Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਕੂਚ 16-18

ਇਸਰਾਏਲ ਸ਼ਿਕਾਇਤ ਕਰਦਾ, ਯਹੋਵਾਹ ਦਾ ਭੋਜਨ ਭੇਜਣਾ

16 ਫ਼ੇਰ ਲੋਕਾਂ ਨੇ ਏਲਿਮ ਛੱਡ ਦਿੱਤਾ ਅਤੇ ਸੀਨਈ ਮਾਰੂਥਲ ਵਿੱਚ ਆ ਗਏ, ਏਲਿਮ ਤੇ ਸੀਨਈ ਦੇ ਵਿੱਚਕਾਰ। ਉੱਥੇ ਉਹ ਮਿਸਰ ਛੱਡਣ ਤੋਂ ਬਾਦ ਦੂਸਰੇ ਮਹੀਨੇ ਦੀ ਪੰਦਰ੍ਹਾਂ ਤਾਰੀਖ ਨੂੰ ਪਹੁੰਚੇ। ਤਾਂ ਇਸਰਾਏਲ ਦੇ ਲੋਕ ਫ਼ੇਰ ਸ਼ਿਕਾਇਤ ਕਰਨ ਲੱਗੇ। ਉਨ੍ਹਾਂ ਨੇ ਮਾਰੂਥਲ ਵਿੱਚ ਮੂਸਾ ਅਤੇ ਹਾਰੂਨ ਅੱਗੇ ਸ਼ਿਕਾਇਤ ਕੀਤੀ। ਲੋਕਾਂ ਨੇ ਆਖਿਆ, “ਇਹ ਬਿਹਤਰ ਹੁੰਦਾ ਜੇ ਯਹੋਵਾਹ ਸਾਨੂੰ ਮਿਸਰ ਦੀ ਧਰਤੀ ਤੇ ਹੀ ਮਾਰ ਦਿੰਦਾ। ਘੱਟੋ-ਘੱਟ ਓੱਥੇ ਸਾਡੇ ਕੋਲ ਖਾਣ ਲਈ ਤਾਂ ਕਾਫ਼ੀ ਸੀ। ਸਾਡੇ ਕੋਲ ਖਾਣ ਲਈ ਤਾਂ ਕਾਫ਼ੀ ਸੀ। ਸਾਡੇ ਕੋਲ ਖਾਣ ਲਈ ਲੋੜੀਂਦਾ ਸਾਰਾ ਭੋਜਨ ਸੀ। ਪਰ ਹੁਣ ਤੁਸੀਂ ਸਾਨੂੰ ਇੱਥੇ ਮਾਰੂਥਲ ਵਿੱਚ ਲੈ ਆਂਦਾ ਹੈ। ਅਤੇ ਇੱਥੇ ਅਸੀਂ ਸਾਰੇ ਭੁੱਖ ਨਾਲ ਮਰ ਜਾਵਾਂਗੇ।”

ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਅਕਾਸ਼ ਤੋਂ ਭੋਜਨ ਵਰ੍ਹਾਵਾਂਗਾ। ਇਹ ਭੋਜਨ ਤੁਹਾਡੇ ਖਾਣ ਲਈ ਹੋਵੇਗਾ। ਹਰ ਰੋਜ਼ ਲੋਕਾਂ ਨੂੰ ਬਾਹਰ ਜਾਣਾ ਚਾਹੀਦਾ ਹੈ ਅਤੇ ਉਸ ਦਿਨ ਲਈ ਲੋੜੀਂਦਾ ਭੋਜਨ ਇਕੱਠਾ ਕਰਨਾ ਚਾਹੀਦਾ ਹੈ। ਮੈਂ ਅਜਿਹਾ ਇਹ ਦੇਖਣ ਲਈ ਕਰਾਂਗਾ ਕਿ ਲੋਕ ਓਹੀ ਕਰਦੇ ਹਨ ਜੋ ਮੈਂ ਉਨ੍ਹਾਂ ਨੂੰ ਆਖਦਾ ਹਾਂ। ਹਰ ਰੋਜ਼ ਲੋਕ ਸਿਰਫ਼ ਇੱਕ ਦਿਨ ਲਈ ਕਾਫ਼ੀ ਭੋਜਨ ਇਕੱਠਾ ਕਰਨਗੇ। ਪਰ ਸ਼ੁਕਰਵਾਰ ਨੂੰ, ਜਦੋਂ ਲੋਕ ਆਪਣਾ ਭੋਜਨ ਇਕੱਠਾ ਕਰਨਗੇ ਤਾਂ ਉਹ ਦੇਖਣਗੇ ਕਿ ਉਨ੍ਹਾਂ ਕੋਲ ਦੋ ਦਿਨਾਂ ਲਈ ਕਾਫ਼ੀ ਭੋਜਨ ਹੈ।” [a]

ਇਸ ਲਈ ਮੂਸਾ ਤੇ ਹਾਰੂਨ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਅੱਜ ਤੁਸੀਂ ਯਹੋਵਾਹ ਦੀ ਸ਼ਕਤੀ ਦੇਖੋਂਗੇ, ਤੁਸੀਂ ਜਾਣ ਜਾਵੋਂਗੇ ਕਿ ਉਹੀ ਹੈ ਜੋ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ। ਤੁਸੀਂ ਯਹੋਵਾਹ ਨੂੰ ਸ਼ਿਕਾਇਤ ਕੀਤੀ ਅਤੇ ਉਸ ਨੇ ਸੁਣ ਲਈ। ਇਸ ਲਈ ਕੱਲ ਸਵੇਰੇ ਤੁਸੀਂ ਯਹੋਵਾਹ ਦਾ ਪਰਤਾਪ ਦੇਖੋਂਗੇ। ਤੁਸੀਂ ਸਾਨੂੰ ਸ਼ਿਕਾਇਤਾਂ ਤੇ ਸ਼ਿਕਾਇਤਾਂ ਲਾਉਂਦੇ ਰਹੇ ਹੋ। ਸ਼ਾਇਦ ਹੁਣ ਤੁਸੀਂ ਕੁਝ ਅਰਾਮ ਕਰ ਸੱਕੋਂ।”

ਅਤੇ ਮੂਸਾ ਨੇ ਆਖਿਆ, “ਤੁਸੀਂ ਸ਼ਿਕਾਇਤਾਂ ਕਰ ਰਹੇ ਸੀ ਅਤੇ ਯਹੋਵਾਹ ਨੇ ਤੁਹਾਡੀਆਂ ਸ਼ਿਕਾਇਤਾਂ ਸੁਣ ਲਈਆਂ ਹਨ। ਇਸ ਲਈ ਅੱਜ ਰਾਤ ਯਹੋਵਾਹ ਤੁਹਾਨੂੰ ਮਾਸ ਦੇਵੇਗਾ। ਅਤੇ ਸਵੇਰੇ ਤੁਹਾਨੂੰ ਸਾਰੀ ਲੋੜੀਂਦੀ ਰੋਟੀ ਮਿਲੇਗੀ। ਤੁਸੀਂ ਹਾਰੂਨ ਨੂੰ ਅਤੇ ਮੈਨੂੰ ਸ਼ਿਕਾਇਤਾਂ ਕਰਦੇ ਰਹੇ ਹੋ। ਪਰ ਹੁਣ, ਅਸੀਂ ਕੁਝ ਅਰਾਮ ਕਰ ਸੱਕਾਂਗੇ। ਚੇਤੇ ਰੱਖੋ, ਤੁਸੀਂ ਹਾਰੂਨ ਅਤੇ ਮੇਰੇ ਖਿਲਾਫ਼ ਸ਼ਿਕਾਇਤ ਨਹੀਂ ਕਰ ਰਹੇ। ਤੁਸੀਂ ਯਹੋਵਾਹ ਦੇ ਵਿਰੁੱਧ ਸ਼ਿਕਾਇਤ ਕਰ ਰਹੇ ਹੋ।”

ਫ਼ੇਰ ਮੂਸਾ ਨੇ ਹਾਰੂਨ ਨੂੰ ਆਖਿਆ, “ਇਸਰਾਏਲ ਦੇ ਸਾਰੇ ਲੋਕਾਂ ਨਾਲ ਗੱਲ ਕਰੋ। ਉਨ੍ਹਾਂ ਨੂੰ ਆਖੋ, ‘ਇਕੱਠੇ ਹੋਕੇ ਯਹੋਵਾਹ ਦੇ ਸਾਹਮਣੇ ਆਓ, ਕਿਉਂਕਿ ਉਸ ਨੇ ਤੁਹਾਡੀਆਂ ਸ਼ਿਕਾਇਤਾਂ ਸੁਣ ਲਈਆਂ ਹਨ।’”

10 ਹਾਰੂਨ ਨੇ ਇਸਰਾਏਲ ਦੇ ਸਮੂਹ ਲੋਕਾਂ ਨਾਲ ਗੱਲ ਕੀਤੀ। ਉਹ ਸਾਰੇ ਇੱਕ ਥਾਂ ਇਕੱਠੇ ਹੋਏ ਸਨ। ਜਦੋਂ ਹਾਰੂਨ ਗੱਲ ਕਰ ਰਿਹਾ ਸੀ, ਸਾਰੇ ਲੋਕ ਮੁੜੇ ਅਤੇ ਮਾਰੂਥਲ ਵੱਲ ਦੇਖਣ ਲੱਗੇ। ਅਤੇ ਉਨ੍ਹਾਂ ਨੂੰ ਯਹੋਵਾਹ ਦਾ ਪਰਤਾਪ ਇੱਕ ਬੱਦਲ ਵਿੱਚ ਦਿਖਾਈ ਦਿੱਤਾ।

11 ਯਹੋਵਾਹ ਨੇ ਮੂਸਾ ਨੂੰ ਆਖਿਆ, 12 “ਮੈਂ ਇਸਰਾਏਲ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਲਈਆਂ ਹਨ। ਇਸ ਲਈ ਉਨ੍ਹਾਂ ਨੂੰ ਆਖੋ, ‘ਅੱਜ ਤੁਸੀਂ ਮਾਸ ਖਾਵੋਂਗੇ। ਅਤੇ ਸਵੇਰ ਨੂੰ ਤੁਸੀਂ ਸਾਰੀ ਲੋੜੀਂਦੀ ਰੋਟੀ ਖਾਵੋਂਗੇ। ਫ਼ੇਰ ਤੁਸੀਂ ਜਾਣ ਜਾਵੋਂਗੇ ਕਿ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਵਿੱਚ ਭਰੋਸਾ ਕਰ ਸੱਕਦੇ ਹੋ।’”

13 ਉਸ ਰਾਤ ਨੂੰ ਕੋਇਲਾਂ ਡੇਰੇ ਦੇ ਚਾਰ ਚੁਫ਼ੇਰੇ ਆਈਆਂ। ਲੋਕਾਂ ਨੇ ਮਾਸ ਲਈ ਇਹ ਪੰਛੀ ਫ਼ੜ ਲਈ। ਅਤੇ ਸਵੇਰੇ ਡੇਰੇ ਦੇ ਨੇੜੇ ਧਰਤੀ ਉੱਤੇ ਸਵੇਰ ਦੀ ਤ੍ਰੇਲ ਪਈ ਸੀ। 14 ਜਦੋਂ ਤ੍ਰੇਲ ਸੁੱਕ ਗਈ ਤਾਂ ਧਰਤੀ ਉੱਤੇ ਕੋਰੇ ਦੀਆਂ ਪਤਲੀਆਂ ਪਰਤਾਂ ਵਰਗੀ ਕੋਈ ਚੀਜ਼ ਪਈ ਸੀ। 15 ਇਸਰਾਏਲ ਦੇ ਲੋਕਾਂ ਨੇ ਇਸ ਨੂੰ ਦੇਖਿਆ ਅਤੇ ਇੱਕ ਦੂਜੇ ਨੂੰ ਪੁੱਛਣ ਲੱਗੇ, “ਇਹ ਕੀ ਹੈ? [b]” ਉਹ ਇਹ ਸਵਾਲ ਪੁੱਛ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਹ ਕੀ ਸੀ। ਇਸ ਲਈ ਮੂਸਾ ਨੇ ਉਨ੍ਹਾਂ ਨੂੰ ਆਖਿਆ, “ਇਹੀ ਉਹ ਭੋਜਨ ਹੈ ਜੋ ਯਹੋਵਾਹ ਤੁਹਾਨੂੰ ਖਾਣ ਲਈ ਦੇ ਰਿਹਾ ਹੈ। 16 ਯਹੋਵਾਹ ਆਖਦਾ ਹੈ, ‘ਹਰੇਕ ਬੰਦੇ ਨੂੰ ਓਨਾ ਹੀ ਇਕੱਠਾ ਕਰਨਾ ਚਾਹੀਦਾ ਹੈ ਜਿੰਨਾ ਉਸ ਨੂੰ ਲੋੜੀਂਦਾ ਹੈ। ਤੁਹਾਡੇ ਵਿੱਚ ਹਰੇਕ ਨੂੰ ਤਕਰੀਬਨ ਦੋ ਓਮਰ ਪਰਿਵਾਰ ਦੇ ਹਰ ਬੰਦੇ ਲਈ ਇਕੱਠਾ ਕਰਨਾ ਚਾਹੀਦਾ ਹੈ।’”

17 ਇਸ ਲਈ ਇਸਰਾਏਲ ਦੇ ਲੋਕਾਂ ਨੇ ਅਜਿਹਾ ਹੀ ਕੀਤਾ। ਹਰੇਕ ਬੰਦੇ ਨੇ ਆਪਣਾ ਭੋਜਨ ਇਕੱਠਾ ਕੀਤਾ। ਕੁਝ ਬੰਦਿਆਂ ਨੇ ਹੋਰਨਾਂ ਨਾਲੋਂ ਵੱਧ ਇਕੱਠਾ ਕੀਤਾ। 18 ਲੋਕਾਂ ਨੇ ਘਰ ਦੇ ਹਰ ਜੀਅ ਨੂੰ ਭੋਜਨ ਦਿੱਤਾ। ਜਦੋਂ ਭੋਜਨ ਮਾਪਿਆ ਜਾਂਦਾ, ਹਰੇਕ ਬੰਦੇ ਲਈ ਕਾਫ਼ੀ ਹੁੰਦਾ, ਪਰ ਕਦੇ ਵੀ ਬਹੁਤਾ ਜ਼ਿਆਦਾ ਨਹੀਂ। ਹਰ ਬੰਦਾ ਸਿਰਫ਼ ਓਨਾ ਹੀ ਇਕੱਠਾ ਕਰਦਾ ਸੀ ਜਿੰਨਾ ਉਸ ਦੇ ਅਤੇ ਉਸ ਦੇ ਪਰਿਵਾਰ ਲਈ ਕਾਫ਼ੀ ਹੁੰਦਾ ਸੀ।

19 ਮੂਸਾ ਨੇ ਉਨ੍ਹਾਂ ਨੂੰ ਆਖਿਆ, “ਅਗਲੇ ਦਿਨ ਖਾਣ ਲਈ ਭੋਜਨ ਨਾ ਬਚਾਓ।” 20 ਪਰ ਕੁਝ ਲੋਕਾਂ ਨੇ ਮੂਸਾ ਦੀ ਗੱਲ ਨਹੀਂ ਮੰਨੀ। ਇਨ੍ਹਾਂ ਲੋਕਾਂ ਨੇ ਅਗਲੇ ਦਿਨ ਲਈ ਆਪਣਾ ਭੋਜਨ ਬਚਾਇਆ। ਪਰ ਭੋਜਨ ਵਿੱਚ ਕੀੜੇ ਪੈ ਗਏ ਅਤੇ ਇਹ ਸੜਨ ਲੱਗਾ। ਮੂਸਾ ਉਨ੍ਹਾਂ ਲੋਕਾਂ ਨਾਲ ਗੁੱਸੇ ਸੀ ਜਿਨ੍ਹਾਂ ਨੇ ਅਜਿਹਾ ਕੀਤਾ ਸੀ।

21 ਹਰ ਸਵੇਰ ਲੋਕ ਭੋਜਨ ਇਕੱਠਾ ਕਰਦੇ ਸਨ। ਹਰੇਕ ਬੰਦਾ ਓਨਾ ਹੀ ਜਮ੍ਹਾਂ ਕਰਦਾ ਜਿੰਨਾ ਉਹ ਖਾ ਸੱਕਦਾ ਸੀ। ਪਰ ਦੁਪਿਹਰ ਵੇਲੇ ਭੋਜਨ ਪਿਘਲ ਜਾਂਦਾ ਅਤੇ ਚੱਲਿਆ ਜਾਂਦਾ।

22 ਸ਼ੁਕਰਵਾਰ ਨੂੰ ਲੋਕਾਂ ਨੇ ਦੁੱਗਣਾ ਭੋਜਨ ਇਕੱਠਾ ਕੀਤਾ। ਉਨ੍ਹਾਂ ਨੇ ਹਰ ਬੰਦੇ ਲਈ ਦੋ ਓਮਰ ਜਮ੍ਹਾ ਕੀਤੇ। ਇਸ ਲਈ ਲੋਕਾਂ ਦੇ ਆਗੂ ਮੂਸਾ ਕੋਲ ਆਏ ਅਤੇ ਇਸ ਬਾਰੇ ਦੱਸਿਆ।

23 ਮੂਸਾ ਨੇ ਉਨ੍ਹਾਂ ਨੂੰ ਆਖਿਆ, “ਇਹੀ ਸੀ ਜਿਸਦੇ ਵਾਪਰਨ ਬਾਰੇ ਯਹੋਵਾਹ ਨੇ ਆਖਿਆ ਸੀ। ਇਹ ਇਸ ਲਈ ਵਾਪਰਿਆ ਕਿਉਂਕਿ ਕੱਲ ਯਹੋਵਾਹ ਦੇ ਆਦਰ ਵਿੱਚ ਅਰਾਮ ਦਾ ਖਾਸ ਦਿਨ, ਸਬਤ ਹੈ। ਤੁਸੀਂ ਓਨਾ ਭੋਜਨ ਪਕਾ ਸੱਕਦੇ ਹੋ ਜਿੰਨਾ ਤੁਹਾਨੂੰ ਅੱਜ ਲੋੜੀਂਦਾ ਹੈ। ਪਰ ਬਾਕੀ ਦਾ ਭੋਜਨ ਕਲ ਸਵੇਰ ਲਈ ਬਚਾ ਲਵੋ।”

24 ਇਸ ਲਈ ਲੋਕਾਂ ਨੇ ਬਾਕੀ ਦਾ ਭੋਜਨ ਅਗਲੇ ਦਿਨ ਲਈ ਬਚਾ ਲਿਆ। ਅਤੇ ਕੋਈ ਵੀ ਭੋਜਨ ਖਰਾਬ ਨਹੀਂ ਹੋਇਆ। ਇਸਦੇ ਕਿਸੇ ਵੀ ਹਿੱਸੇ ਵਿੱਚ ਕੀੜੇ ਦਾਖਲ ਨਹੀਂ ਹੋਏ।

25 ਸ਼ਨਿਚਰਵਾਰ ਨੂੰ, ਮੂਸਾ ਨੇ ਲੋਕਾਂ ਨੂੰ ਆਖਿਆ, “ਅੱਜ ਸਬਤ ਹੈ, ਯਹੋਵਾਹ ਦੇ ਆਦਰ ਵਿੱਚ ਅਰਾਮ ਦਾ ਖਾਸ ਦਿਨ ਹੈ। ਕਲ ਦਾ ਇੱਕਤ੍ਰ ਕੀਤਾ ਹੋਇਆ ਭੋਜਨ ਖਾਵੋ। ਅੱਜ ਤੁਹਾਨੂੰ ਖੇਤਾਂ ਵਿੱਚੋਂ ਕੁਝ ਨਹੀਂ ਮਿਲੇਗਾ। 26 ਤੁਹਾਨੂੰ ਛੇ ਦਿਨ ਭੋਜਨ ਇਕੱਠਾ ਕਰਨਾ ਚਾਹੀਦਾ ਹੈ। ਪਰ ਹਫ਼ਤੇ ਦਾ ਸੱਤਵਾਂ ਦਿਨ ਅਰਾਮ ਕਰਨ ਦਾ ਦਿਨ ਹੈ-ਇਸ ਲਈ ਏਸ ਦਿਨ ਕੋਈ ਵੀ ਖਾਸ ਭੋਜਨ ਧਰਤੀ ਤੇ ਨਹੀਂ ਹੋਵੇਗਾ।”

27 ਸ਼ਨਿਚਰਵਾਰ ਨੂੰ ਕੁਝ ਲੋਕ ਭੋਜਨ ਇਕੱਠਾ ਕਰਨ ਲਈ ਬਾਹਰ ਗਏ ਪਰ ਉਨ੍ਹਾਂ ਨੂੰ ਕੋਈ ਭੋਜਨ ਨਹੀਂ ਮਿਲਿਆ। 28 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਕਿੰਨਾ ਕੁ ਚਿਰ ਤੁਸੀਂ ਲੋਕ ਮੇਰੇ ਹੁਕਮ ਤੇ ਬਿਵਸਥਾਵਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਰਹੋਂਗੇ? 29 ਦੇਖੋ, ਯਹੋਵਾਹ ਨੇ ਸਬਤ ਨੂੰ ਤੁਹਾਡੇ ਲਈ ਅਰਾਮ ਕਰਨ ਦਾ ਦਿਨ ਬਣਾਇਆ ਹੈ। ਇਸ ਲਈ, ਸ਼ੁਕਰਵਾਰ ਨੂੰ ਯਹੋਵਾਹ ਤੁਹਾਨੂੰ ਦੋ ਦਿਨਾਂ ਲਈ ਕਾਫ਼ੀ ਭੋਜਨ ਦੇਵੇਗਾ। ਫ਼ੇਰ ਸਬਤ ਦੇ ਦਿਨ, ਤੁਹਾਡੇ ਵਿੱਚੋਂ ਹਰੇਕ ਨੂੰ ਬਹਿ ਕੇ ਅਰਾਮ ਕਰਨਾ ਚਾਹੀਦਾ ਹੈ। ਓੱਥੇ ਹੀ ਠਹਿਰੋ ਜਿੱਥੇ ਤੁਸੀਂ ਹੋ।” 30 ਇਸ ਲਈ ਲੋਕ ਸਬਤ ਦੇ ਦਿਨ ਅਰਾਮ ਕਰਦੇ ਸਨ।

31 ਲੋਕਾਂ ਨੇ ਖਾਸ ਭੋਜਨ ਨੂੰ “ਮੰਨ” ਆਖਣਾ ਸ਼ੁਰੂ ਕਰ ਦਿੱਤਾ। ਮੰਨ ਧਣੀਏ ਦੇ ਛੋਟੇ ਸਫ਼ੇਦ ਬੀਜਾਂ ਵਰਗਾ ਸੀ ਅਤੇ ਉਸਦਾ ਸੁਆਦ ਸ਼ਹਿਦ ਨਾਲ ਬਣੇ ਕੇਕ ਵਰਗਾ ਸੀ। 32 ਮੂਸਾ ਨੇ ਆਖਿਆ, “ਯਹੋਵਾਹ ਨੇ ਆਖਿਆ ਸੀ; ‘ਇਸ ਭੋਜਨ ਦੇ ਅੱਠ ਕੱਪ ਆਪਣੇ ਉੱਤਰਾਧਿਕਾਰੀਆਂ ਲਈ ਬਚਾ ਲਵੋ। ਫ਼ੇਰ ਉਹ ਇਸ ਭੋਜਨ ਨੂੰ ਦੇਖ ਸੱਕਣਗੇ ਜਿਹੜਾ ਮੈਂ ਤੁਹਾਨੂੰ ਉਦੋਂ ਮਾਰੂਥਲ ਵਿੱਚ ਦਿੱਤਾ ਜਦੋਂ ਮੈਂ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ ਸੀ।’”

33 ਇਸ ਲਈ ਮੂਸਾ ਨੇ ਹਾਰੂਨ ਨੂੰ ਆਖਿਆ, “ਇੱਕ ਜੱਗ ਲਵੋ ਅਤੇ ਇਸ ਵਿੱਚ ਅੱਠ ਕੱਪ ਮੰਨ ਦੇ ਭਰੋ। ਇਸ ਮੰਨ ਨੂੰ ਯਹੋਵਾਹ ਦੇ ਅੱਗੇ ਰੱਖਣ ਲਈ ਬਚਾਵੋ। ਇਸ ਨੂੰ ਸਾਡੇ ਉੱਤਰਾਧਿਕਾਰੀਆਂ ਲਈ ਬਚਾਵੋ।” 34 (ਹਾਰੂਨ ਨੇ ਬਾਦ ਵਿੱਚ ਓਵੇਂ ਹੀ ਕੀਤਾ ਜਿਸ ਬਾਰੇ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਹਾਰੂਨ ਨੇ ਮੰਨ ਵਾਲਾ ਜੱਗ ਇਕਰਾਰਨਾਮੇ ਦੇ ਸਾਹਮਣੇ ਰੱਖਿਆ।) 35 ਇਸਰਾਏਲ ਦੇ ਲੋਕਾਂ ਨੇ 40 ਸਾਲਾਂ ਤੀਕ ਮੰਨ ਖਾਧਾ। ਜਦੋਂ ਤੱਕ ਉਹ ਰਹਿਣ ਯੋਗ ਧਰਤੀ ਤੇ ਨਹੀਂ ਪਹੁੰਚ ਗਏ, ਜੋ ਕਿ ਕਨਾਨ ਦੀ ਧਰਤੀ ਦੀ ਸੀਮਾ ਤੇ ਹੈ। 36 (ਜਿਸ ਪੈਮਾਨੇ ਦੀ ਵਰਤੋਂ ਉਨ੍ਹਾਂ ਨੇ ਮੰਨ ਲਈ ਕੀਤੀ ਉਹ ਇੱਕ ਓਮਰ ਸੀ। ਇੱਕ ਓਮਰ ਤਕਰੀਬਨ 8 ਕੱਪ ਦੇ ਬਰਾਬਰ ਸੀ।)

ਚੱਟਾਨ ਵਿੱਚੋਂ ਪਾਣੀ

17 ਇਸਰਾਏਲ ਦੇ ਸਾਰੇ ਲੋਕ ਸੀਨ ਮਾਰੂਥਲ ਤੋਂ ਇਕੱਠੇ ਸਫ਼ਰ ਤੇ ਚਲੇ। ਉਹ ਯਹੋਵਾਹ ਦੇ ਹੁਕਮ ਅਨੁਸਾਰ ਇੱਕ ਥਾਂ ਤੋਂ ਦੂਸਰੀ ਥਾਂ ਸਫ਼ਰ ਕਰਦੇ ਰਹੇ। ਲੋਕਾਂ ਨੇ ਰਫ਼ੀਦੀਮ ਤੱਕ ਸਫ਼ਰ ਕੀਤਾ ਅਤੇ ਓੱਥੇ ਡੇਰਾ ਲਾ ਲਿਆ। ਓੱਥੇ ਲੋਕਾਂ ਦੇ ਪੀਣ ਲਈ ਪਾਣੀ ਨਹੀਂ ਸੀ। ਇਸ ਲਈ ਲੋਕ ਮੂਸਾ ਦੇ ਵਿਰੁੱਧ ਹੋ ਗਏ ਅਤੇ ਉਸ ਨਾਲ ਝਗੜਨ ਲੱਗੇ। ਲੋਕਾਂ ਨੇ ਆਖਿਆ, “ਸਾਨੂੰ ਪੀਣ ਲਈ ਪਾਣੀ ਦਿਉ।”

ਮੂਸਾ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਮੇਰੇ ਵਿਰੁੱਧ ਕਿਉਂ ਹੋ ਗਏ ਹੋ? ਤੁਸੀਂ ਯਹੋਵਾਹ ਦੀ ਪਰੱਖ ਕਿਉਂ ਕਰ ਰਹੇ ਹੋ? ਕੀ ਤੁਸੀਂ ਇਹ ਸੋਚਦੇ ਹੋ ਕਿ ਯਹੋਵਾਹ ਸਾਡੇ ਨਾਲ ਨਹੀਂ ਹੈ?”

ਪਰ ਲੋਕ ਪਾਣੀ ਦੇ ਬਹੁਤ ਪਿਆਸੇ ਸਨ। ਇਸ ਲਈ ਉਨ੍ਹਾਂ ਨੇ ਮੂਸਾ ਨੂੰ ਸ਼ਿਕਾਇਤਾਂ ਕਰਨੀਆਂ ਜਾਰੀ ਰੱਖੀਆਂ। ਲੋਕਾਂ ਨੇ ਆਖਿਆ, “ਤੁਸੀਂ ਸਾਨੂੰ ਮਿਸਰ ਤੋਂ ਬਾਹਰ ਕਿਉਂ ਲਿਆਏ? ਕੀ ਤੁਸੀਂ ਸਾਨੂੰ ਇੱਥੇ ਇਸ ਲਈ ਲਿਆਏ ਸੀ ਕਿ ਅਸੀਂ ਅਤੇ ਸਾਡੇ ਬੱਚੇ ਅਤੇ ਸਾਡੇ ਪਸ਼ੂ ਸਾਰੇ ਹੀ ਪਾਣੀ ਤੋਂ ਬਿਨਾ ਮਰ ਜਾਣ?”

ਇਸ ਲਈ ਮੂਸਾ ਨੇ ਯਹੋਵਾਹ ਅੱਗੇ ਪੁਕਾਰ ਕੀਤੀ, “ਮੈਂ ਇਨ੍ਹਾਂ ਲੋਕਾਂ ਨਾਲ ਕੀ ਕਰ ਸੱਕਦਾ ਹਾਂ? ਇਹ ਮੈਨੂੰ ਪੱਥਰ ਮਾਰਨ ਲਈ ਤਿਆਰ ਹਨ।”

ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸਰਾਏਲ ਦੇ ਲੋਕਾਂ ਦੇ ਸਾਹਮਣੇ ਜਾ। ਆਪਣੇ ਨਾਲ ਲੋਕਾਂ ਦੇ ਕੁਝ ਬਜ਼ੁਰਗਾਂ ਨੂੰ ਲੈ ਜਾਵੀਂ। ਆਪਣੇ ਨਾਲ ਆਪਣੀ ਸੋਟੀ ਲੈ। ਇਹੀ ਸੋਟੀ ਹੈ ਜਿਹੜੀ ਤੂੰ ਨੀਲ ਨਦੀ ਉੱਤੇ ਮਾਰਨ ਲਈ ਵਰਤੀ ਸੀ। ਮੈਂ ਤੇਰੇ ਸਾਹਮਣੇ ਹੋਰੇਬ ਚੱਟਾਨ ਉੱਤੇ ਖੜ੍ਹਾ ਹੋਵਾਂਗਾ। ਆਪਣੀ ਸੋਟੀ ਉਸ ਚੱਟਾਨ ਉੱਪਰ ਮਾਰੀ। ਅਤੇ ਇਸ ਵਿੱਚੋਂ ਪਾਣੀ ਨਿਕਲ ਆਵੇਗਾ। ਫ਼ੇਰ ਲੋਕ ਪਾਣੀ ਪੀ ਸੱਕਣਗੇ।”

ਮੂਸਾ ਨੇ ਇਹੀ ਗੱਲਾਂ ਕੀਤੀਆਂ ਅਤੇ ਇਸਰਾਏਲ ਦੇ ਬਜ਼ੁਰਗਾਂ ਨੇ ਇਸ ਨੂੰ ਦੇਖਿਆ। ਮੂਸਾ ਨੇ ਉਸ ਥਾਂ ਦਾ ਨਾਮ ਮਰੀਬਾਹ ਅਤੇ ਮੱਸਾਹ ਰੱਖਿਆ, ਕਿਉਂਕਿ ਇਹੀ ਥਾਂ ਸੀ ਜਿੱਥੇ ਇਸਰਾਏਲ ਦੇ ਲੋਕ ਉਸ ਦੇ ਵਿਰੁੱਧ ਹੋ ਗਏ ਸਨ ਅਤੇ ਯਹੋਵਾਹ ਦੀ ਪਰੱਖ ਕੀਤੀ ਸੀ। ਲੋਕ ਜਾਨਣਾ ਚਾਹੁੰਦੇ ਸਨ ਕਿ ਯਹੋਵਾਹ ਉਨ੍ਹਾਂ ਦੇ ਨਾਲ ਸੀ ਜਾਂ ਨਹੀਂ।

ਅਮਾਲੇਕੀਆਂ ਨਾਲ ਯੁੱਧ

ਰਫ਼ੀਦੀਮ ਵਿਖੇ ਅਮਾਲੇਕੀ ਲੋਕ ਆਏ ਅਤੇ ਇਸਰਾਏਲ ਦੇ ਲੋਕਾਂ ਨਾਲ ਲੜੇ। ਇਸ ਲਈ ਮੂਸਾ ਨੇ ਯਹੋਸ਼ੁਆ ਨੂੰ ਆਖਿਆ, “ਕੁਝ ਆਦਮੀ ਚੁਣੋ ਅਤੇ ਜਾਕੇ ਕਲ ਨੂੰ ਅਮਾਲੇਕੀਆਂ ਨਾਲ ਯੁੱਧ ਕਰੋ। ਮੈਂ ਪਹਾੜੀ ਦੀ ਚੋਟੀ ਉੱਤੇ ਖੜ੍ਹਾ ਹੋਵਾਂਗਾ ਅਤੇ ਤੁਹਾਨੂੰ ਦੇਖਾਂਗਾ। ਮੈਂ ਉਹ ਸੋਟੀ ਫ਼ੜੀ ਹੋਵੇਗੀ ਜੋ ਮੈਨੂੰ ਪਰਮਾਤਮਾ ਨੇ ਦਿੱਤੀ ਸੀ।”

10 ਯਹੋਸ਼ੁਆ ਨੇ ਮੂਸਾ ਦੀ ਗੱਲ ਮੰਨ ਲਈ ਅਤੇ ਅਗਲੇ ਦਿਨ ਅਮਾਲੇਕੀ ਲੋਕਾਂ ਨਾਲ ਲੜਨ ਲਈ ਗਿਆ। ਉਸ ਵੇਲੇ, ਮੂਸਾ, ਹਾਰੂਨ ਅਤੇ ਹੂਰ ਪਹਾੜੀ ਦੀ ਚੋਟੀ ਉੱਤੇ ਗਏ। 11 ਜਦੋਂ ਵੀ ਕਦੇ ਮੂਸਾ ਨੇ ਆਪਣੇ ਹੱਥ ਹਵਾ ਵਿੱਚ ਕਰਦਾ, ਤਾਂ ਇਸਰਾਏਲ ਦੇ ਲੋਕ ਜੰਗ ਜਿੱਤ ਜਾਂਦੇ। ਪਰ ਜਦੋਂ ਮੂਸਾ ਆਪਣੇ ਹੱਥ ਹੇਠਾਂ ਕਰਦਾ ਇਸਰਾਏਲ ਦੇ ਲੋਕ ਲੜਾਈ ਹਾਰ ਜਾਂਦੇ।

12 ਕੁਝ ਸਮੇਂ ਬਾਦ, ਮੂਸਾ ਦੇ ਹੱਥ ਥੱਕ ਗਏ। ਮੂਸਾ ਦੇ ਨਾਲ ਦੇ ਬੰਦੇ ਕੋਈ ਤਰਕੀਬ ਲੱਭਣਾ ਚਾਹੁੰਦੇ ਸਨ ਤਾਂ ਜੋ ਮੂਸਾ ਦੇ ਹੱਥ ਹਵਾ ਵਿੱਚ ਰਹਿਣ। ਇਸ ਲਈ ਉਨ੍ਹਾਂ ਨੇ ਮੂਸਾ ਦੇ ਬੈਠਣ ਲਈ ਇੱਕ ਵੱਡੀ ਚੱਟਾਨ ਉਸ ਦੇ ਹੇਠਾਂ ਰੱਖ ਦਿੱਤੀ। ਫ਼ੇਰ ਹਾਰੂਨ ਅਤੇ ਹੂਰ ਨੇ ਮੂਸਾ ਦੇ ਹੱਥ ਹਵਾ ਵਿੱਚ ਰੱਖੇ। ਹਾਰੂਨ ਮੂਸਾ ਦੇ ਇੱਕ ਪਾਸੇ ਸੀ ਅਤੇ ਹੂਰ ਦੂਸਰੇ ਪਾਸੇ ਸੀ। ਉਨ੍ਹਾਂ ਨੇ ਉਸ ਦੇ ਹੱਥ ਇਸੇ ਤਰ੍ਹਾਂ ਉੱਪਰ ਚੁੱਕੀ ਰੱਖੇ ਜਦੋਂ ਤੱਕ ਕਿ ਸੂਰਜ ਛੁਪ ਨਹੀਂ ਗਿਆ। 13 ਇਸ ਲਈ ਯਹੋਸ਼ੁਆ ਅਤੇ ਉਸ ਦੇ ਬੰਦਿਆਂ ਨੇ ਇਸ ਲੜਾਈ ਵਿੱਚ ਅਮਾਲੇਕੀਆਂ ਨੂੰ ਹਰਾਇਆ।

14 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸ ਲੜਾਈ ਬਾਰੇ ਲੋਕਾਂ ਦੇ ਯਾਦ ਰੱਖਣ ਲਈ ਇੱਕ ਪੁਸਤਕ ਵਿੱਚ ਲਿਖ ਕਿ ਇੱਥੇ ਕੀ ਵਾਪਰਿਆ ਸੀ ਅਤੇ ਯਹੋਸ਼ੁਆ ਨੂੰ ਕਹਿ ਕਿ ਮੈਂ ਅਮਾਲੇਕੀਆਂ ਨੂੰ ਇਸ ਦੁਨੀਆਂ ਤੋਂ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ।”

15 ਫ਼ੇਰ ਮੂਸਾ ਨੇ ਇੱਕ ਜਗਵੇਦੀ ਬਣਾਈ। ਮੂਸਾ ਨੇ ਜਗਵੇਦੀ ਦਾ ਨਾਮ ਰੱਖਿਆ, “ਯਹੋਵਾਹ ਮੇਰਾ ਝੰਡਾ ਹੈ।” 16 ਮੂਸਾ ਨੇ ਆਖਿਆ, “ਮੈਂ ਆਪਣੇ ਹੱਥ ਯਹੋਵਾਹ ਦੇ ਤਖਤ ਵੱਲ ਉੱਠਾਏ। ਇਸ ਲਈ ਯਹੋਵਾਹ ਅਮਾਲੇਕੀਆਂ ਦੇ ਵਿਰੁੱਧ ਲੜਿਆ, ਜਿਵੇਂ ਕਿ ਉਸ ਨੇ ਹਮੇਸ਼ਾ ਕੀਤਾ ਹੈ।”

ਮੂਸਾ ਦੇ ਸੌਹਰੇ ਵੱਲੋਂ ਸਲਾਹ

18 ਮੂਸਾ ਦਾ ਸੌਹਰਾ, ਯਿਥਰੋ, ਮਿਦਯਾਨ ਦਾ ਜਾਜਕ ਸੀ। ਉਸ ਨੇ ਉਸ ਸਭ ਕਾਸੇ ਬਾਰੇ ਸੁਣਿਆ ਜੋ ਯਹੋਵਾਹ ਨੇ ਮੂਸਾ ਅਤੇ ਇਸਰਾਏਲ ਦੇ ਲੋਕਾਂ ਲਈ ਕੀਤਾ ਸੀ ਅਤੇ ਕਿਵੇਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਦੀ ਮਿਸਰ ਤੋਂ ਬਾਹਰ ਵੱਲ ਅਗਵਾਈ ਕੀਤੀ। ਇਸ ਲਈ ਯਿਥਰੋ ਮੂਸਾ ਕੋਲ ਗਿਆ ਜਦੋਂ ਕਿ ਮੂਸਾ ਨੇ ਪਰਮੇਸ਼ੁਰ ਦੇ ਪਰਬਤ ਨੇੜੇ ਡੇਰਾ ਲਾਇਆ ਹੋਇਆ ਸੀ। ਯਿਥਰੋ ਮੂਸਾ ਦੀ ਪਤਨੀ ਸਿੱਪੋਰਾਹ ਨੂੰ ਆਪਣੇ ਨਾਲ ਲਿਆਇਆ। (ਸਿੱਪੋਰਾਹ ਮੂਸਾ ਦੇ ਨਾਲ ਨਹੀਂ ਸੀ ਕਿਉਂਕਿ ਮੂਸਾ ਨੇ ਉਸ ਨੂੰ ਉਸ ਦੇ ਘਰ ਭੇਜ ਦਿੱਤਾ ਸੀ।) ਯਿਥਰੋ ਆਪਣੇ ਨਾਲ ਮੂਸਾ ਦੇ ਦੋ ਪੁੱਤਰਾਂ ਨੂੰ ਵੀ ਲਿਆਇਆ। ਪਹਿਲੇ ਪੁੱਤਰ ਦਾ ਨਾਮ ਗੇਰਸ਼ੋਨ ਸੀ, ਕਿਉਂਕਿ ਜਦੋਂ ਉਹ ਜੰਮਿਆ ਸੀ, ਮੂਸਾ ਨੇ ਆਖਿਆ ਸੀ, “ਮੈਂ ਪ੍ਰਦੇਸ਼ ਵਿੱਚ ਇੱਕ ਅਜਨਬੀ ਹਾਂ।” ਦੂਸਰੇ ਪੁੱਤਰ ਦਾ ਨਾਮ ਅਲੀਅਜ਼ਰ ਸੀ, ਕਿਉਂਕਿ ਜਦੋਂ ਉਹ ਜੰਮਿਆ ਸੀ ਤਾਂ ਮੂਸਾ ਨੇ ਆਖਿਆ ਸੀ, “ਮੇਰੇ ਪਿਤਾ ਦੇ ਪਰਮੇਸ਼ੁਰ ਨੇ ਮੇਰੀ ਸਹਾਇਤਾ ਕੀਤੀ ਅਤੇ ਮੈਨੂੰ ਮਿਸਰ ਦੇ ਰਾਜੇ ਤੋਂ ਬਚਾਇਆ।” ਇਸ ਲਈ ਯਿਥਰੋ ਮੂਸਾ ਕੋਲ ਗਿਆ ਜਦੋਂ ਮੂਸਾ ਨੇ ਪਰਮੇਸ਼ੁਰ ਦੇ ਪਰਬਤ (ਸੀਨਈ ਪਰਬਤ) ਨੇੜੇ ਮਾਰੂਥਲ ਵਿੱਚ ਡੇਰਾ ਲਾਇਆ ਹੋਇਆ ਸੀ। ਮੂਸਾ ਦੀ ਪਤਨੀ ਅਤੇ ਉਸ ਦੇ ਦੋਵੇਂ ਪੁੱਤਰ ਯਿਥਰੋ ਦੇ ਨਾਲ ਸਨ।

ਯਿਥਰੋ ਨੇ ਮੂਸਾ ਨੂੰ ਸੁਨੇਹਾ ਭੇਜਿਆ। ਯਿਥਰੋ ਨੇ ਆਖਿਆ, “ਇਹ ਮੈਂ, ਤੇਰਾ ਸੌਹਰਾ ਯਿਥਰੋ ਹਾਂ। ਮੈਂ ਤੇਰੀ ਪਤਨੀ ਤੇ ਦੋਹਾਂ ਪੁੱਤਰਾਂ ਨੂੰ ਤੇਰੇ ਕੋਲ ਲਿਆ ਰਿਹਾ ਹਾਂ।”

ਇਸ ਲਈ ਮੂਸਾ ਆਪਣੇ ਸੌਹਰੇ ਨੂੰ ਮਿਲਣ ਲਈ ਬਾਹਰ ਆਇਆ। ਮੂਸਾ ਨੇ ਉਸ ਨੂੰ ਮੱਥਾ ਟੇਕਿਆ ਅਤੇ ਉਸ ਨੂੰ ਚੁੰਮਿਆ। ਦੋਹਾਂ ਨੇ ਇੱਕ ਦੂਸਰੇ ਦੀ ਖਬਰ ਸਾਰ ਪੁੱਛੀ। ਫ਼ੇਰ ਉਹ ਹੋਰ ਗੱਲਾਂ ਕਰਨ ਲਈ ਮੂਸਾ ਦੇ ਤੰਬੂ ਵਿੱਚ ਚੱਲੇ ਗਏ। ਮੂਸਾ ਨੇ ਯਿਥਰੋ ਨੂੰ ਹਰ ਉਹ ਗੱਲ ਦੱਸੀ ਜਿਹੜੀ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਲਈ ਕੀਤੀ ਸੀ। ਮੂਸਾ ਨੇ ਉਹ ਗੱਲਾਂ ਦੱਸੀਆਂ ਜਿਹੜੀਆਂ ਯਹੋਵਾਹ ਨੇ ਫ਼ਿਰਊਨ ਤੇ ਮਿਸਰ ਦੇ ਲੋਕਾਂ ਨਾਲ ਕੀਤੀਆਂ ਸਨ। ਮੂਸਾ ਨੇ ਉਨ੍ਹਾਂ ਸਾਰੀਆਂ ਸਮੱਸਿਆਵਾਂ ਬਾਰੇ ਦੱਸਿਆ ਜਿਹੜੀਆਂ ਉਨ੍ਹਾਂ ਨੂੰ ਰਸਤੇ ਵਿੱਚ ਪੇਸ਼ ਆਈਆਂ। ਅਤੇ ਮੂਸਾ ਨੇ ਆਪਣੇ ਸੌਹਰੇ ਨੂੰ ਦੱਸਿਆ ਕਿ ਕਿਵੇਂ ਯਹੋਵਾਹ ਨੇ ਹਰ ਸਮੇਂ ਇਸਰਾਏਲ ਦੇ ਲੋਕਾਂ ਨੂੰ ਮੁਸੀਬਤ ਤੋਂ ਬਚਾਇਆ।

ਜਦੋਂ ਯਿਥਰੋ ਨੇ ਉਨ੍ਹਾਂ ਸਾਰੀਆਂ ਚੰਗੀਆਂ ਗੱਲਾਂ ਬਾਰੇ ਸੁਣਿਆ ਜੋ ਯਹੋਵਾਹ ਨੇ ਇਸਰਾਏਲ ਲਈ ਕੀਤੀਆਂ ਤਾਂ ਉਹ ਪ੍ਰਸੰਨ ਹੋਇਆ। ਉਹ ਖੁਸ਼ ਸੀ ਕਿ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਰੀਆਂ ਤੋਂ ਅਜ਼ਾਦ ਕਰਾਇਆ ਸੀ। 10 ਯਿਥਰੋ ਨੇ ਆਖਿਆ,

“ਯਹੋਵਾਹ ਦੀ ਉਸਤਤਿ ਕਰੋ।
    ਉਸ ਨੇ ਤੁਹਾਨੂੰ ਮਿਸਰ ਦੀ ਤਾਕਤ ਤੋਂ ਅਜ਼ਾਦ ਕੀਤਾ।
    ਯਹੋਵਾਹ ਨੇ ਤੁਹਾਨੂੰ ਫ਼ਿਰਊਨ ਤੋਂ ਬਚਾਇਆ।
11 ਹੁਣ ਮੈਂ ਜਾਣਦਾ ਹਾਂ ਕਿ ਯਹੋਵਾਹ ਸਾਰੇ ਦੇਵਤਿਆਂ ਤੋਂ ਮਹਾਨ ਹੈ।
ਉਹ ਸੋਚਦੇ ਸਨ ਕਿ ਉਨ੍ਹਾਂ ਦਾ ਅਧਿਕਾਰ ਸੀ ਪਰ ਦੇਖੋ ਪਰਮੇਸ਼ੁਰ ਨੇ ਕੀ ਕੀਤਾ।”

12 ਯਿਥਰੋ ਪਰਮੇਸ਼ੁਰ ਦੇ ਆਦਰ ਲਈ ਕੁਝ ਬਲੀਆਂ ਤੇ ਭੇਟਾ ਲੈ ਕੇ ਆਇਆ। ਫ਼ੇਰ ਹਾਰੂਨ ਅਤੇ ਇਸਰਾਏਲ ਦੇ ਸਾਰੇ ਬਜ਼ੁਰਗ ਯਹੋਵਾਹ ਦੇ ਸਾਹਮਣੇ ਮੂਸਾ ਦੇ ਸੌਹਰੇ ਯਿਥਰੋ ਕੋਲ ਰੋਟੀ ਖਾਣ ਲਈ ਇਕੱਠੇ ਹੋ ਕੇ ਆਏ।

13 ਅਗਲੇ ਦਿਨ, ਮੂਸਾ ਕੋਲ ਲੋਕਾਂ ਦਾ ਨਿਆਂ ਕਰਨ ਦਾ ਖਾਸ ਕੰਮ ਸੀ। ਓੱਥੇ ਬਹੁਤ ਸਾਰੇ ਲੋਕ ਸਨ, ਇਸ ਲਈ ਲੋਕਾਂ ਨੂੰ ਸਾਰਾ ਦਿਨ ਮੂਸਾ ਦੇ ਸਾਹਮਣੇ ਖੜ੍ਹਾ ਹੋਣਾ ਪਿਆ।

14 ਯਿਥਰੋ ਨੇ ਮੂਸਾ ਨੂੰ ਲੋਕਾਂ ਦਾ ਨਿਆਂ ਕਰਦਿਆਂ ਦੇਖਿਆ। ਉਸ ਨੇ ਪੁੱਛਿਆ, “ਤੂੰ ਇਹ ਕਿਉਂ ਕਰ ਰਿਹਾ ਹੈਂ? ਤੂੰ ਇੱਕਲਾ ਹੀ ਨਿਆਂਕਾਰ ਕਿਉਂ ਹੈਂ? ਅਤੇ ਸਾਰਾ ਦਿਨ ਲੋਕ ਤੇਰੇ ਕੋਲ ਕਿਉਂ ਆਉਂਦੇ ਹਨ?”

15 ਤਾਂ ਮੂਸਾ ਨੇ ਆਪਣੇ ਸੌਹਰੇ ਨੂੰ ਆਖਿਆ, “ਲੋਕ ਮੇਰੇ ਕੋਲ ਆਉਂਦੇ ਹਨ ਅਤੇ ਮੈਨੂੰ ਆਖਦੇ ਹਨ ਕਿ ਮੈਂ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਪਰਮੇਸ਼ੁਰ ਦਾ ਨਿਆਂ ਪੁੱਛਾਂ। 16 ਜੇ ਲੋਕਾਂ ਦਾ ਕੋਈ ਝਗੜਾ ਹੁੰਦਾ ਹੈ, ਉਹ ਮੇਰੇ ਕੋਲ ਆਉਂਦੇ ਹਨ। ਮੈਂ ਨਿਆਂ ਕਰਦਾ ਹਾਂ ਕਿ ਕਿਹੜਾ ਬੰਦਾ ਸਹੀ ਹੈ। ਇਸ ਤਰ੍ਹਾਂ ਮੈਂ ਲੋਕਾਂ ਨੂੰ ਪਰਮੇਸ਼ੁਰ ਦੀਆਂ ਬਿਧੀਆਂ ਅਤੇ ਬਿਵਸਥਾ ਦੀ ਸਿੱਖਿਆ ਦਿੰਦਾ ਹਾਂ।”

17 ਪਰ ਮੂਸਾ ਦੇ ਸੌਹਰੇ ਨੇ ਉਸ ਨੂੰ ਆਖਿਆ, “ਅਜਿਹਾ ਕਰਨ ਦਾ ਇਹ ਸਹੀ ਤਰੀਕਾ ਨਹੀਂ ਹੈ। 18 ਇਹ ਤੇਰੇ ਇੱਕਲੇ ਲਈ ਬਹੁਤ ਔਖਾ ਕੰਮ ਹੈ। ਤੂੰ ਇਹ ਕੰਮ ਇੱਕਲਿਆਂ ਖੁਦ ਨਹੀਂ ਕਰ ਸੱਕਦਾ। ਇਹ ਤੈਨੂੰ ਥਕਾ ਦਿੰਦਾ ਹੈ। ਅਤੇ ਇਹ ਲੋਕਾਂ ਨੂੰ ਵੀ ਥਕਾਉਂਦਾ ਹੈ। 19 ਹੁਣ, ਮੇਰੀ ਗੱਲ ਸੁਣ। ਮੈਂ ਤੈਨੂੰ ਇੱਕ ਸਲਾਹ ਦਿੰਦਾ ਹਾਂ। ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਤੇਰੇ ਅੰਗ-ਸੰਗ ਹੋਵੇ। ਤੈਨੂੰ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਜਾਰੀ ਰੱਖਣੀਆਂ ਚਾਹੀਦੀਆਂ ਹਨ। ਅਤੇ ਤੈਨੂੰ ਇਨ੍ਹਾਂ ਗੱਲਾਂ ਬਾਰੇ ਪਰਮੇਸ਼ੁਰ ਨਾਲ ਗੱਲ ਕਰਨੀ ਜਾਰੀ ਰੱਖਣੀ ਚਾਹੀਦੀ ਹੈ। 20 ਤੈਨੂੰ ਲੋਕਾਂ ਨੂੰ ਪਰਮੇਸ਼ੁਰ ਦੀਆਂ ਬਿਧੀਆਂ ਅਤੇ ਬਿਵਸਥਾ ਦੀ ਸਿੱਖਿਆ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਚਿਤਾਵਨੀ ਦੇ ਕਿ ਉਹ ਬਿਧੀ ਨਾ ਤੋੜਨ। ਉਨ੍ਹਾਂ ਨੂੰ ਜਿਉਣ ਦਾ ਸਹੀ ਢੰਗ ਦੱਸ। ਉਨ੍ਹਾਂ ਨੂੰ ਦੱਸ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। 21 ਪਰ ਤੈਨੂੰ ਕੁਝ ਚੰਗੇ ਲੋਕਾਂ ਨੂੰ ਨਿਆਂਕਾਰ ਤੇ ਆਗੂ ਵੀ ਚੁਣਨਾ ਚਾਹੀਦਾ ਹੈ।

“ਉਨ੍ਹਾਂ ਨੇਕ ਆਦਮੀਆਂ ਨੂੰ ਚੁਣ ਜਿਨ੍ਹਾਂ ਉੱਤੇ ਤੂੰ ਭਰੋਸਾ ਕਰ ਸੱਕਦਾ ਹੈਂ-ਉਹ ਆਦਮੀ ਜਿਹੜੇ ਪਰਮੇਸ਼ੁਰ ਦੀ ਇੱਜ਼ਤ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਚੁਣ ਜਿਹੜੇ ਪੈਸੇ ਖਾਤਰ ਆਪਣੇ ਫ਼ੈਸਲੇ ਨਾ ਬਦਲਣ। ਅਤੇ ਇਨ੍ਹਾਂ ਆਦਮੀਆਂ ਨੂੰ ਲੋਕਾਂ ਦੇ ਹਾਕਮ ਬਣਾ। ਇੱਕ ਹਜ਼ਾਰ ਆਦਮੀਆਂ, ਸੌ ਆਦਮੀਆਂ, ਪੰਜਾਹ ਆਦਮੀਆਂ ਅਤੇ ਦਸ ਆਦਮੀਆਂ ਉੱਪਰ ਵੀ ਹਾਕਮ ਹੋਣੇ ਚਾਹੀਦੇ ਹਨ। 22 ਇਨ੍ਹਾਂ ਹਾਕਮਾਂ ਨੂੰ ਲੋਕਾਂ ਦੇ ਨਿਆਂ ਕਰਨ ਦੇ। ਜੇ ਕੋਈ ਬਹੁਤ ਮਹੱਤਵਪੂਰਣ ਮਾਮਲਾ ਹੋਵੇ ਤਾਂ ਉਹ ਤੇਰੇ ਕੋਲ ਆ ਸੱਕਦੇ ਹਨ ਅਤੇ ਤੈਨੂੰ ਨਿਆਂ ਕਰਨ ਦੇਣ। ਪਰ ਦੂਸਰੇ ਮਾਮਲੇ ਉਹ ਖੁਦ ਨਿਪਟਾ ਸੱਕਦੇ ਹਨ। ਇਸ ਤਰ੍ਹਾਂ ਇਹ ਆਦਮੀ ਤੇਰੇ ਨਾਲ ਕੰਮ ਸਾਂਝਾ ਕਰ ਸੱਕਦੇ ਹਨ ਅਤੇ ਤੇਰੇ ਲਈ ਲੋਕਾਂ ਦੀ ਅਗਵਾਈ ਕਰਨੀ ਸੌਖੀ ਹੋਵੇਗੀ। 23 ਜੇ ਤੂੰ ਇਹ ਗੱਲਾਂ ਕਰੇਗਾ, ਤੂੰ ਆਪਣਾ ਕੰਮ ਕਰਨ ਦੇ ਲਾਇੱਕ ਹੋਵੇਂਗਾ ਜਿਵੇਂ ਯਹੋਵਾਹ ਨੇ ਤੈਨੂੰ ਕਰਨ ਦਾ ਹੁਕਮ ਦਿੱਤਾ ਸੀ। ਉਸੇ ਵੇਲੇ, ਇਹ ਲੋਕ ਆਪਣੀਆਂ ਸੁਲਝੀਆਂ ਹੋਈਆਂ ਸਮੱਸਿਆਵਾਂ ਨਾਲ ਘਰ ਜਾ ਸੱਕਦੇ ਹਨ।”

24 ਇਸ ਲਈ ਮੂਸਾ ਨੇ ਉਹੀ ਕੀਤਾ ਜੋ ਯਿਥਰੋ ਨੇ ਉਸ ਨੂੰ ਆਖਿਆ ਸੀ। 25 ਮੂਸਾ ਨੇ ਇਸਰਾਏਲ ਦੇ ਲੋਕਾਂ ਵਿੱਚੋਂ ਨੇਕ ਆਦਮੀ ਚੁਣੇ। ਮੂਸਾ ਨੇ ਇਨ੍ਹਾਂ ਲੋਕਾਂ ਨੂੰ ਆਗੂ ਬਣਾਇਆ। 1,000 ਆਦਮੀਆਂ, 100 ਆਦਮੀਆਂ, 50 ਆਦਮੀਆਂ ਅਤੇ 10 ਆਦਮੀਆਂ ਉੱਪਰ ਹਾਕਮ ਸਨ। 26 ਇਹ ਹਾਕਮ ਲੋਕਾਂ ਲਈ ਨਿਆਂਕਾਰ ਸਨ। ਲੋਕ ਹਮੇਸ਼ਾ ਆਪਣੇ ਝਗੜ੍ਹੇ ਇਨ੍ਹਾਂ ਹਾਕਮਾ ਸਾਹਮਣੇ ਲਿਆ ਸੱਕਦੇ ਸਨ। ਅਤੇ ਮੂਸਾ ਨੇ ਸਿਰਫ਼ ਬਹੁਤ ਜ਼ਰੂਰ ਮਾਮਲਿਆਂ ਦਾ ਨਿਆਂ ਕਰਨਾ ਸੀ।

27 ਕੁਝ ਸਮੇਂ ਬਾਦ ਮੂਸਾ ਨੇ ਆਪਣੇ ਸੌਹਰੇ, ਯਿਥਰੋ ਨੂੰ ਅਲਵਿਦਾ ਆਖੀ। ਅਤੇ ਯਿਥਰੋ ਆਪਣੇ ਘਰ ਵਾਪਸ ਚੱਲਾ ਗਿਆ।

Punjabi Bible: Easy-to-Read Version (ERV-PA)

2010 by World Bible Translation Center