Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਉਤਪਤ 46-47

ਪਰਮੇਸ਼ੁਰ ਇਸਰਾਏਲ ਨੂੰ ਤਸੱਲੀ ਦਿੰਦਾ ਹੈ

46 ਇਸ ਲਈ ਇਸਰਾਏਲ ਨੇ ਮਿਸਰ ਵੱਲ ਆਪਣਾ ਸਫ਼ਰ ਸ਼ੁਰੂ ਕੀਤਾ। ਪਹਿਲਾਂ ਇਸਰਾਏਲ ਅਤੇ ਉਸ ਦੇ ਨਾਲ ਹਰ ਕੋਈ ਬਏਰਸਬਾ ਪਹੁੰਚਿਆ। ਉੱਥੇ ਇਸਰਾਏਲ ਨੇ ਪਰਮੇਸ਼ੁਰ, ਆਪਣੇ ਪਿਤਾ ਇਸਹਾਕ ਦੇ ਪਰਮੇਸ਼ੁਰ, ਦੀ ਉਪਾਸਨਾ ਕੀਤੀ। ਉਸ ਨੇ ਬਲੀਆਂ ਚੜ੍ਹਾਈਆਂ। ਰਾਤ ਵੇਲੇ, ਪਰਮੇਸ਼ੁਰ ਨੇ ਇਸਰਾਏਲ ਨਾਲ ਸੁਪਨੇ ਵਿੱਚ ਗੱਲ ਕੀਤੀ। ਪਰਮੇਸ਼ੁਰ ਨੇ ਆਖਿਆ, “ਯਾਕੂਬ, ਯਾਕੂਬ।”

ਅਤੇ ਇਸਰਾਏਲ ਨੇ ਜਵਾਬ ਦਿੱਤਾ, “ਮੈਂ ਇੱਥੇ ਹਾਂ।”

ਫ਼ੇਰ ਪਰਮੇਸ਼ੁਰ ਨੇ ਆਖਿਆ, “ਮੈਂ ਪਰਮੇਸ਼ੁਰ ਹਾਂ, ਤੇਰੇ ਪਿਤਾ ਦਾ ਪਰਮੇਸ਼ੁਰ। ਮਿਸਰ ਜਾਣ ਤੋਂ ਨਾ ਡਰ। ਮਿਸਰ ਵਿੱਚ ਮੈਂ ਤੈਨੂੰ ਇੱਕ ਮਹਾਨ ਕੌਮ ਬਣਾ ਦਿਆਂਗਾ। ਮੈਂ ਤੇਰੇ ਨਾਲ ਮਿਸਰ ਜਾਵਾਂਗਾ। ਅਤੇ ਮੈਂ ਤੈਨੂੰ ਮਿਸਰ ਵਿੱਚੋਂ ਇੱਕ ਵਾਰ ਫ਼ੇਰ ਬਾਹਰ ਕੱਢ ਲਿਆਵਾਂਗਾ। ਤੇਰੀ ਮੌਤ ਮਿਸਰ ਵਿੱਚ ਹੋਵੇਗੀ, ਪਰ ਯੂਸੁਫ਼ ਤੇਰੇ ਨਾਲ ਹੋਵੇਗਾ ਜਦੋਂ ਤੂੰ ਮਰੇਂਗਾ ਉਹ ਆਪਣੇ ਹੱਥਾਂ ਨਾਲ ਤੇਰੀਆਂ ਅੱਖਾਂ ਬੰਦ ਕਰੇਗਾ।”

ਇਸਰਾਏਲ ਮਿਸਰ ਨੂੰ ਜਾਂਦਾ ਹੈ

ਫ਼ੇਰ ਯਾਕੂਬ ਬਏਰਸਬਾ ਤੋਂ ਚੱਲ ਪਿਆ ਅਤੇ ਮਿਸਰ ਵੱਲ ਨੂੰ ਸਫ਼ਰ ਕੀਤਾ। ਇਸਰਾਏਲ ਦੇ ਪੁੱਤਰ, ਆਪਣੇ ਪਿਤਾ, ਆਪਣੀਆਂ ਪਤਨੀਆਂ ਅਤੇ ਆਪਣੇ ਸਾਰੇ ਬੱਚਿਆਂ ਨੂੰ ਮਿਸਰ ਲੈ ਆਏ। ਉਨ੍ਹਾਂ ਨੇ ਉਨ੍ਹਾਂ ਗੱਡੀਆਂ ਵਿੱਚ ਸਫ਼ਰ ਕੀਤਾ ਜਿਹੜੀਆਂ ਫ਼ਿਰਊਨ ਨੇ ਭੇਜੀਆਂ ਸਨ। ਉਨ੍ਹਾਂ ਨਾਲ ਉਨ੍ਹਾਂ ਦੇ ਸਾਰੇ ਪਸ਼ੂ ਅਤੇ ਹੋਰ ਸਾਰੀਆਂ ਚੀਜ਼ਾਂ ਵੀ ਸਨ ਜਿਹੜੀਆਂ ਕਨਾਨ ਦੀ ਧਰਤੀ ਉੱਤੇ ਉਨ੍ਹਾਂ ਦੀਆਂ ਸਨ। ਇਸ ਲਈ ਇਸਰਾਏਲ ਆਪਣੇ ਸਾਰੇ ਬੱਚਿਆਂ ਅਤੇ ਆਪਣੇ ਪਰਿਵਾਰ ਨਾਲ ਮਿਸਰ ਚੱਲਾ ਗਿਆ। ਉਸ ਦੇ ਨਾਲ ਉਸ ਦੇ ਪੁੱਤਰ ਅਤੇ ਪੋਤਰੇ, ਉਸ ਦੀਆਂ ਧੀਆਂ ਅਤੇ ਪੋਤਰੀਆਂ ਸਨ। ਉਸਦਾ ਸਾਰਾ ਪਰਿਵਾਰ ਉਸ ਦੇ ਨਾਲ ਮਿਸਰ ਚੱਲਾ ਗਿਆ।

ਯਾਕੂਬ ਦਾ ਪਰਿਵਾਰ

ਇਸਰਾਏਲ ਦੇ ਪੁੱਤਰਾਂ ਅਤੇ ਉਸ ਦੇ ਪਰਿਵਾਰ ਵਾਲੇ ਜਿਹੜੇ ਉਸ ਦੇ ਨਾਲ ਮਿਸਰ ਵਿੱਚ ਗਏ, ਉਨ੍ਹਾਂ ਦੇ ਨਾਮ ਇਹ ਹਨ:

ਰਊਬੇਨ ਯਾਕੂਬ ਦਾ ਪਹਿਲਾ ਪੁੱਤਰ ਸੀ। ਰਊਬੇਨ ਦੇ ਪੁੱਤਰ ਸਨ ਹਨੋਕ, ਫ਼ੱਲੂ, ਹੇਸਰੋਨ ਅਤੇ ਕਰਮੀ।

10 ਸਿਮਓਨ ਦੇ ਪੁੱਤਰ ਸਨ ਯਮੂਏਲ, ਯਾਮੀਨ, ਓਹਦ, ਯਾਕੀਨ ਅਤੇ ਸੋਹਰ। ਉਨ੍ਹਾਂ ਵਿੱਚ ਸ਼ਾਊਲ ਵੀ ਸੀ (ਸ਼ਾਊਲ ਕਨਾਨੀ ਔਰਤ ਤੋਂ ਜੰਮਿਆ ਸੀ।)

11 ਲੇਵੀ ਦੇ ਪੁੱਤਰ ਸਨ ਗੇਰਸ਼ੋਨ, ਕਹਾਥ ਅਤੇ ਮਰਾਰੀ।

12 ਯਹੂਦਾਹ ਦੇ ਪੁੱਤਰ ਸਨ ਏਰ, ਓਨਾਨ, ਸ਼ੇਲਾਹ, ਫ਼ਰਸ ਅਤੇ ਜ਼ਾਰਹ। (ਏਰ ਅਤੇ ਓਨਾਨ ਉਦੋਂ ਹੀ ਮਰ ਗਏ ਸਨ ਜਦੋਂ ਅਜੇ ਉਹ ਕਨਾਨ ਵਿੱਚ ਹੀ ਸਨ।) ਫ਼ਰਸ ਦੇ ਪੁੱਤਰ ਸਨ ਹਸਰੋਨ ਅਤੇ ਹਾਮੂਲ।

13 ਯਿੱਸਾਕਾਰ ਦੇ ਪੁੱਤਰ ਸਨ ਤੋਂਲਾ, ਪੁੱਵਾਹ ਯੋਬ ਅਤੇ ਸਿਮਰੋਨ।

14 ਜ਼ਬੁਲੂਨ ਦੇ ਪੁੱਤਰ ਸਨ ਸਰਦ, ਏਲੋਨ ਅਤੇ ਯਹਲਏਲ।

15 ਰਊਬੇਨ, ਸਿਮਓਨ, ਲੇਵੀ, ਯਹੂਦਾਹ, ਯਿੱਸਾਕਾਰ ਅਤੇ ਜ਼ਬੁਲੂਨ ਯਾਕੂਬ ਦੇ ਉਸਦੀ ਪਤਨੀ ਲੇਆਹ ਤੋਂ, ਪੁੱਤਰ ਸਨ। ਲੇਆਹ ਨੇ ਉਨ੍ਹਾਂ ਪੁੱਤਰਾਂ ਨੂੰ ਪਦਨ ਅਰਾਮ ਵਿੱਚ ਜਨਮ ਦਿੱਤਾ ਸੀ। ਉਸਦੀ ਇੱਕ ਧੀ ਸੀ ਜਿਸਦਾ ਨਾਮ ਦੀਨਾਹ ਸੀ। ਉਸ ਦੇ ਪਰਿਵਾਰ ਵਿੱਚ 33 ਸਦੱਸ ਸਨ।

16 ਗਾਦ ਦੇ ਪੁੱਤਰ ਸਨ ਸਿਫ਼ਯੋਨ, ਹੱਗੀ, ਸ਼ੂਨੀ, ਅਸਬੋਨ, ਏਰੀ, ਅਰੋਦੀ ਅਤੇ ਅਰਏਲੀ।

17 ਆਸ਼ੇਰ ਦੇ ਪੁੱਤਰ ਯਿਮਨਾਹ, ਯਿਸ਼ਵਾਹ, ਯਿਸ਼ਵੀ, ਬਰੀਆਹ ਅਤੇ ਉਨ੍ਹਾਂ ਦੀ ਭੈਣ ਸਰਹ ਸੀ। ਬਰੀਆਹ ਦੇ ਪੁੱਤਰ ਸਨ ਹਬਰ ਅਤੇ ਮਲਕੀਏਲ।

18 ਇਹ ਸਾਰੇ ਉੱਤਰਾਧਿਕਾਰੀ ਯਾਕੂਬ ਦੇ ਉਸਦੀ ਪਤਨੀ ਦੀ ਦਾਸੀ, ਜ਼ਿਲਫ਼ਾਹ ਤੋਂ ਸਨ। (ਜ਼ਿਲਫ਼ਾਹ ਉਹ ਦਾਸੀ ਸੀ ਜੋ ਲਾਬਾਨ ਨੇ ਆਪਣੀ ਧੀ ਲੇਆਹ ਨੂੰ ਦਿੱਤੀ ਸੀ। ਇਸ ਪਰਿਵਾਰ ਵਿੱਚ 16 ਸਦੱਸ ਸਨ।)

19 ਬਿਨਯਾਮੀਨ ਵੀ ਯਾਕੂਬ ਦੇ ਨਾਲ ਸੀ। ਬਿਨਯਾਮੀਨ ਯਾਕੂਬ ਦਾ ਰਾਖੇਲ ਤੋਂ, ਪੁੱਤਰ ਸੀ (ਯੂਸੁਫ਼ ਵੀ ਰਾਖੇਲ ਦਾ ਪੁੱਤਰ ਸੀ, ਪਰ ਯੂਸੁਫ਼ ਪਹਿਲਾਂ ਹੀ ਮਿਸਰ ਵਿੱਚ ਸੀ।)

20 ਮਿਸਰ ਵਿੱਚ, ਯੂਸੁਫ਼ ਦੇ ਦੋ ਪੁੱਤਰ ਸਨ, ਮਨੱਸ਼ਹ ਅਤੇ ਇਫ਼ਰਾਈਮ। (ਯੂਸੁਫ਼ ਦੀ ਪਤਨੀ ਓਨ ਸ਼ਹਿਰ ਦੇ ਜਾਜਕ ਪੋਟੀਫ਼ਰਾ ਦੀ ਧੀ, ਆਸਨਥ ਸੀ।)

21 ਬਿਨਯਾਮੀਨ ਦੇ ਪੁੱਤਰ ਸਨ ਬਲਾ, ਬਕਰ, ਅਸ਼ਬੇਲ, ਗੇਰਾ, ਨਾਮਾ, ਏਹੀ, ਰੋਸ਼, ਮੁੱਫ਼ੀਮ, ਹੁੱਫ਼ੀਮ ਅਤੇ ਆਰਦ।

22 ਉਹ ਯਾਕੂਬ ਦੇ ਪੁੱਤਰ, ਉਸਦੀ ਪਤਨੀ ਰੱਖੇਲ ਦੀ ਕੁੱਖੋਂ, ਇਸ ਪਰਿਵਾਰ ਵਿੱਚ 14 ਸਦੱਸ ਸਨ।

23 ਦਾਨ ਦਾ ਪੁੱਤਰ ਹੁਸ਼ੀਮ ਸੀ।

24 ਨਫ਼ਤਾਲੀ ਦੇ ਪੁੱਤਰ ਸਨ ਯਹਸਏਲ, ਗੂਨੀ, ਯੇਸਰ ਅਤੇ ਸ਼ਿੱਲੇਮ।

25 ਇਹ ਯਾਕੂਬ ਅਤੇ ਬਿਲਹਾਹ ਦੇ ਪੁੱਤਰ ਸਨ। (ਬਿਲਹਾਹ ਉਹ ਦਾਸੀ ਸੀ ਜਿਸ ਨੂੰ ਲਾਬਾਨ ਨੇ ਆਪਣੀ ਧੀ ਰਾਖੇਲ ਨੂੰ ਦਿੱਤਾ ਸੀ।) ਇਸ ਪਰਿਵਾਰ ਵਿੱਚ 7 ਸਦੱਸ ਸਨ।

26 ਯਾਕੂਬ ਦੇ ਸਿੱਧੇ ਉੱਤਰਾਧਿਕਾਰੀਆਂ ਦੀ ਗਿਣਤੀ, ਜਿਹੜੇ ਉਸ ਦੇ ਨਾਮ ਮਿਸਰ ਵਿੱਚ ਗਏ ਸਨ, 66 ਸੀ। (ਯਾਕੂਬ ਦੇ ਪੁੱਤਰਾਂ ਦੀਆਂ ਪਤਨੀਆਂ ਨੂੰ ਇਸ ਗਿਣਤੀ ਵਿੱਚ ਸ਼ਾਮਿਲ ਨਹੀਂ ਸੀ ਕੀਤਾ ਗਿਆ।) 27 ਇਨ੍ਹਾਂ ਤੋਂ ਇਲਾਵਾ, ਯੂਸੁਫ਼ ਦੇ ਦੋ ਪੁੱਤਰ ਸਨ। ਉਹ ਮਿਸਰ ਵਿੱਚ ਜਨਮੇ ਸਨ। ਇਸ ਤਰ੍ਹਾਂ ਮਿਸਰ ਵਿੱਚ ਯਾਕੂਬ ਦੇ ਪਰਿਵਾਰ ਵਾਲੇ ਲੋਕਾਂ ਦੀ ਕੁਲ ਗਿਣਤੀ 70 ਸੀ।

ਇਸਰਾਏਲ ਮਿਸਰ ਵਿੱਚ ਪਹੁੰਚਦਾ ਹੈ

28 ਯਾਕੂਬ ਨੇ ਯੂਸੁਫ਼ ਨਾਲ ਮੁਲਾਕਾਤ ਕਰਨ ਲਈ ਪਹਿਲਾਂ ਯਹੂਦਾਹ ਨੂੰ ਭੇਜਿਆ। ਯਹੂਦਾਹ ਗੋਸ਼ਨ ਦੀ ਧਰਤੀ ਉੱਤੇ ਯੂਸੁਫ਼ ਕੋਲ ਗਿਆ। ਫ਼ੇਰ ਯਾਕੂਬ ਅਤੇ ਉਸ ਦੇ ਆਦਮੀ ਉਸ ਧਰਤੀ ਉੱਤੇ ਗਏ। 29 ਯੂਸੁਫ਼ ਨੂੰ ਪਤਾ ਲੱਗਿਆ ਕਿ ਉਸਦਾ ਪਿਤਾ ਆ ਰਿਹਾ ਹੈ। ਇਸ ਲਈ ਯੂਸੁਫ਼ ਨੇ ਆਪਣਾ ਰੱਥ ਤਿਆਰ ਕੀਤਾ ਅਤੇ ਆਪਣੇ ਪਿਤਾ ਇਸਰਾਏਲ ਨੂੰ ਮਿਲਣ ਲਈ ਗੋਸ਼ਨ ਚੱਲਾ ਗਿਆ। ਜਦੋਂ ਯੂਸੁਫ਼ ਨੇ ਆਪਣੇ ਪਿਤਾ ਨੂੰ ਦੇਖਿਆ ਉਹ ਉਸ ਦੇ ਗਲ ਨਾਲ ਚਿਂਬੜ ਗਿਆ ਅਤੇ ਕਾਫ਼ੀ ਚਿਰ ਰੋਂਦਾ ਰਿਹਾ।

30 ਫ਼ੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਹੁਣ ਮੈਂ ਸ਼ਾਂਤੀ ਨਾਲ ਮਰ ਸੱਕਾਂਗਾ। ਮੈਂ ਤੇਰਾ ਚਿਹਰਾ ਦੇਖ ਲਿਆ ਹੈ ਅਤੇ ਮੈਂ ਜਾਣਦਾ ਹਾਂ ਕਿ ਤੂੰ ਹਾਲੇ ਜਿਉਂਦਾ ਹੈ।”

31 ਯੂਸੁਫ਼ ਨੇ ਆਪਣੇ ਭਰਾਵਾਂ ਅਤੇ ਆਪਣੇ ਪਿਤਾ ਦੇ ਹੋਰ ਸਾਰੇ ਪਰਿਵਾਰਾਂ ਨੂੰ ਆਖਿਆ, “ਮੈਂ ਫ਼ਿਰਊਨ ਨੂੰ ਜਾਕੇ ਖ਼ਬਰ ਦਿੰਦਾ ਹਾਂ ਕਿ ਤੁਸੀਂ ਇੱਥੇ ਆ ਗਏ ਹੋ। ਮੈਂ ਫ਼ਿਰਊਨ ਨੂੰ ਆਖਾਂਗਾ, ‘ਮੇਰੇ ਭਰਾਵਾਂ ਨੇ ਅਤੇ ਮੇਰੇ ਪਿਤਾ ਦੇ ਬਾਕੀ ਦੇ ਪਰਿਵਾਰਾਂ ਨੇ ਕਨਾਨ ਦੀ ਧਰਤੀ ਛੱਡ ਦਿੱਤੀ ਹੈ ਅਤੇ ਇੱਥੇ ਮੇਰੇ ਕੋਲ ਆ ਗਏ ਹਨ। 32 ਉਹ ਆਜੜੀਆਂ ਦਾ ਪਰਿਵਾਰ ਹਨ। ਉਨ੍ਹਾਂ ਨੇ ਹਮੇਸ਼ਾ ਭੇਡਾਂ ਅਤੇ ਪਸ਼ੂ ਰੱਖੇ ਹਨ। ਅਤੇ ਉਨ੍ਹਾਂ ਨੇ ਆਪਣੇ ਸਾਰੇ ਪਸ਼ੂ ਅਤੇ ਹੋਰ ਚੀਜ਼ਾਂ ਆਪਣੇ ਨਾਲ ਲੈ ਆਂਦੀਆਂ ਹਨ।’ 33 ਜਦੋਂ ਫ਼ਿਰਊਨ ਤੁਹਾਨੂੰ ਸੱਦੇਗਾ, ਉਹ ਤੁਹਾਨੂੰ ਪੁੱਛੇਗਾ, ‘ਤੁਸੀਂ ਕੀ ਕੰਮ ਕਰਦੇ ਹੋ?’ 34 ਤੁਸੀਂ ਉਸ ਨੂੰ ਦੱਸਣਾ, ‘ਅਸੀਂ ਆਜੜੀ ਹਾਂ। ਅਸੀਂ ਆਪਣੀ ਸਾਰੀ ਉਮਰ ਆਜੜੀ ਹੀ ਰਹੇ ਹਾਂ ਬਿਲਕੁਲ ਸਾਡੇ ਪੁਰਖਿਆਂ ਵਾਂਗ।’ ਫ਼ੇਰ ਫ਼ਿਰਊਨ ਤੁਹਾਨੂੰ ਗੋਸ਼ਨ ਦੀ ਧਰਤੀ ਉੱਤੇ ਰਹਿਣ ਦੀ ਆਗਿਆ ਦੇ ਦੇਵੇਗਾ। ਮਿਸਰੀ ਲੋਕ ਆਜੜੀਆਂ ਨੂੰ ਪਸੰਦ ਨਹੀਂ ਕਰਦੇ, ਇਸ ਲਈ ਬਿਹਤਰ ਹੈ ਕਿ ਤੁਸੀਂ ਗੋਸ਼ਨ ਵਿਖੇ ਰਹੋ।”

ਇਸਰਾਏਲ ਗੋਸ਼ਨ ਵਿੱਚ ਟਿਕ ਜਾਂਦਾ ਹੈ

47 ਯੂਸੂਫ਼ ਫ਼ਿਰਊਨ ਕੋਲ ਗਿਆ ਅਤੇ ਆਖਿਆ, “ਮੇਰਾ ਪਿਤਾ ਅਤੇ ਮੇਰੇ ਭਰਾ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਇੱਥੇ ਆ ਗਏ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਾਰੇ ਪਸ਼ੂ ਅਤੇ ਹੋਰ ਸਾਰਾ ਮਾਲ ਧਨ ਵੀ ਹੈ ਜਿਹੜਾ ਕਨਾਨ ਦੀ ਧਰਤੀ ਉੱਤੇ ਉਨ੍ਹਾਂ ਦੀ ਮਲਕੀਅਤ ਸੀ। ਉਹ ਹੁਣ ਗੋਸ਼ਨ ਦੀ ਧਰਤੀ ਉੱਤੇ ਹਨ।” ਯੂਸੁਫ਼ ਨੇ ਫ਼ਿਰਊਨ ਦੇ ਸਾਹਮਣੇ ਆਪਣੇ ਭਰਾਵਾਂ ਵਿੱਚੋਂ ਪੰਜਾਂ ਦੀ ਚੋਣ ਕੀਤੀ ਕਿ ਉਹ ਉਸ ਦੇ ਨਾਲ ਰਹਿਣ।

ਫ਼ਿਰਊਨ ਨੇ ਭਰਾਵਾਂ ਨੂੰ ਆਖਿਆ, “ਤੁਸੀਂ ਕੀ ਕੰਮ ਕਰਦੇ ਹੋ?”

ਭਰਾਵਾਂ ਨੇ ਆਖਿਆ, “ਹਜ਼ੂਰ, ਅਸੀਂ ਆਜੜੀ ਹਾਂ। ਅਤੇ ਸਾਡੇ ਪੁਰਖੇ ਵੀ ਸਾਡੇ ਤੋਂ ਪਹਿਲਾਂ ਆਜੜੀ ਹੀ ਸਨ।” ਉਨ੍ਹਾਂ ਨੇ ਫ਼ਿਰਊਨ ਨੂੰ ਆਖਿਆ, “ਅਕਾਲ ਦੀ ਹਾਲਤ ਕਨਾਣ ਵਿੱਚ ਬਹੁਤ ਭੈੜੀ ਹੈ। ਸਾਡੇ ਪਸ਼ੂਆਂ ਲਈ ਘਾਹ ਵਾਲੇ ਕੋਈ ਵੀ ਖੇਤ ਨਹੀਂ ਬਚੇ। ਇਸ ਲਈ ਅਸੀਂ ਇਸ ਧਰਤੀ ਉੱਤੇ ਰਹਿਣ ਲਈ ਆ ਗਏ ਹਾਂ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਗੋਸ਼ਨ ਵਿੱਚ ਰਹਿਣ ਦਿਉ।”

ਤਾਂ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਤੇਰਾ ਪਿਤਾ ਅਤੇ ਤੇਰੇ ਭਰਾ ਤੇਰੇ ਕੋਲ ਆਏ ਹਨ। ਤੂੰ ਉਨ੍ਹਾਂ ਲਈ ਮਿਸਰ ਵਿੱਚ ਰਹਿਣ ਵਾਲੀ ਕੋਈ ਵੀ ਥਾਂ ਚੁਣ ਸੱਕਦਾ ਹੈ। ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਸਭ ਤੋਂ ਚੰਗੀ ਧਰਤੀ ਦੇ ਦੇ, ਉਨ੍ਹਾਂ ਨੂੰ ਗੋਸ਼ਨ ਦੀ ਧਰਤੀ ਉੱਤੇ ਰਹਿਣ ਦੇ, ਅਤੇ ਜੇ ਉਹ ਮਾਹਰ ਆਜੜੀ ਹਨ ਤਾਂ ਉਹ ਮੇਰੇ ਪਸ਼ੂਆਂ ਦੀ ਦੇਖ-ਭਾਲ ਵੀ ਕਰ ਸੱਕਦੇ ਹਨ।”

ਤਾਂ ਯੂਸਫ਼ ਨੇ ਆਪਣੇ ਪਿਤਾ ਯਾਕੂਬ ਨੂੰ ਫ਼ਿਰਊਨ ਨਾਲ ਆਕੇ ਮਿਲਣ ਲਈ ਸੱਦਿਆ। ਯਾਕੂਬ ਨੇ ਫ਼ਿਰਊਨ ਨੂੰ ਅਸੀਸ ਦਿੱਤੀ।

ਅਤੇ ਫ਼ਿਰਊਨ ਨੇ ਉਸ ਨੂੰ ਆਖਿਆ, “ਤੁਹਾਡੀ ਕਿੰਨੀ ਉਮਰ ਹੈ?”

ਯਾਕੂਬ ਨੇ ਫ਼ਿਰਊਨ ਨੂੰ ਆਖਿਆ, “ਮੇਰੀ ਜ਼ਿੰਦਗੀ ਬਹੁਤ ਛੋਟੀ ਹੈ, ਪਰ ਮੇਰੀਆਂ ਮੁਸੀਬਤਾਂ ਬਹੁਤ ਜ਼ਿਆਦਾ ਸਨ। ਮੈਂ ਸਿਰਫ਼ 130 ਵਰ੍ਹੇ ਜੀਵਿਆ ਹਾਂ। ਮੇਰਾ ਪਿਤਾ ਅਤੇ ਉਸ ਦੇ ਪੁਰਖੇ ਮੇਰੇ ਨਾਲੋਂ ਵਡੇਰੀ ਉਮਰ ਜੀਵੇ ਸਨ।”

10 ਯਾਕੂਬ ਨੇ ਫ਼ਿਰਊਨ ਨੂੰ ਅਸੀਸ ਦਿੱਤੀ। ਫ਼ੇਰ ਯਾਕੂਬ ਫ਼ਿਰਊਨ ਨਾਲ ਹੋਈ ਇਸ ਮੁਲਾਕਾਤ ਤੋਂ ਮਗਰੋਂ ਚੱਲਾ ਗਿਆ।

11 ਯੂਸੁਫ਼ ਨੇ ਉਹੀ ਕੀਤਾ ਜੋ ਫ਼ਿਰਊਨ ਨੇ ਆਖਿਆ ਸੀ ਅਤੇ ਉਸ ਨੇ ਆਪਣੇ ਪਿਤਾ ਅਤੇ ਭਰਾਵਾਂ ਨੂੰ ਮਿਸਰ ਵਿੱਚ ਜ਼ਮੀਨ ਦੇ ਦਿੱਤੀ। ਇਹ ਮਿਸਰ ਦੀ ਸਭ ਤੋਂ ਚੰਗੀ ਜ਼ਮੀਨ ਸੀ, ਦੇਸ਼ ਦੇ ਪੂਰਬੀ ਹਿੱਸੇ ਵੱਲ ਰਾਮਸੇਸ ਦੀ ਧਰਤੀ ਵਿੱਚ। 12 ਯੂਸੁਫ਼ ਨੇ ਆਪਣੇ ਪਿਤਾ, ਆਪਣੇ ਭਰਾਵਾਂ ਅਤੇ ਉਨ੍ਹਾਂ ਦੇ ਸਾਰੇ ਲੋਕਾਂ ਨੂੰ ਲੋੜੀਦਾ ਅਨਾਜ ਵੀ ਦੇ ਦਿੱਤਾ।

ਯੂਸੁਫ਼ ਫ਼ਿਰਊਨ ਲਈ ਜ਼ਮੀਨ ਖਰੀਦਦਾ ਹੈ

13 ਅਕਾਲ ਦਾ ਸਮਾਂ ਹੋਰ ਵੀ ਮਾੜਾ ਹੋ ਗਿਆ। ਦੇਸ਼ ਵਿੱਚ ਕਿਧਰੇ ਵੀ ਅਨਾਜ ਨਹੀਂ ਸੀ। ਮਿਸਰ ਅਤੇ ਕਨਾਨ ਇਸ ਮੰਦੇ ਸਮੇਂ ਕਾਰਣ ਬਹੁਤ ਗਰੀਬ ਹੋ ਗਏ। 14 ਦੇਸ਼ ਦੇ ਲੋਕਾਂ ਨੇ ਹੋਰ ਅਨਾਜ ਖਰੀਦਿਆ। ਯੂਸੁਫ਼ ਨੇ ਪੈਸਾ ਬਚਾਇਆ ਅਤੇ ਇਸ ਨੂੰ ਫ਼ਿਰਊਨ ਦੇ ਘਰ ਲੈ ਆਇਆ। 15 ਕੁਝ ਸਮੇਂ ਬਾਦ, ਮਿਸਰ ਅਤੇ ਕਨਾਨ ਦੇ ਲੋਕਾਂ ਕੋਲ ਕੋਈ ਪੈਸਾ ਨਹੀਂ ਬਚਿਆ। ਉਨ੍ਹਾਂ ਨੇ ਸਾਰਾ ਪੈਸਾ ਅਨਾਜ ਖਰੀਦਣ ਉੱਤੇ ਖਰਚ ਕਰ ਦਿੱਤਾ ਸੀ। ਇਸ ਲਈ ਮਿਸਰ ਦੇ ਲੋਕ ਯੂਸੁਫ਼ ਕੋਲ ਗਏ ਅਤੇ ਆਖਣ ਲੱਗੇ, “ਕਿਰਪਾ ਕਰਕੇ ਸਾਨੂੰ ਅਨਾਜ ਦਿਉ। ਸਾਡਾ ਪੈਸਾ ਮੁੱਕ ਗਿਆ ਹੈ। ਜੇ ਅਸੀਂ ਖਾਵਾਂਗੇ ਨਹੀਂ ਤਾਂ ਤੁਹਾਡੇ ਦੇਖਦਿਆਂ-ਦੇਖਦਿਆਂ ਅਸੀਂ ਮਰ ਜਾਵਾਂਗੇ।”

16 ਪਰ ਯੂਸੁਫ਼ ਨੇ ਆਖਿਆ, “ਮੈਨੂੰ ਆਪਣੇ ਪਸ਼ੂ ਦੇ ਦਿਉ ਅਤੇ ਮੈਂ ਤੁਹਾਨੂੰ ਅਨਾਜ ਦੇ ਦੇਵਾਂਗਾ।” 17 ਇਸ ਲਈ ਲੋਕਾਂ ਨੇ ਆਪਣੇ ਪਸ਼ੂਆਂ ਅਤੇ ਘੋੜਿਆਂ ਅਤੇ ਹੋਰ ਸਾਰੇ ਜਾਨਵਰਾਂ ਬਦਲੇ ਅਨਾਜ ਖਰੀਦ ਲਿਆ। ਅਤੇ ਉਸ ਸਾਲ, ਯੂਸੁਫ਼ ਨੇ ਉਨ੍ਹਾਂ ਦੇ ਪਸ਼ੂ ਲੈ ਲਈ ਅਤੇ ਉਨ੍ਹਾਂ ਨੂੰ ਅਨਾਜ ਦੇ ਦਿੱਤਾ।

18 ਪਰ ਅਗਲੇ ਵਰ੍ਹੇ, ਲੋਕਾਂ ਕੋਲ ਅਨਾਜ ਖਰੀਦਣ ਲਈ ਨਾ ਤਾਂ ਕੋਈ ਪਸ਼ੂ ਬੱਚਿਆਂ ਅਤੇ ਨਾ ਹੀ ਕੁਝ ਹੋਰ। ਇਸ ਲਈ ਲੋਕ ਯੂਸੁਫ਼ ਕੋਲ ਗਏ ਅਤੇ ਆਖਿਆ, “ਤੁਹਾਨੂੰ ਪਤਾ ਹੈ ਕਿ ਸਾਡੇ ਕੋਲ ਕੋਈ ਪੈਸਾ ਨਹੀਂ ਬਚਿਆ। ਅਤੇ ਸਾਡੇ ਸਾਰੇ ਪਸ਼ੂ ਵੀ ਹੁਣ ਤੁਹਾਡੇ ਹਨ। ਇਸ ਲਈ ਸਾਡੇ ਕੋਲ ਹੁਣ ਕੁਝ ਨਹੀਂ ਬੱਚਿਆਂ-ਸਿਰਫ਼ ਉਹੀ ਹੈ ਜੋ ਤੁਸੀਂ ਦੇਖਦੇ ਹੋ-ਸਾਡੇ ਸ਼ਰੀਰ ਅਤੇ ਸਾਡੀ ਜ਼ਮੀਨ। 19 ਅਵਸ਼ ਹੀ ਅਸੀਂ ਤੁਹਾਡੇ ਦੇਖਦਿਆਂ-ਦੇਖਦਿਆਂ ਮਰ ਜਾਵਾਂਗੇ। ਪਰ ਜੇ ਤੁਸੀਂ ਸਾਨੂੰ ਅਨਾਜ ਦੇ ਦੇਵੋਂਗੇ, ਤਾਂ ਅਸੀਂ ਫ਼ਿਰਊਨ ਨੂੰ ਜ਼ਮੀਨ ਦੇ ਦਿਆਂਗੇ ਅਤੇ ਅਸੀਂ ਉਸ ਦੇ ਗੁਲਾਮ ਬਣ ਜਾਵਾਂਗੇ। ਸਾਨੂੰ ਬੀਜ ਦੇਵੋ ਤਾਂ ਜੋ ਅਸੀਂ ਪੌਦੇ ਲਾ ਸੱਕੀਏ। ਫ਼ੇਰ ਅਸੀਂ ਜਿਉਂਦੇ ਰਹਾਂਗੇ, ਮਰਾਂਗੇ ਨਹੀਂ। ਅਤੇ ਅਸੀਂ ਆਪਣੇ ਲਈ ਫ਼ੇਰ ਅਨਾਜ ਉਗਾਵਾਂਗੇ।”

20 ਇਸ ਲਈ ਯੂਸੁਫ਼ ਨੇ ਫ਼ਿਰਊਨ ਲਈ ਮਿਸਰ ਦੀ ਸਾਰੀ ਜ਼ਮੀਨ ਖਰੀਦ ਲਈ। ਮਿਸਰ ਦੇ ਸਾਰੇ ਲੋਕਾਂ ਨੇ ਯੂਸੁਫ਼ ਨੂੰ ਆਪਣੇ ਸਾਰੇ ਖੇਤ ਵੇਚ ਦਿੱਤੇ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂ ਜੋ ਉਹ ਬਹੁਤ ਭੁੱਖੇ ਸਨ। 21 ਅਤੇ ਸਾਰੇ ਲੋਕ ਫ਼ਿਰਊਨ ਦੇ ਗੁਲਾਮ ਹੋ ਗਏ। ਮਿਸਰ ਵਿੱਚ ਹਰ ਥਾਂ ਲੋਕ ਫ਼ਿਰਊਨ ਦੇ ਗੁਲਾਮ ਸਨ। 22 ਸਿਰਫ਼ ਉਹੀ ਜ਼ਮੀਨ ਜਿਹੜੀ ਯੂਸੁਫ਼ ਨੇ ਨਹੀਂ ਖਰੀਦੀ ਸੀ ਉਹ ਜਾਜਕਾਂ ਦੀ ਜ਼ਮੀਨ ਸੀ। ਜਾਜਕਾਂ ਨੂੰ ਆਪਣੀ ਜ਼ਮੀਨ ਵੇਚਣ ਦੀ ਲੋੜ ਨਹੀਂ ਸੀ ਕਿਉਂਕਿ ਫ਼ਿਰਊਨ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਦੀ ਉਜਰਤ ਦਿੰਦਾ ਸੀ। ਇਸ ਲਈ ਉਹ ਇਸ ਪੈਸੇ ਨਾਲ ਖਾਣ ਲਈ ਅਨਾਜ ਖਰੀਦਦੇ ਸਨ।

23 ਯੂਸੁਫ਼ ਨੇ ਲੋਕਾਂ ਨੂੰ ਆਖਿਆ, “ਹੁਣ ਮੈਂ ਤੁਹਾਨੂੰ ਅਤੇ ਤੁਹਾਡੀ ਜ਼ਮੀਨ ਨੂੰ ਫ਼ਿਰਊਨ ਲਈ ਖਰੀਦ ਲਿਆ ਹੈ। ਇਸ ਲਈ ਮੈਂ ਤੁਹਾਨੂੰ ਬੀਜ਼ ਦਿਆਂਗਾ, ਅਤੇ ਤੁਸੀਂ ਆਪਣੇ ਖੇਤਾਂ ਵਿੱਚ ਬਿਜਾਈ ਕਰ ਸੱਕਦੇ ਹੋ। 24 ਵਾਢੀਆਂ ਵੇਲੇ, ਤੁਹਾਨੂੰ ਆਪਣੀਆਂ ਫ਼ਸਲਾਂ ਦਾ ਪੰਜਵਾਂ ਹਿੱਸਾ ਫ਼ਿਰਊਨ ਨੂੰ ਦੇਣਾ ਪਵੇਗਾ। ਪੰਜਾਂ ਵਿੱਚੋਂ ਚਾਰ ਹਿੱਸੇ ਤੁਸੀਂ ਆਪਣੇ ਲਈ ਰੱਖ ਸੱਕਦੇ ਹੋ। ਤੁਸੀਂ ਬੀਜਾਂ ਨੂੰ ਅਨਾਜ ਲਈ ਅਤੇ ਅਗਲੇ ਵਰ੍ਹੇ ਦੀ ਬਿਜਾਈ ਲਈ ਰੱਖ ਸੱਕਦੇ ਹੋ। ਹੁਣ ਤੁਸੀਂ ਆਪਣੇ ਪਰਿਵਾਰਾਂ ਅਤੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਸੱਕਦੇ ਹੋ।”

25 ਲੋਕਾਂ ਨੇ ਆਖ਼ਿਆ, “ਤੁਸੀਂ ਸਾਡੀਆਂ ਜਾਨਾ ਬਚਾਈਆਂ ਹਨ। ਜੇਕਰ ਇਹ ਤੁਹਾਨੂੰ ਮੰਜ਼ੂਰ ਹੋਵੇ, ਅਸੀਂ ਫ਼ਿਰਊਨ ਦੇ ਗੁਲਾਮ ਰਹਾਂਗੇ।”

26 ਇਸ ਲਈ ਯੂਸੁਫ਼ ਨੇ ਦੇਸ਼ ਵਿੱਚ ਇੱਕ ਕਾਨੂੰਨ ਬਣਾ ਦਿੱਤਾ। ਅਤੇ ਉਹ ਕਾਨੂੰਨ ਅੱਜ ਵੀ ਜਾਰੀ ਹੈ। ਕਾਨੂੰਨ ਆਖਦਾ ਹੈ ਕਿ ਧਰਤੀ ਦੀ ਉਪਜ ਦਾ ਪੰਜਵਾਂ ਹਿੱਸਾ ਫ਼ਿਰਊਨ ਦਾ ਹੈ। ਸਾਰੀ ਜ਼ਮੀਨ ਫ਼ਿਰਊਨ ਦੀ ਹੈ। ਉਹੀ ਜ਼ਮੀਨ ਜਿਹੜੀ ਉਸਦੀ ਨਹੀਂ ਹੈ ਉਹ ਜਾਜਕਾਂ ਦੀ ਜ਼ਮੀਨ ਹੈ।

“ਮੈਨੂੰ ਮਿਸਰ ਵਿੱਚ ਨਾ ਦਫ਼ਨਾਉਣਾ”

27 ਇਸਰਾਏਲ ਮਿਸਰ ਵਿੱਚ ਠਹਿਰ ਗਿਆ। ਉਹ ਗੋਸ਼ਨ ਦੀ ਧਰਤੀ ਉੱਤੇ ਰਹਿ ਗਿਆ। ਉਸਦਾ ਪਰਿਵਾਰ ਵੱਧ ਫ਼ੁੱਲ ਕੇ ਬਹੁਤ ਵੱਡਾ ਹੋ ਗਿਆ। ਉਨ੍ਹਾਂ ਨੂੰ ਮਿਸਰ ਵਿੱਚ ਉਹ ਧਰਤੀ ਮਿਲੀ।

28 ਯਾਕੂਬ ਮਿਸਰ ਵਿੱਚ 17 ਵਰ੍ਹੇ ਜੀਵਿਆ। ਇਸ ਲਈ ਯਾਕੂਬ 147 ਵਰ੍ਹਿਆ ਦਾ ਸੀ। 29 ਹੁਣ ਸਮਾਂ ਆ ਗਿਆ ਜਦੋਂ ਇਸਰਾਏਲ ਜਾਣਦਾ ਸੀ ਕਿ ਛੇਤੀ ਹੀ ਉਸਦਾ ਦੇਹਾਂਤ ਹੋ ਜਾਵੇਗਾ, ਇਸ ਲਈ ਉਸ ਨੇ ਆਪਣੇ ਪੁੱਤਰ ਯੂਸੁਫ਼ ਨੂੰ ਆਪਣੇ ਕੋਲ ਸੱਦਿਆ। ਉਸ ਨੇ ਆਖਿਆ, “ਜੇ ਤੂੰ ਮੈਨੂੰ ਪਿਆਰ ਕਰਦਾ ਹੈ, ਤਾਂ ਆਪਣਾ ਹੱਥ ਮੇਰੀ ਲੱਤ ਹੇਠਾਂ ਰੱਖ ਅਤੇ ਇਕਰਾਰ ਕਰ। ਇਕਰਾਰ ਕਰ ਕਿ ਤੂੰ ਉਹੀ ਕਰੇਂਗਾ ਜੋ ਮੈਂ ਆਖਾਂਗਾ ਅਤੇ ਤੂੰ ਮੇਰੇ ਪ੍ਰਤੀ ਵਫ਼ਾਦਾਰ ਰਹੇਂਗਾ। ਜਦੋਂ ਮੈਂ ਮਰਾ, ਤਾਂ ਮੈਨੂੰ ਮਿਸਰ ਵਿੱਚ ਨਹੀਂ ਦਫ਼ਨਾਉਣਾ। 30 ਮੈਨੂੰ ਉਸੇ ਥਾਂ ਦਫ਼ਨਾਉਣਾ ਜਿੱਥੇ ਮੇਰੇ ਪੁਰਖੇ ਦਫ਼ਨ ਹਨ। ਮੈਨੂੰ ਮਿਸਰ ਤੋਂ ਬਾਹਰ ਲੈ ਜਾਵੀਂ ਅਤੇ ਮੈਨੂੰ ਪਰਿਵਾਰ ਦੇ ਕਬਰਸਤਾਨ ਵਿੱਚ ਦਫ਼ਨਾ ਦੇਵੀਂ।”

ਯੂਸੁਫ਼ ਨੇ ਜਵਾਬ ਦਿੱਤਾ, “ਮੈਂ ਇਕਰਾਰ ਕਰਦਾ ਹਾਂ ਕਿ ਜਿਵੇਂ ਤੁਸੀਂ ਆਖਦੇ ਹੋ ਉਵੇਂ ਹੀ ਕਰਾਂਗਾ।”

31 ਫ਼ੇਰ ਯਾਕੂਬ ਨੇ ਆਖਿਆ, “ਮੇਰੇ ਨਾਲ ਇਕਰਾਰ ਕਰ।” ਯੂਸੁਫ਼ ਨੇ ਉਹੀ ਕਰਨ ਦੀ ਕਸਮ ਖਾਧੀ। ਫ਼ੇਰ ਇਸਰਾਏਲ ਆਪਣੇ ਬਿਸਤਰੇ ਦੇ ਸਰਾਹਣੇ ਤੇ ਝੁਕ ਗਿਆ। [a]

Punjabi Bible: Easy-to-Read Version (ERV-PA)

2010 by World Bible Translation Center