Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਉਤਪਤ 25-26

ਅਬਰਾਹਾਮ ਦਾ ਪਰਿਵਾਰ

25 ਅਬਰਾਹਾਮ ਨੇ ਇੱਕ ਵਾਰੀ ਫ਼ੇਰ ਵਿਆਹ ਕੀਤਾ। ਉਸਦੀ ਨਵੀਂ ਪਤਨੀ ਦਾ ਨਾਮ ਕਟੂਰਾਹ ਸੀ। ਕਟੂਰਾਹ ਨੇ ਜ਼ਿਮਰਾਨ, ਯਾਕਸਾਨ, ਮਦਾਨ, ਮਿਦਯਾਨ, ਯਿਸਬਾਕ ਅਤੇ ਸੂਅਹ ਨੂੰ ਜਨਮ ਦਿੱਤਾ। ਯਾਕਸਾਨ ਸਬਾ ਅਤੇ ਦਦਾਨ ਦਾ ਪਿਤਾ ਸੀ। ਅੱਸੂਰਿਮ, ਲਟੂਸਿਮ ਅਤੇ ਲਉੱਮਿਮ ਦੇ ਲੋਕ ਦਦਾਨ ਦੇ ਉੱਤਰਾਧਿਕਾਰੀ ਸਨ। ਮਿਦਯਾਨ ਦੇ ਪੁੱਤਰ ਸਨ ਏਫ਼ਾਹ, ਏਫ਼ਰ, ਹਨੋਕ, ਅਬੀਦਾ ਅਤੇ ਅਲਦਾਆ। ਇਹ ਸਾਰੇ ਪੁੱਤਰ ਅਬਰਾਹਾਮ ਅਤੇ ਕਟੂਰਾਹ ਦੇ ਵਿਆਹ ਵਿੱਚੋਂ ਪੈਦਾ ਹੋਏ ਸਨ। 5-6 ਅਬਰਾਹਾਮ ਦੇ ਮਰਨ ਤੋਂ ਪਹਿਲਾਂ ਉਸ ਨੇ ਕੁਝ ਸੁਗਾਤਾਂ ਆਪਣੀਆਂ ਦਾਸੀਆਂ ਦੇ ਪੁੱਤਰਾਂ ਨੂੰ ਦਿੱਤੀਆਂ ਅਤੇ ਉਨ੍ਹਾਂ ਨੂੰ ਪੂਰਬ ਵੱਲ ਭੇਜ ਦਿੱਤਾ। ਉਸ ਨੇ ਉਨ੍ਹਾਂ ਨੂੰ ਇਸਹਾਕ ਤੋਂ ਦੂਰ ਭੇਜ ਦਿੱਤਾ ਫ਼ੇਰ ਅਬਰਾਹਾਮ ਨੇ ਆਪਣੀ ਸਾਰੀ ਜ਼ਾਇਦਾਦ ਇਸਹਾਕ ਨੂੰ ਦੇ ਦਿੱਤੀ।

ਅਬਰਾਹਾਮ 175 ਵਰ੍ਹਿਆਂ ਤੱਕ ਜੀਵਿਆ। ਫ਼ੇਰ ਅਬਰਾਹਾਮ ਕਮਜ਼ੋਰ ਹੋ ਗਿਆ ਅਤੇ ਮਰ ਗਿਆ। ਉਸ ਨੇ ਲੰਬੀ ਅਤੇ ਸੰਤੁਸ਼ਟ ਜ਼ਿੰਦਗੀ ਭੋਗੀ ਸੀ। ਉਸਦਾ ਦੇਹਾਂਤ ਹੋ ਗਿਆ ਅਤੇ ਉਸ ਨੂੰ ਆਪਣੇ ਲੋਕਾਂ ਕੋਲ ਲਿਆਂਦਾ ਗਿਆ। ਉਸ ਦੇ ਪੁੱਤਰਾਂ, ਇਸਹਾਕ ਅਤੇ ਇਸਮਾਏਲ, ਨੇ ਉਸ ਨੂੰ ਮਕਫ਼ੇਲਾਹ ਦੀ ਗੁਫ਼ਾ ਵਿੱਚ ਦਫ਼ਨਾਇਆ। ਇਹ ਗੁਫ਼ਾ ਸ਼ੋਹਰ ਦੇ ਪੁੱਤਰ ਅਫ਼ਰੋਨ ਹਿੱਤੀ ਦੇ ਖੇਤ ਅੰਦਰ ਹੈ। ਇਹ ਮਮਰੇ ਦੇ ਨੇੜੇ ਹੈ। 10 ਇਹ ਉਹੀ ਖੇਤ ਹੈ ਜਿਸ ਨੂੰ ਅਬਰਾਹਾਮ ਨੇ ਹਿੱਤੀ ਲੋਕਾਂ ਪਾਸੋਂ ਖਰੀਦਿਆ ਸੀ। ਅਬਰਾਹਾਮ ਨੂੰ ਉੱਥੇ ਹੀ ਉਸਦੀ ਪਤਨੀ ਸਾਰਾਹ ਨਾਲ ਦਫ਼ਨਾਇਆ ਗਿਆ ਸੀ। 11 ਜਦੋਂ ਅਬਰਾਹਾਮ ਮਰਿਆ, ਤਾਂ ਅਪਰਮੇਸ਼ੁਰ ਨੇ ਇਸਹਾਕ ਨੂੰ ਅਸੀਸ ਦਿੱਤੀ ਅਤੇ ਇਸਹਾਕ ਬਏਰ ਲਹੀ ਰੋਈ ਵਿਖੇ ਰਹਿੰਦਾ ਰਿਹਾ।

12 ਇਸਮਾਏਲ ਦੇ ਪਰਿਵਾਰ ਦੀ ਸੁਚੀ ਇਹ ਹੈ। ਇਸਮਾਏਲ ਅਬਰਾਹਾਮ ਅਤੇ ਹਾਜਰਾ ਦਾ ਪੁੱਤਰ ਸੀ। ਹਾਜਰਾ ਸਾਰਾਹ ਦੀ ਮਿਸਰੀ ਦਾਸੀ ਸੀ। 13 ਇਸਮਾਏਲ ਦੇ ਪੁੱਤਰਾਂ ਦੇ ਨਾਮ ਇਹ ਸਨ: ਪਹਿਲਾ ਪੁੱਤਰ ਨਬਾਯੋਤ ਸੀ, ਫ਼ੇਰ ਕੇਦਾਰ, ਅਦਬਏਲ, ਮਿਬਸਾਮ, 14 ਮਿਸਮਾ, ਦੂਮਾਹ, ਮਸ਼ਾ 15 ਹਦਦ, ਤੇਮਾ, ਯਟੂਰ, ਨਾਫ਼ੀਸ ਅਤੇ ਕੇਦਮਾਹ ਜਨਮੇ। 16 ਇਹ ਇਸਮਾਏਲ ਦੇ ਪੁੱਤਰਾਂ ਦੇ ਨਾਮ ਸਨ। ਹਰ ਪੁੱਤਰ ਦਾ ਆਪਣਾ ਡੇਰਾ ਸੀ ਜਿਹੜਾ ਕਿ ਛੋਟਾ ਕਸਬਾ ਬਣ ਗਿਆ। 12 ਪੁੱਤਰ 12 ਸ਼ਹਿਜ਼ਾਦਿਆਂ ਵਾਂਗ ਸਨ ਜਿਨ੍ਹਾਂ ਦੇ ਆਪੋ-ਆਪਣੇ ਲੋਕ ਸਨ। 17 ਇਸਮਾਏਲ 137 ਵਰ੍ਹੇ ਜੀਵਿਆ। ਫ਼ੇਰ ਉਸਦਾ ਦੇਹਾਂਤ ਹੋ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਰਲਿਆ। 18 ਇਸਮਾਏਲ ਦੇ ਉੱਤਰਾਧਿਕਾਰੀ ਹਵੀਲਾਹ ਤੋਂ ਸ਼ੂਰ ਤਾਈਂ ਫ਼ੈਲ ਗਏ, ਜੋ ਕਿ ਮਿਸਰ ਦੇ ਪੱਛਮ ਵੱਲ, ਅਸ਼ੂਰ ਨੂੰ ਜਾਂਦੇ ਰਾਹ ਤੇ ਹੈ। ਇਸਮਾਏਲ ਦੇ ਉੱਤਰਾਧਿਕਾਰੀ ਇੱਕ ਦੂਸਰੇ ਦੇ ਕੋਲ ਵਸ ਗਏ।

ਇਸਹਾਕ ਦਾ ਪਰਿਵਾਰ

19 ਇਹ ਇਸਹਾਕ ਦੀ ਕਹਾਣੀ ਹੈ। ਅਬਰਾਹਾਮ ਦਾ ਇਸਹਾਕ ਨਾਮ ਦਾ ਇੱਕ ਪੁੱਤਰ ਸੀ। 20 ਜਦੋਂ ਇਸਹਾਕ 40 ਵਰ੍ਹਿਆਂ ਦਾ ਹੋਇਆ ਤਾਂ ਉਸ ਨੇ ਰਿਬਕਾਹ ਨਾਲ ਵਿਆਹ ਕਰਵਾਇਆ। ਰਿਬਕਾਹ ਪਦਨ ਅਰਾਮ ਤੋਂ ਸੀ। ਉਹ ਬਥੂਏਲ ਦੀ ਧੀ ਸੀ ਅਤੇ ਲਾਬਾਨ ਅਰਾਮੀ ਦੀ ਭੈਣ ਸੀ। 21 ਇਸਹਾਕ ਦੀ ਪਤਨੀ ਬਾਂਝ ਸੀ। ਇਸ ਲਈ ਇਸਹਾਕ ਨੇ ਆਪਣੀ ਪਤਨੀ ਲਈ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਯਹੋਵਾਹ ਨੇ ਇਸਹਾਕ ਦੀ ਪ੍ਰਾਰਥਨਾ ਸੁਣ ਲਈ। ਅਤੇ ਯਹੋਵਾਹ ਦੀ ਰਜ਼ਾ ਨਾਲ ਰਿਬਕਾਹ ਗਰਭਵਤੀ ਹੋ ਗਈ।

22 ਜਦੋਂ ਰਿਬਕਾਹ ਗਰਭਵਤੀ ਸੀ, ਉਸਦੀ ਕੁੱਖ ਅੰਦਰਲੇ ਬੱਚਿਆਂ ਨੇ ਇੱਕ ਦੂਜੇ ਨਾਲ ਘੋਲ ਕੀਤਾ। ਰਿਬਕਾਹ ਯਹੋਵਾਹ ਨੂੰ ਪੁੱਛਣ ਲਈ ਗਈ, “ਮੇਰੇ ਨਾਲ ਇਹ ਕਿਉਂ ਹੋ ਰਿਹਾ ਹੈ?” 23 ਯਹੋਵਾਹ ਨੇ ਉਸ ਨੂੰ ਆਖਿਆ,

“ਤੇਰੇ ਸ਼ਰੀਰ ਅੰਦਰ ਦੋ ਕੌਮਾਂ ਹਨ।
    ਦੋ ਪਰਿਵਾਰਾਂ ਦੇ ਹਾਕਮ ਤੇਰੇ ਵਿੱਚੋਂ ਪੈਦਾ ਹੋਣਗੇ
    ਅਤੇ ਉਹ ਵੱਖ ਕੀਤੇ ਜਾਣਗੇ।
ਇੱਕ ਪੁੱਤਰ ਦੂਜੇ ਨਾਲੋਂ ਤਕੜਾ ਹੋਵੇਗਾ।
    ਵੱਡਾ ਪੁੱਤਰ ਛੋਟੇ ਦੀ ਖਿਦਮਤ ਕਰੇਗਾ।”

24 ਅਤੇ ਸਹੀ ਸਮੇਂ ਸਿਰ ਇਬਕਾਹ ਨੇ ਜੌੜੇ ਪੁੱਤਰਾਂ ਨੂੰ ਜਨਮ ਦਿੱਤਾ। 25 ਪਹਿਲਾ ਬੱਚਾ ਲਾਲ ਸੀ ਉਸਦੀ ਚਮੜੀ ਬੁਰਦਾਰ ਕੰਬਲੀ ਵਰਗੀ ਸੀ। ਇਸ ਲਈ ਉਸਦਾ ਨਾਮ ਏਸਾਓ ਰੱਖਿਆ ਗਿਆ। 26 ਜਦੋਂ ਦੂਸਰਾ ਬੱਚਾ ਜੰਮਿਆ ਤਾਂ ਉਸ ਨੇ ਏਸਾਓ ਦੀ ਅੱਡੀ ਨੂੰ ਘੁੱਟਕੇ ਫ਼ੜਿਆ ਹੋਇਆ ਸੀ। ਇਸ ਲਈ ਉਸ ਬੱਚੇ ਦਾ ਨਾਮ ਯਾਕੂਬ ਰੱਖਿਆ ਗਿਆ। ਉਦੋਂ ਇਸਹਾਕ 60 ਵਰ੍ਹਿਆ ਦਾ ਸੀ ਜਦੋਂ ਯਾਕੂਬ ਅਤੇ ਏਸਾਓ ਜੰਮੇ।

27 ਮੁਂਡੇ ਵੱਡੇ ਹੋਏ। ਏਸਾਓ ਨਿਪੁੰਨ ਸ਼ਿਕਾਰੀ ਬਣ ਗਿਆ। ਉਹ ਖੇਤਾਂ ਅੰਦਰ ਘੁੰਮਣਾ ਪਸੰਦ ਕਰਦਾ ਸੀ। ਪਰ ਯਾਕੂਬ ਇੱਕ ਚੁੱਪ-ਚਪੀਤਾ ਆਦਮੀ ਸੀ ਅਤੇ ਉਹ ਡੇਰੇ ਦੀ ਦੇਖਭਾਲ ਕਰਦਾ ਹੁੰਦਾ ਸੀ। 28 ਇਸਹਾਕ ਏਸਾਓ ਨੂੰ ਪਿਆਰ ਕਰਦਾ ਸੀ। ਉਹ ਏਸਾਓ ਦੇ ਸ਼ਿਕਾਰ ਕੀਤੇ ਜਾਨਵਰਾਂ ਨੂੰ ਖਾਣਾ ਪਸੰਦ ਕਰਦਾ ਸੀ। ਪਰ ਰਿਬਕਾਹ ਯਾਕੂਬ ਨੂੰ ਪਿਆਰ ਕਰਦੀ ਸੀ।

29 ਇੱਕ ਦਿਨ, ਏਸਾਓ ਸ਼ਿਕਾਰ ਤੋਂ ਵਾਪਸ ਆਇਆ। ਉਹ ਥੱਕਿਆ ਹੋਇਆ ਅਤੇ ਭੁੱਖਾ ਸੀ। ਯਾਕੂਬ ਫ਼ਲੀਆਂ ਰਿੰਨ੍ਹ ਰਿਹਾ ਸੀ। 30 ਇਸ ਲਈ ਏਸਾਓ ਨੇ ਯਾਕੂਬ ਨੂੰ ਕਿਹਾ, “ਮੈਂ ਬਹੁਤ ਭੁੱਖਾ ਹਾਂ। ਮੈਨੂੰ ਉਨ੍ਹਾਂ ਲਾਲ ਫ਼ਲੀਆਂ ਵਿੱਚੋਂ ਥੋੜੀਆਂ ਜਿਹੀਆਂ ਦੇ।” (ਇਹੀ ਕਾਰਣ ਹੈ ਕਿ ਲੋਕ ਉਸ ਨੂੰ ਅਦੋਮ ਸੱਦਦੇ ਹਨ।)

31 ਪਰ ਯਾਕੂਬ ਨੇ ਆਖਿਆ, “ਤੈਨੂੰ ਅੱਜ ਪਹਿਲੋਠੇ ਹੋਣ ਦੇ ਸਾਰੇ ਹੱਕ ਮੈਨੂੰ ਦੇਣੇ ਪੈਣਗੇ।”

32 ਏਸਾਓ ਨੇ ਆਖਿਆ, “ਮੈਂ ਤਾਂ ਭੁੱਖ ਨਾਲ ਮਰ ਰਿਹਾ ਹਾਂ। ਜੇ ਮੈਂ ਮਰ ਗਿਆ, ਤਾਂ ਮੇਰੇ ਪਹਿਲੋਠੇ ਪੁੱਤਰ ਹੋਣ ਦਾ ਹੱਕ ਮੇਰੇ ਕਿਸ ਕੰਮ ਦਾ ਹੋਵੇਗਾ।”

33 ਪਰ ਯਾਕੂਬ ਨੇ ਆਖਿਆ, “ਪਹਿਲਾਂ ਇਕਰਾਰ ਕਰ ਕਿ ਤੂੰ ਇਹ ਮੈਨੂੰ ਦੇ ਦੇਵੇਂਗਾ।” ਇਸ ਲਈ ਏਸਾਓ ਨੇ ਯਾਕੂਬ ਨੂੰ ਵਚਨ ਦੇ ਦਿੱਤਾ। ਏਸਾਓ ਨੇ ਪਿਤਾ ਦੀ ਆਪਣੇ ਹਿੱਸੇ ਦੀ ਜ਼ਾਇਦਾਦ ਯਾਕੂਬ ਨੂੰ ਵੇਚ ਦਿੱਤੀ। 34 ਫ਼ੇਰ ਯਾਕੂਬ ਨੇ ਏਸਾਓ ਨੂੰ ਰੋਟੀ ਅਤੇ ਫ਼ਲਿਆਂ ਦੇ ਦਿੱਤੀਆਂ। ਏਸਾਓ ਨੇ ਖਾਧਾ-ਪੀਤਾ ਅਤੇ ਚੱਲਾ ਗਿਆ। ਇਸ ਤਰ੍ਹਾਂ ਏਸਾਓ ਨੇ ਦਰਸਾਇਆ ਕਿ ਉਸ ਨੂੰ ਆਪਣੇ ਪਹਿਲੋਠੇ ਪੁੱਤਰ ਹੋਣ ਦੇ ਅਧਿਕਾਰਾਂ ਦੀ ਕੋਈ ਪ੍ਰਵਾਹ ਨਹੀਂ ਸੀ।

ਇਸਹਾਕ ਅਬੀਮਲਕ ਨਾਲ ਝੂਠ ਬੋਲਦਾ ਹੈ

26 ਇੱਕ ਵਾਰੀ ਅਕਾਲ ਪੈ ਗਿਆ। ਇਹ ਉਸੇ ਤਰ੍ਹਾਂ ਦਾ ਅਕਾਲ ਸੀ ਜਿਹੋ ਜਿਹਾ ਅਬਰਾਹਾਮ ਦੇ ਜੀਵਨ ਕਾਲ ਦੌਰਾਨ ਪਿਆ ਸੀ। ਇਸ ਲਈ ਇਸਹਾਕ ਗਰਾਰ ਦੇ ਕਸਬੇ ਵੱਲ, ਫ਼ਲਿਸਤੀ ਲੋਕਾਂ ਦੇ ਰਾਜੇ ਅਬੀਮਲਕ ਵੱਲ ਗਿਆ। ਯਹੋਵਾਹ ਨੇ ਇਸਹਾਕ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, “ਮਿਸਰ ਵਿੱਚ ਨਾ ਜਾ। ਉਸੇ ਧਰਤੀ ਉੱਤੇ ਰਹਿ ਜਿਸ ਉੱਤੇ ਰਹਿਣ ਦਾ ਮੈਂ ਤੈਨੂੰ ਆਦੇਸ਼ ਦਿੱਤਾ ਸੀ। ਉਸੇ ਧਰਤੀ ਉੱਤੇ ਰਹਿ, ਮੈਂ ਤੇਰੇ ਨਾਲ ਹੋਵਾਂਗਾ। ਮੈਂ ਤੈਨੂੰ ਅਸੀਸ ਦੇਵਾਂਗਾ। ਮੈਂ ਤੈਨੂੰ ਅਤੇ ਤੇਰੇ ਉੱਤਰਾਧਿਕਾਰੀਆਂ ਨੂੰ ਇਹ ਸਾਰੀਆਂ ਜ਼ਮੀਨਾਂ ਦਿਆਂਗਾ। ਮੈਂ ਤੇਰੇ ਪਿਉ ਅਬਰਾਹਾਮ ਨਾਲ ਕੀਤੇ ਆਪਣੇ ਇਕਰਾਰ ਨੂੰ ਪੂਰਾ ਕਰਾਂਗਾ। ਅਤੇ ਮੈਂ ਆਕਾਸ਼ ਵਿੱਚਲੇ ਤਾਰਿਆਂ ਵਾਂਗ ਤੈਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿਆਂਗਾ। ਮੈਂ ਇਹ ਸਾਰੀਆਂ ਜ਼ਮੀਨਾਂ ਤੇਰੇ ਉੱਤਰਾਧਿਕਾਰੀਆਂ ਨੂੰ ਦਿਆਂਗਾ। ਦੁਨੀਆਂ ਦੀਆਂ ਸਾਰੀਆਂ ਕੌਮਾਂ ਤੇਰੇ ਉੱਤਰਾਧਿਕਾਰੀਆਂ ਰਾਹੀਂ ਅਸੀਸਮਈ ਹੋਣਗੀਆਂ। ਮੈਂ ਅਜਿਹਾ ਇਸ ਲਈ ਕਰਾਂਗਾ ਕਿਉਂਕਿ ਤੇਰੇ ਪਿਤਾ ਅਬਰਾਹਾਮ ਨੇ ਮੇਰਾ ਹੁਕਮ ਮੰਨਿਆ ਸੀ ਅਤੇ ਉਵੇਂ ਕੀਤਾ ਜਿਵੇਂ ਮੈਂ ਆਖਿਆ ਸੀ। ਅਬਰਾਹਾਮ ਨੇ ਮੇਰੇ ਹੁਕਮ, ਮੇਰੇ ਨਿਆਵਾਂ ਅਤੇ ਮੇਰੀਆਂ ਬਿਧੀਆਂ ਮੰਨੀਆਂ।”

ਇਸ ਲਈ ਇਸਹਾਕ ਗਰਾਰ ਵਿੱਚ ਟਿਕ ਗਿਆ ਅਤੇ ਓੱਥੇ ਰਹਿਣ ਲੱਗਾ। ਇਸਹਾਕ ਦੀ ਪਤਨੀ ਰਿਬਕਾਹ ਬਹੁਤ ਸੁੰਦਰ ਸੀ। ਉਸ ਥਾਂ ਦੇ ਲੋਕਾਂ ਨੇ ਇਸਹਾਕ ਨੂੰ ਰਿਬਕਾਹ ਬਾਰੇ ਪੁੱਛਿਆ। ਇਸਹਾਕ ਨੇ ਆਖਿਆ, “ਇਹ ਮੇਰੀ ਭੈਣ ਹੈ।” ਇਸਹਾਕ ਇਹ ਦੱਸਣੋ ਡਰਦਾ ਸੀ ਕਿ ਰਿਬਕਾਹ ਉਸਦੀ ਪਤਨੀ ਸੀ। ਇਸਹਾਕ ਡਰਦਾ ਸੀ ਕਿ ਰਿਬਕਾਹ ਨੂੰ ਹਾਸਿਲ ਕਰਨ ਦੀ ਖਾਤਿਰ ਲੋਕ ਉਸ ਨੂੰ ਮਾਰ ਦੇਣਗੇ।

ਜਦੋਂ ਇਸਹਾਕ ਉੱਥੇ ਲੰਮੇ ਸਮੇਂ ਤੀਕ ਰਹਿ ਚੁੱਕਿਆ ਸੀ ਤਾਂ ਅਬੀਮਲਕ ਨੇ ਆਪਣੀ ਖਿੜਕੀ ਵਿੱਚੋਂ ਬਾਹਰ ਝਾਕਿਆ ਅਤੇ ਉਸ ਨੇ ਦੇਖਿਆ ਕਿ ਇਸਹਾਕ ਅਤੇ ਉਸਦੀ ਪਤਨੀ ਖੇਡ ਰਹੇ ਸਨ। ਅਬੀਮਲਕ ਨੇ ਇਸਹਾਕ ਨੂੰ ਬੁਲਾਇਆ ਅਤੇ ਪੁੱਛਿਆ, “ਇਹ ਔਰਤ ਤਾਂ ਤੇਰੀ ਪਤਨੀ ਹੈ। ਤੂੰ ਸਾਨੂੰ ਇਹ ਕਿਉਂ ਆਖਿਆ ਕਿ ਇਹ ਤੇਰੀ ਭੈਣ ਹੈ?”

ਇਸਹਾਕ ਨੇ ਉਸ ਨੂੰ ਆਖਿਆ, “ਮੈਂ ਇਸ ਗੱਲੋਂ ਡਰਦਾ ਸੀ ਕਿ ਤੂੰ ਮੈਨੂੰ ਮਾਰ ਦੇਵੇਂਗਾ ਤਾਂ ਜੋ ਤੂੰ ਉਸ ਨੂੰ ਹਾਸਿਲ ਕਰ ਸੱਕੇਂ।”

10 ਅਬੀਮਲਕ ਨੇ ਉਸ ਨੂੰ ਆਖਿਆ, “ਤੂੰ ਸਾਡੇ ਨਾਲ ਮਾੜੀ ਗੱਲ ਕੀਤੀ ਹੈ। ਹੋ ਸੱਕਦਾ ਹੈ ਸਾਡੇ ਬੰਦਿਆਂ ਵਿੱਚੋਂ ਕੋਈ ਤੇਰੀ ਪਤਨੀ ਨਾਲ ਸੌਂ ਜਾਂਦਾ। ਤਾਂ ਉਸ ਨੇ ਬਹੁਤ ਵੱਡੇ ਪਾਪ ਦਾ ਭਾਗੀ ਹੋਣਾ ਸੀ।”

11 ਇਸ ਲਈ ਅਬੀਮਲਕ ਨੇ ਸਾਰੇ ਲੋਕਾਂ ਨੂੰ ਚਿਤਾਵਨੀ ਦਿੱਤੀ। ਉਸ ਨੇ ਆਖਿਆ, “ਕਿਸੇ ਬੰਦੇ ਨੂੰ ਵੀ ਇਸ ਆਦਮੀ ਜਾਂ ਔਰਤ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਜੇ ਕੋਈ ਬੰਦਾ ਇਨ੍ਹਾਂ ਨੂੰ ਤੰਗ ਕਰੇਗਾ ਤਾਂ ਉਸ ਬੰਦੇ ਨੂੰ ਮਾਰ ਦਿੱਤਾ ਜਾਵੇਗਾ।”

ਇਸਹਾਕ ਦਾ ਅਮੀਰ ਹੋ ਜਾਣਾ

12 ਇਸਹਾਕ ਨੇ ਉਸ ਥਾਂ ਖੇਤ ਬੀਜੇ ਅਤੇ ਉਸ ਸਾਲ ਉਸ ਨੂੰ ਬਹੁਤ ਚੰਗੀ ਫ਼ਸਲ ਪ੍ਰਾਪਤ ਹੋਈ। ਯਹੋਵਾਹ ਨੇ ਉਸ ਉੱਤੇ ਬਹੁਤ ਬਖਸ਼ਿਸ਼ ਕੀਤੀ। 13 ਇਸਹਾਕ ਅਮੀਰ ਹੋ ਗਿਆ। ਉਸ ਨੇ ਹੋਰ ਵੱਧੇਰੇ ਦੌਲਤ ਜਮ੍ਹਾਂ ਕੀਤੀ ਜਦੋਂ ਤੱਕ ਕਿ ਉਹ ਬਹੁਤ ਅਮੀਰ ਨਹੀਂ ਹੋ ਗਿਆ। 14 ਉਸ ਕੋਲ ਬੱਕਰੀਆਂ ਦੇ ਇੱਜੜ ਅਤੇ ਡੰਗਰਾਂ ਦੇ ਇੱਜੜ ਸਨ। ਉਸ ਕੋਲ ਬਹੁਤ ਸਾਰੇ ਗੁਲਾਮ ਵੀ ਸਨ। ਸਾਰੇ ਫ਼ਲਿਸਤੀ ਉਸ ਨਾਲ ਈਰਖਾ ਕਰਦੇ ਸਨ। 15 ਇਸ ਲਈ ਫ਼ਲਿਸਤੀ ਲੋਕਾਂ ਨੇ ਉਹ ਸਾਰੇ ਖੂਹ ਤਬਾਹ ਕਰ ਦਿੱਤੇ ਜਿਹੜੇ ਉਸ ਦੇ ਪਿਤਾ ਅਬਰਾਹਾਮ ਅਤੇ ਉਸ ਦੇ ਨੌਕਰਾਂ ਨੇ ਬਹੁਤ ਵਰ੍ਹੇ ਪਹਿਲਾਂ ਉਸਾਰੇ ਸਨ। ਫ਼ਲਿਸਤੀਆਂ ਨੇ ਉਹ ਖੂਹ ਮਿੱਟੀ ਨਾਲ ਭਰ ਦਿੱਤੇ। 16 ਅਤੇ ਅਬੀਮਲਕ ਨੇ ਇਸਹਾਕ ਨੂੰ ਆਖਿਆ, “ਸਾਡਾ ਦੇਸ਼ ਛੱਡ ਜਾਹ। ਤੂੰ ਸਾਡੇ ਨਾਲੋਂ ਵੀ ਵੱਧੇਰੇ ਤਾਕਤਵਰ ਹੋ ਗਿਆ ਹੈਂ।”

17 ਇਸ ਲਈ ਇਸਹਾਕ ਨੇ ਉਹ ਥਾਂ ਛੱਡ ਦਿੱਤੀ ਅਤੇ ਗਰਾਰ ਦੀ ਛੋਟੀ ਨਦੀ ਦੇ ਕੰਢੇ ਡੇਰਾ ਲਾ ਲਿਆ। ਇਸਹਾਕ ਉੱਥੇ ਟਿਕ ਗਿਆ ਅਤੇ ਰਹਿਣ ਲੱਗਾ। 18 ਇਸ ਤੋਂ ਢੇਰ ਸਾਰਾ ਸਮਾਂ ਪਹਿਲਾਂ, ਅਬਰਾਹਾਮ ਨੇ ਬਹੁਤ ਸਾਰੇ ਖੂਹ ਉਸਾਰੇ ਸਨ। ਅਬਰਾਹਾਮ ਦੇ ਦੇਹਾਂਤ ਤੋਂ ਮਗਰੋਂ ਫ਼ਲਿਸਤੀਆਂ ਨੇ ਖੁਹਾਂ ਨੂੰ ਮਿੱਟੀ ਨਾਲ ਪੂਰ ਦਿੱਤਾ। ਇਸ ਲਈ ਇਸਹਾਕ ਵਾਪਸ ਗਿਆ ਅਤੇ ਉਸ ਨੇ ਉਹ ਖੂਹ ਫ਼ੇਰ ਉਸਾਰ ਲਈ। ਇਸਹਾਕ ਨੇ ਉਨ੍ਹਾਂ ਨੂੰ ਉਹੀ ਨਾਮ ਦਿੱਤੇ ਜਿਹੜੇ ਉਸ ਦੇ ਪਿਤਾ ਨੇ ਦਿੱਤੇ ਸਨ। 19 ਇਸਹਾਕ ਦੇ ਨੌਕਰਾਂ ਨੇ ਵੀ ਛੋਟੀ ਨਦੀ ਦੇ ਕੰਢੇ ਇੱਕ ਖੂਹ ਪੁਟਿਆ। ਉਸ ਖੂਹ ਵਿੱਚੋਂ ਪਾਣੀ ਦਾ ਚਸ਼ਮਾ ਵਗ ਤੁਰਿਆ। 20 ਪਰ ਉਹ ਲੋਕ ਜਿਹੜੇ ਗਰਾਰ ਦੀ ਵਾਦੀ ਵਿੱਚ ਇੱਜੜ ਚਾਰਦੇ ਸਨ ਉਹ ਇਸਹਾਕ ਦੇ ਨੌਕਰਾਂ ਨਾਲ ਝਗੜਨ ਲੱਗੇ। ਉਨ੍ਹਾਂ ਨੇ ਆਖਿਆ, “ਇਹ ਪਾਣੀ ਸਾਡਾ ਹੈ।” ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਂ ਏਸੱਕ ਧਰ ਦਿੱਤਾ। ਉਸ ਨੇ ਇਹ ਨਾਮ ਇਸ ਨੂੰ ਇਸ ਵਾਸਤੇ ਦਿੱਤਾ ਕਿਉਂਕਿ ਇਹੀ ਥਾਂ ਸੀ ਜਿੱਥੇ ਉਨ੍ਹਾਂ ਲੋਕਾਂ ਨੇ ਉਸ ਨਾਲ ਝਗੜਾ ਕੀਤਾ ਸੀ।

21 ਫ਼ੇਰ ਇਸਹਾਕ ਦੇ ਨੌਕਰਾਂ ਨੇ ਇੱਕ ਹੋਰ ਖੂਹ ਪੁਟਿਆ। ਉਸ ਥਾਂ ਦੇ ਲੋਕ ਵੀ ਉਸ ਖੂਹ ਕਾਰਣ ਝਗੜਨ ਲੱਗੇ। ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਮ ਰੱਖਿਆ “ਸਿਟਨਾ”

22 ਇਸਹਾਕ ਉਸ ਥਾਂ ਤੋਂ ਪਰ੍ਹਾਂ ਹਟ ਗਿਆ ਅਤੇ ਇੱਕ ਹੋਰ ਖੂਹ ਪੁੱਟਿਆ। ਕੋਈ ਵੀ ਆਦਮੀ ਉਸ ਖੂਹ ਬਾਰੇ ਉਸ ਨਾਲ ਝਗੜਾ ਕਰਨ ਲਈ ਨਹੀਂ ਆਇਆ। ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਮ ਰਹੋਬੋਥ ਰੱਖ ਦਿੱਤਾ। ਇਸਹਾਕ ਨੇ ਆਖਿਆ, “ਹੁਣ ਯਹੋਵਾਹ ਨੇ ਸਾਡੇ ਲਈ ਥਾਂ ਲੱਭ ਲਈ ਹੈ। ਅਸੀਂ ਇਸ ਥਾਂ ਵੱਧਾ-ਫ਼ੁੱਲਾਂਗੇ ਅਤੇ ਸਫ਼ਲ ਹੋਵਾਂਗੇ।”

23 ਉਸ ਥਾਂ ਤੋਂ ਇਸਹਾਕ ਬਏਰਸਬਾ ਚੱਲਾ ਗਿਆ। 24 ਯਹੋਵਾਹ ਨੇ ਉਸ ਰਾਤ ਇਸਹਾਕ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, “ਮੈਂ ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ੁਰ ਹਾਂ। ਭੈਭੀਤ ਨਾ ਹੋ। ਮੈਂ ਤੇਰੇ ਨਾਲ ਹਾਂ ਅਤੇ ਮੈਂ ਤੇਰੇ ਉੱਤੇ ਬਖਸ਼ਿਸ਼ ਕਰਾਂਗਾ। ਮੈਂ ਤੇਰੇ ਪਰਿਵਾਰ ਨੂੰ ਮਹਾਨ ਬਣਾ ਦਿਆਂਗਾ। ਮੈਂ ਅਜਿਹਾ ਆਪਣੇ ਨੌਕਰ ਅਬਰਾਹਾਮ ਸਦਕਾ ਕਰਾਂਗਾ।” 25 ਇਸ ਲਈ ਇਸਹਾਕ ਨੇ ਉੱਥੇ ਇੱਕ ਜਗਵੇਦੀ ਉਸਾਰੀ ਅਤੇ ਉਸ ਥਾਂ ਯਹੋਵਾਹ ਦੀ ਉਪਾਸਨਾ ਕੀਤੀ। ਇਸਹਾਕ ਨੇ ਉੱਥੇ ਡੇਰਾ ਲਾ ਲਿਆ ਅਤੇ ਉਸ ਦੇ ਨੌਕਰਾਂ ਨੇ ਇੱਕ ਖੂਹ ਪੁੱਟਿਆ।

26 ਅਬੀਮਲਕ ਗਰਾਰ ਤੋਂ ਇਸਹਾਨ ਨੂੰ ਮਿਲਣ ਆਇਆ। ਅਬੀਮਲਕ ਆਪਣੇ ਨਾਲ ਆਪਨੇ ਸਲਾਹਕਾਰ ਅਹੁਜ਼ਥ ਅਤੇ ਆਪਣੀ ਫ਼ੌਜ਼ ਦੇ ਕਮਾਂਡਰ ਫ਼ੀਕੋਲ ਨੂੰ ਵੀ ਲਿਆਇਆ।

27 ਇਸਹਾਕ ਨੇ ਪੁੱਛਿਆ, “ਤੂੰ ਮੈਨੂੰ ਕਿਉਂ ਮਿਲਣ ਆਇਆ ਹੈ? ਪਹਿਲਾਂ ਤੂੰ ਇੰਝ ਵਿਖਾਵਾ ਕੀਤਾ ਜਿਵੇਂ ਤੂੰ ਮੈਨੂੰ ਨਫ਼ਰਤ ਕੀਤੀ। ਤੂੰ ਤਾਂ ਮੈਨੂੰ ਆਪਣੇ ਦੇਸ਼ ਵਿੱਚੋਂ ਵੀ ਬਾਹਰ ਕੱਢ ਦਿੱਤਾ ਸੀ।”

28 ਉਨ੍ਹਾਂ ਨੇ ਜਵਾਬ ਦਿੱਤਾ, “ਹੁਣ ਅਸੀਂ ਜਾਣਦੇ ਹਾਂ ਕਿ ਯਹੋਵਾਹ ਤੇਰੇ ਨਾਲ ਹੈ। ਇਸ ਲਈ ਅਸੀਂ ਸੋਚਿਆ ਕਿ ਸਾਨੂੰ ਤੇਰੇ ਨਾਲ ਇੱਕ ਇਕਰਾਰਨਾਮਾ ਕਰਨਾ ਚਾਹੀਦਾ ਹੈ। 29 ਇਕਰਾਰ ਕਰ ਕਿ ਤੂੰ ਸਾਨੂੰ ਚੋਟ ਨਹੀਂ ਪਹੁੰਚਾਵੇਂਗਾ। ਅਸੀਂ ਤੈਨੂੰ ਨੁਕਸਾਨ ਨਹੀਂ ਪਹੁੰਚਾਇਆ। ਹੁਣ ਤੈਨੂੰ ਇਕਰਾਰ ਕਰਨਾ ਚਾਹੀਦਾ ਹੈ ਕਿ ਤੂੰ ਸਾਨੂੰ ਨੁਕਸਾਨ ਨਾ ਪਹੁੰਚਾਵੇਂ। ਅਸੀਂ ਤੈਨੂੰ ਜਲਾਵਤਨ ਕੀਤਾ ਪਰ ਅਸੀਂ ਤੈਨੂੰ ਸ਼ਾਂਤੀ ਨਾਲ ਜਲਾਵਤਨ ਕੀਤਾ। ਹੁਣ ਇਹ ਗੱਲ ਸਪੱਸ਼ਟ ਹੈ ਕਿ ਯਹੋਵਾਹ ਨੇ ਤੇਰੇ ਉੱਤੇ ਬਖਸ਼ਿਸ਼ ਕੀਤੀ ਹੈ।”

30 ਇਸ ਲਈ ਇਸਹਾਕ ਨੇ ਉਨ੍ਹਾਂ ਨੂੰ ਇੱਕ ਦਾਵਤ ਦਿੱਤੀ। ਉਨ੍ਹਾਂ ਸਾਰਿਆਂ ਨੇ ਭੋਜਨ ਪਾਣੀ ਛਕਿਆ। 31 ਦੂਸਰੀ ਸਵੇਰ ਨੂੰ ਸੁਵੱਖਤੇ ਹੀ ਹਰ ਬੰਦੇ ਨੇ ਇਕਰਾਰ ਕੀਤਾ ਅਤੇ ਸੌਂਹ ਚੁੱਕੀ। ਫ਼ੇਰ ਉਹ ਆਦਮੀ ਸ਼ਾਂਤੀ ਨਾਲ ਚੱਲੇ ਗਏ।

32 ਉਸ ਦਿਨ, ਇਸਹਾਕ ਦੇ ਨੌਕਰ ਆਏ ਅਤੇ ਉਨ੍ਹਾਂ ਨੂੰ ਆਪਣੇ ਪੁੱਟੇ ਹੋਏ ਖੂਹ ਬਾਰੇ ਦੱਸਿਆ। ਨੌਕਰਾਂ ਨੇ ਆਖਿਆ, “ਸਾਨੂੰ ਉਸ ਖੂਹ ਵਿੱਚ ਪਾਣੀ ਮਿਲਿਆ ਹੈ।” 33 ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਂ ਸ਼ਿਬਆਹ ਰੱਖ ਦਿੱਤਾ ਅਤੇ ਉਸ ਸ਼ਹਿਰ ਨੂੰ ਬਏਰਸਬਾ ਸੱਦਿਆ ਜਾਂਦਾ ਹੈ।

ਏਸਾਓ ਦੀਆਂ ਪਤਨੀਆਂ

34 ਜਦੋਂ ਏਸਾਓ 40 ਵਰ੍ਹਿਆਂ ਦਾ ਹੋਇਆ ਉਸ ਨੇ ਦੋ ਹਿੱਤੀ ਔਰਤਾਂ ਨਾਲ ਵਿਆਹ ਕਰਵਾਇਆ। ਇੱਕ ਬੇਰੀ ਦੀ ਧੀ ਯਹੂਦਿਥ ਅਤੇ ਦੂਸਰੇ ਏਲੋਨ ਦੀ ਧੀ ਬਾਸਮਥ ਸੀ। 35 ਇਨ੍ਹਾਂ ਸ਼ਾਦੀਆਂ ਨੇ ਰਿਬਕਾਹ ਅਤੇ ਇਸਹਾਕ ਨੂੰ ਬਹੁਤ ਦੁੱਖ ਪਹੁੰਚਾਇਆ।

Punjabi Bible: Easy-to-Read Version (ERV-PA)

2010 by World Bible Translation Center