Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਉਤਪਤ 38-40

ਯਹੂਦਾਹ ਅਤੇ ਤਾਮਾਰ

38 ਤਕਰੀਬਨ ਉਸੇ ਵੇਲੇ, ਯਹੂਦਾਹ ਆਪਣੇ ਭਰਾਵਾਂ ਨੂੰ ਛੱਡ ਗਿਆ ਅਤੇ ਹੀਰਾਹ ਨਾਮ ਦੇ ਇੱਕ ਆਦਮੀ ਦੇ ਕੋਲ ਰਹਿਣ ਲਈ ਚੱਲਾ ਗਿਆ। ਹੀਰਾਹ ਅਦੂਲਾਮ ਕਸਬੇ ਦਾ ਸੀ। ਯਹੂਦਾਹ ਨੂੰ ਉੱਥੇ ਇੱਕ ਕਨਾਨੀ ਕੁੜੀ ਮਿਲ ਪਈ ਅਤੇ ਉਸ ਨੇ ਉਸ ਨਾਲ ਸ਼ਾਦੀ ਕਰ ਲਈ। ਕੁੜੀ ਦੇ ਪਿਤਾ ਦਾ ਨਾਮ ਸ਼ੂਆ ਸੀ। ਕਨਾਨੀ ਕੁੜੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਉਸਦਾ ਨਾਮ ਏਰ ਰੱਖਿਆ। ਬਾਦ ਵਿੱਚ ਉਸ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਉਸਦਾ ਨਾਮ ਉਸ ਨੇ ਓਨਾਨ ਰੱਖਿਆ। ਬਾਦ ਵਿੱਚ ਉਸਦਾ ਇੱਕ ਹੋਰ ਪੁੱਤਰ ਹੋਇਆ ਜਿਸਦਾ ਨਾਮ ਸ਼ੇਲਾਹ ਸੀ। ਜਦੋਂ ਇਸ ਤੀਸਰੇ ਪੁੱਤਰ ਦਾ ਜਨਮ ਹੋਇਆ ਤਾਂ ਯਹੂਦਾਹ ਕਜ਼ੀਬ ਵਿੱਚ ਰਹਿੰਦਾ ਸੀ।

ਯਹੂਦਾਹ ਨੇ ਆਪਣੇ ਪਹਿਲੇ ਪੁੱਤਰ ਏਰ ਲਈ ਇੱਕ ਵਹੁਟੀ ਲੱਭੀ। ਔਰਤ ਦਾ ਨਾਮ ਤਾਮਾਰ ਸੀ। ਪਰ ਏਰ ਨੇ ਬਹੁਤ ਸਾਰੇ ਮੰਦੇ ਕੰਮ ਕੀਤੇ। ਯਹੋਵਾਹ ਉਸ ਉੱਪਰ ਪ੍ਰਸੰਨ ਨਹੀਂ ਸੀ। ਇਸ ਲਈ ਯਹੋਵਾਹ ਨੇ ਉਸ ਨੂੰ ਮਾਰ ਦਿੱਤਾ। ਫ਼ੇਰ ਯਹੂਦਾਹ ਨੇ ਓਨਾਨ ਨੂੰ ਆਖਿਆ, “ਆਪਣੇ ਮ੍ਰਿਤਕ ਭਰਾ ਦੀ ਪਤਨੀ ਕੋਲ ਜਾਹ ਅਤੇ ਆਪਣੇ ਭਰਾ ਦੇ ਪਰਿਵਾਰ ਦੀ ਪੰਗਤ ਨੂੰ ਜਿਉਂਦਿਆਂ ਰੱਖਣ ਲਈ, ਉਸ ਨਾਲ ਆਪਣਾ ਫ਼ਰਜ਼ ਪੂਰਾ ਕਰ।”

ਓਨਾਨ ਜਾਣਦਾ ਸੀ ਕਿ ਇਸ ਸੰਭੋਗ ਵਿੱਚੋਂ ਪੈਦਾ ਹੋਇਆ ਬੱਚਾ ਉਸਦਾ ਨਹੀਂ ਅਖਵਾਏਗਾ। ਓਨਾਨ ਨੇ ਤਾਮਾਰ ਨਾਲ ਜਿਨਸੀ ਰਿਸ਼ਤਾ ਜੋੜਿਆ ਪਰ ਉਸ ਨੇ ਆਪਣਾ ਵੀਰਜ ਜ਼ਮੀਨ ਉੱਤੇ ਵਗਾ ਦਿੱਤਾ। ਉਸ ਨੇ ਅਜਿਹਾ ਆਪਣੇ ਭਰਾ ਨੂੰ ਉੱਤਰਾਧਿਕਾਰੀ ਨਾ ਦੇਣ ਦੀ ਤਵਜੋ ਨਾਲ ਕੀਤਾ। 10 ਇਸ ਨਾਲ ਯਹੋਵਾਹ ਨੂੰ ਗੁੱਸਾ ਆ ਗਿਆ। ਇਸ ਲਈ ਯਹੋਵਾਹ ਨੇ ਓਨਾਨ ਨੂੰ ਵੀ ਮਾਰ ਦਿੱਤਾ। 11 ਫ਼ੇਰ ਯਹੂਦਾਹ ਨੇ ਆਪਣੀ ਨੂੰਹ ਤਾਮਾਰ ਨੂੰ ਆਖਿਆ, “ਆਪਣੇ ਪਿਤਾ ਦੇ ਘਰ ਵਾਪਸ ਚਲੀ ਜਾਹ। ਉੱਥੇ ਠਹਿਰ ਅਤੇ ਓਨਾ ਚਿਰ ਸ਼ਾਦੀ ਨਾ ਕਰੀਂ ਜਦੋਂ ਤੱਕ ਕਿ ਮੇਰਾ ਛੋਟਾ ਪੁੱਤਰ ਸ਼ੇਲਾਹ ਜਵਾਨ ਨਹੀਂ ਹੋ ਜਾਂਦਾ।” ਯਹੂਦਾਹ ਨੂੰ ਡਰ ਸੀ ਕਿ ਸ਼ੇਲਾਹ ਵੀ ਆਪਣੇ ਭਰਾਵਾਂ ਵਾਂਗ ਨਾ ਮਾਰਿਆ ਜਾਵੇ। ਤਾਮਾਰ ਆਪਣੇ ਪਿਤਾ ਦੇ ਘਰ ਵਾਪਸ ਚਲੀ ਗਈ।

12 ਬਾਦ ਵਿੱਚ, ਯਹੂਦਾਹ ਦੀ ਪਤਨੀ, ਸ਼ੂਆ ਦੀ ਧੀ, ਮਰ ਗਈ। ਸੋਗ ਦੇ ਦਿਨਾਂ ਤੋਂ ਮਗਰੋਂ ਯਹੂਦਾਹ ਉਸ ਅਦੂਲਾਮੀ ਦੇ ਆਪਣੇ ਮਿੱਤਰ ਹੀਰਾਹ ਨਾਲ ਤਿਮਨਾਥ ਕੋਲ ਚੱਲਾ ਗਿਆ। ਯਹੂਦਾਹ ਤਿਮਨਾਥ ਨੂੰ ਆਪਣੀਆਂ ਭੇਡਾਂ ਦੀ ਉੱਨ ਲਾਹੁਣ ਗਿਆ ਸੀ। 13 ਤਾਮਾਰ ਨੂੰ ਪਤਾ ਲੱਗਿਆ ਕਿ ਉਸਦਾ ਸੌਹਰਾ ਆਪਣੀਆਂ ਭੇਡਾਂ ਦੀ ਉੱਨ ਲਾਹੁਣ ਲਈ ਤਿਮਨਾਥ ਜਾ ਰਿਹਾ ਸੀ। 14 ਤਾਮਾਰ ਹਮੇਸ਼ਾ ਅਜਿਹੇ ਕੱਪੜੇ ਪਾਉਂਦੀ ਸੀ ਜਿਸਤੋਂ ਨਜ਼ਰ ਆਵੇ ਕਿ ਉਹ ਵਿਧਵਾ ਸੀ। ਇਸ ਲਈ ਉਸ ਨੇ ਕੁਝ ਵਖਰੇ ਵਸਤਰ ਪਹਿਨੇ ਅਤੇ ਆਪਣੇ ਚਿਹਰੇ ਨੂੰ ਘੁੰਡ ਨਾਲ ਢੱਕ ਲਿਆ। ਫ਼ੇਰ ਉਹ ਏਨਿਯਮ ਫ਼ਾਟਕ ਕੋਲ ਬੈਠ ਗਈ ਜੋ ਤਿਮਨਾਥ ਦੇ ਰਸਤੇ ਉੱਤੇ ਹੈ। ਤਾਮਾਰ ਜਾਣਦੀ ਸੀ ਕਿ ਯਹੂਦਾਹ ਦਾ ਸਭ ਤੋਂ ਛੋਟਾ ਪੁੱਤਰ ਸ਼ੇਲਾਹ ਹੁਣ ਜਵਾਨ ਹੋ ਚੁੱਕਿਆ ਸੀ। ਪਰ ਯਹੂਦਾਹ ਉਸ ਨੂੰ ਉਸ ਨਾਲ ਵਿਆਹੁਣ ਦੀਆਂ ਵਿਉਂਤਾ ਨਹੀਂ ਬਣਾਵੇਗਾ।

15 ਯਹੂਦਾਹ ਉਸ ਸੜਕ ਉੱਤੇ ਸਫ਼ਰ ਕਰ ਰਿਹਾ ਸੀ। ਉਸ ਨੇ ਉਸ ਨੂੰ ਦੇਖਿਆ ਪਰ ਇਹ ਸੋਚਿਆ ਕਿ ਸ਼ਾਇਦ ਇਹ ਵੇਸਵਾ ਹੈ। (ਉਸਦਾ ਚਿਹਰਾ ਵੇਸਵਾ ਵਾਂਗ ਨਕਾਬ ਨਾਲ ਕਜਿਆ ਹੋਇਆ ਸੀ।) 16 ਇਸ ਲਈ ਯਹੂਦਾਹ ਉਸ ਕੋਲ ਗਿਆ ਅਤੇ ਆਖਿਆ, “ਕੀ ਮੈਂ ਤੇਰੇ ਨਾਲ ਜਿਨਸੀ ਸੰਬੰਧ ਜੋੜ ਸੱਕਦਾ ਹਾਂ।” (ਯਹੂਦਾਹ ਨੂੰ ਇਹ ਨਹੀਂ ਸੀ ਪਤਾ ਕਿ ਉਸਦੀ ਨੂੰਹ ਤਾਮਾਰ ਸੀ।)

ਉਸ ਨੇ ਆਖਿਆ, “ਇਸ ਬਦਲੇ ਤੂੰ ਮੈਨੂੰ ਕੀ ਦੇਵੇਂਗਾ?”

17 ਯਹੂਦਾਹ ਨੇ ਜਵਾਬ ਦਿੱਤਾ, “ਮੈਂ ਤੈਨੂੰ ਆਪਣੇ ਇੱਜੜ ਵਿੱਚੋਂ ਇੱਕ ਜਵਾਨ ਬੱਕਰਾ ਦੇਵਾਂਗਾ।” ਉਸ ਨੇ ਜਵਾਬ ਦਿੱਤਾ, “ਮੈਨੂੰ ਇਹ ਮੰਜ਼ੂਰ ਹੈ। ਪਰ ਇਸਤੋਂ ਪਹਿਲਾਂ ਕਿ ਤੂੰ ਮੈਨੂੰ ਬੱਕਰਾਂ ਭੇਜੇ ਤੂੰ ਮੈਨੂੰ ਰੱਖਣ ਵਾਸਤੇ ਕੋਈ ਚੀਜ਼ ਦੇ।”

18 ਯਹੂਦਾਹ ਨੇ ਪੁੱਛਿਆ, “ਤੂੰ ਮੇਰੇ ਪਾਸੋਂ ਇਸ ਗੱਲ ਦੇ ਸਬੂਤ ਵਜੋਂ ਕੀ ਚਾਹੁੰਦੀ ਹੈ ਕਿ ਮੈਂ ਤੈਨੂੰ ਬੱਕਰਾਂ ਭੇਜਾਂਗਾ?”

ਤਾਮਾਰ ਨੇ ਜਵਾਬ ਦਿੱਤਾ, “ਮੈਨੂੰ ਆਪਣੀ ਮੋਹਰ ਅਤੇ ਇਸਦੀ ਰਸੀ ਦੇ ਜਿਹੜੀ ਤੂੰ ਆਪਣੀਆਂ ਚਿਠੀਆਂ ਉੱਤੇ ਇਸਤੇਮਾਲ ਕਰਦਾ ਹੈਂ ਅਤੇ ਮੈਨੂੰ ਆਪਣੀ ਚੱਲਣ ਵਾਲੀ ਸੋਟੀ ਦੇ ਦੇ।” ਯਹੂਦਾਹ ਨੇ ਉਸ ਨੂੰ ਇਹ ਚੀਜ਼ਾਂ ਦੇ ਦਿੱਤੀਆਂ। ਫ਼ੇਰ ਯਹੂਦਾਹ ਅਤੇ ਤਾਮਾਰ ਨੇ ਸੰਭੋਗ ਕੀਤਾ ਅਤੇ ਤਾਮਾਰ ਗਰਭਵਤੀ ਹੋ ਗਈ। 19 ਤਾਮਾਰ ਘਰ ਗਈ ਅਤੇ ਆਪਣੇ ਚਿਹਰੇ ਤੋਂ ਨਕਾਬ ਉਤਾਰ ਦਿੱਤਾ। ਫ਼ੇਰ ਉਸ ਨੇ ਉਹੀ ਕੱਪੜੇ ਦੁਬਾਰਾ ਪਹਿਨ ਲਈ ਜਿਹੜੇ ਉਸ ਨੂੰ ਵਿਧਵਾ ਦਰਸ਼ਾਉਂਦੇ ਸਨ।

20 ਬਾਦ ਵਿੱਚ ਯਹੂਦਾਹ ਨੇ ਆਪਣੇ ਮਿੱਤਰ ਹੀਰਾਹ ਨੂੰ ਏਨਯਿਮ ਘਲਿਆ ਤਾਂ ਜੋ ਉਹ ਵੇਸਵਾ ਨੂੰ ਇਕਰਾਰ ਕੀਤਾ ਹੋਇਆ ਬੱਕਰਾ ਦੇ ਆਵੇ। ਯਹੂਦਾਹ ਨੇ ਹੀਰਾਹ ਨੂੰ ਇਹ ਵੀ ਆਖਿਆ ਕਿ ਉਸ ਪਾਸੋਂ ਖਾਸ ਮੋਹਰ ਅਤੇ ਸੋਟੀ ਵੀ ਲੈਂਦਾ ਆਵੇ। ਪਰ ਹੀਰਾਹ ਉਸ ਨੂੰ ਨਾ ਲੱਭ ਸੱਕਿਆ। 21 ਹੀਰਾਹ ਨੇ ਏਨਯਿਮ ਜਿਲ੍ਹੇ ਦੇ ਕੁਝ ਲੋਕਾਂ ਨੂੰ ਪੁੱਛਿਆ, “ਉਹ ਮੰਦਰ ਦੀ ਵੇਸਵਾ ਕਿੱਥੇ ਹੈ ਜਿਹੜੀ ਸੜਕ ਕੰਢੇ ਬੈਠੀ ਹੋਈ ਸੀ?”

ਆਦਮੀਆਂ ਨੇ ਜਵਾਬ ਦਿੱਤਾ, “ਇੱਥੇ ਕਦੇ ਕੋਈ ਵੇਸਵਾ ਨਹੀਂ ਰਹੀ ਹੈ।”

22 ਇਸ ਲਈ ਯਹੂਦਾਹ ਦਾ ਮਿੱਤਰ ਯਹੂਦਾਹ ਕੋਲ ਵਾਪਸ ਚੱਲਾ ਗਿਆ ਅਤੇ ਕਹਿਣ ਲੱਗਾ, “ਮੈਨੂੰ ਤਾਂ ਉਹ ਔਰਤ ਲੱਭੀ ਨਹੀਂ। ਉਸ ਥਾਂ ਰਹਿਣ ਵਾਲੇ ਆਦਮੀਆਂ ਨੇ ਆਖਿਆ ਹੈ ਕਿ ਇੱਥੇ ਤਾਂ ਕੋਈ ਵੇਸਵਾ ਹੈ ਹੀ ਨਹੀਂ ਸੀ।”

23 ਇਸ ਲਈ ਯਹੂਦਾਹ ਨੇ ਆਖਿਆ, “ਉਸ ਨੂੰ ਚੀਜ਼ਾਂ ਰੱਖ ਲੈਣ ਦਿਉ। ਮੈਂ ਨਹੀਂ ਚਾਹੁੰਦਾ ਕਿ ਲੋਕ ਸਾਡੇ ਉੱਪਰ ਹੱਸਣ। ਮੈਂ ਉਸ ਨੂੰ ਬੱਕਰਾ ਦੇਣ ਦੀ ਕੋਸ਼ਿਸ਼ ਕੀਤੀ ਸੀ, ਪਰ ਅਸੀਂ ਉਸ ਨੂੰ ਲੱਭ ਨਹੀਂ ਸੱਕੇ, ਇੰਨੀ ਗੱਲ ਕਾਫ਼ੀ ਹੈ।”

ਤਾਮਾਰ ਗਰਭਵਤੀ ਹੈ

24 ਤਕਰੀਬਨ ਤਿੰਨ ਮਹੀਨੇ ਮਗਰੋਂ, ਕਿਸੇ ਨੇ ਯਹੂਦਾਹ ਨੂੰ ਦੱਸਿਆ, “ਤੇਰੀ ਨੂੰਹ ਤਾਮਾਰ ਨੇ ਇੱਕ ਵੇਸਵਾ ਵਰਗਾ ਪਾਪ ਕੀਤਾ ਹੈ, ਅਤੇ ਹੁਣ ਉਹ ਗਰਭਵਤੀ ਹੈ।”

ਤਾਂ ਯਹੂਦਾਹ ਨੇ ਆਖਿਆ, “ਉਸ ਨੂੰ ਬਾਹਰ ਕੱਢੋ ਅਤੇ ਜਲਾ ਦਿਉ।”

25 ਫ਼ੇਰ ਆਦਮੀ ਤਾਮਾਰ ਨੂੰ ਮਾਰਨ ਲਈ ਉਸ ਵੱਲ ਗਏ। ਪਰ ਉਸ ਨੇ ਆਪਣੇ ਸੌਹਰੇ ਵੱਲ ਇੱਕ ਸੰਦੇਸ਼ ਭੇਜਿਆ। ਤਾਮਾਰ ਨੇ ਆਖਿਆ, “ਜਿਸ ਆਦਮੀ ਨੇ ਮੈਨੂੰ ਗਰਭਵਤੀ ਕੀਤਾ ਹੈ। ਉਹ ਉਹੀ ਹੈ ਜਿਸ ਦੀਆਂ ਇਹ ਚੀਜ਼ਾਂ ਹਨ। ਇਨ੍ਹਾਂ ਚੀਜ਼ਾਂ ਵੱਲ ਵੇਖ ਲਵੋ। ਇਹ ਕਿਸ ਦੀਆਂ ਹਨ? ਇਹ ਖਾਸ ਮੋਹਰ ਅਤੇ ਰੱਸੀ ਕਿਸਦੀ ਹੈ? ਇਹ ਚੱਲਣ ਵਾਲੀ ਸੋਟੀ ਕਿਸਦੀ ਹੈ?”

26 ਯਹੂਦਾਹ ਨੇ ਇਹ ਚੀਜ਼ਾਂ ਪਛਾਣ ਲਈਆਂ ਅਤੇ ਆਖਿਆ, “ਉਹ ਠੀਕ ਹੈ। ਮੈਂ ਗਲਤ ਸਾਂ। ਮੈਂ ਉਸ ਨੂੰ ਆਪਣੇ ਪੁੱਤਰ ਸ਼ੇਲਾਹ ਨਾਲ ਨਹੀਂ ਵਿਆਹਿਆ ਜਿਹਾ ਕਿ ਮੈਂ ਇਕਰਾਰ ਕੀਤਾ ਸੀ।” ਅਤੇ ਯਹੂਦਾਹ ਫ਼ੇਰ ਦੋਬਾਰਾ ਉਸ ਨਾਲ ਨਹੀਂ ਸੁੱਤਾ।

27 ਤਾਮਾਰ ਦੇ ਬੱਚਾ ਜਨਣ ਦਾ ਸਮਾਂ ਆ ਗਿਆ। ਉਨ੍ਹਾਂ ਨੇ ਦੇਖਿਆ ਕਿ ਉਹ ਜੌੜੇ ਬੱਚੇ ਜਨਣ ਜਾ ਰਹੀ ਸੀ। 28 ਜਦੋਂ ਉਹ ਬਚੇ ਜਣ ਰਹੀ ਸੀ, ਇੱਕ ਬੱਚੇ ਨੇ ਆਪਣਾ ਹੱਥ ਬਾਹਰ ਕੱਢਿਆ, ਦਾਈ ਨੇ ਹੱਥ ਉੱਤੇ ਲਾਲ ਧਾਗਾ ਬੰਨ੍ਹ ਦਿੱਤਾ ਅਤੇ ਆਖਿਆ, “ਇਹ ਬੱਚਾ ਪਹਿਲਾਂ ਜੰਮਿਆ ਸੀ।” 29 ਪਰ ਫ਼ੇਰ ਉਸ ਬੱਚੇ ਨੇ ਆਪਣਾ ਹੱਥ ਵਾਪਸ ਅੰਦਰ ਖਿੱਚ ਲਿਆ। ਫ਼ੇਰ ਦੂਸਰਾ ਬੱਚਾ ਪਹਿਲਾਂ ਬਾਹਰ ਆਇਆ। ਇਸ ਲਈ ਦਾਈ ਨੇ ਆਖਿਆ, “ਤੂੰ ਆਪਣਾ ਰਸਤਾ ਜ਼ਬਰਦਸਤੀ ਬਣਾਇਆ।” ਇਸ ਲਈ ਉਨ੍ਹਾਂ ਨੇ ਉਸਦਾ ਨਾਮ ਪਾਰਸ ਧਰਇਆ। 30 ਇਸਤੋਂ ਮਗਰੋਂ ਦੂਸਰਾ ਬੱਚਾ ਜਨਮਿਆ। ਇਸ ਬੱਚਾ ਉਹੀ ਸੀ ਜਿਸਦੇ ਹੱਥ ਉੱਤੇ ਲਾਲ ਧਾਗਾ ਬੰਨ੍ਹਿਆ ਹੋਇਆ ਸੀ। ਉਨ੍ਹਾਂ ਨੇ ਉਸਦਾ ਨਾਮ ਜ਼ਰਾਹ ਰੱਖ ਦਿੱਤਾ।

ਯੂਸੁਫ਼ ਮਿਸਰ ਵਿੱਚ ਪੋਟੀਫ਼ਰ ਨੂੰ ਵੇਚਿਆ ਗਿਆ

39 ਜਿਨ੍ਹਾਂ ਵਪਾਰੀਆਂ ਨੇ ਯੂਸੁਫ਼ ਨੂੰ ਖਰੀਦਿਆ ਸੀ ਉਹ ਉਸ ਨੂੰ ਮਿਸਰ ਲੈ ਗਏ। ਉਨ੍ਹਾਂ ਨੇ ਉਸ ਨੂੰ ਫ਼ਿਰਊਨ ਦੀ ਸੁਰੱਖਿਆ ਗਾਰਦ ਦੇ ਕਪਤਾਨ ਪੋਟੀਫ਼ਰ ਹੱਥ ਵੇਚ ਦਿੱਤਾ। ਪਰ ਯਹੋਵਾਹ ਨੇ ਯੂਸੁਫ਼ ਦੀ ਸਹਾਇਤਾ ਕੀਤੀ। ਯੂਸੁਫ਼ ਇੱਕ ਸਫ਼ਲ ਆਦਮੀ ਬਣ ਗਿਆ। ਯੂਸੁਫ਼ ਆਪਣੇ ਮਾਲਕ, ਮਿਸਰੀ ਪੋਟੀਫ਼ਰ ਦੇ ਘਰ ਰਹਿੰਦਾ ਸੀ।

ਪੋਟੀਫ਼ਰ ਨੇ ਦੇਖਿਆ ਕਿ ਯਹੋਵਾਹ ਯੂਸੁਫ਼ ਦੇ ਨਾਲ ਸੀ। ਪੋਟੀਫ਼ਰ ਨੇ ਦੇਖਿਆ ਕਿ ਯਹੋਵਾਹ ਯੂਸੁਫ਼ ਨੂੰ ਉਸ ਦੇ ਹਰ ਕੰਮ ਵਿੱਚ ਕਾਮਯਾਬੀ ਦਿੰਦਾ ਸੀ! ਇਸ ਲਈ ਪੋਟੀਫ਼ਰ ਯੂਸੁਫ਼ ਉੱਤੇ ਬਹੁਤ ਪ੍ਰਸੰਨ ਸੀ। ਪੋਟੀਫ਼ਰ ਨੇ ਯੂਸੁਫ਼ ਨੂੰ ਉਸ ਦੇ ਲਈ ਕੰਮ ਕਰਨ ਅਤੇ ਘਰ ਦਾ ਪ੍ਰਬੰਧ ਚਲਾਉਣ ਵਿੱਚ ਸਹਾਇਤਾ ਦੇਣ ਦੀ ਇਜਾਜ਼ਤ ਦੇ ਦਿੱਤੀ। ਪੋਟੀਫ਼ਰ ਦਾ ਜੋ ਕੁਝ ਵੀ ਸੀ ਯੂਸੁਫ਼ ਉਸਦਾ ਮੁਖਤਾਰ ਸੀ। ਜਦੋਂ ਯੂਸੁਫ਼ ਨੂੰ ਘਰ ਦਾ ਮੁਖਤਾਰ ਬਣਾਇਆ ਗਿਆ ਯਹੋਵਾਹ ਨੇ ਘਰ ਨੂੰ ਅਤੇ ਪੋਟੀਫ਼ਰ ਦੀ ਹਰ ਸ਼ੈਅ ਨੂੰ ਅਸੀਸ ਦਿੱਤੀ। ਯਹੋਵਾਹ ਨੇ ਇਹ ਸਭ ਯੂਸੁਫ਼ ਕਾਰਣ ਕੀਤਾ। ਅਤੇ ਯਹੋਵਾਹ ਨੇ ਪੋਟੀਫ਼ਰ ਦੇ ਖੇਤਾਂ ਵਿੱਚ ਪੈਦਾ ਹੋਣ ਵਾਲੀ ਹਰ ਸ਼ੈਅ ਨੂੰ ਅਸੀਸ ਦਿੱਤੀ। ਇਸ ਲਈ ਪੋਟੀਫ਼ਰ ਨੇ ਯੂਸੁਫ਼ ਨੂੰ ਘਰ ਦੀ ਹਰ ਸ਼ੈਅ ਦੀ ਜ਼ਿਂਮੇਦਾਰੀ ਸੌਂਪ ਦਿੱਤੀ। ਪੋਟੀਫ਼ਰ ਨੂੰ ਕਿਸੇ ਚੀਜ਼ ਦਾ ਫ਼ਿਕਰ ਨਹੀਂ ਸੀ ਉਹ ਸਿਰਫ਼ ਆਪਣੇ ਭੋਜਨ ਦਾ ਹੀ ਧਿਆਨ ਕਰਦਾ ਸੀ।

ਯੂਸੁਫ਼ ਦਾ ਪੋਟੀਫ਼ਰ ਦੀ ਪਤਨੀ ਨੂੰ ਇਨਕਾਰ

ਯੂਸੁਫ਼ ਬਹੁਤ ਸੋਹਣਾ ਸੁਨਖਾ ਆਦਮੀ ਸੀ। ਕੁਝ ਸਮੇਂ ਬਾਦ, ਯੂਸੁਫ਼ ਦੇ ਸੁਆਮੀ ਦੀ ਪਤਨੀ ਯੂਸੁਫ਼ ਨੂੰ ਪਸੰਦ ਕਰਨ ਲਗੀ। ਇੱਕ ਦਿਨ ਉਸ ਨੂੰ ਆਖਿਆ, “ਮੇਰੇ ਕੋਲ ਸੌਂ।”

ਪਰ ਯੂਸੁਫ਼ ਨੇ ਇਨਕਾਰ ਕਰ ਦਿੱਤਾ। ਉਸ ਨੇ ਆਖਿਆ, “ਮੇਰਾ ਸੁਆਮੀ ਇਸ ਘਰ ਵਿੱਚ ਹਰ ਗੱਲ ਵਿੱਚ ਮੇਰੇ ਉੱਤੇ ਭਰੋਸਾ ਕਰਦਾ ਹੈ। ਉਸ ਨੇ ਮੈਨੂੰ ਇੱਥੋਂ ਦੀ ਹਰ ਸ਼ੈਅ ਦੀ ਜ਼ਿਂਮੇਦਾਰੀ ਦਿੱਤੀ ਹੋਈ ਹੈ। ਮੇਰੇ ਸੁਆਮੀ ਨੇ ਇਸ ਘਰ ਵਿੱਚ ਮੈਨੂੰ ਤਕਰੀਬਨ ਆਪਣੇ ਬਰਾਬਰ ਦਾ ਦਰਜ਼ਾ ਦਿੱਤਾ ਹੋਇਆ ਹੈ। ਮੈਨੂੰ ਉਸ ਦੀ ਪਤਨੀ ਨਾਲ ਨਹੀਂ ਸੌਣਾ ਚਾਹੀਦਾ। ਇਹ ਗਲਤ ਗੱਲ ਹੈ! ਇਹ ਪਰਮੇਸ਼ੁਰ ਦੇ ਵਿਰੁੱਧ ਪਾਪ ਹੈ।”

10 ਔਰਤ ਨੇ ਯੂਸੁਫ਼ ਨਾਲ ਹਰ ਰੋਜ਼ ਗੱਲ ਕੀਤੀ ਪਰ ਯੂਸੁਫ਼ ਨੇ ਉਸ ਨਾਲ ਸੌਣ ਤੋਂ ਇਨਕਾਰ ਕਰ ਦਿੱਤਾ। 11 ਇੱਕ ਦਿਨ ਯੂਸੁਫ਼ ਘਰ ਵਿੱਚ ਆਪਣਾ ਕੰਮ ਕਰਨ ਲਈ ਗਿਆ। ਉਸ ਵਕਤ ਘਰ ਵਿੱਚ ਬਾਕੀ ਨੌਕਰ ਨਹੀਂ ਸਨ। 12 ਉਸ ਦੇ ਸੁਆਮੀ ਦੀ ਪਨਤੀ ਨੇ ਉਸਦਾ ਕੋਟ ਫ਼ੜ ਲਿਆ ਅਤੇ ਉਸ ਨੂੰ ਆਖਿਆ, “ਆ ਮੇਰੇ ਨਾਲ ਬਿਸਤਰੇ ਉੱਤੇ ਚੱਲ।” ਪਰ ਯੂਸੁਫ਼ ਘਰ ਤੋਂ ਇੰਨੀ ਤੇਜ਼ੀ ਨਾਲ ਬਾਹਰ ਭਜਿਆ ਕਿ ਉਸਦਾ ਕੋਟ ਉਸ ਦੇ ਮਾਲਕ ਦੀ ਪਤਨੀ ਦੇ ਹੱਥ ਵਿੱਚ ਹੀ ਰਹਿ ਗਿਆ।

13 ਔਰਤ ਨੇ ਦੇਖਿਆ ਕਿ ਯੂਸੁਫ਼ ਨੇ ਆਪਣਾ ਕੋਟ ਉਸ ਦੇ ਹੱਥਾਂ ਵਿੱਚ ਹੀ ਛੱਡ ਦਿੱਤਾ ਸੀ ਅਤੇ ਘਰ ਤੋਂ ਬਾਹਰ ਦੌੜ ਗਿਆ ਸੀ। ਇਸ ਲਈ ਉਸ ਨੇ ਜੋ ਕੁਝ ਵਾਪਰਿਆ ਸੀ ਉਸ ਦੇ ਬਾਰੇ ਝੂਠ ਬੋਲਣ ਦਾ ਨਿਆਂ ਕਰ ਲਿਆ। 14 ਉਸ ਨੇ ਬਾਹਰ ਬੰਦਿਆਂ ਨੂੰ ਬੁਲਾਇਆ। ਉਸ ਨੇ ਆਖਿਆ, “ਦੇਖੋ, ਇਸ ਇਬਰਾਨੀ ਗੁਲਾਮ ਨੂੰ ਇੱਥੇ ਸਾਡਾ ਮਜ਼ਾਕ ਉਡਾਉਣ ਲਈ ਲਿਆਂਦਾ ਗਿਆ ਸੀ। ਉਹ ਅੰਦਰ ਆਇਆ ਅਤੇ ਮੇਰੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਚੀਕਾਂ ਮਾਰੀਆਂ। 15 ਮੇਰੀਆਂ ਚੀਕਾਂ ਨੇ ਉਸ ਨੂੰ ਭੈਭੀਤ ਕਰ ਦਿੱਤਾ ਅਤੇ ਉਹ ਭੱਜ ਗਿਆ। ਪਰ ਉਹ ਆਪਣਾ ਕੋਟ ਮੇਰੇ ਕੋਲ ਛੱਡ ਗਿਆ।” 16 ਫ਼ੇਰ ਉਸ ਨੇ ਕੋਟ ਨੂੰ ਉਸ ਦੇ ਪਤੀ, ਯੂਸੁਫ਼ ਦੇ ਸੁਆਮੀ ਦੇ ਘਰ ਵਾਪਸ ਆ ਜਾਣ ਤੀਕ ਰੱਖਿਆ। 17 ਉਸ ਨੇ ਆਪਣੇ ਪਤੀ ਨੂੰ ਵੀ ਉਹੀ ਕਹਾਣੀ ਦੱਸੀ ਅਤੇ ਆਖਿਆ, “ਇਸ ਇਬਰਾਨੀ ਗੁਲਾਮ ਨੇ ਜਿਹੜਾ ਤੁਸੀਂ ਲਿਆਂਦਾ ਹੈ, ਮੇਰੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। 18 ਪਰ ਜਦੋਂ ਉਹ ਮੇਰੇ ਕੋਲ ਆਇਆ ਤਾਂ ਮੈਂ ਚੀਕਾਂ ਮਾਰੀਆਂ। ਉਹ ਭੱਜ ਗਿਆ, ਪਰ ਉਹ ਆਪਣਾ ਕੋਟ ਛੱਡ ਗਿਆ।”

19 ਯੂਸੁਫ਼ ਦੇ ਸੁਆਮੀ ਨੇ ਆਪਣੀ ਪਤਨੀ ਦੀ ਗੱਲ ਸੁਣੀ। ਅਤੇ ਉਹ ਬਹੁਤ ਗੁੱਸੇ ਵਿੱਚ ਆ ਗਿਆ। 20 ਉੱਥੇ ਇੱਕ ਕੈਦਖਾਨਾ ਸੀ ਜਿੱਥੇ ਰਾਜੇ ਦੇ ਦੁਸ਼ਮਣਾ ਨੂੰ ਰੱਖਿਆ ਜਾਂਦਾ ਸੀ। ਇਸ ਲਈ ਪੋਟੀਫ਼ਰ ਨੇ ਯੂਸੁਫ਼ ਨੂੰ ਉਸ ਕੈਦਖਾਨੇ ਵਿੱਚ ਕੈਦ ਕਰ ਦਿੱਤਾ। ਅਤੇ ਯੂਸੁਫ਼ ਉੱਥੇ ਹੀ ਰਿਹਾ।

ਯੂਸੁਫ਼ ਕੈਦ ਵਿੱਚ

21 ਪਰ ਯਹੋਵਾਹ ਯੂਸੁਫ਼ ਦੇ ਨਾਲ ਸੀ। ਯਹੋਵਾਹ ਨੇ ਯੂਸੁਫ਼ ਉੱਤੇ ਮਿਹਰ ਕਰਨੀ ਜਾਰੀ ਰੱਖੀ। ਕੁਝ ਸਮੇਂ ਬਾਦ, ਕੈਦਖਾਨੇ ਦੀ ਗਾਰਦ ਦੇ ਕਮਾਂਡਰ ਨੇ ਯੂਸੁਫ਼ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ। 22 ਗਾਰਦ ਦੇ ਕਮਾਂਡਰ ਨੇ ਯੂਸੁਫ਼ ਨੂੰ ਸਾਰੇ ਕੈਦੀਆਂ ਦਾ ਇੰਚਾਰਜ ਬਣਾ ਦਿੱਤਾ। ਯੂਸੁਫ਼ ਉਨ੍ਹਾਂ ਦਾ ਆਗੂ ਸੀ, ਪਰ ਤਾਂ ਵੀ ਉਹ ਉਹੀ ਕੰਮ ਕਰਦਾ ਸੀ ਜਿਹੜਾ ਉਹ ਕਰਦੇ ਸਨ। 23 ਪਹਿਰੇਦਾਰਾਂ ਦੇ ਕਮਾਂਡਰ ਨੂੰ ਯੂਸੁਫ਼ ਦੇ ਇੰਚਾਰਜ ਹੁੰਦਿਆਂ ਹੋਇਆ ਕੈਦਖਾਨੇ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਸੀ। ਇਹ ਇਸ ਲਈ ਵਾਪਰਿਆ ਕਿਉਂਕਿ ਯਹੋਵਾਹ ਯੂਸੁਫ਼ ਦੇ ਨਾਲ ਸੀ। ਯਹੋਵਾਹ ਨੇ ਯੂਸੁਫ਼ ਦੇ ਕੀਤੇ ਹਰ ਕੰਮ ਵਿੱਚ ਸਫ਼ਲ ਹੋਣ ਲਈ ਉਸਦੀ ਸਹਾਇਤਾ ਕੀਤੀ।

ਯੂਸੁਫ਼ ਦੋ ਸੁਪਨਿਆਂ ਦੀ ਵਿਆਖਿਆ ਕਰਦਾ ਹੈ

40 ਬਾਦ ਵਿੱਚ ਫ਼ਿਰਊਨ ਦੇ ਦੋ ਨੌਕਰਾਂ ਨੇ ਫ਼ਿਰਊਨ ਨਾਲ ਕੁਝ ਮੰਦਾ ਕੀਤਾ। ਇਹ ਦੋ ਨੌਕਰ ਸਨ ਨਾਨਬਾਈ ਅਤੇ ਉਹ ਬੰਦਾ ਜਿਹੜਾ ਫ਼ਿਰਊਨ ਨੂੰ ਮੈਅ ਵਰਤਾਉਂਦਾ ਸੀ। ਫ਼ਿਰਊਨ ਆਪਣੇ ਨਾਨਬਾਈ ਅਤੇ ਸਾਕੀ ਨਾਲ ਬਹੁਤ ਨਾਰਾਜ਼ ਹੋ ਗਿਆ। ਇਸ ਲਈ ਉਸ ਨੇ ਉਨ੍ਹਾਂ ਨੂੰ ਉਸੇ ਕੈਦਖਾਨੇ ਵਿੱਚ ਬੰਦ ਕਰ ਦਿੱਤਾ ਜਿੱਥੇ ਯੂਸੁਫ਼ ਸੀ। ਫ਼ਿਰਊਨ ਦਾ ਗਾਰਦ ਵੀ ਕਮਾਂਡਰ ਪੋਟੀਫ਼ਰ, ਇਸ ਕੈਦਖਾਨੇ ਦਾ ਇੰਚਾਰਜ ਸੀ। ਕਮਾਂਡਰ ਨੇ ਦੋਹਾਂ ਕੈਦੀਆਂ ਨੂੰ ਯੂਸੁਫ਼ ਦੀ ਨਿਗਰਾਨੀ ਹੇਠਾਂ ਰੱਖ ਦਿੱਤਾ। ਦੋਵੇਂ ਕੈਦੀ ਕੁਝ ਸਮੇਂ ਤੱਕ ਕੈਦਖਾਨੇ ਵਿੱਚ ਹੀ ਰਹੇ। ਇੱਕ ਰਾਤ, ਦੋਹਾਂ ਕੈਦੀਆਂ ਨੂੰ ਇੱਕ ਸੁਪਨਾ ਆਇਆ। ਇਹ ਦੋ ਕੈਦੀ ਨਾਨਬਾਈ ਅਤੇ ਸਾਕੀ ਮਿਸਰ ਦੇ ਰਾਜੇ ਦੇ ਨੌਕਰ ਸਨ। ਹਰ ਕੈਦੀ ਨੂੰ ਆਪੋ-ਆਪਣਾ ਸੁਪਣਾ ਆਇਆ ਅਤੇ ਹਰ ਸੁਪਨੇ ਦਾ ਆਪੋ-ਆਪਣਾ ਅਰਥ ਸੀ। ਯੂਸੁਫ਼ ਅਗਲੀ ਸਵੇਰ ਉਨ੍ਹਾਂ ਕੋਲ ਗਿਆ। ਯੂਸੁਫ਼ ਨੇ ਦੇਖਿਆ ਕਿ ਇਹ ਦੋਵੇਂ ਆਦਮੀ ਫ਼ਿਕਰਮੰਦ ਸਨ। ਯੂਸੁਫ਼ ਨੇ ਉਨ੍ਹਾਂ ਨੂੰ ਪੁੱਛਿਆ, “ਅੱਜ ਤੁਸੀਂ ਇੰਨੇ ਫ਼ਿਕਰਮੰਦ ਕਿਉਂ ਲੱਗ ਰਹੇ ਹੋਂ?”

ਦੋਹਾਂ ਆਦਮੀਆਂ ਨੇ ਜਵਾਬ ਦਿੱਤਾ, “ਸਾਨੂੰ ਰਾਤੀ ਸੁਪਨਾ ਆਇਆ ਹੈ, ਪਰ ਸਾਨੂੰ ਇਸ ਗੱਲ ਦੀ ਸਮਝ ਨਹੀਂ ਕਿ ਇਸਦਾ ਕੀ ਅਰਥ ਹੈ। ਇੱਥੇ ਕੋਈ ਵੀ ਅਜਿਹਾ ਨਹੀਂ ਜਿਹੜਾ ਸਾਨੂੰ ਸੁਪਨਿਆਂ ਦੀ ਗੱਲ ਸਮਝਾਵੇ ਅਤੇ ਉਨ੍ਹਾਂ ਦੀ ਵਿਆਖਿਆ ਕਰੇ।”

ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਪਰਮੇਸ਼ੁਰ ਹੀ ਹੈ ਜਿਹੜਾ ਸੁਪਨਿਆਂ ਨੂੰ ਸਮਝਦਾ ਹੈ ਅਤੇ ਸਮਝਾ ਸੱਕਦਾ ਹੈ। ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਮੈਨੂੰ ਆਪਣੇ ਸੁਪਨੇ ਦੱਸੋ।”

ਸਾਕੀ ਦਾ ਸੁਪਨਾ

ਇਸ ਲਈ ਸਾਕੀ ਨੇ ਆਪਣਾ ਸੁਪਨਾ ਯੂਸੁਫ਼ ਨੂੰ ਸੁਣਾਇਆ। ਸਾਕੀ ਨੇ ਆਖਿਆ, “ਮੈਨੂੰ ਸੁਪਨਾ ਆਇਆ ਕਿ ਮੈਂ ਇੱਕ ਵੇਲ ਦੇਖੀ ਹੈ। 10 ਵੇਲ ਉੱਤੇ ਤਿੰਨ ਟਹਿਣੀਆਂ ਸਨ। ਮੈਂ ਉਨ੍ਹਾਂ ਟਹਿਣੀਆਂ ਨੂੰ ਵੱਧਦਿਆਂ ਅਤੇ ਫ਼ੁੱਲ ਉੱਗਦਿਆਂ ਦੇਖਿਆ ਅਤੇ ਫ਼ੇਰ ਅੰਗੂਰ ਬਣਦਿਆਂ ਦੇਖਿਆ। 11 ਮੈਂ ਫ਼ਿਰਊਨ ਦਾ ਪਿਆਲਾ ਫ਼ੜਿਆ ਹੋਇਆ ਸੀ। ਇਸ ਲਈ ਮੈਂ ਅੰਗੂਰ ਤੋਂੜੇ ਅਤੇ ਉਨ੍ਹਾਂ ਦਾ ਰਸ ਨਿਚੋੜਕੇ ਪਿਆਲੇ ਵਿੱਚ ਪਾ ਦਿੱਤਾ। ਫ਼ੇਰ ਮੈਂ ਪਿਆਲਾ ਫ਼ਿਰਊਨ ਨੂੰ ਦੇ ਦਿੱਤਾ।”

12 ਤਾਂ ਯੂਸੁਫ਼ ਨੇ ਆਖ਼ਿਆ, “ਮੈਂ ਤੈਨੂੰ ਇਸ ਸੁਪਨੇ ਦੀ ਗੱਲ ਸਮਝਾਵਾਂਗਾ। ਤਿੰਨ ਟਹਿਣੀਆਂ ਦਾ ਅਰਥ ਹੈ ਤਿੰਨ ਦਿਨ। 13 ਤਿੰਨਾ ਦਿਨਾਂ ਤੋਂ ਪਹਿਲਾਂ ਫ਼ਿਰਊਨ ਤੈਨੂੰ ਮਾਫ਼ ਕਰ ਦੇਵੇਗਾ ਅਤੇ ਤੈਨੂੰ ਕੰਮ ਉੱਤੇ ਵਾਪਸ ਬੁਲਾ ਲਵੇਗਾ। ਤੂੰ ਫ਼ਿਰਊਨ ਲਈ ਉਹੀ ਕੰਮ ਕਰੇਂਗਾ ਜਿਹੜਾ ਪਹਿਲਾਂ ਕਰਦਾ ਹੁੰਦਾ ਸੀ। 14 ਪਰ ਜਦੋਂ ਤੂੰ ਆਜ਼ਾਦ ਹੋਵੇਂ ਤਾਂ ਮੈਨੂੰ ਚੇਤੇ ਰੱਖੀਂ। ਮੇਰੇ ਨਾਲ ਚੰਗਾ ਵਿਹਾਰ ਕਰੀਂ ਅਤੇ ਮੇਰੀ ਸਹਾਇਤਾ ਕਰੀਂ। ਫ਼ਿਰਊਨ ਨੂੰ ਮੇਰੇ ਬਾਰੇ ਦੱਸੀਂ ਤਾਂ ਜੋ ਮੈਂ ਇਸ ਕੈਦਖਾਨੇ ਵਿੱਚੋਂ ਨਿਕਲ ਸੱਕਾਂ। 15 ਮੈਨੂੰ ਆਪਣੇ ਹੀ ਘਰ ਵਿੱਚੋਂ, ਇਬਰਾਨੀਆਂ ਦੀ ਧਰਤੀ ਤੋਂ ਲਿਆਂਦਾ ਗਿਆ ਸੀ। ਮੈਂ ਕੋਈ ਵੀ ਗਲਤ ਕੰਮ ਨਹੀਂ ਕੀਤਾ। ਇਸ ਲਈ ਮੈਨੂੰ ਕੈਦਖਾਨੇ ਵਿੱਚ ਨਹੀਂ ਹੋਣਾ ਚਾਹੀਦਾ।”

ਨਾਨਬਾਈ ਦਾ ਸੁਪਨਾ

16 ਨਾਨਬਾਈ ਨੇ ਦੇਖਿਆ ਕਿ ਦੂਸਰੇ ਨੌਕਰਾਂ ਦਾ ਸੁਪਨਾ ਚੰਗਾ ਸੀ। ਇਸ ਲਈ ਨਾਨਬਾਈ ਨੇ ਯੂਸੁਫ਼ ਨੂੰ ਆਖਿਆ, “ਮੈਂ ਵੀ ਇੱਕ ਸੁਪਨਾ ਦੇਖਿਆ ਹੈ। ਮੈਨੂੰ ਸੁਪਨਾ ਆਇਆ ਕਿ ਮੇਰੇ ਸਿਰ ਉੱਤੇ ਰੋਟੀ ਦੀਆਂ ਤਿੰਨ ਟੋਕਰੀਆਂ ਸਨ। 17 ਉੱਪਰਲੀ ਟੋਕਰੀ ਵਿੱਚ ਹਰ ਤਰ੍ਹਾਂ ਦਾ ਪਕਾਇਆ ਹੋਇਆ ਭੋਜਨ ਸੀ। ਇਹ ਭੋਜਨ ਰਾਜੇ ਲਈ ਚੰਗਾ ਸੀ। ਪਰ ਇਸ ਭੋਜਨ ਨੂੰ ਪੰਛੀ ਖਾ ਰਹੇ ਸਨ।”

18 ਯੂਸੁਫ਼ ਨੇ ਜਵਾਬ ਦਿੱਤਾ, “ਮੈਂ ਤੈਨੂੰ ਦੱਸਦਾ ਹਾਂ ਕਿ ਇਸ ਸੁਪਨੇ ਦਾ ਕੀ ਅਰਥ ਹੈ। ਤਿੰਨ ਟੋਕਰੀਆਂ ਦਾ ਅਰਥ ਹੈ ਤਿੰਨ ਦਿਨ। 19 ਤਿੰਨ ਦਿਨ ਖਤਮ ਹੋਣ ਤੋਂ ਪਹਿਲਾਂ, ਰਾਜਾ ਤੈਨੂੰ ਕੈਦਖਾਨੇ ਵਿੱਚੋਂ ਛੱਡ ਦੇਵੇਗਾ। ਫ਼ੇਰ ਰਾਜਾ ਤੇਰਾ ਸਿਰ ਕਲਮ ਕਰ ਦੇਵੇਗਾ! ਉਹ ਤੇਰੇ ਸ਼ਰੀਰ ਨੂੰ ਰੁੱਖ ਉੱਤੇ ਟੰਗ ਦੇਵੇਗਾ। ਪੰਛੀ ਤੇਰੀ ਲਾਸ਼ ਵਿੱਚੋਂ ਮਾਸ ਖਾਣਗੇ।”

ਯੂਸੁਫ਼ ਨੂੰ ਭੁਲਾ ਦਿੱਤਾ ਗਿਆ

20 ਤਿੰਨਾ ਦਿਨਾਂ ਮਗਰੋਂ, ਫ਼ਿਰਊਨ ਦਾ ਜਨਮਦਿਨ ਸੀ। ਫ਼ਿਰਊਨ ਨੇ ਆਪਣੇ ਸਾਰੇ ਨੌਕਰਾਂ ਨੂੰ ਦਾਵਤ ਦਿੱਤੀ। ਦਾਵਤ ਉੱਤੇ ਫ਼ਿਰਊਨ ਨੇ ਸਾਕੀ ਨੂੰ ਅਤੇ ਨਾਨਬਾਈ ਨੂੰ ਵੀ ਕੈਦਖਾਨੇ ਤੋਂ ਛੱਡ ਦਿੱਤਾ। 21 ਫ਼ਿਰਊਨ ਨੇ ਸਾਕੀ ਨੂੰ ਰਿਹਾ ਕਰ ਦਿੱਤਾ। ਫ਼ਿਰਊਨ ਨੇ ਉਸ ਨੂੰ ਉਸਦਾ ਕੰਮ ਵਾਪਸ ਦੇ ਦਿੱਤਾ। ਅਤੇ ਸਾਕੀ ਨੇ ਮੈਅ ਦਾ ਪਿਆਲਾ ਫ਼ਿਰਊਨ ਦੇ ਹੱਥ ਫ਼ੜਾ ਦਿੱਤਾ। 22 ਪਰ ਫ਼ਿਰਊਨ ਨੇ ਨਾਨਬਾਈ ਨੂੰ ਫ਼ਾਂਸੀ ਲਟਕਾ ਦਿੱਤਾ ਅਤੇ ਹਰ ਗੱਲ ਉਸੇ ਤਰ੍ਹਾਂ ਵਾਪਰੀ ਜਿਵੇਂ ਯੂਸੁਫ਼ ਨੇ ਆਖਿਆ ਸੀ। 23 ਪਰ ਸਾਕੀ ਨੇ ਯੂਸੁਫ਼ ਦੀ ਸਹਾਇਤਾ ਕਰਨੀ ਚੇਤੇ ਨਹੀਂ ਰੱਖੀ। ਉਸ ਨੇ ਫ਼ਿਰਊਨ ਨੂੰ ਯੂਸੁਫ਼ ਬਾਰੇ ਕੁਝ ਨਹੀਂ ਦੱਸਿਆ। ਸਾਕੀ ਯੂਸੁਫ਼ ਬਾਰੇ ਸਭ ਕੁਝ ਭੁੱਲ ਗਿਆ।

Punjabi Bible: Easy-to-Read Version (ERV-PA)

2010 by World Bible Translation Center