Book of Common Prayer
148 ਯਹੋਵਾਹ ਦੀ ਉਸਤਤਿ ਕਰੋ।
ਉਤਲੇ ਦੂਤੋਂ, ਸਵਰਗ ਵਿੱਚੋਂ ਯਹੋਵਾਹ ਦੀ ਉਸਤਤਿ ਕਰੋ।
2 ਤੁਸੀਂ ਸਾਰੇ ਦੂਤੋਂ, ਯਹੋਵਾਹ ਦੀ ਉਸਤਤਿ ਕਰੋ।
    ਉਸਦੀ ਸਾਰੀ ਫ਼ੌਜ ਵਾਲਿਉ, ਉਸਦੀ ਉਸਤਤਿ ਕਰੋ।
3 ਸੂਰਜ ਅਤੇ ਚੰਨ, ਯਹੋਵਾਹ ਦੀ ਉਸਤਤਿ ਕਰੋ।
    ਤਾਰਿਉ ਅਤੇ ਆਕਾਸ਼ ਦੀਉ ਰੌਸ਼ਨੀਉ, ਉਸਦੀ ਉਸਤਤਿ ਕਰੋ।
4 ਯਹੋਵਾਹ ਦੀ ਉਸਤਤਿ ਕਰੋ,
    ਸਭ ਤੋਂ ਉੱਚੇ ਸਵਰਗ ਵਿੱਚ ਆਕਾਸ਼ ਉਤਲੇ ਪਾਣੀਉ, ਉਸਦੀ ਉਸਤਤਿ ਕਰੋ।
5 ਯਹੋਵਾਹ ਦੇ ਨੇਮ ਦੀ ਉਸਤਤਿ ਕਰੋ।
    ਕਿਉਂ? ਕਿਉਂਕਿ ਪਰਮੇਸ਼ੁਰ ਨੇ ਆਦੇਸ਼ ਦਿੱਤਾ ਅਤੇ ਸਾਡੇ ਸਾਰਿਆਂ ਦੀ ਸਾਜਨਾ ਹੋਈ।
6 ਪਰਮੇਸ਼ੁਰ ਨੇ ਇਹ ਚੀਜ਼ਾਂ ਸਦਾ ਵਾਸਤੇ ਰਹਿਣ ਲਈ ਬਣਾਈਆ।
    ਪਰਮੇਸ਼ੁਰ ਨੇ ਨੇਮ ਬਣਾਏ ਜਿਹੜੇ ਕਦੀ ਨਹੀਂ ਮੁੱਕਣਗੇ।
7 ਧਰਤੀ ਉਤਲੀ ਹਰ ਸ਼ੈਅ, ਯਹੋਵਾਹ ਦੀ ਉਸਤਤਿ ਕਰੋ।
    ਮਹਾ ਸਾਗਰ ਅਤੇ ਉਸ ਵਿੱਚਲੇ ਜਾਨਵਰੋ, ਯਹੋਵਾਹ ਦੀ ਉਸਤਤਿ ਕਰੋ।
8 ਯਹੋਵਾਹ ਨੇ ਅੱਗ ਅਤੇ ਗੜ੍ਹਿਆਂ ਨੂੰ ਬਰਫ਼
    ਅਤੇ ਧੂੰਏ ਨੂੰ ਅਤੇ ਸਾਰੀਆ ਤੂਫ਼ਾਨੀ ਹਵਾਵਾਂ ਨੂੰ ਬਣਾਇਆ।
9 ਪਰਮੇਸ਼ੁਰ ਨੇ, ਪਹਾੜ ਅਤੇ ਪਹਾੜੀਆਂ ਨੂੰ,
    ਫ਼ਲਦਾਰ ਰੁੱਖਾ ਅਤੇ ਦਿਉਦਾਰ ਦੇ ਰੁੱਖਾਂ ਨੂੰ ਬਣਾਇਆ।
10 ਪਰਮੇਸ਼ੁਰ ਨੇ ਜੰਗਲੀ ਜਾਨਵਰਾਂ, ਪਸ਼ੂਆਂ ਅਤੇ ਪੰਛੀਆ, ਰੀਂਗਣ ਵਾਲੇ ਜੀਵਾਂ ਅਤੇ ਪਰਿੰਦਿਆਂ ਨੂੰ ਸਾਜਿਆ।
11 ਪਰਮੇਸ਼ੁਰ ਨੇ ਧਰਤੀ ਉੱਤੇ ਰਾਜਿਆਂ ਅਤੇ ਕੌਮਾਂ ਨੂੰ ਬਣਾਇਆ
    ਪਰਮੇਸ਼ੁਰ ਨੇ ਆਗੂਆਂ ਅਤੇ ਨਿਆਕਾਰਾਂ ਨੂੰ ਬਣਾਇਆ।
12 ਪਰਮੇਸ਼ੁਰ ਨੇ, ਜਵਾਨ ਆਦਮੀ ਅਤੇ ਔਰਤ ਨੂੰ ਬਣਾਇਆ।
    ਪਰਮੇਸ਼ੁਰ ਨੇ ਬੁੱਢੇ ਅਤੇ ਜਵਾਨ ਲੋਕਾਂ ਨੂੰ ਬਣਾਇਆ।
13 ਯਹੋਵਾਹ ਦੇ ਨਾਮ ਦੀ ਉਸਤਤਿ ਕਰੋ।
    ਸਦਾ ਹੀ ਉਸ ਦੇ ਨਾਮ ਦੀ ਉਸਤਤਿ ਕਰੋ!
ਸਵਰਗ ਅਤੇ ਧਰਤੀ ਦੀ ਹਰ ਸ਼ੈਅ,
    ਉਸਦੀ ਉਸਤਤਿ ਕਰੇ।
14 ਪਰਮੇਸ਼ੁਰ ਆਪਣੇ ਲੋਕਾ ਨੂੰ ਮਜ਼ਬੂਤ ਬਣਾਵੇਗਾ।
    ਲੋਕ ਪਰਮੇਸ਼ੁਰ ਦੇ ਅਨੁਯਾਈਆਂ ਦੀ ਉਸਤਤਿ ਕਰਨਗੇ।
ਲੋਕ ਇਸਰਾਏਲ ਦੀ ਉਸਤਤਿ ਕਰਨਗੇ।
    ਉਹੀ ਲੋਕ ਹਨ ਜਿਨ੍ਹਾਂ ਲਈ ਯਹੋਵਾਹ ਲੜਦਾ ਹੈ।
149 ਯਹੋਵਾਹ ਦੀ ਉਸਤਤਿ ਕਰੋ।
ਉਨ੍ਹਾਂ ਨਵੀਆਂ ਗੱਲਾਂ ਬਾਰੇ ਕੋਈ ਨਵਾਂ ਗੀਤ ਗਾਵੋ ਜੋ ਯਹੋਵਾਹ ਨੇ ਕੀਤੀਆ ਹਨ।
    ਉਸਦੀ ਉਸਤਤਿ ਉਸ ਦੇ ਚੇਲਿਆ ਦੀ ਸਭਾ ਵਿੱਚ ਗਾਵੋ।
2 ਇਸਰਾਏਲ ਨੂੰ ਆਪਣੇ ਨਿਰਮਾਤਾ ਨਾਲ ਮਿਲਕੇ ਆਨੰਦ ਮਾਨਣ ਦਿਉ।
    ਸੀਯੋਨ ਉੱਤੇ ਰਹਿੰਦੇ ਲੋਕਾਂ ਨੂੰ ਆਪਣੇ ਰਾਜੇ ਨਾਲ ਮਿਲਕੇ ਖੁਸ਼ੀ ਮਨਾਉਣ ਦਿਉ।
3 ਉਨ੍ਹਾਂ ਲੋਕਾਂ ਨੂੰ ਨੱਚ ਕੁੱਦਕੇ
    ਅਤੇ ਸਾਰੰਗੀਆ ਵਜਾਕੇ ਪਰਮੇਸ਼ੁਰ ਦੀ ਉਸਤਤਿ ਕਰਨ ਦਿਉ।
4 ਯਹੋਵਾਹ ਆਪਣੇ ਲੋਕਾ ਨਾਲ ਖੁਸ਼ ਹੈ।
    ਪਰਮੇਸ਼ੁਰ ਨੇ ਆਪਣੇ ਮਸੱਕੀਨ ਲੋਕਾ ਲਈ ਇੱਕ ਅਦਭੁਤ ਗੱਲ ਕੀਤੀ।
    ਉਸ ਨੇ ਉਨ੍ਹਾਂ ਨੂੰ ਬਚਾ ਲਿਆ।
5 ਪਰਮੇਸ਼ੁਰ ਦੇ ਪੈਰੋਕਾਰੋ, ਆਪਣੀ ਜਿੱਤ ਵਿੱਚ ਖੁਸ਼ੀ ਮਨਾਉ!
    ਬਿਸਤਰ ਉੱਤੇ ਲੇਟਣ ਤੋਂ ਬਾਦ ਵੀ ਪ੍ਰਸੰਨ ਹੋਵੋ।
6 ਲੋਕਾਂ ਨੂੰ ਪਰਮੇਸ਼ੁਰ ਦੀ ਉਸਤਤਿ ਦੇ ਨਾਹਰੇ ਮਾਰਨ ਦਿਉ।
    ਅਤੇ ਉਨ੍ਹਾਂ ਨੂੰ ਆਪਣੀਆ ਤਲਵਾਰਾਂ ਆਪਣੇ ਹੱਥਾਂ ਵਿੱਚ ਲੈ ਲੈਣ ਦਿਉ।
7 ਉਨ੍ਹਾਂ ਨੂੰ ਆਪਣੇ ਦੁਸ਼ਮਣਾਂ ਨੂੰ ਦੰਡ ਦੇਣ ਦਿਉ।
    ਉਨ੍ਹਾਂ ਨੂੰ ਉਨ੍ਹਾਂ ਲੋਕਾਂ ਨੂੰ ਦੰਡ ਦੇਣ ਲਈ ਜਾਣ ਦਿਉ।
8 ਪਰਮੇਸ਼ੁਰ ਦੇ ਬੰਦੇ ਉਨ੍ਹਾਂ ਰਾਜਿਆ
    ਅਤੇ ਮਹੱਤਵਪੂਰਣ ਲੋਕਾ ਦੇ ਜ਼ੰਜ਼ੀਰਾ ਪਾ ਦੇਣਗੇ।
9 ਪਰਮੇਸ਼ੁਰ ਦੇ ਬੰਦੇ ਉਨ੍ਹਾਂ ਨੂੰ ਦੰਡ ਦੇਣਗੇ ਜਿਵੇਂ ਪਰਮੇਸ਼ੁਰ ਨੇ ਆਦੇਸ਼ ਦਿੱਤਾ ਸੀ।
    ਪਰਮੇਸ਼ੁਰ ਦੇ ਸਾਰੇ ਪੈਰੋਕਾਰ ਉਸਦਾ ਆਦਰ ਕਰਨਗੇ।
ਯਹੋਵਾਹ ਦੀ ਉਸਤਤਿ ਕਰੋ।
150 ਯਹੋਵਾਹ ਦੀ ਉਸਤਤਿ ਕਰੋ!
ਪਰਮੇਸ਼ੁਰ ਦੀ ਉਸ ਦੇ ਮੰਦਰ ਵਿੱਚ ਉਸਤਤਿ ਕਰੋ!
    ਸਵਰਗ ਵਿੱਚ ਉਸਦੀ ਸ਼ਕਤੀ ਦੀ ਉਸਤਤਿ ਕਰੋ।
2 ਪਰਮੇਸ਼ੁਰ ਦੀ ਉਸ ਦੇ ਮਹਾਨ ਕਾਰਿਆਂ ਲਈ ਉਸਤਤਿ ਕਰੋ!
    ਉਸਦੀ ਉਸਤਤਿ ਉਸਦੀ ਸਾਰੀ ਮਹਾਨਤਾ ਲਈ ਕਰੋ।
3 ਪਰਮੇਸ਼ੁਰ ਦੀ ਵਾਜੇ-ਗਾਜੇ ਨਾਲ ਉਸਤਤਿ ਕਰੋ।
    ਵੰਝਲੀਆ ਸਾਰੰਗੀਆ ਨਾਲ ਉਸਦੀ ਉਸਤਤਿ ਕਰੋ।
4 ਤੰਬੂਰੀਆ ਤੇ ਨੱਚਣ ਨਾਲ ਪਰਮੇਸ਼ੁਰ ਦੀ ਉਸਤਤਿ ਕਰੋ।
    ਉਸਦੀ ਉਸਤਤਿ ਤਾਰਾਂ ਵਾਲੇ ਸਾਜ਼ਾਂ ਅਤੇ ਬੰਸਰੀਆ ਨਾਲ ਕਰੋ।
5 ਪਰਮੇਸ਼ੁਰ ਦੀ ਉਸਤਤਿ ਛੈਣਿਆਂ ਨਾਲ ਉੱਚੀ ਅਵਾਜ਼ ਨਾਲ ਕਰੋ।
    ਛਣਕਦੇ ਛੈਣਿਆ ਨਾਲ ਉਸਦੀ ਉਸਤਤਿ ਕਰੋ।
6 ਹਰ ਜਾਨਦਾਰ ਪ੍ਰਾਣੀ, ਯਹੋਵਾਹ ਦੀ ਉਸਤਤਿ ਕਰੋ!
ਯਹੋਵਾਹ ਦੀ ਉਸਤਤਿ ਕਰੋ!
114 ਇਸਰਾਏਲ ਨੇ ਮਿਸਰ ਛੱਡ ਦਿੱਤਾ।
    ਯਾਕੂਬ ਨੇ ਉਸ ਪਰਦੇਸ ਨੂੰ ਛੱਡ ਦਿੱਤਾ।
2 ਯਹੂਦਾਹ ਪਰਮੇਸ਼ੁਰ ਦਾ ਖਾਸ ਬੰਦਾ ਬਣ ਗਿਆ।
    ਇਸਰਾਏਲ ਉਸ ਦੀ ਸਲਤਨਤ ਬਣ ਗਈ।
3 ਲਾਲ ਸਾਗਰ ਨੇ ਇਸ ਨੂੰ ਦੇਖਿਆ ਅਤੇ ਉਹ ਦੌੜ ਗਿਆ।
    ਯਰਦਨ ਨਦੀ ਮੁੜੀ ਅਤੇ ਨੱਸ ਪਈ।
4 ਪਰਬਤ ਭੇਡੂਆਂ ਵਾਂਗ ਨੱਚਣ ਲੱਗ ਪਏ,
    ਪਹਾੜੀਆਂ ਲੇਲਿਆਂ ਵਾਂਗ ਨੱਚਣ ਲੱਗੀਆਂ।
5 ਹੇ ਲਾਲ ਸਾਗਰ, ਤੂੰ ਕਿਉਂ ਨੱਸਿਆ ਸੀ?
    ਯਰਦਨ ਨਦੀਏ, ਤੂੰ ਕਿਉਂ ਮੁੜੀ ਅਤੇ ਕਿਉਂ ਨੱਸੀ ਸੀ?
6 ਪਹਾੜੋ, ਤੁਸੀਂ ਭੇਡੂਆਂ ਵਾਂਗ ਕਿਉਂ ਨੱਚੇ ਸੀ?
    ਅਤੇ ਪਹਾੜੀਓ, ਤੁਸੀਂ ਲੇਲਿਆਂ ਵਾਂਗ ਕਿਉਂ ਨੱਚੀਆਂ ਸੀ?
7 ਮਾਲਕ, ਯਾਕੂਬ ਦੇ ਯਹੋਵਾਹ ਪਰਮੇਸ਼ੁਰ ਸਾਹਮਣੇ ਧਰਤੀ ਹਿੱਲ ਗਈ ਸੀ।
8 ਪਰਮੇਸ਼ੁਰ ਹੀ ਹੈ ਜਿਹੜਾ ਪਾਣੀ ਨੂੰ ਚੱਟਾਨ ਵਿੱਚੋਂ ਵਗਾਉਂਦਾ ਹੈ।
    ਪਰਮੇਸ਼ੁਰ ਨੇ ਸਖਤ ਚੱਟਾਨ ਤੋਂ ਵਗਦੇ ਹੋਏ ਪਾਣੀ ਦਾ ਇੱਕ ਚਸ਼ਮਾ ਬਣਾਇਆ।
115 ਯਹੋਵਾਹ, ਸਾਨੂੰ ਕੋਈ ਇੱਜ਼ਤ ਨਹੀਂ ਮਿਲਣੀ ਚਾਹੀਦੀ।
    ਇੱਜ਼ਤ ਤਾਂ ਤੁਹਾਡੀ ਮਲਕੀਅਤ ਹੈ। ਤੁਹਾਡੀ ਇੱਜ਼ਤ ਤੁਹਾਡੇ ਪਿਆਰ ਕਾਰਣ
    ਅਤੇ ਇਸ ਕਾਰਣ ਹੈ ਕਿ ਅਸੀਂ ਤੁਹਾਡੇ ਉੱਤੇ ਵਿਸ਼ਵਾਸ ਕਰ ਸੱਕਦੇ ਸਾਂ।
2 ਕੌਮਾਂ ਹੈਰਾਨ ਕਿਉਂ ਹੋਣ ਕਿ ਸਾਡਾ ਪਰਮੇਸ਼ੁਰ ਕਿੱਥੇ ਹੈ।
3 ਪਰਮੇਸ਼ੁਰ ਸਵਰਗ ਵਿੱਚ ਹੈ, ਅਤੇ ਉਹ ਉਹੀ ਸਭ ਕੁਝ ਕਰਦਾ ਹੈ ਜੋ ਉਸ ਨੂੰ ਪਸੰਦ ਹੈ।
4 ਪਰਾਈਆਂ ਕੌਮਾਂ ਦੇ ਦੇਵਤੇ ਸੋਨੇ ਚਾਂਦੀ ਨਾਲ ਬਣੇ ਹੋਏ ਸਿਰਫ਼ ਬੁੱਤ ਹਨ।
    ਉਹ ਇਨਸਾਨੀ ਹੱਥਾਂ ਦੁਆਰਾ ਬਣਾਏ ਗਏ ਹਨ।
5 ਉਨ੍ਹਾਂ ਬੁੱਤਾਂ ਦੇ ਮੂੰਹ ਤਾਂ ਹਨ, ਪਰ ਬੋਲ ਨਹੀਂ ਸੱਕਦੇ।
    ਉਨ੍ਹਾਂ ਦੀਆਂ ਅੱਖਾਂ ਤਾਂ ਹਨ, ਪਰ ਦੇਖ ਨਹੀਂ ਸੱਕਦੀਆਂ।
6 ਉਨ੍ਹਾਂ ਦੇ ਕੰਨ ਤਾਂ ਹਨ, ਪਰ ਸੁਣ ਨਹੀਂ ਸੱਕਦੇ।
    ਉਨ੍ਹਾਂ ਦੇ ਨੱਕ ਤਾਂ ਹਨ, ਪਰ ਸੁੰਘ ਨਹੀਂ ਸੱਕਦੇ।
7 ਉਨ੍ਹਾਂ ਦੇ ਹੱਥ ਤਾਂ ਹਨ, ਪਰ ਮਹਿਸੂਸ ਨਹੀਂ ਕਰ ਸੱਕਦੇ।
    ਉਨ੍ਹਾਂ ਦੀਆਂ ਲੱਤਾਂ ਤਾਂ ਹਨ, ਪਰ ਚੱਲ ਨਹੀਂ ਸੱਕਦੀਆਂ ਅਤੇ ਉਨ੍ਹਾ ਦੇ ਗਲੇ ਵਿੱਚੋਂ ਕੋਈ ਆਵਾਜ਼ ਨਹੀਂ ਨਿਕਲ ਸੱਕਦੀ।
8 ਜਿਹੜੇ ਲੋਕ ਬਣਾਉਂਦੇ ਹਨ ਅਤੇ ਉਨ੍ਹਾਂ ਬੁੱਤਾਂ ਵਿੱਚ ਵਿਸ਼ਵਾਸ ਕਰਦੇ ਹਨ ਉਹ ਵੀ ਉਨ੍ਹਾਂ ਵਰਗੇ ਹੋ ਜਾਣਗੇ।
9 ਇਸਰਾਏਲ ਦੇ ਲੋਕੋ, ਯਹੋਵਾਹ ਉੱਤੇ ਵਿਸ਼ਵਾਸ ਕਰੋ।
    ਯਹੋਵਾਹ ਹੀ ਉਨ੍ਹਾਂ ਦੀ ਸ਼ਕਤੀ ਅਤੇ ਢਾਲ ਹੈ।
10 ਹਾਰੂਨ ਦੇ ਪਰਿਵਾਰ, ਯਹੋਵਾਹ ਉੱਤੇ ਵਿਸ਼ਵਾਸ ਕਰ।
    ਯਹੋਵਾਹ ਹੀ ਉਨ੍ਹਾਂ ਦੀ ਸ਼ਕਤੀ ਅਤੇ ਢਾਲ ਹੈ।
11 ਯਹੋਵਾਹ ਦੇ ਚੇਲਿਉ, ਯਹੋਵਾਹ ਉੱਤੇ ਵਿਸ਼ਵਾਸ ਕਰੋ।
    ਯਹੋਵਾਹ ਹੀ ਉਨ੍ਹਾਂ ਦੀ ਸ਼ਕਤੀ ਅਤੇ ਢਾਲ ਹੈ।
12 ਯਹੋਵਾਹ ਅਸਾਂ ਨੂੰ ਚੇਤੇ ਕਰਦਾ ਹੈ।
    ਯਹੋਵਾਹ ਅਸਾਂ ਨੂੰ ਅਸੀਸ ਦੇਵੇਗਾ।
    ਯਹੋਵਾਹ ਇਸਰਾਏਲ ਨੂੰ ਅਸੀਸ ਦੇਵੇਗਾ।
    ਯਹੋਵਾਹ ਹਾਰੂਨ ਦੇ ਪਰਿਵਾਰ ਨੂੰ ਅਸੀਸ ਦੇਵੇਗਾ।
13 ਯਹੋਵਾਹ ਆਪਣੇ ਚੇਲਿਆਂ ਨੂੰ ਛੋਟੇ ਅਤੇ ਵੱਡਿਆਂ ਨੂੰ ਅਸੀਸ ਦੇਵੇਗਾ।
14 ਮੈਨੂੰ ਆਸ ਹੈ ਕਿ ਯਹੋਵਾਹ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਹੋਰ ਵੱਧੇਰੇ ਦੇਵੇਗਾ।
15     ਯਹੋਵਾਹ ਨੇ ਸਵਰਗ ਅਤੇ ਧਰਤੀ ਨੂੰ ਬਣਾਇਆ
    ਅਤੇ ਯਹੋਵਾਹ ਤੁਹਾਨੂੰ ਜੀ ਆਇਆ ਆਖਦਾ ਹੈ।
16 ਸਵਰਗ ਯਹੋਵਾਹ ਦਾ ਹੈ।
    ਪਰ ਉਸ ਨੇ ਲੋਕਾਂ ਨੂੰ ਧਰਤੀ ਦਿੱਤੀ।
17 ਮੁਰਦਾ ਲੋਕ ਯਹੋਵਾਹ ਦੀ ਉਸਤਤਿ ਨਹੀਂ ਕਰਦੇ।
    ਕਬਰਾਂ ਵਿੱਚ ਦਫ਼ਨ ਹੋਏ ਲੋਕ, ਯਹੋਵਾਹ ਦੀ ਉਸਤਤਿ ਨਹੀਂ ਕਰਦੇ।
18 ਪਰ ਹੁਣ ਅਸੀਂ ਯਹੋਵਾਹ ਨੂੰ ਅਸੀਸ ਦਿੰਦੇ ਹਾਂ।
    ਅਤੇ ਅਸੀਂ ਉਸ ਨੂੰ ਸਦਾ ਹੋਰ ਵੱਧੇਰੇ ਅਸੀਸ ਦੇਵਾਂਗੇ।
ਯਹੋਵਾਹ ਦੀ ਉਸਤਤਿ ਕਰੋ!
ਬਾਬਲ ਦੇ ਬੰਦੀਵਾਨਾਂ ਲਈ ਖਤ
29 ਯਿਰਮਿਯਾਹ ਨੇ ਬਾਬਲ ਦੇ ਯਹੂਦੀ ਕੈਦੀਆਂ ਨੂੰ ਇੱਕ ਖਤ ਲਿਖ ਭੇਜਿਆ। ਉਸ ਨੇ ਇਹ ਖਤ ਬਜ਼ੁਰਗਾਂ, ਜਾਜਕਾਂ, ਨਬੀਆਂ ਅਤੇ ਹੋਰ ਸਾਰੇ ਲੋਕਾਂ ਨੂੰ ਭੇਜਿਆ ਜਿਹੜੇ ਬਾਬਲ ਵਿੱਚ ਰਹਿ ਰਹੇ ਸਨ। ਇਹ ਉਹੀ ਲੋਕ ਸਨ ਜਿਨ੍ਹਾਂ ਨੂੰ ਨਬੂਕਦਨੱਸਰ ਯਰੂਸ਼ਲਮ ਵਿੱਚੋਂ ਫ਼ੜਕੇ ਬਾਬਲ ਵਿੱਚ ਲਿਆਂਦਾ ਸੀ।
4 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਇਹ ਗੱਲਾਂ ਉਨ੍ਹਾਂ ਲੋਕਾਂ ਨੂੰ ਆਖਦਾ ਹੈ ਜਿਨ੍ਹਾਂ ਨੂੰ ਉਸ ਨੇ ਯਰੂਸ਼ਲਮ ਵਿੱਚੋਂ ਬਾਬਲ ਅੰਦਰ ਬੰਦੀ ਬਣਾਕੇ ਭੇਜਿਆ। 5 “ਮਕਾਨ ਬਣਾਓ ਅਤੇ ਉਨ੍ਹਾਂ ਵਿੱਚ ਰਹੋ। ਧਰਤੀ ਉੱਤੇ ਟਿਕ ਜਾਓ। ਬਾਗ਼ ਲਗਾਓ ਅਤੇ ਆਪਣੇ ਉਗਾਏ ਹੋਏ ਭੋਜਨ ਨੂੰ ਖਾਓ। 6 ਵਿਆਹ ਕਰਵਾਓ ਅਤੇ ਪੁੱਤਰਾਂ ਧੀਆਂ ਵਾਲੇ ਬਣੋ। ਆਪਣੇ ਪੁੱਤਰਾਂ ਲਈ ਵਹੁਟੀਆਂ ਤਲਾਸ਼ ਕਰੋ। ਅਤੇ ਆਪਣੀਆਂ ਧੀਆਂ ਦਾ ਵਿਆਹ ਵੀ ਕਰੋ। ਅਜਿਹਾ ਕਰੋ ਤਾਂ ਜੋ ਉਹ ਵੀ ਧੀਆਂ ਪੁੱਤਰਾਂ ਵਾਲੇ ਹੋਣ। ਬਹੁਤ ਔਲਾਦ ਪੈਦਾ ਕਰੋ ਅਤੇ ਬਾਬਲ ਵਿੱਚ ਆਪਣੀ ਗਿਣਤੀ ਵੱਧਾਓ। ਗਿਣਤੀ ਵਿੱਚ ਬੋੜੇ ਨਾ ਹੋਵੋ। 7 ਅਤੇ ਇਹ ਵੀ ਕਿ ਉਸ ਸ਼ਹਿਰ ਲਈ ਨੇਕ ਕੰਮ ਕਰੋ ਜਿੱਥੇ ਮੈਂ ਤੁਹਾਨੂੰ ਭੇਜਿਆ ਸੀ। ਜਿਸ ਸ਼ਹਿਰ ਵਿੱਚ ਤੁਸੀਂ ਰਹਿ ਰਹੇ ਹੋ ਉਸ ਲਈ ਯਹੋਵਾਹ ਅੱਗੇ ਪ੍ਰਾਰਥਨਾ ਕਰੋ। ਕਿਉਂ? ਕਿਉਂ ਕਿ ਜੇ ਉਸ ਸ਼ਹਿਰ ਵਿੱਚ ਸ਼ਾਂਤੀ ਹੋਵੇਗਾ ਤਾਂ ਤੁਸੀਂ ਵੀ ਸ਼ਾਂਤੀ ਨਾਲ ਰਹੋਗੇ।” 8 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਆਖਦਾ ਹੈ, “ਆਪਣੇ ਨਬੀਆਂ ਅਤੇ ਉਨ੍ਹਾਂ ਲੋਕਾਂ ਕੋਲੋਂ ਮੂਰਖ ਨਾ ਬਣੋ ਜਿਹੜੇ ਕਾਲਾ ਜਾਦੂ ਕਰਦੇ ਹਨ। ਉਨ੍ਹਾਂ ਦੇ ਸੁਪਨਿਆਂ ਨੂੰ ਨਾ ਸੁਣੋ। 9 ਉਹ ਝੂਠ ਦਾ ਪ੍ਰਚਾਰ ਕਰ ਰਹੇ ਹਨ। ਅਤੇ ਉਹ ਆਖ ਰਹੇ ਹਨ ਕਿ ਉਨ੍ਹਾਂ ਦਾ ਸੰਦੇਸ਼ ਮੇਰੇ ਵੱਲੋਂ ਹੈ। ਪਰ ਮੈਂ ਉਨ੍ਹਾਂ ਨੂੰ ਨਹੀਂ ਭੇਜਿਆ ਸੀ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
10 ਯਹੋਵਾਹ ਇਹ ਆਖਦਾ ਹੈ: “ਬਾਬਲ 70 ਵਰ੍ਹਿਆਂ ਤੀਕ ਸ਼ਕਤੀਸ਼ਾਲੀ ਰਹੇਗਾ। ਉਸ ਸਮੇਂ ਤੋਂ ਮਗਰੋਂ ਮੈਂ ਤੁਹਾਡੇ ਲੋਕਾਂ ਕੋਲ ਆਵਾਂਗਾ ਜਿਹੜੇ ਬਾਬਲ ਵਿੱਚ ਰਹਿ ਰਹੇ ਹੋ। ਮੈਂ ਤੁਹਾਨੂੰ ਯਰੂਸ਼ਲਮ ਵਾਪਸ ਲਿਆਉਣ ਦਾ ਆਪਣਾ ਸ਼ੁਭ ਇਕਰਾਰ ਪੂਰਾ ਕਰਾਂਗਾ। 11 ਇਹ ਮੈਂ ਇਸ ਲਈ ਆਖਦਾ ਹਾਂ ਕਿਉਂ ਕਿ ਮੈਂ ਉਨ੍ਹਾਂ ਵਿਉਂਤਾਂ ਨੂੰ ਜਾਣਦਾ ਹਾਂ ਜਿਹੜੀਆਂ ਮੈਂ ਤੁਹਾਡੇ ਲਈ ਬਣਾਈਆਂ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਮੇਰੇ ਪਾਸ ਤੁਹਾਡੇ ਲਈ ਚੰਗੀਆਂ ਵਿਉਂਤਾਂ ਹਨ। ਮੈਂ ਤੁਹਾਨੂੰ ਦੁੱਖ ਦੇਣ ਦੀ ਵਿਉਂਤ ਨਹੀਂ ਬਣਾਉਂਦਾ। ਮੈਂ ਤੁਹਾਨੂੰ ਉਮੀਦ ਅਤੇ ਚੰਗਾ ਭਵਿੱਖ ਦੇਣ ਦੀ ਵਿਉਂਤ ਬਣਾਉਂਦਾ ਹਾਂ। 12 ਫ਼ੇਰ ਤੁਸੀਂ ਲੋਕ ਮੇਰਾ ਨਾਮ ਲਵੋਗੇ। ਤੁਸੀਂ ਮੇਰੇ ਕੋਲ ਆਵੋਂਗੇ ਅਤੇ ਮੇਰੇ ਅੱਗੇ ਪ੍ਰਾਰਥਨਾ ਕਰੋਗੇ। ਅਤੇ ਮੈਂ ਤੁਹਾਨੂੰ ਸੁਣਾਂਗਾ। 13 ਤੁਸੀਂ ਲੋਕ ਮੇਰੀ ਤਲਾਸ਼ ਕਰੋਗੇ। ਅਤੇ ਜਦੋਂ ਤੁਸੀਂ ਪੂਰੇ ਦਿਲ ਨਾਲ ਮੇਰੀ ਤਲਾਸ਼ ਕਰੋਗੇ ਤੁਸੀਂ ਮੈਨੂੰ ਲੱਭ ਲਵੋਗੇ। 14 ਮੈਂ ਤੁਹਾਨੂੰ ਇਜ਼ਾਜ਼ਤ ਦਿਆਂਗਾ ਕਿ ਤੁਸੀਂ ਮੈਨੂੰ ਲੱਭ ਲਵੋ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਅਤੇ ਮੈਂ ਤੁਹਾਨੂੰ ਤੁਹਾਡੀ ਕੈਦ ਵਿੱਚੋਂ ਵਾਪਸ ਲਿਆਵਾਂਗਾ। ਮੈਂ ਤੁਹਾਨੂੰ ਇਹ ਥਾਂ ਛੱਡਣ ਲਈ ਮਜ਼ਬੂਰ ਕੀਤਾ ਸੀ। ਪਰ ਮੈਂ ਤੁਹਾਨੂੰ ਸਾਰੀਆਂ ਕੌਮਾਂ ਵਿੱਚੋਂ ਅਤੇ ਉਨ੍ਹਾਂ ਥਾਵਾਂ ਵਿੱਚੋਂ ਇਕੱਠਿਆਂ ਕਰਾਂਗਾ ਜਿੱਥੇ ਮੈਂ ਤੁਹਾਨੂੰ ਭੇਜਿਆ ਸੀ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਅਤੇ ਮੈਂ ਤੁਹਾਨੂੰ ਇਸ ਥਾਂ ਵਾਪਸ ਲਿਆਵਾਂਗਾ।”
ਪੌਲੁਸ ਮਕਦੂਨਿਯਾ ਨੂੰ ਸੱਦਿਆ ਗਿਆ
6 ਪੌਲੁਸ ਅਤੇ ਉਸ ਦੇ ਸਾਥੀ ਫ਼ਰੁਗਿਯਾ ਅਤੇ ਗਲਾਤਿਯਾ ਦੇ ਇਲਾਕੇ ਵਿੱਚੋਂ ਦੀ ਲੰਘਦੇ ਗਏ ਕਿਉਂਕਿ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਅਸਿਯਾ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕਰਨ ਤੋਂ ਰੋਕਿਆ ਸੀ। 7 ਪੌਲੁਸ ਅਤੇ ਤਿਮੋਥਿਉਸ ਮੁਸਿਯਾ ਦੇਸ਼ ਦੇ ਕੋਲ ਪਹੁੰਚੇ, ਉਹ ਬਿਥੁਨਿਯਾ ਦੇ ਦੇਸ਼ ਜਾਣਾ ਚਾਹੁੰਦੇ ਸਨ। ਪਰ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਉੱਥੇ ਨਾ ਜਾਣ ਦਿੱਤਾ। 8 ਤਾਂ ਉਹ ਮੁਸਿਯਾ ਦੇ ਕੋਲੋਂ ਲੰਘ ਕੇ ਤ੍ਰੇਆਸ ਸ਼ਹਿਰ ਵਿੱਚ ਪਹੁੰਚੇ।
9 ਉਸ ਰਾਤ ਪੌਲੁਸ ਨੇ ਇੱਕ ਦਰਸ਼ਨ ਦੇਖਿਆ। ਇਸ ਦਰਸ਼ਨ ਵਿੱਚ, ਉਸ ਨੇ ਮਕਦੂਨੀਯਾ ਤੋਂ ਇੱਕ ਮਨੁੱਖ ਨੂੰ ਆਪਣੇ ਅੱਗੇ ਖਲੋਤਿਆਂ ਅਤੇ ਉਸ ਨੂੰ ਬੇਨਤੀ ਕਰਦਿਆਂ ਵੇਖਿਆ, “ਮਕਦੂਨਿਯਾ ਨੂੰ ਆ ਅਤੇ ਸਾਡੀ ਸਹਾਇਤਾ ਕਰ।” 10 ਪੌਲੁਸ ਦੇ ਇਹ ਦਰਸ਼ਨ ਦੇਖਣ ਤੋਂ ਬਾਅਦ, ਅਸਾਂ ਤੁਰੰਤ ਮਕਦੂਨਿਯਾ ਨੂੰ ਜਾਣ ਦਾ ਫ਼ੈਸਲਾ ਕੀਤਾ। ਸਾਨੂੰ ਯਕੀਨ ਸੀ ਕਿ ਪਰਮੇਸ਼ੁਰ ਨੇ ਸਾਨੂੰ ਉਨ੍ਹਾਂ ਨੂੰ ਖੁਸ਼ਖਬਰੀ ਦੇਣ ਲਈ ਸੱਦਿਆ ਸੀ।
ਲੁਦਿਯਾ ਦਾ ਪਰਿਵਰਤਨ
11 ਅਸੀਂ ਜਹਾਜ ਰਾਹੀਂ ਤ੍ਰੋਆਸ ਤੋਂ ਵਿਦਾ ਹੋਏ ਅਤੇ ਸਿਧੇ ਸਮੁਤ੍ਰਾਕੇ ਦੇ ਟਾਪੂ ਵੱਲ ਸਫ਼ਰ ਕੀਤਾ। ਅਗਲੇ ਦਿਨ ਅਸੀਂ ਨਿਯਾਪੁਲਿਸ ਦੇ ਸ਼ਹਿਰ ਨੂੰ ਪਹੁੰਚੇ। 12 ਫ਼ਿਰ ਅਸੀਂ ਫ਼ਿਲਿਪੈ ਗਏ, ਇਹ ਮਕਦੂਨਿਯਾ ਦੇ ਇਸ ਹਿੱਸੇ ਦਾ ਇੱਕ ਮਹੱਤਵਪੂਰਣ ਸ਼ਹਿਰ ਹੈ, ਅਤੇ ਇਹ ਰੋਮੀਆਂ ਲਈ ਇੱਕ ਸ਼ਹਿਰ ਹੈ। ਅਸੀਂ ਕੁਝ ਦਿਨ ਉਸੇ ਸ਼ਹਿਰ ਵਿੱਚ ਰਹੇ।
13 ਸਬਤ ਦੇ ਦਿਨ ਅਸੀਂ ਫ਼ਾਟਕ ਤੋਂ ਬਾਹਰ ਦਰਿਆ ਦੇ ਕੰਢੇ ਗਏ। ਅਤੇ ਅਸੀਂ ਉਸ ਇਲਾਕੇ ਵਿੱਚ ਇੱਕ ਜਗ਼੍ਹਾ ਲੱਭਣਾ ਚਾਹੁੰਦੇ ਸਾਂ ਜਿੱਥੇ ਯਹੂਦੀ ਇਕੱਠੇ ਪ੍ਰਾਰਥਨਾ ਲਈ ਆਉਂਦੇ ਸਨ। ਉੱਥੇ ਕੁਝ ਔਰਤਾਂ ਇਕੱਠੀਆਂ ਹੋਈਆਂ ਸਨ। ਤਾਂ ਅਸੀਂ ਉਨ੍ਹਾਂ ਨਾਲ ਬੈਠੇ ਅਤੇ ਉਨ੍ਹਾਂ ਨਾਲ ਗੱਲ ਕੀਤੀ। 14 ਉੱਥੇ ਥੁਆਤੀਰਾ ਸ਼ਹਿਰ ਤੋਂ ਲੁਦਿਯਾ ਨਾਮ ਦੀ ਇੱਕ ਔਰਤ ਵੀ ਸੀ। ਉਸਦਾ ਕੰਮ ਕਿਰਮਚੀ ਰੰਗ ਦੇ ਵਸਤਰ ਵੇਚਣ ਦਾ ਸੀ। ਉਸ ਨੇ ਸੱਚੇ ਪਰਮੇਸ਼ੁਰ ਦੀ ਉਪਾਸਨਾ ਕੀਤੀ। ਪਰਮੇਸ਼ੁਰ ਨੇ ਉਸ ਨੂੰ ਉਸਦਾ ਦਿਲ ਖੋਲ੍ਹਣ ਦਿੱਤਾ ਅਤੇ ਧਿਆਨ ਨਾਲ ਪੌਲੁਸ ਦੇ ਬਚਨਾਂ ਨੂੰ ਸੁਣਾਇਆ। 15 ਉਹ ਅਤੇ ਸਾਰੇ ਲੋਕਾਂ ਨੇ ਜੋ ਉਸ ਦੇ ਘਰ ਵਿੱਚ ਰਹਿੰਦੇ ਸਨ ਬਪਤਿਸਮਾ ਲਿਆ। ਉਸਤੋਂ ਬਾਅਦ, ਫ਼ੇਰ ਉਸ ਨੇ ਸਾਨੂੰ ਇਹ ਆਖਦਿਆਂ ਆਪਣੇ ਘਰ ਸੱਦਾ ਦਿੱਤਾ, “ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਮੈਂ ਪ੍ਰਭੂ ਯਿਸੂ ਦੀ ਸੱਚੀ ਉਪਾਸੱਕ ਹਾਂ, ਫ਼ੇਰ ਕਿਰਪਾ ਕਰਕੇ ਆਓ ਅਤੇ ਮੇਰੇ ਘਰ ਵਿੱਚ ਠਹਿਰੋ।” ਉਸ ਨੇ ਸਾਨੂੰ ਆਪਣੇ ਘਰ ਠਹਿਰਾਉਣ ਲਈ ਮਨਵਾ ਲਿਆ।
ਯਿਸੂ ਵੱਲੋਂ 72 ਮਨੁੱਖ ਭੇਜੇ ਜਾਣੇ
10 ਇਸਤੋਂ ਬਾਦ ਪ੍ਰਭੂ ਨੇ 72 [a] ਹੋਰ ਆਦਮੀ ਚੁਣੇ। ਉਸ ਨੇ ਉਨ੍ਹਾਂ ਨੂੰ ਦੋ-ਦੋ ਆਦਮੀਆਂ ਦੇ ਸਮੂਹਾਂ ਵਿੱਚ ਕੀਤਾ। ਅਤੇ ਉਨ੍ਹਾਂ ਨੂੰ ਸਾਰੇ ਨਗਰਾਂ ਅਤੇ ਸਾਰੀਆਂ ਥਾਵਾਂ ਤੇ ਆਪਣੇ ਅੱਗੇ-ਅੱਗੇ ਭੇਜਿਆ ਜਿੱਥੇ ਉਹ ਖੁਦ ਜਾਣ ਵਾਲਾ ਸੀ। 2 ਉਸ ਨੇ ਉਨ੍ਹਾਂ ਨੂੰ ਕਿਹਾ, “ਫ਼ਸਲ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ, ਇਸ ਲਈ ਤੁਸੀਂ ਫ਼ਸਲ ਦੇ ਪਰਮੇਸ਼ੁਰ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਫ਼ਸਲ ਵੱਢਣ ਲਈ ਵਾਢੇ ਭੇਜੇ।
3 “ਤੁਸੀਂ ਜਾਓ। ਪਰ ਸਾਵੱਧਾਨ ਰਹੋ! ਮੈਂ ਤੁਹਾਨੂੰ ਬਘਿਆੜਾਂ ਵਿੱਚ ਲੇਲਿਆਂ ਵਾਂਗ ਭੇਜ ਰਿਹਾ ਹਾਂ। 4 ਆਪਣੇ ਨਾਲ ਕੋਈ ਪੈਸਾ, ਥੈਲਾ, ਜਾਂ ਜੁੱਤੇ ਵਗੈਰਾ ਨਾ ਲੈਣਾ ਅਤੇ ਨਾ ਹੀ ਰਾਹ ਜਾਂਦੇ ਲੋਕਾਂ ਨਾਲ ਗੱਲੀ ਲੱਗਣਾ। 5 ਜਿਸ ਘਰ ਵਿੱਚ ਵੀ ਤੁਸੀਂ ਜਾਵੋ ਪਹਿਲਾਂ ਇਹ ਆਖੋ ਕਿ ‘ਇਸ ਘਰ ਵਿੱਚ ਸ਼ਾਂਤੀ ਰਹੇ।’ 6 ਜੇਕਰ ਉੱਥੇ ਕੋਈ ਸ਼ਾਂਤੀ ਨੂੰ ਪਿਆਰ ਕਰਨ ਵਾਲਾ ਬੰਦਾ ਹੈ, ਤੁਹਾਡੀ ਸ਼ਾਂਤੀ ਦੀ ਅਸੀਸ ਉਸ ਦੇ ਨਾਲ ਹੋਵੇਗੀ। ਜੇਕਰ ਨਹੀਂ ਤਾਂ ਤੁਹਾਡੀ ਸ਼ਾਂਤੀ ਦੀ ਅਸੀਸ ਤੁਹਾਡੇ ਕੋਲ ਵਾਪਸ ਆ ਜਾਵੇਗੀ। 7 ਉਸ ਘਰ ਵਿੱਚ ਰਹਿਣਾ ਜੋ ਸ਼ਾਂਤੀ ਨੂੰ ਪਿਆਰ ਕਰਦਾ ਹੈ। ਅਤੇ ਉਹ ਜੋ ਖਾਣ-ਪੀਣ ਨੂੰ ਦੇਣ ਉਹੀ ਖਾਣਾ। ਕਿਉਂਕਿ ਇੱਕ ਕਾਮਾ ਆਪਣੀ ਮਜੂਰੀ ਦਾ ਹੱਕਦਾਰ ਹੁੰਦਾ ਹੈ। ਤੁਸੀਂ ਇੱਕ ਘਰ ਛੱਡ ਕੇ ਦੂਜੇ ਘਰ ਨਾ ਜਾਣਾ।
8 “ਅਤੇ ਜਦੋਂ ਤੁਸੀਂ ਇੱਕ ਨਗਰ ਵਿੱਚ ਪ੍ਰਵੇਸ਼ ਕਰੋ ਅਤੇ ਲੋਕ ਤੁਹਾਡਾ ਸੁਆਗਤ ਕਰਨ ਤਾਂ ਉਹੀ ਭੋਜਨ ਖਾਓ ਜੋ ਉਹ ਤੁਹਾਨੂੰ ਦੇਣ। 9 ਅਤੇ ਉੱਥੇ ਦੋ ਬਿਮਾਰ ਲੋਕਾਂ ਨੂੰ ਜਾਕੇ ਰਾਜੀ ਕਰਨਾ ਅਤੇ ਉਨ੍ਹਾਂ ਨੂੰ ਜਾਕੇ ਆਖਣਾ, ‘ਪਰਮੇਸ਼ੁਰ ਦਾ ਰਾਜ ਤੁਹਾਡੇ ਨੇੜੇ ਆ ਰਿਹਾ ਹੈ।’
10 “ਅਤੇ ਜਦੋਂ ਤੁਸੀਂ ਕਿਸੇ ਨਗਰ ਵਿੱਚ ਜਾਓ ਅਤੇ ਲੋਕ ਤੁਹਾਡਾ ਸੁਆਗਤ ਨਾ ਕਰਨ ਤਾਂ ਉਸ ਸ਼ਹਿਰ ਦੀਆਂ ਗਲੀਆਂ ਵਿੱਚ ਜਾਓ ਅਤੇ ਕਹੋ, 11 ‘ਅਸੀਂ ਤੁਹਾਡੇ ਨਗਰ ਦੀ ਧੂੜ, ਵੀ ਝਾੜ ਰਹੇ ਹਾਂ ਜੋ ਸਾਡੇ ਪੈਰਾਂ ਨਾਲ ਲੱਗ ਗਈ ਸੀ। ਪਰ ਇਹ ਯਾਦ ਰੱਖਣਾ ਕਿ ਜਲਦੀ ਹੀ ਪਰਮੇਸ਼ੁਰ ਦਾ ਰਾਜ ਆਉਣ ਵਾਲਾ ਹੈ।’ 12 ਮੈਂ ਤੁਹਾਨੂੰ ਦੱਸਦਾ ਹਾਂ, ਕਿ ਨਿਆਂ ਦੇ ਦਿਨ ਸਦੂਮ ਦੇ ਲੋਕਾਂ ਦਾ ਹਾਲ ਇਨ੍ਹਾਂ ਲੋਕਾਂ ਨਾਲੋਂ ਵੱਧੇਰੇ ਚੰਗਾ ਹੋਵੇਗਾ।”
ਸ਼ੈਤਾਨ ਦਾ ਡਿੱਗਣਾ
17 ਜਦੋਂ 72 ਆਦਮੀ ਆਪਣੀ ਯਾਤਰਾ ਤੋਂ ਵਾਪਸ ਮੁੜੇ ਤਾਂ ਉਹ ਬੜੇ ਖੁਸ਼ ਸਨ। ਉਨ੍ਹਾਂ ਆਖਿਆ, “ਪ੍ਰਭੂ, ਜਦੋਂ ਅਸੀਂ ਤੇਰੇ ਨਾਮ ਦਾ ਜ਼ਿਕਰ ਕੀਤਾ ਤਾਂ ਭੂਤਾਂ ਨੇ ਵੀ ਸਾਡੀ ਆਗਿਆ ਦਾ ਪਾਲਣ ਕੀਤਾ।”
18 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੈਂ ਸ਼ੈਤਾਨ ਨੂੰ ਅਕਾਸ਼ ਤੋਂ ਬਿਜਲੀ ਵਾਂਗ ਡਿੱਗਦਿਆਂ ਵੇਖਿਆ। 19 ਸੁਣੋ! ਮੈਂ ਤੁਹਾਨੂੰ ਸਪਾਂ ਅਤੇ ਠੂੰਹਿਆਂ ਨੂੰ ਮਿਧਣ ਦੀ ਅਤੇ ਤੁਹਾਨੂੰ ਤੁਹਾਡੇ ਦੁਸ਼ਮਣ ਦੀ ਸ਼ਕਤੀ ਨੂੰ ਹਰਾਉਣ ਦੀ ਤਾਕਤ ਦਿੱਤੀ ਹੈ। ਕੋਈ ਵੀ ਤੁਹਾਨੂੰ ਸੱਟ ਨਹੀਂ ਮਾਰੇਗਾ। 20 ਪਰ ਪ੍ਰਸੰਨ ਨਾ ਹੋਵੋ ਕਿ ਰੂਹਾਂ ਤੁਹਾਡੀ ਆਗਿਆ ਮੰਨਦੀਆਂ ਹਨ। ਸਗੋਂ ਖੁਸ਼ ਹੋਵੋ ਕਿ ਤੁਹਾਡੇ ਨਾਮ ਸਵਰਗ ਵਿੱਚ ਲਿਖੇ ਗਏ ਹਨ।”
2010 by World Bible Translation Center