Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 41

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।

41 ਜੋ ਬੰਦਾ ਗਰੀਬਾਂ ਦੀ ਸਹਾਇਤਾ ਕਰਦਾ ਹੈ ਉਹ ਸਫ਼ਲਤਾ ਲਈ ਬਹੁਤ ਅਸੀਸਾਂ ਪ੍ਰਾਪਤ ਕਰੇਗਾ।
    ਜਦੋਂ ਮੁਸੀਬਤਾਂ ਆਉਣਗੀਆਂ, ਯਹੋਵਾਹ ਉਸ ਬੰਦੇ ਨੂੰ ਬਚਾਵੇਗਾ।
ਯਹੋਵਾਹ ਉਸ ਬੰਦੇ ਦੀ ਰੱਖਿਆ ਕਰੇਗਾ ਅਤੇ ਉਸਦੀ ਜ਼ਿੰਦਗੀ ਬਚਾਵੇਗਾ।
    ਉਹ ਬੰਦਾ ਧਰਤੀ ਉੱਤੇ ਸੁਭਾਗਾ ਹੋਵੇਗਾ।
    ਪਰਮੇਸ਼ੁਰ ਉਸ ਬੰਦੇ ਨੂੰ ਆਪਣੇ ਦੁਸ਼ਮਣਾਂ ਹੱਥੋਂ ਤਬਾਹ ਨਹੀਂ ਹੋਣ ਦੇਵੇਗਾ।
ਜਦੋਂ ਉਹ ਬੰਦਾ ਬਿਮਾਰ ਅਤੇ ਲਾਚਾਰ ਹੋਵੇਗਾ, ਯਹੋਵਾਹ ਉਸ ਨੂੰ ਤਾਕਤ ਦੇਵੇਗਾ।
    ਉਹ ਬੰਦਾ ਬਿਮਾਰੀ ਵਿੱਚ ਮੰਜੇ ਉੱਤੇ ਪਿਆ ਹੋ ਸੱਕਦਾ, ਪਰ ਪਰਮੇਸ਼ੁਰ ਉਸ ਨੂੰ ਨਿਰੋਗ ਕਰੇਗਾ।

ਮੈਂ ਆਖਿਆ, “ਯਹੋਵਾਹ, ਮੇਰੇ ਉੱਤੇ ਮਿਹਰ ਕਰੋ।
    ਮੈਂ ਤੁਹਾਡੇ ਵਿਰੁੱਧ ਗੁਨਾਹ ਕੀਤਾ, ਮੇਰਾ ਪਾਪ ਮੁਆਫ਼ ਕਰ ਦਿਉ ਅਤੇ ਮੈਨੂੰ ਨਿਰੋਗ ਕਰ ਦਿਉ।”
ਮੇਰੇ ਦੁਸ਼ਮਣ ਮੇਰੇ ਬਾਰੇ ਮੰਦੀਆਂ ਗੱਲਾਂ ਆਖਦੇ ਹਨ।
    ਉਹ ਆਖ ਰਹੇ ਹਨ, “ਉਹ ਕਦੋਂ ਮਰੇਗਾ ਅਤੇ ਭੁਲਾਇਆ ਜਾਵੇਗਾ।”
ਲੋਕ ਮੈਨੂੰ ਮਿਲਣ ਆਉਂਦੇ ਹਨ ਪਰ ਉਸ ਬਾਰੇ ਨਹੀਂ ਦੱਸਦੇ ਜੋ ਉਹ ਅਸਲ ਵਿੱਚ ਸੋਚ ਰਹੇ ਹਨ।
    ਉਹ ਬਸ ਮੇਰੀ ਖਬਰ ਲੈਣ ਖਾਤਿਰ ਆਉਂਦੇ ਹਨ।
ਫ਼ੇਰ ਉਹ ਚੱਲੇ ਜਾਂਦੇ ਹਨ
    ਅਤੇ ਆਪਣੀ ਅਫ਼ਵਾਹਾਂ ਫ਼ੈਲਾਉਂਦੇ ਹਨ।
ਮੇਰੇ ਦੁਸ਼ਮਣ ਮੇਰੇ ਬਾਰੇ ਬੁਰੀ ਖੁਸਰ-ਫ਼ੁਸਰ ਕਰਦੇ ਹਨ।
    ਉਹ ਮੇਰੇ ਬਾਰੇ ਛੜਯੰਤਰ ਰਚ ਰਹੇ ਹਨ।
ਉਹ ਆਖਦੇ ਹਨ, “ਉਸਨੇ ਕੋਈ ਗਲਤ ਗੱਲ ਕੀਤੀ ਹੈ।
    ਇਸੇ ਕਾਰਣ ਉਹ ਬਿਮਾਰ ਹੈ।
    ਮੈਨੂੰ ਉਮੀਦ ਹੈ ਉਹ ਕਦੇ ਵੀ ਚੰਗਾ ਨਹੀਂ ਹੋਵੇਗਾ।”
ਮੇਰੇ ਸਭ ਤੋਂ ਚੰਗੇ ਦੋਸਤ ਨੇ ਮੇਰੇ ਨਾਲ ਭੋਜਨ ਕੀਤਾ।
    ਮੈਂ ਉਸ ਉੱਤੇ ਭਰੋਸਾ ਕੀਤਾ। ਪਰ ਹੁਣ ਉਹ ਵੀ ਮੇਰੇ ਖਿਲਾਫ਼ ਹੋ ਗਿਆ ਹੈ।
10 ਇਸ ਲਈ ਯਹੋਵਾਹ, ਮੇਰੇ ਉੱਤੇ ਮਿਹਰ ਕਰੋ।
    ਮੈਨੂੰ ਉੱਠ ਖਲੋਣ ਦਿਉ ਅਤੇ ਮੈਂ ਉਨ੍ਹਾਂ ਨੂੰ ਭਾਜੀ ਮੋੜਾਂਗਾ।
11 ਯਹੋਵਾਹ, ਅਜਿਹਾ ਕਰੋ ਕਿ ਮੇਰੇ ਦੁਸ਼ਮਣ ਮੈਨੂੰ ਦੁੱਖ ਨਾ ਦੇ ਸੱਕਣ।
    ਫ਼ੇਰ ਮੈਂ ਜਾਣ ਜਾਵਾਂਗਾ ਕਿ ਤੁਸਾਂ ਉਨ੍ਹਾਂ ਨੂੰ ਮੈਨੂੰ ਸੱਟ ਮਾਰਨ ਲਈ ਨਹੀਂ ਭੇਜਿਆ।
12 ਮੈਂ ਬੇਕਸੂਰ ਸਾਂ ਅਤੇ ਤੁਸੀਂ ਮੈਨੂੰ ਸਹਾਰਾ ਦਿੱਤਾ।
    ਤੁਸਾਂ ਮੈਨੂੰ ਖਲੋ ਜਾਣ ਦਿੱਤਾ ਅਤੇ ਤੁਸੀਂ ਸਦਾ ਲਈ ਮੇਰੀ ਸੇਵਾ ਕਰਨ ਦਿੱਤੀ।

13 ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤਿ ਕਰੋ।
    ਉਹ ਸਦਾ ਸੀ, ਅਤੇ ਸਦਾ ਵਾਸਤੇ ਹੀ ਰਹੇਗਾ।

ਆਮੀਨ ਫੇਰ ਆਮੀਨ।।

ਜ਼ਬੂਰ 52

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ ਜਦੋਂ ਦੋਏਗ ਅਦੋਮੀ ਸ਼ਾਊਲ ਕੋਲ ਗਿਆ ਅਤੇ ਉਸ ਨੂੰ ਦੱਸਿਆ, “ਦਾਊਦ ਅਹੀਮਲਕ ਦੇ ਘਰ ਵਿੱਚ ਹੈ।”

52 ਹੇ ਵੱਡੇ ਆਦਮੀ, ਤੂੰ ਆਪਣੀਆਂ ਕੀਤੀਆਂ ਦੁਸ਼ਟ ਗੱਲਾਂ ਬਾਰੇ ਸ਼ੇਖੀ ਕਿਉਂ ਮਾਰਦਾ ਹੈਂ?
    ਤੂੰ ਪਰਮੇਸ਼ੁਰ ਲਈ ਇੱਕ ਨਿਰਾਦਰ ਹੈਂ।
    ਤੂੰ ਸਾਰਾ ਦਿਨ ਦੁਸ਼ਟ ਗੱਲਾਂ ਕਰਨ ਦੀ ਯੋਜਨਾ ਬਣਾਉਂਦਾ ਹੈਂ।
ਤਸੀਂ ਮੂਰੱਖਤਾ ਭਰੀਆਂ ਵਿਉਂਤਾ ਬਣਾਉਂਦੇ ਹੋ ਅਤੇ ਤੁਹਾਡੀ ਜ਼ੁਬਾਨ ਤੇਜ ਤਰਾਰ ਉਸਤਰੇ ਵਰਗੀ ਹੈ।
    ਤੁਸੀਂ ਹਰ ਵੇਲੇ ਝੂਠ ਬੋਲਦੇ ਹੋਂ।
    ਤੁਸੀਂ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਹੋ।
ਤੁਸੀਂ ਨੇਕੀ ਨਾਲੋਂ ਬਦੀ ਨੂੰ ਵੱਧੇਰੇ ਪਿਆਰ ਕਰਦੇ ਹੋ।
    ਤੁਸੀਂ ਝੂਠ ਨੂੰ ਸੱਚ ਬੋਲਣ ਨਾਲੋਂ ਵੱਧੇਰੇ ਪਿਆਰ ਕਰਦੇ ਹੋ।

ਤੁਸੀਂ ਅਤੇ ਤੁਹਾਡੀ ਝੂਠੀ ਜ਼ੁਬਾਨ ਲੋਕਾਂ ਨੂੰ ਦੁੱਖ ਦੇਣਾ ਪਸੰਦ ਕਰਦੀ ਹੈ।
ਇਸ ਲਈ ਪਰਮੇਸ਼ੁਰ ਤੁਹਾਨੂੰ ਸਦਾ ਲਈ ਬਰਬਾਦ ਕਰ ਦੇਵੇਗਾ।
    ਉਹ ਤੁਹਾਨੂੰ ਫ਼ੜ ਲਵੇਗਾ ਅਤੇ ਤੁਹਾਨੂੰ ਤੁਹਾਡੇ ਘਰਾਂ ਵਿੱਚੋਂ ਖਿੱਚ ਲਵੇਗਾ, ਜਿਵੇਂ ਕੋਈ ਬੰਦਾ ਪੌਦੇ ਨੂੰ ਜੜਾਂ ਸਮੇਤ ਜ਼ਮੀਨ ਵਿੱਚੋਂ ਪੁੱਟਦਾ ਹੈ।

ਨੇਕ ਲੋਕ ਇਸ ਨੂੰ ਦੇਖਣਗੇ ਅਤੇ ਪਰਮੇਸ਼ੁਰ ਤੋਂ ਡਰਨਾ
    ਅਤੇ ਉਸਦਾ ਆਦਰ ਕਰਨਾ ਸਿੱਖਣਗੇ।
    ਉਹ ਤੁਹਾਡੇ ਉੱਤੇ ਹੱਸਣਗੇ ਅਤੇ ਆਖਣਗੇ,
“ਦੇਖੋ ਉਸ ਬੰਦੇ ਨਾਲ ਕੀ ਵਾਪਰਿਆ ਹੈ, ਜੋ ਪਰਮੇਸ਼ੁਰ ਉੱਤੇ ਟੇਕ ਨਹੀਂ ਰੱਖਦਾ ਸੀ।
    ਉਸ ਬੰਦੇ ਨੇ ਸੋਚਿਆ ਸੀ ਕਿ ਉਸਦੀ ਦੌਲਤ ਅਤੇ ਉਸ ਦੇ ਝੂਠ ਉਸਦੀ ਰੱਖਿਆ ਕਰਨਗੇ।”

ਪਰ ਮੈਂ ਜੈਤੂਨ ਦੇ ਇੱਕ ਹਰੇ ਰੁੱਖ ਵਾਂਗ ਹਾਂ ਜਿਹੜਾ ਪਰਮੇਸ਼ੁਰ ਦੇ ਮੰਦਰ ਵਿੱਚ ਉੱਗਿਆ ਹੈ।
ਹੇ ਪਰਮੇਸ਼ੁਰ, ਮੈਂ ਉਨ੍ਹਾਂ ਗੱਲਾਂ ਲਈ ਤੁਹਾਡੀ ਉਸਤਤਿ ਕਰਦਾ ਹਾਂ ਜੋ ਤੁਸਾਂ ਹਮੇਸ਼ਾ ਕੀਤੀਆਂ ਹਨ।
    ਮੈਂ ਤੁਹਾਡਾ ਨਾਮ ਤੁਹਾਡੇ ਪੈਰੋਕਾਰਾਂ ਸਾਹਮਣੇ ਉਚਾਰਾਂਗਾ ਕਿਉਂਕਿ ਇਹ ਇੰਨਾ ਚੰਗਾ ਹੈ।

ਜ਼ਬੂਰ 44

ਨਿਰਦੇਸ਼ਕ ਲਈ: ਕੋਰਹ ਦਾ ਇੱਕ ਭੱਗਤੀ ਗੀਤ।

44 ਹੇ ਪਰਮੇਸ਼ੁਰ। ਅਸੀਂ ਤੁਹਾਡੇ ਬਾਰੇ ਸੁਣਿਆ ਹੈ।
    ਸਾਡੇ ਪੁਰਖਿਆਂ ਨੇ ਜੋ ਵੀ ਤੁਸੀਂ ਉਨ੍ਹਾਂ ਦੇ ਜੀਵਨ ਕਾਲ ਵਿੱਚ ਕੀਤਾ ਸਾਨੂੰ ਦੱਸਿਆ।
    ਉਨ੍ਹਾਂ ਨੇ ਉਸ ਬਾਰੇ ਵੀ ਦੱਸਿਆ ਜੋ ਤੁਸੀਂ ਬਹੁਤ ਪਹਿਲਾਂ ਕੀਤਾ ਸੀ।
ਹੇ ਪਰਮੇਸ਼ੁਰ, ਇਹ ਧਰਤੀ ਤੁਸਾਂ ਹੋਰਾਂ ਪਾਸੋਂ ਆਪਣੀ ਮਹਾਨ ਸ਼ਕਤੀ ਰਾਹੀਂ ਜਿੱਤ ਲਈ ਸੀ।
    ਅਤੇ ਇਹ ਅਸਾਂ ਨੂੰ ਸੌਂਪ ਦਿੱਤੀ ਸੀ।
ਤੁਸਾਂ ਉਨ੍ਹਾਂ ਵਿਦੇਸ਼ੀਆਂ ਨੂੰ ਕੁਚਲ ਦਿੱਤਾ ਸੀ।
    ਤੁਸੀਂ ਉਨ੍ਹਾਂ ਨੂੰ ਇਸ ਧਰਤੀ ਵਿੱਚੋਂ ਬਾਹਰ ਕੱਢ ਦਿੱਤਾ।
ਇਹ ਸਾਡੇ ਪੁਰਖਿਆਂ ਦੀਆਂ ਤਲਵਾਰਾਂ ਨਹੀਂ ਸਨ ਜਿਨ੍ਹਾਂ ਨੇ ਇਹ ਜ਼ਮੀਨ ਦਿੱਤੀ ਸੀ।
    ਇਹ ਉਨ੍ਹਾਂ ਦਾ ਬਾਹੂਬਲ ਨਹੀਂ ਸੀ ਜਿਸਨੇ ਉਨ੍ਹਾਂ ਨੂੰ ਜੇਤੂ ਬਣਾਇਆ।
ਇਹ ਇਸ ਲਈ ਸੀ ਕਿਉਂਕਿ ਤੁਸੀਂ ਸਾਡੇ ਪੁਰਖਿਆਂ ਦੀ ਰੱਖਵਾਲੀ ਕਰ ਰਹੇ ਸੀ।
    ਹੇ ਪਰਮੇਸ਼ੁਰ, ਤੁਹਾਡੀ ਮਹਾਂ ਸ਼ਕਤੀ ਨੇ ਸਾਡੇ ਪੁਰਖਿਆਂ ਨੂੰ ਬਚਾਇਆ।
    ਕਿਉਂ? ਕਿਉਂਕਿ ਤੁਸਾਂ ਉਨ੍ਹਾਂ ਨੂੰ ਪਸੰਦ ਕੀਤਾ।
ਮੇਰੇ ਪਰਮੇਸ਼ੁਰ, ਤੁਸੀਂ ਮੇਰੇ ਪਾਤਸ਼ਾਹ ਹੋ।
    ਆਦੇਸ਼ ਦਿਉ ਅਤੇ ਯਾਕੂਬ ਦੇ ਲੋਕਾਂ ਦੀ ਜਿੱਤ ਵੱਲ ਅਗਵਾਈ ਕਰੋ।
ਹੇ ਪਰਮੇਸ਼ੁਰ ਤੁਹਾਡੀ ਮਦਦ ਨਾਲ, ਅਸੀਂ ਆਪਣੇ ਦੁਸ਼ਮਣਾਂ ਨੂੰ ਪਿੱਛਾਂਹ ਧੱਕ ਦੇਵਾਂਗੇ।
    ਤੁਹਾਡਾ ਨਾਮ ਲੈ ਕੇ ਅਸੀਂ ਆਪਣੇ ਦੁਸ਼ਮਣਾਂ ਨੂੰ ਕੁਚਲ ਦਿਆਂਗੇ।
ਮੈਨੂੰ ਆਪਣੇ ਤੀਰਾਂ ਅਤੇ ਕਮਾਣ ਉੱਤੇ ਇਤਬਾਰ ਨਹੀਂ
    ਮੇਰੀ ਤਲਵਾਰ ਮੈਨੂੰ ਨਹੀਂ ਬਚਾ ਸੱਕਦੀ।
ਹੇ ਪਰਮੇਸ਼ੁਰ ਤੁਸਾਂ ਸਾਨੂੰ ਮਿਸਰ ਕੋਲੋਂ ਬਚਾਇਆ
    ਤੁਸੀਂ ਸਾਡੇ ਦੁਸ਼ਮਣਾਂ ਨੂੰ ਸ਼ਰਮਸਾਰ ਕਰ ਦਿੱਤਾ ਸੀ।
ਅਸੀਂ ਪਰਮੇਸ਼ੁਰ ਦੀ ਦਿਨ ਭਰ ਉਸਤਤਿ ਕੀਤੀ ਹੈ।
    ਅਤੇ ਅਸੀਂ ਤੁਹਾਡੇ ਨਾਮ ਦੀ ਸਦਾ-ਸਦਾ ਉਸਤਤਿ ਕਰਾਂਗੇ।

ਪਰ, ਹੇ ਪਰਮੇਸ਼ੁਰ, ਤੁਸਾਂ ਸਾਨੂੰ ਛੱਡ ਦਿੱਤਾ ਅਤੇ ਸਾਨੂੰ ਸ਼ਰਮਸਾਰ ਕਰ ਦਿੱਤਾ।
    ਤੁਸੀਂ ਸਾਡੇ ਸੰਗ ਮੈਦਾਨੇ ਜੰਗ ਵਿੱਚ ਨਹੀਂ ਆਏ।
10 ਤੁਸਾਂ ਸਾਡੇ ਦੁਸ਼ਮਣਾਂ ਨੂੰ ਸਾਨੂੰ ਪਿੱਛਾਂਹ ਧੱਕਣ ਦਿੱਤਾ।
    ਸਾਡੇ ਦੁਸ਼ਮਣਾਂ ਨੇ ਸਾਡੀ ਦੌਲਤ ਲੈ ਲਈ।
11 ਤੁਸੀਂ ਸਾਨੂੰ ਭੇਡਾਂ ਵਾਂਗ ਰੋਟੀ ਦੀ ਤਰ੍ਹਾਂ ਦੇ ਦਿੱਤਾ।
    ਤੁਸੀਂ ਸਾਨੂੰ ਕੌਮਾਂ ਵਿੱਚ ਖਿਲਰਨ ਲਈ ਮਜਬੂਰ ਕੀਤਾ।
12 ਹੇ ਪਰਮੇਸ਼ੁਰ, ਤੁਸੀਂ ਆਪਣੇ ਲੋਕਾਂ ਨੂੰ ਬਿਨਾ ਮੁੱਲ ਤੋਂ ਵੇਚ ਦਿੱਤਾ ਸੀ।
13 ਸਾਡੇ ਗੁਆਂਢੀ ਦੇਸ਼ਾਂ ਲਈ ਤੁਸਾਂ ਸਾਨੂੰ ਇੱਕ ਮਜ਼ਾਕ ਬਣਾ ਦਿੱਤਾ।
    ਉਹ ਸਾਡੇ ਉੱਪਰ ਹੱਸਦੇ ਹਨ ਅਤੇ ਸਾਡਾ ਮਜ਼ਾ ਉਡਾਉਂਦੇ ਹਨ।
14 ਅਸੀਂ ਲੋਕਾਂ ਵੱਲੋਂ ਸੁਣਾਏ ਜਾਂਦੇ ਕਿਸੇ ਚੁਟਕਲੇ ਵਰਗੇ ਹਾਂ।
    ਬਿਨ ਕੌਮਾਂ ਦੇ ਲੋਕ ਵੀ ਸਾਡੇ ਉੱਤੇ ਹੱਸਦੇ ਹਨ ਅਤੇ ਸਿਰ ਹਿਲਾਉਂਦੇ ਹਨ।
15 ਮੈਂ ਸ਼ਰਮ ਵਿੱਚ ਡੁੱਬਿਆ ਹਾਂ।
    ਮੈਂ ਸਾਰਾ ਦਿਨ ਆਪਣੀ ਸ਼ਰਮਿੰਦਗੀ ਨੂੰ ਤੱਕਦਾ ਹਾਂ।
16 ਮੈਂ ਸ਼ਰਮ ਨਾਲ ਮੂੰਹ ਛੁਪਾਉਂਦਾ ਹਾਂ, ਉਨ੍ਹਾਂ ਮਖੌਲਾਂ ਅਤੇ ਚੋਭਾਂ ਤੋਂ ਜੋ ਮੇਰੇ ਦੁਸ਼ਮਣਾਂ ਵੱਲੋਂ ਮੇਰੇ ਉੱਤੇ ਲਾਈਆਂ ਜਾਂਦੀਆਂ ਹਨ।
    ਜੋ ਮੇਰੇ ਨਾਲ ਹਿਸਾਬ ਬਰਾਬਰ ਕਰਨਾ ਚਾਹੁੰਦੇ ਹਨ।
17 ਹੇ ਪਰਮੇਸ਼ੁਰ ਅਸੀਂ ਤੁਹਾਨੂੰ ਨਹੀਂ ਭੁੱਲੇ ਹਾਂ
    ਫ਼ੇਰ ਵੀ ਤੁਸੀਂ ਇਹ ਗੱਲਾਂ ਸਾਡੇ ਨਾਲ ਕਰਦੇ ਹੋ।
ਅਸੀਂ ਉਦੋਂ ਝੂਠੇ ਨਹੀਂ ਸਾਂ ਜਦੋਂ ਅਸੀਂ ਉਸ ਇਕਰਾਰਨਾਮੇ ਉੱਤੇ ਹਸਤਾਖਰ ਕੀਤੇ ਸਨ ਜੋ ਅਸੀਂ ਤੁਹਾਡੇ ਨਾਲ ਕੀਤਾ ਸੀ।
18 ਹੇ ਪਰਮੇਸ਼ੁਰ, ਅਸੀਂ ਤੁਹਾਨੂੰ ਪਿੱਠ ਨਹੀਂ ਦਿੱਤੀ ਹੈ
    ਅਸੀਂ ਤੁਹਾਡੀ ਅਗਵਾਈ ਨੂੰ ਨਹੀਂ ਛੱਡਿਆ ਹੈ।
19 ਪਰ ਹੇ ਪਰਮੇਸ਼ੁਰ, ਤੁਸੀਂ ਸਾਨੂੰ ਇਸ ਥਾਵੇਂ ਕੁਚਲ ਦਿੱਤਾ ਹੈ ਜਿੱਥੇ ਗਿੱਦੜ ਰਹਿੰਦੇ ਹਨ।
    ਤੁਸੀਂ ਸਨੂੰ ਉਸ ਥਾਵੇਂ ਛੱਡ ਦਿੱਤਾ ਹੈ ਜੋ ਮੌਤ ਵਰਗੀ ਹਨੇਰੀ ਹੈ।
20 ਕੀ ਅਸੀਂ ਸਾਡੇ ਪਰਮੇਸ਼ੁਰ ਦਾ ਨਾਮ ਭੁੱਲ ਗਏ ਸੀ।
    ਕੀ ਅਸਾਂ ਵਿਦੇਸ਼ੀ ਦੇਵਤਿਆਂ ਨੂੰ ਪ੍ਰਾਰਥਨਾ ਕੀਤੀ? ਨਹੀਂ?
21 ਅਵਸ਼ ਹੀ, ਪਰਮੇਸ਼ੁਰ ਇਨ੍ਹਾਂ ਗੱਲਾਂ ਨੂੰ ਜਾਣਦਾ ਹੈ।
    ਉਹ ਸਾਡੇ ਡੂੰਘੇ ਭੇਤਾਂ ਨੂੰ ਵੀ ਜਾਣਦਾ ਹੈ।
22 ਹੇ ਪਰਮੇਸ਼ੁਰ, ਹਰ ਰੋਜ਼ ਅਸੀਂ ਤੁਹਾਡੇ ਲਈ ਮਰਦੇ ਹਾਂ।
    ਅਸੀਂ ਉਨ੍ਹਾਂ ਭੇਡਾਂ ਵਰਗੇ ਸਾਂ ਜਿਨ੍ਹਾਂ ਨੂੰ ਮਾਰਨ ਵਾਸਤੇ ਲਿਜਾਇਆ ਜਾਣ ਵਾਲਾ ਹੁੰਦਾ ਹੈ।
23 ਉੱਠੋ, ਮੇਰੇ ਮਾਲਿਕ।
    ਤੁਸੀਂ ਕਿਉਂ ਸੌਂ ਰਹੇ ਹੋ? ਉੱਠ ਪਵੋ।
    ਸਾਨੂੰ ਸਦਾ ਲਈ ਛੱਡ ਕੇ ਨਾ ਜਾਵੋ।
24 ਹੇ ਪਰਮੇਸ਼ੁਰ, ਤੁਸੀਂ ਸਾਡੇ ਕੋਲੋਂ ਕਿਉਂ ਲੁਕ ਗਏ ਹੋਂ?
    ਕੀ ਤੁਸੀਂ ਸਾਡੇ ਦੁੱਖਾਂ ਅਤੇ ਮੁਸੀਬਤਾਂ ਨੂੰ ਭੁੱਲ ਗਏ ਹੋ?
25 ਸਾਨੂੰ ਖਾਕ ਅੰਦਰ ਧੱਕ ਦਿੱਤਾ ਹੈ।
    ਅਸੀਂ ਮੂਧੇ ਊਁਹ ਖਾਕ ਵਿੱਚ ਪਏ ਹਾਂ।
26 ਹੇ ਪਰਮੇਸ਼ੁਰ ਉੱਠੋ ਅਤੇ ਸਾਡੀ ਸਹਾਇਤਾ ਕਰੋ।
    ਸਾਨੂੰ ਆਪਣੇ ਸੱਚੇ ਪਿਆਰ ਸਦਕਾ ਬਚਾ ਲਵੋ।

ਜ਼ਕਰਯਾਹ 1:7-17

ਚਾਰ ਘੋੜੇ

ਜਦੋਂ ਫ਼ਾਰਸ ਦਾ ਪਾਤਸ਼ਾਹ ਦਾਰਾ ਰਾਜ ਕਰਦਾ ਸੀ ਉਸ ਦੇ ਰਾਜ ਦੇ ਦੂਜੇ ਵਰ੍ਹੇ ਦੇ 11ਵੇਂ ਮਹੀਨੇ (ਸਬਾਟ ਦੇ ਮਹੀਨੇ) ਦੇ 24ਵੇਂ ਦਿਨ, ਯਹੋਵਾਹ ਵੱਲੋਂ ਜ਼ਕਰਯਾਹ ਨੂੰ ਇੱਕ ਹੋਰ ਸੰਦੇਸ਼ ਹੋਇਆ। (ਇਹ ਜ਼ਕਰਯਾਹ ਬਰਕਯਾਹ ਦਾ ਪੁੱਤਰ ਅਤੇ ਬਰਕਯਾਹ ਇੱਦੋ ਨਬੀ ਦਾ ਪੁੱਤਰ ਸੀ।) ਸੰਦੇਸ਼ ਇਉਂ ਹੈ:

ਰਾਤ ਵੇਲੇ, ਮੈਂ ਇੱਕ ਆਦਮੀ ਨੂੰ ਲਾਲ ਘੋੜੇ ਤੇ ਸਵਾਰ ਵੇਖਿਆ ਉਹ ਵਾਦੀ ਵਿੱਚ ਮਹਿਂਦੀ ਦੀਆਂ ਝਾੜੀਆਂ ਵਿੱਚਕਾਰ ਖੜੋਤਾ ਸੀ। ਉਸ ਦੇ ਪਿੱਛੇ ਲਾਲ, ਭੂਰੇ ਅਤੇ ਚਿੱਟੇ ਘੋੜੇ ਸਨ। ਮੈਂ ਕਿਹਾ, “ਸੁਆਮੀ, ਇੰਨੇ ਘੋੜੇ ਕਾਹਦੇ ਲਈ ਹਨ?”

ਤਦ ਇੱਕ ਫ਼ਰਿਸ਼ਤੇ ਨੇ ਮੇਰੇ ਨਾਲ ਬੋਲਦਿਆਂ ਕਿਹਾ, “ਮੈਂ ਤੈਨੂੰ ਵਿਖਾਵਾਂਗਾ ਕਿ ਇਹ ਘੋੜੇ ਕਾਹਦੇ ਲਈ ਹਨ।”

10 ਤਦ ਮਹਿਂਦੀ ਦੇ ਬੂਟਿਆਂ ਵਿੱਚਕਾਰ ਖੜੋਤੇ ਮਨੁੱਖ ਨੇ ਕਿਹਾ, “ਯਹੋਵਾਹ ਨੇ ਧਰਤੀ ਤੇ ਇੱਧਰ-ਉੱਧਰ ਜਾਣ ਲਈ ਇਹ ਘੋੜੇ ਭੇਜੇ ਹਨ।”

11 ਤਦ ਉਨ੍ਹਾਂ ਘੋੜਿਆਂ ਨੇ ਮਹਿੰਦੀ ਦੀਆਂ ਝਾੜੀਆਂ ਵਿੱਚਕਾਰ ਖੜ੍ਹੇ ਯਹੋਵਾਹ ਦੇ ਦੂਤ ਨੂੰ ਆਖਿਆ, “ਅਸੀਂ ਖੁਦ ਧਰਤੀ ਤੇ ਇੱਧਰ-ਉੱਧਰ ਜਾਕੇ ਵੇਖਿਆ ਹੈ ਤੇ ਸਾਰੀ ਧਰਤੀ ਸ਼ਾਂਤ ਅਤੇ ਚੁੱਪ ਹੈ।”

12 ਤਦ ਯਹੋਵਾਹ ਦੇ ਦੂਤ ਨੇ ਆਖਿਆ, “ਯਹੋਵਾਹ! ਤੂੰ ਕਦੋਂ ਯਰੂਸ਼ਲਮ ਅਤੇ ਯਹੂਦਾਹ ਦੇ ਸ਼ਹਿਰਾਂ ਉੱਤੇ ਸ਼ਾਂਤੀ ਤੇ ਸੁੱਖ ਬਹਾਲ ਕਰੇਂਗਾ? ਸੱਤਰ ਸਾਲ ਹੋ ਗਏ ਹਨ ਤੈਨੂੰ ਇਨ੍ਹਾਂ ਸ਼ਹਿਰਾਂ ਤੇ ਆਪਣੀ ਕਰੋਪੀ ਵਿਖਾਉਂਦਿਆਂ।”

13 ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ ਫ਼ਿਰ ਯਹੋਵਾਹ ਨੇ ਉਸ ਦੂਤ ਨੂੰ ਜਵਾਬ ਦਿੱਤਾ। ਯਹੋਵਾਹ ਨੇ ਉਸ ਨੂੰ ਸੁੱਖ ਸ਼ਾਂਤੀ ਤੇ ਅਮਨ ਵਾਲੇ ਸ਼ਬਦ ਕਹੇ। 14 ਫ਼ਿਰ ਦੂਤ ਨੇ ਮੈਨੂੰ ਲੋਕਾਂ ਨੂੰ ਇਹ ਗੱਲਾਂ ਦੱਸਣ ਲਈ ਕਿਹਾ, ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ:

“ਮੈਨੂੰ ਯਰੂਸ਼ਲਮ ਅਤੇ ਸੀਯੋਨ ਲਈ ਡਾਢਾ ਪਿਆਰ ਹੈ।
15     ਅਤੇ ਜਿਹੜੀਆਂ ਕੌਮਾਂ ਆਪਣੇ-ਆਪ ਨੂੰ ਬੜੀਆਂ ਸੁਰੱਖਿਅਤ ਸਮਝਦੀਆਂ ਹਨ ਉਨ੍ਹਾਂ ਤੇ
ਮੈਂ ਬੜਾ ਨਾਰਾਜ਼ ਹਾਂ ਮੈਂ ਰਤਾ ਗੁੱਸੇ ਵਿੱਚ ਸੀ ਤੇ
    ਮੈਂ ਉਨ੍ਹਾਂ ਕੌਮਾਂ ਨੂੰ ਆਪਣੀ ਪਰਜਾ ਨੂੰ ਸਜ਼ਾ ਦੇਣ ਲਈ ਠਹਿਰਾਇਆ।
    ਪਰ ਉਨ੍ਹਾਂ ਕੌਮਾਂ ਨੇ ਬਹੁਤ ਨੁਕਸਾਨ ਕਰ ਦਿੱਤਾ।”
16 ਇਸ ਲਈ ਯਹੋਵਾਹ ਕਹਿੰਦਾ ਹੈ, “ਮੈਂ ਮੁੜ ਆਵਾਂਗਾ ਅਤੇ ਯਰੂਸ਼ਲਮ ਵਿੱਚ ਆਰਾਮ ਬਹਾਲ ਕਰਾਂਗਾ।”
    ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ,
    “ਯਰੂਸ਼ਲਮ ਮੁੜ ਉਸਾਰਿਆ ਜਾਵੇਗਾ ਅਤੇਮੇਰਾ ਭਵਨ ਉੱਥੇ ਬਣੇਗਾ।”

17 ਦੂਤ ਨੇ ਇਹ ਵੀ ਕਿਹਾ, “ਯਹੋਵਾਹ ਸ਼ਕਤੀਮਾਨ ਆਖਦਾ ਹੈ,
    ‘ਮੇਰਾ ਸ਼ਹਿਰ ਮੁੜ ਧਨਾਢ ਹੋਵੇਗਾ।
ਮੈਂ ਸੀਯੋਨ ਨੂੰ ਸੁੱਖ ਦੇਵਾਂਗਾ।
    ਤੇ ਯਰੂਸ਼ਲਮ ਨੂੰ ਮੁੜ ਮੈਂ ਆਪਣਾ ਖਾਸ ਸ਼ਹਿਰ ਚੁਣਾਂਗਾ।’”

ਪਰਕਾਸ਼ ਦੀ ਪੋਥੀ 1:4-20

ਯੂਹੰਨਾ ਯਿਸੂ ਦੇ ਸੰਦੇਸ਼ਾਂ ਨੂੰ ਕਲੀਸਿਯਾ ਲਈ ਲਿਖਦਾ ਹੈ

ਯੂਹੰਨਾ ਵੱਲੋਂ,

ਅਸਿਯਾ ਦੇ ਸੂਬੇ ਵਿੱਚ ਸੱਤ ਕਲੀਸਿਯਾਵਾਂ ਨੂੰ:

ਉਸ ਇੱਕ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ, ਜੋ ਹੈ, ਜੋ ਹਮੇਸ਼ਾ ਸੀ ਅਤੇ ਜੋ ਆ ਰਿਹਾ ਹੈ; ਅਤੇ ਉਸ ਦੇ ਤਖਤ ਦੇ ਅੱਗੇ ਦੇ ਸੱਤ ਆਤਮਿਆਂ ਵੱਲੋਂ ਅਤੇ ਯਿਸੂ ਮਸੀਹ ਵੱਲੋਂ। ਯਿਸੂ ਇੱਕ ਵਫ਼ਾਦਾਰ ਗਵਾਹ ਹੈ ਉਹ ਉਨ੍ਹਾਂ ਵਿੱਚੋਂ ਪਹਿਲਾ ਸੀ ਜਿਨ੍ਹਾਂ ਨੂੰ ਮੌਤ ਤੋਂ ਜਿਵਾਲਿਆ ਗਿਆ ਸੀ। ਯਿਸੂ ਧਰਤੀ ਦੇ ਰਾਜਿਆਂ ਦਾ ਸ਼ਾਸਕ ਹੈ।

ਯਿਸੂ ਹੀ ਹੈ ਜਿਸਨੇ ਸਾਨੂੰ ਪਿਆਰ ਕੀਤਾ ਅਤੇ ਉਸ ਦੇ ਲਹੂ ਰਾਹੀਂ ਸਾਨੂੰ ਆਪਣੇ ਪਾਪਾਂ ਤੋਂ ਮੁਕਤ ਕੀਤਾ। ਯਿਸੂ ਨੇ ਸਾਨੂੰ ਆਪਣੀ ਮਿਹਨਤ ਨਾਲ ਬਣਾਇਆ ਹੈ। ਉਸ ਨੇ ਸਾਨੂੰ ਅਜਿਹੇ ਜਾਜਕ ਬਣਾਇਆ ਜਿਹੜੇ ਉਸ ਦੇ ਪਿਤਾ ਪਰਮੇਸ਼ੁਰ ਦੀ ਸੇਵਾ ਕਰਦੇ ਹਨ। ਇੱਥੇ ਉਸ ਨੂੰ ਹਮੇਸ਼ਾ ਅਤੇ ਹਮੇਸ਼ਾ ਮਹਿਮਾ ਅਤੇ ਸ਼ਕਤੀ ਹੋਵੇ। ਆਮੀਨ।

ਦੇਖੋ, ਯਿਸੂ ਬੱਦਲਾਂ ਦੇ ਸੰਗ ਆ ਰਿਹਾ ਹੈ। ਹਰ ਕੋਈ ਉਸ ਨੂੰ ਦੇਖੇਗਾ, ਉਹ ਵੀ ਵੇਖਣਗੇ ਜਿਨ੍ਹਾਂ ਨੇ ਉਸ ਨੂੰ ਛੇਕਿਆ [a] ਸੀ। ਧਰਤੀ ਦੇ ਸਾਰੇ ਲੋਕ ਉਸ ਦੇ ਕਾਰਣ ਉੱਚੀ-ਉੱਚੀ ਵਿਰਲਾਪ ਕਰਨਗੇ। ਹਾਂ, ਅਜਿਹਾ ਵਾਪਰੇਗਾ। ਆਮੀਨ।

ਪ੍ਰਭੂ ਪਰਮੇਸ਼ੁਰ ਆਖਦਾ ਹੈ, “ਮੈਂ ਹੀ ਅਲਫ਼ਾ ਤੇ ਓਮੇਗਾ ਹਾਂ। ਮੈਂ ਹੀ ਉਹ ਹਾਂ ਜਿਹੜਾ ਹਮੇਸ਼ਾ ਸੀ ਅਤੇ ਜਿਹੜਾ ਆ ਰਿਹਾ ਹੈ। ਮੈਂ ਸਰਬਸ਼ਕਤੀਮਾਨ ਹਾਂ।”

ਮੈਂ ਯੂਹੰਨਾ ਹਾਂ ਅਤੇ ਮਸੀਹ ਵਿੱਚ ਮੈਂ ਤੁਹਾਡਾ ਭਰਾ ਹਾਂ। ਅਸੀਂ ਇਕੱਠੇ ਯਿਸੂ ਵਿੱਚ ਹਾਂ ਅਤੇ ਇਹ ਸਾਰੀਆਂ ਗੱਲਾਂ ਸਾਂਝੀਆਂ ਕਰਦੇ ਹਾਂ; ਦੁੱਖ, ਰਾਜ ਅਤੇ ਸਹਿਣਸ਼ਕਤੀ। ਮੈਂ ਪਾਤਮੁਸ ਦੇ ਟਾਪੂ ਉੱਤੇ ਸਾਂ ਕਿਉਂਕਿ ਮੈਂ ਪਰਮੇਸ਼ੁਰ ਦੇ ਸੰਦੇਸ਼ ਅਤੇ ਯਿਸੂ ਦੇ ਸੱਚ ਪ੍ਰਤੀ ਵਫ਼ਾਦਾਰ ਸਾਂ। 10 ਪ੍ਰਭੂ ਦੇ ਦਿਨ ਆਤਮਾ ਨੇ ਮੇਰੇ ਉੱਪਰ ਅਧਿਕਾਰ ਕਰ ਲਿਆ। ਮੈਂ ਆਪਣੇ ਪਿੱਛੇ ਉੱਚੀ ਅਵਾਜ਼ ਸੁਣੀ। ਇਹ ਅਵਾਜ਼ ਬਿਗੁਲ ਵਰਗੀ ਸੀ। 11 ਆਵਾਜ਼ ਨੇ ਆਖਿਆ, “ਉਹ ਸਾਰੀਆਂ ਗੱਲਾਂ ਜਿਹੜੀਆਂ ਤੂੰ ਵੇਖੀਆਂ ਹਨ ਉਹ ਸਾਰੀਆਂ ਇੱਕ ਕਿਤਾਬ ਵਿੱਚ ਲਿਖ ਅਤੇ ਉਨ੍ਹਾਂ ਨੂੰ ਸੱਤ ਕਲੀਸਿਯਾਵਾਂ ਨੂੰ ਭੇਜ। ਅਫ਼ਸੁਸ, ਸਮੁਰਨੇ, ਪਰਗਮੁਮ, ਥੂਆਤੀਰੇ, ਸਾਰਦੀਸ, ਫ਼ਿਲਦਲਫ਼ੀਏ ਅਤੇ ਲਾਉਦਿਕੀਏ ਨੂੰ।”

12 ਮੈਂ ਮੁੜ ਕੇ ਦੇਖਿਆ ਕਿ ਮੇਰੇ ਨਾਲ ਕੌਣ ਗੱਲ ਕਰ ਰਿਹਾ ਸੀ। ਜਦੋਂ ਮੈਂ ਮੁੜਿਆ, ਮੈਂ ਸੋਨੇ ਦੇ ਸੱਤ ਸ਼ਮਾਦਾਨ ਦੇਖੇ। 13 ਇਨ੍ਹਾਂ ਸ਼ਮਾਦਾਨਾਂ ਵਿੱਚਕਾਰ ਮੈਂ ਕਿਸੇ ਨੂੰ ਖਲੋਤਿਆਂ ਦੇਖਿਆ ਜਿਹੜਾ “ਮਨੁੱਖ ਦੇ ਪੁੱਤਰ ਵਰਗਾ” ਸੀ। ਉਸ ਨੇ ਉਸ ਦੇ ਪੈਰਾਂ ਤੱਕ ਪਹੁੰਚਦਾ ਇੱਕ ਲੰਮਾ ਚੋਗਾ ਪਾਇਆ ਹੋਇਆ ਸੀ ਅਤੇ ਉਸਦੀ ਛਾਤੀ ਦੁਆਲੇ ਇੱਕ ਸੋਨੇ ਦੀ ਪੇਟੀ ਬੰਨ੍ਹੀ ਹੋਈ ਸੀ। 14 ਉਸਦਾ ਸਿਰ ਅਤੇ ਵਾਲ ਉੱਨ ਅਤੇ ਬਰਫ਼ ਵਾਂਗ ਚਿੱਟੇ ਸਨ। ਅਤੇ ਉਸਦੀਆਂ ਅੱਖਾਂ ਅੱਗ ਦੇ ਅੰਗਿਆਰਾਂ ਵਰਗੀਆਂ ਸਨ। 15 ਉਸ ਦੇ ਪੈਰ ਭੱਠੀ ਵਿੱਚ ਦਗਦੇ ਹੋਏ ਤਾਂਬੇ ਵਰਗੇ ਸਨ। ਉਸਦੀ ਅਵਾਜ਼ ਹੜ੍ਹ ਦੇ ਪਾਣੀ ਵਰਗੀ ਸੀ। 16 ਉਸ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਸਿਤਾਰੇ ਫ਼ੜੇ ਹੋਏ ਸਨ। ਉਸ ਦੇ ਮੁੱਖ ਵਿੱਚੋਂ ਤਿੱਖੀ ਦੋ ਧਾਰੀ ਤਲਵਾਰ ਨਿਕਲ ਰਹੀ ਸੀ। ਉਹ ਦੁਪਿਹਰ ਦੇ ਸੂਰਜ ਵਰਗਾ ਦਿਖਿਆ।

17 ਜਦੋਂ ਮੈਂ ਉਸ ਨੂੰ ਤੱਕਿਆ ਤਾਂ ਮੈਂ ਉਸ ਦੇ ਚਰਨਾਂ ਤੇ ਮੁਰਦਾ ਲਾਸ਼ ਵਾਂਗ ਢਹਿ ਪਿਆ। ਉਸ ਨੇ ਅਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਆਖਿਆ, “ਭੈਭੀਤ ਨਾ ਹੋਵੋ। ਮੈਂ ਹੀ ਪਹਿਲਾ ਤੇ ਅਖੀਰ ਹਾਂ। 18 ਮੈਂ ਹੀ ਹਾਂ ਜਿਹੜਾ ਜਿਉਂਦਾ ਹੈ। ਮੈਂ ਮਰ ਚੁੱਕਾ ਸੀ, ਪਰ ਦੇਖੋ, ਮੈਂ ਸਦਾ ਅਤੇ ਸਦਾ ਲਈ ਜੀਵਿਤ ਹਾਂ ਅਤੇ ਮੇਰੇ ਕੋਲ ਹੀ ਮੌਤ ਅਤੇ ਪਾਤਾਲ ਦੀਆਂ ਕੁੰਜੀਆਂ ਹਨ। 19 ਇਸ ਲਈ ਉਹੀ ਗੱਲਾਂ ਲਿਖੋ ਜਿਹੜੀਆਂ ਤੁਸੀਂ ਵੇਖੀਆਂ ਹਨ। ਉਹ ਗੱਲਾਂ ਜੋ ਹੁਣ ਵਾਪਰ ਰਹੀਆਂ ਹਨ ਅਤੇ ਜੋ ਗੱਲਾਂ ਭਵਿੱਖ ਵਿੱਚ ਵਾਪਰਨਗੀਆਂ। 20 ਉਨ੍ਹਾਂ ਸੱਤਾਂ ਤਾਰਿਆਂ ਦਾ ਜੋ ਤੁਸੀਂ ਮੇਰੇ ਹੱਥ ਵਿੱਚ ਵੇਖੇ ਅਤੇ ਉਨ੍ਹਾਂ ਸ਼ਮਾਦਾਨਾਂ ਦਾ ਜੋ ਤੁਸੀਂ ਵੇਖੇ ਲੁਕਿਆ ਹੋਇਆ ਮਤਲਬ ਇਹ ਹੈ; ਸੱਤ ਸ਼ਮਾਦਾਨ ਸੱਤ ਕਲੀਸਿਯਾਵਾਂ ਹਨ ਅਤੇ ਸੱਤ ਤਾਰੇ ਇਨ੍ਹਾਂ ਕਲੀਸਿਯਾਵਾਂ ਦੇ ਦੂਤ ਹਨ।

ਮੱਤੀ 12:43-50

ਅੱਜ ਦੇ ਲੋਕ ਦੁਸ਼ਟ ਹਨ(A)

43 “ਪਰ ਜਦੋਂ ਦੁਸ਼ਟ ਆਤਮਾ ਮਨੁੱਖ ਵਿੱਚੋਂ ਨਿਕਲ ਗਿਆ ਹੋਵੇ, ਤਾਂ ਉਹ ਖੁਸ਼ਕ ਥਾਵਾਂ ਵਿੱਚ ਆਰਾਮ ਭਾਲਦਾ ਫ਼ਿਰਦਾ ਹੈ ਪਰ ਉਸ ਨੂੰ ਕੋਈ ਆਰਾਮ ਦੀ ਜਗ੍ਹਾ ਨਹੀਂ ਲੱਭਦੀ। 44 ਤਦ ਇਹ ਆਖਦਾ ਹੈ, ‘ਮੈਂ ਆਪਣੇ ਘਰੋਂ, ਜਿੱਥੋਂ ਨਿਕਲਿਆ ਸੀ, ਉੱਥੇ ਹੀ ਮੁੜ ਜਾਵਾਂਗਾ।’ ਅਤੇ ਜਦੋਂ ਉਹ ਮੁੜ ਉਸ ਘਰ ਪਰਤਦਾ ਹੈ ਤਾਂ ਉਹ ਵੇਖਦਾ ਹੈ ਕਿ ਉਹ ਘਰ ਸੁੰਨਾ, ਝਾੜਿਆ ਅਤੇ ਸੰਵਰਿਆ ਹੋਇਆ ਹੈ। 45 ਤਦ ਉਹ ਪ੍ਰੇਤ ਆਤਮਾ ਜਾਂਦਾ ਹੈ ਅਤੇ ਆਪਣੇ ਤੋਂ ਵੀ ਵੱਧ ਭੈੜੇ ਸੱਤ ਹੋਰ ਭ੍ਰਿਸ਼ਟ ਆਤਮੇ ਨਾਲ ਲਿਆਉਂਦਾ ਹੈ। ਫ਼ਿਰ ਉਹ ਸਾਰੇ ਆਤਮੇ ਉਸ ਮਨੁੱਖ ਅੰਦਰ ਜਾ ਵੱਸਦੇ ਹਨ। ਫ਼ੇਰ ਉਸ ਮਨੁੱਖ ਦਾ ਹਾਲ ਪਹਿਲਾਂ ਨਾਲੋਂ ਵੀ ਵੱਧ ਬੁਰਾ ਹੁੰਦਾ ਹੈ। ਇਹੀ ਦੁਸ਼ਟ ਲੋਕਾਂ ਨਾਲ ਵਾਪਰੇਗਾ ਜੋ ਅੱਜ ਜਿਉਂਦੇ ਹਨ।”

ਯਿਸੂ ਦੇ ਚੇਲੇ ਹੀ ਉਸਦਾ ਪਰਿਵਾਰ(B)

46 ਜਦੋਂ ਯਿਸੂ ਲੋਕਾਂ ਨਾਲ ਗੱਲਾਂ ਕਰ ਰਿਹਾ ਸੀ, ਉਸਦੀ ਮਾਤਾ ਅਤੇ ਭਰਾ ਉਸ ਨਾਲ ਗੱਲ ਕਰਨ ਲਈ ਬਾਹਰ ਖੜੋਤੇ ਹੋਏ ਸਨ। 47 ਤਾਂ ਇੱਕ ਬੰਦੇ ਨੇ ਉਸ ਨੂੰ ਆਖਿਆ, “ਬਾਹਰ ਤੇਰੀ ਮਾਤਾ ਅਤੇ ਭਰਾ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ।”

48 ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਕੌਣ ਹੈ ਮੇਰੀ ਮਾਤਾ ਅਤੇ ਕੌਣ ਹਨ ਮੇਰੇ ਭਰਾ?” 49 ਅਤੇ ਉਸ ਨੇ ਆਪਣੇ ਚੇਲੇ ਵਿਖਾਏ ਅਤੇ ਆਖਿਆ, “ਵੇਖੋ ਇਹੀ ਮੇਰੀ ਮਾਤਾ ਹੈ ਅਤੇ ਇਹੀ ਮੇਰੇ ਭਰਾ ਹਨ। 50 ਕਿਉਂਕਿ ਜੋ ਕੋਈ ਵੀ ਮੇਰੇ ਸੁਰਗੀ ਪਿਤਾ ਦੀ ਇੱਛਾ ਪੂਰੀ ਕਰਦਾ ਹੈ ਉਹੀ ਮੇਰਾ ਭਰਾ, ਭੈਣ ਅਤੇ ਮਾਤਾ ਹੈ।”

Punjabi Bible: Easy-to-Read Version (ERV-PA)

2010 by World Bible Translation Center