Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 50

ਆਸਾਫ਼ ਦਾ ਇੱਕ ਗੀਤ।

50 ਪਰਮੇਸ਼ੁਰਾਂ ਦਾ ਪਰਮੇਸ਼ੁਰ, ਯਹੋਵਾਹ ਬੋਲਿਆ ਹੈ।
    ਉਹ ਧਰਤੀ ਦੇ ਸਾਰੇ ਲੋਕਾਂ ਨੂੰ ਸਵੇਰ ਤੋਂ ਸ਼ਾਮ ਤੱਕ ਬੁਲਾਉਂਦਾ ਹੈ।
ਸੀਯੋਨ ਤੋਂ ਚਮਕਦਾ ਹੋਇਆ ਪਰਮੇਸ਼ੁਰ ਪਰਮ ਸੁੰਦਰ ਹੈ।
ਸਾਡਾ ਪਰਮੇਸ਼ੁਰ, ਆ ਰਿਹਾ ਹੈ।
ਅਤੇ ਉਹ ਚੁੱਪ ਨਹੀਂ ਰਹੇਗਾ।
    ਅੱਗ ਉਸ ਦੇ ਅੱਗੇ ਬਲਦੀ ਹੈ।
    ਇੱਕ ਵੱਡਾ ਤੂਫ਼ਾਨ ਉਸ ਦੇ ਆਲੇ-ਦੁਆਲੇ ਹੈ।
ਸਾਡਾ ਪਰਮੇਸੁਰ ਧਰਤੀ ਅਤੇ ਅਕਾਸ਼ ਨੂੰ ਅਵਾਜ਼ ਦਿੰਦਾ ਹੈ ਕਿ
    ਜਦੋਂ ਉਹ ਆਪਣੇ ਲੋਕਾਂ ਬਾਰੇ ਨਿਆਂ ਕਰੇ ਉਹ ਗਵਾਹ ਹੋਣ।
ਪਰਮੇਸ਼ੁਰ ਆਖਦਾ ਹੈ, “ਤੁਸੀਂ ਸਭ ਜੋ ਮੇਰੇ ਵਫ਼ਾਦਾਰ ਹੋ, ਮੇਰੇ ਆਲੇ-ਦੁਆਲੇ ਇਕੱਠੇ ਹੋਵੋ।
    ਤੁਸੀਂ ਸਾਰੇ ਜਿਨ੍ਹਾਂ ਦਾ ਮੇਰੇ ਨਾਲ ਕਰਾਰ ਹੈ ਆਵੋ ਅਤੇ ਮੈਨੂੰ ਆਪਣੀਆਂ ਬਲੀਆਂ ਭੇਂਟ ਕਰੋ।”

ਪਰਮੇਸ਼ੁਰ ਨਿਰੰਕਾਰ ਹੈ,
    ਅਤੇ ਅਕਾਸ਼ ਉਸਦੀ ਨੇਕੀ ਬਾਰੇ ਦੱਸਦਾ ਹੈ।

ਪਰਮੇਸ਼ੁਰ ਆਖਦਾ ਹੈ, “ਮੇਰੇ ਲੋਕੋ, ਮੇਰੀ ਗੱਲ ਸੁਣੋ।
    ਇਸਰਾਏਲ ਦੇ ਲੋਕੋ, ਮੈਂ ਆਪਣਾ ਸਬੂਤ ਤੁਹਾਡੇ ਵਿਰੁੱਧ ਦਰਸਾਵਾਂਗਾ।
    ਮੈਂ ਪਰਮੇਸ਼ੁਰ ਹਾਂ, ਤੁਹਾਡਾ ਪਰਮੇਸ਼ੁਰ।
ਮੈਂ ਤੁਹਾਡੀਆਂ ਬਲੀਆਂ ਬਾਰੇ ਸ਼ਿਕਵਾ ਨਹੀਂ ਕਰ ਰਿਹਾ।
    ਤੁਸੀਂ ਇਸਰਾਏਲ ਦੇ ਲੋਕ ਹਰ ਸਮੇਂ ਮੇਰੇ ਲਈ ਬਲੀ ਚੜ੍ਹਾਵੇ ਲੈ ਕੇ ਆਉਂਦੇ ਹੋ।
    ਤੁਸੀਂ ਇਹ ਮੈਨੂੰ ਹਰ ਰੋਜ਼ ਦਿੰਦੇ ਹੋ।
ਮੈਂ ਤੁਹਾਡੇ ਘਰਾਂ ਵਿੱਚੋਂ ਬਲਦ ਨਹੀਂ ਲਵਾਂਗਾ।
    ਮੈਂ ਤੁਹਾਡੇ ਬਾੜਿਆਂ ਵਿੱਚੋਂ ਬੱਕਰੇ ਨਹੀਂ ਲਵਾਂਗਾ।
10 ਮੈਨੂੰ ਇਨ੍ਹਾਂ ਜਾਨਵਰਾਂ ਦੀ ਕੋਈ ਲੋੜ ਨਹੀਂ।
ਮੈਂ ਪਹਿਲਾਂ ਹੀ ਜੰਗਲ ਦੇ ਸਾਰੇ ਜਾਨਵਰਾਂ ਦਾ ਮਾਲਕ ਹਾਂ।
    ਮੈਂ ਪਹਿਲਾਂ ਹੀ ਪਰਬਤਾਂ ਦੇ ਸਾਰੇ ਹਜ਼ਾਰਾਂ ਜਾਨਵਰਾਂ ਦਾ ਮਾਲਕ ਹਾਂ।
11 ਉੱਚੇ ਤੋਂ ਉੱਚੇ ਪਰਬਤ ਉੱਤੇ ਬੈਠੇ ਹਰ ਪੰਛੀ ਨੂੰ ਮੈਂ ਜਾਣਦਾ ਹਾਂ।
    ਪਹਾੜੀਆਂ ਵਿੱਚ ਹਰਕਤ ਕਰਦੀ ਹਰ ਸ਼ੈਅ ਮੇਰੀ ਹੈ।
12 ਮੈਂ ਭੁੱਖਾ ਨਹੀਂ ਹਾਂ। ਪਰ ਜੇ ਮੈਂ ਭੁੱਖਾਂ ਹੋਵਾਂ ਵੀ, ਮੈਂ ਤੁਹਾਡੇ ਪਾਸੋਂ ਭੋਜਨ ਨਹੀਂ ਮੰਗਾਂਗਾ।
    ਸਾਰੀ ਦੁਨੀਆ ਅਤੇ ਇਸਦੀ ਹਰ ਸ਼ੈਅ ਪਹਿਲਾਂ ਹੀ ਮੇਰੀ ਹੈ।
13 ਮੈਂ ਬਲਦਾਂ ਦਾ ਮਾਸ ਨਹੀਂ ਖਾਂਦਾ ਮੈਂ ਬੱਕਰੀਆਂ ਦਾ ਲਹੂ ਨਹੀਂ ਪੀਂਦਾ।”

14 ਇਸ ਲਈ ਹੋਰਨਾਂ ਉਪਾਸਨਾ ਕਰਨ ਵਾਲਿਆਂ ਨਾਲ ਸਾਂਝਾ ਕਰਨ ਲਈ ਆਪਣੇ ਧੰਨਵਾਦ ਦੇ ਚੜ੍ਹਾਵੇ ਲਿਆਵੋ।
    ਅਤੇ ਪਰਮੇਸ਼ੁਰ ਦੇ ਨਾਲ ਹੋਣ ਲਈ ਆਵੋ।
ਤੁਸਾਂ ਸਭ ਤੋਂ ਉੱਚੇ ਪਰਮੇਸ਼ੁਰ ਨੂੰ ਵਾਅਦੇ ਦਿੱਤੇ ਸੀ।
    ਇਸ ਲਈ ਉਹ ਚੀਜ਼ਾਂ ਜਿਨ੍ਹਾਂ ਦਾ ਤੁਸੀਂ ਇਕਰਾਰ ਕੀਤਾ ਸੀ ਅਰਪਣ ਕਰੋ।
15 ਪਰਮੇਸ਼ੁਰ ਆਖਦਾ ਹੈ, “ਜਦੋਂ ਵੀ ਮੁਸੀਬਤਾਂ ਤੁਹਾਨੂੰ ਘੇਰਨ ਮੈਨੂੰ ਬੁਲਾਉ।
    ਮੈਂ ਤੁਹਾਡੀ ਸਹਾਇਤਾ ਕਰਾਂਗਾ ਅਤੇ ਫ਼ੇਰ ਤੁਸੀਂ ਮੇਰਾ ਆਦਰ ਕਰ ਸੱਕਦੇ ਹੋ।”

16 ਪਰਮੇਸ਼ੁਰ, ਬਦਕਾਰ ਲੋਕਾਂ ਨੂੰ ਆਖਦਾ ਹੈ,
    “ਤੁਸੀਂ ਲੋਕੀਂ ਮੇਰੇ ਨੇਮਾਂ ਬਾਰੇ ਗੱਲਾਂ ਕਰਦੇ ਹੋ।
    ਤੁਸੀਂ ਮੇਰੇ ਕਰਾਰ ਬਾਰੇ ਗੱਲਾਂ ਕਰਦੇ ਹੋ।
17 ਇਸੇ ਲਈ, ਜਦੋਂ ਮੈਂ ਤੁਹਾਨੂੰ ਸਹੀ ਕਰਦਾ ਹਾਂ ਤੁਸੀਂ ਮੈਨੂੰ ਨਫ਼ਰਤ ਕਿਉਂ ਕਰਦੇ ਹੋ।
    ਤੁਸੀਂ ਉਨ੍ਹਾਂ ਗੱਲਾਂ ਨੂੰ ਅਣਡਿਠ ਕਿਉਂ ਕਰਦੇ ਹੋਂ ਜੋ ਮੈਂ ਤੁਹਾਨੂੰ ਦੱਸਦਾ ਹਾਂ।
18 ਤੁਸੀਂ ਇੱਕ ਚੋਰ ਨੂੰ ਦੇਖਦੇ ਹੋਂ ਅਤੇ ਨੱਸੱਕੇ ਉਸ ਦੇ ਨਾਲ ਰਲ ਜਾਂਦੇ ਹੋ।
    ਅਤੇ ਤੁਸੀਂ ਵਿਭਚਾਰੀਆਂ ਦੇ ਨਾਲ ਸ਼ਾਮਿਲ ਹੋ ਜਾਂਦੇ ਹੋ।
19 ਤੁਸੀਂ ਲੋਕੀਂ ਮੰਦੀਆਂ ਗੱਲਾਂ ਆਖਦੇ ਹੋ ਅਤੇ ਝੂਠ ਬੋਲਦੇ ਹੋ।
20 ਤੁਸੀਂ ਲਗਾਤਾਰ ਹੋਰਾਂ ਲੋਕਾਂ ਬਾਰੇ,
    ਆਪਣੇ ਭਰਾਵਾਂ ਬਾਰੇ ਵੀ ਮੰਦੀਆਂ ਗੱਲਾਂ ਆਖਦੇ ਹੋ।
21 ਤੁਸਾਂ ਇਹ ਮੰਦੇ ਕਾਰੇ ਕੀਤੇ ਅਤੇ ਮੈਂ ਕੁਝ ਨਹੀਂ ਆਖਿਆ।
    ਇਸ ਲਈ ਤੁਸਾਂ ਸੋਚਿਆ ਕਿ ਮੈਂ ਤੁਹਾਡੇ ਜਿਹਾ ਹੀ ਹਾਂ।
ਅੱਛਾ, ਹੁਣ ਮੈਂ ਲੰਮੇ ਸਮੇਂ ਤੱਕ ਖਾਮੋਸ਼ ਨਹੀਂ ਰਹਾਂਗਾ।
    ਇਹ ਗੱਲਾਂ ਮੈਂ ਤੁਹਾਨੂੰ ਬਹੁਤ ਸਪੱਸ਼ਟ ਕਰ ਦਿਆਂਗਾ, ਅਤੇ ਮੈਂ ਤੁਹਾਡੇ ਸਨਮੁੱਖ ਤੁਹਾਡੇ ਉੱਤੇ ਇਲਜ਼ਾਮ ਲਾਵਾਂਗਾ।
22 ਤੁਸੀਂ ਲੋਕ ਪਰਮੇਸ਼ੁਰ ਨੂੰ ਭੁੱਲ ਗਏ ਹੋ।
    ਇਸ ਲਈ ਇਹ ਚੰਗਾ ਹੈ ਜੇਕਰ ਤੁਸੀਂ ਇਹ ਸਮਝ ਲਵੋ,
ਇਸਤੋਂ ਪਹਿਲਾਂ ਕਿ ਮੈਂ ਤੁਹਾਨੂੰ ਪਾੜ ਸੁੱਟਾਂ।
    ਜਦੋਂ ਇਹ ਹੋਵੇਗਾ, ਕੋਈ ਵੀ ਬੰਦਾ ਤੁਹਾਨੂੰ ਨਹੀਂ ਬਚਾ ਸੱਕੇਗਾ।
23 ਜੇ ਕੋਈ ਬੰਦਾ ਧੰਨਵਾਦ ਦਾ ਚੜ੍ਹਾਵਾ ਪ੍ਰਦਾਨ ਕਰਦਾ ਹੈ ਤਾਂ ਉਹ ਮੇਰੇ ਲਈ ਆਦਰ ਦਰਸਾਉਂਦਾ ਹੈ।
    ਪਰ ਜੇ ਕੋਈ ਬੰਦਾ ਸਹੀ ਢੰਗ ਨਾਲ ਜਿਉਂਦਾ ਹੈ, ਤਾਂ ਮੈਂ ਉਸ ਨੂੰ ਬਚਾਉਣ ਲਈ ਆਪਣੀ ਸ਼ਕਤੀ ਦਰਸਾਵਾਂਗਾ।”

ਜ਼ਬੂਰ 59-60

ਨਿਰਦੇਸ਼ਕ ਲਈ: “ਬਰਬਾਦ ਨਾ ਕਰੋ” ਵਾਲੀ, ਦਾਊਦ ਦਾ ਉਸ ਵੇਲੇ ਦਾ ਇੱਕ ਭੱਗਤੀ ਗੀਤ। ਜਦੋਂ ਸ਼ਾਊਲ ਨੇ ਲੋਕਾਂ ਨੂੰ ਦਾਊਦ ਦੇ ਘਰ ਦੀ ਨਿਗਰਾਨੀ ਕਰਨ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਨ ਲਈ ਭੇਜਿਆ ਸੀ।

59 ਹੇ ਪਰਮੇਸ਼ੁਰ, ਮੈਨੂੰ ਮੇਰੇ ਵੈਰੀਆਂ ਕੋਲੋਂ ਬਚਾ ਲੈ।
    ਉਨ੍ਹਾਂ ਲੋਕਾਂ ਨੂੰ ਹਰਾਉਣ ਵਿੱਚ ਮੇਰੀ ਸਹਾਇਤਾ ਕਰੋ ਜਿਹੜੇ ਮੇਰੇ ਨਾਲ ਲੜਨ ਲਈ ਆਏ ਹਨ।
ਮੈਨੂੰ ਉਨ੍ਹਾਂ ਲੋਕਾਂ ਕੋਲੋਂ ਬਚਾਉ ਜਿਹੜੇ ਮੰਦੇ ਕਾਰੇ ਕਰਦੇ ਹਨ।
    ਮੈਨੂੰ ਉਨ੍ਹਾਂ ਕਾਤਲਾਂ ਕੋਲੋਂ ਬਚਾਉ।
ਦੇਖੋ, ਤਕੜੇ ਆਦਮੀ ਮੇਰੀ ਉਡੀਕ ਵਿੱਚ ਹਨ,
    ਉਹ ਮੈਨੂੰ ਮਾਰ ਮੁਕਾਉਣ ਲਈ ਉਡੀਕ ਰਹੇ ਹਨ।
    ਭਾਵੇਂ ਮੈਂ ਕੋਈ ਗੁਨਾਹ ਜਾਂ ਜੁਰਮ ਨਹੀਂ ਕੀਤਾ।
ਮੈਂ ਕੁਝ ਵੀ ਗਲਤ ਨਹੀਂ ਕੀਤਾ, ਪਰ ਮੈਨੂੰ ਮਾਰਨ ਲਈ ਨੱਸੇ ਆਏ ਹਨ।
    ਯਹੋਵਾਹ ਆਉ, ਖੁਦ ਆਪਣੀਆਂ ਅੱਖਾਂ ਨਾਲ ਵੇਖੋ?
ਤੁਸੀਂ ਇਸਰਾਏਲ ਦੇ ਪਰਮੇਸ਼ੁਰ, ਪਰਮੇਸ਼ੁਰ ਯਹੋਵਾਹ ਸਰਬ ਸ਼ਕਤੀਮਾਨ ਹੋ।
    ਉੱਠੋ ਅਤੇ ਉਨ੍ਹਾਂ ਲੋਕਾਂ ਨੂੰ ਦੰਡ ਦੇਵੋ।
ਉਨ੍ਹਾਂ ਦੁਸ਼ਟ ਗੱਦਾਰਾਂ ਉੱਤੇ ਤਰਸ ਨਾ ਕਰੋ।

ਇਹ ਮੰਦੇ ਲੋਕ ਕੁੱਤਿਆਂ ਵਰਗੇ ਹਨ
    ਜਿਹੜੇ ਸ਼ਾਮ ਨੂੰ ਸ਼ਹਿਰ ਅੰਦਰ ਭੌਕਦੇ ਹੋਏ
    ਅਵਾਰਾ ਘੁੰਮਦੇ ਆ ਵੜਦੇ ਹਨ।
ਉਨ੍ਹਾਂ ਦੀਆਂ ਗਾਲ੍ਹਾਂ ਅਤੇ ਧਮਕੀਆਂ ਸੁਣੋ।
    ਉਹ ਬੜੀਆਂ ਜ਼ੁਲਮੀ ਗੱਲਾਂ ਆਖਦੇ ਹਨ
    ਅਤੇ ਇਹ ਵੀ ਖਿਆਲ ਨਹੀਂ ਕਰਦੇ ਕਿ ਉਨ੍ਹਾਂ ਨੂੰ ਕੌਣ ਸੁਣਦਾ ਹੈ।

ਯਹੋਵਾਹ, ਇਨ੍ਹਾਂ ਉੱਤੇ ਹੱਸੋ।
    ਇਨ੍ਹਾਂ ਲੋਕਾਂ ਦਾ ਮਜ਼ਾਕ ਉਡਾਉ।
ਮੈਂ ਤੁਹਾਡੇ ਲਈ ਉਸਤਤਿ ਦੇ ਗੀਤ ਗਾਵਾਂਗਾ।
    ਹੇ ਪਰਮੇਸ਼ੁਰ, ਤੁਸੀਂ ਹੀ ਉੱਚੇ ਪਰਬਤਾਂ ਅੰਦਰ, ਮੇਰਾ ਸੁਰੱਖਿਅਤ ਟਿਕਾਣਾ ਹੋ।
10 ਪਰਮੇਸ਼ੁਰ ਮੈਨੂੰ ਪਿਆਰ ਕਰਦਾ ਹੈ, ਅਤੇ ਉਹ ਮੇਰੀ ਜਿੱਤ ਲਈ ਸਹਾਇਤਾ ਕਰੇਗਾ।
    ਉਹ ਵੈਰੀਆਂ ਨੂੰ ਹਰਾਉਣ ਵਿੱਚ ਮੇਰੀ ਸਹਾਇਤਾ ਕਰੇਗਾ।
11 ਹੇ ਪਰਮੇਸ਼ੁਰ, ਜੇਕਰ ਤੁਸੀਂ ਉਨ੍ਹਾਂ ਨੂੰ ਸਿਰਫ਼ ਮਾਰੋਂਗੇ ਸ਼ਾਇਦ ਮੇਰੇ ਲੋਕ ਭੁੱਲ ਜਾਣ।
    ਇਸ ਲਈ ਮੇਰੇ ਮਾਲਕ ਅਤੇ ਰੱਖਿਅਕ, ਉਨ੍ਹਾਂ ਨੂੰ ਖਿੰਡਾ ਦਿਉ ਅਤੇ ਉਨ੍ਹਾਂ ਨੂੰ ਆਪਣੀ ਸ਼ਕਤੀ ਨਾਲ ਹਰਾ ਦਿਉ।
12 ਉਹ ਮੰਦੇ ਲੋਕ ਗਾਲ੍ਹਾਂ ਕੱਢਦੇ ਹਨ ਅਤੇ ਝੂਠ ਬੋਲਦੇ ਹਨ।
    ਉਨ੍ਹਾਂ ਨੂੰ ਉਨ੍ਹਾਂ ਦੇ ਆਖੇ ਦਾ ਦੰਡ ਦਿਉ।
    ਉਨ੍ਹਾਂ ਦੇ ਗੁਨਾਹ ਨੂੰ ਹੀ ਉਨ੍ਹਾਂ ਨੂੰ ਘੇਰਨ ਦਿਉ।
13 ਉਨ੍ਹਾਂ ਨੂੰ ਆਪਣੇ ਕਹਿਰ ਨਾਲ ਤਬਾਹ ਕਰ ਦਿਉ।
    ਉਨ੍ਹਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿਉ।
ਫ਼ੇਰ ਦੁਨੀਆਂ ਦੇ ਸਾਰੇ ਲੋਕ ਜਾਣ ਲੈਣਗੇ ਕਿ ਪਰਮੇਸ਼ੁਰ ਇਸਰਾਏਲ ਵਿੱਚ ਰਾਜ ਕਰਦਾ ਹੈ।

14 ਉਹ ਮੰਦੇ ਲੋਕ ਸ਼ਾਮ ਨੂੰ ਭੌਕਦੇ ਕੁੱਤਿਆਂ ਵਾਂਗ
    ਘੁੰਮਦੇ ਸ਼ਹਿਰ ਅੰਦਰ ਆਉਂਦੇ ਹਨ।
15 ਉਹ ਭੋਜਨ ਦੀ ਤਲਾਸ਼ ਕਰਨਗੇ
    ਪਰ ਉਨ੍ਹਾਂ ਨੂੰ ਨਾ ਤਾਂ ਭੋਜਨ ਮਿਲੇਗਾ ਅਤੇ ਨਾ ਸੌਣ ਲਈ ਕੋਈ ਥਾਂ।
16 ਪਰ ਸਵੇਰੇ, ਮੈਂ ਤੁਹਾਨੂੰ ਉਸਤਤਿ ਦੇ ਆਪਣੇ ਗੀਤ ਗਾਵਾਂਗਾ।
    ਮੈਂ ਤੇਰੇ ਪਿਆਰ ਵਿੱਚ ਆਨੰਦ ਮਾਣਾਂਗਾ।
ਕਿਉਂਕਿ ਉੱਚੇ ਪਰਬਤਾਂ ਵਿੱਚ ਤੁਸੀਂ ਮੇਰਾ ਸੁਰੱਖਿਅਤ ਸਥਾਨ ਹੋ।
    ਅਤੇ ਜਦੋਂ ਮੁਸੀਬਤਾਂ ਆਉਂਦੀਆਂ ਹਨ ਤੁਸੀਂ ਹੀ ਮੇਰੀ ਸ਼ਰਨ ਹੋਂ।
17 ਮੈਂ ਤੁਹਾਨੂੰ ਉਸਤਤਿ ਦੇ ਆਪਣੇ ਗੀਤ ਗਾਵਾਂਗਾ।
    ਕਿਉਂਕਿ ਉੱਚੇ ਪਰਬਤਾਂ ਵਿੱਚ ਤੁਸੀਂ ਮੇਰਾ ਸੁਰੱਖਿਅਤ ਸਥਾਨ ਹੋ।

ਨਿਰਦੇਸ਼ਕ ਲਈ: “ਕਰਾਰ ਦੇ ਚਮੇਲੀ ਦਾ ਫ਼ੁੱਲ” ਦੀ ਧੁਨੀ। ਦਾਊਦ ਦਾ ਮਿਕਤਾਮ ਸਿੱਖਿਆ ਲਈ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਦਾਊਦ ਅਰਮ ਨਹਰੈਮ ਅਤੇ ਅਰਮ ਸੋਬਾਹ ਨਾਲ ਲੜਿਆ, ਅਤੇ ਜਦੋਂ ਯੋਆਬ ਵਾਪਸ ਪਰਤਿਆ ਅਤੇ ਉਸ ਨੇ 12,000 ਅਦੋਮ ਸਿਪਾਹੀਆਂ ਨੂੰ ਨਮਕ ਦੀ ਵਾਦੀ ਵਿੱਚ ਹਰਾਇਆ।

60 ਪਰਮੇਸ਼ੁਰ, ਤੁਸੀਂ ਸਾਡੇ ਉੱਤੇ ਬਹੁਤ ਗੁੱਸੇ ਸੀ।
    ਇਸ ਲਈ ਤੁਸੀਂ ਸਾਨੂੰ ਨਾਮੰਜ਼ੂਰ ਕੀਤਾ ਅਤੇ ਸਾਨੂੰ ਤਬਾਹ ਕਰ ਦਿੱਤਾ।
    ਇਸ ਲਈ ਕਿਰਪਾ ਕਰਕੇ ਫ਼ੇਰ ਤੋਂ ਸਾਡਾ ਪੁਨਰ ਨਿਰਮਾਣ ਕਰੋ।
ਤੁਸੀਂ ਧਰਤੀ ਹਿਲਾ ਦਿੱਤੀ ਹੈ ਅਤੇ ਖੋਲ੍ਹਕੇ ਖਲਾਰ ਦਿੱਤੀ ਹੈ।
    ਸਾਡੀ ਦੁਨੀਆਂ ਬਿੱਖਰਦੀ ਜਾ ਰਹੀ ਹੈ।
    ਦਯਾ ਕਰੋ ਅਤੇ ਇਸ ਨੂੰ ਥਾਂ ਸਿਰ ਰੱਖੋ।
ਤੁਸੀਂ ਆਪਣੇ ਬੰਦਿਆਂ ਨੂੰ ਬਹੁਤ ਤਕਲੀਫ਼ਾਂ ਦਿੱਤੀਆਂ ਹਨ।
    ਅਸੀਂ ਡਿੱਗਦੇ, ਲੜਖੜ੍ਹਾਉਂਦੇ ਸ਼ਰਾਬੀ ਆਦਮੀਆਂ ਵਰਗੇ ਹਾਂ।
ਤੁਸਾਂ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਸੀ ਜਿਹੜੇ ਤੁਹਾਨੂੰ ਪੂਜਦੇ ਹਨ।
    ਹੁਣ ਉਹ ਵੈਰੀਆਂ ਤੋਂ ਬਚਕੇ ਨਿਕਲ ਸੱਕਦੇ ਹਨ।

ਆਪਣੀ ਮਹਾਨ ਸ਼ਕਤੀ ਵਰਤੋਂ ਅਤੇ ਸਾਨੂੰ ਬਚਾਉ।
    ਮੇਰੀ ਪ੍ਰਾਰਥਨਾ ਸੁਣੋ ਅਤੇ ਉਨ੍ਹਾਂ ਲੋਕਾਂ ਨੂੰ ਬਚਾ ਲਵੋ ਜਿਨ੍ਹਾਂ ਨੂੰ ਤੁਸੀ ਪਿਆਰ ਕਰਦੇ ਹੋਂ।

ਪਰਮੇਸ਼ੁਰ ਆਪਣੇ ਮੰਦਰ ਵਿੱਚ ਬੋਲਿਆ,
    ਮੈਂ ਇਸ ਨਾਲ ਬਹੁਤ ਖੁਸ਼ ਹਾਂ।” ਪਰਮੇਸ਼ੁਰ ਨੇ ਆਖਿਆ,
    “ਮੈਂ ਇਹ ਜ਼ਮੀਨ ਆਪਣੇ ਲੋਕਾਂ ਨਾਲ ਸਾਂਝੀ ਕਰਾਂਗਾ,
    ਮੈਂ ਉਨ੍ਹਾਂ ਨੂੰ ਸ਼ੇਚੇਮ ਦੇਵਾਂਗਾ।
    ਮੈਂ ਉਨ੍ਹਾਂ ਨੂੰ ਸੁੱਕੋਥ ਦੀ ਵਾਦੀ ਦੇਵਾਂਗਾ।
    ਗਿਲਆਦ ਤੇ ਮਾਨਾਸੇਹ ਮੇਰੇ ਹੋਣਗੇ।
    ਇਫ਼ਰਾਈਮ ਮੇਰੇ ਸਿਰ ਦੀ ਢਾਲ ਹੋਵੇਗਾ।
    ਯਹੂਦਾਹ ਮੇਰਾ ਸ਼ਾਹੀ ਡੰਡਾ ਹੋਵੇਗਾ।
    ਮੋਆਬ ਮੇਰੇ ਚਰਨ ਧੋਣ ਲਈ ਮੇਰਾ ਭਾਂਡਾ ਹੋਵੇਗਾ।
    ਇਡੋਮ ਮੇਰਾ ਦਾਸ ਹੋਵੇਗਾ ਜਿਹੜਾ ਮੇਰੀਆਂ ਖੜ੍ਹਾਵਾਂ ਚੁੱਕੇਗਾ।
    ਮੈਂ ਫ਼ਿਲਿਸਤੀਨੀ ਦੇ ਲੋਕਾਂ ਨੂੰ ਹਰਾ ਦਿਆਂਗਾ ਅਤੇ ਮੈਂ ਜਿੱਤ ਬਾਰੇ ਰੌਲਾ ਪਾਵਾਂਗਾ।”

9-10 ਪਰ ਹੇ ਪਰਮੇਸ਼ੁਰ, ਤੁਸੀਂ ਸਾਨੂੰ ਤਿਆਗ ਦਿੱਤਾ।
    ਤੁਸੀਂ ਸਾਡੀ ਫ਼ੌਜ ਨਾਲ ਨਹੀਂ ਗਏ।
ਇਸ ਲਈ ਮਜ਼ਬੂਤ ਸੁਰੱਖਿਅਤ ਸ਼ਹਿਰ ਵੱਲ ਨੂੰ ਮੇਰੀ ਅਗਵਾਈ ਕੌਣ ਕਰੇਗਾ।
    ਇਡੋਮ ਦੇ ਖਿਲਾਫ਼ ਲੜਨ ਵਿੱਚ ਮੇਰੀ ਸਹਾਇਤਾ ਕੌਣ ਕਰੇਗਾ।
11 ਹੇ ਪਰਮੇਸ਼ੁਰ, ਵੈਰੀਆਂ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕਰੋ।
    ਲੋਕ ਮਦਦ ਨਹੀਂ ਕਰ ਸੱਕਦੇ।
12 ਸਿਰਫ਼ ਪਰਮੇਸ਼ੁਰ ਹੀ ਸਾਨੂੰ ਮਜ਼ਬੂਤ ਬਣਾ ਸੱਕਦਾ ਹੈ।
    ਸਿਰਫ਼ ਪਰਮੇਸ਼ੁਰ ਹੀ ਸਾਡੇ ਵੈਰੀਆਂ ਨੂੰ ਹਰਾ ਸੱਕਦਾ ਹੈ।

ਜ਼ਬੂਰ 33

33 ਹੇ ਸੱਜਨੋ, ਯਹੋਵਾਹ ਵਿੱਚ ਆਨੰਦ ਮਾਣੋ।
    ਚੰਗੇ ਲੋਕਾਂ ਲਈ ਉਸਦੀ ਉਸਤਤਿ ਕਰਨਾ ਚੰਗਾ ਹੈ।
ਸਾਰੰਗੀ ਵਜਾਉ ਅਤੇ ਉਸਦੀ ਉਸਤਤਿ ਕਰੋ।
    ਯਹੋਵਾਹ ਲਈ ਦਸ ਤਾਰਾਂ ਵਾਲਾ ਸਾਜ਼ ਵਜਾਉ।
ਉਸ ਨੂੰ ਇੱਕ ਨਵਾਂ ਗੀਤ।
    ਸੋਹਣੇ ਢੰਗ ਨਾਲ ਖੁਸ਼ੀ ਦੀ ਧੁਨ ਵਜਾਉ।
ਪਰਮੇਸ਼ੁਰ ਦਾ ਸ਼ਬਦ ਸੱਚਾ ਹੈ।
    ਜੋ ਵੀ ਉਹ ਕਰਦਾ ਤੁਸੀਂ ਉਸ ਉੱਤੇ ਨਿਰਭਰ ਹੋ ਸੱਕਦੇ ਹੋ।
ਪਰਮੇਸ਼ੁਰ ਨਿਆਂਕਾਰ ਹੋਣ ਅਤੇ ਚੰਗੀਆਂ ਗੱਲਾਂ ਕਰਨ ਨੂੰ ਪਿਆਰ ਕਰਦਾ ਹੈ।
    ਧਰਤੀ ਉੱਤੇ ਯਹੋਵਾਹ ਦਾ ਸੱਚਾ ਪਿਆਰ ਭਰਪੂਰ ਹੈ।
ਯਹੋਵਾਹ ਨੇ ਆਦੇਸ਼ ਦਿੱਤਾ ਅਤੇ ਦੁਨੀਆਂ ਸਾਜੀ ਗਈ।
    ਪਰਮੇਸ਼ੁਰ ਦੇ ਮੁੱਖ ਤੋਂ ਨਿਕਲੇ ਹਰ ਸਾਹ ਨੇ ਧਰਤੀ ਦੀ ਹਰ ਸ਼ੈਅ ਨੂੰ ਸਾਜਿਆ ਹੈ।
ਪਰਮੇਸ਼ੁਰ ਨੇ ਸਾਗਰ ਚੋਂ ਪਾਣੀ ਇੱਕ ਥਾਵੇਂ ਇਕੱਠਾ ਕੀਤਾ।
    ਉਹ ਸਾਗਰ ਨੂੰ ਇਸਦੀ ਥਾਂ ਸਿਰ ਰੱਖਦਾ ਹੈ।
ਧਰਤੀ ਦੇ ਹਰ ਬੰਦੇ ਨੂੰ ਡਰਨਾ ਅਤੇ ਯਹੋਵਾਹ ਦਾ ਆਦਰ ਕਰਨਾ ਚਾਹੀਦਾ ਹੈ।
    ਦੁਨੀਆਂ ਦੇ ਸਮੂਹ ਲੋਕਾਂ ਨੂੰ ਉਸਤੋਂ ਡਰਨਾ ਚਾਹੀਦਾ ਹੈ।
ਕਿਉਂਕਿ ਪਰਮੇਸ਼ੁਰ ਸਿਰਫ਼ ਆਦੇਸ਼ ਦਿੰਦਾ ਅਤੇ ਉਹ ਗੱਲ ਵਾਪਰ ਜਾਂਦੀ ਹੈ।
    ਅਤੇ ਜੇਕਰ ਉਹ ਆਖਦਾ, “ਰੁਕੋ” ਤਾਂ ਉਹ ਸੈਅ ਠਹਿਰ ਜਾਵੇਗੀ।
10 ਉਹ ਹਰ ਇੱਕ ਦੀ ਯੋਜਨਾ ਨੂੰ ਤਬਾਹ ਕਰ ਸੱਕਦਾ ਹੈ।
    ਉਹ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਤਬਾਹ ਕਰ ਸੱਕਦਾ ਹੈ।
11 ਪਰ ਯਹੋਵਾਹ ਦਾ ਮਸ਼ਵਰਾ ਸਦਾ ਲਈ ਸ਼ੁਭ ਹੈ।
    ਉਸ ਦੀਆਂ ਵਿਉਂਤਾਂ ਪੀੜੀ ਦਰ ਪੀੜੀ ਸ਼ੁਭ ਹਨ।
12 ਉਹ ਲੋਕ ਜਿਨ੍ਹਾਂ ਦਾ ਯਹੋਵਾਹ ਪਰਮੇਸ਼ੁਰ ਹੈ ਬਹੁਤ ਸੁਭਾਗੇ ਹਨ।
    ਕਿਉਂਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੇ ਖਾਸ ਲੋਕ ਹੋਣ ਲਈ ਚੁਣਿਆ।
13 ਯਹੋਵਾਹ ਨੇ ਸਵਰਗ ਤੋਂ ਹੇਠਾਂ ਤੱਕਿਆ,
    ਅਤੇ ਉਸ ਨੇ ਸਮੂਹ ਲੋਕਾਂ ਨੂੰ ਦੇਖਿਆ।
14 ਉਸ ਨੇ ਆਪਣੇ ਉੱਚੇ ਤਖਤ ਤੋਂ ਧਰਤੀ ਉੱਤੇ
    ਰਹਿਣ ਵਾਲੇ ਸਾਰੇ ਹੀ ਲੋਕਾਂ ਵੱਲ ਹੇਠਾਂ ਦੇਖਿਆ।
15 ਪਰਮੇਸ਼ੁਰ ਨੇ ਹਰ ਬੰਦੇ ਦਾ ਮਨ ਸਾਜਿਆ।
    ਜੋ ਵੀ ਹਰ ਬੰਦਾ ਸੋਚਦਾ ਪਰਮੇਸ਼ੁਰ ਜਾਣਦਾ ਹੈ।
16 ਰਾਜਾ ਉਸ ਦੇ ਆਪਣੇ ਹੀ ਵੱਡੇ ਬਲ ਦੁਆਰਾ ਨਹੀਂ ਬਚਾਇਆ ਜਾਂਦਾ।
    ਤਾਕਤਵਰ ਯੋਧਾ ਉਸ ਦੇ ਆਪਣੀ ਹੀ ਵੱਡੇ ਬਲ ਦੁਆਰਾ ਨਹੀਂ ਬਚਾਇਆ ਜਾਂਦਾ।
17 ਅਸਲ ਵਿੱਚ ਘੋੜੇ ਯੁੱਧ ਅੰਦਰ ਜਿੱਤ ਪ੍ਰਾਪਤ ਨਹੀਂ ਕਰਦੇ।
    ਅਸਲ ਵਿੱਚ ਤੁਹਾਡੇ ਬਚ ਨਿਕਲਣ ਵਿੱਚ ਉਨ੍ਹਾਂ ਦਾ ਬਲ ਮਦਦ ਨਹੀਂ ਕਰਦਾ।
18 ਯਹੋਵਾਹ ਦੇਖਦਾ ਅਤੇ ਉਨ੍ਹਾਂ ਦੇ ਦੇਖਭਾਲ ਕਰਦਾ ਜਿਹੜੇ ਉਸ ਦੇ ਮਾਰਗ ਉੱਤੇ ਤੁਰਦੇ ਹਨ।
    ਉਸਦਾ ਵੱਡਾ ਪਿਆਰ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਜਿਹੜੇ ਉਸਦੀ ਉਪਾਸਨਾ ਕਰਦੇ ਹਨ।
19 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਮੌਤ ਤੋਂ ਬਚਾਉਂਦਾ ਹੈ,
    ਉਹ ਉਨ੍ਹਾਂ ਨੂੰ ਉਦੋਂ ਬਲ ਬਖਸ਼ਦਾ ਹੈ ਜਦੋਂ ਉਹ ਭੁੱਖੇ ਹੁੰਦੇ ਹਨ।
20 ਇਸ ਲਈ ਅਸੀਂ ਯਹੋਵਾਹ ਦਾ ਇੰਤਜ਼ਾਰ ਕਰਾਂਗੇ।
    ਉਹ ਸਾਡੀ ਮਦਦ ਕਰਦਾ ਹੈ ਅਤੇ ਉਹ ਸਾਡੀ ਰੱਖਿਆ ਕਰਦਾ ਹੈ।
21 ਪਰਮੇਸ਼ੁਰ ਅਸਾਂ ਨੂੰ ਖੁਸ਼ੀ ਪ੍ਰਦਾਨ ਕਰਦਾ ਹੈ।
    ਅਸੀਂ ਸੱਚਮੁੱਚ ਉਸ ਦੇ ਪਵਿੱਤਰ ਨਾਮ ਵਿੱਚ ਭਰੋਸਾ ਕਰਦੇ ਹਾਂ।
22 ਯਹੋਵਾਹ ਅਸੀਂ ਸੱਚਮੁੱਚ ਤੁਹਾਡੀ ਉਪਾਸਨਾ ਕਰਦੇ ਹਾਂ।
    ਇਸ ਲਈ ਆਪਣਾ ਵੱਡਾ ਪਿਆਰ ਸਾਡੇ ਲਈ ਦਰਸਾਉ।

ਨਹਮਯਾਹ 1

ਨਹਮਯਾਹ ਦੀ ਪ੍ਰਾਰਥਨਾ

ਇਹ ਸ਼ਬਦ ਹਕਲਯਾਹ ਦੇ ਪੁੱਤਰ ਨਹਮਯਾਹ ਦੇ ਹਨ। ਕਿਸਲੇਵ ਦੇ ਮਹੀਨੇ, ਮੈਂ (ਨਹਮਯਾਹ) ਸ਼ੂਸ਼ਨ ਦੇ ਕਿਲੇ ਵਿੱਚ ਸੀ। ਇਹ ਅਰਤਹਸ਼ਸ਼ਤਾ ਦੇ ਰਾਜ ਦੇ 20ਵੇਂ ਵਰ੍ਹੇ ’ਚ ਸੀ। ਜਦੋਂ ਮੈਂ ਸ਼ੂਸ਼ਨ ਵਿੱਚ ਸੀ, ਮੇਰੇ ਭਰਾਵਾਂ ਵਿੱਚੋਂ ਹਨਾਨੀ ਅਤੇ ਯਹੂਦਾਹ ਤੋਂ ਕੁਝ ਆਦਮੀ ਮੇਰੇ ਕੋਲ ਆਏ। ਮੈਂ ਉਨ੍ਹਾਂ ਨੂੰ ਉੱਥੇ ਰਹਿੰਦੇ ਯਹੂਦੀਆਂ ਬਾਰੇ ਪੁੱਛਿਆ ਜੋ ਕਿ ਬਚ ਨਿਕਲੇ ਸਨ ਅਤੇ ਦੇਸ਼ ਨਿਕਾਲਾ ਝਲਿਆ ਸੀ। ਮੈਂ ਉਨ੍ਹਾਂ ਨੂੰ ਯਰੂਸ਼ਲਮ ਦੇ ਸ਼ਹਿਰ ਬਾਰੇ ਵੀ ਪੁੱਛਿਆ।

ਉਨ੍ਹਾਂ ਨੇ ਮੈਨੂੰ ਆਖਿਆ, “ਉਹ ਜਿਨ੍ਹਾਂ ਨੇ ਦੇਸ਼ ਨਿਕਾਲੇ ਨੂੰ ਝਲਿਆ ਅਤੇ ਉਹ ਜਿਹੜੇ ਯਹੂਦਾਹ ਦੀ ਧਰਤੀ ਤੇ ਰਹਿ ਰਹੇ ਹਨ ਬਹੁਤ ਵੱਡੀ ਮੁਸੀਬਤ ਵਿੱਚ ਹਨ ਅਤੇ ਸ਼ਰਮਿੰਦਗੀ ਨਾਲ ਭਰੇ ਹੋਏ ਹਨ ਕਿਉਂ ਕਿ ਯਰੂਸ਼ਲਮ ਦੀਆਂ ਕੰਧਾਂ ਢਹਿ ਚੁੱਕੀਆਂ ਹਨ ਤੇ ਇਸ ਦੇ ਫ਼ਾਟਕ ਅੱਗ ਨਾਲ ਸਾੜੇ ਗਏ ਹਨ।”

ਜਦੋਂ ਮੈਂ ਇੰਝ ਸੁਣਿਆ, ਮੈਂ ਹੇਠਾਂ ਬੈਠ ਗਿਆ ਅਤੇ ਕਈ ਦਿਨਾਂ ਤਾਈਂ ਸੋਗ ਮਨਾਇਆ। ਮੈਂ ਅਕਾਸ਼ ਦੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਵਰਤ ਰੱਖੇ। ਫਿਰ ਮੈਂ ਇਹ ਪ੍ਰਾਰਥਨਾ ਕੀਤੀ:

“ਹੇ ਯਹੋਵਾਹ, ਅਕਾਸ਼ ਦੇ ਪਰਮੇਸ਼ੁਰ, ਮਹਾਨ ਅਤੇ ਭੈਦਾਇੱਕ ਪਰਮੇਸ਼ੁਰ, ਜੋ ਆਪਣਾ ਇਕਰਾਰਨਾਮਾ ਅਤੇ ਵਫ਼ਾਦਾਰੀ ਉਨ੍ਹਾਂ ਨਾਲ ਰੱਖਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਹੁਕਮਾਂ ਦਾ ਪਾਲਣ ਕਰਦੇ ਹਨ।

“ਹੇ ਪਰਮੇਸ਼ੁਰ, ਤੇਰੇ ਕੰਨ ਅਤੇ ਅੱਖਾਂ ਖੁੱਲੇ ਰਹਿਣ ਤਾਂ ਜੋ ਤੇਰੇ ਸੇਵਕ ਵੱਲ ਜੋ ਦਿਨ ਰਾਤ ਤੇਰੇ ਅੱਗੇ ਪ੍ਰਾਰਥਨਾ ਕਰ ਰਿਹਾ ਹੈ ਉਸ ਵੱਲ ਤੇਰਾ ਧਿਆਨ ਹੋਵੇ। ਮੈਂ ਤੇਰੇ ਸੇਵਕਾਂ ਭਾਵ ਇਸਰਾਏਲ ਦੇ ਲੋਕਾਂ ਲਈ ਪ੍ਰਾਰਬਨਾ ਕਰ ਰਿਹਾ ਹਾਂ ਅਤੇ ਮੈਂ ਕਬੂਲ ਕਰਦਾ ਹਾਂ ਕਿ ਅਸੀਂ ਇਸਰਾਏਲੀਆਂ ਨੇ ਤੇਰੇ ਵਿਰੁੱਧ ਪਾਪ ਵੀ ਕੀਤੇ ਹਨ। ਮੈਂ ਇਹ ਵੀ ਮੰਨਦਾ ਹਾਂ ਕਿ ਮੈਂ ਵੀ ਤੇਰੇ ਵਿਰੁੱਧ ਪਾਪ ਕੀਤਾ ਅਤੇ ਮੇਰੇ ਘਰਾਣੇ ਨੇ ਵੀ ਤੇਰੇ ਵਿਰੁੱਧ ਪਾਪ ਕੀਤੇ ਹਨ। ਅਸਲ ’ਚ ਅਸੀਂ ਇਸਰਾਏਲੀਆਂ ਨੇ ਤੇਰੇ ਨਾਲ ਬਹੁਤ ਮੰਦਾ ਕੀਤਾ ਹੈ। ਅਸੀਂ ਤੇਰੇ ਹੁਕਮਾਂ, ਬਿਧੀਆਂ ਅਤੇ ਜਿਹੜੇ ਕੰਮ ਤੂੰ ਆਪਣੇ ਸੇਵਕ ਮੂਸਾ ਨੂੰ ਦਿੱਤੇ ਸਨ, ਉਨ੍ਹਾਂ ਨੂੰ ਨਹੀਂ ਮੰਨਿਆ।

“ਉਸ ਗੱਲ ਨੂੰ ਯਾਦ ਕਰ ਜਿਸਦਾ ਤੂੰ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ ਕਿ ‘ਜੇਕਰ ਤੁਸੀਂ ਬੇਇਮਾਨੀ ਕੋਰਗੇ ਤਾਂ ਮੈਂ ਤੁਹਾਨੂੰ ਦੂਜੇ ਰਾਜਾਂ ਵਿੱਚ ਖਿੰਡਾਰ ਦੇਵਾਂਗਾ। ਤੇ ਜੇਕਰ ਤੁਸੀਂ ਇਸਰਾਏਲੀਆਂ ਨੇ ਮੇਰੇ ਆਦੇਸ਼ ਦੀ ਪਾਲਣਾ ਕੀਤੀ ਅਤੇ ਮੇਰੇ ਵੱਲ ਪਰਤ ਆਏ ਤਾਂ ਮੈਂ ਇਉਂ ਕਰਾਂਗਾ। ਭਾਵੇਂ ਤੁਸੀਂ ਅਕਾਸ਼ ਦੇ ਅੰਤ ਤੀਕ ਵੀ ਖਿੰਡੇ ਹੋਵੋਁ, ਮੈਂ ਤੁਹਾਨੂੰ ਇੱਕਤ੍ਰ ਕਰਕੇ ਇਸ ਬਾਵੇਂ ਲਿਆਵਾਂਗਾ, ਜਿਸ ਨੂੰ ਮੈਂ ਆਪਣਾ ਨਾਉਂ ਵਸਾਉਣ ਲਈ ਚੁਣਿਆ ਹੈ।’

10 “ਇਸਰਾਏਲੀ ਤੇਰੇ ਦਾਸ ਅਤੇ ਤੇਰੀ ਪਰਜਾ ਹਨ, ਜਿਨ੍ਹਾਂ ਨੂੰ ਤੂੰ ਆਪਣੇ ਵੱਡੇ ਜੋਰ ਅਤੇ ਬਲ ਤੇ ਤਕੜੇ ਹੱਬਾ ਨਾਲ ਛੁਟਕਾਰਾ ਦਿੱਤਾ। 11 ਇਸ ਲਈ ਹੇ ਪ੍ਰਭੂ, ਕਿਰਪਾ ਕਰਕੇ ਮੇਰੀ ਬਿਨਤੀ ਨੂੰ ਸੁਣ। ਮੈਂ ਤੇਰਾ ਦਾਸ ਹਾਂ, ਸੋ ਤੂੰ ਕਿਰਪਾ ਕਰਕੇ ਆਪਣੇ ਸੇਵਕ ਦੀਆਂ ਪ੍ਰਾਰਥਨਾਵਾਂ ਨੂੰ ਸੁਣ ਜੋ ਤੇਰੇ ਨਾਉਂ ਦੀ ਇੱਜਤ ਕਰਨ ਦੀ ਇੱਛਾ ਰੱਖਦਾ ਹੈ। ਇਸ ਆਦਮੀ ਅੱਗੇ ਮਿਹਰ ਕਰਕੇ ਆਪਣੇ ਸੇਵਕ ਦੀ ਸਹਾਇਤਾ ਕਰ।”

ਮੈਂ ਪਾਤਸ਼ਾਹ ਦਾ ਸਾਕੀ ਸੀ।

ਪਰਕਾਸ਼ ਦੀ ਪੋਥੀ 5:11-6

11 ਫ਼ੇਰ ਮੈਂ ਦੇਖਿਆ, ਅਤੇ ਬਹੁਤ ਸਾਰੇ ਦੂਤਾਂ ਦੀਆਂ ਅਵਾਜ਼ਾਂ ਸੁਣੀਆਂ। ਦੂਤ, ਚਾਰ ਸਜੀਵ ਚੀਜ਼ਾਂ ਅਤੇ ਬਜ਼ੁਰਗ ਤਖਤ ਦੇ ਆਲੇ-ਦੁਆਲੇ ਸਨ। ਉੱਥੇ ਅਣਗਿਣਤ ਦੂਤ ਸਨ। 12 ਦੂਤਾਂ ਨੇ ਇੱਕ ਉੱਚੀ ਅਵਾਜ਼ ਵਿੱਚ ਆਖਿਆ:

“ਉਹ ਲੇਲਾ ਜਿਹੜਾ ਮਾਰਿਆ ਗਿਆ ਸੀ, ਸ਼ਕਤੀ, ਧਨ, ਸਿਆਣਪ, ਤਾਕਤ, ਸਤਿਕਾਰ,
    ਮਹਿਮਾ ਅਤੇ ਉਸਤਤਿ ਪ੍ਰਾਪਤ ਕਰਨ ਦੇ ਯੋਗ ਹੈ।”

13 ਫ਼ੇਰ ਮੈਂ ਸਵਰਗ ਵਿੱਚਲੀ, ਧਰਤੀ ਉਤਲੀ ਅਤੇ ਧਰਤੀ ਹੇਠਲੀ ਅਤੇ ਸਮੁੰਦਰ ਵਿੱਚਲੀ ਹਰ ਸਜੀਵ ਚੀਜ਼ ਨੂੰ ਸੁਣਿਆ। ਅਤੇ ਉਸ ਵਿੱਚਲੀ ਹਰ ਸ਼ੈਅ ਨੂੰ ਇੱਕਲਿਆਂ ਇਹ ਕਹਿੰਦਿਆਂ ਸੁਣਿਆ:

“ਉਸ ਇੱਕ ਨੂੰ ਜਿਹੜਾ ਤਖਤ ਤੇ ਬੈਠਦਾ ਹੈ ਅਤੇ ਲੇਲੇ ਨੂੰ ਹਮੇਸ਼ਾ ਹਮੇਸ਼ਾ ਲਈ
    ਸਾਰੀ ਉਸਤਤਿ, ਸਤਿਕਾਰ, ਮਹਿਮਾ ਅਤੇ ਸ਼ਕਤੀ।”

14 ਚੌਹਾਂ ਸਜੀਵ ਚੀਜ਼ਾਂ ਨੇ ਆਖਿਆ, “ਆਮੀਨ।” ਅਤੇ ਬਜ਼ੁਰਗ ਥੱਲੇ ਝੁਕੇ ਅਤੇ ਉਪਾਸਨਾ ਕੀਤੀ।

ਲੇਲਾ ਸੂਚੀ ਖੋਲ੍ਹਦਾ ਹੈ

ਫ਼ੇਰ ਮੈਂ ਲੇਲੇ ਨੂੰ ਸੱਤਾਂ ਵਿੱਚੋਂ ਪਹਿਲੀ ਮੋਹਰ ਖੋਲ੍ਹਦਿਆਂ ਦੇਖਿਆ। ਮੈਂ ਚਾਰਾਂ ਸਜੀਵ ਚੀਜ਼ਾਂ ਵਿੱਚੋਂ ਕਿਸੇ ਨੂੰ ਤੂਫ਼ਾਨੀ ਗਰਜ ਵਰਗੀ ਅਵਾਜ਼ ਵਿੱਚ ਬੋਲਦਿਆਂ ਸੁਣਿਆ। ਇਸਨੇ ਆਖਿਆ, “ਆਓ।” ਮੈਂ ਤੱਕਿਆ, ਅਤੇ ਉੱਥੇ ਮੇਰੇ ਅੱਗੇ ਇੱਕ ਚਿੱਟਾ ਘੋੜਾ ਸੀ। ਘੁੜਸਵਾਰ ਦੇ ਹੱਥ ਵਿੱਚ ਇੱਕ ਧਨੁਸ਼ ਫ਼ੜਿਆ ਹੋਇਆ ਸੀ। ਅਤੇ ਉਸ ਨੂੰ ਇੱਕ ਤਾਜ ਦਿੱਤਾ ਹੋਇਆ ਸੀ। ਉਹ ਵੱਧ ਜਿੱਤਾਂ ਪ੍ਰਾਪਤ ਕਰਨ ਲਈ ਇੱਕ ਜੇਤੂ ਦੀ ਤਰ੍ਹਾਂ ਬਾਹਰ ਗਿਆ।

ਲੇਲੇ ਨੇ ਦੂਸਰੀ ਮੋਹਰ ਖੋਲ੍ਹੀ। ਫ਼ੇਰ ਮੈਂ ਦੂਸਰੀ ਸਜੀਵ ਚੀਜ਼ ਨੂੰ ਇਹ ਆਖਦਿਆਂ ਸੁਣਿਆ, “ਆਓ।” ਫ਼ੇਰ ਇੱਕ ਹੋਰ ਘੋੜਾ ਬਾਹਰ ਆਇਆ। ਇਹ ਲਾਲ ਘੋੜਾ ਸੀ। ਘੋੜਸਵਾਰ ਨੂੰ ਧਰਤੀ ਤੋਂ ਸ਼ਾਂਤੀ ਹਟਾਉਣ ਅਤੇ ਲੋਕਾਂ ਨੂੰ ਇੱਕ ਦੂਜੇ ਤੋਂ ਮਰਾਉਣ ਦੀ ਸ਼ਕਤੀ ਦਿੱਤੀ ਗਈ ਸੀ। ਇਸ ਘੋੜਸਵਾਰ ਨੂੰ ਇੱਕ ਵੱਡੀ ਤਲਵਾਰ ਦਿੱਤੀ ਗਈ ਸੀ।

ਲੇਲੇ ਨੇ ਤੀਜੀ ਮੋਹਰ ਖੋਲ੍ਹੀ। ਫ਼ੇਰ ਮੈਂ ਤੀਸਰੀ ਸਜੀਵ ਚੀਜ਼ ਨੂੰ ਇਹ ਆਖਦਿਆਂ ਸੁਣਿਆ, “ਆਓ।” ਮੈਂ ਤੱਕਿਆ ਅਤੇ ਉੱਥੇ ਮੇਰੇ ਅੱਗੇ ਇੱਕ ਕਾਲਾ ਘੋੜਾ ਸੀ। ਘੋੜਸਵਾਰ ਨੇ ਆਪਣੇ ਹੱਥ ਵਿੱਚ ਇੱਕ ਤੱਕੜੀ ਫ਼ੜੀ ਹੋਈ ਸੀ। ਫ਼ੇਰ ਮੈਂ ਇੱਕ ਅਵਾਜ਼ ਵਰਗੀ ਚੀਜ਼ ਸੁਣੀ। ਇਹ ਅਵਾਜ਼ ਓੱਥੋਂ ਆ ਰਹੀ ਸੀ ਜਿੱਥੇ ਚਾਰ ਸਜੀਵ ਚੀਜ਼ਾਂ ਸਨ। ਅਵਾਜ਼ ਨੇ ਆਖਿਆ, “ਇੱਕ ਦਿਨ ਦੀ ਤਨਖਾਹ ਵਜੋਂ ਇੱਕ ਚੌਥਾਈ ਕਣਕ ਦਾ ਮਾਪ। ਅਤੇ ਇੱਕ ਦਿਨ ਦੀ ਤਨਖਾਹ ਵਜੋਂ ਤਿੰਨ ਚੌਥਾਈ ਜੌਆਂ ਦਾ ਮਾਪ। ਪਰ ਤੇਲ ਅਤੇ ਮੈਨੂੰ ਬਰਬਾਦ ਨਾ ਕਰੋ।”

ਲੇਲੇ ਨੇ ਚੌਥੀ ਮੋਹਰ ਖੋਲ੍ਹੀ। ਫ਼ੇਰ ਮੈਂ ਚੌਥੀ ਸਜੀਵ ਚੀਜ਼ ਦੀ ਅਵਾਜ਼ ਨੂੰ ਇਹ ਆਖਦਿਆਂ ਸੁਣਿਆ, “ਆਓ।” ਮੈਂ ਦੇਖਿਆ, ਅਤੇ ਉੱਥੇ ਮੇਰੇ ਸਾਹਮਣੇ ਇੱਕ ਫ਼ਿੱਕੇ ਰੰਗ ਦਾ ਘੋੜਾ ਸੀ। ਘੋੜਸਵਾਰ ਮੌਤ ਸੀ। ਉਸ ਦੇ ਪਿੱਛੇ, ਪਾਤਾਲ ਆ ਰਿਹਾ ਸੀ। ਉਨ੍ਹਾਂ ਨੂੰ ਧਰਤੀ ਦੇ ਇੱਕ ਚੌਥਾਈ ਹਿੱਸੇ ਉੱਪਰ ਅਧਿਕਾਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਤਲਵਾਰ ਦੁਆਰਾ, ਅਕਾਲ ਦੁਆਰਾ, ਖਤਰਨਾਕ ਬਿਮਾਰੀਆਂ ਦੁਆਰਾ ਅਤੇ ਧਰਤੀ ਦੇ ਜੰਗਲੀ ਜਾਨਵਰਾਂ ਦੁਆਰਾ ਮਾਰਨ ਦੀ ਸ਼ਕਤੀ ਦਿੱਤੀ ਗਈ ਸੀ।

ਲੇਲੇ ਨੇ ਪੰਜਵੀਂ ਮੋਹਰ ਖੋਲ੍ਹੀ। ਫ਼ੇਰ ਮੈਂ ਕੁਝ ਰੂਹਾਂ ਨੂੰ ਜਗਵੇਦੀ ਹੇਠਾਂ ਵੇਖਿਆ। ਇਹ ਉਨ੍ਹਾਂ ਲੋਕਾਂ ਦੀਆਂ ਰੂਹਾਂ ਸਨ ਜੋ ਕਿ ਇਸ ਲਈ ਮਾਰੇ ਗਏ ਸਨ ਕਿਉਂਕਿ ਉਹ ਪਰਮੇਸ਼ੁਰ ਦੇ ਸੰਦੇਸ਼ ਲਈ ਵਫ਼ਾਦਾਰ ਸਨ ਅਤੇ ਆਪਣੀ ਨਿਹਚਾ ਬਾਰੇ ਬੋਲੇ ਸਨ। 10 ਇਹ ਰੂਹਾਂ ਉੱਚੀ ਅਵਾਜ਼ ਵਿੱਚ ਚੀਕੀਆਂ, “ਪਵਿੱਤਰ ਅਤੇ ਸੱਚੇ ਪ੍ਰਭੂ, ਤੇਰੇ ਲਈ ਧਰਤੀ ਦੇ ਲੋਕਾਂ ਦਾ ਨਿਆਂ ਕਰਨਾ ਹੋਵੇ ਤਾਂ ਕਿੰਨਾ ਚਿਰ ਲੱਗੇਗਾ ਤੇਰੇ ਲਈ ਉਨ੍ਹਾਂ ਲੋਕਾਂ ਨੂੰ ਸਾਨੂੰ ਮਾਰਨ ਲਈ ਸਜ਼ਾ ਦੇਣ ਲਈ ਹੋਰ ਕਿੰਨਾ ਸਮਾਂ ਲੱਗੇਗਾ?” 11 ਫ਼ੇਰ ਉਨ੍ਹਾਂ ਵਿੱਚੋਂ ਹਰ ਰੂਹ ਨੂੰ ਇੱਕ ਚਿੱਟਾ ਚੋਲਾ ਦਿੱਤਾ ਗਿਆ ਸੀ। ਉਨ੍ਹਾਂ ਨੂੰ ਕੁਝ ਸਮਾਂ ਉਡੀਕਣ ਲਈ ਕਿਹਾ ਗਿਆ ਸੀ, ਜਿੰਨਾ ਚਿਰ ਉਨ੍ਹਾਂ ਦੇ ਕੁਝ ਹੋਰ ਭਰਾ ਜਿਹੜੇ ਮਸੀਹ ਦੀ ਸੇਵਾ ਕਰ ਰਹੇ ਹਨ, ਉਨ੍ਹਾਂ ਵਾਂਗ ਹੀ ਨਾ ਮਾਰੇ ਜਾਣ। ਉਨ੍ਹਾਂ ਨੂੰ ਓਨਾ ਚਿਰ ਇੰਤਜ਼ਾਰ ਕਰਨ ਲਈ ਕਿਹਾ ਗਿਆ ਜਿੰਨਾ ਚਿਰ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ ਸੰਪੂਰਣ ਨਾ ਹੋ ਜਾਵੇ।

ਮੱਤੀ 13:18-23

ਯਿਸੂ ਦੀ ਬੀਜ ਬਾਰੇ ਵਿਆਖਿਆ(A)

18 “ਇਸ ਲਈ ਬੀਜਣ ਵਾਲੇ ਦ੍ਰਿਸ਼ਟਾਂਤ ਦਾ ਅਰਥ ਸੁਣੋ।

19 “ਕੋਈ ਵਿਅਕਤੀ ਰਾਜ ਬਾਰੇ ਉਪਦੇਸ਼ ਸੁਣਦਾ ਹੈ, ਪਰ ਇਸ ਨੂੰ ਸਮਝਦਾ ਨਹੀਂ। ਤਾਂ ਦੁਸ਼ਟ ਆਉਂਦਾ ਹੈ ਅਤੇ ਜੋ ਕੁਝ ਵੀ ਉਸ ਦੇ ਦਿਲ ਵਿੱਚ ਬੀਜਿਆ ਹੋਇਆ ਪੁੱਟ ਲੈ ਜਾਂਦਾ ਹੈਂ। ਇਹ ਉਹੀ ਹੈ ਜੋ ਰਾਹ ਦੇ ਪਾਸੇ ਤੇ ਬੀਜਿਆ ਗਿਆ ਸੀ।

20 “ਅਤੇ ਜਿਹੜਾ ਬੀਜ਼ ਪੱਥਰੀਲੀ ਧਰਤੀ ਤੇ ਬੀਜਿਆ ਗਿਆ ਸੀ, ਉਹ ਉਸ ਵਿਅਕਤੀ ਵਰਗਾ ਹੈ ਜੋ ਉਪਦੇਸ਼ ਸੁਣਦਾ ਹੈ ਅਤੇ ਝੱਟ ਖੁਸ਼ੀ ਨਾਲ ਉਨ੍ਹਾਂ ਨੂੰ ਮੰਨ ਲੈਂਦਾ ਹੈ। 21 ਪਰ ਉਹ ਵਿਅਕਤੀ ਉਪਦੇਸ਼ਾਂ ਨੂੰ ਡੂੰਘਿਆਂ ਨਹੀਂ ਲੈਦਾ ਇਸ ਨਾਲ ਉਹ ਥੋੜਾ ਚਿਰ ਹੀ ਰਹਿੰਦਾ ਹੈ। ਜਦੋਂ ਇਨ੍ਹਾਂ ਉਪਦੇਸ਼ਾਂ ਕਾਰਨ ਉਸ ਨੂੰ ਦੁੱਖ ਜਾਂ ਕਸ਼ਟ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਝੱਟ ਆਪਣਾ ਵਿਸ਼ਵਾਸ ਛੱਡ ਦਿੰਦਾ ਹੈ।

22 “ਜਿਹੜਾ ਬੀਜ ਕੰਡਿਆਲੀਆਂ ਤੇ ਡਿੱਗਿਆ, ਉਹ ਉਸ ਵਿਅਕਤੀ ਵਰਗਾ ਹੈ ਜੋ ਉਪਦੇਸ਼ ਨੂੰ ਸੁਣਦਾ ਹੈ ਪਰ ਇਸ ਜਿੰਦਗੀ ਦੀ ਚਿੰਤਾ ਅਤੇ ਧਨ ਦਾ ਮਾਇਆ ਜਾਲ ਉਸ ਉਪਦੇਸ਼ ਦੇ ਵੱਧਣ ਵਿੱਚ ਵਿਘਨ ਪਾ ਦਿੰਦਾ ਹੈ। ਤਾਂ ਉਹ ਕੋਈ ਫ਼ਲ ਪੈਦਾ ਨਹੀਂ ਕਰ ਸੱਕਦਾ।

23 “ਪਰ ਜਿਹੜਾ ਬੀਜ ਉਪਜਾਊ ਜ਼ਮੀਨ ਤੇ ਡਿੱਗਿਆ ਉਹ ਉਸ ਵਿਅਕਤੀ ਵਰਗਾ ਹੈ ਜੋ ਉਪਦੇਸ਼ ਨੂੰ ਸੁਣਦਾ ਅਤੇ ਸਮਝਦਾ ਹੈ। ਉਹ ਜ਼ਰੂਰ ਚੰਗਾ ਫ਼ਲ ਦਿੰਦਾ ਹੈ। ਕੋਈ ਸੌ ਗੁਣਾ, ਕੋਈ ਸੱਠ ਗੁਣਾ ਅਤੇ ਕੋਈ ਤੀਹ ਗੁਣਾ ਫ਼ਲ ਦਿੰਦਾ ਹੈ।”

Punjabi Bible: Easy-to-Read Version (ERV-PA)

2010 by World Bible Translation Center