Beginning
ਯਾਕੂਬ ਬੈਤਏਲ ਵਿੱਚ
35 ਪਰਮੇਸ਼ੁਰ ਨੇ ਯਾਕੂਬ ਨੂੰ ਆਖਿਆ, “ਬੈਤਏਲ ਸ਼ਹਿਰ ਚੱਲਾ ਜਾਹ। ਉੱਥੇ ਰਹਿ ਅਤੇ ਉਪਾਸਨਾ ਲਈ ਇੱਕ ਜਗਵੇਦੀ ਉਸਾਰ। ਏਲ ਨੂੰ ਯਾਦ ਕਰ, ਉਹ ਪਰਮੇਸ਼ੁਰ ਜਿਹੜਾ ਤੈਨੂੰ ਉਦੋਂ ਦਿਖਾਈ ਦਿੱਤਾ ਸੀ ਜਦੋਂ ਤੂੰ ਆਪਣੇ ਭਰਾ ਏਸਾਓ ਕੋਲੋਂ ਭੱਜ ਰਿਹਾ ਸੀ। ਉਸ ਪਰਮੇਸ਼ੁਰ ਦੀ ਉਪਾਸਨਾ ਲਈ ਉੱਥੇ ਜਗਵੇਦੀ ਉਸਾਰ।”
2 ਇਸ ਲਈ ਯਾਕੂਬ ਨੇ ਆਪਣੇ ਪਰਿਵਾਰ ਅਤੇ ਆਪਣੇ ਸਾਰੇ ਨੌਕਰਾਂ ਨੂੰ ਆਖਿਆ, “ਉਨ੍ਹਾਂ ਲੱਕੜ ਅਤੇ ਧਾਤ ਦੇ ਬਣੇ ਹੋਏ ਸਾਰੇ ਵਿਦੇਸ਼ੀ ਦੇਵਤਿਆਂ ਨੂੰ ਤਬਾਹ ਕਰ ਦਿਉ ਜਿਹੜੇ ਤੁਹਾਡੇ ਕੋਲ ਹਨ। ਆਪਣੇ-ਆਪ ਨੂੰ ਪਵਿੱਤਰ ਬਣਾਉ ਅਤੇ ਸਾਫ਼ ਵਸਤਰ ਪਹਿਨੋ। 3 ਅਸੀਂ ਇਹ ਥਾਂ ਛੱਡ ਦਿਆਂਗੇ ਅਤੇ ਬੈਤਏਲ ਨੂੰ ਚੱਲੇ ਜਾਵਾਂਗੇ। ਉਸ ਥਾਂ ਮੈਂ ਉਸ ਪਰਮੇਸ਼ੁਰ ਲਈ ਜਗਵੇਦੀ ਉਸਾਰਾਂਗਾ ਜਿਸਨੇ ਮੁਸ਼ਕਿਲ ਵੇਲੇ ਮੇਰੀ ਸਹਾਇਤਾ ਕੀਤੀ ਸੀ। ਅਤੇ ਜਿੱਥੇ ਵੀ ਮੈਂ ਗਿਆ ਹਾਂ ਉਹ ਪਰਮੇਸ਼ੁਰ ਹਮੇਸ਼ਾ ਮੇਰੇ ਅੰਗ-ਸੰਗ ਰਿਹਾ ਹੈ।”
4 ਇਸ ਲਈ ਲੋਕਾਂ ਨੇ ਆਪਣੇ ਕੋਲ ਰੱਖੇ ਹੋਏ ਸਾਰੇ ਵਿਦੇਸ਼ੀ ਦੇਵਤੇ ਯਾਕੂਬ ਦੇ ਹਵਾਲੇ ਕਰ ਦਿੱਤੇ। ਅਤੇ ਉਨ੍ਹਾਂ ਨੇ ਆਪਣੇ ਕੰਨਾਂ ਵਿੱਚ ਪਾਈਆਂ ਹੋਈਆਂ ਸਾਰੀਆਂ ਮੁੰਦਰਾਂ ਵੀ ਦੇ ਦਿੱਤੀਆਂ। ਯਾਕੂਬ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸ਼ਕਮ ਨਾਮ ਦੇ ਕਸਬੇ ਦੇ ਨੇੜੇ ਇੱਕ ਓਕ ਦੇ ਰੁੱਖ ਹੇਠਾਂ ਦੱਬ ਦਿੱਤਾ।
5 ਯਾਕੂਬ ਅਤੇ ਉਸ ਦੇ ਪੁੱਤਰ ਉਸ ਥਾਂ ਤੋਂ ਚੱਲੇ ਗਏ। ਉਸ ਇਲਾਕੇ ਦੇ ਲੋਕ ਉਨ੍ਹਾਂ ਦਾ ਪਿੱਛਾ ਕਰਨ ਅਤੇ ਉਨ੍ਹਾਂ ਨੂੰ ਮਾਰ ਦੇਣ ਚਾਹੁੰਦੇ ਸਨ। ਪਰ ਉਹ ਬਹੁਤ ਡਰ ਗਏ ਅਤੇ ਉਨ੍ਹਾਂ ਨੇ ਯਾਕੂਬ ਦਾ ਪਿੱਛਾ ਨਹੀਂ ਕੀਤਾ। 6 ਇਸ ਲਈ ਯਾਕੂਬ ਅਤੇ ਉਸ ਦੇ ਬੰਦੇ ਲੂਜ਼ ਵਿਖੇ ਚੱਲੇ ਗਏ। ਲੂਜ਼ ਦਾ ਨਾਮ ਹੁਣ ਬੈਤਏਲ ਹੈ। ਇਹ ਕਨਾਨ ਦੀ ਧਰਤੀ ਉੱਤੇ ਹੈ। 7 ਯਾਕੂਬ ਨੇ ਉੱਥੇ ਇੱਕ ਜਗਵੇਦੀ ਉਸਾਰੀ। ਯਾਕੂਬ ਨੇ ਉਸ ਥਾਂ ਦਾ ਨਾਮ “ਏਲ ਬੈਤਏਲ” ਰੱਖਿਆ। ਯਾਕੂਬ ਨੇ ਇਹ ਨਾਮ ਇਸ ਲਈ ਚੁਣਿਆ ਕਿਉਂਕਿ ਇਹੀ ਉਹ ਥਾਂ ਸੀ ਜਿੱਥੇ ਉਸ ਨੂੰ ਪਰਮੇਸ਼ੁਰ ਉਸ ਵੇਲੇ ਦਿਖਾਈ ਦਿੱਤਾ ਸੀ ਜਦੋਂ ਉਹ ਆਪਣੇ ਭਰਾ ਕੋਲੋਂ ਭੱਜ ਰਿਹਾ ਸੀ।
8 ਦੋਬਰਾਹ, ਰਿਬਕਾਹ ਦੀ ਦਾਸੀ, ਉੱਥੇ ਹੀ ਮਰੀ। ਉਨ੍ਹਾਂ ਨੇ ਉਸ ਨੂੰ ਉੱਥੇ ਬੈਤਏਲ ਵਿਖੇ ਇੱਕ ਓਕ ਦੇ ਰੁੱਖ ਹੇਠਾਂ ਦਫ਼ਨਾ ਦਿੱਤਾ। ਉਨ੍ਹਾਂ ਨੇ ਇਸ ਥਾਂ ਦਾ ਨਾਮ ਅੱਲੋਨ ਬਾਕੂਥ ਰੱਖਿਆ।
ਯਾਕੂਬ ਦਾ ਨਵਾਂ ਨਾਮ
9 ਜਦੋਂ ਯਾਕੂਬ ਪਦਨ ਆਰਾਮ ਤੋਂ ਵਾਪਸ ਆਇਆ ਤਾਂ ਇੱਕ ਵਾਰ ਫ਼ੇਰ ਉਸ ਨੂੰ ਪਰਮੇਸ਼ੁਰ ਦਿਖਾਈ ਦਿੱਤਾ। ਅਤੇ ਪਰਮੇਸ਼ੁਰ ਨੇ ਯਾਕੂਬ ਨੂੰ ਅਸੀਸ ਦਿੱਤੀ। 10 ਪਰਮੇਸ਼ੁਰ ਨੇ ਯਾਕੂਬ ਨੂੰ ਆਖਿਆ, “ਤੇਰਾ ਨਾਮ ਯਾਕੂਬ ਹੈ। ਪਰ ਮੈਂ ਇਸ ਨਾਮ ਨੂੰ ਬਦਲ ਦਿਆਂਗਾ। ਹੁਣ ਤੇਰਾ ਨਾਮ ਯਾਕੂਬ ਨਹੀਂ ਹੋਵੇਗਾ। ਤੇਰਾ ਨਵਾਂ ਨਾਮ ਇਸਰਾਏਲ ਹੋਵੇਗਾ।” ਇਸ ਲਈ ਪਰਮੇਸ਼ੁਰ ਨੇ ਉਸ ਦਾ ਨਵਾਂ ਨਾਮ ਇਸਰਾਏਲ ਰੱਖ ਦਿੱਤਾ।
11 ਪਰਮੇਸ਼ੁਰ ਨੇ ਉਸ ਨੂੰ ਆਖਿਆ, “ਮੈਂ ਸਰਬ ਸ਼ਕਤੀਮਾਨ ਪਰਮੇਸ਼ੁਰ। ਹਾਂ। ਅਤੇ ਮੈਂ ਤੈਨੂੰ ਇਹ ਅਸੀਸ ਦਿੰਦਾ ਹਾਂ: ਬਹੁਤ ਔਲਾਦ ਪੈਦਾ ਕਰ ਅਤੇ ਮਹਾਨ ਕੌਮ ਦੀ ਸਾਜਨਾ ਕਰ। ਹੋਰ ਕੌਮਾਂ ਅਤੇ ਹੋਰ ਰਾਜੇ ਤੇਰੇ ਤੋਂ ਪੈਦਾ ਹੋਣਗੇ। 12 ਮੈਂ ਅਬਰਾਹਾਮ ਅਤੇ ਇਸਹਾਕ ਨੂੰ ਕੁਝ ਖਾਸ ਧਰਤੀ ਦਿੱਤੀ ਸੀ। ਹੁਣ ਮੈਂ ਉਹ ਧਰਤੀ ਤੈਨੂੰ ਦਿੰਦਾ ਹਾਂ। ਅਤੇ ਮੈਂ ਉਹ ਧਰਤੀ ਤੇਰੇ ਉਨ੍ਹਾਂ ਸਮੂਹ ਲੋਕਾਂ ਨੂੰ ਵੀ ਦਿੰਦਾ ਹਾਂ ਜਿਹੜੇ ਤੇਰੇ ਮਗਰੋਂ ਜਿਉਂਦੇ ਹੋਣਗੇ।” 13 ਫ਼ੇਰ ਪਰਮੇਸ਼ੁਰ ਉਸ ਥਾਂ ਤੋਂ ਚੱਲਿਆ ਗਿਆ। 14-15 ਯਾਕੂਬ ਨੇ ਉਸ ਥਾਂ ਉੱਤੇ ਯਾਦਗਾਰੀ ਪੱਥਰ ਸਥਾਪਿਤ ਕੀਤਾ। ਯਾਕੂਬ ਨੇ ਪੱਥਰ ਨੂੰ ਮੈਅ ਅਤੇ ਤੇਲ ਛਿੜਕ ਕੇ ਪਵਿੱਤਰ ਬਣਾਇਆ। ਇਹ ਥਾਂ ਇਸ ਲਈ ਖਾਸ ਹੈ ਕਿਉਂਕਿ ਇੱਥੇ ਪਰਮੇਸ਼ੁਰ ਨੇ ਯਾਕੂਬ ਨਾਲ ਗੱਲ ਕੀਤੀ ਸੀ। ਯਾਕੂਬ ਨੇ ਉਸ ਥਾਂ ਦਾ ਨਾਮ ਬੈਤਏਲ ਰੱਖਿਆ।
ਜਨਮ ਦੇਣ ਤੋਂ ਬਾਦ ਰਾਖੇਲ ਦੀ ਮੌਤ
16 ਯਾਕੂਬ ਅਤੇ ਉਸ ਦੇ ਟੋਲੇ ਨੇ ਬੈਤਏਲ ਛੱਡ ਦਿੱਤਾ। ਜਦੋਂ ਹਾਲੇ ਉਹ ਅਫ਼ਰਾਥ (ਬੈਤਲਹਮ) ਤੋਂ ਥੋੜੀ ਜਿਹੀ ਦੂਰੀ ਤੇ ਹੀ ਸਨ, ਰਾਖੇਲ ਨੇ ਜਨਮ ਦੇਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਸਖ਼ਤ ਗਰਭ ਪੀੜਾਂ ਹੋਣ ਲੱਗ ਪਈਆਂ। 17 ਜਦੋਂ ਰਾਖੇਲ ਨੂੰ ਇਹ ਬੱਚਾ ਜਨਣ ਵਿੱਚ ਇੰਨੀ ਤਕਲੀਫ਼ ਹੋ ਰਹੀ ਸੀ ਦਾਈ ਨੇ ਇਹ ਵੇਖਕੇ ਆਖਿਆ, “ਰਾਖੇਲ ਡਰ ਨਹੀਂ। ਤੂੰ ਇੱਕ ਹੋਰ ਪੁੱਤਰ ਨੂੰ ਜਨਮ ਦੇ ਰਹੀਂ ਹੈਂ।”
18 ਪੁੱਤਰ ਨੂੰ ਜਨਮ ਦਿੰਦਿਆਂ ਰਾਖੇਲ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ, ਰਾਖੇਲ ਨੇ ਲੜਕੇ ਦਾ ਨਾਮ ਬਨ-ਓਨੀ ਰੱਖਿਆ। ਪਰ ਯਾਕੂਬ ਨੇ ਉਸ ਨੂੰ ਬਿਨਯਾਮੀਨ ਨਾਮ ਦਿੱਤਾ।
19 ਅਫ਼ਰਾਥ ਦੇ ਰਸਤੇ ਉੱਤੇ ਰਾਖੇਲ ਨੂੰ ਦਫ਼ਨਾ ਦਿੱਤਾ ਗਿਆ। (ਅਫ਼ਰਾਥ ਬੈਤਲਹਮ ਹੈ।) 20 ਅਤੇ ਯਾਕੂਬ ਨੇ ਰਾਖੇਲ ਦੀ ਕਬਰ ਦਾ ਆਦਰ ਕਰਦਿਆਂ ਉੱਥੇ ਖਾਸ ਪੱਥਰ ਰੱਖ ਦਿੱਤਾ। ਇਹ ਖਾਸ ਪੱਥਰ ਅੱਜ ਵੀ ਉੱਥੇ ਹੈ। 21 ਫ਼ੇਰ ਇਸਰਾਏਲ (ਯਾਕੂਬ) ਨੇ ਆਪਣਾ ਸਫ਼ਰ ਜਾਰੀ ਰੱਖਿਆ। ਉਸ ਨੇ ਏਦਰ ਮੀਨਾਰ ਦੇ ਦੱਖਣ ਵੱਲ ਡੇਰਾ ਲਾ ਲਿਆ।
22 ਜਦੋਂ ਇਸਰਾਏਲ ਉੱਥੇ ਰਹਿ ਰਿਹਾ ਸੀ, ਤਾਂ ਰਊਬੇਨ ਇਸਰਾਏਲ ਦੀ ਦਾਸੀ ਬਿਲਹਾਹ ਨਾਲ ਸੁੱਤਾ। ਇਸਰਾਏਲ ਨੇ ਇਸ ਬਾਰੇ ਸੁਣਿਆ।
ਇਸਰਾਏਲ ਦਾ ਪਰਿਵਾਰ
ਯਾਕੂਬ ਦੇ 12 ਪੁੱਤਰ ਸਨ।
23 ਯਾਕੂਬ ਅਤੇ ਲੇਆਹ ਦੇ ਪੁੱਤਰ ਸਨ: ਯਾਕੂਬ ਦਾ ਪਹਿਲੋਠਾ ਪੁੱਤਰ ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ ਅਤੇ ਜ਼ਬੂਲੁਨ।
24 ਯਾਕੂਬ ਅਤੇ ਰਾਖੇਲ ਦੇ ਪੁੱਤਰ ਸਨ ਯੂਸੁਫ਼ ਅਤੇ ਬਿਨਯਾਮੀਨ।
25 ਬਿਲਹਾਹ ਰਾਖੇਲ ਦੀ ਦਾਸੀ ਸੀ। ਯਾਕੂਬ ਅਤੇ ਬਿਲਹਾਹ ਦੇ ਪੁੱਤਰ ਸਨ ਦਾਨ ਅਤੇ ਨਫ਼ਤਾਲੀ।
26 ਜ਼ਿਲਪਾਹ ਲੇਆਹ ਦੀ ਦਾਸੀ ਸੀ। ਯਾਕੂਬ ਅਤੇ ਜ਼ਲਪਾਹ ਦੇ ਪੁੱਤਰ ਸਨ ਗਾਦ ਅਤੇ ਆਸ਼ੇਰ।
ਇਹ ਯਾਕੂਬ ਦੇ ਪੁੱਤਰ ਸਨ ਜਿਹੜੇ ਪਦਨ ਅਰਾਮ ਵਿਖੇ ਜਨਮੇ ਸਨ।
27 ਯਾਕੂਬ ਕਿਰਿਯਥ ਅਰਬਾ (ਹਬਰੋਨ) ਵਿੱਚ ਆਪਣੇ ਪਿਤਾ ਇਸਹਾਕ ਕੋਲ ਮਮਰੇ ਵਿਖੇ ਚੱਲਾ ਗਿਆ। ਇਹੀ ਉਹ ਥਾਂ ਹੈ ਜਿੱਥੇ ਅਬਰਾਹਾਮ ਅਤੇ ਇਸਹਾਕ ਰਹਿ ਚੁੱਕੇ ਸਨ। 28 ਇਸਹਾਕ 180 ਵਰ੍ਹੇ ਜੀਵਿਆ। 29 ਫ਼ੇਰ ਇਸਹਾਕ ਕਮਜ਼ੋਰ ਹੋ ਗਿਆ ਅਤੇ ਉਸਦੀ ਮੌਤ ਹੋ ਗਈ। ਇਸਹਾਕ ਨੇ ਲੰਮੀ ਭਰਪੂਰ ਜ਼ਿੰਦਗੀ ਜੀਵੀ ਸੀ। ਉਸ ਦੇ ਪੁੱਤਰਾਂ ਏਸਾਓ ਅਤੇ ਯਾਕੂਬ ਨੇ ਉਸ ਨੂੰ ਉਸ ਦੇ ਪਿਤਾ ਵਾਲੀ ਥਾਵੇਂ ਹੀ ਦਫ਼ਨਾ ਦਿੱਤਾ।
ਏਸਾਓ ਦਾ ਪਰਿਵਾਰ
36 ਏਸਾਓ (ਅਦੋਮ) ਦੇ ਪਰਿਵਾਰ ਦਾ ਇਤਿਹਾਸ। 2 ਏਸਾਓ ਨੇ ਕਨਾਨ ਦੀ ਧਰਤੀ ਦੀਆਂ ਔਰਤਾਂ ਨਾਲ ਸ਼ਾਦੀ ਕੀਤੀ। ਏਸਾਓ ਦੀਆਂ ਪਤਨੀਆਂ ਸਨ: ਆਦਾਹ, ਜੋ ਹਿੱਤੀ ਏਲੋਨ ਦੀ ਧੀ ਸੀ, ਅਤੇ ਆਹਾਲੀਬਾਮਾਹ, ਜੋ ਹਿੱਤੀ ਸਿਬਓਨ ਦੇ ਪੁੱਤਰ ਅਨਾਹ ਦੀ ਧੀ ਸੀ। 3 ਬਾਸਮਾਥ, ਨਬਾਯੋਥ ਦੀ ਭੈਣ, ਇਸਮਾਏਲ ਦੀ ਧੀ। 4 ਏਸਾਓ ਅਤੇ ਆਦਾਹ ਦਾ ਇੱਕ ਪੁੱਤਰ ਸੀ ਅਲੀਫ਼ਾਜ਼। ਬਾਸਮਥ ਦਾ ਪੁੱਤਰ ਸੀ ਰਊਏਲ। 5 ਅਤੇ ਆਹਾਲੀਬਮਾਹ ਦੇ ਤਿੰਨ ਪੁੱਤਰ ਸਨ: ਯਊਸ਼, ਯਾਲਾਮ ਅਤੇ ਕੋਰਹ। ਇਹ ਏਸਾਓ ਦੇ ਪੁੱਤਰ ਸਨ ਜਿਨ੍ਹਾਂ ਦਾ ਜਨਮ ਕਨਾਨ ਦੀ ਧਰਤੀ ਉੱਤੇ ਹੋਇਆ ਸੀ।
6-8 ਯਾਕੂਬ ਅਤੇ ਏਸਾਓ ਦੇ ਪਰਿਵਾਰ ਇੰਨੇ ਵੱਧ ਗਏ ਕਿ ਕਨਾਨ ਦੀ ਧਰਤੀ ਉੱਤੇ ਉਨ੍ਹਾਂ ਦਾ ਗੁਜ਼ਾਰਾ ਨਹੀਂ ਸੀ ਹੋ ਸੱਕਦਾ। ਇਸ ਲਈ ਏਸਾਓ ਨੇ ਕਨਾਨ ਛੱਡ ਦਿੱਤਾ ਅਤੇ ਆਪਣੇ ਭਰਾ ਯਾਕੂਬ ਤੋਂ ਦੂਰ ਚੱਲਾ ਗਿਆ। ਏਸਾਓ ਨੇ ਆਪਣੀਆਂ ਪਤਨੀਆਂ ਆਪਣੇ ਪੁੱਤਰਾਂ-ਧੀਆਂ ਅਤੇ ਆਪਣੇ ਸਾਰੇ ਗੁਲਾਮਾਂ, ਗਊਆਂ ਅਤੇ ਹੋਰ ਪਸ਼ੂਆਂ ਅਤੇ ਆਪਣੀ ਕਨਾਨ ਵਿੱਚ ਜਮ੍ਹਾਂ ਕੀਤੀ ਹਰ ਸ਼ੈਅ ਨਾਲ ਲਈ ਅਤੇ ਸੇਈਰ ਦੇ ਪਹਾੜੀ ਪ੍ਰਦੇਸ਼ ਵੱਲ ਚੱਲਾ ਗਿਆ। (ਏਸਾਓ ਦਾ ਨਾਮ ਅਦੋਮ ਵੀ ਹੈ-ਅਤੇ ਇਹੀ ਸੇਈਰ ਦੇਸ਼ ਦਾ ਦੂਸਰਾ ਨਾਮ ਵੀ ਹੈ।)
9 ਏਸਾਓ, ਅਦੋਮ ਦੇ ਲੋਕਾਂ ਦਾ ਪਿਤਾਮਾ ਹੈ। ਸੇਈਰ (ਅਦੋਮ) ਦੇ ਪਹਾੜੀ ਪ੍ਰਦੇਸ਼ ਵਿੱਚ ਰਹਿਣ ਵਾਲੇ ਏਸਾਓ ਦੇ ਪਰਿਵਾਰ ਦੇ ਨਾਮ ਇਹ ਹਨ:
10 ਇਹ ਨਾਮ ਏਸਾਓ ਦੇ ਉੱਤਰਾਧਿਕਾਰੀਆਂ ਦੇ ਸਨ: ਏਸਾਓ ਅਤੇ ਆਦਾਹ ਦਾ ਪੁੱਤਰ ਸੀ ਅਲੀਫ਼ਾਜ਼। ਏਸਾਓ ਅਤੇ ਬਾਸਮਥ ਦਾ ਪੁੱਤਰ ਸੀ ਰਊਏਲ।
11 ਅਲੀਫ਼ਾਜ਼ ਦੇ ਪੁੱਤਰ ਸਨ: ਤੇਮਾਨ, ਓਮਾਰ, ਸਫ਼ੋ, ਗਾਤਾਮ ਅਤੇ ਕਨਜ਼।
12 ਏਸਾਓ ਦੇ ਪੁੱਤਰ ਅਲੀਫ਼ਾਜ਼ ਦੀ ਇੱਕ ਤਿਮਨਾ ਨਾਮ ਦੀ ਦਾਸੀ ਸੀ। ਤਿਮਨਾ ਅਤੇ ਅਲੀਫ਼ਾਜ਼ ਦਾ ਪੁੱਤਰ ਅਮਾਲੇਕ ਸੀ। ਇਹ ਏਸਾਓ ਦੀ ਪਤਨੀ ਆਦਾਹ ਦੇ ਉੱਤਰਾਧਿਕਾਰੀ ਸਨ।
13 ਰਊਏਲ ਦੇ ਪੁੱਤਰ ਸਨ: ਨਹਥ, ਜ਼ਰਹ, ਸ਼ੰਮਾਹ ਅਤੇ ਮਿਜ਼ਾਹ੍ਹ।
ਇਹ ਏਸਾਓ ਅਤੇ ਉਸ ਦੀ ਪਤਨੀ ਬਾਸਮਥ ਦੇ ਪੋਤੇ ਸਨ।
14 ਏਸਾਓ ਦੀ ਹੋਰ ਪਤਨੀ ਅਨਾਹ ਦੀ ਧੀ, ਆਹਾਲੀਬਾਮਾਹ ਸੀ। ਅਨਾਹ ਸਿਬਾਓਨ ਦਾ ਪੁੱਤਰ ਸੀ। ਏਸਾਓ ਅਤੇ ਆਹਾਲੀਬਾਮਾਹ ਦੇ ਬੱਚੇ ਸਨ: ਯਊਸ, ਯਾਲਾਮ ਅਤੇ ਕੋਰਹ।
15 ਇਹ ਉਹ ਪਰਿਵਾਰ-ਸਮੂਹ ਹਨ ਜੋ ਏਸਾਓ (ਅਦੋਮ) ਤੋਂ ਜਨਮੇ ਸਨ:
ਏਸਾਓ ਦਾ ਪਹਿਲੋਠਾ ਪੁੱਤਰ ਸੀ ਅਲੀਫ਼ਾਜ਼। ਅਲੀਫ਼ਾਜ਼ ਤੋਂ ਜਨਮੇ ਸਨ: ਤੇਮਾਨ, ਓਮਾਰ, ਸਫ਼ੋ ਕਨਜ਼, 16 ਕੋਰਹ, ਗਾਤਾਮ ਅਤੇ ਅਮਾਲੇਕ। ਅਦੋਮ ਦੀ ਧਰਤੀ ਵਿੱਚ ਇਹ ਅਲੀਫ਼ਾਜ਼ ਦੇ ਉੱਤਰਾਧਿਕਾਰੀ ਸਨ।
ਅਦੋਮ ਦੀ ਧਰਤੀ ਵਿੱਚ ਇਹ ਸਾਰੇ ਪਰਿਵਾਰ ਏਸਾਓ ਦੀ ਪਤਨੀ ਆਦਾਹ ਤੋਂ ਆਏ।
17 ਏਸਾਓ ਦੇ ਪੁੱਤਰ ਰਊਏਲ ਇਨ੍ਹਾਂ ਪਰਿਵਾਰਾਂ ਦਾ ਪੁਰੱਖਾ ਸੀ: ਨਹਥ, ਜ਼ਰਹ, ਸ਼ੰਮਾਹ ਅਤੇ ਮਿਜ਼ਾਹ।
ਇਹ ਸਾਰੇ ਪਰਿਵਾਰ ਏਸਾਓ ਦੀ ਪਤਨੀ ਬਾਸਮਥ ਤੋਂ ਜਨਮੇ ਸਨ।
18 ਏਸਾਓ ਦੀ ਪਤਨੀ ਆਹਾਲੀਬਾਮਾਹ, ਅਨਾਹ ਦੀ ਧੀ, ਨੇ ਯਊਸ, ਯਲਾਮ ਅਤੇ ਕੋਰਹ ਨੂੰ ਜਨਮ ਦਿੱਤਾ। ਇਹ ਤਿੰਨੇ ਆਦਮੀ ਆਪਣੇ ਪਰਿਵਾਰਾਂ ਦੇ ਪਿਤਾਮਾ ਸਨ।
19 ਇਹ ਸਾਰੇ ਆਦਮੀ ਏਸਾਓ (ਅਦੋਮ) ਤੋਂ ਪੈਦਾ ਹੋਏ ਪਰਿਵਾਰਕ ਆਗੂ ਸਨ।
20 ਏਸਾਓ ਤੋਂ ਪਹਿਲਾਂ ਅਦੋਮ ਵਿੱਚ ਇੱਕ ਹੋਰੀ ਆਦਮੀ ਸੇਈਰ ਵਿੱਚ ਰਹਿੰਦਾ ਸੀ। ਸੇਈਰ ਦੇ ਪੁੱਤਰ ਇਹ ਸਨ:
ਲੋਟਾਨ, ਸ਼ੋਬਾਲ, ਸਿਬਉਨ, ਅਨਾਹ, 21 ਦਿਸ਼ੋਨ, ਏਸਰ, ਦੀਸ਼ਾਨ। ਇਹ ਸਾਰੇ ਪੁੱਤਰ ਅਦੋਮ ਦੀ ਧਰਤੀ ਵਿੱਚ ਸੇਈਰ ਤੋਂ ਹੋਰੀ ਪਰਿਵਾਰਾਂ ਦੇ ਆਗੂ ਸਨ।
22 ਲੋਟਾਨ ਹੋਰੀ ਅਤੇ ਹੇਮਾਮ ਦਾ ਪਿਤਾ ਸੀ। (ਤਿਮਨਾ ਲੋਟਾਨ ਦੀ ਭੈਣ ਸੀ।)
23 ਸੋਬਾਨ ਅਲਵਾਨ, ਮਾਨਹਥ, ਏਬਾਲ ਸ਼ਫ਼ੋ ਅਤੇ ਓਨਾਮ ਦਾ ਪਿਤਾ ਸੀ।
24 ਸਿਬਓਨ ਦੇ ਦੋ ਪੁੱਤਰ ਸਨ ਅੱਯਾਹ ਅਤੇ ਅਨਾਹ। (ਅਨਾਹ ਉਹ ਆਦਮੀ ਹੈ ਜਿਸਨੇ ਪਹਾੜਾਂ ਵਿੱਚ ਗਰਮ ਪਾਣੀ ਦੇ ਚਸ਼ਮਿਆਂ ਦੀ ਖੋਜ਼ ਕੀਤੀ ਸੀ, ਜਦੋਂ ਉਹ ਆਪਣੇ ਪਿਤਾ ਦੇ ਗਧਿਆਂ ਦੀ ਦੇਖ-ਭਾਲ ਕਰ ਰਿਰਾ ਸੀ।)
25 ਦਿਸ਼ੋਨ ਅਨਾਹ ਦਾ ਪੁੱਤਰ ਸੀ, ਅਤੇ ਆਹਾਲੀਬਾਮਾਹ ਅਨਾਹ ਦੀ ਧੀ ਸੀ।
26 ਦੀਸ਼ਾਨ ਦੇ ਪੁੱਤਰ ਸਨ: ਹਮਦਾਨ, ਅਸੁਬਾਨ, ਯਿਤਰਾਨ ਅਤੇ ਕਰਾਨ।
27 ਏਸਰੇ ਦੇ ਪੁੱਤਰ ਸਨ: ਬਿਲਹਾਨ, ਜ਼ਾਵਾਨ ਅਤੇ ਅਕਾਨ।
28 ਦੀਸ਼ਾਨ ਦੇ ਪੁੱਤਰ ਸਨ: ਊਸ ਅਤੇ ਅਰਾਨ।
29 ਹੋਰੀ ਪਰਿਵਾਰਾਂ ਦੇ ਆਗੂਆਂ ਦੇ ਨਾਮ ਇਹ ਹਨ: ਲੋਟਾਨ, ਸੋਬਾਲ, ਸਿਬਓਨ, ਅਨਾਹ, 30 ਦਿਸ਼ੋਨ, ਏਸਰ ਅਤੇ ਦੀਸ਼ਾਨ। ਇਹ ਆਦਮੀ ਆਪਣੇ ਪਰਿਵਾਰਾਂ ਦੇ ਹੋਰੀ ਆਗੂ ਸਨ ਜਿਹੜੇ ਸੇਈਰ (ਅਦੋਮ) ਦੇਸ਼ ਵਿੱਚ ਰਹਿੰਦੇ ਸਨ।
31 ਉਸ ਸਮੇਂ, ਅਦੋਮ ਵਿੱਚ ਕਈ ਰਾਜੇ ਸਨ। ਅਦੋਮ ਵਿੱਚ ਇਸਰਾਏਲ ਤੋਂ ਬਹੁਤ ਪਹਿਲਾਂ ਰਾਜੇ ਸਨ।
32 ਬਓਰ ਦਾ ਪੁੱਤਰ ਬਲਾ ਉਹ ਰਾਜਾ ਸੀ ਜਿਹੜਾ ਅਦੋਮ ਵਿੱਚ ਰਾਜ ਕਰਦਾ ਸੀ। ਉਹ ਦਿਨਹਾਬਾਹ ਸ਼ਹਿਰ ਉੱਤੇ ਰਾਜ ਕਰਦਾ ਸੀ।
33 ਜਦੋਂ ਬਲਾ ਮਰਿਆ, ਯੋਬਾਬ ਰਾਜਾ ਬਣ ਗਿਆ। ਯੋਬਾਬ ਜ਼ਰਹ ਦਾ ਪੁੱਤਰ ਸੀ। ਉਸ ਨੇ ਬਸਰੇ ਦੇ ਸ਼ਹਿਰ ਵਿੱਚ ਸ਼ਾਸਨ ਕੀਤਾ।
34 ਜਦੋਂ ਯੋਬਾਬ ਮਰਿਆ, ਹੁਸਾਮ ਰਾਜਾ ਬਣ ਗਿਆ। ਹੁਸਾਮ ਤੇਮਾਨ ਲੋਕਾਂ ਦੀ ਧਰਤੀ ਵਿੱਚੋਂ ਸੀ।
35 ਹੁਸਾਮ ਦੀ ਮੌਤ ਤੋਂ ਬਾਦ, ਹਦਦ ਰਾਜਾ ਬਣ ਗਿਆ। ਹਦਦ ਬਦਦ ਦਾ ਪੁੱਤਰ ਸੀ। (ਹਦਦ ਉਹ ਆਦਮੀ ਸੀ ਜਿਸਨੇ ਮੋਆਬ ਦੇ ਦੇਸ਼ ਮਿਦਯਾਨ ਨੂੰ ਹਰਾਇਆ ਸੀ।) ਹਦਦ ਅਵੀਤ ਨਗਰ ਤੋਂ ਸੀ।
36 ਜਦੋਂ ਹਦਦ ਮਰਿਆ ਤਾਂ ਸਮਲਾਹ ਨੇ ਉਸ ਦੇਸ਼ ਉੱਤੇ ਰਾਜ ਕੀਤਾ। ਸਮਲਾਹ ਮਸਰੇਕਾਹ ਦਾ ਰਹਿਣ ਵਾਲਾ ਸੀ।
37 ਜਦੋਂ ਸਮਲਾਹ ਮਰਿਆ ਤਾਂ ਸਾਊਲ ਨੇ ਉਸ ਇਲਾਕੇ ਉੱਤੇ ਰਾਜ ਕੀਤਾ। ਸਾਊਲ ਫ਼ਰਾਤ ਨਦੀ ਉੱਤੇ ਵਸੇ ਰਹੋਬੋਥ ਦਾ ਰਹਿਣ ਵਾਲਾ ਸੀ।
38 ਜਦੋਂ ਸਾਊਲ ਮਰਿਆ, ਤਾਂ ਉਸ ਦੇਸ਼ ਉੱਤੇ ਬਆਲ ਹਾਨਾਨ ਨੇ ਰਾਜ ਕੀਤਾ। ਬਆਲ ਹਾਨਾਨ ਅਕਬੋਰ ਦਾ ਪੁੱਤਰ ਸੀ।
39 ਜਦੋਂ ਬਆਲ ਹਨਾਨ, ਅਕਬੋਰ ਦਾ ਪੁੱਤਰ ਮਰਿਆ, ਹਦਰ [a] ਰਾਜਾ ਬਣ ਗਿਆ। ਹਦਦ ਪਾਊ ਨਗਰ ਤੋਂ ਸੀ। ਹਦਦ ਦੀ ਪਤਨੀ ਦਾ ਨਾਮ ਮਹੇਟਬਏਲ ਸੀ ਜੋ ਮਟਰੇਦ ਦੀ ਧੀ ਸੀ। (ਮੇਜ਼ਾਹਾਬ ਮਟਰੇਦ ਦਾ ਪਿਤਾ ਸੀ।)
40-43 ਏਸਾਓ ਇਨ੍ਹਾਂ ਅਦੋਮੀ ਪਰਿਵਾਰਾਂ ਦਾ ਪਿਤਾਮਾ ਸੀ:
ਤਿਮਨਾ, ਅਲਵਾਹ, ਯਥੇਥ, ਆਹਾਲੀਬਾਮਾਹ, ਏਲਾਹ, ਫ਼ੀਨੋਨ, ਕਨਜ਼, ਤੇਮਾਨ, ਮਿਬਸਾਰ, ਮਗਦੀਏਲ ਅਤੇ ਈਰਾਮ। ਇਨ੍ਹਾਂ ਵਿੱਚੋਂ ਹਰ ਪਰਿਵਾਰ ਜਿਸ ਇਲਾਕੇ ਵਿੱਚ ਰਹਿੰਦਾ ਸੀ ਉਹੋ ਹੀ ਉਨ੍ਹਾਂ ਦੇ ਪਰਿਵਾਰ ਦਾ ਨਾਮ ਸੀ।
ਸੁਪਨੇਬਾਜ਼ ਯੂਸੁਫ਼
37 ਯਾਕੂਬ ਕਨਾਨ ਦੀ ਧਰਤੀ ਵਿੱਚ ਠਹਿਰ ਗਿਆ ਅਤੇ ਰਹਿਣ ਲੱਗਾ। ਇਹ ਓਹੀ ਧਰਤੀ ਹੈ ਜਿੱਥੇ ਉਸਦਾ ਪਿਤਾ ਰਹਿੰਦਾ ਸੀ। 2 ਯਾਕੂਬ ਦੇ ਪਰਿਵਾਰ ਦੀ ਕਹਾਣੀ ਇਸ ਪ੍ਰਕਾਰ ਹੈ।
ਯੂਸੁਫ਼ 17 ਵਰ੍ਹਿਆਂ ਦਾ ਨੌਜਵਾਨ ਸੀ। ਉਸਦਾ ਕਿੱਤਾ ਭੇਡਾਂ ਅਤੇ ਬੱਕਰੀਆਂ ਚਾਰਨਾ ਸੀ। ਯੂਸੁਫ਼ ਨੇ ਇਹ ਕੰਮ ਆਪਣੇ ਭਰਾਵਾਂ ਨਾਲ ਮਿਲਕੇ ਕੀਤਾ; ਜਿਹੜੇ ਬਿਲਹਾਹ ਅਤੇ ਜ਼ਿਲਪਾਹ ਦੇ ਪੁੱਤਰ ਸਨ। (ਬਿਲਹਾਹ ਅਤੇ ਜ਼ਿਲਪਾਹ ਉਸ ਦੇ ਪਿਤਾ ਦੀਆਂ ਪਤਨੀਆਂ ਸਨ।) ਯੂਸੁਫ਼ ਨੇ ਆਪਣੇ ਪਿਤਾ ਨੂੰ ਆਪਣੇ ਭਰਾਵਾਂ ਬਾਰੇ ਮਾੜੀਆਂ ਗੱਲਾਂ ਕਹੀਆਂ। 3 ਯੂਸੁਫ਼ ਉਸ ਵੇਲੇ ਜੰਮਿਆ ਸੀ ਜਦੋਂ ਉਸਦਾ ਪਿਤਾ ਯਾਕੂਬ ਬਹੁਤ ਬਿਰਧ ਹੋ ਚੁੱਕਾ ਸੀ। ਇਸ ਲਈ ਯਾਕੂਬ ਯੂਸੁਫ਼ ਨੂੰ ਆਪਣੇ ਹੋਰਨਾਂ ਪੁੱਤਰਾਂ ਨਾਲੋਂ ਵੱਧੇਰੇ ਪਿਆਰ ਕਰਦਾ ਸੀ। ਯਾਕੂਬ ਨੇ ਆਪਣੇ ਪੁੱਤਰ ਨੂੰ ਇੱਕ ਖਾਸ ਕੋਟ ਦਿੱਤਾ। ਇਹ ਕੋਟ ਲੰਮਾ ਸੀ ਅਤੇ ਬਹੁਤ ਖੂਬਸੂਰਤ ਸੀ। 4 ਯੂਸੁਫ਼ ਦੇ ਭਰਾਵਾਂ ਨੇ ਦੇਖਿਆ ਕਿ ਉਨ੍ਹਾਂ ਦਾ ਪਿਤਾ ਯੂਸੁਫ਼ ਨੂੰ ਉਨ੍ਹਾਂ ਨਾਲੋਂ ਵੱਧੇਰੇ ਪਿਆਰ ਕਰਦਾ ਸੀ, ਉਹ ਆਪਣੇ ਭਰਾ ਨਾਲ ਇੰਨੀ ਨਫ਼ਰਤ ਕਰਦੇ ਸਨ ਉਹ ਉਸ ਨੂੰ ਨਮਸੱਕਾਰ ਵੀ ਨਹੀਂ ਬੁਲਾਉਂਦੇ ਸਨ।
5 ਇੱਕ ਸਮੇਂ ਯੂਸੁਫ਼ ਨੂੰ ਇੱਕ ਖਾਸ ਸੁਪਨਾ ਆਇਆ। ਬਾਦ ਵਿੱਚ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਇਸ ਸੁਪਨੇ ਬਾਰੇ ਦੱਸਿਆ। ਇਸਤੋਂ ਮਗਰੋਂ ਉਸ ਦੇ ਭਰਾ ਉਸ ਨੂੰ ਹੋਰ ਵੀ ਵੱਧੇਰੇ ਨਫ਼ਰਤ ਕਰਨ ਲੱਗੇ।
6 ਯੂਸੁਫ਼ ਨੇ ਆਖਿਆ, “ਉਸ ਸੁਪਨੇ ਨੂੰ ਸੁਣੋ ਜੋ ਮੈਨੂੰ ਆਇਆ। 7 ਅਸੀਂ ਸਾਰੇ ਖੇਤਾਂ ਵਿੱਚ ਕੰਮ ਕਰ ਰਹੇ ਸੀ। ਅਸੀਂ ਕਣਕ ਦੀਆਂ ਭਰੀਆਂ ਬੰਨ੍ਹ ਰਹੇ ਸੀ। ਫ਼ੇਰ ਮੇਰੀ ਭਰੀ ਉੱਠ ਖਲੋਤੀ। ਇਹ ਖਲੋਤੀ ਸੀ ਜਦੋਂ ਕਿ ਹੋਰ ਸਾਰੀਆਂ ਮੇਰੇ ਵਾਲੀ ਦੇ ਆਲੇ-ਦੁਆਲੇ ਚੱਕਰ ਲਾ ਰਹੀਆਂ ਸਨ। ਫ਼ੇਰ ਤੁਹਾਡੀਆਂ ਸਾਰੀਆਂ ਕਣਕ ਦੀਆਂ ਭਰੀਆਂ ਨੇ ਮੇਰੀ ਭਰੀ ਵੱਲ ਸਿਰ ਝੁਕਾਇਆ।”
8 ਉਸ ਦੇ ਭਰਾਵਾਂ ਨੇ ਆਖਿਆ, “ਕੀ ਤੂੰ ਸੋਚਦਾ ਹੈਂ ਕਿ ਇਸ ਦਾ ਅਰਥ ਇਹ ਹੈ ਕਿ ਤੂੰ ਰਾਜਾ ਬਣੇਂਗਾ ਅਤੇ ਸਾਡੇ ਉੱਤੇ ਰਾਜ ਕਰੇਂਗਾ?” ਉਸ ਦੇ ਭਰਾ ਯੂਸੁਫ਼ ਨੂੰ ਹੁਣ ਹੋਰ ਵੀ ਨਫ਼ਰਤ ਕਰਦੇ ਸਨ ਕਿਉਂਕਿ ਉਹ ਉਨ੍ਹਾਂ ਬਾਰੇ ਇਹੋ ਜਿਹੇ ਸੁਪਨੇ ਲੈਂਦਾ ਸੀ।
9 ਫ਼ੇਰ ਯੂਸੁਫ਼ ਨੂੰ ਇੱਕ ਹੋਰ ਸੁਪਨਾ ਆਇਆ। ਯੂਸੁਫ਼ ਨੇ ਇਸ ਸੁਪਨੇ ਬਾਰੇ ਆਪਣੇ ਭਰਾਵਾ ਨੂੰ ਦੱਸਿਆ। ਯੂਸੁਫ਼ ਨੇ ਆਖਿਆ, “ਮੈਨੂੰ ਇੱਕ ਹੋਰ ਸੁਪਨਾ ਆਇਆ ਹੈ। ਮੈਂ ਸੂਰਜ, ਚੰਨ ਅਤੇ 11 ਤਾਰਿਆਂ ਨੂੰ ਮੇਰੇ ਅੱਗੇ ਝੁਕਦਿਆਂ ਵੇਖਿਆ।”
10 ਜਦੋਂ ਯੂਸੁਫ਼ ਨੇ ਇਹ ਸੁਪਨਾ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਸੁਣਾਇਆ, ਉਸ ਦੇ ਪਿਤਾ ਨੇ ਉਸ ਨੂੰ ਝਿੜਕਿਆ, “ਇਹ ਕਿਹੋ ਜਿਹਾ ਸੁਪਨਾ ਹੈ? ਕੀ ਤੇਰੀ ਮਾਂ, ਤੇਰੇ ਭਰਾ ਅਤੇ ਮੈਂ ਤੇਰੇ ਅੱਗੇ ਧਰਤੀ ਉੱਤੇ ਝੁਕਾਂਗੇ?” 11 ਯੂਸੁਫ਼ ਦੇ ਭਰਾ ਉਸ ਨਾਲ ਈਰਖਾ ਕਰਦੇ ਰਹੇ। ਪਰ ਯੂਸੁਫ਼ ਦੇ ਪਿਤਾ ਨੇ ਇਨ੍ਹਾਂ ਗੱਲਾਂ ਬਾਰੇ ਬਹੁਤ ਸੋਚ ਵਿੱਚਾਰ ਕੀਤੀ ਅਤੇ ਇਹ ਸੋਚਕੇ ਹੈਰਾਨ ਹੋਣ ਲੱਗਾ ਕਿ ਇਸਦਾ ਕੀ ਅਰਥ ਹੋ ਸੱਕਦਾ।
12 ਇੱਕ ਦਿਨ ਯੂਸੁਫ਼ ਦੇ ਭਰਾ ਆਪਣੇ ਪਿਤਾ ਦੀਆਂ ਭੇਡਾਂ ਚਾਰਨ ਸ਼ਕਮ ਵੱਲ ਚੱਲੇ ਗਏ। 13 ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਸ਼ਕਮ ਨੂੰ ਚੱਲਾ ਜਾਹ। ਉੱਥੇ ਤੇਰੇ ਭਰਾ ਮੇਰੀਆਂ ਭੇਡਾਂ ਸਾਂਭ ਰਹੇ ਹਨ।”
ਯੂਸੁਫ਼ ਨੇ ਜਵਾਬ ਦਿੱਤਾ, “ਮੈਂ ਚੱਲਾ ਜਾਵਾਂਗਾ।”
14 ਯੂਸੁਫ਼ ਦੇ ਪਿਤਾ ਨੇ ਆਖਿਆ, “ਜਾਹ ਜਾਕੇ ਦੇਖ ਤੇਰੇ ਭਰਾ ਸੁਰੱਖਿਅਤ ਤਾਂ ਹਨ। ਆਕੇ ਮੈਨੂੰ ਇਹ ਦੱਸੀਂ ਕਿ ਮੇਰੀਆਂ ਭੇਡਾਂ ਠੀਕ-ਠਾਕ ਹਨ ਜਾਂ ਨਹੀਂ।” ਇਸ ਲਈ ਯੂਸੁਫ਼ ਦੇ ਪਿਤਾ ਨੇ ਉਸ ਨੂੰ ਹਬਰੋਨ ਦੀ ਵਾਦੀ ਤੋਂ ਸ਼ਕਮ ਭੇਜ ਦਿੱਤਾ।
15 ਸ਼ਕਮ ਜਾਕੇ ਯੂਸੁਫ਼ ਰਾਹ ਭੁੱਲ ਗਿਆ। ਇੱਕ ਆਦਮੀ ਨੇ ਉਸ ਨੂੰ ਖੇਤਾਂ ਵਿੱਚ ਭਟਕਦਿਆਂ ਹੋਇਆ ਦੇਖਿਆ। ਉਸ ਆਦਮੀ ਨੇ ਆਖਿਆ, “ਤੂੰ ਕੀ ਭਾਲ ਰਿਹਾ ਹੈਂ?”
16 ਯੂਸੁਫ਼ ਨੇ ਜਵਾਬ ਦਿੱਤਾ, “ਮੈਂ ਆਪਣੇ ਭਰਾਵਾਂ ਨੂੰ ਲੱਭ ਰਿਹਾ ਹਾਂ। ਕੀ ਤੂੰ ਮੈਨੂੰ ਦੱਸ ਸੱਕਦਾ ਹੈਂ ਕਿ ਉਹ ਆਪਣੀਆਂ ਭੇਡਾਂ ਨਾਲ ਕਿੱਥੇ ਹਨ?”
17 ਉਸ ਆਦਮੀ ਨੇ ਆਖਿਆ, “ਉਹ ਤਾਂ ਪਹਿਲਾਂ ਹੀ ਦੂਰ ਜਾ ਚੁੱਕੇ ਹਨ। ਮੈਂ ਉਨ੍ਹਾਂ ਨੂੰ ਆਖਦਿਆਂ ਸੁਣਿਆ ਸੀ ਕਿ ਉਹ ਦੋਥਾਨ ਜਾ ਰਹੇ ਹਨ।” ਇਸ ਲਈ ਯੂਸੁਫ਼ ਨੇ ਆਪਣੇ ਭਰਾਵਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਦੋਥਾਨ ਵਿੱਚ ਜਾ ਮਿਲਿਆ।
ਯੂਸੁਫ਼ ਦਾ ਗੁਲਾਮੀ ਲਈ ਵੇਚਿਆ ਜਾਣਾ
18 ਯੂਸੁਫ਼ ਦੇ ਭਰਾਵਾਂ ਨੇ ਉਸ ਨੂੰ ਦੂਰੋਂ ਆਉਂਦਿਆਂ ਦੇਖਿਆ। ਉਨ੍ਹਾਂ ਨੇ ਉਸ ਨੂੰ ਮਾਰ ਦੇਣ ਦੀ ਵਿਉਂਤ ਘੜੀ। 19 ਭਰਾਵਾਂ ਨੇ ਇੱਕ ਦੂਸਰੇ ਨੂੰ ਆਖਿਆ, “ਉਹ ਆਉਂਦਾ ਹੈ ਯੂਸੁਫ਼, ਸੁਪਨੇ ਲੈਣ ਵਾਲਾ। 20 ਸਾਨੂੰ ਜੇ ਹੋ ਸੱਕੇ ਤਾਂ ਹੁਣੇ ਹੀ ਮਾਰ ਦੇਣਾ ਚਾਹੀਦਾ ਹੈ। ਅਸੀਂ ਉਸਦੀ ਲਾਸ਼ ਕਿਸੇ ਸਖਣੇ ਖੂਹ ਵਿੱਚ ਸੁੱਟ ਦਿਆਂਗੇ। ਅਸੀਂ ਆਪਣੇ ਪਿਤਾ ਨੂੰ ਜਾਕੇ ਆਖ ਸੱਕਦੇ ਹਾਂ ਕਿ ਉਸ ਨੂੰ ਕਿਸੇ ਜੰਗਲੀ ਜਾਨਵਰ ਨੇ ਮਾਰ ਦਿੱਤਾ। ਫ਼ੇਰ ਅਸੀਂ ਸਿਧ ਕਰ ਦਿਆਂਗੇ ਕਿ ਉਸ ਦੇ ਸੁਪਨੇ ਝੂਠੇ ਹਨ।”
21 ਪਰ ਰਊਬੇਨ ਯੂਸੁਫ਼ ਨੂੰ ਬਚਾਉਣ ਚਾਹੁੰਦਾ ਸੀ। ਰਊਬੇਨ ਨੇ ਆਖਿਆ, “ਅਸੀਂ ਉਸ ਨੂੰ ਮਾਰੀਏ ਨਾ।” ਰਊਬੇਨ ਨੇ ਯੂਸੁਫ਼ ਨੂੰ ਬਚਾਉਣ ਅਤੇ ਉਸ ਨੂੰ ਆਪਣੇ ਪਿਤਾ ਕੋਲ ਭੇਜਣ ਦੀ ਵਿਉਂਤ ਬਣਾਈ ਸੀ। 22-23 ਯੂਸੁਫ਼ ਆਪਣੇ ਭਰਾਵਾਂ ਕੋਲ ਗਿਆ। ਉਨ੍ਹਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਉਸਦਾ ਲੰਮਾ ਖੂਬਸੂਰਤ ਕੋਟ ਪਾੜ ਦਿੱਤਾ। 24 ਫ਼ੇਰ ਉਨ੍ਹਾਂ ਨੇ ਉਸ ਨੂੰ ਫ਼ੜਕੇ ਇੱਕ ਸੁੱਕੇ ਖੂਹ ਵਿੱਚ ਸੁੱਟ ਦਿੱਤਾ।
25 ਜਦੋਂ ਯੂਸੁਫ਼ ਖੂਹ ਵਿੱਚ ਸੀ ਤਾਂ ਭਰਾ ਰੋਟੀ ਖਾਣ ਬੈਠ ਗਏ। ਫ਼ੇਰ ਉਨ੍ਹਾਂ ਨੇ ਦੇਖਿਆ ਕਿ ਵਪਾਰੀਆਂ ਦਾ ਇੱਕ ਟੋਲਾ ਗਿਲਆਦ ਤੋਂ ਮਿਸਰ ਵੱਲ ਜਾ ਰਿਹਾ ਸੀ। ਉਨ੍ਹਾਂ ਦੇ ਊਠਾਂ ਉੱਤੇ ਬਹੁਤ ਤਰ੍ਹਾਂ ਦੇ ਮਸਾਲੇ ਅਤੇ ਦੌਲਤਾਂ ਲੱਦੀਆਂ ਹੋਈਆਂ ਸਨ। 26 ਇਸ ਲਈ ਯਹੂਦਾਹ ਨੇ ਆਪਣੇ ਭਰਾਵਾਂ ਨੂੰ ਆਖਿਆ, “ਜੇ ਅਸੀਂ ਆਪਣੇ ਭਰਾ ਨੂੰ ਮਾਰ ਦਿਆਂਗੇ ਅਤੇ ਉਸਦੀ ਮੌਤ ਉੱਤੇ ਪਰਦਾ ਪਾ ਦਿਆਂਗੇ ਤਾਂ ਸਾਨੂੰ ਕੀ ਲਾਭ ਮਿਲੇਗਾ? 27 ਜੇ ਅਸੀਂ ਉਸ ਨੂੰ ਇਨ੍ਹਾਂ ਵਪਾਰੀਆਂ ਹੱਥ ਵੇਚ ਦੇਈਏ ਤਾਂ ਸਾਨੂੰ ਵੱਧੇਰੇ ਲਾਭ ਹੋਵੇਗਾ। ਫ਼ੇਰ ਸਾਨੂੰ ਆਪਣੇ ਭਰਾ ਨੂੰ ਮਾਰਨ ਦਾ ਪਾਪ ਵੀ ਨਹੀਂ ਲੱਗੇਗਾ।” ਦੂਸਰੇ ਭਰਾ ਮੰਨ ਗਏ। 28 ਜਦੋਂ ਮਿਦਿਯਾਨੀ ਵਪਾਰੀ ਨੇੜੇ ਆਏ, ਭਰਾਵਾਂ ਨੇ ਯੂਸੁਫ਼ ਨੂੰ ਖੂਹ ਵਿੱਚੋਂ ਕੱਢ ਲਿਆਂਦਾ। ਉਨ੍ਹਾਂ ਨੇ ਉਸ ਨੂੰ ਚਾਂਦੀ ਦੇ 20 ਸਿੱਕਿਆਂ ਬਦਲੇ ਵਪਾਰੀਆਂ ਦੇ ਹੱਥ ਵੇਚ ਦਿੱਤਾ। ਵਪਾਰੀ ਉਸ ਨੂੰ ਮਿਸਰ ਲੈ ਗਏ।
29 ਇਸ ਸਾਰੇ ਸਮੇਂ ਦੌਰਾਨ ਰਊਬੇਨ ਆਪਣੇ ਭਰਾਵਾਂ ਦੇ ਨਾਲ ਨਹੀਂ ਸੀ। ਉਸ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਨ੍ਹਾਂ ਨੇ ਯੂਸੁਫ਼ ਨੂੰ ਵੇਚ ਦਿੱਤਾ ਹੈ। ਜਦੋਂ ਰਊਬੇਨ ਖੂਹ ਉੱਤੇ ਵਾਪਸ ਆਇਆ, ਉਸ ਨੇ ਦੇਖਿਆ ਕਿ ਯੂਸੁਫ਼ ਉੱਥੇ ਨਹੀਂ ਸੀ। ਰਊਬੇਨ ਨੇ ਗਮ ਦਾ ਪ੍ਰਗਟਾਵਾ ਕਰਨ ਲਈ ਆਪਣੇ ਕੱਪੜੇ ਪਾੜ ਦਿੱਤੇ। 30 ਰਊਬੇਨ ਭਰਾਵਾਂ ਕੋਲ ਗਿਆ ਅਤੇ ਆਖਿਆ, “ਮੁੰਡਾ ਤਾਂ ਖੂਹ ਵਿੱਚ ਨਹੀਂ ਹੈ! ਹੁਣ ਮੈਂ ਕੀ ਕਰਾਂ?” 31 ਭਰਾਵਾਂ ਨੇ ਇੱਕ ਬੱਕਰੇ ਨੂੰ ਮਾਰਿਆ ਅਤੇ ਯੂਸੁਫ਼ ਦੇ ਖੂਬਸੂਰਤ ਕੋਟ ਉੱਤੇ ਬੱਕਰੇ ਦਾ ਖੂਨ ਮਲ ਦਿੱਤਾ। 32 ਫ਼ੇਰ ਉਨ੍ਹਾਂ ਭਰਾਵਾਂ ਨੇ ਉਸ ਕੋਟ ਨੂੰ ਸੰਦੇਸ਼ ਦੇ ਨਾਲ ਆਪਣੇ ਪਿਤਾ ਕੋਲ ਵਾਪਸ ਭੇਜ ਦਿੱਤਾ, “ਸਾਨੂੰ ਇੱਕ ਕੋਟ ਲੱਭਿਆ ਹੈ। ਕੀ ਇਹ ਯੂਸੁਫ਼ ਦਾ ਕੋਟ ਹੈ?”
33 ਪਿਤਾ ਨੇ ਕੋਟ ਵੇਖਿਆ ਅਤੇ ਉਸ ਨੂੰ ਪਤਾ ਲੱਗ ਗਿਆ ਕਿ ਇਹ ਯੂਸੁਫ਼ ਦਾ ਹੀ ਸੀ। ਪਿਤਾ ਨੇ ਆਖਿਆ, “ਹਾਂ, ਇਹ ਉਸੇ ਦਾ ਹੀ ਹੈ! ਸ਼ਾਇਦ ਕਿਸੇ ਜੰਗਲੀ ਜਾਨਵਰ ਨੇ ਉਸ ਨੂੰ ਮਾਰ ਦਿੱਤਾ ਹੈ। ਮੇਰੇ ਪੁੱਤਰ ਨੂੰ ਕੋਈ ਜੰਗਲੀ ਜਾਨਵਰ ਖਾ ਗਿਆ!” 34 ਯਾਕੂਬ ਨੂੰ ਆਪਣੇ ਪੁੱਤਰ ਦਾ ਇੰਨਾ ਅਫ਼ਸੋਸ ਹੋਇਆ ਕਿ ਉਸ ਨੇ ਆਪਣੇ ਕੱਪੜੇ ਲੀਰੋ-ਲੀਰ ਕਰ ਦਿੱਤੇ। ਫ਼ੇਰ ਯਾਕੂਬ ਨੇ ਸੋਗ ਦੇ ਖਾਸ ਬਸਤਰ ਪਹਿਨ ਲਏ। ਯਾਕੂਬ ਆਪਣੇ ਪੁੱਤਰ ਦਾ ਕਾਫ਼ੀ ਲੰਮਾ ਸਮਾਂ ਸੋਗ ਮਨਾਉਂਦਾ ਰਿਹਾ। 35 ਯਾਕੂਬ ਦੇ ਸਾਰੇ ਪੁੱਤਰਾਂ, ਧੀਆਂ ਨੇ ਉਸ ਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਕੀਤੀ। ਪਰ ਯਾਕੂਬ ਨੇ ਦਿਲ ਨਾ ਧਰਿਆ। ਯਾਕੂਬ ਨੇ ਆਖਿਆ, “ਮੈਂ ਆਪਣੇ ਪੁੱਤਰ ਦਾ ਉਸ ਦਿਨ ਤੱਕ ਸੋਗ ਮਨਾਉਂਦਾ ਰਹਾਂਗਾ ਜਦੋਂ ਤੱਕ ਕਿ ਮੈਂ ਮਰ ਨਹੀਂ ਜਾਂਦਾ।” [b] ਇਸ ਲਈ ਯਾਕੂਬ ਆਪਣੇ ਪੁੱਤਰ ਯੂਸੁਫ਼ ਦਾ ਸੋਗ ਮਨਾਉਂਦਾ ਰਿਹਾ।
36 ਮਿਦਿਯਾਨੀ ਵਪਾਰੀਆਂ ਨੇ ਬਾਦ ਵਿੱਚ ਯੂਸੁਫ਼ ਨੂੰ ਮਿਸਰ ਵਿੱਚ ਵੇਚ ਦਿੱਤਾ। ਉਨ੍ਹਾਂ ਨੇ ਉਸ ਨੂੰ ਫ਼ਿਰਊਨ ਦੇ ਸੁਰੱਖਿਆ ਗਾਰਦਾਂ ਦੇ ਕਪਤਾਨ ਪੋਟੀਫ਼ਰ ਨੂੰ ਵੇਚ ਦਿੱਤਾ।
2010 by World Bible Translation Center