆਦਮੀ ਨੂੰ ਉਸ ਦੇ ਲਈ ਇਹ ਤਿੰਨ ਗੱਲਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ। ਜੇ ਉਹ ਨਹੀਂ ਕਰਦਾ, ਤਾਂ ਉਹ ਔਰਤ ਅਜ਼ਾਦ ਹੈ ਅਤੇ ਇਸਦਾ ਉਸ ਨੂੰ ਕੋਈ ਮੁੱਲ ਨਹੀਂ ਤਾਰਨਾ ਪਵੇਗਾ। ਉਹ ਉਸ ਆਦਮੀ ਦੀ ਕੁਝ ਵੀ ਦੇਣਦਾਰ ਨਹੀਂ ਹੋਵੇਗੀ।
12 “ਜੇ ਕੋਈ ਬੰਦਾ ਕਿਸੇ ਦੂਸਰੇ ਬੰਦੇ ਨੂੰ ਇੰਨੀ ਜ਼ੋਰ ਨਾਲ ਸੱਟ ਮਾਰਦਾ ਹੈ ਕਿ ਉਹ ਮਰ ਜਾਵੇ, ਤਾਂ ਉਸ ਬੰਦੇ ਨੂੰ ਵੀ ਮਾਰ ਦੇਣ ਚਾਹੀਦਾ ਹੈ। 13 ਪਰ ਜੇ ਕੋਈ ਦੁਰਘਟਨਾ ਵਾਪਰਦੀ ਹੈ ਅਤੇ ਕੋਈ ਬੰਦਾ ਬਿਨਾ ਯੋਜਨਾ ਕਿਸੇ ਨੂੰ ਮਾਰ ਦਿੰਦਾ ਹੈ, ਤਾਂ ਪਰਮੇਸ਼ੁਰ ਨੇ ਇਸ ਨੂੰ ਵਾਪਰਨ ਦਿੱਤਾ। ਮੈਂ ਇੱਕ ਖਾਸ ਥਾਂ ਚੁਣਾਂਗਾ ਜਿੱਥੇ ਉਹ ਸੁਰੱਖਿਆ ਲਈ ਭੱਜ ਸੱਕਦਾ ਹੈ। 14 ਪਰ ਜੇ ਕਿਸੇ ਬੰਦੇ ਨੇ ਕਿਸੇ ਹੋਰ ਬੰਦੇ ਨੂੰ ਮਾਰਨ ਦੀ ਵਿਉਂਤ ਬਣਾਈ ਕਿਉਂ ਕਿ ਉਹ ਗੁੱਸੇ ਵਿੱਚ ਹੈ ਜਾਂ ਉਸ ਨੂੰ ਨਫਰਤ ਕਰਦਾ ਹੈ ਤਾਂ ਕਾਤਲ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਸ ਨੂੰ ਮੇਰੀ ਜਗਵੇਦੀ ਤੋਂ ਦੂਰ ਲੈ ਜਾਓ ਅਤੇ ਮਾਰ ਦਿਓ।
15 “ਕੋਈ ਵੀ ਬੰਦਾ ਜੋ ਆਪਣੇ ਪਿਤਾ ਜਾਂ ਮਾਤਾ ਨੂੰ ਕੁੱਟਦਾ ਹੈ ਉਸ ਨੂੰ ਮਾਰ ਦੇਣਾ ਚਾਹੀਦਾ ਹੈ।
16 “ਜੇ ਕੋਈ ਬੰਦਾ ਕਿਸੇ ਨੂੰ ਚੋਰੀ ਕਰਦਾ ਹੈ ਤਾਂ ਜੋ ਉਸ ਨੂੰ ਗੁਲਾਮ ਵਜੋਂ ਵੇਚ ਸੱਕੇ ਜਾਂ ਉਸ ਨੂੰ ਖੁਦ ਲਈ ਗੁਲਾਮ ਰੱਖ ਲੈਂਦਾ ਹੈ, ਤਾਂ ਉਸ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ।
17 “ਕੋਈ ਵੀ ਜੋ ਆਪਣੇ ਪਿਤਾ ਜਾਂ ਆਪਣੀ ਮਾਂ ਨੂੰ ਸਰਾਪ ਦਿੰਦਾ ਹੈ, ਮਾਰਿਆ ਜਾਣਾ ਚਾਹੀਦਾ ਹੈ।
18 “ਜੇ ਦੋ ਬੰਦੇ ਲੜ ਪੈਣ ਤੇ ਇੱਕ ਜਣਾ ਦੂਸਰੇ ਨੂੰ ਪੱਥਰ ਜਾਂ ਮੁੱਕਾ ਮਾਰ ਦੇਵੇ। (ਤੁਸੀਂ ਉਸ ਬੰਦੇ ਨੂੰ ਕੀ ਸਜ਼ਾ ਦਿਉਂਗੇ? ਜੇ ਉਹ ਬੰਦਾ ਜਿਸਦੇ ਸੱਟ ਵੱਜੀ ਸੀ, ਮਰਿਆ ਨਹੀਂ, ਤਾਂ ਉਸ ਬੰਦੇ ਨੂੰ ਜਿਸਨੇ ਉਸ ਨੂੰ ਕੁੱਟਿਆ ਮਰਨਾ ਨਹੀਂ ਚਾਹੀਦਾ।) 19 ਜੇ ਬੰਦਾ ਫ਼ੱਟੜ ਹੋਇਆ ਅਤੇ ਉਸ ਨੂੰ ਕੁਝ ਦਿਨ ਮੰਜੇ ਤੇ ਪੈਣਾ ਪਵੇ ਤਾਂ ਜਿਸਨੇ ਉਸ ਨੂੰ ਫ਼ੱਟੜ ਕੀਤਾ ਉਹ ਉਸ ਨੂੰ ਆਸਰਾ ਦੇਵੇ। ਜਿਸ ਨੂੰ ਉਸ ਨੂੰ ਫ਼ੱਟੜ ਕੀਤਾ ਉਹ ਉਸ ਦੇ ਵਕਤ ਦੀ ਬਰਬਾਦੀ ਦਾ ਇਵਜ਼ਾਨਾ ਦੇਵੇ। ਉਸ ਬੰਦੇ ਨੂੰ ਉਸ ਨੂੰ ਉਦੋਂ ਤੱਕ ਆਸਰਾ ਦੇਣਾ ਚਾਹੀਦਾ ਹੈ ਜਦੋਂ ਤੱਕ ਕਿ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ।
20 “ਕਈ ਵਾਰੀ ਲੋਕ ਆਪਣੇ ਗੁਲਾਮਾਂ ਜਾਂ ਗੁਲਾਮ ਔਰਤਾਂ ਨੂੰ ਕੁੱਟਦੇ ਹਨ। ਜੇ ਕੁੱਟ ਤੋਂ ਬਾਦ ਗੁਲਾਮ ਮਰ ਜਾਵੇ ਤਾਂ ਕਾਤਲ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ। 21 ਪਰ ਜੇ ਗੁਲਾਮ ਮਰਦਾ ਨਹੀਂ ਅਤੇ ਕੁਝ ਦਿਨਾਂ ਬਾਦ ਠੀਕ ਹੋ ਜਾਂਦਾ ਹੈ ਤਾਂ ਉਸ ਬੰਦੇ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਕਿਉਂਕਿ ਸੁਆਮੀ ਨੇ ਗੁਲਾਮ ਨੂੰ ਆਪਣੇ ਪੈਸੇ ਨਾਲ ਖਰੀਦਿਆ ਸੀ ਅਤੇ ਗੁਲਾਮ ਉਸੇ ਦਾ ਹੈ।
22 “ਜੇ ਦੋ ਬੰਦੇ ਲੜ ਰਹੇ ਹੋਣ ਅਤੇ ਉਹ ਕਿਸੇ ਗਰਭਵਤੀ ਔਰਤ ਨੂੰ ਜ਼ਖਮੀ ਕਰ ਦੇਣ। ਇਸ ਨਾਲ ਹੋ ਸੱਕਦਾ ਹੈ ਕਿ ਉਹ ਔਰਤ ਸਮੇਂ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਜਨਮ ਦੇਵੇ। ਜੇ ਔਰਤ ਬੁਰੀ ਤਰ੍ਹਾਂ ਜ਼ਖਮੀ ਨਾ ਹੋਈ ਹੋਵੇ ਤਾਂ ਜਿਸ ਬੰਦੇ ਨੇ ਉਸ ਨੂੰ ਜ਼ਖਮੀ ਕੀਤਾ ਉਸ ਨੂੰ ਜ਼ੁਰਮਾਨਾ ਭਰਨਾ ਚਾਹੀਦਾ ਹੈ। ਔਰਤ ਦਾ ਪਤੀ ਨਿਆਂ ਕਰੇਗਾ ਕਿ ਉਹ ਆਦਮੀ ਕਿੰਨਾ ਇਵਜ਼ਾਨਾ ਦੇਵੇ। ਨਿਆਂਕਾਰ ਉਸ ਬੰਦੇ ਨੂੰ ਇਹ ਨਿਆਂ ਕਰਨ ਵਿੱਚ ਸਹਾਇਤਾ ਦੇਣਗੇ ਕਿ ਜ਼ੁਰਮਾਨਾ ਕਿੰਨਾ ਹੋਣਾ ਚਾਹੀਦਾ ਹੈ। 23 ਪਰ ਜੇ ਔਰਤ ਬੁਰੀ ਤਰ੍ਹਾਂ ਜ਼ਖਮੀ ਹੋਈ ਹੋਵੇ ਤਾਂ, ਜਿਸਨੇ ਉਸ ਨੂੰ ਜ਼ਖਮੀ ਕੀਤਾ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜੇ ਕੋਈ ਬੰਦਾ ਮਰ ਜਾਂਦਾ ਹੈ ਤਾਂ ਜਿਸਨੇ ਮਾਰਿਆ ਉਸ ਨੂੰ ਮਾਰ ਦੇਣਾ ਚਾਹੀਦਾ ਹੈ। ਤੁਹਾਨੂੰ ਇੱਕ ਜਾਨ ਦੀ ਕੀਮਤ ਦੂਸਰੀ ਜਾਨ ਨਾਲ ਅਦਾ ਕਰਨੀ ਚਾਹੀਦੀ ਹੈ। 24 ਤੁਹਾਨੂੰ ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ, ਪੈਰ ਦੇ ਬਦਲੇ ਪੈਰ, 25 ਸੇਕ ਦੇ ਬਦਲੇ ਸੇਕ, ਝਰੀਟ ਦੇ ਬਦਲੇ ਝਰੀਟ, ਅਤੇ ਜ਼ਖਮ ਦੇ ਬਦਲੇ ਜ਼ਖਮ ਅਦਾ ਕਰਨਾ ਚਾਹੀਦਾ ਹੈ।
26 “ਜੇ ਕੋਈ ਬੰਦਾ ਕਿਸੇ ਗੁਲਾਮ ਦੀ ਅੱਖ ਉੱਤੇ ਸੱਟ ਮਾਰਦਾ ਹੈ ਅਤੇ ਗੁਲਾਮ ਦੀ ਉਹ ਅੱਖ ਅੰਨ੍ਹੀ ਹੋ ਜਾਂਦੀ ਹੈ, ਤਾਂ ਗੁਲਾਮ ਨੂੰ ਅਜ਼ਾਦ ਕਰ ਦੇਣਾ ਚਾਹੀਦਾ ਹੈ। ਉਸਦੀ ਅੱਖ ਉਸਦੀ ਅਜ਼ਾਦੀ ਦਾ ਇਵਜ਼ਾਨਾ ਹੈ। ਇਹ ਦਾਸਾਂ ਅਤੇ ਦਾਸੀਆਂ ਦੋਹਾਂ ਬਾਰੇ ਇੱਕ ਸਮਾਨ ਹੈ। 27 ਜੇ ਸੁਆਮੀ ਆਪਣੇ ਗੁਲਾਮ ਦੇ ਮੂੰਹ ਤੇ ਸੱਟ ਮਾਰਦਾ ਹੈ ਅਤੇ ਗੁਲਾਮ ਦਾ ਦੰਦ ਟੁੱਟ ਜਾਂਦਾ ਹੈ, ਤਾਂ ਗੁਲਾਮ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਹੈ। ਗੁਲਾਮ ਦਾ ਦੰਦ ਗੁਲਾਮ ਦੀ ਆਜ਼ਾਦੀ ਦਾ ਇਵਜ਼ਾਨਾ ਹੈ। ਇਹ ਦਾਸਾਂ ਅਤੇ ਦਾਸੀਆਂ ਦੋਹਾਂ ਬਾਰੇ ਇੱਕ ਸਮਾਨ ਹੈ।
28 “ਜੇ ਕਿਸੇ ਬੰਦੇ ਦਾ ਬਲਦ ਕਸੇ ਆਦਮੀ ਜਾਂ ਔਰਤ ਨੂੰ ਮਾਰ ਦਿੰਦਾ, ਤੁਸੀਂ ਉਸ ਬਲਦ ਨੂੰ ਪੱਥਰਾਂ ਨਾਲ ਮਾਰ ਦਿਓ ਅਤੇ ਉਸ ਬਲਦ ਨੂੰ ਖਾਧਾ ਨਹੀਂ ਜਾਣਾ ਚਾਹੀਦਾ। ਪਰ ਬਲਦ ਦਾ ਮਾਲਕ ਦੋਸ਼ੀ ਨਹੀਂ ਹੋਵੇਗਾ। 29 ਪਰ ਜੇ ਬਲਦ ਨੇ ਪਹਿਲਾਂ ਵੀ ਲੋਕਾਂ ਨੂੰ ਜ਼ਖਮੀ ਕੀਤਾ ਹੋਵੇ ਅਤੇ ਮਾਲਕ ਨੂੰ ਚਿਤਾਵਨੀ ਮਿਲੀ ਹੋਵੇ ਤਾਂ ਮਾਲਕ ਦੋਸ਼ੀ ਹੋਵੇਗਾ। ਕਿਉਂਕਿ ਉਸ ਨੇ ਬਲਦ ਨੂੰ ਬੰਨ੍ਹ ਕੇ ਜਾਂ ਉਸਦੀ ਥਾਂ ਤੇ ਬੰਦ ਕਰਕੇ ਨਹੀਂ ਰੱਖਿਆ। ਇਸ ਲਈ ਜੇ ਬਲਦ ਕਿਸੇ ਨੂੰ ਮਾਰ ਦਿੰਦਾ, ਤੁਸੀਂ ਬਲਦ ਨੂੰ ਪੱਥਰਾਂ ਨਾਲ ਮਾਰ ਦਿਓ ਅਤੇ ਮਾਲਕ ਨੂੰ ਵੀ ਮਾਰ ਦਿਓ। 30 ਪਰ ਮਰੇ ਹੋਏ ਬੰਦੇ ਦਾ ਪਰਿਵਾਰ ਪੈਸਾ ਪ੍ਰਵਾਨ ਕਰ ਸੱਕਦਾ ਹੈ, ਜੇ ਉਹ ਪੈਸਾ ਲੈ ਲੈਣ ਤਾਂ ਉਹ ਬੰਦਾ ਜਿਸਦਾ ਬਲਦ ਸੀ, ਨਹੀਂ ਮਾਰਿਆ ਜਾਣਾ ਚਾਹੀਦਾ। ਪਰ ਉਸ ਨੂੰ ਓਨਾ ਪੈਸਾ ਜ਼ਰੂਰ ਦੇਣਾ ਚਾਹੀਦਾ ਹੈ ਜਿੰਨਾ ਨਿਆਂਕਾਰ ਆਖੇ।
31 “ਉਸੇ ਨੇਮ ਦੀ ਪਾਲਣਾ ਉਦੋਂ ਵੀ ਕਰਨੀ ਚਾਹੀਦੀ ਹੈ ਜਦੋਂ ਬਲਦ ਕਿਸੇ ਬੰਦੇ ਦੇ ਪੁੱਤਰ ਜਾਂ ਧੀ ਨੂੰ ਮਾਰ ਦੇਵੇ। 32 ਪਰ ਜੇ ਬਲਦ ਕਿਸੇ ਗੁਲਾਮ ਨੂੰ ਮਾਰ ਦੇਵੇ ਤਾਂ ਬਲਦ ਦੇ ਮਾਲਕ ਨੂੰ (ਗੁਲਾਮ ਦੇ) ਮਾਲਕ ਨੂੰ 30 ਚਾਂਦੀ ਦੇ ਸਿੱਕੇ ਦੇਣੇ ਚਾਹੀਦੇ ਹਨ। ਅਤੇ ਬਲਦ ਨੂੰ ਵੀ ਪੱਥਰਾਂ ਨਾਲ ਮਾਰ ਦੇਣਾ ਚਾਹੀਦਾ ਹੈ। ਇਹ ਨੇਮ ਦਾਸਾਂ ਅਤੇ ਦਾਸੀਆਂ ਦੋਹਾਂ ਲਈ ਇੱਕ ਜਿਹਾ ਹੋਵੇਗਾ।
33 “ਹੋ ਸੱਕਦਾ ਹੈ ਕਿ ਕੋਈ ਬੰਦਾ ਖੂਹ ਤੋਂ ਢੱਕਣ ਲਾਹ ਦੇਵੇ ਜਾਂ ਉਹ ਕੋਈ ਟੋਆ ਪੁੱਟੇ ਅਤੇ ਇਸ ਨੂੰ ਢੱਕੇ ਨਾ। ਜੇ ਕਿਸੇ ਹੋਰ ਬੰਦੇ ਦਾ ਜਾਨਵਰ ਆਉਂਦਾ ਹੈ ਅਤੇ ਟੋਏ ਵਿੱਚ ਡਿੱਗ ਪੈਂਦਾ ਹੈ, ਤਾਂ ਟੋਏ ਦਾ ਮਾਲਕ ਦੋਸ਼ੀ ਹੈ। 34 ਜਿਸ ਬੰਦੇ ਦਾ ਟੋਆ ਹੈ ਉਸ ਨੂੰ ਜਾਨਵਰ ਦੀ ਕੀਮਤ ਅਦਾ ਕਰਨੀ ਚਾਹੀਦੀ ਹੈ। ਪਰ ਜਦੋਂ ਉਹ ਜਾਨਵਰ ਦੀ ਕੀਮਤ ਦੇ ਦਿੰਦਾ ਹੈ ਤਾਂ ਉਹ ਜਾਨਵਰ ਦਾ ਸ਼ਰੀਰ ਰੱਖ ਸੱਕਦਾ ਹੈ।
35 “ਜੇ ਕਿਸੇ ਆਦਮੀ ਦਾ ਬਲਦ ਕਿਸੇ ਹੋਰ ਆਦਮੀ ਦੇ ਬਲਦ ਨੂੰ ਮਾਰ ਦੇਵੇ ਤਾਂ ਉਨ੍ਹਾਂ ਨੂੰ ਜਿਉਂਦਾ ਬਲਦ ਵੇਚ ਦੇਣਾ ਚਾਹੀਦਾ ਹੈ। ਦੋਹਾਂ ਆਦਮੀਆਂ ਨੂੰ ਬਲਦ ਵੇਚਕੇ ਮਿਲੇ ਪੈਸੇ ਦਾ ਅੱਧਾ-ਅੱਧਾ ਹਿੱਸਾ ਮਿਲਣਾ ਚਾਹੀਦਾ ਹੈ ਅਤੇ ਦੋਵੇਂ ਆਦਮੀ ਮਰੇ ਹੋਏ ਬਲਦ ਦਾ ਸ਼ਰੀਰ ਵੀ ਅੱਧਾ-ਅੱਧਾ ਹਿੱਸਾ ਲੈਣਗੇ। 36 ਪਰ ਜੇ ਉਸ ਆਦਮੀ ਦੇ ਬਲਦ ਨੇ ਪਹਿਲਾਂ ਵੀ ਹੋਰ ਜਾਨਵਰਾਂ ਨੂੰ ਜ਼ਖਮੀ ਕੀਤਾ ਹੋਵੇ ਤਾਂ ਮਾਲਕ ਆਪਣੇ ਬਲਦ ਲਾਈ ਜ਼ਿੰਮੇਵਾਰ ਹੈ। ਜੇ ਉਸਦਾ ਬਲਦ ਕਿਸੇ ਹੋਰ ਬਲਦ ਨੂੰ ਮਾਰ ਦਿੰਦਾ ਹੈ। ਤਾਂ ਉਹ ਦੋਸ਼ੀ ਹੈ ਕਿਉਂਕਿ ਉਸ ਨੇ ਬਲਦ ਖੁਲ੍ਹਾ ਛੱਡਿਆ। ਉਸ ਆਦਮੀ ਨੂੰ ਬਲਦ ਬਦਲੇ ਬਲਦ ਦੇਣਾ ਪਵੇਗਾ। ਉਸ ਨੂੰ ਆਪਣਾ ਬਲਦ ਮਰੇ ਹੋਏ ਬਲਦ ਬਦਲੇ ਦੇਣਾ ਪਵੇਗਾ।
2010 by World Bible Translation Center