Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਉਤਪਤ 41-42

ਫ਼ਿਰਊਨ ਦੇ ਸੁਪਨੇ

41 ਦੋ ਸਾਲਾਂ ਬਾਦ, ਫ਼ਿਰਊਨ ਨੂੰ ਇੱਕ ਸੁਪਨਾ ਆਇਆ। ਉਸ ਨੇ ਸੁਪਨਾ ਦੇਖਿਆ ਕਿ ਉਹ ਨੀਲ ਨਦੀ ਦੇ ਕੰਢੇ ਖੜ੍ਹਾ ਹੋਇਆ ਸੀ। ਸੁਪਨੇ ਵਿੱਚ, ਨਦੀ ਵਿੱਚੋਂ ਸੱਤ ਗਊਆਂ ਨਿਕਲੀਆਂ ਅਤੇ ਉੱਥੇ ਖੜ ਕੇ ਘਾਹ ਖਾਣ ਲੱਗੀਆਂ। ਉਹ ਬੜੀਆਂ ਸਿਹਤਮੰਦ ਅਤੇ ਸੁੰਦਰ ਗਊਆਂ ਸਨ। ਫ਼ੇਰ ਸੱਤ ਹੋਰ ਗਊਆਂ ਨਦੀ ਵਿੱਚੋਂ ਨਿਕਲੀਆਂ ਅਤੇ ਨਦੀ ਕੰਢੇ ਸਿਹਤਮੰਦ ਗਊਆਂ ਕੋਲ ਖੜੀਆਂ ਹੋ ਗਈਆਂ। ਪਰ ਇਹ ਗਊਆਂ ਕਮਜ਼ੋਰ ਅਤੇ ਬਿਮਾਰ ਦਿਖਾਈ ਦਿੰਦੀਆਂ ਸਨ। ਸੱਤ ਬਿਮਾਰ ਗਊਆਂ ਸੱਤ ਸਿਹਤਮੰਦ ਗਊਆਂ ਨੂੰ ਖਾ ਗਈਆਂ। ਫ਼ੇਰ ਫ਼ਿਰਊਨ ਜਾਗ ਪਿਆ।

ਫ਼ਿਰਊਨ ਫ਼ੇਰ ਸੌਣ ਲਈ ਗਿਆ ਅਤੇ ਫ਼ੇਰ ਸੁਪਨਾ ਦੇਖਣ ਲੱਗਾ। ਇਸ ਵਾਰ ਉਸ ਨੇ ਸੁਪਨੇ ਵਿੱਚ, ਇੱਕੋ ਗੰਦਲ ਵਿੱਚੋਂ ਅਨਾਜ ਦੀਆਂ ਸੱਤ ਬੱਲੀਆਂ ਉੱਗਦੀਆਂ ਵੇਖੀਆਂ। ਉਹ ਨਰੋਈਆਂ ਅਤੇ ਭਰਪੂਰ ਬੱਲੀਆਂ ਸਨ। ਅਤੇ ਫ਼ੇਰ ਉਸ ਨੇ ਅਨਾਜ ਦੀਆਂ ਹੋਰ ਸੱਤ ਬੱਲੀਆਂ ਉੱਗਦੀਆਂ ਦੇਖੀਆਂ। ਪਰ ਉਹ ਪਤਲੀਆਂ ਅਤੇ ਗਰਮ ਹਵਾ ਨਾਲ ਝੁਲਸੀਆਂ ਹੋਈਆਂ ਸਨ। ਅਨਾਜ ਦੀਆਂ ਸੱਤ ਬੱਲੀਆਂ ਨੇ ਚੰਗੇ ਅਨਾਜ ਵਾਲੀਆਂ ਬੱਲੀਆਂ ਨੂੰ ਖਾ ਲਿਆ। ਫ਼ੇਰ ਫ਼ਿਰਊਨ ਦੁਬਾਰਾ ਜਾਗ ਪਿਆ ਅਤੇ ਉਸ ਨੂੰ ਪਤਾ ਲੱਗਿਆ ਕਿ ਇਹ ਤਾਂ ਸੁਪਨਾ ਹੀ ਸੀ। ਅਗਲੀ ਸਵੇਰ ਫ਼ਿਰਊਨ ਇਨ੍ਹਾਂ ਸੁਪਨਿਆਂ ਬਾਰੇ ਫ਼ਿਕਰਮੰਦ ਸੀ। ਇਸ ਲਈ ਉਸ ਨੇ ਮਿਸਰ ਦੇ ਸਾਰੇ ਸਿਆਣੇ ਅਤੇ ਜਾਦੂਗਰ ਬੁਲਾ ਲਏ ਫ਼ਿਰਊਨ ਨੇ ਇਨ੍ਹਾਂ ਬੰਦਿਆਂ ਨੂੰ ਇਹ ਸੁਪਨੇ ਸੁਣਾਏ ਪਰ ਉਨ੍ਹਾਂ ਵਿੱਚੋਂ ਕੋਈ ਵੀ ਇਨ੍ਹਾਂ ਦੀ ਵਿਆਖਿਆ ਨਹੀਂ ਕਰ ਸੱਕਿਆ।

ਨੌਕਰ ਫ਼ਿਰਊਨ ਨੂੰ ਯੂਸੁਫ਼ ਬਾਰੇ ਦੱਸਦਾ ਹੈ

ਤਾਂ ਸਾਕੀ ਨੂੰ ਯੂਸੁਫ਼ ਦਾ ਚੇਤਾ ਆਇਆ। ਨੌਕਰ ਨੇ ਫ਼ਿਰਊਨ ਨੂੰ ਆਖਿਆ, “ਮੈਨੂੰ ਹੁਣੇ ਬੁਰਾ ਚੇਤੇ ਆਇਆ ਹੈ ਜੋ ਮੈਂ ਕੀਤਾ ਸੀ। 10 ਤੁਸੀਂ ਮੇਰੇ ਨਾਲ ਅਤੇ ਨਾਨਬਾਈ ਨਾਲ ਨਾਰਾਜ਼ ਹੋ ਗਏ ਸੀ, ਅਤੇ ਤੁਸੀਂ ਸਾਨੂੰ ਕੈਦਖਾਨੇ ਵਿੱਚ ਡੱਕ ਦਿੱਤਾ ਸੀ। 11 ਫ਼ੇਰ ਇੱਕ ਰਾਤ ਉਸ ਨੂੰ ਅਤੇ ਮੈਨੂੰ ਸੁਪਨਾ ਆਇਆ। ਹਰ ਸੁਪਨੇ ਦਾ ਅਰਥ ਵਖੋ-ਵੱਖਰਾ ਸੀ। 12 ਉੱਥੇ ਕੈਦਖਾਨੇ ਵਿੱਚ ਸਾਡੇ ਨਾਲ ਇੱਕ ਨੌਜਵਾਨ ਇਬਰਾਨੀ ਸੀ। ਉਹ ਪਹਿਰੇਦਾਰਾਂ ਦੇ ਕਮਾਂਡਰ ਦਾ ਨੌਕਰ ਸੀ। ਅਸੀਂ ਉਸ ਨੂੰ ਆਪਣੇ ਸੁਪਨੇ ਸੁਣਾਏ ਅਤੇ ਉਸ ਨੇ ਸਾਨੂੰ ਉਨ੍ਹਾਂ ਦਾ ਅਰਥ ਸਮਝਾਇਆ। ਉਸ ਨੇ ਸਾਨੂੰ ਹਰ ਸੁਪਨੇ ਦੇ ਅਰਥ ਦੀ ਵਿਆਖਿਆ ਕੀਤੀ। 13 ਅਤੇ ਜੋ ਕੁਝ ਉਸ ਨੇ ਦੱਸਿਆ ਸੀ ਉਹ ਸੱਚ ਨਿਕਲਿਆ। ਉਸ ਨੇ ਆਖਿਆ ਸੀ ਕਿ ਮੈਂ ਛੁੱਟ ਜਾਵਾਂਗਾ ਅਤੇ ਵਾਪਸ ਆਪਣੇ ਪੁਰਾਣੇ ਕੰਮ ਉੱਤੇ ਪਰਤ ਜਾਵਾਂਗਾ। ਉਸ ਨੇ ਇਹ ਵੀ ਆਖਿਆ ਕਿ ਨਾਨਬਾਈ ਮਰੇਗਾ, ਅਤੇ ਇਹ ਵੀ ਵਾਪਰ ਗਿਆ!”

ਯੂਸੁਫ਼ ਨੂੰ ਸੁਪਨਿਆਂ ਦੀ ਵਿਆਖਿਆ ਲਈ ਸੱਦਿਆ ਗਿਆ

14 ਇਸ ਲਈ ਫ਼ਿਰਊਨ ਨੇ ਯੂਸੁਫ਼ ਨੂੰ ਕੈਦਖਾਨੇ ਵਿੱਚੋਂ ਸੱਦ ਲਿਆ। ਗਾਰਦਾਂ ਨੇ ਜਲਦ ਹੀ ਯੂਸੁਫ਼ ਨੂੰ ਕੈਦਖਾਨੇ ਤੋਂ ਬਾਹਰ ਲੈ ਆਂਦਾ। ਯੂਸੁਫ਼ ਨੇ ਮੂੰਹ ਸਿਰ ਮੁਨਾਇਆ ਅਤੇ ਕੁਝ ਸਾਫ਼ ਕੱਪੜੇ ਪਹਿਨ ਲਈ। ਫ਼ੇਰ ਉਹ ਫ਼ਿਰਊਨ ਨੂੰ ਮਿਲਣ ਲਈ ਚੱਲਾ ਗਿਆ। 15 ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਮੈਨੂੰ ਇੱਕ ਸੁਪਨਾ ਆਇਆ ਹੈ। ਪਰ ਕੋਈ ਵੀ ਮੇਰੇ ਲਈ ਇਸ ਦੀ ਵਿਆਖਿਆ ਨਹੀਂ ਕਰ ਸੱਕਿਆ। ਮੈਂ ਸੁਣਿਆ ਹੈ ਕਿ ਜੇ ਕੋਈ ਤੈਨੂੰ ਆਪਣਾ ਸੁਪਨਾ ਸੁਣਾਵੇ ਤਾਂ ਤੂੰ ਉਸਦੀ ਵਿਆਖਿਆ ਕਰ ਸੱਕਦਾ ਹੈ।”

16 ਯੂਸੁਫ਼ ਨੇ ਜਵਾਬ ਦਿੱਤਾ, “ਮੈਂ ਅਜਿਹਾ ਨਹੀਂ ਕਰ ਸੱਕਦਾ। ਪਰ ਸ਼ਾਇਦ ਪਰਮੇਸ਼ੁਰ ਤੁਹਾਨੂੰ ਉਨ੍ਹਾਂ ਬਾਰੇ ਸਮਝਾ ਸੱਕੇ, ਫ਼ਿਰਊਨ।”

17 ਫ਼ੇਰ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਮੈਂ ਆਪਣੇ ਸੁਪਨੇ ਵਿੱਚ ਦੇਖਿਆ ਕਿ ਨੀਲ ਨਦੀ ਦੇ ਕੰਢੇ ਖਲੋਤਾ ਹਾਂ। 18 ਫ਼ੇਰ ਸੱਤ ਗਊਆਂ ਨਦੀ ਵਿੱਚੋਂ ਨਿਕਲੀਆਂ ਅਤੇ ਉੱਥੇ ਖਲੋਕੇ ਘਾਹ ਖਾਣ ਲੱਗੀਆਂ। ਉਹ ਨਰੋਈਆਂ ਅਤੇ ਸੁਨਖੀਆਂ ਗਊਆਂ ਸਨ। 19 ਫ਼ੇਰ ਮੈਂ ਦੇਖਿਆ ਕਿ ਉਨ੍ਹਾਂ ਤੋਂ ਪਿੱਛੋਂ ਸੱਤ ਹੋਰ ਗਊਆਂ ਨਦੀ ਵਿੱਚੋਂ ਨਿਕਲੀਆਂ। ਪਰ ਇਹ ਗਊਆਂ ਕਮਜ਼ੋਰ ਅਤੇ ਬਿਮਾਰ ਦਿਖਾਈ ਦਿੰਦੀਆਂ ਸਨ। ਇਹ ਉਨ੍ਹਾਂ ਸਾਰੀਆਂ ਗਊਆਂ ਨਾਲੋਂ ਸਭ ਤੋਂ ਨਖਿਧ ਸਨ ਜਿਨ੍ਹਾਂ ਨੂੰ ਮਿਸਰ ਵਿੱਚ ਕਿਤੇ ਵੀ ਦੇਖਿਆ ਹੈ! 20 ਫ਼ੇਰ ਉਨ੍ਹਾਂ ਕਮਜ਼ੋਰ ਅਤੇ ਬਿਮਾਰ ਗਊਆਂ ਨੇ ਪਹਿਲੀਆਂ ਨਰੋਈਆਂ ਗਊਆਂ ਨੂੰ ਖਾ ਲਿਆ। 21 ਪਰ ਉਹ ਫ਼ੇਰ ਵੀ ਕਮਜ਼ੋਰ ਅਤੇ ਬਿਮਾਰ ਦਿਸਦੀਆਂ ਸਨ। ਤੁਸੀਂ ਇਹ ਆਖ ਵੀ ਨਹੀਂ ਸੱਕਦੇ ਕਿ ਇਨ੍ਹਾਂ ਨੇ ਨਰੋਈਆਂ ਗਊਆਂ ਨੂੰ ਖਾ ਲਿਆ ਹੈ। ਉਹ ਓਨੀਆਂ ਹੀ ਕਮਜ਼ੋਰ ਅਤੇ ਬਿਮਾਰ ਨਜ਼ਰ ਆਉਂਦੀਆਂ ਸਨ ਜਿੰਨੀਆਂ ਉਹ ਸ਼ੁਰੂ ਵਿੱਚ ਸਨ। ਫ਼ੇਰ ਮੈਨੂੰ ਜਾਗ ਆ ਗਈ।

22 “ਆਪਣੇ ਅਗਲੇ ਸੁਪਨੇ ਵਿੱਚ ਮੈਂ ਇੱਕ ਪੌਦੇ ਉੱਤੇ ਅਨਾਜ ਦੀਆਂ ਸੱਤ ਬੱਲੀਆਂ ਉੱਗਦੀਆਂ ਦੇਖੀਆਂ। ਉਹ ਨਰੋਈਆਂ ਅਤੇ ਅਨਾਜ ਨਾਲ ਭਰਪੂਰ ਸਨ। 23 ਅਤੇ ਫ਼ੇਰ ਉਨ੍ਹਾਂ ਤੋਂ ਪਿੱਛੋਂ ਅਨਾਜ ਦੀਆਂ ਸੱਤ ਹੋਰ ਬੱਲੀਆਂ ਉੱਗ ਪਈਆਂ। ਪਰ ਉਹ ਕਮਜ਼ੋਰ ਅਤੇ ਲੂ ਨਾਲ ਝੁਲਸੀਆਂ ਹੋਈਆਂ ਸਨ। 24 ਫ਼ੇਰ ਉਨ੍ਹਾਂ ਅਨਾਜ ਦੀਆਂ ਪਤਲੀਆਂ ਬੱਲੀਆਂ ਨੇ ਸੱਤਾਂ ਚੰਗੀਆਂ ਬੱਲੀਆਂ ਨੂੰ ਖਾ ਲਿਆ।

“ਮੈਂ ਆਪਣੇ ਇਹ ਸੁਪਨੇ ਆਪਣੇ ਜਾਦੂਗਰਾਂ ਨੂੰ ਸੁਣਾਏ ਹਨ। ਪਰ ਕੋਈ ਵੀ ਮੈਨੂੰ ਇਨ੍ਹਾਂ ਸੁਪਨਿਆਂ ਦੀ ਵਿਆਖਿਆ ਕਰਕੇ ਨਹੀਂ ਦੱਸ ਸੱਕਿਆ। ਇਨ੍ਹਾਂ ਦਾ ਕੀ ਅਰਥ ਹੈ?”

ਯੂਸੁਫ਼ ਸੁਪਨੇ ਦੀ ਵਿਆਖਿਆ ਕਰਦਾ ਹੈ

25 ਫ਼ੇਰ ਯੂਸੁਫ਼ ਨੇ ਫ਼ਿਰਊਨ ਨੂੰ ਆਖਿਆ, “ਇਹ ਦੋਵੇਂ ਸੁਪਨੇ ਇੱਕੋ ਗੱਲ ਬਾਰੇ ਹਨ। ਪਰਮੇਸ਼ੁਰ ਤੈਨੂੰ ਛੇਤੀ ਹੀ ਵਾਪਰਨ ਵਾਲੀ ਗੱਲ ਬਾਰੇ ਦੱਸ ਰਿਹਾ ਹੈ। 26 ਦੋਹਾਂ ਸੁਪਿਨਆਂ ਦਾ ਅਸਲ ਵਿੱਚ ਇੱਕੋ ਹੀ ਅਰਥ ਹੈ। ਸੱਤ ਚੰਗੀਆਂ ਗਊਆਂ ਅਨਾਜ ਦੀਆਂ ਸੱਤ ਚੰਗੀਆਂ ਬੱਲੀਆਂ ਸੱਤ ਚੰਗੇ ਵਰ੍ਹੇ ਹਨ। 27 ਅਤੇ ਸੱਤ ਕਮਜ਼ੋਰ ਅਤੇ ਬਿਮਾਰ ਦਿਸਣ ਵਾਲੀਆਂ ਗਊਆਂ ਅਤੇ ਅਨਾਜ ਦੀਆਂ ਪਤਲੀਆਂ ਬੱਲੀਆਂ ਦਾ ਅਰਥ ਹੈ ਕਿ ਇਸ ਇਲਾਕੇ ਵਿੱਚ ਸੱਤ ਵਰ੍ਹੇ ਅਕਾਲ ਪਵੇਗਾ। ਇਹ ਸੱਤ ਬੁਰੇ ਵਰ੍ਹੇ ਸੱਤ ਚੰਗਿਆਂ ਵਰ੍ਹਿਆਂ ਬਾਦ ਆਉਣਗੇ। 28 ਪਰਮੇਸ਼ੁਰ ਨੇ ਤੁਹਾਨੂੰ ਦਰਸਾ ਦਿੱਤਾ ਹੈ ਕਿ ਛੇਤੀ ਹੀ ਕੀ ਵਾਪਰੇਗਾ। ਅਤੇ ਪਰਮੇਸ਼ੁਰ ਦੀ ਰਜ਼ਾ ਨਾਲ ਇਹ ਇਵੇਂ ਹੀ ਵਾਪਰੇਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ। 29 ਸੱਤ ਵਰ੍ਹਿਆਂ ਤੱਕ ਮਿਸਰ ਵਿੱਚ ਚੋਖਾ ਭੋਜਨ ਹੋਵੇਗਾ। 30 ਪਰ ਫ਼ੇਰ ਸੱਤ ਵਰ੍ਹੇ ਅਕਾਲ ਦੇ ਹੋਣਗੇ। ਮਿਸਰ ਦੇ ਲੋਕ ਇਸ ਗੱਲ ਨੂੰ ਭੁੱਲ ਜਾਣਗੇ ਕਿ ਉਨ੍ਹਾਂ ਕੋਲ ਪਿੱਛਲੇ ਸਮੇਂ ਵਿੱਚ ਕਿੰਨਾ ਭੋਜਨ ਸੀ। ਇਹ ਅਕਾਲ ਦੇਸ਼ ਨੂੰ ਬਰਬਾਦ ਕਰ ਦੇਵੇਗਾ। 31 ਕਿਉਂਕਿ ਅਕਾਲ ਇੰਨਾ ਭਿਆਨਕ ਹੋਵੇਗਾ, ਲੋਕ ਇਹ ਭੁੱਲ ਜਾਣਗੇ ਕਿ ਚੋਖਾ ਭੋਜਨ ਖਾਣਾ ਕਿਹੋ ਜਿਹਾ ਸੀ।

32 “ਫ਼ਿਰਊਨ, ਤੁਹਾਨੂੰ ਇੱਕੋ ਗੱਲ ਬਾਰੇ ਦੋ ਸੁਪਨੇ ਆਏ ਹਨ। ਪਰਮੇਸ਼ੁਰ ਤੁਹਾਨੂੰ ਇਹ ਦਰਸਾਉਣਾ ਚਾਹੁੰਦਾ ਸੀ ਕਿ ਉਸਦੀ ਰਜ਼ਾ ਨਾਲ ਅਜਿਹਾ ਅਵੱਸ਼ ਵਾਪਰੇਗਾ। ਅਤੇ ਉਹ ਇਸ ਨੂੰ ਛੇਤੀ ਹੀ ਵਾਪਰਨ ਦੇਵੇਗਾ! 33 ਇਸ ਲਈ ਫ਼ਿਰਊਨ, ਤੁਹਾਨੂੰ ਕਿਸੇ ਸਿਆਣੇ ਅਤੇ ਬੁਧੀਮਾਨ ਆਦਮੀ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਉਸ ਨੂੰ ਮਿਸਰ ਦਾ ਇੰਚਾਰਜ ਬਣਾ ਦੇਣਾ ਚਾਹੀਦਾ ਹੈ। 34 ਫ਼ੇਰ ਤੁਹਾਨੂੰ ਹੋਰਨਾ ਬੰਦਿਆਂ ਦੀ ਚੋਣ ਕਰਨੀ ਚਾਹੀਦੀ ਹੈ ਜਿਹੜੇ ਲੋਕਾਂ ਪਾਸੋਂ ਭੋਜਨ ਇਕੱਠਾ ਕਰ ਸੱਕਣ। ਸੱਤ ਚੰਗੇ ਵਰ੍ਹਿਆਂ ਦੌਰਾਨ ਲੋਕਾਂ ਨੂੰ ਆਪਣੀ ਸਾਰੀ ਫ਼ਸਲ ਦਾ ਪੰਜਵਾਂ ਹਿੱਸਾਂ ਉਨ੍ਹਾਂ ਨੂੰ ਦੇਣਾ ਚਾਹੀਦਾ ਹੈ। 35 ਇਸ ਤਰ੍ਹਾਂ, ਇਹ ਆਦਮੀ ਸੱਤ ਚੰਗੇ ਵਰ੍ਹਿਆਂ ਦੌਰਾਨ ਚੋਖਾ ਭੋਜਨ ਇਕੱਠਾ ਕਰ ਸੱਕਣਗੇ ਅਤੇ ਇਸ ਨੂੰ ਲੋੜ ਪੈਣ ਤੱਕ ਸ਼ਹਿਰਾਂ ਵਿੱਚ ਜਮ੍ਹਾਂ ਕਰਨਗੇ। ਇਸ ਤਰ੍ਹਾਂ, ਫ਼ਿਰਊਨ, ਇਹ ਭੋਜਨ ਤੁਹਾਡੇ ਅਧਿਕਾਰ ਹੇਠਾਂ ਰਹੇਗਾ। 36 ਫ਼ੇਰ ਸੱਤ ਮੰਦੇ ਵਰ੍ਹਿਆਂ ਦੌਰਾਨ ਮਿਸਰ ਦੇਸ਼ ਕੋਲ ਖਾਣ ਲਈ ਅਨਾਜ ਹੋਵੇਗਾ। ਅਤੇ ਮਿਸਰ ਅਕਾਲ ਨਾਲ ਤਬਾਹ ਨਹੀਂ ਹੋਵੇਗਾ।”

37 ਫ਼ਿਰਊਨ ਨੂੰ ਇਹ ਵਿੱਚਾਰ ਬਹੁਤ ਚੰਗਾ ਲੱਗਿਆ ਅਤੇ ਉਸ ਦੇ ਸਾਰੇ ਅਧਿਕਾਰੀ ਵੀ ਮੰਨ ਗਏ। 38 ਫ਼ੇਰ ਫ਼ਿਰੂਨ ਨੇ ਉਨ੍ਹਾਂ ਨੂੰ ਆਖਿਆ, “ਮੇਰਾ ਖਿਆਲ ਹੈ ਕਿ ਅਸੀਂ ਇਸ ਕੰਮ ਲਈ ਯੂਸੁਫ਼ ਨਾਲੋਂ ਕੋਈ ਵੱਧੇਰੇ ਸਿਆਣਾ ਬੰਦਾ ਨਹੀਂ ਲੱਭ ਸੱਕਦੇ। ਪਰਮੇਸ਼ੁਰ ਦਾ ਆਤਮਾ ਉਸ ਦੇ ਅੰਦਰ ਹੈ ਜਿਹੜਾ ਉਸ ਨੂੰ ਬਹੁਤ ਸਿਆਣਾ ਬਣਾ ਰਿਹਾ ਹੈ।”

39 ਇਸ ਲਈ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਪਰਮੇਸ਼ੁਰ ਨੇ ਤੈਨੂੰ ਇਹ ਚੀਜ਼ਾਂ ਦਿਖਾਈਆਂ, ਇਸ ਲਈ ਤੂੰ ਹੀ ਸਭ ਤੋਂ ਸਿਆਣਾ ਬੰਦਾ ਹੋਵੇਂਗਾ। 40 ਮੈਂ ਤੈਨੂੰ ਆਪਣੇ ਦੇਸ਼ ਦਾ ਮੁਖਤਾਰ ਬਣਾ ਦਿਆਂਗਾ ਅਤੇ ਲੋਕ ਤੇਰੇ ਸਾਰੇ ਆਦੇਸ਼ ਮੰਨਣਗੇ। ਸਿਰਫ਼ ਮੈਂ ਹੀ ਉਹ ਬੰਦਾ ਹੋਵਾਂਗਾ ਜਿਹੜਾ ਤੇਰੇ ਨਾਲੋਂ ਵੱਧ ਤਾਕਤਵਰ ਹੋਵਾਂਗਾ।”

41 ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਹੁਣ ਮੈਂ ਤੈਨੂੰ ਸਾਰੇ ਮਿਸਰ ਦਾ ਰਾਜਪਾਲ ਥਾਪਦਾ ਹਾਂ।” 42 ਫ਼ੇਰ ਫ਼ਿਰਊਨ ਨੇ ਆਪਣੀ ਖਾਸ ਮੁੰਦਰੀ ਯੂਸੁਫ਼ ਨੂੰ ਦਿੱਤੀ। ਇਸ ਮੁੰਦਰੀ ਉੱਤੇ ਸ਼ਾਹੀ ਮੁਹਰ ਸੀ। ਫ਼ਿਰਊਨ ਨੇ ਯੂਸੁਫ਼ ਨੂੰ ਇੱਕ ਲਿਨਨ ਦਾ ਚੋਲਾ ਵੀ ਦਿੱਤਾ ਅਤੇ ਉਸ ਦੇ ਗਲੇ ਦੁਆਲੇ ਸੁਨਿਹਰੀ ਹਾਰ ਵੀ ਪਾਇਆ। 43 ਫ਼ਿਰਊਨ ਨੇ ਯੂਸੁਫ਼ ਨੂੰ ਦੂਸਰੇ ਰੱਥ ਵਿੱਚ ਸਵਾਰ ਹੋਣ ਲਈ ਕਿਹਾ। ਯੂਸੁਫ਼ ਦੇ ਅੱਗੇ ਖਾਸ ਪਹਿਰੇਦਾਰ ਤੁਰੇ ਅਤੇ ਲੋਕਾਂ ਨੂੰ ਆਖਿਆ, “ਯੂਸੁਫ਼ ਦੇ ਅੱਗੇ ਝੁਕੋ।” ਇਸ ਲਈ ਉਹ ਸਾਰੇ ਮਿਸਰ ਦਾ ਰਾਜਪਾਲ ਬਣ ਗਿਆ।

44 ਫ਼ਿਰਊਨ ਨੇ ਉਸ ਨੂੰ ਆਖਿਆ, “ਮੈਂ ਫ਼ਿਰਊਨ ਹਾਂ, ਪਰ ਮਿਸਰ ਦਾ ਕੋਈ ਵੀ ਬੰਦਾ ਤੇਰੀ ਆਗਿਆ ਤੋਂ ਬਿਨਾ ਕੁਝ ਨਹੀਂ ਕਰ ਸੱਕਦਾ।” 45 ਫ਼ਿਰਊਨ ਨੇ ਯੂਸੁਫ਼ ਨੂੰ ਇੱਕ ਹੋਰ ਨਾਮ ਦਿੱਤਾ, ਸਾਫ਼ਨਥ ਪਾਨੇਆਹ। ਫ਼ਿਰਊਨ ਨੇ ਯੂਸੁਫ਼ ਨੂੰ ਇੱਕ ਪਤਨੀ ਵੀ ਦਿੱਤੀ ਜਿਸਦਾ ਨਾਮ ਸੀ ਆਸਨਥ। ਉਹ ਉਸ ਸ਼ਹਿਰ ਦੇ ਜਾਜਕ ਪੋਟੀਫ਼ਰ ਦੀ ਧੀ ਸੀ। ਇਸ ਤਰ੍ਹਾਂ ਯੂਸੁਫ਼ ਪੂਰੇ ਮਿਸਰ ਦੇਸ਼ ਦਾ ਰਾਜਪਾਲ ਬਣ ਗਿਆ।

46 ਜਦੋਂ ਯੂਸੁਫ਼ ਨੇ ਮਿਸਰ ਦੇਸ਼ ਦੇ ਰਾਜੇ ਦੀ ਸੇਵਾ ਸ਼ੁਰੂ ਕੀਤੀ ਉਹ 30 ਸਾਲਾਂ ਦਾ ਸੀ। ਯੂਸੁਫ਼ ਸਾਰੇ ਮਿਸਰ ਦੇਸ਼ ਵਿੱਚ ਘੁੰਮਿਆ। 47 ਸੱਤ ਚੰਗੇ ਵਰ੍ਹਿਆਂ ਦੌਰਾਨ ਮਿਸਰ ਵਿੱਚ ਫ਼ਸਲਾਂ ਬਹੁਤ ਚੰਗੀਆਂ ਹੋਈਆਂ। 48 ਅਤੇ ਯੂਸੁਫ਼ ਨੇ ਮਿਸਰ ਵਿੱਚ ਉਨ੍ਹਾਂ ਸੱਤਾਂ ਸਾਲਾਂ ਦੌਰਾਨ ਅਨਾਜ ਬਚਾਇਆ। ਯੂਸੁਫ਼ ਨੇ ਸ਼ਹਿਰਾਂ ਵਿੱਚ ਅਨਾਜ ਜਮ੍ਹਾਂ ਕਰ ਲਿਆ। ਹਰ ਸ਼ਹਿਰ ਵਿੱਚ ਯੂਸੁਫ਼ ਨੇ ਉਹ ਅਨਾਜ ਜਮ੍ਹਾਂ ਕਰ ਲਿਆ ਜਿਹੜੇ ਸ਼ਹਿਰ ਦੇ ਆਲੇ-ਦੁਆਲੇ ਦੇ ਖੇਤਾਂ ਵਿੱਚ ਪੈਦਾ ਹੁੰਦਾ ਸੀ। 49 ਯੂਸੁਫ਼ ਨੇ ਇੰਨਾ ਅਨਾਜ ਇਕੱਠਾ ਕੀਤਾ ਜਿੰਨੀ ਸਮੁੰਦਰ ਕਿਨਾਰੇ ਰੇਤ। ਉਸ ਨੇ ਇੰਨਾ ਜ਼ਿਆਦਾ ਅਨਾਜ ਜਮ੍ਹਾਂ ਕਰ ਲਿਆ ਕਿ ਉਸ ਨੂੰ ਮਾਪਣਾ ਔਖਾ ਸੀ।

50 ਯੂਸੁਫ਼ ਦੀ ਪਤਨੀ ਆਸਨਥ ਸੀ। ਉਹ ਉਸ ਸ਼ਹਿਰ ਦੇ ਜਾਜਕ ਪੋਟੀਫ਼ਰਾ ਦੀ ਧੀ ਸੀ। ਅਕਾਲ ਦਾ ਪਹਿਲਾ ਵਰ੍ਹਾ ਆਉਣ ਤੋਂ ਪਹਿਲਾਂ ਯੂਸੁਫ਼ ਅਤੇ ਆਸਨਥ ਦੇ ਦੋ ਪੁੱਤਰ ਹੋਏ। 51 ਪਹਿਲੇ ਪੁੱਤਰ ਦਾ ਨਾਮ ਮਨੱਸ਼ਹ ਰੱਖਿਆ ਗਿਆ। ਯੂਸੁਫ਼ ਨੇ ਉਸ ਨੂੰ ਇਹ ਨਾਮ ਇਸ ਵਾਸਤੇ ਦਿੱਤਾ ਕਿਉਂਕਿ ਯੂਸੁਫ਼ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਆਪਣੀਆਂ ਸਾਰੀਆਂ ਮੁਸੀਬਤਾਂ ਅਤੇ ਮੇਰੇ ਪਿਤਾ ਦੇ ਘਰ ਦੀ ਹਰ ਗੱਲ ਭੁਲਾ ਦਿੱਤੀ ਹੈ।” 52 ਯੂਸੁਫ਼ ਨੇ ਦੂਸਰੇ ਪੁੱਤਰ ਦਾ ਨਾਮ ਇਫ਼ਰਾਈਮ ਰੱਖਿਆ। ਯੂਸੁਫ਼ ਨੇ ਉਸ ਨੂੰ ਇਹ ਨਾਮ ਇਸ ਲਈ ਦਿੱਤਾ ਕਿਉਂਕਿ ਯੂਸੁਫ਼ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਉਸ ਧਰਤੀ ਉੱਤੇ ਸਫ਼ਲਤਾ ਦਿੱਤੀ ਜਿੱਥੇ ਮੈਂ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਸੀ।”

ਅਕਾਲ ਦਾ ਸਮਾਂ ਸ਼ੁਰੂ ਹੁੰਦਾ ਹੈ

53 ਸੱਤ ਸਾਲਾਂ ਤੱਕ, ਲੋਕਾਂ ਕੋਲ ਉਨ੍ਹਾਂ ਲਈ ਲੋੜੀਂਦਾ ਸਾਰਾ ਅਨਾਜ ਸੀ। ਪਰ ਫ਼ੇਰ ਉਹ ਸਾਲ ਖਤਮ ਹੋ ਗਏ। 54 ਅਤੇ ਅਕਾਲ ਦੇ ਸੱਤ ਵਰ੍ਹੇ ਸ਼ੁਰੂ ਹੋ ਗਏ, ਜਿਵੇਂ ਕਿ ਯੂਸੁਫ਼ ਨੇ ਪਹਿਲਾਂ ਹੀ ਆਖਿਆ ਸੀ। ਉਸ ਇਲਾਕੇ ਵਿੱਚਲੇ ਕਿਸੇ ਵੀ ਦੇਸ਼ ਵਿੱਚ ਕੋਈ ਅਨਾਜ ਨਹੀਂ ਪੈਦਾ ਹੋਇਆ। ਪਰ ਮਿਸਰ ਵਿੱਚ, ਲੋਕਾਂ ਕੋਲ ਖਾਣ ਲਈ ਕਾਫ਼ੀ ਸੀ! ਕਿਉਂਕਿ ਯੂਸੁਫ਼ ਨੇ ਅਨਾਜ ਜਮ੍ਹਾਂ ਕਰ ਲਿਆ ਸੀ। 55 ਕਾਲ ਦਾ ਸਮਾਂ ਸ਼ੁਰੂ ਹੋ ਗਿਆ, ਅਤੇ ਲੋਕ ਫ਼ਿਰਊਨ ਅੱਗੇ ਭੋਜਨ ਲਈ ਪੁਕਾਰ ਕਰਨ ਲੱਗੇ। ਫ਼ਿਰਊਨ ਨੇ ਮਿਸਰ ਦੇ ਲੋਕਾਂ ਨੂੰ ਆਖਿਆ, “ਯੂਸੁਫ਼ ਨੂ ਜਾਕੇ ਪੁੱਛੋ ਕਿ ਕੀ ਕਰਨਾ ਹੈ।”

56 ਹਰ ਥਾਂ ਅਕਾਲ ਪਿਆ ਹੋਇਆ ਸੀ, ਇਸ ਲਈ ਯੂਸੁਫ਼ ਨੇ ਉੱਥੋਂ ਜਿੱਥੇ ਅਨਾਜ ਰੱਖਿਆ ਹੋਇਆ ਸੀ, ਕੱਢਿਆ ਅਤੇ ਇਸ ਨੂੰ ਲੋਕਾਂ ਨੂੰ ਦੇ ਦਿੱਤਾ। ਯੂਸੁਫ਼ ਨੇ ਜਮ੍ਹਾਂ ਕੀਤਾ ਹੋਇਆ ਅਨਾਜ ਮਿਸਰ ਦੇ ਲੋਕਾਂ ਨੂੰ ਵੇਚਿਆ। ਮਿਸਰ ਵਿੱਚ ਅਕਾਲ ਸਖ਼ਤ ਸੀ। 57 ਪਰ ਅਕਾਲ ਹਰ ਥਾਂ ਸਖ਼ਤ ਸੀ। ਇਸ ਲਈ ਮਿਸਰ ਦੇ ਆਲੇ-ਦੁਆਲੇ ਦੇ ਦੇਸ਼ਾਂ ਦੇ ਲੋਕਾਂ ਨੂੰ ਯੂਸੁਫ਼ ਤੋਂ ਅਨਾਜ ਖਰੀਦਣ ਲਈ ਮਿਸਰ ਆਉਣਾ ਪੈਂਦਾ ਸੀ।

ਸੁਪਨੇ ਸੱਚ ਹੋਏ

42 ਅਕਾਲ ਕਨਾਨ ਵਿੱਚ ਵੀ ਸਖ਼ਤ ਸੀ। ਪਰ ਯਾਕੂਬ ਨੂੰ ਪਤਾ ਲੱਗਿਆ ਕਿ ਮਿਸਰ ਵਿੱਚ ਅਨਾਜ ਹੈ। ਇਸ ਲਈ ਯਾਕੂਬ ਨੇ ਆਪਣੇ ਪੁੱਤਰਾਂ ਨੂੰ ਆਖਿਆ, “ਅਸੀਂ ਇੱਥੇ ਨਿਕੰਮੇ ਕਿਉਂ ਬੈਠੇ ਹਾਂ? ਮੈਂ ਸੁਣਿਆ ਹੈ ਕਿ ਮਿਸਰ ਕੋਲ ਵੇਚਣ ਲਈ ਅਨਾਜ ਹੈ। ਇਸ ਲਈ ਆਉ ਅਨਾਜ ਖਰੀਦਣ ਲਈ ਉੱਥੇ ਚੱਲੀਏ। ਫ਼ੇਰ ਅਸੀਂ ਆਪਣੇ-ਆਪ ਨੂੰ ਮਰਦਿਆਂ ਦੇਖਣ ਦੀ ਬਜਾਇ ਜਿਉਂ ਸੱਕਦੇ ਹਾਂ।”

ਇਸ ਲਈ ਯੂਸੁਫ਼ ਦੇ ਦਸ ਭਰਾ ਅਨਾਜ ਖਰੀਦਣ ਲਈ ਮਿਸਰ ਗਏ। ਯਾਕੂਬ ਨੇ ਬਿਨਯਾਮੀਨ ਨੂੰ ਉਸ ਦੇ ਭਰਾਵਾਂ ਨਾਲ ਨਹੀਂ ਭੇਜਿਆ। (ਬਿਨਯਾਮੀਨ ਹੀ ਯੂਸੁਫ਼ ਦਾ ਇੱਕ ਸੱਕਾ ਭਰਾ ਸੀ।) ਯਾਕੂਬ ਡਰਦਾ ਸੀ ਕਿ ਬਿਨਯਾਮੀਨ ਨਾਲ ਕੁਝ ਮਾੜਾ ਨਾ ਵਾਪਰ ਜਾਵੇ।

ਕਨਾਨ ਵਿੱਚ ਅਕਾਲ ਬਹੁਤ ਸਖ਼ਤ ਸੀ, ਇਸ ਲਈ ਕਨਾਨ ਦੇ ਬਹੁਤ ਸਾਰੇ ਲੋਕ ਸਨ ਜਿਹੜੇ ਅਨਾਜ ਖਰੀਦਣ ਲਈ ਮਿਸਰ ਗਏ ਸਨ। ਉਨ੍ਹਾਂ ਵਿੱਚ ਇਸਰਾਏਲ ਦੇ ਪੁੱਤਰ ਵੀ ਸਨ।

ਉਸ ਸਮੇਂ, ਯੂਸੁਫ਼ ਮਿਸਰ ਦਾ ਰਾਜਪਾਲ ਸੀ ਅਤੇ ਯੂਸੁਫ਼ ਹੀ ਸੀ ਜਿਹੜਾ ਉਨ੍ਹਾਂ ਲੋਕਾਂ ਲਈ ਅਨਾਜ ਦੀ ਵਿਕਰੀ ਕਰਾਉਣ ਦਾ ਅਧਿਕਾਰੀ ਸੀ ਜਿਹੜੇ ਮਿਸਰ ਨੂੰ ਆਉਂਦੇ ਸਨ। ਇਸ ਲਈ ਯੂਸੁਫ਼ ਦੇ ਭਰਾ ਉਸ ਕੋਲ ਆਏ ਅਤੇ ਉਸ ਅੱਗੇ ਝੁਕ ਗਏ। ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਦੇਖਿਆ। ਯੂਸੁਫ਼ ਨੇ ਉਨ੍ਹਾਂ ਨੂੰ ਪਛਾਣ ਲਿਆ ਪਰ ਉਸ ਨੇ ਇਸ ਤਰ੍ਹਾਂ ਦਾ ਵਿਹਾਰ ਕੀਤਾ ਜਿਵੇਂ ਉਨ੍ਹਾਂ ਨੂੰ ਜਾਣਦਾ ਹੀ ਨਾ ਹੋਵੇ। ਉਨ੍ਹਾ ਨਾਲ ਗੱਲ ਕਰਦਿਆਂ ਉਹ ਬੜਾ ਕੁਰੱਖਤ ਸੀ। ਉਸ ਨੇ ਆਖਿਆ, “ਤੁਸੀਂ ਕਿੱਥੋਂ ਆਏ ਹੋ?”

ਭਰਾਵਾਂ ਨੇ ਜਵਾਬ ਦਿੱਤਾ, “ਅਸੀਂ ਕਨਾਨ ਦੀ ਧਰਤੀ ਤੋਂ ਆਏ ਹਾਂ। ਅਸੀਂ ਇੱਥੇ ਅਨਾਜ ਖਰੀਦਣ ਆਏ ਹਾਂ।”

ਯੂਸੁਫ਼ ਜਾਣਦਾ ਸੀ ਕਿ ਇਹ ਆਦਮੀ ਉਸ ਦੇ ਭਰਾ ਹਨ। ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਕੌਣ ਸੀ। ਅਤੇ ਯੂਸੁਫ਼ ਨੂੰ ਉਹ ਸੁਪਨੇ ਚੇਤੇ ਆ ਗਏ ਜਿਹੜੇ ਉਸ ਨੇ ਆਪਣੇ ਭਰਾਵਾਂ ਬਾਰੇ ਲਈ ਸਨ।

ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, “ਤੁਸੀਂ ਅਨਾਜ ਖਰੀਦਣ ਨਹੀਂ ਆਏ! ਤੁਸੀਂ ਜਾਸੂਸ ਹੋ। ਤੁਸੀਂ ਸਾਡੀਆਂ ਕਮਜ਼ੋਰੀਆਂ ਦਾ ਪਤਾ ਲਾਉਣ ਆਏ ਹੋ।”

10 ਪਰ ਭਰਾਵਾਂ ਨੇ ਉਸ ਨੂੰ ਆਖਿਆ, “ਨਹੀਂ ਜਨਾਬ! ਅਸੀਂ ਤਾਂ ਤੁਹਾਡੇ ਨੌਕਰ ਹਾਂ। ਅਸੀਂ ਤਾਂ ਸਿਰਫ਼ ਅਨਾਜ ਖਰੀਦਣ ਲਈ ਆਏ ਹਾਂ। 11 ਅਸੀਂ ਸਾਰੇ ਭਰਾ ਹਾਂ-ਸਾਡਾ ਸਾਰਿਆਂ ਦਾ ਇੱਕੋ ਪਿਤਾ ਹੈ। ਅਸੀਂ ਇਮਾਨਦਾਰ ਲੋਕ ਹਾਂ। ਅਸੀਂ ਜਾਸੂਸ ਨਹੀਂ ਹਾਂ।”

12 ਫ਼ੇਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ: “ਨਹੀਂ! ਤੁਸੀਂ ਸਾਡੀਆਂ ਕਮਜ਼ੋਰੀਆਂ ਲੱਭਣ ਆਏ ਹੋਂ।”

13 ਅਤੇ ਭਰਾਵਾਂ ਨੇ ਆਖਿਆ, “ਨਹੀਂ! ਅਸੀਂ ਸਾਰੇ ਭਰਾ ਹਾਂ। ਸਾਡੇ ਪਰਿਵਾਰ ਵਿੱਚ 12 ਭਰਾ ਹਨ। ਸਾਡੇ ਸਾਰਿਆਂ ਦਾ ਇੱਕ ਪਿਤਾ ਹੈ। ਸਾਡਾ ਸਾਰਿਆਂ ਤੋਂ ਛੋਟਾ ਭਰਾ ਹਲੇ ਵੀ ਸਾਡੇ ਪਿਤਾ ਨਾਲ ਘਰ ਵਿੱਚ ਹੈ। ਅਤੇ ਦੂਸਰਾ ਭਰਾ ਬਹੁਤ ਸਮਾਂ ਪਹਿਲਾਂ ਮਰ ਗਿਆ ਸੀ। ਤੁਹਾਡੇ ਸਾਹਮਣੇ ਅਸੀਂ ਨੌਕਰਾਂ ਵਾਂਗ ਹਾਂ। ਅਸੀਂ ਕਨਾਨ ਦੀ ਧਰਤੀ ਤੋਂ ਹਾਂ।”

14 ਪਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਨਹੀਂ! ਮੈਂ ਜਾਣਦਾ ਹਾਂ ਕਿ ਮੈਂ ਸਹੀ ਹਾਂ। ਤੁਸੀਂ ਜਾਸੂਸ ਹੋ। 15 ਪਰ ਮੈਂ ਤੁਹਾਨੂੰ ਇਹ ਸਾਬਤ ਕਰਨ ਦਾ ਮੌਕਾ ਦਿਆਂਗਾ ਕਿ ਤੁਸੀਂ ਸੱਚ ਬੋਲ ਰਹੇ ਹੋ। ਮੈਂ ਫ਼ਿਰਊਨ ਦਾ ਨਾਮ ਲੈ ਕੇ ਸੌਂਹ ਖਾਂਦਾ ਹਾਂ ਕਿ ਮੈਂ ਤੁਹਾਨੂੰ ਓਨਾ ਚਿਰ ਨਹੀਂ ਜਾਣ ਦਿਆਂਗਾ ਜਦੋਂ ਤੱਕ ਕਿ ਤੁਹਾਡਾ ਸਭ ਤੋਂ ਛੋਟਾ ਭਰਾ ਇੱਥੇ ਨਹੀਂ ਆ ਜਾਂਦਾ। 16 ਮੈਂ ਤੁਹਾਡੇ ਵਿੱਚੋਂ ਇੱਕ ਨੂੰ ਵਾਪਸ ਜਾਣ ਦੇਵਾਂਗਾ ਅਤੇ ਤੁਹਾਡੇ ਸਭ ਤੋਂ ਛੋਟੇ ਭਰਾ ਨੂੰ ਇੱਥੇ ਲਿਆਉਣ ਦਿਆਂਗਾ, ਜਦ ਕਿ ਹੋਰ ਸਾਰੇ ਕੈਦਖਾਨੇ ਵਿੱਚ ਰਹਿਣਗੇ। ਅਸੀਂ ਦੇਖਾਂਗੇ ਕਿ ਤੁਸੀਂ ਸੱਚ ਬੋਲ ਰਹੇ ਹੋ ਜਾਂ ਨਹੀਂ। ਪਰ ਜੇ ਤੁਸੀਂ ਅਜਿਹਾ ਨਹੀਂ ਕਰੋਂਗੇ, ਮੈਂ ਫ਼ਿਰਊਨ ਦੀ ਜਾਨ ਦੀ ਸੌਂਹ ਖਾਂਦਾ ਹਾਂ ਕਿ ਮੈਂ ਜਾਣ ਜਾਵਾਂਗਾ ਕਿ ਤੁਸੀਂ ਜਾਸੂਸ ਹੋ।” 17 ਫ਼ੇਰ ਯੂਸੁਫ਼ ਨੇ ਉਨ੍ਹਾਂ ਸਾਰਿਆਂ ਨੂੰ ਤਿੰਨਾ ਦਿਨਾ ਲਈ ਕੈਦਖਾਨੇ ਵਿੱਚ ਪਾ ਦਿੱਤਾ।

ਸ਼ਿਮਓਨ ਨੂੰ ਬਂਧਕ ਵਜੋਂ ਰੱਖਿਆ ਗਿਆ

18 ਤਿੰਨ ਦਿਨਾਂ ਮਗਰੋਂ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਮੈਂ ਪਰਮੇਸ਼ੁਰ ਦਾ ਖੌਫ਼ ਰੱਖਣ ਵਾਲਾ ਆਦਮੀ ਹਾਂ! ਇਹ ਗੱਲ ਕਰੋ, ਅਤੇ ਮੈਂ ਤੁਹਾਨੂੰ ਜਿਉਣ ਦਿਆਂਗਾ। 19 ਜੇ ਤੁਸੀਂ ਸੱਚਮੁੱਚ ਸੱਚੇ ਬੰਦੇ ਹੋ, ਤਾਂ ਤੁਹਾਡੇ ਵਿੱਚੋਂ ਇੱਕ ਭਰਾ ਇੱਥੇ ਕੈਦਖਾਨੇ ਵਿੱਚ ਰਹਿ ਸੱਕਦਾ ਹੈ। ਅਤੇ ਦੂਸਰੇ ਤੁਹਾਡੇ ਲੋਕਾਂ ਕੋਲ ਅਨਾਜ ਲੈ ਕੇ ਜਾ ਸੱਕਦੇ ਹਨ। 20 ਪਰ ਫ਼ੇਰ ਤੁਹਾਨੂੰ ਆਪਣੇ ਸਭ ਤੋਂ ਛੋਟੇ ਭਰਾ ਨੂੰ ਇੱਥੇ ਮੇਰੇ ਕੋਲ ਲੈ ਕੇ ਆਉਣਾ ਪਵੇਗਾ। ਫ਼ੇਰ ਮੈਨੂੰ ਪਤਾ ਲੱਗੇਗਾ ਕਿ ਤੁਸੀਂ ਸੱਚ ਬੋਲ ਰਹੇ ਹੋ ਅਤੇ ਤੁਹਾਨੂੰ ਮਰਨ ਦੀ ਲੋੜ ਨਹੀਂ।”

ਭਰਾਵਾਂ ਨੇ ਇਹ ਗੱਲ ਮੰਨ ਲਈ। 21 ਉਨ੍ਹਾਂ ਨੇ ਇੱਕ-ਦੂਜੇ ਨੂੰ ਆਖਿਆ, “ਸਾਨੂੰ ਸਾਡੇ ਉਸ ਮੰਦੇ ਕਾਰੇ ਦੀ ਸਜ਼ਾ ਮਿਲ ਰਹੀ ਹੈ ਜਿਹੜਾ ਅਸੀਂ ਆਪਣੇ ਛੋਟੇ ਭਰਾ ਯੂਸੁਫ਼ ਨਾਲ ਕੀਤਾ ਸੀ। ਅਸੀਂ ਉਸ ਨੂੰ ਮੁਸੀਬਤ ਵਿੱਚ ਦੇਖਿਆ। ਉਸ ਨੇ ਸਾਡੇ ਕੋਲੋਂ ਆਪਣੀ ਜਾਨ ਦੀ ਭਿਖਿਆ ਮੰਗੀ। ਪਰ ਅਸੀਂ ਉਸਦੀ ਗੱਲ ਨਹੀਂ ਸੁਣੀ। ਇਸ ਲਈ ਹੁਣ ਅਸੀਂ ਮੁਸੀਬਤ ਵਿੱਚ ਹਾਂ।”

22 ਫ਼ੇਰ ਰਊਬੇਨ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਆਖਿਆ ਸੀ ਕਿ ਮੁੰਡੇ ਨਾਲ ਮੰਦਾ ਨਾ ਕਰੋ। ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ। ਇਸ ਲਈ ਹੁਣ ਸਾਨੂੰ ਉਸਦੀ ਮੌਤ ਦੀ ਸਜ਼ਾ ਮਿਲ ਰਹੀ ਹੈ।”

23 ਯੂਸੁਫ਼ ਉਨ੍ਹਾਂ ਨਾਲ ਗੱਲ ਕਰਨ ਲਈ ਇੱਕ ਦੋ-ਭਾਸ਼ੀਏ ਦੀ ਵਰਤੋਂ ਕਰ ਰਿਹਾ ਸੀ। ਇਸ ਲਈ ਭਰਾਵਾਂ ਨੂੰ ਪਤਾ ਨਹੀਂ ਲੱਗਿਆ ਕਿ ਯੂਸੁਫ਼ ਉਨ੍ਹਾਂ ਦੀ ਬੋਲੀ ਸਮਝਦਾ ਸੀ। ਪਰ ਯੂਸੁਫ਼ ਨੇ ਉਨ੍ਹਾਂ ਦੀ ਆਖੀ ਹਰ ਗੱਲ ਸੁਣੀ ਅਤੇ ਸਮਝ ਲਈ। 24 ਉਨ੍ਹਾਂ ਦੇ ਸ਼ਬਦਾਂ ਨੇ ਯੂਸੁਫ਼ ਨੂੰ ਬਹੁਤ ਉਦਾਸ ਕਰ ਦਿੱਤਾ। ਇਸ ਲਈ ਯੂਸੁਫ਼ ਉਨ੍ਹਾਂ ਨੂੰ ਛੱਡ ਕੇ ਚੱਲਾ ਗਿਆ ਅਤੇ ਰੋਣ ਲੱਗਾ। ਕੁਝ ਸਮੇਂ ਬਾਦ ਯੂਸੁਫ਼ ਫ਼ੇਰ ਉਨ੍ਹਾਂ ਕੋਲ ਗਿਆ। ਉਸ ਨੇ ਉਨ੍ਹਾਂ ਵਿੱਚੋਂ ਇੱਕ ਭਰਾ, ਸਿਮਓਨ ਨੂੰ ਲਿਆ ਅਤੇ ਬੰਨ੍ਹ ਦਿੱਤਾ ਜਦੋਂ ਕਿ ਦੂਸਰੇ ਦੇਖਦੇ ਰਹੇ। 25 ਯੂਸੁਫ਼ ਨੇ ਕੁਝ ਨੌਕਰਾਂ ਨੂੰ ਉਨ੍ਹਾਂ ਦੀਆਂ ਬੋਰੀਆਂ ਵਿੱਚ ਅਨਾਜ ਭਰਨ ਲਈ ਆਖਿਆ। ਭਰਾਵਾਂ ਨੇ ਇਸ ਅਨਾਜ ਦੇ ਬਦਲੇ ਪੈਸੇ ਦਿੱਤੇ। ਪਰ ਯੂਸੁਫ਼ ਨੇ ਪੈਸੇ ਨਹੀਂ ਰੱਖੇ। ਉਸ ਨੇ ਪੈਸੇ ਉਨ੍ਹਾਂ ਦੀਆਂ ਅਨਾਜ ਦੀਆਂ ਬੋਰੀਆਂ ਵਿੱਚ ਪਾ ਦਿੱਤੇ। ਉਸ ਨੇ ਉਨ੍ਹਾਂ ਨੂੰ ਵਾਪਸ ਘਰ ਜਾਂਦੇ ਵਕਤ ਸਫ਼ਰ ਵਾਸਤੇ ਖਾਣ ਲਈ ਭੋਜਨ ਵੀ ਦਿੱਤਾ।

26 ਇਸ ਲਈ ਭਰਾਵਾਂ ਨੇ ਅਨਾਜ ਆਪਣੇ ਖੋਤਿਆਂ ਉੱਪਰ ਲੱਦਿਆ ਅਤੇ ਚੱਲੇ ਗਏ। 27 ਉਸ ਰਾਤ ਭਰਾ ਰਾਤ ਕੱਟਣ ਲਈ ਇੱਕ ਥਾਂ ਠਹਿਰ ਗਏ। ਭਰਾਵਾਂ ਵਿੱਚੋਂ ਇੱਕ ਨੇ ਆਪਣੇ ਖੋਤੇ ਨੂੰ ਕੁਝ ਅਨਾਜ ਦੇਣ ਲਈ ਆਪਣੀ ਬੋਰੀ ਦਾ ਮੂੰਹ ਖੋਲ੍ਹਿਆ। ਅਤੇ ਉੱਥੇ ਬੋਰੀ ਵਿੱਚ ਉਸ ਨੂੰ ਆਪਣਾ ਪੈਸਾ ਦਿਖਾਈ ਦਿੱਤਾ। 28 ਉਸ ਨੇ ਹੋਰਨਾਂ ਭਰਾਵਾਂ ਨੂੰ ਆਖਿਆ, “ਦੇਖੋ, ਇਹ ਉਹ ਪੈਸਾ ਹੈ ਜਿਹੜਾ ਮੈਂ ਅਨਾਜ ਬਦਲੇ ਦਿੱਤਾ ਸੀ। ਕਿਸੇ ਨੇ ਪੈਸੇ ਫ਼ੇਰ ਮੇਰੀ ਬੋਰੀ ਵਿੱਚ ਰੱਖ ਦਿੱਤੇ ਹਨ।” ਭਰਾ ਬਹੁਤ ਡਰ ਗਏ। ਉਨ੍ਹਾਂ ਨੇ ਇੱਕ ਦੂਸਰੇ ਨੂੰ ਆਖਿਆ, “ਸਾਡੇ ਨਾਲ ਪਰਮੇਸ਼ੁਰ ਕੀ ਕਰ ਰਿਹਾ ਹੈ?”

ਭਰਾਵਾਂ ਦਾ ਯਾਕੂਬ ਨੂੰ ਖ਼ਬਰ ਦੇਣਾ

29 ਭਰਾ ਆਪਣੇ ਪਿਤਾ ਯਾਕੂਬ ਕੋਲ ਕਨਾਨ ਦੀ ਧਰਤੀ ਉੱਤੇ ਵਾਪਸ ਚੱਲੇ ਗਏ। ਉਨ੍ਹਾਂ ਨੇ ਯਾਕੂਬ ਨੂੰ ਉਹ ਸਾਰਾ ਕੁਝ ਦੱਸ ਦਿੱਤਾ ਜੋ ਵਾਪਰਿਆ ਸੀ। 30 ਉਨ੍ਹਾਂ ਨੇ ਆਖਿਆ, “ਉਸ ਦੇਸ਼ ਦੇ ਰਾਜਪਾਲ ਨੇ ਸਾਨੂੰ ਬਹੁਤ ਰੁੱਖਾ ਬੋਲਿਆ। ਉਸਦਾ ਖਿਆਲ ਸੀ ਕਿ ਅਸੀਂ ਜਾਸੂਸ ਹਾਂ! 31 ਪਰ ਅਸੀਂ ਉਸ ਨੂੰ ਦੱਸਿਆ ਕਿ ਅਸੀਂ ਜਾਸੂਸ ਨਹੀਂ ਹਾਂ, ਅਸੀਂ ਇਮਾਨਦਾਰ ਆਦਮੀ ਹਾਂ! 32 ਅਸੀਂ ਉਸ ਨੂੰ ਦੱਸਿਆ ਕਿ ਅਸੀਂ 12 ਭਰਾ ਸਾਂ। ਅਸੀਂ ਉਸ ਨੂੰ ਦੱਸਿਆ ਕਿ ਸਾਡਾ ਸਭ ਦਾ ਇੱਕ ਪਿਤਾ ਹੈ। ਅਸੀਂ ਉਸ ਨੂੰ ਆਪਣੇ ਭਰਾ ਬਾਰੇ ਦੱਸਿਆ ਜੋ ਮਰ ਚੁੱਕਿਆ ਹੈ, ਅਤੇ ਅਸੀਂ ਉਸ ਨੂੰ ਆਪਣੇ ਸਭ ਤੋਂ ਛੋਟੇ ਭਰਾ ਬਾਰੇ ਵੀ ਦੱਸਿਆ, ਜੋ ਹਾਲੇ ਸਾਡੇ ਪਿਉ ਨਾਲ ਕਨਾਨ ਦੀ ਧਰਤੀ ਵਿੱਚ ਰਹਿ ਰਿਹਾ ਸੀ।

33 “ਤਾਂ ਉਸ ਦੇਸ਼ ਦੇ ਰਾਜਪਾਲ ਨੇ ਸਾਨੂੰ ਇਹ ਆਖਿਆ, ‘ਇਹ ਸਾਬਤ ਕਰਨ ਦਾ ਇੱਕ ਤਰੀਕਾ ਹੈ ਕਿ ਤੁਸੀਂ ਇਮਾਨਦਾਰ ਆਦਮੀ ਹੋ: ਆਪਣੇ ਭਰਾਵਾਂ ਵਿੱਚੋਂ ਇੱਕ ਨੂੰ ਇੱਥੇ ਮੇਰੇ ਕੋਲ ਛੱਡ ਜਾਉ। ਆਪਣਾ ਅਨਾਜ ਆਪਣੇ ਪਰਿਵਾਰ ਕੋਲ ਵਾਪਸ ਲੈ ਜਾਉ। 34 ਫ਼ੇਰ ਆਪਣੇ ਸਭ ਤੋਂ ਛੋਟੇ ਭਰਾ ਨੂੰ ਮੇਰੇ ਕੋਲ ਲੈ ਆਉ। ਫ਼ੇਰ ਮੈਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਇਮਾਨਦਾਰ ਆਦਮੀ ਹੋ ਜਾਂ ਜਾਸੂਸ। ਜੇ ਤੁਸੀਂ ਸੱਚ ਬੋਲ ਰਹੇ ਹੋਵੋਂਗੇ, ਮੈਂ ਤੁਹਾਨੂੰ ਤੁਹਾਡਾ ਭਰਾ ਵਾਪਸ ਕਰ ਦਿਆਂਗਾ ਅਤੇ ਤੁਸੀਂ ਸਾਡੇ ਦੇਸ਼ ਵਿੱਚੋਂ ਅਨਾਜ ਖਰੀਦ ਸੱਕੋਂਗੇ।’”

35 ਫ਼ੇਰ ਭਰਾਵਾਂ ਨੇ ਆਪੋ-ਆਪਣੀਆਂ ਬੋਰੀਆਂ ਵਿੱਚੋਂ ਅਨਾਜ ਕੱਢਣਾ ਸ਼ੁਰੂ ਕਰ ਦਿੱਤਾ। ਅਤੇ ਹਰ ਭਰਾ ਨੂੰ ਆਪਣੀ ਬੋਰੀ ਵਿੱਚ ਪੈਸਿਆਂ ਦੀ ਥੈਲੀ ਮਿਲੀ। ਭਰਾਵਾਂ ਨੇ ਅਤੇ ਪਿਤਾ ਨੇ ਪੈਸੇ ਦੇਖੇ ਅਤੇ ਉਹ ਭੈਭੀਤ ਹੋ ਗਏ।

36 ਯਾਕੂਬ ਨੇ ਉਨ੍ਹਾਂ ਨੂੰ ਆਖਿਆ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣੇ ਸਾਰੇ ਬੱਚੇ ਗੁਆ ਲਵਾਂ? ਯੂਸੁਫ਼ ਚੱਲਾ ਗਿਆ। ਸਿਮਓਨ ਚੱਲਾ ਗਿਆ। ਅਤੇ ਹੁਣ ਤੁਸੀਂ ਬਿਨਯਾਮੀਨ ਨੂੰ ਵੀ ਲੈ ਜਾਣਾ ਚਾਹੁੰਦੇ ਹੋ?”

37 ਪਰ ਰਊਬੇਨ ਨੇ ਆਪਣੇ ਪਿਤਾ ਨੂੰ ਆਖਿਆ, “ਪਿਤਾ ਜੀ, ਜੇ ਮੈਂ ਬਿਨਯਾਮੀਨ ਨੂੰ ਤੁਹਾਡੇ ਕੋਲ ਨਾ ਲੈ ਕੇ ਆਇਆ ਤਾਂ ਤੁਸੀਂ ਭਾਵੇਂ ਮੇਰੇ ਦੋਵੇਂ ਪੁੱਤਰਾਂ ਨੂੰ ਮਾਰ ਦਿਉ। ਮੇਰੇ ਉੱਤੇ ਭਰੋਸਾ ਕਰੋ। ਮੈਂ ਬਿਨਯਾਮੀਨ ਨੂੰ ਤੁਹਾਡੇ ਕੋਲ ਵਾਪਸ ਲੈ ਕੇ ਆਵਾਂਗਾ।”

38 ਪਰ ਯਾਕੂਬ ਨੇ ਆਖਿਆ, “ਮੈਂ ਬਿਨਯਾਮੀਨ ਨੂੰ ਤੁਹਾਡੇ ਨਾਲ ਨਹੀਂ ਜਾਣ ਦਿਆਂਗਾ। ਉਸਦਾ ਭਰਾ ਮਰ ਚੁੱਕਿਆ ਹੈ ਅਤੇ ਉਹ ਮੇਰੀ ਪਤਨੀ ਦਾ ਇੱਕੋ-ਇੱਕ ਪੁੱਤਰ ਬੱਚਿਆਂ ਹੈ। ਜੇ ਉਸ ਨਾਲ ਮਿਸਰ ਦੀ ਯਾਤਰਾ ਦੌਰਾਨ ਕੁਝ ਵਾਪਰਿਆ ਤਾਂ ਮੈਂ ਮਾਰਿਆ ਜਾਵਾਂਗਾ। ਤੁਸੀਂ ਮੈਨੂੰ ਇੱਕ ਸੋਗੀ, ਬੁੱਢੇ ਬੰਦੇ ਨੂੰ ਕਬਰ ਵਿੱਚ ਸੁੱਟ ਦਿਉਂਗੇ।”

Punjabi Bible: Easy-to-Read Version (ERV-PA)

2010 by World Bible Translation Center