Beginning
ਮਿਸਰ ਵਿੱਚ ਯਾਕੂਬ ਦਾ ਪਰਿਵਾਰ
1 ਯਾਕੂਬ ਆਪਣੇ ਪੁੱਤਰਾਂ ਨਾਲ ਮਿਸਰ ਵਿੱਚ ਚੱਲਿਆ ਗਿਆ। ਉਸ ਦੇ ਹਰੇਕ ਪੁੱਤਰ ਨਾਲ ਉਸਦਾ ਆਪਣਾ ਪਰਿਵਾਰ ਸੀ। ਇਸਰਾਏਲ ਦੇ ਪੁੱਤਰਾਂ ਦੇ ਨਾਮ ਇਹ ਹਨ; 2 ਰਊਬੇਨ, ਸਿਮਓਨ, ਲੇਵੀ, ਯਹੂਦਾਹ, 3 ਯਿੱਸਾਕਾਰ, ਜ਼ਬੂਲੁਨ, ਬਿਨਯਾਮੀਨ, 4 ਦਾਨ, ਨਫ਼ਤਾਲੀ, ਗਾਦ, ਆਸ਼ੇਰ। 5 ਕੁੱਲ 70 ਲੋਕ ਸਨ, ਜਿਹੜੇ ਯਾਕੂਬ ਦੇ ਉਤਰਾਧਿਕਾਰੀਆਂ ਵਿੱਚੋਂ ਸਨ। (ਯੂਸੁਫ਼ ਵੀ 12 ਪੁੱਤਰਾਂ ਵਿੱਚੋਂ ਇੱਕ ਸੀ, ਪਰ ਉਹ ਪਹਿਲਾਂ ਹੀ ਮਿਸਰ ਵਿੱਚ ਸੀ।)
6 ਬਾਦ ਵਿੱਚ ਯੂਸੁਫ਼, ਉਸ ਦੇ ਭਰਾਵਾਂ ਅਤੇ ਉਸਦੀ ਪੀੜੀ ਦੇ ਸਾਰੇ ਲੋਕਾਂ ਦਾ ਦੇਹਾਂਤ ਹੋ ਗਿਆ। 7 ਪਰ ਇਸਰਾਏਲ ਦੇ ਲੋਕਾਂ ਦੀ ਔਲਾਦ ਬਹੁਤ ਸੀ ਅਤੇ ਉਨ੍ਹਾਂ ਦੀ ਗਿਣਤੀ ਵੱਧਦੀ ਗਈ। ਇਸਰਾਏਲ ਦੇ ਲੋਕ ਤਾਕਤਵਰ ਬਣ ਗਏ, ਅਤੇ ਮਿਸਰ ਦਾ ਦੇਸ਼ ਇਸਰਾਏਲੀਆਂ ਨਾਲ ਭਰ ਗਿਆ।
ਇਸਰਾਏਲ ਦੇ ਲੋਕਾਂ ਲਈ ਮੁਸੀਬਤਾਂ
8 ਫ਼ੇਰ ਇੱਕ ਨਵਾਂ ਰਾਜਾ ਮਿਸਰ ਵਿੱਚ ਰਾਜ ਕਰਨ ਲੱਗਾ। ਇਹ ਰਾਜਾ ਯੂਸੁਫ਼ ਨੂੰ ਨਹੀਂ ਜਾਣਦਾ ਸੀ। 9 ਉਸ ਨੇ ਆਪਣੇ ਲੋਕਾਂ ਨੂੰ ਆਖਿਆ, “ਵੇਖੋ, ਇਸਰਾਏਲ ਦੇ ਲੋਕ ਬਹੁਤ ਸਾਰੇ ਹਨ। ਅਤੇ ਉਹ ਸਾਡੇ ਨਾਲੋਂ ਵੱਧੇਰੇ ਤਾਕਤਵਰ ਹਨ। 10 ਸਾਨੂੰ ਇਸਰਾਏਲੀਆਂ ਨੂੰ ਤਾਕਤਵਰ ਹੋਣ ਤੋਂ ਰੋਕਣ ਦੀਆਂ ਵਿਉਂਤਾਂ ਜ਼ਰੂਰ ਬਨਾਉਣੀਆਂ ਚਾਹੀਦੀਆਂ ਹਨ। ਜੇ ਲੜਾਈ ਹੋਈ, ਤਾਂ ਹੋ ਸੱਕਦਾ ਹੈ ਕਿ ਇਸਰਾਏਲ ਦੇ ਲੋਕ ਸਾਡੇ ਦੁਸ਼ਮਨਾਂ ਨਾਲ ਰਲ ਜਾਣ। ਤਾਂ ਹੋ ਸੱਕਦਾ ਹੈ ਕਿ ਉਹ ਸਾਨੂੰ ਹਰਾ ਦੇਣ ਅਤੇ ਸਾਡੇ ਕੋਲੋਂ ਬਚ ਕੇ ਨਿਕਲ ਜਾਣ।”
11 ਇਸ ਲਈ ਮਿਸਰੀਆਂ ਨੇ ਉਨ੍ਹਾਂ ਨੂੰ ਗੁਲਾਮਾਂ ਵਾਂਗ ਕੰਮ ਕਰਨ ਲਈ ਮਜਬੂਰ ਕੀਤਾ। ਉਨ੍ਹਾਂ ਨੇ ਇਸਰਾਏਲੀਆਂ ਨੂੰ ਸਤਾਉਣ ਲਈ ਉਨ੍ਹਾਂ ਉੱਪਰ ਕੰਮ ਨਿਰੀਖਕ ਨਿਯੁਕਤ ਕਰ ਦਿੱਤੇ। ਜਦੋਂ ਉਹ ਫ਼ਿਰਊਨ ਲਈ ਭੰਡਾਰ ਰੱਖਣ ਵਾਲੇ ਸ਼ਹਿਰ ਫ਼ਿਤੋਮ ਤੇ ਰਾਮਸੇਸ ਉਸਾਰ ਰਹੇ ਸਨ।
12 ਮਿਸਰੀਆਂ ਨੇ ਇਸਰਾਏਲੀਆਂ ਨੂੰ ਔਖੇ ਤੋਂ ਔਖੇ ਕੰਮ ਕਰਨ ਲਈ ਮਜਬੂਰ ਕੀਤਾ। ਪਰ ਇਸਰਾਏਲ ਦੇ ਲੋਕਾਂ ਨੂੰ ਜਿੰਨਾ ਵੱਧੇਰੇ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਉਹ ਓਨਾ ਹੀ ਵੱਧੇਰੇ ਵੱਧੇ ਫ਼ੁੱਲੇ ਤੇ ਫ਼ੈਲੇ। ਅਤੇ ਮਿਸਰੀ ਲੋਕ ਇਸਰਾਏਲ ਦੇ ਲੋਕਾਂ ਤੋਂ ਹੋਰ ਵੱਧੇਰੇ ਡਰ ਗਏ। 13 ਤਾਂ ਮਿਸਰੀਆਂ ਨੇ ਇਸਰਾਏਲ ਦੇ ਲੋਕਾਂ ਨੂੰ ਹੋਰ ਵੀ ਵੱਧੇਰੇ ਸਖਤੀ ਨਾਲ ਕੰਮ ਕਰਨ ਲਈ ਮਜ਼ਬੂਰ ਕੀਤਾ।
14 ਮਿਸਰੀਆਂ ਨੇ ਇਸਰਾਏਲੀਆਂ ਲਈ ਜਿਉਣਾ ਮੁਸ਼ਕਿਲ ਕਰ ਦਿੱਤਾ। ਉਨ੍ਹਾਂ ਨੇ ਇਸਰਾਏਲੀਆਂ ਨੂੰ ਇੱਟਾਂ ਗਾਰੇ ਦਾ ਔਖਾ ਕੰਮ ਕਰਨ ਲਈ ਮਜ਼ਬੂਰ ਕੀਤਾ। ਉਨ੍ਹਾਂ ਨੇ ਉਨ੍ਹਾਂ ਨੂੰ ਖੇਤਾਂ ਵਿੱਚ ਵੀ ਔਖੇ ਕੰਮ ਕਰਨ ਲਈ ਮਜ਼ਬੂਰ ਕੀਤਾ। ਉਨ੍ਹਾਂ ਨੇ ਉਨ੍ਹਾਂ ਦੇ ਹਰ ਕੰਮ ਵਿੱਚ ਸਖਤ ਮਿਹਨਤ ਨਾਲ ਕੰਮ ਕਰਨ ਲਈ ਮਜ਼ਬੂਰ ਕੀਤਾ।
ਉਹ ਦਾਈਆਂ ਜਿਹੜੀਆਂ ਪਰਮੇਸ਼ੁਰ ਦੇ ਰਾਹ ਤੁਰੀਆਂ
15 ਦੋ ਦਾਈਆਂ ਸਨ ਜਿਹੜੀਆਂ ਇਸਰਾਏਲੀ ਔਰਤਾਂ ਨੂੰ ਬੱਚੇ ਜੰਮਣ ਵਿੱਚ ਸਹਾਇਤਾ ਕਰਦੀਆਂ ਸਨ। ਉਨ੍ਹਾਂ ਦੇ ਨਾਮ ਸਨ ਸਿਫ਼ਰਾਹ ਤੇ ਫ਼ੂਆਹ। ਮਿਸਰ ਦੇ ਰਾਜੇ ਨੇ ਦਾਈਆਂ ਨਾਲ ਗੱਲ ਕੀਤੀ। 16 ਰਾਜੇ ਨੇ ਆਖਿਆ, “ਤੁਸੀਂ ਇਬਰਾਨੀ ਔਰਤਾਂ ਦੀ ਬੱਚੇ ਜੰਮਣ ਵਿੱਚ ਸਹਾਇਤਾ ਕਰਦੀਆਂ ਰਹੋਂਗੀਆਂ। ਜੇ ਕੁੜੀ ਜੰਮੇ ਤਾਂ ਉਸ ਨੂੰ ਜਿਉਣ ਦਿਓ ਪਰ ਜੇ ਮੁੰਡਾ ਜੰਮੇ ਤਾਂ ਤੁਸੀਂ ਉਸ ਨੂੰ ਜ਼ਰੂਰ ਮਾਰ ਦਿਓ।”
17 ਪਰ ਦਾਈਆਂ ਨੇ ਪਰਮੇਸ਼ੁਰ ਤੇ ਭਰੋਸਾ ਰੱਖਿਆ ਅਤੇ ਉਹ ਨਹੀਂ ਕੀਤਾ ਜੋ ਮਿਸਰ ਦੇ ਰਾਜੇ ਨੇ ਉਨ੍ਹਾਂ ਨੂੰ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਮੁੰਡਿਆਂ ਨੂੰ ਜਿਉਣ ਦਿੱਤਾ।
18 ਮਿਸਰ ਦੇ ਰਾਜੇ ਨੇ ਦਾਈਆਂ ਨੂੰ ਸੱਦਿਆ ਅਤੇ ਉਨ੍ਹਾਂ ਨੂੰ ਆਖਿਆ, “ਤੁਸੀਂ ਅਜਿਹਾ ਕਿਉਂ ਕੀਤਾ? ਤੁਸੀਂ ਮੁੰਡਿਆਂ ਨੂੰ ਕਿਉਂ ਜਿਉਂਦਿਆਂ ਛੱਡ ਦਿੱਤਾ?”
19 ਦਾਈਆਂ ਨੇ ਫ਼ਿਰਊਨ ਨੂੰ ਆਖਿਆ, “ਇਬਰਾਨੀ ਔਰਤਾਂ ਮਿਸਰੀ ਔਰਤਾਂ ਨਾਲੋਂ ਵੱਧ ਤਾਕਤਵਰ ਹਨ। ਉਹ ਸਾਡੇ ਉੱਥੇ ਪਹੁੰਚ ਕੇ ਉਨ੍ਹਾਂ ਦੀ ਮਦਦ ਕਰਨ ਤੋਂ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਜਨਮ ਦੇ ਦਿੰਦੀਆਂ ਹਨ।” 20-21 ਇਸ ਲਈ ਪਰਮੇਸ਼ੁਰ ਨੇ ਦਾਈਆਂ ਦਾ ਭਲਾ ਕੀਤਾ, ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਦਿੱਤੇ ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਨੂੰ ਸਨਮਾਨ ਦਿੱਤਾ ਅਤੇ ਉਸ ਤੋਂ ਭੈ ਖਾਧਾ।
ਇਬਰਾਨੀਆਂ ਦੇ ਬੱਚਿਆਂ ਨੇ ਜਨਮ ਲੈਣਾ ਜਾਰੀ ਰੱਖਿਆ ਅਤੇ ਉਨ੍ਹਾਂ ਦੀ ਗਿਣਤੀ ਵੱਧਦੀ ਗਈ ਅਤੇ ਉਹ ਬਹੁਤ ਸ਼ਕਤੀਸ਼ਾਲੀ ਬਣ ਗਏ। 22 ਇਸ ਲਈ ਫ਼ਿਰਊਨ ਨੇ ਆਪਣੇ ਸਾਰੇ ਲੋਕਾਂ ਨੂੰ ਇਹ ਹੁਕਮ ਦਿੱਤਾ; “ਸਾਰੀਆਂ ਕੁੜੀਆਂ ਨੂੰ ਜਿਉਂਦਿਆਂ ਰਹਿਣ ਦਿਓ। ਪਰ ਜਦੋਂ ਵੀ ਕੋਈ ਮੁੰਡਾ ਜਨਮੇ ਉਸ ਨੂੰ ਅਵੱਸ਼ ਹੀ ਨੀਲ ਨਦੀ ਵਿੱਚ ਸੁੱਟ ਦਿਓ।”
ਮੂਸਾ ਦਾ ਜਨਮ
2 ਲੇਵੀ ਦੇ ਪਰਿਵਾਰ ਵਿੱਚੋਂ ਇੱਕ ਆਦਮੀ ਸੀ। ਉਸ ਨੇ ਇੱਕ ਔਰਤ ਨਾਲ ਸ਼ਾਦੀ ਕੀਤੀ ਸੀ ਜੋ ਲੇਵੀ ਦੇ ਪਰਿਵਾਰ ਵਿੱਚੋਂ ਹੀ ਸੀ। 2 ਔਰਤ ਗਰਭਵਤੀ ਹੋਈ, ਅਤੇ ਉਸ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ। ਮਾਂ ਨੇ ਦੇਖਿਆ ਕਿ ਬੱਚਾ ਬਹੁਤ ਸੁਹਣਾ ਸੀ, ਅਤੇ ਉਸ ਨੇ ਉਸ ਨੂੰ ਤਿੰਨ ਮਹੀਨੇ ਤੱਕ ਲੁਕਾਈ ਰੱਖਿਆ। 3 ਮਾਂ ਡਰਦੀ ਸੀ ਕਿ ਬੱਚੇ ਦਾ ਜ਼ਰੂਰ ਪਤਾ ਚੱਲ ਜਾਵੇਗਾ ਅਤੇ ਉਸ ਨੂੰ ਮਾਰ ਦਿੱਤਾ ਜਾਵੇਗਾ ਕਿਉਂਕਿ ਉਹ ਮੁੰਡਾ ਸੀ। ਤਿੰਨਾ ਮਹੀਨਿਆਂ ਮਗਰੋਂ ਉਸ ਨੇ ਇੱਕ ਟੋਕਰਾ ਬਣਾਇਆ ਅਤੇ ਉਸ ਉੱਪਰ ਇੱਕ ਲੇਪ ਲਗਾਇਆ ਤਾਂ ਕਿ ਉਹ ਪਾਣੀ ਵਿੱਚ ਤਰ ਸੱਕੇ। ਉਸ ਨੇ ਬੱਚੇ ਨੂੰ ਟੋਕਰੇ ਵਿੱਚ ਰੱਖ ਦਿੱਤਾ। ਫ਼ੇਰ ਉਸ ਨੇ ਟੋਕਰੇ ਨੂੰ ਨਦੀ ਵਿੱਚਲੀ ਕਾਹੀ ਦੇ ਅੰਦਰ ਰੱਖ ਦਿੱਤਾ। 4 ਬੱਚੇ ਦੀ ਭੈਣ ਇਹ ਵੇਖਣ ਲਈ ਉੱਥੇ ਥੋੜੀ ਦੂਰ ਤੇ ਹੀ ਖੜੀ ਹੋ ਗਈ ਕਿ ਬੱਚੇ ਨਾਲ ਕੀ ਵਾਪਰੇਗਾ।
5 ਓਸੇ ਵੇਲੇ, ਫ਼ਿਰਊਨ ਦੀ ਧੀ ਨਦੀ ਉੱਤੇ ਨਹਾਉਣ ਲਈ ਆਈ। ਉਸ ਨੇ ਕਾਹੀ ਅੰਦਰ ਟੋਕਰਾ ਦੇਖਿਆ। ਉਸ ਦੀਆਂ ਦਾਸੀਆਂ ਨਦੀ ਕੰਢੇ ਤੁਰ ਰਹੀਆਂ ਸਨ। ਇਸ ਲਈ ਉਸ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਆਖਿਆ ਕਿ ਟੋਕਰਾ ਲੈ ਕੇ ਆ। 6 ਉਸ ਨੇ ਟੋਕਰਾ ਖੋਲ੍ਹਿਆ ਅਤੇ ਬੱਚੇ ਨੂੰ ਦੇਖਿਆ, ਜੋ ਕਿ ਰੋ ਰਿਹਾ ਸੀ। ਉਸ ਨੂੰ ਉਸ ਉੱਤੇ ਤਰਸ ਆ ਗਿਆ। ਉਸ ਨੇ ਆਖਿਆ; ਇਹ ਇਬਰਾਨੀ ਬੱਚਿਆਂ ਵਿੱਚੋਂ ਇੱਕ ਹੈ।
7 ਬੱਚੇ ਦੀ ਭੈਣ ਨੇ ਖਢ਼ੀ ਹੋਕੇ ਫ਼ਿਰਊਨ ਦੀ ਧੀ ਨੂੰ ਪੁੱਛਿਆ, “ਕੀ ਤੂੰ ਚਾਹੁੰਦੀ ਹੈਂ ਕਿ ਮੈਂ ਕਿਸੇ ਇਬਰਾਨੀ ਔਰਤ ਨੂੰ ਲੱਭਕੇ ਲਿਆਵਾਂ ਜਿਹੜੀ ਬੱਚੇ ਨੂੰ ਦੁੱਧ ਚੁਂਘਾ ਸੱਕੇ ਅਤੇ ਇਸਦੀ ਦੇਖ-ਭਾਲ ਕਰਨ ਵਿੱਚ ਤੇਰੀ ਸਹਾਇਤਾ ਕਰ ਸੱਕੇ?”
8 ਰਾਜੇ ਦੀ ਧੀ ਨੇ ਆਖਿਆ, “ਹਾਂ, ਮਿਹਰਬਾਨੀ ਕਰਕੇ।”
ਇਸ ਲਈ ਕੁੜੀ ਗਈ ਅਤੇ ਬੱਚੇ ਦੀ ਆਪਣੀ ਮਾਂ ਨੂੰ ਲੈ ਆਈ।
9 ਰਾਜੇ ਦੀ ਧੀ ਨੇ ਮਾਂ ਨੂੰ ਆਖਿਆ, “ਇਸ ਬੱਚੇ ਨੂੰ ਚੁੱਕ ਲੈ ਅਤੇ ਮੇਰੀ ਖਾਤਰ ਇਸ ਨੂੰ ਦੁੱਧ ਚੁੰਘਾ। ਮੈਂ ਇਸਦੀ ਦੇਖ-ਭਾਲ ਕਰਨ ਲਈ ਤੈਨੂੰ ਮਜ਼ਦੂਰੀ ਦੇਵਾਂਗੀ।”
ਇਸ ਲਈ ਔਰਤ ਨੇ ਆਪਣਾ ਬੱਚਾ ਚੁੱਕ ਲਿਆ ਅਤੇ ਉਸਦੀ ਦੇਖ-ਭਾਲ ਕੀਤੀ। 10 ਬੱਚਾ ਵੱਡਾ ਹੋ ਗਿਆ, ਅਤੇ ਕੁਝ ਸਮੇਂ ਬਾਦ, ਔਰਤ ਨੇ ਬੱਚਾ ਰਾਜੇ ਦੀ ਧੀ ਨੂੰ ਦੇ ਦਿੱਤਾ। ਰਾਜੇ ਧੀ ਨੇ ਬੱਚੇ ਨੂੰ ਆਪਣੇ ਪੁੱਤਰ ਵਜੋਂ ਪ੍ਰਵਾਨ ਕਰ ਲਿਆ। ਉਸ ਨੇ ਉਸਦਾ ਨਾਮ ਮੂਸਾ ਰੱਖਿਆ, ਕਿਉਂਕਿ ਉਸ ਨੇ ਉਸ ਨੂੰ ਪਾਣੀ ਵਿੱਚੋਂ ਕੱਢਿਆ ਸੀ।
ਮੂਸਾ ਆਪਣੇ ਲੋਕਾਂ ਦੀ ਸਹਾਇਤਾ ਕਰਦਾ
11 ਮੂਸਾ ਵੱਡਾ ਹੋਇਆ। ਇੱਕ ਦਿਨ ਉਹ ਆਪਣੇ ਇਬਰਾਨੀ ਲੋਕਾਂ ਕੋਲ ਗਿਆ ਅਤੇ ਵੇਖਿਆ ਕਿਵੇਂ ਉਨ੍ਹਾਂ ਨੂੰ ਸਖਤ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ। ਉਸੇ ਸਮੇਂ, ਉਸ ਨੇ ਇੱਕ ਮਿਸਰੀ ਆਦਮੀ ਨੂੰ ਇਬਰਾਨੀ ਬੰਦੇ ਨੂੰ ਕੁੱਟਦਿਆਂ ਵੇਖਿਆ। 12 ਮੂਸਾ ਨੇ ਆਲੇ-ਦੁਆਲੇ ਦੇਖਿਆ ਅਤੇ ਉਸ ਨੇ ਦੇਖਿਆ ਕਿ ਕੋਈ ਵੀ ਨਹੀਂ ਦੇਖ ਰਿਹਾ ਸੀ। ਫ਼ੇਰ ਮੂਸਾ ਨੇ ਮਿਸਰੀ ਨੂੰ ਮਾਰ ਦਿੱਤਾ ਅਤੇ ਉਸ ਨੂੰ ਰੇਤੇ ਵਿੱਚ ਦਫ਼ਨਾ ਦਿੱਤਾ।
13 ਅਗਲੇ ਦਿਨ ਮੂਸਾ ਨੇ ਦੋ ਇਬਰਾਨੀ ਬੰਦਿਆਂ ਨੂੰ ਦੇਖਿਆ ਜੋ ਆਪਸ ਵਿੱਚ ਲੜ ਰਹੇ ਸਨ। ਮੂਸਾ ਨੇ ਦੇਖਿਆ ਕਿ ਇੱਕ ਆਦਮੀ ਗਲਤ ਸੀ। ਮੂਸਾ ਨੇ ਉਸ ਆਦਮੀ ਨੂੰ ਆਖਿਆ, “ਤੂੰ ਆਪਣੇ ਗੁਆਂਢੀ ਨੂੰ ਕਿਉਂ ਦੁੱਖ ਦੇ ਰਿਹਾ ਹੈਂ?”
14 ਆਦਮੀ ਨੇ ਜਵਾਬ ਦਿੱਤਾ, “ਕੀ ਤੈਨੂੰ ਕਿਸੇ ਨੇ ਆਖਿਆ ਹੈ ਕਿ ਤੂੰ ਸਾਡਾ ਨਿਆਂਕਾਰ ਹੋਵੇਂ? ਨਹੀਂ। ਮੈਨੂੰ ਦੱਸ, ਕੀ ਤੂੰ ਮੈਨੂੰ ਉਸੇ ਤਰ੍ਹਾਂ ਮਾਰ ਦੇਵੇਂਗਾ ਜਿਵੇਂ ਕੱਲ ਤੂੰ ਮਿਸਰੀ ਨੂੰ ਮਾਰਿਆ ਸੀ?”
ਤਾਂ ਮੂਸਾ ਡਰ ਗਿਆ। ਮੂਸਾ ਨੇ ਦਿਲ ਵਿੱਚ ਸੋਚਿਆ, “ਹੁਣ ਤਾਂ ਹਰ ਕੋਈ ਜਾਣਦਾ ਹੈ ਕਿ ਮੈਂ ਕੀ ਕੀਤਾ ਹੈ।”
15 ਜਦੋਂ ਫ਼ਿਰਊਨ ਨੇ ਮੂਸਾ ਦੀ ਇਸ ਹਰਕਤ ਬਾਰੇ ਸੁਣਿਆ, ਉਸ ਨੇ ਉਸ ਨੂੰ ਮਾਰ ਦੇਣ ਦਾ ਨਿਆਂ ਕਰ ਲਿਆ। ਪਰ ਮੂਸਾ ਫ਼ਿਰਊਨ ਤੋਂ ਦੂਰ ਨੱਸ ਗਿਆ ਅਤੇ ਮਿਦਯਾਨ ਦੀ ਧਰਤੀ ਤੇ ਠਹਿਰ ਗਿਆ। ਉਹ ਇੱਕ ਖੂਹ ਦੇ ਨੇੜੇ ਬੈਠ ਗਿਆ।
ਮੂਸਾ ਮਿਦਯਾਨ ਵਿੱਚ
ਮੂਸਾ ਮਿਦਯਾਨ ਵਿੱਚ ਇੱਕ ਖੂਹ ਤੇ ਜਾਕੇ ਰੁਕ ਗਿਆ। 16 ਮਿਦਯਾਨ ਵਿੱਚ ਇੱਕ ਜਾਜਕ ਸੀ ਜਿਸਦੀਆਂ ਸੱਤ ਧੀਆਂ ਸਨ। ਉਹ ਕੁੜੀਆਂ ਆਪਣੇ ਪਿਤਾ ਦੀਆਂ ਭੇਡਾਂ ਲਈ ਪਾਣੀ ਭਰਨ ਵਾਸਤੇ ਉਸ ਖੂਹ ਤੇ ਆਈਆਂ। ਉਹ ਚੁਬੱਚੇ ਵਿੱਚ ਪਾਣੀ ਭਰਨ ਦੀ ਕੋਸ਼ਿਸ਼ ਕਰ ਰਹੀਆਂ ਸਨ। 17 ਪਰ ਉੱਥੇ ਕੁਝ ਅਯਾਲੀ ਸਨ ਜਿਨ੍ਹਾਂ ਨੇ ਕੁੜੀਆਂ ਨੂੰ ਦੂਰ ਭਜਾ ਦਿੱਤਾ ਅਤੇ ਉਨ੍ਹਾਂ ਨੂੰ ਪਾਣੀ ਨਹੀਂ ਭਰਨ ਦਿੱਤਾ। ਇਸ ਲਈ ਮੂਸਾ ਨੇ ਕੁੜੀਆਂ ਦੀ ਸਹਾਇਤਾ ਕੀਤੀ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਪਾਣੀ ਦਿੱਤਾ।
18 ਤਾਂ ਉਹ ਆਪਣੇ ਪਿਤਾ, ਰਊਏਲ ਕੋਲ ਵਾਪਸ ਚਲੀਆਂ ਗਈਆਂ। ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਖਿਆ, “ਅੱਜ ਤੁਸੀਂ ਛੇਤੀ ਘਰ ਆ ਗਈਆਂ ਹੋ।”
19 ਕੁੜੀਆਂ ਨੇ ਜਵਾਬ ਦਿੱਤਾ, “ਹਾਂ ਜੀ, ਅਯਾਲੀਆਂ ਨੇ ਸਾਨੂੰ ਦੂਰ ਭਜਾਉਣ ਦੀ ਕੋਸ਼ਿਸ਼ ਕੀਤੀ। ਪਰ ਇੱਕ ਮਿਸਰੀ ਆਦਮੀ ਨੇ ਸਾਡੀ ਮਦਦ ਕੀਤੀ। ਉਸ ਨੇ ਸਾਡੇ ਲਈ ਪਾਣੀ ਲਿਆਂਦਾ ਅਤੇ ਸਾਡੇ ਪਸ਼ੂਆਂ ਨੂੰ ਵੀ ਪਿਲਾਇਆ।”
20 ਇਸ ਲਈ ਰਊਏਲ ਨੇ ਆਪਣੀਆਂ ਧੀਆਂ ਨੂੰ ਆਖਿਆ, “ਕਿੱਥੇ ਹੈ ਉਹ ਆਦਮੀ? ਤੁਸੀਂ ਉਸ ਨੂੰ ਛੱਡ ਕੇ ਕਿਉਂ ਆ ਗਈਆਂ? ਉਸ ਨੂੰ ਇੱਥੋਂ ਸੱਦੋ ਅਤੇ ਉਸ ਨੂੰ ਸਾਡੇ ਨਾਲ ਖਾਣਾ ਖੁਆਓ।”
21 ਮੂਸਾ ਉਸ ਆਦਮੀ ਕੋਲ ਠਹਿਰ ਕੇ ਖੁਸ਼ ਸੀ। ਰਊਏਲ ਨੇ ਮੂਸਾ ਨੂੰ ਆਪਣੀ ਧੀ ਸਿੱਪੋਰਾ ਵਿਆਹ ਦਿੱਤੀ। 22 ਸਿੱਪੋਰਾ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ। ਅਤੇ ਮੂਸਾ ਨੇ ਉਸਦਾ ਨਾਮ ਗੇਰਸ਼ੋਮ ਰੱਖਿਆ। ਮੂਸਾ ਨੇ ਆਪਣੇ ਪੁੱਤਰ ਨੂੰ ਇਹ ਨਾਮ ਇਸ ਲਈ ਦਿੱਤਾ ਕਿ ਉਹ ਇੱਕ ਪਰਾਈ ਧਰਤੀ ਉੱਤੇ ਅਜਨਬੀ ਸੀ।
ਪਰਮੇਸ਼ੁਰ ਇਸਰਾਏਲ ਦੀ ਸਹਾਇਤਾ ਕਰਨ ਦਾ ਨਿਆਂ ਕਰਦਾ ਹੈ
23 ਬਹੁਤ ਸਮਾਂ ਬੀਤ ਗਿਆ ਅਤੇ ਮਿਸਰ ਦਾ ਰਾਜਾ ਮਰ ਗਿਆ। ਪਰ ਇਸਰਾਏਲ ਦੇ ਲੋਕਾਂ ਨੂੰ ਹਾਲੇ ਵੀ ਸਖਤ ਮਿਹਨਤ ਦਾ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ। ਉਨ੍ਹਾਂ ਨੇ ਸਹਾਇਤਾ ਲਈ ਪੁਕਾਰ ਕੀਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਪੁਕਾਰ ਸੁਣ ਲਈ। 24 ਪਰਮੇਸ਼ੁਰ ਨੇ ਉਨ੍ਹਾਂ ਦੀਆਂ ਕਰਾਹਾਂ ਸੁਣੀਆਂ ਅਤੇ ਉਸ ਨੇ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ ਚੇਤੇ ਕੀਤਾ। 25 ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਦੀਆਂ ਮੁਸੀਬਤਾਂ ਦੇਖਿਆਂ, ਅਤੇ ਉਹ ਜਾਣਦਾ ਸੀ ਕਿ ਉਸ ਨੂੰ ਕੀ ਕਰਨਾ ਚਾਹੀਦਾ।
ਬਲਦੀ ਹੋਈ ਝਾੜੀ
3 ਮੂਸਾ ਦੇ ਸੌਹਰੇ ਦਾ ਨਾ ਯਿਥਰੋ ਸੀ। (ਯਿਥਰੋ ਮਿਦਯਾਨ ਦਾ ਜਾਜਕ ਸੀ।) ਮੂਸਾ ਯਿਥਰੋ ਦੀਆਂ ਭੇਡਾਂ ਦੀ ਰੱਖਵਾਲੀ ਕਰਦਾ ਸੀ। ਇੱਕ ਦਿਨ ਮੂਸਾ ਭੇਡਾਂ ਨੂੰ ਮਾਰੂਥਲ ਦੇ ਪੱਛਮ ਵਾਲੇ ਪਾਸੇ ਲੈ ਗਿਆ। ਮੂਸਾ ਹੋਰੇਬ (ਸਿਨਈ) ਨਾਂ ਦੇ ਪਰਬਤ ਉੱਪਰ ਗਿਆ, ਜਿਹੜਾ ਪਰਮੇਸ਼ੁਰ ਦਾ ਪਰਬਤ ਸੀ। 2 ਉਸ ਪਰਬਤ ਉੱਤੇ, ਮੂਸਾ ਨੇ ਯਹੋਵਾਹ ਦੇ ਦੂਤ ਨੂੰ ਬਲਦੀ ਹੋਈ ਝਾੜੀ ਵਿੱਚ ਦੇਖਿਆ। ਇਹ ਇਉਂ ਵਾਪਰਿਆ।
ਮੂਸਾ ਨੇ ਇੱਕ ਝਾੜੀ ਦੇਖੀ ਜਿਹੜੀ ਭਸਮ ਹੋਣ ਤੋਂ ਬਿਨਾ ਬਲ ਰਹੀ ਸੀ। 3 ਇਸ ਲਈ ਮੂਸਾ ਨੇ ਝਾੜੀ ਦੇ ਨੇੜੇ ਜਾਣ ਤੇ ਇਹ ਦੇਖਣ ਦਾ ਨਿਆਂ ਕੀਤਾ ਕਿ ਕੋਈ ਝਾੜੀ ਭਸਮ ਹੋਣ ਤੋਂ ਬਿਨਾ ਬਲਦੀ ਕਿਵੇਂ ਰਹਿ ਸੱਕਦੀ ਹੈ।
4 ਯਹੋਵਾਹ ਨੇ ਦੇਖਿਆ ਕਿ ਮੂਸਾ ਝਾੜੀ ਵੱਲ ਦੇਖਣ ਲਈ ਆ ਰਿਹਾ ਸੀ। ਇਸ ਲਈ ਪਰਮੇਸ਼ੁਰ ਨੇ ਮੂਸਾ ਨੂੰ ਝਾੜੀ ਵਿੱਚੋਂ ਅਵਾਜ਼ ਦਿੱਤੀ। ਪਰਮੇਸ਼ੁਰ ਨੇ ਆਖਿਆ, “ਮੂਸਾ, ਮੂਸਾ।”
ਅਤੇ ਮੂਸਾ ਨੇ ਆਖਿਆ, “ਹਾਂ ਯਹੋਵਾਹ।”
5 ਤਾਂ ਯਹੋਵਾਹ ਨੇ ਆਖਿਆ, “ਹੋਰ ਨੇੜੇ ਨਾ ਆਵੀਂ। ਆਪਣੀਆਂ ਜੁੱਤੀਆਂ ਲਾਹ ਲੈ। ਜਿਸ ਥਾਂ ਉੱਤੇ ਤੂੰ ਖਲੋਤਾ ਹੈਂ, ਉਹ ਮੇਰੇ ਇਸ ਥਾਂ ਤੇ ਹੋਣ ਕਾਰਣ ਪਵਿੱਤਰ ਹੈ। 6 ਮੈਂ ਤੇਰੇ ਪੁਰਖਿਆਂ ਦਾ ਪਰਮੇਸ਼ੁਰ ਹਾਂ। ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਤੇ ਯਾਕੂਬ ਦਾ ਪਰਮੇਸ਼ੁਰ ਹਾਂ।”
ਮੂਸਾ ਨੇ ਆਪਣਾ ਚਿਹਰਾ ਕੱਜ ਲਿਆ ਕਿਉਂਕਿ ਉਹ ਪਰਮੇਸ਼ੁਰ ਵੱਲ ਦੇਖਣ ਤੋਂ ਡਰਦਾ ਸੀ।
7 ਤਾਂ ਯਹੋਵਾਹ ਨੇ ਆਖਿਆ, “ਮੈਂ ਆਪਣੇ ਲੋਕਾਂ ਦੀਆਂ ਉਹ ਮੁਸੀਬਤਾਂ ਦੇਖੀਆਂ ਹਨ ਜੋ ਉਨ੍ਹਾਂ ਨੇ ਮਿਸਰ ਵਿੱਚ ਝੱਲੀਆਂ ਹਨ। ਅਤੇ ਜਦੋਂ ਮਿਸਰੀਆਂ ਨੇ ਉਨ੍ਹਾਂ ਨੂੰ ਦੁੱਖ ਦਿੱਤੇ ਮੈਂ ਉਨ੍ਹਾਂ ਦੀ ਪੁਕਾਰ ਸੁਣ ਲਈ ਹੈ। ਮੈਨੂੰ ਉਨ੍ਹਾਂ ਦੇ ਦੁੱਖ ਦਾ ਪਤਾ ਹੈ। 8 ਹੁਣ ਮੈਂ ਹੇਠਾਂ ਜਾਵਾਂਗਾ ਅਤੇ ਆਪਣੇ ਲੋਕਾਂ ਨੂੰ ਮਿਸਰੀਆਂ ਤੋਂ ਬਚਾਵਾਂਗਾ। ਮੈਂ ਉਨ੍ਹਾਂ ਨੂੰ ਇਸ ਧਰਤੀ ਤੋਂ ਕੱਢ ਕੇ ਉਸ ਧਰਤੀ ਤੇ ਲੈ ਜਾਵਾਂਗਾ ਜੋ ਚੰਗੀ ਅਤੇ ਵਿਸ਼ਾਲ ਹੈ ਅਤੇ ਦੁੱਧ ਅਤੇ ਸ਼ਹਿਦ ਜਿਹੀਆਂ ਚੰਗੀਆਂ ਚੀਜ਼ਾਂ ਨਾਲ ਭਰਪੂਰ ਹੈ। ਭਿੰਨ-ਭਿੰਨ ਕੌਮਾਂ ਦੇ ਲੋਕ ਉੱਥੇ ਰਹਿੰਦੇ ਹਨ, ਉਹ ਹਨ; ਕਨਾਨੀ, ਹਿੱਤੀ, ਅਮੋਰੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀ। 9 ਮੈਂ ਇਸਰਾਏਲ ਦੇ ਲੋਕਾਂ ਦੀ ਪੁਕਾਰ ਸੁਣ ਲਈ ਹੈ। ਮੈਂ ਦੇਖ ਲਿਆ ਹੈ ਕਿ ਮਿਸਰੀਆਂ ਨੇ ਕਿਵੇਂ ਉਨ੍ਹਾਂ ਦਾ ਜਿਉਣਾ ਹਰਾਮ ਕਰ ਦਿੱਤਾ ਹੈ। 10 ਇਸ ਲਈ ਹੁਣ ਮੈਂ ਤੈਨੂੰ ਫ਼ਿਰਊਨ ਵੱਲ ਭੇਜ ਰਿਹਾ ਹਾਂ। ਜਾਹ, ਮੇਰੇ ਬੰਦਿਆਂ, ਇਸਰਾਏਲ ਦੇ ਲੋਕਾਂ ਦੀ ਮਿਸਰ ਤੋਂ ਬਾਹਰ ਜਾਣ ਵਿੱਚ ਅਗਵਾਈ ਕਰ।”
11 ਪਰ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਮੈਂ ਕੋਈ ਵੱਡਾ ਆਦਮੀ ਨਹੀਂ ਹਾਂ। ਫ਼ਿਰਊਨ ਕੋਲ ਜਾਣ ਵਾਲਾ ਅਤੇ ਇਸਰਾਏਲ ਦੇ ਲੋਕਾਂ ਦੀ ਮਿਸਰ ਤੋਂ ਬਾਹਰ ਅਗਵਾਈ ਕਰਨ ਵਾਲਾ ਬੰਦਾ ਮੈਂ ਕਿਵੇਂ ਹੋ ਸੱਕਦਾ ਹਾਂ?”
12 ਪਰਮੇਸ਼ੁਰ ਨੇ ਆਖ਼ਿਆ, “ਤੂੰ ਅਜਿਹਾ ਕਰ ਸੱਕਦਾ ਹੈਂ ਕਿਉਂਕਿ ਮੈਂ ਤੇਰੇ ਅੰਗ-ਸੰਗ ਹੋਵਾਂਗਾ। ਇਹ ਸਬੂਤ ਹੋਵੇਗਾ ਕਿ ਮੈਂ ਤੈਨੂੰ ਭੇਜ ਰਿਹਾ ਹਾਂ; ਜਦੋਂ ਤੂੰ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਵੇਂਗਾ, ਤੂੰ ਆਕੇ ਇਸ ਪਰਬਤ ਤੇ ਮੇਰੀ ਉਪਾਸਨਾ ਕਰੇਂਗਾ।”
13 ਤਾਂ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਪਰ ਜੇ ਮੈਂ ਇਸਰਾਏਲ ਦੇ ਲੋਕਾਂ ਕੋਲ ਜਾਵਾਂ ਤੇ ਉਨ੍ਹਾਂ ਨੂੰ ਆਖਾਂ, ‘ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਮੈਨੂੰ ਭੇਜਿਆ ਹੈ।’ ਤਾਂ ਲੋਕ ਪੁੱਛਣਗੇ, ‘ਉਸਦਾ ਕੀ ਨਾਮ ਹੈ?’ ਮੈਂ ਉਨ੍ਹਾਂ ਨੂੰ ਕੀ ਦੱਸਾਂ?”
14 ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਉਨ੍ਹਾਂ ਨੂੰ ਦੱਸੀ ‘ਮੈਂ ਹਾ ਜੋ ਮੈਂ ਹਾਂ’ ਜਦੋਂ ਤੂੰ ਇਸਰਾਏਲ ਦੇ ਲੋਕਾਂ ਕੋਲ ਜਾਵੇ ਤਾਂ ਉਨ੍ਹਾਂ ਨੂੰ ਆਖੀਂ ‘ਮੈਂ ਹਾਂ’ ਨੇ ਮੈਨੂੰ ਤੁਹਾਡੇ ਵੱਲ ਭੇਜਿਆ ਹੈ।” 15 ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਤੈਨੂੰ ਲੋਕਾਂ ਨੂੰ ਇਹ ਆਖਣਾ ਚਾਹੀਦਾ ਹੈ; ‘ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹੈ। ਮੇਰਾ ਨਾਮ ਹਮੇਸ਼ਾ ਯਾਹਵੇਹ ਹੋਵੇਗਾ। ਇਸੇ ਤਰ੍ਹਾਂ ਲੋਕ ਪੀੜੀਆਂ ਦਰ ਪੀੜੀਆਂ ਤੱਕ ਮੈਨੂੰ ਜਾਨਣਗੇ।’ ਲੋਕਾਂ ਨੂੰ ਦੱਸ, ‘ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।’”
16 ਯਹੋਵਾਹ ਨੇ ਇਹ ਵੀ ਆਖਿਆ, “ਜਾਹ ਅਤੇ ਲੋਕਾਂ ਦੇ ਬਜ਼ੁਰਗਾਂ ਨੂੰ ਇੱਕਸਾਥ ਇਕੱਠਿਆਂ ਕਰ ਅਤੇ ਉਨ੍ਹਾਂ ਨੂੰ ਦੱਸ, ‘ਯਾਹਵੇਹ, ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ, ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ੁਰ ਮੈਨੂੰ ਪ੍ਰਗਟ ਹੋਇਆ ਅਤੇ ਉਸ ਨੇ ਆਖਿਆ; ਮੈਂ ਤੁਹਾਡੇ ਅਤੇ ਉਨ੍ਹਾਂ ਗੱਲਾਂ ਵੱਲ ਧਿਆਨ ਦਿੱਤਾ ਹੈ ਜੋ ਤੁਹਾਡੇ ਨਾਲ ਮਿਸਰ ਵਿੱਚ ਵਾਪਰ ਰਹੀਆਂ ਹਨ। 17 ਅਤੇ ਮੈਂ ਨਿਆਂ ਕੀਤਾ ਹੈ ਕਿ ਮੈਂ ਤੁਹਾਨੂੰ ਉਨ੍ਹਾਂ ਮੁਸੀਬਤਾਂ ਵਿੱਚੋਂ ਕੱਢ ਲਵਾਂ ਜਿਹੜੀਆਂ ਤੁਸੀਂ ਮਿਸਰ ਵਿੱਚ ਸਹਾਰ ਰਹੇ ਹੋ। ਮੈਂ ਤੁਹਾਨੂੰ ਉਸ ਧਰਤੀ ਤੇ ਲੈ ਜਾਵਾਂਗਾ ਜਿਹੜੀ ਹੁਣ ਬਹੁਤ ਸਾਰੇ ਲੋਕਾਂ; ਕਨਾਨੀਆਂ, ਹਿੱਤੀਆਂ, ਅਮੋਰੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੀ ਹੈ। ਮੈਂ ਤੁਹਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਤੇ ਲੈ ਜਾਵਾਂਗਾ।’
18 “ਬਜ਼ੁਰਗ ਤੇਰੀ ਗੱਲ ਸੁਣਨਗੇ। ਤੂੰ ਤੇ ਬਜ਼ੁਰਗ ਵੀ ਮਿਸਰ ਦੇ ਰਾਜੇ ਕੋਲ ਜਾਵੋਂਗੇ ਅਤੇ ਉਸ ਨੂੰ ਦੱਸੋਂਗੇ, ‘ਯਹੋਵਾਹ ਇਬਰਾਨੀ ਲੋਕਾਂ ਦਾ ਪਰਮੇਸ਼ੁਰ ਸਾਡੇ ਕੋਲ ਆਇਆ ਅਤੇ ਸਾਨੂੰ ਤਿੰਨ ਦਿਨ ਮਾਰੂਥਲ ਵਿੱਚ ਸਫ਼ਰ ਕਰਨ ਲਈ ਆਖਿਆ। ਓੱਥੇ ਸਾਨੂੰ ਯਾਹਵੇਹ, ਸਾਡੇ ਪਰਮੇਸ਼ੁਰ ਨੂੰ ਬਲੀਆਂ ਜ਼ਰੂਰ ਚੜ੍ਹਾਉਣੀਆਂ ਚਾਹੀਦੀਆਂ ਹਨ।’
19 “ਪਰ ਮੈਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਜਾਣ ਨਹੀਂ ਦੇਵੇਗਾ। ਸਿਰਫ਼ ਕੋਈ ਮਹਾਨ ਸ਼ਕਤੀ ਹੀ ਉਸ ਨੂੰ ਮਜਬੂਰ ਕਰੇਗੀ ਤਾਂ ਕਿ ਉਹ ਤੁਹਾਨੂੰ ਜਾਣ ਦੇਵੇ। 20 ਇਸ ਲਈ ਮੈਂ ਆਪਣੀ ਮਹਾਨ ਸ਼ਕਤੀ ਮਿਸਰ ਦੇ ਖਿਲਾਫ਼ ਵਰਤਾਂਗਾ। ਮੈਂ ਉਸ ਧਰਤੀ ਉੱਤੇ ਹੈਰਾਨੀ ਭਰੀਆਂ ਗੱਲਾਂ ਕਰਾਂਗਾ। ਜਦੋਂ ਮੈਂ ਅਜਿਹਾ ਕਰਾਂਗਾ ਤਾਂ ਉਹ ਤੁਹਾਨੂੰ ਜਾਣ ਦੇਵੇਗਾ। 21 ਅਤੇ ਮੈਂ ਮਿਸਰੀ ਲੋਕਾਂ ਨੂੰ ਇਸਰਾਏਲ ਦੇ ਲੋਕਾਂ ਲਈ ਮਿਹਰਬਾਨ ਬਣਾ ਦਿਆਂਗਾ। ਜਦੋਂ ਤੁਹਾਡੇ ਲੋਕ ਮਿਸਰ ਤੋਂ ਜਾਣਗੇ ਮਿਸਰੀ ਲੋਕ ਉਨ੍ਹਾਂ ਨੂੰ ਬਹੁਤ ਸਾਰੀਆਂ ਸੁਗਾਤਾਂ ਦੇਣਗੇ।
22 “ਸਾਰੀਆਂ ਇਬਰਾਨੀ ਔਰਤਾਂ ਨੂੰ ਆਪਣੇ ਮਿਸਰੀ ਗੁਆਂਢੀਆਂ ਅਤੇ ਆਪਣੇ ਘਰਾਂ ਵਿੱਚ ਰਹਿੰਦੀਆਂ ਮਿਸਰੀ ਔਰਤਾਂ ਪਾਸੋਂ ਚਾਂਦੀ ਸੋਨਾ ਅਤੇ ਵੱਧੀਆ ਕੱਪੜੇ ਮੰਗਣੇ ਚਾਹੀਦੇ ਹਨ। ਜਦੋਂ ਤੁਸੀਂ ਮਿਸਰ ਛੱਡੋਂ, ਉਨ੍ਹਾਂ ਸੁਗਾਤਾਂ ਨੂੰ ਆਪਣੇ ਬੱਚਿਆਂ ਉੱਪਰ ਪਾ ਦਿਓ। ਇਸ ਤਰ੍ਹਾਂ ਤੁਸੀਂ ਮਿਸਰੀਆਂ ਦੀ ਦੌਲਤ ਆਪਣੇ ਨਾਲ ਲੈ ਜਾਵੋਂਗੇ।”
2010 by World Bible Translation Center