Book of Common Prayer
ਦਾਊਦ ਦਾ ਉਸ ਵੇਲੇ ਦਾ ਇੱਕ ਗੀਤ ਜਦੋਂ ਉਹ ਯਹੂਦਾਹ ਦੇ ਮਾਰੂਥਲ ਵਿੱਚ ਸੀ।
63 ਹੇ ਪਰਮੇਸ਼ੁਰ, ਤੁਸੀਂ ਮੇਰੇ ਪਰਮੇਸ਼ੁਰ ਹੋ।
ਮੈਂ ਬੇਸਬਰੀ ਨਾਲ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ।
ਮੇਰੀ ਰੂਹ ਅਤੇ ਮੇਰਾ ਸ਼ਰੀਰ ਤੁਹਾਡੇ ਪਿਆਸੇ ਹਨ,
ਜਿਵੇਂ ਬੰਜਰ ਜ਼ਮੀਨ ਪਾਣੀ ਤੋਂ ਬਿਨਾ ਹੁੰਦੀ ਹੈ।
2 ਹਾਂ, ਮੈਂ ਤੁਹਾਨੂੰ ਤੁਹਾਡੇ ਮੰਦਰ ਵਿੱਚ ਵੇਖਿਆ ਹੈ।
ਤੁਹਾਡੀ ਸ਼ਾਨ ਅਤੇ ਸ਼ਕਤੀ ਦੇਖੀ ਹੈ।
3 ਤੁਹਾਡਾ ਪਿਆਰ ਜ਼ਿੰਦਗੀ ਨਾਲੋਂ ਬਿਹਤਰ ਹੈ।
ਮੇਰੇ ਬੁਲ੍ਹ ਤੁਹਾਡੀ ਉਸਤਤਿ ਕਰਦੇ ਹਨ।
4 ਹਾਂ, ਮੈਂ ਆਪਣੀ ਜ਼ਿੰਦਗੀ ਵਿੱਚ ਤੁਹਾਡੀ ਉਸਤਤਿ ਕਰਾਂਗਾ।
ਤੁਹਾਡੇ ਨਾਮ ਤੇ ਹੀ, ਮੈਂ ਪ੍ਰਾਰਥਨਾ ਲਈ ਆਪਣੇ ਹੱਥ ਚੁੱਕਦਾ ਹਾਂ।
5 ਮੈਂ ਇੰਝ ਸੰਤੁਸ਼ਟ ਹੋ ਜਾਵਾਂਗਾ ਜਿਵੇਂ ਸਭ ਤੋਂ ਵੱਧੀਆ ਭੋਜਨ ਕੀਤਾ ਹੋਵੇ।
ਅਤੇ ਖੁਸ਼ੀ ਭਰੇ ਬੁਲ੍ਹਾਂ ਨਾਲ ਮੇਰਾ ਮੁੱਖ ਤੁਹਾਡੀ ਉਸਤਤਿ ਕਰੇਗਾ।
6 ਮੈਂ ਆਪਣੇ ਪਲੰਘ ਉੱਤੇ ਲੇਟਿਆ ਹੋਇਆ ਤੁਹਾਨੂੰ ਯਾਦ ਕਰਾਂਗਾ।
ਮੈਂ ਤੁਹਾਨੂੰ ਅੱਧੀ ਰਾਤ ਵੇਲੇ ਯਾਦ ਕਰਾਂਗਾ।
7 ਸੱਚਮੁੱਚ ਤੁਸੀਂ ਮੇਰੀ ਸਹਾਇਤਾ ਕੀਤੀ।
ਮੈਂ ਖੁਸ਼ ਹਾ ਕਿ ਤੁਸੀਂ ਮੇਰੀ ਰੱਖਿਆ ਕੀਤੀ ਹੈ।
8 ਮੇਰੀ ਰੂਹ ਤੁਹਾਡੇ ਨਾਲ ਚੁੰਬੜੀ ਹੈ
ਅਤੇ ਤੁਸੀਂ ਮੇਰਾ ਹੱਥ ਫ਼ੜਿਆ ਹੋਇਆ ਹੈ।
9 ਕੁਝ ਲੋਕ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ,
ਪਰ ਉਹ ਤਬਾਹ ਹੋ ਜਾਣਗੇ ਉਹ ਆਪਣੀ ਕਬਰਾਂ ਵਿੱਚ ਡੂੰਘੇ ਜਾਣਗੇ।
10 ਉਹ ਤਲਵਾਰਾਂ ਨਾਲ ਮਾਰੇ ਜਾਣਗੇ।
ਅਵਾਰਾ ਕੁੱਤੇ ਉਨ੍ਹਾਂ ਦੇ ਮੁਰਦਾ ਸਰੀਰਾਂ ਨੂੰ ਖਾਣਗੇ।
11 ਪਰ ਰਾਜਾ ਆਪਣੇ ਪਰਮੇਸ਼ੁਰ ਨਾਲ ਖੁਸ਼ ਹੋਵੇਗਾ।
ਅਤੇ ਜਿਨ੍ਹਾਂ ਲੋਕਾਂ ਨੇ ਉਸਦਾ ਹੁਕਮ ਮੰਨਣ ਤੋਂ ਇਨਕਾਰ ਕੀਤਾ ਸੀ ਪਰਮੇਸ਼ੁਰ ਦੀ ਉਸਤਤਿ ਕਰਨਗੇ।
ਕਿਉਂਕਿ, ਉਸ ਨੇ ਉਨ੍ਹਾਂ ਸਾਰੇ ਝੂਠਿਆਂ ਨੂੰ ਹਰਾ ਦਿੱਤਾ ਹੈ।
ਉਸਤਤਿ ਦਾ ਇੱਕ ਗੀਤ।
98 ਯਹੋਵਾਹ ਲਈ ਕੋਈ ਨਵਾਂ ਗੀਤ ਗਾਵੋ
ਕਿਉਂ ਕਿ ਉਸ ਨੇ ਕਈ ਨਵੇਂ ਚਮਤਕਾਰ ਕੀਤੇ ਹਨ।
ਉਸਦੀ ਪਵਿੱਤਰ ਸੱਜੀ ਬਾਂਹ ਨੇ
ਇੱਕ ਵਾਰੇ ਫ਼ੇਰ ਜਿੱਤ ਉਸ ਨੂੰ ਜਿੱਤ ਪ੍ਰਦਾਨ ਕੀਤੀ ਹੈ।
2 ਪਰਮੇਸ਼ੁਰ ਨੇ ਕੌਮਾਂ ਨੂੰ ਬਚਾਉਣ ਲਈ ਆਪਣੀ ਸ਼ਕਤੀ ਦਰਸ਼ਾਈ ਹੈ।
ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੀ ਚੰਗਿਆਈ ਦਰਸਾਈ।
3 ਉਸ ਦੇ ਚੇਲਿਆਂ ਨੇ ਪਰਮੇਸ਼ੁਰ ਦੀ ਇਸਰਾਏਲ ਦੇ ਲੋਕਾਂ ਲਈ ਵਫ਼ਾਦਾਰੀ ਨੂੰ ਯਾਦ ਕੀਤਾ।
ਦੂਰ-ਦੁਰਾਡੇ ਦੇ ਦੇਸ਼ਾਂ ਨੇ ਸਾਡੇ ਪਰਮੇਸ਼ੁਰ ਦੀ ਰੱਖਿਆ ਕਰਨ ਦੀ ਸ਼ਕਤੀ ਦੇਖੀ।
4 ਹੇ ਧਰਤੀ ਉਤਲੇ ਹਰ ਵਿਅਕਤੀ ਯਹੋਵਾਹ ਲਈ ਖੁਸ਼ੀ ਦੇ ਬਰਬਤ ਗਜਾਉ।
ਛੇਤੀ ਉਸਤਤਿ ਦੇ ਗੀਤ ਗਾਉਣੇ ਸ਼ੁਰੂ ਕਰੋ।
5 ਹੇ ਰਬਾਬ, ਯਹੋਵਾਹ ਦੀ ਉਸਤਤਿ ਕਰ।
ਰਬਾਬ ਵਿੱਚੋਂ ਨਿਕਲਣ ਵਾਲੇ ਸੰਗੀਤ, ਉਸਦੀ ਉਸਤਤਿ ਕਰ।
6 ਨਰਸਿੰਘੇ ਅਤੇ ਵੰਝਲੀਆਂ ਵਜਾਉ,
ਅਤੇ ਸਾਡੇ ਯਹੋਵਾਹ ਲਈ ਖੁਸ਼ੀ ਦੇ ਨਾਹਰੇ ਮਾਰੋ।
7 ਧਰਤੀ ਅਤੇ ਸਮੁੰਦਰ, ਅਤੇ ਉਸ ਵਿੱਚਲੇ
ਸਭ ਕਾਸੇ ਨੂੰ ਉੱਚੀ ਆਵਾਜ਼ ਵਿੱਚ ਗਾਉਣ ਦਿਉ।
8 ਹੇ ਨਦੀਉ ਤਾਲੀਆਂ ਵਜਾਉ।
ਸਾਰੇ ਪਹਾੜੋ ਇਕੱਠੇ ਹੋਕੇ ਗੀਤ ਗਾਵੋ।
9 ਯਹੋਵਾਹ ਦੇ ਸਾਹਮਣੇ ਗਾਵੋ,
ਕਿਉਂਕਿ ਉਹ ਦੁਨੀਆਂ ਉੱਤੇ ਰਾਜ ਕਰਨ ਲਈ ਆ ਰਿਹਾ ਹੈ।
ਉਹ ਨਿਰਪੱਖ ਹੋਕੇ ਦੁਨੀਆਂ ਉੱਤੇ ਰਾਜ ਕਰੇਗਾ।
ਉਹ ਚੰਗਿਆਈ ਨਾਲ ਲੋਕਾਂ ਉੱਤੇ ਰਾਜ ਕਰੇਗਾ।
ਦਾਊਦ ਦਾ ਇੱਕ ਗੀਤ।
103 ਹੇ ਮੇਰੀ ਰੂਹ, ਯਹੋਵਾਹ ਦੀ ਉਸਤਤਿ ਕਰ।
ਮੇਰੇ ਜਿਸਮ ਦੇ ਸਾਰੇ ਅੰਗੋ, ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
2 ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ।
ਅਤੇ ਇਹ ਵੀ ਨਾ ਭੁੱਲੀ ਕਿ ਉਹ ਸੱਚਮੁੱਚ ਮਿਹਰਬਾਨ ਹੈ।
3 ਯਹੋਵਾਹ ਉਨ੍ਹਾਂ ਉੱਤੇ ਜਿਹੜੇ ਉਸਦੀ ਉਪਾਸਨਾ ਕਰਦੇ ਹਨ
ਉਸੇ ਤਰ੍ਹਾਂ ਦਯਾਵਾਨ ਹੈ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਉੱਤੇ ਦਯਾਵਾਨ ਹੁੰਦਾ ਹੈ।
4 ਪਰਮੇਸ਼ੁਰ ਸਾਡੀ ਜਿੰਦ ਨੂੰ ਕਬਰ ਪਾਸੋਂ ਬਚਾਉਂਦਾ ਹੈ।
ਅਤੇ ਉਹ ਸਾਨੂੰ ਆਪਣਾ ਪਿਆਰ ਅਤੇ ਹਮਦਰਦੀ ਦਿੰਦਾ ਹੈ।
5 ਪਰਮੇਸ਼ੁਰ ਬਹੁਤ ਸਾਰੀਆਂ ਸ਼ੁਭ ਚੀਜ਼ਾਂ ਦਿੰਦਾ ਹੈ।
ਉਹ ਸਾਨੂੰ ਇੱਕ ਵਾਰੇ ਫ਼ੇਰ ਬਾਜ ਵਾਂਗ ਜਵਾਨ ਬਣਾ ਦਿੰਦਾ ਹੈ।
6 ਯਹੋਵਾਹ ਬੇਲਾਗ ਹੈ।
ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਨਿਆਂ ਦਿੰਦਾ ਹੈ ਜਿਨ੍ਹਾਂ ਨੂੰ ਹੋਰ ਲੋਕਾਂ ਨੇ ਦੁੱਖ ਦਿੱਤੇ ਹਨ।
7 ਪਰਮੇਸ਼ੁਰ ਨੇ ਮੂਸਾ ਨੂੰ ਆਪਣੇ ਨੇਮ ਸਿੱਖਾਏ।
ਪਰਮੇਸ਼ੁਰ ਨੇ ਇਸਰਾਏਲ ਨੂੰ ਦਿਖਾ ਦਿੱਤਾ ਕਿ ਉਹ ਕਿੰਨੀਆਂ ਸ਼ਕਤੀਸ਼ਾਲੀ ਗੱਲਾਂ ਕਰ ਸੱਕਦਾ ਹੈ।
8 ਯਹੋਵਾਹ ਦਯਾਵਾਨ ਅਤੇ ਰਹਿਮ ਕਰਨ ਵਾਲਾ ਹੈ।
ਉਹ ਧੀਰਜ ਅਤੇ ਪਿਆਰ ਨਾਲ ਭਰਪੂਰ ਹੈ।
9 ਯਹੋਵਾਹ ਸਦਾ ਨੁਕਤਾਚੀਨੀ ਨਹੀਂ ਕਰਦਾ ਪਰਮੇਸ਼ੁਰ ਸਾਡੇ ਉੱਤੇ ਸਦਾ ਕ੍ਰੋਧਵਾਨ ਨਹੀਂ ਰਹਿੰਦਾ।
10 ਅਸੀਂ ਪਰਮੇਸ਼ੁਰ ਦੇ ਵਿਰੁੱਧ ਗੁਨਾਹ ਕੀਤੇ
ਪਰ ਉਸ ਨੇ ਸਾਨੂੰ ਦੰਡ ਨਹੀਂ ਦਿੱਤਾ ਜਿਸਦੇ ਅਸੀਂ ਅਧਿਕਾਰੀ ਸਾਂ।
11 ਪਰਮੇਸ਼ੁਰ ਦਾ ਆਪਣੇ ਚੇਲਿਆਂ ਲਈ ਪਿਆਰ ਸਾਡੇ ਨਾਲੋਂ ਇੰਨਾ ਉੱਚਾ ਹੈ
ਜਿੰਨਾ ਧਰਤੀ ਕੋਲੋਂ ਅਕਾਸ਼ ਉੱਚਾ ਹੈ।
12 ਅਤੇ ਪਰਮੇਸ਼ੁਰ ਨੇ ਸਾਡੇ ਗੁਨਾਹ ਇੰਨੇ ਦੂਰ ਸੁੱਟ ਦਿੱਤੇ ਹਨ
ਜਿੰਨਾ ਪੱਛਮ ਪੂਰਬ ਤੋਂ ਦੂਰ ਹੈ।
13 ਯਹੋਵਾਹ ਉਨ੍ਹਾਂ ਉੱਤੇ ਜਿਹੜੇ ਉਸਦੀ ਉਪਾਸਨਾ ਕਰਦੇ ਹਨ
ਉਸੇ ਤਰ੍ਹਾਂ ਦਿਆਲੂ ਹੈ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਉੱਤੇ ਦਯਾਲੂ ਹੁੰਦਾ ਹੈ।
14 ਪਰਮੇਸ਼ੁਰ ਸਾਡੇ ਬਾਰੇ ਸਭ ਕੁਝ ਜਾਣਦਾ ਹੈ।
ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਖਾਕ ਤੋਂ ਸਾਜੇ ਗਏ ਸਾਂ।
15 ਪਰਮੇਸ਼ੁਰ ਜਾਣਦਾ ਹੈ ਕਿ ਸਾਡੀਆਂ ਜ਼ਿੰਦਗੀਆਂ ਛੋਟੀਆਂ ਹਨ।
ਉਹ ਜਾਣਦਾ ਹੈ ਕਿ ਸਾਡੀਆਂ ਉਮਰਾਂ ਘਾਹ ਵਰਗੀਆਂ ਹਨ।
16 ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਇੱਕ ਨਿੱਕੇ ਜੰਗਲੀ ਫ਼ੁੱਲ ਵਰਗੇ ਹਾਂ, ਉਹ ਫ਼ੁੱਲ ਬਹੁਤ ਛੇਤੀ ਉੱਗਦਾ ਹੈ।
ਫ਼ੇਰ ਗਰਮ ਹਵਾ ਵੱਗਦੀ ਹੈ ਅਤੇ ਉਹ ਫ਼ੁੱਲ ਮਰ ਜਾਂਦਾ ਹੈ।
ਛੇਤੀ ਹੀ, ਤੁਸੀਂ ਇਹ ਵੀ ਨਹੀਂ ਦੱਸ ਸੱਕੋਂਗੇ ਕਿ ਫ਼ੁੱਲ ਕਿੱਥੇ ਉੱਗਿਆ ਸੀ।
17 ਪਰ ਯਹੋਵਾਹ ਨੇ ਸਦਾ ਆਪਣੇ ਅਨੁਯਾਈਆਂ ਨੂੰ ਪਿਆਰ ਕੀਤਾ ਹੈ।
ਅਤੇ ਉਹ ਸਦਾ-ਸਦਾ ਲਈ ਆਪਣੇ ਅਨੁਯਾਈਆਂ ਨੂੰ ਪਿਆਰ ਕਰਦਾ ਰਹੇਗਾ।
ਪਰਮੇਸ਼ੁਰ ਉਨ੍ਹਾਂ ਦੇ ਬੱਚਿਆਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦੇ ਬੱਚਿਆਂ ਦਾ ਭਲਾ ਕਰੇਗਾ।
18 ਪਰਮੇਸ਼ੁਰ ਉਨ੍ਹਾਂ ਲੋਕਾਂ ਦਾ ਭਲਾ ਕਰਦਾ ਹੈ ਜਿਹੜੇ ਉਸ ਦੇ ਕਰਾਰ ਉੱਤੇ ਚੱਲਦੇ ਹਨ।
ਪਰਮੇਸ਼ੁਰ ਉਨ੍ਹਾਂ ਲੋਕਾਂ ਦਾ ਭਲਾ ਕਰਦਾ ਹੈ ਜਿਹੜੇ ਉਸ ਦੇ ਹੁਕਮ ਮੰਨਦੇ ਹਨ।
19 ਪਰਮੇਸ਼ੁਰ ਦਾ ਤਖਤ ਸਵਰਗਾਂ ਵਿੱਚ ਹੈ।
ਅਤੇ ਉਹ ਹਰ ਸ਼ੈਅ ਉੱਤੇ ਰਾਜ ਕਰਦਾ ਹੈ।
20 ਹੇ ਦੂਤੋਂ, ਯਹੋਵਾਹ ਦੀ ਉਸਤਤਿ ਕਰੋ। ਹੇ ਦੂਤੋਂ,
ਤੁਸੀਂ ਸ਼ਕਤੀਸ਼ਾਲੀ ਸਿਪਾਹੀ ਹੋ ਜਿਹੜੇ ਪਰਮੇਸ਼ੁਰ ਦੇ ਹੁਕਮ ਮੰਨਦੇ ਹਨ।
ਤੁਸੀਂ ਪਰਮੇਸ਼ੁਰ ਨੂੰ ਸੁਣਦੇ ਹੋ ਅਤੇ ਉਸ ਦੇ ਉਪਦੇਸ਼ਾਂ ਦੀ ਪਾਲਣਾ ਕਰਦੇ ਹੋ।
21 ਯਹੋਵਾਹ ਦੀਉ ਸਮੂਹ ਸੈਨਾਉ ਉਸਦੀ ਉਸਤਤਿ ਕਰੋ।
ਤੁਸੀਂ ਉਸ ਦੇ ਸੇਵਕ ਹੋ, ਤੁਸੀਂ ਉਹੀ ਕਰਦੇ ਹੋ
ਜੋ ਪਰਮੇਸ਼ੁਰ ਚਾਹੁੰਦਾ ਹੈ।
22 ਯਹੋਵਾਹ ਨੇ ਹਰ ਥਾਂ ਹਰ ਸ਼ੈਅ ਬਣਾਈ। ਯਹੋਵਾਹ ਹਰ ਜਗ਼੍ਹਾ ਹਰ ਸ਼ੈਅ ਉੱਤੇ ਰਾਜ ਕਰਦਾ ਹੈ।
ਅਤੇ ਉਨ੍ਹਾਂ ਚੀਜ਼ਾਂ ਨੂੰ ਯਹੋਵਾਹ ਦੀ ਉਸਤਤਿ ਕਰਨੀ ਚਾਹੀਦੀ ਹੈ।
ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ।
ਪਰਮੇਸ਼ੁਰ ਦਾ ਬਾਬਲ ਨੂੰ ਸੰਦੇਸ਼
47 “ਮਿੱਟੀ ਵਿੱਚ ਢਹਿ ਪਵੋ ਤੇ ਓੱਥੇ ਹੀ ਬੈਠੇ ਰਹੋ!
ਬਾਬਲ ਦੀਏ ਕੁਆਰੀੇ ਧੀਏ, ਜ਼ਮੀਨ ਉੱਤੇ ਬੈਠ!
ਹੇ ਕਸਦੀਆਂ ਦੀਏ ਧੀਏ, ਹੁਣ ਸ਼ਹਿਜਾਦੀ ਨਹੀਂ ਹੈ।
ਲੋਕ ਹੋਰ ਵੱਧੇਰੇ ਤੈਨੂੰ ਨਰਮ ਜਾਂ ਨਾਜ਼ੁਕ ਜਵਾਨ ਨਢ੍ਢੀ ਨਹੀਂ ਸਮਝਣਗੇ।
2 ਹੁਣ ਤੈਨੂੰ ਸਖਤ ਮਿਹਨਤ ਕਰਨੀ ਪਵੇਗੀ ਤੈਨੂੰ ਚੱਕੀ ਦੇ ਪੁੜ ਲਿਆਉਣੇ ਪੈਣਗੇ
ਅਤੇ ਆਟਾ ਬਨਾਉਣ ਲਈ ਅਨਾਜ ਪੀਹਣਾ ਪਵੇਗਾ।
ਆਪਣੇ ਚਿਹਰੇ ਦਾ ਨਕਾਬ ਲਾਹ ਦੇ ਅਤੇ ਆਪਣੀ ਕੀਮਤੀ ਪੁਸ਼ਾਕ ਲਾਹ ਦੇ।
ਤੈਨੂੰ ਆਪਣਾ ਦੇਸ਼ ਛੱਡ ਦੇਣਾ ਚਾਹੀਦਾ ਹੈ ਆਪਣੀ ਘੱਗਰੀ ਉੱਥੋਂ ਤੱਕ ਚਕੱ ਕਿ ਲੋਕ ਤੇਰੀਆਂ ਲੱਤਾਂ ਨੂੰ ਦੇਖ ਸੱਕਣ, ਤੇ ਨਦੀਆਂ ਨੂੰ ਪਾਰ ਕਰ ਜਾ।
3 ਲੋਕ ਤੇਰੇ ਗੁਪਤ ਅੰਗਾਂ ਨੂੰ ਦੇਖਣਗੇ
ਅਤੇ ਤੈਨੂੰ ਸ਼ਅਸਾਰ ਕੀਤਾ ਜਾਵੇਗਾ।
ਮੈਂ ਤੇਰੇ ਕੋਲੋਂ ਮੁੱਲ ਅਦਾ ਕਰਾਵਾਂਗਾ, ਜੋ ਵੀ ਮਾੜੇ ਅਮਲ ਤੂੰ ਕੀਤੇ ਨੇ।
ਤੇ ਤੇਰੀ ਸਹਾਇਤਾ ਲਈ ਕੋਈ ਵੀ ਨਹੀਂ ਆਵੇਗਾ।
4 “ਮੇਰੇ ਲੋਕ ਆਖਦੇ ਨੇ, ‘ਪਰਮੇਸ਼ੁਰ ਸਾਨੂੰ ਬਚਾਉਂਦਾ ਹੈ।
ਉਸਦਾ ਨਾਮ ਹੈ: ਸਰਬ-ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰੱਖ।’”
5 “ਇਸ ਲਈ ਹੇ ਬਾਬਲ, ਇੱਥੇ ਬੈਠ ਅਤੇ ਸ਼ਾਂਤ ਰਹਿ।
ਹੇ ਕਸਦੀਆਂ ਦੀਏ ਧੀਏ, ਅੰਧਕਾਰ ਅੰਦਰ ਚਲੀ ਜਾ।
ਕਿਉਂਕਿ ਹੁਣ ਤੂੰ ‘ਰਾਜਧਾਨੀਆਂ ਦੀ ਰਾਣੀ ਨਹੀਂ ਰਹੇਂਗੀ।’
6 “ਮੈਂ ਆਪਣੇ ਬੰਦਿਆਂ ਉੱਤੇ ਕਹਿਰਵਾਨ ਸਾਂ।
ਉਹ ਮੇਰੇ ਬੰਦੇ ਹਨ, ਪਰ ਮੈਂ ਨਾਰਾਜ਼ ਸਾਂ ਇਸ ਲਈ
ਮੈਂ ਉਨ੍ਹਾਂ ਨੂੰ ਗੈਰ ਜ਼ਰੂਰੀ ਬਣਾ ਦਿੱਤਾ ਸੀ।
ਮੈਂ ਉਨ੍ਹਾਂ ਨੂੰ ਤੇਰੇ ਹਵਾਲੇ ਕਰ ਦਿੱਤਾ ਸੀ ਅਤੇ ਤੂੰ ਉਨ੍ਹਾਂ ਨੂੰ ਸਜ਼ਾ ਦਿੱਤੀ ਸੀ।
ਪਰ ਤੂੰ ਉਨ੍ਹਾਂ ਨੂੰ ਕੋਈ ਦਇਆ ਨਹੀਂ ਦਰਸਾਈ।
ਤੂੰ ਤਾਂ ਬੁਢਿਆਂ ਬੰਦਿਆਂ ਨੂੰ ਵੀ ਸਖਤ ਮਿਹਨਤ ਕਰਨ ਲਾ ਦਿੱਤਾ ਸੀ।
7 ਤੂੰ ਆਖਿਆ ਸੀ, ‘ਮੈਂ ਸਦਾ ਲਈ ਜੀਵਾਂਗੀ, ਮੈਂ ਹਮੇਸ਼ਾ ਮਹਾਰਾਣੀ ਰਹਾਂਗੀ।’
ਤੂੰ ਉਨ੍ਹਾਂ ਮੰਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ।
ਜਿਹੜੀਆਂ ਤੂੰ ਉਨ੍ਹਾਂ ਲੋਕਾਂ ਨਾਲ ਕੀਤੀਆਂ ਸਨ।
ਤੂੰ ਸੋਚਿਆ ਸੀ ਕਿ ਕੀ ਵਾਪਰੇਗਾ।
8 ਇਸ ਲਈ ਹੁਣ, ‘ਭਲੀ ਸੁਆਣੀੇ’ ਮੇਰੀ ਗੱਲ ਸੁਣ!
ਤੂੰ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਹੈਂ ਤੇ ਆਖਦੀ ਹੈਂ
‘ਸਿਰਫ਼ ਮੈਂ ਹੀ ਮਹੱਤਵਪੂਰਣ ਵਿਅਕਤੀ ਹਾਂ।
ਹੋਰ ਕੋਈ ਵੀ ਮੇਰੇ ਜਿੰਨਾ ਮਹੱਤਵਪੂਰਣ ਨਹੀਂ।
ਮੈਂ ਕਦੇ ਵੀ ਵਿਧਵਾ ਨਹੀਂ ਹੋਵਾਂਗੀ। ਹਮੇਸ਼ਾ ਹੀ ਮੇਰੇ ਬੱਚੇ ਹੋਣਗੇ।’
9 ਇਹ ਦੋ ਗੱਲਾਂ ਤੇਰੇ ਨਾਲ ਅਚਾਨਕ ਵਾਪਰਨਗੀਆਂ:
ਪਹਿਲਾਂ, ਤੂੰ ਆਪਣੇ ਬੱਚੇ ਗੁਆ ਲਵੇਂਗੀ।
ਤੇ ਫ਼ੇਰ ਤੂੰ ਆਪਣਾ ਪਤੀ ਗੁਆ ਲਵੇਂਗੀ।
ਹਾਂ, ਇਹ ਗੱਲਾਂ ਸੱਚਮੁੱਚ ਤੇਰੇ ਨਾਲ ਵਾਪਰਨਗੀਆਂ।
ਅਤੇ ਤੇਰਾ ਸਾਰਾ ਹੀ ਜਾਦੂ
ਅਤੇ ਤੇਰੇ ਸਾਰੇ ਹੀ ਸ਼ਕਤੀਸ਼ਾਲੀ ਕਰਤੱਬ ਤੈਨੂੰ ਨਹੀਂ ਬਚਾਉਣਗੇ।
10 ਤੂੰ ਮੰਦੀਆਂ ਗੱਲਾਂ ਕਰਦੀ ਹੈਂ ਤੇ ਫ਼ੇਰ ਵੀ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਹੈਂ,
ਤੂੰ ਦਿਲ ਅੰਦਰ ਸੋਚਦੀ ਹੈਂ, ‘ਕੋਈ ਵੀ ਮੇਰੇ ਮੰਦੇ ਕੰਮਾਂ ਨੂੰ ਨਹੀਂ ਦੇਖਦਾ।’
ਤੂੰ ਸੋਚਦੀ ਹੈਂ ਕਿ ਤੇਰੀ ਸਿਆਣਪ ਅਤੇ ਤੇਰਾ ਗਿਆਨ ਤੈਨੂੰ ਬਚਾ ਲੈਣਗੇ।
ਤੂੰ ਦਿਲ ਅੰਦਰ ਸੋਚਦੀ ਹੈਂ, ‘ਮੈਂ ਹੀ ਇੱਕੋ-ਇੱਕ ਹਾਂ।
ਤੇਰੇ ਜਿਹਾ ਕੋਈ ਦੂਸਰਾ ਮਹੱਤਵਪੂਰਣ ਨਹੀਂ।’
11 “ਪਰ ਤੇਰੇ ਉੱਤੇ ਮੁਸੀਬਤਾਂ ਪੈਣਗੀਆਂ।
ਤੂੰ ਜਾਣਦੀ ਨਹੀਂ, ਕਦੋਂ ਵਾਪਰੇਗਾ ਪਰ ਘੋਰ ਸੰਕਟ ਆ ਰਿਹਾ ਹੈ।
ਤੂੰ ਇਨ੍ਹਾਂ ਮੁਸੀਬਤਾਂ ਨੂੰ ਰੋਕਣ ਲਈ ਕੁਝ ਵੀ ਨਹੀਂ ਕਰ ਸੱਕੇਂਗੀ।
ਤੂੰ ਇੰਨੀ ਛੇਤੀ ਤਬਾਹ ਹੋ ਜਾਵੇਂਗੀ ਕਿ ਤੈਨੂੰ ਪਤਾ ਵੀ ਨਹੀਂ ਚੱਲੇਗਾ ਕਿ ਕੀ ਵਾਪਰਿਆ ਹੈ!
12 ਤੂੰ ਜਾਦੂ-ਟੂਣਿਆਂ ਨੂੰ ਸਿੱਖਣ ਲਈ ਸਾਰੀ ਜ਼ਿੰਦਗੀ
ਸਖਤ ਮਿਹਨਤ ਕੀਤੀ ਸੀ।
ਇਸ ਲਈ, ਹੁਣ ਆਪਣੇ ਜਾਦੂ-ਟੂਣਿਆਂ ਦੀ ਵਰਤੋਂ ਕਰ।
ਸ਼ਇਦ ਉਹ ਤੇਰੀ ਸਹਾਇਤਾ ਕਰ ਸੱਕਣ,
ਸ਼ਾਇਦ ਤੂੰ ਕਿਸੇ ਨੂੰ ਭੈਭੀਤ ਕਰ ਸੱਕੇਁ।
13 ਤੇਰੇ ਸਲਾਹਕਾਰ ਬਹੁਤ-ਬਹੁਤ ਹਨ।
ਕੀ ਤੂੰ ਉਨ੍ਹਾਂ ਦੀਆਂ ਦਿੱਤੀਆਂ ਸਲਾਹਾਂ ਤੋਂ ਬਕੱ ਗਈ ਹੈਂ?
ਤਾਂ ਫ਼ੇਰ ਆਪਣੇ ਬੰਦਿਆਂ ਨੂੰ ਭੇਜ ਜੋ ਤਾਰਿਆਂ ਦਾ ਹਿਸਾਬ ਲਾਉਂਦੇ ਨੇ।
ਉਹ ਦੱਸ ਸੱਕਦੇ ਨੇ ਕਿ ਮਹੀਨਾ ਕਦੋਂ ਸ਼ੁਰੂ ਹੁੰਦਾ ਹੈ।
ਇਸ ਲਈ ਸ਼ਾਇਦ ਉਹ ਦੱਸ ਸੱਕਣ ਕਦੋਂ ਤੇਰੀਆਂ ਮੁਸੀਬਤਾਂ ਆਉਣਗੀਆਂ।
14 ਪਰ ਉਹ ਬੰਦੇ ਆਪਣੇ-ਆਪ ਨੂੰ ਵੀ ਬਚਾਉਣ ਦੇ ਯੋਗ ਨਹੀਂ ਹੋਣਗੇ।
ਉਹ ਤੂੜੀ ਵਾਂਗ ਹੋਣਗੇ।
ਉਹ ਇੰਨੀ ਤੇਜ਼ੀ ਨਾਲ ਬਲਣਗੇ ਕਿ ਓੱਥੇ ਕੋਲੇ ਵੀ ਨਹੀਂ ਬਚਣਗੇ।
ਓੱਥੇ ਸੇਕਣ ਲਈ ਅੱਗ ਵੀ ਨਹੀਂ ਬਚੀ ਰਹੇਗੀ।
15 ਹਰ ਉਸ ਚੀਜ਼ ਨਾਲ ਇਹੀ ਕੁਝ ਵਾਪਰੇਗਾ ਜਿਸ ਲਈ ਤੂੰ ਇੰਨੀ ਸਖਤ ਮਿਹਨਤ ਕੀਤੀ ਸੀ।
ਉਹ ਲੋਕ ਜਿਨ੍ਹਾਂ ਨਾਲ ਤੂੰ ਵਪਾਰ ਕੀਤਾ ਸੀ ਸਾਰੀ ਉਮਰ ਤੈਨੂੰ ਛੱਡ ਜਾਣਗੇ।
ਹਰ ਬੰਦਾ ਆਪਣੇ ਰਾਹ ਚੱਲਾ ਜਾਵੇਗਾ।
ਤੇ ਤੈਨੂੰ ਬਚਾਉਣ ਲਈ ਕੋਈ ਵੀ ਬਾਕੀ ਨਹੀਂ ਰਹੇਗਾ।”
ਪਰਮੇਸ਼ੁਰ ਦੇ ਨਜ਼ਦੀਕ ਆਓ
19 ਅਤੇ ਇਸ ਲਈ ਭਰਾਵੋ ਅਤੇ ਭੈਣੋ ਅਸੀਂ ਅੱਤ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹਾਂ। ਅਸੀਂ ਮਸੀਹ ਦੇ ਲਹੂ ਦੇ ਕਾਰਣ ਇਹ ਬਿਨਾ ਡਰ ਕਰ ਸੱਕਦੇ ਹਾਂ। 20 ਅਸੀਂ ਉਸ ਨਵੇਂ ਰਾਹ ਰਾਹੀਂ ਪ੍ਰਵੇਸ਼ ਕਰ ਸੱਕਦੇ ਹਾਂ ਜਿਹੜਾ ਸਾਡੇ ਲਈ ਮਸੀਹ ਨੇ ਖੋਲ੍ਹਿਆ ਹੈ। ਇਹ ਇੱਕ ਸਜੀਵ ਰਾਹ ਹੈ। ਇਹ ਨਵਾਂ ਰਾਹ ਪਰਦੇ ਰਾਹੀਂ ਅਗਵਾਈ ਕਰਦਾ ਹੈ ਜਿਹੜਾ ਮਸੀਹ ਦਾ ਸਰੀਰ ਹੈ। 21 ਅਤੇ ਸਾਡੇ ਕੋਲ ਇੱਕ ਮਹਾਨ ਜਾਜਕ ਹੈ ਜਿਹੜਾ ਪਰਮੇਸ਼ੁਰ ਦੇ ਘਰ ਉੱਪਰ ਹਕੂਮਤ ਕਰਦਾ ਹੈ। 22 ਅਸੀਂ ਦੋਸ਼ੀ ਭਾਵਨਾਵਾਂ ਤੋਂ ਸ਼ੁੱਧ ਅਤੇ ਸੁਤੰਤਰ ਬਣਾਏ ਗਏ ਹਾਂ। ਅਤੇ ਸਾਡੇ ਸਰੀਰਾਂ ਨੂੰ ਸ਼ੁੱਧ ਪਾਣੀ ਨਾਲ ਧੋ ਦਿੱਤਾ ਗਿਆ ਹੈ। ਇਸ ਲਈ ਸ਼ੁੱਧ ਦਿਲੀ ਨਾਲ ਅਤੇ ਤੁਹਾਡੇ ਵਿਸ਼ਵਾਸ ਦੇ ਭਰੋਸੇ ਪਰਮੇਸ਼ੁਰ ਦੇ ਨਜ਼ਦੀਕ ਆਓ। 23 ਸਾਨੂੰ ਉਸ ਉਮੀਦ ਨੂੰ ਕਸ ਕੇ ਫ਼ੜ ਲੈਣਾ ਚਾਹੀਦਾ ਹੈ ਜਿਹੜੀ ਸਾਨੂੰ ਮਿਲੀ ਹੋਈ ਹੈ। ਅਤੇ ਸਾਨੂੰ ਕਦੇ ਵੀ ਆਪਣੀ ਉਮੀਦ ਬਾਰੇ ਲੋਕਾਂ ਨੂੰ ਦੱਸਣ ਤੋਂ ਖੁੰਝਣਾ ਨਹੀਂ ਚਾਹੀਦਾ। ਸਾਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਉਹ ਕਰੇਗਾ ਜਿਸਦਾ ਉਸ ਨੇ ਵਾਇਦਾ ਕੀਤਾ ਹੈ।
ਮਜ਼ਬੂਤ ਬਣਨ ਵਿੱਚ ਇੱਕ ਦੂਸਰੇ ਦੀ ਸਹਾਇਤਾ ਕਰੋ
24 ਸਾਨੂੰ ਇੱਕ ਦੂਸਰੇ ਬਾਰੇ ਸੋਚਣਾ ਚਾਹੀਦਾ ਹੈ ਅਤੇ ਇੱਕ ਦੂਸਰੇ ਨੂੰ ਪ੍ਰੇਮ ਦਰਸ਼ਾਉਣ ਅਤੇ ਚੰਗੇ ਕੰਮ ਕਰਨ ਲਈ ਉਤਸਾਹਤ ਕਰਨਾ ਚਾਹੀਦਾ ਹੈ। 25 ਸਾਨੂੰ ਇੱਕ ਦੂਸਰੇ ਨਾਲ ਮਿਲਣਾ ਨਹੀਂ ਛੱਡਣਾ ਚਾਹੀਦਾ। ਇਹੀ ਗੱਲ ਹੈ ਜਿਹੜੀ ਕੁਝ ਲੋਕ ਕਰ ਰਹੇ ਹਨ। ਪਰ ਸਾਨੂੰ ਇੱਕ ਦੂਸਰੇ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਹੋਰ ਵੱਧੇਰੇ ਕਰੋ ਕਿਉਂਕਿ ਦਿਹਾੜਾ [a] ਨੇੜੇ ਆ ਰਿਹਾ ਹੈ।
ਮਸੀਹ ਤੋਂ ਬੇਮੁੱਖ ਨਾ ਹੋਵੋ
26 ਜੇ ਤੁਸੀਂ ਸੱਚ ਬਾਰੇ ਗਿਆਨ ਪ੍ਰਾਪਤ ਕਰਨ ਤੋਂ ਬਾਦ ਵੀ ਪਾਪ ਕਰਨਾ ਜਾਰੀ ਰੱਖੋਂਗੇ, ਉੱਥੇ ਕੋਈ ਬਲੀ ਨਹੀਂ ਜੋ ਹੋਰਾਂ ਦੇ ਪਾਪਾਂ ਨੂੰ ਹਟਾ ਸੱਕਦੀ ਹੋਵੇ। 27 ਜੇ ਅਸੀਂ ਪਾਪ ਕਰਦੇ ਰਹਿੰਦੇ ਹਾਂ ਤਾਂ ਸਾਡੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਕਿ ਅਸੀਂ ਹਸ਼ਰ ਦੇ ਨਿਆਂ ਤੋਂ ਡਰੀਏ ਅਤੇ ਉਸ ਕਹਿਰੀ ਅੱਗ ਤੋਂ ਡਰੀਏ ਜਿਹੜੀ ਉਨ੍ਹਾਂ ਸਾਰੇ ਲੋਕਾਂ ਨੂੰ ਫ਼ਨਾਹ ਕਰ ਦੇਵੇਗੀ ਜਿਹੜੇ ਪਰਮੇਸ਼ੁਰ ਦੇ ਵਿਰੁੱਧ ਜਿਉਂਦੇ ਹਨ। 28 ਕੋਈ ਵੀ ਵਿਅਕਤੀ ਜਿਹੜਾ ਮੂਸਾ ਦੀ ਸ਼ਰ੍ਹਾ ਨੂੰ ਮੰਨਣ ਤੋਂ ਇਨਕਾਰੀ ਹੁੰਦਾ ਸੀ ਉਸ ਨੂੰ ਦੋ ਜਾਂ ਤਿੰਨ ਗਵਾਹੀਆਂ ਦੇ ਅਧਾਰ ਤੇ ਕਸੂਰਵਾਰ ਠਹਿਰਾਇਆ ਜਾਂਦਾ ਸੀ। ਉਸ ਵਿਅਕਤੀ ਨੂੰ ਮੁਆਫ਼ ਨਹੀਂ ਸੀ ਕੀਤਾ ਜਾਂਦਾ। ਉਸ ਨੂੰ ਮਾਰਿਆ ਗਿਆ। 29 ਇਸ ਲਈ ਤੁਹਾਡੇ ਖਿਆਲ ਅਨੁਸਾਰ ਉਸ ਵਿਅਕਤੀ ਨਾਲ ਕੀ ਸਲੂਕ ਕੀਤਾ ਜਾਣਾ ਚਾਹੀਦਾ ਹੈ ਜਿਹੜਾ ਪਰਮੇਸ਼ੁਰ ਦੇ ਪੁੱਤਰ ਦੇ ਖਿਲਾਫ਼ ਨਫ਼ਰਤ ਪ੍ਰਗਟ ਕਰਦਾ ਹੈ? ਨਿਸ਼ਚਿਤ ਹੀ ਉਸ ਵਿਅਕਤੀ ਨੂੰ ਭਿਆਨਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਹਾਂ, ਉਸ ਵਿਅਕਤੀ ਨੂੰ ਭਿਆਨਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਸ ਨੇ ਉਸ ਲਹੂ ਨਾਲ ਆਦਰ ਦਾ ਵਿਹਾਰ ਨਹੀਂ ਕੀਤਾ ਜਿਸ ਨਾਲ ਨਵਾਂ ਕਰਾਰ ਸ਼ੁਰੂ ਹੁੰਦਾ ਹੈ। ਉਸ ਲਹੂ ਨੇ ਉਸ ਨੂੰ ਪਵਿੱਤਰ ਬਣਾਇਆ ਹੈ। ਅਤੇ ਉਸ ਨੂੰ ਭਿਆਨਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਸ ਨੇ ਪਰਮੇਸ਼ੁਰ ਦੀ ਕਿਰਪਾ ਦੇ ਆਤਮਾ ਦੇ ਵਿਰੁੱਧ ਆਪਣੀ ਨਫ਼ਰਤ ਦਰਸ਼ਾਈ ਹੈ। 30 ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਆਖਿਆ, “ਮੈਂ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਕੰਮਾਂ ਦੀ ਸਜ਼ਾ ਦਿਆਂਗਾ। ਮੈਂ ਉਨ੍ਹਾਂ ਦੇ ਕੀਤੇ ਗਲਤ ਕੰਮਾਂ ਦਾ ਜਵਾਬ ਦਿਆਂਗਾ।” [b] ਅਤੇ ਪਰਮੇਸ਼ੁਰ ਨੇ ਇਹ ਵੀ ਆਖਿਆ ਸੀ, “ਪ੍ਰਭੂ ਆਪਣੇ ਲੋਕਾਂ ਦਾ ਨਿਆਂ ਕਰੇਗਾ।” [c] 31 ਇੱਕ ਪਾਪੀ ਲਈ ਜਿਉਂਦੇ ਪਰਮੇਸ਼ੁਰ ਦੇ ਵੱਸ ਪੈਣਾ ਬਹੁਤ ਭਿਆਨਕ ਹੋਵੇਗਾ।
2 ਯਰੂਸ਼ਲਮ ਵਿੱਚ ਇੱਕ ਤਲਾ ਹੈ ਜਿਸਦੇ ਪੰਜ ਬਰਾਂਡੇ ਢੱਕੇ ਹੋਏ ਹਨ। ਇਸ ਤਲਾ ਨੂੰ ਇਬਰਾਨੀ ਭਾਸ਼ਾ ਵਿੱਚ ਬੇਥਜਿੱਥੇਾ ਆਖਦੇ ਹਨ। ਇਹ ਤਲਾ ਭੇਡਾਂ ਵਾਲੇ ਦਰਵਾਜ਼ੇ ਦੇ ਨੇੜੇ ਹੈ। 3 ਬਹੁਤ ਸਾਰੇ ਬਿਮਾਰ ਲੋਕ ਤਲਾ ਦੇ ਨੇੜੇ ਬਰਾਂਡਿਆਂ ਵਿੱਚ ਲੇਟੇ ਹੋਏ ਸਨ। ਕੁਝ ਲੋਕ ਅੰਨ੍ਹੇ ਸਨ ਕੁਝ ਲੰਗੜ੍ਹੇ ਤੇ ਕੁਝ ਅਧਰੰਗੀ ਸਨ। 4-5 ਉਨ੍ਹਾਂ ਵਿੱਚ ਇੱਕ ਅਜਿਹਾ ਆਦਮੀ ਵੀ ਸੀ ਜੋ 38 ਵਰ੍ਹਿਆਂ ਤੋਂ ਬਿਮਾਰ ਸੀ। 6 ਯਿਸੂ ਨੇ ਉਸ ਆਦਮੀ ਨੂੰ ਉੱਥੇ ਲੇਟਿਆ ਦੇਖਿਆ। ਯਿਸੂ ਨੂੰ ਇਹ ਪਤਾ ਸੀ ਕਿ ਉਹ ਬਹੁਤ ਲੰਮੇ ਸਮੇਂ ਤੋਂ ਬਿਮਾਰ ਸੀ। ਇਸ ਲਈ ਯਿਸੂ ਨੇ ਉਸ ਨੂੰ ਪੁੱਛਿਆ, “ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈਂ?”
7 ਉਸ ਬਿਮਾਰ ਆਦਮੀ ਨੇ ਆਖਿਆ, “ਸ਼੍ਰੀਮਾਨ ਜੀ, ਅਜਿਹਾ ਕੋਈ ਨਹੀਂ ਜੋ ਉਦੋਂ ਤਲਾ ਅੰਦਰ ਜਾਣ ਵਿੱਚ ਮੇਰੀ ਸਹਾਇਤਾ ਕਰੇ ਜਦੋਂ ਪਾਣੀ ਵਿੱਚ ਹਲਚਲ ਹੁੰਦੀ ਹੈ। ਮੈਂ ਤਲਾ ਅੰਦਰ ਪਹੁੰਚਣ ਵਾਲਾ ਪਹਿਲਾ ਵਿਅਕਤੀ ਹੋਣ ਦੀ ਕੋਸ਼ਿਸ਼ ਕਰਦਾ ਹਾਂ ਪਰ ਜਦੋਂ ਤੱਕ ਕਿ ਮੈਂ ਪਹੁੰਚਾ ਮੇਰੇ ਤੋਂ ਪਹਿਲਾਂ ਹੀ ਕੋਈ ਹੋਰ ਤਲਾ ਅੰਦਰ ਵੜ ਜਾਂਦਾ ਹੈ।”
8 ਫਿਰ ਯਿਸੂ ਨੇ ਉਸ ਨੂੰ ਆਖਿਆ, “ਉੱਠ, ਆਪਣਾ ਬਿਸਤਰਾ ਚੁੱਕ ਅਤੇ ਤੁਰ।” 9 ਉਹ ਤੁਰੰਤ ਹੀ ਰਾਜੀ ਕੀਤਾ ਗਿਆ। ਉਸ ਨੇ ਆਪਣਾ ਬਿਸਤਰਾ ਚੁੱਕਿਆ ਅਤੇ ਚੱਲਣਾ ਸ਼ੁਰੂ ਕਰ ਦਿੱਤਾ।
ਜਦੋਂ ਇਹ ਸਭ ਕੁਝ ਵਾਪਰਿਆ, ਇਹ ਸਬਤ ਦਾ ਦਿਨ ਸੀ। 10 ਇਸ ਲਈ ਯਹੂਦੀਆਂ ਨੇ ਉਸ ਰਾਜੀ ਹੋ ਜਾਣ ਵਾਲੇ ਬੰਦੇ ਨੂੰ ਆਖਿਆ, “ਅੱਜ ਸਬਤ ਦਾ ਦਿਨ ਹੈ ਤੇ ਤੇਰਾ ਬਿਸਤਰਾ ਚੁੱਕਣਾ ਨੇਮ ਦੇ ਖਿਲਾਫ਼ ਹੈ।”
11 ਪਰ ਉਸ ਨੇ ਆਖਿਆ, “ਉਹ ਵਿਅਕਤੀ ਜਿਸਨੇ ਮੈਨੂੰ ਚੰਗਾ ਕੀਤਾ ਹੈ, ਉਸ ਨੇ ਮੈਨੂੰ ਆਖਿਆ, ‘ਆਪਣਾ ਬਿਸਤਰਾ ਚੁੱਕ ਤੇ ਤੁਰ।’”
12 ਯਹੂਦੀਆਂ ਨੇ ਉਸ ਨੂੰ ਪੁੱਛਿਆ, “ਉਹ ਆਦਮੀ ਕੌਣ ਹੈ ਜਿਸਨੇ ਤੈਨੂੰ ਆਖਿਆ ਕਿ ਤੂੰ ਆਪਣਾ ਬਿਸਤਰਾ ਚੁੱਕ ਤੇ ਤੁਰ?”
13 ਪਰ ਜੋ ਆਦਮੀ ਰਾਜੀ ਕੀਤਾ ਗਿਆ ਸੀ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਹ ਕੌਣ ਸੀ। ਉੱਥੇ ਬਹੁਤ ਸਾਰੇ ਲੋਕ ਸਨ ਅਤੇ ਯਿਸੂ ਜਾ ਚੁੱਕਿਆ ਸੀ।
14 ਬਾਦ ਵਿੱਚ ਯਿਸੂ ਨੇ ਉਸ ਨੂੰ ਮੰਦਰ ਵਿੱਚ ਵੇਖਿਆ। ਅਤੇ ਉਸ ਨੂੰ ਅਖ਼ਿਆ, “ਵੇਖ ਹੁਣ ਤੂੰ ਰਾਜੀ ਹੋ ਗਿਆ ਹੈ ਪਾਪ ਕਰਨੇ ਬੰਦ ਕਰਦੇ, ਨਹੀਂ ਤਾਂ ਤੇਰੇ ਨਾਲ ਕੋਈ ਹੋਰ ਭੈੜੀ ਗੱਲ ਵੀ ਵਾਪਰ ਸੱਕਦੀ ਹੈ।”
15 ਤਦ ਉਹ ਆਦਮੀ ਉੱਥੇ ਵਾਪਸ ਉਨ੍ਹਾਂ ਯਹੂਦੀਆਂ ਕੋਲ ਗਿਆ। ਅਤੇ ਉਨ੍ਹਾਂ ਨੂੰ ਆਖਿਆ ਜਿਸਨੇ ਮੈਨੂੰ ਰਾਜੀ ਕੀਤਾ ਸੀ, ਉਹ ਯਿਸੂ ਸੀ।
16 ਇਸ ਤਰ੍ਹਾਂ ਦੀਆਂ ਗੱਲਾਂ ਯਿਸੂ ਸਬਤ ਵਾਲੇ ਦਿਨ ਕਰ ਰਿਹਾ ਸੀ। ਇਸ ਲਈ ਯਹੂਦੀ ਉਸ ਨੂੰ ਦੁੱਖ ਦੇਣ ਲੱਗੇ। 17 ਪਰ ਯਿਸੂ ਨੇ ਯਹੂਦੀਆਂ ਨੂੰ ਆਖਿਆ, “ਮੇਰਾ ਪਿਤਾ ਹਮੇਸ਼ਾ ਕੰਮ ਕਰਦਾ ਰਹਿੰਦਾ ਹੈ, ਇਸ ਲਈ ਮੈਂਨੂੰ ਵੀ ਕੰਮ ਕਰਨਾ ਚਾਹੀਦਾ ਹੈ।”
18 ਇਹ ਸੁਣਨ ਤੋਂ ਬਾਦ ਯਹੂਦੀ ਯਿਸੂ ਨੂੰ ਮਾਰਨ ਲਈ ਹੋਰ ਵੱਧੇਰੇ ਕੋਸ਼ਿਸ਼ਾਂ ਕਰਨ ਲੱਗੇ। ਯਹੂਦੀਆਂ ਨੇ ਆਖਿਆ, “ਯਿਸੂ ਸਬਤ ਦੇ ਦਿਨ ਦਾ ਨੇਮ ਤੋੜ ਰਿਹਾ ਹੈ ਅਤੇ ਆਖਿਆ, ਪਰਮੇਸ਼ੁਰ ਨੂੰ ਆਪਣਾ ਪਿਤਾ ਆਖਕੇ ਉਹ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਰਾਬਰ ਬਣਾ ਰਿਹਾ ਹੈ!”
2010 by World Bible Translation Center