Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਕੂਚ 4-6

ਮੂਸਾ ਲਈ ਸਬੂਤ

ਤਾਂ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਪਰ ਜਦੋਂ ਮੈਂ ਇਸਰਾਏਲ ਦੇ ਲੋਕਾਂ ਨੂੰ ਦੱਸਾਂਗਾ ਕਿ ਤੂੰ ਮੈਨੂੰ ਭੇਜਿਆ ਹੈ ਤਾਂ ਉਹ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਨਗੇ। ਉਹ ਆਖਣਗੇ, ‘ਯਹੋਵਾਹ ਤੇਰੇ ਅੱਗੇ ਪ੍ਰਗਟ ਨਹੀਂ ਹੋਇਆ।’”

ਪਰ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਇਹ ਕੀ ਚੀਜ਼ ਹੈ ਜੋ ਤੇਰੇ ਹੱਥ ਵਿੱਚ ਹੈ?”

ਮੂਸਾ ਨੇ ਜਵਾਬ ਦਿੱਤਾ, “ਇਹ ਮੇਰੀ ਤੁਰਨ ਵਾਲੀ ਸੋਟੀ ਹੈ।”

ਤਾਂ ਪਰਮੇਸ਼ੁਰ ਨੇ ਆਖਿਆ, “ਆਪਣੀ ਸੋਟੀ ਧਰਤੀ ਤੇ ਸੁੱਟ।”

ਇਸ ਲਈ ਮੂਸਾ ਨੇ ਆਪਣੀ ਸੋਟੀ ਧਰਤੀ ਤੇ ਸੁੱਟ ਦਿੱਤੀ। ਅਤੇ ਸੋਟੀ ਸੱਪ ਬਣ ਗਈ। ਮੂਸਾ ਡਰ ਗਿਆ ਅਤੇ ਇਸਤੋਂ ਦੂਰ ਭਜਿਆ। ਪਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਅੱਗੇ ਵੱਧਕੇ ਸੱਪ ਨੂੰ ਇਸਦੀ ਪੂੰਛ ਤੋਂ ਫ਼ੜ ਲੈ।”

ਤਾਂ ਮੂਸਾ ਅੱਗੇ ਵੱਧਿਆ ਤੇ ਸੱਪ ਦੀ ਪੂੰਛ ਫ਼ੜ ਲਈ। ਜਦੋਂ ਮੂਸਾ ਨੇ ਅਜਿਹਾ ਕੀਤਾ, ਤਾਂ ਸੱਪ ਇੱਕ ਵਾਰੀ ਫ਼ੇਰ ਸੋਟੀ ਬਣ ਗਿਆ। ਤਾਂ ਪਰਮੇਸ਼ੁਰ ਨੇ ਆਖਿਆ, “ਆਪਣੀ ਸੋਟੀ ਨੂੰ ਇਸੇ ਤਰ੍ਹਾਂ ਵਰਤੀਂ ਅਤੇ ਲੋਕ ਵਿਸ਼ਵਾਸ ਕਰ ਲੈਣਗੇ ਕਿ ਤੂੰ ਯਹੋਵਾਹ, ਆਪਣੇ ਪੁਰਖਿਆਂ ਦੇ ਪਰਮੇਸ਼ੁਰ, ਅਬਰਾਹਾਮ ਦੇ ਪਰਮੇਸ਼ੁਰ, ਇਸਹਾਕ ਦੇ ਪਰਮੇਸ਼ੁਰ ਅਤੇ ਯਾਕੂਬ ਦੇ ਪਰਮੇਸ਼ੁਰ ਨੂੰ ਦੇਖਿਆ ਹੈ।”

ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਤੈਨੂੰ ਇੱਕ ਹੋਰ ਸਬੂਤ ਦੇਵਾਂਗਾ। ਆਪਣਾ ਹੱਥ ਆਪਣੇ ਚੋਲੇ ਅੰਦਰ ਪਾ।”

ਤਾਂ ਮੂਸਾ ਨੇ ਆਪਣਾ ਹੱਥ ਆਪਣੇ ਚੋਲੇ ਅੰਦਰ ਪਾਇਆ। ਫ਼ੇਰ ਜਦੋਂ ਉਸ ਨੇ ਚੋਲੇ ਵਿੱਚੋਂ ਆਪਣਾ ਹੱਥ ਬਾਹਰ ਕੱਢਿਆ, ਇਸ ਨੂੰ ਬਿਮਾਰੀ ਲੱਗ ਗਈ ਸੀ ਅਤੇ ਇਹ ਬਰਫ਼ ਵਾਂਗ ਸਫ਼ੇਦ ਹੋ ਗਿਆ ਸੀ।

ਤਾਂ ਪਰਮੇਸ਼ੁਰ ਨੇ ਆਖਿਆ, “ਹੁਣ ਆਪਣਾ ਹੱਥ ਇੱਕ ਵਾਰੀ ਫ਼ੇਰ ਆਪਣੇ ਚੋਲੇ ਅੰਦਰ ਕਰ।” ਤਾਂ ਮੂਸਾ ਨੇ ਇੱਕ ਵਾਰੀ ਫ਼ੇਰ ਆਪਣਾ ਹੱਥ ਚੋਲੇ ਅੰਦਰ ਕਰ ਲਿਆ। ਫ਼ੇਰ ਮੂਸਾ ਨੇ ਆਪਣਾ ਹੱਥ ਬਾਹਰ ਕੱਢਿਆ, ਅਤੇ ਉਸਦਾ ਹੱਥ ਬਦਲ ਗਿਆ ਸੀ। ਹੁਣ ਉਸਦਾ ਹੱਥ ਪਹਿਲਾਂ ਵਾਂਗ ਹੀ ਇੱਕ ਵਾਰੀ ਫ਼ੇਰ ਠੀਕ ਹੋ ਗਿਆ ਸੀ।

ਤਾਂ ਪਰਮੇਸ਼ੁਰ ਨੇ ਆਖਿਆ, “ਜਦ ਤੂੰ ਆਪਣੀ ਸੋਟੀ ਦੀ ਵਰਤੋਂ ਕਰੇਂ ਪਰ ਲੋਕ ਤੇਰਾ ਵਿਸ਼ਵਾਸ ਨਾ ਕਰਨ ਤਾਂ ਤੂੰ ਇਹ ਨਿਸ਼ਾਨ ਉਨ੍ਹਾਂ ਨੂੰ ਦਿਖਾਵੀਂ, ਉਹ ਤੇਰੇ ਉੱਤੇ ਜ਼ਰੂਰ ਵਿਸ਼ਵਾਸ ਕਰ ਲੈਣਗੇ। ਜੇ ਉਹ ਹਾਲੇ ਵੀ ਵਿਸ਼ਵਾਸ ਨਹੀਂ ਕਰਦੇ ਜਦ ਕਿ ਤੂੰ ਉਨ੍ਹਾਂ ਨੂੰ ਇਹ ਦੋਵੇਂ ਚੀਜ਼ਾਂ ਦਿਖਾ ਦਿੱਤੀਆਂ ਹੋਣ, ਤਾਂ ਨੀਲ ਨਦੀ ਵਿੱਚੋਂ ਕੁਝ ਪਾਣੀ ਲਵੀਂ। ਪਾਣੀ ਨੂੰ ਧਰਤੀ ਤੇ ਡੋਲ੍ਹ ਦੇਵੀਂ, ਅਤੇ ਜਿਵੇਂ ਹੀ ਇਹ ਧਰਤੀ ਨੂੰ ਛੂਹੇਗਾ ਇਹ ਖੂਨ ਬਣ ਜਾਵੇਗਾ।”

10 ਪਰ ਮੂਸਾ ਨੇ ਯਹੋਵਾਹ ਨੂੰ ਆਖਿਆ, “ਯਹੋਵਾਹ, ਮੈਂ ਤੈਨੂੰ ਸੱਚ ਦੱਸ ਰਿਹਾ ਹਾਂ, ਮੈਂ ਕੋਈ ਚੰਗਾ ਬੁਲਾਰਾ ਨਹੀਂ ਹਾਂ। ਮੈਂ ਕਦੇ ਵੀ ਠੀਕ ਤਰ੍ਹਾਂ ਬੋਲਣ ਦੇ ਕਾਬਿਲ ਨਹੀਂ ਰਿਹਾ ਹਾਂ। ਹੁਣ, ਤੇਰੇ ਨਾਲ ਗੱਲਾਂ ਕਰਨ ਤੋਂ ਮਗਰੋਂ ਵੀ, ਮੈਂ ਚੰਗਾ ਬੁਲਾਰਾ ਨਹੀਂ ਹਾਂ ਤੂੰ ਜਾਣਦਾ ਹੈਂ ਕਿ ਮੈਂ ਹੌਲੀ ਅਤੇ ਬੇਢਂਗਾ ਬੋਲਦਾ ਹਾਂ।”

11 ਤਾਂ ਯਹੋਵਾਹ ਨੇ ਉਸ ਨੂੰ ਆਖਿਆ, “ਆਦਮੀ ਦਾ ਮੂੰਹ ਕਿਸਨੇ ਬਣਾਇਆ ਹੈ? ਅਤੇ ਕੌਣ ਕਿਸੇ ਆਦਮੀ ਨੂੰ ਬੋਲਾ ਜਾਂ ਗੂਂਗਾ ਬਣਾ ਸੱਕਦਾ ਹੈ? ਕੌਣ ਕਿਸੇ ਆਦਮੀ ਨੂੰ ਅੰਨ੍ਹਾ ਬਣਾ ਸੱਕਦਾ ਹੈ? ਕੌਣ ਕਿਸੇ ਆਦਮੀ ਨੂੰ ਦੇਖਣ ਦੇ ਯੋਗ ਬਣਾ ਸੱਕਦਾ ਹੈ? ਮੈਂ ਹੀ ਹਾਂ ਉਹ ਜਿਹੜਾ ਇਹ ਸਾਰੀਆਂ ਗੱਲਾਂ ਕਰ ਸੱਕਦਾ ਹੈ-ਮੈਂ ਯਾਹਵੇਹ ਹਾਂ। 12 ਇਸ ਲਈ ਜਾਹ। ਜਦੋਂ ਤੂੰ ਬੋਲੇਂਗਾ, ਮੈਂ ਤੇਰੇ ਅੰਗ-ਸੰਗ ਹੋਵਾਂਗਾ। ਮੈਂ ਤੈਨੂੰ ਆਖਣ ਲਈ ਸ਼ਬਦ ਦੇਵਾਂਗਾ।”

13 ਪਰ ਮੂਸਾ ਨੇ ਆਖਿਆ, “ਮੇਰੇ ਯਹੋਵਾਹ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਨਹੀਂ, ਕਿਸੇ ਹੋਰ ਬੰਦੇ ਨੂੰ ਭੇਜੋ।”

14 ਤਾਂ ਯਹੋਵਾਹ ਮੂਸਾ ਉੱਪਰ ਬਹੁਤ ਕਰੋਧਵਾਨ ਹੋ ਗਿਆ ਅਤੇ ਆਖਿਆ, “ਠੀਕ ਹੈ। ਮੈਂ ਤੇਰੀ ਸਹਾਇਤਾ ਲਈ ਤੈਨੂੰ ਕੋਈ ਬੰਦਾ ਦੇਵਾਂਗਾ। ਮੈਂ ਲੇਵੀ ਦੇ ਪਰਿਵਾਰ ਵਿੱਚੋਂ, ਤੇਰੇ ਭਰਾ, ਹਾਰੂਨ ਦੀ ਵਰਤੋਂ ਕਰਾਂਗਾ ਉਹ ਚੰਗਾ ਬੁਲਾਰਾ ਹੈ ਹਾਰੂਨ ਪਹਿਲਾਂ ਹੀ ਤੈਨੂੰ ਮਿਲਣ ਲਈ ਆ ਰਿਹਾ ਹੈ ਉਹ ਤੈਨੂੰ ਮਿਲਕੇ ਪ੍ਰਸੰਨ ਹੋਵੇਗਾ। 15 ਉਹ ਤੇਰੇ ਨਾਲ ਫ਼ਿਰਊਨ ਕੋਲ ਜਾਵੇਗਾ ਮੈਂ ਤੈਨੂੰ ਦੱਸਾਂਗਾ ਕਿ ਤੂੰ ਕੀ ਬੋਲਣਾ ਹੈ। ਫ਼ੇਰ ਤੂੰ ਹਾਰੂਨ ਨੂੰ ਦੱਸੇਂਗਾ ਅਤੇ ਮੈਂ ਪ੍ਰਪੱਕ ਕਰਾਂਗਾ ਕਿ ਤੇਰਾ ਮੂੰਹ ਅਤੇ ਉਸਦਾ ਮੂੰਹ ਸਹੀ ਗੱਲਾਂ ਆਖਣ। 16 ਹਾਰੂਨ ਤੇਰੀ ਖਾਤਰ ਲੋਕਾਂ ਨਾਲ ਵੀ ਗੱਲ ਕਰੇਗਾ। ਤੂੰ ਉਸ ਲਈ ਪਰਮੇਸ਼ੁਰ ਵਾਂਗ ਹੋਵੇਂਗਾ, ਅਤੇ ਉਹ ਤੇਰਾ ਦਫ਼ਤਰੀ ਬੁਲਾਰਾ ਹੋਵੇਗਾ। [a] 17 ਇਸ ਲਈ ਜਾਹ ਇਹ ਸੋਟੀ ਆਪਣੇ ਨਾਲ ਲੈ, ਜਿਸ ਨਾਲ ਤੂੰ ਲੋਕਾਂ ਨੂੰ ਵਿਖਾਉਣ ਲਈ ਕਿ ਮੈਂ ਤੇਰੇ ਨਾਲ ਹਾਂ, ਕਰਿਸ਼ਮੇ ਕਰ ਸੱਕਦਾ ਹੈਂ।”

ਮੂਸਾ ਮਿਸਰ ਪਰਤਦਾ ਹੈ

18 ਤਾਂ ਮੂਸਾ ਆਪਣੇ ਸੌਹਰੇ ਯਿਥਰੋ ਵੱਲ ਵਾਪਸ ਚੱਲਾ ਗਿਆ। ਮੂਸਾ ਨੇ ਯਿਥਰੋ ਨੂੰ ਆਖਿਆ, “ਮਿਹਰਬਾਨੀ ਕਰਕੇ ਮੈਨੂੰ ਮਿਸਰ ਵਾਪਸ ਜਾਣ ਦਿਓ। ਮੈਂ ਦੇਖਣਾ ਚਾਹੁੰਦਾ ਹਾਂ ਕਿ ਕੀ ਮੇਰੇ ਲੋਕ ਹਾਲੇ ਵੀ ਜਿਉਂਦੇ ਹਨ।”

ਯਿਥਰੋ ਨੇ ਮੂਸਾ ਨੂੰ ਆਖਿਆ, “ਜ਼ਰੂਰ। ਅਤੇ ਤੂੰ ਸ਼ਾਂਤੀ ਨਾਲ ਜਾ ਸੱਕਦਾ ਹੈਂ।”

19 ਤਾਂ ਜਦੋਂ ਮੂਸਾ ਹਾਲੇ ਮਿਦਯਾਨ ਵਿੱਚ ਹੀ ਸੀ, ਪਰਮੇਸ਼ੁਰ ਨੇ ਉਸ ਨੂੰ ਆਖਿਆ, “ਤੇਰੇ ਲਈ ਹੁਣ ਮਿਸਰ ਵਾਪਸ ਜਾਣਾ ਸੁਰੱਖਿਅਤ ਹੈ। ਜਿਹੜੇ ਆਦਮੀ ਤੈਨੂੰ ਮਾਰਨਾ ਚਾਹੁੰਦੇ ਸਨ, ਉਹ ਮਰ ਚੁੱਕੇ ਹਨ।”

20 ਇਸ ਲਈ ਮੂਸਾ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਗਧੇ ਉੱਤੇ ਬਿਠਾਇਆ ਅਤੇ ਮਿਸਰ ਪਰਤ ਆਇਆ। ਮੂਸਾ ਨੇ ਆਪਣੇ ਨਾਲ ਆਪਣੀ ਸੋਟੀ ਵੀ ਲੈ ਲਈ-ਪਰਮੇਸ਼ੁਰ ਦੀ ਸ਼ਕਤੀ ਵਾਲੀ, ਤੁਰਨ ਵਾਲੀ ਸੋਟੀ।

21 ਜਦੋਂ ਮੂਸਾ ਮਿਸਰ ਵੱਲ ਵਾਪਸ ਜਾ ਰਿਹਾ ਸੀ, ਪਰਮੇਸ਼ੁਰ ਨੇ ਉਸ ਦੇ ਨਾਲ ਗੱਲ ਕੀਤੀ। ਪਰਮੇਸ਼ੁਰ ਨੇ ਆਖਿਆ, “ਜਦੋਂ ਤੂੰ ਫ਼ਿਰਊਨ ਨਾਲ ਗੱਲ ਕਰੇਂ ਤਾਂ ਉਹ ਸਾਰੇ ਕਰਿਸ਼ਮੇ ਦਿਖਾਉਣੇ ਚੇਤੇ ਰੱਖੀਂ ਜਿਨ੍ਹਾਂ ਨੂੰ ਕਰਨ ਦੀ ਤਾਕਤ ਮੈਂ ਤੈਨੂੰ ਦਿੱਤੀ ਹੈ। ਪਰ ਮੈਂ ਫ਼ਿਰਊਨ ਨੂੰ ਬਹੁਤ ਜ਼ਿੱਦੀ ਬਣਾ ਦਿਆਂਗਾ। ਉਹ ਲੋਕਾਂ ਨੂੰ ਜਾਣ ਨਹੀਂ ਦੇਵੇਗਾ। 22 ਤਾਂ ਤੈਨੂੰ ਫ਼ਿਰਊਨ ਨੂੰ ਆਖਣਾ ਚਾਹੀਦਾ; 23 ਯਹੋਵਾਹ ਆਖਦਾ ਹੈ, ‘ਇਸਰਾਏਲ ਮੇਰਾ ਪਹਿਲੋਠਾ ਪੁੱਤਰ ਹੈ। ਅਤੇ ਮੈਂ ਤੈਨੂੰ ਆਖ ਰਿਹਾ ਹਾਂ ਕਿ ਮੇਰੇ ਪੁੱਤਰ ਨੂੰ ਜਾਣ ਦੇ ਅਤੇ ਮੇਰੀ ਉਪਾਸਨਾ ਕਰਨ ਦੇ। ਜੇ ਤੂੰ ਇਸਰਾਏਲ ਨੂੰ ਨਹੀਂ ਜਾਣ ਦੇਵੇਂਗਾ, ਤਾਂ ਮੈਂ ਤੇਰੇ ਪਹਿਲੋਠੇ ਪੁੱਤਰ ਨੂੰ ਮਾਰ ਦਿਆਂਗਾ।’”

ਮੂਸਾ ਦੇ ਪੁੱਤਰ ਦੀ ਸੁੰਨਤ

24 ਮਿਸਰ ਦੇ ਰਸਤੇ ਉੱਤੇ ਮੂਸਾ ਇੱਕ ਥਾਂ ਰਾਤ ਬਿਤਾਉਣ ਲਈ ਠਹਿਰ ਗਿਆ। ਯਹੋਵਾਹ ਮੂਸਾ ਨੂੰ ਉਸ ਥਾਂ ਮਿਲਿਆ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। [b] 25 ਪਰ ਸਿੱਪੋਰਾਹ ਨੇ ਇੱਕ ਫ਼ੌਲਾਦੀ ਛੁਰੀ ਲਈ ਅਤੇ ਆਪਣੇ ਪੁੱਤਰ ਦੀ ਸੁੰਨਤ ਕਰ ਦਿੱਤੀ। ਉਸ ਨੇ ਚਮੜੀ ਲਈ ਅਤੇ ਉਸ ਦੇ ਪੈਰੀਂ ਹੱਥ ਲਾਇਆ। ਫ਼ੇਰ ਉਸ ਨੇ ਮੂਸਾ ਨੂੰ ਆਖਿਆ, “ਤੂੰ ਮੇਰੇ ਲਈ ਖੂਨ ਦਾ ਲਾੜਾ ਹੈਂ।” 26 ਸਿੱਪੋਰਾਹ ਨੇ ਇਹ ਇਸ ਵਾਸਤੇ ਆਖਿਆ ਕਿਉਂਕਿ ਉਸ ਨੂੰ ਆਪਣੇ ਪੁੱਤਰ ਦੀ ਸੁੰਨਤ ਕਰਨੀ ਪਈ ਸੀ। ਇਸ ਲਈ ਪਰਮੇਸ਼ੁਰ ਨੇ ਮੂਸਾ ਨੂੰ ਬਖਸ਼ ਦਿੱਤਾ ਅਤੇ ਉਸ ਨੂੰ ਨਹੀਂ ਮਾਰਿਆ।

ਮੂਸਾ ਤੇ ਹਾਰੂਨ ਪਰਮੇਸ਼ੁਰ ਸਾਹਮਣੇ

27 ਯਹੋਵਾਹ ਨੇ ਹਾਰੂਨ ਨਾਲ ਗੱਲ ਕੀਤੀ। ਯਹੋਵਾਹ ਨੇ ਉਸ ਨੂੰ ਆਖਿਆ ਸੀ, “ਮਾਰੂਥਲ ਵਿੱਚ ਜਾਹ ਤੇ ਮੂਸਾ ਨੂੰ ਮਿਲ।” ਇਸ ਲਈ ਹਾਰੂਨ ਚੱਲਾ ਗਿਆ ਅਤੇ ਮੂਸਾ ਨੂੰ ਪਰਮੇਸ਼ੁਰ ਦੇ ਪਰਬਤ ਉੱਤੇ ਜਾ ਮਿਲਿਆ। ਹਾਰੂਨ ਨੇ ਮੂਸਾ ਨੂੰ ਦੇਖਿਆ ਅਤੇ ਉਸ ਨੂੰ ਚੁੰਮਿਆ। 28 ਮੂਸਾ ਨੇ ਹਾਰੂਨ ਨੂੰ ਦੱਸਿਆ ਕਿ ਯਹੋਵਾਹ ਨੇ ਉਸ ਨੂੰ ਕਿਉਂ ਭੇਜਿਆ ਸੀ। ਅਤੇ ਮੂਸਾ ਨੇ ਹਾਰੂਨ ਨੂੰ ਉਨ੍ਹਾਂ ਸਾਰੇ ਕਰਿਸ਼ਮਿਆਂ ਅਤੇ ਹੋਰ ਗੱਲਾਂ ਬਾਰੇ ਵੀ ਦੱਸਿਆ ਜੋ ਉਸ ਨੇ ਇਹ ਸਾਬਤ ਕਰਨ ਲਈ ਕਰਨੀਆਂ ਸਨ ਕਿ ਪਰਮੇਸ਼ੁਰ ਨੇ ਉਸ ਨੂੰ ਭੇਜਿਆ ਸੀ। ਮੂਸਾ ਨੇ ਹਾਰੂਨ ਨੂੰ ਉਹ ਹਰ ਗੱਲ ਦੱਸ ਦਿੱਤੀ ਜਿਹੜੀ ਯਹੋਵਾਹ ਨੇ ਆਖੀ ਸੀ।

29 ਤਾਂ ਮੂਸਾ ਅਤੇ ਹਾਰੂਨ ਗਏ ਅਤੇ ਇਸਰਾਏਲ ਦੇ ਲੋਕਾਂ ਦੇ ਸਾਰੇ ਬਜ਼ੁਰਗਾਂ ਨੂੰ ਇਕੱਠਿਆਂ ਕੀਤਾ। 30 ਤਾਂ ਹਾਰੂਨ ਨੇ ਲੋਕਾਂ ਨਾਲ ਗੱਲ ਕੀਤੀ। ਉਸ ਨੇ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਯਹੋਵਾਹ ਨੇ ਮੂਸਾ ਨੂੰ ਆਖੀਆਂ ਸਨ। ਫ਼ੇਰ ਮੂਸਾ ਨੇ ਸਾਰੇ ਲੋਕਾਂ ਦੇ ਦੇਖਣ ਲਈ ਸਬੂਤ ਪੇਸ਼ ਕੀਤੇ। 31 ਲੋਕਾਂ ਨੇ ਵਿਸ਼ਵਾਸ ਕਰ ਲਿਆ ਕਿ ਪਰਮੇਸ਼ੁਰ ਨੇ ਹੀ ਮੂਸਾ ਨੂੰ ਭੇਜਿਆ ਸੀ। ਇਸਰਾਏਲ ਦੇ ਲੋਕ ਜਾਣਦੇ ਸਨ ਕਿ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਮੁਸੀਬਤਾਂ ਦੇਖ ਲਈਆਂ ਸਨ ਅਤੇ ਉਹ ਉਨ੍ਹਾਂ ਦੀ ਮਦਦ ਕਰਨ ਲਈ ਆ ਗਿਆ ਸੀ। ਇਸ ਲਈ ਉਨ੍ਹਾਂ ਨੇ ਮੱਥਾ ਟੇਕਿਆ ਅਤੇ ਪਰਮੇਸ਼ੁਰ ਦੀ ਉਪਾਸਨਾ ਕੀਤੀ।

ਮੂਸਾ ਅਤੇ ਹਾਰੂਨ ਫ਼ਿਰਊਨ ਦੇ ਸਾਹਮਣੇ

ਜਦੋਂ ਮੂਸਾ ਅਤੇ ਹਾਰੂਨ ਲੋਕਾਂ ਨਾਲ ਗੱਲ ਕਰ ਹਟੇ, ਉਹ ਫ਼ਿਰਊਨ ਵੱਲ ਚੱਲੇ ਗਏ। ਉਨ੍ਹਾਂ ਨੇ ਆਖਿਆ, “ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ‘ਮੇਰੇ ਲੋਕਾਂ ਨੂੰ ਮਾਰੂਥਲ ਵਿੱਚ ਜਾਣ ਦਿਓ ਤਾਂ ਜੋ ਉਹ ਮੇਰੇ ਸਨਮਾਨ ਵਿੱਚ ਦਾਵਤ ਕਰ ਸੱਕਣ।’”

ਪਰ ਫ਼ਿਰਊਨ ਨੇ ਆਖਿਆ, “ਕੌਣ ਹੈ ਇਹ ਯਹੋਵਾਹ? ਮੈਂ ਉਸਦਾ ਹੁਕਮ ਕਿਉਂ ਮੰਨਾਂ? ਮੈਂ ਇਸਰਾਏਲ ਨੂੰ ਕਿਉਂ ਜਾਣ ਦੇਵਾਂ? ਮੈਂ ਤਾਂ ਇਹ ਜਾਣਦਾ ਵੀ ਨਹੀਂ ਕਿ ਉਹ ਕੌਣ ਹੈ ਜਿਸ ਨੂੰ ਤੁਸੀਂ ਯਹੋਵਾਹ ਕਹਿੰਦੇ ਹੋ, ਇਸ ਲਈ ਇਸਰਾਏਲੀਆਂ ਦੇ ਚੱਲੇ ਜਾਣ ਤੋਂ ਇਨਕਾਰ ਕਰਦਾ ਹਾਂ।”

ਤਾਂ ਹਾਰੂਨ ਤੇ ਮੂਸਾ ਨੇ ਆਖਿਆ, “ਇਬਰਾਨੀ ਲੋਕਾਂ ਦੇ ਪਰਮੇਸ਼ੁਰ ਨੇ ਸਾਡੇ ਨਾਲ ਗੱਲ ਕੀਤੀ ਹੈ। ਇਸ ਲਈ ਅਸੀਂ ਤੈਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਬਲੀਆਂ ਚੜ੍ਹਾਉਣ ਲਈ ਤਿੰਨਾਂ ਦਿਨਾਂ ਲਈ ਮਾਰੂਥਲ ਅੰਦਰ ਸਫ਼ਰ ਕਰਨ ਦੇ। ਜੇ ਅਸੀਂ ਅਜਿਹਾ ਨਹੀਂ ਕਰਾਂਗੇ, ਤਾਂ ਉਹ ਗੁੱਸੇ ਹੋ ਸੱਕਦਾ ਤੇ ਸਾਨੂੰ ਬਿਮਾਰੀ ਜਾਂ ਤਲਵਾਰ ਨਾਲ ਮਾਰ ਦੇਵੇਗਾ।”

ਪਰ ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਮੂਸਾ ਤੇ ਹਾਰੂਨ, ਤੁਸੀਂ ਕਾਮਿਆਂ ਨੂੰ ਕੰਮ ਤੋਂ ਰੋਕ ਰਹੇ ਹੋ। ਉਨ੍ਹਾਂ ਨੂੰ ਆਪਣਾ ਕੰਮ ਕਰਨ ਦਿਓ। ਜਾਓ, ਆਪਣਾ ਕੰਮ ਕਰੋ। ਇੱਥੇ ਬਹੁਤ ਸਾਰੇ ਕਾਮੇ ਹਨ, ਅਤੇ ਤੁਸੀਂ ਉਨ੍ਹਾਂ ਨੂੰ ਆਪਣਾ ਕੰਮ ਕਰਨ ਤੋਂ ਰੋਕ ਰਹੇ ਹੋ।”

ਫ਼ਿਰਊਨ ਲੋਕਾਂ ਨੂੰ ਸਜ਼ਾ ਦਿੰਦਾ ਹੈ

ਓਸੇ ਦਿਨ ਫ਼ਿਰਊਨ ਨੇ ਇਸਰਾਏਲ ਦੇ ਲੋਕਾਂ ਲਈ ਕੰਮ ਨੂੰ ਹੋਰ ਵੱਧੇਰੇ ਸਖਤ ਕਰਨ ਦਾ ਹੁਕਮ ਦੇ ਦਿੱਤਾ। ਫ਼ਿਰਊਨ ਨੇ ਦਾਸਾਂ ਦੇ ਸੁਆਮੀਆਂ ਅਤੇ ਇਬਰਾਨੀ ਆਗੂਆਂ ਨੂੰ ਆਖਿਆ, “ਤੁਸੀਂ ਹਮੇਸ਼ਾ ਲੋਕਾਂ ਨੂੰ ਤੂੜੀ ਦਿੱਤੀ ਹੈ ਅਤੇ ਉਹ ਇਸ ਨੂੰ ਇੱਟਾਂ ਬਨਾਉਣ ਲਈ ਵਰਤਦੇ ਹਨ। ਪਰ ਹੁਣ, ਉਨ੍ਹਾਂ ਨੂੰ ਆਖੋ ਕਿ ਉਨ੍ਹਾਂ ਨੂੰ ਇੱਟਾਂ ਬਨਾਉਣ ਲਈ ਆਪਣੀ ਤੂੜੀ, ਖੁਦ ਜਾਕੇ ਲੱਭਣੀ ਪਵੇਗੀ। ਪਰ ਤਾਂ ਵੀ ਉਨ੍ਹਾਂ ਨੂੰ ਪਹਿਲਾਂ ਜਿੰਨੀ ਗਿਣਤੀ ਦੀਆਂ ਇੱਟਾਂ ਬਨਾਉਣੀਆਂ ਪੈਣਗੀਆਂ। ਉਹ ਸੁਸਤ ਹੋ ਗਏ ਹਨ। ਇਹੀ ਕਾਰਣ ਹੈ ਕਿ ਉਹ ਮੇਰੇ ਕੋਲੋਂ ਜਾਣ ਦੀ ਇਜਾਜ਼ਤ ਮੰਗ ਰਹੇ ਹਨ। ਉਨ੍ਹਾਂ ਕੋਲ ਕਰਨ ਲਈ ਕਾਫ਼ੀ ਕੰਮ ਨਹੀਂ ਹੈ। ਇਸੇ ਲਈ ਉਹ ਮੈਨੂੰ ਆਖਦੇ ਹਨ ਕਿ ਮੈਂ ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਅੱਗੇ ਬਲੀਆਂ ਚੜ੍ਹਾਉਣ ਦਿਆਂ। ਇਸ ਲਈ ਇਨ੍ਹਾਂ ਲੋਕਾਂ ਕੋਲੋਂ ਹੋਰ ਵੱਧੇਰੇ ਸਖਤ ਕੰਮ ਕਰਾਓ। ਉਨ੍ਹਾਂ ਨੂੰ ਰੁਝਾਈ ਰੱਖੋ। ਫ਼ੇਰ ਉਨ੍ਹਾਂ ਕੋਲ ਮੂਸਾ ਦੀਆਂ ਝੂਠੀਆਂ ਗੱਲਾਂ ਸੁਣਨ ਦੀ ਵਿਹਲ ਨਹੀਂ ਹੋਵੇਗੀ।”

10 ਇਸ ਲਈ ਮਿਸਰੀ ਸੁਆਮੀ ਅਤੇ ਇਬਰਾਨੀ ਆਗੂ (ਫ਼ੋਰਮੈਨ) ਇਸਰਾਏਲ ਦੇ ਲੋਕਾਂ ਕੋਲ ਗਏ ਅਤੇ ਆਖਣ ਲੱਗੇ, “ਫ਼ਿਰਊਨ ਨੇ ਫ਼ੈਸਲਾ ਕੀਤਾ ਹੈ ਕਿ ਉਹ ਤੁਹਾਨੂੰ ਤੁਹਾਡੀਆਂ ਇੱਟਾਂ ਲਈ ਤੂੜੀ ਨਹੀਂ ਦੇਵੇਗਾ। 11 ਤੁਹਾਨੂੰ ਖੁਦ ਜਾਕੇ ਤੂੜੀ ਲੱਭਣੀ ਪਵੇਗੀ। ਪਰ ਤਾਂ ਵੀ ਤੁਹਾਨੂੰ ਪਹਿਲਾਂ ਜਿੰਨੀਆਂ ਹੀ ਇੱਟਾਂ ਬਨਾਉਣੀਆਂ ਪੈਣਗੀਆਂ।”

12 ਇਸ ਲਈ ਲੋਕ ਮਿਸਰ ਵਿੱਚ ਹਰ ਥਾਂ ਤੂੜੀ ਦੀ ਤਲਾਸ਼ ਵਿੱਚ ਗਏ। 13 ਦਾਸਾਂ ਦੇ ਸੁਆਮੀਆਂ ਨੇ ਲੋਕਾਂ ਨੂੰ ਹੋਰ ਵੀ ਵੱਧੇਰੇ ਸਖਤ ਕੰਮ ਕਰਨ ਲਈ ਮਜ਼ਬੂਰ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਪਹਿਲਾਂ ਜਿੰਨੀਆਂ ਇੱਟਾਂ ਬਨਾਉਣ ਲਈ ਮਜ਼ਬੂਰ ਕਰ ਦਿੱਤਾ। 14 ਮਿਸਰੀ ਸੁਆਮੀਆਂ ਨੇ ਇਬਰਾਨੀ ਆਗੂਆਂ ਨੂੰ ਚੁਣਿਆ ਹੋਇਆ ਸੀ ਅਤੇ ਉਨ੍ਹਾਂ ਨੂੰ ਲੋਕਾਂ ਦੇ ਕੰਮ ਲਈ ਜ਼ਿੰਮੇਵਾਰ ਬਣਾਇਆ ਹੋਇਆ ਸੀ। ਮਿਸਰੀ ਸੁਆਮੀਆਂ ਨੇ ਇਨ੍ਹਾਂ ਆਗੂਆਂ ਨੂੰ ਕੁੱਟਿਆ ਅਤੇ ਆਖਿਆ, “ਤੁਸੀਂ ਓਨੀਆਂ ਹੀ ਇੱਟਾਂ ਕਿਉਂ ਨਹੀਂ ਬਣਾ ਰਹੇ ਜਿੰਨੀਆਂ ਪਹਿਲਾਂ ਬਣਾਉਂਦੇ ਸੀ? ਜੇ ਤੁਸੀਂ ਪਹਿਲਾਂ ਅਜਿਹਾ ਕਰ ਸੱਕਦੇ ਸੀ ਤਾਂ ਤੁਸੀਂ ਹੁਣ ਵੀ ਕਰ ਸੱਕਦੇ ਹੋ।”

15 ਤਾਂ ਇਬਰਾਨੀ ਆਗੂ ਫ਼ਿਰਊਨ ਕੋਲ ਗਏ। ਉਨ੍ਹਾਂ ਨੇ ਸ਼ਿਕਾਇਤ ਕੀਤੀ ਅਤੇ ਆਖਿਆ, “ਅਸੀਂ ਤੁਹਾਡੇ ਨੌਕਰ ਹਾਂ। ਤੁਸੀਂ ਸਾਡੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਿਉਂ ਕਰ ਰਹੇ ਹੋ? 16 ਤੁਸੀਂ ਸਾਨੂੰ ਕੋਈ ਤੂੜੀ ਨਹੀਂ ਦਿੰਦੇ, ਪਰ ਸਾਨੂੰ ਆਖਦੇ ਹੋ ਕਿ ਅਸੀਂ ਪਹਿਲਾਂ ਜਿੰਨੀਆਂ ਹੀ ਇੱਟਾਂ ਬਣਾਈਏ। ਅਤੇ ਹੁਣ ਸਾਡੇ ਸੁਆਮੀ ਸਾਨੂੰ ਕੁੱਟ ਰਹੇ ਹਨ। ਤੁਹਾਡੇ ਲੋਕ ਅਜਿਹਾ ਕਰਨ ਵਿੱਚ ਗਲਤ ਹਨ।”

17 ਫ਼ਿਰਊਨ ਨੇ ਜਵਾਬ ਦਿੱਤਾ, “ਤੁਸੀਂ ਸੁਸਤ ਹੋ। ਤੁਸੀਂ ਕੰਮ ਨਹੀਂ ਕਰਨਾ ਚਾਹੁੰਦੇ। ਇਸੇ ਲਈ ਤੁਸੀਂ ਆਖਦੇ ਹੋ ਕਿ ਮੈਂ ਤੁਹਾਨੂੰ ਜਾਣ ਦੇਵਾਂ। ਅਤੇ ਇਹੀ ਕਾਰਣ ਹੈ ਕਿ ਤੁਸੀਂ ਇੱਥੋਂ ਜਾਣਾ ਚਾਹੁੰਦੇ ਹੋ ਅਤੇ ਯਹੋਵਾਹ ਅੱਗੇ ਬਲੀਆਂ ਚੜ੍ਹਾਉਣਾ ਚਾਹੁੰਦੇ ਹੋ। 18 ਹੁਣ ਕੰਮ ਤੇ ਵਾਪਸ ਜਾਓ। ਅਸੀਂ ਤੁਹਾਨੂੰ ਕੋਈ ਤੂੜੀ ਨਹੀਂ ਦਿਆਂਗੇ। ਅਤੇ ਤੁਹਾਨੂੰ ਪਹਿਲਾਂ ਜਿੰਨੀਆਂ ਹੀ ਇੱਟਾਂ ਬਨਾਉਣੀਆਂ ਪੈਣਗੀਆਂ।”

19 ਇਬਰਾਨੀ ਆਗੂਆਂ ਨੂੰ ਪਤਾ ਸੀ ਕਿ ਉਹ ਮੁਸੀਬਤ ਵਿੱਚ ਸਨ। ਆਗੂ ਜਾਣਦੇ ਸਨ ਕਿ ਉਹ ਪਹਿਲਾਂ ਜਿੰਨੀਆਂ ਇੱਟਾਂ ਨਹੀਂ ਬਣਾ ਸੱਕਦੇ ਸਨ।

20 ਜਦੋਂ ਉਹ ਫ਼ਿਰਊਨ ਨਾਲ ਮੁਲਾਕਾਤ ਕਰਕੇ ਜਾ ਰਹੇ ਸਨ, ਉਹ ਮੂਸਾ ਅਤੇ ਹਾਰੂਨ ਕੋਲੋਂ ਲੰਘੇ। ਮੂਸਾ ਅਤੇ ਹਾਰੂਨ ਉਨ੍ਹਾਂ ਨੂੰ ਉਡੀਕ ਰਹੇ ਸਨ। 21 ਇਸ ਲਈ ਉਨ੍ਹਾਂ ਨੇ ਮੂਸਾ ਤੇ ਹਾਰੂਨ ਨੂੰ ਆਖਿਆ, “ਜਦੋਂ ਤੁਸੀਂ ਫ਼ਿਰਊਨ ਨੂੰ ਆਖਿਆ ਸੀ ਕਿ ਸਾਨੂੰ ਜਾਣ ਦੇਵੇ ਤਾਂ ਤੁਸੀਂ ਅਸਲ ਵਿੱਚ ਗਲਤੀ ਕੀਤੀ ਸੀ। ਯਹੋਵਾਹ ਤੁਹਾਨੂੰ ਸਜ਼ਾ ਦੇਵੇ, ਕਿਉਂਕਿ ਤੁਸੀਂ ਫ਼ਿਰਊਨ ਅਤੇ ਉਸ ਦੇ ਹਾਕਮਾਂ ਨੂੰ ਸਾਨੂੰ ਨਫ਼ਰਤ ਕਰਨ ਲਾਇਆ। ਤੁਸੀਂ ਉਨ੍ਹਾਂ ਨੂੰ ਸਾਨੂੰ ਮਾਰਨ ਦਾ ਬਹਾਨਾ ਦੇ ਦਿੱਤਾ ਹੈ।”

ਮੂਸਾ ਪਰਮੇਸ਼ੁਰ ਅੱਗੇ ਸ਼ਿਕਾਇਤ ਕਰਦਾ ਹੈ

22 ਤਾਂ ਮੂਸਾ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਆਖਿਆ, “ਹੇ ਸੁਆਮੀ, ਤੁਸੀਂ ਆਪਣੇ ਬੰਦਿਆਂ ਲਈ ਇਹ ਭਿਆਨਕ ਗੱਲ ਕਿਉਂ ਕੀਤੀ ਹੈ? ਤੁਸੀਂ ਮੈਨੂੰ ਇੱਥੇ ਕਿਉਂ ਭੇਜਿਆ ਹੈ? 23 ਮੈਂ ਫ਼ਿਰਊਨ ਕੋਲ ਗਿਆ ਅਤੇ ਉਹੀ ਗੱਲਾਂ ਆਖੀਆਂ ਜਿਹੜੀਆਂ ਤੁਸੀਂ ਆਖਣ ਲਈ ਕਹੀਆਂ ਸਨ। ਪਰ ਉਸੇ ਵੇਲੇ ਤੋਂ ਉਹ ਲੋਕਾਂ ਲਈ ਕਮੀਨਾ ਬਣ ਗਿਆ ਹੈ। ਅਤੇ ਤੁਸੀਂ ਉਨ੍ਹਾਂ ਦੀ ਸਹਾਇਤਾ ਲਈ ਕੁਝ ਵੀ ਨਹੀਂ ਕੀਤਾ।”

ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਹੁਣ ਤੂੰ ਦੇਖੇਂਗਾ ਕਿ ਮੈਂ ਫ਼ਿਰਊਨ ਨਾਲ ਕੀ ਕਰਦਾ ਹਾਂ। ਮੈਂ ਉਸ ਦੇ ਖਿਲਾਫ਼ ਆਪਣੀ ਮਹਾਨ ਸ਼ਕਤੀ ਵਰਤਾਂਗਾ, ਅਤੇ ਉਹ ਮੇਰੇ ਬੰਦਿਆਂ ਨੂੰ ਜਾਣ ਦੇਵੇਗਾ। ਉਹ ਉਨ੍ਹਾਂ ਦੇ ਜਾਣ ਲਈ ਇੰਨਾ ਤਿਆਰ ਹੋਵੇਗਾ ਕਿ ਉਹ ਉਨ੍ਹਾਂ ਨੂੰ ਜਾਣ ਲਈ ਮਜ਼ਬੂਰ ਕਰ ਦੇਵੇਗਾ।”

ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਮੈਂ ਯਹੋਵਾਹ ਹਾਂ। ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਪ੍ਰਗਟ ਹੋਇਆ। ਉਨ੍ਹਾਂ ਨੇ ਮੈਨੂੰ ਅਲ ਸ਼ੱਦਾਈ ਬੁਲਾਇਆ, ਪਰ ਮੈਂ ਆਪਣੇ ਨਾਮ, ਯਾਹਵੇਹ ਤੋਂ ਉਨ੍ਹਾਂ ਨੂੰ ਜਾਣੂ ਨਹੀਂ ਕਰਵਾਇਆ। ਮੈਂ ਉਨ੍ਹਾਂ ਨਾਲ ਇੱਕ ਇਕਰਾਰਨਾਮਾ ਕੀਤਾ। ਮੈਂ ਉਨ੍ਹਾਂ ਨੂੰ ਕਨਾਨ ਦੀ ਧਰਤੀ ਦੇਣ ਦਾ ਇਕਰਾਰ ਕੀਤਾ। ਉਹ ਇਸ ਧਰਤੀ ਤੇ ਰਹਿੰਦੇ ਸਨ ਪਰ ਇਹ ਉਨ੍ਹਾਂ ਦੀ ਧਰਤੀ ਨਹੀਂ ਸੀ। ਹੁਣ, ਮੈਂ ਇਸਰਾਏਲ ਦੇ ਲੋਕਾਂ ਦੀਆਂ ਚੀਕਾਂ ਸੁਣ ਲਈਆਂ ਹਨ ਕਿਉਂਕਿ ਮਿਸਰੀਆਂ ਨੇ ਉਨ੍ਹਾਂ ਨੂੰ ਗੁਲਾਮ ਬਣਾ ਲਿਆ ਹੈ ਅਤੇ ਮੈਨੂੰ ਹਾਲੇ ਆਪਣਾ ਇਕਰਾਰਨਾਮਾ ਚੇਤੇ ਹੈ। ਇਸ ਲਈ ਇਸਰਾਏਲ ਦੇ ਲੋਕਾਂ ਨੂੰ ਦੱਸੋ ਕਿ ਮੈਂ ਉਨ੍ਹਾਂ ਨੂੰ ਆਖਦਾ ਹਾਂ, ‘ਮੈਂ ਯਹੋਵਾਹ ਹਾਂ। ਮੈਂ ਤੁਹਾਨੂੰ ਉਨ੍ਹਾਂ ਕਸ਼ਟਾਂ ਤੋਂ ਬਚਾਵਾਂਗਾ ਜੋ ਮਿਸਰੀਆਂ ਨੇ ਤੁਹਾਡੇ ਉੱਪਰ ਪਾਏ ਹਨ। ਮੈਂ ਤੁਹਾਨੂੰ ਅਜ਼ਾਦ ਕਰਾਂਗਾ। ਤੁਸੀਂ ਹੁਣ ਮਿਸਰੀਆਂ ਦੇ ਗੁਲਾਮ ਨਹੀਂ ਰਹੋਂਗੇ। ਮੈਂ ਆਪਣੀ ਮਹਾਨ ਸ਼ਕਤੀ ਵਰਤਾਂਗਾ ਅਤੇ ਮਿਸਰੀਆਂ ਨੂੰ ਭਿਆਨਕ ਸਜ਼ਾ ਦੇਵਾਂਗਾ। ਫ਼ੇਰ ਮੈਂ ਤੁਹਾਨੂੰ ਬਚਾਵਾਂਗਾ। ਤੁਸੀਂ ਮੇਰੇ ਲੋਕ ਹੋਵੋਂਗੇ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ। ਫ਼ੇਰ ਤੁਸੀਂ ਜਾਣ ਜਾਵੋਂਗੇ ਕਿ ਮੈਂ ਤੁਹਾਡਾ ਯਹੋਵਾਹ ਪਰਮੇਸ਼ੁਰ ਹਾਂ, ਜਿਸਨੇ ਤੁਹਾਨੂੰ ਮਿਸਰ ਦੇ ਕਸ਼ਟਾਂ ਤੋਂ ਅਜ਼ਾਦ ਕਰਵਾਇਆ। ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਮਹਾਨ ਇਕਰਾਰ ਕੀਤਾ ਸੀ। ਮੈਂ ਉਨ੍ਹਾਂ ਨੂੰ ਇੱਕ ਖਾਸ ਧਰਤੀ ਦੇਣ ਦਾ ਇਕਰਾਰ ਕੀਤਾ ਸੀ। ਇਸ ਲਈ ਮੈਂ ਉਸ ਧਰਤੀ ਵੱਲ ਤੁਹਾਡੀ ਅਗਵਾਈ ਕਰਾਂਗਾ। ਮੈਂ ਤੁਹਾਨੂੰ ਉਹ ਧਰਤੀ ਦੇ ਦੇਵਾਂਗਾ। ਇਹ ਤੁਹਾਡੀ ਹੋਵੇਗੀ। ਮੈਂ ਯਹੋਵਾਹ ਹਾਂ।’”

ਇਸ ਲਈ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਇਹ ਆਖਿਆ, ਪਰ ਉਨ੍ਹਾਂ ਕੋਲ ਮੂਸਾ ਦੇ ਇਕਰਾਰਾਂ ਨੂੰ ਸੁਣਨ ਦਾ ਸਬਰ ਨਹੀਂ ਸੀ ਕਿਉਂਕਿ ਉਨ੍ਹਾਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਸੀ।

10 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, 11 “ਜਾਹ, ਜਾਕੇ ਫ਼ਿਰਊਨ ਨੂੰ ਆਖ ਕਿ ਉਹ ਇਸਰਾਏਲ ਦੇ ਲੋਕਾਂ ਨੂੰ ਉਸਦੀ ਧਰਤੀ ਛੱਡ ਜਾਣ ਦੇਵੇ।”

12 ਪਰ ਮੂਸਾ ਨੇ ਜਵਾਬ ਦਿੱਤਾ, “ਇਸਰਾਏਲ ਦੇ ਲੋਕ ਮੇਰੀ ਗੱਲ ਸੁਣਨ ਤੋਂ ਇਨਕਾਰ ਕਰਦੇ ਹਨ। ਇਸ ਲਈ ਪੱਕੀ ਗੱਲ ਹੈ ਕਿ ਫ਼ਿਰਊਨ ਵੀ ਮੇਰੀ ਗੱਲ ਨਹੀਂ ਸੁਣੇਗਾ। ਮੇਰੇ ਕਥਨ ਵਿੱਚ ਰੁਕਾਵਟ ਹੁੰਦੀ ਹੈ ਅਤੇ ਇਹ ਅਸਪੱਸ਼ਟ ਹੁੰਦਾ ਹੈ।”

13 ਪਰ ਯਹੋਵਾਹ ਨੇ ਮੂਸਾ ਤੇ ਹਾਰੂਨ ਨਾਲ ਗੱਲ ਕੀਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਜਾਕੇ ਇਸਰਾਏਲ ਦੇ ਲੋਕਾਂ ਨਾਲ ਗੱਲ ਕਰਨ। ਉਸ ਨੇ ਉਨ੍ਹਾਂ ਨੂੰ ਫ਼ਿਰਊਨ ਕੋਲ ਜਾਕੇ ਵੀ ਗੱਲ ਕਰਨ ਦਾ ਹੁਕਮ ਦਿੱਤਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਇਸਰਾਏਲ ਦੇ ਲੋਕਾਂ ਦੀ, ਮਿਸਰ ਦੀ ਧਰਤੀ ਤੋਂ ਬਾਹਰ ਜਾਣ ਵਿੱਚ, ਅਗਵਾਈ ਕਰਨ।

ਇਸਰਾਏਲ ਦੇ ਕੁਝ ਪਰਿਵਾਰ

14 ਇਸਰਾਏਲ ਦੇ ਪਰਿਵਾਰਾਂ ਦੇ ਆਗੂਆਂ ਦੇ ਨਾਮ ਇਹ ਹਨ:

ਇਸਰਾਏਲ ਦੇ ਪਹਿਲੇ ਪੁੱਤਰ, ਰਊਬੇਨ ਦੇ ਚਾਰ ਪੁੱਤਰ ਸਨ। ਉਹ ਸਨ, ਹਨੋਕ, ਫ਼ਲੂ, ਹਸਰੋਨ, ਅਤੇ ਕਰਮੀ।

15 ਸ਼ਿਮਓਨ ਦੇ ਪੁੱਤਰ ਸਨ, ਯਮੂਏਲ, ਯਾਮੀਨ, ਓਹਦ, ਯਾਕੀਨ, ਸੋਹਰ ਅਤੇ ਸ਼ਾਊਲ। (ਸ਼ਾਊਲ ਕਨਾਨੀ ਔਰਤ ਦਾ ਪੁੱਤਰ ਸੀ।)

16 ਲੇਵੀ 137 ਵਰ੍ਹੇ ਜੀਵਿਆ। ਲੇਵੀ ਦੇ ਪੁੱਤਰ ਸਨ, ਗੇਰਸ਼ੋਨ, ਕਹਾਥ ਅਤੇ ਮਰਾਰੀ।

17 ਗੇਰਸ਼ੋਨ ਦੇ ਦੋ ਪੁੱਤਰ ਸਨ, ਲਿਬਨੀ ਅਤੇ ਸ਼ਮਈ।

18 ਕਹਾਥ 133 ਵਰ੍ਹੇ ਜੀਵਿਆ। ਕਹਾਥ ਦੇ ਪੁੱਤਰ ਸਨ ਅਮਰਾਮ, ਯਿਸਹਾਰ, ਹਬਰੋਨ ਅਤੇ ਉਜ਼ੀਏਲ।

19 ਮਰਾਰੀ ਦੇ ਪੁੱਤਰ ਸਨ ਮਹਲੀ ਅਤੇ ਮੂਸ਼ੀ।

ਇਹ ਸਾਰੇ ਪਰਿਵਾਰ ਇਸਰਾਏਲ ਦੇ ਪੁੱਤਰ ਲੇਵੀ ਤੋਂ ਸਨ।

20 ਅਮਰਾਮ 137 ਵਰ੍ਹੇ ਜੀਵਿਆ। ਅਮਰਾਮ ਨੇ ਆਪਣੇ ਪਿਤਾ ਦੀ ਭੈਣ ਯੋਕਬਦ ਨਾਲ ਵਿਆਹ ਕਰਾਇਆ। ਅਮਰਾਮ ਅਤੇ ਯੋਕਬਦ ਨੇ ਹਾਰੂਨ ਦੇ ਅਤੇ ਮੂਸਾ ਨੂੰ ਜਨਮ ਦਿੱਤਾ।

21 ਯਿਸਹਾਰ ਦੇ ਪੁੱਤਰ ਸਨ ਕੋਰਹ, ਨਫ਼ਗ ਅਤੇ ਜ਼ਿਕਰੀ।

22 ਉਜ਼ੀਏਲ ਦੇ ਪੁੱਤਰ ਸਨ ਮੀਸ਼ਾਏਲ, ਅਲਸਾਫ਼ਾਨ ਅਤੇ ਸਿਤਰੀ।

23 ਹਾਰੂਨ ਨੇ ਅਲੀਸਬਾ ਨਾਲ ਵਿਆਹ ਕਰਾਇਆ। (ਅਲੀਸ਼ਬਾ ਅਮੀਨਾਦਾਬ ਦੀ ਧੀ ਸੀ, ਅਤੇ ਨਹਸੋਨ ਦੀ ਭੈਣ ਸੀ।) ਹਾਰੂਨ ਅਤੇ ਅਲੀਸ਼ਬਾ ਨੇ ਨਾਦਾਬ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਨੂੰ ਜਨਮ ਦਿੱਤਾ।

24 ਕੋਰਹ ਦੇ ਪੁੱਤਰ, ਕੋਰਾਹੀਆਂ ਦੇ ਪੁਰਖੇ ਸਨ; ਅੱਸੀਰ, ਅਲਕਾਨਾਹ ਅਤੇ ਅਬੀਅਸਾਫ਼।

25 ਹਾਰੂਨ ਦੇ ਪੁੱਤਰ ਅਲਆਜ਼ਾਰ ਨੇ ਫ਼ੂਟੀਏਲ ਦੀ ਧੀ ਨਾਲ ਵਿਆਹ ਕਰਾਇਆ। ਅਤੇ ਉਸ ਨੇ ਫ਼ੀਨਹਾਸ ਨੂੰ ਜਨਮ ਦਿੱਤਾ।

ਇਹ ਸਾਰੇ ਲੋਕ ਇਸਰਾਏਲ ਦੇ ਪੁੱਤਰ, ਲੇਵੀ ਤੋਂ ਸਨ।

26 ਇਹ ਉਹੀ ਹਾਰੂਨ ਅਤੇ ਮੂਸਾ ਸਨ ਜਿਨ੍ਹਾਂ ਨਾਲ ਪਰਮੇਸ਼ੁਰ ਨੇ ਗੱਲ ਕਰਕੇ ਆਖਿਆ, “ਮੇਰੇ ਲੋਕਾਂ ਨੂੰ ਉਨ੍ਹਾਂ ਦੇ ਟੋਲਿਆਂ ਵਿੱਚ ਮਿਸਰ ਤੋਂ ਬਾਹਰ ਲੈ ਚੱਲੋ।” 27 ਹਾਰੂਨ ਅਤੇ ਮੂਸਾ ਹੀ ਉਹ ਆਦਮੀ ਸਨ ਜਿਨ੍ਹਾਂ ਨੇ ਮਿਸਰ ਦੇ ਰਾਜੇ ਫ਼ਿਰਊਨ ਨਾਲ ਗੱਲ ਕੀਤੀ। ਉਨ੍ਹਾਂ ਨੇ ਫ਼ਿਰਊਨ ਨੂੰ ਆਖਿਆ ਕਿ ਉਹ ਇਸਰਾਏਲ ਨੂੰ ਮਿਸਰ ਛੱਡ ਜਾਣ ਦੇਵੇ।

ਪਰਮੇਸ਼ੁਰ ਮੂਸਾ ਨੂੰ ਆਪਣੀ ਗੱਲ ਦੁਹਰਾਉਂਦਾ ਹੈ

28 ਮਿਸਰ ਦੀ ਧਰਤੀ ਉੱਤੇ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ। 29 ਉਸ ਨੇ ਆਖਿਆ, “ਮੈਂ ਯਹੋਵਾਹ ਹਾਂ। ਮਿਸਰ ਦੇ ਰਾਜੇ ਨੂੰ ਉਹ ਹਰ ਗੱਲ ਆਖੀ ਜੋ ਮੈਂ ਤੈਨੂੰ ਆਖਦਾ ਹਾਂ।”

30 ਪਰ ਮੂਸਾ ਨੇ ਜਵਾਬ ਦਿੱਤਾ, “ਮੈਂ ਬਿਨ ਅੜਕਿਆਂ ਨਹੀਂ ਬੋਲ ਸੱਕਦਾ। ਫ਼ਿਰਊਨ ਮੇਰੀ ਗੱਲ ਨੂੰ ਨਹੀਂ ਸੁਣੇਗਾ।”

Punjabi Bible: Easy-to-Read Version (ERV-PA)

2010 by World Bible Translation Center