Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 75-76

ਨਿਰਦੇਸ਼ਕ ਲਈ: “ਤਬਾਹ ਨਾ ਕਰੋ” ਦੀ ਧੁਨੀ ਨੂੰ। ਆਸਾਫ਼ ਦਾ ਇੱਕ ਉਸਤਤਿ ਗੀਤ।

75 ਅਸੀਂ ਤੇਰੀ ਉਸਤਤਿ ਕਰਦੇ ਹਾਂ, ਪਰਮੇਸ਼ੁਰ।
    ਅਸੀਂ ਤੇਰੀ ਉਸਤਤਿ ਕਰਦੇ ਹਾਂ।
    ਤੁਸੀਂ ਨੇੜੇ ਹੋ ਅਤੇ ਉਨ੍ਹਾਂ ਅਦਭੁਤ ਗੱਲਾਂ ਬਾਰੇ ਦਸਦੇ ਹੋ ਜੋ ਤੁਸੀਂ ਕਰਦੇ ਹੋਂ।

ਪਰਮੇਸ਼ੁਰ ਆਖਦਾ ਹੈ, “ਮੈਂ ਨਿਆਂ ਦਾ ਸਮਾਂ ਚੁਣ ਲਿਆ ਹੈ।
    ਮੈਂ ਬੇਲਾਗ ਨਿਆਂ ਕਰਾਂਗਾ।
ਧਰਤੀ ਤੇ ਇਸ ਉਤਲਾ ਸਭ ਕੁਝ ਕੰਬ ਰਿਹਾ ਹੋਵੇ
    ਅਤੇ ਡਿੱਗਣ ਹੀ ਵਾਲਾ ਹੋਵੇ, ਪਰ ਮੈਂ ਇਸ ਨੂੰ ਸਥਿਰ ਕਰਦਾ ਹਾਂ।

“ਕੁਝ ਲੋਕ ਬੜੇ ਗੁਮਾਨੀ ਹਨ।
    ਉਹ ਸੋਚਦੇ ਹਨ ਕਿ ਉਹ ਬਹੁਤ ਸ਼ਕਤੀਸ਼ਾਲੀ ਅਤੇ ਮਹੱਤਵਪੂਰਣ ਹਨ।
ਪਰ ਮੈਂ ਉਨ੍ਹਾਂ ਲੋਕਾਂ ਨੂੰ ਦੱਸਦਾ ਹਾਂ, ‘ਸ਼ੇਖੀ ਨਾ ਮਾਰੋ।’”

ਧਰਤੀ ਉੱਤੇ ਕੋਈ ਸ਼ਕਤੀ ਨਹੀਂ
    ਜਿਹੜੀ ਕਿਸੇ ਵਿਅਕਤੀ ਨੂੰ ਮਹੱਤਵਪੂਰਣ ਬਣਾ ਸੱਕੇ।
ਪਰਮੇਸ਼ੁਰ ਨਿਆਂਕਾਰ ਹੈ, ਅਤੇ ਉਹੀ ਹੈ ਜੋ ਫ਼ੈਸਲਾ ਕਰਦਾ ਕਿ ਉਹ ਕਿਸ ਨੂੰ ਨਿਵਾਉਂਦਾ ਅਤੇ ਕਿਸ ਨੂੰ ਮਹੱਤਵਪੂਰਣ ਬਣਾਉਂਦਾ ਹੈ।
    ਪਰਮੇਸ਼ੁਰ ਇੱਕ ਬੰਦੇ ਨੂੰ ਉੱਚਾ ਚੁੱਕਦਾ ਅਤੇ ਉਸ ਨੂੰ ਮਹੱਤਵਪੂਰਣ ਬਣਾ ਦਿੰਦਾ ਹੈ।
    ਪਰਮੇਸ਼ੁਰ ਦੂਸਰੇ ਨੂੰ ਹੇਠਾਂ ਸੁੱਟ ਦਿੰਦਾ ਹੈ ਅਤੇ ਮਹਤਵਹੀਣ ਬਣਾ ਦਿੰਦਾ ਹੈ।
ਪਰਮੇਸ਼ੁਰ ਮੰਦੇ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹੈ।
    ਯਹੋਵਾਹ ਨੇ ਹੱਥਾਂ ਵਿੱਚ ਇੱਕ ਪਿਆਲਾ ਫ਼ੜਿਆ ਹੋਇਆ ਹੈ।
    ਇਹ ਪਿਆਲਾ ਜ਼ਹਿਰੀਲੀ ਮੈਅ ਨਾਲ ਭਰਿਆ ਹੋਇਆ ਹੈ।
ਉਹ ਇਹ ਮੈਅ (ਸਜ਼ਾ) ਨੂੰ ਬਾਹਰ ਡੋਲ੍ਹੇਗਾ
    ਅਤੇ ਮੰਦੇ ਲੋਕ ਇਸ ਨੂੰ ਆਖਰੀ ਕਤਰੇ ਤੱਕ ਪੀ ਜਾਣਗੇ।
ਮੈਂ ਲੋਕਾਂ ਨੂੰ ਸਦਾ ਇਨ੍ਹਾਂ ਗੱਲਾਂ ਬਾਰੇ ਦੱਸਾਂਗਾ।
    ਮੈਂ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤਿ ਗਾਵਾਂਗਾ।
10 ਪਰਮੇਸ਼ੁਰ ਆਖਦਾ ਹੈ, “ਮੈਂ ਮੰਦੇ ਲੋਕਾ ਪਾਸੋਂ ਸ਼ਕਤੀ ਖੋਹ ਲਵਾਂਗਾ,
    ਅਤੇ ਮੈਂ ਨੇਕ ਬੰਦਿਆਂ ਨੂੰ ਸ਼ਕਤੀ ਦੇ ਦੇਵਾਂਗਾ।”

ਨਿਰਦੇਸ਼ਕ ਲਈ: ਸਾਜ਼ਾਂ ਨਾਲ। ਆਸਾਫ਼ ਦਾ ਉਸਤਤਿ ਦਾ ਗੀਤ।

76 ਯਹੂਦਾਹ ਦੇ ਲੋਕ ਪਰਮੇਸ਼ੁਰ ਨੂੰ ਜਾਣਦੇ ਹਨ।
    ਇਸਰਾਏਲ ਦੇ ਲੋਕ ਪਰਮੇਸ਼ੁਰ ਦੇ ਨਾਮ ਦਾ ਆਦਰ ਕਰਦੇ ਹਨ।
ਪਰਮੇਸ਼ੁਰ ਦਾ ਮੰਦਰ ਸ਼ਾਲੇਮ ਵਿੱਚ ਹੈ।
    ਪਰਮੇਸ਼ੁਰ ਦਾ ਘਰ ਸੀਯੋਨ ਪਰਬਤ ਉੱਤੇ ਹੈ।
ਉਸ ਜਗ਼੍ਹਾ ਪਰਮੇਸ਼ੁਰ ਨੇ ਤੀਰ ਕਮਾਨ,
    ਢਾਲਾਂ, ਤਲਵਾਰਾਂ ਅਤੇ ਜੰਗ ਅਤੇ ਹੋਰ ਹਥਿਆਰ ਤੋੜੇ ਸਨ।

ਹੇ ਪਰਮੇਸ਼ੁਰ, ਤੁਸੀਂ ਮਹਿਮਾ ਵਾਲੇ ਹੋਂ ਅਤੇ ਉਨ੍ਹਾਂ ਪਹਾੜੀਆਂ ਵਿੱਚੋਂ ਆ ਰਹੇ ਹੋਂ
    ਜਿੱਥੇ ਤੁਸੀਂ ਆਪਣੇ ਵੈਰੀਆਂ ਨੂੰ ਹਰਾਇਆ ਸੀ।
ਉਨ੍ਹਾਂ ਸਿਪਾਹੀਆਂ ਨੇ ਸੋਚਿਆ ਕਿ ਉਹ ਤਾਕਤਵਰ ਹਨ।
ਪਰ ਹੁਣ ਉਹ ਖੇਤਾਂ ਅੰਦਰ ਮੁਰਦਾ ਪਏ ਹਨ।
    ਉਨ੍ਹਾਂ ਨੇ ਸ਼ਰੀਰ ਉਸ ਸਭ ਕਾਸੇ ਤੋਂ ਸੱਖਣੇ ਪਏ ਹਨ ਉਹ ਜੋ ਸਭ ਕੁਝ ਉਨ੍ਹਾਂ ਦਾ ਸੀ।
    ਉਨ੍ਹਾਂ ਸਿਪਾਹੀਆਂ ਵਿੱਚੋਂ ਕੋਈ ਵੀ ਆਪਣੀ ਰੱਖਿਆ ਨਹੀਂ ਕਰ ਸੱਕਿਆ ਸੀ।
ਯਾਕੂਬ ਦਾ ਪਰਮੇਸ਼ੁਰ ਉਨ੍ਹਾਂ ਸਿਪਾਹੀਆਂ ਉੱਤੇ ਗੱਜਿਆ,
    ਅਤੇ ਉਹ ਸਾਰੀ ਫ਼ੌਜ ਆਪਣੇ ਰੱਥਾਂ ਅਤੇ ਘੋੜਿਆਂ ਨਾਲ ਮੁਰਦਾ ਹੋ ਡਿੱਗੀ।
ਹੇ ਪਰਮੇਸ਼ੁਰ, ਤੂੰ ਭਰਮ ਭਰਿਆ ਹੈਂ।
    ਤੇਰੇ ਖਿਲਾਫ਼ ਉਦੋਂ ਕੋਈ ਨਹੀਂ ਖਲੋ ਸੱਕਦਾ ਜਦੋਂ ਤੂੰ ਗੁੱਸੇ ਵਿੱਚ ਹੁੰਦਾ ਹੈਂ।
8-9 ਪਰਮੇਸ਼ੁਰ ਨਿਆਂਕਾਰ ਵਾਂਗ ਖਲੋਤਾ ਸੀ, ਅਤੇ ਉਸ ਨੇ ਆਪਣਾ ਨਿਆਂ ਦਿੱਤਾ।
    ਪਰਮੇਸ਼ੁਰ ਨੇ ਧਰਤੀ ਦੇ ਨਿਮਾਣੇ ਲੋਕਾਂ ਨੂੰ ਬਚਾ ਲਿਆ।
ਉਸ ਨੇ ਸਵਰਗ ਤੋਂ ਆਪਣਾ ਨਿਆਂ ਦਿੱਤਾ।
    ਸਾਰੀ ਧਰਤੀ ਖਾਮੋਸ਼ ਅਤੇ ਡਰੀ ਹੋਈ ਸੀ।
10 ਹੇ ਪਰਮੇਸ਼ੁਰ, ਲੋਕ ਤੁਹਾਡਾ ਆਦਰ ਕਰਦੇ ਹਨ ਜਦੋਂ ਤੁਸੀਂ ਦੁਸ਼ਟ ਲੋਕਾਂ ਨੂੰ ਸਜ਼ਾ ਦਿੰਦੇ ਹੋ।
    ਆਦਮੀ ਦਾ ਗੁੱਸਾ ਵੀ ਤੇਰੀ ਉਸਤਤਿ ਕਰ ਸੱਕਦਾ ਹੈ। ਬਚੇ ਹੋਏ ਮਜ਼ਬੂਤ ਹੋ ਜਾਣਗੇ।

11 ਲੋਕੋ, ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਵਾਅਦੇ ਕੀਤੇ ਸਨ।
    ਹੁਣ ਉਸ ਨੂੰ ਉਹ ਭੇਟ ਕਰੋ ਜਿਸਦਾ ਤੁਸੀਂ ਇਕਰਾਰ ਕੀਤਾ ਸੀ।
ਹਰ ਥਾਂ ਲੋਕ ਪਰਮੇਸ਼ੁਰ ਤੋਂ ਡਰਦੇ ਹਨ ਅਤੇ ਉਸਦਾ ਆਦਰ ਕਰਦੇ ਹਨ।
    ਅਤੇ ਉਹ ਉਸ ਕੋਲ ਸੁਗਾਤਾਂ ਨਾਲ ਆਉਣਗੇ।
12 ਪਰਮੇਸ਼ੁਰ ਵੱਡੇ ਆਗੂਆਂ ਨੂੰ ਹਰਾ ਦਿੰਦਾ ਹੈ;
    ਅਤੇ ਧਰਤੀ ਦੇ ਸਾਰੇ ਰਾਜੇ ਉਸਤੋਂ ਡਰਦੇ ਹਨ।

ਜ਼ਬੂਰ 23

ਦਾਊਦ ਦਾ ਇੱਕ ਗੀਤ।

23 ਯਹੋਵਾਹ ਮੇਰਾ ਆਜੜੀ ਹੈ,
    ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਕੋਈ ਤੋਂਟ ਨਹੀਂ ਆਵੇਗੀ।
ਉਹ ਮੈਨੂੰ ਹਰਿਆਂ ਖੇਤਾਂ ਵਿੱਚ ਬੈਠ ਜਾਣ ਦਿੰਦਾ ਹੈ।
    ਉਹ ਪਾਣੀ ਦੇ ਸ਼ਾਂਤ ਤਲਾਵਾਂ ਦੇ ਪਾਸੀਂ ਮੇਰੀ ਅਗਵਾਈ ਕਰਦਾ ਹੈ।
ਉਹ ਆਪਣੇ ਨਾਂ ਦੇ ਚੰਗੇ ਲਈ, ਮੇਰੀ ਰੂਹ ਨੂੰ ਤਾਜ਼ੀ ਊਰਜਾ ਦਿੰਦਾ ਹੈ।
    ਇਹ ਦਰਸਾਉਣ ਲਈ ਕਿ ਉਹ ਸੱਚਮੁੱਚ ਚੰਗਾ ਹੈ ਉਹ ਚੰਗਿਆਈ ਦੇ ਰਾਹਾਂ ਤੇ ਮੇਰੀ ਅਗਵਾਈ ਕਰਦਾ ਹੈ।
ਜੇ ਕਿਤੇ ਮੈਂ ਕਿਸੇ ਵਾਦੀ ਵਿੱਚੋਂ ਦੀ ਲੰਘਦਾ ਹਾਂ ਜੋ ਕਬਰ ਜਿੰਨੀ ਹਨੇਰੀ ਹੈ
    ਮੈਂ ਕਿਸੇ ਖਤਰੇ ਤੋਂ ਨਹੀਂ ਡਰਾਂਗਾ।
    ਕਿਉਂਕਿ ਹੇ ਯਹੋਵਾਹ, ਤੂੰ ਮੇਰੇ ਨਾਲ ਹੈਂ
    ਅਤੇ ਤੇਰੀ ਸਲਾਖ ਤੇ ਡਾਂਗ ਮੈਨੂੰ ਆਰਾਮ ਦਿੰਦੀਆਂ ਹਨ।
ਯਹੋਵਾਹ, ਤੁਸੀਂ ਮੇਰੇ ਦੁਸ਼ਮਣਾਂ ਦੇ ਸਨਮੁੱਖ ਮੇਰਾ ਮੇਜ ਸਜਾਇਆ ਹੈ।
    ਤੁਸੀਂ ਮੇਰੇ ਸਿਰ ਉੱਤੇ ਤੇਲ ਪਾਇਆ ਹੈ
    ਮੇਰਾ ਭਰਿਆ ਪਿਆਲਾ ਛਲਕ ਰਿਹਾ ਹੈ।
ਨੇਕੀ ਤੇ ਮਿਹਰ ਮੇਰੇ ਰਹਿੰਦੇ ਜੀਵਨ ਤੱਕ ਅੰਗ-ਸੰਗ ਹੋਵੇਗੀ।
    ਅਤੇ ਮੈਂ ਯਹੋਵਾਹ ਦੇ ਮੰਦਰ ਵਿੱਚ ਲੰਮੇ-ਲੰਮੇ ਸਮੇਂ ਲਈ ਬੈਠਾਂਗਾ।

ਜ਼ਬੂਰ 27

ਦਾਊਦ ਦਾ ਇੱਕ ਗੀਤ।

27 ਯਹੋਵਾਹ, ਤੁਸੀਂ ਮੇਰੀ ਰੌਸ਼ਨੀ ਵੀ, ਮੇਰੇ ਮੁਕਤੀਦਾਤਾ ਵੀ ਹੋ।
    ਮੈਨੂੰ ਕਿਸੇ ਕੋਲੋਂ ਵੀ ਨਹੀਂ ਡਰਨਾ ਚਾਹੀਦਾ।
ਯਹੋਵਾਹ, ਮੇਰੇ ਜੀਵਨ ਦੀ ਸੁਰੱਖਿਆ ਦਾ ਟਿਕਾਣਾ ਹੈ।
    ਇਸ ਲਈ ਮੈਂ ਕਿਸੇ ਕੋਲੋਂ ਵੀ ਨਹੀਂ ਡਰਾਂਗਾ।
ਦੁਸ਼ਟ ਲੋਕ ਮੇਰੇ ਤੇ ਹਮਲਾ ਕਰ ਸੱਕਦੇ ਹਨ।
    ਉਹ ਮੇਰੇ ਸ਼ਰੀਰ ਨੂੰ ਤਲਵਾਰ ਨਾਲ ਵੱਢਣ ਦੀ ਕੋਸ਼ਿਸ਼ ਕਰ ਸੱਕਦੇ ਹਨ।
ਮੇਰੇ ਦੁਸ਼ਮਣ ਮੇਰੇ ਉੱਤੇ ਹਮਲਾ ਕਰਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਸੱਕਦੇ ਹਨ।
    ਪਰ ਉਹ ਔਕੜਨਗੇ ਅਤੇ ਡਿੱਗਣਗੇ।
ਪਰ ਭਾਵੇਂ ਪੂਰੀ ਫ਼ੌਜ ਮੈਨੂੰ ਘੇਰ ਲਵੇ, ਫ਼ੇਰ ਵੀ ਮੈਂ ਨਹੀਂ ਡਰਾਂਗਾ।
    ਭਾਵੇਂ ਯੁੱਧ ਵਿੱਚ ਲੋਕ ਮੇਰੇ ਉੱਤੇ ਹਮਲਾ ਕਰਨ, “ਮੈਨੂੰ ਕੋਈ ਡਰ ਨਹੀਂ ਹੋਵੇਗਾ।
    ਕਿਉਂਕਿ ਮੈਨੂੰ ਯਹੋਵਾਹ ਵਿੱਚ ਯਕੀਨ ਹੈ।”

ਯਹੋਵਾਹ ਤੋਂ ਮੈਂ ਇੱਕੋ ਚੀਜ਼ ਮੰਗਦਾ ਹਾਂ,
    ਮੈਨੂੰ ਸਾਰੀ ਉਮਰ ਆਪਣੇ ਮੰਦਰ ਵਿੱਚ ਬੈਠਣ ਦੇ,
ਤਾਂ ਜੋ ਮੈਂ ਯਹੋਵਾਹ ਦੀ ਸੁੰਦਰਤਾ ਵੇਖ ਸੱਕਾਂ।
    ਅਤੇ ਉਸਦਾ ਮਹਿਲ ਵੇਖ ਸੱਕਾਂ।

ਜਦੋਂ ਵੀ ਮੈਂ ਸੰਕਟ ਵਿੱਚ ਹੋਵਾਂਗਾ ਯਹੋਵਾਹ ਮੇਰੀ ਰੱਖਿਆ ਕਰੇਗਾ।
    ਉਹ ਮੈਨੂੰ ਆਪਣੇ ਤੰਬੂ ਵਿੱਚ ਛੁਪਾ ਲਵੇਗਾ,
    ਉਹ ਮੈਨੂੰ ਆਪਣੀ ਸੁਰੱਖਿਅਤ ਥਾਂ ਉੱਤੇ ਲੈ ਜਾਵੇਗਾ।
ਮੇਰੇ ਦੁਸ਼ਮਣਾਂ ਨੇ ਮੈਨੂੰ ਘੇਰ ਲਿਆ ਹੈ।
    ਪਰ ਉਨ੍ਹਾਂ ਨੂੰ ਹਰਾਉਣ ਵਿੱਚ ਯਹੋਵਾਹ ਮੇਰੀ ਮਦਦ ਕਰੇਗਾ।
ਫ਼ੇਰ ਮੈਂ ਉਸ ਦੇ ਤੰਬੂ ਵਿੱਚ ਬਲੀ ਦੇ ਤੌਰ ਤੇ ਜੈ-ਕਾਰੇ ਚੜ੍ਹਾਵਾਂਗਾ।
    ਅਤੇ ਮੈਂ ਗਾਵਾਂਗਾ ਅਤੇ ਯਹੋਵਾਹ ਨੂੰ ਸਤਿਕਾਰਨ ਲਈ ਸਾਜ ਵਜਾਵਾਂਗਾ।

ਯਹੋਵਾਹ, ਮੇਰੀ ਪੁਕਾਰ ਨੂੰ ਸੁਣ ਅਤੇ ਹੁੰਘਾਰਾ ਭਰ।
    ਮੇਰੇ ਤੇ ਦਯਾਵਾਨ ਹੋ।
ਯਹੋਵਾਹ, ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹਾਂ।
ਮੈਂ ਆਪਣੇ ਦਿਲ ਦੀਆਂ ਗੱਲਾਂ ਆਖਣੀਆਂ ਚਾਹੁੰਦਾ ਹਾਂ।
    ਮੈਂ ਤੁਹਾਡੇ ਨਾਲ ਗੱਲ ਕਰਨ ਲਈ ਤੁਹਾਡੇ ਸਨਮੁੱਖ ਆ ਗਿਆ ਹਾਂ।
ਯਹੋਵਾਹ, ਆਪਣੇ ਸੇਵਕ ਕੋਲੋਂ ਮੁੱਖ ਨਾ ਮੋੜੋ।
    ਮੇਰੀ ਸਹਾਇਤਾ ਕਰੋ।
ਮੈਨੂੰ ਦੂਰ ਨਾ ਧੱਕੋ, ਮੈਨੂੰ ਛੱਡ ਕੇ ਨਾ ਜਾਓ।
    ਮੇਰੇ ਪਰਮੇਸ਼ੁਰ, ਤੁਸੀਂ ਮੇਰੇ ਮੁਕਤੀਦਾਤਾ ਹੋ।
10 ਮੇਰੇ ਮਾਪਿਆਂ ਨੇ ਮੈਨੂੰ ਛੱਡ ਦਿੱਤਾ ਸੀ।
    ਪਰ ਯਹੋਵਾਹ ਨੇ ਮੇਰੀ ਬਾਂਹ ਫ਼ੜੀ ਅਤੇ ਮੈਨੂੰ ਆਪਣਾ ਬਣਾਇਆ।
11 ਹੇ ਯਹੋਵਾਹ, ਲੋਕ ਵੇਖ ਰਹੇ ਹਨ ਕਿ ਮੈਂ ਕੋਈ ਗਲਤੀ ਕਰਾਂ।
    ਇਸ ਲਈ ਮੈਨੂੰ ਸਹੀ ਗੱਲਾਂ ਕਰਨੀਆਂ ਸਿੱਖਾ।
12 ਮੈਨੂੰ ਮੇਰੇ ਦੁਸ਼ਮਣਾਂ ਦੇ ਘਾਤਕ ਫ਼ੰਦਿਆਂ ਵਿੱਚ ਨਾ ਫ਼ਸਣ ਦੇਵੋ।
    ਉਨ੍ਹਾਂ ਨੇ ਮੇਰੇ ਉੱਤੇ ਝੂਠੀਆਂ ਗਵਾਹੀਆਂ ਨਾਲ ਹਮਲਾ ਕੀਤਾ ਹੈ।
    ਉਹ ਮੇਰੇ ਉੱਤੇ ਹਿੰਸਕ ਹਮਲੇ ਕਰਨ ਲਈ ਤਿਆਰ ਹਨ।
13 ਮੈਨੂੰ ਪੱਕਾ ਵਿਸ਼ਵਾਸ ਹੈ ਕਿ ਮੈਂ ਮਰਨ ਤੋਂ ਪਹਿਲਾਂ ਯਹੋਵਾਹ ਦੀ ਚੰਗਿਆਈ ਦੇਖਾਂਗਾ।
14 ਯਹੋਵਾਹ ਦੀ ਸਹਾਇਤਾ ਲਈ ਇੰਤਜ਼ਾਰ ਕਰੋ।
    ਮਜ਼ਬੂਤ ਅਤੇ ਬਹਾਦੁਰ ਬਣੋ,
    ਅਤੇ ਯਹੋਵਾਹ ਦੀ ਸਹਾਇਤਾ ਲਈ ਇੰਤਜ਼ਾਰ ਕਰੋ।

ਉਤਪਤ 43:16-34

ਭਰਾਵਾਂ ਨੂੰ ਯੂਸੁਫ਼ ਦੇ ਘਰ ਆਉਣ ਦਾ ਸੱਦਾ

16 ਮਿਸਰ ਵਿੱਚ, ਯੂਸੁਫ਼ ਨੇ ਬਿਨਯਾਮੀਨ ਨੂੰ ਉਨ੍ਹਾਂ ਦੇ ਨਾਲ ਦੇਖਿਆ। ਯੂਸੁਫ਼ ਨੇ ਆਪਣੇ ਨੌਕਰ ਨੂੰ ਆਖਿਆ, “ਇਨ੍ਹਾਂ ਆਦਮੀਆਂ ਨੂੰ ਮੇਰੇ ਘਰ ਲੈ ਆ। ਇੱਕ ਜਾਨਵਰ ਮਾਰ ਅਤੇ ਉਸ ਨੂੰ ਰਿੰਨ੍ਹ। ਇਹ ਆਦਮੀ ਅੱਜ ਦੁਪਿਹਰ ਦਾ ਭੋਜਨ ਮੇਰੇ ਨਾਲ ਕਰਨਗੇ।” 17 ਨੌਕਰ ਨੇ ਉਵੇਂ ਹੀ ਕੀਤਾ ਜਿਵੇਂ ਉਸ ਨੂੰ ਆਖਿਆ ਗਿਆ ਸੀ। ਉਸ ਨੇ ਉਨ੍ਹਾਂ ਆਦਮੀਆਂ ਨੂੰ ਯੂਸੁਫ਼ ਦੇ ਘਰ ਲਿਆਂਦਾ।

18 ਜਦੋਂ ਉਨ੍ਹਾਂ ਨੂੰ ਯੂਸੁਫ਼ ਦੇ ਘਰ ਲਿਆਂਦਾ ਗਿਆ ਤਾਂ ਭਰਾ ਡਰੇ ਹੋਏ ਸਨ। ਉਨ੍ਹਾਂ ਆਖਿਆ, “ਸਾਨੂੰ ਇੱਥੇ ਉਸ ਪੈਸੇ ਕਾਰਣ ਲਿਆਂਦਾ ਗਿਆ ਹੈ ਜਿਹੜਾ ਪਿੱਛਲੀ ਵਾਰੀ ਸਾਡੀਆਂ ਬੋਰੀਆਂ ਵਿੱਚ ਵਾਪਿਸ ਰੱਖ ਦਿੱਤਾ ਗਿਆ ਸੀ। ਉਹ ਇਸ ਨੂੰ ਸਾਡੇ ਵਿਰੁੱਧ ਸਬੂਤ ਵਜੋਂ ਵਰਤਣਗੇ। ਅਤੇ ਉਹ ਸਾਡੇ ਖੋਤੇ ਖੋਹ ਲੈਣਗੇ ਅਤੇ ਸਾਨੂੰ ਗੁਲਾਮ ਬਣਾ ਲੈਣਗੇ।”

19 ਇਸ ਲਈ ਭਰਾ ਉਸ ਨੌਕਰ ਕੋਲ ਗਏ ਜਿਹੜਾ ਯੂਸੁਫ਼ ਦੇ ਘਰ ਦਾ ਇੰਚਾਰਜ ਸੀ। ਉਨ੍ਹਾਂ ਨੇ ਉਸ ਨਾਲ ਘਰ ਦੇ ਪ੍ਰਵੇਸ਼ ਦੁਆਰ ਕੋਲ ਗੱਲ ਕੀਤੀ। 20 ਉਨ੍ਹਾਂ ਨੇ ਆਖਿਆ “ਸ੍ਰੀਮਾਨ ਜੀ, ਅਸੀਂ ਇਕਰਾਰ ਕਰਦੇ ਹਾਂ ਕਿ ਸੱਚ ਇਹ ਹੈ: ਪਿੱਛਲੀ ਵਾਰ ਜਦੋਂ ਅਸੀਂ ਆਏ ਸੀ ਤਾਂ ਅਸੀਂ ਅਨਾਜ ਖਰੀਦਣ ਆਏ ਸੀ। 21-22 ਘਰ ਜਾਂਦੇ ਸਮੇਂ, ਅਸੀਂ ਆਪਣੀਆਂ ਬੋਰੀਆਂ ਖੋਲ੍ਹੀਆਂ ਅਤੇ ਸਾਨੂੰ ਹਰ ਬੋਰੀ ਵਿੱਚ ਆਪਣੇ ਪੈਸੇ ਮਿਲੇ। ਸਾਨੂੰ ਨਹੀਂ ਪਤਾ ਇਹ ਉੱਥੇ ਕਿਵੇਂ ਚੱਲੇ ਗਏ। ਪਰ ਅਸੀਂ ਉਹ ਪੈਸੇ ਆਪਣੇ ਨਾਲ ਲਿਆਏ ਹਾਂ ਤਾਂ ਜੋ ਤੁਹਾਨੂੰ ਵਾਪਸ ਦੇ ਸੱਕੀਏ। ਅਤੇ ਅਸੀਂ ਜਿਹੜਾ ਅਨਾਜ ਇਸ ਵਾਰੀ ਖਰੀਦਣਾ ਚਾਹੁੰਦੇ ਹਾਂ ਉਸ ਦੇ ਲਈ ਹੋਰ ਪੈਸੇ ਲਿਆਏ ਹਾਂ।”

23 ਪਰ ਨੌਕਰ ਨੇ ਜਵਾਬ ਦਿੱਤਾ, “ਸ਼ਾਂਤ ਹੋ ਜਾਵੋ, ਡਰੋ ਨਹੀਂ। ਤੁਹਾਡੇ ਪਰਮੇਸ਼ੁਰ, ਤੁਹਾਡੇ ਪਿਤਾ ਦੇ ਪਰਮੇਸ਼ੁਰ ਨੇ ਅਵੱਸ਼ ਹੀ ਉਹ ਪੈਸੇ ਸੁਗਾਤ ਵਜੋਂ ਤੁਹਾਡੇ ਬੋਰਿਆਂ ਵਿੱਚ ਰੱਖ ਦਿੱਤੇ ਹੋਣਗੇ। ਮੈਨੂੰ ਚੇਤੇ ਹੈ ਕਿ ਤੁਸੀਂ ਪਿੱਛਲੀ ਵਾਰ ਅਨਾਜ ਬਦਲੇ ਮੈਨੂੰ ਪੈਸੇ ਦੇ ਦਿੱਤੇ ਸਨ।”

ਫ਼ੇਰ ਨੌਕਰ ਸਿਮਓਨ ਨੂੰ ਕੈਦਖਾਨੇ ਤੋਂ ਬਾਹਰ ਲੈ ਆਇਆ। 24 ਨੌਕਰ ਉਨ੍ਹਾਂ ਆਦਮੀਆਂ ਨੂੰ ਯੂਸੁਫ਼ ਦੇ ਘਰ ਅੰਦਰ ਲੈ ਗਿਆ। ਉਸ ਨੇ ਉਨ੍ਹਾਂ ਨੂੰ ਪਾਣੀ ਦਿੱਤਾ ਅਤੇ ਉਨ੍ਹਾਂ ਨੇ ਆਪਣੇ ਪੈਰ ਧੋਤੇ। ਫ਼ੇਰ ਉਸ ਨੇ ਉਨ੍ਹਾਂ ਦੇ ਖੋਤਿਆਂ ਨੂੰ ਚਾਰਾ ਦਿੱਤਾ।

25 ਭਰਾਵਾਂ ਨੇ ਸੁਣਿਆ ਕਿ ਉਹ ਯੂਸੁਫ਼ ਦੇ ਨਾਲ ਭੋਜਨ ਕਰਨ ਲਈ ਜਾ ਰਹੇ ਸਨ। ਇਸ ਲਈ ਉਹ ਉਸ ਦੇ ਲਈ ਦੁਪਿਹਰ ਤੱਕ ਸੁਗਾਤਾਂ ਤਿਆਰ ਕਰਦੇ ਰਹੇ।

26 ਯੂਸੁਫ਼ ਘਰ ਆਇਆ ਅਤੇ ਭਰਾਵਾਂ ਨੇ ਉਸ ਨੂੰ ਉਹ ਸੁਗਾਤਾਂ ਦਿੱਤੀਆਂ ਜਿਹੜੀਆਂ ਉਹ ਆਪਣੇ ਨਾਲ ਲਿਆਏ ਸਨ।

27 ਯੂਸੁਫ਼ ਨੇ ਉਨ੍ਹਾਂ ਦਾ ਹਾਲ ਪੁੱਛਿਆ। ਯੂਸੁਫ਼ ਨੇ ਆਖਿਆ, “ਤੁਹਾਡੇ ਉਸ ਬਜ਼ੁਰਗ ਪਿਤਾ ਦਾ ਕੀ ਹਾਲ ਹੈ ਜਿਸ ਬਾਰੇ ਤੁਸੀਂ ਮੈਨੂੰ ਦੱਸਿਆ ਸੀ। ਕੀ ਉਹ ਹਾਲੇ ਵੀ ਜਿਉਂਦਾ ਅਤੇ ਰਾਜ਼ੀ-ਖੁਸ਼ੀ ਹੈ?”

28 ਭਰਾਵਾਂ ਨੇ ਜਵਾਬ ਦਿੱਤਾ, “ਹਾਂ, ਸਾਡਾ ਪਿਤਾ ਹਾਲੇ ਜੀਵਿਤ ਹੈ।” ਉਹ ਇੱਕ ਵਾਰੀ ਫ਼ੇਰ ਯੂਸੁਫ਼ ਦੇ ਅੱਗੇ ਝੁਕ ਗਏ।

29 ਫ਼ੇਰ ਯੂਸੁਫ਼ ਨੇ ਆਪਣੇ ਭਰਾ ਬਿਨਯਾਮੀਨ ਨੂੰ ਦੇਖਿਆ। (ਬਿਨਯਾਮੀਨ ਅਤੇ ਯੂਸੁਫ਼ ਦੀ ਮਾਂ ਇੱਕੋ ਸੀ।) ਯੂਸੁਫ਼ ਨੇ ਆਖਿਆ, “ਕੀ ਇਹ ਤੁਹਾਡਾ ਸਭ ਤੋਂ ਛੋਟਾ ਭਰਾ ਹੈ ਜਿਸ ਬਾਰੇ ਤੁਸੀਂ ਮੈਨੂੰ ਦੱਸਿਆ ਸੀ?” ਫ਼ੇਰ ਯੂਸੁਫ਼ ਨੇ ਬਿਨਯਾਮੀਨ ਨੂੰ ਆਖਿਆ “ਪਰਮੇਸ਼ੁਰ ਤੇਰਾ ਭਲਾ ਕਰੇ, ਪੁੱਤਰ!”

30 ਫ਼ੇਰ ਯੂਸੁਫ਼ ਕਮਰੇ ਵਿੱਚੋਂ ਭੱਜ ਗਿਆ। ਯੂਸੁਫ਼ ਬਹੁਤ ਚਾਹੁੰਦਾ ਸੀ ਕਿ ਉਹ ਆਪਣੇ ਭਰਾ ਬਿਨਯਾਮੀਨ ਨੂੰ ਦਰਸਾਵੇ ਕਿ ਉਹ ਉਸ ਨੂੰ ਬਹੁਤ ਪਿਆਰ ਕਰਦਾ ਸੀ। ਉਸਦਾ ਰੋਣ ਨੂੰ ਜੀ ਕੀਤਾ, ਪਰ ਉਹ ਨਹੀਂ ਸੀ ਚਾਹੁੰਦਾ ਕਿ ਉਸ ਦੇ ਭਰਾ ਉਸ ਨੂੰ ਰੋਂਦਿਆਂ ਦੇਖਣ। ਇਸ ਲਈ ਯੂਸੁਫ਼ ਆਪਣੇ ਕਮਰੇ ਵੱਲ ਭੱਜ ਗਿਆ ਅਤੇ ਉੱਥੇ ਜਾਕੇ ਰੋ ਪਿਆ। 31 ਫ਼ੇਰ ਯੂਸੁਫ਼ ਨੇ ਆਪਣਾ ਮੂੰਹ ਧੋਤਾ ਅਤੇ ਵਾਪਸ ਆ ਗਿਆ। ਉਸ ਨੇ ਆਪਣੇ-ਆਪ ਉੱਪਰ ਕਾਬੂ ਪਾ ਲਿਆ ਅਤੇ ਆਖਿਆ, “ਹੁਣ ਖਾਣ ਦਾ ਵੇਲਾ ਹੋ ਗਿਆ ਹੈ।”

32 ਨੌਕਰਾਂ ਨੇ ਯੂਸੁਫ਼ ਨੂੰ ਇੱਕ ਮੇਜ਼ ਉੱਤੇ ਇੱਕਲਿਆਂ ਬਿਠਾ ਦਿੱਤਾ। ਉਸ ਦੇ ਭਰਾ ਦੂਸਰੇ ਮੇਜ਼ ਉੱਤੇ ਇੱਕਲੇ ਸਨ ਅਤੇ ਮਿਸਰੀ ਦੂਸਰੇ ਮੇਜ਼ ਉੱਤੇ ਵਖਰੇ ਬੈਠੇ ਸਨ। ਮਿਸਰੀਆਂ ਦਾ ਵਿਸ਼ਵਾਸ ਸੀ ਕਿ ਉਨ੍ਹਾਂ ਲਈ ਇਬਰਾਨੀਆਂ ਦੇ ਨਾਲ ਬੈਠਕੇ ਭੋਜਨ ਖਾਣਾ ਗਲਤ ਹੈ। 33 ਯੂਸੁਫ਼ ਦੇ ਭਰਾ ਉਸ ਦੇ ਸਾਹਮਣੇ ਵਾਲੇ ਮੇਜ਼ ਉੱਤੇ ਬੈਠੇ ਸਨ। ਭਰਾ ਆਪਣੀ ਉਮਰ ਦੇ ਹਿਸਾਬ ਨਾਲ ਬੈਠੇ ਹੋਏ ਸਨ। ਸਾਰੇ ਭਰਾ ਇੱਕ ਦੂਸਰੇ ਵੱਲ ਹੈਰਾਨੀ ਨਾਲ ਵੇਖ ਰਹੇ ਸਨ। 34 ਨੌਕਰ ਯੂਸੁਫ਼ ਦੇ ਮੇਜ਼ ਤੋਂ ਭੋਜਨ ਲੈ ਕੇ ਉਨ੍ਹਾਂ ਕੋਲ ਲਿਆ ਰਹੇ ਸਨ। ਪਰ ਨੌਕਰਾਂ ਨੇ ਬਿਨਯਾਮੀਨ ਨੂੰ ਹੋਰਨਾਂ ਨਾਲੋਂ ਪੰਜ ਗੁਣਾ ਵੱਧੇਰੇ ਖਾਣਾ ਦਿੱਤਾ। ਭਰਾ ਓਨਾ ਚਿਰ ਤੱਕ ਯੂਸੁਫ਼ ਨਾਲ ਖਾਂਦੇ ਅਤੇ ਪੀਂਦੇ ਰਹੇ ਜਦੋਂ ਤੱਕ ਕਿ ਉਹ ਤਕਰੀਬਨ ਸ਼ਰਾਬੀ ਨਹੀਂ ਹੋ ਗਏ।

1 ਕੁਰਿੰਥੀਆਂ ਨੂੰ 7:10-24

10 ਹੁਣ ਮੈਂ ਵਿਆਹੇ ਲੋਕਾਂ ਨੂੰ ਹੁਕਮ ਦਿੰਦਾ ਹਾਂ। ਇਹ ਹੁਕਮ ਮੇਰੇ ਵੱਲੋਂ ਨਹੀਂ ਹੈ ਇਹ ਪ੍ਰਭੂ ਵੱਲੋਂ ਹੈ। ਕਿਸੇ ਪਤਨੀ ਨੂੰ ਆਪਣੇ ਪਤੀ ਨੂੰ ਛੱਡਣਾ ਨਹੀਂ ਚਾਹੀਦਾ। 11 ਪਰ ਜੋ ਪਤਨੀ ਆਪਣੇ ਪਤੀ ਨੂੰ ਛੱਡ ਦਿੰਦੀ ਹੈ ਤਾਂ ਉਸ ਨੂੰ ਦੋਬਾਰਾ ਵਿਆਹ ਨਹੀਂ ਕਰਵਾਉਣਾ ਚਾਹੀਦਾ। ਜਾਂ ਉਸ ਨੂੰ ਆਪਣੇ ਪਤੀ ਵੱਲ ਵਾਪਿਸ ਪਰਤ ਜਾਣਾ ਚਾਹੀਦਾ ਹੈ। ਇਹ ਵੀ ਹੈ ਕਿ ਪਤੀ ਨੂੰ ਆਪਣੀ ਪਤਨੀ ਨੂੰ ਤਲਾਕ ਨਹੀਂ ਦੇਣਾ ਚਾਹੀਦਾ।

12 ਹੋਰਨਾ ਸਾਰੇ ਲੋਕਾਂ ਲਈ ਮੈਂ ਇਹ ਕਹਿੰਦਾ ਮੈਂ ਹਾਂ ਜੋ ਇਹ ਗੱਲਾਂ ਆਖਦਾ ਹਾਂ, ਪ੍ਰਭੂ ਨਹੀਂ। ਈਸਾਈ ਅਜਿਹੀ ਪਤਨੀ ਰੱਖ ਸੱਕਦਾ ਹੈ ਜੋ ਵਿਸ਼ਵਾਸੀ ਨਹੀਂ ਹੈ। ਅਤੇ ਜੇਕਰ ਉਹ ਉਸ ਦੇ ਨਾਲ ਰਹਿਣ ਦੀ ਇੱਛੁਕ ਹੈ, ਤਾਂ ਆਦਮੀ ਨੂੰ ਉਸ ਨੂੰ ਤਲਾਕ ਨਹੀਂ ਦੇਣਾ ਚਾਹੀਦਾ। 13 ਅਤੇ ਕੋਈ ਔਰਤ ਕਿਸੇ ਅਜਿਹੇ ਪਤੀ ਨਾਲ ਵਿਆਹ ਕਰ ਸੱਕਦੀ ਹੈ ਜਿਹੜਾ ਵਿਸ਼ਵਾਸੀ ਨਹੀਂ ਹੈ। ਅਤੇ ਜੇਕਰ ਉਹ ਉਸ ਨਾਲ ਰਹਿਣ ਦਾ ਇਛੁਕ ਹੈ, ਤਾਂ ਔਰਤ ਨੂੰ ਉਸ ਨੂੰ ਤਲਾਕ ਨਹੀਂ ਦੇਣਾ ਚਾਹੀਦਾ। 14 ਇੱਕ ਪਤੀ, ਜੋ ਕਿ ਵਿਸ਼ਵਾਸੀ ਨਹੀਂ ਹੈ, ਆਪਣੀ ਪਤਨੀ ਰਾਹੀਂ ਪਵਿੱਤਰ ਬਣਾਇਆ ਜਾਂਦਾ ਹੈ। ਅਤੇ ਇੱਕ ਪਤਨੀ ਜੋ ਕਿ ਵਿਸ਼ਵਾਸੀ ਨਹੀਂ ਹੈ ਆਪਣੇ ਪਤੀ ਰਾਹੀਂ ਪਵਿੱਤਰ ਬਣਾਈ ਜਾਂਦੀ ਹੈ। ਜੇ ਇਹ ਸੱਚ ਨਾ ਹੁੰਦਾ, ਫ਼ੇਰ ਤੁਹਾਡੇ ਬੱਚੇ ਅਸ਼ੁੱਧ ਹੁੰਦੇ। ਪਰ ਹੁਣ ਤੁਹਾਡੇ ਬੱਚੇ ਸ਼ੁੱਧ ਹਨ।

15 ਪਰ ਜੇ ਇੱਕ ਪਤੀ ਜਾਂ ਪਤਨੀ, ਜੋ ਕਿ ਵਿਸ਼ਵਾਸੀ ਨਹੀਂ ਹੈ, ਵੱਖ ਹੋਣ ਦਾ ਫ਼ੈਸਲਾ ਕਰ ਲੈਂਦਾ ਹੈ ਤਾਂ ਉਸ ਆਦਮੀ ਜਾਂ ਔਰਤ ਨੂੰ ਜਾਣ ਦਿਉ। ਜੇਕਰ ਅਜਿਹੀ ਗੱਲ ਵਾਪਰਦੀ ਹੈ, ਫ਼ੇਰ ਮਸੀਹ ਵਿੱਚ ਇੱਕ ਭਰਾ ਜਾਂ ਭੈਣ ਸੁਤੰਤਰ ਹੈ। ਪਰਮੇਸ਼ੁਰ ਨੇ ਸਾਨੂੰ ਸ਼ਾਂਤੀ ਵਿੱਚ ਰਹਿਣ ਲਈ ਸੱਦਿਆ। 16 ਪਤਨੀਉ, ਸ਼ਾਇਦ ਤੁਸੀਂ ਆਪਣੇ ਪਤੀਆਂ ਨੂੰ ਬਚਾ ਲਵੋ, ਅਤੇ ਪਤੀਓ ਸ਼ਾਇਦ ਤੁਸੀਂ ਆਪਣੀਆਂ ਪਤਨੀਆਂ ਨੂੰ ਬਚਾ ਲਵੋ। ਇਸ ਦਾ ਹੁਣ ਭਾਵੇ ਤੁਹਾਨੂੰ ਪਤਾ ਨਾ ਹੋਵੇ ਕਿ ਬਾਦ ਵਿੱਚ ਕੀ ਵਾਪਰੇਗਾ।

ਉਵੇਂ ਜੀਓ ਜਿਵੇਂ ਪਰਮੇਸ਼ੁਰ ਦਾ ਹੁਕਮ ਹੈ

17 ਪਰ ਹਰ ਮਨੁੱਖ ਨੂੰ ਉਸੇ ਦਸ਼ਾ ਅਨੁਸਾਰ ਰਹਿਣਾ ਚਾਹੀਦਾ ਹੈ ਜਿਸ ਤੇ ਪਰਮੇਸ਼ੁਰ ਨੇ ਉਸ ਨੂੰ ਜਿਉਣ ਲਈ ਨਿਯੁਕਤ ਕੀਤਾ ਹੈ। ਇਸਦਾ ਭਾਵ ਇਹ ਹੈ ਕਿ ਉਸ ਨੂੰ ਉਸੇ ਦਸ਼ਾ ਵਿੱਚ ਜਿਉਣਾ ਚਾਹੀਦਾ ਹੈ ਜਿਸ ਦਸ਼ਾ ਵਿੱਚ, ਪਰਮੇਸ਼ੁਰ ਨੇ ਉਸ ਨੂੰ ਬੁਲਾਇਆ ਸੀ। ਇਹੀ ਉਹ ਅਸੂਲ ਹੈ ਜਿਹੜਾ ਮੈਂ ਸਾਰੀਆਂ ਕਲੀਸਿਯਾਵਾਂ ਵਿੱਚ ਬਣਾਇਆ ਹੈ। 18 ਜੇ ਇੱਕ ਆਦਮੀ ਦੀ ਉਦੋਂ ਸੁੰਨਤ ਨਹੀਂ ਹੋਈ ਸੀ, ਜਦੋਂ ਪਰਮੇਸ਼ੁਰ ਨੇ ਉਸ ਨੂੰ ਬੁਲਾਇਆ ਸੀ, ਤਾ ਉਸਦੀ ਸੁੰਨਤ ਨਹੀਂ ਹੋਣੀ ਚਾਹੀਦੀ। ਜੇ ਕਿਸੇ ਬੰਦੇ ਦੀ ਬੁਲਾਵੇ ਸਮੇਂ ਸੁੰਨਤ ਨਹੀਂ ਹੋਈ ਤਾਂ ਉਸਦੀ ਸੁੰਨਤ ਨਹੀਂ ਕਰਨੀ ਚਾਹੀਦੀ। 19 ਇਸ ਗੱਲ ਦਾ ਕੋਈ ਮਹੱਤਵ ਨਹੀਂ ਕਿ ਕਿਸੇ ਬੰਦੇ ਦੀ ਸੁੰਨਤ ਹੋਈ ਹੈ ਜਾਂ ਨਹੀਂ। ਮਹੱਤਵਪੂਰਣ ਗੱਲ ਤਾਂ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਹੈ। 20 ਹਰ ਬੰਦੇ ਨੂੰ ਉਵੇਂ ਹੀ ਰਹਿਣਾ ਚਾਹੀਦਾ ਹੈ ਜਿਵੇਂ ਉਸ ਨੂੰ ਪਰਮੇਸ਼ੁਰ ਦਾ ਬੁਲਾਵਾ ਮਿਲਿਆ ਹੈ। 21 ਜੇ ਤੁਸੀਂ ਪਰਮੇਸ਼ੁਰ ਦੇ ਬੁਲਾਵੇ ਸਮੇਂ ਗੁਲਾਮ ਸੀ ਤਾਂ ਇਸ ਗੱਲ ਦੀ ਚਿੰਤਾ ਨਾ ਕਰੋ, ਪਰ ਜੇ ਤੁਸੀਂ ਸੁਤੰਤਰ ਹੋ ਸੱਕਦੇ ਹੋ, ਤਾਂ ਸੁਤੰਤਰ ਰਹੋ। 22 ਜਿਹੜਾ ਬੰਦਾ ਉਦੋਂ ਗੁਲਾਮ ਸੀ ਜਦੋਂ ਪ੍ਰਭੂ ਨੇ ਉਸ ਨੂੰ ਬੁਲਾਇਆ ਸੀ ਉਹ ਹੁਣ ਪ੍ਰਭੂ ਵਿੱਚ ਆਜ਼ਾਦ ਹੈ। ਇਸੇ ਢੰਗ ਨਾਲ ਹੀ, ਜਿਹੜਾ ਬੰਦਾ ਉਦੋਂ ਆਜ਼ਾਦ ਸੀ ਜਦੋਂ ਪਰਮੇਸ਼ੁਰ ਨੇ ਉਸ ਨੂੰ ਬੁਲਾਇਆ ਸੀ, ਹੁਣ ਮਸੀਹ ਦਾ ਇੱਕ ਗੁਲਾਮ ਹੈ। 23 ਤੁਸਾਂ ਲੋਕਾਂ ਨੂੰ ਇੱਕ ਵੱਡਾ ਮੁੱਲ ਤਾਰ ਕੇ ਖਰੀਦਿਆ ਗਿਆ ਸੀ। ਇਸ ਲਈ ਮਨੁੱਖਾਂ ਦੇ ਗੁਲਾਮ ਨਾ ਬਣੋ। 24 ਭਰਾਵੋ ਅਤੇ ਭੈਣੋ, ਪਰਮੇਸ਼ੁਰ ਨਾਲ ਆਪਣੀ ਨਵੀਂ ਜ਼ਿੰਦਗੀ, ਜਿਸ ਢੰਗ ਵਿੱਚ ਵੀ ਤੁਸੀਂ ਉਦੋਂ ਰਹਿ ਰਹੇ ਸੀ, ਜਦੋਂ ਪਰਮੇਸ਼ੁਰ ਨੇ ਤੁਹਾਨੂੰ ਸੱਦਿਆ ਸੀ, ਉਸੇ ਢੰਗ ਵਿੱਚ ਜੀਵੋ।

ਮਰਕੁਸ 5:1-20

ਯਿਸੂ ਦਾ ਇੱਕ ਆਦਮੀ ਨੂੰ ਭਰਿਸ਼ਟ ਆਤਮਾ ਤੋਂ ਮੁਕਤ ਕਰਨਾ(A)

ਯਿਸੂ ਅਤੇ ਉਸ ਦੇ ਚੇਲੇ ਝੀਲ ਦੇ ਦੂਜੇ ਪਾਰ ਗਏ ਅਤੇ ਗਿਰਸੇਨੀਆ ਦੇ ਦੇਸ਼ ਨੂੰ ਆਏ। ਜਦੋਂ ਯਿਸੂ ਬੇੜੀ ਵਿੱਚੋਂ ਬਾਹਰ ਆਇਆ ਤਾਂ, ਕਬਰਾਂ ਵੱਲੋਂ ਇੱਕ ਮਨੁੱਖ ਜਿਸ ਨੂੰ ਭਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ, ਉਸ ਕੋਲ ਆਇਆ। ਇਹ ਮਨੁੱਖ ਕਬਰਾਂ ਵਿੱਚਕਾਰ ਰਹਿੰਦਾ ਸੀ। ਕੋਈ ਉਸ ਨੂੰ ਜੰਜ਼ੀਰਾਂ ਨਾਲ ਵੀ ਨਹੀਂ ਬੰਨ੍ਹ ਸੱਕਦਾ ਸੀ। ਕਈ ਵਾਰ ਉਸ ਦੇ ਹੱਥ ਅਤੇ ਪੈਰ ਸੰਗਲਾਂ ਨਾਲ ਜਕੜੇ ਗਏ ਸਨ। ਪਰ ਉਹ ਉਨ੍ਹਾਂ ਨੂੰ ਤੋੜ ਸੁੱਟਦਾ। ਕੋਈ ਵੀ ਆਦਮੀ ਇੰਨਾ ਤਾਕਤਵਰ ਨਹੀਂ ਸੀ ਕਿ ਉਸ ਨੂੰ ਕਾਬੂ ਕਰ ਸੱਕਦਾ। ਦਿਨ-ਰਾਤ ਇਹ ਆਦਮੀ ਕਬਰਾਂ ਵਿੱਚਕਾਰ ਅਤੇ ਪਹਾੜੀਆਂ ਤੇ ਰਹਿੰਦਾ ਸੀ। ਅਤੇ ਚੀਕਦਾ ਰਹਿੰਦਾ ਅਤੇ ਆਪਣੇ-ਆਪ ਨੂੰ ਪੱਥਰਾਂ ਨਾਲ ਜ਼ਖਮੀ ਕਰਦਾ ਰਹਿੰਦਾ ਸੀ।

ਜਦੋਂ ਯਿਸੂ ਅਜੇ ਦੂਰ ਹੀ ਸੀ ਤਾਂ ਇਸ ਆਦਮੀ ਨੇ ਉਸ ਨੂੰ ਵੇਖ ਲਿਆ ਅਤੇ ਉਹ ਉਸ ਵੱਲ ਨਸਿਆ। ਅਤੇ ਉਸ ਅੱਗੇ ਜਾਕੇ ਝੁਕ ਗਿਆ। ਤੇ ਉਹ ਚੀਕਿਆ, “ਯਿਸੂ, ਤੂੰ ਮੇਰੇ ਨਾਲ ਕੀ ਕਰਨਾ ਚਾਹੁੰਦਾ? ਤੂੰ ਅੱਤ-ਮਹਾਨ ਪਰਮੇਸ਼ੁਰ ਦਾ ਪੁੱਤਰ ਹੈ! ਮੈਂ ਤੈਨੂੰ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ ਕਿ ਤੂੰ ਮੈਨੂੰ ਕਸ਼ਟ ਨਹੀਂ ਦੇਵੇਂਗਾ।” ਉਸ ਨੇ ਅਜਿਹਾ ਇਸ ਲਈ ਆਖਿਆ ਕਿਉਂਕਿ ਯਿਸੂ ਨੇ ਉਸ ਆਦਮੀ ਨੂੰ ਆਖਿਆ ਸੀ, “ਤੂੰ ਭਰਿਸ਼ਟ ਆਤਮਾ, ਇਸ ਮਨੁੱਖ ਵਿੱਚੋਂ ਬਾਹਰ ਆ ਜਾ।”

ਫ਼ਿਰ ਯਿਸੂ ਨੇ ਉਸ ਮਨੁੱਖ ਨੂੰ ਪੁੱਛਿਆ, “ਤੇਰਾ ਕੀ ਨਾਂ ਹੈ?”

ਉਸ ਮਨੁੱਖ ਨੇ ਜਵਾਬ ਦਿੱਤਾ, “ਮੇਰਾ ਨਾਉਂ ਲਸ਼ਕਰ ਹੈ, ਕਿਉਂਕਿ ਬਹੁਤ ਸਾਰੇ ਭਰਿਸ਼ਟ ਆਤਮੇ ਮੇਰੇ ਅੰਦਰ ਹਨ।” 10 ਫ਼ਿਰ ਉਸ ਆਦਮੀ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਉਸ ਥਾਂ ਤੋਂ ਬਾਹਰ ਨਾ ਕੱਢੇ।

11 ਉੱਥੇ ਪਹਾੜ ਦੇ ਨੇੜੇ ਸੂਰਾਂ ਦਾ ਇੱਕ ਵੱਡਾ ਇੱਜੜ ਚਰ ਰਿਹਾ ਸੀ। 12 ਉਨ੍ਹਾਂ ਭਰਿਸ਼ਟ ਆਤਮਿਆਂ ਨੇ ਉਸ ਅੱਗੇ ਅਰਜੋਈ ਕੀਤੀ ਕਿ “ਸਾਨੂੰ ਸੂਰਾਂ ਵਿੱਚ ਭੇਜ ਦੇ ਤਾਂ ਜੋ ਅਸੀਂ ਉਨ੍ਹਾਂ ਵਿੱਚ ਜਾ ਵੜੀਏ।” 13 ਤਾਂ ਯਿਸੂ ਨੇ ਉਨ੍ਹਾਂ ਨੂੰ ਜਾਣ ਦਿੱਤਾ। ਤਾਂ ਉਹ ਭਰਿਸ਼ਟ ਆਤਮੇ ਉਸ ਮਨੁੱਖ ਵਿੱਚੋਂ ਨਿਕਲਕੇ ਸੂਰਾਂ ਵਿੱਚ ਜਾ ਵੜੇ। ਅਤੇ ਇੱਜੜ ਪਹਾੜੀ ਦੀ ਸਿਧੀ ਢਲਾਣ ਤੇ ਭੱਜਦਾ ਹੋਇਆ ਝੀਲ ਵਿੱਚ ਡਿੱਗ ਪਿਆ। ਉਸ ਇੱਜੜ ਵਿੱਚ ਦੋ-ਹਜ਼ਾਰ ਦੇ ਕਰੀਬ ਸੂਰ ਸਨ ਅਤੇ ਉਹ ਸਾਰੇ ਦੇ ਸਾਰੇ ਝੀਲ ਵਿੱਚ ਡੁੱਬ ਗਏ।

14 ਜਿਹੜੇ ਆਦਮੀ ਉੱਥੇ ਸੂਰਾਂ ਨੂੰ ਚਰਵਾ ਅਤੇ ਉਨ੍ਹਾਂ ਰੱਖਵਾਲੀ ਕਰ ਰਹੇ ਸਨ ਨੱਸ ਗਏ ਅਤੇ ਨੱਸਦੇ ਹੋਏ ਸ਼ਹਿਰਾਂ ਅਤੇ ਖੇਤਾਂ ਵਿੱਚ ਜਾਕੇ ਉਨ੍ਹਾਂ ਨੇ ਲੋਕਾਂ ਨੂੰ ਇਹ ਸਾਰਾ ਹਾਲ ਜਾ ਸੁਣਾਇਆ। ਲੋਕ ਵੇਖਣ ਲਈ ਆਏ ਕਿ ਕੀ ਵਾਪਰਿਆ ਸੀ। 15 ਜਦੋਂ ਉਹ ਯਿਸੂ ਕੋਲ ਆਏ, ਉਨ੍ਹਾਂ ਨੇ ਉਸ ਆਦਮੀ ਨੂੰ ਵੇਖਿਆ ਜੋ ਭਰਿਸ਼ਟ ਆਤਮਿਆ ਦੇ ਕਬਜ਼ੇ ਵਿੱਚ ਸੀ। ਉਹ ਆਦਮੀ ਉੱਥੇ ਕੱਪੜੇ ਪਾਈ ਬੈਠਾ ਸੀ ਅਤੇ ਉਸਦੀ ਸੁਰਤ ਵੀ ਹੁਣ ਟਿਕਾਣੇ ਸੀ। ਇਹ ਵੇਖ ਲੋਕੀ ਡਰ ਗਏ। 16 ਕੁਝ ਲੋਕ ਉੱਥੇ ਸਨ, ਅਤੇ ਉਨ੍ਹਾਂ ਇਹ ਸਭ ਜੋ ਯਿਸੂ ਨੇ ਕੀਤਾ ਸੀ ਵੇਖਿਆ। ਉਨ੍ਹਾਂ ਨੇ, ਜੋ ਕੁਝ ਵੀ ਉਸ ਭੂਤਾਂ ਦੇ ਕਬਜ਼ੇ ਹੇਠ ਆਦਮੀ ਨਾਲ ਵਾਪਰਿਆ, ਆਣ ਸੁਣਾਇਆ, ਅਤੇ ਉਨ੍ਹਾਂ ਨੇ ਲੋਕਾਂ ਨੂੰ ਸੂਰਾਂ ਬਾਰੇ ਵੀ ਦਸਿਆ। 17 ਤਦ ਉਨ੍ਹਾਂ ਨੇ ਯਿਸੂ ਨੂੰ ਉਨ੍ਹਾਂ ਦਾ ਇਲਾਕਾ ਛੱਡ ਕੇ ਚੱਲੇ ਜਾਣ ਲਈ ਮਿੰਨਤ ਕੀਤੀ।

18 ਜਿਉਂ ਹੀ ਯਿਸੂ ਬੇੜੀ ਵਿੱਚ ਚੜ੍ਹ੍ਹਨ ਵਾਲਾ ਸੀ, ਜੋ ਵਿਅਕਤੀ ਭੂਤਾਂ ਤੋਂ ਮੁਕਤ ਹੋਇਆ ਸੀ ਉਸ ਨੇ ਉਸਦਾ ਅਨੁਸਰਣ ਕਰਨ ਦੀ ਆਗਿਆ ਮੰਗੀ। 19 ਪਰ ਯਿਸੂ ਨੇ ਉਸ ਨੂੰ ਆਪਣੇ ਨਾਲ ਆਉਣ ਦੀ ਇਜਾਜ਼ਤ ਨਾ ਦਿੱਤੀ ਅਤੇ ਕਿਹਾ, “ਤੂੰ ਆਪਣੇ ਪਰਿਵਾਰ ਅਤੇ ਸੰਗੀ-ਸਾਥੀਆਂ ਵਿੱਚ ਜਾ। ਤੂੰ ਉਨ੍ਹਾਂ ਨੂੰ ਦੱਸ ਜੋ ਪ੍ਰਭੂ ਨੇ ਤੇਰੇ ਲਈ ਕੀਤਾ ਹੈ। ਉਨ੍ਹਾਂ ਨੂੰ ਦੱਸ ਕਿ ਉਹ ਤੇਰੇ ਤੇ ਮਿਹਰਬਾਨ ਹੋਇਆ ਹੈ।”

20 ਉਹ ਆਦਮੀ ਚੱਲਿਆ ਗਿਆ। ਉਸ ਨੇ ਦਿਕਾਪੁਲਿਸ ਦੇ ਲੋਕਾਂ ਨੂੰ ਦੱਸਿਆ ਕਿ ਯਿਸੂ ਨੇ ਉਸ ਵਾਸਤੇ ਕੀ ਕੀਤਾ ਸੀ। ਸਾਰੇ ਲੋਕ ਉਸਦੀਆਂ ਗੱਲਾਂ ਸੁਣਕੇ ਹੈਰਾਨ ਸਨ।

Punjabi Bible: Easy-to-Read Version (ERV-PA)

2010 by World Bible Translation Center