Beginning
ਵਿਰਸੇ ਦੀਆਂ ਸਮੱਸਿਆਵਾਂ
27 ਇਸਹਾਕ ਬਿਰਧ ਹੋ ਗਿਆ ਅਤੇ ਉਸਦੀ ਨਜ਼ਰ ਕਮਜ਼ੋਰ ਹੋ ਗਈ। ਇੱਕ ਦਿਨ ਉਸ ਨੇ ਆਪਣੇ ਵੱਡੇ ਪੁੱਤਰ ਏਸਾਓ ਨੂੰ ਆਪਣੇ ਕੋਲ ਬੁਲਾਇਆ। ਇਸਹਾਕ ਨੇ ਆਖਿਆ, “ਪੁੱਤਰ!”
ਏਸਾਓ ਨੇ ਜਵਾਬ ਦਿੱਤਾ “ਹਾਂ ਜੀ ਮੈਂ ਇੱਥੇ ਹੀ ਹਾਂ।”
2 ਇਸਹਾਕ ਨੇ ਆਖਿਆ, “ਮੈਂ ਬਿਰਧ ਹੋ ਗਿਆ ਹਾਂ। ਸ਼ਾਇਦ ਮੇਰਾ ਛੇਤੀ ਹੀ ਦੇਹਾਂਤ ਹੋ ਜਾਵੇ! 3 ਇਸ ਲਈ ਆਪਣਾ ਤੀਰ ਕਮਾਨ ਚੁੱਕ ਅਤੇ ਸ਼ਿਕਾਰ ਨੂੰ ਜਾਹ। ਮੇਰੇ ਖਾਣ ਲਈ ਇੱਕ ਜਾਨਵਰ ਮਾਰ ਕੇ ਲਿਆ। 4 ਮੇਰੀ ਪਸੰਦ ਦਾ ਭੋਜਨ ਤਿਆਰ ਕਰ। ਇਸ ਨੂੰ ਮੇਰੇ ਕੋਲ ਲਿਆ ਮੈਂ ਇਸ ਨੂੰ ਖਾਵਾਂਗਾ। ਫ਼ੇਰ ਮੈਂ ਮਰਨ ਤੋਂ ਪਹਿਲਾਂ ਤੈਨੂੰ ਅਸੀਸ ਦੇਵਾਂਗਾ।” 5 ਇਸ ਲਈ ਏਸਾਓ ਸ਼ਿਕਾਰ ਤੇ ਚੱਲਾ ਗਿਆ।
ਜਦੋਂ ਇਸਹਾਕ ਨੇ ਇਹ ਗੱਲਾਂ ਆਪਣੇ ਪੁੱਤਰ ਨੂੰ ਆਖੀਆਂ ਤਾਂ ਰਿਬਕਾਹ ਸੁਣ ਰਹੀ ਸੀ। 6 ਰਿਬਕਾਹ ਨੇ ਆਪਣੇ ਪੁੱਤਰ ਯਾਕੂਬ ਨੂੰ ਆਖਿਆ, “ਸੁਣ, ਮੈਂ ਤੇਰੇ ਪਿਤਾ ਨੂੰ ਤੇਰੇ ਭਰਾ ਏਸਾਓ ਨਾਲ ਗੱਲਾਂ ਕਰਦੇ ਸੁਣਿਆ ਹੈ। 7 ਤੇਰੇ ਪਿਤਾ ਨੇ ਆਖਿਆ, ‘ਇੱਕ ਜਾਨਵਰ ਨੂੰ ਮਾਰ ਕੇ ਮੇਰੇ ਲਈ ਲਿਆ। ਮੇਰੇ ਲਈ ਭੋਜਨ ਤਿਆਰ ਕਰ ਅਤੇ ਮੈਂ ਖਾਵਾਂਗਾ। ਫ਼ੇਰ ਮੈਂ ਮਰਨ ਤੋਂ ਪਹਿਲਾਂ ਤੈਨੂੰ ਯਹੋਵਾਹ ਦੀ ਹਾਜ਼ਰੀ ਵਿੱਚ ਅਸੀਸ ਦੇਵਾਂਗਾ।’ 8 ਇਸ ਲਈ ਪੁੱਤਰ, ਮੇਰੀ ਗੱਲ ਸੁਣ ਅਤੇ ਓਹੀ ਕਰ ਜੋ ਮੈਂ ਆਖਦੀ ਹਾਂ। 9 ਆਪਣੀਆਂ ਬੱਕਰੀਆਂ ਵੱਲ ਜਾਹ ਅਤੇ ਮੇਰੇ ਕੋਲ ਦੋ ਜਵਾਨ ਬੱਕਰੀਆਂ ਲੈ ਕੇ ਆ। ਮੈਂ ਉਨ੍ਹਾਂ ਨੂੰ ਉਸੇ ਤਰ੍ਹਾਂ ਤਿਆਰ ਕਰਾਂਗੀ ਜਿਵੇਂ ਤੇਰੇ ਪਿਤਾ ਨੂੰ ਪਸੰਦ ਹੈ। 10 ਫ਼ੇਰ ਤੂੰ ਭੋਜਨ ਆਪਣੇ ਪਿਤਾ ਕੋਲ ਲੈ ਜਾਵੀਂ। ਅਤੇ ਉਹ ਮਰਨ ਤੋਂ ਪਹਿਲਾਂ ਤੈਨੂੰ ਅਸੀਸ ਦੇ ਦੇਵੇਗਾ।”
11 ਪਰ ਯਾਕੂਬ ਨੇ ਆਪਣੀ ਮਾਂ ਰਿਬਕਾਹ ਨੂੰ ਆਖਿਆ, “ਮੇਰਾ ਭਰਾ ਏਸਾਓ ਜੱਤਲ ਬੰਦਾ ਹੈ ਮੈਂ ਉਸ ਵਾਂਗ ਜੱਤਲ ਨਹੀਂ ਹਾਂ। 12 ਜੇ ਮੇਰੇ ਪਿਤਾ ਨੇ ਮੈਨੂੰ ਛੂਹ ਲਿਆ, ਉਸ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਏਸਾਓ ਨਹੀਂ ਹਾਂ। ਫ਼ੇਰ ਉਹ ਮੈਨੂੰ ਅਸੀਸ ਨਹੀਂ ਦੇਵੇਗਾ, ਇਸ ਦੀ ਬਜਾਇ ਉਹ ਮੈਨੂੰ ਸਰਾਪ ਦੇ ਦੇਵੇਗਾ ਕਿਉਂਕਿ ਮੈਂ ਉਸ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ।”
13 ਇਸ ਲਈ ਰਿਬਕਾਹ ਨੇ ਉਸ ਨੂੰ ਆਖਿਆ, “ਜੇ ਕੋਈ ਔਕੜ ਪੇਸ਼ ਆਈ ਤਾਂ ਮੈਂ ਸਾਰਾ ਦੋਸ਼ ਆਪਣੇ ਸਿਰ ਲੈ ਲਵਾਂਗੀ ਜੋ ਕੁਝ ਮੈਂ ਆਖਿਆ ਹੈ ਉਹੀ ਕਰ। ਜਾ ਮੇਰੇ ਲਈ ਬੱਕਰੀਆਂ ਲੈ ਕੇ ਆ।”
14 ਇਸ ਤਰ੍ਹਾਂ ਯਾਕੂਬ ਬਾਹਰ ਚੱਲਾ ਗਿਆ ਅਤੇ ਦੋ ਬੱਕਰੀਆਂ ਲੈ ਕੇ ਆਪਣੀ ਮਾਂ ਕੋਲ ਆਇਆ ਉਸ ਦੀ ਮਾਂ ਨੇ ਬੱਕਰੀਆਂ ਨੂੰ ਅਜਿਹੇ ਖਾਸ ਢੰਗ ਨਾਲ ਰਿੰਨ੍ਹਿਆ ਜਿਸ ਨੂੰ ਇਸਹਾਕ ਪਸੰਦ ਕਰਦਾ ਸੀ। 15 ਫ਼ੇਰ ਰਿਬਕਾਹ ਨੇ ਉਹੋ ਕੱਪੜੇ ਕੱਢੇ ਜਿਨ੍ਹਾਂ ਨੂੰ ਉਸਦਾ ਵੱਡਾ ਪੁੱਤਰ ਏਸਾਓ ਪਹਿਨਣਾ ਪਸੰਦ ਕਰਦਾ ਸੀ। ਰਿਬਕਾਹ ਨੇ ਇਹ ਕੱਪੜੇ ਛੋਟੇ ਪੁੱਤਰ ਯਾਕੂਬ ਨੂੰ ਪਹਿਨਾ ਦਿੱਤੇ। 16 ਰਿਬਕਾਹ ਨੇ ਬੱਕਰੀਆਂ ਦੀਆਂ ਖੱਲ੍ਹਾਂ ਲਾਹੀਆਂ ਅਤੇ ਉਨ੍ਹਾਂ ਨੂੰ ਯਾਕੂਬ ਦੇ ਹੱਥਾਂ ਅਤੇ ਉਸਦੀ ਗਰਦਨ ਦੇ ਕੂਲੇ ਹਿੱਸੇ ਉੱਤੇ ਪਾ ਦਿੱਤੀਆਂ। 17 ਫ਼ੇਰ ਰਿਬਕਾਹ ਨੇ ਕੁਝ ਮਾਸ ਅਤੇ ਕੁਝ ਰੋਟੀਆਂ ਵੀ ਬਣਾਈਆਂ ਅਤੇ ਯਾਕੂਬ ਨੂੰ ਫ਼ੜਾ ਦਿੱਤੀਆਂ।
18 ਯਾਕੂਬ ਆਪਣੇ ਪਿਤਾ ਕੋਲ ਗਿਆ ਅਤੇ ਆਖਿਆ, “ਪਿਤਾ ਜੀ।”
ਉਸ ਦੇ ਪਿਤਾ ਨੇ ਆਖਿਆ, “ਹਾਂ, ਪੁੱਤਰ ਕਿਹੜਾ ਹੈਂ ਤੂੰ?”
19 ਯਾਕੂਬ ਨੇ ਆਪਣੇ ਪਿਤਾ ਨੂੰ ਆਖਿਆ, “ਮੈਂ ਏਸਾਓ ਹਾਂ ਤੁਹਾਡਾ ਪਹਿਲੋਠਾ ਪੁੱਤਰ ਮੈਂ ਉਸੇ ਤਰ੍ਹਾਂ ਕੀਤਾ ਹੈ ਜਿਵੇਂ ਤੁਸੀਂ ਆਖਿਆ ਸੀ। ਹੁਣ ਉੱਠ ਕੇ ਬੈਠ ਜਾਓ ਅਤੇ ਉਨ੍ਹਾਂ ਪਸ਼ੂਆਂ ਨੂੰ ਛਕ ਲਵੋ ਜਿਨ੍ਹਾਂ ਦਾ ਮੈਂ ਤੁਹਾਡੇ ਲਈ ਸ਼ਿਕਾਰ ਕੀਤਾ ਹੈ। ਫ਼ੇਰ ਤੁਸੀਂ ਮੈਨੂੰ ਅਸੀਸ ਦੇ ਸੱਕਦੇ ਹੋਂ।”
20 ਪਰ ਇਸਹਾਕ ਨੇ ਆਪਣੇ ਪੁੱਤਰ ਨੂੰ ਆਖਿਆ, “ਤੂੰ ਇੰਨੀ ਛੇਤੀ ਜਾਨਵਰ ਦਾ ਸ਼ਿਕਾਰ ਕਿਵੇਂ ਕਰ ਲਿਆ?”
ਯਾਕੂਬ ਨੇ ਜਵਾਬ ਦਿੱਤਾ, “ਕਿਉਂਕਿ ਯਹੋਵਾਹ ਤੇਰੇ ਪਰਮੇਸ਼ੁਰ ਨੇ ਮੈਨੂੰ ਕਾਮਯਾਬ ਕਰ ਦਿੱਤਾ।”
21 ਫ਼ੇਰ ਇਸਹਾਕ ਨੇ ਯਾਕੂਬ ਨੂੰ ਆਖਿਆ, “ਮੇਰੇ ਨੇੜੇ ਆ ਤਾਂ ਜੋ ਮੈਂ ਤੈਨੂੰ ਮਹਿਸੂਸ ਕਰ ਸੱਕਾਂ। ਪੁੱਤਰ ਜੇ ਮੈਂ ਮਹਿਸੂਸ ਕਰਾਂਗਾ ਤਾਂ ਮੈਨੂੰ ਪਤਾ ਲੱਗ ਜਾਵੇਗਾ ਕਿ ਤੂੰ ਸੱਚਮੁੱਚ ਮੇਰਾ ਪੁੱਤਰ ਏਸਾਓ ਹੀ ਹੈਂ।”
22 ਇਸ ਲਈ ਯਾਕੂਬ ਆਪਣੇ ਪਿਤਾ ਕੋਲ ਚੱਲਾ ਗਿਆ। ਇਸਹਾਕ ਨੇ ਉਸ ਨੂੰ ਟੋਹਿਆ ਅਤੇ ਆਖਿਆ, “ਤੇਰੀ ਆਵਾਜ਼ ਤਾਂ ਯਾਕੂਬ ਵਰਗੀ ਲੱਗਦੀ ਹੈ। ਪਰ ਤੇਰੀਆਂ ਬਾਹਾਂ ਏਸਾਓ ਦੀਆਂ ਬਾਹਾਂ ਵਾਂਗ ਜੱਤਲ ਹਨ।” 23 ਇਸਹਾਕ ਨੂੰ ਪਤਾ ਨਾ ਲੱਗ ਸੱਕਿਆ ਕਿ ਉਹ ਯਾਕੂਬ ਸੀ ਕਿਉਂਕਿ ਉਸ ਦੀਆਂ ਬਾਹਾਂ ਏਸਾਓ ਵਾਂਗ ਜੱਤਲ ਸਨ। ਇਸ ਲਈ ਯਾਕੂਬ ਨੇ ਇਸਹਾਕ ਨੂੰ ਅਸੀਸ ਦਿੱਤੀ।
24 ਇਸਹਾਕ ਨੇ ਆਖਿਆ, “ਕੀ ਤੂੰ ਸੱਚਮੁੱਚ ਮੇਰਾ ਪੁੱਤਰ ਏਸਾਓ ਹੀ ਹੈਂ?”
ਯਾਕੂਬ ਨੇ ਜਵਾਬ ਦਿੱਤਾ, “ਹਾਂ ਜੀ, ਮੈਂ ਹੀ ਹਾਂ।”
25 ਫ਼ੇਰ ਇਸਹਾਕ ਨੇ ਉਸ ਨੂੰ ਆਖਿਆ, “ਮੇਰੇ ਲਈ ਭੋਜਨ ਲੈ ਆ। ਮੈਂ ਇਸ ਨੂੰ ਖਾਵਾਂਗਾ ਅਤੇ ਤੈਨੂੰ ਅਸੀਸਾਂ ਦੇਵਾਂਗਾ।” ਇਸ ਲਈ ਯਾਕੂਬ ਨੇ ਉਸ ਨੂੰ ਭੋਜਨ ਦਿੱਤਾ ਅਤੇ ਉਸ ਨੇ ਖਾ ਲਿਆ। ਫ਼ੇਰ ਯਾਕੂਬ ਨੇ ਉਸ ਨੂੰ ਕੁਝ ਮੈਅ ਦਿੱਤੀ ਅਤੇ ਉਸ ਨੇ ਪੀ ਲਈ।
26 ਫ਼ੇਰ ਇਸਹਾਕ ਨੇ ਉਸ ਨੂੰ ਆਖ਼ਿਆ, “ਪੁੱਤਰ, ਨੇੜੇ ਆ ਅਤੇ ਮੈਨੂੰ ਚੁੰਮ।” 27 ਇਸ ਲਈ ਯਾਕੂਬ ਆਪਣੇ ਪਿਤਾ ਕੋਲ ਗਿਆ ਅਤੇ ਉਸ ਨੂੰ ਚੁੰਮਿਆ। ਇਸਹਾਕ ਨੇ ਏਸਾਓ ਦੇ ਕੱਪੜੇ ਸੁੰਘੇ ਅਤੇ ਉਸ ਨੂੰ ਅਸੀਸ ਦਿੱਤੀ। ਇਸਹਾਕ ਨੇ ਆਖਿਆ,
“ਮੇਰਾ ਪੁੱਤਰ ਇੱਕ ਖੇਤ ਵਾਂਗ ਸੁਗੰਧਿਤ ਹੈ
ਜਿਸ ਨੂੰ ਯਹੋਵਾਹ ਨੇ ਅਸੀਸ ਦਿੱਤੀ ਹੈ।
28 ਯਹੋਵਾਹ ਤੈਨੂੰ ਆਕਾਸ਼ ਤੋਂ ਤਰੇਲ ਦੇਵੇ ਤਾਂ ਜੋ
ਤੇਰੇ ਕੋਲ ਕਾਫ਼ੀ ਅਨਾਜ ਅਤੇ ਮੈਅ ਹੋਵੇ।
29 ਸਾਰੇ ਲੋਕ ਤੇਰੀ ਸੇਵਾ ਕਰਨ।
ਬਹੁਤ ਸਾਰੀਆਂ ਕੌਮਾਂ ਤੇਰੇ ਅੱਗੇ ਸਿਰ ਝੁਕਾਉਣ,
ਤੂੰ ਆਪਣੇ ਭਰਾਵਾਂ ਨਾਲੋਂ ਮਹਾਨ ਹੋਵੇਂਗਾ।
ਤੇਰੀ ਮਾਂ ਦੇ ਪੁੱਤਰ, ਝੁਕਣਗੇ ਅਤੇ ਤੇਰਾ ਹੁਕਮ ਮੰਨਣਗੇ।
ਜਿਹੜਾ ਵੀ ਤੈਨੂੰ ਸਰਾਪ ਦੇਵੇਗਾ, ਖੁਦ ਹੀ ਸਰਾਪਿਆ ਜਾਵੇਗਾ।
ਜਿਹੜਾ ਵੀ ਤੈਨੂੰ ਅਸੀਸ ਦੇਵੇਗਾ, ਉਹ ਅਸੀਸਮਈ ਹੋਵੇਗਾ।”
ਏਸਾਓ ਦੀਆਂ “ਅਸੀਸਾਂ”
30 ਇਸਹਾਕ ਯਾਕੂਬ ਨੂੰ ਅਸੀਸਾਂ ਦੇ ਹਟਿਆ। ਫ਼ੇਰ ਜਿਵੇਂ ਹੀ ਯਾਕੂਬ ਆਪਣੇ ਪਿਤਾ ਇਸਹਾਕ ਕੋਲੋਂ ਗਿਆ, ਏਸਾਓ ਸ਼ਿਕਾਰ ਤੋਂ ਵਾਪਸ ਆ ਗਿਆ। 31 ਏਸਾਓ ਨੇ ਉਸੇ ਖਾਸ ਤਰ੍ਹਾਂ ਨਾਲ ਭੋਜਨ ਪਕਾਇਆ ਜਿਸ ਨੂੰ ਉਸਦਾ ਪਿਤਾ ਪਸੰਦ ਕਰਦਾ ਸੀ। ਏਸਾਓ ਇਸ ਨੂੰ ਆਪਣੇ ਪਿਤਾ ਕੋਲ ਲੈ ਆਇਆ। ਉਸ ਨੇ ਆਪਣੇ ਪਿਤਾ ਨੂੰ ਆਖਿਆ, “ਪਿਤਾ ਜੀ ਮੈਂ ਤੁਹਾਡਾ ਪੁੱਤਰ ਹਾਂ। ਉੱਠੋ ਅਤੇ ਮਾਸ ਖਾ ਲਵੋ ਜਿਸਦਾ ਮੈਂ ਤੁਹਾਡੇ ਲਈ ਸ਼ਿਕਾਰ ਕਰਕੇ ਲਿਆਇਆ ਹਾਂ। ਫ਼ੇਰ ਤੁਸੀਂ ਮੈਨੂੰ ਅਸੀਸਾਂ ਦੇਵੋਂਗੇ।”
32 ਪਰ ਇਸਹਾਕ ਨੇ ਉਸ ਨੂੰ ਆਖਿਆ, “ਕੌਣ ਹੈਂ ਤੂੰ?”
ਉਸ ਨੇ ਜਵਾਬ ਦਿੱਤਾ, “ਮੈਂ ਤੁਹਾਡਾ ਪੁੱਤਰ ਹਾਂ-ਤੁਹਾਡਾ ਪਹਿਲੋਠਾ ਪੁੱਤਰ-ਏਸਾਓ।”
33 ਫ਼ਿਰ ਇਸਹਾਕ ਨੂੰ ਇੰਨਾ ਗੁੱਸਾ ਆਇਆ ਕਿ ਉਹ ਹਿੰਸਾ ਨਾਲ ਕੰਬਣ ਲੱਗ ਪਿਆ ਅਤੇ ਉਹ ਚਿੱਲਾਇਆ, “ਤਾਂ ਫ਼ੇਰ ਉਹ ਕੌਣ ਸੀ ਜਿਹੜਾ ਤੇਰੇ ਤੋਂ ਪਹਿਲਾਂ ਭੋਜਨ ਪਕਾ ਕੇ ਮੇਰੇ ਲਈ ਲਿਆਇਆ? ਮੈਂ ਭੋਜਨ ਛਕ ਲਿਆ ਅਤੇ ਉਸ ਨੂੰ ਅਸੀਸਾਂ ਦੇ ਦਿੱਤੀਆਂ ਹਨ। ਹੁਣ ਅਸੀਸਾਂ ਉਸ ਦੀਆਂ ਹੋ ਚੁੱਕੀਆਂ ਹਨ।”
34 ਏਸਾਓ ਨੇ ਆਪਣੇ ਪਿਤਾ ਦੇ ਸ਼ਬਦ ਸੁਣੇ। ਉਹ ਜ਼ਾਰੋ-ਜ਼ਾਰ ਰੋਇਆ। ਉਸ ਨੇ ਆਪਣੇ ਪਿਤਾ ਨੂੰ ਆਖਿਆ, “ਤਾਂ ਪਿਤਾ ਜੀ, ਮੈਨੂੰ ਵੀ ਅਸੀਸ ਦਿਉ।”
35 ਇਸਹਾਕ ਨੇ ਆਖਿਆ, “ਤੇਰੇ ਭਰਾ ਨੇ ਮੇਰੇ ਨਾਲ ਚਲਾਕੀ ਕੀਤੀ! ਉਹ ਆਇਆ ਅਤੇ ਤੇਰੀਆਂ ਅਸੀਸਾਂ ਲੈ ਗਿਆ।”
36 ਏਸਾਓ ਨੇ ਆਖਿਆ, “ਉਸਦਾ ਨਾਮ ਯਾਕੂਬ ਹੈ ‘ਚਲਾਕੂ’ ਇਹੀ ਨਾਮ ਉਸ ਲਈ ਢੁਕਦਾ ਹੈ। ਉਸ ਨੇ ਦੋ ਵਾਰੀ ਮੈਨੂੰ ਧੋਖਾ ਦਿੱਤਾ ਹੈ ਉਸ ਨੇ ਮੇਰੇ ਕੋਲੋਂ ਮੇਰੇ ਪਹਿਲੋਠਾ ਪੁੱਤਰ ਹੋਣ ਦਾ ਹਕ ਖੋਹ ਲਿਆ। ਅਤੇ ਹੁਣ ਉਸ ਨੇ ਮੇਰੀਆਂ ਅਸੀਸਾਂ ਵੀ ਖੋਹ ਲਈਆਂ ਹਨ।” ਫ਼ੇਰ ਏਸਾਓ ਨੇ ਆਖਿਆ, “ਕੀ ਤੇਰੇ ਕੋਲ ਮੇਰੇ ਲਈ ਕੋਈ ਅਸੀਸ ਬਚੀ ਹੈ?”
37 ਇਸਹਾਕ ਨੇ ਆਖਿਆ, “ਮੈਂ ਯਾਕੂਬ ਨੂੰ ਤੇਰੇ ਉੱਤੇ ਹਕੂਮਤ ਕਰਨ ਦੀ ਸ਼ਕਤੀ ਦੇ ਚੁੱਕਾ ਹਾਂ। ਮੈਂ ਉਸ ਦੇ ਸਾਰੇ ਭਰਾਵਾਂ ਨੂੰ ਉਸ ਦੇ ਸੇਵਕ ਹੋਣ ਲਈ ਦੇ ਦਿੱਤਾ ਹੈ। ਮੈਂ ਉਸ ਨੂੰ ਬਹੁਤ ਸਾਰਾ ਅਨਾਜ ਅਤੇ ਮੈਅ ਦੇ ਚੁੱਕਿਆ ਹਾਂ। ਪੁੱਤਰ, ਮੈਂ ਹੁਣ ਤੇਰੇ ਵਾਸਤੇ ਕੀ ਕਰ ਸੱਕਦਾ ਹਾਂ?”
38 ਪਰ ਏਸਾਓ ਆਪਣੇ ਪਿਤਾ ਨੂੰ ਅਰਜ਼ੋਈਆਂ ਕਰਦਾ ਰਿਹਾ। “ਕੀ ਤੁਹਾਡੇ ਕੋਲ ਇੱਕ ਹੀ ਅਸੀਸ ਹੈ, ਪਿਤਾ ਜੀ? ਪਿਤਾ ਜੀ ਮੈਨੂੰ ਵੀ ਅਸੀਸ ਦੇਵੋ!” ਏਸਾਓ ਰੋਣ ਲੱਗ ਪਿਆ।
39 ਤਾਂ ਇਸਹਾਕ ਨੇ ਉਸ ਨੂੰ ਆਖਿਆ,
“ਤੂੰ ਉਪਜਾਊ ਜ਼ਮੀਨ
ਅਤੇ ਆਕਾਸ਼ ਦੀ ਤਰੇਲ ਤੋਂ ਦੂਰ ਰਹੇਂਗਾ।
40 ਤੂੰ ਆਪਣੀ ਤਲਵਾਰ ਨਾਲ ਲੜ ਕੇ ਜਿਉਂਵੇਂਗਾ
ਅਤੇ ਤੂੰ ਆਪਣੇ ਭਰਾ ਦਾ ਗੁਲਾਮ ਹੋਵੇਂਗਾ।
ਪਰ ਤੇਰੇ ਸੰਘਰਸ਼ ਤੋਂ ਬਾਦ,
ਤੂੰ ਉਸ ਦੇ ਕਾਬੂ ਵਿੱਚੋਂ ਨਿਕਲ ਆਵੇਂਗਾ।”
41 ਇਸ ਮਗਰੋਂ, ਇਸ ਅਸੀਸ ਦੇ ਕਾਰਣ ਏਸਾਓ ਯਾਕੂਬ ਦੇ ਖ਼ਿਲਾਫ਼ ਖਾਰ ਖਾਣ ਲੱਗ ਪਿਆ। ਏਸਾਓ ਨੇ ਆਪਣੇ-ਆਪ ’ਚ ਸੋਚਿਆ, “ਛੇਤੀ ਹੀ ਮੇਰੇ ਪਿਤਾ ਦਾ ਦੇਹਾਂਤ ਹੋ ਜਾਵੇਗਾ ਅਤੇ ਉਸ ਦੇ ਲਈ ਸੋਗ ਦਾ ਸਮਾਂ ਹੋਵੇਗਾ। ਪਰ ਇਸ ਤੋਂ ਬਾਦ ਮੈਂ ਯਾਕੂਬ ਨੂੰ ਮਾਰ ਦਿਆਂਗਾ।”
42 ਰਿਬਕਾਹ ਨੇ ਏਸਾਓ ਦੀ ਯਾਕੂਬ ਨੂੰ ਮਾਰਨ ਦੀ ਯੋਜਨਾ ਬਾਰੇ ਸੁਣ ਲਿਆ। ਉਸ ਨੇ ਯਾਕੂਬ ਨੂੰ ਸੱਦਿਆ ਅਤੇ ਆਖਿਆ, “ਸੁਣ, ਤੇਰਾ ਭਰਾ ਏਸਾਓ ਤੈਨੂੰ ਮਾਰਨ ਦੀਆਂ ਵਿਉਂਤਾਂ ਬਣਾ ਰਿਹਾ ਹੈ। 43 ਇਸ ਲਈ, ਪੁੱਤਰ ਉਹੀ ਕਰ ਜੋ ਮੈ ਆਖਦੀ ਹਾਂ। ਮੇਰਾ ਭਰਾ ਲਾਬਾਨ, ਹਾਰਾਨ ਵਿੱਚ ਰਹਿੰਦਾ ਹੈ। ਉਸ ਕੋਲ ਚੱਲਿਆ ਜਾਹ ਅਤੇ ਛੁਪ ਜਾਹ। 44 ਕੁਝ ਦਿਨਾਂ ਲਈ ਉਸ ਕੋਲ ਰਹਿ। ਓਨਾ ਚਿਰ ਤੱਕ ਉਸ ਕੋਲ ਰਹਿ ਜਦੋਂ ਤੱਕ ਤੇਰੇ ਭਰਾ ਦਾ ਗੁੱਸਾ ਟਲ ਨਹੀਂ ਜਾਂਦਾ। 45 ਕੁਝ ਸਮੇਂ ਬਾਦ, ਤੇਰਾ ਭਰਾ ਭੁੱਲ ਜਾਵੇਗਾ ਕਿ ਤੂੰ ਉਸ ਨਾਲ ਕੀ ਸਲੂਕ ਕੀਤਾ ਸੀ। ਫ਼ੇਰ ਮੈ ਤੈਨੂੰ ਵਾਪਸ ਲਿਆਉਣ ਲਈ ਇੱਕ ਨੌਕਰ ਨੂੰ ਭੇਜਾਂਗੀ। ਮੈਂ ਇੱਕੋ ਦਿਨ ਤੁਹਾਨੂੰ ਦੋਹਾਂ ਨੂੰ ਨਹੀਂ ਗੁਆਉਣਾ ਚਾਹੁੰਦੀ।”
46 ਫ਼ੇਰ ਰਿਬਕਾਹ ਨੇ ਇਸਹਾਕ ਨੂੰ ਆਖਿਆ, “ਮੈਂ ਏਸਾਓ ਦੀਆਂ ਹਿੱਤੀ ਵਹੁਟੀਆਂ ਦੇ ਆਸ-ਪਾਸ ਰਹਿਣ ਤੋਂ ਨਫ਼ਰਤ ਕਰਦੀ ਹਾਂ। ਕਿਉਂਕਿ ਉਹ ਸਾਡੇ ਲੋਕਾਂ ਵਿੱਚੋਂ ਨਹੀਂ ਹਨ। ਯਾਕੂਬ ਦੇ ਇਨ੍ਹਾਂ ਔਰਤਾਂ ਵਿੱਚੋਂ ਕਿਸੇ ਇੱਕ ਨਾਲ ਸ਼ਾਦੀ ਕਰਨ ਨਾਲੋਂ ਚੰਗਾ ਹੈ ਕਿ ਮੈਂ ਮਰ ਜਾਵਾਂ।”
ਯਾਕੂਬ ਵਹੁਟੀ ਲੱਭਦਾ
28 ਇਸਹਾਕ ਨੇ ਯਾਕੂਬ ਨੂੰ ਸੱਦਿਆ ਅਤੇ ਉਸ ਨੂੰ ਅਸੀਸ ਦਿੱਤੀ। ਫ਼ੇਰ ਇਸਹਾਕ ਨੇ ਉਸ ਨੂੰ ਆਦੇਸ਼ ਦਿੱਤਾ। ਇਸਹਾਕ ਨੇ ਆਖਿਆ, “ਤੈਨੂੰ ਕਿਸੇ ਕਨਾਨੀ ਔਰਤ ਨਾਲ ਸ਼ਾਦੀ ਨਹੀਂ ਕਰਨੀ ਚਾਹੀਦੀ। 2 ਇਸ ਲਈ ਇਹ ਥਾਂ ਛੱਡਦੇ ਅਤੇ ਪਦਨ ਅਰਾਮ ਨੂੰ ਚੱਲਿਆ ਜਾਹ। ਆਪਣੇ ਨਾਨੇ ਬਥੂਏਲ ਦੇ ਘਰ ਚੱਲਿਆ ਜਾਹ। ਉੱਥੇ ਤੇਰਾ ਮਾਮਾ ਲਾਬਾਨ ਰਹਿੰਦਾ ਹੈ। ਉਸਦੀ ਕਿਸੇ ਇੱਕ ਧੀ ਨਾਲ ਵਿਆਹ ਕਰਵਾ ਲੈ। 3 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸਰਬ ਸ਼ਕਤੀਮਾਨ ਪਰਮੇਸ਼ੁਰ ਤੈਨੂੰ ਅਸੀਸ ਦੇਵੇ ਅਤੇ ਤੈਨੂੰ ਬਹੁਤ ਸਾਰੀ ਸੰਤਾਨ ਦੇਵੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਇੱਕ ਮਹਾਨ ਕੌਮ ਦਾ ਪਿਤਾ ਬਣੇ। 4 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਤੈਨੂੰ ਅਤੇ ਤੇਰ੍ਰ ਬੱਚਿਆਂ ਨੂੰ ਉਸੇ ਤਰ੍ਹਾਂ ਦੀ ਅਸੀਸ ਦੇਵੇ ਜਿਸ ਤਰ੍ਹਾਂ ਦੀ ਉਸ ਨੇ ਅਬਰਾਹਾਮ ਨੂੰ ਦਿੱਤੀ ਸੀ। ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜਿਸ ਧਰਤੀ ਉੱਤੇ ਤੂੰ ਰਹਿੰਦਾ ਹੈਂ ਤੂੰ ਉਸਦਾ ਮਾਲਿਕ ਹੋਵੇਂ। ਇਹ ਉਹੀ ਧਰਤੀ ਹੈ। ਜਿਹੜੀ ਪਰਮੇਸ਼ੁਰ ਨੇ ਅਬਰਾਹਾਮ ਨੂੰ ਦਿੱਤੀ ਸੀ।”
5 ਇਸ ਲਈ ਇਸਹਾਕ ਨੇ ਯਾਕੂਬ ਨੂੰ ਰਿਬਕਾਹ ਦੇ ਭਰਾ ਕੋਲ ਪਦਨ ਅਰਾਮ ਭੇਜ ਦਿੱਤਾ। ਇਸ ਤਰ੍ਹਾਂ ਯਾਕੂਬ ਆਰਾਮੀ ਬਥੂਏਲ ਦੇ ਪੁੱਤਰ ਲਾਬਾਨ ਕੋਲ ਚੱਲਾ ਗਿਆ। ਲਾਬਾਨ ਰਿਬਕਾਹ ਦਾ ਭਰਾ ਸੀ। ਰਿਬਕਾਹ ਯਾਕੂਬ ਅਤੇ ਏਸਾਓ ਦੀ ਮਾਂ ਸੀ।
6 ਏਸਾਓ ਨੂੰ ਪਤਾ ਲੱਗਿਆ ਕਿ ਉਸ ਦੇ ਪਿਤਾ ਨੇ ਯਾਕੂਬ ਨੂੰ ਅਸੀਸ ਦਿੱਤੀ ਹੈ। ਅਤੇ ਏਸਾਓ ਨੂੰ ਪਤਾ ਲੱਗਿਆ ਕਿ ਇਸਹਾਕ ਨੇ ਯਾਕੂਬ ਨੂੰ ਵਹੁਟੀ ਲੱਭਣ ਲਈ ਪਦਨ ਅਰਾਮ ਭੇਜ ਦਿੱਤਾ ਹੈ। ਏਸਾਓ ਨੂੰ ਪਤਾ ਲੱਗਿਆ ਕਿ ਇਸਹਾਕ ਨੇ ਯਾਕੂਬ ਨੂੰ ਆਦੇਸ਼ ਦਿੱਤਾ ਹੈ ਕਿ ਉਹ ਕਾਨਾਨੀ ਔਰਤ ਨਾਲ ਸ਼ਾਦੀ ਨਾ ਕਰੇ। 7 ਅਤੇ ਏਸਾਓ ਨੂੰ ਪਤਾ ਲੱਗਿਆ ਕਿ ਯਾਕੂਬ ਆਪਣੇ ਮਾਤਾ ਪਿਤਾ ਦੀ ਆਗਿਆ ਮੰਨ ਕੇ ਪਦਨ ਅਰਾਮ ਚੱਲਿਆ ਗਿਆ ਸੀ। 8 ਏਸਾਓ ਨੂੰ ਇਸਤੋਂ ਪਤਾ ਲੱਗਿਆ ਕਿ ਉਸਦਾ ਪਿਤਾ ਇਹ ਨਹੀਂ ਚਾਹੁੰਦਾ ਕਿ ਉਸ ਦੇ ਪੁੱਤਰ ਕਨਾਨੀ ਔਰਤਾਂ ਨਾਲ ਵਿਆਹ ਕਰਨ। 9 ਏਸਾਓ ਦੇ ਪਹਿਲਾਂ ਹੀ ਦੋ ਪਤਨੀਆਂ ਸਨ। ਪਰ ਉਹ ਇਸਮਾਏਲ ਕੋਲ ਗਿਆ ਅਤੇ ਇੱਕ ਹੋਰ ਔਰਤ ਨਾਲ ਸ਼ਾਦੀ ਕਰ ਲਈ। ਉਸ ਨੇ ਇਸਮਾਏਲ ਦੀ ਧੀ, ਮਹਲਥ, ਨਾਲ ਸ਼ਾਦੀ ਕਰ ਲਈ। ਇਸਮਾਏਲ ਅਬਰਾਹਾਮ ਦਾ ਪੁੱਤਰ ਸੀ। ਮਹਲਥ ਨਬਾਯੋਥ ਦੀ ਭੈਣ ਸੀ।
ਪਰਮੇਸ਼ੁਰ ਦਾ ਘਰ-ਬੈਤਏਲ
10 ਯਾਕੂਬ ਨੇ ਬਏਰਸਬਾ ਛੱਡ ਦਿੱਤਾ ਅਤੇ ਹਾਰਾਨ ਨੂੰ ਚੱਲਾ ਗਿਆ। 11 ਜਦੋਂ ਹਾਲੇ ਯਾਕੂਬ ਸਫ਼ਰ ਵਿੱਚ ਸੀ, ਕਿ ਸੂਰਜ ਛਿਪ ਗਿਆ। ਇਸ ਲਈ ਯਾਕੂਬ ਰਾਤ ਕੱਟਣ ਲਈ ਕਿਸੇ ਥਾਂ ਚੱਲਾ ਗਿਆ। ਯਾਕੂਬ ਨੇ ਉਸ ਥਾਵੇਂ ਇੱਕ ਚੱਟਾਨ ਦੇਖੀ ਅਤੇ ਉਸ ਉੱਤੇ ਸਿਰ ਰੱਖ ਕੇ ਸੌਂ ਗਿਆ। 12 ਯਾਕੂਬ ਨੂੰ ਇੱਕ ਸੁਪਨਾ ਆਇਆ। ਉਸ ਨੂੰ ਸੁਪਨਾ ਆਇਆ ਕਿ ਇੱਕ ਪੌੜੀ ਸੀ ਜਿਹੜੀ ਧਰਤੀ ਉੱਤੇ ਲਗੀ ਹੋਈ ਸੀ ਅਤੇ ਆਕਾਸ਼ ਤੱਕ ਜਾਂਦੀ ਸੀ। ਯਾਕੂਬ ਨੇ ਪਰਮੇਸ਼ੁਰ ਦੇ ਦੂਤਾਂ ਨੂੰ ਇਸ ਪੌੜੀ ਉੱਤੇ ਚਢ਼ਦਿਆਂ ਉੱਤਰਦਿਆਂ ਦੇਖਿਆ। 13 ਅਤੇ ਫ਼ੇਰ ਯਾਕੂਬ ਨੇ ਯਹੋਵਾਹ ਨੂੰ ਪੌੜੀ ਲਾਗੇ ਖਲੋਤਿਆਂ ਦੇਖਿਆ। ਯਹੋਵਾਹ ਨੇ ਆਖਿਆ, “ਮੈਂ ਤੇਰੇ ਦਾਦੇ, ਅਬਰਾਹਾਮ ਦਾ ਯਹੋਵਾਹ ਪਰਮੇਸ਼ੁਰ ਹਾਂ। ਮੈਂ ਇਸਹਾਕ ਦਾ ਪਰਮੇਸ਼ੁਰ ਹਾਂ। ਮੈਂ ਤੈਨੂੰ ਇਹ ਧਰਤੀ ਦੇਵਾਂਗਾ ਜਿਸ ਉੱਤੇ ਤੂੰ ਹੁਣ ਲੇਟਿਆ ਹੋਇਆ ਹੈਂ। ਮੈਂ ਇਹ ਧਰਤੀ ਤੈਨੂੰ ਅਤੇ ਤੇਰੇ ਬੱਚਿਆਂ ਨੂੰ ਦੇਵਾਂਗਾ। 14 ਤੇਰੇ ਬਹੁਤ ਸਾਰੇ ਉੱਤਰਾਧਿਕਾਰੀ ਹੋਣਗੇ। ਉਹ ਇੰਨੇ ਹੋਣਗੇ ਜਿੰਨੇ ਧਰਤੀ ਉੱਤੇ ਮਿੱਟੀ ਦੇ ਕਣ ਹਨ। ਉਹ ਪੂਰਬ, ਪੱਛਮ ਅਤੇ ਉੱਤਰ, ਦੱਖਣ ਵੱਲ ਫ਼ੈਲ ਜਾਣਗੇ। ਧਰਤੀ ਦੇ ਸਾਰੇ ਪਰਿਵਾਰਾਂ ਉੱਤੇ ਤੇਰੇ ਅਤੇ ਤੇਰੇ ਉੱਤਰਾਧਿਕਾਰੀਆਂ ਸਦਕਾ ਬਖਸ਼ਿਸ਼ ਹੋਵੇਗੀ।
15 “ਮੈਂ ਤੇਰੇ ਨਾਲ ਹਾਂ, ਅਤੇ ਜਿੱਥੇ ਵੀ ਤੂੰ ਜਾਵੇਂਗਾ ਮੈਂ ਤੇਰੀ ਰੱਖਿਆ ਕਰਾਂਗਾ। ਮੈਂ ਤੈਨੂੰ ਇਸ ਧਰਤੀ ਉੱਤੇ ਵਾਪਸ ਲਿਆਵਾਂਗਾ। ਮੈਂ ਤੈਨੂੰ ਓਨਾ ਚਿਰ ਨਹੀਂ ਛੱਡਾਂਗਾ ਜਿੰਨਾ ਚਿਰ ਤੱਕ ਮੈਂ ਉਹ ਗੱਲ ਪੂਰੀ ਨਹੀਂ ਕਰ ਲੈਂਦਾ ਜਿਸਦਾ ਮੈਂ ਵਚਨ ਦਿੱਤਾ ਹੈ।”
16 ਫ਼ੇਰ ਯਾਕੂਬ ਆਪਣੀ ਨੀਂਦ ਤੋਂ ਜਾਗ ਪਿਆ ਅਤੇ ਆਖਿਆ, “ਮੈਂ ਜਾਣਦਾ ਹਾਂ ਕਿ ਯਹੋਵਾਹ ਇਸ ਥਾਂ ਹੈ। ਪਰ ਮੈਨੂੰ ਓਨਾ ਚਿਰ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਿਆ ਜਿੰਨਾ ਚਿਰ ਤੱਕ ਕਿ ਮੈਂ ਸੌਂ ਨਹੀਂ ਗਿਆ।”
17 ਯਾਕੂਬ ਭੈਭੀਤ ਹੋ ਗਿਆ। ਉਸ ਨੇ ਆਖਿਆ, “ਇਹ ਬਹੁਤ ਮਹਾਨ ਥਾਂ ਹੈ। ਇਹ ਪਰਮੇਸ਼ੁਰ ਦਾ ਘਰ ਹੈ। ਇਹ ਆਕਾਸ਼ ਦਾ ਦਰਵਾਜ਼ਾ ਹੈ।”
18 ਯਾਕੂਬ ਸਵੇਰੇ ਬਹੁਤ ਤੜਕੇ ਉੱਠ ਬੈਠਾ। ਯਾਕੂਬ ਨੇ ਉਹ ਸਿਲ ਲਈ ਜਿਸ ਉੱਤੇ ਉਹ ਸੁੱਤਾ ਸੀ ਅਤੇ ਇਸ ਨੂੰ ਇਸਦੇ ਇੱਕ ਕਿਨਾਰੇ ਭਾਰ ਖੜ੍ਹਾ ਕਰ ਦਿੱਤਾ। ਫ਼ੇਰ ਉਸ ਨੇ ਸਿਲ ਉੱਤੇ ਤੇਲ ਚੋਇਆ। ਇਸ ਤਰ੍ਹਾਂ ਉਸ ਨੇ ਇਸ ਸਿਲ ਨੂੰ ਪਰਮੇਸ਼ੁਰ ਦੀ ਯਾਦਗਾਰ ਬਣਾ ਦਿੱਤਾ। 19 ਇਸ ਥਾਂ ਦਾ ਨਾਮ ਲੂਜ਼ ਸੀ। ਪਰ ਯਾਕੂਬ ਨੇ ਇਸ ਨੂੰ ਬੈਤਏਲ ਦਾ ਨਾਮ ਦਿੱਤਾ।
20 ਫ਼ੇਰ ਯਾਕੂਬ ਨੇ ਇੱਕ ਇਕਰਾਰ ਕੀਤਾ। ਉਸ ਨੇ ਆਖ਼ਿਆ, “ਜੇ ਪਰਮੇਸ਼ੁਰ ਮੇਰੇ ਨਾਲ ਹੈ, ਅਤੇ ਜੇ ਪਰਮੇਸ਼ੁਰ ਮੇਰੀ ਇਸ ਯਾਤਰਾ ਉੱਤੇ ਰੱਖਿਆ ਕਰੇਗਾ, ਅਤੇ ਜੇ ਪਰਮੇਸ਼ੁਰ ਮੈਨੂੰ ਖਾਣ-ਪੀਣ ਅਤੇ ਪਹਿਨਣ ਲਈ ਦਿੰਦਾ ਹੈ, 21 ਅਤੇ ਜੇ ਮੈਂ ਸ਼ਾਂਤੀ ਨਾਲ ਆਪਣੇ ਪਿਤਾ ਦੇ ਘਰ ਆ ਜਾਂਦਾ ਹਾਂ, ਤਾਂ ਯਹੋਵਾਹ ਮੇਰਾ ਪਰਮੇਸ਼ੁਰ ਹੋਵੇਗਾ। 22 ਮੈਂ ਇਸ ਪੱਥਰ ਨੂੰ ਇੱਕ ਯਾਦਗਾਰ ਪੱਥਰ ਵਜੋਂ ਸਥਾਪਿਤ ਕਰ ਰਿਹਾ ਹਾਂ। ਇਹ ਦਰਸਾਵੇਗਾ ਕਿ ਇਹ ਪਰਮੇਸ਼ੁਰ ਲਈ ਪਵਿੱਤਰ ਸਥਾਨ ਹੈ। ਅਤੇ ਮੈਂ ਪਰਮੇਸ਼ੁਰ ਨੂੰ ਉਸ ਸਾਰੇ ਕੁਝ ਦਾ ਦਸਵੰਧ ਦੇਵਾਂਗਾ ਜੋ ਕੁਝ ਵੀ ਉਹ ਮੈਨੂੰ ਦੇਵੇਗਾ।”
ਯਾਕੂਬ ਰਾਖੇਲ ਨੂੰ ਮਿਲਦਾ ਹੈ
29 ਫ਼ੇਰ ਯਾਕੂਬ ਨੇ ਆਪਣਾ ਸਫ਼ਰ ਜਾਰੀ ਰੱਖਿਆ। ਉਹ ਪੂਰਬ ਦੇ ਦੇਸ਼ ਵਿੱਚ ਗਿਆ। 2 ਯਾਕੂਬ ਨੇ ਝਾਤੀ ਮਾਰੀ ਅਤੇ ਉਸ ਨੂੰ ਖੇਤਾਂ ਅੰਦਰ ਇੱਕ ਖੂਹ ਨਜ਼ਰ ਆਇਆ। ਖੂਹ ਦੇ ਨੇੜੇ ਭੇਡਾਂ ਦੇ ਤਿੰਨ ਇੱਜੜ ਲੇਟੇ ਸਨ। ਇਹੀ ਉਹ ਖੂਹ ਸੀ ਜਿੱਥੇ ਇਹ ਭੇਡਾਂ ਪਾਣੀ ਪੀਂਦੀਆਂ ਸਨ। ਉੱਥੇ ਇੱਕ ਵੱਡਾ ਪੱਥਰ ਸੀ, ਜਿਸ ਨਾਲ ਖੂਹ ਦਾ ਮੂੰਹ ਕੱਜਿਆ ਹੋਇਆ ਸੀ। 3 ਜਦੋਂ ਸਾਰੇ ਇੱਜੜ ਉੱਥੇ ਇਕੱਠੇ ਹੋ ਜਾਂਦੇ ਸਨ ਅਯਾਲੀ ਪੱਥਰ ਨੂੰ ਖੂਹ ਤੋਂ ਹਟਾ ਦਿੰਦੇ ਸਨ। ਫ਼ੇਰ ਸਾਰੀਆਂ ਭੇਡਾਂ ਪਾਣੀ ਪੀ ਸੱਕਦੀਆਂ ਸਨ। ਜਦੋਂ ਭੇਡਾਂ ਦੀ ਪਿਆਸ ਬੁਝ ਜਾਂਦੀ ਤਾਂ ਅਯਾਲੀ ਪੱਥਰ ਨੂੰ ਮੁੜਕੇ ਪਹਿਲੀ ਥਾਂ ਖਿਸੱਕਾ ਦਿੰਦੇ ਸਨ।
4 ਯਾਕੂਬ ਨੇ ਉੱਥੋਂ ਦੇ ਅਯਾਲੀਆਂ ਨੂੰ ਆਖਿਆ, “ਭਰਾਵੋ, ਤੁਸੀਂ ਕਿੱਥੋਂ ਦੇ ਹੋ?”
ਉਨ੍ਹਾਂ ਨੇ ਜਵਾਬ ਦਿੱਤਾ, “ਅਸੀਂ ਹਾਰਾਨ ਤੋਂ ਹਾਂ।”
5 ਫ਼ੇਰ ਯਾਕੂਬ ਨੇ ਆਖਿਆ, “ਕੀ ਤੁਸੀਂ ਨਾਹੋਰ ਦੇ ਪੋਤਰੇ ਲਾਬਾਨ ਨੂੰ ਜਾਣਦੇ ਹੋ?”
ਅਯਾਲੀਆਂ ਨੇ ਜਵਾਬ ਦਿੱਤਾ, “ਅਸੀਂ ਉਸ ਨੂੰ ਜਾਣਦੇ ਹਾਂ।”
6 ਫ਼ੇਰ ਯਾਕੂਬ ਨੇ ਆਖਿਆ, “ਉਸਦਾ ਕੀ ਹਾਲ ਹੈ?”
ਉਨ੍ਹਾਂ ਨੇ ਜਵਾਬ ਦਿੱਤਾ, “ਉਹ ਰਾਜੀ-ਖੁਸ਼ੀ ਹੈ। ਹਰ ਚੀਜ਼ ਠੀਕ ਹੈ। ਦੇਖੋ ਉਹ ਉਸ ਦੀ ਧੀ ਰਾਖੇਲ ਉਸ ਦੀਆਂ ਭੇਡਾਂ ਦੇ ਨਾਲ ਤੁਰੀ ਆਉਂਦੀ ਹੈ।”
7 ਯਾਕੂਬ ਨੇ ਆਖਿਆ, “ਦੇਖੋ, ਹਾਲੇ ਤਾਂ ਦਿਨ ਖੜ੍ਹਾ ਹੈ ਸੂਰਜ ਛਿਪਣ ਵਿੱਚ ਹਾਲੇ ਦੇਰ ਹੈ। ਹਾਲੇ ਜਾਨਵਰਾਂ ਦੇ ਰਾਤ ਲਈ ਇਕੱਠੇ ਕਰਨ ਦਾ ਵੇਲਾ ਨਹੀਂ ਹੋਇਆ। ਇਸ ਲਈ ਇਨ੍ਹਾਂ ਨੂੰ ਪਾਣੀ ਪਿਲਾਉ ਅਤੇ ਖੇਤਾਂ ਵਿੱਚ ਵਾਪਸ ਜਾਣ ਦਿਉ।”
8 ਪਰ ਉਸ ਅਯਾਲੀ ਨੇ ਆਖਿਆ, “ਅਸੀਂ ਉਦੋਂ ਤੱਕ ਅਜਿਹਾ ਨਹੀਂ ਕਰ ਸੱਕਦੇ ਜਿੰਨਾ ਚਿਰ ਸਾਰੇ ਇੱਜੜ ਇਕੱਠੇ ਨਹੀਂ ਹੋ ਜਾਂਦੇ। ਫ਼ੇਰ ਅਸੀਂ ਖੂਹ ਤੋਂ ਪੱਥਰ ਖਿਸੱਕਾ ਦੇਵਾਂਗੇ ਅਤੇ ਸਾਰੀਆਂ ਭੇਡਾਂ ਪਾਣੀ ਪੀਣਗੀਆਂ।”
9 ਜਦੋਂ ਯਾਕੂਬ ਅਯਾਲੀਆਂ ਨਾਲ ਗੱਲ ਕਰ ਰਿਹਾ ਸੀ ਤਾਂ ਰਾਖੇਲ ਆਪਣੇ ਪਿਤਾ ਦੀਆਂ ਭੇਡਾਂ ਦੇ ਨਾਲ ਆ ਗਈ। (ਰਾਖੇਲ ਦਾ ਕੰਮ ਭੇਡਾਂ ਦੀ ਦੇਖ-ਭਾਲ ਕਰਨਾ ਸੀ।) 10 ਰਾਖੇਲ ਲਾਬਾਨ ਦੀ ਧੀ ਸੀ। ਲਾਬਾਨ ਯਕੂਬ ਦੀ ਮਾਂ ਰਿਬਕਾਹ ਦਾ ਭਰਾ ਸੀ। ਜਦੋਂ ਯਾਕੂਬ ਨੇ ਰਾਖੇਲ ਨੂੰ ਦੇਖਿਆ, ਉਸ ਨੇ ਜਾਕੇ ਪੱਥਰ ਖਿਸੱਕਾਇਆ ਅਤੇ ਫ਼ੇਰ ਭੇਡਾਂ ਨੂੰ ਪਾਣੀ ਦਿੱਤਾ। 11 ਫ਼ੇਰ ਯਾਕੂਬ ਨੇ ਰਾਖੇਲ ਨੂੰ ਚੁੰਮਿਆ ਅਤੇ ਰੋ ਪਿਆ। 12 ਯਾਕੂਬ ਨੇ ਰਾਖੇਲ ਨੂੰ ਦੱਸਿਆ ਕਿ ਉਹ ਉਸ ਦੇ ਪਿਤਾ ਦੇ ਪਰਿਵਾਰ ਵਿੱਚੋਂ ਸੀ। ਉਸ ਨੇ ਰਾਖੇਲ ਨੂੰ ਦੱਸਿਆ ਕਿ ਉਹ ਰਿਬਕਾਹ ਦਾ ਪੁੱਤਰ ਸੀ। ਇਸ ਲਈ ਰਾਖੇਲ ਘਰ ਦੌੜ ਗਈ ਅਤੇ ਆਪਣੇ ਪਿਤਾ ਨੂੰ ਇਸ ਬਾਰੇ ਦੱਸਿਆ।
13 ਲਾਬਾਨ ਨੇ ਆਪਣੀ ਭੈਣ ਦੇ ਪੁੱਤਰ ਯਾਕੂਬ ਬਾਰੇ ਸੁਣਿਆ। ਇਸ ਲਈ ਲਾਬਾਨ ਉਸ ਨੂੰ ਮਿਲਣ ਲਈ ਦੌੜਿਆ। ਲਾਬਾਨ ਨੇ ਉਸ ਨੂੰ ਜਫ਼ੀ ਪਾ ਲਈ ਅਤੇ ਚੁੰਮਿਆ ਅਤੇ ਆਪਣੇ ਘਰ ਲੈ ਆਇਆ। ਯਾਕੂਬ ਨੇ ਜੋ ਕੁਝ ਵਾਪਰਿਆ ਸੀ ਸਭ ਦੱਸ ਦਿੱਤਾ।
14 ਫ਼ੇਰ ਲਾਬਾਨ ਨੇ ਆਖਿਆ, “ਇਹ ਤਾਂ ਬਹੁਤ ਸ਼ਾਨਦਾਰ ਗੱਲ ਹੈ। ਤੂੰ ਮੇਰੇ ਆਪਣੇ ਪਰਿਵਾਰ ਵਿੱਚੋਂ ਹੈ।” ਇਸ ਲਈ ਯਾਕੂਬ ਲਾਬਾਨ ਕੋਲ ਇੱਕ ਮਹੀਨੇ ਲਈ ਠਹਿਰ ਗਿਆ।
ਲਾਬਾਨ ਦਾ ਯਾਕੂਬ ਨਾਲ ਧੋਖਾ ਕਰਨਾ
15 ਇੱਕ ਦਿਨ ਲਾਬਾਨ ਨੇ ਯਾਕੂਬ ਨੂੰ ਆਖਿਆ, “ਤੇਰੇ ਲਈ ਮੇਰੇ ਵਾਸਤੇ ਬਿਨਾ ਤਨਖਾਹ ਤੋਂ ਕੰਮ ਕਰਨਾ ਸਹੀ ਨਹੀਂ। ਤੂੰ ਇੱਕ ਰਿਸ਼ਤੇਦਾਰ ਹੈਂ, ਕੋਈ ਗੁਲਾਮ ਨਹੀਂ ਮੈਂ ਤੈਨੂੰ ਕੀ ਦੇਵਾਂ?”
16 ਲਾਬਾਨ ਦੀਆਂ ਦੋ ਧੀਆਂ ਸਨ। ਵੱਡੀ ਲੇਆਹ ਸੀ ਅਤੇ ਛੋਟੀ ਰਾਖੇਲ ਸੀ।
17 ਲੇਆਹ ਜ਼ਿਆਦੇ ਖੂਬਸੂਰਤ ਨਹੀਂ ਸੀ, ਪਰ ਰਾਖੇਲ ਇੱਕ ਬਹੁਤ ਹੀ ਖੂਬਸੂਰਤ ਮੁਟਿਆਰ ਸੀ। 18 ਯਾਕੂਬ ਰਾਖੇਲ ਨੂੰ ਪਿਆਰ ਕਰਦਾ ਸੀ, ਯਾਕੂਬ ਨੇ ਲਾਬਾਨ ਨੂੰ ਆਖਿਆ, “ਮੈਂ ਤੇਰੇ ਲਈ ਸੱਤ ਸਾਲ ਗੁਲਾਮੀ ਕਰਾਂਗਾ ਜੇ ਤੂੰ ਮੇਰੇ ਨਾਲ ਆਪਣੀ ਧੀ ਰਾਖੇਲ ਦਾ ਵਿਆਹ ਕਰ ਦੇਵੇਂ।”
19 ਲਾਬਾਨ ਨੇ ਆਖਿਆ, “ਉਸਦੇ ਲਈ ਵੀ ਤੇਰੇ ਨਾਲ ਸ਼ਾਦੀ ਕਰਨਾ ਹੋਰ ਕਿਸੇ ਨਾਲ ਸ਼ਾਦੀ ਕਰਨ ਨਾਲੋਂ ਬਿਹਤਰ ਹੋਵੇਗਾ। ਇਸ ਲਈ ਮੇਰੇ ਕੋਲ ਠਹਿਰ ਜਾ।”
20 ਇਸ ਲਈ ਯਾਕੂਬ ਠਹਿਰ ਗਿਆ ਅਤੇ ਸੱਤ ਵਰ੍ਹੇ ਲਾਬਾਨ ਲਈ ਕੰਮ ਕਰਦਾ ਰਿਹਾ। ਪਰ ਇਹ ਕੁਝ ਦਿਨਾਂ ਵਾਂਗ ਹੀ ਲੱਗਿਆ ਕਿਉਂਕਿ ਉਹ ਰਾਖੇਲ ਨੂੰ ਪਿਆਰ ਕਰਦਾ ਸੀ।
21 ਸੱਤ ਵਰ੍ਹਿਆਂ ਬਾਦ ਯਾਕੂਬ ਨੇ ਲਾਬਾਨ ਨੂੰ ਆਖਿਆ, “ਮੈਨੂੰ ਰਾਖੇਲ ਦਾ ਹੱਥ ਫ਼ੜਾ ਦੇ ਤਾਂ ਜੋ ਮੈਂ ਉਸ ਨਾਲ ਸ਼ਾਦੀ ਕਰ ਸੱਕਾਂ। ਮੇਰਾ ਤੇਰੇ ਲਈ ਕੰਮ ਕਰਨ ਦਾ ਸਮਾਂ ਮੁੱਕ ਗਿਆ ਹੈ।”
22 ਇਸ ਲਈ ਲਾਬਾਨ ਨੇ ਉਸ ਥਾਂ ਦੇ ਸਾਰੇ ਲੋਕਾਂ ਨੂੰ ਦਾਵਤ ਦਿੱਤੀ। 23 ਉਸ ਰਾਤ ਲਾਬਾਨ ਆਪਣੀ ਧੀ ਲੇਆਹ ਨੂੰ ਯਾਕੂਬ ਕੋਲ ਲੈ ਆਇਆ। ਯਾਕੂਬ ਅਤੇ ਲੇਆਹ ਨੇ ਸੰਭੋਗ ਕੀਤਾ। 24 (ਲਾਬਾਨ ਨੇ ਆਪਣੀ ਨੌਕਰਾਣੀ ਜ਼ਿਲਫ਼ਾਹ ਨੂੰ ਆਪਣੀ ਧੀ ਦੀ ਸੇਵਕਾ ਬਣਾ ਦਿੱਤਾ।) 25 ਸਵੇਰ ਨੂੰ ਯਾਕੂਬ ਨੇ ਦੇਖਿਆ ਕਿ ਉਹ ਤਾਂ ਲੇਆਹ ਨਾਲ ਸੁੱਤਾ ਸੀ। ਯਾਕੂਬ ਨੇ ਲਾਬਾਨ ਨੂੰ ਆਖਿਆ, “ਤੂੰ ਮੇਰੇ ਨਾਲ ਧੋਖਾ ਕੀਤਾ ਹੈ। ਮੈਂ ਤੇਰੇ ਲਈ ਸਖ਼ਤ ਮਿਹਨਤ ਕੀਤੀ ਤਾਂ ਜੋ ਰਾਖੇਲ ਨਾਲ ਸ਼ਾਦੀ ਕਰ ਸੱਕਾਂ। ਤੂੰ ਮੈਨੂੰ ਧੋਖਾ ਕਿਉਂ ਦਿੱਤਾ?”
26 ਲਾਬਾਨ ਨੇ ਆਖਿਆ, “ਸਾਡੇ ਦੇਸ਼ ਵਿੱਚ ਅਸੀਂ ਵੱਡੀ ਧੀ ਤੋਂ ਪਹਿਲਾਂ ਛੋਟੀ ਦਾ ਵਿਆਹ ਨਹੀਂ ਕਰਦੇ। 27 ਪਰ ਤੂੰ ਪੂਰਾ ਹਫ਼ਤਾ ਸ਼ਾਦੀ ਦੀਆਂ ਰਸਮਾਂ ਵਿੱਚ ਸ਼ਾਮਿਲ ਰਹਿ, ਅਤੇ ਮੈਂ ਰਾਖੇਲ ਦਾ ਵੀ ਤੇਰੇ ਨਾਲ ਵਿਆਹ ਕਰ ਦਿਆਂਗਾ। ਪਰ ਤੈਨੂੰ ਮੇਰੇ ਲਈ ਸੱਤ ਵਰ੍ਹੇ ਹੋਰ ਕੰਮ ਕਰਨਾ ਪਵੇਗਾ।”
28 ਇਸ ਲਈ ਯਾਕੂਬ ਨੇ ਇਵੇਂ ਹੀ ਕੀਤਾ ਅਤੇ ਹਫ਼ਤਾ ਖਤਮ ਹੋ ਗਿਆ। ਫ਼ੇਰ ਲਾਬਾਨ ਨੇ ਆਪਣੀ ਧੀ ਰਾਖੇਲ ਦਾ ਵਿਆਹ ਵੀ ਉਸ ਨਾਲ ਕਰ ਦਿੱਤਾ। 29 (ਲਾਬਾਨ ਨੇ ਆਪਣੀ ਸੇਵਕਾ ਬਿਲਹਾਹ ਨੂੰ ਆਪਣੀ ਧੀ ਰਾਖੇਲ ਦੀ ਸੇਵਕਾ ਬਣਾ ਦਿੱਤਾ।) 30 ਇਸ ਲਈ ਯਾਕੂਬ ਨੇ ਰਾਖੇਲ ਨਾਲ ਵੀ ਸੰਭੋਗ ਕੀਤਾ ਅਤੇ ਯਾਕੂਬ ਰਾਖੇਲ ਨੂੰ ਲੇਆਹ ਨਾਲੋਂ ਵੱਧ ਪਿਆਰ ਕਰਦਾ ਸੀ। ਯਾਕੂਬ ਸੱਤ ਵਰ੍ਹੇ ਹੋਰ ਲਾਬਾਨ ਲਈ ਕੰਮ ਕਰਦਾ ਰਿਹਾ।
ਯਾਕੂਬ ਦਾ ਪਰਿਵਾਰ ਵੱਧਦਾ ਹੈ
31 ਯਹੋਵਾਹ ਨੇ ਦੇਖਿਆ ਕਿ ਲੇਆਹ ਦੀ ਅਣਗਹਿਲੀ ਹੁੰਦੀ ਸੀ। ਇਸ ਲਈ ਯਹੋਵਾਹ ਨੇ ਲੇਆਹ ਨੂੰ ਬੱਚੇ ਪੈਦਾ ਕਰਨ ਦਿੱਤੇ। ਪਰ ਰਾਖੇਲ ਦੇ ਬੱਚੇ ਪੈਦਾ ਨਾ ਹੋਏ।
32 ਲੇਆਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਇਸਦਾ ਨਾਮ ਰਊਬੇਨ ਰੱਖਿਆ। ਲੇਆਹ ਨੇ ਇਸਦਾ ਇਹ ਨਾਮ ਇਸ ਲਈ ਰੱਖਿਆ ਕਿਉਂਕਿ ਉਸ ਨੇ ਆਖਿਆ, “ਯਹੋਵਾਹ ਨੇ ਮੇਰੀਆਂ ਮੁਸ਼ਕਿਲਾਂ ਦੇਖ ਲਈਆਂ ਹਨ। ਮੇਰਾ ਪਤੀ ਮੈਨੂੰ ਪਿਆਰ ਨਹੀਂ ਕਰਦਾ। ਇਸ ਲਈ ਸ਼ਾਇਦ ਹੁਣ ਮੇਰਾ ਪਤੀ ਮੈਨੂੰ ਪਿਆਰ ਕਰੇ।”
33 ਲੇਆਹ ਫ਼ੇਰ ਤੋਂ ਗਰਭਵਤੀ ਹੋ ਗਈ ਅਤੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਉਸਦਾ ਨਾਮ ਸ਼ਿਮਓਨ [a] ਰੱਖਿਆ। ਲੇਆਹ ਨੇ ਆਖਿਆ, “ਯਹੋਵਾਹ ਜਾਣਦਾ ਕਿ ਮੇਰਾ ਪਤੀ ਮੇਰੀ ਅਣਗਹਿਲੀ ਕਰਦਾ ਹੈ, ਇਸ ਲਈ ਉਸ ਨੇ ਮੈਨੂੰ ਇਹ ਪੁੱਤਰ ਦਿੱਤਾ ਹੈ।”
34 ਲੇਆਹ ਇੱਕ ਵਾਰ ਫ਼ੇਰ ਗਰਭਵਤੀ ਹੋ ਗਈ ਅਤੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਇਸ ਪੁੱਤਰ ਦਾ ਨਾਮ ਲੇਵੀ ਰੱਖਿਆ। ਲੇਆਹ ਨੇ ਆਖਿਆ, “ਹੁਣ ਅਵੱਸ਼ ਹੀ ਮੇਰਾ ਪਤੀ ਮੇਰੇ ਨਾਲ ਜੁੜ ਜਾਵੇਗਾ। ਮੈਂ ਉਸ ਨੂੰ ਤਿੰਨ ਪੁੱਤਰ ਦਿੱਤੇ ਹਨ।”
35 ਫ਼ੇਰ ਲੇਆਹ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਉਸ ਨੇ ਉਸਦਾ ਨਾਮ ਯਹੂਦਾਹ ਰੱਖਿਆ। ਲੇਆਹ ਨੇ ਉਸਦਾ ਇਹ ਨਾਮ ਇਸ ਲਈ ਰੱਖਿਆ ਕਿਉਂਕਿ ਉਸ ਨੇ ਆਖਿਆ, “ਹੁਣ ਮੈਂ ਯਹੋਵਾਹ ਦੀ ਉਸਤਤਿ ਕਰਾਂਗੀ।” ਫ਼ੇਰ ਲੇਆਹ ਨੇ ਸੰਤਾਨ ਪੈਦਾ ਕਰਨੀ ਬੰਦ ਕਰ ਦਿੱਤੀ।
2010 by World Bible Translation Center