Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 80

ਨਿਰਦੇਸ਼ਕ ਲਈ: “ਕਰਾਰ ਦੀ ਕੁਮਦਿਨੀ” ਦੀ ਧੁਨੀ ਲਈ ਆਸਾਫ਼ ਦਾ ਇੱਕ ਉਸਤਤਿ ਗੀਤ।

80 ਇਸਰਾਏਲ ਦੇ ਆਜੜੀ, ਕਿਰਪਾ ਕਰਕੇ ਮੈਨੂੰ ਸੁਣੋ।
    ਤੁਸੀਂ ਯੂਸੁਫ਼ ਦੀਆਂ ਭੇਡਾਂ (ਲੋਕਾਂ) ਦੀ ਅਗਵਾਈ ਕਰਦੇ ਹੋ।
ਤੁਸੀਂ ਤੇਜ ਦੇ ਕਰੂਬੀ ਉੱਪਰ ਰਾਜੇ ਵਾਂਗ ਬਿਰਾਜਮਾਨ ਹੋ।
    ਸਾਨੂੰ ਤੁਹਾਨੂੰ ਵੇਖਣ ਦਿਉ।
ਇਸਰਾਏਲ ਦੇ ਆਜੜੀ, ਆਪਣੀ ਮਹਾਨਤਾ ਇਫ਼ਰਾਈਮ,
    ਬਿਨਯਾਮੀਨ ਅਤੇ ਮਨੱਸ਼ਹ ਲਈ ਦਰਸ਼ਾਉ।
ਹੇ ਪਰਮੇਸ਼ੁਰ, ਸਾਨੂੰ ਇੱਕ ਵਾਰ ਫ਼ੇਰ ਪ੍ਰਵਾਨ ਕਰੋ।
    ਸਾਨੂੰ ਪ੍ਰਵਾਨ ਕਰੋ, ਸਾਨੂੰ ਬਚਾਉ।
ਯਹੋਵਾਹ ਸਰਬ ਸ਼ਕਤੀਮਾਨ, ਤੁਸੀਂ ਸਾਡੀਆਂ ਪ੍ਰਾਰਥਨਾ ਕਦੋਂ ਸੁਣੋਂਗੇ।
    ਕੀ ਸਦਾ ਲਈ ਸਾਡੇ ਉੱਤੇ ਕਹਿਰਵਾਨ ਹੋਵੋਂਗੇ।
ਤੁਸੀਂ ਆਪਣੇ ਲੋਕਾਂ ਨੂੰ ਹੰਝੂ ਦਿੱਤੇ ਹਨ, ਤੁਸੀਂ ਆਪਣੇ ਲੋਕਾਂ ਨੂੰ ਖਾਣ ਲਈ ਉਨ੍ਹਾਂ ਦੇ ਹੰਝੂਆਂ ਨਾਲ ਭਰੇ ਹੋਏ ਪਿਆਲੇ ਦਿੱਤੇ ਹਨ।
    ਇਹੀ ਉਨ੍ਹਾਂ ਦੇ ਪੀਣ ਲਈ ਪਾਣੀ ਸੀ।
ਤੂੰ ਸਾਨੂੰ ਸਾਡੇ ਗੁਆਂਢੀਆਂ ਲਈ ਝਗੜ੍ਹੇ ਦਾ ਕਰਣ ਬਣਾ ਦਿੱਤਾ।
    ਸਾਡੇ ਵੈਰੀ ਸਾਡੇ ਉੱਤੇ ਹੱਸਦੇ ਹਨ।
ਸਰਬ ਸ਼ਕਤੀਮਾਨ ਪਰਮੇਸ਼ੁਰ, ਸਾਨੂੰ ਇੱਕ ਵਾਰੀ ਫ਼ੇਰ ਪ੍ਰਵਾਨ ਕਰੋ।
    ਸਾਨੂੰ ਪ੍ਰਵਾਨ ਕਰੋ, ਸਾਨੂੰ ਬਚਾਉ।

ਅਤੀਤ ਵਿੱਚ ਤੁਸੀਂ ਸਾਡੇ ਨਾਲ ਬਹੁਤ ਮਹੱਤਵਪੂਰਣ ਬੂਟੇ ਵਰਗਾ ਵਿਹਾਰ ਕੀਤਾ ਸੀ।
    ਤੁਸੀਂ ਆਪਣੀ “ਵੇਲ” ਨੂੰ ਮਿਸਰ ਤੋਂ ਬਾਹਰ ਲਿਆਂਦਾ ਸੀ।
ਤੁਸੀਂ ਹੋਰਾਂ ਲੋਕਾਂ ਨੂੰ ਇਹ ਧਰਤੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਸੀ।
    ਅਤੇ ਆਪਣੀ “ਵੇਲ” ਨੂੰ ਇੱਥੇ ਬੀਜ ਦਿੱਤਾ ਸੀ।
ਤੁਸੀਂ “ਵੇਲ” ਲਈ ਭੂਇ ਤਿਆਰ ਕੀਤੀ। ਤੁਸੀਂ ਇਸਦੀ ਜੜ੍ਹ ਦੀ ਮਜ਼ਬੂਤੀ ਲਈ ਸਹਾਇਤਾ ਕੀਤੀ।
    ਛੇਤੀ ਹੀ “ਵੇਲ” ਸਾਰੀ ਜ਼ਮੀਨ ਉੱਤੇ ਫ਼ੈਲ ਗਈ।
10 ਇਸਨੇ ਪਰਬਤਾਂ ਨੂੰ ਢੱਕ ਦਿੱਤਾ ਸੀ
    ਇਸਦੇ ਪਤਿਆਂ ਨੇ ਦਿਉਦਾਰ ਦੇ ਰੁੱਖਾਂ ਉੱਤੇ ਵੀ ਛਾਂ ਕਰ ਦਿੱਤੀ ਸੀ।
11     ਇਸ ਦੀਆਂ ਸ਼ਾਖਾਵਾਂ ਭੂਮੱਧ ਸਾਗਰ ਤੱਕ ਫ਼ੈਲ ਗਈਆਂ
    ਇਸ ਦੀਆਂ ਟਹਿਣੀਆਂ ਫ਼ਰਾਤ ਨਦੀ ਤੱਕ ਫ਼ੈਲ ਗਈਆਂ।
12 ਹੇ ਪਰਮੇਸ਼ੁਰ, ਤੁਸੀਂ ਉਹ ਕੰਧਾਂ ਕਿਉਂ ਢਾਹ ਦਿੱਤੀਆਂ ਜਿਹੜੀਆਂ ਤੁਹਾਡੀ “ਵੇਲ” ਦੀ ਰੱਖਿਆ ਕਰਦੀਆਂ ਹਨ।
    ਹੁਣ ਹਰ ਲੰਘਣ ਵਾਲਾ ਇਸਦੇ ਅੰਗੂਰ ਤੋੜ ਲੈਂਦਾ ਹੈ।
13 ਜੰਗਲੀ ਸੂਰ ਆਉਂਦੇ ਹਨ ਅਤੇ ਆਕੇ ਤੁਹਾਡੀ “ਵੇਲ” ਨੂੰ ਲਤਾੜ ਦਿੰਦੇ ਹਨ।
    ਜੰਗਲੀ ਜਾਨਵਰ ਆਉਂਦੇ ਹਨ ਅਤੇ ਇਸਦੇ ਪੱਤੇ ਖਾ ਜਾਂਦੇ ਹਨ।
14 ਹੇ ਪਰਮੇਸ਼ੁਰ, ਸਰਬ ਸ਼ਕਤੀਮਾਨ ਕਿਰਪਾ ਕਰਕੇ ਵਾਪਸ ਆਉ
    ਅਤੇ ਸਵਰਗ ਵਿੱਚੋਂ ਹੇਠਾਂ ਆਪਣੀ “ਵੇਲ” ਵੱਲ ਵੇਖੋ ਅਤੇ ਇਸਦੀ ਰੱਖਿਆ ਕਰੋ।
15 ਹੇ ਪਰਮੇਸ਼ੁਰ, ਆਪਣੀ ਵੇਲ ਵੱਲ ਵੇਖੋ ਜਿਸ ਨੂੰ ਤੁਸੀਂ ਆਪਣੇ ਹੱਥੀਂ ਬੀਜਿਆ ਸੀ।
    ਉਸ ਜਵਾਨ ਬੂਟੇ ਵੱਲ ਵੇਖੋ ਜਿਸ ਨੂੰ ਤੁਸੀਂ ਆਪਣੇ ਲਈ ਉਗਾਇਆ ਸੀ।
16 ਤੁਹਾਡੀ ਭਿਆਨਕ ਝਿੜਕ ਦੇ ਕਾਰਣ ਇਹ ਇੱਕ ਸੁੱਕੇ
    ਗੋਹੇ ਵਾਂਗ ਸਾੜ ਦਿੱਤੀ ਗਈ ਹੈ।

17 ਹੇ ਪਰਮੇਸ਼ੁਰ, ਆਪਣੇ ਹੱਥ ਨਾਲ ਉਸ ਆਦਮੀ ਕੋਲ ਪਹੁੰਚੋ, ਜਿਹੜਾ ਤੇਰੇ ਸੱਜੇ ਹੱਥ ਖੜੋਂਦਾ ਹੈ।
    ਉਸ ਕੋਲ ਪਹੁੰਚ ਜਿਸ ਨੂੰ ਤੂੰ ਆਪਣੀ ਖਾਤਿਰ ਵੱਧਣ ਵਿੱਚ ਮਦਦ ਕੀਤੀ ਸੀ।
18 ਤਾਂ ਅਸੀਂ ਤੁਹਾਡੇ ਕੋਲੋਂ ਫ਼ੇਰ ਤੋਂ ਬੇਮੁੱਖ ਨਹੀਂ ਹੋਵਾਂਗੇ।
    ਸਾਨੂੰ ਜੀਵਨ ਦੇ ਤਾਂ ਜੋ ਤੁਹਾਡੇ ਨਾਮ ਦੁਆਰਾ ਬੁਲਾਏ ਜਾਈਏ।
19 ਸਰਬ ਸ਼ਕਤੀਮਾਨ ਯਹੋਵਾਹ, ਸਾਨੂੰ ਜਵਾਬ ਦੇ
    ਸਾਨੂੰ ਅਸੀਸ ਦੇ ਅਤੇ ਅਸੀਂ ਬਚਾਏ ਜਾਵਾਂਗੇ।

ਜ਼ਬੂਰ 77

ਨਿਰਦੇਸ਼ਕ ਲਈ: ਯਦੂਥੂਨ ਲਈ। ਆਸਾਫ਼ ਦਾ ਇੱਕ ਉਸਤਤਿ ਗੀਤ।

77 ਮੈਂ ਪਰਮੇਸ਼ੁਰ ਨੂੰ ਆਵਾਜ਼ ਦਿੰਦਾ ਹਾਂ ਅਤੇ ਸਹਾਇਤਾ ਲਈ ਰੋਂਦਾ ਹਾਂ।
    ਹੇ ਪਰਮੇਸ਼ੁਰ ਮੈਂ ਤੈਨੂੰ ਆਵਾਜ਼ ਦਿੰਦਾ ਹਾਂ, ਮੇਰੀ ਆਵਾਜ਼ ਸੁਣੋ।
ਮੇਰੇ ਮਾਲਕ, ਮੈਂ ਜਦੋਂ ਵੀ ਮੁਸੀਬਤ ਵਿੱਚ ਹੁੰਦਾ ਹਾਂ ਤੇਰੇ ਕੋਲ ਆਉਂਦਾ ਹਾਂ।
    ਮੈਂ ਰਾਤ ਭਰ ਤੁਹਾਡੇ ਲਈ ਪੁਕਾਰਿਆ।
    ਮੇਰੀ ਰੂਹ ਨੇ ਸੁਖੀ ਹੋਣਾ ਨਾਮੰਜ਼ੂਰ ਕਰ ਦਿੱਤਾ।
ਮੈਂ ਪਰਮੇਸ਼ੁਰ ਬਾਰੇ ਸੋਚਦਾ ਹਾਂ,
    ਅਤੇ ਉਸ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹਾਂ ਕਿ ਮੇਰਾ ਕੀ ਹਾਲ ਹੈ।
    ਪਰ ਮੈਂ ਅਜਿਹਾ ਨਹੀਂ ਕਰ ਸੱਕਦਾ।
ਤੁਸੀਂ ਮੈਨੂੰ ਸੌਣ ਨਹੀਂ ਦਿੰਦੇ ਹੋ।
    ਮੈਂ ਕੁਝ ਆਖਣ ਦੀ ਕੋਸ਼ਿਸ਼ ਵੀ ਕੀਤੀ, ਪਰ ਮੈਂ ਬਹੁਤ ਪਰੇਸ਼ਾਨ ਸਾਂ।
ਮੈਂ ਅਤੀਤ ਬਾਰੇ ਸੋਚਦਾ ਰਿਹਾ।
    ਮੈਂ ਉਨ੍ਹਾਂ ਗੱਲਾਂ ਬਾਰੇ ਸੋਚਦਾ ਰਿਹਾ ਜਿਹੜੀਆਂ ਬਹੁਤ ਪਹਿਲਾਂ ਵਾਪਰੀਆਂ ਸਨ।
ਰਾਤ ਵੇਲੇ ਮੈਂ ਆਪਣੇ ਗੀਤਾਂ ਬਾਰੇ ਸੋਚਣ ਦੀ ਕੋਸ਼ਿਸ਼ ਕਰਦਾ ਹਾਂ।
    ਮੈਂ ਆਪਣੇ-ਆਪ ਨਾਲ ਗੱਲਾਂ ਕਰਦਾ ਹਾਂ ਅਤੇ ਸਮਝਣ ਦੀ ਕੋਸ਼ਿਸ਼ ਕਰਦਾ ਹਾਂ।
ਮੈਂ ਹੈਰਾਨ ਹੁੰਦਾ ਹਾਂ, “ਕੀ ਸਾਡਾ ਯਹੋਵਾਹ ਸਾਨੂੰ ਸਦਾ ਲਈ ਛੱਡ ਗਿਆ ਹੈ?
    ਕੀ ਉਹ ਸਾਨੂੰ ਫ਼ੇਰ ਕਦੀ ਵੀ ਨਹੀਂ ਚਾਹੇਗਾ?
ਕੀ ਪਰਮੇਸ਼ੁਰ ਦਾ ਪਿਆਰ ਸਦਾ ਲਈ ਮੁੱਕ ਗਿਆ ਹੈ?
    ਕੀ ਫ਼ੇਰ ਕਦੀ ਵੀ ਉਹ ਸਾਡੇ ਨਾਲ ਨਹੀਂ ਬੋਲੇਗਾ?
ਕੀ ਪਰਮੇਸ਼ੁਰ ਮਿਹਰ ਕਰਨੀ ਭੁੱਲ ਗਿਆ ਹੈ?
    ਕੀ ਉਸਦੀ ਹਮਦਰਦੀ ਗੁੱਸੇ ਵਿੱਚ ਬਦਲ ਗਈ ਹੈ?”

10 ਮੈਂ ਫ਼ੇਰ ਸੋਚਿਆ, “ਜਿਹੜਾ ਮਾਮਲਾ ਮੈਨੂੰ ਸਤਾਉਂਦਾ ਹੈ ਇਹ ਹੈ,
    ਕੀ ਸਰਬ ਉੱਚ ਪਰਮੇਸ਼ੁਰ ਆਪਣੀ ਸ਼ਕਤੀ ਖੋਹ ਚੁੱਕਿਆ ਹੈ?”

11 ਮੈਨੂੰ ਯਾਦ ਹੈ ਯਹੋਵਾਹ ਨੇ ਕੀ ਕੁਝ ਕੀਤਾ।
    ਹੇ ਪਰਮੇਸ਼ੁਰ, ਮੈਨੂੰ ਉਹ ਅਦਭੁਤ ਗੱਲਾਂ ਚੇਤੇ ਹਨ ਜਿਹੜੀਆਂ ਤੁਸਾਂ ਬਹੁਤ ਸਮਾਂ ਪਹਿਲਾਂ ਕੀਤੀਆਂ ਸਨ।
12 ਮੈਂ ਉਸ ਬਾਰੇ ਸੋਚਿਆ ਜੋ ਤੁਸਾਂ ਨੇ ਕੀਤਾ ਹੈ।
    ਮੈਂ ਉਨ੍ਹਾਂ ਗੱਲਾਂ ਬਾਰੇ ਸੋਚਿਆ।
13 ਹੇ ਪਰਮੇਸ਼ੁਰਾ ਤੁਹਾਡੇ ਰਾਹ ਪਵਿੱਤਰ ਹਨ।
    ਹੇ ਪਰਮੇਸ਼ੁਰ ਤੁਹਾਡੇ ਜਿਹਾ ਕੋਈ ਮਹਾਨ ਨਹੀਂ ਹੈ।
14 ਤੁਸੀਂ ਪਰਮੇਸ਼ੁਰ ਹੋ ਜਿਸਨੇ ਅਦਭੁਤ ਗੱਲਾਂ ਕੀਤੀਆਂ ਹਨ।
    ਤੁਸੀਂ ਲੋਕਾਂ ਨੂੰ ਆਪਣੀ ਮਹਾਨ ਸ਼ਕਤੀ ਦਰਸ਼ਾਈ।
15 ਤੁਸੀਂ ਆਪਣੇ ਲੋਕਾਂ ਨੂੰ ਆਪਣੀ ਸ਼ਕਤੀ ਨਾਲ ਬਚਾਇਆ।
    ਤੁਸੀਂ ਯਾਕੂਬ ਅਤੇ ਯੂਸੁਫ਼ ਦੀ ਔਲਾਦਾਂ ਨੂੰ ਬਚਾਇਆ।

16 ਹੇ ਪਰਮੇਸ਼ੁਰ, ਪਾਣੀ ਨੇ ਤੁਹਾਨੂੰ ਵੇਖਿਆ ਅਤੇ ਡਰ ਗਿਆ।
    ਡੂੰਘਾ ਪਾਣੀ ਡਰ ਨਾਲ ਕੰਬ ਉੱਠਿਆ।
17 ਮੋਟੇ ਬੱਦਲਾਂ ਨੇ ਆਪਣਾ ਪਾਣੀ ਸੁੱਟ ਦਿੱਤਾ।
    ਲੋਕਾਂ ਨੇ ਉੱਚੇ ਬੱਦਲਾਂ ਵਿੱਚ ਉੱਚੀ ਕੜਕ ਸੁਣੀ।
    ਫ਼ੇਰ ਤੁਹਾਡੇ ਬਿਜਲੀ ਦੇ ਤੀਰ ਬੱਦਲਾਂ ਵਿੱਚ ਚਮਕੇ।
18 ਬਹੁਤ ਉੱਚੀ ਗਰਜ ਹੋਈ।
    ਬਿਜਲੀ ਨੇ ਸਾਰੀ ਦੁਨੀਆਂ ਰੌਸ਼ਨ ਕੀਤੀ।
    ਕੰਬੀ ਅਤੇ ਹਿੱਲੀ ਧਰਤੀ।
19 ਹੇ ਪਰਮੇਸ਼ੁਰ, ਤੁਸੀਂ ਡੂੰਘੇ ਪਾਣੀਆਂ ਵਿੱਚੋਂ ਦੀ ਚੱਲੇ, ਤੁਸੀਂ ਡੂੰਘਾ ਸਮੁੰਦਰ ਪਾਰ ਕੀਤਾ।
    ਪਰ ਤੁਸੀਂ ਕੋਈ ਵੀ ਪੈਰ ਚਿਨ੍ਹ ਨਹੀਂ ਛੱਡਿਆ।
20 ਤੁਸੀਂ ਮੂਸਾ ਅਤੇ ਹਾਰੂਨ ਨੂੰ ਆਪਣੇ ਲੋਕਾਂ ਦੀ ਭੇਡਾਂ ਵਾਂਗ
    ਅਗਵਾਈ ਕਰਨ ਲਈ ਇਸਤੇਮਾਲ ਕੀਤਾ।

ਜ਼ਬੂਰ 79

ਆਸਾਫ਼ ਦਾ ਇੱਕ ਉਸਤਤਿ ਗੀਤ।

79 ਹੇ ਪਰਮੇਸ਼ੁਰ, ਪਰਾਈਆਂ ਕੌਮਾਂ ਦੇ ਲੋਕ ਤੁਹਾਡੇ ਲੋਕਾਂ ਨਾਲ ਲੜਨ ਲਈ ਆਏ ਸਨ।
    ਉਨ੍ਹਾਂ ਨੇ ਤੁਹਾਡੇ ਪਵਿੱਤਰ ਮੰਦਰ ਨੂੰ ਦੂਸ਼ਿਤ ਕਰ ਦਿੱਤਾ।
    ਉਨ੍ਹਾਂ ਨੇ ਯਰੂਸ਼ਲਮ ਨੂੰ ਖੰਡਰ ਬਣਾ ਦਿੱਤਾ।
ਵੈਰੀਆਂ ਨੇ ਤੁਹਾਡੇ ਸੇਵਕਾਂ ਦੀਆਂ ਲਾਸ਼ਾਂ ਨੂੰ ਗਿਲਝਾਂ ਅੱਗੇ ਖਾਣ ਲਈ ਸੁੱਟ ਦਿੱਤਾ।
    ਉਨ੍ਹਾਂ ਨੇ ਤੁਹਾਡੇ ਪੈਰੋਕਾਰਾਂ ਦੀਆਂ ਲਾਸ਼ਾਂ ਨੂੰ ਜਾਨਵਰਾਂ ਅੱਗੇ ਖਾਣ ਲਈ ਸੁੱਟ ਦਿੱਤਾ।
ਹੇ ਪਰਮੇਸ਼ੁਰ, ਵੈਰੀ ਨੇ ਤੇਰੇ ਲੋਕਾਂ ਨੂੰ ਉਦੋਂ ਤੱਕ ਮਾਰਿਆ ਅਤੇ ਸੁੱਟਿਆ ਜਦੋਂ ਤੱਕ ਲਹੂ ਦੀਆਂ ਨਦੀਆਂ ਨਾ ਵਗ ਤੁਰੀਆਂ।
    ਕੋਈ ਵੀ ਬੰਦਾ ਲਾਸ਼ਾਂ ਦਫ਼ਨਾਉਣ ਲਈ ਨਹੀਂ ਬਚਿਆ।
ਸਾਡੇ ਗੁਆਂਢੀ ਦੇਸ਼ਾਂ ਨੇ ਸਾਨੂੰ ਬੇਇੱਜ਼ਤ ਕੀਤਾ।
    ਆਲੇ-ਦੁਆਲੇ ਦੇ ਲੋਕ ਸਾਡੇ ਉੱਤੇ ਹੱਸੇ ਅਤੇ ਉਨ੍ਹਾਂ ਨੇ ਸਾਡਾ ਮਜ਼ਾਕ ਉਡਾਇਆ।
ਹੇ ਪਰਮੇਸ਼ੁਰ, ਕੀ ਤੁਸੀਂ ਸਦਾ ਲਈ ਸਾਡੇ ਉੱਤੇ ਕਹਿਰਵਾਨ ਹੋਵੋਂਗੇ?
    ਕੀ ਤੁਹਾਡੀਆਂ ਕਠੋਰ ਭਾਵਨਾਵਾਂ ਸਾਨੂੰ ਅੱਗ ਵਾਂਗ ਸਾੜੀ ਜਾਣਗੀਆਂ।
ਹੇ ਪਰਮੇਸ਼ੁਰ, ਆਪਣੇ ਗੁੱਸੇ ਨੂੰ ਉਨ੍ਹਾਂ ਕੌਮਾਂ ਵੱਲ ਮੋੜ ਜਿਹੜੇ ਤੁਹਾਨੂੰ ਨਹੀਂ ਜਾਣਦੇ।
    ਆਪਣਾ ਗੁੱਸਾ ਉਨ੍ਹਾਂ ਕੌਮਾਂ ਵੱਲ ਮੋੜ ਜਿਹੜੇ ਤੁਹਾਡੇ ਨਾਮ ਦੀ ਉਪਾਸਨਾ ਨਹੀਂ ਕਰਦੇ।
ਉਨ੍ਹਾਂ ਕੌਮਾਂ ਨੇ ਯਾਕੂਬ ਨੂੰ ਤਬਾਹ ਕੀਤਾ।
    ਉਨ੍ਹਾਂ ਨੇ ਯਾਕੂਬ ਦੇ ਦੇਸ਼ ਨੂੰ ਤਬਾਹ ਕਰ ਦਿੱਤਾ।
ਹੇ ਪਰਮੇਸ਼ੁਰ, ਸਾਨੂੰ ਸਾਡੇ ਪੁਰਖਿਆਂ ਦੇ ਗੁਨਾਹਾਂ ਲਈ ਦੰਡ ਨਾ ਦਿਉ।
    ਛੇਤੀ ਕਰੋ, ਸਾਡੇ ਉੱਤੇ ਦਯਾ ਕਰੋ।
    ਸਾਨੂੰ ਤੇਰੀ ਕਿੰਨੀ ਜ਼ਰੂਰਤ ਹੈ।
ਸਾਡੇ ਪਰਮੇਸ਼ੁਰ ਅਤੇ ਮੁਕਤੀਦਾਤਾ, ਸਾਡੀ ਸਹਾਇਤਾ ਕਰੋ।
    ਸਾਡੀ ਸਹਾਇਤਾ ਕਰ। ਸਾਨੂੰ ਬਚਾਉ।
ਇਸ ਨਾਲ ਤੁਹਾਡਾ ਨਾਮ ਮਹਿਮਾਮਈ ਹੋਵੇਗਾ।
    ਆਪਣੇ ਨਾਮ ਦੇ ਚੰਗੇ ਲਈ ਸਾਡੇ ਪਾਪਾਂ ਨੂੰ ਢਾਹ ਦਿਉ।
10 ਸਾਨੂੰ ਹੋਰਾਂ ਕੌਮਾਂ ਨੂੰ ਨਾ ਕਹਿਣ ਦਿਉ, “ਤੁਹਾਡਾ ਪਰਮੇਸ਼ੁਰ ਕਿੱਥੇ ਹੈ?
    ਕੀ ਉਹ ਤੁਹਾਡੀ ਸਹਾਇਤਾ ਨਹੀਂ ਕਰ ਸੱਕਦਾ?”
ਹੇ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਦੰਡ ਦਿਉ ਤਾਂ ਜੋ ਅਸੀਂ ਵੇਖ ਸੱਕੀਏ।
    ਉਨ੍ਹਾਂ ਨੂੰ ਆਪਣੇ ਸੇਵਕਾਂ ਨੂੰ ਮਾਰਨ ਦਾ ਦੰਡ ਦਿਉ।
11 ਕਿਰਪਾ ਕਰਕੇ ਕੈਦੀਆਂ ਦੀ ਕੁਰਲਾਟ ਸੁਣੋ।
    ਹੇ ਪਰਮੇਸ਼ੁਰ, ਆਪਣੀ ਮਹਾਨ ਸ਼ਕਤੀ ਦਾ ਇਸਤੇਮਾਲ ਕਰੋ ਅਤੇ ਉਨ੍ਹਾਂ ਲੋਕਾਂ ਨੂੰ ਬਚਾ ਲਵੋ ਜਿਨ੍ਹਾਂ ਨੂੰ ਮੌਤ ਦੇ ਹਵਾਲੇ ਕੀਤਾ ਗਿਆ ਹੈ।
12 ਹੇ ਪਰਮੇਸ਼ੁਰ, ਸਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਸੱਤ ਵਾਰੀ ਦੰਡ ਦਿਉ
    ਜੋ ਉਨ੍ਹਾਂ ਨੇ ਸਾਡੇ ਨਾਲ ਇੱਕ ਵਾਰੀ ਕੀਤਾ ਸੀ।
    ਉਨ੍ਹਾਂ ਲੋਕਾਂ ਨੂੰ ਤੁਹਾਨੂੰ ਬੇਇੱਜ਼ਤ ਕਰਨ ਦੇ ਬਦਲੇ ਦੰਡ ਦਿਉ।
13 ਅਸੀਂ ਤੁਹਾਡੇ ਬੰਦੇ ਹਾਂ।
    ਅਸੀਂ ਤੁਹਾਡੇ ਇਜ਼ੜ ਦੀਆਂ ਭੇਡਾਂ ਹਾਂ।
ਅਸੀਂ ਸਦਾ ਹੀ ਤੁਹਾਡੀ ਉਸਤਤਿ ਕਰਾਂਗੇ।
    ਹੇ ਪਰਮੇਸ਼ੁਰ, ਅਸੀਂ ਸਦਾ-ਸਦਾ ਹੀ ਤੁਹਾਡੀ ਉਸਤਤਿ ਕਰਾਂਗੇ।

ਉਤਪਤ 25:19-34

ਇਸਹਾਕ ਦਾ ਪਰਿਵਾਰ

19 ਇਹ ਇਸਹਾਕ ਦੀ ਕਹਾਣੀ ਹੈ। ਅਬਰਾਹਾਮ ਦਾ ਇਸਹਾਕ ਨਾਮ ਦਾ ਇੱਕ ਪੁੱਤਰ ਸੀ। 20 ਜਦੋਂ ਇਸਹਾਕ 40 ਵਰ੍ਹਿਆਂ ਦਾ ਹੋਇਆ ਤਾਂ ਉਸ ਨੇ ਰਿਬਕਾਹ ਨਾਲ ਵਿਆਹ ਕਰਵਾਇਆ। ਰਿਬਕਾਹ ਪਦਨ ਅਰਾਮ ਤੋਂ ਸੀ। ਉਹ ਬਥੂਏਲ ਦੀ ਧੀ ਸੀ ਅਤੇ ਲਾਬਾਨ ਅਰਾਮੀ ਦੀ ਭੈਣ ਸੀ। 21 ਇਸਹਾਕ ਦੀ ਪਤਨੀ ਬਾਂਝ ਸੀ। ਇਸ ਲਈ ਇਸਹਾਕ ਨੇ ਆਪਣੀ ਪਤਨੀ ਲਈ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਯਹੋਵਾਹ ਨੇ ਇਸਹਾਕ ਦੀ ਪ੍ਰਾਰਥਨਾ ਸੁਣ ਲਈ। ਅਤੇ ਯਹੋਵਾਹ ਦੀ ਰਜ਼ਾ ਨਾਲ ਰਿਬਕਾਹ ਗਰਭਵਤੀ ਹੋ ਗਈ।

22 ਜਦੋਂ ਰਿਬਕਾਹ ਗਰਭਵਤੀ ਸੀ, ਉਸਦੀ ਕੁੱਖ ਅੰਦਰਲੇ ਬੱਚਿਆਂ ਨੇ ਇੱਕ ਦੂਜੇ ਨਾਲ ਘੋਲ ਕੀਤਾ। ਰਿਬਕਾਹ ਯਹੋਵਾਹ ਨੂੰ ਪੁੱਛਣ ਲਈ ਗਈ, “ਮੇਰੇ ਨਾਲ ਇਹ ਕਿਉਂ ਹੋ ਰਿਹਾ ਹੈ?” 23 ਯਹੋਵਾਹ ਨੇ ਉਸ ਨੂੰ ਆਖਿਆ,

“ਤੇਰੇ ਸ਼ਰੀਰ ਅੰਦਰ ਦੋ ਕੌਮਾਂ ਹਨ।
    ਦੋ ਪਰਿਵਾਰਾਂ ਦੇ ਹਾਕਮ ਤੇਰੇ ਵਿੱਚੋਂ ਪੈਦਾ ਹੋਣਗੇ
    ਅਤੇ ਉਹ ਵੱਖ ਕੀਤੇ ਜਾਣਗੇ।
ਇੱਕ ਪੁੱਤਰ ਦੂਜੇ ਨਾਲੋਂ ਤਕੜਾ ਹੋਵੇਗਾ।
    ਵੱਡਾ ਪੁੱਤਰ ਛੋਟੇ ਦੀ ਖਿਦਮਤ ਕਰੇਗਾ।”

24 ਅਤੇ ਸਹੀ ਸਮੇਂ ਸਿਰ ਇਬਕਾਹ ਨੇ ਜੌੜੇ ਪੁੱਤਰਾਂ ਨੂੰ ਜਨਮ ਦਿੱਤਾ। 25 ਪਹਿਲਾ ਬੱਚਾ ਲਾਲ ਸੀ ਉਸਦੀ ਚਮੜੀ ਬੁਰਦਾਰ ਕੰਬਲੀ ਵਰਗੀ ਸੀ। ਇਸ ਲਈ ਉਸਦਾ ਨਾਮ ਏਸਾਓ ਰੱਖਿਆ ਗਿਆ। 26 ਜਦੋਂ ਦੂਸਰਾ ਬੱਚਾ ਜੰਮਿਆ ਤਾਂ ਉਸ ਨੇ ਏਸਾਓ ਦੀ ਅੱਡੀ ਨੂੰ ਘੁੱਟਕੇ ਫ਼ੜਿਆ ਹੋਇਆ ਸੀ। ਇਸ ਲਈ ਉਸ ਬੱਚੇ ਦਾ ਨਾਮ ਯਾਕੂਬ ਰੱਖਿਆ ਗਿਆ। ਉਦੋਂ ਇਸਹਾਕ 60 ਵਰ੍ਹਿਆ ਦਾ ਸੀ ਜਦੋਂ ਯਾਕੂਬ ਅਤੇ ਏਸਾਓ ਜੰਮੇ।

27 ਮੁਂਡੇ ਵੱਡੇ ਹੋਏ। ਏਸਾਓ ਨਿਪੁੰਨ ਸ਼ਿਕਾਰੀ ਬਣ ਗਿਆ। ਉਹ ਖੇਤਾਂ ਅੰਦਰ ਘੁੰਮਣਾ ਪਸੰਦ ਕਰਦਾ ਸੀ। ਪਰ ਯਾਕੂਬ ਇੱਕ ਚੁੱਪ-ਚਪੀਤਾ ਆਦਮੀ ਸੀ ਅਤੇ ਉਹ ਡੇਰੇ ਦੀ ਦੇਖਭਾਲ ਕਰਦਾ ਹੁੰਦਾ ਸੀ। 28 ਇਸਹਾਕ ਏਸਾਓ ਨੂੰ ਪਿਆਰ ਕਰਦਾ ਸੀ। ਉਹ ਏਸਾਓ ਦੇ ਸ਼ਿਕਾਰ ਕੀਤੇ ਜਾਨਵਰਾਂ ਨੂੰ ਖਾਣਾ ਪਸੰਦ ਕਰਦਾ ਸੀ। ਪਰ ਰਿਬਕਾਹ ਯਾਕੂਬ ਨੂੰ ਪਿਆਰ ਕਰਦੀ ਸੀ।

29 ਇੱਕ ਦਿਨ, ਏਸਾਓ ਸ਼ਿਕਾਰ ਤੋਂ ਵਾਪਸ ਆਇਆ। ਉਹ ਥੱਕਿਆ ਹੋਇਆ ਅਤੇ ਭੁੱਖਾ ਸੀ। ਯਾਕੂਬ ਫ਼ਲੀਆਂ ਰਿੰਨ੍ਹ ਰਿਹਾ ਸੀ। 30 ਇਸ ਲਈ ਏਸਾਓ ਨੇ ਯਾਕੂਬ ਨੂੰ ਕਿਹਾ, “ਮੈਂ ਬਹੁਤ ਭੁੱਖਾ ਹਾਂ। ਮੈਨੂੰ ਉਨ੍ਹਾਂ ਲਾਲ ਫ਼ਲੀਆਂ ਵਿੱਚੋਂ ਥੋੜੀਆਂ ਜਿਹੀਆਂ ਦੇ।” (ਇਹੀ ਕਾਰਣ ਹੈ ਕਿ ਲੋਕ ਉਸ ਨੂੰ ਅਦੋਮ ਸੱਦਦੇ ਹਨ।)

31 ਪਰ ਯਾਕੂਬ ਨੇ ਆਖਿਆ, “ਤੈਨੂੰ ਅੱਜ ਪਹਿਲੋਠੇ ਹੋਣ ਦੇ ਸਾਰੇ ਹੱਕ ਮੈਨੂੰ ਦੇਣੇ ਪੈਣਗੇ।”

32 ਏਸਾਓ ਨੇ ਆਖਿਆ, “ਮੈਂ ਤਾਂ ਭੁੱਖ ਨਾਲ ਮਰ ਰਿਹਾ ਹਾਂ। ਜੇ ਮੈਂ ਮਰ ਗਿਆ, ਤਾਂ ਮੇਰੇ ਪਹਿਲੋਠੇ ਪੁੱਤਰ ਹੋਣ ਦਾ ਹੱਕ ਮੇਰੇ ਕਿਸ ਕੰਮ ਦਾ ਹੋਵੇਗਾ।”

33 ਪਰ ਯਾਕੂਬ ਨੇ ਆਖਿਆ, “ਪਹਿਲਾਂ ਇਕਰਾਰ ਕਰ ਕਿ ਤੂੰ ਇਹ ਮੈਨੂੰ ਦੇ ਦੇਵੇਂਗਾ।” ਇਸ ਲਈ ਏਸਾਓ ਨੇ ਯਾਕੂਬ ਨੂੰ ਵਚਨ ਦੇ ਦਿੱਤਾ। ਏਸਾਓ ਨੇ ਪਿਤਾ ਦੀ ਆਪਣੇ ਹਿੱਸੇ ਦੀ ਜ਼ਾਇਦਾਦ ਯਾਕੂਬ ਨੂੰ ਵੇਚ ਦਿੱਤੀ। 34 ਫ਼ੇਰ ਯਾਕੂਬ ਨੇ ਏਸਾਓ ਨੂੰ ਰੋਟੀ ਅਤੇ ਫ਼ਲਿਆਂ ਦੇ ਦਿੱਤੀਆਂ। ਏਸਾਓ ਨੇ ਖਾਧਾ-ਪੀਤਾ ਅਤੇ ਚੱਲਾ ਗਿਆ। ਇਸ ਤਰ੍ਹਾਂ ਏਸਾਓ ਨੇ ਦਰਸਾਇਆ ਕਿ ਉਸ ਨੂੰ ਆਪਣੇ ਪਹਿਲੋਠੇ ਪੁੱਤਰ ਹੋਣ ਦੇ ਅਧਿਕਾਰਾਂ ਦੀ ਕੋਈ ਪ੍ਰਵਾਹ ਨਹੀਂ ਸੀ।

ਇਬਰਾਨੀਆਂ ਨੂੰ 13:1-16

ਇਹੋ ਜਿਹੀ ਆਰਾਧਨਾ ਕਰੋ ਜੋ ਕਿ ਪਰਮੇਸ਼ਰ ਨੂੰ ਪ੍ਰਸੰਨ ਕਰੇ

13 ਤੁਸੀਂ ਮਸੀਹ ਵਿੱਚ ਭਰਾ ਅਤੇ ਭੈਣਾਂ ਹੋ, ਇਸ ਲਈ ਇੱਕ ਦੂਸਰੇ ਨੂੰ ਪਿਆਰ ਕਰਨਾ ਜਾਰੀ ਰੱਖੋ। ਹਮੇਸ਼ਾ ਅਜਨਬੀਆਂ ਨੂੰ ਆਪਣੇ ਘਰ ਬੁਲਾਉਣਾ ਅਤੇ ਉਨ੍ਹਾਂ ਦੀ ਮਦਦ ਕਰਨੀ ਚੇਤੇ ਰੱਖੋ। ਅਜਿਹਾ ਕਰਕੇ, ਕੁਝ ਲੋਕਾਂ ਨੇ ਆਪਣੇ ਗਿਆਨ ਦੇ ਬਿਨਾ ਹੀ ਦੂਤਾਂ ਦੀ ਮਹਿਮਾਨ ਨਵਾਜ਼ੀ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਕੈਦ ਵਿੱਚ ਨਾ ਭੁੱਲੋ। ਉਨ੍ਹਾਂ ਨੂੰ ਇਸ ਤਰ੍ਹਾਂ ਚੇਤੇ ਕਰੋ ਜਿਵੇਂ ਤੁਸੀਂ ਵੀ ਉਨ੍ਹਾਂ ਨਾਲ ਕੈਦ ਵਿੱਚ ਹੋਵੋ। ਅਤੇ ਉਨ੍ਹਾਂ ਲੋਕਾਂ ਨੂੰ ਵੀ ਨਾ ਭੁੱਲੋ ਜਿਹੜੇ ਤਸੀਹਿਆਂ ਰਾਹੀਂ ਲੰਘ ਰਹੇ ਹਨ। ਤੁਹਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਤੁਹਾਨੂੰ ਵੀ ਉਨ੍ਹਾਂ ਤਸੀਹਿਆਂ ਰਾਹੀਂ ਹੀ ਲੰਘਣਾ ਪਵੇਗਾ।

ਵਿਆਹ ਦਾ ਸਮੂਹ ਲੋਕਾਂ ਵੱਲੋਂ ਆਦਰ ਕੀਤਾ ਜਾਣਾ ਚਾਹੀਦਾ ਹੈ। ਅਤੇ ਹਰ ਵਿਆਹ ਨੂੰ ਸਿਰਫ਼ ਦੋ ਲੋਕਾਂ ਵਿੱਚ ਪਵਿੱਤਰ ਰੱਖਿਆ ਜਾਣਾ ਚਾਹੀਦਾ ਹੈ। ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਪਾਪੀ ਪਰੱਖੇਗਾ ਜਿਹੜੇ ਜਿਨਸੀ ਪਾਪ ਅਤੇ ਬਦਕਾਰੀ ਕਰਦੇ ਹਨ। ਆਪਣੇ ਜੀਵਨ ਨੂੰ ਪੈਸੇ ਦੇ ਪਿਆਰ ਤੋਂ ਮੁਕਤ ਰੱਖੋ। ਅਤੇ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਹਨ ਉਨ੍ਹਾਂ ਨਾਲ ਸੰਤੁਸ਼ਟ ਰਹੋ। ਪਰਮੇਸ਼ੁਰ ਨੇ ਆਖਿਆ ਹੈ,

“ਮੈਂ ਕਦੇ ਵੀ ਤੁਹਾਨੂੰ ਨਹੀਂ ਛੱਡਾਂਗਾ।
ਮੈਂ ਕਦੇ ਵੀ ਤੁਹਾਨੂੰ ਨਹੀਂ ਤਿਆਗਾਂਗਾ।” (A)

ਇਸ ਲਈ ਅਸੀਂ ਯਕੀਨੀ ਆਖ ਸੱਕਦੇ ਹਾਂ,

“ਪਰਮੇਸ਼ੁਰ ਮੇਰਾ ਸਹਾਇਕ ਹੈ
    ਅਤੇ ਮੈਂ ਨਹੀਂ ਡਰਾਂਗਾ।
ਲੋਕ ਮੇਰਾ ਕੁਝ ਨਹੀਂ ਵਿਗਾੜ ਸੱਕਦੇ।” (B)

ਆਪਣੇ ਆਗੂਆਂ ਨੂੰ ਚੇਤੇ ਰੱਖੋ। ਉਨ੍ਹਾਂ ਨੇ ਤੁਹਾਨੂੰ ਪਰਮੇਸ਼ੁਰ ਦੇ ਸੰਦੇਸ਼ ਦਾ ਪ੍ਰਚਾਰ ਕੀਤਾ। ਚੇਤੇ ਰੱਖੋ ਕਿ ਉਹ ਕਿਵੇਂ ਜੀਵੇ ਅਤੇ ਮਰੇ, ਅਤੇ ਉਨ੍ਹਾਂ ਦੇ ਵਿਸ਼ਵਾਸ ਦੀ ਨਕਲ ਕਰੋ। ਯਿਸੂ ਮਸੀਹ ਕੱਲ, ਅੱਜ ਅਤੇ ਸਦਾ ਲਈ ਇੱਕੋ ਜਿਹਾ ਹੈ। ਹਰ ਤਰ੍ਹਾਂ ਦੇ ਅਜੀਬ ਉਪਦੇਸ਼ਾਂ ਦੇ ਨਾਲ ਨਾ ਚੱਲੇ ਜਾਓ। ਤੁਹਾਡੇ ਦਿਲ ਨੂੰ ਪਰਮੇਸ਼ੁਰ ਦੀ ਕਿਰਪਾ ਦੁਆਰਾ ਤਾਕਤ ਪ੍ਰਾਪਤ ਕਰਨੀ ਚਾਹੀਦੀ ਹੈ ਨਾ ਕਿ ਭੋਜਨ ਸੰਬੰਧੀ ਅਸੂਲਾਂ ਦਾ ਅਨੁਸਰਣ ਕਰਕੇ ਉਨ੍ਹਾਂ ਅਸੂਲਾਂ ਦਾ ਅਨੁਸਰਣ ਕਰਕੇ ਅੱਜ ਤਾਈਂ ਕਿਸੇ ਨੇ ਵੀ ਲਾਭ ਪ੍ਰਾਪਤ ਨਹੀਂ ਕੀਤਾ ਹੈ।

10 ਸਾਡੇ ਕੋਲ ਇੱਕ ਬਲੀ ਹੈ। ਅਤੇ ਜਿਹੜੇ ਜਾਜਕ ਪਵਿੱਤਰ ਤੰਬੂ ਵਿੱਚ ਸੇਵਾ ਕਰਦੇ ਹਨ ਉਨ੍ਹਾਂ ਨੂੰ ਬਲੀ ਵਿੱਚੋਂ ਖਾਣ ਦਾ ਕੋਈ ਇਖਤਿਆਰ ਨਹੀਂ ਹੈ। 11 ਸਰਦਾਰ ਜਾਜਕ ਜਾਨਵਰਾਂ ਦਾ ਲਹੂ ਅੱਤ ਪਵਿੱਤਰ ਸਥਾਨ ਵਿੱਚ ਲੈ ਜਾਂਦਾ ਹੈ। ਉਹ ਉਸ ਲਹੂ ਨੂੰ ਪਾਪਾਂ ਲਈ ਅਰਪਨ ਕਰਦਾ ਹੈ। ਪਰ ਉਨ੍ਹਾਂ ਜਾਨਵਰਾਂ ਦੇ ਸਰੀਰ ਖੈਮੇ ਤੋਂ ਬਾਹਰ ਸਾੜੇ ਜਾਂਦੇ ਹਨ। 12 ਇਸੇ ਲਈ ਯਿਸੂ ਵੀ ਸ਼ਹਿਰ ਤੋਂ ਬਾਹਰ ਪ੍ਰਾਣ ਹੀਣ ਹੋਇਆ। ਯਿਸੂ ਆਪਣੇ ਲੋਕਾਂ ਨੂੰ ਆਪਣੇ ਹੀ ਲਹੂ ਰਾਹੀਂ ਪਵਿੱਤਰ ਬਨਾਉਣ ਦੇ ਉਦੇਸ਼ ਨਾਲ ਮਰਿਆ। 13 ਇਸੇ ਲਈ ਆਓ ਅਸੀਂ ਵੀ ਡੇਰਿਆਂ ਤੋਂ ਬਾਹਰ ਯਿਸੂ ਕੋਲ ਚੱਲੀਏ। ਸਾਨੂੰ ਵੀ ਉਸੇ ਸ਼ਰਮ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਜਿਸ ਨੂੰ ਮਸੀਹ ਨੇ ਕੀਤਾ ਸੀ। 14 ਇੱਥੇ ਧਰਤੀ ਤੇ ਸਾਡੇ ਕੋਲ ਅਜਿਹਾ ਕੋਈ ਸ਼ਹਿਰ ਨਹੀਂ ਜਿਹੜਾ ਸਦੀਵੀ ਰਹੇਗਾ। ਪਰ ਅਸੀਂ ਉਸ ਸ਼ਹਿਰ ਦੀ ਉਡੀਕ ਕਰ ਰਹੇ ਹਾਂ ਜੋ ਸਾਨੂੰ ਭਵਿੱਖ ਵਿੱਚ ਮਿਲੇਗਾ। 15 ਇਸ ਲਈ ਸਾਨੂੰ ਮਸੀਹ ਯਿਸੂ ਰਾਹੀਂ ਪਰਮੇਸ਼ੁਰ ਨੂੰ ਆਪਣੀਆਂ ਬਲੀਆਂ ਦੇਣੀਆਂ ਬੰਦ ਨਹੀਂ ਕਰਨੀਆਂ ਚਾਹੀਦੀਆਂ। ਉਹ ਬਲੀਆਂ ਉਹੀ ਉਸਤਤਿ ਹਨ ਜੋ ਉਨ੍ਹਾਂ ਲੋਕਾਂ ਦੇ ਬੁੱਲ੍ਹਾਂ ਤੋਂ ਆਉਂਦੀ ਹੈ ਜੋ ਉਸ ਦੇ ਨਾਂ ਨੂੰ ਮਹਿਮਾਮਈ ਕਰਦੇ ਹਨ। 16 ਅਤੇ ਦੂਸਰੇ ਲੋਕਾਂ ਨਾਲ ਭਲਾ ਅਤੇ ਸਾਂਝ ਕਰਨੀ ਨਾ ਵਿਸਾਰੋ। ਇਹੀ ਉਹ ਬਲੀਆਂ ਹਨ ਜਿਹੜੀਆਂ ਪਰਮੇਸ਼ੁਰ ਨੂੰ ਪ੍ਰਸੰਨ ਕਰਦੀਆਂ ਹਨ।

ਯੂਹੰਨਾ 7:37-52

ਯਿਸੂ ਦੇ ਪਵਿੱਤਰ ਆਤਮਾ ਬਾਰੇ ਉਪਦੇਸ਼

37 ਤਿਉਹਾਰ ਦਾ ਅੰਤਿਮ ਦਿਨ ਆਇਆ ਇਹ ਤਿਉਹਾਰ ਦਾ ਸਭ ਤੋਂ ਖਾਸ ਦਿਨ ਸੀ। ਉਸ ਦਿਨ ਯਿਸੂ ਨੇ ਉੱਚੀ ਅਵਾਜ਼ ਵਿੱਚ ਖਲੋ ਕੇ ਆਖਿਆ, “ਜੇਕਰ ਕੋਈ ਪਿਆਸਾ ਹੈ ਤਾਂ ਉਸ ਨੂੰ ਮੇਰੇ ਕੋਲ ਆਕੇ ਪੀਣ ਦਿਉ। 38 ਇਹ ਪੋਥੀਆਂ ਵਿੱਚ ਲਿਖਿਆ ਹੈ ਕੋ ਜੋ ਮੇਰੇ ਵਿੱਚ ਵਿਸ਼ਵਾਸ ਕਰੇਗਾ ਅਮ੍ਰਿਤ ਜਲ ਦੇ ਦਰਿਆ ਉਸ ਦੇ ਦਿਲ ਵੱਲੋਂ ਵਹਿਣਗੇ।” 39 ਯਿਸੂ ਪਵਿੱਤਰ ਆਤਮਾ ਬਾਰੇ ਬੋਲ ਰਿਹਾ ਸੀ ਕਿ ਜੋ ਉਸ ਵਿੱਚ ਵਿਸ਼ਵਾਸ ਕਰਦੇ ਹਨ ਉਹ ਉਸ ਨੂੰ ਪ੍ਰਾਪਤ ਕਰ ਸੱਕਣਗੇ। ਕਿਉਂ ਕਿ ਆਤਮਾ ਹਾਲੇ ਨਹੀਂ ਦਿੱਤਾ ਗਿਆ ਸੀ, ਕਿਉਂ ਕਿ ਹਾਲੇ ਯਿਸੂ ਮਹਿਮਾ ਲਈ ਉੱਠਾਇਆ ਨਹੀਂ ਸੀ ਗਿਆ।

ਲੋਕਾਂ ਦਾ ਯਿਸੂ ਬਾਰੇ ਵਿਵਾਦ

40 ਜੋ ਯਿਸੂ ਆਖ ਰਿਹਾ ਸੀ ਲੋਕਾਂ ਨੇ ਸੁਣਿਆ। ਕੁਝ ਇੱਕ ਨੇ ਕਿਹਾ, “ਸੱਚ-ਮੁੱਚ ਹੀ ਇਹ ਮਨੁੱਖ ਨਬੀ ਹੈ।”

41 ਕੁਝ ਹੋਰਾਂ ਨੇ ਆਖਿਆ, “ਉਹ ਮਸੀਹਾ ਹੈ।”

ਕੁਝ ਹੋਰਨਾਂ ਨੇ ਆਖਿਆ, “ਮਸੀਹਾ ਗਲੀਲ ਵਿੱਚ ਨਹੀਂ ਆਵੇਗਾ। 42 ਇਹ ਪੋਥੀ ਵਿੱਚ ਲਿਖਿਆ ਹੋਇਆ ਹੈ ਕਿ ਮਸੀਹਾ ਦਾਊਦ ਦੇ ਪਰਿਵਾਰ ਵਿੱਚੋਂ ਆਵੇਗਾ। ਅਤੇ ਬੈਤਲਹਮ ਦੀ ਨਗਰੀ ਵਿੱਚੋਂ ਆਵੇਗਾ ਜਿੱਥੇ ਦਾਊਦ ਰਹਿੰਦਾ ਸੀ।” 43 ਇਸ ਲਈ ਲੋਕਾਂ ਦਾ ਯਿਸੂ ਬਾਰੇ ਆਪਸ ਵਿੱਚ ਮਤਭੇਦ ਸੀ। 44 ਕੁਝ ਲੋਕ ਯਿਸੂ ਨੂੰ ਗਿਰਫ਼ਤਾਰ ਕਰਨਾ ਚਾਹੁੰਦੇ ਸਨ, ਪਰ ਕਿਸੇ ਨੇ ਵੀ ਉਸ ਨੂੰ ਹੱਥ ਨਾ ਪਾਇਆ।

ਯਹੂਦੀ ਆਗੂਆਂ ਨੇ ਯਿਸੂ ਨੂੰ ਮੰਨਣ ਤੋਂ ਇਨਕਾਰ ਕੀਤਾ

45 ਇਸ ਲਈ ਮੰਦਰ ਦੇ ਪਹਿਰੇਦਾਰ, ਫ਼ਰੀਸੀਆਂ ਅਤੇ ਪਰਧਾਨ ਜਾਜਕਾਂ ਕੋਲ ਗਏ ਤਾਂ ਉਨ੍ਹਾਂ ਫ਼ਰੀਸੀਆਂ ਅਤੇ ਜਾਜਕਾਂ ਨੇ ਪੁੱਛਿਆ, “ਤੁਸੀਂ ਯਿਸੂ ਨੂੰ ਗਿਰਫ਼ਤਾਰ ਕਰਕੇ ਆਪਣੇ ਨਾਲ ਕਿਉਂ ਨਹੀਂ ਲਿਆਂਦਾ?”

46 ਮੰਦਰ ਦੇ ਪਹਿਰੇਦਾਰਾਂ ਨੇ ਅੱਗੋਂ ਆਖਿਆ, “ਇਸਦੇ ਬਰਾਬਰ ਦੇ ਕਦੇ ਕਿਸੇ ਹੋਰ ਮਨੁੱਖ ਨੇ ਬਚਨ ਨਹੀਂ ਕੀਤੇ ਹਨ।”

47 ਫ਼ੇਰ ਫ਼ਰੀਸੀਆਂ ਨੇ ਆਖਿਆ, “ਕੀ ਇਸ ਦਾ ਭਾਵ ਇਹ ਹੈ ਕਿ ਉਸ ਨੇ ਤੁਹਾਨੂੰ ਵੀ ਮੂਰਖ ਬਣਾਇਆ ਹੈ। 48 ਕੀ ਕਿਸੇ ਵੀ ਆਗੂ ਜਾਂ ਫ਼ਰੀਸੀ ਨੇ ਉਸ ਵਿੱਚ ਵਿਸ਼ਵਾਸ ਕੀਤਾ ਹੈ? ਨਹੀਂ! 49 ਪਰ ਇਹ ਲੋਕ, ਜਿਨ੍ਹਾਂ ਨੂੰ ਸ਼ਰ੍ਹਾ ਦਾ ਨਹੀਂ ਪਤਾ, ਪਰਮੇਸ਼ੁਰ ਦੇ ਸ਼ਰਾਪ ਹੇਠਾਂ ਹਨ।”

50 ਉਸ ਨੇ ਉਨ੍ਹਾਂ ਨੂੰ ਆਖਿਆ, ਪਰ ਨਿਕੋਦਿਮੁਸ, ਜਿਸ ਨੇ ਪਹਿਲਾਂ ਹੀ ਯਿਸੂ ਨਾਲ ਮੁਲਾਕਾਤ ਕੀਤੀ ਸੀ, ਉਨ੍ਹਾਂ ਵਿੱਚੋਂ ਇੱਕ ਸੀ। 51 ਕੀ ਸਾਡੀ ਸ਼ਰ੍ਹਾ ਕਿਸੇ ਨੂੰ ਉਸ ਨੂੰ ਸੁਣੇ ਅਤੇ ਜਾਣੇ ਬਿਨਾ ਦੋਸ਼ੀ ਠਹਿਰਾਉਂਦੀ ਹੈ ਕਿ ਉਸ ਨੇ ਕੀ ਕੀਤਾ ਹੈ?

52 ਯਹੂਦੀ ਆਗੂਆਂ ਨੇ ਆਖਿਆ, “ਕੀ ਤੂੰ ਵੀ ਗਲੀਲ ਵਿੱਚੋਂ ਹੈ? ਪੋਥੀਆਂ ਪੜ੍ਹੋ ਫ਼ਿਰ ਤੁਸੀਂ ਵੇਖੋਂਗੇ ਕਿ ਕੋਈ ਨਬੀ ਗਲੀਲ ਤੋਂ ਨਹੀਂ ਆਉਂਦਾ।”

Punjabi Bible: Easy-to-Read Version (ERV-PA)

2010 by World Bible Translation Center