Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 40

ਨਿਰਦੇਸ਼ਕ ਲਈ : ਦਾਊਦ ਦਾ ਇੱਕ ਗੀਤ।

40 ਮੈਂ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਮੇਰੀ ਪੁਕਾਰ ਸੁਣੀ।
    ਉਸ ਨੇ ਮੇਰੀਆਂ ਚੀਕਾਂ ਸੁਣੀਆਂ।
ਯਹੋਵਾਹ ਨੇ ਮੈਨੂੰ ਕਬਰ ਤੋਂ ਬਚਾ ਲਿਆ।
    ਉਸ ਨੇ ਮੈਨੂੰ ਚਿੱਕੜ ਵਿੱਚੋਂ ਉਤਾਹਾਂ ਚੁੱਕਿਆ।
ਉਸ ਨੇ ਮੈਨੂੰ ਚੁੱਕਿਆ ਅਤੇ ਠੋਸ ਧਰਤੀ ਉੱਤੇ ਸਥਾਪਿਤ ਕੀਤਾ
    ਅਤੇ ਮੇਰੇ ਪੈਰ ਨੂੰ ਤਿਲਕਣ ਤੋਂ ਬਚਾਇਆ।
ਪਰਮੇਸ਼ੁਰ ਨੇ ਮੇਰੇ ਮੂੰਹ ਵਿੱਚ ਇੱਕ ਨਵਾਂ ਗੀਤ ਪਾਇਆ।
    ਮੇਰੇ ਪਰਮੇਸ਼ੁਰ ਦੀ ਉਸਤਤਿ ਦਾ ਗੀਤ।
ਬਹੁਤ ਸਾਰੇ ਲੋਕ ਗਵਾਹੀ ਦੇਣਗੇ ਕਿ ਮੇਰੇ ਨਾਲ ਕੀ ਵਾਪਰਿਆ ਅਤੇ ਉਹ ਪਰਮੇਸ਼ੁਰ ਦੀ ਉਪਾਸਨਾ ਕਰਨਗੇ।
    ਉਨ੍ਹਾਂ ਨੂੰ ਯਹੋਵਾਹ ਵਿੱਚ ਭਰੋਸਾ ਹੋਵੇਗਾ।
ਜੇ ਕੋਈ ਵਿਅਕਤੀ ਯਹੋਵਾਹ ਵਿੱਚ ਆਪਣੀ ਆਸਥਾ ਰੱਖਦਾ ਹੈ, ਉਹ ਸੱਚਮੁੱਚ ਖੁਸ਼ ਹੋਵੇਗਾ।
    ਉਹ ਵਿਅਕਤੀ ਸੱਚਮੁੱਚ ਖੁਸ਼ ਹੋਵੇਗਾ ਜੋ ਮਦਦ ਲਈ ਭੂਤਾਂ ਅਤੇ ਝੂਠੇ ਦੇਵਤਿਆਂ ਵੱਲ ਨਹੀਂ ਤੱਕਦਾ।
ਯਹੋਵਾਹ, ਸਾਡੇ ਪਰਮੇਸ਼ੁਰ ਤੁਸੀਂ ਬਹੁਤ ਅਦਭੁਤ ਗੱਲਾਂ ਕੀਤੀਆਂ ਹਨ।
    ਸਾਡੇ ਲਈ ਤੁਹਾਡੀਆਂ ਅਦਭੁਤ ਯੋਜਨਾਵਾਂ ਹਨ।
ਜਿਨ੍ਹਾਂ ਸਾਰੀਆਂ ਦੀ ਕੋਈ ਵੀ ਗਿਣਤੀ ਨਹੀਂ ਕਰ ਸੱਕਦਾ।
    ਮੈਂ ਇਨ੍ਹਾਂ ਗੱਲਾਂ ਬਾਰੇ ਬਾਰ-ਬਾਰ ਦੱਸਾਂਗਾ ਜਿਹੜੀਆਂ ਗਿਣਤੀ ਬਾਹਰੀਆਂ ਹਨ।
ਯਹੋਵਾਹ, ਤੁਸੀਂ ਮੈਨੂੰ ਇਹੀ ਸਮਝਾਇਆ;
    ਅਸਲ ਵਿੱਚ, ਤੁਹਾਨੂੰ ਬਲੀਆਂ ਅਤੇ ਅੰਨ੍ਹ ਦੇ ਚੜ੍ਹਾਵੇ ਨਹੀਂ ਚਾਹੀਦੇ।
    ਤੁਹਾਨੂੰ ਸੱਚਮੁੱਚ ਹੋਮ ਚੜ੍ਹਾਵੇ ਅਤੇ ਪਾਪ ਦੇ ਚੜ੍ਹਾਵੇ ਨਹੀਂ ਚਾਹੀਦੇ।
ਇਸ ਲਈ ਮੈਂ ਆਖਿਆ, “ਮੈਂ ਇੱਥੇ ਹਾਂ।
    ਮੈਨੂੰ ਲੈ ਜਾਉ। ਮੈਂ ਆ ਰਿਹਾ।
    ਮੇਰੇ ਬਾਰੇ ਪੁਸਤਕ ਵਿੱਚ ਇਹ ਲਿਖਿਆ ਗਿਆ ਹੈ।
ਮੇਰੇ ਪਰਮੇਸ਼ੁਰ ਮੈਂ ਉਹੀ ਕਰਨਾ ਚਾਹੁੰਦਾ ਹਾਂ ਜੋ ਤੁਸੀਂ ਚਾਹੁੰਦੇ ਹੋ।
    ਮੈਂ ਤੁਹਾਡੀਆਂ ਸਿੱਖਿਆਵਾਂ ਤੋਂ ਵਾਕਿਫ਼ ਹਾਂ।”
ਮੈਂ ਲੋਕਾਂ ਨੂੰ ਮਹਾਂ ਸਭਾ ਵਿੱਚ ਤੇਰੀ ਜਿੱਤ ਬਾਰੇ ਖੁਸ਼ਖਬਰੀ ਦੱਸੀ।
    ਅਤੇ ਯਹੋਵਾਹ, ਤੁਸੀਂ ਜਾਣਦੇ ਹੋ, ਮੈਂ ਕਦੇ ਵੀ ਉਹ ਖੁਸ਼ਖਬਰੀ ਦੇਣ ਤੋਂ ਨਹੀਂ ਰੁਕਾਂਗਾ।
10 ਹੇ ਯਹੋਵਾਹ, ਮੈਂ ਤੇਰੀਆਂ ਕੀਤੀਆਂ ਚੰਗੀਆਂ ਗੱਲਾਂ ਬਾਰੇ ਦੱਸਿਆ।
    ਮੈਂ ਉਨ੍ਹਾਂ ਗੱਲਾਂ ਨੂੰ ਦਿਲ ਅੰਦਰ ਨਹੀਂ ਛੁਪਾਇਆ।
ਯਹੋਵਾਹ, ਮੈਂ ਲੋਕਾਂ ਨੂੰ ਦੱਸਿਆ ਕਿ ਉਹ ਆਪਣੇ ਬਚਾਉ ਲਈ ਤੁਹਾਡੇ ਉੱਪਰ ਨਿਰਭਰ ਕਰ ਸੱਕਦੇ ਹਨ।
    ਮੈਂ ਸਭਾ ਵਿੱਚ ਲੋਕਾਂ ਕੋਲੋਂ ਤੁਹਾਡੀ ਨਿਸ਼ਠਾ ਅਤੇ ਤੁਹਾਡਾ ਸੱਚਾ ਪਿਆਰ ਨਹੀਂ ਲੁਕੋਇਆ।
11 ਇਸ ਲਈ ਯਹੋਵਾਹ, ਮੇਰੇ ਪਾਸੋਂ ਆਪਣਾ ਰਹਮ ਨਾ ਛੁਪਾਉ।
    ਤੁਹਾਡੀ ਦਯਾ ਅਤੇ ਵਫ਼ਾਦਾਰੀ ਨੂੰ ਮੇਰੀ ਰੱਖਿਆ ਕਰਨ ਦਿਉ।

12 ਬੁਰੇ ਲੋਕੀਂ ਮੈਨੂੰ ਘੇਰੀ ਬੈਠੇ ਹਨ।
    ਉਨ੍ਹਾਂ ਦੀ ਗਿਣਤੀ ਬੇਸ਼ੁਮਾਰ ਹੈ।
ਮੈਨੂੰ ਮੇਰੇ ਗੁਨਾਹਾਂ ਨੇ ਫ਼ੜ ਲਿਆ ਹੈ
    ਅਤੇ ਮੈਂ ਉਨ੍ਹਾਂ ਤੋਂ ਨਹੀਂ ਬਚ ਸੱਕਦਾ।
ਉਹ ਗਿਣਤੀ ਵਿੱਚ ਮੇਰੇ ਸਿਰ ਦੇ ਵਾਲਾਂ ਨਾਲੋਂ ਵੀ ਵੱਧ ਹਨ,
    ਇਸ ਲਈ ਮੈਂ ਆਪਣਾ ਹੌਂਸਲਾ ਹਾਰ ਗਿਆ ਹਾਂ।
13 ਯਹੋਵਾਹ, ਮੇਰੇ ਕੋਲ ਨੱਸੱਕੇ ਆਉ ਅਤੇ ਮੈਨੂੰ ਬਚਾ ਲਵੋ।
    ਯਹੋਵਾਹ ਛੇਤੀ ਆਉ ਅਤੇ ਮੇਰੀ ਸਹਾਇਤਾ ਕਰੋ।
14 ਉਹ ਮੰਦੇ ਲੋਕ ਮੈਨੂੰ ਮਾਰਨ ਦੀ ਕੋਸ਼ਿਸ਼ ਵਿੱਚ ਹਨ।
    ਯਹੋਵਾਹ, ਉਨ੍ਹਾਂ ਲੋਕਾਂ ਨੂੰ ਸ਼ਰਮਸਾਰ ਅਤੇ ਨਾ ਉੱਮੀਦ ਕਰੋ।
ਉਹ ਲੋਕ ਮੈਨੂੰ ਦੁੱਖ ਦੇਣਾ ਚਾਹੁੰਦੇ ਹਨ।
    ਉਨ੍ਹਾਂ ਨੂੰ ਸ਼ਰਮਸਾਰ ਹੋਕੇ ਭੱਜ ਜਾਣ ਦਿਉ।
15 ਉਹ ਮੰਦੇ ਲੋਕ ਮੇਰਾ ਮਜ਼ਾਕ ਉਡਾ ਰਹੇ ਹਨ।
    ਉਨ੍ਹਾਂ ਨੂੰ ਬੋਲਣ ਤੋਂ ਵੀ ਸੰਗਾਉ।
16 ਉਨ੍ਹਾਂ ਲੋਕਾਂ ਨੂੰ, ਜਿਹੜੇ ਤੁਹਾਡੇ ਕੋਲ ਆਉਂਦੇ ਹਨ ਉਨ੍ਹਾਂ ਨੂੰ ਖੁਸ਼ੀ ਅਤੇ ਆਨੰਦ ਮਨਾਉਣ ਦਿਉ।
    ਉਹ ਤੁਹਾਡੇ ਦੁਆਰਾ ਬਚਾਏ ਜਾਣ ਨੂੰ ਪਸੰਦ ਕਰਦੇ ਹਨ।
    ਇਸ ਲਈ ਉਨ੍ਹਾਂ ਨੂੰ ਹਮੇਸ਼ਾ ਆਖਣ ਦਿਉ, “ਯਹੋਵਾਹ ਦੀ ਉਸਤਤਿ ਕਰੋ।”

17 ਮਾਲਕ, ਮੈਂ ਸਿਰਫ਼ ਇੱਕ ਕੰਗਾਲ ਅਤੇ ਬੇਸਹਾਰਾ ਬੰਦਾ ਹਾਂ।
    ਮੇਰੀ ਸਹਾਇਤਾ ਕਰੋ।
ਮੈਨੂੰ ਬਚਾਉ।
    ਮੇਰੇ ਪਰਮੇਸ਼ੁਰ ਬਹੁਤ ਦੇਰੀ ਨਾ ਲਾਵੋ।

ਜ਼ਬੂਰ 54

ਨਿਰਦੇਸ਼ਕ ਲਈ: ਸਾਜ਼ਾਂ ਨਾਲ। ਦਾਊਦ ਦਾ ਮਸੱਕੀਲ, ਉਦੋਂ ਦੀ ਲਿਖੀ ਹੋਈ, ਜਦੋਂ ਜ਼ਿਫ਼ੀਆਂ ਸ਼ਾਊਲ ਕੋਲ ਆਇਆ ਅਤੇ ਆਖਿਆ, “ਸਾਡਾ ਖਿਆਲ ਹੈ ਕਿ ਦਾਊਦ ਆਪਣੇ-ਆਪ ਨੂੰ ਸਾਡੇ ਲੋਕਾਂ ਦਰਮਿਆਨ ਲੁਕੋ ਰਿਹਾ ਹੈ।”

54 ਹੇ ਪਰਮੇਸ਼ੁਰ, ਆਪਣੀ ਤਾਕਤ ਵਰਤੋਂ ਅਤੇ ਮੈਨੂੰ ਬਚਾਵੋ।
    ਆਪਣੀ ਅਸੀਸ ਦੀ ਸ਼ਕਤੀ ਦੀ ਵਰਤੋਂ ਕਰਕੇ ਮੈਨੂੰ ਮੁਕਤ ਕਰੋ।
ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਸੁਣੋ,
    ਉਹ ਗੱਲਾਂ ਸੁਣੋ ਜੋ ਮੈਂ ਆਖਦਾ ਹਾਂ।
ਉਹ ਅਜਨਬੀ ਜਿਹੜੇ ਪਰਮੇਸ਼ੁਰ ਦੀ ਉਪਾਸਨਾ ਵੀ ਨਹੀਂ ਕਰਦੇ ਮੇਰੇ ਖਿਲਾਫ਼ ਹੋ ਗਏ ਹਨ।
    ਉਹ ਤਕੜੇ ਆਦਮੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ।

ਦੇਖੋ, ਮੇਰਾ ਪਰਮੇਸ਼ੁਰ ਮੇਰੀ ਸਹਾਇਤਾ ਕਰੇਗਾ।
    ਮੇਰਾ ਮਾਲਕ ਮੈਨੂੰ ਸਹਾਰਾ ਦੇਣ ਵਾਲਿਆਂ ਵਿੱਚੋਂ ਇੱਕ ਹੈ।
ਮੇਰਾ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ ਜਿਹੜੇ ਮੇਰੇ ਖਿਲਾਫ਼ ਹੋ ਗਏ ਹਨ।
    ਪਰਮੇਸ਼ੁਰ ਮੇਰੇ ਨਾਲ ਵਫ਼ਾ ਕਰੇਗਾ, ਅਤੇ ਉਹ ਉਨ੍ਹਾਂ ਲੋਕਾਂ ਨੂੰ ਬਰਬਾਦ ਕਰ ਦੇਵੇਗਾ।

ਹੇ ਪਰਮੇਸ਼ੁਰ, ਮੈਂ ਤੁਹਾਨੂੰ ਆਪਣੀ ਮਰਜ਼ੀ ਨਾਲ ਸੁਗਾਤਾਂ ਭੇਟ ਕਰਾਂਗਾ।
    ਹੇ ਯਹੋਵਾਹ, ਮੈਂ ਤੇਰੇ ਚੰਗੇ ਨਾਮ ਦੀ ਉਸਤਤਿ ਕਰਾਂਗਾ।
ਕਿਉਂਕਿ ਤੁਸੀਂ ਹੀ ਮੈਨੂੰ ਮੇਰੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਇਆ।
    ਮੈਂ ਆਪਣਿਆ ਵੈਰੀਆਂ ਨੂੰ ਹਾਰਦਿਆਂ ਦੇਖਿਆ।

ਜ਼ਬੂਰ 51

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ। ਇਹ ਗੀਤ ਉਸ ਸਮੇਂ ਬਾਰੇ ਹੈ ਜਦੋਂ ਨਾਥਾਨ ਨੱਬੀ ਦਾਊਦ ਦੇ ਬਥਸ਼ਬਾ ਨਾਲ ਗੁਨਾਹ ਤੋਂ ਬਾਅਦ ਦਾਊਦ ਕੋਲ ਜਾਂਦਾ ਹੈ।

51 ਹੇ ਪਰਮੇਸ਼ੁਰ, ਆਪਣੀ ਪਿਆਰ ਭਰੀ ਮਿਹਰ ਕਾਰਣ ਮੇਰੇ ਉੱਤੇ ਦਯਾ ਕਰ।
    ਆਪਣੀ ਮਹਾਨ ਦਯਾ ਕਾਰਣ, ਮੇਰੇ ਸਾਰੇ ਪਾਪ ਮਿਟਾ ਦੇ।
ਹੇ ਪਰਮੇਸ਼ੁਰ, ਮੇਰਾ ਦੋਸ਼ ਧੋ ਸੁੱਟ।
    ਮੇਰੇ ਗੁਨਾਹ ਧੋ ਸੁੱਟ, ਮੈਨੂੰ ਇੱਕ ਵਾਰ ਫ਼ੇਰ ਨਿਰਮਲ ਬਣਾ ਦੇ।
ਮੈਂ ਜਾਣਦਾ ਹਾਂ ਕਿ ਮੈਂ ਗੁਨਾਹ ਕੀਤਾ ਸੀ
    ਮੈਂ ਹਮੇਸ਼ਾ ਉਨ੍ਹਾਂ ਗੁਨਾਹਾਂ ਨੂੰ ਦੇਖਦਾ ਹਾਂ।
ਮੈਂ ਉਹੀ ਗੱਲਾਂ ਕੀਤੀਆਂ ਜਿਨ੍ਹਾਂ ਨੂੰ ਤੁਸੀਂ ਗਲਤ ਆਖਦੇ ਹੋਂ।
    ਹੇ ਪਰਮੇਸ਼ੁਰ ਤੁਸੀਂ ਹੀ ਹੋ ਜਿਸਦੇ ਖਿਲਾਫ਼ ਮੈਂ ਗੁਨਾਹ ਕੀਤੇ ਸਨ।
ਮੈਂ ਇਨ੍ਹਾਂ ਗੱਲਾਂ ਨੂੰ ਲੋਕਾਂ ਦੇ ਜਾਨਣ ਲਈ ਸਵੀਕਾਰਦਾ ਹਾਂ,
    ਕਿ ਮੈਂ ਗਲਤ ਸਾਂ ਅਤੇ ਤੁਸੀਂ ਸਹੀ ਸੀ।
    ਤੁਹਾਡੇ ਨਿਆਂ ਨਿਰਪੱਖ ਹਨ।
ਮੈਂ ਗੁਨਾਹਾਂ ਵਿੱਚ ਜੰਮਿਆ ਸਾਂ,
    ਅਤੇ ਵਿੱਚ ਹੀ ਮੇਰੀ ਮਾਂ ਨੇ ਮੈਨੂੰ ਗਰਭ ਅੰਦਰ ਧਾਰਣ ਕੀਤਾ ਸੀ।
ਹੇ ਪਰਮੇਸ਼ੁਰ, ਤੁਸੀਂ ਚਾਹੁੰਦੇ ਹੋ ਕਿ ਮੈਂ ਸੱਚਮੁੱਚ ਤੁਹਾਡਾ ਵਫ਼ਾਦਾਰ ਹੋਵਾਂ
    ਇਸ ਲਈ ਆਪਣੀ ਸੱਚੀ ਸੂਝ ਮੇਰੇ ਧੁਰ ਅੰਦਰ ਰੱਖੋ।
ਪਵਿੱਤਰ ਪੌਦੇ ਦੀ ਵਰਤੋਂ ਕਰੋ ਅਤੇ ਗੁਨਾਹ ਮੈਨੂੰ ਸ਼ੁੱਧ ਬਨਾਉਣ ਦੀ ਰਸਮ ਕਰੋ।
    ਮੈਨੂੰ ਉਦੋਂ ਤੱਕ ਧੋਵੋ ਜਦੋਂ ਤੱਕ ਮੈਂ ਬਰਫ਼ ਵਾਂਗੂ ਚਿੱਟਾ ਨਾ ਹੋ ਜਾਵਾਂ।
ਮੈਨੂੰ ਖੁਸ਼ੀ ਪ੍ਰਦਾਨ ਕਰੋ।
ਮੈਨੂੰ ਫ਼ੇਰ ਤੋਂ ਖੁਸ਼ ਹੋਣ ਦੀ ਜਾਂਚ ਦੱਸੋਂ
    ਉਨ੍ਹਾਂ ਹੱਡੀਆਂ ਨੂੰ ਖੁਸ਼ ਹੋਣ ਦਿਉ ਜਿਨ੍ਹਾਂ ਨੂੰ ਤੁਸਾਂ ਕੁਚੱਲਿਆ ਸੀ।
ਹੇ ਪਰਮੇਸ਼ੁਰ ਮੇਰੇ ਗੁਨਾਹਾਂ ਵੱਲ ਨਾ ਤੱਕੋ,
    ਉਨ੍ਹਾਂ ਸਭ ਨੂੰ ਮਿਟਾ ਦਿਉ।
10 ਹੇ ਪਰਮੇਸ਼ੁਰ, ਮੇਰੇ ਅੰਦਰ ਸ਼ੁੱਧ ਹਿਰਦੇ ਦੀ ਸਾਜਨਾ ਕਰੋ।
    ਇੱਕ ਵਾਰੀ ਫ਼ੇਰ ਮੇਰੀ ਰੂਹ ਨੂੰ ਮਜ਼ਬੂਤ ਬਣਾ ਦਿਉ।
11 ਮੈਨੂੰ ਧੱਕ ਕੇ ਦੂਰ ਨਾ ਕਰੋ।
    ਅਤੇ ਆਪਣਾ ਪਵਿੱਤਰ ਆਤਮਾ ਮੇਰੇ ਵਿੱਚੋਂ ਨਾ ਖਿੱਚੋ।
12 ਤੁਹਾਡੀ ਸਹਾਇਤਾ ਨੇ ਮੈਨੂੰ ਕਿੰਨੀ ਖੁਸ਼ੀ ਦਿੱਤੀ ਹੈ।
    ਮੈਨੂੰ ਉਹ ਖੁਸ਼ੀ ਫ਼ੇਰ ਦਿਉ।
    ਮੇਰੀ ਰੂਹ ਨੂੰ ਮਜ਼ਬੂਤ ਅਤੇ ਤੁਹਾਡਾ ਹੁਕਮ ਮੰਨਣ ਲਈ ਤੱਤਪਰ ਬਣਾਉ।
13 ਮੈਂ ਗੁਨਾਹਗਾਰਾਂ ਨੂੰ ਉਹੀ ਸਿੱਖਾਵਾਂਗਾ ਜਿਵੇਂ ਤੁਸੀਂ ਚਾਹੁੰਦੇ ਹੋ
    ਕਿ ਉਹ ਜਿਉਣ ਅਤੇ ਉਹ ਵਾਪਸ ਤੁਹਾਡੇ ਵੱਲ ਪਰਤਨਗੇ।
14 ਹੇ ਪਰਮੇਸ਼ੁਰ, ਮੈਨੂੰ ਸਜਾਏ ਮੌਤ ਤੋਂ ਬਚਾਉ,
    ਮੇਰੇ ਯਹੋਵਾਹ, ਇਹ ਤੁਸੀਂ ਹੀ ਹੋ ਜੋ ਮੇਰੀ ਰੱਖਿਆ ਕਰਦੇ ਹੋ।
ਮੈਨੂੰ ਤੁਹਾਡੀ ਵਫ਼ਾਦਾਰੀ ਬਾਰੇ ਗਾਉਣ ਦਿਉ।
15     ਮੇਰੇ ਮਾਲਕ, ਮੈਂ ਆਪਣਾ ਮੂੰਹ ਖੋਲ੍ਹਾਂਗਾ ਅਤੇ ਤੁਹਾਡੀਆਂ ਉਸਤਤਾਂ ਗਾਵਾਂਗਾ।
16 ਅਸਲ ਵਿੱਚ ਤੁਹਾਨੂੰ ਬਲੀਆਂ ਨਹੀਂ ਚਾਹੀਦੀਆਂ,
    ਇਸ ਲਈ ਮੈਨੂੰ ਬਲੀਆਂ ਕਿਉਂ ਚੜ੍ਹਾਉਣੀਆਂ ਚਾਹੀਦੀਆਂ ਜਿਹੜੀਆਂ ਤੈਨੂੰ ਚਾਹੀਦੀਆਂ ਵੀ ਨਹੀਂ।
17 ਪਰਮੇਸ਼ੁਰ ਜਿਹੜੀ ਬਲੀ ਚਾਹੁੰਦਾ ਹੈ ਉਹ ਗੁਮਾਨ ਨਾਲ ਨਾ ਭਰੀ ਹੋਈ ਰੂਹ ਹੈ।
    ਹੇ ਪਰਮੇਸ਼ੁਰ, ਤੁਸੀਂ ਉਸ ਬੰਦੇ ਨੂੰ ਵਾਪਸ ਨਹੀਂ ਮੋੜਦੇ ਜਿਹੜਾ ਲਾਚਾਰ ਅਤੇ ਨਿਮ੍ਰਤਾ ਨਾਲ ਤੁਹਾਡੇ ਕੋਲ ਆਉਂਦਾ ਹੈ।

18 ਹੇ ਪਰਮੇਸ਼ੁਰ, ਕਿਰਪਾ ਕਰਕੇ ਸੀਯੋਨ ਨਾਲ ਚੰਗਾ ਹੋ।
    ਯਰੂਸ਼ਲਮ ਦੀਆਂ ਕੰਧਾਂ ਦੀ ਪੁਨਰ ਉਸਾਰੀ ਕਰੋ।
19 ਫ਼ੇਰ ਤੁਸੀਂ ਚੰਗੀਆਂ ਬਲੀਆਂ
    ਅਤੇ ਅਗਨ ਭੇਟਾਂ ਕੀਤੇ ਚੜ੍ਹਾਵਿਆਂ ਨੂੰ ਮਾਣੋਂਗੇ
    ਅਤੇ ਫ਼ੇਰ ਲੋਕ ਤੁਹਾਡੀ ਜਗਵੇਦੀ ਉੱਤੇ ਬਲਦ ਚੜ੍ਹਾਉਣਗੇ।

ਨਹਮਯਾਹ 2

ਪਾਤਸ਼ਾਹ ਦਾ ਨਹਮਯਾਹ ਨੂੰ ਯਰੂਸ਼ਲਮ ’ਚ ਭੇਜਣਾ

ਅਰਤਹਸ਼ਸ਼ਤਾ ਪਾਤਸ਼ਾਹ ਦੇ 20ਵੇਂ, ਵਰ੍ਹੇ ਨੀਸਾਨ ਦੇ ਮਹੀਨੇ ਵਿੱਚ ਕੁਝ ਮੈਅ ਪਾਤਸ਼ਾਹ ਕੋਲ ਲਿਆਈ ਗਈ। ਮੈਂ ਮੈਅ ਚੁੱਕ ਕੇ ਪਾਤਸ਼ਾਹ ਨੂੰ ਦਿੱਤੀ। ਪਹਿਲਾਂ ਜਦੋਂ ਵੀ ਮੈਂ ਪਾਤਸ਼ਾਹ ਸਾਹਮਣੇ ਹੁੰਦਾ ਸੀ ਕਦੇ ਇੰਨਾ ਉਦਾਸ ਨਹੀਂ ਸੀ ਹੋਇਆ, ਪਰ ਹੁਣ ਮੈਂ ਬੜਾ ਉਦਾਸ ਸੀ। ਤਾਂ ਪਾਤਸ਼ਾਹ ਨੇ ਮੈਨੂੰ ਪੁੱਛਿਆ, “ਕੀ ਤੂੰ ਬੀਮਾਰ ਹੈਂ? ਤੂੰ ਉਦਾਸ ਕਿਉਂ ਦਿਖ ਰਿਹਾ ਹੈਂ? ਮੈਨੂੰ ਲੱਗਦਾ ਤੇਰੇ ਮਨ ਵਿੱਚ ਕੋਈ ਦੁੱਖ ਹੈ।”

ਫ਼ੇਰ ਮੈਂ ਬਹੁਤ ਡਰ ਗਿਆ। ਭਾਵੇਂ ਮੈਂ ਬੜਾ ਡਰਿਆਂ ਹੋਇਆ ਸੀ ਤਾਂ ਵੀ ਮੈਂ ਪਾਤਸ਼ਾਹ ਨੂੰ ਕਿਹਾ, “ਪਾਤਸ਼ਾਹ, ਜੁਗੋ-ਜੁਗ ਜੀਉਂਦਾ ਰਹੇ। ਮੇਰਾ ਦਿਲ ਇਸ ਲਈ ਉਦਾਸ ਹੈ ਕਿਉਂ ਕਿ ਉਹ ਸ਼ਹਿਰ ਜਿੱਥੇ ਮੇਰੇ ਪੁਰਖਿਆਂ ਦੀਆਂ ਕਬਰਾਂ ਹਨ ਉਹ ਬੇਹ ਹੋਇਆ ਪਿਆ ਹੈ ਅਤੇ ਉਸ ਸ਼ਹਿਰ ਦੇ ਫਾਟਕ ਅੱਗ ਨਾਲ ਝੁਲਸੇ ਫਨਾਹ ਹੋਏ ਪਏ ਹਨ।”

ਤਦ ਪਾਤਸ਼ਾਹ ਨੇ ਮੈਨੂੰ ਕਿਹਾ, “ਤੂੰ ਮੇਰੇ ਤੋਂ ਕੀ ਚਾਹੁੰਦਾ ਹੈਂ?”

ਮੈਂ ਪਾਤਸ਼ਾਹ ਨੂੰ ਕੁਝ ਆਖਣ ਤੋਂ ਪਹਿਲਾਂ ਅਕਾਸ਼ ਦੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ। ਫਿਰ ਮੈਂ ਪਾਤਸ਼ਾਹ ਨੂੰ ਆਖਿਆ, “ਜੇ ਪਾਤਸ਼ਾਹ ਨੂੰ ਚੰਗਾ ਲੱਗੇ ਅਤੇ ਜੇਕਰ ਤੇਰੀ ਨਿਗਾਹ ਵਿੱਚ ਤੇਰਾ ਸੇਵਕ ਪ੍ਰਸੰਸਾਯੋਗ ਹੈ, ਮੈਨੂੰ ਯਹੂਦਾਹ ਦੇ ਸ਼ਹਿਰ (ਯਰੂਸ਼ਲਮ) ਜਿੱਥੇ ਮੇਰੇ ਪੁਰਖਿਆਂ ਦੀਆਂ ਕਬਰਾਂ ਹਨ, ਭੇਜ ਦੇਵੋ। ਮੈਂ ਉੱਥੇ ਜਾ ਕੇ ਉਸ ਸ਼ਰਿਰ ਨੂੰ ਮੁੜ ਤੋਂ ਬਨਾਉਣਾ ਚਾਹੁੰਦਾ ਹਾਂ।”

ਪਾਤਸ਼ਾਹ ਦੇ ਕੋਲ ਹੀ ਮਹਾਰਾਣੀ ਵੀ ਬੈਠੀ ਹੋਈ ਸੀ। ਉਨ੍ਹਾਂ ਦੋਨਾਂ ਨੇ ਮੈਨੂੰ ਪੁੱਛਿਆ, “ਤ੍ਤੇਰਾ ਸਫ਼ਰ ਕਿੰਨਾ ਚਿਰ ਰਹੇਗਾ ਅਤੇ ਕੀ ਤੂੰ ਵਾਪਸ ਪਰਤੇਂਗਾ?”

ਪਾਤਸ਼ਾਹ ਮੈਨੂੰ ਭੇਜਣ ਲਈ ਪ੍ਰਸੰਨ ਸੀ ਤਾਂ ਮੈਂ ਉਸ ਨੂੰ ਵਾਪਸੀ ਦਾ ਸਮਾਂ ਠਹਿਰਾ ਦਿੱਤਾ। ਮੈਂ ਪਾਤਸ਼ਾਹ ਨੂੰ ਇਹ ਵੀ ਕਿਹਾ, “ਜੇਕਰ ਪਾਤਸ਼ਾਹ ਪਸੰਦ ਕਰੇ, ਤਾਂ ਮੈਂ ਕੁਝ ਹੋਰ ਅਰਜ਼ ਕਰਾਂ। ਜੇਕਰ ਪਾਤਸ਼ਾਹ ਹਾਮੀ ਭਰੇ ਤਾਂ ਉਹ ਮੈਨੂੰ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਦੇ ਰਾਜਪਾਲਾਂ ਦੇ ਨਾਵਾਂ ਤੇ ਚਿੱਠੀਆਂ ਦੇਵੇ। ਉਨ੍ਹਾਂ ਨੂੰ ਇਹ ਚਿੱਠੀਆਂ ਵਿਖਾਕੇ, ਮੈਂ ਉਨ੍ਹਾਂ ਦੀ ਜ਼ਮੀਨ ਰਾਹੀਂ ਸ਼ਾਂਤੀ ਅਤੇ ਸ਼ੁਰੱਖਿਆ ਨਾਲ ਜਾ ਸੱਕਦਾ ਹਾਂ ਜਦ ਤੀਕ ਕਿ ਮੈਂ ਯਹੂਦਾਹ ਵਿੱਚ ਨਹੀਂ ਪਹੁੰਚ ਜਾਂਦਾ। ਅਤੇ ਇੱਕ ਚਿੱਠੀ ਆਸਾਫ ਲਈ ਮਿਲੇ ਜਿਹੜਾ ਕਿ ਜੰਗਲ ਦਾ ਰੱਖਵਾਲਾ ਹੈ, ਤਾਂ ਜੋ ਉਹ ਮੈਨੂੰ ਮੰਦਰ ਦੇ ਕਿਲ੍ਹੇ ਦੇ ਫਾਟਕਾਂ ਲਈ, ਨਗਰ ਦੀਆਂ ਕੰਧਾਂ ਲਈ, ਅਤੇ ਮੇਰੇ ਘਰ ਲਈ ਮੈਨੂੰ ਲੱਕੜ ਲੈਣ ਦੀ ਮਨਜੂਰੀ ਦੇ ਦੇਵੇ ਜਿੱਥੇ ਮੈਂ ਰਹਿ ਸੱਕਦਾ ਹੋਵਾਂ।”

ਪਾਤਸ਼ਾਹ ਨੇ ਜੋ ਕੁਝ ਵੀ ਮੈਂ ਮੰਗਿਆ, ਮੈਨੂੰ ਦੇ ਦਿੱਤਾ। ਪਾਤਸ਼ਾਹ ਨੇ ਇਹ ਸਭ ਇਸ ਲਈ ਕੀਤਾ ਕਿਉਂ ਕਿ ਪਰਮੇਸ਼ੁਰ ਮੇਰੇ ਤੇ ਕ੍ਰਿਪਾਲੂ ਸੀ।

ਮੈਂ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਦੇ ਰਾਜਪਾਲਾਂ ਕੋਲ ਗਿਆ ਤੇ ਉਨ੍ਹਾਂ ਨੂੰ ਪਾਤਸ਼ਾਹ ਵਲੋਂ ਦਿੱਤੇ ਖਤ ਦਿਖਾਏ। ਪਾਤਸ਼ਾਹ ਨੇ ਮੇਰੇ ਨਾਲ ਫੌਜੀ ਅਧਿਕਾਰੀ ਅਤੇ ਘੁੜ ਸਵਾਰ ਵੀ ਭੇਜੇ ਸਨ। 10 ਸਨਬਲਟ ਅਤੇ ਟੋਬੀਯਾਹ ਨੂੰ ਜਦੋਂ ਮੇਰੇ ਕੰਮਾਂ ਬਾਰੇ ਪਤਾ ਲੱਗਾ ਤਾਂ ਉਹ ਬੜੇ ਪਰੇਸ਼ਾਨ ਅਤੇ ਗੁੱਸੇ ਹੋਏ ਕਿ ਕੋਈ ਇਸਰਾਏਲੀਆਂ ਦੀ ਮਦਦ ਲਈ ਆਇਆ ਸੀ। ਸਨਬਲਟ ਹੋਰੋਨ ਤੋਂ ਅਤੇ ਟੋਬੀਯਾਹ ਅੰਮੋਨੀ ਅਧਿਕਾਰੀ ਸੀ।

ਨਹਮਯਾਹ ਵਲੋਂ ਦੀਵਾਰਾਂ ਦੀ ਜਾਂਚ

11-12 ਮੈਂ ਯਰੂਸ਼ਲਮ ਨੂੰ ਆਇਆ ਅਤੇ ਉੱਥੇ ਤਿੰਨਾਂ ਦਿਨਾਂ ਲਈ ਰਿਹਾ। ਫ਼ੇਰ ਰਾਤ ਵੇਲੇ, ਮੈਂ ਕੁਝ ਆਦਮੀਆਂ ਨਾਲ ਨਿਕਲ ਪਿਆ, ਪਰ ਮੈਂ ਕਿਸੇ ਨੂੰ ਵੀ ਮੇਰੇ ਪਰਮੇਸ਼ੁਰ ਦੁਆਰਾ, ਯਰੂਸ਼ਲਮ ਬਾਰੇ, ਮੇਰੇ ਦਿਲ ਵਿੱਚ ਪਾਈਆਂ ਯੋਜਨਾਵਾਂ ਬਾਰੇ ਨਹੀਂ ਦੱਸਿਆ। ਓੱਬੇ ਜਿਸ ਘੋੜੇ ਤੇ ਮੈਂ ਸਵਾਰ ਸੀ ਉਸ ਤੇ ਇਲਾਵਾ ਮੇਰੇ ਕੋਲ ਕੋਈ ਹੋਰ ਘੋੜਾ ਨਹੀਂ ਸੀ। 13 ਰਾਤ ਵੇਲੇ, ਮੈਂ ਵਾਦੀ ਦੇ ਫਾਟਕ ਤੋਂ ਬਾਹਰ ਨਿਕਲ ਕੇ ਅਜਗਰ ਦੇ ਖੂਹ ਨੂੰ ਅਤੇ ਕੂੜੇ ਦੇ ਫਾਟਕ ਨੂੰ ਗਿਆ। ਇਉਂ ਮੈਂ ਯਰੂਸ਼ਲਮ ਦੀਆਂ ਢਹੀਆਂ ਹੋਈਆਂ ਕੰਧਾਂ ਦਾ ਮੁਆਇਨਾ ਕਰ ਰਿਹਾ ਸੀ ਅਤੇ ਉਨ੍ਹਾਂ ਫਾਟਕਾਂ ਦਾ ਵੀ ਜਿਹੜੇ ਕਿ ਅੱਗ ਨਾਲ ਸੜ ਗਏ ਸਨ। 14 ਉਸਤੋਂ ਬਾਦ ਮੈਂ ਫੁਵਾਰੇ ਵਾਲੇ ਫਾਟਕ ਅਤੇ ਪਾਤਸ਼ਾਹ ਦੇ ਤਲਾਬ ਵੱਲ ਨੂੰ ਸਵਾਰ ਹੋਇਆ ਪਰ ਜਦੋਂ ਹੀ ਮੈਂ ਨੇੜੇ ਪਹੁੰਚਿਆ ਤਾਂ ਮੈਂ ਵੇਖਿਆ ਕਿ ਉੱਥੇ ਮੇਰੇ ਘੋੜੇ ਦੇ ਲੰਘਣ ਜਿੰਨੀ ਥਾਂ ਵੀ ਨਹੀਂ ਸੀ। 15 ਤਾਂ ਫਿਰ ਇਉਂ ਮੈਂ ਕੰਧਾਂ ਦਾ ਮੁਆਇਨਾ ਕਰਦਾ ਹੋਇਆ ਹਨੇਰੇ ’ਚ ਹੀ ਵਾਦੀ ਨੂੰ ਚੜ੍ਹ ਆਇਆ। ਅਖੀਰ ਵਿੱਚ ਮੈਂ ਵਾਦੀ ਦੇ ਫਾਟਕ ਰਾਹੀਂ ਮੁੜ ਆਇਆ। 16 ਅਧਿਕਾਰੀ ਨਹੀਂ ਜਾਣਦੇ ਸਨ ਕਿ ਮੈਂ ਕਿੱਥੋ ਗਿਆ ਸੀ ਤੇ ਨਾ ਹੀ ਇਹ ਪਤਾ ਸੀ ਕਿ ਮੈਂ ਕੀ ਕਰ ਰਿਹਾ ਸੀ। ਮੈਂ ਅਜੇ ਤੀਕ ਯਹੂਦੀਆਂ, ਜਾਜਕਾਂ, ਸੱਜਣਾ, ਅਧਿਕਾਰੀਆਂ ਅਤੇ ਦੂਸਰਿਆਂ ਨੂੰ ਜੋ ਕੰਮ ਕਰਦੇ ਸਨ, ਕੁਝ ਵੀ ਨਹੀਂ ਦੱਸਿਆ ਸੀ।

17 ਫ਼ਿਰ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਆਖਿਆ, “ਤੁਸੀਂ ਦੇਖ ਰਹੇ ਹੋ ਕਿ ਅਸੀਂ ਇੱਥੇ ਕਿੰਨੀ ਮੁਸੀਬਤ ਵਿੱਚ ਹਾਂ। ਯਰੂਸ਼ਲਮ ਉੱਜੜ ਕੇ ਖੰਡਰ ਹੋ ਗਿਆ ਹੈ ਤੇ ਇਸਦੇ ਫਾਟਕ ਅੱਗ ’ਚ ਝੁਲਸ ਗਏ ਹਨ। ਚਲੋ ਆਪਾਂ ਮੁੜ ਤੋਂ ਯਰੂਸ਼ਲਮ ਦੀ ਕੰਧ ਉਸਾਰੀਏ, ਫਿਰ ਸਾਨੂੰ ਹੋਰ ਵੱਧੇਰੇ ਸ਼ਰਮਸਾਰ ਨਹੀਂ ਹੋਣਾ ਪਵੇਗਾ।”

18 ਮੈਂ ਉਨ੍ਹਾਂ ਲੋਕਾਂ ਨੂੰ ਇਹ ਵੀ ਆਖਿਆ ਕਿ ਮੇਰਾ ਪਰਮੇਸ਼ੁਰ ਮੇਰੇ ਉੱਪਰ ਦਯਾਲੂ ਸੀ। ਮੈਂ ਉਨ੍ਹਾਂ ਨੂੰ ਪਾਤਸ਼ਾਹ ਦੀਆਂ ਗੱਲਾਂ ਬਾਰੇ ਵੀ ਦੱਸਿਆ, ਜਿਹੜੀਆਂ ਉਸ ਨੇ ਮੈਨੂੰ ਆਖੀਆਂ ਸਨ। ਤਦ ਉਨ੍ਹਾਂ ਲੋਕਾਂ ਨੇ ਕਿਹਾ, “ਆਓ, ਹੁਣ ਆਪਾ ਕੰਮ ਸ਼ੁਰੂ ਕਰੀਏ!” ਅਤੇ ਉਨ੍ਹਾਂ ਨੇ ਆਪਣੇ-ਆਪ ਨੂੰ ਚੰਗੇ ਕੰਮ ਲਈ ਸਮਰਪਿਤ ਕਰ ਦਿੱਤਾ। 19 ਪਰ ਜਦੇਂ ਹੋਰੋਨ ਦੇ ਸਨਬਲਟ ਅਤੇ ਟੋਬੀਯਾਹ ਅੰਮੋਨੀ ਅਧਿਕਾਰੀ ਅਤੇ ਅਰਬੀ ਗਸ਼ਮ ਨੇ ਸੁਣਿਆ ਕਿ ਅਸੀਂ ਇਸ ਨੂੰ ਮੁੜ ਤੋਂ ਉਸਾਰ ਰਹੇ ਹਾਂ, ਤਾਂ ਉਨ੍ਹਾਂ ਨੇ ਬੜੀ ਬਦਤਮੀਜ਼ੀ ਨਾਲ ਸਾਡਾ ਮਖੌਲ ਉਡਾਇਆ ਅਤੇ ਕਿਹਾ, “ਤੁਸੀਂ ਕੀ ਕਰ ਰਹੇ ਹੋ? ਕੀ ਤੁਸੀਂ ਪਾਤਸ਼ਾਹ ਦੇ ਖਿਲਾਫ਼ ਵਿਦ੍ਰੋਹ ਕਰ ਰਹੇ ਹੋ?”

20 ਪਰ ਮੈਂ ਉਨ੍ਹਾਂ ਆਦਮੀਆਂ ਨੂੰ ਇੰਝ ਕਿਹਾ, “ਇਸ ਕਾਮਯਾਬੀ ਲਈ ਅਕਾਸ਼ ਦਾ ਪਰਮੇਸ਼ੁਰ ਸਾਡੀ ਮਦਦ ਕਰੇਗਾ ਅਸੀਂ ਪਰਮੇਸ਼ੁਰ ਦੇ ਦਾਸ ਹਾਂ ਅਤੇ ਅਸੀਂ ਇਸ ਸ਼ਹਿਰ ਨੂੰ ਮੁੜ ਤੋਂ ਉਸਾਰਾਂਗੇ। ਅਤੇ ਤੁਸੀਂ ਇਸ ਕੰਮ ਵਿੱਚ ਸਾਡੀ ਸਹਾਇਤਾ ਨਹੀਂ ਕਰ ਸੱਕਦੇ ਤੇ ਨਾ ਹੀ ਯਰੂਸ਼ਲਮ ਵਿੱਚ ਰਹਿੰਦੇ ਤੁਹਾਡੇ ਘਰਾਣੇ ਵਿੱਚੋਂ ਕੋਈ ਮਨੁੱਖ ਤੁਹਾਡਾ ਇੱਬੋ ਦੀ ਜ਼ਮੀਨ ਵਿੱਚ ਨਾ ਕੋਈ ਹੱਕ ਹੈ ਨਾ ਹਿੱਸਾ। ਤੁਹਾਨੂੰ ਯਰੂਸ਼ਲਮ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ।”

ਪਰਕਾਸ਼ ਦੀ ਪੋਥੀ 6:12-7:4

12 ਫ਼ੇਰ ਮੈਂ ਦੇਖ ਰਿਹਾ ਸੀ ਜਦੋਂ ਲੇਲੇ ਨੇ ਛੇਵੀਂ ਮੋਹਰ ਖੋਲ੍ਹੀ। ਉੱਥੇ ਬਹੁਤ ਵੱਡਾ ਭੁਚਾਲ ਆ ਗਿਆ। ਸੂਰਜ ਬੱਕਰੀ ਦੇ ਵਾਲਾਂ ਦੇ ਬਣੇ ਬੋਰੇ ਵਰਗਾ ਕਾਲਾ ਹੋ ਗਿਆ। ਪੂਰਾ ਚੰਨ ਲਹੂ ਵਾਂਗ ਲਾਲ ਹੋ ਗਿਆ। 13 ਅਕਾਸ਼ ਦੇ ਤਾਰੇ ਧਰਤੀ ਉੱਤੇ ਇੰਝ ਡਿੱਗ ਪਏ ਜਿਵੇਂ ਕਿ ਹੰਜ਼ੀਰ ਦਾ ਬੂਟਾ ਜਦੋਂ ਹਵਾ ਵੱਗਦੀ ਹੈ ਤਾਂ ਆਪਣੇ ਕੱਚੇ ਫ਼ਲ ਸੁੱਟ ਦਿੰਦਾ ਹੈ। 14 ਅਕਾਸ਼ ਲਪੇਟੇ ਕਾਗਜ਼ ਵਾਂਗੂ ਅਲੋਪ ਹੋ ਗਿਆ। ਸਾਰੇ ਪਹਾੜ ਅਤੇ ਜਜੀਰੇ ਆਪਣੀਆਂ ਜਗ਼੍ਹਾਵਾਂ ਤੋਂ ਹਿੱਲ ਗਏ ਸਨ।

15 ਫ਼ੇਰ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਗੁਫ਼ਾਵਾਂ ਅਤੇ ਪਹਾੜਾਂ ਦੀਆਂ ਉਤਲੀਆਂ ਚੱਟਾਨਾਂ ਪਿੱਛੇ ਲਕੋ ਲਿਆ। ਉੱਥੇ ਰਾਜੇ, ਰਾਜਪਾਲ, ਜਰਨੈਲ, ਅਮੀਰ ਅਤੇ ਸ਼ਕਤੀਸ਼ਾਲੀ ਲੋਕ ਸਨ। ਹਰ ਵਿਅਕਤੀ ਨੇ, ਭਾਵੇਂ ਉਹ ਗੁਲਾਮ ਸੀ ਜਾਂ ਅਜ਼ਾਦ ਖੁਦ ਨੂੰ ਲਕੋ ਲਿਆ। 16 ਲੋਕਾਂ ਨੇ ਪਹਾੜਾਂ ਅਤੇ ਚੱਟਾਨਾਂ ਨੂੰ ਆਖਿਆ, “ਸਾਡੇ ਉੱਪਰ ਡਿੱਗ ਪਵੋ। ਸਾਨੂੰ ਉਸਤੋਂ ਲਕੋ ਲਵੋ ਜਿਹੜਾ ਤਖਤ ਤੇ ਬੈਠਦਾ ਹੈ ਅਤੇ ਲੇਲੇ ਦੇ ਗੁੱਸੇ ਤੋਂ ਲਕੋ ਲਵੋ। 17 ਉਨ੍ਹਾਂ ਦੇ ਗੁੱਸੇ ਦਾ ਮਹਾਨ ਦਿਨ ਆ ਚੁੱਕਿਆ ਹੈ। ਕੌਣ ਇਸਦਾ ਸਾਹਮਣਾ ਕਰ ਸੱਕਦਾ ਹੈ?”

ਇਸਰਾਏਲ ਦੇ 144,000 ਲੋਕ

ਇਸਦੇ ਵਾਪਰਨ ਤੋਂ ਮਗਰੋਂ ਮੈਂ ਚਾਰ ਦੂਤਾਂ ਨੂੰ ਧਰਤੀ ਦੇ ਚੌਹਾਂ ਕੋਨਿਆਂ ਉੱਪਰ ਖਲੋਤਿਆਂ ਦੇਖਿਆ। ਦੂਤ ਧਰਤੀ ਦੀਆਂ ਚੌਹਾਂ ਹਵਾਵਾਂ ਨੂੰ ਧਰਤੀ ਤੇ ਜਾਂ ਸਮੁੰਦਰ ਤੇ ਜਾਂ ਰੁੱਖਾਂ ਤੇ ਵਗਣ ਤੋਂ ਬੰਦ ਕਰਨ ਲਈ ਫ਼ੜੀ ਹੋਏ ਸਨ। ਫ਼ੇਰ ਮੈਂ ਪੂਰਬ ਵੱਲੋਂ ਇੱਕ ਹੋਰ ਦੂਤ ਨੂੰ ਆਉਂਦਿਆਂ ਦੇਖਿਆ। ਇਸ ਦੂਤ ਕੋਲ ਜਿਉਂਦੇ ਪਰਮੇਸ਼ੁਰ ਦੀ ਮੋਹਰ ਸੀ। ਦੂਤ ਨੇ ਉੱਚੀ ਅਵਾਜ਼ ਵਿੱਚ ਚੌਹਾਂ ਦੂਤਾਂ ਨੂੰ ਬੁਲਾਇਆ। ਉਨ੍ਹਾਂ ਚੌਹਾਂ ਦੂਤਾਂ ਨੂੰ ਧਰਤੀ ਅਤੇ ਸਮੁੰਦਰ ਨੂੰ ਨੁਕਸਾਨ ਪਹੁੰਚਾਣ ਦੀ ਸ਼ਕਤੀ ਦਿੱਤੀ ਹੋਈ ਸੀ। ਦੂਤ ਨੇ ਚੌਹਾਂ ਦੂਤਾਂ ਨੂੰ ਆਖਿਆ, “ਓਨਾ ਚਿਰ, ਜ਼ਮੀਨ, ਸਮੁੰਦਰ ਜਾਂ ਰੁੱਖਾਂ ਨੂੰ ਨੁਕਸਾਨ ਨਾ ਪਹੁੰਚਾਇਓ ਜਿੰਨਾ ਚਿਰ ਅਸੀਂ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਲੋਕਾਂ ਦੇ ਮੱਥਿਆਂ ਤੇ ਮੋਹਰ ਨਾ ਲਾ ਦੇਈਏ। ਸਾਨੂੰ ਉਨ੍ਹਾਂ ਦੇ ਮੱਥਿਆਂ ਉੱਤੇ ਨਿਸ਼ਾਨ ਜ਼ਰੂਰ ਲਾਉਣਾ ਚਾਹੀਦਾ ਹੈ।”

ਫ਼ੇਰ ਮੈਂ ਉਨ੍ਹਾਂ ਲੋਕਾਂ ਦੀ ਗਿਣਤੀ ਸੁਣੀ ਜਿਨ੍ਹਾਂ ਤੇ ਮੋਹਰ ਦੁਆਰਾ ਨਿਸ਼ਾਨ ਲਾਇਆ ਗਿਆ ਸੀ। ਉੱਥੇ ਮੋਹਰ ਨਾਲ 144,000 ਲੋਕਾਂ ਤੇ ਨਿਸ਼ਾਨ ਲੱਗੇ ਹੋਏ ਸਨ। ਅਤੇ ਉਹ ਇਸਰਾਏਲ ਦੇ ਵੰਸ਼ ਤੋਂ ਸਨ।

ਮੱਤੀ 13:24-30

ਕਣਕ ਅਤੇ ਜੰਗਲੀ ਬੂਟੀ ਬਾਰੇ ਦ੍ਰਿਸ਼ਟਾਂਤ

24 ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦੇਕੇ ਆਖਿਆ, “ਸਵਰਗ ਦਾ ਰਾਜ ਇੱਕ ਅਜਿਹੇ ਮਨੁੱਖ ਵਰਗਾ ਹੈ ਜਿਸਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ। 25 ਪਰ ਜਦੋਂ ਸਾਰੇ ਲੋਕ ਸੁੱਤੇ ਹੋਏ ਸਨ, ਉਸਦਾ ਵੈਰੀ ਆਇਆ ਅਤੇ ਉਸਦੀ ਕਣਕ ਵਿੱਚ ਜੰਗਲੀ ਬੂਟੀ ਬੀਜਕੇ ਚੱਲਿਆ ਗਿਆ। 26 ਕਣਕ ਵੱਧੀ ਅਤੇ ਕਣਕ ਦੇ ਸਿੱਟੇ ਵੀ ਵੱਧੇ। ਅਤੇ ਉਸ ਦੇ ਨਾਲ ਜੰਗਲੀ ਬੂਟੀ ਵੀ ਵੱਧੀ। 27 ਫ਼ੇਰ ਮਾਲਕ ਦੇ ਨੋਕਰ ਉਸ ਕੋਲ ਆਏ ਅਤੇ ਆਖਿਆ, ‘ਸ਼੍ਰੀਮਾਨ ਜੀ, ਕੀ ਤੁਸੀਂ ਆਪਣੇ ਖੇਤ ਵਿੱਚ ਚੰਗੇ ਬੀਜ ਨਹੀਂ ਬੀਜੇ? ਤਾਂ ਫ਼ੇਰ ਜੰਗਲੀ ਬੂਟੀ ਕਿੱਥੋਂ ਆਈ?’

28 “ਮਨੁੱਖ ਨੇ ਜਵਾਬ ਦਿੱਤਾ, ‘ਕਿਸੇ ਵੈਰੀ ਨੇ ਅਜਿਹਾ ਕੀਤਾ ਹੈ।’

“ਨੋਕਰਾਂ ਨੇ ਪੁੱਛਿਆ, ‘ਕੀ ਸਾਨੂੰ ਜੰਗਲੀ ਬੂਟੀਆਂ ਨੂੰ ਇਕੱਠਾ ਕਰਨ ਜਾਣਾ ਚਾਹੀਦਾ ਹੈ?’

29 “ਮਨੁੱਖ ਨੇ ਜਵਾਬ ਦਿੱਤਾ, ‘ਨਹੀਂ, ਜਦੋਂ ਤੁਸੀਂ ਜੰਗਲੀ ਬੂਟੀ ਨੂੰ ਪੁੱਟੋਂਗੇ ਤਾਂ ਹੋ ਸੱਕਦਾ ਹੈ ਕਿ ਤੁਸੀਂ ਕਣਕ ਨੂੰ ਵੀ ਪੁੱਟ ਸੁੱਟੋਂ। 30 ਇਸ ਲਈ ਵਾਢੀ ਤੱਕ ਤੁਸੀਂ ਦੋਹਾਂ ਨੂੰ ਰਲੇ-ਮਿਲੇ ਵੱਧਣ ਦਿਓ ਅਤੇ ਵਾਢੀ ਦੇ ਵੇਲੇ, ਮੈਂ ਕਾਮਿਆਂ ਨੂੰ ਆਖਾਂਗਾ, ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਫ਼ੂਕਣ ਲਈ ਉਸਦਾ ਪੂਲਾ ਬੰਨ੍ਹੋ। ਅਤੇ ਫ਼ੇਰ ਕਣਕ ਨੂੰ ਇਕੱਠਾ ਕਰਕੇ ਮੇਰੇ ਕੋਠੇ ਵਿੱਚ ਜਮ੍ਹਾਂ ਕਰੋ।’”

Punjabi Bible: Easy-to-Read Version (ERV-PA)

2010 by World Bible Translation Center