Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 107:33-108:13

33 ਪਰਮੇਸ਼ੁਰ ਨੇ ਨਦੀਆਂ ਨੂੰ ਮਾਰੂਥਲ ਵਿੱਚ ਬਦਲ ਦਿੱਤਾ ਸੀ।
    ਪਰਮੇਸ਼ੁਰ ਨੇ ਚਸ਼ਮਿਆਂ ਨੂੰ ਵਗਣ ਤੋਂ ਰੋਕ ਦਿੱਤਾ ਸੀ।
34 ਪਰਮੇਸ਼ੁਰ ਨੇ ਉਪਜਾਊ ਧਰਤੀ ਨੂੰ ਬਦਲ ਦਿੱਤਾ ਸੀ ਅਤੇ ਇਹ ਕਲਰੀ ਵਿਰਾਨ ਧਰਤੀ ਹੋ ਗਈ ਸੀ।
    ਕਿਉਂ? ਉਨ੍ਹਾਂ ਮੰਦੇ ਲੋਕਾਂ ਦੇ ਕਾਰਣ ਜਿਹੜੇ ਉਸ ਥਾਵੇਂ ਰਹਿੰਦੇ ਸਨ।
35 ਪਰਮੇਸ਼ੁਰ ਨੇ ਮਾਰੂਥਲ ਦੀ ਧਰਤੀ ਨੂੰ ਬਦਲ ਦਿੱਤਾ ਅਤੇ ਇਹ ਪਾਣੀ ਦੇ ਤਲਾਵਾਂ ਵਾਲੀ ਧਰਤੀ ਬਣ ਗਈ।
    ਪਰਮੇਸ਼ੁਰ ਨੇ ਖੁਸ਼ਕ ਧਰਤੀ ਵਿੱਚੋਂ ਪਾਣੀ ਦੇ ਚਸ਼ਮੇ ਵਗਾ ਦਿੱਤੇ।
36 ਪਰਮੇਸ਼ੁਰ ਨੇ ਭੁੱਖੇ ਲੋਕਾਂ ਦੀ ਉਸ ਚੰਗੀ ਧਰਤੀ ਵੱਲ ਅਗਵਾਈ ਕੀਤੀ
    ਅਤੇ ਉਨ੍ਹਾਂ ਨੇ ਰਹਿਣ ਲਈ ਸ਼ਹਿਰ ਬਣਾ ਲਿਆ।
37 ਉਨ੍ਹਾਂ ਲੋਕਾਂ ਨੇ ਆਪਣੇ ਖੇਤਾਂ ਵਿੱਚ ਬੀਜ ਬੀਜੇ।
    ਉਨ੍ਹਾਂ ਨੇ ਖੇਤਾਂ ਵਿੱਚ ਅੰਗੂਰ ਦੇ ਪੌਦੇ ਲਾਏ ਅਤੇ ਉਨ੍ਹਾਂ ਨੇ ਚੰਗੀ ਫ਼ਸਲ ਪ੍ਰਾਪਤ ਕੀਤੀ।
38 ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਅਸੀਸ ਦਿੱਤੀ ਉਨ੍ਹਾਂ ਦੇ ਪਰਿਵਾਰ ਵੱਧਣ ਫ਼ੁਲਣ।
    ਉਨ੍ਹਾਂ ਕੋਲ ਬਹੁਤ ਸਾਰੇ ਪਸ਼ੂ ਸਨ।
39 ਹਾਦਸਿਆਂ ਅਤੇ ਮੁਸੀਬਤਾਂ ਕਾਰਣ
    ਉਨ੍ਹਾਂ ਦੇ ਪਰਿਵਾਰ ਛੋਟੇ ਅਤੇ ਕਮਜ਼ੋਰ ਸਨ।
40 ਪਰਮੇਸ਼ੁਰ ਨੇ ਉਨ੍ਹਾਂ ਦੇ ਆਗੂਆਂ ਨੂੰ ਸ਼ਰਮਸਾਰ ਕੀਤਾ ਅਤੇ ਨਮੋਸ਼ੀ ਦਿੱਤੀ।
    ਪਰਮੇਸ਼ੁਰ ਨੇ ਉਨ੍ਹਾਂ ਨੂੰ ਮਾਰੂਥਲ ਵਿੱਚ ਅਵਾਰਾ ਭਟਕਣ ਦਿੱਤਾ ਜਿੱਥੇ ਕੋਈ ਰਾਹ ਨਹੀਂ ਸਨ।
41 ਪਰ ਪਰਮੇਸ਼ੁਰ ਨੇ ਉਨ੍ਹਾਂ ਗਰੀਬ ਲੋਕਾਂ ਨੂੰ ਫ਼ੇਰ ਉਨ੍ਹਾਂ ਦੇ ਦੁੱਖਾਂ ਵਿੱਚੋਂ ਕੱਢ ਲਿਆ।
    ਅਤੇ ਹੁਣ ਉਨ੍ਹਾਂ ਦੇ ਪਰਿਵਾਰ ਭੇਡਾਂ ਦੇ ਵੱਡੇ ਇੱਜੜ ਵਾਂਗ ਹਨ।
42-43 ਨੇਕ ਆਦਮੀ ਇਹ ਗੱਲ ਵੇਖਦੇ ਹਨ ਅਤੇ ਉਹ ਪ੍ਰਸੰਨ ਹਨ।
    ਪਰ ਮੰਦੇ ਲੋਕੀ ਵੀ ਇਸ ਨੂੰ ਦੇਖਦੇ ਹਨ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਕੀ ਆਖਣ।

ਦਾਊਦ ਦਾ ਇੱਕ ਉਸਤਤਿ ਗੀਤ।

108 ਹੇ ਪਰਮੇਸ਼ੁਰ, ਮੈਂ ਤੁਹਾਡੀ ਉਸਤਤਿ ਦੇ ਗੀਤ ਗਾਉਣ ਲਈ
    ਦਿਲ ਅਤੇ ਰੂਹ ਨਾਲ ਤਿਆਰ ਹਾਂ।
    ਸਿਤਾਰ ਅਤੇ ਸਰੰਗੀ ਜਾਗੋ,
    ਆਉ ਆਪਾਂ ਪ੍ਰਭਾਤ ਨੂੰ ਜਗਾਈਏ।
ਯਹੋਵਾਹ, ਅਸੀਂ ਕੌਮਾਂ ਅੰਦਰ ਤੁਹਾਡੀ ਉਸਤਤਿ ਕਰਾਂਗੇ।
    ਅਸੀਂ ਹੋਰਾਂ ਲੋਕਾਂ ਵਿੱਚ ਤੁਹਾਡੀ ਉਸਤਤਿ ਕਰਾਂਗੇ।
ਯਹੋਵਾਹ, ਤੁਹਾਡਾ ਪਿਆਰ ਆਕਾਸ਼ਾਂ ਨਾਲੋਂ ਉੱਚਾ ਹੈ।
ਤੁਹਾਡੀ ਵਫ਼ਾ ਉੱਚੇ ਤੋਂ ਉੱਚੇ ਬੱਦਲ ਨਾਲੋਂ ਉਚੇਰੀ ਹੈ।
ਹੇ ਪਰਮੇਸ਼ੁਰ, ਸਵਰਗਾਂ ਦੇ ਸ਼ਿਖਰਾਂ ਤੱਕ ਉੱਠੋ
    ਸਾਰੀ ਦੁਨੀਆਂ ਨੂੰ ਤੁਹਾਡੀ ਮਹਿਮਾ ਦੇਖਣ ਦੇਵੋ।
ਹੇ ਪਰਮੇਸ਼ੁਰ, ਇਸ ਤਰ੍ਹਾਂ ਹੀ ਕਰੋ ਤਾਂ ਜੋ ਤੁਹਾਡੇ ਮਿੱਤਰਾਂ ਨੂੰ ਬਚਾਇਆ ਜਾ ਸੱਕੇ।
    ਮੇਰੀ ਪ੍ਰਾਰਥਨਾ ਮੰਨ ਲਵੋ, ਅਤੇ ਸਾਨੂੰ ਬਚਾਉਣ ਲਈ ਆਪਣੀ ਮਹਾ ਸ਼ਕਤੀ ਵਰਤੋਂ।
ਪਰਮੇਸ਼ੁਰ ਆਪਣੇ ਮੰਦਰ ਵਿੱਚ ਬੋਲਿਆ:
    “ਮੈਂ ਯੁੱਧ ਜਿੱਤਾਂਗਾ ਅਤੇ ਜਿੱਤ ਬਾਰੇ ਪ੍ਰਸੰਨ ਹੋਵਾਂਗਾ!
ਮੈਂ ਇਹੀ ਧਰਤੀ ਆਪਣੇ ਲੋਕਾਂ ਦਰਮਿਆਨ ਵੰਡ ਦਿਆਂਗਾ।
    ਮੈਂ ਉਨ੍ਹਾਂ ਨੂੰ ਸ਼ਕਮ ਦੇ ਦੇਵਾਂਗਾ,
    ਮੈਂ ਉਨ੍ਹਾਂ ਨੂੰ ਸੁੱਕੋਥ ਦੀ ਵਾਦੀ ਦੇ ਦੇਵਾਂਗਾ।
ਗਿਲਆਦ ਅਤੇ ਮਨੱਸ਼ਹ ਮੇਰੇ ਹੋਣਗੇ।
    ਇਫ਼ਰਾਈਮ ਮੇਰੇ ਸਿਰ ਦੀ ਢਾਲ ਹੋਵੇਗਾ।
    ਯਹੂਦਾਹ ਮੇਰਾ ਸ਼ਾਹੀ ਡੰਡਾ ਹੋਵੇਗਾ।
ਮੋਆਬ ਮੇਰੇ ਚਰਨ ਧੋਣ ਲਈ ਪਿਆਲਾ ਹੋਣਗੇ।
    ਅਦੋਮ ਮੇਰੀ ਜੁੱਤੀ ਚੁੱਕਣ ਲਈ ਮੇਰਾ ਸੇਵਕ ਹੋਵੇਗਾ।
    ਮੈਂ ਫ਼ਲਿਸਤ ਨੂੰ ਹਰਾ ਦਿਆਂਗਾ ਅਤੇ ਜਿੱਤ ਦੇ ਨਾਅਰੇ ਮਾਰਾਂਗਾ।”

10-11 ਦੁਸ਼ਮਣ ਦੇ ਕਿਲ੍ਹੇ ਅੰਦਰ, ਮੇਰੀ ਅਗਵਾਈ ਕੌਣ ਕਰੇਗਾ?
    ਅਦੋਮ ਦੇ ਖਿਲਾਫ਼ ਲੜਨ ਵਿੱਚ ਮੇਰੀ ਅਗਵਾਈ ਕੌਣ ਕਰੇਗਾ?
ਹੇ ਪਰਮੇਸ਼ੁਰ, ਕਿਰਪਾ ਕਰਕੇ ਦੁਸ਼ਮਣ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕਰੋ!
    ਪਰ ਤੁਸੀਂ ਅਸਾਂ ਨੂੰ ਤਿਆਗ ਦਿੱਤਾ!
    ਤੁਸੀਂ ਸਾਡੀ ਫ਼ੌਜ ਦੇ ਨਾਲ ਨਹੀਂ ਗਏ।
12 ਹੇ ਪਰਮੇਸ਼ੁਰ, ਕਿਰਪਾ ਕਰਕੇ ਦੁਸ਼ਮਣ ਦੀ ਫ਼ੌਜ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕਰੋ!
    ਲੋਕ ਸਾਡੀ ਸਹਾਇਤਾ ਨਹੀਂ ਕਰ ਸੱਕਦੇ!
13 ਸਿਰਫ਼ ਪਰਮੇਸ਼ੁਰ ਹੀ ਸਾਨੂੰ ਬਲਵਾਨ ਬਣਾ ਸੱਕਦਾ ਹੈ।
    ਪਰਮੇਸ਼ੁਰ ਹੀ ਸਾਡੇ ਦੁਸ਼ਮਣਾਂ ਨੂੰ ਹਰਾ ਸੱਕਦਾ ਹੈ!

ਜ਼ਬੂਰ 33

33 ਹੇ ਸੱਜਨੋ, ਯਹੋਵਾਹ ਵਿੱਚ ਆਨੰਦ ਮਾਣੋ।
    ਚੰਗੇ ਲੋਕਾਂ ਲਈ ਉਸਦੀ ਉਸਤਤਿ ਕਰਨਾ ਚੰਗਾ ਹੈ।
ਸਾਰੰਗੀ ਵਜਾਉ ਅਤੇ ਉਸਦੀ ਉਸਤਤਿ ਕਰੋ।
    ਯਹੋਵਾਹ ਲਈ ਦਸ ਤਾਰਾਂ ਵਾਲਾ ਸਾਜ਼ ਵਜਾਉ।
ਉਸ ਨੂੰ ਇੱਕ ਨਵਾਂ ਗੀਤ।
    ਸੋਹਣੇ ਢੰਗ ਨਾਲ ਖੁਸ਼ੀ ਦੀ ਧੁਨ ਵਜਾਉ।
ਪਰਮੇਸ਼ੁਰ ਦਾ ਸ਼ਬਦ ਸੱਚਾ ਹੈ।
    ਜੋ ਵੀ ਉਹ ਕਰਦਾ ਤੁਸੀਂ ਉਸ ਉੱਤੇ ਨਿਰਭਰ ਹੋ ਸੱਕਦੇ ਹੋ।
ਪਰਮੇਸ਼ੁਰ ਨਿਆਂਕਾਰ ਹੋਣ ਅਤੇ ਚੰਗੀਆਂ ਗੱਲਾਂ ਕਰਨ ਨੂੰ ਪਿਆਰ ਕਰਦਾ ਹੈ।
    ਧਰਤੀ ਉੱਤੇ ਯਹੋਵਾਹ ਦਾ ਸੱਚਾ ਪਿਆਰ ਭਰਪੂਰ ਹੈ।
ਯਹੋਵਾਹ ਨੇ ਆਦੇਸ਼ ਦਿੱਤਾ ਅਤੇ ਦੁਨੀਆਂ ਸਾਜੀ ਗਈ।
    ਪਰਮੇਸ਼ੁਰ ਦੇ ਮੁੱਖ ਤੋਂ ਨਿਕਲੇ ਹਰ ਸਾਹ ਨੇ ਧਰਤੀ ਦੀ ਹਰ ਸ਼ੈਅ ਨੂੰ ਸਾਜਿਆ ਹੈ।
ਪਰਮੇਸ਼ੁਰ ਨੇ ਸਾਗਰ ਚੋਂ ਪਾਣੀ ਇੱਕ ਥਾਵੇਂ ਇਕੱਠਾ ਕੀਤਾ।
    ਉਹ ਸਾਗਰ ਨੂੰ ਇਸਦੀ ਥਾਂ ਸਿਰ ਰੱਖਦਾ ਹੈ।
ਧਰਤੀ ਦੇ ਹਰ ਬੰਦੇ ਨੂੰ ਡਰਨਾ ਅਤੇ ਯਹੋਵਾਹ ਦਾ ਆਦਰ ਕਰਨਾ ਚਾਹੀਦਾ ਹੈ।
    ਦੁਨੀਆਂ ਦੇ ਸਮੂਹ ਲੋਕਾਂ ਨੂੰ ਉਸਤੋਂ ਡਰਨਾ ਚਾਹੀਦਾ ਹੈ।
ਕਿਉਂਕਿ ਪਰਮੇਸ਼ੁਰ ਸਿਰਫ਼ ਆਦੇਸ਼ ਦਿੰਦਾ ਅਤੇ ਉਹ ਗੱਲ ਵਾਪਰ ਜਾਂਦੀ ਹੈ।
    ਅਤੇ ਜੇਕਰ ਉਹ ਆਖਦਾ, “ਰੁਕੋ” ਤਾਂ ਉਹ ਸੈਅ ਠਹਿਰ ਜਾਵੇਗੀ।
10 ਉਹ ਹਰ ਇੱਕ ਦੀ ਯੋਜਨਾ ਨੂੰ ਤਬਾਹ ਕਰ ਸੱਕਦਾ ਹੈ।
    ਉਹ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਤਬਾਹ ਕਰ ਸੱਕਦਾ ਹੈ।
11 ਪਰ ਯਹੋਵਾਹ ਦਾ ਮਸ਼ਵਰਾ ਸਦਾ ਲਈ ਸ਼ੁਭ ਹੈ।
    ਉਸ ਦੀਆਂ ਵਿਉਂਤਾਂ ਪੀੜੀ ਦਰ ਪੀੜੀ ਸ਼ੁਭ ਹਨ।
12 ਉਹ ਲੋਕ ਜਿਨ੍ਹਾਂ ਦਾ ਯਹੋਵਾਹ ਪਰਮੇਸ਼ੁਰ ਹੈ ਬਹੁਤ ਸੁਭਾਗੇ ਹਨ।
    ਕਿਉਂਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੇ ਖਾਸ ਲੋਕ ਹੋਣ ਲਈ ਚੁਣਿਆ।
13 ਯਹੋਵਾਹ ਨੇ ਸਵਰਗ ਤੋਂ ਹੇਠਾਂ ਤੱਕਿਆ,
    ਅਤੇ ਉਸ ਨੇ ਸਮੂਹ ਲੋਕਾਂ ਨੂੰ ਦੇਖਿਆ।
14 ਉਸ ਨੇ ਆਪਣੇ ਉੱਚੇ ਤਖਤ ਤੋਂ ਧਰਤੀ ਉੱਤੇ
    ਰਹਿਣ ਵਾਲੇ ਸਾਰੇ ਹੀ ਲੋਕਾਂ ਵੱਲ ਹੇਠਾਂ ਦੇਖਿਆ।
15 ਪਰਮੇਸ਼ੁਰ ਨੇ ਹਰ ਬੰਦੇ ਦਾ ਮਨ ਸਾਜਿਆ।
    ਜੋ ਵੀ ਹਰ ਬੰਦਾ ਸੋਚਦਾ ਪਰਮੇਸ਼ੁਰ ਜਾਣਦਾ ਹੈ।
16 ਰਾਜਾ ਉਸ ਦੇ ਆਪਣੇ ਹੀ ਵੱਡੇ ਬਲ ਦੁਆਰਾ ਨਹੀਂ ਬਚਾਇਆ ਜਾਂਦਾ।
    ਤਾਕਤਵਰ ਯੋਧਾ ਉਸ ਦੇ ਆਪਣੀ ਹੀ ਵੱਡੇ ਬਲ ਦੁਆਰਾ ਨਹੀਂ ਬਚਾਇਆ ਜਾਂਦਾ।
17 ਅਸਲ ਵਿੱਚ ਘੋੜੇ ਯੁੱਧ ਅੰਦਰ ਜਿੱਤ ਪ੍ਰਾਪਤ ਨਹੀਂ ਕਰਦੇ।
    ਅਸਲ ਵਿੱਚ ਤੁਹਾਡੇ ਬਚ ਨਿਕਲਣ ਵਿੱਚ ਉਨ੍ਹਾਂ ਦਾ ਬਲ ਮਦਦ ਨਹੀਂ ਕਰਦਾ।
18 ਯਹੋਵਾਹ ਦੇਖਦਾ ਅਤੇ ਉਨ੍ਹਾਂ ਦੇ ਦੇਖਭਾਲ ਕਰਦਾ ਜਿਹੜੇ ਉਸ ਦੇ ਮਾਰਗ ਉੱਤੇ ਤੁਰਦੇ ਹਨ।
    ਉਸਦਾ ਵੱਡਾ ਪਿਆਰ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਜਿਹੜੇ ਉਸਦੀ ਉਪਾਸਨਾ ਕਰਦੇ ਹਨ।
19 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਮੌਤ ਤੋਂ ਬਚਾਉਂਦਾ ਹੈ,
    ਉਹ ਉਨ੍ਹਾਂ ਨੂੰ ਉਦੋਂ ਬਲ ਬਖਸ਼ਦਾ ਹੈ ਜਦੋਂ ਉਹ ਭੁੱਖੇ ਹੁੰਦੇ ਹਨ।
20 ਇਸ ਲਈ ਅਸੀਂ ਯਹੋਵਾਹ ਦਾ ਇੰਤਜ਼ਾਰ ਕਰਾਂਗੇ।
    ਉਹ ਸਾਡੀ ਮਦਦ ਕਰਦਾ ਹੈ ਅਤੇ ਉਹ ਸਾਡੀ ਰੱਖਿਆ ਕਰਦਾ ਹੈ।
21 ਪਰਮੇਸ਼ੁਰ ਅਸਾਂ ਨੂੰ ਖੁਸ਼ੀ ਪ੍ਰਦਾਨ ਕਰਦਾ ਹੈ।
    ਅਸੀਂ ਸੱਚਮੁੱਚ ਉਸ ਦੇ ਪਵਿੱਤਰ ਨਾਮ ਵਿੱਚ ਭਰੋਸਾ ਕਰਦੇ ਹਾਂ।
22 ਯਹੋਵਾਹ ਅਸੀਂ ਸੱਚਮੁੱਚ ਤੁਹਾਡੀ ਉਪਾਸਨਾ ਕਰਦੇ ਹਾਂ।
    ਇਸ ਲਈ ਆਪਣਾ ਵੱਡਾ ਪਿਆਰ ਸਾਡੇ ਲਈ ਦਰਸਾਉ।

ਯਸਾਯਾਹ 65:17-25

ਇੱਕ ਨਵਾਂ ਸਮਾਂ ਆ ਰਿਹਾ ਹੈ

17 “ਮੈਂ ਇੱਕ ਨਵਾਂ ਅਕਾਸ਼ ਅਤੇ ਇੱਕ ਨਵੀਂ ਧਰਤੀ ਸਾਜਾਂਗਾ।
ਲੋਕੀ ਅਤੀਤ ਨੂੰ ਯਾਦ ਨਹੀਂ ਕਰਨਗੇ।
    ਉਹ ਉਨ੍ਹਾਂ ਵਿੱਚੋਂ ਕਿਸੇ ਚੀਜ਼ ਨੂੰ ਵੀ ਯਾਦ ਨਹੀਂ ਕਰਨਗੇ।
18 ਮੇਰੇ ਬੰਦੇ ਪ੍ਰਸੰਨ ਹੋਣਗੇ।
ਉਹ ਸਦਾ-ਸਦਾ ਲਈ ਖੁਸ਼ੀ ਮਨਾਉਣਗੇ।
    ਕਿਉਂ? ਉਸ ਕਾਰਣ ਜੋ ਮੈਂ ਸਾਜਾਂਗਾ।
ਮੈਂ ਖੁਸ਼ੀ ਨਾਲ ਭਰਪੂਰ ਇੱਕ ਨਵਾਂ ਯਰੂਸ਼ਲਮ ਬਣਾਵਾਂਗਾ
    ਅਤੇ ਮੈਂ ਉਨ੍ਹਾਂ ਨੂੰ ਪ੍ਰਸੰਨ ਲੋਕ ਬਣਾਵਾਂਗਾ।

19 “ਫ਼ੇਰ ਮੈਂ ਯਰੂਸ਼ਲਮ ਨਾਲ ਪ੍ਰਸੰਨ ਹੋਵਾਂਗਾ।
    ਮੈਂ ਆਪਣੇ ਬੰਦਿਆਂ ਨਾਲ ਪ੍ਰਸੰਨ ਹੋਵਾਂਗਾ।
ਉਸ ਸ਼ਹਿਰ ਵਿੱਚ ਫ਼ੇਰ ਕਦੇ ਰੋਣਾ
    ਅਤੇ ਉਦਾਸੀ ਨਹੀਂ ਹੋਵੇਗੀ।
20 ਉਸ ਸ਼ਹਿਰ ਵਿੱਚ ਅਜਿਹਾ ਕੋਈ ਵੀ ਬੱਚਾ ਨਹੀਂ ਹੋਵੇਗਾ,
    ਜਿਹੜਾ ਜੰਮਦਾ ਅਤੇ ਸਿਰਫ਼ ਕੁਝ ਦਿਨਾਂ ਲਈ ਰਹਿੰਦਾ।
ਉਸ ਸ਼ਹਿਰ ਦਾ ਕੋਈ ਵੀ ਬੰਦਾ ਛੋਟੀ ਉਮਰ ਵਿੱਚ ਨਹੀਂ ਮਰੇਗਾ।
    ਹਰ ਬੱਚਾ ਲੰਮੀ ਉਮਰ ਤੱਕ ਜੀਵੇਗਾ, ਅਤੇ ਹਰ ਬੁਢ੍ਢਾ ਲੰਮੇ ਸਮੇਂ ਤੱਕ ਜੀਵੇਗਾ।
ਉਹ ਬੰਦਾ ਜਿਹੜਾ 100 ਵਰ੍ਹਿਆਂ ਤੱਕ ਜਿਉਂਦਾ, ਜਵਾਨ ਸੱਦਿਆ ਜਾਵੇਗਾ।
    ਅਤੇ ਲੋਕ ਸੋਚਣਗੇ ਕਿ ਜਿਹੜਾ ਬੰਦਾ 100 ਵਰ੍ਹਿਆਂ ਤੀਕ ਨਹੀਂ ਜਿਉਂਦਾ, ਉਹ ਸਰਾਪਿਆ ਹੋਇਆ ਹੈ।

21 “ਉਸ ਸ਼ਹਿਰ ਅੰਦਰ, ਜੇ ਕੋਈ ਬੰਦਾ ਘਰ ਉਸਾਰਦਾ ਹੈ ਉਹੀ ਬੰਦਾ ਓੱਥੇ ਰਹੇਗਾ।
    ਜੇ ਕੋਈ ਬੰਦਾ ਅੰਗੂਰਾਂ ਦਾ ਬਾਗ਼ ਲਗਾਉਂਦਾ ਹੈ, ਉਹੀ ਬੰਦਾ ਉਸ ਬਾਗ਼ ਦੇ ਅੰਗੂਰ ਖਾਵੇਗਾ।
22 ਫ਼ੇਰ ਕਦੇ ਕੋਈ ਬੰਦਾ ਅਜਿਹਾ ਮਕਾਨ ਨਹੀਂ ਉਸਾਰੇਗਾ ਜਿੱਥੇ ਕੋਈ ਹੋਰ ਬੰਦਾ ਰਹੇਗਾ।
    ਫ਼ੇਰ ਕਦੇ ਕੋਈ ਅਜਿਹਾ ਬਾਗ਼ ਨਹੀਂ ਲਗਾਵੇਗਾ, ਕਿ ਉਸ ਦੇ ਫ਼ਲ ਹੋਰ ਕੋਈ ਖਾਵੇ।
ਮੇਰੇ ਲੋਕ ਰੁੱਖਾਂ ਜਿੰਨੀ ਉਮਰ ਜਿਉਣਗੇ।
    ਮੇਰੇ ਚੁਣੇ ਹੋਏ ਲੋਕ ਉਨ੍ਹਾਂ ਚੀਜ਼ਾਂ ਨੂੰ ਮਾਨਣਗੇ ਜਿਹੜੀਆਂ ਉਹ ਬਨਾਉਣਗੇ।
23 ਔਰਤਾਂ ਫ਼ੇਰ ਸਿਰਫ਼ ਮਰੇ ਹੋਏ ਬੱਚੇ ਨੂੰ ਜਂਨਮ ਦੇਣ ਲਈ ਜੰਮਣ ਪੀੜਾਂ ਨਹੀਂ ਸਹਿਣਗੀਆਂ,
    ਔਰਤਾਂ ਫ਼ੇਰ ਕਦੇ ਵੀ ਭੈਭੀਤ ਨਹੀਂ ਹੋਣਗੀਆਂ ਕਿ ਬੱਚੇ ਦੇ ਜਨਮ ਸਮੇਂ ਕੀ ਹੋਵੇਗਾ।
ਮੇਰੇ ਸਾਰੇ ਬੰਦੇ ਅਤੇ ਉਨ੍ਹਾਂ ਦੇ ਬੱਚੇ ਯਹੋਵਾਹ ਵੱਲੋਂ ਸੁਭਾਗੇ ਹੋਣਗੇ।
24 ਮੈਂ ਉਨ੍ਹਾਂ ਦੇ ਮੰਗਣ ਤੋਂ ਵੀ ਪਹਿਲਾਂ ਜਾਣ ਲਵਾਂਗਾ ਕਿ ਉਨ੍ਹਾਂ ਦੀ ਕੀ ਲੋੜ ਹੈ।
    ਅਤੇ ਮੈਂ ਉਨ੍ਹਾਂ ਦੇ ਮੰਗਣ ਤੋਂ ਵੀ ਪਹਿਲਾਂ ਉਨ੍ਹਾਂ ਦੀ ਸਹਾਇਤਾ ਕਰਾਂਗਾ।
25 ਬਘਿਆੜ ਅਤੇ ਲੇਲਾ ਇਕੱਠੇ ਭੋਜਨ ਕਰਨਗੇ।
    ਸ਼ੇਰ ਬਲਦ ਦੇ ਸੰਗ ਘਾਹ-ਫ਼ੂਸ ਖਾਵੇਗਾ।
    ਪਰ ਸੱਪ ਧੂੜ ਖਾਵੇਗਾ।
ਮੇਰੇ ਪਵਿੱਤਰ ਪਰਬਤ ਉੱਤੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ ਜਾਂ ਤਬਾਹ ਨਹੀਂ ਕਰਨਗੇ।”
    ਯਹੋਵਾਹ ਨੇ ਇਹ ਸਾਰੀਆਂ ਗੱਲਾਂ ਆਖੀਆਂ।

ਪਰਕਾਸ਼ ਦੀ ਪੋਥੀ 22:14-21

14 “ਉਹ ਲੋਕ ਜਿਨ੍ਹਾਂ ਨੇ ਆਪਣੇ ਚੋਲੇ ਧੋਤੇ ਹਨ, ਸੁਭਾਗੇ ਹੋਣਗੇ। ਉਨ੍ਹਾਂ ਨੂੰ ਜੀਵਨ ਦੇ ਰੁੱਖ ਦਾ ਫ਼ਲ ਖਾਣ ਦਾ ਇਖਤਿਆਰ ਹੋਵੇਗਾ। ਉਹ ਬੂਹਿਆਂ ਰਾਹੀਂ ਸ਼ਹਿਰ ਵਿੱਚ ਦਾਖਿਲ ਹੋਣਗੇ। 15 ਸ਼ਹਿਰ ਤੋਂ ਬਾਹਰ, ਉੱਥੇ ਕੁੱਤੇ ਹਨ, ਉਹ ਜੋ ਜਾਦੂ ਕਰਦੇ ਹਨ, ਜਿਨਸੀ ਪਾਪ ਕਰਦੇ ਹਨ, ਜਿਹੜੇ ਕਤਲ ਕਰਦੇ ਹਨ, ਜਿਹੜੇ ਮੂਰਤੀਆਂ ਦੀ ਉਪਾਸਨਾ ਕਰਦੇ ਹਨ ਅਤੇ ਉਹ ਜਿਹੜੇ ਝੂਠ ਨੂੰ ਪਿਆਰ ਕਰਦੇ ਹਨ ਅਤੇ ਝੂਠ ਬੋਲਦੇ ਹਨ।

16 “ਮੈਂ, ਯਿਸੂ ਨੇ ਕਲੀਸਿਯਾ ਨੂੰ ਇਹ ਗੱਲਾਂ ਦੱਸਣ ਲਈ ਆਪਣੇ ਦੂਤ ਭੇਜਦਾ ਹਾਂ। ਮੈਂ ਦਾਊਦ ਦੇ ਪਰਿਵਾਰ ਦੀ ਔਲਾਦ ਹਾਂ। ਮੈਂ ਸਵੇਰ ਦਾ ਚਮਕਦਾ ਸਿਤਾਰਾ ਹਾਂ।”

17 ਆਤਮਾ ਅਤੇ ਲਾੜੀ ਆਖਦੇ ਹਨ, “ਆਓ।” ਅਤੇ ਸ੍ਰੋਤਿਆਂ ਨੂੰ ਆਖਣਾ ਚਾਹੀਦਾ, “ਆਓ।” ਜੇਕਰ ਕੋਈ ਪਿਆਸਾ ਹੈ, ਉਸ ਨੂੰ ਆਉਣ ਦਿਓ ਅਤੇ ਜੇਕਰ ਉਹ ਚਾਹੁੰਦਾ ਤਾਂ ਜੀਵਨ ਦਾ ਪਾਣੀ ਮੁਫ਼ਤ ਇੱਕ ਸੁਗਾਤ ਵਜੋਂ ਪੀਣ ਦਿਉ।

18 ਹੁਣ ਮੈਂ ਉਨ੍ਹਾਂ ਸਭ ਨੂੰ ਚਿਤਾਵਨੀ ਦਿੰਦਾ ਹਾਂ ਜਿਹੜੇ ਇਸ ਪੁਸਤਕ ਦੀ ਅਗੰਮ ਵਾਕ ਦੇ ਸ਼ਬਦਾਂ ਨੂੰ ਸੁਣਦੇ ਹਨ। ਜੇਕਰ ਕੋਈ ਇਨ੍ਹਾਂ ਸ਼ਬਦਾਂ ਵਿੱਚ ਕੁਝ ਜੋੜਦਾ ਹੈ, ਪਰਮੇਸ਼ੁਰ ਉਸ ਉੱਤੇ ਉਹ ਮੁਸੀਬਤਾਂ ਲਿਆਵੇਗਾ ਜਿਨ੍ਹਾਂ ਬਾਰੇ ਇਸ ਪੁਸਤਕ ਵਿੱਚ ਲਿਖਿਆ ਹੋਇਆ। 19 ਅਤੇ ਜੇਕਰ ਕੋਈ ਵੀ ਅਗੰਮ ਵਾਕ ਦੀ ਇਸ ਪੁਸਤਕ ਵਿੱਚੋਂ ਸ਼ਬਦਾਂ ਨੂੰ ਕੱਢਦਾ ਹੈ, ਪਰਮੇਸ਼ੁਰ ਜੀਵਨ ਦੇ ਰੁੱਖ ਵਿੱਚੋਂ ਉਸਦਾ ਹਿੱਸਾ ਅਤੇ ਪਵਿੱਤਰ ਸ਼ਹਿਰ ਵਿੱਚੋਂ ਉਸਦੀ ਥਾਂ ਲੈ ਲਵੇਗਾ। ਜਿਸ ਬਾਰੇ ਇਸ ਪੁਸਤਕ ਵਿੱਚ ਲਿਖਿਆ ਹੈ।

20 ਯਿਸੂ ਹੀ ਹੈ ਜਿਹੜਾ ਆਖਦਾ ਹੈ ਕਿ ਇਹ ਸਾਰੀਆਂ ਗੱਲਾਂ ਸੱਚ ਹਨ। ਹੁਣ ਉਹ ਆਖਦਾ ਹੈ, “ਹਾਂ, ਮੈਂ ਛੇਤੀ ਆ ਰਿਹਾ ਹਾਂ।”

ਆਮੀਨ! ਆਓ ਪ੍ਰਭੂ ਯਿਸੂ!

21 ਪ੍ਰਭੂ ਯਿਸੂ ਦੀ ਕ੍ਰਿਪਾ ਸਭਨਾਂ ਤੇ ਹੋਵੇ। ਆਮੀਨ।

ਮੱਤੀ 18:21-35

ਖਿਮਾ ਬਾਰੇ ਉਪਦੇਸ਼

21 ਤਦ ਪਤਰਸ ਯਿਸੂ ਕੋਲ ਆਇਆ ਅਤੇ ਉਸ ਨੂੰ ਆਖਿਆ, “ਜੇਕਰ ਮੇਰਾ ਭਰਾ ਮੇਰਾ ਬੁਰਾ ਕਰਨਾ ਜਾਰੀ ਰੱਖੇ, ਤਾਂ ਕਿੰਨੀ ਵਾਰੀ ਮੈਂ ਉਸ ਨੂੰ ਮਾਫ਼ ਕਰਾਂ? ਕੀ ਮੈਂ ਉਸ ਨੂੰ ਸੱਤ ਵਾਰ ਬੁਰਾ ਕਰਨ ਤੱਕ ਮਾਫ਼ ਕਰਾਂ?”

22 ਯਿਸੂ ਨੇ ਉਸ ਨੂੰ ਕਿਹਾ, “ਤੂੰ ਸੱਤ ਵਾਰ ਤੋਂ ਵੱਧ ਮਾਫ਼ ਕਰ। ਤੂੰ ਉਸ ਨੂੰ ਲਗਾਤਾਰ ਮਾਫ਼ ਕਰਦਾ ਜਾ, ਭਾਵੇਂ ਉਹ ਤੇਰੇ ਨਾਲ ਸਤੱਤਰ ਵਾਰ ਗਲਤੀ ਕਰੇ।

23 “ਸੋ ਸੁਰਗ ਦਾ ਰਾਜ ਉਸ ਰਾਜੇ ਵਰਗਾ ਹੈ ਜਿਸਨੇ ਆਪਣੇ ਉਨ੍ਹਾਂ ਨੋਕਰਾਂ ਤੋਂ ਪੈਸਾ ਵਸੂਲਣ ਦਾ ਮਨ ਬਣਾਇਆ ਜੋ ਉਸ ਦੇ ਨੌਕਰ ਉਸ ਨੂੰ ਦੇਣਦਾਰ ਸਨ। 24 ਜਦੋਂ ਰਾਜੇ ਨੇ ਪੈਸਾ ਇਕੱਠਾ ਕਰਨਾ ਸ਼ੁਰੂ ਕੀਤਾ, ਤਾਂ ਉਸ ਦੇ ਇੱਕ ਨੋਕਰ ਨੂੰ, ਜੋ ਉਸ ਨੂੰ ਚਾਂਦੀ ਦੇ ਕਈ ਹਜ਼ਾਰ ਸਿੱਕਿਆਂ ਦਾ ਦੇਣਦਾਰ ਸੀ, ਉਸ ਕੋਲ ਲਿਆਂਦਾ ਗਿਆ। 25 ਪਰ ਨੋਕਰ, ਕੋਲ ਦੇਣ ਨੂੰ ਕੁਝ ਨਹੀਂ ਸੀ, ਤਦ ਉਸ ਦੇ ਮਾਲਕ ਨੇ ਹੁਕਮ ਦਿੱਤਾ ਉਹ ਉਸਦੀ ਤੀਵੀਂ, ਬਾਲ-ਬੱਚੇ ਅਤੇ ਜੋ ਕੁਝ ਵੀ ਉਸਦਾ ਹੈ ਸਭ ਵੇਚਿਆ ਜਾਵੇ ਅਤੇ ਕਰਜ ਭਰ ਲਿਆ ਜਾਵੇ।

26 “ਉਸ ਸਮੇਂ ਨੋਕਰ ਨੇ ਉਸ ਅੱਗੇ ਝੁਕ ਕੇ ਬੇਨਤੀ ਕੀਤੀ, ‘ਮੇਰੇ ਤੇ ਰਹਿਮ ਕਰੋ ਅਤੇ ਮੈਂ ਜੋ ਕੁਝ ਤੁਹਾਥੋਂ ਲਿਆ ਹੈ, ਜਲਦੀ ਮੋੜ ਦੇਵਾਂਗਾ।’ 27 ਤਾਂ ਮਾਲਕ ਨੂੰ ਉਸ ਉੱਤੇ ਤਰਸ ਆਇਆ। ਮਾਲਕ ਨੇ ਤਰਸ ਖਾਕੇ ਉਸਦਾ ਕਰਜ ਮਾਫ਼ ਕਰ ਦਿੱਤਾ ਅਤੇ ਉਸ ਨੂੰ ਵੀ ਛੱਡ ਦਿੱਤਾ।

28 “ਜਦੋਂ ਉਹੀ ਨੋਕਰ ਬਾਹਰ ਆਇਆ, ਤਾਂ ਉਸ ਨੂੰ ਦੂਜਾ ਨੋਕਰ ਮਿਲਿਆ ਜੋ ਉਸ ਨੂੰ ਚਾਂਦੀ ਦੇ ਇੱਕ ਸੌ ਸਿੱਕਿਆਂ ਦਾ ਦੇਣਦਾਰ ਸੀ। ਤਾਂ ਉਸ ਨੋਕਰ ਨੇ ਦੂਜੇ ਨੂੰ ਗਲੋਂ ਫ਼ੜ ਲਿਆ ਅਤੇ ਆਖਿਆ ਜਿਸਦਾ ਤੂੰ ਮੈਨੂੰ ਦੇਣਦਾਰ ਹੈ, ਸੋ ਦੇ।

29 “ਤਾਂ ਉਸ ਦੇ ਨਾਲ ਦਾ ਨੋਕਰ ਉਸ ਦੇ ਗੋਡੀ ਪੈ ਗਿਆ ਅਤੇ ਉਸ ਨੂੰ ਬੇਨਤੀ ਕੀਤੀ, ‘ਤੂੰ ਮੇਰੇ ਨਾਲ ਸਬਰ ਤੋਂ ਕੰਮ ਲੈ, ਮੈਂ ਤੇਰਾ ਸਾਰਾ ਕਰਜਾ ਦੇ ਦਿਆਂਗਾ।’

30 “ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਕਚਿਹਰੀ ਰਾਹੀਂ ਉਸ ਨੋਕਰ ਨੂੰ ਕੈਦ ਵਿੱਚ ਸੁੱਟ ਦਿਤਾ ਗਿਆ। ਉਸ ਨੂੰ ਓਨਾ ਚਿਰ ਕੈਦ ਵਿੱਚ ਰੱਖਿਆ ਗਿਆ ਜਦੋਂ ਤੱਕ ਕਿ ਉਸ ਨੇ ਸਾਰਾ ਕਰਜਾ ਵਾਪਸ ਨਹੀਂ ਦੇ ਦਿੱਤਾ। 31 ਪਰ ਜਦੋਂ ਉਸ ਦੇ ਨਾਲ ਦੇ ਨੋਕਰਾਂ ਨੇ ਇਹ ਗੱਲ ਵਾਪਰਦੀ ਵੇਖੀ ਤਾਂ ਉਹ ਬੜੇ ਉਦਾਸ ਹੋਏ ਅਤੇ ਉਨ੍ਹਾਂ ਨੇ ਜਾਕੇ ਮਾਲਕ ਨੂੰ ਸਾਰਾ ਹਾਲ ਦੱਸ ਦਿੱਤਾ।

32 “ਤਦ ਮਾਲਕ ਨੇ ਉਸ ਨੌਕਰ ਨੂੰ ਸੱਦਿਆ ਅਤੇ ਆਖਿਆ, ‘ਓਏ ਦੁਸ਼ਟ ਨੋਕਰ, ਤੂੰ ਮੇਰੇ ਕਿੰਨੇ ਧਨ ਦਾ ਦੇਣਦਾਰ ਸੀ, ਪਰ ਤੂੰ ਮੈਨੂੰ ਕਰਜਾ ਛੱਡਣ ਲਈ ਬੇਨਤੀ ਕੀਤੀ। ਇਸ ਲਈ ਮੈਂ ਤੇਰਾ ਸਾਰਾ ਕਰਜਾ ਛੱਡ ਦਿੱਤਾ। 33 ਫ਼ੇਰ ਜਿਵੇਂ ਮੈਂ ਤੇਰੇ ਤੇ ਦਯਾ ਕੀਤੀ ਸੀ ਕੀ ਤੈਨੂੰ ਵੀ ਆਪਣੇ ਨਾਲ ਦੇ ਨੋਕਰ ਉੱਤੇ ਉਵੇਂ ਹੀ ਦਯਾ ਨਹੀਂ ਕਰਨੀ ਚਾਹੀਦੀ ਸੀ।’ 34 ਮਾਲਕ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਨੋਕਰ ਨੂੰ ਸਜ਼ਾ ਦੇਣ ਲਈ ਕੈਦ ਵਿੱਚ ਸੁੱਟ ਦਿੱਤਾ, ਅਤੇ ਓਨੀ ਦੇਰ ਕੈਦ ਵਿੱਚ ਰੱਖਣ ਦਾ ਹੁਕਮ ਦਿੱਤਾ ਜਿੰਨੀ ਦੇਰ ਉਹ ਆਪਣਾ ਕਰਜਾ ਚੁਕਤਾ ਨਾ ਕਰ ਦੇਵੇ।

35 “ਇਸੇ ਤਰ੍ਹਾਂ ਮੇਰਾ ਸੁਰਗੀ ਪਿਤਾ ਤੁਹਾਡੇ ਨਾਲ ਕਰੇਗਾ ਜਿਵੇਂ ਰਾਜੇ ਨੇ ਨੋਕਰ ਨਾਲ ਕੀਤਾ ਜੇਕਰ ਤੁਸੀਂ ਆਪਣੇ ਭਾਈਆਂ ਅਤੇ ਭੈਣਾਂ ਨੂੰ ਆਪਣੇ ਦਿਲੋਂ ਮਾਫ਼ ਨਹੀਂ ਕਰੋਂਗੇ ਤਾਂ ਮੇਰਾ ਸੁਰਗੀ ਪਿਤਾ ਤੁਹਾਨੂੰ ਮਾਫ਼ ਨਹੀਂ ਕਰੇਗਾ।”

Punjabi Bible: Easy-to-Read Version (ERV-PA)

2010 by World Bible Translation Center