Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
2 ਕੁਰਿੰਥੀਆਂ ਨੂੰ 5-9

ਸਾਨੂੰ ਪਤਾ ਹੈ ਕਿ ਇਹ ਤੰਬੂ ਭਾਵ ਧਰਤੀ ਉੱਪਰਲਾ ਸਾਡਾ ਇਹ ਸਰੀਰ ਜਿਸ ਵਿੱਚ ਅਸੀਂ ਰਹਿੰਦੇ ਹਾਂ, ਤਬਾਹ ਕਰ ਦਿੱਤਾ ਜਾਵੇਗਾ। ਪਰ ਜਦੋਂ ਅਜਿਹਾ ਹੋਵੇਗਾ ਤਾਂ ਪਰਮੇਸ਼ੁਰ ਸਾਨੂੰ ਰਹਿਣ ਲਈ ਘਰ ਦੇਵੇਗਾ। ਇਹ ਘਰ ਮਨੁੱਖਾਂ ਦਾ ਬਣਾਇਆ ਹੋਇਆ ਨਹੀਂ ਹੋਵੇਗਾ। ਇਹ ਘਰ ਸਵਰਗ ਵਿੱਚ ਹੋਵੇਗਾ ਜਿਹੜਾ ਸਦੀਵੀ ਹੈ। ਪਰ ਹੁਣ ਅਸੀਂ ਇਸ ਭੌਤਿਕ ਸਰੀਰ ਤੋਂ ਥੱਕ ਗਏ ਹਾਂ। ਅਸੀਂ ਆਪਣੇ ਆਪ ਨੂੰ ਸਾਡੇ ਸੁਰਗੀ ਘਰ ਨਾਲ ਢੱਕੇ ਜਾਣ ਲਈ ਬੜੀ ਤੀਬ੍ਰ ਇੱਛਾ ਕਰਦੇ ਹਾਂ। ਇਹ ਸਾਨੂੰ ਕੱਜ ਲਵੇਗਾ ਅਤੇ ਅਸੀਂ ਨਗਨ ਨਹੀਂ ਹੋਵਾਂਗੇ। ਜਿੰਨਾ ਚਿਰ ਅਸੀਂ ਇਸ ਤੰਬੂ ਵਿੱਚ ਰਹਾਂਗੇ, ਸਾਨੂੰ ਮੁਸ਼ਿਕਲਾਂ ਹਨ ਅਤੇ ਅਸੀਂ ਸ਼ਿਕਾਇਤਾਂ ਕਰਦੇ ਹਾਂ ਮੇਰਾ ਇਹ ਮਤਲਬ ਨਹੀਂ ਕਿ ਅਸੀਂ ਇਸ ਤੰਬੂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਪਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਸਵਰਗੀ ਤੰਬੂ ਨਾਲ ਸੱਜੇ ਹੋਈਏ। ਫ਼ੇਰ ਇਹ ਮਰ ਜਾਣ ਵਾਲਾ ਸਰੀਰ ਪੂਰੀ ਤਰ੍ਹਾਂ ਜੀਵਨ ਨਾਲ ਕੱਜਿਆ ਜਾਵੇਗਾ। ਪਰਮੇਸ਼ੁਰ ਨੇ ਸਾਡੀ ਸਾਜਨਾ ਇਸ ਲਈ ਕੀਤੀ ਸੀ। ਅਤੇ ਉਸ ਨੇ ਪ੍ਰਮਾਣ ਦੇਣ ਲਈ ਜ਼ਮਾਨਤ ਵਜੋਂ ਸਾਨੂੰ ਇੱਕ ਆਤਮਾ ਪ੍ਰਦਾਨ ਕੀਤਾ ਹੈ ਕਿ ਉਹ ਸਾਨੂੰ ਇਹ ਨਵਾਂ ਜੀਵਨ ਦੇਵੇਗਾ।

ਇਸ ਲਈ ਅਸੀਂ ਸਦਾ ਹੌਂਸਲਾ ਰੱਖਦੇ ਹਾਂ ਅਸੀਂ ਜਾਣਦੇ ਹਾਂ ਕਿ ਜਿੰਨਾ ਚਿਰ ਅਸੀਂ ਇਸ ਸਰੀਰ ਵਿੱਚ ਰਹਿ ਰਹੇ ਹਾਂ ਅਸੀਂ ਪ੍ਰਭੂ ਤੋਂ ਦੂਰ ਹਾਂ। ਅਸੀਂ ਉਸੇ ਸੰਗ ਰਹਿੰਦੇ ਹਾਂ ਜਿਸ ਵਿੱਚ ਅਸੀਂ ਵਿਸ਼ਵਾਸ ਰੱਖਦੇ ਹਾਂ ਨਾ ਕਿ ਜੋ ਸਾਨੂੰ ਨਜ਼ਰ ਆਉਂਦਾ ਹੈ। ਇਸ ਲਈ ਮੈਂ ਕਹਿੰਦਾ ਹਾਂ ਕਿ ਸਾਨੂੰ ਯਕੀਨ ਹੈ। ਅਤੇ ਅਸੀਂ ਸੱਚ ਮੁੱਚ ਇਸ ਸਰੀਰ ਨੂੰ ਛੱਡਣਾ ਲੋਚਦੇ ਹਾਂ ਅਤੇ ਪ੍ਰਭੂ ਦੀ ਹਾਜ਼ਰੀ ਵਿੱਚ ਰਹਿਣਾ ਚਾਹੁੰਦੇ ਹਾਂ। ਸਾਡਾ ਇੱਕੋ ਇੱਕ ਟੀਚਾ ਪਰਮੇਸ਼ੁਰ ਨੂੰ ਪ੍ਰਸੰਨ ਕਰਨਾ ਹੈ। ਜਿੱਥੇ ਕਿਤੇ ਵੀ ਅਸੀਂ ਹਾਂ, ਭਾਵੇਂ ਅਸੀਂ ਇੱਥੇ ਸਰੀਰ ਵਿੱਚ ਰਹੀਏ ਜਾਂ ਉੱਥੇ ਪ੍ਰਭੂ ਨਾਲ, ਸਾਡੀ ਇੱਛਾ ਉਸ ਨੂੰ ਪ੍ਰਸੰਨ ਕਰਨ ਦੀ ਹੈ। 10 ਸਾਨੂੰ ਸਾਰਿਆਂ ਨੂੰ ਅਵਸ਼ ਹੀ ਮਸੀਹ ਦੇ ਸਾਹਮਣੇ ਨਿਆਂ ਲਈ ਖਲੋਣਾ ਪਵੇਗਾ। ਹਰ ਵਿਅਕਤੀ ਉਹੀ ਪ੍ਰਾਪਤ ਕਰੇਗਾ ਜੋ ਉਸ ਨੂੰ ਦੇਣ ਯੋਗ ਹੈ। ਜੋ ਕੁਝ ਵੀ ਉਸ ਨੇ ਇਸ ਭੌਤਿਕ ਸਰੀਰ ਵਿੱਚ ਰਹਿੰਦਿਆਂ ਕੀਤਾ ਭਾਵੇਂ ਉਹ ਚੰਗਾ ਸੀ ਜਾਂ ਬੁਰਾ।

ਲੋਕਾਂ ਨੂੰ ਪਰਮੇਸ਼ੁਰ ਦੇ ਦੋਸਤ ਬਨਣ ਵਿੱਚ ਸਹਾਇਤਾ ਕਰਨਾ

11 ਅਸੀਂ ਸਾਰੇ ਜਾਣਦੇ ਹਾਂ ਕਿ ਪ੍ਰਭੂ ਤੋਂ ਡਰਨ ਦਾ ਕੀ ਅਰਥ ਹੈ। ਇਸ ਲਈ ਅਸੀਂ ਲੋਕਾਂ ਦੀ ਸੱਚ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦੇ ਹਾਂ। ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਅਸਲ ਵਿੱਚ ਕੀ ਹਾਂ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਨੂੰ ਆਪਣੇ ਦਿਲਾਂ ਵਿੱਚ ਜਾਣਦੇ ਹੋਂ। 12 ਅਸੀਂ ਤੁਹਾਨੂੰ ਆਪਣੇ ਆਪ ਦਾ ਮੁੜਕੇ ਪ੍ਰਮਾਣ ਦੇਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਪਰ ਅਸੀਂ ਤੁਹਾਨੂੰ ਆਪਣੇ ਬਾਰੇ ਦੱਸ ਰਹੇ ਹਾਂ। ਅਸੀਂ ਕਾਰਣ ਦੇ ਰਹੇ ਹਾਂ ਜਿਸ ਵਾਸਤੇ ਤੁਸੀਂ ਸਾਡੇ ਉੱਤੇ ਮਾਣ ਕਰ ਸੱਕਦੇ ਹੋ। ਫ਼ੇਰ ਤੁਹਾਡਾ ਕਲ ਉਨ੍ਹਾਂ ਲਈ ਉੱਤਰ ਹੋਵੇਗਾ ਜਿਹੜੇ ਦ੍ਰਿਸ਼ਟਮਾਨ ਚੀਜ਼ਾਂ ਉੱਤੇ ਮਾਣ ਕਰਦੇ ਹਨ। ਉਹ ਲੋਕ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਕਿ ਕਿਸੇ ਵਿਅਕਤੀ ਦੇ ਦਿਲ ਵਿੱਚ ਕੀ ਹੈ। 13 ਜੇ ਅਸੀਂ ਝੱਲੇ ਹਾਂ ਤਾਂ ਇਹ ਪਰਮੇਸ਼ੁਰ ਲਈ ਹੈ। ਜੇ ਸਾਡਾ ਦਿਮਾਗ ਸਹੀ ਹੈ ਤਾਂ ਤੁਹਾਡੇ ਲਈ ਹੈ। 14 ਅਸੀਂ ਮਸੀਹ ਦੇ ਪਿਆਰ ਦੇ ਵੱਸ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਉਹ ਸਾਰਿਆਂ ਲਈ ਮਰਿਆ, ਇਸੇ ਲਈ ਸਾਰੇ ਮਰ ਗਏ ਹਨ। 15 ਮਸੀਹ ਸਾਰਿਆਂ ਲਈ ਮਰਿਆ, ਤਾਂ ਜੋ ਜਿਹੜੇ ਲੋਕ ਜਿਉ ਰਹੇ ਹਨ ਉਨ੍ਹਾਂ ਨੂੰ ਆਪਣੇ ਆਪ ਲਈ ਜਿਉਣਾ ਬੰਦ ਕਰ ਦੇਣਾ ਚਾਹੀਦਾ ਹੈ। ਉਹ ਉਨ੍ਹਾਂ ਲਈ ਮਰਿਆ ਅਤੇ ਮੁਰਦਿਆਂ ਵਿੱਚੋਂ ਜੀ ਉੱਠਿਆ। ਤਾਂ ਜੋ ਉਹ ਲੋਕ ਉਸ ਦੇ ਲਈ ਜਿਉਣ।

16 ਹੁਣ ਤੋਂ ਅਸੀਂ ਕਿਸੇ ਵਿਅਕਤੀ ਬਾਰੇ ਉਸ ਤਰ੍ਹਾਂ ਨਹੀਂ ਸੋਚਦੇ ਜਿਵੇਂ ਦੁਨੀਆਂ ਦੇ ਲੋਕ ਸੋਚਦੇ ਹਨ। ਇਹ ਸੱਚ ਹੈ ਕਿ ਪਿੱਛਲੇ ਸਮੇਂ ਅਸੀਂ ਮਸੀਹ ਬਾਰੇ ਦੁਨੀਆਂ ਦੇ ਲੋਕਾਂ ਵਾਂਗ ਹੀ ਸੋਚਿਆ ਸੀ। ਪਰ ਹੁਣ ਅਸੀਂ ਉਸ ਤਰ੍ਹਾਂ ਨਹੀਂ ਸੋਚਦੇ। 17 ਜੇਕਰ ਕੋਈ ਵੀ ਮਸੀਹ ਵਿੱਚ ਹੈ, ਉਹ ਨਵਾਂ ਬਣ ਗਿਆ ਹੈ। ਪੁਰਾਣੀਆਂ ਚੀਜ਼ਾਂ ਦੂਰ ਚਲੀਆਂ ਗਈਆਂ ਅਤੇ ਹੁਣ ਸਭ ਕੁਝ ਨਵਾਂ ਹੈ। 18 ਇਹ ਸਾਰਾ ਕੁਝ ਪਰਮੇਸ਼ੁਰ ਵੱਲੋਂ ਹੈ। ਪਰਮੇਸ਼ੁਰ ਨੇ ਮਸੀਹ ਦੇ ਰਾਹੀਂ ਸਾਡੇ ਅਤੇ ਆਪਣੇ ਵਿੱਚਕਾਰ ਸ਼ਾਂਤੀ ਦਾ ਸੰਬੰਧ ਜੋੜਿਆ ਹੈ। ਅਤੇ ਪਰਮੇਸ਼ੁਰ ਨੇ ਸਾਨੂੰ ਲੋਕਾਂ ਅਤੇ ਉਸ ਵਿੱਚਕਾਰ ਸ਼ਾਂਤੀ ਬਨਾਉਣ ਦਾ ਕੰਮ ਦਿੱਤਾ ਹੈ। 19 ਭਾਵ ਇਹ ਹੈ ਕਿ ਪਰਮੇਸ਼ੁਰ ਮਸੀਹ ਵਿੱਚ ਆਪਣੇ ਅਤੇ ਦੁਨੀਆਂ ਵਿੱਚਕਾਰ ਸ਼ਾਂਤੀ ਸਥਾਪਿਤ ਕਰ ਰਿਹਾ ਸੀ। ਮਸੀਹ ਵਿੱਚ ਪਰਮੇਸ਼ੁਰ ਨੇ ਲੋਕਾਂ ਨੂੰ ਉਨ੍ਹਾਂ ਦੇ ਜੁਰਮੀ ਗੁਨਾਹਾਂ ਦਾ ਜ਼ਿੰਮੇਦਾਰ ਨਹੀਂ ਠਹਿਰਾਇਆ। ਉਸ ਨੇ ਸਾਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ। 20 ਲਈ ਅਸੀਂ ਮਸੀਹ ਬਾਰੇ ਗੱਲ ਕਰਨ ਲਈ ਭੇਜੇ ਗਏ ਹਾਂ। ਇਹ ਇਸ ਤਰ੍ਹਾਂ ਹੈ ਜਿਵੇ ਪਰਮੇਸ਼ੁਰ ਸਾਡੇ ਰਾਹੀਂ ਲੋਕਾਂ ਨੂੰ ਸੱਦ ਰਿਹਾ ਹੈ। ਇਸ ਲਈ ਮਸੀਹ ਦੇ ਪੱਖੋਂ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ; ਪਰਮੇਸ਼ੁਰ ਨਾਲ ਸ਼ਾਂਤੀ ਬਣਾਓ। 21 ਮਸੀਹ ਵਿੱਚ ਕੋਈ ਪਾਪ ਨਹੀਂ ਸੀ। ਪਰ ਪਰਮੇਸ਼ੁਰ ਨੇ ਉਸ ਨੂੰ ਪਾਪ ਬਣਾ ਦਿੱਤਾ। ਪਰਮੇਸ਼ੁਰ ਨੇ ਇਹ ਸਾਡੇ ਲਈ ਕੀਤਾ ਸੀ ਤਾਂ ਜੋ ਉਸ ਰਾਹੀਂ ਅਸੀਂ ਪਰਮੇਸ਼ੁਰ ਨਾਲ ਧਰਮੀ ਬਣ ਸੱਕਦੇ ਹਾਂ।

ਅਸੀਂ ਪਰਮੇਸ਼ੁਰ ਦੇ ਨਾਲ ਕੰਮ ਕਰਨ ਵਾਲੇ ਕਾਮੇ ਹਾਂ। ਇਸ ਲਈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ। ਇਹ ਵੇਖਣਾ ਕਿ ਜਿਹੜੀ ਮਿਹਰ ਤੁਸੀਂ ਪਰਮੇਸ਼ੁਰ ਤੋਂ ਪ੍ਰਾਪਤ ਕਰਦੇ ਹੋ ਕਿਤੇ ਵਿਅਰਥ ਨਾ ਹੋ ਜਾਵੇ। ਪਰਮੇਸ਼ੁਰ ਦਾ ਕਥਨ ਹੈ;

“ਮੈਂ ਸਹੀ ਸਮੇਂ ਤੁਹਾਨੂੰ ਸੁਣਿਆ
    ਅਤੇ ਮੁਕਤੀ ਦੇ ਦਿਹਾੜੇ ਤੁਹਾਡੀ ਸਹਾਇਤਾ ਕੀਤੀ।” (A)

ਮੈਂ ਤੁਹਾਨੂੰ ਆਖਦਾ ਹਾਂ ਕਿ “ਸਹੀ ਸਮਾਂ” ਹੁਣ ਹੈ “ਮੁਕਤੀ ਦਾ ਦਿਹਾੜਾ” ਹੁਣ ਹੈ।

ਅਸੀਂ ਨਹੀਂ ਚਾਹੁੰਦੇ ਕਿ ਲੋਕ ਸਾਡੇ ਕੰਮ ਵਿੱਚ ਕੋਈ ਨੁਕਸ ਲੱਭ ਸੱਕਣ। ਇਸ ਲਈ ਅਸੀਂ ਅਜਿਹਾ ਕੁਝ ਨਹੀਂ ਕਰਦੇ ਜੋ ਲੋਕਾਂ ਲਈ ਰੁਕਾਵਟਾਂ ਪਾਉਂਦਾ ਹੋਵੇ। ਪਰ ਅਸੀਂ ਇਸ ਤਰ੍ਹਾਂ ਨਾਲ ਇਹ ਦਰਸ਼ਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਸੇਵਕ ਹਾਂ; ਬਹੁਤ ਸਾਰੀਆਂ ਸਖਤ ਗੱਲਾਂ ਵਿੱਚ ਦੁੱਖ ਪ੍ਰਵਾਨ ਕਰਨ ਵਿੱਚ, ਮੁਸ਼ਕਿਲਾਂ ਅਤੇ ਸਮੱਸਿਆਵਾਂ ਵਿੱਚ। ਸਾਨੂੰ ਮਾਰਿਆ ਕੁੱਟਿਆ ਅਤੇ ਬੰਦੀ ਬਣਾਇਆ ਜਾਂਦਾ ਹੈ। ਲੋਕ ਪਰੇਸ਼ਾਨ ਹੁੰਦੇ ਹਨ ਅਤੇ ਸਾਡੇ ਨਾਲ ਲੜਦੇ ਹਨ। ਅਸੀਂ ਸਖਤ ਮਿਹਨਤ ਕਰਦੇ ਹਾਂ, ਅਤੇ ਕਦੇ ਕਦੇ ਅਸੀਂ ਨੀਂਦ ਅਤੇ ਭੋਜਨ ਤੋਂ ਵਾਂਝੇ ਰਹਿ ਜਾਂਦੇ ਹਾਂ। ਅਸੀਂ ਆਪਣੀ ਸਮਝ ਰਾਹੀਂ, ਆਪਣੇ ਧੀਰਜ, ਆਪਣੀ ਮਿਹਰਬਾਨੀ ਅਤੇ ਆਪਣੇ ਸ਼ੁੱਧ ਜੀਵਨ ਰਾਹੀਂ ਇਹ ਦਰਸ਼ਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਸੇਵਕ ਹਾਂ। ਅਜਿਹਾ ਅਸੀਂ ਪਵਿੱਤਰ ਆਤਮਾ ਰਾਹੀਂ, ਸੱਚੇ ਪ੍ਰੇਮ ਰਾਹੀਂ ਦਰਸ਼ਾਉਂਦੇ ਹਾਂ। ਸੱਚ ਬੋਲਕੇ ਅਤੇ ਪਰਮੇਸ਼ੁਰ ਦੀ ਸ਼ਕਤੀ ਰਾਹੀਂ ਅਸੀਂ ਆਪਣੇ ਸਹੀ ਜੀਵਨ ਢੰਗ ਨੂੰ ਹਰ ਚੀਜ਼ ਦੇ ਖਿਲਾਫ਼ ਰੱਖਿਆ ਕਰਨ ਲਈ ਵਰਤਦੇ ਹਾਂ।

ਕੁਝ ਲੋਕ ਸਾਡਾ ਸਤਿਕਾਰ ਕਰਦੇ ਹਨ, ਪਰ ਦੂਸਰੇ ਲੋਕ ਸਾਡਾ ਨਿਰਾਦਰ ਕਰਦੇ ਹਨ। ਕੁਝ ਲੋਕ ਸਾਡੇ ਬਾਰੇ ਭਲੀਆਂ ਗੱਲਾਂ ਕਹਿੰਦੇ ਹਨ, ਦੂਸਰੇ ਲੋਕ ਮੰਦਿਆਂ ਗੱਲਾਂ ਬੋਲਦੇ ਹਨ। ਕੁਝ ਲੋਕ ਆਖਦੇ ਹਨ ਕਿ ਅਸੀਂ ਝੂਠੇ ਹਾਂ ਪਰ ਅਸੀਂ ਸੱਚ ਬੋਲਦੇ ਹਾਂ। ਕੁਝ ਲੋਕਾਂ ਵੱਲੋਂ ਸਾਨੂੰ ਅਗਿਆਤ ਸਮਝਿਆ ਜਾਂਦਾ ਹੈ, ਜਦਕਿ ਅਸੀਂ ਚੰਗੀ ਤਰ੍ਹਾਂ ਪ੍ਰਸਿੱਧ ਹਾਂ। ਸਾਨੂੰ ਮਰੇ ਹੋਏ ਕਰਾਰ ਦਿੱਤਾ ਗਿਆ, ਪਰ ਦੇਖੋ ਅਸੀਂ ਜਿਉਂ ਰਹੇ ਹਾਂ। ਸਾਨੂੰ ਦੁੱਖ ਦਿੱਤੇ ਜਾਂਦੇ ਹਨ ਪਰ ਅਸੀਂ ਮਾਰੇ ਨਹੀਂ ਗਏ। 10 ਹਾਲਾਂ ਕਿ ਅਸੀਂ ਉਦਾਸ ਹਾਂ, ਪਰ ਅਸੀਂ ਹਮੇਸ਼ਾ ਖੁਸ਼ ਹਾਂ। ਭਾਵੇਂ ਅਸੀਂ ਗਰੀਬ ਹਾਂ ਪਰ ਅਸੀਂ ਬਹੁਤ ਸਾਰੇ ਲੋਕਾਂ ਨੂੰ ਅਮੀਰ ਬਣਾਉਂਦੇ ਹਾਂ। ਸਾਡੇ ਕੋਲ ਕੁਝ ਵੀ ਨਹੀਂ ਪਰ ਅਸਲ ਵਿੱਚ ਸਾਡੇ ਕੋਲ ਸਭ ਕੁਝ ਹੈ।

11 ਅਸੀਂ ਤੁਹਾਨੂੰ, ਕੋਰਿੰਥੁਸ ਦੇ ਲੋਕਾਂ ਨੂੰ, ਸਪੱਸ਼ਟਤਾ ਨਾਲ ਸੰਬੋਧਨ ਕੀਤਾ ਹੈ। ਅਸੀਂ ਤੁਹਾਡੇ ਅੱਗੇ ਆਪਣੇ ਹਿਰਦੇ ਖੋਲ੍ਹ ਦਿੱਤੇ ਹਨ। 12 ਤੁਹਾਡੇ ਲਈ ਸਾਡਾ ਪ੍ਰੇਮ ਖਤਮ ਨਹੀਂ ਹੋਇਆ। ਪਰ ਤੁਸੀਂ ਸਾਡੇ ਵੱਲ ਆਪਣਾ ਪਿਆਰ ਰੋਕ ਦਿੱਤਾ ਹੈ। 13 ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਹਾਂ ਜਿਵੇਂ ਤੁਸੀਂ ਮੇਰੇ ਬੱਚੇ ਹੋਵੋਂ। ਉਵੇਂ ਹੀ ਕਰੋ ਜਿਵੇਂ ਅਸੀਂ ਕੀਤਾ ਹੈ-ਆਪਣੇ ਹਿਰਦੇ ਵੀ ਖੋਲ੍ਹ ਦਿਓ।

ਗੈਰ ਮਸੀਹੀਆਂ ਬਾਰੇ ਚੇਤਾਵਨੀ

14 ਤੁਸੀਂ ਉਨ੍ਹਾਂ ਵਿਅਕਤੀਆਂ ਵਰਗੇ ਨਹੀਂ ਹੋ ਜਿਹੜੇ ਵਿਸ਼ਵਾਸ ਨਹੀਂ ਰੱਖਦੇ। ਇਸ ਲਈ ਉਨ੍ਹਾਂ ਦੇ ਨਾਲ ਨਾ ਜੁੜੋ। ਚੰਗਿਆਈ ਅਤੇ ਬੁਰਿਆਈ ਇਕੱਠੇ ਨਹੀਂ, ਚਾਨਣ ਅਤੇ ਹਨੇਰੇ ਦੀ ਸੰਗਤ ਇਕੱਠਿਆਂ ਨਹੀਂ ਹੋ ਸੱਕਦੀ। 15 ਕੀ ਮਸੀਹ ਅਤੇ ਬਲਿਆਲ (ਸ਼ੈਤਾਨ) ਵਿੱਚ ਕੋਈ ਕਰਾਰ ਹੋ ਸੱਕਦਾ? ਇੱਕ ਵਿਸ਼ਵਾਸੀ ਅਤੇ ਅਵਿਸ਼ਵਾਸੀ ਵਿੱਚ ਕੀ ਸਾਂਝ ਹੈ। 16 ਪਰਮੇਸ਼ੁਰ ਦੇ ਮੰਦਰ ਅਤੇ ਮੂਰਤਿਆਂ ਵਿੱਚਕਾਰ ਕੋਈ ਇਕਰਾਰਨਾਮਾ ਨਹੀਂ ਹੈ। ਅਤੇ ਅਸੀਂ ਜਿਉਂਦੇ ਜਾਗਦੇ ਪਰਮੇਸ਼ੁਰ ਦਾ ਮੰਦਰ ਹਾਂ ਜਿਵੇਂ ਕਿ ਪਰਮੇਸ਼ੁਰ ਨੇ ਕਿਹਾ ਹੈ;

“ਮੈਂ ਉਨ੍ਹਾਂ ਸੰਗ ਰਹਾਂਗਾ ਅਤੇ ਉਨ੍ਹਾਂ ਸੰਗ ਤੁਰਾਂਗਾ
ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਬੰਦੇ ਹੋਣਗੇ।” (B)

17 “ਇਸ ਲਈ ਉਨ੍ਹਾਂ ਲੋਕਾਂ ਤੋਂ ਬਾਹਰ ਆ ਜਾਓ
    ਅਤੇ ਉਨ੍ਹਾਂ ਤੋਂ ਅਲੱਗ ਹੋ ਜਾਓ।
ਪ੍ਰਭੂ ਆਖਦਾ ਹੈ। ਕਿਸੇ ਵੀ ਅਸ਼ੁੱਧ ਚੀਜ਼ ਨੂੰ ਨਾ ਛੂਹੋ,
    ਫ਼ੇਰ ਮੈਂ ਤੁਹਾਨੂੰ ਕਬੂਲ ਕਰ ਲਵਾਂਗਾ।” (C)

18 “ਮੈਂ ਤੁਹਾਡਾ ਪਿਤਾ ਹੋਵਾਂਗਾ
    ਅਤੇ ਤੁਸੀਂ ਮੇਰੇ ਪੁੱਤਰ ਅਤੇ ਧੀਆਂ ਹੋਵੋਂਗੇ, ਇਹ ਸਰਬ-ਸ਼ਕਤੀਮਾਨ ਪ੍ਰਭੂ ਆਖਦਾ ਹੈ।” (D)

ਪਿਆਰੇ ਮਿੱਤਰੋ, ਸਾਡੇ ਕੋਲ ਇਹ ਵਾਅਦੇ ਹਨ। ਇਸ ਲਈ ਸਾਨੂੰ ਆਪਣੇ ਆਪ ਨੂੰ ਹਰ ਚੀਜ਼ ਤੋਂ ਸ਼ੁੱਧ ਕਰ ਲੈਣਾ ਚਾਹੀਦਾ ਹੈ ਜੋ ਸਾਡੇ ਸਰੀਰ ਜਾਂ ਆਤਮਾ ਨੂੰ ਅਸ਼ੁੱਧ ਬਣਾਉਂਦੀ ਹੈ। ਸਾਨੂੰ ਆਪਣੇ ਜੀਵਨ ਢੰਗ ਵਿੱਚ ਸੰਪੂਰਣ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਅਸੀਂ ਪਰਮੇਸ਼ੁਰ ਦਾ ਆਦਰ ਕਰਦੇ ਹਾਂ।

ਪੌਲੁਸ ਦੀ ਖੁਸ਼ੀ

ਸਾਡੇ ਲਈ ਆਪਣੇ ਦਿਲ ਖੋਲ੍ਹ ਦਿਓ। ਅਸੀਂ ਕਿਸੇ ਦਾ ਬੁਰਾ ਨਹੀਂ ਕੀਤਾ। ਅਸੀਂ ਕਿਸੇ ਵਿਅਕਤੀ (ਦੇ ਵਿਸ਼ਵਾਸ) ਨੂੰ ਤਬਾਹ ਨਹੀਂ ਕੀਤਾ, ਅਤੇ ਕਿਸ ਨੂੰ ਵੀ ਧੋਖਾ ਨਹੀਂ ਦਿੱਤਾ। ਇਹ ਗੱਲ ਮੈਂ ਤੁਹਾਨੂੰ ਕਸੂਰਵਾਰ ਠਹਿਰਾਉਣ ਲਈ ਨਹੀਂ ਆਖ ਰਿਹਾ। ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਹੈ ਕਿ ਅਸੀਂ ਤੁਹਾਨੂੰ ਇੰਨਾ ਪਿਆਰ ਕਰਦੇ ਹਾਂ ਕਿ ਤੁਹਾਡੇ ਲਈ ਜਿਉਣ ਦੇ ਇੱਛੁਕ ਹਾਂ ਅਤੇ ਇੱਥੋਂ ਤੱਕ ਕਿ ਤੁਹਾਡੇ ਨਾਲ ਮਰਨ ਦੇ ਵੀ। ਮੈਨੂੰ ਤੁਹਾਡੇ ਉੱਪਰ ਪੂਰਾ ਭਰੋਸਾ ਹੈ। ਮੈਨੂੰ ਤੁਹਾਡੇ ਉੱਪਰ ਬਹੁਤ ਮਾਣ ਹੈ। ਮੈਂ ਤੁਹਾਡੇ ਕੋਲੋਂ ਬਹੁਤ ਹੌਂਸਲਾ ਪ੍ਰਾਪਤ ਕੀਤਾ ਹੈ। ਅਤੇ ਮੈਂ ਆਪਣੇ ਸਾਰੇ ਦੁੱਖਾਂ ਵਿੱਚ ਬਹੁਤ ਖੁਸ਼ ਹਾਂ।

ਜਦੋਂ ਅਸੀਂ ਮਕਦੂਨਿਯਾ ਵਿੱਚ ਆਏ ਸੀ ਤਾਂ ਸਾਨੂੰ ਕੋਈ ਅਰਾਮ ਨਹੀਂ ਮਿਲਿਆ। ਸਾਨੂੰ ਸਾਰੇ ਪਾਸੇ ਔਕੜਾਂ ਦਿਖਾਈ ਦਿੰਦੀਆਂ ਸਨ। ਸਾਡੇ ਬਾਹਰ ਲੜਾਈਆਂ ਸਨ ਅਤੇ ਸਾਡੇ ਅੰਦਰ ਡਰ। ਪਰ ਪਰਮੇਸ਼ੁਰ ਦੁੱਖੀਆਂ ਨੂੰ ਸੁੱਖ ਦਿੰਦਾ ਹੈ। ਅਤੇ ਪਰਮੇਸ਼ੁਰ ਨੇ ਤੀਤੁਸ ਦੇ ਆਉਣ ਤੇ ਸਾਨੂੰ ਦਿਲਾਸਾ ਦਿੱਤਾ। ਉਸਦੀ ਆਮਦ ਨੇ ਸਾਨੂੰ ਦਿਲਾਸਾ ਦਿੱਤਾ ਅਤੇ ਨਾਲੇ ਜਿਹੜਾ ਦਿਲਾਸਾ ਤੁਸੀਂ ਉਸ ਨੂੰ ਦਿੱਤਾ, ਤੀਤੁਸ ਨੇ ਸਾਨੂੰ ਦੱਸਿਆ ਕਿ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ। ਉਸ ਨੇ ਦੱਸਿਆ ਕਿ ਤੁਸੀਂ ਆਪਣੇ ਗਲਤ ਕੀਤੇ ਲਈ ਮਾਫ਼ੀ ਚਾਹੁੰਦੇ ਸੀ। ਅਤੇ ਤੀਤੁਸ ਨੇ ਮੈਨੂੰ ਤੁਹਾਡੀ ਮੇਰੇ ਲਈ ਚਿੰਤਾ ਬਾਰੇ ਵੀ ਦੱਸਿਆ। ਇਹ ਸੁਣਕੇ ਮੈਨੂੰ ਬਹੁਤ ਖੁਸ਼ੀ ਹੋਈ।

ਹਾਲਾਂ ਕਿ ਮੈਂ ਤੁਹਾਨੂੰ ਆਪਣੀ ਚਿੱਠੀ ਰਾਹੀਂ ਉਦਾਸ ਕੀਤਾ ਹੈ, ਪਰ ਮੈਨੂੰ ਇਸ ਵਾਸਤੇ ਕੋਈ ਖੇਦ ਨਹੀਂ। ਮੈਨੂੰ ਪਤਾ ਹੈ ਕਿ ਤੁਸੀਂ ਮੇਰੀ ਚਿੱਠੀ ਰਾਹੀਂ ਉਦਾਸ ਹੋ ਗਏ ਅਤੇ ਇਸ ਲਈ ਦੁੱਖ ਮਹਿਸੂਸ ਕੀਤਾ। ਪਰ ਇਸ ਨੇ ਤੁਹਾਨੂੰ ਬਹੁਤ ਥੇੜੇ ਚਿਰ ਲਈ ਉਦਾਸ ਕੀਤਾ। ਹੁਣ ਮੈਂ ਖੁਸ਼ ਹਾਂ। ਇਸ ਲਈ ਨਹੀਂ ਕਿ ਮੈਂ ਤੁਹਾਨੂੰ ਉਦਾਸੀ ਦੇਣ ਦਾ ਕਾਰਣ ਬਣਿਆ ਹਾਂ, ਪਰ ਕਿਉਂ ਜੋ ਇਸ ਰਾਹੀਂ ਤੁਹਾਡੇ ਦਿਲ ਬਦਲ ਗਏ ਹਨ। ਤੁਸੀਂ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਉਦਾਸੀ ਨੂੰ ਲਿਆ। ਇਸ ਲਈ ਅਸੀਂ ਤੁਹਾਨੂੰ ਕਿਸੇ ਤਰ੍ਹਾਂ ਵੀ ਦੁੱਖ ਨਹੀਂ ਪਹੁੰਚਾਇਆ। 10 ਉਦਾਸੀ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਵਿਅਕਤੀ ਨੂੰ ਆਪਣੇ ਹਿਰਦੇ ਅਤੇ ਜੀਵਨ ਨੂੰ ਤਬਦੀਲ ਕਰਾਉਂਦੀ ਹੈ। ਇਹ ਵਿਅਕਤੀ ਨੂੰ ਮੁਕਤੀ ਵੱਲ ਲੈ ਜਾਂਦੀ ਹੈ, ਅਤੇ ਇਸ ਗੱਲ ਦਾ ਸਾਨੂੰ ਕੋਈ ਦੁੱਖ ਨਹੀਂ ਹੋ ਸੱਕਦਾ। ਜਿਹੜੀ ਉਦਾਸੀ ਦੁਨੀਆਂ ਦਿੰਦੀ ਹੈ ਉਹ ਲੋਕਾਂ ਲਈ ਮੌਤ ਲਿਆਉਂਦੀ ਹੈ। 11 ਤੁਹਾਨੂੰ ਗਮ ਮਿਲਿਆ ਜਿਹੜਾ ਪਰਮੇਸ਼ੁਰ ਚਾਹੁੰਦਾ ਸੀ। ਹੁਣ ਦੇਖੋ ਇਸ ਗਮ ਨੇ ਤੁਹਾਨੂੰ ਕੀ ਦਿੱਤਾ ਹੈ। ਇਸ ਗਮ ਨੇ ਤੁਹਾਨੂੰ ਬਹੁਤ ਗੰਭੀਰ ਬਣਾਇਆ ਹੈ। ਇਸਨੇ ਤੁਹਾਨੂੰ ਇਸ ਯੋਗ ਬਣਾਇਆ ਕਿ ਤੁਸੀਂ ਆਪਣੇ ਨਿਰਦੋਸ਼ ਹੋਣ ਦਾ ਪ੍ਰਮਾਣ ਦੇ ਸੱਕੋਂ। ਇਸਨੇ ਤੁਹਾਡੇ ਅੰਦਰ ਗੁੱਸਾ ਅਤੇ ਡਰ ਪੈਦਾ ਕੀਤਾ। ਇਸਨੇ ਤੁਹਾਨੂੰ ਮੇਰੇ ਬਾਰੇ ਫ਼ਿਕਰਮੰਦ ਬਣਾਇਆ। ਇਸਨੇ ਤੁਹਾਡੇ ਅੰਦਰ ਨਿਆਂ ਦੇਣ ਦੀ ਇੱਛਾ ਨੂੰ ਪੈਦਾ ਕੀਤਾ ਹੈ। ਤੁਸੀਂ ਇਸ ਗੱਲ ਦਾ ਪ੍ਰਮਾਣ ਦੇ ਦਿੱਤਾ ਹੈ ਕਿ ਤੁਸੀਂ ਉਸ ਸਮੱਸਿਆ ਬਾਰੇ ਕਿਸੇ ਵੀ ਪੱਖੋਂ ਪਾਪੀ ਨਹੀਂ ਸੀ। ਮੈਂ ਇਹ ਪੱਤਰ ਗਲਤ ਕੰਮ ਲਈ ਨਹੀਂ ਲਿਖਿਆ ਅਤੇ ਨਾ ਹੀ ਉਸ ਲਈ ਜਿਸ ਨੂੰ ਸਦਮਾ ਲੱਗਿਆ। 12 ਪਰ ਮੈਂ ਉਹ ਪੱਤਰ ਤੁਹਾਨੂੰ ਇਸ ਲਈ ਲਿਖਿਆ ਸੀ ਕਿ ਤੁਸੀਂ ਪਰਮੇਸ਼ੁਰ ਦੇ ਸਨਮੁੱਖ ਇਹ ਦੇਖ ਸੱਕੋਂ ਕਿ ਤੁਹਾਨੂੰ ਸਾਡੀ ਕਿੰਨੀ ਪਰਵਾਹ ਹੈ। 13 ਇਹੀ ਕਾਰਣ ਹੈ ਕਿ ਸਾਨੂੰ ਸੁੱਖ ਮਿਲਿਆ।

ਸਾਨੂੰ ਇਹ ਗੱਲ ਦੀ ਹੋਰ ਵੀ ਖੁਸ਼ੀ ਹੋਈ ਕਿ ਤੀਤੁਸ ਇੰਨਾ ਖੁਸ਼ ਪਾਇਆ ਗਿਆ ਸੀ। ਤੁਸੀਂ ਸਾਰਿਆਂ ਨੇ ਉਸ ਨੂੰ ਬਹੁਤ ਸੁੱਖ ਦਿੱਤਾ। 14 ਮੈਂ ਤੀਤੁਸ ਨੂੰ ਤੁਹਾਡੇ ਬਾਰੇ ਅਭਿਮਾਨ ਜਤਾਇਆ ਸੀ। ਅਤੇ ਤੁਸੀਂ ਇਹ ਦਰਸ਼ਾ ਦਿੱਤਾ ਕਿ ਮੈਂ ਠੀਕ ਸੀ। ਅਸੀਂ ਸਾਰਿਆਂ ਨੇ ਜੋ ਕੁਝ ਵੀ ਤੁਹਾਨੂੰ ਆਖਿਆ ਉਹ ਸੱਚ ਸੀ। ਅਤੇ ਤੁਸੀਂ ਇਸ ਗੱਲ ਦਾ ਸਬੂਤ ਦੇ ਦਿੱਤਾ ਹੈ। ਕਿ ਜਿਨ੍ਹਾਂ ਗੱਲਾਂ ਬਾਰੇ ਅਸੀਂ ਤੀਤੁਸ ਨੂੰ ਅਭਿਮਾਨ ਜਤਾਇਆ ਸੀ ਉਹ ਠੀਕ ਸਨ। 15 ਜਦੋਂ ਵੀ ਉਹ ਯਾਦ ਕਰਦਾ ਹੈ ਕਿ ਤੁਸੀਂ ਸਾਰੇ ਉਸ ਨੂੰ ਮੰਨਣ ਲਈ ਤਿਆਰ ਸੀ ਤੁਹਾਡੇ ਵੱਲ ਉਸਦਾ ਪਿਆਰ ਵੱਧ ਜਾਂਦਾ ਹੈ। ਤੁਸੀਂ ਉਸ ਨੂੰ ਆਦਰ ਅਤੇ ਭੈਅ ਨਾਲ ਜੀ ਆਇਆਂ ਆਖਿਆ ਸੀ 16 ਮੈਂ ਬਹੁਤ ਖੁਸ਼ ਹਾਂ ਕਿ ਮੈਂ ਤੁਹਾਡੇ ਤੇ ਪੂਰਾ ਭਰੋਸਾ ਕਰ ਸੱਕਦਾ ਹਾਂ।

ਨਿਹਚਾਵਾਨਾਂ ਵੱਲੋਂ ਦਾਨ

ਅਤੇ ਹੁਣ ਭਰਾਵੋ ਅਤੇ ਭੈਣੋ ਮੈਂ ਇਹ ਚਾਹੁੰਦਾ ਹਾਂ ਕਿ ਤੁਸੀਂ ਉਸ ਕਿਰਪਾ ਬਾਰੇ ਜਾਣ ਲਵੋਂ ਜਿਹੜੀ ਪਰਮੇਸ਼ੁਰ ਨੇ ਮਕਦੂਨਿਯਾ ਦੀਆਂ ਕਲੀਸਿਯਾਵਾਂ ਨੂੰ ਪ੍ਰਦਾਨ ਕੀਤਾ ਸੀ। ਉਨ੍ਹਾਂ ਵਿਸ਼ਵਾਸੀਆਂ ਨੂੰ ਵੱਡੀਆਂ ਔਕੜਾਂ ਰਾਹੀਂ ਪਰੱਖਿਆ ਗਿਆ ਸੀ। ਅਤੇ ਉਹ ਬਹੁਤ ਗਰੀਬ ਸਨ। ਪਰ ਉਨ੍ਹਾਂ ਨੇ ਆਪਣੀ ਅਥਾਹ ਖੁਸ਼ੀ ਤੋਂ ਬਹੁਤ ਕੁਝ ਦਿੱਤਾ। ਮੈਂ ਤੁਹਾਨੂੰ ਕਹਿ ਸੱਕਦਾ ਹਾਂ ਕਿ ਉਹ ਜਿੰਨਾ ਕਰਨ ਦੇ ਯੋਗ ਸਨ ਉਨ੍ਹਾਂ ਨੇ ਬਹੁਤ ਕੁਝ ਕੀਤਾ। ਉਨ੍ਹਾਂ ਵਿਸ਼ਵਾਸੀਆਂ ਨੇ ਆਪਣੇ ਵਿਤ ਨਾਲੋਂ ਵੀ ਵੱਧ ਦਿੱਤਾ ਇਹ ਗੱਲ ਉਨ੍ਹਾਂ ਖੁਲ੍ਹ ਦਿਲੀ ਨਾਲ ਕੀਤੀ। ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਨਹੀਂ ਆਖਿਆ। ਉਹ ਸਾਨੂੰ ਬੇਨਤੀ ਕਰ ਰਹੇ ਸਨ ਅਤੇ ਬਾਰ ਬਾਰ ਪੁੱਛ ਰਹੇ ਸਨ ਕਿ ਉਹ ਵੀ ਪਰਮੇਸ਼ੁਰ ਦੇ ਲੋਕਾਂ ਦੀ ਇਸ ਉਦਾਰ ਸੇਵਾ ਵਿੱਚ ਸ਼ਰੀਕ ਹੋ ਸੱਕਣ। ਅਤੇ ਉਨ੍ਹਾਂ ਨੇ ਇਸ ਤਰ੍ਹਾਂ ਦਿੱਤਾ ਜਿਸਦੀ ਸਾਨੂੰ ਆਸ ਤੱਕ ਨਹੀਂ ਸੀ। ਉਨ੍ਹਾਂ ਨੇ ਆਪਣਾ ਧਨ ਦੇਣ ਤੋਂ ਵੀ ਪਹਿਲਾਂ ਆਪਣੇ ਆਪ ਨੂੰ ਪ੍ਰਭੂ ਦੇ ਅਤੇ ਸਾਡੇ ਨਮਿੱਤ ਸਮਰਪਿੱਤ ਕਰ ਦਿੱਤਾ। ਇਹੀ ਗੱਲ ਹੈ ਜੋ ਪਰਮੇਸ਼ੁਰ ਚਾਹੁੰਦਾ ਹੈ।

ਇਸ ਲਈ ਅਸੀਂ ਤੀਤੁਸ ਨੂੰ ਕਿਰਪਾ ਦੇ ਇਸ ਵਿਸ਼ੇਸ਼ ਕਾਰਜ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਕਿਹਾ। ਤੀਤੁਸ ਨੇ ਉਹ ਵਿਅਕਤੀ ਹੈ ਜਿਸਨੇ ਉਹ ਕਾਰਨ ਆਰੰਭ ਕੀਤਾ। ਤੁਸੀਂ ਹਰ ਚੀਜ਼ ਵਿੱਚ ਅਮੀਰ ਹੋ, ਵਿਸ਼ਵਾਸ ਵਿੱਚ, ਬੋਲਚਾਲ ਵਿੱਚ, ਗਿਆਨ ਵਿੱਚ, ਸਹਾਇਤਾ ਕਰਨ ਦੀ ਉਤਸੁਕਤਾ ਵਿੱਚ, ਅਤੇ ਉਸ ਪਿਆਰ ਵਿੱਚ ਜਿਹੜਾ ਤੁਸੀਂ ਸਾਡੇ ਕੋਲੋਂ ਸਿੱਖਿਆ। ਅਤੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਦਾਨ ਦੀ ਇਸ ਦਾਤ ਵਿੱਚ ਵੀ ਅਮੀਰ ਹੋਵੋਂ।

ਮੈਂ ਤੁਹਾਨੂੰ ਦਾਨ ਦੇਣ ਦਾ ਹੁਕਮ ਨਹੀਂ ਦੇ ਰਿਹਾ। ਪਰ ਮੈਂ ਇਹ ਦੇਖਣਾ ਚਾਹੁੰਦਾ ਹਾਂ ਕਿ ਤੁਹਾਡਾ ਪ੍ਰੇਮ ਸੱਚਾ ਹੈ ਕਿ ਨਹੀਂ। ਅਜਿਹਾ ਮੈਂ ਤੁਹਾਨੂੰ ਇਹ ਦਰਸ਼ਾਉਣ ਲਈ ਕਰਦਾ ਹਾਂ ਕਿ ਹੋਰ ਲੋਕ ਵੀ ਸੱਚ ਮੁੱਚ ਸਹਾਇਤਾ ਕਰਨਾ ਚਾਹੁੰਦੇ ਹਨ। ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਬਾਰੇ ਤਾਂ ਪਤਾ ਹੀ ਹੈ। ਤੁਸੀਂ ਜਾਣਦੇ ਹੋ ਕਿ ਮਸੀਹ ਅਮੀਰ ਸੀ, ਪਰ ਤੁਹਾਡੇ ਲਈ ਉਹ ਗਰੀਬ ਬਣ ਗਿਆ। ਮਸੀਹ ਨੇ ਅਜਿਹਾ ਇਸ ਵਾਸਤੇ ਕੀਤਾ ਤਾਂ ਜੋ ਤੁਸੀਂ ਉਸ ਦੇ ਗਰੀਬ ਬਣ ਜਾਣ ਤੇ ਅਮੀਰ ਬਣ ਸੱਕਦੇ ਹੋ।

10 ਮੈਂ ਸੋਚਦਾ ਹਾਂ ਕਿ ਤੁਹਾਨੂੰ ਇਹ ਕਰਨਾ ਚਾਹੀਦਾ ਹੈ। ਅਤੇ ਕਿਉਂ ਜੋ ਮੈਨੂੰ ਵਿਸ਼ਵਾਸ ਹੈ ਕਿ ਇਹ ਤੁਹਾਡੇ ਲਈ ਚੰਗਾ ਹੈ, ਮੈਂ ਇਹ ਦੱਸਦਾ ਹਾਂ; ਪਿੱਛਲੇ ਸਾਲ, ਤੁਸੀਂ ਪਹਿਲੇ ਲੋਕੀ ਸੀ ਜੋ ਦੇਣ ਲਈ ਅਗਾਂਹ ਆਏ। ਅਤੇ ਤੁਸੀਂ ਦੇਣ ਵਾਲੇ ਪਹਿਲੇ ਲੋਕੀ ਸੀ। 11 ਇਸ ਲਈ ਹੁਣ ਇਹ ਕੰਮ ਜਿਹੜਾ ਤੁਸੀਂ ਸ਼ੁਰੂ ਕੀਤਾ ਹੈ, ਪੂਰਾ ਕਰ ਲਵੋ। ਫ਼ੇਰ ਤੁਹਾਡੀ “ਕਰਨੀ” ਤੁਹਾਡੀ “ਕਰਨੀ ਦੀ ਇੱਛਾ” ਦੇ ਬਰਾਬਰ ਹੋਵੇਗੀ। ਜੋ ਕੁਝ ਤੁਹਾਡੇ ਕੋਲ ਹੈ ਉਸ ਵਿੱਚੋਂ ਦੇਵੋ। 12 ਜੇ ਤੁਸੀਂ ਦੇਣਾ ਚਾਹੁੰਦੇ ਹੋ ਤੁਹਾਡਾ ਦਾਨ ਸਵੀਕਾਰ ਹੋ ਜਾਵੇਗਾ। ਤੁਹਾਡਾ ਦਾਨ ਇਸ ਪੱਖੋਂ ਸਵੀਕਾਰ ਹੋਵੇਗਾ ਕਿ ਤੁਹਾਡੇ ਕੋਲ ਕੀ ਹੈ ਨਾ ਕਿ ਉਸ ਪੱਖੋਂ ਕਿ ਤੁਹਾਡੇ ਕੋਲ ਕੀ ਨਹੀਂ ਹੈ। 13 ਅਸੀਂ ਤੁਹਾਨੂੰ ਮੁਸੀਬਤਾਂ ਵਿੱਚ ਨਹੀਂ ਵੇਖਣਾ ਚਾਹੁੰਦੇ ਜਦੋਂ ਦੂਸਰੇ ਆਪਣੀਆਂ ਮੁਸੀਬਤਾਂ ਤੋਂ ਮੁਕਤ ਹਨ। ਅਸੀਂ ਹਰ ਚੀਜ਼ ਦੀ ਬਰਾਬਰੀ ਚਾਹੁੰਦੇ ਹੰ। 14 ਇਸ ਵਕਤ ਤੁਹਾਡੇ ਕੋਲ ਬਹੁਤ ਕੁਝ ਹੈ। ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਹਨ ਹੋਰਨਾਂ ਲੋਕਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਵਿੱਚ ਸਹਾਇਤਾ ਕਰ ਸੱਕਦੀਆਂ ਹਨ। ਫ਼ੇਰ ਮਗਰੋਂ ਜਦੋਂ ਉਨ੍ਹਾਂ ਦੇ ਕੋਲ ਬਹੁਤ ਕੁਝ ਹੋਵੇਗਾ ਤਾਂ ਉਹ ਤੁਹਾਡੀਆਂ ਲੋੜਾਂ ਪੂਰੀਆਂ ਕਰਨ ਵਿੱਚ ਸਹਾਇਤਾ ਕਰ ਸੱਕਦੇ ਹਨ। ਫ਼ੇਰ ਸਾਰੇ ਬਰਾਬਰ ਹੋ ਜਾਣਗੇ। 15 ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਹੈ,

“ਜਿਸ ਵਿਅਕਤੀ ਨੇ ਬਹੁਤਾ ਜੋੜਿਆ, ਉਸ ਕੋਲ ਕੁਝ ਵੀ ਵਾਧੂ ਨਹੀਂ ਸੀ
ਅਤੇ ਜਿਸ ਵਿਅਕਤੀ ਨੇ ਥੋੜਾ ਜੋੜਿਆ ਉਸ ਕੋਲ ਬਹੁਤ ਥੋੜਾ ਨਹੀਂ ਸੀ।” (E)

ਤੀਤੁਸ ਤੇ ਉਸ ਦੇ ਸੰਗੀ

16 ਮੈਂ ਪਰਮੇਸ਼ੁਰ ਦੀ, ਤੀਤੁਸ ਨੂੰ ਤੁਹਾਡੇ ਲਈ ਉਸੇ ਤਰ੍ਹਾਂ ਦਾ ਪਿਆਰ ਦੇਣ ਲਈ, ਉਸਤਤਿ ਕਰਦਾ ਹਾਂ ਜੋ ਮੈਨੂੰ ਤੁਹਾਡੇ ਲਈ ਹੈ। 17 ਤੀਤੁਸ ਨੇ ਉਨ੍ਹਾਂ ਚੀਜ਼ਾਂ ਨੂੰ ਹੀ ਪ੍ਰਵਾਨ ਕੀਤਾ ਜਿਨ੍ਹਾਂ ਬਾਰੇ ਅਸੀਂ ਉਸ ਨੂੰ ਕਰਨ ਲਈ ਆਖਿਆ ਸੀ। ਉਹ ਤੁਹਾਡੇ ਕੋਲ ਜਾਣ ਲਈ ਬਹੁਤ ਚਾਹਵਾਨ ਸੀ। ਇਹ ਉਸਦੀ ਆਪਣੀ ਪਸੰਦ ਸੀ। 18 ਅਸੀਂ ਤੀਤੁਸ ਦੇ ਨਾਲ ਉਸ ਭਰਾ ਨੂੰ ਘੱਲ ਰਹੇ ਹਾਂ ਜਿਸਦੀ ਸਾਰੀ ਕਲੀਸਿਯਾ ਉਸਤਤਿ ਕਰਦੀ ਹੈ ਇਸ ਭਰਾ ਦੀ ਉਸਤਤਿ ਉਸ ਦੇ ਖੁਸ਼ਖਬਰੀ ਨੂੰ ਫ਼ੈਲਾਉਣ ਦੀ ਸੇਵਾ ਲਈ ਹੈ। 19 ਅਤੇ ਕਲੀਸਿਯਾ ਨੇ ਵੀ ਇਸ ਭਰਾ ਨੂੰ ਸਾਡਾ ਸਾਥ ਦੇਣ ਲਈ ਚੁਣਿਆ ਜਦੋਂ ਅਸੀਂ ਇਹ ਦਾਤ ਚੁੱਕਣੀ ਹੈ। ਅਸੀਂ ਇਹ ਸੇਵਾ ਪ੍ਰਭੂ ਦੀ ਮਹਿਮਾ ਲਈ ਕਰ ਰਹੇ ਹਾਂ ਅਤੇ ਇਹ ਦਰਸ਼ਾਉਣ ਲਈ ਵੀ ਕਿ ਅਸੀਂ ਸੱਚ ਮੁੱਚ ਸਹਾਇਤਾ ਕਰਨਾ ਚਾਹੁੰਦੇ ਹਾਂ।

20 ਅਸੀਂ ਸਾਵੱਧਾਨ ਹਾਂ ਤਾਂ ਜੋ, ਅਸੀਂ ਜਿਸ ਢੰਗ ਨਾਲ ਧਨ ਦੀ ਇੱਡੀ ਵੱਡੀ ਰਕਮ ਦੀ ਦੇਖ ਭਾਲ ਕਰਦੇ ਹਾਂ, ਕੋਈ ਵੀ ਕਸੂਰ ਨਾ ਕੱਢ ਸੱਕੇ। 21 ਅਸੀਂ ਓਹੋ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਉਚਿਤ ਹੈ। ਅਸੀਂ ਓਹੋ ਕੁਝ ਕਰਨਾ ਚਾਹੁੰਦੇ ਹਾਂ ਜਿਸ ਨੂੰ ਪ੍ਰਭੂ ਸਹੀ ਪ੍ਰਵਾਨ ਕਰਦਾ ਹੈ। ਅਤੇ ਨਾਲੇ ਜਿਸ ਨੂੰ ਲੋਕ ਸਹੀ ਸਮਝਦੇ ਹਨ।

22 ਨਾਲੇ, ਅਸੀਂ ਉਨ੍ਹਾਂ ਦੇ ਨਾਲ ਆਪਣੇ ਉਸ ਭਰਾ ਨੂੰ ਵੀ ਘੱਲ ਰਹੇ ਹਾਂ ਜੋ ਕਿ ਹਮੇਸ਼ਾ ਸਹਾਇਤਾ ਕਰਨ ਲਈ ਤਿਆਰ ਰਹਿੰਦਾ ਹੈ। ਉਸ ਨੇ ਇਹ ਕਈਆਂ ਅਵਸਰਾਂ ਤੇ ਸਾਬਤ ਕਰ ਦਿੱਤਾ ਸੀ। ਅਤੇ ਹੁਣ ਤਾਂ ਉਹ ਹੋਰ ਵੀ ਵੱਧੇਰੇ ਸਹਾਇਤਾ ਕਰਨਾ ਚਾਹੁੰਦਾ ਹੈ ਕਿਉਂਕਿ ਉਸਦਾ ਤੁਹਾਡੇ ਵਿੱਚ ਬਹੁਤ ਵਿਸ਼ਵਾਸ ਹੈ।

23 ਹੁਣ ਤੀਤਸ ਬਾਰੇ-ਉਹ ਮੇਰਾ ਭਾਈਵਾਲ ਹੈ। ਤੁਹਾਡੀ ਸਹਾਇਤਾ ਕਰਨ ਵਿੱਚ ਉਹ ਮੇਰੇ ਨਾਲ ਕੰਮ ਕਰ ਰਿਹਾ ਹੈ। ਅਤੇ ਹੋਰਾਂ ਭਰਾਵਾਂ ਬਾਰੇ ਉਨ੍ਹਾਂ ਨੂੰ ਕਲੀਸਿਯਾ ਵੱਲੋਂ ਘਲਿਆ ਗਿਆ ਹੈ, ਅਤੇ ਉਹ ਮਸੀਹ ਨੂੰ ਮਹਿਮਾ ਦਿੰਦੇ ਹਨ। 24 ਇਸ ਲਈ, ਇਨ੍ਹਾਂ ਲੋਕਾਂ ਨੂੰ ਦਿਖਾਓ ਕਿ ਤੁਹਾਨੂੰ ਪ੍ਰੇਮ ਹੈ। ਉਨ੍ਹਾਂ ਨੂੰ ਇਹ ਦਰਸ਼ਾ ਦਿਓ ਅਸੀਂ ਤੁਹਾਡੇ ਉੱਪਰ ਕਿਉਂ ਮਾਣ ਕਰਦੇ ਹਾਂ ਫ਼ੇਰ ਸਾਰੀ ਕਲੀਸਿਯਾ ਇਸ ਨੂੰ ਦੇਖ ਸੱਕੇਗੀ।

ਸਾਥੀ ਮਸੀਹੀਆਂ ਦੀ ਸਹਾਇਤਾ ਕਰੋ

ਅਸਲ ਵਿੱਚ, ਤੁਹਾਨੂੰ ਪਰਮੇਸ਼ੁਰ ਦੇ ਲੋਕਾਂ ਦੀ ਇਸ ਮਦਦ ਬਾਰੇ ਲਿਖਣ ਦੀ, ਮੇਰੇ ਲਈ, ਕੋਈ ਜ਼ਰੂਰਤ ਨਹੀਂ। ਮੈਂ ਜਾਣਦਾ ਹਾਂ ਕਿ ਤੁਸੀਂ ਮੇਰੀ ਸਹਾਇਤਾ ਕਰਨੀ ਚਾਹੁੰਦੇ ਹੋ। ਇਸ ਬਾਰੇ ਮੈਂ ਮਕਦੂਨਿਯਾ ਦੇ ਲੋਕਾਂ ਨੂੰ ਮਾਣ ਨਾਲ ਕਹਿੰਦਾ ਰਿਹਾ ਹਾਂ। ਮੈਂ ਉਨ੍ਹਾਂ ਨੂੰ ਦੱਸ ਦਿੱਤਾ ਹੈ ਕਿ ਤੁਸੀਂ ਅਖਾਯਾ ਦੇ ਲੋਕ ਪਿੱਛਲੇ ਵਰ੍ਹੇ ਤੋਂ ਹੀ ਦਾਨ ਦੇਣ ਲਈ ਤਿਆਰ ਸੀ। ਅਤੇ ਤੁਹਾਡੀ ਦੇਣ ਦੀ ਇਸ ਕਾਮਨਾ ਨੇ ਹੋਰ ਬਹੁਤ ਸਾਰੇ ਲੋਕਾਂ ਵਿੱਚ ਵੀ ਦੇਣ ਦੀ ਕਾਮਨਾ ਨੂੰ ਪੈਦਾ ਕੀਤਾ ਹੈ। ਪਰ ਮੈਂ ਤੁਹਾਡੇ ਵੱਲ ਭਰਾਵਾਂ ਨੂੰ ਘੱਲ ਰਿਹਾ ਹਾਂ। ਮੈਂ ਨਹੀਂ ਚਾਹੁੰਦਾ ਕਿ ਇਸ ਮਾਮਲੇ ਸੰਬੰਧੀ ਤੁਹਾਡੇ ਬਾਰੇ ਮੇਰਾ ਇਹ ਘਮੰਡ ਵਿਅਰਥ ਜਾਵੇ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਸੇ ਤਰ੍ਹਾਂ ਤਿਆਰ ਰਹੋ ਜਿਵੇਂ ਮੈਂ ਤੁਹਾਡੇ ਬਾਰੇ ਕਿਹਾ ਸੀ। ਜੇ ਮਕਦੂਨਿਯਾ ਤੋਂ ਕੋਈ ਲੋਕ ਮੇਰੇ ਨਾਲ ਆਉਂਦੇ ਹਨ ਤੇ ਉਨ੍ਹਾਂ ਨੂੰ ਪਤਾ ਚਲਦਾ ਹੈ ਕਿ ਤੁਸੀਂ ਇਸ ਬਾਰੇ ਤਿਆਰ ਨਹੀਂ ਹੋ ਤਾਂ ਇਹ ਸਾਡਾ ਅਪਮਾਨ ਹੋਵੇਗਾ। ਅਸੀਂ ਇਸ ਗੱਲੋਂ ਸ਼ਰਮਿੰਦੇ ਹੋਵਾਂਗੇ ਕਿ ਅਸੀਂ ਤੁਹਾਡੇ ਬਾਰੇ ਇੰਨੇ ਭਰੋਸੇਮੰਦ ਸਾਂ। ਆਖਣ ਦੀ ਲੋੜ ਨਹੀਂ ਕਿ ਤੁਸੀਂ ਵੀ ਸ਼ਰਮਿੰਦਾ ਹੋਵੋਂਗੇ। ਇਸ ਲਈ ਮੈਂ ਸੋਚਿਆ ਕਿ ਇਸਤੋਂ ਪਹਿਲਾਂ ਕਿ ਅਸੀਂ ਤੁਹਾਡੇ ਵੱਲ ਆਈਏ ਮੈਨੂੰ ਚਾਹੀਦਾ ਹੈ ਕਿ ਇਨ੍ਹਾਂ ਭਰਾਵਾਂ ਨੂੰ ਤੁਹਾਡੇ ਵੱਲ ਘੱਲਾਂ। ਉਹ ਤੋਹਫ਼ਾ ਤਿਆਰ ਕਰ ਸੱਕਣਗੇ ਜਿਸਦਾ ਤੁਸੀਂ ਵਾਅਦਾ ਕੀਤਾ ਸੀ। ਇਹ ਤੁਹਾਡਾ ਤੋਹਫ਼ਾ ਹੋਵੇਗਾ। ਫ਼ੇਰ ਜਦੋਂ ਅਸੀਂ ਆਵਾਂਗੇ ਤਾਂ ਉਹ ਤੋਹਫ਼ਾ ਤਿਆਰ ਹੋਵਗਾ ਜਿਹੜਾ ਤੁਸੀਂ ਦੇਣਾ ਚਾਹੁੰਦੇ ਸੀ। ਫ਼ੇਰ ਇਹ ਤੋਹਫ਼ਾ ਇੱਕ ਸਵੈਂਇੱਛਿਤ ਤੋਹਫ਼ਾ ਹੋਵੇਗਾ ਨਾ ਕਿ ਅਣਇੱਛਿਤ।

ਇਹ ਯਾਦ ਰੱਖੋ: ਜਿਹੜਾ ਵਿਅਕਤੀ ਥੋੜਾ ਬੀਜਦਾ ਹੈ ਉਹ ਥੋੜਾ ਹੀ ਪ੍ਰਾਪਤ ਕਰਦਾ ਹੈ। ਪਰ ਜਿਹੜਾ ਬਹੁਤਾ ਬੀਜਦਾ ਹੈ ਉਹ ਬਹੁਤਾ ਕੱਟੇਗਾ। ਹਰ ਆਦਮੀ ਨੂੰ ਉਹੀ ਦੇਣਾ ਚਾਹੀਦਾ ਹੈ ਜੋ ਕੁਝ ਵੀ ਉਸ ਨੇ ਆਪਣੇ ਦਿਲ ਵਿੱਚ ਨਿਸ਼ਚਿਤ ਕੀਤਾ ਹੈ। ਕਿਸੇ ਨੂੰ ਵੀ ਉਦਾਸੀ ਨਾਲ ਨਹੀਂ ਦੇਣਾ ਚਾਹੀਦਾ। ਪਰਮੇਸ਼ੁਰ ਉਸੇ ਨੂੰ ਪਿਆਰ ਕਰਦਾ ਹੈ ਜੋ ਪਿਆਰ ਨਾਲ ਦਿੰਦਾ ਹੈ। ਤੇ ਪਰਮੇਸ਼ੁਰ ਤੁਹਾਨੂੰ ਤੁਹਾਡੀ ਲੋੜਾਂ ਨਾਲੋਂ ਵੱਧ ਅਸੀਸਾਂ ਦੇ ਸੱਕਦਾ ਹੈ। ਜਦੋਂ ਤੁਹਾਡੇ ਕੋਲ ਹਮੇਸ਼ਾ ਹਰ ਚੀਜ਼ ਦੀ ਬਹੁਤਾਤ ਹੋਵੇਗੀ। ਤੁਹਾਡੇ ਕੋਲ ਹਰ ਚੰਗੇ ਕਾਰਜ ਲਈ ਦੇਣ ਲਈ ਕਾਫ਼ੀ ਕੁਝ ਹੋਵੇਗਾ। ਇਹ ਪੋਥੀਆਂ ਵਿੱਚ ਲਿਖਿਆ ਹੈ,

“ਉਹ ਗਰੀਬਾਂ ਨੂੰ ਵੱਡੇ ਦਿਲ ਨਾਲ ਦਿੰਦਾ ਹੈ,
    ਉਸਦੀ ਮਿਹਰ ਸਦਾ ਸਥਿਰ ਰਹਿੰਦੀ ਹੈ।” (F)

10 ਪਰਮੇਸ਼ੁਰ ਹੀ ਹੈ ਜਿਹੜਾ ਬੀਜਣ ਵਾਲੇ ਨੂੰ ਬੀਜ ਪ੍ਰਦਾਨ ਕਰਦਾ ਹੈ। ਅਤੇ ਭੋਜਨ ਲਈ ਰੋਟੀ ਦਿੰਦਾ ਹੈ। ਅਤੇ ਪਰਮੇਸ਼ੁਰ ਤੁਹਾਨੂੰ ਆਤਮਕ ਬੀਜ ਦੇਵੇਗਾ ਅਤੇ ਜਿਹੜਾ ਇਸ ਨੂੰ ਉਗਾਵੇਗਾ। ਉਹ ਤੁਹਾਡੀ ਚੰਗਿਆਈ ਵਿੱਚੋਂ ਵੱਡੀ ਫ਼ਸਲ ਵੱਢੇਗਾ। 11 ਪਰਮੇਸ਼ੁਰ ਤੁਹਾਨੂੰ ਹਰ ਤਰ੍ਹਾਂ ਨਾਲ ਅਮੀਰ ਬਣਾਵੇਗਾ ਤਾਂ ਜੋ ਤੁਸੀਂ ਹਮੇਸ਼ਾ ਉਦਾਰਤਾ ਨਾਲ ਦਾਨ ਕਰ ਸੱਕੋਂ। ਅਤੇ ਸਾਡੇ ਰਾਹੀਂ ਤੁਹਾਡਾ ਦਿੱਤਾ ਹੋਇਆ ਦਾਨ ਲੋਕਾਂ ਨੂੰ ਪਰਮੇਸ਼ੁਰ ਦਾ ਧੰਨਵਾਦੀ ਬਣਾਵੇਗਾ।

12 ਜਿਹੜਾ ਚੰਦਾ ਤੁਸੀਂ ਇਸ ਸੇਵਾ ਲਈ ਦਿੰਦੇ ਹੋ ਉਹ ਪਰਮੇਸ਼ੁਰ ਦੇ ਲੋਕਾਂ ਦੀਆਂ ਲੋੜਾਂ ਵਿੱਚ ਮਦਦ ਕਰਦਾ ਹੈ। ਪਰ ਤੁਹਾਡੀ ਸੇਵਾ ਕੇਵਲ ਇੰਨੀ ਹੀ ਨਹੀਂ ਹੈ। ਇਹ ਪਰਮੇਸ਼ੁਰ ਲਈ ਹੋਰ ਵੱਧੇਰੇ ਧੰਨਵਾਦ ਲਿਆਉਂਦੀ ਹੈ। 13 ਜਿਹੜਾ ਚੰਦਾ ਤੁਸੀਂ ਦਿੰਦੇ ਹੋ ਉਹ ਤੁਹਾਡੇ ਵਿਸ਼ਵਾਸ ਦਾ ਪ੍ਰਮਾਣ ਹੈ। ਇਸ ਵਾਸਤੇ ਲੋਕੀਂ ਪਰਮੇਸ਼ੁਰ ਦੀ ਉਸਤਤਿ ਕਰਨਗੇ। ਉਹ ਪਰਮੇਸ਼ੁਰ ਦੀ ਉਸਤਤਿ ਇਸ ਵਾਸਤੇ ਕਰਨਗੇ ਕਿਉਂਕਿ ਤੁਸੀਂ ਮਸੀਹ ਦੀ ਖੁਸ਼ਖਬਰੀ ਪਿੱਛੇ ਚਲਦੇ ਹੋ ਉਹ ਖੁਸ਼ਖਬਰੀ ਜਿਸ ਵਿੱਚ ਤੁਸੀਂ ਵਿਸ਼ਵਾਸ ਕਰਦੇ ਹੋ। ਲੋਕੀ ਪਰਮੇਸ਼ੁਰ ਦੀ ਉਸਤਤਿ ਕਰਨਗੇ ਕਿਉਂਕਿ ਤੁਸੀਂ ਉਨ੍ਹਾਂ ਨਾਲ ਅਤੇ ਸਾਰੇ ਲੋਕਾਂ ਨਾਲ ਸਾਂਝਾ ਕਰਦੇ ਹੋ। 14 ਅਤੇ ਜਦੋਂ ਉਹ ਲੋਕ ਪ੍ਰਾਰਥਨਾ ਕਰਨਗੇ, ਉਹ ਕਲਪਨਾ ਕਰਨਗੇ ਕਿ ਤੁਹਾਡੇ ਨਾਲ ਰਹਿਣ। ਉਹ ਅਜਿਹਾ ਇਸ ਲਈ ਕਰਨਗੇ ਕਿਉਂਕਿ ਪਰਮੇਸ਼ੁਰ ਦੀ ਭਰਪੂਰ ਕਿਰਪਾ ਤੁਹਾਡੇ ਨਾਲ ਹੈ। 15 ਇਸ ਦਾਤ ਲਈ ਪਰਮੇਸ਼ੁਰ ਦਾ ਧੰਨਵਾਦ ਹੋਵੇ ਜੋ ਵਰਨਣ ਕਰਨ ਲਈ ਬਹੁਤ ਅਚੰਭਿਤ ਹੈ।

Punjabi Bible: Easy-to-Read Version (ERV-PA)

2010 by World Bible Translation Center