Book of Common Prayer
ਕੋਰਹ ਪਰਿਵਾਰ ਵੱਲੋਂ ਉਸਤਤਿ ਦਾ ਇੱਕ ਗੀਤ। ਨਿਰਦੇਸ਼ਕ ਲਈ: ਇੱਕ ਦੁੱਖਦਾਈ ਬਿਮਾਰੀ ਬਾਰੇ। ਹੇਮਨ ਅਜ਼ਰਾਂਹੀ ਦਾ ਇੱਕ ਭਗਤੀ ਗੀਤ।
88 ਯਹੋਵਾਹ ਪਰਮੇਸ਼ੁਰ, ਤੁਸੀਂ ਮੇਰੇ ਮੁਕਤੀਦਾਤਾ ਹੋ।
ਮੈਂ ਤੁਹਾਡੇ ਅੱਗੇ ਦਿਨ-ਰਾਤ ਪ੍ਰਾਰਥਨਾ ਕਰਦਾ ਰਿਹਾ।
2 ਕਿਰਪਾ ਕਰਕੇ ਮੇਰੀਆਂ ਪ੍ਰਾਰਥਨਾ ਵੱਲ ਧਿਆਨ ਦਿਉ।
ਰਹਿਮ ਲਈ ਮੇਰੀਆਂ ਪ੍ਰਾਰਥਨਾ ਸੁਣੋ।
3 ਮੇਰੀ ਰੂਹ ਨੇ ਇਸ ਦਰਦ ਨੂੰ ਬਹੁਤ ਝੱਲਿਆ ਹੈ।
ਮੈਂ ਛੇਤੀ ਹੀ ਮਰ ਜਾਵਾਂਗਾ।
4 ਲੋਕਾਂ ਨੇ ਤਾਂ ਮੈਨੂੰ ਪਹਿਲਾਂ ਹੀ ਮੁਰਦਾ ਸਮਝ ਲਿਆ ਹੈ।
ਉਸ ਬੰਦੇ ਵਰਗਾ ਜਿਹੜਾ ਕਮਜ਼ੋਰੀ ਕਾਰਣ ਜਿਉਣ ਦੇ ਕਾਬਲ ਨਹੀਂ ਰਿਹਾ।
5 ਮੁਰਦਾ ਲੋਕਾਂ ਵਿੱਚ ਮੇਰੀ ਤਲਾਸ਼ ਕਰੋ,
ਮੈਂ ਕਬਰਸਤਾਨ ਵਿੱਚ ਪਈ ਹੋਈ ਇੱਕ ਲਾਸ਼ ਵਾਂਗ ਹਾਂ।
ਉਨ੍ਹਾਂ ਲੋਕਾਂ ਵਿੱਚੋਂ ਜਿਨ੍ਹਾਂ ਨੂੰ ਤੁਸਾਂ ਭੁਲਾ ਦਿੱਤਾ ਹੈ।
ਤੁਹਾਡੇ ਨਾਲੋਂ ਅਤੇ ਤੁਹਾਡੀ ਦੇਖ-ਭਾਲ ਨਾਲੋਂ ਟੁੱਟੇ ਹੋਇਆਂ ਨੂੰ।
6 ਤੁਸੀਂ ਮੈਨੂੰ ਧਰਤੀ ਦੀ ਉਸ ਖੱਡ ਵਿੱਚ ਸੁੱਟ ਦਿੱਤਾ ਸੀ। ਹਾਂ,
ਤੁਸੀਂ ਹੀ ਮੈਨੂੰ ਉਸ ਹਨੇਰੀ ਥਾਵੇਂ ਰੱਖਿਆ ਸੀ।
7 ਹੇ ਪਰਮੇਸ਼ੁਰ, ਤੁਸੀਂ ਮੇਰੇ ਉੱਪਰ ਕਹਿਰਵਾਨ ਸੀ ਅਤੇ ਤੁਸੀਂ ਮੈਨੂੰ ਦੰਡ ਦਿੱਤਾ ਸੀ।
8 ਮੇਰੇ ਯਾਰ ਮੈਨੂੰ ਛੱਡ ਗਏ ਹਨ।
ਇੱਕ ਅਛੂਤ ਬੰਦੇ ਵਾਂਗ ਉਨ੍ਹਾਂ ਨੇ ਮੇਰੇ ਕੋਲੋਂ ਦੂਰੀ ਰੱਖ ਲਈ ਹੈ।
ਮੈਂ ਘਰ ਵਿੱਚ ਹੀ ਕੈਦ ਹਾਂ ਅਤੇ ਮੈਂ ਬਾਹਰ ਨਹੀਂ ਆ ਸੱਕਦਾ।
9 ਮੇਰੀਆਂ ਅੱਖਾਂ ਮੇਰੇ ਦੁੱਖਾਂ ਬਾਰੇ ਰੋਂਦੀਆਂ ਦੁੱਖ ਰਹੀਆਂ ਹਨ।
ਹੇ ਪਰਮੇਸ਼ੁਰ, ਮੈਂ ਨਿਰੰਤਰ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ।
ਮੈਂ ਪ੍ਰਾਰਥਨਾ ਲਈ ਤੁਹਾਡੇ ਵੱਲ ਆਪਣੇ ਹੱਥ ਉੱਠਾਉਂਦਾ ਹਾਂ।
10 ਯਹੋਵਾਹ, ਕੀ ਤੁਸੀਂ ਮੁਰਦਾ ਬੰਦਿਆਂ ਲਈ ਕਰਿਸ਼ਮੇ ਕਰਦੇ ਹੋ?
ਕੀ ਪ੍ਰੇਤ ਉੱਠਦੇ ਹਨ ਅਤੇ ਤੁਹਾਡੀ ਉਸਤਤਿ ਕਰਦੇ ਹਨ? ਨਹੀਂ।
11 ਮੁਰਦਾ ਬੰਦੇ, ਕਬਰ ਵਿੱਚ ਪਏ ਹੋਏ ਤੁਹਾਡੇ ਪਿਆਰ ਦੀ ਗੱਲਾਂ ਨਹੀਂ ਕਰ ਸੱਕਦੇ।
ਮੁਰਦਿਆਂ ਦੀ ਦੁਨੀਆਂ ਦੇ ਮਰਦਾ ਲੋਕ ਤੁਹਾਡੀ ਵਫ਼ਾਦਾਰੀ ਦੀ ਗੱਲ ਨਹੀਂ ਕਰ ਸੱਕਦੇ।
12 ਹਨੇਰੇ ਵਿੱਚ ਪਏ ਹੋਏ ਮੁਰਦਾ ਲੋਕ ਤੁਹਾਡੇ ਚਮਤਕਾਰ ਨਹੀਂ ਦੇਖ ਸੱਕਦੇ।
ਭੁੱਲੇ ਵਿੱਸਰਿਆਂ ਦੀ ਦੁਨੀਆਂ ਦੇ ਮੁਰਦਾ ਲੋਕ ਤੁਹਾਡੀ ਸ਼ੁਭਤਾ ਦੀ ਗੱਲ ਨਹੀਂ ਕਰ ਸੱਕਦੇ।
13 ਯਹੋਵਾਹ, ਮੈਂ ਤੁਹਾਨੂੰ ਸਹਾਇਤਾ ਲਈ ਆਖ ਰਿਹਾ ਹਾਂ।
ਮੈਂ ਹਰ ਰੋਜ਼ ਮੂੰਹ ਹਨੇਰੇ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ।
14 ਹੇ ਪਰਮੇਸ਼ੁਰ, ਤੁਸੀਂ ਮੈਨੂੰ ਕਿਉਂ ਛੱਡ ਦਿੱਤਾ ਹੈ?
ਤੁਸੀਂ ਮੈਨੂੰ ਸੁਣਨ ਤੋਂ ਇਨਕਾਰ ਕਿਉਂ ਕਰਦੇ ਹੋਂ?
15 ਆਪਣੀ ਨੌਜਵਾਨੀ ਵੇਲੇ ਤੋਂ ਹੀ ਮੈਂ ਕਮਜ਼ੋਰ ਅਤੇ ਬਿਮਾਰ ਸਾਂ
ਅਤੇ ਮੈਂ ਤੁਹਾਡਾ ਗੁੱਸਾ ਝੱਲਿਆ ਹੈ। ਮੈਂ ਬੇਸਹਾਰਾ ਹਾਂ।
16 ਯਹੋਵਾਹ, ਤੁਸੀਂ ਮੇਰੇ ਉੱਤੇ ਕਹਿਰਵਾਨ ਸੀ
ਅਤੇ ਦੰਡ ਮੈਨੂੰ ਮਾਰ ਰਿਹਾ ਹੈ।
17 ਮੇਰੇ ਨਾਲ ਸਦਾ ਚੀਸਾਂ ਅਤੇ ਦਰਦ ਰਿਹਾ ਹੈ।
ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਆਪਣੀਆਂ ਚੀਸਾਂ ਅਤੇ ਦਰਦਾਂ ਨਾਲ ਡੁੱਬ ਰਿਹਾ ਹਾਂ।
18 ਅਤੇ ਹੇ ਪਰਮੇਸ਼ੁਰ, ਤੁਸੀਂ ਮੈਨੂੰ ਮੇਰੇ ਸਾਰੇ ਦੋਸਤਾਂ ਅਤੇ ਪਿਆਰਿਆਂ ਨੂੰ ਛੱਡਣ ਲਈ ਮਜ਼ਬੂਰ ਕਰ ਦਿੱਤਾ।
ਸਿਰਫ਼ ਹਨੇਰਾ ਹੀ ਮੇਰਾ ਸੰਗੀ ਸਾਥੀ ਹੈ।
91 ਤੁਸੀਂ ਸਰਬ ਉੱਚ ਪਰਮੇਸ਼ੁਰ ਕੋਲ ਲੁਕਣ ਲਈ ਜਾ ਸੱਕਦੇ ਹੋ।
ਤੁਸੀਂ ਸੁਰੱਖਿਆ ਲਈ ਸਰਬ ਸ਼ਕਤੀਮਾਨ ਪਰਮੇਸ਼ੁਰ ਕੋਲ ਜਾ ਸੱਕਦੇ ਹੋ।
2 ਮੈਂ ਆਪਣੇ ਪਰਮੇਸ਼ੁਰ ਨੂੰ ਦੱਸਦਾ ਹਾਂ, “ਤੁਸੀਂ ਮੇਰੀ ਸੁਰੱਖਿਆ ਦਾ ਸਥਾਨ, ਮੇਰਾ ਕਿਲ੍ਹਾ ਹੋ।
ਮੇਰੇ ਪਰਮੇਸ਼ੁਰ, ਮੈਂ ਤੁਹਾਡੇ ਵਿੱਚ ਯਕੀਨ ਰੱਖਦਾ ਹਾਂ।”
3 ਪਰਮੇਸ਼ੁਰ ਤੁਹਾਨੂੰ ਛੁੱਪੇ ਖਤਰਿਆਂ ਕੋਲੋਂ
ਅਤੇ ਖਤਰਨਾਕ ਬਿਮਾਰੀਆਂ ਕੋਲੋਂ ਬਚਾਵੇਗਾ।
4 ਸੁਰੱਖਿਆ ਲਈ ਤੁਸੀਂ ਪਰਮੇਸ਼ੁਰ ਵੱਲ ਜਾ ਸੱਕਦੇ ਹੋ।
ਉਹ ਤੁਹਾਡੀ ਰੱਖਿਆ ਕਰੇਗਾ, ਜਿਵੇਂ ਇੱਕ ਪੰਛੀ ਆਪਣੇ ਬੱਚਿਆਂ ਉੱਤੇ ਖੰਭ ਖਿਲਾਰ ਲੈਂਦਾ ਹੈ।
ਪਰਮੇਸ਼ੁਰ ਇੱਕ ਢਾਲ ਹੋਵੇਗਾ ਅਤੇ ਤੁਹਾਡੀ ਰੱਖਿਆ ਲਈ ਇੱਕ ਕੰਧ।
5 ਤੁਹਾਨੂੰ ਰਾਤ ਵੇਲੇ ਕੋਈ ਡਰ ਨਹੀਂ ਹੋਵੇਗਾ।
ਅਤੇ ਦਿਨ ਵੇਲੇ ਵੀ ਤੁਹਾਨੂੰ ਆਪਣੇ ਵੈਰੀ ਦੇ ਤੀਰਾਂ ਤੋਂ ਕੋਈ ਡਰ ਨਹੀਂ ਹੋਵੇਗਾ।
6 ਤੁਹਾਨੂੰ ਉਨ੍ਹਾਂ ਬਿਮਾਰੀਆਂ ਦਾ ਡਰ ਨਹੀਂ ਹੋਵੇਗਾ ਜਿਹੜੀਆਂ ਹਨੇਰੇ ਵਿੱਚ ਆਉਂਦੀਆਂ ਹਨ
ਜਾਂ ਉਨ੍ਹਾਂ ਭਿਆਨਕ ਬਿਮਾਰੀਆਂ ਦਾ, ਜਿਹੜੀਆਂ ਦੁਪਿਹਰ ਵੇਲੇ ਹਮਲਾ ਕਰਦੀਆਂ ਹਨ।
7 ਤੁਸੀਂ ਹਜ਼ਾਰਾਂ ਦੁਸ਼ਮਣਾਂ ਨੂੰ ਹਰਾ ਦਿਉਂਗੇ।
ਤੁਹਾਡਾ ਆਪਣਾ ਸੱਜਾ ਹੱਥ ਦੁਸ਼ਮਣ ਦੇ 10,000 ਸੈਨਕਾਂ ਨੂੰ ਹਰਾਵੇਗਾ।
ਤੁਹਾਡੇ ਦੁਸ਼ਮਣ ਤੁਹਾਨੂੰ ਹੱਥ ਵੀ ਨਹੀਂ ਲਗਾ ਸੱਕਦੇ।
8 ਤੁਸੀਂ ਦੇਖੋਂਗੇ ਕਿ ਉਨ੍ਹਾਂ ਦੁਸ਼ਟ ਲੋਕਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ।
9 ਕਿਉਂ? ਕਿਉਂਕਿ ਤੁਸੀਂ ਯਹੋਵਾਹ ਉੱਤੇ ਵਿਸ਼ਵਾਸ ਕਰਦੇ ਹੋ,
ਤੁਸੀਂ ਸਰਬ ਉੱਚ ਪਰਮੇਸ਼ੁਰ ਨੂੰ ਆਪਣਾ ਸੁਰੱਖਿਅਤ ਟਿਕਾਣਾ ਬਣਾਇਆ ਹੈ।
10 ਕੋਈ ਮੰਦੀ ਗੱਲ ਤੁਹਾਡੇ ਨਾਲ ਨਹੀਂ ਵਾਪਰੇਗੀ।
ਤੁਹਾਡੇ ਘਰ ਅੰਦਰ ਬਿਮਾਰੀਆਂ ਨਹੀਂ ਹੋਣਗੀਆਂ।
11 ਪਰਮੇਸ਼ੁਰ ਤੁਹਾਡੇ ਲਈ ਆਪਣੇ ਦੂਤਾਂ ਨੂੰ ਆਦੇਸ਼ ਕਰੇਗਾ ਅਤੇ ਤੁਸੀਂ ਜਿੱਥੇ ਵੀ ਜਾਵੋਂਗੇ ਉਹ ਤੁਹਾਡੀ ਹਰ ਥਾਂ ਰੱਖਿਆ ਕਰਨਗੇ।
12 ਉਨ੍ਹਾਂ ਦੇ ਹੱਥ ਤੁਹਾਨੂੰ ਫ਼ੜ ਲੈਣਗੇ,
ਤਾਂ ਜੋ ਤੁਹਾਡਾ ਪੈਰ ਪੱਥਰਾਂ ਉੱਤੇ ਨਾ ਵਜੇ।
13 ਤੁਹਾਡੇ ਕੋਲ ਸ਼ੇਰਾਂ ਅਤੇ ਜ਼ਹਿਰੀਲੇ ਸੱਪਾਂ ਉੱਪਰ
ਤੁਰਨ ਦੀ ਸ਼ਕਤੀ ਹੋਵੇਗੀ।
14 ਯਹੋਵਾਹ ਆਖਦੇ ਹਨ, “ਜੇ ਕੋਈ ਮੇਰੇ ਉੱਪਰ ਭਰੋਸਾ ਕਰਦਾ ਹੈ ਮੈਂ ਉਸ ਨੂੰ ਬਚਾ ਲਵਾਂਗਾ।
ਮੈਂ ਆਪਣੇ ਪੈਰੋਕਾਰਾਂ ਨੂੰ ਬਚਾਵਾਂਗਾ ਜਿਹੜੇ ਮੇਰੇ ਨਾਮ ਦੀ ਉਪਾਸਨਾ ਕਰਦੇ ਹਨ।
15 ਮੇਰੇ ਪੈਰੋਕਾਰ ਮੈਨੂੰ ਸਹਾਇਤਾ ਲਈ ਪੁਕਾਰਨਗੇ, ਅਤੇ ਮੈਂ ਉਨ੍ਹਾਂ ਦੀ ਪੁਕਾਰ ਸੁਣਾਂਗਾ।
ਜਦੋਂ ਵੀ ਉਨ੍ਹਾਂ ਉੱਤੇ ਮੁਸੀਬਤ ਆਵੇਗੀ ਮੈਂ ਉਨ੍ਹਾਂ ਦੇ ਅੰਗ-ਸੰਗ ਹੋਵਾਂਗਾ।
ਮੈਂ ਉਨ੍ਹਾਂ ਨੂੰ ਬਚਾ ਲਵਾਂਗਾ ਅਤੇ ਉਨ੍ਹਾਂ ਨੂੰ ਮਾਨ ਦੇਵਾਂਗਾ।
16 ਮੈਂ ਆਪਣੇ ਪੈਰੋਕਾਰਾਂ ਨੂੰ ਲੰਮੀ ਜ਼ਿੰਦਗੀ ਦੇਵਾਂਗਾ।
ਅਤੇ ਮੈਂ ਉਨ੍ਹਾਂ ਨੂੰ ਬਚਾਵਾਂਗਾ।”
ਸਬਤ ਲਈ ਉਸਤਤਿ ਦਾ ਗੀਤ।
92 ਯਹੋਵਾਹ ਦੀ ਉਸਤਤਿ ਕਰਨੀ ਚੰਗੀ ਹੈ।
ਹੇ ਸਰਬ ਉੱਚ ਪਰਮੇਸ਼ੁਰ ਤੁਹਾਡੇ ਨਾਮ ਦੀ ਉਸਤਤਿ ਚੰਗੀ ਹੈ।
2 ਤੁਹਾਡੇ ਪਿਆਰ ਬਾਰੇ ਸਵੇਰ ਵੇਲੇ
ਅਤੇ ਤੁਹਾਡੀ ਵਫ਼ਾਦਾਰੀ ਬਾਰੇ ਰਾਤ ਨੂੰ ਗਾਉਣਾ ਚੰਗਾ ਹੈ।
3 ਹੇ ਪਰਮੇਸ਼ੁਰ, ਤੁਹਾਡੇ ਲਈ ਦਸ ਤਾਰਾਂ ਵਾਲੇ ਸਾਜ਼ਾਂ ਉੱਤੇ,
ਸਾਰੰਗੀਆਂ ਉੱਤੇ ਅਤੇ ਰਬਾਬਾਂ ਉੱਤੇ ਸੰਗੀਤ ਬਜਾਉਣਾ ਚੰਗਾ ਹੈ।
4 ਯਹੋਵਾਹ, ਤੁਸਾਂ ਸੱਚਮੁੱਚ ਸਾਨੂੰ ਉਨ੍ਹਾਂ ਗੱਲਾਂ ਨਾਲ ਖੁਸ਼ ਕਰਦੇ ਹੋ ਜੋ ਤੁਸੀਂ ਕੀਤੀਆਂ ਸਨ।
ਅਸੀਂ ਖੁਸ਼ੀ ਨਾਲ ਉਨ੍ਹਾਂ ਗੱਲਾਂ ਬਾਰੇ ਗਾਉਂਦੇ ਹਾਂ।
5 ਯਹੋਵਾਹ, ਤੁਸੀਂ ਇੰਨੀਆਂ ਮਹਾਨ ਗੱਲਾਂ ਕੀਤੀਆਂ ਸਨ।
ਸਾਡੇ ਲਈ ਤੁਹਾਡੇ ਵਿੱਚਾਰ ਸਮਝਣੇ ਬਹੁਤ ਮੁਸ਼ਕਿਲ ਹਨ।
6 ਤੁਹਾਡੇ ਮੁਕਾਬਲੇ ਵਿੱਚ ਲੋਕ ਪਸ਼ੂਆਂ ਵਰਗੇ ਮੂਰਖ ਹਨ।
ਅਸੀਂ ਮੂਰੱਖਾਂ ਵਰਗੇ ਹਾਂ ਜੋ ਕੋਈ ਵੀ ਗੱਲ ਨਹੀਂ ਸਮਝ ਸੱਕਦੇ।
7 ਦੁਸ਼ਟ ਲੋਕ ਘਾਹ-ਫ਼ੂਸ ਦੀ ਤਰ੍ਹਾਂ ਜਿਉਂਦੇ ਅਤੇ ਮਰ ਜਾਂਦੇ ਹਨ।
ਅਤੇ ਜਿਹੜੀਆਂ ਨਿਰਾਰਥਕ ਗੱਲਾਂ ਉਹ ਕਰਦੇ ਹਨ
ਹਮੇਸ਼ਾ ਲਈ ਨਸ਼ਟ ਕਰ ਦਿੱਤੀਆਂ ਜਾਣਗੀਆਂ।
8 ਪਰ ਹੇ ਪਰਮੇਸ਼ੁਰ, ਤੁਸੀਂ ਹਮੇਸ਼ਾ ਲਈ ਸਤਿਕਾਰੇ ਜਾਵੋਂਗੇ।
9 ਯਹੋਵਾਹ, ਤੁਹਾਡੇ ਸਾਰੇ ਦੁਸ਼ਮਣ ਤਬਾਹ ਹੋ ਜਾਣਗੇ।
ਉਹ ਸਾਰੇ ਬੰਦੇ ਜਿਹੜੇ ਮੰਦੀਆਂ ਗੱਲਾਂ ਕਰਦੇ ਹਨ ਤਬਾਹ ਹੋ ਜਾਣਗੇ।
10 ਪਰ ਤੁਸੀਂ ਮੈਨੂੰ ਤਾਕਤਵਰ ਬਣਾ ਦਿਉਂਗੇ।
ਮੈਂ ਮਜ਼ਬੂਤ ਸਿੰਗਾਂ ਵਾਲੇ ਇੱਕ ਸਾਨ੍ਹ ਵਰਗਾ ਹੋਵਾਂਗਾ।
ਤੁਸੀਂ ਮੈਨੂੰ ਮੇਰੇ ਖਾਸ ਕਾਰਜ ਲਈ ਚੁਣਿਆ ਸੀ।
ਤੁਸੀਂ ਮੇਰੇ ਉੱਤੇ ਤਾਜ਼ਗੀ ਦੇਣ ਵਾਲਾ ਤੇਲ ਮਲਿਆ ਸੀ।
11 ਮੈਂ ਆਪਣੇ ਚਾਰ-ਚੁਫ਼ੇਰੇ ਦੁਸ਼ਮਣਾਂ ਨੂੰ ਦੇਖਦਾ ਹਾਂ।
ਉਹ ਮੋਟੇ ਝੋਟਿਆਂ ਵਰਗੇ ਮੇਰੇ ਉੱਤੇ ਹਮਲਾ ਕਰਨ ਲਈ ਤਿਆਰ ਹਨ।
ਮੈਂ ਉਹ ਸੁਣ ਰਿਹਾ ਹਾਂ ਜੋ ਉਹ ਮੇਰੇ ਬਾਰੇ ਆਖ ਰਹੇ ਹਨ।
12 ਚੰਗੇ ਬੰਦੇ ਯਹੋਵਾਹ ਦੇ ਮੰਦਰ ਵਿੱਚ ਉਗੇ ਹੋਏ ਲਬੋਨਾਨ ਦੇ ਸਰੂ ਦੇ ਰੁੱਖਾਂ ਵਰਗੇ ਹਨ।
13 ਚੰਗੇ ਬੰਦੇ ਯਹੋਵਾਹ ਦੇ ਮੰਦਰ ਦੇ ਵਿਹੜੇ ਵਿੱਚ ਫ਼ੁੱਲਾਂ ਨਾਲ ਭਰੇ ਹੋਏ ਖਜ਼ੂਰ ਦੇ ਰੁੱਖਾਂ ਵਰਗੇ ਹਨ।
14 ਜਦੋਂ ਉਹ ਪੁਰਾਣੇ ਵੀ ਹੋ ਜਾਂਦੇ ਹਨ,
ਉਹ ਜਵਾਨ ਅਤੇ ਸਿਹਤਮੰਦ ਰੁੱਖਾਂ ਦੀ ਤਰ੍ਹਾਂ, ਫ਼ਲ ਦਿੰਦੇ ਰਹਿੰਦੇ ਹਨ।
15 ਉਹ ਉੱਥੇ ਹਰ ਕਿਸੇ ਨੂੰ ਵਿਖਾਉਣ ਲਈ ਹਨ
ਕਿ ਯਹੋਵਾਹ ਚੰਗਾ ਹੈ।
ਉਹ ਮੇਰੀ ਚੱਟਾਨ ਹੈ
ਅਤੇ ਉਹ ਕੁਝ ਵੀ ਗਲਤ ਨਹੀਂ ਕਰਦਾ।
ਚਿੱਟੇ ਘੋੜੇ ਉੱਤੇ ਘੋੜ ਸਵਾਰ
11 ਫ਼ੇਰ ਮੈਂ ਸਵਰਗ ਨੂੰ ਖੁਲ੍ਹਦਿਆਂ ਦੇਖਿਆ। ਉੱਥੇ ਮੇਰੇ ਸਾਹਮਣੇ ਇੱਕ ਚਿੱਟਾ ਘੋੜਾ ਸੀ। ਘੋੜ ਸਵਾਰ ਵਫ਼ਾਦਾਰ ਅਤੇ ਸੱਚਾ ਸਦਾਉਂਦਾ ਹੈ। ਉਹ ਆਪਣੇ ਨਿਆਂ ਵਿੱਚ ਅਤੇ ਜੰਗ ਕਰਨ ਵਿੱਚ ਸਹੀ ਹੈ। 12 ਉਸ ਦੀਆਂ ਅੱਖਾਂ ਅੱਗ ਦੇ ਭਾਂਬੜ ਹਨ। ਉਸ ਦੇ ਸਿਰ ਉੱਤੇ ਬਹੁਤ ਸਾਰੇ ਤਾਜ ਹਨ। ਉਸ ਦੇ ਉੱਤੇ ਇੱਕ ਨਾਮ ਲਿਖਿਆ ਹੋਇਆ ਹੈ ਪਰ ਸਿਰਫ਼ ਉਹੋ ਹੀ ਹੈ ਜਿਹੜਾ ਇੱਕ ਨਾਮ ਜਾਣਦਾ ਹੈ। ਕੋਈ ਹੋਰ ਵਿਅਕਤੀ ਇਹ ਨਾਮ ਨਹੀਂ ਜਾਣਦਾ। 13 ਉਸ ਨੇ ਲਹੂ ਨਾਲ ਭਿੱਜਿਆ ਚੋਲਾ ਪਾਇਆ ਹੈ। ਉਸਦਾ ਨਾਮ ਪਰਮੇਸ਼ੁਰ ਦਾ ਸ਼ਬਦ ਹੈ। 14 ਸਵਰਗ ਦੀਆਂ ਫ਼ੌਜਾਂ ਉਸਦਾ ਅਨੁਸਰਣ ਕਰ ਰਹੀਆਂ ਸਨ। ਉਹ ਚਿੱਟੇ ਘੋੜਿਆਂ ਤੇ ਸਵਾਰ ਸਨ। ਉਹ ਵੱਧੀਆ ਲਿਨਨ ਦੇ ਕੱਪੜਿਆਂ ਨਾਲ ਸੱਜੇ ਹੋਏ ਸਨ ਜੋ ਸਾਫ਼ ਅਤੇ ਚਿੱਟਾ ਸੀ। 15 ਘੋੜ ਸਵਾਰ ਦੇ ਮੁੱਖ ਵਿੱਚੋਂ ਇੱਕ ਤਿਖੀ ਤਲਵਾਰ ਬਾਹਰ ਆਉਂਦੀ ਹੈ। ਉਹ ਇਸ ਤਲਵਾਰ ਦੀ ਵਰਤੋਂ ਕੌਮਾਂ ਨੂੰ ਹਰਾਉਣ ਲਈ ਕਰੇਗਾ। ਉਹ ਉਨ੍ਹਾਂ ਉੱਤੇ ਲੋਹੇ ਦੀ ਸਲਾਖ ਨਾਲ ਸ਼ਾਸਨ ਕਰੇਗਾ। ਉਹ ਸਰਬ ਸ਼ਕਤੀ ਮਾਨ ਪਰਮੇਸ਼ੁਰ ਦੇ ਭਿਆਨਕ ਗੁੱਸੇ ਦੀ ਘੁਲਾੜੀ ਵਿੱਚ ਅੰਗੂਰਾਂ ਨੂੰ ਨਿਚੋੜੇਗਾ। 16 ਉਸ ਦੇ ਚੋਲੇ ਉੱਤੇ ਅਤੇ ਉਸਦੀ ਲੱਤ ਉੱਤੇ ਇਹ ਨਾਂ ਲਿਖਿਆ ਹੋਇਆ ਸੀ;
ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ
ਪਤਰਸ ਨੇ ਕਿਹਾ ਯਿਸੂ ਹੀ ਮਸੀਹ ਹੈ(A)
13 ਕੈਸਰੀਆ ਫ਼ਿਲਿੱਪੀ ਦੇ ਇਲਾਕੇ ਵਿੱਚ ਆਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ, “ਲੋਕੀਂ ਕਿਸਨੂੰ ਆਖਦੇ ਹਨ ਕਿ ਉਹ ਮਨੁੱਖ ਦਾ ਪੁੱਤਰ ਹੈ?”
14 ਉਹ ਬੋਲੇ, “ਕੋਈ ਤਾਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਕਹਿੰਦੇ ਹਨ ਅਤੇ ਕੋਈ ਏਲੀਯਾਹ ਅਤੇ ਕੋਈ ਯਿਰਮਿਯਾਹ ਜਾਂ ਨਬੀਆਂ ਵਿੱਚੋਂ ਕਿਸੇ ਇੱਕ ਨੂੰ।”
15 ਉਸ ਨੇ ਉਨ੍ਹਾਂ ਨੂੰ ਕਿਹਾ, “ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ?”
16 ਸ਼ਮਊਨ ਪਤਰਸ ਨੇ ਉੱਤਰ ਦਿੱਤਾ, “ਤੁਸੀਂ ਮਸੀਹ ਹੋ, ਜਿਉਂਦੇ ਪਰਮੇਸ਼ੁਰ ਦੇ ਪੁੱਤਰ ਹੋ।”
17 ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਤੂੰ ਧੰਨ ਹੈ ਯੂਨਾਹ ਦੇ ਪੁੱਤਰ ਸ਼ਮਊਨ। ਕਿਉਂਕਿ ਇਹ ਗੱਲ ਤੈਨੂੰ ਮਨੁੱਖ ਦੁਆਰਾ ਨਹੀਂ ਪ੍ਰਗਟਾਈ ਗਈ ਸਗੋਂ ਮੇਰੇ ਪਿਤਾ ਦੁਆਰਾ ਜੋ ਕਿ ਸਵਰਗ ਵਿੱਚ ਹੈ। 18 ਮੈਂ ਵੀ ਤੈਨੂੰ ਆਖਦਾ ਹਾਂ ਕਿ ਤੂੰ ਪਤਰਸ ਹੈਂ, ਅਤੇ ਮੈਂ ਆਪਣੀ ਕਲੀਸਿਯਾ ਇਸ ਚੱਟਾਨ ਉੱਪਰ ਬਨਾਵਾਂਗਾ। ਮੌਤ ਦੀ ਸ਼ਕਤੀ ਕਦੀ ਵੀ ਮੇਰੀ ਕਲੀਸਿਯਾ ਨੂੰ ਹਰਾਉਣ ਦੇ ਕਾਬਿਲ ਨਹੀਂ ਹੋਵੇਗੀ। 19 ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਕੁੰਜੀਆਂ ਦੇਵਾਂਗਾ। ਜੋ ਨਿਆਂ ਤੂੰ ਧਰਤੀ ਉੱਤੇ ਕਰੇਂਗਾ ਪਰਮੇਸ਼ੁਰ ਦੁਆਰਾ ਕੀਤਾ ਨਿਆਂ ਹੋਵੇਗਾ। ਜਿਸ ਮੁਆਫ਼ੀ ਦਾ ਇਕਰਾਰ ਤੂੰ ਧਰਤੀ ਤੇ ਕਰੇਂਗਾ ਉਹ ਪਰਮੇਸ਼ੁਰ ਦੁਆਰਾ ਦਿੱਤੀ ਗਈ ਮਾਫ਼ੀ ਹੋਵੇਗੀ।”
20 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਖਬਰਦਾਰ ਕੀਤਾ ਕਿ ਉਹ ਕਿਸੇ ਨੂੰ ਨਾ ਕਹਿਣ ਕਿ ਉਹੀ ਮਸੀਹ ਹੈ।
2010 by World Bible Translation Center