Beginning
ਪਰਮੇਸ਼ੁਰ ਦਾ ਅਬਰਾਮ ਨੂੰ ਸੱਦਾ
12 ਯਹੋਵਾਹ ਨੇ ਅਬਰਾਮ ਨੂੰ ਆਖਿਆ, “ਆਪਣਾ ਦੇਸ਼ ਅਤੇ ਆਪਣੇ ਲੋਕਾਂ ਨੂੰ ਛੱਡ ਦੇ। ਆਪਣੇ ਪਿਤਾ ਦਾ ਟੱਬਰ ਛੱਡ ਦੇ, ਅਤੇ ਉਸ ਧਰਤੀ ਤੇ ਜਾਹ ਜਿਹੜੀ ਮੈਂ ਤੈਨੂੰ ਦਿਖਾਵਾਂਗਾ।
2 ਮੈਂ ਤੇਰੇ ਵਿੱਚੋਂ ਇੱਕ ਮਹਾਨ ਕੌਮ ਉਸਾਰਾਂਗਾ।
ਮੈਂ ਤੈਨੂੰ ਅਸੀਸ ਦੇਵਾਂਗਾ
ਅਤੇ ਤੇਰਾ ਨਾਮ ਮਸ਼ਹੂਰ ਕਰ ਦਿਆਂਗਾ।
ਲੋਕੀਂ ਤੇਰਾ ਨਾਮ ਹੋਰਨਾਂ ਲੋਕਾਂ ਨੂੰ ਅਸੀਸ
ਦੇਣ ਲਈ ਵਰਤਣਗੇ।
3 ਮੈਂ ਉਨ੍ਹਾਂ ਲੋਕਾਂ ਨੂੰ ਅਸੀਸ ਦੇਵਾਂਗਾ ਜਿਹੜੇ ਤੈਨੂੰ ਅਸੀਸ ਦੇਣਗੇ,
ਅਤੇ ਮੈਂ ਉਨ੍ਹਾਂ ਲੋਕਾਂ ਨੂੰ ਸਰਾਪ ਦੇਵਾਂਗਾ ਜਿਹੜੇ ਤੈਨੂੰ ਸਰਾਪ ਦੇਣਗੇ।
ਮੈਂ ਧਰਤੀ ਦੇ ਸਮੂਹ ਲੋਕਾਂ ਨੂੰ ਅਸੀਸ ਦੇਣ
ਲਈ ਤੇਰੇ ਨਾਮ ਦੀ ਵਰਤੋਂ ਕਰਾਂਗਾ।”
ਅਬਰਾਮ ਕਨਾਨ ਜਾਂਦਾ ਹੈ
4 ਇਸ ਲਈ ਅਬਰਾਮ ਨੇ ਹਾਰਾਨ ਛੱਡ ਦਿੱਤਾ ਜਿਵੇਂ ਕਿ ਯਹੋਵਾਹ ਨੇ ਆਖਿਆ ਸੀ। ਅਤੇ ਲੂਤ ਉਸ ਦੇ ਨਾਲ ਚੱਲਾ ਗਿਆ। ਅਬਰਾਮ 75 ਵਰ੍ਹਿਆਂ ਦਾ ਸੀ, ਜਦੋਂ ਉਸ ਨੇ ਹਾਰਾਨ ਛੱਡਿਆ। 5 ਅਬਰਾਮ ਨੇ ਆਪਣੇ ਨਾਲ ਆਪਣੀ ਪਤਨੀ ਸਾਰਈ, ਆਪਣੇ ਭਤੀਜੇ ਲੂਤ, ਸਾਰੇ ਗੁਲਾਮਾਂ ਅਤੇ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਲੈ ਲਿਆ ਜਿਹੜੀਆਂ ਉਸ ਨੇ ਹਾਰਾਨ ਵਿੱਚ ਹਾਸਿਲ ਕੀਤੀਆਂ ਸਨ। ਫ਼ੇਰ ਅਬਰਾਮ ਅਤੇ ਉਸਦਾ ਸਮੂਹ ਕਨਾਨ ਦੀ ਧਰਤੀ ਵੱਲ ਤੁਰ ਪਿਆ। 6 ਅਬਰਾਮ ਕਨਾਨ ਦੀ ਧਰਤੀ ਵਿੱਚੋਂ ਲੰਘਦਾ ਹੋਇਆ ਸ਼ਕਮ ਦੇ ਸ਼ਹਿਰ ਤੀਕ ਚੱਲਿਆ ਗਿਆ ਅਤੇ ਫ਼ੇਰ ਮੋਹਰ ਵਿਖੇ ਵੱਡੇ ਰੁੱਖ ਕੋਲ ਚੱਲਾ ਗਿਆ। ਉਸ ਸਮੇਂ ਉਸ ਸਥਾਨ ਉੱਤੇ ਕਨਾਨੀ ਲੋਕ ਰਹਿੰਦੇ ਸਨ।
7 ਯਹੋਵਾਹ ਨੇ ਅਬਰਾਮ ਨੂੰ ਦੀਦਾਰ ਦਿੱਤਾ। ਯਹੋਵਾਹ ਨੇ ਆਖਿਆ, “ਮੈਂ ਇਹ ਧਰਤੀ ਤੇਰੇ ਉੱਤਰਾਧਿਕਾਰੀ ਨੂੰ ਦੇਵਾਂਗਾ।”
ਯਹੋਵਾਹ ਨੇ ਉਸ ਥਾਂ ਉੱਤੇ ਅਬਰਾਮ ਨੂੰ ਦੀਦਾਰ ਦਿੱਤਾ। ਇਸ ਲਈ ਅਬਰਾਮ ਨੇ ਉੱਥੇ ਯਹੋਵਾਹ ਦੀ ਉਪਾਸਨਾ ਲਈ ਜਗਵੇਦੀ ਬਣਾਈ। 8 ਫ਼ੇਰ ਅਬਰਾਮ ਉਹ ਥਾਂ ਛੱਡ ਕੇ ਬੈਤਏਲ ਦੇ ਪੂਰਬ ਵੱਲ ਪਹਾੜੀਆਂ ਨੂੰ ਚੱਲਾ ਗਿਆ। ਅਬਰਾਮ ਨੇ ਓੱਥੇ ਆਪਣਾ ਤੰਬੂ ਲਾ ਲਿਆ। ਬੈਤਏਲ ਪੱਛਮ ਵੱਲ ਅਤੇ ਆਈ ਪੂਰਬ ਵੱਲ ਸੀ। ਉਸ ਥਾਵੇਂ, ਅਬਰਾਮ ਨੇ ਯਹੋਵਾਹ ਲਈ ਇੱਕ ਹੋਰ ਜਗਵੇਦੀ ਬਣਾਈ ਅਤੇ ਅਬਰਾਮ ਨੇ ਉੱਥੇ ਯਹੋਵਾਹ ਦੀ ਉਪਾਸਨਾ ਕੀਤੀ। 9 ਇਸਤੋਂ ਮਗਰੋਂ, ਅਬਰਾਮ ਇੱਕ ਵਾਰੀ ਫ਼ੇਰ ਆਪਣੇ ਸਫ਼ਰ ਤੇ ਨਿਕਲ ਪਿਆ। ਉਹ ਨੇਜੇਵ ਵੱਲ ਚੱਲਾ ਗਿਆ।
ਅਬਰਾਮ ਮਿਸਰ ਵਿੱਚ
10 ਇਸ ਸਮੇਂ ਦੌਰਾਨ ਧਰਤੀ ਬਹੁਤ ਖੁਸ਼ਕ ਸੀ। ਬਾਰਿਸ਼ ਨਹੀਂ ਸੀ ਹੋਈ ਅਤੇ ਭੋਜਨ ਉਗਾਇਆ ਨਹੀਂ ਸੀ ਜਾ ਸੱਕਦਾ। ਇਸ ਲਈ ਅਬਰਾਮ ਮਿਸਰ ਵਿੱਚ ਰਹਿਣ ਲਈ ਚੱਲਾ ਗਿਆ। 11 ਅਬਰਾਮ ਨੇ ਦੇਖਿਆ ਕਿ ਉਸਦੀ ਪਤਨੀ ਸਾਰਈ ਕਿੰਨੀ ਖੂਬਸੂਰਤ ਸੀ। ਇਸ ਲਈ ਮਿਸਰ ਪਹੁੰਚਣ ਤੋਂ ਰਤਾ ਕੁ ਪਹਿਲਾਂ ਅਬਰਾਮ ਨੇ ਸਾਰਈ ਨੂੰ ਆਖਿਆ, “ਮੈਂ ਜਾਣਦਾ ਹਾਂ ਕਿ ਤੂੰ ਬਹੁਤ ਖੂਬਸੂਰਤ ਔਰਤ ਹੈਂ। 12 ਮਿਸਰ ਦੇ ਆਦਮੀ ਤੈਨੂੰ ਦੇਖਣਗੇ। ਉਹ ਆਖਣਗੇ, ‘ਇਹ ਔਰਤ ਇਸਦੀ ਪਤਨੀ ਹੈ।’ ਫ਼ੇਰ ਉਹ ਮੈਨੂੰ ਮਾਰ ਦੇਣਗੇ ਅਤੇ ਤੈਨੂੰ ਜਿਉਂਦੀ ਰਹਿਣ ਦੇਣਗੇ। 13 ਇਸ ਲਈ ਲੋਕਾਂ ਨੂੰ ਇਹ ਆਖੀਂ ਕਿ ਤੂੰ ਮੇਰੀ ਭੈਣ ਹੈਂ। ਫ਼ੇਰ ਉਹ ਮੈਂਨੂੰ ਨਹੀਂ ਮਾਰਨਗੇ। ਉਹ ਇਹ ਸੋਚਣਗੇ ਕਿ ਮੈਂ ਤੇਰਾ ਭਰਾ ਹਾਂ, ਅਤੇ ਉਹ ਮੇਰੇ ਨਾਲ ਚੰਗਾ ਸਲੂਕ ਕਰਨਗੇ। ਇਸ ਤਰ੍ਹਾਂ ਕਰਨ ਨਾਲ ਤੂੰ ਮੇਰੀ ਜ਼ਿੰਦਗੀ ਬਚਾ ਸੱਕੇਂਗੀ।”
14 ਇਸ ਲਈ ਅਬਰਾਮ ਮਿਸਰ ਵਿੱਚ ਚੱਲਾ ਗਿਆ। ਮਿਸਰ ਦੇ ਲੋਕਾਂ ਨੇ ਦੇਖਿਆ ਕਿ ਸਾਰਈ ਬਹੁਤ ਖੂਬਸੂਰਤ ਔਰਤ ਸੀ। 15 ਕੁਝ ਮਿਸਰੀ ਆਗੂਆਂ ਨੇ ਵੀ ਉਸ ਨੂੰ ਦੇਖ ਲਿਆ। ਉਨ੍ਹਾਂ ਨੇ ਫਿਰਊਨ ਨੂੰ ਆਖਿਆ ਕਿ ਉਹ ਬਹੁਤ ਖੂਬਸੂਰਤ ਔਰਤ ਸੀ। ਉਹ ਆਗੂ ਸਾਰਈ ਨੂੰ ਫਿਰਊਨ ਦੇ ਘਰ ਲੈ ਗਏ। 16 ਫਿਰਊਨ ਅਬਰਾਮ ਤੇ ਦਯਾਲੂ ਸੀ ਕਿਉਂ ਕਿ ਉਸਦਾ ਖਿਆਲ ਸੀ ਕਿ ਅਬਰਾਮ ਸਾਰਈ ਦਾ ਭਰਾ ਸੀ। ਫਿਰਊਨ ਨੇ ਅਬਰਾਮ ਨੂੰ ਭੇਡਾਂ, ਡੰਗਰ ਅਤੇ ਖੋਤੇ ਦਿੱਤੇ। ਅਬਰਾਮ ਨੂੰ ਦਾਸ, ਦਾਸੀਆਂ ਅਤੇ ਊਠ ਵੀ ਮਿਲੇ।
17 ਫਿਰਊਨ ਨੇ ਅਬਰਾਮ ਦੀ ਪਤਨੀ ਨੂੰ ਹਾਸਿਲ ਕਰ ਲਿਆ। ਇਸ ਲਈ ਯਹੋਵਾਹ ਨੇ ਫਿਰਊਨ ਅਤੇ ਉਸ ਦੇ ਘਰ ਦੇ ਸਾਰੇ ਲੋਕਾਂ ਵੱਲ ਬਹੁਤ ਬੁਰੀਆਂ ਬਿਮਾਰੀਆਂ ਭੇਜੀਆਂ। 18 ਇਸ ਲਈ ਫਿਰਊਨ ਨੇ ਅਬਰਾਮ ਨੂੰ ਬੁਲਾਇਆ। ਫਿਰਊਨ ਨੇ ਆਖਿਆ, “ਤੂੰ ਮੇਰੇ ਨਾਲ ਬਹੁਤ ਬੁਰਾ ਸਲੂਕ ਕੀਤਾ ਹੈ!। ਤੂੰ ਮੈਨੂੰ ਇਹ ਨਹੀਂ ਦੱਸਿਆ ਕਿ ਸਾਰਈ ਤੇਰੀ ਪਤਨੀ ਸੀ! ਕਿਉਂ? 19 ਤੂੰ ਤਾਂ ਆਖਿਆ ਸੀ, ‘ਇਹ ਮੇਰੀ ਭੈਣ ਹੈ।’ ਤੂੰ ਇਹ ਗੱਲ ਕਿਉਂ ਆਖੀ? ਮੈਂ ਉਸ ਨੂੰ ਇਸ ਲਈ ਹਾਸਿਲ ਕੀਤਾ ਤਾਂ ਜੋ ਮੇਰੀ ਪਤਨੀ ਬਣ ਸੱਕੇ। ਪਰ ਹੁਣ ਮੈਂ ਤੈਨੂੰ ਤੇਰੀ ਪਤਨੀ ਵਾਪਸ ਦਿੰਦਾ ਹਾਂ। ਇਸ ਨੂੰ ਲੈ ਕੇ ਚੱਲਾ ਜਾਹ!” 20 ਫ਼ੇਰ ਫਿਰਊਨ ਨੇ ਆਪਣੇ ਆਦਮੀਆਂਂ ਨੂੰ ਹੁਕਮ ਦਿੱਤਾ ਕਿ ਅਬਰਾਮ ਨੂੰ ਮਿਸਰ ਵਿੱਚੋਂ ਬਾਹਰ ਕੱਢ ਦੇਣ ਇਸ ਲਈ ਅਬਰਾਮ ਅਤੇ ਉਸਦੀ ਪਤਨੀ ਉਸ ਥਾਂ ਤੋਂ ਚੱਲੇ ਗਏ। ਅਤੇ ਉਹ ਆਪਣੇ ਨਾਲ ਆਪਣੀਆਂ ਚੀਜ਼ਾਂ ਵੀ ਲੈ ਗਏ।
ਅਬਰਾਮ ਦੀ ਕਨਾਨ ਵਿੱਚ ਵਾਪਸੀ
13 ਇਸ ਤਰ੍ਹਾਂ, ਅਬਰਾਮ ਨੇ ਮਿਸਰ ਛੱਡ ਦਿੱਤਾ। ਅਬਰਾਮ ਆਪਣੀ ਪਤਨੀ ਅਤੇ ਆਪਣੀ ਸਾਰੀ ਮਲਕੀਅਤ ਸਮੇਤ ਨੇਗੇਵ ਵਿੱਚੋਂ ਹੌਲੇ ਲੰਘਿਆ। ਲੂਤ ਵੀ ਉਨ੍ਹਾਂ ਦੇ ਨਾਲ ਸੀ। 2 ਇਸ ਸਮੇਂ, ਅਬਰਾਮ ਬਹੁਤ ਅਮੀਰ ਸੀ। ਉਸ ਦੇ ਪਾਸ ਬਹੁਤ ਸਾਰੇ ਪਸ਼ੂ ਅਤੇ ਸੋਨਾ-ਚਾਂਦੀ ਸੀ।
3 ਅਬਰਾਮ ਆਲੇ-ਦੁਆਲੇ ਸਫ਼ਰ ਕਰਦਾ ਰਿਹਾ। ਉਸ ਨੇ ਨੇਗੇਵ ਨੂੰ ਛੱਡ ਦਿੱਤਾ ਅਤੇ ਬੈਤ-ਏਲ ਨੂੰ ਵਾਪਸ ਚੱਲਾ ਗਿਆ। ਉਹ ਉਸ ਥਾਂ ਤੇ ਚੱਲਾ ਗਿਆ ਜਿਹੜੀ ਬੈਤ-ਏਲ ਦੇ ਸ਼ਹਿਰ ਅਤੇ ਆਈ ਸ਼ਹਿਰ ਦੇ ਵਿੱਚਕਾਰ ਸੀ। ਇਹ ਓਹੀ ਥਾਂ ਸੀ ਜਿੱਥੇ ਅਬਰਾਮ ਅਤੇ ਉਸ ਦੇ ਪਰਿਵਾਰ ਨੇ ਪਹਿਲਾਂ ਵੀ ਡੇਰਾ ਲਾਇਆ ਸੀ। 4 ਇਹ ਓਹੀ ਥਾਂ ਸੀ ਜਿੱਥੇ ਅਬਰਾਮ ਨੇ ਜਗਵੇਦੀ ਉਸਾਰੀ ਸੀ। ਇਸ ਲਈ ਅਬਰਾਮ ਨੇ ਇੱਥੇ ਯਹੋਵਾਹ ਦੀ ਉਪਾਸਨਾ ਕੀਤੀ।
ਅਬਰਾਮ ਅਤੇ ਲੂਤ ਦਾ ਵਿੱਛੜਨਾ
5 ਇਸ ਸਮੇਂ ਦੌਰਾਨ, ਲੂਤ ਵੀ ਅਬਰਾਮ ਦੇ ਨਾਲ ਸਫ਼ਰ ਕਰ ਰਿਹਾ ਸੀ। ਲੂਤ ਕੋਲ ਬਹੁਤ ਸਾਰੇ ਜਾਨਵਰ ਅਤੇ ਤੰਬੂ ਸਨ। 6 ਅਬਰਾਮ ਅਤੇ ਲੂਤ ਕੋਲ ਇੰਨੇ ਜਾਨਵਰ ਸਨ ਕਿ ਉਸ ਧਰਤੀ ਉੱਤੇ ਦੋਹਾਂ ਦਾ ਗੁਜ਼ਾਰਾ ਇਕੱਠੇ ਨਹੀਂ ਹੋ ਸੱਕਦਾ ਸੀ। 7 ਕਨਾਨੀ ਲੋਕ ਅਤੇ ਪਰਿਜ਼ੀ ਲੋਕ ਵੀ ਉਸ ਵੇਲੇ ਉਸੇ ਧਰਤੀ ਉੱਤੇ ਰਹਿ ਰਹੇ ਸਨ। ਅਬਰਾਮ ਅਤੇ ਲੂਤ ਦੇ ਅਯਾਲੀਆਂ ਵਿੱਚ ਲੜਾਈ ਝਗੜਾ ਹੋਣ ਲੱਗ ਪਿਆ।
8 ਇਸ ਲਈ ਅਬਰਾਮ ਨੇ ਲੂਤ ਨੂੰ ਆਖਿਆ, “ਤੇਰੇ ਅਤੇ ਮੇਰੇ ਦਰਮਿਆਨ ਕੋਈ ਝਗੜਾ ਨਹੀਂ ਹੋਣਾ ਚਾਹੀਦਾ। ਤੇਰੇ ਬੰਦਿਆਂ ਅਤੇ ਮੇਰੇ ਬੰਦਿਆਂ ਨੂੰ ਝਗੜਨਾ ਨਹੀਂ ਚਾਹੀਦਾ। ਤੂੰ ਅਤੇ ਮੈਂ ਭਰਾ ਹਾਂ। 9 ਸਾਨੂੰ ਵੱਖ ਹੋ ਜਾਣਾ ਚਾਹੀਦਾ ਹੈ। ਤੂੰ ਜਿਹੜੀ ਵੀ ਥਾਂ ਚਾਹੇਂ ਚੁਣ ਸੱਕਦਾ ਹੈਂ। ਜੇ ਤੂੰ ਖੱਬੇ ਪਾਸੇ ਜਾਵੇਂਗਾ ਤਾਂ ਮੈਂ ਸੱਜੇ ਪਾਸੇ ਚੱਲਿਆ ਜਾਵਾਂਗਾ। ਜੇ ਤੂੰ ਸੱਜੇ ਪਾਸੇ ਜਾਵੇਂਗਾ ਤਾਂ ਮੈਂ ਖੱਬੇ ਪਾਸੇ ਚੱਲਿਆ ਜਾਵਾਂਗਾ।”
10 ਲੂਤ ਨੇ ਆਲੇ-ਦੁਆਲੇ ਨਜ਼ਰ ਮਾਰੀ ਅਤੇ ਯਰਦਨ ਦੀ ਵਾਦੀ ਦੇਖੀ। ਲੂਤ ਨੇ ਦੇਖਿਆ ਕਿ ਓੱਥੇ ਕਾਫ਼ੀ ਪਾਣੀ ਸੀ। (ਇਹ ਗੱਲ ਯਹੋਵਾਹ ਦੇ ਸਦੂਮ ਅਤੇ ਅਮੂਰਾਹ ਨੂੰ ਤਬਾਹ ਕਰਨ ਤੋਂ ਪਹਿਲਾਂ ਦੀ ਹੈ।) ਉਸ ਸਮੇਂ ਯਰਦਨ ਵਾਦੀ ਸੋਆਰ ਤੱਕ ਯਹੋਵਾਹ ਦੇ ਬਾਗ ਵਾਂਗ ਫੈਲੀ ਹੋਈ ਸੀ। ਇਹ ਧਰਤੀ ਮਿਸਰ ਦੇ ਵਾਂਗ ਚੰਗੀ ਸੀ। 11 ਇਸ ਲਈ ਲੂਤ ਨੇ ਯਰਦਨ ਦੀ ਵਾਦੀ ਵਿੱਚ ਰਹਿਣ ਦੀ ਚੋਣ ਕੀਤੀ। ਦੋਵੇਂ ਆਦਮੀ ਵੱਖ ਹੋ ਗਏ ਅਤੇ ਲੂਤ ਪੂਰਬ ਵੱਲ ਚੱਲ ਪਿਆ। 12 ਅਬਰਾਮ ਕਨਾਨ ਦੀ ਧਰਤੀ ਉੱਤੇ ਠਹਿਰ ਗਿਆ ਅਤੇ ਲੂਤ ਵਾਦੀ ਦੇ ਸ਼ਹਿਰਾਂ ਅੰਦਰ ਰਹਿਣ ਲੱਗਾ। ਲੂਤ ਦੂਰ ਦੱਖਣ ਵੱਲ ਸਦੂਮ ਨੂੰ ਚੱਲਾ ਗਿਆ ਅਤੇ ਓੱਥੇ ਹੀ ਆਪਣਾ ਡੇਰਾ ਲਾ ਲਿਆ। 13 ਯਹੋਵਾਹ ਜਾਣਦਾ ਸੀ ਕਿ ਸਦੂਮ ਦੇ ਲੋਕ ਬਹੁਤ ਬਦ ਅਤੇ ਪਾਪੀ ਸਨ।
14 ਲੂਤ ਦੇ ਚੱਲੇ ਜਾਣ ਤੋਂ ਬਾਦ, ਯਹੋਵਾਹ ਨੇ ਅਬਰਾਮ ਨੂੰ ਆਖਿਆ, “ਆਪਣੇ ਆਲੇ-ਦੁਆਲੇ ਦੇਖ, ਉੱਤਰ ਵੱਲ ਅਤੇ ਦੱਖਣ ਵੱਲ ਦੇਖ, ਅਤੇ ਪੂਰਬ ਅਤੇ ਪੱਛਮ ਵੱਲ ਦੇਖ। 15 ਇਹ ਸਾਰੀ ਧਰਤੀ ਜਿਹੜੀ ਤੂੰ ਦੇਖ ਰਿਹਾ ਹੈਂ, ਮੈਂ ਤੈਨੂੰ ਅਤੇ ਤੇਰੇ ਉੱਤਰਾਧਿਕਾਰੀਆਂ ਨੂੰ ਦੇ ਦੇਵਾਂਗਾ। ਇਹ ਹਮੇਸ਼ਾ ਤੁਹਾਡੀ ਹੀ ਰਹੇਗੀ। 16 ਮੈਂ ਤੁਹਾਡੇ ਬੰਦਿਆਂ ਦੀ ਗਿਣਤੀ ਵਿੱਚ ਇੰਨਾ ਵਾਧਾ ਕਰ ਦਿਆਂਗਾ ਜਿੰਨੀ ਧਰਤੀ ਉੱਤੇ ਧੂੜ ਹੈ। ਜੇ ਲੋਕੀ ਸਾਰੀ ਧਰਤੀ ਦੀ ਧੂੜ ਨੂੰ ਗਿਣ ਸੱਕਦੇ ਹਨ ਤਾਂ ਉਹ ਤੇਰੇ ਲੋਕਾਂ ਦੀ ਗਿਣਤੀ ਵੀ ਕਰ ਸੱਕਣਗੇ। 17 ਇਸ ਲਈ ਜਾਓ। ਆਪਣੀ ਧਰਤੀ ਦੀ ਲੰਬਾਈ ਅਤੇ ਚੌੜਾਈ ਦੁਆਲੇ ਚੱਲੋ, ਕਿਉਂਕਿ ਮੈਂ ਇਹ ਤੁਹਾਨੂੰ ਦੇ ਦੇਵਾਂਗਾ।”
18 ਇਸ ਤਰ੍ਹਾਂ ਅਬਰਾਮ ਨੇ ਆਪਣਾ ਤੰਬੂ ਪੁੱਟ ਲਿਆ। ਉਹ ਮਮਰੇ ਦੇ ਵੱਡੇ ਰੁੱਖਾਂ ਨੇੜੇ ਜਾਕੇ ਰਹਿਣ ਲੱਗ ਪਿਆ। ਇਹ ਥਾਂ ਹਬਰੋਨ ਸ਼ਹਿਰ ਦੇ ਨੇੜੇ ਸੀ। ਉਸ ਥਾਂ ਉੱਤੇ ਵੀ ਅਬਰਾਮ ਨੇ ਯਹੋਵਾਹ ਦੀ ਉਪਾਸਨਾ ਲਈ ਇੱਕ ਜਗਵੇਦੀ ਉਸਾਰੀ।
ਲੂਤ ਫ਼ੜਿਆ ਜਾਂਦਾ ਹੈ
14 ਅਮਰਾਫਲ ਸਿਨਾਰ ਦਾ ਰਾਜਾ ਸੀ। ਅਰਯੋਕ ਅੱਲਾਸਾਰ ਦਾ ਰਾਜਾ ਸੀ। ਕਦਾਰਲਾਓਮਰ ਏਲਾਮ ਦਾ ਰਾਜਾ ਸੀ। ਅਤੇ ਤਿਦਾਲ ਗੋਈਮ ਦਾ ਰਾਜਾ ਸੀ। 2 ਇਨ੍ਹਾਂ ਸਾਰੇ ਰਾਜਿਆਂ ਨੇ ਸਦੂਮ ਦੇ ਰਾਜੇ ਬਰਾ, ਅਮੂਰਾਹ ਦੇ ਰਾਜੇ ਬਿਰਸਾ, ਅਦਮਾਹ ਦੇ ਰਾਜੇ ਸਿਨਾਬ, ਸਬੋਈਮ ਦੇ ਰਾਜੇ ਸਮੇਬਰ ਅਤੇ ਬਲਾ ਦੇ ਰਾਜੇ ਨਾਲ ਜੰਗ ਲੜੀ। (ਬਲਾ ਨੂੰ ਸੋਅਰ ਵੀ ਆਖਿਆ ਜਾਂਦਾ ਹੈ।)
3 ਇਨ੍ਹਾਂ ਸਾਰੇ ਰਾਜਿਆਂ ਨੇ ਸਿੱਦੀਮ ਦੀ ਵਾਦੀ ਵਿੱਚ ਆਪਣੀਆਂ ਫ਼ੌਜਾਂ ਇਕੱਠੀਆਂ ਕਰ ਲਈਆਂ। (ਸਿੱਦੀਮ ਦੀ ਵਾਦੀ ਅੱਜ ਕੱਲ੍ਹ ਖਾਰਾ ਸਮੁੰਦਰ ਹੈ।) 4 ਇਨ੍ਹਾਂ ਰਾਜਿਆਂ ਨੇ ਕਦਾਰਲਾਓਮਰ ਦੀ ਬਾਰ੍ਹਾਂ ਵਰ੍ਹੇ ਤੱਕ ਸੇਵਾ ਕੀਤੀ ਸੀ। ਪਰ ਤੇਰ੍ਹਵੇਂ ਵਰ੍ਹੇ ਵਿੱਚ ਇਨ੍ਹਾਂ ਸਾਰਿਆਂ ਨੇ ਉਸ ਦੇ ਵਿਰੁੱਧ ਬਗਾਵਤ ਕਰ ਦਿੱਤੀ। 5 ਇਸ ਲਈ ਚੌਦਵੇਂ ਵਰ੍ਹੇ ਵਿੱਚ ਰਾਜਾ ਕਦਾਰਲਾਓਮਰ ਅਤੇ ਉਸ ਦੇ ਨਾਲ ਦੇ ਰਾਜੇ ਉਨ੍ਹਾਂ ਨਾਲ ਲੜਨ ਲਈ ਆ ਗਏ। ਕਦਾਰਲਾਓਮਰ ਅਤੇ ਉਸ ਦੇ ਸਾਥੀ ਰਾਜਿਆਂ ਨੇ ਰਫ਼ਾਈਆਂ ਲੋਕਾਂ ਨੂੰ ਅਸਤਰੋਥ ਕਰਨਇਮ ਵਿਖੇ ਹਰਾ ਦਿੱਤਾ। ਉਨ੍ਹਾਂ ਨੇ ਜ਼ੂਜ਼ੀਆ ਲੋਕਾਂ ਨੂੰ ਵੀ ਹਾਮ ਵਿੱਚ ਹਰਾ ਦਿੱਤਾ। ਉਨ੍ਹਾਂ ਨੇ ਏਮੀਆਂ ਲੋਕਾਂ ਨੂੰ ਸਾਵੇਹ ਕਿਰਯਾਤਇਮ ਵਿਖੇ ਹਰਾ ਦਿੱਤਾ। 6 ਉਨ੍ਹਾਂ ਨੇ ਹੋਰੀ ਲੋਕਾਂ ਨੂੰ ਹਰਾ ਦਿੱਤਾ ਜਿਹੜੇ ਪਹਾੜੀ ਪ੍ਰਦੇਸ਼ ਸੇਈਰ ਤੋਂ ਲੈ ਕੇ ਏਲ-ਪਾਰਾਨ ਦੇ ਇਲਾਕੇ ਤਾਈ ਰਹਿੰਦੇ ਸਨ। (ਏਲ ਪਾਰਾਨ ਮਾਰੂਥਲ ਦੇ ਨੇੜੇ ਹੈ।) 7 ਫ਼ੇਰ ਰਾਜਾ ਕਦਾਰਲਾਓਮਰ ਵਾਪਸ ਮੁੜ ਪਿਆ ਅਤੇ ਏਲ ਮਿਸਪਾਟ (ਜਿਹੜਾ ਕਿ ਕਾਦੇਸ ਹੈ) ਵੱਲ ਚੱਲਾ ਗਿਆ ਅਤੇ ਅਮਾਲੇਕੀਆਂ ਦੇ ਇਲਾਕੇ ਨੂੰ ਜਿੱਤ ਲਿਆ। ਉਸ ਨੇ ਹਸਿਸੋਨ ਤਾਮਰ ਵਿੱਚ ਰਹਿੰਦੇ ਅਮੋਰੀ ਲੋਕਾਂ ਨੂੰ ਵੀ ਹਰਾ ਦਿੱਤਾ।
8 ਉਸ ਸਮੇਂ ਸਦੂਮ ਦਾ ਰਾਜਾ, ਅਮੂਰਾਹ ਦਾ ਰਾਜਾ, ਅਦਮਾਹ ਦਾ ਰਾਜਾ, ਸਬੋਈਮ ਦਾ ਰਾਜਾ ਅਤੇ ਬਲਾ (ਸੋਅਰ) ਦਾ ਰਾਜਾ ਸਾਰੇ ਇੱਕ ਦੂਜੇ ਨਾਲ ਰਲ ਗਏ ਅਤੇ ਆਪਣੇ ਦੁਸ਼ਮਣਾਂ ਨਾਲ ਲੜਨ ਲਈ ਗਏ। ਉਹ ਜੰਗ ਕਰਨ ਲਈ ਸਿੱਦੀਮ ਦੀ ਵਾਦੀ ਵਿੱਚ ਗਏ। 9 ਉਨ੍ਹਾਂ ਨੇ ਏਲਾਮ ਦੇ ਰਾਜੇ ਕਦਾਰਲਾਓਮਰ, ਗੋਈਮ ਦੇ ਰਾਜੇ ਤਿਦਾਲ, ਸਿਨਾਰ ਦੇ ਰਾਜੇ ਅਮਰਾਫਲ ਅਤੇ ਅੱਲਾਸਾਰ ਦੇ ਰਾਜੇ ਅਰਯੋਕ ਦੇ ਖ਼ਿਲਾਫ਼ ਜੰਗ ਕੀਤੀ। ਇਸ ਤਰ੍ਹਾਂ ਪੰਜਾਂ ਨਾਲ ਜੰਗ ਕਰਨ ਵਾਲੇ ਚਾਰ ਰਾਜੇ ਸਨ।
10 ਸਿੱਦੀਮ ਦੀ ਵਾਦੀ ਵਿੱਚ ਲੁੱਕ ਨਾਲ ਭਰੀਆਂ ਹੋਈਆਂ ਅਨੇਕਾਂ ਖੱਡਾਂ ਸਨ। ਸਦੂਮ ਅਤੇ ਅਮੂਰਾਹ ਦੇ ਰਾਜੇ ਅਤੇ ਉਨ੍ਹਾਂ ਦੀਆਂ ਫ਼ੌਜਾਂ ਭੱਜ ਗਈਆਂ। ਬਹੁਤ ਸਾਰੇ ਸਿਪਾਹੀ ਇਨ੍ਹਾਂ ਖੱਡਾਂ ਵਿੱਚ ਡਿੱਗ ਪਏ। ਪਰ ਦੂਸਰੇ ਪਹਾੜਾਂ ਵੱਲ ਨੱਸ ਗਏ।
11 ਇਸ ਤਰ੍ਹਾਂ, ਉਨ੍ਹਾਂ ਦੇ ਦੁਸ਼ਮਣਾਂ ਨੇ ਸਦੂਮ ਅਤੇ ਅਮੂਰਾਹ ਦੇ ਲੋਕਾਂ ਦੀਆਂ ਸਾਰੀਆਂ ਚੀਜ਼ਾਂ ਖੋਹ ਲਈਆਂ। ਉਨ੍ਹਾਂ ਨੇ ਉਨ੍ਹਾਂ ਦਾ ਸਾਰਾ ਭੋਜਨ ਖੋਹ ਲਿਆ ਅਤੇ ਚੱਲੇ ਗਏ। 12 ਅਬਰਾਮ ਦਾ ਭਤੀਜਾ ਲੂਤ, ਸਦੂਮ ਵਿੱਚ ਰਹਿ ਰਿਹਾ ਸੀ ਅਤੇ ਦੁਸ਼ਮਣਾਂ ਨੇ ਉਸ ਨੂੰ ਬੰਦੀ ਬਣਾ ਲਿਆ। ਦੁਸ਼ਮਣ ਨੇ ਉਸ ਦੀਆਂ ਸਾਰੀਆਂ ਚੀਜ਼ਾਂ ਲੈ ਲਈਆਂ। 13 ਉਨ੍ਹਾਂ ਵਿੱਚੋਂ ਇੱਕ ਆਦਮੀ ਜਿਹੜਾ ਫ਼ੜਿਆ ਨਹੀਂ ਗਿਆ ਸੀ, ਅਬਰਾਮ ਇਬਰਾਨੀ ਵੱਲ ਗਿਆ ਅਤੇ ਉਸ ਨੂੰ ਜਾਕੇ ਸਾਰਾ ਹਾਲ ਦੱਸਿਆ। ਅਬਰਾਮ ਦਾ ਡੇਰਾ ਉਨ੍ਹਾਂ ਰੁੱਖਾਂ ਦੇ ਲਾਗੇ ਸੀ ਜੋ ਮਮਰੇ ਅਮੋਰੀ ਦੇ ਸਨ। ਮਮਰੇ, ਅਸ਼ਕੋਲ ਅਤੇ ਆਨੇਰ ਨੇ ਅਬਰਾਮ ਨਾਲ ਇੱਕ ਦੂਸਰੇ ਦੀ ਸਹਾਇਤਾ ਕਰਨ ਦਾ ਇਕਰਾਰਨਾਮਾ ਕੀਤਾ ਹੋਇਆ ਸੀ।
ਅਬਰਾਮ ਦਾ ਲੂਤ ਨੂੰ ਛੁਡਾਉਣਾ
14 ਅਬਰਾਮ ਨੂੰ ਪਤਾ ਚੱਲਿਆ ਕਿ ਲੂਤ ਫ਼ੜਿਆ ਗਿਆ ਸੀ। ਇਸ ਲਈ ਅਬਰਾਮ ਨੇ ਆਪਣੇ ਸਾਰੇ ਪਰਿਵਾਰ ਨੂੰ ਇਕੱਠਾ ਕਰ ਲਿਆ। ਉਸ ਵਿੱਚ 318 ਸਿਖਿਅਤ ਫ਼ੌਜੀ ਸਨ। ਅਬਰਾਮ ਨੇ ਇਨ੍ਹਾਂ ਆਦਮੀਆਂਂ ਦੀ ਅਗਵਾਈ ਕੀਤੀ ਅਤੇ ਦੁਸ਼ਮਣ ਨੂੰ ਦਾਨ ਸ਼ਹਿਰ ਤੱਕ ਭਜਾ ਦਿੱਤਾ। 15 ਉਸ ਰਾਤ ਉਸ ਨੇ ਅਤੇ ਉਸ ਦੇ ਆਦਮੀਆਂ ਨੇ ਦੁਸ਼ਮਣ ਉੱਤੇ ਅਚਾਨਕ ਹਮਲਾ ਕਰ ਦਿੱਤਾ। ਉਨ੍ਹਾਂ ਨੇ ਦੁਸ਼ਮਣ ਨੂੰ ਹਰਾ ਦਿੱਤਾ ਅਤੇ ਉਸਨੂ ਹੋਬਾਹ, ਦਮਿਸੱਕ ਦੇ ਉੱਤਰ ਵੱਲ ਭਜਾ ਦਿੱਤਾ। 16 ਫ਼ੇਰ ਅਬਰਾਮ ਨੇ ਉਹ ਸਾਰੀਆਂ ਚੀਜ਼ਾਂ ਵਾਪਸ ਲਿਆਂਦੀਆਂ ਜਿਹੜੀਆਂ ਦੁਸ਼ਮਣ ਨੇ ਲੁੱਟ ਲਈਆਂ ਸਨ। ਅਬਰਾਮ ਔਰਤਾਂ, ਨੌਕਰਾਂ, ਲੂਤ ਅਤੇ ਲੂਤ ਦੀ ਹਰ ਸ਼ੈਅ ਨੂੰ ਵਾਪਸ ਲੈ ਆਇਆ।
17 ਫ਼ੇਰ ਅਬਰਾਮ ਕਦਾਰਲਾਓਮਰ ਅਤੇ ਉਸ ਦੇ ਨਾਲ ਜੁੜੇ ਰਾਜਿਆਂ ਨੂੰ ਹਰਾਉਣ ਤੋਂ ਬਾਦ ਘਰ ਪਰਤ ਆਇਆ। ਜਦੋਂ ਉਹ ਘਰ ਵਾਪਸ ਚੱਲਾ ਗਿਆ, ਸਦੂਮ ਦਾ ਰਾਜਾ ਉਸ ਨੂੰ ਸ਼ਾਵੇਹ ਦੀ ਵਾਦੀ (ਇਸ ਨੂੰ ਹੁਣ ਰਾਜੇ ਦੀ ਵਾਦੀ ਆਖਿਆ ਜਾਂਦਾ ਹੈ।) ਵਿੱਚ ਮਿਲਣ ਆਇਆ।
ਮਲਕਿ-ਸਿਦਕ
18 ਸਾਲੇਮ ਦਾ ਰਾਜਾ, ਮਲਕਿ-ਸਿਦਕ ਵੀ ਅਬਰਾਮ ਨੂੰ ਮਿਲਣ ਲਈ ਗਿਆ। ਮਲਕਿ-ਸਿਦਕ ਸਰਬ ਉੱਚ ਪਰਮੇਸ਼ੁਰ ਦਾ ਜਾਜਕ ਸੀ। ਮਲਕਿ-ਸਿਦਕ ਰੋਟੀ ਤੇ ਮੈਅ ਲੈ ਕੇ ਆਇਆ। 19 ਮਲਕਿ-ਸਿਦਕ ਨੇ ਅਬਰਾਮ ਨੂੰ ਅਸੀਸ ਦਿੱਤੀ ਅਤੇ ਆਖਿਆ,
“ਅਬਰਾਮ, ਸਰਬ ਉੱਚ ਪਰਮੇਸ਼ੁਰ ਤੈਨੂੰ ਅਸੀਸ ਦੇਵੇ।
ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਸਾਜਿਆ।
20 ਅਤੇ ਅਸੀਂ ਸਰਬ ਉੱਚ ਪਰਮੇਸ਼ੁਰ ਦੀ ਉਸਤਤ ਕਰਦੇ ਹਾਂ।
ਪਰਮੇਸ਼ੁਰ ਨੇ ਤੇਰੇ ਦੁਸ਼ਮਣਾਂ ਨੂੰ ਹਰਾਉਣ ਵਿੱਚ ਤੇਰੀ ਸਹਾਇਤਾ ਕੀਤੀ।”
ਫ਼ੇਰ ਅਬਰਾਮ ਨੇ ਮਲਕਿ-ਸਿਦਕ ਨੂੰ ਜੰਗ ਵਿੱਚ ਜਿੱਤੀ ਹੋਈ ਹਰ ਚੀਜ਼ ਦਾ ਦਸਵੰਧ ਕੱਢ ਕੇ ਦਿੱਤਾ। 21 ਸਦੂਮ ਦੇ ਰਾਜੇ ਨੇ ਅਬਰਾਮ ਨੂੰ ਆਖਿਆ, “ਤੂੰ ਇਹ ਸਾਰੀਂ ਚੀਜ਼ਾਂ ਆਪਣੇ ਲਈ ਰੱਖ ਸੱਕਦਾ ਹੈਂ। ਮੈਨੂੰ ਸਿਰਫ਼ ਮੇਰੇ ਉਹ ਲੋਕ ਵਾਪਸ ਕਰ ਦੇ ਜਿਨ੍ਹਾਂ ਨੂੰ ਦੁਸ਼ਮਣ ਫ਼ੜ ਕੇ ਲੈ ਗਏ ਸੀ।”
22 ਪਰ ਅਬਰਾਮ ਨੇ ਸਦੂਮ ਦੇ ਰਾਜੇ ਨੂੰ ਆਖਿਆ, “ਮੈਂ ਯਹੋਵਾਹ ਸਰਬ ਉੱਚ ਪਰਮੇਸ਼ੁਰ ਅੱਗੇ ਇਕਰਾਰ ਕਰਦਾ ਹਾਂ, ਜਿਸਨੇ ਧਰਤੀ ਤੇ ਅਕਾਸ਼ ਨੂੰ ਸਾਜਿਆ 23 ਮੈਂ ਇਕਰਾਰ ਕਰਦਾ ਹਾਂ ਕਿ ਮੈਂ ਕੋਈ ਵੀ ਉਹ ਚੀਜ਼ ਨਹੀਂ ਰੱਖਾਂਗਾ ਜਿਹੜੀ ਤੇਰੀ ਹੈ-ਕੋਈ ਧਾਗਾ ਜਾਂ ਤਸਮਾ ਵੀ ਨਹੀਂ। ਮੈਂ ਨਹੀਂ ਚਾਹੁੰਦਾ ਕਿ ਤੂੰ ਇਹ ਆਖੇਂ, ‘ਮੈਂ ਅਬਰਾਮ ਨੂੰ ਅਮੀਰ ਬਣਾਇਆ।’ 24 ਸਿਰਫ਼ ਇੱਕੋ ਚੀਜ਼ ਜਿਹੜੀ ਮੈਂ ਪ੍ਰਵਾਨ ਕਰਾਂਗਾ ਉਹ ਭੋਜਨ ਹੈ ਜਿਹੜਾ ਮੇਰੇ ਜਵਾਨਾਂ ਨੇ ਖਾਧਾ ਹੈ। ਪਰ ਤੈਨੂੰ ਚਾਹੀਦਾ ਹੈ ਕਿ ਹੋਰਨਾਂ ਆਦਮੀਆਂ ਨੂੰ ਉਨ੍ਹਾਂ ਦਾ ਹਿੱਸਾ ਦੇ ਦੇਵੇ। ਉਹ ਚੀਜ਼ਾਂ ਲੈ ਲਵੋ ਜਿਹੜੀਆਂ ਅਸੀਂ ਜੰਗ ਵਿੱਚ ਜਿੱਤੀਆਂ ਹਨ ਅਤੇ ਕੁਝ ਆਨੇਰ, ਅਸ਼ਕੋਲ ਅਤੇ ਮਮਰੇ ਨੂੰ ਦੇ ਦੇਵੋ। ਇਨ੍ਹਾਂ ਆਦਮੀਆਂ ਨੇ ਮੇਰੀ ਜੰਗ ਵਿੱਚ ਸਹਾਇਤਾ ਕੀਤੀ ਸੀ।”
ਪਰਮੇਸ਼ੁਰ ਦਾ ਅਬਰਾਮ ਨਾਲ ਇਕਰਾਰਨਾਮਾ
15 ਇਨ੍ਹਾਂ ਗੱਲਾਂ ਦੇ ਵਾਪਰਨ ਤੋਂ ਬਾਦ, ਅਬਰਾਮ ਨੂੰ ਯਹੋਵਾਹ ਦੇ ਸ਼ਬਦ ਦਾ ਦਰਸ਼ਨ ਹੋਇਆ। ਪਰਮੇਸ਼ੁਰ ਨੇ ਆਖਿਆ, “ਅਬਰਾਮ, ਡਰੀਂ ਨਾ। ਮੈਂ ਤੇਰੀ ਰੱਖਿਆ ਕਰਾਂਗਾ। ਅਤੇ ਮੈਂ ਤੈਨੂੰ ਬਹੁਤ ਵੱਡਾ ਇਨਾਮ ਦੇਵਾਂਗਾ।”
2 ਪਰ ਅਬਰਾਮ ਨੇ ਆਖਿਆ, “ਯਹੋਵਾਹ ਪਰਮੇਸ਼ੁਰ, ਇੱਥੇ ਕੋਈ ਵੀ ਅਜਿਹੀ ਸ਼ੈਅ ਨਹੀਂ ਜਿਹੜੀ ਮੈਨੂੰ ਦੇ ਸੱਕੇ ਅਤੇ ਜਿਹੜੀ ਮੈਨੂੰ ਖੁਸ਼ੀ ਦੇ ਸੱਕੇ। ਕਿਉਂਕਿ ਮੇਰਾ ਕੋਈ ਪੁੱਤਰ ਨਹੀਂ। ਇਸ ਲਈ ਮੇਰਾ ਦਮਿਸੱਕ ਵਾਲਾ ਗੁਲਾਮ, ਅਲੀਅਜ਼ਰ ਮੇਰੀ ਮੌਤ ਤੋਂ ਬਾਦ ਮੇਰੀਆਂ ਸਾਰੀਆਂ ਚੀਜ਼ਾਂ ਦਾ ਵਾਰਿਸ ਹੋਵੇਗਾ।” 3 ਅਬਰਾਮ ਨੇ ਆਖਿਆ, “ਤੂੰ ਮੈਨੂੰ ਪੁੱਤਰ ਨਹੀਂ ਦਿੱਤਾ। ਇਸ ਲਈ ਮੇਰੇ ਘਰ ਵਿੱਚ ਪੈਦਾ ਹੋਣ ਵਾਲਾ ਗੁਲਾਮ ਹੀ ਮੇਰੀ ਹਰ ਸ਼ੈਅ ਦਾ ਵਾਰਿਸ ਹੋਵੇਗਾ।”
4 ਫ਼ੇਰ ਯਹੋਵਾਹ ਨੇ ਅਬਰਾਮ ਨਾਲ ਗੱਲ ਕੀਤੀ। ਪਰਮੇਸ਼ੁਰ ਨੇ ਆਖਿਆ। “ਉਹ ਗੁਲਾਮ ਤੇਰੀਆਂ ਚੀਜ਼ਾਂ ਦਾ ਵਾਰਿਸ ਨਹੀਂ ਹੋਵੇਗਾ। ਤੇਰੇ ਘਰ ਪੁੱਤਰ ਹੋਵੇਗਾ ਅਤੇ ਤੇਰਾ ਪੁੱਤਰ ਤੇਰੀਆਂ ਸਾਰੀਆਂ ਚੀਜ਼ਾਂ ਦਾ ਵਾਰਿਸ ਹੋਵੇਗਾ।”
5 ਫ਼ੇਰ ਪਰਮੇਸ਼ੁਰ ਅਬਰਾਮ ਨੂੰ ਬਾਹਰ ਲੈ ਗਿਆ। ਪਰਮੇਸ਼ੁਰ ਨੇ ਆਖਿਆ, “ਅਕਾਸ਼ ਵੱਲ ਦੇਖ। ਬਹੁਤ ਸਾਰੇ ਤਾਰਿਆਂ ਵੱਲ ਦੇਖ। ਇਹ ਇੰਨੇ ਹਨ ਕਿ ਤੂੰ ਇਨ੍ਹਾਂ ਨੂੰ ਗਿਣ ਨਹੀਂ ਸੱਕਦਾ। ਭਵਿੱਖ ਵਿੱਚ ਤੇਰਾ ਪਰਿਵਾਰ ਵੀ ਇਸੇ ਤਰ੍ਹਾਂ ਹੋਵੇਗਾ।”
6 ਅਬਰਾਮ ਨੇ ਯਹੋਵਾਹ ਵਿੱਚ ਯਕੀਨ ਕੀਤਾ ਅਤੇ ਉਸ ਨੇ ਉਸ ਨੂੰ ਭਰੋਸਾ ਕਰਨ ਦੇ ਯੋਗ ਮੰਨਿਆ। 7 ਪਰਮੇਸ਼ੁਰ ਨੇ ਅਬਰਾਮ ਨੂੰ ਆਖਿਆ, “ਮੈਂ ਹੀ ਉਹ ਯਹੋਵਾਹ ਹਾਂ ਜਿਸਨੇ ਤੈਨੂੰ ਕਸਦੀਆਂ ਦੇ ਊਰ ਵਿੱਚੋਂ ਬਾਹਰ ਲਿਆਂਦਾ। ਅਜਿਹਾ ਮੈਂ ਇਸ ਲਈ ਕੀਤਾ ਤਾਂ ਜੋ ਤੈਨੂੰ ਇਹ ਜ਼ਮੀਨ ਦੇ ਸੱਕਾਂ-ਤੂੰ ਇਸ ਜ਼ਮੀਨ ਦਾ ਮਾਲਕ ਹੋਵੇਂਗਾ।”
8 ਪਰ ਅਬਰਾਮ ਨੇ ਆਖਿਆ, “ਯਹੋਵਾਹ ਮੇਰੇ ਸੁਆਮੀ, ਮੈਂ ਕਿਵੇਂ ਯਕੀਨ ਕਰਾਂ ਕਿ ਮੈਨੂੰ ਇਹ ਜ਼ਮੀਨ ਮਿਲੇਗੀ?”
9 ਪਰਮੇਸ਼ੁਰ ਨੇ ਅਬਰਾਮ ਨੂੰ ਆਖਿਆ, “ਅਸੀਂ ਇੱਕ ਇਕਰਾਰਨਾਮਾ ਕਰਾਂਗੇ ਮੇਰੇ ਲਈ ਤਿੰਨ ਵਰ੍ਹਿਆਂ ਦੀ ਇੱਕ ਗਾਂ, ਤਿੰਨ ਵਰ੍ਹਿਆਂ ਦੀ ਇੱਕ ਬੱਕਰੀ, ਤਿੰਨ ਵਰ੍ਹਿਆਂ ਦੀ ਇੱਕ ਭੇਡ ਅਤੇ ਇੱਕ ਘੁੱਗੀ ਅਤੇ ਕਬੂਤਰ ਵੀ ਲੈ ਕੇ ਆ।”
10 ਅਬਰਾਮ ਪਰਮੇਸ਼ੁਰ ਲਈ ਇਹ ਸਾਰੀਆਂ ਚੀਜ਼ਾਂ ਲੈ ਆਇਆ। ਅਬਰਾਮ ਨੇ ਇਨ੍ਹਾਂ ਜਾਨਵਰਾਂ ਨੂੰ ਦੋ ਟੁਕੜਿਆਂ ਵਿੱਚ ਵੱਢਿਆ। ਫ਼ੇਰ ਅਬਰਾਮ ਨੇ ਦੋਵੇਂ ਅੱਧੇ ਹਿਸਿਆਂ ਨੂੰ ਇੱਕ ਦੂਸਰੇ ਦੇ ਸਾਹਮਣੇ ਧਰ ਦਿੱਤਾ। ਅਬਰਾਮ ਨੇ ਪੰਛੀਆਂ ਦੇ ਟੋਟੇ ਨਹੀਂ ਕੀਤੇ। 11 ਬਾਦ ਵਿੱਚ ਵੱਡੇ ਪੰਛੀ ਪਸ਼ੂਆਂ ਨੂੰ ਖਾਣ ਲਈ ਹੇਠਾਂ ਉੱਤਰ ਆਏ। ਪਰ ਅਬਰਾਮ ਨੇ ਉਨ੍ਹਾਂ ਨੂੰ ਦੂਰ ਭਜਾ ਦਿੱਤਾ।
12 ਬਾਦ ਵਿੱਚ ਦਿਨ ਛਿਪਣ ਲੱਗਾ। ਅਬਰਾਮ ਨੂੰ ਬਹੁਤ ਨੀਂਦ ਆਈ ਅਤੇ ਉਹ ਸੌਂ ਗਿਆ। ਜਦੋਂ ਉਹ ਸੁੱਤਾ ਹੋਇਆ ਸੀ ਤਾਂ ਇੱਕ ਭਿਆਨਕ ਹਨੇਰਾ ਛਾ ਗਿਆ। 13 ਫ਼ੇਰ ਯਹੋਵਾਹ ਨੇ ਅਬਰਾਮ ਨੂੰ ਆਖਿਆ, “ਤੈਨੂੰ ਇਹ ਗੱਲਾਂ ਜਾਣ ਲੈਣੀਆਂ ਚਾਹੀਦੀਆਂ ਹਨ: ਤੇਰੇ ਉੱਤਰਾਧਿਕਾਰੀ ਅਜਿਹੇ ਦੇਸ਼ ਵਿੱਚ ਰਹਿਣਗੇ ਜਿਹੜਾ ਉਨ੍ਹਾਂ ਦਾ ਆਪਣਾ ਨਹੀਂ ਹੋਵੇਗਾ। ਉਹ ਉੱਥੇ ਅਜਨਬੀ ਹੋਣਗੇ। ਅਤੇ ਉੱਥੋਂ ਦੇ ਲੋਕ ਉਨ੍ਹਾਂ ਨੂੰ ਗੁਲਾਮ ਬਣਾ ਲੈਣਗੇ ਅਤੇ ਉਨ੍ਹਾਂ ਨਾਲ 400 ਵਰ੍ਹਿਆਂ ਤੱਕ ਬੁਰਾ ਸਲੂਕ ਕਰਨਗੇ। 14 ਪਰ ਫ਼ੇਰ ਮੈਂ ਉਸ ਕੌਮ ਨੂੰ ਸਜ਼ਾ ਦੇਵਾਂਗਾ ਜਿਸਨੇ ਉਨ੍ਹਾਂ ਨੂੰ ਗੁਲਾਮ ਬਣਾਇਆ ਹੋਵੇਗਾ। ਤੇਰੇ ਲੋਕ ਉਸ ਧਰਤੀ ਨੂੰ ਛੱਡ ਜਾਣਗੇ ਅਤੇ ਆਪਣੇ ਨਾਲ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਲੈ ਜਾਣਗੇ।
15 “ਤੂੰ ਖੁਦ ਬਹੁਤ ਲੰਮੀ ਉਮਰ ਭੋਗੇਂਗਾ। ਤੂੰ ਅਮਨ ਚੈਨ ਨਾਲ ਮਰੇਂਗਾ। ਅਤੇ ਤੈਨੂੰ ਤੇਰੇ ਪਰਿਵਾਰ ਨਾਲ ਦਫ਼ਨਾਇਆ ਜਾਵੇਗਾ। 16 ਚਾਰ ਪੀੜੀਆਂ ਬਾਦ ਤੇਰੇ ਲੋਕ ਇਸ ਧਰਤੀ ਉੱਤੇ ਫ਼ੇਰ ਆਉਣਗੇ। ਉਸ ਸਮੇਂ, ਤੇਰੇ ਲੋਕ ਅਮੋਰੀਆਂ ਨੂੰ ਹਰਾ ਦੇਣਗੇ। ਮੈਂ ਤੁਹਾਡੇ ਲੋਕਾਂ ਦੇ ਰਾਹੀਂ ਇੱਥੇ ਰਹਿਣ ਵਾਲੇ ਅਮੋਰੀਆਂ ਨੂੰ ਸਜ਼ਾ ਦੇਵਾਂਗਾ। ਇਹ ਗੱਲ ਭਵਿੱਖ ਵਿੱਚ ਹੋਵੇਗੀ, ਕਿਉਂਕਿ ਅਮੋਰੀ ਲੋਕ ਹਾਲੇ ਇਨੇ ਪਾਪੀ ਨਹੀਂ ਕਿ ਸਜ਼ਾ ਦੇ ਭਾਗੀ ਹੋਣ।”
17 ਸੂਰਜ ਛੁਪਣ ਤੋਂ ਬਾਦ, ਬਹੁਤ ਹਨੇਰਾ ਹੋ ਗਿਆ। ਮੁਰਦਾ ਜਾਨਵਰ ਹਾਲੇ ਵੀ ਧਰਤੀ ਉੱਤੇ ਪਏ ਸਨ-ਹਰੇਕ ਜਾਨਵਰ ਦੋ ਹਿਸਿਆਂ ਵਿੱਚ ਵੰਡਿਆ ਹੋਇਆ ਸੀ। ਉਸ ਵੇਲੇ, ਮਰੇ ਹੋਏ ਜਾਨਵਰਾਂ ਦੇ ਅੱਧੇ ਟੋਟਿਆਂ ਦੇ ਵਿੱਚਕਾਰੋਂ ਅੱਗ ਅਤੇ ਧੂੰਏਂ ਦੀ ਲਕੀਰ [a] ਨਿਕਲੀ।
18 ਇਸ ਲਈ ਉਸ ਦਿਨ, ਯਹੋਵਾਹ ਨੇ ਅਬਰਾਮ ਨਾਲ ਇਹ ਆਖਦਿਆਂ ਹੋਇਆਂ ਇਕਰਾਰ ਕੀਤਾ, “ਮੈਂ ਇਹ ਧਰਤੀ ਤੇਰੇ ਉੱਤਰਾਧਿਕਾਰੀਆਂ ਨੂੰ ਦੇਵਾਂਗਾ। ਉਨ੍ਹਾਂ ਦੀ ਧਰਤੀ ਮਿਸਰ ਵਿੱਚਲੀ ਨੀਲ ਨਦੀ ਤੋਂ ਫ਼ਰਾਤ ਨਦੀ ਤਾਈਂ ਫੈਲੇਗੀ। 19 ਇਹ ਧਰਤੀ ਕੇਨੀ ਲੋਕਾਂ, ਕਨਿਜ਼ੀ ਲੋਕਾਂ, ਕਦਮੋਨੀ ਲੋਕਾਂ, 20 ਹਿੱਤੀ ਲੋਕਾਂ, ਪਰਿਜ਼ੀ ਲੋਕਾਂ, ਰਫਾਈਮ ਲੋਕਾਂ, 21 ਅਮੋਰੀ ਲੋਕਾਂ, ਕਨਾਨੀ ਲੋਕਾਂ, ਗਿਰਗਾਸ਼ੀ ਲੋਕਾਂ ਅਤੇ ਯਬੂਸੀ ਲੋਕਾਂ ਦੀ ਹੈ।”
2010 by World Bible Translation Center