Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 80

ਨਿਰਦੇਸ਼ਕ ਲਈ: “ਕਰਾਰ ਦੀ ਕੁਮਦਿਨੀ” ਦੀ ਧੁਨੀ ਲਈ ਆਸਾਫ਼ ਦਾ ਇੱਕ ਉਸਤਤਿ ਗੀਤ।

80 ਇਸਰਾਏਲ ਦੇ ਆਜੜੀ, ਕਿਰਪਾ ਕਰਕੇ ਮੈਨੂੰ ਸੁਣੋ।
    ਤੁਸੀਂ ਯੂਸੁਫ਼ ਦੀਆਂ ਭੇਡਾਂ (ਲੋਕਾਂ) ਦੀ ਅਗਵਾਈ ਕਰਦੇ ਹੋ।
ਤੁਸੀਂ ਤੇਜ ਦੇ ਕਰੂਬੀ ਉੱਪਰ ਰਾਜੇ ਵਾਂਗ ਬਿਰਾਜਮਾਨ ਹੋ।
    ਸਾਨੂੰ ਤੁਹਾਨੂੰ ਵੇਖਣ ਦਿਉ।
ਇਸਰਾਏਲ ਦੇ ਆਜੜੀ, ਆਪਣੀ ਮਹਾਨਤਾ ਇਫ਼ਰਾਈਮ,
    ਬਿਨਯਾਮੀਨ ਅਤੇ ਮਨੱਸ਼ਹ ਲਈ ਦਰਸ਼ਾਉ।
ਹੇ ਪਰਮੇਸ਼ੁਰ, ਸਾਨੂੰ ਇੱਕ ਵਾਰ ਫ਼ੇਰ ਪ੍ਰਵਾਨ ਕਰੋ।
    ਸਾਨੂੰ ਪ੍ਰਵਾਨ ਕਰੋ, ਸਾਨੂੰ ਬਚਾਉ।
ਯਹੋਵਾਹ ਸਰਬ ਸ਼ਕਤੀਮਾਨ, ਤੁਸੀਂ ਸਾਡੀਆਂ ਪ੍ਰਾਰਥਨਾ ਕਦੋਂ ਸੁਣੋਂਗੇ।
    ਕੀ ਸਦਾ ਲਈ ਸਾਡੇ ਉੱਤੇ ਕਹਿਰਵਾਨ ਹੋਵੋਂਗੇ।
ਤੁਸੀਂ ਆਪਣੇ ਲੋਕਾਂ ਨੂੰ ਹੰਝੂ ਦਿੱਤੇ ਹਨ, ਤੁਸੀਂ ਆਪਣੇ ਲੋਕਾਂ ਨੂੰ ਖਾਣ ਲਈ ਉਨ੍ਹਾਂ ਦੇ ਹੰਝੂਆਂ ਨਾਲ ਭਰੇ ਹੋਏ ਪਿਆਲੇ ਦਿੱਤੇ ਹਨ।
    ਇਹੀ ਉਨ੍ਹਾਂ ਦੇ ਪੀਣ ਲਈ ਪਾਣੀ ਸੀ।
ਤੂੰ ਸਾਨੂੰ ਸਾਡੇ ਗੁਆਂਢੀਆਂ ਲਈ ਝਗੜ੍ਹੇ ਦਾ ਕਰਣ ਬਣਾ ਦਿੱਤਾ।
    ਸਾਡੇ ਵੈਰੀ ਸਾਡੇ ਉੱਤੇ ਹੱਸਦੇ ਹਨ।
ਸਰਬ ਸ਼ਕਤੀਮਾਨ ਪਰਮੇਸ਼ੁਰ, ਸਾਨੂੰ ਇੱਕ ਵਾਰੀ ਫ਼ੇਰ ਪ੍ਰਵਾਨ ਕਰੋ।
    ਸਾਨੂੰ ਪ੍ਰਵਾਨ ਕਰੋ, ਸਾਨੂੰ ਬਚਾਉ।

ਅਤੀਤ ਵਿੱਚ ਤੁਸੀਂ ਸਾਡੇ ਨਾਲ ਬਹੁਤ ਮਹੱਤਵਪੂਰਣ ਬੂਟੇ ਵਰਗਾ ਵਿਹਾਰ ਕੀਤਾ ਸੀ।
    ਤੁਸੀਂ ਆਪਣੀ “ਵੇਲ” ਨੂੰ ਮਿਸਰ ਤੋਂ ਬਾਹਰ ਲਿਆਂਦਾ ਸੀ।
ਤੁਸੀਂ ਹੋਰਾਂ ਲੋਕਾਂ ਨੂੰ ਇਹ ਧਰਤੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਸੀ।
    ਅਤੇ ਆਪਣੀ “ਵੇਲ” ਨੂੰ ਇੱਥੇ ਬੀਜ ਦਿੱਤਾ ਸੀ।
ਤੁਸੀਂ “ਵੇਲ” ਲਈ ਭੂਇ ਤਿਆਰ ਕੀਤੀ। ਤੁਸੀਂ ਇਸਦੀ ਜੜ੍ਹ ਦੀ ਮਜ਼ਬੂਤੀ ਲਈ ਸਹਾਇਤਾ ਕੀਤੀ।
    ਛੇਤੀ ਹੀ “ਵੇਲ” ਸਾਰੀ ਜ਼ਮੀਨ ਉੱਤੇ ਫ਼ੈਲ ਗਈ।
10 ਇਸਨੇ ਪਰਬਤਾਂ ਨੂੰ ਢੱਕ ਦਿੱਤਾ ਸੀ
    ਇਸਦੇ ਪਤਿਆਂ ਨੇ ਦਿਉਦਾਰ ਦੇ ਰੁੱਖਾਂ ਉੱਤੇ ਵੀ ਛਾਂ ਕਰ ਦਿੱਤੀ ਸੀ।
11     ਇਸ ਦੀਆਂ ਸ਼ਾਖਾਵਾਂ ਭੂਮੱਧ ਸਾਗਰ ਤੱਕ ਫ਼ੈਲ ਗਈਆਂ
    ਇਸ ਦੀਆਂ ਟਹਿਣੀਆਂ ਫ਼ਰਾਤ ਨਦੀ ਤੱਕ ਫ਼ੈਲ ਗਈਆਂ।
12 ਹੇ ਪਰਮੇਸ਼ੁਰ, ਤੁਸੀਂ ਉਹ ਕੰਧਾਂ ਕਿਉਂ ਢਾਹ ਦਿੱਤੀਆਂ ਜਿਹੜੀਆਂ ਤੁਹਾਡੀ “ਵੇਲ” ਦੀ ਰੱਖਿਆ ਕਰਦੀਆਂ ਹਨ।
    ਹੁਣ ਹਰ ਲੰਘਣ ਵਾਲਾ ਇਸਦੇ ਅੰਗੂਰ ਤੋੜ ਲੈਂਦਾ ਹੈ।
13 ਜੰਗਲੀ ਸੂਰ ਆਉਂਦੇ ਹਨ ਅਤੇ ਆਕੇ ਤੁਹਾਡੀ “ਵੇਲ” ਨੂੰ ਲਤਾੜ ਦਿੰਦੇ ਹਨ।
    ਜੰਗਲੀ ਜਾਨਵਰ ਆਉਂਦੇ ਹਨ ਅਤੇ ਇਸਦੇ ਪੱਤੇ ਖਾ ਜਾਂਦੇ ਹਨ।
14 ਹੇ ਪਰਮੇਸ਼ੁਰ, ਸਰਬ ਸ਼ਕਤੀਮਾਨ ਕਿਰਪਾ ਕਰਕੇ ਵਾਪਸ ਆਉ
    ਅਤੇ ਸਵਰਗ ਵਿੱਚੋਂ ਹੇਠਾਂ ਆਪਣੀ “ਵੇਲ” ਵੱਲ ਵੇਖੋ ਅਤੇ ਇਸਦੀ ਰੱਖਿਆ ਕਰੋ।
15 ਹੇ ਪਰਮੇਸ਼ੁਰ, ਆਪਣੀ ਵੇਲ ਵੱਲ ਵੇਖੋ ਜਿਸ ਨੂੰ ਤੁਸੀਂ ਆਪਣੇ ਹੱਥੀਂ ਬੀਜਿਆ ਸੀ।
    ਉਸ ਜਵਾਨ ਬੂਟੇ ਵੱਲ ਵੇਖੋ ਜਿਸ ਨੂੰ ਤੁਸੀਂ ਆਪਣੇ ਲਈ ਉਗਾਇਆ ਸੀ।
16 ਤੁਹਾਡੀ ਭਿਆਨਕ ਝਿੜਕ ਦੇ ਕਾਰਣ ਇਹ ਇੱਕ ਸੁੱਕੇ
    ਗੋਹੇ ਵਾਂਗ ਸਾੜ ਦਿੱਤੀ ਗਈ ਹੈ।

17 ਹੇ ਪਰਮੇਸ਼ੁਰ, ਆਪਣੇ ਹੱਥ ਨਾਲ ਉਸ ਆਦਮੀ ਕੋਲ ਪਹੁੰਚੋ, ਜਿਹੜਾ ਤੇਰੇ ਸੱਜੇ ਹੱਥ ਖੜੋਂਦਾ ਹੈ।
    ਉਸ ਕੋਲ ਪਹੁੰਚ ਜਿਸ ਨੂੰ ਤੂੰ ਆਪਣੀ ਖਾਤਿਰ ਵੱਧਣ ਵਿੱਚ ਮਦਦ ਕੀਤੀ ਸੀ।
18 ਤਾਂ ਅਸੀਂ ਤੁਹਾਡੇ ਕੋਲੋਂ ਫ਼ੇਰ ਤੋਂ ਬੇਮੁੱਖ ਨਹੀਂ ਹੋਵਾਂਗੇ।
    ਸਾਨੂੰ ਜੀਵਨ ਦੇ ਤਾਂ ਜੋ ਤੁਹਾਡੇ ਨਾਮ ਦੁਆਰਾ ਬੁਲਾਏ ਜਾਈਏ।
19 ਸਰਬ ਸ਼ਕਤੀਮਾਨ ਯਹੋਵਾਹ, ਸਾਨੂੰ ਜਵਾਬ ਦੇ
    ਸਾਨੂੰ ਅਸੀਸ ਦੇ ਅਤੇ ਅਸੀਂ ਬਚਾਏ ਜਾਵਾਂਗੇ।

ਜ਼ਬੂਰ 77

ਨਿਰਦੇਸ਼ਕ ਲਈ: ਯਦੂਥੂਨ ਲਈ। ਆਸਾਫ਼ ਦਾ ਇੱਕ ਉਸਤਤਿ ਗੀਤ।

77 ਮੈਂ ਪਰਮੇਸ਼ੁਰ ਨੂੰ ਆਵਾਜ਼ ਦਿੰਦਾ ਹਾਂ ਅਤੇ ਸਹਾਇਤਾ ਲਈ ਰੋਂਦਾ ਹਾਂ।
    ਹੇ ਪਰਮੇਸ਼ੁਰ ਮੈਂ ਤੈਨੂੰ ਆਵਾਜ਼ ਦਿੰਦਾ ਹਾਂ, ਮੇਰੀ ਆਵਾਜ਼ ਸੁਣੋ।
ਮੇਰੇ ਮਾਲਕ, ਮੈਂ ਜਦੋਂ ਵੀ ਮੁਸੀਬਤ ਵਿੱਚ ਹੁੰਦਾ ਹਾਂ ਤੇਰੇ ਕੋਲ ਆਉਂਦਾ ਹਾਂ।
    ਮੈਂ ਰਾਤ ਭਰ ਤੁਹਾਡੇ ਲਈ ਪੁਕਾਰਿਆ।
    ਮੇਰੀ ਰੂਹ ਨੇ ਸੁਖੀ ਹੋਣਾ ਨਾਮੰਜ਼ੂਰ ਕਰ ਦਿੱਤਾ।
ਮੈਂ ਪਰਮੇਸ਼ੁਰ ਬਾਰੇ ਸੋਚਦਾ ਹਾਂ,
    ਅਤੇ ਉਸ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹਾਂ ਕਿ ਮੇਰਾ ਕੀ ਹਾਲ ਹੈ।
    ਪਰ ਮੈਂ ਅਜਿਹਾ ਨਹੀਂ ਕਰ ਸੱਕਦਾ।
ਤੁਸੀਂ ਮੈਨੂੰ ਸੌਣ ਨਹੀਂ ਦਿੰਦੇ ਹੋ।
    ਮੈਂ ਕੁਝ ਆਖਣ ਦੀ ਕੋਸ਼ਿਸ਼ ਵੀ ਕੀਤੀ, ਪਰ ਮੈਂ ਬਹੁਤ ਪਰੇਸ਼ਾਨ ਸਾਂ।
ਮੈਂ ਅਤੀਤ ਬਾਰੇ ਸੋਚਦਾ ਰਿਹਾ।
    ਮੈਂ ਉਨ੍ਹਾਂ ਗੱਲਾਂ ਬਾਰੇ ਸੋਚਦਾ ਰਿਹਾ ਜਿਹੜੀਆਂ ਬਹੁਤ ਪਹਿਲਾਂ ਵਾਪਰੀਆਂ ਸਨ।
ਰਾਤ ਵੇਲੇ ਮੈਂ ਆਪਣੇ ਗੀਤਾਂ ਬਾਰੇ ਸੋਚਣ ਦੀ ਕੋਸ਼ਿਸ਼ ਕਰਦਾ ਹਾਂ।
    ਮੈਂ ਆਪਣੇ-ਆਪ ਨਾਲ ਗੱਲਾਂ ਕਰਦਾ ਹਾਂ ਅਤੇ ਸਮਝਣ ਦੀ ਕੋਸ਼ਿਸ਼ ਕਰਦਾ ਹਾਂ।
ਮੈਂ ਹੈਰਾਨ ਹੁੰਦਾ ਹਾਂ, “ਕੀ ਸਾਡਾ ਯਹੋਵਾਹ ਸਾਨੂੰ ਸਦਾ ਲਈ ਛੱਡ ਗਿਆ ਹੈ?
    ਕੀ ਉਹ ਸਾਨੂੰ ਫ਼ੇਰ ਕਦੀ ਵੀ ਨਹੀਂ ਚਾਹੇਗਾ?
ਕੀ ਪਰਮੇਸ਼ੁਰ ਦਾ ਪਿਆਰ ਸਦਾ ਲਈ ਮੁੱਕ ਗਿਆ ਹੈ?
    ਕੀ ਫ਼ੇਰ ਕਦੀ ਵੀ ਉਹ ਸਾਡੇ ਨਾਲ ਨਹੀਂ ਬੋਲੇਗਾ?
ਕੀ ਪਰਮੇਸ਼ੁਰ ਮਿਹਰ ਕਰਨੀ ਭੁੱਲ ਗਿਆ ਹੈ?
    ਕੀ ਉਸਦੀ ਹਮਦਰਦੀ ਗੁੱਸੇ ਵਿੱਚ ਬਦਲ ਗਈ ਹੈ?”

10 ਮੈਂ ਫ਼ੇਰ ਸੋਚਿਆ, “ਜਿਹੜਾ ਮਾਮਲਾ ਮੈਨੂੰ ਸਤਾਉਂਦਾ ਹੈ ਇਹ ਹੈ,
    ਕੀ ਸਰਬ ਉੱਚ ਪਰਮੇਸ਼ੁਰ ਆਪਣੀ ਸ਼ਕਤੀ ਖੋਹ ਚੁੱਕਿਆ ਹੈ?”

11 ਮੈਨੂੰ ਯਾਦ ਹੈ ਯਹੋਵਾਹ ਨੇ ਕੀ ਕੁਝ ਕੀਤਾ।
    ਹੇ ਪਰਮੇਸ਼ੁਰ, ਮੈਨੂੰ ਉਹ ਅਦਭੁਤ ਗੱਲਾਂ ਚੇਤੇ ਹਨ ਜਿਹੜੀਆਂ ਤੁਸਾਂ ਬਹੁਤ ਸਮਾਂ ਪਹਿਲਾਂ ਕੀਤੀਆਂ ਸਨ।
12 ਮੈਂ ਉਸ ਬਾਰੇ ਸੋਚਿਆ ਜੋ ਤੁਸਾਂ ਨੇ ਕੀਤਾ ਹੈ।
    ਮੈਂ ਉਨ੍ਹਾਂ ਗੱਲਾਂ ਬਾਰੇ ਸੋਚਿਆ।
13 ਹੇ ਪਰਮੇਸ਼ੁਰਾ ਤੁਹਾਡੇ ਰਾਹ ਪਵਿੱਤਰ ਹਨ।
    ਹੇ ਪਰਮੇਸ਼ੁਰ ਤੁਹਾਡੇ ਜਿਹਾ ਕੋਈ ਮਹਾਨ ਨਹੀਂ ਹੈ।
14 ਤੁਸੀਂ ਪਰਮੇਸ਼ੁਰ ਹੋ ਜਿਸਨੇ ਅਦਭੁਤ ਗੱਲਾਂ ਕੀਤੀਆਂ ਹਨ।
    ਤੁਸੀਂ ਲੋਕਾਂ ਨੂੰ ਆਪਣੀ ਮਹਾਨ ਸ਼ਕਤੀ ਦਰਸ਼ਾਈ।
15 ਤੁਸੀਂ ਆਪਣੇ ਲੋਕਾਂ ਨੂੰ ਆਪਣੀ ਸ਼ਕਤੀ ਨਾਲ ਬਚਾਇਆ।
    ਤੁਸੀਂ ਯਾਕੂਬ ਅਤੇ ਯੂਸੁਫ਼ ਦੀ ਔਲਾਦਾਂ ਨੂੰ ਬਚਾਇਆ।

16 ਹੇ ਪਰਮੇਸ਼ੁਰ, ਪਾਣੀ ਨੇ ਤੁਹਾਨੂੰ ਵੇਖਿਆ ਅਤੇ ਡਰ ਗਿਆ।
    ਡੂੰਘਾ ਪਾਣੀ ਡਰ ਨਾਲ ਕੰਬ ਉੱਠਿਆ।
17 ਮੋਟੇ ਬੱਦਲਾਂ ਨੇ ਆਪਣਾ ਪਾਣੀ ਸੁੱਟ ਦਿੱਤਾ।
    ਲੋਕਾਂ ਨੇ ਉੱਚੇ ਬੱਦਲਾਂ ਵਿੱਚ ਉੱਚੀ ਕੜਕ ਸੁਣੀ।
    ਫ਼ੇਰ ਤੁਹਾਡੇ ਬਿਜਲੀ ਦੇ ਤੀਰ ਬੱਦਲਾਂ ਵਿੱਚ ਚਮਕੇ।
18 ਬਹੁਤ ਉੱਚੀ ਗਰਜ ਹੋਈ।
    ਬਿਜਲੀ ਨੇ ਸਾਰੀ ਦੁਨੀਆਂ ਰੌਸ਼ਨ ਕੀਤੀ।
    ਕੰਬੀ ਅਤੇ ਹਿੱਲੀ ਧਰਤੀ।
19 ਹੇ ਪਰਮੇਸ਼ੁਰ, ਤੁਸੀਂ ਡੂੰਘੇ ਪਾਣੀਆਂ ਵਿੱਚੋਂ ਦੀ ਚੱਲੇ, ਤੁਸੀਂ ਡੂੰਘਾ ਸਮੁੰਦਰ ਪਾਰ ਕੀਤਾ।
    ਪਰ ਤੁਸੀਂ ਕੋਈ ਵੀ ਪੈਰ ਚਿਨ੍ਹ ਨਹੀਂ ਛੱਡਿਆ।
20 ਤੁਸੀਂ ਮੂਸਾ ਅਤੇ ਹਾਰੂਨ ਨੂੰ ਆਪਣੇ ਲੋਕਾਂ ਦੀ ਭੇਡਾਂ ਵਾਂਗ
    ਅਗਵਾਈ ਕਰਨ ਲਈ ਇਸਤੇਮਾਲ ਕੀਤਾ।

ਜ਼ਬੂਰ 79

ਆਸਾਫ਼ ਦਾ ਇੱਕ ਉਸਤਤਿ ਗੀਤ।

79 ਹੇ ਪਰਮੇਸ਼ੁਰ, ਪਰਾਈਆਂ ਕੌਮਾਂ ਦੇ ਲੋਕ ਤੁਹਾਡੇ ਲੋਕਾਂ ਨਾਲ ਲੜਨ ਲਈ ਆਏ ਸਨ।
    ਉਨ੍ਹਾਂ ਨੇ ਤੁਹਾਡੇ ਪਵਿੱਤਰ ਮੰਦਰ ਨੂੰ ਦੂਸ਼ਿਤ ਕਰ ਦਿੱਤਾ।
    ਉਨ੍ਹਾਂ ਨੇ ਯਰੂਸ਼ਲਮ ਨੂੰ ਖੰਡਰ ਬਣਾ ਦਿੱਤਾ।
ਵੈਰੀਆਂ ਨੇ ਤੁਹਾਡੇ ਸੇਵਕਾਂ ਦੀਆਂ ਲਾਸ਼ਾਂ ਨੂੰ ਗਿਲਝਾਂ ਅੱਗੇ ਖਾਣ ਲਈ ਸੁੱਟ ਦਿੱਤਾ।
    ਉਨ੍ਹਾਂ ਨੇ ਤੁਹਾਡੇ ਪੈਰੋਕਾਰਾਂ ਦੀਆਂ ਲਾਸ਼ਾਂ ਨੂੰ ਜਾਨਵਰਾਂ ਅੱਗੇ ਖਾਣ ਲਈ ਸੁੱਟ ਦਿੱਤਾ।
ਹੇ ਪਰਮੇਸ਼ੁਰ, ਵੈਰੀ ਨੇ ਤੇਰੇ ਲੋਕਾਂ ਨੂੰ ਉਦੋਂ ਤੱਕ ਮਾਰਿਆ ਅਤੇ ਸੁੱਟਿਆ ਜਦੋਂ ਤੱਕ ਲਹੂ ਦੀਆਂ ਨਦੀਆਂ ਨਾ ਵਗ ਤੁਰੀਆਂ।
    ਕੋਈ ਵੀ ਬੰਦਾ ਲਾਸ਼ਾਂ ਦਫ਼ਨਾਉਣ ਲਈ ਨਹੀਂ ਬਚਿਆ।
ਸਾਡੇ ਗੁਆਂਢੀ ਦੇਸ਼ਾਂ ਨੇ ਸਾਨੂੰ ਬੇਇੱਜ਼ਤ ਕੀਤਾ।
    ਆਲੇ-ਦੁਆਲੇ ਦੇ ਲੋਕ ਸਾਡੇ ਉੱਤੇ ਹੱਸੇ ਅਤੇ ਉਨ੍ਹਾਂ ਨੇ ਸਾਡਾ ਮਜ਼ਾਕ ਉਡਾਇਆ।
ਹੇ ਪਰਮੇਸ਼ੁਰ, ਕੀ ਤੁਸੀਂ ਸਦਾ ਲਈ ਸਾਡੇ ਉੱਤੇ ਕਹਿਰਵਾਨ ਹੋਵੋਂਗੇ?
    ਕੀ ਤੁਹਾਡੀਆਂ ਕਠੋਰ ਭਾਵਨਾਵਾਂ ਸਾਨੂੰ ਅੱਗ ਵਾਂਗ ਸਾੜੀ ਜਾਣਗੀਆਂ।
ਹੇ ਪਰਮੇਸ਼ੁਰ, ਆਪਣੇ ਗੁੱਸੇ ਨੂੰ ਉਨ੍ਹਾਂ ਕੌਮਾਂ ਵੱਲ ਮੋੜ ਜਿਹੜੇ ਤੁਹਾਨੂੰ ਨਹੀਂ ਜਾਣਦੇ।
    ਆਪਣਾ ਗੁੱਸਾ ਉਨ੍ਹਾਂ ਕੌਮਾਂ ਵੱਲ ਮੋੜ ਜਿਹੜੇ ਤੁਹਾਡੇ ਨਾਮ ਦੀ ਉਪਾਸਨਾ ਨਹੀਂ ਕਰਦੇ।
ਉਨ੍ਹਾਂ ਕੌਮਾਂ ਨੇ ਯਾਕੂਬ ਨੂੰ ਤਬਾਹ ਕੀਤਾ।
    ਉਨ੍ਹਾਂ ਨੇ ਯਾਕੂਬ ਦੇ ਦੇਸ਼ ਨੂੰ ਤਬਾਹ ਕਰ ਦਿੱਤਾ।
ਹੇ ਪਰਮੇਸ਼ੁਰ, ਸਾਨੂੰ ਸਾਡੇ ਪੁਰਖਿਆਂ ਦੇ ਗੁਨਾਹਾਂ ਲਈ ਦੰਡ ਨਾ ਦਿਉ।
    ਛੇਤੀ ਕਰੋ, ਸਾਡੇ ਉੱਤੇ ਦਯਾ ਕਰੋ।
    ਸਾਨੂੰ ਤੇਰੀ ਕਿੰਨੀ ਜ਼ਰੂਰਤ ਹੈ।
ਸਾਡੇ ਪਰਮੇਸ਼ੁਰ ਅਤੇ ਮੁਕਤੀਦਾਤਾ, ਸਾਡੀ ਸਹਾਇਤਾ ਕਰੋ।
    ਸਾਡੀ ਸਹਾਇਤਾ ਕਰ। ਸਾਨੂੰ ਬਚਾਉ।
ਇਸ ਨਾਲ ਤੁਹਾਡਾ ਨਾਮ ਮਹਿਮਾਮਈ ਹੋਵੇਗਾ।
    ਆਪਣੇ ਨਾਮ ਦੇ ਚੰਗੇ ਲਈ ਸਾਡੇ ਪਾਪਾਂ ਨੂੰ ਢਾਹ ਦਿਉ।
10 ਸਾਨੂੰ ਹੋਰਾਂ ਕੌਮਾਂ ਨੂੰ ਨਾ ਕਹਿਣ ਦਿਉ, “ਤੁਹਾਡਾ ਪਰਮੇਸ਼ੁਰ ਕਿੱਥੇ ਹੈ?
    ਕੀ ਉਹ ਤੁਹਾਡੀ ਸਹਾਇਤਾ ਨਹੀਂ ਕਰ ਸੱਕਦਾ?”
ਹੇ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਦੰਡ ਦਿਉ ਤਾਂ ਜੋ ਅਸੀਂ ਵੇਖ ਸੱਕੀਏ।
    ਉਨ੍ਹਾਂ ਨੂੰ ਆਪਣੇ ਸੇਵਕਾਂ ਨੂੰ ਮਾਰਨ ਦਾ ਦੰਡ ਦਿਉ।
11 ਕਿਰਪਾ ਕਰਕੇ ਕੈਦੀਆਂ ਦੀ ਕੁਰਲਾਟ ਸੁਣੋ।
    ਹੇ ਪਰਮੇਸ਼ੁਰ, ਆਪਣੀ ਮਹਾਨ ਸ਼ਕਤੀ ਦਾ ਇਸਤੇਮਾਲ ਕਰੋ ਅਤੇ ਉਨ੍ਹਾਂ ਲੋਕਾਂ ਨੂੰ ਬਚਾ ਲਵੋ ਜਿਨ੍ਹਾਂ ਨੂੰ ਮੌਤ ਦੇ ਹਵਾਲੇ ਕੀਤਾ ਗਿਆ ਹੈ।
12 ਹੇ ਪਰਮੇਸ਼ੁਰ, ਸਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਸੱਤ ਵਾਰੀ ਦੰਡ ਦਿਉ
    ਜੋ ਉਨ੍ਹਾਂ ਨੇ ਸਾਡੇ ਨਾਲ ਇੱਕ ਵਾਰੀ ਕੀਤਾ ਸੀ।
    ਉਨ੍ਹਾਂ ਲੋਕਾਂ ਨੂੰ ਤੁਹਾਨੂੰ ਬੇਇੱਜ਼ਤ ਕਰਨ ਦੇ ਬਦਲੇ ਦੰਡ ਦਿਉ।
13 ਅਸੀਂ ਤੁਹਾਡੇ ਬੰਦੇ ਹਾਂ।
    ਅਸੀਂ ਤੁਹਾਡੇ ਇਜ਼ੜ ਦੀਆਂ ਭੇਡਾਂ ਹਾਂ।
ਅਸੀਂ ਸਦਾ ਹੀ ਤੁਹਾਡੀ ਉਸਤਤਿ ਕਰਾਂਗੇ।
    ਹੇ ਪਰਮੇਸ਼ੁਰ, ਅਸੀਂ ਸਦਾ-ਸਦਾ ਹੀ ਤੁਹਾਡੀ ਉਸਤਤਿ ਕਰਾਂਗੇ।

ਨਹਮਯਾਹ 9:1-25

ਇਸਰਾਏਲੀਆਂ ਨੇ ਆਪਣੇ ਪਾਪਾਂ ਦਾ ਇਕਰਾਰ ਕੀਤਾ

ਫਿਰ ਉਸੇ ਮਹੀਨੇ ਦੇ 24ਵੇਂ ਦਿਨ, ਸਾਰੇ ਇਸਰਾਏਲੀ ਵਰਤ ਰੱਖਣ ਲਈ ਇੱਕਸਾਬ ਇਕੱਠੇ ਹੋਏ। ਆਪਣਾ ਸੋਗ ਪ੍ਰਗਟਾਉਣ ਲਈ ਉਨ੍ਹਾਂ ਨੇ ਸੋਗ ਵਾਲੇ ਕੱਪੜੇ ਪਾਏ ਅਤੇ ਆਪਣੇ ਸਿਰਾਂ ਤੇ ਧੂੜ ਪਾ ਲਈ। ਉਹ ਜਿਹੜੇ ਸੱਚੇ ਇਸਰਾਏਲੀ ਸਨ, ਉਨ੍ਹਾਂ ਨੇ ਆਪਣੇ-ਆਪ ਨੂੰ ਵਿਦੇਸ਼ੀਆਂ ਤੋਂ ਅੱਡ ਕਰ ਲਿਆ। ਉਹ ਖੜ੍ਹੇ ਹੋਏ ਅਤੇ ਆਪਣੇ ਪੁਰਖਿਆਂ ਦੀਆਂ ਦੁਸ਼ਟਤਾਵਾਂ ਨੂੰ ਕਬੂਲ ਕੀਤਾ। ਉੱਥੇ ਤਕਰੀਬਨ ਉਹ ਤਿੰਨ ਘਂਟੇ ਖੜੋਤੇ ਰਹੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਬਿਵਸਬਾ ਦੀ ਪੋਥੀ ਨੂੰ ਪੜ੍ਹਿਆ। ਫਿਰ ਹੋਰ ਤਿੰਨਾਂ ਘਂਟਿਆਂ ਲਈ, ਉਨ੍ਹਾਂ ਨੇ ਆਪਣੇ ਕੀਤੇ ਪਾਪਾਂ ਦਾ ਇਕਰਾਰ ਕੀਤਾ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਝੁਕ ਕੇ ਉਸ ਦੀ ਉਪਾਸਨਾ ਕੀਤੀ।

ਫ਼ੇਰ ਯੇਸ਼ੂਆ, ਬਾਨਈ, ਕਦਮੀਏਲ, ਸ਼ਬਨਯਾਹ, ਬੁਂਨੀ, ਸ਼ੇਰੇਬਯਾਹ, ਬਾਨੀ, ਅਤੇ ਕਨਾਨੀ ਲੇਵੀਆਂ ਦੀਆਂ ਪੌੜੀਆਂ ਤੇ ਖਲੋ ਗਏ। ਇਹ ਸਾਰੇ ਉੱਚੀ ਆਵਾਜ਼ ਵਿੱਚ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਰੋਏ। ਫੇਰ ਲੇਵੀਆਂ, ਯੇਸ਼ੂਆ, ਕਦਮੀਏਲ, ਬਾਨੀ, ਹਸ਼ਬਨਯਾਹ, ਸ਼ੇਰੇਬਯਾਹ, ਹੋਦੀਯਾਹ, ਸ਼ਬਨਯਾਹ ਅਤੇ ਪਬਹਯਾਹ ਨੇ ਆਖਿਆ, ਉੱਠੋ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਅਸੀਸ ਦਿਓ! ਪਰਮੇਸ਼ੁਰ ਹਮੇਸ਼ਾ ਰਿਹਾ ਅਤੇ ਹਮੇਸ਼ਾ ਲਈ ਰਹੇਗਾ।

“ਤੇਰੇ ਪਰਤਾਪਮਈ ਨਾਮ ਦੀ ਉਸਤਤ ਹੋਵੇ।
    ਤੇਰਾ ਨਾਂ ਸਾਰੀਆਂ ਅਸੀਸਾਂ ਅਤੇ ਸਾਰੀਆਂ ਉਸਤਤਾਂ ਤੋਂ ਉਚੇਰਾ ਹੋਵੇ।
ਸਿਰਫ਼ ਤੂੰ ਹੀ ਯਹੋਵਾਹ ਪਰਮੇਸ਼ੁਰ ਹੈਂ!
    ਇੱਕ ਤੂੰ ਹੀ ਪਰਮੇਸ਼ੁਰ ਹੈ।
ਤੂੰ ਹੀ ਅਕਾਸ਼ਾਂ, ਉੱਚੇ ਅਕਾਸ਼ਾਂ
    ਅਤੇ ਉਨ੍ਹਾਂ ਵਿੱਚਲੀਆਂ ਸਭ ਵਸਤਾਂ ਸਾਜੀਆਂ ਹਨ।
ਤੂੰ ਹੀ ਧਰਤੀ ਤੇ ਉਸ ਉਤ੍ਤਲੀਆਂ
    ਜੀਵਿਤ ਸਭ ਚੀਜ਼ਾਂ ਨੂੰ ਸਾਜਿਆ ਤੂੰ ਹੀ
ਸਮੁੰਦਰਾਂ ਤੇ ਉਨ੍ਹਾਂ ਵਿੱਚ ਰਹਿੰਦੀਆਂ ਚੀਜ਼ਾਂ ਦਾ ਯਹੋਵਾਹ ਹੈਂ।
ਤੂੰ ਸਭ ਨੂੰ ਜੀਵਨ ਦਿੰਦਾ ਹੈਂ ਅਤੇ
    ਅਕਾਸ਼ ਵਿੱਚਲਾ ਸਭ ਕੁਝ ਝੁਕ ਕੇ ਤੇਰੀ ਉਪਾਸਨਾ ਕਰਦਾ ਹੈ।
ਤੂੰ ਹੀ ਯਹੋਵਾਹ ਪਰਮੇਸ਼ੁਰ ਹੈ
    ਜਿਸ ਨੇ ਅਬਰਾਮ ਨੂੰ ਚੁਣਿਆ,
ਤੂੰ ਹੀ ਉਸ ਨੂੰ ਕਸਦੀਆਂ ਦੇ ਊਰ ਵਿੱਚੋਂ ਬਾਹਰ ਲਿਆਂਦਾ
    ਤੇ ਫਿਰ ਉਸ ਦਾ ਨਾਉ ਅਬਰਾਹਾਮ ਰੱਖਿਆ।
ਤੂੰ ਵੇਖਿਆ ਕਿ ਉਹ ਤੇਰੇ ਨਾਲ ਵਫ਼ਾਦਾਰ ਸੀ
    ਅਤੇ ਇਸ ਲਈ ਤੂੰ ਉਸ ਨਾਲ ਇਕਰਾਰਨਾਮਾ ਕੀਤਾ
ਤੂੰ ਉਸ ਨੂੰ ਕਨਾਨੀਆਂ ਹਿੱਤੀਆਂ ਅਤੇ
    ਅੰਮੋਰੀਆਂ ਫਰਿਜ਼ੀਆਂ ਯ੍ਯਬੂਸੀਆਂ ਅਤੇ ਗਿਰਗਾਸ਼ੀਆਂ ਦੀ ਧਰਤੀ ਦੇਣ ਦਾ ਇਕਰਾਰ ਕੀਤਾ।
ਤੂੰ ਉਹ ਧਰਤੀ ਅਬਰਾਹਾਮ ਦੇ ਉੱਤਰਾਧਿਕਾਰੀਆਂ ਨੂੰ ਦੇਣ ਦਾ ਇਕਰਾਰ ਕੀਤਾ
    ਤੇ ਉਸ ਇਕਰਾਰ ਨੂੰ ਨਿਭਾਇਆ। ਕਿਉਂ ਕਿ ਤੂੰ ਧਰਮੀ ਹੈਂ।
ਤੂੰ ਸਾਡੇ ਪੁਰਖਿਆਂ ਨੂੰ ਮਿਸਰ ਵਿੱਚ ਦੁੱਖੀ ਵੇਖਿਆ
    ਤੂੰ ਉਨ੍ਹਾਂ ਨੂੰ ਲਾਲ ਸਾਗਰ ਤੋਂ ਤੇਰੀ ਮਦਦ ਲਈ ਪੁਕਾਰ ਦਿਆਂ ਸੁਣਿਆ।
10 ਤੂੰ ਫ਼ਿਰਊਨ ਨਾਲ ਅਤੇ ਉਸ ਦੇ ਸਾਰੇ ਨੌਕਰਾਂ
    ਅਤੇ ਉਸ ਦੇ ਲੋਕਾਂ ਨਾਲ ਅਜੂਬੇ ਅਤੇ ਕਰਿਸ਼ਮੇ ਕੀਤੇ।
ਤੂੰ ਜਾਣਦਾ ਸੀ ਕਿ ਮਿਸਰੀਆਂ ਨੇ ਸਾਡੇ
    ਪੁਰਖਿਆਂ ਵੱਲ ਬਦਤਮੀਜ਼ੀ ਦਾ ਵਿਖਾਵਾ ਕੀਤਾ।
ਪਰ ਤੂੰ ਆਪਣੇ ਲਈ ਇੱਕ ਪਰਤਿਸ਼ਠਾ
    ਬਣਾਈ ਜੋ ਅੱਜ ਤਾਈਂ ਜਾਰੀ ਹੈ।
11 ਤੂੰ ਲਾਲ ਸਾਗਰ ਨੂੰ ਉਨ੍ਹਾਂ ਸਾਹਮਣੇ ਦੋ ਹਿਸਿਆਂ ਵਿੱਚ ਵੰਡ ਦਿੱਤਾ
    ਅਤੇ ਉਹ ਸਾਗਰ ਵਿੱਚਲੀ ਸੁੱਕੀ ਧਰਤੀ ਤੋਂ ਦੀ ਲੰਘ ਗਏ।
ਤੂੰ ਮਿਸਰੀ ਫ਼ੌਜ ਨੂੰ ਜਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਸੀ ਡੂੰਘਾਈਆਂ ਵਿੱਚ ਫ਼ਸਾ ਦਿੱਤਾ,
    ਜਿਵੇਂ ਕਿ ਕਰੋਧਵਾਨ ਸਮੁੰਦਰ ਵਿੱਚ ਇੱਕ ਪੱਥਰ ਹੋਵੇ।
12 ਦਿਨ ਵੇਲੇ ਤੂੰ ਬੱਦਲ ਦੇ ਥੰਮ ਦੁਆਰਾ ਅਤੇ
    ਰਾਤ ਵੇਲੇ ਅੱਗ ਦੇ ਥੰਮ ਦੁਆਰਾ ਉਨ੍ਹਾਂ ਦੀ ਅਗਵਾਈ ਕੀਤੀ
ਤੇ ਉਸ ਰਾਹ ਤੇ ਰੋਸ਼ਨੀ ਚਮਕੀ ਜਿੱਥੇ ਦੀ ਉਹ ਗਏ।
13 ਫ਼ੇਰ ਤੂੰ ਸੀਨਈ ਪਹਾੜੀ ਤੇ ਉੱਤਰਿਆ।
    ਤੂੰ ਅਕਾਸ਼ ਤੋਂ ਉਨ੍ਹਾਂ ਨਾਲ ਗੱਲਾਂ ਕੀਤੀਆਂ
ਅਤੇ ਉਨ੍ਹਾਂ ਨੂੰ ਚੰਗੇ ਨਿਆਉਂ ਅਤੇ ਸੱਚੀਆਂ ਬਿਵਸਬਾਂ
    ਅਤੇ ਚੰਗੀਆਂ ਬਿਧੀਆਂ ਅਤੇ ਹੁਕਮ ਦਿੱਤੇ।
14 ਤੂੰ ਉਨ੍ਹਾਂ ਨੂੰ ਆਪਣੇ ਆਰਾਮ ਦੇ ਵਿਸ਼ੇਸ਼ ਦਿਨ ਤੋਂ ਜਾਣੂ ਕਰਵਾਇਆ।
    ਤੂੰ ਉਨ੍ਹਾਂ ਨੂੰ ਹੁਕਮ, ਬਿਧੀਆਂ
    ਅਤੇ ਬਿਵਸਬਾਂ ਮੂਸਾ ਆਪਣੇ ਸੇਵਕ ਰਾਹੀਂ ਦਿੱਤੀਆਂ।
15 ਉਹ ਭੁੱਖੇ ਸਨ,
    ਇਸ ਲਈ ਤੂੰ ਉਨ੍ਹਾਂ ਨੂੰ ਅਕਾਸ਼ ਤੋਂ ਭੋਜਨ ਦਿੱਤਾ।
ਉਹ ਪਿਆਸੇ ਸਨ
    ਤੂੰ ਉਨ੍ਹਾਂ ਨੂੰ ਚੱਟਾਨ ਤੋਂ ਪਾਣੀ ਦਿੱਤਾ
ਤੇ ਉਨ੍ਹਾਂ ਨੂੰ ਤੂੰ ਆਖਿਆ,
    ‘ਆਓ ਤੇ ਇਸ ਧਰਤੀ ਤੇ ਕਬਜਾ ਕਰ ਲਵੋ!’
ਤੂੰ ਉਨ੍ਹਾਂ ਨੂੰ ਇਹ ਜ਼ਮੀਨ ਦੇਣ ਦੀ ਸੌਂਹ ਖਾਧੀ ਸੀ।
16 ਪਰ ਉਹ ਲੋਕ, ਸਾਡੇ ਪੁਰਖੇ ਹਂਕਾਰੇ ਗਏ ਸਨ।
    ਉਹ ਜ਼ਿੱਦੀ ਬਣ ਗਏ ਅਤੇ ਤੇਰੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
17 ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ।
    ਉਨ੍ਹਾਂ ਨੇ ਤੇਰੇ ਹੈਰਾਨਕੁਨ ਕਾਰਜ ਚੇਤੇ ਨਹੀਂ ਰੱਖੇ ਜੋ ਤੂੰ ਉਨ੍ਹਾਂ ਲਈ ਕੀਤੇ ਸਨ।
ਉਹ ਜ਼ਿੱਦੀ ਬਣ ਗਏ
    ਅਤੇ ਮਿਸਰ ਨੂੰ ਵਾਪਸ ਜਾਣ ਦੀ ਠਾਨ ਲਈ।

“ਪਰ ਤੂੰ ਪਰਮੇਸ਼ੁਰ ਹੈਂ ਜੋ ਮੁਆਫ਼ ਕਰਦਾ,
    ਜੋ ਮਿਹਰਬਾਨ ਅਤੇ ਦਯਾਲੂ ਹੈ,
ਜੋ ਗੁੱਸੇ ਹੋਣ ਵਿੱਚ ਢਿੱਲਾ ਅਤੇ ਵਫ਼ਾਦਾਰੀ ਵਿੱਚ ਭਰਪੂਰ ਹੈਂ,
ਇਸ ਲਈ ਤੂੰ ਉਨ੍ਹਾਂ ਵੱਲੋਂ ਨਹੀਂ ਪਰਤਿਆ।
18 ਜਦੋਂ ਉਨ੍ਹਾਂ ਨੇ ਪਿਘਲੀ ਹੋਈ ਧਾਤ ਤੋਂ ਵੱਛਾ ਬਣਾਇਆ ਅਤੇ ਆਖਿਆ,
    ‘ਇਹ ਤੁਹਾਡਾ ਪਰਮੇਸ਼ੁਰ ਹੈ ਜਿਸ ਨੇ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ
    ਅਤੇ ਉਨ੍ਹਾਂ ਨੇ ਵੱਡੀ ਬੇਅਦਬੀ ਕੀਤੀ।’
19 ਤੂੰ ਤਾਂ ਵੀ ਉਨ੍ਹਾਂ
    ਨੂੰ ਨਾਮਂਜ਼ੂਰ ਨਾ ਕੀਤਾ ਕਿਉਂ ਜੋ ਤੂੰ ਬਹੁਤ ਦਯਾਲੂ ਹੈਂ।
ਇਹੀ ਕਾਰਣ ਹੈ ਕਿ ਤੂੰ ਉਨ੍ਹਾਂ ਨੂੰ ਮਾਰੂਬਲ ਵਿੱਚ ਵੀ ਨਹੀਂ ਛੱਡਿਆ।
ੱਬਦ੍ਦਲ ਦਾ ਥੰਮ ਦਿਨ ਵੇਲੇ ਉਨ੍ਹਾਂ ਦੀ
    ਅਗਵਾਈ ਕਰਨ ਤੋਂ ਉਨ੍ਹਾਂ ਨਾਲੋਂ ਅੱਡ ਨਹੀਂ ਹੋਇਆ।
ਅੱਗ ਦਾ ਥੰਮ ਰਾਤ ਵੇਲੇ ਉਸ ਰਾਹ
    ਤੇ ਰੋਸ਼ਨੀ ਕਰਨੋ ਨਾ ਹਟਿਆ ਜਿੱਥੇ ਉਹ ਜਾ ਰਹੇ ਸਨ।
20 ਤੂੰ ਉਨ੍ਹਾਂ ਨੂੰ ਸਿਆਣੇ ਹੋਣ ਲਈ ਆਪਣਾ ਨੇਕ ਆਤਮਾ ਦਿੱਤਾ।
    ਤੂੰ ਉਨ੍ਹਾਂ ਦੇ ਮੂੰਹਾਂ ਤੋਂ ਮੰਨ ਨਹੀਂ ਰੱਖਿਆ,
    ਅਤੇ ਤੂੰ ਉਨ੍ਹਾਂ ਨੂੰ ਉਨ੍ਹਾਂ ਦੀ ਪਿਆਸ ਲਈ ਪਾਣੀ ਦਿੱਤਾ ਸੀ।
21 ਚਾਲੀ ਵਰ੍ਹੇ ਤੂੰ ਉਜਾੜ ਵਿੱਚ ਉਨ੍ਹਾਂ ਦੀ ਦੇਖ-ਰੇਖ ਕੀਤੀ।
    ਜੋ ਲੋੜੀਂਦਾ ਸੋ ਉਨ੍ਹਾਂ ਪਾਇਆ।
ਉਨ੍ਹਾਂ ਦੇ ਕੱਪੜੇ ਨਾ ਘਸੇ ਅਤੇ
    ਨਾ ਹੀ ਉਨ੍ਹਾਂ ਦੇ ਪੈਰ ਸੁੱਜੇ।
22 ਤੂੰ ਉਨ੍ਹਾਂ ਨੂੰ ਰਾਜ ਅਤੇ ਲੋਕ ਦਿੱਤੇ,
    ਅਤੇ ਉਨ੍ਹਾਂ ਨੂੰ ਦੂਰ ਦੁਰਾਡੀਆਂ ਥਾਵਾਂ ਦਿੱਤੀਆਂ ਜਿੱਥੇ ਬੋੜੇ ਜਿਹੇ ਲੋਕ ਰਹਿਂਂਦੇ ਸਨ।
ਉਨ੍ਹਾਂ ਨੇ ਹਸ਼ਬੋਨ ਦੇ ਪਾਤਸ਼ਾਹ ਸੀਹੋਨ ਦੀ ਜ਼ਮੀਨ ਉੱਤੇ ਅਤੇ
    ਬਾਸ਼ਾਨ ਦੇ ਪਾਤਸ਼ਾਹ ਓਗ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ।
23 ਤੂੰ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੂੰ
    ਅਕਾਸ਼ ਵਿੱਚਲੇ ਤਾਰਿਆਂ ਵਾਂਗ ਵੱਧਾਇਆ
ਅਤੇ ਉਨ੍ਹਾਂ ਨੂੰ ਉਸ ਜ਼ਮੀਨ ਤੇ ਲਿਆਇਆ ਜਿਸ ਵਿੱਚ ਦਾਖਲ ਹੋਣ ਅਤੇ
    ਕਬਜਾ ਕਰਨ ਲਈ ਤੂੰ ਉਨ੍ਹਾਂ ਦੇ ਪੁਰਖਿਆਂ ਨੂੰ ਕਿਹਾ ਸੀ।
24 ਇਉਂ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੇ ਆਕੇ ਉਸ ਦੇਸ਼ ਉੱਪਰ ਕਬਜ਼ਾ ਕਰ ਲਿਆ।
ਤੂੰ ਕਨਾਨੀਆਂ ਨੂੰ ਹਰਾਇਆ,
    ਅਤੇ ਉਨ੍ਹਾਂ ਦੇ ਰਾਜਿਆਂ ਅਤੇ
ਉਨ੍ਹਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਥ ਵਿੱਚ ਦੇ ਦਿੱਤਾ ਤਾਂ
    ਜੋ ਉਹ ਜੋ ਚਾਹੁਣ ਉਨ੍ਹਾਂ ਨਾਲ ਕਰ ਸੱਕਣ।
25 ਉਨ੍ਹਾਂ ਨੇ ਕੰਧਾਂ ਵਾਲੇ ਸ਼ਹਿਰਾਂ ਅਤੇ
    ਉਪਜਾਊ ਧਰਤੀ ਤੇ ਕਬਜ਼ਾ ਕੀਤਾ ਉਨ੍ਹਾਂ ਨੂੰ ਭਰੇ-ਭਰਾਏ
ਅਤੇ ਸਜੇ-ਸਜਾਏ ਘਰ ਮਿਲ ਗਏ।
    ਉਨ੍ਹਾਂ ਨੂੰ ਪੁੱਟੇ ਹੋਏ ਤਿਆਰ ਕੁਂਡ ਮਿਲ ਗਏ।
ਉਨ੍ਹਾਂ ਨੂੰ ਅੰਗੂਰਾਂ ਦੇ ਬਾਗ਼,
    ਜ਼ੈਤੂਨ ਦੇ ਫ਼ਲਾਂ ਨਾਲ ਲਦ੍ਦੇ ਹੋਏ ਰੁੱਖ ਤੇ ਬਹੁਤ ਸਾਰੇ ਫ਼ਲਦਾਰ ਰੁੱਖ ਮਿਲ ਗਏ।
ਬਹੁਤਾ ਖਾਣ ਕਾਰਣ ਉਨ੍ਹਾਂ ਦੇ ਢਿੱਡ ਆਫ਼ਰ ਗਏ
    ਅਤੇ ਉਹ ਮੋਟੇ ਹੋਦੇ ਗਏ ਸਨ।
ਉਨ੍ਹਾਂ ਨੇ ਤੇਰੀ ਚੰਗਿਆਈ ਵਿੱਚ ਆਪਣੇ-ਆਪ ਨੂੰ ਆਨੰਦਿਤ ਕੀਤਾ।

ਪਰਕਾਸ਼ ਦੀ ਪੋਥੀ 18:1-8

ਬੇਬੀਲੋਨ ਤਬਾਹ ਹੋ ਗਿਆ

18 ਫ਼ਿਰ ਮੈਂ ਸਵਰਗ ਵੱਲੋਂ ਇੱਕ ਹੋਰ ਦੂਤ ਨੂੰ ਆਉਂਦਿਆਂ ਦੇਖਿਆ। ਦੂਤ ਕੋਲ ਮਹਾਨ ਤਾਕਤ ਸੀ। ਉਸਦੀ ਮਹਿਮਾ ਨੇ ਧਰਤੀ ਨੂੰ ਚਾਨਣਮਈ ਕਰ ਦਿੱਤਾ। ਦੂਤ ਨੇ ਜ਼ੋਰਦਾਰ ਅਵਾਜ਼ ਵਿੱਚ ਆਖਿਆ:

“ਉਹ ਤਬਾਹ ਹੋ ਚੁੱਕੀ ਹੈ।
    ਬੇਬੀਲੋਨ ਦੀ ਮਹਾਨਗਰੀ ਤਬਾਹ ਹੋ ਗਈ ਹੈ।
ਉਹ ਭੂਤਾਂ ਲਈ ਇੱਕ ਘਰ ਬਣ ਗਈ ਹੈ।
    ਉਹ ਸਾਰੇ ਭ੍ਰਿਸ਼ਟ ਆਤਮਿਆਂ ਲਈ ਜਗ਼੍ਹਾ ਬਣ ਗਈ ਹੈ।
    ਉਹ ਇੱਕ ਅਜਿਹਾ ਸ਼ਹਿਰ ਬਣ ਗਈ ਹੈ ਜੋ ਹਰ ਤਰ੍ਹਾਂ ਦੇ ਅਸ਼ੁੱਧ ਪੰਛੀਆਂ ਨਾਲ ਭਰਪੂਰ ਹੈ।
    ਉਹ ਅਸ਼ੁੱਧ ਅਤੇ ਘ੍ਰਿਣਾਯੋਗ ਜਾਨਵਰਾਂ ਦਾ ਸ਼ਹਿਰ ਬਣ ਗਈ ਹੈ।
ਧਰਤੀ ਦੇ ਸਾਰੇ ਲੋਕਾਂ ਨੇ ਉਸ ਦੇ ਜਿਨਸੀ ਪਾਪਾਂ
ਅਤੇ ਪਰਮੇਸ਼ੁਰ ਦੇ ਗੁੱਸੇ ਦੀ ਮੈਅ ਪੀਤੀ ਹੈ।
ਧਰਤੀ ਦੇ ਰਾਜਿਆਂ ਨੇ ਉਸ ਨਾਲ ਜਿਨਸੀ ਪਾਪ ਕੀਤੇ,
    ਅਤੇ ਧਰਤੀ ਦੇ ਵਪਾਰੀ ਉਸ ਦੇ ਐਸ਼ ਭਰੇ ਜੀਵਨ ਰਾਹੀਂ ਅਮੀਰ ਬਣ ਗਏ।”

ਫ਼ਿਰ ਮੈਂ ਸਵਰਗ ਤੋਂ ਇੱਕ ਹੋਰ ਅਵਾਜ਼ ਸੁਣੀ:

“ਮੇਰੇ ਲੋਕੋ, ਨਗਰ ਤੋਂ ਬਾਹਰ ਆ ਜਾਓ,
    ਤਾਂ ਜੋ ਤੁਸੀਂ ਉਸ ਦੇ ਪਾਪਾਂ ਦੇ ਭਾਗੀ ਨਹੀਂ ਹੋਵੋਂਗੇ।
ਫ਼ੇਰ ਤੁਸੀਂ ਉਸਦੀਆਂ ਸਜਾਵਾਂ ਵਿੱਚ ਹਿੱਸਾ ਪ੍ਰਾਪਤ ਨਹੀਂ ਕਰੋਂਗੇ
ਉਸ ਨਗਰ ਦੇ ਪਾਪਾਂ ਦਾ ਢੇਰ ਸਵਰਗ ਜਿੰਨਾ ਉੱਚਾ ਹੋ ਗਿਆ ਹੈ।
    ਪਰਮੇਸ਼ੁਰ ਉਨ੍ਹਾਂ ਗਲਤ ਗੱਲਾਂ ਨੂੰ ਨਹੀਂ ਭੁੱਲਿਆ ਜਿਹੜੀਆਂ ਉਸ ਨੇ ਕੀਤੀਆਂ ਸਨ।
ਨਗਰ ਨੂੰ ਉਹੀ ਕੁਝ ਦਿਉ ਜੋ ਉਸ ਨੇ ਹੋਰਾਂ ਨੂੰ ਦਿੱਤਾ।
    ਦੂਣਾ ਕਰਕੇ ਮੋੜੋ ਜਿੰਨਾ ਉਸ ਨੇ ਤੁਹਾਡੇ ਨਾਲ ਕੀਤਾ
ਉਸ ਲਈ ਇੱਕ ਪਿਆਲਾ ਤਿਆਰ ਕਰੋ ਜੋ ਉਸ ਪਿਆਲੇ ਨਾਲੋਂ ਦੂਣਾ ਨਸ਼ੀਲਾ ਹੋਵੇ ਜੋ ਉਸ ਨੇ ਤੁਹਾਡੇ ਲਈ ਤਿਆਰ ਕੀਤਾ ਹੈ।
ਉਸ ਨੇ ਆਪਣੇ ਆਪ ਨੂੰ ਜਿੰਨੀ ਵੱਧੇਰੇ ਮਹਿਮਾ
    ਅਤੇ ਐਸ਼ੋ ਅਰਾਮ ਦੀ ਜ਼ਿੰਦਗੀ ਦਿੱਤੀ, ਉਸ ਨੂੰ ਓਨੇ ਹੀ ਤਸੀਹੇ ਅਤੇ ਉਦਾਸੀ ਦਿਓ।
ਉਹ ਆਪਣੇ ਆਪ ਨੂੰ ਆਖਦੀ ਹੈ, ‘ਮੈਂ ਆਪਣੇ ਤਖਤ ਤੇ ਬੈਠੀ ਇੱਕ ਰਾਣੀ ਹਾਂ।
    ਮੈਂ ਇੱਕ ਵਿਧਵਾ ਨਹੀਂ ਹਾਂ।
    ਮੈਨੂੰ ਕਦੇ ਵੀ ਕਿਸੇ ਸਮੇਂ ਉਦਾਸੀ ਨਹੀਂ ਮਿਲੇਗੀ।’
ਇਹ ਸਾਰੀਆਂ ਮੁਸੀਬਤਾਂ ਉਸ ਉੱਤੇ
    ਇੱਕ ਹੀ ਦਿਨ ਵਿੱਚ ਆਉਣਗੀਆਂ।
ਮੌਤ, ਮਹਾਂ ਉਦਾਸੀ ਅਤੇ ਅਕਾਲ, ਇਹ ਅੱਗ ਦੁਆਰਾ ਤਬਾਹ ਹੋਵਣਗੇ।
    ਕਿਉਂਕਿ ਪਰਮੇਸ਼ੁਰ ਜਿਹੜਾ ਉਸਦਾ ਨਿਆਂ ਕਰੇਗਾ ਬਹੁਤ ਸ਼ਕਤੀਸ਼ਾਲੀ ਹੈ।

ਮੱਤੀ 15:1-20

ਪਰਮੇਸ਼ੁਰ ਦੇ ਨੇਮ ਅਤੇ ਲੋਕਾਂ ਦੀਆਂ ਰੀਤਾਂ(A)

15 ਤਦ ਕੁਝ ਫ਼ਰੀਸੀ ਤੇ ਨੇਮ ਦੇ ਉਪਦੇਸ਼ਕ ਯਿਸੂ ਕੋਲ ਆਏ। ਉਹ ਯਰੂਸ਼ਲਮ ਤੋਂ ਉਸ ਕੋਲ ਆਏ ਤੇ ਕਿਹਾ। “ਤੇਰੇ ਚੇਲੇ ਸਾਡੇ ਵਡੇਰਿਆਂ ਦੀ ਰੀਤ ਦੀ ਉਲੰਘਣਾ ਕਿਉਂ ਕਰਦੇ ਹਨ? ਤੇਰੇ ਚੇਲੇ ਭੋਜਨ ਖਾਣ ਤੋਂ ਪਹਿਲਾਂ ਹੱਥ ਕਿਉਂ ਨਹੀਂ ਧੋਂਦੇ?”

ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਤੁਸੀਂ ਵੀ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਹੁਕਮ ਦੀ ਉਲੰਘਨਾ ਕਿਉਂ ਕਰਦੇ ਹੋ? ਪਰਮੇਸ਼ੁਰ ਨੇ ਫ਼ੁਰਮਾਇਆ ਹੈ ਕਿ, ‘ਤੁਸੀਂ ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰੋ, [a] ਅਤੇ ਪਰਮੇਸ਼ੁਰ ਨੇ ਇਹ ਵੀ ਫ਼ੁਰਮਾਇਆ ਹੈ ਕਿ ਜਿਹੜਾ ਵੀ ਮਨੁੱਖ ਪਿਤਾ ਜਾਂ ਮਾਤਾ ਨੂੰ ਮੰਦਾ ਬੋਲੇ ਉਹ ਜਾਨੋ ਮਾਰਿਆ ਜਾਵੇ।’ [b] ਪਰ ਤੁਸੀਂ ਉਪਦੇਸ਼ ਦਿੰਦੇ ਹੋ ਕਿ ਜਿਹੜਾ ਵਿਅਕਤੀ ਆਪਣੇ ਪਿਤਾ ਜਾਂ ਮਾਤਾ ਨੂੰ ਆਖ ਸੱਕਦਾ ਹੈ, ਮੇਰੇ ਕੋਲ ਕੁਝ ਹੈ ਜੋ ਮੈਂ ਤੁਹਾਡੀ ਸਹਾਇਤਾ ਲਈ ਇਸਤੇਮਾਲ ਕਰ ਸੱਕਦਾ ਹਾਂ ਪਰ ਇਹ ਮੈਂ ਤੁਹਾਡੀ ਸਹਾਇਤਾ ਕਰਨ ਲਈ ਇਸਤੇਮਾਲ ਨਹੀਂ ਕਰਾਂਗਾ। ਮੈਂ ਇਹ ਪਰਮੇਸ਼ੁਰ ਨੂੰ ਦੇਵਾਂਗਾ। ਤੁਸੀਂ ਉਸ ਬੰਦੇ ਨੂੰ ਆਪਣੇ ਪਿਤਾ ਦਾ ਸਤਿਕਾਰ ਨਾ ਕਰਨ ਦਾ ਉਪਦੇਸ਼ ਦਿੰਦੇ ਹੋ। ਇਸ ਤਰ੍ਹਾਂ, ਤੁਸੀਂ ਆਪਣੀ ਪਰੰਪਰਾ ਕਾਰਣ ਪਰਮੇਸ਼ੁਰ ਦੇ ਹੁਕਮਾਂ ਨੂੰ ਵਿਅਰਥ ਕਰ ਦਿੱਤਾ ਹੈ। ਹੇ ਕਪਟੀਓ; ਯਸਾਯਾਹ ਨੇ ਤੁਹਾਡੇ ਬਾਰੇ ਠੀਕ ਅਗੰਮ ਵਾਕ ਕੀਤਾ ਹੈ ਕਿ:

‘ਇਹ ਲੋਕ ਆਪਣੇ ਬੁਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ,
    ਪਰ ਇਨ੍ਹਾਂ ਦਾ ਦਿਲ ਮੈਥੋਂ ਦੂਰ ਹੈ।
ਉਹ ਕਿਸੇ ਚੀਜ਼ ਵਾਸਤੇ ਮੇਰੀ ਉਪਾਸਨਾ ਨਹੀਂ
    ਕਰਦੇ ਕਿਉਂਕਿ ਉਹ ਮਨੁੱਖ ਦੀਆਂ ਬਣਾਈਆਂ ਰੀਤਾਂ ਦਾ ਉਪਦੇਸ਼ ਦਿੰਦੇ ਹਨ।’” (B)

10 ਉਸ ਨੇ ਲੋਕਾਂ ਨੂੰ ਕੋਲ ਸੱਦਕੇ ਉਨ੍ਹਾਂ ਨੂੰ ਆਖਿਆ, “ਸੁਣੋ ਅਤੇ ਸਮਝੋ! 11 ਜੋ ਕੁਝ ਵੀ ਮਨੁੱਖ ਦੇ ਮੂੰਹ ਅੰਦਰ ਜਾਂਦਾ ਹੈ ਉਹ ਉਸ ਨੂੰ ਅਸ਼ੁੱਧ ਨਹੀਂ ਬਣਾਉਂਦਾ, ਸਗੋਂ ਜੋ ਕੁਝ ਵੀ ਉਸ ਵਿਅਕਤੀ ਦੇ ਮੂਹੋਂ ਨਿਕਲਦਾ ਹੈ ਉਹ ਉਸ ਨੂੰ ਅਸ਼ੁੱਧ ਬਣਾਉਂਦਾ ਹੈ।”

12 ਤਦ ਚੇਲੇ ਯਿਸੂ ਕੋਲ ਆਏ ਅਤੇ ਪੁੱਛਿਆ, “ਕੀ ਤੁਹਾਨੂੰ ਪਤਾ ਹੈ ਕਿ ਜੋ ਕੁਝ ਤੁਸੀਂ ਆਖਿਆ ਸੀ, ਫ਼ਰੀਸੀ ਉਸ ਨੂੰ ਸੁਣਕੇ ਨਰਾਜ਼ ਹੋ ਗਏ ਸਨ।”

13 ਯਿਸੂ ਨੇ ਕਿਹਾ, “ਹਰੇਕ ਬੂਟਾ ਜੋ ਮੇਰੇ ਸੁਰਗੀ ਪਿਤਾ ਨੇ ਨਹੀਂ ਲਾਇਆ ਸੋ ਜੜੋਂ ਪੁਟਿਆ ਜਾਵੇਗਾ। 14 ਫ਼ਰੀਸੀਆਂ ਤੋਂ ਦੂਰ ਰਹੋ। ਉਨ੍ਹਾਂ ਨੂੰ ਛੱਡ ਦੇਵੋ। ਉਹ ਅੰਨ੍ਹੇ ਲੋਕਾਂ ਦੇ ਅੰਨ੍ਹੇ ਆਗੂ ਹਨ। ਅਤੇ ਜੇਕਰ ਇੱਕ ਅੰਨ੍ਹਾ ਆਦਮੀ ਦੂਸਰੇ ਅੰਨ੍ਹੇ ਦੀ ਰਾਹਨੁਮਾਈ ਕਰਦਾ ਤਾਂ ਦੋਵੇਂ ਹੀ ਟੋਏ ਵਿੱਚ ਡਿੱਗਣਗੇ।”

15 ਪਤਰਸ ਨੇ ਪੁੱਛਿਆ, “ਜੋ ਕੁਝ ਤੁਸੀਂ ਲੋਕਾਂ ਨੂੰ ਕਿਹਾ ਸਾਨੂੰ ਉਸਦਾ ਅਰਥ ਦੱਸੋ।”

16 ਉਸ ਨੇ ਕਿਹਾ, “ਦੂਜੇ ਲੋਕਾਂ ਦੀ ਤਰ੍ਹਾਂ ਕੀ ਹਾਲੇ ਵੀ ਤੁਹਾਨੂੰ ਸਮਝਣਾ ਮੁਸ਼ਕਿਲ ਹੈ। 17 ਕੀ ਤੁਸੀਂ ਇਹ ਨਹੀਂ ਜਾਣਦੇ ਕਿ ਜੋ ਕੁਝ ਮੂੰਹ ਵਿੱਚ ਪੈਂਦਾ ਹੈ ਉਹ ਢਿੱਡ ਵਿੱਚ ਜਾਂਦਾ ਹੈ, ਅਤੇ ਫ਼ੇਰ ਬਾਹਰ ਆਉਂਦਾ ਹੈ ਅਤੇ ਪੱਖਾਨੇ ਵਿੱਚ ਜਾਂਦਾ ਹੈ? 18 ਪਰ ਜਿਹੜੀਆਂ ਗੱਲਾਂ ਮੂੰਹੋਂ ਨਿਕਲਦੀਆਂ ਹਨ, ਉਹ ਦਿਲੋਂ ਆਉਂਦੀਆਂ ਹਨ, ਅਤੇ ਇਹੋ ਗੱਲਾਂ ਮਨੁੱਖ ਨੂੰ ਅਸ਼ੁੱਧ ਬਣਾ ਦਿੰਦੀਆਂ ਹਨ। 19 ਕਿਉਂਕਿ ਸਾਰੀਆਂ ਬੁਰੀਆਂ ਗੱਲਾਂ, ਜਿਵੇਂ, ਦੁਸ਼ਟ ਵਿੱਚਾਰ, ਕਤਲ, ਬਦਕਾਰੀ, ਜਿਨਸੀ ਗੁਨਾਹ, ਚੋਰੀ ਕਰਨਾ, ਝੂਠ ਬੋਲਣਾ ਅਤੇ ਭੰਡੀ ਕਰਨੀ, ਵਿਅਕਤੀ ਦੇ ਦਿਲੋਂ ਹੀ ਆਉਂਦੀਆਂ ਹਨ। 20 ਇਹੋ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਅਸ਼ੁੱਧ ਬਣਾਉਂਦੀਆਂ ਹਨ, ਪਰ ਬਿਨਾ ਹੱਥ ਧੋਇਆਂ ਰੋਟੀ ਖਾਣੀ, ਮਨੁੱਖ ਨੂੰ ਅਸ਼ੁੱਧ ਨਹੀਂ ਬਣਾਉਂਦੀ।”

Punjabi Bible: Easy-to-Read Version (ERV-PA)

2010 by World Bible Translation Center