Book of Common Prayer
ਦਾਊਦ ਦਾ ਉਸ ਵੇਲੇ ਦਾ ਇੱਕ ਗੀਤ ਜਦੋਂ ਉਹ ਯਹੂਦਾਹ ਦੇ ਮਾਰੂਥਲ ਵਿੱਚ ਸੀ।
63 ਹੇ ਪਰਮੇਸ਼ੁਰ, ਤੁਸੀਂ ਮੇਰੇ ਪਰਮੇਸ਼ੁਰ ਹੋ।
ਮੈਂ ਬੇਸਬਰੀ ਨਾਲ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ।
ਮੇਰੀ ਰੂਹ ਅਤੇ ਮੇਰਾ ਸ਼ਰੀਰ ਤੁਹਾਡੇ ਪਿਆਸੇ ਹਨ,
ਜਿਵੇਂ ਬੰਜਰ ਜ਼ਮੀਨ ਪਾਣੀ ਤੋਂ ਬਿਨਾ ਹੁੰਦੀ ਹੈ।
2 ਹਾਂ, ਮੈਂ ਤੁਹਾਨੂੰ ਤੁਹਾਡੇ ਮੰਦਰ ਵਿੱਚ ਵੇਖਿਆ ਹੈ।
ਤੁਹਾਡੀ ਸ਼ਾਨ ਅਤੇ ਸ਼ਕਤੀ ਦੇਖੀ ਹੈ।
3 ਤੁਹਾਡਾ ਪਿਆਰ ਜ਼ਿੰਦਗੀ ਨਾਲੋਂ ਬਿਹਤਰ ਹੈ।
ਮੇਰੇ ਬੁਲ੍ਹ ਤੁਹਾਡੀ ਉਸਤਤਿ ਕਰਦੇ ਹਨ।
4 ਹਾਂ, ਮੈਂ ਆਪਣੀ ਜ਼ਿੰਦਗੀ ਵਿੱਚ ਤੁਹਾਡੀ ਉਸਤਤਿ ਕਰਾਂਗਾ।
ਤੁਹਾਡੇ ਨਾਮ ਤੇ ਹੀ, ਮੈਂ ਪ੍ਰਾਰਥਨਾ ਲਈ ਆਪਣੇ ਹੱਥ ਚੁੱਕਦਾ ਹਾਂ।
5 ਮੈਂ ਇੰਝ ਸੰਤੁਸ਼ਟ ਹੋ ਜਾਵਾਂਗਾ ਜਿਵੇਂ ਸਭ ਤੋਂ ਵੱਧੀਆ ਭੋਜਨ ਕੀਤਾ ਹੋਵੇ।
ਅਤੇ ਖੁਸ਼ੀ ਭਰੇ ਬੁਲ੍ਹਾਂ ਨਾਲ ਮੇਰਾ ਮੁੱਖ ਤੁਹਾਡੀ ਉਸਤਤਿ ਕਰੇਗਾ।
6 ਮੈਂ ਆਪਣੇ ਪਲੰਘ ਉੱਤੇ ਲੇਟਿਆ ਹੋਇਆ ਤੁਹਾਨੂੰ ਯਾਦ ਕਰਾਂਗਾ।
ਮੈਂ ਤੁਹਾਨੂੰ ਅੱਧੀ ਰਾਤ ਵੇਲੇ ਯਾਦ ਕਰਾਂਗਾ।
7 ਸੱਚਮੁੱਚ ਤੁਸੀਂ ਮੇਰੀ ਸਹਾਇਤਾ ਕੀਤੀ।
ਮੈਂ ਖੁਸ਼ ਹਾ ਕਿ ਤੁਸੀਂ ਮੇਰੀ ਰੱਖਿਆ ਕੀਤੀ ਹੈ।
8 ਮੇਰੀ ਰੂਹ ਤੁਹਾਡੇ ਨਾਲ ਚੁੰਬੜੀ ਹੈ
ਅਤੇ ਤੁਸੀਂ ਮੇਰਾ ਹੱਥ ਫ਼ੜਿਆ ਹੋਇਆ ਹੈ।
9 ਕੁਝ ਲੋਕ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ,
ਪਰ ਉਹ ਤਬਾਹ ਹੋ ਜਾਣਗੇ ਉਹ ਆਪਣੀ ਕਬਰਾਂ ਵਿੱਚ ਡੂੰਘੇ ਜਾਣਗੇ।
10 ਉਹ ਤਲਵਾਰਾਂ ਨਾਲ ਮਾਰੇ ਜਾਣਗੇ।
ਅਵਾਰਾ ਕੁੱਤੇ ਉਨ੍ਹਾਂ ਦੇ ਮੁਰਦਾ ਸਰੀਰਾਂ ਨੂੰ ਖਾਣਗੇ।
11 ਪਰ ਰਾਜਾ ਆਪਣੇ ਪਰਮੇਸ਼ੁਰ ਨਾਲ ਖੁਸ਼ ਹੋਵੇਗਾ।
ਅਤੇ ਜਿਨ੍ਹਾਂ ਲੋਕਾਂ ਨੇ ਉਸਦਾ ਹੁਕਮ ਮੰਨਣ ਤੋਂ ਇਨਕਾਰ ਕੀਤਾ ਸੀ ਪਰਮੇਸ਼ੁਰ ਦੀ ਉਸਤਤਿ ਕਰਨਗੇ।
ਕਿਉਂਕਿ, ਉਸ ਨੇ ਉਨ੍ਹਾਂ ਸਾਰੇ ਝੂਠਿਆਂ ਨੂੰ ਹਰਾ ਦਿੱਤਾ ਹੈ।
ਉਸਤਤਿ ਦਾ ਇੱਕ ਗੀਤ।
98 ਯਹੋਵਾਹ ਲਈ ਕੋਈ ਨਵਾਂ ਗੀਤ ਗਾਵੋ
ਕਿਉਂ ਕਿ ਉਸ ਨੇ ਕਈ ਨਵੇਂ ਚਮਤਕਾਰ ਕੀਤੇ ਹਨ।
ਉਸਦੀ ਪਵਿੱਤਰ ਸੱਜੀ ਬਾਂਹ ਨੇ
ਇੱਕ ਵਾਰੇ ਫ਼ੇਰ ਜਿੱਤ ਉਸ ਨੂੰ ਜਿੱਤ ਪ੍ਰਦਾਨ ਕੀਤੀ ਹੈ।
2 ਪਰਮੇਸ਼ੁਰ ਨੇ ਕੌਮਾਂ ਨੂੰ ਬਚਾਉਣ ਲਈ ਆਪਣੀ ਸ਼ਕਤੀ ਦਰਸ਼ਾਈ ਹੈ।
ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੀ ਚੰਗਿਆਈ ਦਰਸਾਈ।
3 ਉਸ ਦੇ ਚੇਲਿਆਂ ਨੇ ਪਰਮੇਸ਼ੁਰ ਦੀ ਇਸਰਾਏਲ ਦੇ ਲੋਕਾਂ ਲਈ ਵਫ਼ਾਦਾਰੀ ਨੂੰ ਯਾਦ ਕੀਤਾ।
ਦੂਰ-ਦੁਰਾਡੇ ਦੇ ਦੇਸ਼ਾਂ ਨੇ ਸਾਡੇ ਪਰਮੇਸ਼ੁਰ ਦੀ ਰੱਖਿਆ ਕਰਨ ਦੀ ਸ਼ਕਤੀ ਦੇਖੀ।
4 ਹੇ ਧਰਤੀ ਉਤਲੇ ਹਰ ਵਿਅਕਤੀ ਯਹੋਵਾਹ ਲਈ ਖੁਸ਼ੀ ਦੇ ਬਰਬਤ ਗਜਾਉ।
ਛੇਤੀ ਉਸਤਤਿ ਦੇ ਗੀਤ ਗਾਉਣੇ ਸ਼ੁਰੂ ਕਰੋ।
5 ਹੇ ਰਬਾਬ, ਯਹੋਵਾਹ ਦੀ ਉਸਤਤਿ ਕਰ।
ਰਬਾਬ ਵਿੱਚੋਂ ਨਿਕਲਣ ਵਾਲੇ ਸੰਗੀਤ, ਉਸਦੀ ਉਸਤਤਿ ਕਰ।
6 ਨਰਸਿੰਘੇ ਅਤੇ ਵੰਝਲੀਆਂ ਵਜਾਉ,
ਅਤੇ ਸਾਡੇ ਯਹੋਵਾਹ ਲਈ ਖੁਸ਼ੀ ਦੇ ਨਾਹਰੇ ਮਾਰੋ।
7 ਧਰਤੀ ਅਤੇ ਸਮੁੰਦਰ, ਅਤੇ ਉਸ ਵਿੱਚਲੇ
ਸਭ ਕਾਸੇ ਨੂੰ ਉੱਚੀ ਆਵਾਜ਼ ਵਿੱਚ ਗਾਉਣ ਦਿਉ।
8 ਹੇ ਨਦੀਉ ਤਾਲੀਆਂ ਵਜਾਉ।
ਸਾਰੇ ਪਹਾੜੋ ਇਕੱਠੇ ਹੋਕੇ ਗੀਤ ਗਾਵੋ।
9 ਯਹੋਵਾਹ ਦੇ ਸਾਹਮਣੇ ਗਾਵੋ,
ਕਿਉਂਕਿ ਉਹ ਦੁਨੀਆਂ ਉੱਤੇ ਰਾਜ ਕਰਨ ਲਈ ਆ ਰਿਹਾ ਹੈ।
ਉਹ ਨਿਰਪੱਖ ਹੋਕੇ ਦੁਨੀਆਂ ਉੱਤੇ ਰਾਜ ਕਰੇਗਾ।
ਉਹ ਚੰਗਿਆਈ ਨਾਲ ਲੋਕਾਂ ਉੱਤੇ ਰਾਜ ਕਰੇਗਾ।
ਦਾਊਦ ਦਾ ਇੱਕ ਗੀਤ।
103 ਹੇ ਮੇਰੀ ਰੂਹ, ਯਹੋਵਾਹ ਦੀ ਉਸਤਤਿ ਕਰ।
ਮੇਰੇ ਜਿਸਮ ਦੇ ਸਾਰੇ ਅੰਗੋ, ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
2 ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ।
ਅਤੇ ਇਹ ਵੀ ਨਾ ਭੁੱਲੀ ਕਿ ਉਹ ਸੱਚਮੁੱਚ ਮਿਹਰਬਾਨ ਹੈ।
3 ਯਹੋਵਾਹ ਉਨ੍ਹਾਂ ਉੱਤੇ ਜਿਹੜੇ ਉਸਦੀ ਉਪਾਸਨਾ ਕਰਦੇ ਹਨ
ਉਸੇ ਤਰ੍ਹਾਂ ਦਯਾਵਾਨ ਹੈ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਉੱਤੇ ਦਯਾਵਾਨ ਹੁੰਦਾ ਹੈ।
4 ਪਰਮੇਸ਼ੁਰ ਸਾਡੀ ਜਿੰਦ ਨੂੰ ਕਬਰ ਪਾਸੋਂ ਬਚਾਉਂਦਾ ਹੈ।
ਅਤੇ ਉਹ ਸਾਨੂੰ ਆਪਣਾ ਪਿਆਰ ਅਤੇ ਹਮਦਰਦੀ ਦਿੰਦਾ ਹੈ।
5 ਪਰਮੇਸ਼ੁਰ ਬਹੁਤ ਸਾਰੀਆਂ ਸ਼ੁਭ ਚੀਜ਼ਾਂ ਦਿੰਦਾ ਹੈ।
ਉਹ ਸਾਨੂੰ ਇੱਕ ਵਾਰੇ ਫ਼ੇਰ ਬਾਜ ਵਾਂਗ ਜਵਾਨ ਬਣਾ ਦਿੰਦਾ ਹੈ।
6 ਯਹੋਵਾਹ ਬੇਲਾਗ ਹੈ।
ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਨਿਆਂ ਦਿੰਦਾ ਹੈ ਜਿਨ੍ਹਾਂ ਨੂੰ ਹੋਰ ਲੋਕਾਂ ਨੇ ਦੁੱਖ ਦਿੱਤੇ ਹਨ।
7 ਪਰਮੇਸ਼ੁਰ ਨੇ ਮੂਸਾ ਨੂੰ ਆਪਣੇ ਨੇਮ ਸਿੱਖਾਏ।
ਪਰਮੇਸ਼ੁਰ ਨੇ ਇਸਰਾਏਲ ਨੂੰ ਦਿਖਾ ਦਿੱਤਾ ਕਿ ਉਹ ਕਿੰਨੀਆਂ ਸ਼ਕਤੀਸ਼ਾਲੀ ਗੱਲਾਂ ਕਰ ਸੱਕਦਾ ਹੈ।
8 ਯਹੋਵਾਹ ਦਯਾਵਾਨ ਅਤੇ ਰਹਿਮ ਕਰਨ ਵਾਲਾ ਹੈ।
ਉਹ ਧੀਰਜ ਅਤੇ ਪਿਆਰ ਨਾਲ ਭਰਪੂਰ ਹੈ।
9 ਯਹੋਵਾਹ ਸਦਾ ਨੁਕਤਾਚੀਨੀ ਨਹੀਂ ਕਰਦਾ ਪਰਮੇਸ਼ੁਰ ਸਾਡੇ ਉੱਤੇ ਸਦਾ ਕ੍ਰੋਧਵਾਨ ਨਹੀਂ ਰਹਿੰਦਾ।
10 ਅਸੀਂ ਪਰਮੇਸ਼ੁਰ ਦੇ ਵਿਰੁੱਧ ਗੁਨਾਹ ਕੀਤੇ
ਪਰ ਉਸ ਨੇ ਸਾਨੂੰ ਦੰਡ ਨਹੀਂ ਦਿੱਤਾ ਜਿਸਦੇ ਅਸੀਂ ਅਧਿਕਾਰੀ ਸਾਂ।
11 ਪਰਮੇਸ਼ੁਰ ਦਾ ਆਪਣੇ ਚੇਲਿਆਂ ਲਈ ਪਿਆਰ ਸਾਡੇ ਨਾਲੋਂ ਇੰਨਾ ਉੱਚਾ ਹੈ
ਜਿੰਨਾ ਧਰਤੀ ਕੋਲੋਂ ਅਕਾਸ਼ ਉੱਚਾ ਹੈ।
12 ਅਤੇ ਪਰਮੇਸ਼ੁਰ ਨੇ ਸਾਡੇ ਗੁਨਾਹ ਇੰਨੇ ਦੂਰ ਸੁੱਟ ਦਿੱਤੇ ਹਨ
ਜਿੰਨਾ ਪੱਛਮ ਪੂਰਬ ਤੋਂ ਦੂਰ ਹੈ।
13 ਯਹੋਵਾਹ ਉਨ੍ਹਾਂ ਉੱਤੇ ਜਿਹੜੇ ਉਸਦੀ ਉਪਾਸਨਾ ਕਰਦੇ ਹਨ
ਉਸੇ ਤਰ੍ਹਾਂ ਦਿਆਲੂ ਹੈ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਉੱਤੇ ਦਯਾਲੂ ਹੁੰਦਾ ਹੈ।
14 ਪਰਮੇਸ਼ੁਰ ਸਾਡੇ ਬਾਰੇ ਸਭ ਕੁਝ ਜਾਣਦਾ ਹੈ।
ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਖਾਕ ਤੋਂ ਸਾਜੇ ਗਏ ਸਾਂ।
15 ਪਰਮੇਸ਼ੁਰ ਜਾਣਦਾ ਹੈ ਕਿ ਸਾਡੀਆਂ ਜ਼ਿੰਦਗੀਆਂ ਛੋਟੀਆਂ ਹਨ।
ਉਹ ਜਾਣਦਾ ਹੈ ਕਿ ਸਾਡੀਆਂ ਉਮਰਾਂ ਘਾਹ ਵਰਗੀਆਂ ਹਨ।
16 ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਇੱਕ ਨਿੱਕੇ ਜੰਗਲੀ ਫ਼ੁੱਲ ਵਰਗੇ ਹਾਂ, ਉਹ ਫ਼ੁੱਲ ਬਹੁਤ ਛੇਤੀ ਉੱਗਦਾ ਹੈ।
ਫ਼ੇਰ ਗਰਮ ਹਵਾ ਵੱਗਦੀ ਹੈ ਅਤੇ ਉਹ ਫ਼ੁੱਲ ਮਰ ਜਾਂਦਾ ਹੈ।
ਛੇਤੀ ਹੀ, ਤੁਸੀਂ ਇਹ ਵੀ ਨਹੀਂ ਦੱਸ ਸੱਕੋਂਗੇ ਕਿ ਫ਼ੁੱਲ ਕਿੱਥੇ ਉੱਗਿਆ ਸੀ।
17 ਪਰ ਯਹੋਵਾਹ ਨੇ ਸਦਾ ਆਪਣੇ ਅਨੁਯਾਈਆਂ ਨੂੰ ਪਿਆਰ ਕੀਤਾ ਹੈ।
ਅਤੇ ਉਹ ਸਦਾ-ਸਦਾ ਲਈ ਆਪਣੇ ਅਨੁਯਾਈਆਂ ਨੂੰ ਪਿਆਰ ਕਰਦਾ ਰਹੇਗਾ।
ਪਰਮੇਸ਼ੁਰ ਉਨ੍ਹਾਂ ਦੇ ਬੱਚਿਆਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦੇ ਬੱਚਿਆਂ ਦਾ ਭਲਾ ਕਰੇਗਾ।
18 ਪਰਮੇਸ਼ੁਰ ਉਨ੍ਹਾਂ ਲੋਕਾਂ ਦਾ ਭਲਾ ਕਰਦਾ ਹੈ ਜਿਹੜੇ ਉਸ ਦੇ ਕਰਾਰ ਉੱਤੇ ਚੱਲਦੇ ਹਨ।
ਪਰਮੇਸ਼ੁਰ ਉਨ੍ਹਾਂ ਲੋਕਾਂ ਦਾ ਭਲਾ ਕਰਦਾ ਹੈ ਜਿਹੜੇ ਉਸ ਦੇ ਹੁਕਮ ਮੰਨਦੇ ਹਨ।
19 ਪਰਮੇਸ਼ੁਰ ਦਾ ਤਖਤ ਸਵਰਗਾਂ ਵਿੱਚ ਹੈ।
ਅਤੇ ਉਹ ਹਰ ਸ਼ੈਅ ਉੱਤੇ ਰਾਜ ਕਰਦਾ ਹੈ।
20 ਹੇ ਦੂਤੋਂ, ਯਹੋਵਾਹ ਦੀ ਉਸਤਤਿ ਕਰੋ। ਹੇ ਦੂਤੋਂ,
ਤੁਸੀਂ ਸ਼ਕਤੀਸ਼ਾਲੀ ਸਿਪਾਹੀ ਹੋ ਜਿਹੜੇ ਪਰਮੇਸ਼ੁਰ ਦੇ ਹੁਕਮ ਮੰਨਦੇ ਹਨ।
ਤੁਸੀਂ ਪਰਮੇਸ਼ੁਰ ਨੂੰ ਸੁਣਦੇ ਹੋ ਅਤੇ ਉਸ ਦੇ ਉਪਦੇਸ਼ਾਂ ਦੀ ਪਾਲਣਾ ਕਰਦੇ ਹੋ।
21 ਯਹੋਵਾਹ ਦੀਉ ਸਮੂਹ ਸੈਨਾਉ ਉਸਦੀ ਉਸਤਤਿ ਕਰੋ।
ਤੁਸੀਂ ਉਸ ਦੇ ਸੇਵਕ ਹੋ, ਤੁਸੀਂ ਉਹੀ ਕਰਦੇ ਹੋ
ਜੋ ਪਰਮੇਸ਼ੁਰ ਚਾਹੁੰਦਾ ਹੈ।
22 ਯਹੋਵਾਹ ਨੇ ਹਰ ਥਾਂ ਹਰ ਸ਼ੈਅ ਬਣਾਈ। ਯਹੋਵਾਹ ਹਰ ਜਗ਼੍ਹਾ ਹਰ ਸ਼ੈਅ ਉੱਤੇ ਰਾਜ ਕਰਦਾ ਹੈ।
ਅਤੇ ਉਨ੍ਹਾਂ ਚੀਜ਼ਾਂ ਨੂੰ ਯਹੋਵਾਹ ਦੀ ਉਸਤਤਿ ਕਰਨੀ ਚਾਹੀਦੀ ਹੈ।
ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ।
ਇਹ ਮੰਦਰ ਉਸਾਰਨ ਦਾ ਸਮਾਂ
1 ਪਾਤਸ਼ਾਹ ‘ਦਾਰਾ’ ਦੇ ਸ਼ਾਸਨਕਾਲ ਦੇ ਦੂਜੇ ਸਾਲ ਦੇ ਛੇਵੇਂ ਮਹੀਨੇ ਦੇ ਪਹਿਲੇ ਦਿਨ ਯਹੋਵਾਹ ਦਾ ਸੰਦੇਸ ਨਬੀ ਹੱਜਈ ਰਾਹੀਂ, ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ ਯਹੂਦਾਹ ਦੇ ਰਾਜਪਾਲ ਅਤੇ ਯਹੋਸਾਦਾਕ ਦੇ ਪੁੱਤਰ ਉੱਚ ਜਾਜਕ ਯਹੋਸ਼ੂਆ ਨੂੰ ਦਿੱਤਾ ਗਿਆ। 2 ਯਹੋਵਾਹ ਸਰਬ ਸ਼ਕਤੀਮਾਨ ਇਉਂ ਆਖਦਾ ਹੈ, “ਇਹ ਲੋਕ ਕਹਿੰਦੇ ਹਨ ਕਿ ਅਜੇ ਯਹੋਵਾਹ ਦਾ ਮੰਦਰ ਬਨਾਉਣ ਲਈ ਸਮਾਂ ਠੀਕ ਨਹੀਂ ਹੈ।”
3 ਹੱਜਈ ਨਬੀ ਨੂੰ ਮੁੜ ਯਹੋਵਾਹ ਦੀ ਬਾਣੀ ਹੋਈ ਤਾਂ ਹੱਜਈ ਨੇ ਲੋਕਾਂ ਨੂੰ ਦੱਸਿਆ। 4 “ਤੁਸੀਂ ਲੋਕ ਸੋਚਦੇ ਹੋ ਕਿ ਸੋਹਣੇ ਘਰਾਂ ਵਿੱਚ ਵੱਸਣ ਲਈ ਤੁਹਾਡੇ ਲਈ ਇਹ ਸਮਾਂ ਠੀਕ ਹੈ ਅਤੇ ਤੁਸੀਂ ਉਨ੍ਹਾਂ ਘਰਾਂ ਵਿੱਚ ਰਹਿ ਰਹੇ ਹੋ ਜਿਨ੍ਹਾਂ ਦੀਆ ਕੰਧਾਂ ਤੇ ਖੁਬਸੂਰਤ ਲਕੜੀ ਦੀ ਦਸਤਕਾਰੀ ਹੈ। ਪਰ ਯਹੋਵਾਹ ਦਾ ਘਰ ਹਾਲੇ ਵੀ ਉਜੜਿਆ ਪਿਆ ਹੈ। 5 ਸੋ ਹੁਣ ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, ‘ਆਪਣੇ ਰਵਈਏ ਅਤੇ ਇਸਦੇ ਨਤੀਜੇ ਬਾਰੇ ਸੋਚੋ। 6 ਤੁਸੀਂ ਬਹੁਤ ਬੀਜ਼ ਬੀਜੇ ਪਰ ਬੋੜੀ ਜਿਹੀ ਫ਼ਸਲ ਪ੍ਰਾਪਤ ਕੀਤੀ ਤੁਹਾਨੂੰ ਖਾਣ ਲਈ ਭੋਜਨ ਮਿਲਿਆ ਪਰ ਢਿੱਡ ਭਰਵਾਂ ਨਾ ਮਿਲਿਆ। ਤੁਸੀਂ ਪੀਂਦੇ ਹੋ ਪਰ ਤੁਹਾਡੀ ਪਿਆਸ ਨਹੀਂ ਬੁਝਦੀ। ਤੁਸੀ ਆਪਣੇ ਆਪ ਨੂੰ ਕੱਜਦੇ ਹੋ ਪਰ ਤੁਹਾਡੇ ਵਿੱਚੋਂ ਕੋਈ ਵੀ ਨਿੱਘਾ ਨਹੀਂ ਹੈ। ਤੁਸੀਂ ਪੈਸੇ ਕੁਮਾਉਂਦੇ ਹੋ ਪਰ ਨਹੀਂ ਜਾਣਦੇ ਇਹ ਕਿੱਥੋ ਚੱਲੇ ਜਾਦੇ ਹਨ। ਇਹ ਇੰਝ ਹੈ ਜਿਵੇਂ ਤੁਹਾਡੀ ਜੇਬ ਵਿੱਚ ਸੁਰਾਖ ਹੋਵੇ।’”
7 ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, “ਆਪਣੇ ਰੱਵਈਏ ਅਤੇ ਇਸਦੇ ਨਤੀਜੇ ਬਾਰੇ ਸੋਚੋ। 8 ਪਹਾੜ ਉੱਪਰ ਜਾਓ, ਲੱਕੜੀ ਲਿਆਓ ਅਤੇ ਮੰਦਰ ਉਸਾਰੋ। ਤਦ ਮੈਂ ਮੰਦਰ ਨਾਲ ਪ੍ਰਸੰਨ ਹੋਵਾਂਗਾ ਅਤੇ ਮੈਂ ਸਤਿਕਾਰਿਆ ਜਾਵਾਂਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।
9 ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, “ਤੁਸੀਂ ਵੱਧੇਰੇ ਫ਼ਸਲ ਦੀ ਆਸ ਰੱਖੀ, ਪਰ ਜਦੋਂ ਤੁਸੀਂ ਇਸ ਦੀ ਵਾਡੀ ਕਰਨ ਲਈ ਗਏ, ਤੁਹਾਨੂੰ ਬਸ ਬੋੜੀ ਜਿਹੀ ਹੀ ਮਿਲੀ। ਜਦੋਂ ਤੁਸੀਂ ਉਸ ਨੂੰ ਘਰ ਲਿਆਂਦਾ, ਮੈਂ ਹਵਾ ਭੇਜੀ ਜਿਹੜੀ ਇਸ ਨੂੰ ਵੀ ਉਡਾਅ ਕੇ ਲੈ ਗਈ। ਅਜਿਹਾ ਕਿਉਂ ਵਾਪਰਦਾ ਹੈ? ਕਿਉਂ ਕਿ ਮੇਰਾ ਮੰਦਰ ਅਜੇ ਵੀ ਉਜੜਿਆ ਪਿਆ ਹੈ ਜਦ ਕਿ ਤੁਹਡੇ ਵਿੱਚੋਂ ਹਰ ਕੋਈ ਆਪੋ-ਆਪਣੇ ਘਰ ਦਾ ਧਿਆਨ ਰੱਖਣ ਵਿੱਚ ਰੁਝਿਆ ਹੋਇਆ ਹੈ। 10 ਇਸੇ ਕਾਰਣ ਅਸਮਾਨ ਨੇ ਆਪਣਾ ਮੀਂਹ ਵਾਪਸ ਲੈ ਲਿਆ ਅਤੇ ਧਰਤੀ ਨੇ ਆਪਣੀ ਫ਼ਸਲ ਵਾਪਸ ਲੈ ਲਈ।”
11 ਯਹੋਵਾਹ ਆਖਦਾ ਹੈ, “ਮੈਂ ਧਰਤੀ ਅਤੇ ਪਹਾੜਾਂ ਨੂੰ ਸੁੱਕ ਜਾਣ ਦਾ ਹੁਕਮ ਦਿੱਤਾ। ਅੰਨ, ਨਵੀਂ ਮੈਅ, ਜੈਤੂਨ ਦਾ ਤੇਲ ਅਤੇ ਹੋਰ ਵੀ ਚੀਜ਼ਾਂ ਜੋ ਇਸ ਧਰਤੀ ਤੇ ਪੈਦਾ ਹੁੰਦੀਆਂ ਹਨ, ਇਹ ਸਭ ਬਰਬਾਦ ਹੋ ਜਾਣਗੀਆਂ। ਸਾਰੇ ਲੋਕ ਅਤੇ ਜਾਨਵਰ ਕਮਜ਼ੋਰ ਹੋ ਜਾਣਗੇ, ਅਤੇ ਜਿਸ ਕਾਸੇ ਲਈ ਵੀ ਤੁਸੀਂ ਕੰਮ ਕੀਤਾ ਉਹ ਉਜੜ ਜਾਵੇਗਾ।”
ਨਵੇਂ ਮੰਦਰ ਦਾ ਨਿਰਮਾਣ ਸ਼ੁਰੂ
12 ਤਦ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ ਅਤੇ ਯਹੋਸਾਦਾਕ ਦੇ ਪੁੱਤਰ, ਪਰਧਾਨ ਜਾਜਕ ਯਹੋਸ਼ੁਆ ਅਤੇ ਬਚੇ ਹੋਏ ਲੋਕਾਂ ਨੇ ਯਹੋਵਾਹ ਪਰਮੇਸ਼ੁਰ ਨੂੰ ਅਤੇ ਜੋ ਨਬੀ ਹੱਜਈ ਨੇ ਉਨ੍ਹਾਂ ਨੂੰ ਕਿਹਾ ਉਸ ਨੂੰ ਮੰਨਿਆ, ਕਿਉਂ ਕਿ ਯਹੋਵਹ ਨੇ ਉਸ ਨੂੰ ਭੇਜਿਆ ਸੀ, ਅਤੇ ਲੋਕਾਂ ਨੇ ਆਪਣਾ ਭੈ ਅਤੇ ਇੱਜ਼ਤ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਦਰਸਾਈ।
13 ਹੱਜਈ, ਯਹੋਵਾਹ ਵੱਲੋਂ ਭੇਜੇ ਗਏ ਸੰਦੇਸ਼ਵਾਹਕ ਨੇ, ਲੋਕਾਂ ਨੂੰ ਆਖਿਆ, “ਯਹੋਵਾਹ ਪਰਮੇਸ਼ੁਰ ਆਖਦਾ ਹੈ, ‘ਮੈਂ ਤੁਹਾਡੇ ਨਾਲ ਹਾਂ।’”
14 ਤਦ ਯਹੋਵਾਹ ਨੇ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ, ਜੋ ਕਿ ਯਹੂਦਾਹ ਦਾ ਰਾਜਪਾਲ ਸੀ। ਯਹੋਸਾਦਾਕ ਦੇ ਪੁੱਤਰ, ਪਰਧਾਨ ਜਾਜਕ ਯਹੋਸ਼ੁਆ ਅਤੇ ਸਾਰੇ ਲੋਕਾਂ ਨੂੰ ਮੰਦਰ ਦੀ ਉਸਾਰੀ ਲਈ ਪ੍ਰੇਰਿਆ। ਤਾਂ ਉਨ੍ਹਾਂ ਨੇ ਆਪਣੇ ਪਰਮੇਸ਼ੁਰ ਯਹੋਵਾਹ ਸਰਬ ਸ਼ਕਤੀਮਾਨ ਦੇ ਮੰਦਰ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। 15 ਇਹ ਕਾਰਜ ਉਨ੍ਹਾਂ ਨੇ ਦਾਰਾ ਪਾਤਸ਼ਾਹ ਦੇ ਦੂਜੇ ਸਾਲ ਦੇ ਛੇਵੇਂ ਮਹੀਨੇ ਦੀ ਚੌਵੀ ਤਰੀਕ ਨੂੰ ਸ਼ੁਰੂ ਕੀਤਾ।
ਯਹੋਵਾਹ ਦਾ ਲੋਕਾਂ ਨੂੰ ਉਤਸਾਹਿਤ ਕਰਨਾ
2 ਯਹੋਵਾਹ ਵੱਲੋਂ 7ਵੇਂ ਮਹੀਨੇ ਦੇ 21ਵੇਂ ਦਿਨ ਹੱਜਈ ਨੂੰ ਇਹ ਬਾਣੀ ਹੋਈ: 2 ਯਹੂਦਾਹ ਦੇ ਰਾਜਪਾਲ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ ਨੂੰ ਅਤੇ ਯਹੋਸਾਦਾਕ ਦੇ ਪੁੱਤਰ ਪਰਧਾਨ ਜਾਜਕ ਯਹੋਸ਼ੁਆ ਨੂੰ ਅਤੇ ਹੋਰ ਸਾਰੇ ਲੋਕਾਂ ਨੂੰ ਦੱਸ: 3 “ਤੁਹਾਡੇ ਵਿੱਚੋਂ ਕੌਣ ਅਜਿਹਾ ਬਾਕੀ ਹੈ ਜਿਸਨੇ ਇਸ ਮੰਦਰ ਦੀ ਪਹਿਲੀ ਖੂਬਸੂਰਤੀ ਨੂੰ ਵੇਖਿਆ, ਜੋ ਕਿ ਬਰਬਾਦ ਹੋ ਚੁੱਕੀ ਹੈ? ਇਸ ਬਾਰੇ ਹੁਣ ਤੁਸੀਂ ਕੀ ਸੋਚਦੇ ਹੋਂ? ਕੀ ਮੰਦਰ ਪਹਿਲੇ ਮੰਦਰ ਦੇ ਮੁਕਾਬਲੇ ਕੁਝ ਵੀ ਨਹੀਂ ਲੱਗਦਾ? 4 ਪਰ ਹੁਣ, ਜ਼ਰੁੱਬਾਬਲ, ਯਹੋਵਾਹ ਨੇ ਆਖਿਆ, ਹੌਂਸਲਾ ਨਾ ਹਾਰ। ਪਰਧਾਨ ਜਾਜਕ ਯਹੋਸ਼ੁਆ ਯਹੋਸਾਦਾਕ ਦੇ ਪੁੱਤਰ ਹੌਂਸਲਾ ਨਾ ਹਾਰ! ਇਸ ਕੌਮ ਦੇ ਸਾਰੇ ਲੋਕੋ ਹੌਂਸਲਾ ਨਾ ਹਾਰੋ। ਯਹੋਵਾਹ ਸਰਬ ਸ਼ਕਤੀਮਾਨ ਨੇ ਇਉਂ ਆਖਿਆ। ਇਹ ਕੰਮ ਜਾਰੀ ਰੱਖੋ ਕਿਉਂ ਜੋ ਮੈਂ ਤੁਹਾਡੇ ਨਾਲ ਹਾਂ। ਯਹੋਵਾਹ ਸਰਬ-ਸ਼ਕਤੀਮਾਨ ਨੇ ਇਹ ਗੱਲਾਂ ਆਖੀਆਂ।”
5 ਯਹੋਵਾਹ ਆਖਦਾ ਹੈ, “ਜਦੋਂ ਤੁਸੀਂ ਮਿਸਰ ਤੋਂ ਨਿਕਲੇ, ਮੈਂ ਤੁਹਾਡੇ ਨਾਲ ਇਹ ਇਕਰਾਰਨਾਮਾ ਕੀਤਾ ਕਿ ਮੇਰਾ ਆਤਮਾ ਹਮੇਸ਼ਾ ਤੁਹਾਡੇ ਅੰਗ-ਸੰਗ ਰਹੇਗਾ, ਇਸ ਲਈ ਡਰੋ ਨਾ। 6 ਕਿਉਂ ਕਿ ਇਹ ਸਭ ਗੱਲਾਂ ਯਹੋਵਾਹ ਸਰਬ ਸ਼ਕਤੀਵਾਨ ਆਖ ਰਿਹਾ ਹੈ। ਬੋੜੀ ਹੀ ਦੇਰ ਵਿੱਚ, ਮੈਂ ਜ਼ਮੀਨ ਤੇ ਅਕਾਸ਼, ਧਰਤੀ ਅਤੇ ਸਮੁੰਦਰ ਹਿਲਾ ਦੇਵਾਂਗਾ। 7 ਮੈਂ ਕੌਮਾਂ ਨੂੰ ਹਿਲਾ ਦਿਆਂਗਾ ਤੇ ਉਹ ਸਾਰੀਆਂ ਕੌਮਾਂ ਤੋਂ ਤੁਹਾਡੇ ਕੋਲ ਦੌਲਤ ਸਹਿਤ ਆਉਣਗੇ। ਤਦ ਮੈਂ ਇਸ ਮੰਦਰ ਨੂੰ ਪਰਤਾਪ ਨਾਲ ਭਰ ਦਿਆਂਗਾ। ਯਹੋਵਾਹ ਸਰਬ ਸ਼ਕਤੀਮਾਨ ਨੇ ਇੰਝ ਆਖਿਆ। 8 ਉਨ੍ਹਾਂ ਦਾ ਸਾਰਾ ਚਾਂਦੀ ਅਤੇ ਸੋਨਾ ਮੇਰਾ ਹੈ। ਸਰਬ ਸ਼ਕਤੀਮਾਨ ਯਹੋਵਾਹ ਇਹ ਆਖ ਰਿਹਾ ਹੈ। 9 ਅਤੇ ਯਹੋਵਾਹ ਸਰਬ-ਸ਼ਕਤੀਮਾਨ ਆਖਦਾ ਹੈ ਕਿ ਇਹ ਆਖਿਰੀ ਮੰਦਰ ਪਹਿਲਾਂ ਵਾਲੇ ਮੰਦਰ ਨਾਲੋਂ ਵੱਧ ਖੂਬਸੂਰਤ ਹੋਵੇਗਾ ਅਤੇ ਮੈਂ ਇੱਥੇ ਸਾਂਤੀ ਲਿਆਵਾਂਗਾ। ਯਾਦ ਰੱਖਣਾ, ਕਿ ਯਹੋਵਾਹ ਸਰਬ ਸ਼ਕਤੀਮਾਨ ਇਹ ਆਖ ਰਿਹਾ ਹੈ।”
ਅਪੁੱਲੋਸ ਦਾ ਅਫ਼ਸੁਸ ਅਤੇ ਅਖਾਯਾ ਵੱਲ ਜਾਣਾ
24 ਇੱਕ ਯਹੂਦੀ ਜਿਸਦਾ ਨਾਮ ਅਪੁੱਲੋਸ ਸੀ ਅਫ਼ਸੁਸ ਵਿੱਚ ਆਇਆ। ਉਹ ਸਿਕੰਦਰਿਯਾ ਸ਼ਹਿਰ ਦਾ ਜੰਮਿਆ ਇੱਕ ਪੜ੍ਹਿਆ-ਲਿਖਿਆ ਆਦਮੀ ਸੀ। ਉਸ ਨੂੰ ਪੋਥੀਆਂ ਬਾਰੇ ਬੜੀ ਜਾਣਕਾਰੀ ਸੀ। 25 ਉਸ ਨੂੰ ਪ੍ਰਭੂ ਦੇ ਮਾਰਗ ਬਾਰੇ ਸਿੱਖਾਇਆ ਗਿਆ ਸੀ। ਉਹ ਪ੍ਰਭੂ ਯਿਸੂ ਬਾਰੇ ਬੜੇ ਜੋਸ਼ ਨਾਲ ਬੋਲਦਾ ਸੀ। ਜੋ ਉਹ ਯਿਸੂ ਬਾਰੇ ਸਿੱਖਿਆ ਦਿੰਦਾ ਉਹ ਠੀਕ ਹੁੰਦੀ ਸੀ। ਅਪੁੱਲੋਸ ਨੂੰ ਸਿਰਫ਼ ਯੂਹੰਨਾ ਦੇ ਬਪਤਿਸਮੇ ਬਾਰੇ ਪਤਾ ਸੀ। 26 ਅਪੁੱਲੋਸ ਨੇ ਨਿਡਰਤਾ ਨਾਲ ਪ੍ਰਾਰਥਨਾ ਸਥਾਨਾਂ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ। ਪ੍ਰਿਸੱਕਿੱਲਾ ਅਤੇ ਅਕੂਲਾ ਨੇ ਵੀ ਉਸ ਨੂੰ ਬੋਲਦਿਆਂ ਸੁਣਿਆ। ਫ਼ੇਰ ਉਹ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਨੂੰ ਪਰਮੇਸ਼ੁਰ ਦੇ ਮਾਰਗ ਬਾਰੇ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕੀਤੀ।
27 ਅਪੁੱਲੋਸ ਅਖਾਯਾ ਦੇਸ਼ ਨੂੰ ਜਾਣਾ ਚਾਹੁੰਦਾ ਸੀ ਤਾਂ ਅਫ਼ਸੁਸ ਵਿੱਚ ਰਹਿੰਦੇ ਭਰਾਵਾਂ ਨੇ ਉਸਦੀ ਮਦਦ ਕੀਤੀ। ਉਨ੍ਹਾਂ ਨੇ ਅਖਾਯਾ ਵਿੱਚ ਰਹਿੰਦੇ ਯਿਸੂ ਦੇ ਚੇਲਿਆਂ ਨੂੰ ਇੱਕ ਚਿਠੀ ਲਿਖੀ ਜਿਸ ਵਿੱਚ ਉਸ ਨੇ ਅਪੁੱਲੋਸ ਨੂੰ ਉੱਥੇ ਉਸਦਾ ਆਦਰ ਕਰਨ ਲਈ ਲਿਖਿਆ। ਅਖਾਯਾ ਵਿੱਚ ਇਨ੍ਹਾਂ ਨਿਹਚਾਵਾਨਾਂ ਨੇ ਪਰਮੇਸ਼ੁਰ ਦੀ ਕਿਰਪਾ ਨਾਲ ਯਿਸੂ ਵਿੱਚ ਨਿਹਚਾ ਕੀਤੀ। 28 ਉਸ ਨੇ ਯਹੂਦੀਆਂ ਨਾਲ ਬੜੀ ਤਕੜੀ ਦਲੀਲਬਾਜ਼ੀ ਕੀਤੀ ਅਤੇ ਸਾਰੇ ਲੋਕਾਂ ਸਾਹਮਣੇ ਸਾਫ਼ ਤੌਰ ਤੇ ਸਾਬਿਤ ਕਰ ਦਿੱਤਾ ਕਿ ਯਹੂਦੀ ਗਲਤ ਸਨ। ਉਸ ਨੇ ਪੋਥੀਆਂ ਵਿਖਾਈਆਂ ਅਤੇ ਇਹ ਦਰਸ਼ਾਇਆ ਕਿ ਯਿਸੂ ਹੀ ਮਸੀਹ ਹੈ।
ਅਫ਼ਸੁਸ ਵਿੱਚ ਪੌਲੁਸ
19 ਜਦੋਂ ਅਪੁੱਲੋਸ ਕੁਰਿੰਥੁਸ ਸ਼ਹਿਰ ਵਿੱਚ ਸੀ ਪੌਲੁਸ ਨੇ ਉਸ ਦੇਸ਼ ਦੇ ਪਹਾੜੀ ਖੇਤਰ ਦਾ ਸਫ਼ਰ ਕੀਤਾ ਅਤੇ ਅੰਤ ਵਿੱਚ ਅਫ਼ਸੁਸ ਪਹੁੰਚਿਆ। 2 ਉੱਥੇ ਉਹ ਕੁਝ ਚੇਲਿਆਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਪੁੱਛਿਆ, “ਜਦੋਂ ਤੁਸੀਂ ਨਿਹਚਾ ਕੀਤੀ ਤਾਂ ਕੀ ਤੁਹਾਨੂੰ ਪਵਿੱਤਰ ਆਤਮਾ ਪ੍ਰਾਪਤ ਹੋਇਆ।” ਇਨ੍ਹਾਂ ਚੇਲਿਆਂ ਨੇ ਉਸ ਨੂੰ ਕਿਹਾ, “ਅਸੀਂ ਤਾਂ ਕਦੇ ਪਵਿੱਤਰ ਆਤਮਾ ਬਾਰੇ ਸੁਣਿਆ ਤੱਕ ਵੀ ਨਹੀਂ।”
3 ਤਾਂ ਪੌਲੁਸ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕਾਹ ਦਾ ਬਪਤਿਸਮਾ ਲਿਆ ਸੀ?”
ਉਨ੍ਹਾਂ ਨੇ ਕਿਹਾ, “ਯੂਹੰਨਾ ਦਾ ਬਪਤਿਸਮਾ।”
4 ਪੌਲੁਸ ਨੇ ਕਿਹਾ, “ਯੂਹੰਨਾ ਨੇ ਲੋਕਾਂ ਨੂੰ ਇੱਕ ਸਬੂਤ ਵਾਂਗ ਬਪਤਿਸਮਾ ਦਿੱਤਾ ਕਿ ਉਹ ਆਪਣੇ ਜੀਵਨ ਬਦਲਣੇ ਚਾਹੁੰਦੇ ਸਨ ਅਤੇ ਉਹ ਲੋਕਾਂ ਨੂੰ ਉਸ ਇੱਕ ਬਾਰੇ ਦੱਸਦਾ ਸੀ, ਜਿਸਨੇ ਉਸਤੋਂ ਬਾਅਦ ਆਉਣਾ ਸੀ, ਉਹ ਵਿਅਕਤੀ ਯਿਸੂ ਸੀ।”
5 ਜਦੋਂ ਉਨ੍ਹਾਂ ਚੇਲਿਆਂ ਨੇ ਇਹ ਸੁਣਿਆ, ਤਾਂ ਉਨ੍ਹਾਂ ਨੂੰ ਪ੍ਰਭੂ ਯਿਸੂ ਦੇ ਨਾਂ ਵਿੱਚ ਬਪਤਿਸਮਾ ਦਿੱਤਾ। 6 ਫ਼ੇਰ, ਜਦੋਂ ਪੌਲੁਸ ਨੇ ਉਨ੍ਹਾਂ ਤੇ ਆਪਣਾ ਹੱਥ ਰੱਖਿਆ ਤਾਂ ਪਵਿੱਤਰ ਆਤਮਾ ਉਨ੍ਹਾਂ ਉੱਪਰ ਆਇਆ। ਤਾਂ ਉਹ ਵੱਖ-ਵੱਖ ਭਾਸ਼ਾਵਾਂ ਵਿੱਚ ਬੋਲਣ ਅਤੇ ਭਵਿੱਖ ਬਾਣੀਆਂ ਕਰਨ ਲੱਗੇ। 7 ਇਸ ਧੜੇ ਵਿੱਚ ਕੋਈ ਬਾਰ੍ਹਾਂ ਕੁ ਮਨੁੱਖ ਸਨ।
ਨੇਕ ਸਾਮਰੀਆਂ ਬਾਰੇ ਦ੍ਰਿਸ਼ਟਾਂਤ
25 ਤਦ ਇੱਕ ਨੇਮ ਦਾ ਉਪਦੇਸ਼ਕ ਉੱਠ ਖਲੋਇਆ। ਉਹ ਯਿਸੂ ਨੂੰ ਪਰੱਖਣਾ ਚਾਹੁੰਦਾ ਸੀ ਤਾਂ ਉਸ ਨੇ ਕਿਹਾ, “ਗੁਰੂ ਜੀ! ਸਦੀਪਕ ਜੀਵਨ ਪਾਉਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ।”
26 ਯਿਸੂ ਨੇ ਆਖਿਆ, “ਨੇਮ ਵਿੱਚ ਕੀ ਲਿਖਿਆ ਹੋਇਆ ਹੈ? ਤੂੰ ਉਸ ਵਿੱਚ ਕੀ ਪੜ੍ਹਿਆ ਹੈ?”
27 ਉਸ ਨੇ ਜਵਾਬ ਦਿੱਤਾ, “‘ਪ੍ਰਭੂ ਆਪਣੇ ਪਰਮੇਸ਼ੁਰ ਨੂੰ ਪੂਰੇ ਦਿਲ ਨਾਲ, ਪੂਰੇ ਆਤਮਾ ਨਾਲ, ਆਪਣੀ ਪੂਰੀ ਤਾਕਤ ਨਾਲ ਅਤੇ ਆਪਣੇ ਪੂਰੇ ਦਿਮਾਗ ਨਾਲ ਪਿਆਰ ਕਰੋ।’ [a] ਅਤੇ, ‘ਆਪਣੇ ਗੁਆਂਢੀ ਨਾਲ ਵੀ ਇੰਝ ਪਿਆਰ ਕਰੋ ਜਿਵੇਂ ਤੁਸੀਂ ਆਪਣੇ-ਆਪ ਨੂੰ ਕਰਦੇ ਹੋ।’” [b]
28 ਯਿਸੂ ਨੇ ਉਸ ਨੂੰ ਆਖਿਆ, “ਤੂੰ ਬਿਲਕੁਲ ਦਰੁਸਤ ਜਵਾਬ ਦਿੱਤਾ ਹੈ, ਇਸ ਤੇ ਅਮਲ ਕਰੇਂ ਤਾਂ ਤੂੰ ਜਿਉਂਦਾ ਰਹੇਂਗਾ।”
29 ਉਹ ਆਦਮੀ ਦਰਸ਼ਾਉਣਾ ਚਾਹੁੰਦਾ ਸੀ ਕਿ ਉਹ ਸਵਾਲ ਪੁੱਛਣ ਵਿੱਚ ਸਹੀ ਸੀ, ਇਸ ਲਈ ਉਸ ਨੇ ਯਿਸੂ ਨੂੰ ਆਖਿਆ, “ਮੇਰਾ ਗੁਆਂਢੀ ਕੌਣ ਹੈ?”
30 ਇਸ ਗੱਲ ਦਾ ਜਵਾਬ ਦਿੰਦਿਆਂ ਯਿਸੂ ਨੇ ਕਿਹਾ, “ਇੱਕ ਆਦਮੀ ਯਰੂਸ਼ਲਮ ਤੋਂ ਯਰੀਹੋ ਵੱਲ ਨੂੰ ਜਾ ਰਿਹਾ ਸੀ। ਕੁਝ ਡਾਕੂਆਂ ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਨੇ ਉਸ ਦੇ ਕੱਪੜੇ ਪਾੜ ਦਿੱਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਨੂੰ ਅੱਧ ਮੋਇਆ ਛੱਡ ਕੇ ਚੱਲੇ ਗਏ।
31 “ਸੱਬਬ ਨਾਲ ਇੱਕ ਯਹੂਦੀ ਜਾਜਕ ਉਸ ਸੜਕ ਤੋਂ ਲੰਘ ਰਿਹਾ ਸੀ, ਜਿਸ ਵਕਤ ਉਸ ਜਾਜਕ ਨੇ ਉਸ ਅਧਮਰੇ ਮਨੁੱਖ ਨੂੰ ਸੜਕ ਤੇ ਪਿਆ ਵੇਖਿਆ ਤਾਂ ਉਹ ਉਸਦੀ ਮਦਦ ਕਰਨ ਲਈ ਰੁਕਿਆ ਨਹੀਂ ਸਗੋਂ ਅਗ੍ਹਾਂ, ਲੰਘ ਗਿਆ। 32 ਇੱਕ ਲੇਵੀ ਵੀ ਉਸ ਰਾਹ ਤੋਂ ਲੰਘ ਰਿਹਾ ਸੀ ਅਤੇ ਉਹ ਵੀ ਉਸ ਆਦਮੀ ਨੂੰ ਵੇਖਕੇ ਇੱਕ ਪਾਸੇ ਹੋਕੇ ਲੰਘ ਗਿਆ, ਉਹ ਵੀ ਉਸਦੀ ਮਦਦ ਲਈ ਨਹੀਂ ਰੁਕਿਆ।
33 “ਉਸ ਰਾਹ ਫ਼ਿਰ ਇੱਕ ਸਾਮਰੀ ਆਇਆ। ਉਹ ਉਸ ਜਗ੍ਹਾ ਪਹੁੰਚਿਆ ਜਿੱਥੇ ਉਹ ਅੱਧ ਮੋਇਆ ਮਨੁੱਖ ਬੇਹਾਲ ਪਿਆ ਸੀ। ਜਦੋਂ ਉਹ ਨੇੜੇ ਆਇਆ ਅਤੇ ਬੰਦੇ ਨੂੰ ਵੇਖਿਆ, ਅਤੇ ਉਸ ਉੱਤੇ ਤਰਸ ਖਾਧਾ। 34 ਉਹ ਉਸ ਦੇ ਨੇੜੇ ਆਇਆ ਅਤੇ ਜੈਤੂਨ ਦੇ ਤੇਲ ਅਤੇ ਮੈਅ ਨਾਲ ਉਸ ਦੇ ਜਖਮਾਂ ਤੇ ਪੱਟੀ ਕੀਤੀ। ਉਸ ਸਾਮਰੀ ਕੋਲ ਇੱਕ ਗਧਾ ਸੀ ਉਸ ਨੇ ਜਖਮੀ ਮਨੁੱਖ ਨੂੰ ਉਸ ਉੱਪਰ ਬਿਠਾਇਆ ਅਤੇ ਉਸ ਨੂੰ ਇੱਕ ਸਰ੍ਹਾਂ ਵਿੱਚ ਲੈ ਗਿਆ ਅਤੇ ਉੱਥੇ ਜਾਕੇ ਉਸਦੀ ਟਹਿਲ ਕੀਤੀ। 35 ਅਗਲੇ ਦਿਨ ਉਸ ਨੇ ਦੋ ਚਾਂਦੀ ਦੇ ਸਿੱਕੇ ਕੱਢੇ ਅਤੇ ਸਰ੍ਹਾਂ ਵਾਲੇ ਨੂੰ ਦਿੱਤੇ ਅਤੇ ਉਸ ਨੂੰ ਆਖਿਆ, ‘ਇਸ ਘਾਇਲ ਮਨੁੱਖ ਦੀ ਦੇਖਭਾਲ ਕਰੀ। ਜੇਕਰ ਤੂੰ ਇਸਤੋਂ ਵੱਧ ਪੈਸਾ ਇਸ ਮਨੁੱਖ ਉੱਪਰ ਖਰਚ ਕਰੇ ਤਾਂ ਜਦੋਂ ਮੈਂ ਇੱਥੇ ਦੋਬਾਰਾ ਵਾਪਸ ਆਵਾਂਗਾ ਤਾਂ ਤੈਨੂੰ ਮੋੜ ਦੇਵਾਂਗਾ।’”
36 ਮੈਨੂੰ ਦੱਸੋ, “ਇਨ੍ਹਾਂ ਤਿੰਨਾਂ ਆਦਮੀਆਂ ਵਿੱਚੋਂ ਕਿਸ ਆਦਮੀ ਨੇ ਉਸ ਬੰਦੇ ਨਾਲ ਗੁਆਂਢੀ ਹੋਣ ਦਾ ਸਬੂਤ ਦਿੱਤਾ ਜਿਸ ਉੱਤੇ ਡਾਕੂਆਂ ਨੇ ਹਮਲਾ ਕੀਤਾ ਸੀ?”
37 ਨੇਮ ਦੇ ਉਪਦੇਸ਼ਕ ਨੇ ਆਖਿਆ, “ਉਸ ਆਦਮੀ ਨੇ, ਜਿਸਨੇ ਉਸ ਉੱਪਰ ਰਹਿਮ ਦਰਸਾਇਆ।”
ਤਾਂ ਯਿਸੂ ਨੇ ਉਸ ਨੂੰ ਕਿਹਾ, “ਤਾਂ ਜਾ, ਤੂੰ ਵੀ ਜਾਕੇ ਇਵੇਂ ਹੀ ਕਰ।”
2010 by World Bible Translation Center