Beginning
ਹੜਾਂ ਦੀ ਸਮਾਪਤੀ
8 ਪਰ ਪਰਮੇਸ਼ੁਰ ਨੇ ਨੂਹ ਅਤੇ ਉਸ ਦੇ ਨਾਲ ਕਿਸ਼ਤੀ ਵਿੱਚ ਸਵਾਰ ਸਮੂਹ ਜਾਨਵਰਾਂ ਨੂੰ ਚੇਤੇ ਰੱਖਿਆ। ਪਰਮੇਸ਼ੁਰ ਨੇ ਧਰਤੀ ਉੱਤੇ ਹਵਾ ਵਗਾਈ। ਇਸ ਨਾਲ ਸਾਰਾ ਪਾਣੀ ਘਟਣਾ ਸ਼ੁਰੂ ਹੋ ਗਿਆ।
2 ਅਕਾਸ਼ ਵਿੱਚੋਂ ਬਾਰਿਸ਼ ਹੋਣੀ ਬੰਦ ਹੋ ਗਈ ਅਤੇ ਧਰਤੀ ਹੇਠੋਂ ਪਾਣੀ ਵਗਣਾ ਬੰਦ ਹੋ ਗਿਆ। 3-4 ਜਿਸ ਪਾਣੀ ਨੇ ਧਰਤੀ ਨੂੰ ਕਜਿਆ ਹੋਇਆ ਸੀ, ਉਹ ਹੇਠਾਂ ਜਾਣਾ ਸ਼ੁਰੂ ਹੋ ਗਿਆ। 150 ਦਿਨਾਂ ਮਗਰੋਂ ਪਾਣੀ ਇੰਨਾ ਘਟ ਗਿਆ ਕਿ ਕਿਸ਼ਤੀ ਫ਼ੇਰ ਇੱਕ ਵਾਰੀ ਧਰਤੀ ਨੂੰ ਛੂਹਣ ਲਗੀ। ਕਿਸ਼ਤੀ ਅਰਾਰਾਤ ਦੇ ਪਰਬਤ ਦੀ ਇੱਕ ਚੋਟੀ ਉੱਤੇ ਰੁਕ ਗਈ। ਇਹ ਸੱਤਵੇਂ ਮਹੀਨੇ ਦਾ ਸਤਾਰਵਾਂ ਦਿਨ ਸੀ। 5 ਪਾਣੀ ਹੇਠਾਂ ਉੱਤਰਦਾ ਰਿਹਾ ਅਤੇ ਦਸਵੇਂ ਮਹੀਨੇ ਦੇ ਪਹਿਲੇ ਦਿਨ ਤੋਂ ਪਰਬਤਾਂ ਦੀਆਂ ਚੋਟੀਆਂ ਦਿਸਣ ਲੱਗ ਪਈਆਂ।
6 ਚਾਲੀ ਦਿਨਾਂ ਮਗਰੋਂ, ਨੂਹ ਨੇ ਉਹ ਖਿੜਕੀ ਖੋਲ੍ਹੀ, ਜਿਹੜੀ ਉਸ ਨੇ ਕਿਸ਼ਤੀ ਵਿੱਚ ਬਣਾਈ ਸੀ। 7 ਫ਼ੇਰ ਨੂਹ ਨੇ ਇੱਕ ਕਾਂ ਨੂੰ ਛੱਡਿਆ। ਪੰਛੀ ਧਰਤੀ ਦੇ ਸੁੱਕ ਜਾਣ ਅਤੇ ਪਾਣੀ ਦੇ ਚੱਲੇ ਜਾਣ ਤੀਕ ਇੱਕ ਥਾਂ ਤੋਂ ਦੂਜੀ ਥਾਂ ਤੇ ਉੱਡਦਾ ਰਿਹਾ। 8 ਨੂਹ ਨੇ ਇੱਕ ਘੁੱਗੀ ਵੀ ਛੱਡੀ। ਨੂਹ ਚਾਹੁੰਦਾ ਸੀ ਕਿ ਘੁੱਗੀ ਸੁੱਕੀ ਧਰਤੀ ਲੱਭ ਲਵੇ। ਉਹ ਜਾਨਣਾ ਚਾਹੁੰਦਾ ਸੀ ਕਿ ਕੀ ਪਾਣੀ ਅਜੇ ਵੀ ਸਾਰੀ ਧਰਤੀ ਉੱਤੇ ਫ਼ੈਲਿਆ ਹੋਇਆ ਸੀ।
9 ਘੁੱਗੀ ਨੂੰ ਟਿਕਾਣੇ ਵਾਲੀ ਕੋਈ ਥਾਂ ਨਹੀਂ ਲੱਭੀ ਕਿਉਂਕਿ ਪਾਣੀ ਨੇ ਹਾਲੇ ਵੀ ਧਰਤੀ ਨੂੰ ਢੱਕਿਆ ਹੋਇਆ ਸੀ, ਇਸ ਲਈ ਘੁੱਗੀ ਕਿਸ਼ਤੀ ਵਿੱਚ ਵਾਪਸ ਪਰਤ ਆਈ। ਨੂਹ ਨੇ ਹੱਥ ਵੱਧਾਕੇ ਘੁੱਗੀ ਨੂੰ ਫ਼ੜ ਲਿਆ ਅਤੇ ਇਸ ਨੂੰ ਕਿਸ਼ਤੀ ਵਿੱਚ ਲੈ ਆਂਦਾ।
10 ਸੱਤਾਂ ਦਿਨਾਂ ਬਾਦ, ਨੂਹ ਨੇ ਇੱਕ ਵਾਰ ਫ਼ੇਰ ਘੁੱਗੀ ਨੂੰ ਛੱਡਿਆ। 11 ਅਤੇ ਉਸ ਸ਼ਾਮ ਨੂੰ ਘੁੱਗੀ ਨੂਹ ਕੋਲ ਵਾਪਸ ਪਰਤ ਆਈ। ਘੁੱਗੀ ਦੀ ਚੁੰਜ ਵਿੱਚ ਜੈਤੂਨ ਦਾ ਇੱਕ ਤਾਜ਼ਾ ਪੱਤਾ ਸੀ। ਇਹ ਨੂਹ ਨੂੰ ਇਹ ਦਰਸਾਉਣ ਦਾ ਸੰਕੇਤ ਸੀ ਕਿ ਧਰਤੀ ਉੱਤੇ ਸੁੱਕੀ ਜ਼ਮੀਨ ਸੀ। 12 ਉਸ ਨੇ ਸੱਤਾਂ ਦਿਨਾਂ ਮਗਰੋਂ ਘੁੱਗੀ ਨੂੰ ਫ਼ੇਰ ਛੱਡਿਆ। ਪਰ ਇਸ ਵਾਰੀ ਘੁੱਗੀ ਵਾਪਸ ਨਹੀਂ ਪਰਤੀ।
13 ਇਸਤੋਂ ਮਗਰੋਂ, ਨੂਹ ਨੇ ਕਿਸ਼ਤੀ ਦਾ ਦਰਵਾਜ਼ਾ ਖੋਲ੍ਹ ਦਿੱਤਾ। ਨੂਹ ਨੇ ਨਜ਼ਰ ਮਾਰੀ ਅਤੇ ਦੇਖਿਆ ਕਿ ਧਰਤੀ ਸੁੱਕੀ ਸੀ। ਇਹ ਪਹਿਲੇ ਮਹੀਨੇ ਦਾ ਪਹਿਲਾ ਦਿਨ ਸੀ। ਨੂਹ 601 ਵਰ੍ਹਿਆਂ ਦਾ ਸੀ। 14 ਦੂਸਰੇ ਮਹੀਨੇ ਦੇ 27ਵੇਂ ਦਿਨ ਧਰਤੀ ਪੂਰੀ ਤਰ੍ਹਾਂ ਸੁੱਕੀ ਸੀ।
15 ਫ਼ੇਰ ਪਰਮੇਸ਼ੁਰ ਨੇ ਨੂਹ ਨੂੰ ਆਖਿਆ, 16 “ਕਿਸ਼ਤੀ ਵਿੱਚੋਂ ਬਾਹਰ ਆ ਜਾ। ਤੈਨੂੰ, ਤੇਰੀ ਪਤਨੀ, ਤੇਰੇ ਪੁੱਤਰਾਂ ਅਤੇ ਤੇਰੀ ਨੂਹਾਂ ਨੂੰ ਹੁਣ ਬਾਹਰ ਆ ਜਾਣਾ ਚਾਹੀਦਾ ਹੈ। 17 ਕਿਸ਼ਤੀ ਵਿੱਚਲੇ ਆਪਣੇ ਨਾਲ ਦੇ ਸਮੂਹ ਜਿਉਂਦੇ ਜਾਨਵਰਾਂ ਨੂੰ ਬਾਹਰ ਲਿਆ-ਸਮੂਹ ਪੰਛੀਆਂ, ਜਾਨਵਰਾਂ ਅਤੇ ਧਰਤੀ ਉੱਤੇ ਰੀਂਗਣ ਵਾਲੀ ਹਰ ਸ਼ੈਅ ਨੂੰ। ਉਹ ਜਾਨਵਰ ਹੋਰ ਬਹੁਤ ਸਾਰੇ ਜਾਨਵਰ ਪੈਦਾ ਕਰਨਗੇ, ਅਤੇ ਇੱਕ ਵਾਰੀ ਫ਼ੇਰ ਉਹ ਧਰਤੀ ਨੂੰ ਭਰ ਦੇਣਗੇ।”
18 ਇਸ ਲਈ ਨੂਹ ਆਪਣੇ ਪੁੱਤਰਾਂ, ਆਪਣੀ ਪਤਨੀ ਅਤੇ ਆਪਣੀਆਂ ਨੂਹਾਂ ਨਾਲ ਬਾਹਰ ਆ ਗਿਆ। 19 ਸਮੂਹ ਜਾਨਵਰ, ਰੀਂਗਣ ਵਾਲੇ ਜੀਵ ਅਤੇ ਹਰ ਪੰਛੀ ਅਤੇ ਹਰ ਜੀਵਿਤ ਪ੍ਰਾਣੀ ਜੋ ਧਰਤੀ ਉੱਤੇ ਚਲਦਾ ਕਿਸ਼ਤੀ ਵਿੱਚੋਂ ਪਰਿਵਾਰਾਂ ਨਾਲ ਬਾਹਰ ਆ ਗਏ।
20 ਫ਼ੇਰ ਨੂਹ ਨੇ ਯਹੋਵਾਹ ਦੀ ਉਪਾਸਨਾ ਲਈ ਇੱਕ ਜਗਵੇਦੀ ਉਸਾਰੀ। ਨੂਹ ਨੇ ਪਾਕ ਪੰਛੀਆਂ ਵਿੱਚੋਂ ਕੁਝ ਪੰਛੀਆਂ ਨੂੰ ਲਿਆ ਅਤੇ ਸ਼ੁੱਧ ਜਾਨਵਰਾਂ ਵਿੱਚੋਂ ਕੁਝ ਜਾਨਵਰਾਂ ਨੂੰ ਲਿਆ, ਅਤੇ ਉਨ੍ਹਾਂ ਨੂੰ ਸੁਗਾਤ ਵਜੋਂ ਪਰਮੇਸ਼ੁਰ ਨੂੰ ਚੜ੍ਹਾ ਦਿੱਤਾ।
21 ਯਹੋਵਾਹ ਨੇ ਇਨ੍ਹਾਂ ਬਲੀਆਂ ਦੀ ਸੁਗੰਧ ਲਈ ਅਤੇ ਇਸ ਨਾਲ ਪ੍ਰਸੰਨ ਹੋ ਗਿਆ। ਯਹੋਵਾਹ ਨੇ ਮਨ ਵਿੱਚ ਆਖਿਆ, “ਮੈਂ ਫ਼ੇਰ ਕਦੇ ਵੀ ਲੋਕਾਂ ਨੂੰ ਸਜ਼ਾ ਦੇਣ ਲਈ ਧਰਤੀ ਨੂੰ ਸਰਾਪ ਨਹੀਂ ਦੇਵਾਂਗਾ। ਜਵਾਨੀ ਵੇਲੇ ਤੋਂ ਲੋਕ ਮੰਦੇ ਹੁੰਦੇ ਹਨ। ਇਸ ਲਈ ਮੈਂ ਫ਼ੇਰ ਕਦੇ ਵੀ ਧਰਤੀ ਉੱਤੇ ਰਹਿਣ ਵਾਲੇ ਜੀਵਾਂ ਨੂੰ ਇਸ ਤਰ੍ਹਾਂ ਤਬਾਹ ਨਹੀਂ ਕਰਾਂਗਾ ਜਿਵੇਂ ਹੁਣੇ ਕੀਤਾ ਹੈ। 22 ਜਿੰਨਾ ਚਿਰ ਧਰਤੀ ਕਾਇਮ ਹੈ, ਇੱਥੇ ਸਦਾ ਹੀ ਬੀਜ ਬੀਜਣ ਅਤੇ ਫ਼ਸਲ ਕੱਟਣ ਦਾ ਸਮਾਂ ਰਹੇਗਾ। ਇੱਥੇ ਧਰਤੀ ਉੱਤੇ ਸਦਾ ਹੀ ਸਰਦੀ ਤੇ ਗਰਮੀ, ਗਰਮੀ ਦੀ ਰੁੱਤ ਅਤੇ ਸਰਦੀ ਦੀ ਰੁੱਤ, ਦਿਨ ਅਤੇ ਰਾਤ ਰਹਿਣਗੇ।”
ਨਵੀਂ ਸ਼ੁਰੂਆਤ
9 ਪਰਮੇਸ਼ੁਰ ਨੇ ਨੂਹ ਅਤੇ ਉਸ ਦੇ ਪੁੱਤਰਾਂ ਨੂੰ ਅਸੀਸ ਦਿੱਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ, “ਬਹੁਤ ਸਾਰੇ ਬੱਚੇ ਪੈਦਾ ਕਰੋ। ਆਪਣੇ ਲੋਕਾਂ ਨਾਲ ਧਰਤੀ ਨੂੰ ਭਰ ਦਿਓ। 2 ਧਰਤੀ ਉਤਲਾ ਹਰ ਜਾਨਵਰ, ਹਵਾ ਵਿੱਚਲਾ ਹਰ ਪੰਛੀ, ਧਰਤੀ ਉੱਤੇ ਰੀਂਗਣ ਵਾਲਾ ਹਰ ਜੀਵ ਅਤੇ ਸਮੁੰਦਰ ਵਿੱਚਲਾ ਹਰ ਜੰਤੂ ਤੁਹਾਡੇ ਕੋਲੋਂ ਡਰੇਗਾ। ਉਹ ਸਾਰੇ ਹੀ ਤੁਹਾਡੇ ਕਾਬੂ ਵਿੱਚ ਹੋਣਗੇ। 3 (ਅਤੀਤ ਵਿੱਚ) ਮੈਂ ਤੁਹਾਨੂੰ ਖਾਣ ਵਾਸਤੇ ਹਰੇ ਪੌਦੇ ਦਿੱਤੇ ਸਨ। ਹੁਣ ਹਰ ਜਾਨਵਰ ਹੀ ਤੁਹਾਡਾ ਭੋਜਨ ਹੋਵੇਗਾ। ਮੈਂ ਧਰਤੀ ਉਤਲੀ ਹਰ ਸ਼ੈਅ ਤੁਹਾਨੂੰ ਦੇਵਾਂਗਾ-ਇਹ ਤੁਹਾਡੀ ਹੈ। 4 ਪਰ ਮੈਂ ਤੁਹਾਨੂੰ ਇੱਕ ਆਦੇਸ਼ ਦੇਵਾਂਗਾ। ਤੁਹਾਨੂੰ ਉਹ ਮਾਸ ਕਦੇ ਨਹੀਂ ਖਾਣਾ ਚਾਹੀਦਾ ਜਿਸ ਵਿੱਚ ਹਾਲੇ ਜਾਨ (ਖੂਨ) ਹੋਵੇ। 5 ਮੈਂ ਤੁਹਾਡੀਆਂ ਜ਼ਿੰਦਗੀਆਂ ਲਈ ਤੁਹਾਡੇ ਖੂਨ ਦੀ ਮੰਗ ਕਰਾਂਗਾ। ਮਤਲਬ ਇਹ ਕਿ, ਮੈਂ ਕਿਸੇ ਵੀ ਉਸ ਜਾਨਵਰ ਦੀ ਜਾਨ ਦੀ ਮੰਗ ਕਰਾਂਗਾ ਜਿਹੜਾ ਕਿਸੇ ਬੰਦੇ ਨੂੰ ਮਾਰੇਗਾ ਅਤੇ ਮੈਂ ਕਿਸੇ ਵੀ ਓਸ ਬੰਦੇ ਦੀ ਜਾਨ ਦੀ ਮੰਗ ਕਰਾਂਗਾ ਜਿਹੜਾ ਕਿਸੇ ਹੋਰ ਆਦਮੀ ਦੀ ਜਾਨ ਲਵੇਗਾ।
6 “ਪਰਮੇਸ਼ੁਰ ਨੇ ਲੋਕਾਂ ਨੂੰ ਆਪਣੀ ਨਕਲ ਉੱਤੇ ਸਾਜਿਆ ਸੀ।
ਇਸ ਲਈ ਜਿਹੜਾ ਬੰਦਾ ਕਿਸੇ ਹੋਰ ਬੰਦੇ ਨੂੰ ਮਾਰਦਾ ਹੈ, ਉਹ ਕਿਸੇ ਹੋਰ ਬੰਦੇ ਦੇ ਹੱਥੋਂ ਮਾਰਿਆ ਜਾਵੇਗਾ।
7 “ਨੂਹ, ਤੈਨੂੰ ਅਤੇ ਤੇਰੇ ਪੁੱਤਰਾਂ ਨੂੰ ਬਹੁਤ ਸਾਰੇ ਬੱਚੇ ਪੈਦਾ ਕਰਨੇ ਚਾਹੀਦੇ ਹਨ। ਆਪਣੇ ਲੋਕਾਂ ਨਾਲ ਧਰਤੀ ਨੂੰ ਭਰ ਦਿਓ।”
8 ਫ਼ੇਰ ਪਰਮੇਸ਼ੁਰ ਨੇ ਨੂਹ ਅਤੇ ਉਸ ਦੇ ਪੁੱਤਰਾਂ ਨੂੰ ਆਖਿਆ, 9 “ਹੁਣ ਮੈਂ ਤੁਹਾਡੇ ਨਾਲ ਅਤੇ ਤੁਹਾਡੇ ਉੱਤਰਾਧਿਕਾਰੀਆਂ ਨਾਲ ਇੱਕ ਇਕਰਾਰ ਕਰਦਾ ਹਾਂ। 10 ਮੈਂ ਸਾਰੇ ਪੰਛੀਆਂ, ਸਾਰੇ ਪਸ਼ੂਆਂ, ਅਤੇ ਉਨ੍ਹਾਂ ਸਮੂਹ ਜਾਨਵਰਾਂ ਨਾਲ ਜਿਹੜੇ ਤੁਹਾਡੇ ਨਾਲ ਕਿਸ਼ਤੀ ਵਿੱਚੋਂ ਬਾਹਰ ਆਏ ਹਨ, ਇਕਰਾਰ ਕਰਦਾ ਹਾਂ। 11 ਤੁਹਾਨੂੰ ਮੇਰਾ ਇਕਰਾਰ ਇਹ ਹੈ: ਧਰਤੀ ਉੱਤੇ ਸਾਰਾ ਜੀਵਨ ਹੜ੍ਹ ਨੇ ਤਬਾਹ ਕਰ ਦਿੱਤਾ ਸੀ। ਪਰ ਅਜਿਹਾ ਫ਼ੇਰ ਕਦੇ ਨਹੀਂ ਵਾਪਰੇਗਾ। ਹੁਣ ਕਦੇ ਵੀ ਫ਼ੇਰ ਹੜ੍ਹ ਧਰਤੀ ਦੇ ਸਾਰੇ ਜੀਵਨ ਨੂੰ ਤਬਾਹ ਨਹੀਂ ਕਰੇਗਾ।”
12 ਅਤੇ ਪਰਮੇਸ਼ੁਰ ਨੇ ਆਖਿਆ, “ਅਤੇ ਇਸ ਗੱਲ ਨੂੰ ਸਾਬਤ ਕਰਨ ਵਾਸਤੇ ਵੀ ਮੈਂ ਇਹ ਇਕਰਾਰ ਦਿੱਤਾ ਹੈ, ਮੈਂ ਤੁਹਾਨੂੰ ਕੁਝ ਦਿਆਂਗਾ। ਇਹ ਸਬੂਤ ਦਰਸਾਵੇਗਾ ਕਿ ਮੈਂ ਤੁਹਾਡੇ ਨਾਲ ਅਤੇ ਧਰਤੀ ਦੇ ਸਮੂਹ ਜੀਵਾਂ ਨਾਲ ਇੱਕ ਇਕਰਾਰਨਾਮਾ ਕੀਤਾ ਹੈ। ਇਹ ਇਕਰਾਰਨਾਮਾ ਹਮੇਸ਼ਾ ਲਈ ਹੋਵੇਗਾ। ਸਬੂਤ ਇਹ ਹੈ: 13 ਮੈਂ ਬੱਦਲਾਂ ਵਿੱਚ ਇੱਕ ਧਣੁੱਖ ਬਣਾਇਆ ਹੈ। ਇਹ ਧਣੁੱਖ ਮੇਰੇ ਅਤੇ ਧਰਤੀ ਉੱਤੇ ਰਹਿਣ ਵਾਲਿਆਂ ਵਿੱਚਕਾਰ ਇਕਰਾਰਨਾਮੇ ਦਾ ਸਬੂਤ ਹੈ। 14 ਜਦੋਂ ਵੀ ਮੈਂ ਧਰਤੀ ਉੱਤੇ ਬੱਦਲ ਲਿਆਵਾਂਗਾ, ਤੁਸੀਂ ਬੱਦਲਾਂ ਵਿੱਚ ਧਣੁਖ ਦੇਖੋਂਗੇ। 15 ਜਦੋਂ ਮੈਂ ਇਸ ਧਣੁਖ ਨੂੰ ਦੇਖਾਂਗਾ, ਮੈਂ ਉਸ ਇਕਰਾਰਨਾਮੇ ਨੂੰ ਯਾਦ ਕਰਾਂਗਾ ਜਿਹੜਾ ਮੈਂ ਤੁਹਾਡੇ ਨਾਲ ਅਤੇ ਧਰਤੀ ਤੇ ਰਹਿਣ ਵਾਲੇ ਸਾਰੇ ਜੀਵਿਤ ਪ੍ਰਾਣੀਆਂ ਨਾਲ ਕੀਤਾ ਹੈ। ਇਕਰਾਰਨਾਮਾ ਆਖਦਾ ਹੈ ਕਿ ਹੜ੍ਹ ਧਰਤੀ ਉੱਤੇ ਸਾਰੇ ਜੀਵਨ ਨੂੰ ਕਦੇ ਵੀ ਤਬਾਹ ਨਹੀਂ ਕਰਨਗੇ। 16 ਜਦੋਂ ਵੀ ਮੈਂ ਬੱਦਲਾਂ ਵੱਲ ਦੇਖਾਂਗਾ ਅਤੇ ਧਣੁਖ ਨੂੰ ਦੇਖਾਂਗਾ, ਮੈਂ ਆਪਣੇ ਅਤੇ ਧਰਤੀ ਦੀ ਹਰ ਜਿਉਂਦੀ ਸ਼ੈਅ ਵਿੱਚਲੇ ਇਸ ਸਦੀਵੀ ਇਕਰਾਰਨਾਮੇ ਨੂੰ ਯਾਦ ਕਰਾਂਗਾ।”
17 ਇਸ ਲਈ ਯਹੋਵਾਹ ਨੇ ਨੂਹ ਨੂੰ ਆਖਿਆ, “ਇਹ ਧਣੁੱਖ ਉਸ ਇਕਰਾਰਨਾਮੇ ਦਾ ਸਬੂਤ ਹੈ ਜਿਹੜਾ ਮੈਂ ਧਰਤੀ ਦੇ ਸਮੂਹ ਜੀਵਿਤ ਪ੍ਰਾਣੀਆਂ ਨਾਲ ਕੀਤਾ ਹੈ।”
ਮੁਸ਼ਕਿਲਾਂ ਫ਼ੇਰ ਸ਼ੁਰੂ ਹੁੰਦੀਆਂ ਹਨ
18 ਨੂਹ ਦੇ ਪੁੱਤਰ ਉਸ ਦੇ ਨਾਲ ਕਿਸ਼ਤੀ ਵਿੱਚੋਂ ਬਾਹਰ ਆ ਗਏ। ਉਨ੍ਹਾਂ ਦੇ ਨਾਮ ਸਨ: ਸ਼ੇਮ, ਹਾਮ ਅਤੇ ਯਾਫ਼ਥ। (ਹਾਮ ਕਨਾਨ ਦਾ ਪਿਤਾ ਸੀ।) 19 ਇਹ ਤਿੰਨੇ ਆਦਮੀ ਨੂਹ ਦੇ ਪੁੱਤਰ ਸਨ। ਅਤੇ ਧਰਤੀ ਦੇ ਸਾਰੇ ਲੋਕ ਉਨ੍ਹਾਂ ਤਿੰਨਾਂ ਪੁੱਤਰਾਂ ਦੀ ਉਲਾਦ ਸਨ।
20 ਨੂਹ ਇੱਕ ਕਿਸਾਨ ਬਣ ਗਿਆ। ਉਸ ਨੇ ਅੰਗੂਰਾਂ ਦਾ ਬਾਗ ਲਾਇਆ। 21 ਨੂਹ ਨੇ ਮੈਅ ਬਣਾਈ ਅਤੇ ਪੀਤੀ। ਉਹ ਸ਼ਰਾਬੀ ਹੋ ਗਿਆ ਅਤੇ ਆਪਣੇ ਤੰਬੂ ਵਿੱਚ ਲੇਟ ਗਿਆ। ਨੂਹ ਨੇ ਕੱਪੜੇ ਨਹੀਂ ਪਹਿਨੇ ਹੋਏ ਸਨ। 22 ਕਨਾਨ ਦੇ ਪਿਤਾ, ਹਾਮ ਨੇ ਆਪਣੇ ਨਗਨ ਪਿਤਾ ਵੱਲ ਵੇਖਿਆ। ਹਾਮ ਨੇ ਤੰਬੂ ਦੇ ਬਾਹਰ ਆਪਣੇ ਭਰਾਵਾਂ ਨੂੰ ਦੱਸਿਆ। 23 ਫ਼ੇਰ ਸ਼ੇਮ ਅਤੇ ਯਾਫ਼ਥ ਨੇ ਇੱਕ ਕੋਟ ਲਿਆਂਦਾ। ਉਹ ਕੋਟ ਨੂੰ ਆਪਣੀਆਂ ਪਿੱਠਾਂ ਉੱਤੇ ਚੁੱਕ ਕੇ ਤੰਬੂ ਵਿੱਚ ਗਏ। ਉਹ ਤੰਬੂ ਵਿੱਚ ਪਿੱਛਲੇ ਪੈਰੀਂ ਗਏ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਪਿਤਾ ਦਾ ਨੰਗੇਜ਼ ਨਹੀਂ ਦੇਖਿਆ।
24 ਬਾਦ ਵਿੱਚ ਨੂਹ ਜਾਗ ਪਿਆ। (ਉਹ ਮੈਅ ਪੀਣ ਕਾਰਣ ਸੁੱਤਾ ਹੋਇਆ ਸੀ।) ਫ਼ੇਰ ਉਸ ਨੂੰ ਪਤਾ ਚੱਲਿਆ ਕਿ ਉਸ ਦੇ ਜਵਾਨ ਪੁੱਤਰ, ਹਾਮ ਨੇ ਉਸ ਨਾਲ ਕੀ ਕੀਤਾ ਸੀ। 25 ਇਸ ਲਈ ਨੂਹ ਨੇ ਆਖਿਆ,
“ਕਨਾਨ ਨੂੰ ਸਰਾਪ ਲੱਗੇ!
ਉਹ ਆਪਣੇ ਭਰਾਵਾਂ ਦਾ ਗੁਲਾਮ ਹੋ ਜਾਵੇ।”
26 ਨੂਹ ਨੇ ਇਹ ਵੀ ਆਖਿਆ,
“ਸ਼ੇਮ ਦੇ ਯਹੋਵਾਹ ਪਰਮੇਸ਼ੁਰ ਨੂੰ ਅਸੀਸ ਦਿਓ!
ਕਨਾਨ ਸ਼ੇਮ ਦਾ ਗੁਲਾਮ ਹੋ ਜਾਵੇ।
27 ਪਰਮੇਸ਼ੁਰ ਯਾਫ਼ਥ ਨੂੰ ਹੋਰ ਧਰਤੀ ਦੇਵੇ,
ਪਰਮੇਸ਼ੁਰ ਸ਼ੇਮ ਦੇ ਤੰਬੂਆਂ ਵਿੱਚ ਰਹੇ।
ਅਤੇ ਕਨਾਨ ਉਨ੍ਹਾਂ ਦਾ ਗੁਲਾਮ ਹੋਵੇ।”
28 ਹੜ੍ਹ ਮਗਰੋਂ ਨੂਹ 350 ਵਰ੍ਹੇ ਜੀਵਿਆ। 29 ਨੂਹ ਕੁੱਲ 950 ਵਰ੍ਹੇ ਜੀਵਿਆ, ਫ਼ੇਰ ਉਹ ਮਰ ਗਿਆ।
ਕੌਮਾਂ ਵੱਧਦੀਆਂ-ਫ਼ੁਲਦੀਆਂ ਹਨ
10 ਨੂਹ ਦੇ ਪੁੱਤਰ ਸਨ: ਸ਼ੇਮ, ਹਾਮ ਅਤੇ ਯਾਫ਼ਥ। ਹੜ੍ਹ ਤੋਂ ਮਗਰੋਂ ਇਨ੍ਹਾਂ ਤਿੰਨਾਂ ਆਦਮੀਆਂਂ ਨੇ ਬਹੁਤ ਸਾਰੇ ਪੁੱਤਰਾਂ ਨੂੰ ਜਨਮ ਦਿੱਤਾ। ਸ਼ੇਮ, ਹਾਮ ਅਤੇ ਯਾਫ਼ਥ ਦੇ ਪੁੱਤਰਾਂ ਦੀ ਸੂਚੀ ਇਹ ਹੈ।
ਯਾਫ਼ਥ ਦੇ ਉੱਤਰਾਧਿਕਾਰੀ
2 ਯਾਫ਼ਥ ਦੇ ਪੁੱਤਰ ਸਨ: ਗੋਮਰ, ਮਾਗੋਗ, ਮਾਦਈ, ਯਾਵਾਨ, ਤੂਬਲ, ਮਸੱਕ ਅਤੇ ਤੀਰਾਸ।
3 ਗੋਮਰ ਦੇ ਪੁੱਤਰ ਸਨ: ਅਸ਼ਕਨਜ਼, ਰੀਫਤ ਅਤੇ ਤੋਂਗਰਮਾਹ।
4 ਯਾਵਾਨ ਦੇ ਪੁੱਤਰ ਸਨ: ਅਲੀਸ਼ਾਹ, ਤਰਸ਼ੀਸ, ਕਿੱਤੀਮ ਅਤੇ ਦੋਦਾਨੀਮ।
5 ਉਹ ਸਾਰੇ ਲੋਕ ਜਿਹੜੇ ਸਮੁੰਦਰੀ ਤਟ ਦੀ ਜ਼ਮੀਨ ਦੇ ਆਲੇ-ਦੁਆਲੇ ਰਹਿੰਦੇ ਹਨ ਉਹ ਯਾਫ਼ਥ ਦੇ ਇਨ੍ਹਾਂ ਪੁੱਤਰਾਂ ਦੇ ਉੱਤਰਾਧਿਕਾਰੀ ਹੀ ਹਨ। ਹਰ ਪੁੱਤਰ ਦੀ ਖੁਦ ਦੀ ਜ਼ਮੀਨ ਸੀ। ਹਰ ਪਰਿਵਾਰ ਵੱਧ ਕੇ ਅਲੱਗ ਕੌਮ ਬਣ ਗਿਆ। ਹਰੇਕ ਕੌਮ ਦੀ ਆਪਣੀ ਭਾਸ਼ਾ ਸੀ।
ਹਾਮ ਦੇ ਉੱਤਰਾਧਿਕਾਰੀ
6 ਹਾਮ ਦੇ ਪੁੱਤਰ ਸਨ: ਕੂਸ਼, ਮਿਸਰਇਮ, ਪੂਟ ਅਤੇ ਕਨਾਨ।
7 ਕੂਸ਼ ਦੇ ਪੁੱਤਰ ਸਨ: ਸਬਾ, ਹਵੀਲਾਹ, ਸਬਤਾਹ, ਰਾਮਾਹ ਅਤੇ ਸਬਤਕਾ।
ਰਾਮਾਹ ਦੇ ਪੁੱਤਰ ਸਨ: ਸਬਾ ਅਤੇ ਦਦਾਨ।
8 ਕੂਸ਼ ਦਾ ਵੀ ਇੱਕ ਪੁੱਤਰ ਸੀ ਜਿਸਦਾ ਨਾਮ ਨਿਮਰੋਦ ਸੀ। ਨਿਮਰੋਦ ਤਾਕਤ ਵਿੱਚ ਪਲਿਆ ਅਤੇ ਧਰਤੀ ਤੇ ਇੱਕ ਮਹਾਨ ਯੋਧਾ ਬਣ ਗਿਆ। 9 ਨਿਮਰੋਦ ਯਹੋਵਾਹ ਦੀ ਨਿਗਾਹ ਵਿੱਚ ਇੱਕ ਮਹਾਨ ਸ਼ਿਕਾਰੀ ਬਣਿਆ। ਇਸੇ ਲਈ ਲੋਕ ਤੁਲਨਾ ਕਰਕੇ ਆਖਦੇ ਹਨ, “ਨਿਮਰੋਦ ਵਾਂਗ, ਜੋ ਯਹੋਵਾਹ ਦੀ ਨਿਗਾਹ ਵਿੱਚ ਇੱਕ ਮਹਾਨ ਸ਼ਿਕਾਰੀ ਸੀ।”
10 ਨਿਮਰੋਦ ਦਾ ਰਾਜ ਬਾਬਲ, ਅਰਕ, ਅੱਕਦ ਅਤੇ ਕਲਨੇਹ ਵਿੱਚੋਂ ਸ਼ੁਰੂ ਹੋਇਆ, ਜੋ ਕਿ ਸ਼ਿਨਾਰ ਦੀ ਧਰਤੀ ਵਿੱਚ ਸਨ। 11 ਨਿਮਰੋਦ ਅਸ਼ੂਰ ਵਿੱਚ ਵੀ ਗਿਆ। ਅਸ਼ੂਰ ਵਿੱਚ ਨਿਮਰੋਦ ਨੇ ਨੀਨਵਾਹ, ਰਹੋਬੋਥਈਰ, ਕਾਲਹ ਅਤੇ 12 ਰਸਨ ਦੀ ਉਸਾਰੀ ਕੀਤੀ। (ਰਸਨ ਨੀਨਵਾਹ ਅਤੇ ਕਾਲਹ ਦੇ ਵਿੱਚਕਾਰ ਇੱਕ ਵੱਡਾ ਸ਼ਹਿਰ ਹੈ।)
13 ਮਿਸ਼ਰਇਮ (ਮਿਸਰ) ਲੂਦੀ, ਅਨਾਮੀ, ਲਹਾਬੀ, ਨਫ਼ਤੂਹੀ, 14 ਪਤਰੂਸੀ, ਕੁਸਲੂਹੀ ਅਤੇ ਕਫ਼ਤੋਂਰੀ ਦੇ ਲੋਕਾਂ ਦਾ ਪਿਤਾਮਾ ਸੀ। (ਫ਼ਿਲਸਤੀ ਲੋਕ ਕੁਸਲੂਹੀ ਤੋਂ ਆਏ ਸਨ।)
15 ਕਨਾਨ, ਸੀਦੋਨ ਦਾ ਪਿਤਾ ਸੀ। ਸੀਦੋਨ, ਕਨਾਨ ਦਾ ਪਹਿਲੋਠਾ ਪੁੱਤਰ ਸੀ। ਕਨਾਨ ਹਿੱਤੀ ਲੋਕਾਂ ਹੇਥ, ਜਿਨ੍ਹਾਂ ਦਾ ਦਾ ਪਿਤਾ ਸੀ। 16 ਅਤੇ ਕਨਾਨ ਯਬੂਸੀ ਲੋਕਾਂ, ਅਮੋਰੀ ਲੋਕਾਂ, ਗਿਰਗਾਸ਼ੀ ਲੋਕਾਂ, 17 ਹਿੱਵੀ ਲੋਕਾਂ, ਅਰਕੀ ਲੋਕਾਂ, ਸੀਨੀ ਲੋਕਾਂ, 18 ਅਰਵਾਦੀ ਲੋਕਾਂ, ਸਮਾਰੀ ਲੋਕਾਂ ਅਤੇ ਹਮਾਤੀ ਦੇ ਲੋਕਾਂ ਦਾ ਪਿਤਾਮਾ ਵੀ ਸੀ।
ਕਨਾਨ ਦੇ ਪਰਿਵਾਰ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਫ਼ੈਲ ਗਏ। 19 ਕਨਾਨ ਦੇ ਲੋਕਾਂ ਦੀ ਧਰਤੀ ਉੱਤਰ ਵਿੱਚ ਸੀਦੋਨ ਤੋਂ ਲੈ ਕੇ ਦੱਖਣ ਵੱਲ ਗਰਾਰ ਤੱਕ, ਪੱਛਮ ਵਿੱਚ ਅੱਜ਼ਹ ਤੋਂ ਲੈ ਕੇ, ਪੂਰਬ ਵੱਲ ਸਦੂਮ ਅਤੇ ਅਮੂਰਾਹ ਤੱਕ, ਅਦਮਾਹ ਅਤੇ ਸਬੋਈਮ ਤੋਂ ਲੈ ਕੇ ਲਾਸ਼ਾ ਤੱਕ ਸੀ।
20 ਇਹ ਸਮੂਹ ਲੋਕ ਹਾਮ ਦੇ ਉੱਤਰਾਧਿਕਾਰੀ ਸਨ। ਇਨ੍ਹਾਂ ਸਮੂਹ ਪਰਿਵਾਰਾਂ ਦੀਆਂ ਆਪਣੀਆਂ ਭਾਸ਼ਾਵਾਂ ਸਨ। ਉਹ ਵੱਖਰੀਆਂ-ਵੱਖਰੀਆਂ ਕੌਮਾਂ ਬਣ ਗਏ।
ਸ਼ੇਮ ਦੇ ਉੱਤਰਾਧਿਕਾਰੀ
21 ਸ਼ੇਮ ਯਾਫ਼ਥ ਦਾ ਵੱਡਾ ਭਰਾ ਸੀ। ਸ਼ੇਮ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਏਬਰ ਸੀ, ਸਮੂਹ ਇਬਰਾਨੀ ਲੋਕਾਂ ਦਾ ਪਿਤਾਮਾ। [a]
22 ਸ਼ੇਮ ਦੇ ਪੁੱਤਰ ਸਨ ਏਲਾਮ, ਅਸ਼ੂਰ, ਅਰਪਕਸ਼ਦ, ਲੂਦ ਅਤੇ ਅਰਾਮ।
23 ਅਰਾਮ ਦੇ ਪੁੱਤਰ ਸਨ ਊਸ, ਹੂਲ ਗਥਰ ਅਤੇ ਮਸ਼।
24 ਅਰਪਕਸ਼ਦ ਸ਼ਾਲਹ ਦਾ ਪਿਤਾ ਸੀ।
ਸ਼ਾਲਹ ਏਬਰ ਦਾ ਪਿਤਾ ਸੀ।
25 ਏਬਰ ਦੋ ਪੁੱਤਰਾਂ ਦਾ ਪਿਤਾ ਸੀ। ਇੱਕ ਪੁੱਤਰ ਦਾ ਨਾਮ ਪਲਗ ਸੀ। ਉਸ ਨੂੰ ਇਹ ਨਾਮ ਇਸ ਲਈ ਦਿੱਤਾ ਗਿਆ ਸੀ ਕਿਉਂਕਿ ਧਰਤੀ ਉਸ ਦੇ ਜੀਵਨ ਕਾਲ ਦੌਰਾਨ ਵੰਡੀ ਗਈ ਸੀ। ਦੂਸਰੇ ਪੁੱਤਰ ਦਾ ਨਾਮ ਸੀ ਯਾਕਟਾਨ।
26 ਯਾਕਟਾਨ ਅਲਮੋਦਾਦ, ਸ਼ਾਲਫ਼, ਹਸਰਮਾਵਤ, ਯਰਾਹ, 27 ਹਦੋਰਾਮ, ਊਜ਼ਾਲ, ਦਿਕਲਾਹ, 28 ਓਬਾਲ, ਅਬੀਮਾਏਲ, ਸ਼ਬਾ, 29 ਓਫ਼ਿਰ, ਹਵੀਲਾਹ ਅਤੇ ਯੋਬਾਬ ਦਾ ਪਿਤਾ ਸੀ। ਇਹ ਸਾਰੇ ਲੋਕ ਯਾਕਟਾਨ ਦੇ ਪੁੱਤਰ ਸਨ। 30 ਇਹ ਲੋਕ ਮੇਸ਼ਾ ਅਤੇ ਪੂਰਬ ਦੇ ਪਹਾੜੀ ਪ੍ਰਦੇਸ਼ [b] ਦੇ ਇਲਾਕੇ ਵਿੱਚ ਰਹਿੰਦੇ ਸਨ। ਮੇਸ਼ਾ ਸਫ਼ਾਰ ਦੇ ਦੇਸ਼ ਵੱਲ ਸੀ।
31 ਉਹ ਲੋਕ ਸ਼ੇਮ ਦੇ ਪਰਿਵਾਰ ਵਿੱਚੋਂ ਹਨ। ਉਨ੍ਹਾਂ ਦੀ ਵੰਡ ਪਰਿਵਾਰਾਂ, ਭਾਸ਼ਾਵਾਂ, ਦੇਸ਼ਾਂ ਅਤੇ ਕੌਮਾਂ ਅਨੁਸਾਰ ਕੀਤੀ ਗਈ ਹੈ। 32 ਇਹ ਨੂਹ ਦੇ ਪੁੱਤਰਾਂ ਦੇ ਪਰਿਵਾਰ ਹਨ। ਉਹ ਆਪਣੀਆਂ ਜਾਤਾਂ ਅਨੁਸਾਰ ਸ਼ਾਮਿਲ ਕੀਤੇ ਗਏ ਸਨ। ਉਨ੍ਹਾਂ ਤੋਂ ਕੌਮਾਂ ਹੜ੍ਹ ਤੋਂ ਬਾਦ ਸਾਰੀ ਧਰਤੀ ਉੱਤੇ ਫ਼ੈਲ ਗਈਆਂ।
ਦੁਨੀਆਂ ਵੰਡੀ ਗਈ
11 ਹੜ੍ਹ ਤੋਂ ਮਗਰੋਂ ਸਾਰੀ ਦੁਨੀਆਂ ਇੱਕ ਭਾਸ਼ਾ ਬੋਲਦੀ ਸੀ। ਸਾਰੇ ਲੋਕ ਇੱਕੋ ਜਿਹੇ ਸ਼ਬਦ ਬੋਲਦੇ ਸਨ। 2 ਲੋਕ ਪੂਰਬ ਤੋਂ ਚੱਲ ਪਏ। ਉਨ੍ਹਾਂ ਨੇ ਸ਼ਿਨਾਰ ਦੇ ਦੇਸ਼ ਵਿੱਚ ਇੱਕ ਮੈਦਾਨ ਦੀ ਖੋਜ ਕੀਤੀ। ਲੋਕ ਉੱਥੇ ਰਹਿਣ ਲਈ ਟਿਕ ਗਏ। 3 ਲੋਕਾਂ ਨੇ ਆਖਿਆਂ, “ਸਾਨੂੰ ਇੱਟਾਂ ਪੱਥਣੀਆਂ ਚਾਹੀਦੀਆਂ ਹਨ। ਅਤੇ ਉਨ੍ਹਾਂ ਨੂੰ ਅੱਗ ਵਿੱਚ ਤਪਾਉਣਾ ਚਾਹੀਦਾ ਹੈ। ਤਾਂ ਜੋ ਉਹ ਬਹੁਤ ਪੱਕੀਆਂ ਹੋ ਜਾਣ।” ਇਸ ਲਈ ਲੋਕਾਂ ਨੇ ਆਪਣੇ ਘਰਾਂ ਦੀ ਉਸਾਰੀ ਲਈ ਪੱਥਰ ਨਹੀਂ ਵਰਤੇ ਸਗੋਂ ਇੱਟਾਂ ਵਰਤੀਆਂ। ਅਤੇ ਲੋਕਾਂ ਨੇ ਮੋਰਦਾਰ ਦੀ ਬਜਾਇ ਲੁੱਕ ਦੀ ਵਰਤੋਂ ਕੀਤੀ।
4 ਫ਼ੇਰ ਲੋਕਾਂ ਨੇ ਆਖਿਆ, “ਸਾਨੂੰ ਆਪਣੇ ਲਈ ਸ਼ਹਿਰ ਉਸਾਰਨਾ ਚਾਹੀਦਾ ਹੈ। ਅਤੇ ਸਾਨੂੰ ਇੱਕ ਅਜਿਹਾ ਬੁਰਜ ਉਸਾਰਨਾ ਚਾਹੀਦਾ ਹੈ ਜਿਹੜਾ ਅਕਾਸ਼ ਨੂੰ ਛੁੰਹਦਾ ਹੋਵੇ। ਅਸੀਂ ਮਸ਼ਹੂਰ ਹੋ ਜਾਵਾਂਗੇ। ਅਤੇ ਇਹ ਸਾਨੂੰ ਇਕੱਠਿਆਂ ਰੱਖੇਗਾ। ਅਸੀਂ ਸਾਰੀ ਧਰਤੀ ਉੱਤੇ ਨਹੀਂ ਖਿੱਲਰਾਂਗੇ।”
5 ਯਹੋਵਾਹ ਸ਼ਹਿਰ ਨੂੰ ਅਤੇ ਬਹੁਤ ਉੱਚੀ ਇਮਾਰਤ ਨੂੰ ਦੇਖਣ ਲਈ ਹੇਠਾਂ ਆ ਗਿਆ। ਯਹੋਵਾਹ ਨੇ ਲੋਕਾਂ ਨੂੰ ਇਹ ਚੀਜ਼ਾਂ ਉਸਾਰਦਿਆਂ ਦੇਖਿਆ। 6 ਯਹੋਵਾਹ ਨੇ ਆਖਿਆ, “ਇਹ ਲੋਕ ਸਾਰੇ ਹੀ ਇੱਕੋ ਭਾਸ਼ਾ ਬੋਲਦੇ ਹਨ। ਅਤੇ ਮੈਂ ਦੇਖ ਰਿਹਾ ਹਾਂ ਕਿ ਉਹ ਇਹ ਕੰਮ ਕਰਨ ਲਈ ਇਕੱਠੇ ਹੋ ਗਏ ਹਨ। ਇਹ ਤਾਂ ਉਸ ਗੱਲ ਦੀ ਸਿਰਫ਼ ਸ਼ੁਰੂਆਤ ਹੀ ਹੈ ਕਿ ਉਹ ਕੀ ਕਰ ਸੱਕਦੇ ਹਨ। ਛੇਤੀ ਹੀ ਉਹ ਮਨਚਾਹੀ ਹਰ ਗੱਲ ਕਰ ਸੱਕਣਗੇ। 7 ਇਸ ਲਈ ਸਾਨੂੰ ਹੇਠਾਂ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਭਾਸ਼ਾ ਨੂੰ ਉਲਝਾ ਦੇਣਾ ਚਾਹੀਦਾ ਹੈ। ਫ਼ੇਰ ਉਹ ਇੱਕ ਦੂਸਰੇ ਦੀ ਗੱਲ ਨਹੀਂ ਸਮਝ ਸੱਕਣਗੇ।”
8 ਇਸ ਲਈ, ਯਹੋਵਾਹ ਨੇ ਲੋਕਾਂ ਨੂੰ ਸਾਰੀ ਦੁਨੀਆਂ ਵਿੱਚ ਖਿੰਡਾ ਦਿੱਤਾ, ਅਤੇ ਉਨ੍ਹਾਂ ਨੇ ਆਪਣੇ ਸ਼ਹਿਰ ਦੀ ਉਸਾਰੀ ਬੰਦ ਕਰ ਦਿੱਤੀ। 9 ਇਹੀ ਉਹ ਥਾਂ ਹੈ ਜਿੱਥੇ ਯਹੋਵਾਹ ਨੇ ਦੁਨੀਆਂ ਦੀ ਭਾਸ਼ਾ ਨੂੰ ਰਲ ਗਡ ਦਿੱਤਾ। ਇਸ ਲਈ ਉਸ ਥਾਂ ਨੂੰ ਬਾਬਲ ਆਖਿਆਂ ਜਾਂਦਾ ਹੈ। ਇਸ ਲਈ ਯਹੋਵਾਹ ਨੇ ਲੋਕਾਂ ਨੂੰ ਉਸ ਥਾਂ ਤੋਂ ਖਿੰਡਾਕੇ ਧਰਤੀ ਦੀਆਂ ਹੋਰਨਾਂ ਥਾਵਾਂ ਉੱਤੇ ਫ਼ੈਲਾ ਦਿੱਤਾ।
ਸ਼ੇਮ ਦੇ ਪਰਿਵਾਰ ਦੀ ਕਹਾਣੀ
10 ਇਹ ਸ਼ੇਮ ਦੇ ਪਰਿਵਾਰ ਦੀ ਕਹਾਣੀ ਹੈ। ਹੜ੍ਹ ਤੋਂ ਦੋ ਵਰ੍ਹਿਆਂ ਬਾਦ, ਜਦੋਂ ਸ਼ੇਮ 100 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਅਰਪਕਸਦ ਜੰਮਿਆ। 11 ਉਸਤੋਂ ਬਾਦ ਸ਼ੇਮ 500 ਵਰ੍ਹੇ ਹੋਰ ਜੀਵਿਆ। ਉਸ ਦੇ ਹੋਰ ਧੀਆਂ ਪੁੱਤਰ ਵੀ ਹੋਏ।
12 ਜਦੋਂ ਅਰਪਕਸਦ 35 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਸ਼ਲਹ ਜੰਮਿਆ। 13 ਸ਼ਲਹ ਦੇ ਜਨਮ ਤੋਂ ਬਾਦ, ਅਰਪਕਸਦ 403 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।
14 ਜਦੋਂ ਸ਼ਲਹ 30 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਏਬਰ ਜਨਮਿਆ। 15 ਏਬਰ ਦੇ ਜੰਮਣ ਤੋਂ ਬਾਦ, ਸ਼ਲਹ 403 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।
16 ਜਦੋਂ ਏਬਰ 34 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਪਲਗ ਜੰਮਿਆ। 17 ਪਲਗ ਦੇ ਜੰਮਣ ਤੋਂ ਬਾਦ, ਏਬਰ 403 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।
18 ਜਦੋਂ ਪਲਗ 30 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਰਊ ਜੰਮਿਆ। 19 ਰਊ ਦੇ ਜੰਮਣ ਤੋਂ ਬਾਦ, ਪਲਗ 209 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।
20 ਜਦੋਂ ਰਊ 32 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਸਰੂਗ ਜੰਮਿਆ। 21 ਸਰੂਗ ਦੇ ਜੰਮਣ ਤੋਂ ਬਾਦ, ਰਊ 270 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।
22 ਜਦੋਂ ਸਰੂਗ 30 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਨਾਹੋਰ ਜੰਮਿਆ। 23 ਨਾਹੋਰ ਦੇ ਜੰਮਣ ਤੋਂ ਬਾਦ, ਸਰੂਗ 200 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।
24 ਜਦੋਂ ਨਾਹੋਰ 29 ਵਰ੍ਹਿਆਂ ਦਾ ਸੀ, ਤਾਂ ਉਸਦਾ ਪੁੱਤਰ ਤਾਰਹ ਜੰਮਿਆ। 25 ਤਾਰਹ ਦੇ ਜੰਮਣ ਤੋਂ ਬਾਦ, ਨਾਹੋਰ 119 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।
26 ਜਦੋਂ ਤਾਰਹ 70 ਵਰ੍ਹਿਆਂ ਦਾ ਸੀ, ਉਸ ਦੇ ਪੁੱਤਰ ਅਬਰਾਮ, ਨਾਹੋਰ, ਅਤੇ ਹਾਰਾਨ ਜੰਮੇ।
ਤਾਰਹ ਦੇ ਪਰਿਵਾਰ ਦੀ ਕਹਾਣੀ
27 ਇਹ ਤਾਰਹ ਦੇ ਪਰਿਵਾਰ ਦੀ ਕਹਾਣੀ ਹੈ। ਤਾਰਹ ਅਬਰਾਮ, ਨਾਹੋਰ ਅਤੇ ਹਾਰਾਨ ਦਾ ਪਿਤਾ ਸੀ। ਹਾਰਾਨ ਲੂਤ ਦਾ ਪਿਤਾ ਸੀ। 28 ਹਾਰਾਨ ਆਪਣੇ ਜੱਦੀ ਕਸਬੇ, ਕਸਦੀਆਂ ਦੇ ਊਰ ਵਿੱਚ ਮਰਿਆ, ਜਦੋਂ ਕਿ ਉਸਦਾ ਪਿਤਾ ਤਾਰਹ ਹਾਲੇ ਜਿਉਂਦਾ ਸੀ। 29 ਅਬਰਾਮ ਅਤੇ ਨਾਹੋਰ ਦੋਹਾਂ ਨੇ ਸ਼ਾਦੀ ਕੀਤੀ। ਅਬਰਾਮ ਦੀ ਪਤਨੀ ਦਾ ਨਾਮ ਸਾਰਈ ਸੀ। ਨਾਹੋਰ ਦੀ ਪਤਨੀ ਦਾ ਨਾਮ ਮਿਲਕਾਹ ਸੀ। ਮਿਲਕਾਹ ਹਾਰਾਨ ਦੀ ਧੀ ਸੀ। ਹਾਰਾਨ ਮਿਲਕਾਹ ਅਤੇ ਯਿਸੱਕਾਹ ਦਾ ਪਿਤਾ ਸੀ। 30 ਸਾਰਈ ਦੇ ਔਲਾਦ ਨਹੀਂ ਹੋਈ ਕਿਉਂਕਿ ਉਹ ਬਾਂਝ ਸੀ।
31 ਤਾਰਹ ਆਪਣੇ ਪਰਿਵਾਰ ਨੂੰ ਲੈ ਕੇ ਕਸਦੀਮ ਦੇ ਊਰ ਨੂੰ ਛੱਡ ਗਿਆ। ਉਨ੍ਹਾਂ ਨੇ ਕਨਾਨ ਜਾਣ ਦੀ ਯੋਜਨਾ ਬਣਾਈ। ਤਾਰਹ ਆਪਣੇ ਪੁੱਤਰ ਅਬਰਾਮ, ਆਪਣੇ ਪੋਤੇ ਲੂਤ (ਹਾਰਾਨ ਦੇ ਪੁੱਤਰ) ਅਤੇ ਆਪਣੀ ਨੂੰਹ ਸਾਰਈ (ਅਬਰਾਮ ਦੀ ਪਤਨੀ) ਨੂੰ ਨਾਲ ਲੈ ਗਿਆ। ਉਨ੍ਹਾਂ ਨੇ ਹਾਰਾਨ ਸ਼ਹਿਰ ਤੱਕ ਸਫਰ ਕੀਤਾ ਅਤੇ ਓੱਥੇ ਹੀ ਟਿਕ ਜਾਣ ਦਾ ਨਿਆਂ ਕੀਤਾ। 32 ਤਾਰਹ 205 ਵਰ੍ਹੇ ਜੀਵਿਆ। ਉਹ ਹਾਰਾਨ ਵਿੱਚ ਮਰਿਆ।
2010 by World Bible Translation Center