Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਉਤਪਤ 4-7

ਪਹਿਲਾ ਪਰਿਵਾਰ

ਆਦਮ ਅਤੇ ਉਸਦੀ ਪਤਨੀ ਹੱਵਾਹ ਨੇ ਜਿਨਸੀ ਸੰਬੰਧ ਬਣਾਏ ਅਤੇ ਹੱਵਾਹ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਇਸ ਬੱਚੇ ਦਾ ਨਾਮ ਕਇਨ ਰੱਖਿਆ ਗਿਆ। ਹੱਵਾਹ ਨੇ ਆਖਿਆ, “ਯਹੋਵਾਹ ਦੀ ਸਹਾਇਤਾ ਨਾਲ, ਮੈਂ ਇੱਕ ਆਦਮੀ ਨੂੰ ਪ੍ਰਾਪਤ ਕੀਤਾ ਹੈ।”

ਇਸਤੋਂ ਮਗਰੋਂ ਹੱਵਾਹ ਨੇ ਇੱਕ ਹੋਰ ਬੱਚੇ ਨੂੰ ਜਨਮ ਦਿੱਤਾ। ਇਹ ਬੱਚਾ ਕਇਨ ਦਾ ਭਰਾ ਹਾਬਲ ਸੀ। ਹਾਬਲ ਇੱਕ ਆਜੜੀ ਬਣ ਗਿਆ। ਕਇਨ ਇੱਕ ਕਿਸਾਨ ਬਣ ਗਿਆ।

ਪਹਿਲਾ ਕਤਲ

ਵਾਢੀ ਦੇ ਸਮੇਂ, ਕਇਨ ਯਹੋਵਾਹ ਲਈ ਸੁਗਾਤ ਵਜੋਂ ਕੁਝ ਫ਼ਲ ਅਤੇ ਸਬਜ਼ੀਆਂ ਲੈ ਕੇ ਆਇਆ। ਕਇਨ ਉਸ ਭੋਜਨ ਦਾ ਕੁਝ ਹਿੱਸਾ ਲੈ ਕੇ ਆਇਆ ਜਿਹੜਾ ਉਸ ਨੇ ਧਰਤੀ ਤੇ ਉਗਾਇਆ ਸੀ। ਪਰ ਹਾਬਲ ਆਪਣੇ ਇੱਜੜ ਵਿੱਚੋਂ ਕੁਝ ਜਾਨਵਰ ਲੈ ਕੇ ਆਇਆ। ਪਰ ਹਾਬਲ ਆਪਣੇ ਇੱਜੜ ਵਿੱਚੋਂ ਪਹਿਲੋਠੇ ਜਨਮੇ ਜਾਨਵਰਾਂ ਨੂੰ ਲਿਆਇਆ ਅਤੇ ਉਸ ਨੇ ਆਪਣੀਆਂ ਸਭ ਤੋਂ ਚੰਗੀਆਂ ਭੇਡਾਂ ਦਾ ਸਭ ਤੋਂ ਚੰਗਾ ਹਿੱਸਾ ਭੇਂਟ ਕੀਤਾ। [a]

ਇਸ ਲਈ ਯਹੋਵਾਹ ਨੇ ਹਾਬਲ ਅਤੇ ਉਸਦੀ ਸੁਗਾਤ ਤੇ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ। ਪਰ ਯਹੋਵਾਹ ਨੇ ਕਇਨ ਅਤੇ ਉਸਦੀ ਭੇਂਟ ਨੂੰ ਪ੍ਰਵਾਨ ਨਹੀਂ ਕੀਤਾ। ਇਸ ਕਾਰਣ ਕਇਨ ਉਦਾਸ ਹੋ ਗਿਆ, ਅਤੇ ਉਹ ਬਹੁਤ ਗੁੱਸੇ ਵਿੱਚ ਆ ਗਿਆ। ਯਹੋਵਾਹ ਨੇ ਕਇਨ ਨੂੰ ਪੁੱਛਿਆ, “ਤੂੰ ਗੁੱਸੇ ਵਿੱਚ ਕਿਉਂ ਹੈਂ? ਤੇਰੇ ਚਿਹਰੇ ਉੱਤੇ ਉਦਾਸੀ ਕਿਉਂ ਝਲਕਦੀ ਹੈ? ਜੇ ਤੂੰ ਚੰਗੇ ਕੰਮ ਕਰੇਂਗਾ ਤਾਂ ਮੇਰੇ ਨਾਲ ਤੇਰਾ ਸੰਬੰਧ ਠੀਕ ਹੋ ਜਾਵੇਗਾ। ਫ਼ੇਰ ਮੈਂ ਤੈਨੂੰ ਪ੍ਰਵਾਨ ਕਰ ਲਵਾਂਗਾ। ਪਰ ਜੇ ਤੂੰ ਮੰਦੇ ਕੰਮ ਕੀਤੇ ਤਾਂ ਉਹ ਪਾਪ ਤੇਰੇ ਜੀਵਨ ਵਿੱਚ ਹੈ। ਤੇਰਾ ਪਾਪ ਤੇਰੇ ਉੱਤੇ ਕਾਬੂ ਪਾਉਣਾ ਚਾਹੇਗਾ ਪਰ ਤੈਨੂੰ ਆਪਣੇ ਪਾਪ ਉੱਤੇ ਕਾਬੂ ਪਾਉਣਾ ਪਵੇਗਾ।” [b]

ਕਇਨ ਨੇ ਆਪਣੇ ਭਰਾ ਹਾਬਲ ਨੂੰ ਆਖਿਆ, “ਆ, ਖੇਤ ਵਿੱਚ ਚੱਲੀਏ।” ਇਸ ਲਈ ਕਇਨ ਤੇ ਹਾਬਲ ਖੇਤ ਨੂੰ ਚੱਲੇ ਗਏ। ਫ਼ੇਰ ਕਇਨ ਨੇ ਆਪਣੇ ਭਰਾ ਹਾਬਲ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਮਾਰ ਦਿੱਤਾ।

ਬਾਅਦ ਵਿੱਚ, ਯਹੋਵਾਹ ਨੇ ਕਇਨ ਨੂੰ ਪੁੱਛਿਆ, “ਤੇਰਾ ਭਰਾ, ਹਾਬਲ, ਕਿੱਥੇ ਹੈ?”

ਕਇਨ ਨੇ ਜਵਾਬ ਦਿੱਤਾ, “ਮੈਨੂੰ ਨਹੀਂ ਪਤਾ। ਕੀ ਮੇਰਾ ਕੰਮ ਆਪਣੇ ਭਰਾ ਦੀ ਦੇਖ-ਭਾਲ ਕਰਨਾ ਹੈ?”

10 ਤਾਂ ਯਹੋਵਾਹ ਨੇ ਆਖਿਆ, “ਤੂੰ ਕੀ ਕਰ ਦਿੱਤਾ ਹੈ? ਤੂੰ ਆਪਣੇ ਭਰਾ ਨੂੰ ਕਤਲ ਕਰ ਦਿੱਤਾ ਹੈ! ਉਸਦਾ ਖੂਨ ਉਸ ਆਵਾਜ਼ ਵਰਗਾ ਹੈ ਜਿਹੜੀ ਧਰਤੀ ਤੋਂ ਮੈਨੂੰ ਪੁਕਾਰ ਰਹੀ ਹੈ। 11 ਤੂੰ ਆਪਣੇ ਭਰਾ ਨੂੰ ਕਤਲ ਕਰ ਦਿੱਤਾ ਅਤੇ ਧਰਤੀ ਤੇਰੇ ਹੱਥਾਂ ਵਿੱਚੋਂ ਉਸਦਾ ਖੂਨ ਲੈਣ ਲਈ ਖੁਲ੍ਹ ਗਈ। ਇਸ ਲਈ ਹੁਣ, ਮੈਂ ਉਸ ਧਰਤੀ ਉੱਤੇ ਆਫ਼ਤਾਂ ਘੱਲਾਂਗਾ। 12 ਅਤੀਤ ਵਿੱਚ, ਤੂੰ ਬੀਜਦਾ ਸੀ ਅਤੇ ਤੇਰੇ ਪੌਦੇ ਚੰਗੇ ਉਗਦੇ ਸਨ। ਪਰ ਹੁਣ ਜਦੋਂ ਤੂੰ ਬੀਜੇਂਗਾ ਧਰਤੀ ਤੇਰੇ ਪੌਦਿਆਂ ਨੂੰ ਉੱਗਣ ਵਿੱਚ ਸਹਾਇਤਾ ਨਹੀਂ ਕਰੇਗੀ। ਧਰਤੀ ਉੱਤੇ ਤੇਰਾ ਘਰ ਨਹੀਂ ਹੋਵੇਗਾ। ਤੂੰ ਥਾਂ-ਥਾਂ ਭਟਕੇਂਗਾ।”

13 ਤਾਂ ਕਇਨ ਨੇ ਆਖਿਆ, “ਇਹ ਸਜ਼ਾ ਮੇਰੇ ਸਹਿਣ ਤੋਂ ਵੱਧੇਰੇ ਹੈ! 14 ਦੇਖੋ, ਤੁਸੀਂ ਮੈਂਨੂੰ ਮੇਰੀ ਧਰਤੀ ਤੋਂ ਬਾਹਰ ਕੱਢ ਰਹੇ ਹੋਂ ਮੈਂ ਤੁਹਾਨੂੰ ਦੇਖ ਨਹੀਂ ਸੱਕਾਂਗਾ ਅਤੇ ਤੁਹਾਡੇ ਨੇੜੇ ਨਹੀਂ ਹੋ ਸੱਕਾਂਗਾ! ਮੇਰਾ ਘਰ ਨਹੀਂ ਹੋਵੇਗਾ! ਮੈਨੂੰ ਧਰਤੀ ਉੱਤੇ ਥਾਂ-ਥਾਂ ਭਟਕਣਾ ਪਵੇਗਾ ਅਤੇ ਜੋ ਕੋਈ ਵੀ ਮੈਨੂੰ ਲੱਭ ਲਵੇਗਾ, ਮੈਨੂੰ ਮਾਰ ਦੇਵੇਗਾ।”

15 ਤਾਂ ਯਹੋਵਾਹ ਨੇ ਕਇਨ ਨੂੰ ਆਖਿਆ, “ਮੈਂ ਅਜਿਹਾ ਨਹੀਂ ਹੋਣ ਦੇਵਾਂਗਾ! ਕਇਨ, ਜੇ ਕੋਈ ਤੈਨੂੰ ਮਾਰੇਗਾ, ਤਾਂ ਮੈਂ ਉਸ ਬੰਦੇ ਨੂੰ ਸਖ਼ਤ ਸਜ਼ਾ ਦੇਵਾਂਗਾ।” ਤਾਂ ਯਹੋਵਾਹ ਨੇ ਕਇਨ ਉੱਤੇ ਇੱਕ ਨਿਸ਼ਾਨ ਲਾ ਦਿੱਤਾ। ਇਹ ਨਿਸ਼ਾਨ ਦਰਸਾਉਂਦਾ ਸੀ ਕਿ ਕਿਸੇ ਬੰਦੇ ਨੂੰ ਉਸ ਨੂੰ ਨਹੀਂ ਮਾਰਨਾ ਚਾਹੀਦਾ।

ਕਇਨ ਦਾ ਪਰਿਵਾਰ

16 ਕਇਨ ਯਹੋਵਾਹ ਕੋਲੋਂ ਦੂਰ ਚੱਲਿਆ ਗਿਆ। ਕਇਨ ਨੋਦ ਦੀ ਧਰਤੀ ਉੱਤੇ ਰਹਿੰਦਾ ਸੀ।

17 ਕਇਨ ਨੇ ਆਪਣੀ ਪਤਨੀ ਨਾਲ ਜਿਨਸੀ ਰਿਸ਼ਤਾ ਜੋੜਿਆ। ਉਹ ਗਰਭਵਤੀ ਹੋ ਗਈ ਅਤੇ ਉਸ ਨੇ ਹਨੋਕ ਨਾਮ ਦੇ ਇੱਕ ਪੁੱਤਰ ਨੂੰ ਜਨਮ ਦਿੱਤਾ। ਕਇਨ ਨੇ ਇੱਕ ਸ਼ਹਿਰ ਉਸਾਰਿਆ ਅਤੇ ਉਸ ਸ਼ਹਿਰ ਨੂੰ ਆਪਣੇ ਪੁੱਤਰ ਹਨੋਕ ਦਾ ਨਾਮ ਦਿੱਤਾ।

18 ਹਨੋਕ ਦੇ ਇੱਕ ਪੁੱਤਰ ਹੋਇਆ ਜਿਸਦਾ ਨਾਮ ਈਰਾਦ ਸੀ। ਈਰਾਦ ਦੇ ਇੱਕ ਪੁੱਤਰ ਹੋਇਆ ਜਿਸਦਾ ਨਾਮ ਮਹੂਯਾਏਲ ਸੀ। ਮਹੂਯਾਏਲ ਦੇ ਇੱਕ ਪੁੱਤਰ ਹੋਇਆ ਜਿਸਦਾ ਨਾਮ ਮਹੂਯਾਏਲ ਸੀ। ਮਹੂਯਾਏਲ ਦੇ ਇੱਕ ਪੁੱਤਰ ਹੋਇਆ ਜਿਸਦਾ ਨਾਮ ਲਾਮਕ ਸੀ।

19 ਲਾਮਕ ਨੇ ਦੋ ਔਰਤਾਂ ਨਾਲ ਸ਼ਾਦੀ ਕੀਤੀ। ਉਸਦੀ ਇੱਕ ਪਤਨੀ ਦਾ ਨਾਮ ਆਦਾਹ ਅਤੇ ਦੂਸਰੀ ਪਤਨੀ ਦਾ ਨਾਮ ਜ਼ਿੱਲਾਹ ਸੀ। 20 ਆਦਾਹ ਨੇ ਯਾਬਲ ਨੂੰ ਜਨਮ ਦਿੱਤਾ। ਯਾਬਲ ਉਨ੍ਹਾਂ ਲੋਕਾਂ ਦਾ ਪਿਤਾ ਸੀ ਜਿਹੜੇ ਤੰਬੂਆਂ ਵਿੱਚ ਰਹਿੰਦੇ ਸਨ ਅਤੇ ਪਸ਼ੂ ਪਾਲਣ ਕਰਕੇ ਜੀਵਨ ਦਾ ਨਿਰਬਾਹ ਕਰਦੇ ਸਨ। 21 ਆਦਾਹ ਦਾ ਇੱਕ ਹੋਰ ਪੁੱਤਰ ਵੀ ਸੀ ਜੂਬਲ। (ਜੂਬਲ, ਯਾਬਲ ਦਾ ਭਰਾ ਸੀ) ਜੂਬਲ ਉਨ੍ਹਾਂ ਲੋਕਾਂ ਦਾ ਪਿਤਾ ਸੀ ਜਿਹੜੇ ਸਰੰਗੀ ਤੇ ਬੰਸਰੀ ਬਜਾਉਂਦੇ ਸਨ। 22 ਜ਼ਿੱਲਾਹ ਨੇ ਤੂਬਲ ਕਇਨ ਨੂੰ ਜਨਮ ਦਿੱਤਾ। ਤੂਬਲ ਕਇਨ ਉਨ੍ਹਾਂ ਲੋਕਾਂ ਦਾ ਪਿਤਾ ਸੀ। ਜਿਹੜੇ ਤਾਂਬੇ ਅਤੇ ਲੋਹੇ ਦਾ ਕੰਮ ਕਰਦੇ ਸਨ। ਤੂਬਲ ਕਇਨ ਦੀ ਭੈਣ ਦਾ ਨਾਮ ਨਾਮਾਹ ਸੀ।

23 ਲਾਮਕ ਨੇ ਆਪਣੀਆਂ ਪਤਨੀਆਂ ਨੂੰ ਆਖਿਆ:

“ਆਦਾਹ ਤੇ ਜ਼ਿੱਲਾਹ, ਮੇਰੀ ਗੱਲ ਸੁਣੋ!
    ਲਾਮਕ ਦੀਓ ਪਤਨੀਓ ਮੇਰੀ ਗੱਲ ਸੁਣੋ!
ਮੈਂ ਇੱਕ ਆਦਮੀ ਨੂੰ ਮਾਰ ਦਿੱਤਾ ਜਿਸਨੇ ਮੈਨੂੰ ਜ਼ਖਮੀ ਕੀਤਾ
    ਅਤੇ ਇੱਕ ਜਵਾਨ ਆਦਮੀ ਨੂੰ ਜਿਸਨੇ ਮੈਨੂੰ ਕੁਟਿਆ।
24 ਕਇਨ ਨੂੰ ਮਾਰਨ ਦੀ ਸਜ਼ਾ ਬਹੁਤ ਵੱਡੀ ਸੀ!
    ਇਸ ਲਈ ਮੈਨੂੰ ਮਾਰਨ ਦੀ ਸਜ਼ਾ ਹੋਰ ਵੀ ਵਡੇਰੀ ਹੋਵੇਗੀ!”

ਆਦਮ ਤੇ ਹੱਵਾਹ ਦਾ ਇੱਕ ਹੋਰ ਪੁੱਤਰ

25 ਆਦਮ ਨੇ ਫ਼ੇਰ ਹੱਵਾਹ ਨਾਲ ਜਿਨਸੀ ਰਿਸ਼ਤਾ ਜੋੜਿਆ। ਅਤੇ ਹੱਵਾਹ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਨ੍ਹਾਂ ਨੇ ਇਸਦਾ ਨਾਮ ਸੇਥ ਰੱਖਿਆ। ਹੱਵਾਹ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਇੱਕ ਹੋਰ ਪੁੱਤਰ ਦਿੱਤਾ ਹੈ। ਕਇਨ ਨੇ ਹਾਬਲ ਨੂੰ ਮਾਰ ਦਿੱਤਾ ਸੀ, ਪਰ ਹੁਣ ਮੇਰੇ ਕੋਲ ਸੇਥ ਹੈ।” 26 ਸੇਥ ਦੇ ਵੀ ਇੱਕ ਪੁੱਤਰ ਹੋਇਆ। ਉਸ ਨੇ ਉਸਦਾ ਨਾਮ ਅਨੋਸ਼ ਰੱਖਿਆ। ਉਸ ਵੇਲੇ, ਲੋਕ ਯਹੋਵਾਹ ਅੱਗੇ ਪ੍ਰਾਰਥਨਾ ਕਰਨ ਲੱਗੇ।

ਆਦਮ ਦੇ ਪਰਿਵਾਰ ਦਾ ਇਤਿਹਾਸ

ਇਹ ਆਦਮ ਦੇ ਪਰਿਵਾਰ ਬਾਰੇ ਪੁਸਤਕ ਹੈ। ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਸਾਜਨਾ ਆਪਣੀ ਨਕਲ ਉੱਤੇ ਕੀਤੀ। [c] ਪਰਮੇਸ਼ੁਰ ਨੇ ਉਨ੍ਹਾਂ ਨੂੰ ਨਰ ਤੇ ਮਾਦਾ ਬਣਾਇਆ। ਅਤੇ ਓਸੇ ਦਿਨ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਸਾਜਿਆ ਸੀ ਉਸ ਨੇ ਉਨ੍ਹਾਂ ਨੂੰ “ਆਦਮ” ਦਾ ਨਾਮ ਦਿੱਤਾ।

ਜਦੋਂ ਆਦਮ 130 ਵਰ੍ਹਿਆਂ ਦਾ ਸੀ, ਉਸ ਨੇ ਆਪਣੇ ਹੀ ਅਕਸ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ, ਜੋ ਸੁਭਾਅ ਵਿੱਚ ਉਸ ਵਾਂਗ ਹੀ ਸੀ। ਆਦਮ ਨੇ ਉਸਦਾ ਨਾਮ ਸੇਥ ਧਰਿਆ। ਸੇਥ ਦੇ ਜਨਮ ਤੋਂ ਬਾਅਦ, ਆਦਮ 800 ਵਰ੍ਹੇ ਜੀਵਿਆ। ਉਸ ਸਮੇਂ ਦੌਰਾਨ ਆਦਮ ਦੇ ਹੋਰ ਧੀਆਂ ਪੁੱਤਰ ਹੋਏ। ਇਸ ਤਰ੍ਹਾਂ ਆਦਮ ਕੁੱਲ 930 ਵਰ੍ਹੇ ਜੀਵਿਆ; ਫ਼ੇਰ ਉਸ ਦਾ ਦੇਹਾਂਤ ਹੋ ਗਿਆ।

ਜਦੋਂ ਸੇਥ 105 ਵਰ੍ਹੇ ਦਾ ਹੋਏਆ ਉਸ ਦੇ ਘਰ ਅਨੋਸ਼ ਨਾਮ ਦਾ ਪੁੱਤਰ ਪੈਦਾ ਹੋਇਆ। ਅਨੋਸ਼ ਦੇ ਜਨਮ ਤੋਂ ਬਾਅਦ ਸੇਥ 807 ਵਰ੍ਹੇ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ। ਇਸ ਤਰ੍ਹਾਂ ਸੇਥ ਕੁੱਲ 912 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ।

ਜਦੋਂ ਅਨੋਸ਼ 90 ਵਰ੍ਹਿਆਂ ਦਾ ਸੀ ਉਸ ਦੇ ਇੱਕ ਪੁੱਤਰ ਹੋਇਆ ਜਿਸਦਾ ਨਾਮ ਕੇਨਾਨ ਸੀ, 10 ਕੇਨਾਨ ਦੇ ਜੰਮਣ ਤੋਂ ਬਾਅਦ ਅਨੋਸ਼ 815 ਵਰ੍ਹੇ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ। 11 ਇਸ ਤਰ੍ਹਾਂ ਅਨੋਸ਼ ਕੁੱਲ 905 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ।

12 ਜਦੋਂ ਕੇਨਾਨ 70 ਵਰ੍ਹੇ ਦਾ ਸੀ ਉਸ ਦੇ ਘਰ ਮਹਲਲੇਲ ਨਾਮ ਦਾ ਪੁੱਤਰ ਪੈਦਾ ਹੋਇਆ। 13 ਮਹਲਲੇਲ ਦੇ ਜਨਮ ਤੋਂ ਮਗਰੋਂ ਕੇਨਾਨ 840 ਵਰ੍ਹੇ ਜੀਵਿਆ। ਇਸ ਸਮੇਂ ਦੌਰਾਨ ਕੇਨਾਨ ਦੇ ਘਰ ਹੋਰ ਧੀਆਂ ਪੁੱਤਰ ਹੋਏ। 14 ਇਸ ਤਰ੍ਹਾਂ ਕੇਨਾਨ ਕੁੱਲ 910 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ।

15 ਜਦੋਂ ਮਹਲਲੇਲ 65 ਵਰ੍ਹਿਆਂ ਦਾ ਸੀ ਉਸ ਦੇ ਘਰ ਯਰਦ ਨਾਮ ਦਾ ਪੁੱਤਰ ਪੈਦਾ ਹੋਇਆ। 16 ਯਰਦ ਦੇ ਜਨਮ ਤੋਂ ਬਾਅਦ ਮਹਲਲੇਲ 830 ਵਰ੍ਹੇ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ। 17 ਇਸ ਤਰ੍ਹਾਂ ਮਹਲਲੇਲ ਕੁੱਲ 895 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ।

18 ਜਦੋਂ ਯਰਦ 162 ਵਰ੍ਹਿਆਂ ਦਾ ਸੀ ਉਸ ਦੇ ਘਰ ਹਨੋਕ ਨਾਮ ਦਾ ਪੁੱਤਰ ਜਨਮਿਆ। 19 ਹਨੋਕ ਦੇ ਜਨਮ ਤੋਂ ਬਾਅਦ ਯਰਦ 800 ਵਰ੍ਹਿਆਂ ਤੱਕ ਜੀਵਿਆ। ਉਸ ਸਮੇਂ ਦੌਰਾਨ, ਉਸ ਦੇ ਹੋਰ ਧੀਆਂ ਪੁੱਤਰ ਹੋਏ। 20 ਇਸ ਤਰ੍ਹਾਂ ਯਰਦ ਕੁੱਲ 962 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ।

21 ਜਦੋਂ ਹਨੋਕ 65 ਵਰ੍ਹਿਆਂ ਦਾ ਸੀ ਉਸ ਦੇ ਘਰ ਮਥੂਸਲਹ ਨਾਮ ਦਾ ਪੁੱਤਰ ਜਨਮਿਆ। 22 ਮਥੂਸਲਹ ਦੇ ਜਨਮ ਤੋਂ ਬਾਅਦ, ਹਨੋਕ ਨੇ ਪਰਮੇਸ਼ੁਰ ਦੇ ਨਾਮ ਤੁਰਦਿਆਂ 300 ਵਰ੍ਹੇ ਹੋਰ ਬਿਤਾਏ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ। 23 ਇਸ ਤਰ੍ਹਾਂ, ਹਨੋਕ ਕੁੱਲ 365 ਵਰ੍ਹੇ ਜੀਵਿਆ। 24 ਇੱਕ ਦਿਨ ਹਨੋਕ ਪਰਮੇਸ਼ੁਰ ਦੇ ਨਾਲ ਤੁਰ ਰਿਹਾ ਸੀ, ਅਤੇ ਹਨੋਕ ਗਾਇਬ ਹੋ ਗਿਆ। ਪਰਮੇਸ਼ੁਰ ਨੇ ਉਸ ਨੂੰ ਉੱਠਾ ਲਿਆ।

25 ਜਦੋਂ ਮਥੂਸਲਹ 187 ਵਰ੍ਹਿਆਂ ਦਾ ਸੀ, ਉਸ ਦੇ ਘਰ ਲਾਮਕ ਨਾਮ ਦਾ ਪੁੱਤਰ ਜਨਮਿਆ। 26 ਲਾਮਕ ਦੇ ਜਨਮ ਤੋਂ ਬਾਅਦ ਮਥੂਸਲਹ 782 ਵਰ੍ਹੇ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ। 27 ਇਸ ਤਰ੍ਹਾਂ ਮਥੂਸਲਹ ਕੁੱਲ 969 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ।

28 ਜਦੋਂ ਲਾਮਕ 182 ਵਰ੍ਹਿਆਂ ਦਾ ਸੀ, ਉਸ ਦੇ ਘਰ ਇੱਕ ਪੁੱਤਰ ਜਨਮਿਆ। 29 ਲਾਮਕ ਨੇ ਆਪਣੇ ਪੁੱਤਰ ਦਾ ਨਾਮ ਨੂਹ ਰੱਖਿਆ। ਲਾਮਕ ਨੇ ਆਖਿਆ, “ਕਿਸਾਨਾਂ ਵਾਂਗ ਕਰੜੀ ਮਿਹਨਤ ਕਰ, ਕਿਉਂਕਿ ਪਰਮੇਸ਼ੁਰ ਨੇ ਧਰਤੀ ਨੂੰ ਸਰਾਪ ਦਿੱਤਾ ਸੀ। ਪਰ ਨੂਹ ਸਾਨੂੰ ਅਰਾਮ ਦੇਵੇਗਾ।”

30 ਨੂਹ ਦੇ ਜਨਮ ਤੋਂ ਬਾਅਦ ਲਾਮਕ 595 ਵਰ੍ਹੇ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ। 31 ਇਸ ਤਰ੍ਹਾਂ ਲਾਮਕ ਕੁੱਲ 777 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ।

32 ਜਦੋਂ ਨੂਹ 500 ਵਰ੍ਹਿਆਂ ਦਾ ਸੀ ਉਸ ਦੇ ਘਰ ਸ਼ੇਮ, ਹਾਮ ਅਤੇ ਯਾਫ਼ਥ ਨਾਮ ਦੇ ਪੁੱਤਰ ਜਨਮੇ।

ਲੋਕ ਬੁਰੇ ਬਣੇ

ਧਰਤੀ ਉੱਤੇ ਲੋਕਾਂ ਦੀ ਗਿਣਤੀ ਵੱਧਦੀ ਗਈ। ਇਨ੍ਹਾਂ ਲੋਕਾਂ ਦੇ ਘਰੀਂ ਕੁੜੀਆਂ ਜੰਮੀਆਂ। 2-4 ਪਰਮੇਸ਼ੁਰ ਦੇ ਪੁੱਤਰਾਂ ਨੇ ਦੇਖਿਆ ਕਿ ਇਹ ਕੁੜੀਆਂ ਸੁੰਦਰ ਸਨ। ਇਸ ਲਈ ਪਰਮੇਸ਼ੁਰ ਦੇ ਪੁੱਤਰਾਂ ਨੇ ਆਪਣੀ ਚੁਣੀ ਹੋਈ ਕਿਸੇ ਵੀ ਕੁੜੀ ਨਾਲ ਸ਼ਾਦੀ ਕੀਤੀ।

ਇਨ੍ਹਾਂ ਔਰਤਾਂ ਨੇ ਬੱਚਿਆਂ ਨੂੰ ਜਨਮ ਦਿੱਤਾ। ਉਸ ਸਮੇਂ ਦੌਰਾਨ ਅਤੇ ਬਾਅਦ ਵਿੱਚ, ਧਰਤੀ ਉੱਤੇ ਨੇਫ਼ਿਲੀਮ ਲੋਕ ਰਹਿੰਦੇ ਸਨ। ਉਹ ਮਸ਼ਹੂਰ ਲੋਕ ਸਨ। ਉਹ ਪੁਰਾਣੇ ਵੇਲਿਆਂ ਤੋਂ ਹੀ ਨਾਇੱਕ ਸਨ। [d]

ਫ਼ੇਰ ਯਹੋਵਾਹ ਨੇ ਆਖਿਆ, “ਲੋਕ ਤਾਂ ਸਿਰਫ਼ ਇਨਸਾਨ ਹਨ; ਮੈਂ ਆਪਣੇ ਆਤਮੇ ਨੂੰ ਉਨ੍ਹਾਂ ਖਾਤਿਰ ਸਦਾ ਲਈ ਪਰੇਸ਼ਾਨ ਨਹੀਂ ਕਰਾਂਗਾ। ਮੈਂ ਉਨ੍ਹਾਂ ਨੂੰ 120 ਵਰ੍ਹਿਆਂ ਦਾ ਜੀਵਨ ਦੇਵਾਂਗਾ।”

ਯਹੋਵਾਹ ਨੇ ਦੇਖਿਆ ਕਿ ਧਰਤੀ ਦੇ ਲੋਕ ਬਹੁਤ ਮੰਦੇ ਸਨ। ਯਹੋਵਾਹ ਨੇ ਦੇਖਿਆ ਕਿ ਲੋਕ ਹਰ ਸਮੇਂ ਕੇਵਲ ਮੰਦੀਆਂ ਗੱਲਾਂ ਬਾਰੇ ਸੋਚਦੇ ਸਨ। ਯਹੋਵਾਹ ਨੂੰ ਬਹੁਤ ਅਫ਼ਸੋਸ ਹੋਇਆ ਕਿ ਉਸ ਨੇ ਧਰਤੀ ਉੱਤੇ ਲੋਕਾਂ ਦੀ ਸਾਜਨਾ ਕੀਤੀ ਸੀ। ਇਸ ਨਾਲ ਯਹੋਵਾਹ ਦੇ ਦਿਲ ਅੰਦਰ ਬਹੁਤ ਉਦਾਸੀ ਭਰ ਗਈ। ਇਸ ਲਈ ਯਹੋਵਾਹ ਨੇ ਆਖਿਆ, “ਮੈਂ ਉਨ੍ਹਾਂ ਸਮੂਹ ਲੋਕਾਂ ਨੂੰ ਤਬਾਹ ਕਰ ਦਿਆਂਗਾ ਜਿਨ੍ਹਾਂ ਨੂੰ ਮੈਂ ਧਰਤੀ ਉੱਤੇ ਸਾਜਿਆ ਹੈ। ਮੈਂ ਹਰੇਕ ਵਿਅਕਤੀ, ਹਰੇਕ ਜਾਨਵਰ ਅਤੇ ਹਰ ਓਸ ਸ਼ੈਅ ਨੂੰ ਤਬਾਹ ਕਰ ਦਿਆਂਗਾ ਜਿਹੜੀ ਧਰਤੀ ਉੱਤੇ ਰੀਂਗਦੀ ਹੈ ਅਤੇ ਮੈਂ ਅਕਾਸ਼ ਦੇ ਵਿੱਚਲੇ ਸਾਰੇ ਪੰਛੀਆਂ ਨੂੰ ਤਬਾਹ ਕਰ ਦਿਆਂਗਾ ਕਿਉਂਕਿ ਮੈਂਨੂੰ ਅਫ਼ਸੋਸ ਹੈ ਕਿ ਮੈਂ ਉਨ੍ਹਾਂ ਦੀ ਸਾਜਨਾ ਕੀਤੀ।”

ਪਰ ਧਰਤੀ ਦਾ ਇੱਕ ਅਜਿਹਾ ਆਦਮੀ ਸੀ ਜਿਸ ਉੱਤੇ ਯਹੋਵਾਹ ਪ੍ਰਸੰਨ ਸੀ-ਉਹ ਸੀ ਨੂਹ।

ਨੂਹ ਅਤੇ ਵੱਡਾ ਹੜ੍ਹ

ਇਹ ਕਹਾਣੀ ਨੂਹ ਦੇ ਪਰਿਵਾਰ ਬਾਰੇ ਹੈ। ਨੂਹ ਆਪਣੇ ਜੀਵਨ ਭਰ ਚੰਗਾ ਇਨਸਾਨ ਰਿਹਾ। ਨੂਹ ਹਮੇਸ਼ਾ ਪਰਮੇਸ਼ੁਰ ਦਾ ਪੈਰੋਕਾਰ ਰਿਹਾ। 10 ਨੂਹ ਦੇ ਤਿੰਨ ਪੁੱਤਰ ਸਨ: ਸ਼ੇਮ, ਹਾਮ ਅਤੇ ਯਾਫਥ।

11-12 ਪਰਮੇਸ਼ੁਰ ਨੇ ਧਰਤੀ ਵੱਲ ਤੱਕਿਆ ਅਤੇ ਦੇਖਿਆ ਕਿ ਲੋਕਾਂ ਨੇ ਇਸ ਨੂੰ ਬਰਬਾਦ ਕਰ ਦਿੱਤਾ ਸੀ। ਹਰ ਥਾਂ ਹਿੰਸਾ ਫ਼ੈਲੀ ਹੋਈ ਸੀ ਲੋਕੀਂ ਮੰਦੇ ਅਤੇ ਜ਼ਾਲਮ ਬਣ ਗਏ ਸਨ।

13 ਇਸ ਲਈ ਪਰਮੇਸ਼ੁਰ ਨੇ ਨੂਹ ਨੂੰ ਆਖਿਆ, “ਸਮੂਹ ਲੋਕਾਂ ਨੇ ਧਰਤੀ ਨੂੰ ਕਰੋਧ ਅਤੇ ਹਿੰਸਾ ਨਾਲ ਭਰ ਦਿੱਤਾ ਹੈ। ਇਸ ਲਈ ਮੈਂ ਸਾਰੇ ਜੀਵਾਂ ਨੂੰ ਖ਼ਤਮ ਕਰ ਦਿਆਂਗਾ। ਮੈਂ ਇਨ੍ਹਾਂ ਨੂੰ ਧਰਤੀ ਉੱਤੋਂ ਹਟਾ ਦਿਆਂਗਾ। 14 ਗੋਫਰ ਦੀ ਲੱਕੜ ਲੈ ਅਤੇ ਆਪਣੇ ਲਈ ਇੱਕ ਕਿਸ਼ਤੀ ਬਣਾ। ਕਿਸ਼ਤੀ ਵਿੱਚ ਕਮਰੇ ਬਣਾ ਅਤੇ ਇਸ ਨੂੰ ਅੰਦਰੋਂ ਅਤੇ ਬਾਹਰੋਂ ਲੁੱਕ ਨਾਲ ਢੱਕ ਦੇ।

15 “ਮੈਂ ਚਾਹੁੰਦਾ ਹਾਂ ਕਿ ਤੂੰ ਇਸ ਨਾਪ ਦੀ ਕਿਸ਼ਤੀ ਬਣਾਵੇਂ: 300 ਕਿਊਬਿਟ ਲੰਬੀ, 50 ਕਿਊਬਿਟ ਚੌੜੀ ਅਤੇ 30 ਕਿਊਬਿਟ ਉੱਚੀ। 16 ਕਿਸ਼ਤੀ ਲਈ ਇਸਦੀ ਛੱਤ ਤੋਂ 18 ਇੰਚ ਹੇਠਾਂ ਇੱਕ ਖਿੜਕੀ ਬਣਾ। ਕਿਸ਼ਤੀ ਦੇ ਇੱਕ ਪਾਸੇ ਵੱਲ ਦਰਵਾਜ਼ਾ ਰੱਖੀਂ। ਕਿਸ਼ਤੀ ਦਿਆਂ ਤਿੰਨ ਮੰਜ਼ਲਾਂ ਹੋਣ; ਉੱਪਰਲੀ ਮੰਜ਼ਿਲ, ਵਿੱਚਕਾਰਲੀ ਮੰਜ਼ਿਲ ਅਤੇ ਹੇਠਲੀ ਮੰਜ਼ਿਲ।

17 “ਜੋ ਮੈਂ ਆਖ ਰਿਹਾ ਹਾਂ ਉਸ ਨੂੰ ਸਮਝ ਲੈ। ਮੈਂ ਧਰਤੀ ਉੱਤੇ ਪਾਣੀ ਦਾ ਇੱਕ ਵੱਡਾ ਹੜ੍ਹ ਲਿਆਵਾਂਗਾ। ਮੈਂ ਉਨ੍ਹਾਂ ਸਾਰੇ ਜੀਵਾਂ ਨੂੰ ਤਬਾਹ ਕਰ ਦਿਆਂਗਾ ਜਿਹੜੇ ਅਕਾਸ਼ ਦੇ ਹੇਠਾਂ ਰਹਿੰਦੇ ਹਨ। ਧਰਤੀ ਦੀ ਹਰ ਸ਼ੈਅ ਮਰ ਜਾਵੇਗੀ। 18 ਮੈਂ ਤੇਰੇ ਨਾਲ ਇੱਕ ਖਾਸ ਇਕਰਾਰਨਾਮਾ ਕਰਾਂਗਾ। ਅਤੇ ਤੂੰ, ਤੇਰੇ ਪੁੱਤਰ, ਤੇਰੀ ਪਤਨੀ, ਅਤੇ ਤੇਰੀਆਂ ਨੂਹਾਂ ਸਾਰੇ ਹੀ ਕਿਸ਼ਤੀ ਵਿੱਚ ਚੱਲੇ ਜਾਵੋਂਗੇ। 19 ਅਤੇ ਤੈਨੂੰ ਚਾਹੀਦਾ ਹੈ ਕਿ ਧਰਤੀ ਉੱਤੇ ਜਿਉਣ ਵਾਲੀ ਹਰ ਸ਼ੈਅ ਦਾ ਇੱਕ ਜੋੜਾ ਪ੍ਰਾਪਤ ਕਰ ਲਵੇਂ। ਉਹ ਨਰ ਤੇ ਮਾਦਾ ਹੋਣ ਅਤੇ ਉਨ੍ਹਾਂ ਨੂੰ ਕਿਸ਼ਤੀ ਵਿੱਚ ਲੈ ਆਵੀਂ। ਉਨ੍ਹਾਂ ਨੂੰ ਆਪਣੇ ਨਾਲ ਜਿਉਂਦਾ ਰੱਖੀਂ। 20 ਧਰਤੀ ਤੇ ਰਹਿਣ ਵਾਲੇ ਹਰ ਤਰ੍ਹਾਂ ਦੇ ਪੰਛੀਆਂ ਦਾ ਇੱਕ ਜੋੜਾ ਅਤੇ ਧਰਤੀ ਉੱਤੇ ਰਹਿਣ ਵਾਲੇ ਹਰ ਤਰ੍ਹਾਂ ਦੇ ਜਾਨਵਰਾਂ ਦਾ ਇੱਕ ਜੋੜਾ ਜਿਉਂਦਾ ਰਹਿਣ ਲਈ ਤੇਰੇ ਕੋਲ ਆਵੇਗਾ। 21 ਅਤੇ ਧਰਤੀ ਉਤਲੇ ਹਰ ਤਰ੍ਹਾਂ ਦੇ ਭੋਜਨ ਨੂੰ ਵੀ ਕਿਸ਼ਤੀ ਵਿੱਚ ਰੱਖ ਲੈ। ਇਹ ਭੋਜਨ ਤੇਰੇ ਲਈ ਅਤੇ ਜਾਨਵਰਾਂ ਲਈ ਹੋਵੇਗਾ।”

22 ਨੂਹ ਨੇ ਇਹ ਸਾਰੀਆਂ ਗੱਲਾਂ ਕੀਤੀਆਂ। ਨੂਹ ਨੇ ਉਨ੍ਹਾਂ ਸਾਰੇ ਆਦੇਸ਼ਾਂ ਦੀ ਪਾਲਣਾ ਕੀਤੀ ਜਿਹੜੇ ਪਰਮੇਸ਼ੁਰ ਨੇ ਦਿੱਤੇ ਸਨ।

ਹੜ੍ਹ ਦਾ ਆਰੰਭ ਹੋਣਾ

ਫ਼ੇਰ ਯਹੋਵਾਹ ਨੇ ਨੂਹ ਨੂੰ ਆਖਿਆ, “ਮੈਂ ਦੇਖਿਆ ਹੈ ਕਿ ਤੂੰ ਚੰਗਾ ਆਦਮੀ ਹੈਂ, ਇਸ ਸਮੇਂ ਦੇ ਮੰਦੇ ਲੋਕਾਂ ਵਿੱਚ ਰਹਿੰਦਾ ਹੋਇਆ ਵੀ। ਇਸ ਲਈ ਆਪਣੇ ਸਾਰੇ ਪਰਿਵਾਰ ਨੂੰ ਇਕੱਠਿਆਂ ਕਰਕੇ ਕਿਸ਼ਤੀ ਵਿੱਚ ਲੈ ਜਾ। ਸਾਰੇ ਪਾਕ ਜਾਨਵਰਾਂ ਦੇ ਸੱਤ ਜੋੜੇ (ਨਰ ਅਤੇ ਮਾਦਾ) ਜੋ ਬਲੀ ਦੇ ਲਾਇੱਕ ਹੋਣ ਅਤੇ ਹੋਰ ਸਾਰੇ ਜਾਨਵਰਾਂ ਦਾ ਇੱਕ ਜੋੜਾ (ਇੱਕ ਨਰ ਤੇ ਸੱਤ ਮਾਦਾ) ਇਸ ਤਰ੍ਹਾਂ ਇਹ ਸਾਰੇ ਜਾਨਵਰ ਜਿਉਂਦੇ ਰਹਿਣਗੇ। 3-4 ਅੱਜ ਤੋਂ ਸੱਤਾਂ ਦਿਨਾਂ ਬਾਅਦ ਮੈਂ ਧਰਤੀ ਉੱਤੇ ਭਾਰੀ ਬਾਰਿਸ਼ ਭੇਜਾਂਗਾ। ਚਾਲੀ ਦਿਨਾਂ ਅਤੇ ਚਾਲੀ ਰਾਤਾਂ ਤੱਕ ਬਾਰਿਸ਼ ਹੁੰਦੀ ਰਹੇਗੀ। ਅਤੇ ਮੈਂ ਧਰਤੀ ਦੇ ਚਿਹਰੇ ਉੱਤੋਂ ਹਰ ਸ਼ੈਅ ਨੂੰ ਪੂੰਝ ਸੁੱਟਾਂਗਾ। ਮੈਂ ਹਰ ਓਸ ਚੀਜ਼ ਨੂੰ ਤਬਾਹ ਕਰ ਦਿਆਂਗਾ ਜਿਸ ਨੂੰ ਮੈਂ ਸਾਜਿਆ ਸੀ।” ਨੂਹ ਨੇ ਹਰ ਉਹ ਗੱਲ ਕੀਤੀ ਜਿਸਦਾ ਯਹੋਵਾਹ ਨੇ ਉਸ ਨੂੰ ਕਰਨ ਲਈ ਹੁਕਮ ਦਿੱਤਾ ਸੀ।

ਜਦੋਂ ਹੜ੍ਹ ਆਏ, ਨੂਹ 600 ਵਰ੍ਹਿਆਂ ਦਾ ਸੀ। ਨੂਹ ਅਤੇ ਉਸਦਾ ਪਰਿਵਾਰ ਹੜ੍ਹ ਤੋਂ ਬਚਣ ਲਈ ਕਿਸ਼ਤੀ ਅੰਦਰ ਚੱਲਿਆ ਗਿਆ। ਨੂਹ ਦੀ ਪਤਨੀ ਅਤੇ ਉਸ ਦੇ ਪੁੱਤਰ ਅਤੇ ਨੂਹਾਂ ਉਸ ਦੇ ਨਾਲ ਕਿਸ਼ਤੀ ਵਿੱਚ ਸਨ। ਸਾਰੇ ਪਾਕ ਜਾਨਵਰ, ਧਰਤੀ ਦੇ ਹੋਰ ਸਾਰੇ ਜਾਨਵਰ, ਪੰਛੀ ਅਤੇ ਧਰਤੀ ਉੱਤੇ ਰੀਂਗਣ ਵਾਲੇ ਜੀਵ, ਨੂਹ ਦੇ ਨਾਲ ਹੀ ਕਿਸ਼ਤੀ ਵਿੱਚ ਚੱਲੇ ਗਏ। ਏਹ ਜਾਨਵਰ ਪਰਮੇਸ਼ੁਰ ਦੇ ਆਦੇਸ਼ ਅਨੁਸਾਰ ਜੋੜਿਆਂ, ਨਰ ਅਤੇ ਮਾਦਾ, ਦੇ ਰੂਪ ਵਿੱਚ ਗਏ ਸਨ। 10 ਸੱਤਾਂ ਦਿਨਾਂ ਬਾਅਦ ਹੜ੍ਹ ਸ਼ੁਰੂ ਹੋ ਗਿਆ। ਧਰਤੀ ਉੱਤੇ ਬਾਰਿਸ਼ ਹੋਣ ਲੱਗ ਪਈ।

11 ਨੂਹ ਦੇ 600 ਵਰ੍ਹੇ ਦੀ ਉਮਰ ਦੇ ਦੂਸਰੇ ਮਹੀਨੇ ਦੇ 17ਵੇਂ ਦਿਨ ਨੂੰ ਧਰਤੀ ਹੇਠਲੇ ਸਮੂਜ ਝਰਨੇ ਫ਼ਟ ਕੇ ਫੁੱਟ ਪਏ ਓਸੇ ਦਿਨ, ਧਰਤੀ ਉੱਤੇ ਭਾਰੀ ਬਾਰਿਸ਼ ਹੋਣ ਲੱਗ ਪਈ ਜਿਵੇਂ ਕਿ ਅਕਾਸ਼ ਦੀਆਂ ਖਿੜਕੀਆਂ ਖੁਲ੍ਹ ਗਈਆਂ ਹੋਣ। 12 ਚਾਲੀ ਦਿਨ ਤੇ ਚਾਲੀ ਰਾਤਾਂ ਭਾਰੀ ਬਾਰਿਸ਼ ਹੁੰਦੀ ਰਹੀ। 13 ਓਸੇ ਦਿਨ ਨੂਹ ਅਤੇ ਉਸਦੀ ਪਤਨੀ, ਉਸ ਦੇ ਪੁੱਤਰ-ਸ਼ੇਮ, ਹਾਮ ਅਤੇ ਯਾਫ਼ਥ-ਅਤੇ ਉਨ੍ਹਾਂ ਦੀਆਂ ਪਤਨੀਆਂ ਕਿਸ਼ਤੀ ਵਿੱਚ ਚਲੀਆਂ ਗਈਆਂ। 14 ਉਹ ਲੋਕ ਅਤੇ ਧਰਤੀ ਦੇ ਹੋਰ ਸਾਰੇ ਜਾਨਵਰ ਕਿਸ਼ਤੀ ਵਿੱਚ ਸਨ। ਹਰ ਤਰ੍ਹਾਂ ਦੇ ਪਸ਼ੂ, ਹਰ ਤਰ੍ਹਾਂ ਦੇ ਧਰਤੀ ਉੱਤੇ ਰੀਂਗਣ ਵਾਲੇ ਜਾਨਵਰ, ਅਤੇ ਹਰ ਤਰ੍ਹਾਂ ਦੇ ਪੰਛੀ ਕਿਸ਼ਤੀ ਵਿੱਚ ਸਨ। 15 ਹਰ ਤਰ੍ਹਾਂ ਦੇ ਜਿਉਣ ਵਾਲੇ ਪ੍ਰਾਣੀਆਂ ਦਾ ਇੱਕ-ਇੱਕ ਜੋੜਾ ਨੂਹ ਕੋਲ ਕਿਸ਼ਤੀ ਅੰਦਰ ਆ ਗਿਆ। 16 ਇਹ ਸਮੂਹ ਜਾਨਵਰ ਉਸੇ ਤਰ੍ਹਾਂ ਜੋੜਿਆਂ (ਨਰ ਅਤੇ ਮਾਦਾ) ਵਿੱਚ ਕਿਸ਼ਤੀ ਵਿੱਚ ਚੱਲੇ ਗਏ ਜਿਵੇਂ ਪਰਮੇਸ਼ੁਰ ਨੇ ਨੂਹ ਨੂੰ ਹੁਕਮ ਦਿੱਤਾ ਸੀ। ਫ਼ੇਰ ਯਹੋਵਾਹ ਨੇ ਨੂਹ ਦੇ ਪਿੱਛੇ ਦਰਵਾਜ਼ਾ ਬੰਦ ਕਰ ਦਿੱਤਾ।

17 ਧਰਤੀ ਉੱਤੇ ਚਾਲੀ ਦਿਨਾਂ ਤੱਕ ਹੜ੍ਹ ਫ਼ੈਲਿਆ ਰਿਹਾ। ਪਾਣੀ ਚਢ਼ਣਾ ਸ਼ੁਰੂ ਹੋ ਗਿਆ ਅਤੇ ਉਸ ਨੇ ਕਿਸ਼ਤੀ ਨੂੰ ਧਰਤੀ ਤੋਂ ਉੱਪਰ ਉੱਠਾ ਦਿੱਤਾ। 18 ਪਾਣੀ ਚੜ੍ਹਦਾ ਗਿਆ ਅਤੇ ਕਿਸ਼ਤੀ ਧਰਤੀ ਤੋਂ ਉੱਪਰ ਪਾਣੀ ਉੱਤੇ ਤੈਰਨ ਲਗੀ। 19 ਪਾਣੀ ਇੰਨਾ ਚੜ੍ਹ ਗਿਆ ਕਿ ਸਭ ਤੋਂ ਉੱਚੇ ਪਹਾੜ ਵੀ ਪਾਣੀ ਨਾਲ ਢੱਕੇ ਗਏ। 20 ਪਾਣੀ ਪਹਾੜਾਂ ਤੋਂ ਉੱਚਾ ਉੱਠਣ ਲੱਗਾ। ਪਾਣੀ ਸਭ ਤੋਂ ਉੱਚੇ ਪਹਾੜ ਤੋਂ ਵੀ 20 ਫੁੱਟ ਉੱਚਾ ਉੱਠ ਗਿਆ।

21-22 ਧਰਤੀ ਉਤਲਾ ਹਰ ਜੀਵ ਮਰ ਗਿਆ-ਹਰ ਆਦਮੀ ਤੇ ਹਰ ਔਰਤ, ਹਰ ਪੰਛੀ, ਅਤੇ ਧਰਤੀ ਦਾ ਹਰ ਤਰ੍ਹਾਂ ਦਾ ਜਾਨਵਰ ਮਰ ਗਿਆ। ਸੁੱਕੀ ਧਰਤੀ ਉੱਤੇ ਰਹਿਣ ਵਾਲੀ ਅਤੇ ਸਾਹ ਲੈਣ ਵਾਲੀ ਹਰ ਸ਼ੈਅ ਮਰ ਗਈ। 23 ਪਰਮੇਸ਼ੁਰ ਨੇ ਧਰਤੀ ਦੀ ਹਰ ਜਿਉਂਦੀ ਸ਼ੈਅ ਨੂੰ ਤਬਾਹ ਕਰ ਦਿੱਤਾ: ਹਰ ਆਦਮੀ, ਹਰ ਜਾਨਵਰ, ਹਰ ਰੀਂਗਣ ਵਾਲਾ ਜੀਵ ਅਤੇ ਹਰ ਪੰਛੀ। ਇਹ ਸਾਰੀਆਂ ਸ਼ੈਆਂ ਧਰਤੀ ਤੋਂ ਤਬਾਹ ਹੋ ਗਈਆਂ ਸਨ। ਜਿਹੜਾ ਜੀਵਨ ਬਚਾਇਆ ਗਿਆ ਉਹ ਨੂਹ ਅਤੇ ਉਸ ਦੇ ਨਾਲ ਕਿਸ਼ਤੀ ਵਿੱਚ ਸਵਾਰ ਲੋਕ ਅਤੇ ਜੀਵਿਤ ਪ੍ਰਾਣੀ ਸਨ। 24 ਪਾਣੀ 150 ਦਿਨਾਂ ਤੱਕ ਧਰਤੀ ਉੱਤੇ ਫ਼ੈਲਿਆ ਰਿਹਾ।

Punjabi Bible: Easy-to-Read Version (ERV-PA)

2010 by World Bible Translation Center