Book of Common Prayer
146 ਯਹੋਵਾਹ ਦੀ ਉਸਤਤਿ ਕਰੋ।
ਹੇ ਮੇਰੀ ਆਤਮਾ, ਯਹੋਵਾਹ ਦੀ ਉਸਤਤਿ ਕਰ।
2 ਮੈਂ ਸਾਰੀ ਉਮਰ ਯਹੋਵਾਹ ਦੀ ਉਸਤਤਿ ਕਰਾਂਗਾ।
ਮੈਂ ਉਸਦੀ ਉਸਤਤਿ ਦੇ ਸਾਰੀ ਉਮਰ ਗੀਤ ਗਾਵਾਂਗਾ।
3 ਆਪਣੇ ਆਗੂਆਂ ਉੱਤੇ ਮਦਦ ਲਈ ਨਿਰਭਰ ਨਾ ਕਰੋ, ਲੋਕਾਂ ਉੱਤੇ ਵਿਸ਼ਵਾਸ ਨਾ ਕਰੋ।
ਕਿਉਂਕਿ ਲੋਕ ਤੁਹਾਨੂੰ ਨਹੀਂ ਬਚਾ ਸੱਕਦੇ।
4 ਲੋਕ ਮਰ ਜਾਂਦੇ ਹਨ ਅਤੇ ਦਫ਼ਨਾ ਦਿੱਤੇ ਜਾਂਦੇ ਹਨ।
ਅਤੇ ਫ਼ੇਰ ਉਨ੍ਹਾਂ ਦੀਆਂ ਮਦਦ ਕਰਨ ਦੀਆਂ ਸਾਰੀਆਂ ਯੋਜਨਾਵਾਂ ਖਤਮ ਹੋ ਜਾਂਦੀਆਂ ਹਨ।
5 ਪਰ ਜਿਹੜੇ ਲੋਕ ਪਰਮੇਸ਼ੁਰ ਕੋਲੋਂ ਸਹਾਇਤਾ ਮੰਗਦੇ ਹਨ ਬਹੁਤ ਖੁਸ਼ ਹਨ।
ਉਹ ਆਪਣੇ ਯਹੋਵਾਹ ਪਰਮੇਸ਼ੁਰ ਉੱਤੇ ਨਿਰਭਰ ਕਰਦੇ ਹਨ।
6 ਯਹੋਵਾਹ ਨੇ ਸਵਰਗ ਅਤੇ ਧਰਤੀ ਨੂੰ ਸਾਜਿਆ।
ਯਹੋਵਹ ਨੇ ਸਮੁੰਦਰ ਅਤੇ ਉਸ ਵਿੱਚਲੀ ਹਰ ਸ਼ੈਅ ਨੂੰ ਸਾਜਿਆ, ਯਹੋਵਾਹ ਉਸ ਨੂੰ ਸਦਾ ਲਈ ਬਚਾਵੇਗਾ।
7 ਯਹੋਵਾਹ ਉਨ੍ਹਾਂ ਲੋਕਾਂ ਲਈ ਸਹੀ ਗੱਲਾਂ ਕਰਦਾ ਹੈ ਜਿਨ੍ਹਾਂ ਨੂੰ ਦੁੱਖ ਦਿੱਤਾ ਗਿਆ ਹੈ
ਪਰਮੇਸ਼ੁਰ ਭੁੱਖੇ ਲੋਕਾਂ ਨੂੰ ਭੋਜਨ ਦਿੰਦਾ ਹੈ
ਯਹੋਵਾਹ ਕੈਦ ਵਿੱਚ ਬੰਦ ਲੋਕਾਂ ਨੂੰ ਮੁਕਤ ਕਰਦਾ ਹੈ।
8 ਯਹੋਵਾਹ ਅੰਨ੍ਹੇ ਲੋਕਾਂ ਦੀ ਦੇਖਣ ਵਿੱਚ ਮਦਦ ਕਰਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਮੁਸੀਬਤ ਵਿੱਚ ਹਨ।
ਯਹੋਵਾਹ ਨੇਕ ਲੋਕਾਂ ਨੂੰ ਪਿਆਰ ਕਰਦਾ ਹੈ।
9 ਯਹੋਵਾਹ ਸਾਡੇ ਦੇਸ਼ ਵਿੱਚ ਅਜਨਬੀਆਂ ਨੂੰ ਬਚਾਉਂਦਾ ਹੈ।
ਯਹੋਵਾਹ ਵਿਧਵਾਵਾਂ ਅਤੇ ਯਤੀਮਾਂ ਦੀ ਮਦਦ ਕਰਦਾ ਹੈ।
ਪਰ ਯਹੋਵਾਹ ਬੁਰੇ ਲੋਕਾਂ ਦਾ ਨਾਸ਼ ਕਰਦਾ ਹੈ।
10 ਯਹੋਵਾਹ ਸਦਾ-ਸਦਾ ਲਈ ਰਾਜ ਕਰੇਗਾ ਸੀਯੋਨ,
ਤੇਰਾ ਪਰਮੇਸ਼ੁਰ ਸਦਾ-ਸਦਾ ਲਈ ਰਾਜ ਕਰੇਗਾ।
ਯਹੋਵਾਹ ਦੀ ਉਸਤਤਿ ਕਰੋ।
147 ਯਹੋਵਾਹ ਦੀ ਉਸਤਤਿ ਕਰੋ ਕਿਉਂਕਿ ਉਹ ਭਲਾ ਹੈ।
ਸਾਡੇ ਪਰਮੇਸ਼ੁਰ ਲਈ, ਉਸਤਤਿ ਦੇ ਗੀਤ ਗਾਵੋ।
ਉਸਦੀ ਉਸਤਤਿ ਕਰਨਾ ਚੰਗਾ ਅਤੇ ਸੁਹਾਨਾ ਹੈ।
2 ਯਹੋਵਾਹ ਨੇ ਯਰੂਸ਼ਲਮ ਨੂੰ ਉਸਾਰਿਆ।
ਪਰਮੇਸ਼ੁਰ ਨੇ ਇਸਰਾਏਲੀ ਲੋਕਾਂ ਨੂੰ ਵਾਪਸ ਲਿਆਂਦਾ ਹੈ।
ਜਿਹੜੇ ਕੈਦ ਹੋ ਗਏ ਸਨ।
3 ਪਰਮੇਸ਼ੁਰ ਉਨ੍ਹਾਂ ਦੇ ਟੁੱਟੇ ਦਿਲਾਂ ਨੂੰ ਜੋੜਦਾ ਹੈ।
ਅਤੇ ਉਨ੍ਹਾਂ ਦੇ ਜ਼ਖਮਾ ਉੱਤੇ ਮਰਹਮ ਪੱਟੀ ਕਰਦਾ ਹੈ।
4 ਪਰਮੇਸ਼ੁਰ ਤਾਰਿਆ ਦੀ ਗਿਣਤੀ ਕਰਦਾ ਹੈ
ਅਤੇ ਉਹ ਹਰ ਇੱਕ ਦਾ ਨਾਮ ਜਾਣਦਾ ਹੈ।
5 ਸਾਡਾ ਮਾਲਕ ਬੜਾ ਮਹਾਨ ਹੈ, ਉਹ ਬਹੁਤ ਸ਼ਕਤੀਸ਼ਾਲੀ ਹੈ।
ਉਸ ਦੇ ਗਿਆਨ ਦੀ ਕੋਈ ਹੱਦ ਨਹੀਂ।
6 ਯਹੋਵਾਹ ਨਿਆਸਰਿਆ ਦਾ ਆਸਰਾ ਹੈ,
ਪਰ ਉਹ ਮੰਦੇ ਲੋਕਾਂ ਨੂੰ ਨਮੋਸ਼ੀ ਦਿੰਦਾ ਹੈ।
7 ਯਹੋਵਾਹ ਦਾ ਧੰਨਵਾਦ ਕਰੋ ਰਬਾਬ ਵਾਸਤੇ
ਸਾਡੇ ਪਰਮੇਸ਼ੁਰ ਦੀ ਉਸਤਤਿ ਕਰੋ।
8 ਯਹੋਵਾਹ ਆਕਾਸ਼ ਨੂੰ ਬੱਦਲਾਂ ਨਾਲ ਭਰਦਾ ਹੈ।
ਯਹੋਵਾਹ ਧਰਤੀ ਲਈ ਵਰੱਖਾ ਕਰਦਾ ਹੈ।
ਯਹੋਵਾਹ ਪਹਾੜਾਂ ਉੱਤੇ ਘਾਹ ਉਗਾਉਂਦਾ ਹੈ।
9 ਯਹੋਵਾਹ ਜਾਨਵਰਾ ਨੂੰ ਭੋਜਨ ਦਿੰਦਾ ਹੈ,
ਯਹੋਵਾਹ ਪੰਛੀਆ ਦੇ ਬੱਚਿਆਂ ਨੂੰ ਭੋਜਨ ਦਿੰਦਾ ਹੈ।
10 ਯੁੱਧ ਦੇ ਘੋੜੇ ਅਤੇ ਬਲਵਾਨ ਯੋਧੇ ਉਸ ਨੂੰ ਖੁਸ਼ੀ ਪ੍ਰਦਾਨ ਨਹੀਂ ਕਰਦੇ।
11 ਯਹੋਵਾਹ ਉਨ੍ਹਾਂ ਲੋਕਾਂ ਤੋਂ ਪ੍ਰਸੰਨ ਹੁੰਦਾ ਹੈ ਜਿਹੜੇ ਉਸਦੀ ਉਪਾਸਨਾ ਕਰਦੇ ਹਨ।
ਯਹੋਵਾਹ ਉਨ੍ਹਾਂ ਲੋਕਾਂ ਉੱਤੇ ਪ੍ਰਸੰਨ ਹੁੰਦਾ ਹੈ ਜਿਹੜੇ ਉਸ ਦੇ ਸੱਚੇ ਪਿਆਰ ਉੱਤੇ ਵਿਸ਼ਵਾਸ ਕਰਦੇ ਹਨ।
12 ਹੇ ਯਰੂਸ਼ਲਮ, ਯਹੋਵਾਹ ਦੀ ਉਸਤਤਿ ਕਰੋ!
ਹੇ ਸੀਯੋਨ, ਪਰਮੇਸ਼ੁਰ ਦੀ ਉਸਤਤਿ ਕਰ।
13 ਹੇ ਯਰੂਸ਼ਲਮ, ਪਰਮੇਸ਼ੁਰ ਤੇਰੇ ਦਰਵਾਜਿਆ ਨੂੰ ਮਜ਼ਬੂਤ ਬਣਾਉਂਦਾ ਹੈ।
ਅਤੇ ਪਰਮੇਸ਼ੁਰ ਤੇਰੇ ਸ਼ਹਿਰ ਦੇ ਲੋਕਾਂ ਨੂੰ ਅਸੀਸ ਦਿੰਦਾ ਹੈ।
14 ਪਰਮੇਸ਼ੁਰ ਨੇ ਸਾਡੇ ਦੇਸ਼ ਵਿੱਚ ਅਮਨ ਲਿਆਂਦਾ, ਇਸ ਲਈ ਸਾਡੇ ਦੁਸ਼ਮਣਾਂ ਯੁੱਧ ਵਿੱਚ ਸਾਡਾ ਅਨਾਜ ਨਹੀਂ ਲੁੱਟਿਆ
ਅਤੇ ਤੇਰੇ ਕੋਲ ਭੋਜਨ ਲਈ ਬਹੁਤ ਅਨਾਜ ਹੈ।
15 ਪਰਮੇਸ਼ੁਰ ਧਰਤੀ ਨੂੰ ਆਦੇਸ਼ ਦਿੰਦਾ ਹੈ,
ਅਤੇ ਇਹ ਛੇਤੀ ਹੀ ਮੰਨ ਲੈਂਦੀ ਹੈ।
16 ਪਰਮੇਸ਼ੁਰ ਓਨਾ ਚਿਰ ਤੱਕ ਬਰਫ਼ਬਾਰੀ ਕਰਦਾ ਹੈ ਜਿੰਨਾ ਚਿਰ ਤੱਕ, ਜ਼ਮੀਨ ਉਨ ਵਾਂਗ ਸਫ਼ੇਦ ਨਹੀਂ ਹੋ ਜਾਂਦੀ,
ਪਰਮੇਸ਼ੁਰ ਕੋਹਰੇ ਨੂੰ ਹਵਾ ਵਿੱਚ ਘੱਟੇ ਵਾਂਗ ਉਡਾਉਂਦਾ ਹੈ।
17 ਪਰਮੇਸ਼ੁਰ ਆਕਾਸ਼ ਉੱਤੋਂ ਪੱਥਰਾ ਵਾਂਗ ਗੜ੍ਹੇਮਾਰ ਕਰਦਾ ਹੈ।
ਕੋਈ ਵੀ ਬੰਦਾ ਉਸ ਵੱਲੋਂ ਭੇਜੀ ਠੰਡ ਨੂੰ ਨਹੀਂ ਝੱਲ ਸੱਕਦਾ।
18 ਫ਼ਿਰ ਪਰਮੇਸ਼ੁਰ ਇੱਕ ਹੋਰ ਆਦੇਸ਼ ਦਿੰਦਾ ਹੈ ਅਤੇ ਗਰਮ ਹਵਾ ਵਗ ਪੈਂਦੀ ਹੈ।
ਫ਼ਿਰ ਬਰਫ਼ ਪਿਘਲਦੀ ਹੈ ਅਤੇ ਪਾਣੀ ਵਗ ਪੈਂਦਾ ਹੈ।
19 ਪਰਮੇਸ਼ੁਰ ਨੇ ਯਾਕੂਬ (ਇਸਰਾਏਲ) ਨੂੰ ਆਦੇਸ਼ ਦਿੱਤਾ,
ਉਸ ਨੇ ਆਪਣੇ ਨੇਮ ਅਤੇ ਅਸੂਲ ਇਸਰਾਏਲ ਨੂੰ ਦਿੱਤੇ।
20 ਪਰਮੇਸ਼ੁਰ ਨੇ ਅਜਿਹਾ ਕਿਸੇ ਹੋਰ ਕੌਮ ਲਈ ਨਹੀਂ ਕੀਤਾ।
ਪਰਮੇਸ਼ੁਰ ਨੇ ਆਪਣੇ ਨੇਮ ਹੋਰਾਂ ਲੋਕਾਂ ਨੂੰ ਨਹੀਂ ਸਿੱਖਾਏ।
ਯਹੋਵਾਹ ਦੀ ਉਸਤਤਿ ਕਰੋ।
111 ਯਹੋਵਾਹ ਦੀ ਉਸਤਤਿ ਕਰੋ।
ਮੈਂ ਸੱਚੇ ਦਿਲੋਂ ਯਹੋਵਾਹ ਦਾ ਉਸ ਸਭਾ ਵਿੱਚ, ਧੰਨਵਾਦ ਕਰਦਾ ਹਾਂ
ਜਿੱਥੇ ਚੰਗੇ ਲੋਕ ਇਕੱਠਾ ਹੁੰਦੇ ਹਨ।
2 ਯਹੋਵਾਹ ਮਹਾਨ ਗੱਲਾਂ ਕਰਦਾ ਹਾਂ।
ਲੋਕੀਂ ਉਹ ਸ਼ੁਭ ਚੀਜ਼ਾਂ ਮੰਗਦੇ ਹਨ ਜਿਹੜੀਆਂ ਪਰਮੇਸ਼ੁਰ ਪਾਸੋਂ ਮਿਲਦੀਆਂ ਹਨ।
3 ਪਰਮੇਸ਼ੁਰ ਸੱਚਮੁੱਚ ਸ਼ਾਨਦਾਰ ਅਤੇ ਮਹਾਨ ਗੱਲਾਂ ਕਰਦਾ ਹੈ।
ਉਸ ਦੀ ਨੇਕੀ ਸਦਾ ਲਈ ਜਾਰੀ ਰਹਿੰਦੀ ਹੈ।
4 ਪਰਮੇਸ਼ੁਰ ਹੈਰਾਨੀ ਭਰੀਆਂ ਗੱਲਾਂ ਕਰਦਾ ਹੈ।
ਤਾਂ ਜੋ ਅਸੀਂ ਚੇਤੇ ਰੱਖੀਏ ਕਿ ਯਹੋਵਾਹ ਮਿਹਰਬਾਨ ਅਤੇ ਦਿਆਲੂ ਹੈ।
5 ਪਰਮੇਸ਼ੁਰ ਆਪਣੇ ਪੈਰੋਕਾਰਾਂ ਨੂੰ ਭੋਜਨ ਦਿੰਦਾ ਹੈ।
ਪਰਮੇਸ਼ੁਰ ਸਦਾ ਲਈ ਆਪਣਾ ਕਰਾਰ ਚੇਤੇ ਰੱਖਦਾ ਹੈ।
6 ਉਨ੍ਹਾਂ ਸ਼ਕਤੀਸ਼ਾਲੀ ਗੱਲਾਂ ਨੇ, ਜੋ ਪਰਮੇਸ਼ੁਰ ਨੇ ਕੀਤੀਆਂ ਸਨ ਉਸ ਦੇ ਬੰਦਿਆਂ ਨੂੰ ਦਰਸਾ ਦਿੱਤਾ
ਕਿ ਉਹ ਉਨ੍ਹਾਂ ਨੂੰ ਉਨ੍ਹਾਂ ਦੀ ਧਰਤੀ ਦੇ ਰਿਹਾ ਸੀ।
7 ਉਹ ਸਭ ਕੁਝ ਜੋ ਪਮਰੇਸ਼ੁਰ ਕਰਦਾ, ਚੰਗਾ ਅਤੇ ਬੇਲਾਗ ਹੈ।
ਉਸ ਦੇ ਹਰ ਹੁਕਮ ਵਿੱਚ ਯਕੀਨ ਰੱਖਿਆ ਜਾ ਸੱਕਦਾ ਹੈ।
8 ਪਰਮੇਸ਼ੁਰ ਦੇ ਹੁਕਮ ਸਦਾ ਹੀ ਸਥਿਰ ਰਹਿਣਗੇ।
ਉਨ੍ਹਾਂ ਹੁਕਮਾਂ ਨੂੰ ਜਾਰੀ ਕਰਨ ਦੇ ਕਾਰਣ, ਇਮਾਨਦਾਰ ਅਤੇ ਸ਼ੁੱਧ ਸਨ।
9 ਪਰਮੇਸ਼ੁਰ ਨੇ ਕਿਸੇ ਨੂੰ ਆਪਣੇ ਬੰਦਿਆਂ ਨੂੰ ਬਚਾਉਣ ਲਈ ਭੇਜਿਆ।
ਪਰਮੇਸ਼ੁਰ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ ਜਿਹੜਾ ਸਦਾ ਲਈ ਜਾਰੀ ਰਹੇਗਾ।
ਪਰਮੇਸ਼ੁਰ ਦਾ ਨਾਮ ਮਹਾਨ ਅਤੇ ਪਵਿੱਤਰ ਹੈ।
10 ਸਿਆਣਪਤਾ ਯਹੋਵਾਹ ਲਈ ਡਰ ਅਤੇ ਇੱਜ਼ਤ ਨਾਲ ਸ਼ੁਰੂ ਹੁੰਦੀ ਹੈ।
ਉਹ ਲੋਕ ਜਿਹੜੇ ਪਰਮੇਸ਼ੁਰ ਦਾ ਹੁਕਮ ਮੰਨਦੇ ਹਨ ਬਹੁਤ ਸਿਆਣੇ ਹਨ।
ਪਰਮੇਸ਼ੁਰ ਦੀ ਉਸਤਤਿ ਸਦਾ-ਸਦਾ ਲਈ ਗਾਈ ਜਾਵੇਗੀ।
112 ਯਹੋਵਾਹ ਦੀ ਉਸਤਤਿ ਕਰੋ!
ਉਹ ਬੰਦਾ ਜਿਹੜਾ ਡਰਦਾ ਅਤੇ ਯਹੋਵਾਹ ਦਾ ਆਦਰ ਕਰਦਾ ਹੈ ਬਹੁਤ ਪ੍ਰਸੰਨ ਹੋਵੇਗਾ।
ਉਹ ਬੰਦਾ ਪਰਮੇਸ਼ੁਰ ਦੇ ਆਦੇਸ਼ਾਂ ਨੂੰ ਪਿਆਰ ਕਰਦਾ ਹੈ।
2 ਉਸਦੀ ਔਲਾਦ ਧਰਤੀ ਅਤੇ ਮਹਾਨ ਹੋਵੇਗੀ।
ਚੰਗੇ ਲੋਕਾਂ ਦੀ ਔਲਾਦ ਸੱਚਮੁੱਚ ਸੁਭਾਗੀ ਹੋਵੇਗੀ।
3 ਉਸ ਬੰਦੇ ਦਾ ਪਰਿਵਾਰ ਬਹੁਤ ਅਮੀਰ ਹੋਵੇਗਾ
ਅਤੇ ਉਸਦੀ ਚੰਗਿਆਈ ਸਦਾ ਰਹੇਗੀ।
4 ਚੰਗੇ ਲੋਕਾਂ ਲਈ, ਪਰਮੇਸ਼ੁਰ ਹਨੇਰੇ ਵਿੱਚ ਚਮਕਦੀ ਹੋਈ ਰੌਸ਼ਨੀ ਵਾਂਗ ਹੈ।
ਪਰਮੇਸ਼ੁਰ ਸ਼ੁਭ, ਮਿਹਰਬਾਨ ਅਤੇ ਦਿਆਲੂ ਹੈ।
5 ਕਿਸੇ ਬੰਦੇ ਲਈ ਮਿਹਰਬਾਨ ਅਤੇ ਫ਼ਰਾਖ ਹੋਣਾ ਚੰਗਾ ਹੈ।
ਕਿਸੇ ਇੱਕ ਬੰਦੇ ਲਈ ਆਪਣੇ ਕੰਮ ਵਿੱਚ ਬੇਲਾਗ ਹੋਣਾ ਚੰਗਾ ਹੈ।
6 ਉਸ ਬੰਦੇ ਦਾ ਕਦੀ ਵੀ ਪਤਨ ਨਹੀਂ ਹੋਵੇਗਾ।
ਇੱਕ ਚੰਗਾ ਵਿਅਕਤੀ ਹਮੇਸ਼ਾ ਲਈ ਯਾਦ ਕੀਤਾ ਜਾਵੇਗਾ।
7 ਉਹ ਮਾੜੇ ਸਮਾਚਾਰਾ ਤੋਂ ਯਾਦ ਨਹੀਂ ਰਹੇਗਾ।
ਉਹ ਬੰਦਾ ਦ੍ਰਿੜ ਵਿਸ਼ਵਾਸੀ ਹੈ ਕਿਉਂਕਿ ਉਹ ਯਹੋਵਾਹ ਉੱਤੇ ਯਕੀਨ ਰੱਖਦਾ ਹੈ।
8 ਉਹ ਬੰਦਾ ਦ੍ਰਿੜ ਵਿਸ਼ਵਾਸੀ ਹੈ ਉਹ ਡਰੇਗਾ ਨਹੀਂ।
ਉਹ ਆਪਣੇ ਦੁਸ਼ਮਣਾਂ ਨੂੰ ਹਰਾ ਦੇਵੇਗਾ।
9 ਉਹ ਬੰਦਾ ਖੁਲ੍ਹਦਿਲੀ ਨਾਲ ਗਰੀਬਾਂ ਨੂੰ ਦਾਨ ਕਰਦਾ ਹੈ।
ਅਤੇ ਉਸਦੀ ਨੇਕੀ ਸਦਾ ਰਹੇਗੀ।
10 ਬਦਚਲਣ ਬੰਦੇ ਇਸ ਨੂੰ ਦੇਖਦੇ ਹਨ ਅਤੇ ਕ੍ਰੋਧਵਾਨ ਹੋ ਜਾਂਦੇ ਹਨ।
ਉਹ ਗੁੱਸੇ ਨਾਲ ਆਪਣੇ ਦੰਦ ਕਰੀਚਣਗੇ, ਪਰ ਫ਼ੇਰ ਉਹ ਅਲੋਪ ਹੋ ਜਾਣਗੇ।
ਬਦਚਲਣ ਲੋਕਾਂ ਨੂੰ ਕਦੀ ਵੀ ਉਹ ਨਹੀਂ ਮਿਲੇਗਾ ਜਿਸਦੀ ਇੱਛਾ ਉਹ ਬੁਰੀ ਤਰ੍ਹਾਂ ਕਰਦੇ ਹਨ।
113 ਯਹੋਵਾਹ ਦੀ ਉਸਤਤਿ ਕਰੋ!
ਯਹੋਵਾਹ ਦੇ ਸੇਵਕੋ, ਉਸਦੀ ਉਸਤਤਿ ਕਰੋ!
ਯਹੋਵਾਹ ਦੇ ਨਾਮ ਦੀ ਉਸਤਤਿ ਕਰੋ।
2 ਯਹੋਵਾਹ ਦਾ ਨਾਮ ਹੁਣ ਅਤੇ ਸਦਾ ਲਈ ਸੁਭਾਗਾ ਹੋਵੇਗਾ।
3 ਯਹੋਵਾਹ ਦੇ ਨਾਮ ਦੀ ਉਸਤਤਿ ਪੂਰਬ ਵਿੱਚ ਉੱਗਦੇ ਸੂਰਜ ਵੱਲੋਂ
ਪਰਮੇਸ਼ੁਰ ਦੇ ਨਾਮ ਨੂੰ ਉਸ ਥਾਂ ਤੱਕ ਅਸੀਸ ਮਿਲੇ ਜਿੱਥੇ ਸੂਰਜ ਜਾ ਛਿਪਦਾ ਹੈ।
4 ਯਹੋਵਾਹ ਸਭ ਕੌਮਾਂ ਨਾਲੋਂ ਉਚੇਰਾ ਹੈ।
ਉਸਦੀ ਮਹਿਮਾ ਅਕਾਸ਼ ਵੱਲ ਉੱਠਦੀ ਹੈ।
5 ਕੋਈ ਬੰਦਾ ਯਹੋਵਾਹ ਸਾਡੇ ਪਰਮੇਸ਼ੁਰ ਵਰਗਾ ਨਹੀਂ ਹੈ,
ਪਰਮੇਸ਼ੁਰ ਉੱਚੇ ਸਵਰਗ ਵਿੱਚ ਬੈਠਾ ਹੈ।
6 ਪਰਮੇਸ਼ੁਰ ਸਾਡੇ ਕੋਲੋਂ ਇੰਨਾ ਉੱਚਾ ਹੈ ਕਿ ਉਸ ਨੂੰ ਧਰਤੀ
ਅਤੇ ਅਕਾਸ਼ ਵੇਖਣ ਲਈ ਹੇਠਾਂ ਦੇਖਣਾ ਪੈਂਦਾ ਹੈ।
7 ਪਰਮੇਸ਼ੁਰ ਮਸੱਕੀਨ ਲੋਕਾਂ ਨੂੰ ਖਾਕ ਵਿੱਚੋਂ ਚੁੱਕਦਾ ਹੈ।
ਪਰਮੇਸ਼ੁਰ ਮੰਗਤਿਆਂ ਨੂੰ ਕੂੜੇ ਦੇ ਢੇਰ ਵਿੱਚੋਂ ਚੁੱਕਦਾ ਹੈ।
8 ਅਤੇ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਮਹੱਤਵਪੂਰਣ ਬਣਾ ਦਿੰਦਾ ਹੈ।
ਪਰਮੇਸ਼ੁਰ ਉਨ੍ਹਾਂ ਨੂੰ ਮਹਤਵਪੂਰਣ ਆਗੂ ਬਣਾ ਦਿੰਦਾ ਹੈ।
9 ਭਾਵੇਂ ਕਿਸੇ ਔਰਤ ਦੇ ਔਲਾਦ ਨਾ ਹੋਵੇ।
ਪਰ ਪਰਮੇਸ਼ੁਰ ਉਸ ਨੂੰ ਬੱਚੇ ਦੇ ਦੇਵੇਗਾ।
ਅਤੇ ਉਸ ਨੂੰ ਖੁਸ਼ੀ ਪ੍ਰਦਾਨ ਕਰੇਗਾ।
ਯਹੋਵਾਹ ਦੀ ਉਸਤਤਿ ਕਰੋ।
ਪਾਤਸ਼ਾਹ ਯਹੋਯਾਕੀਮ ਦਾ ਯਿਰਮਿਯਾਹ ਦੀ ਪੱਤਰੀ ਨੂੰ ਸਾੜਨਾ
36 ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ। ਇਹ ਗੱਲ ਉਦੋਂ ਦੀ ਹੈ ਜਦੋਂ ਯੋਸ਼ੀਯਾਹ ਦਾ ਪੁੱਤਰ ਯਹੋਯਾਕੀਮ ਯਹੂਦਾਹ ਦਾ ਰਾਜਾ ਸੀ ਅਤੇ ਉਸ ਦੇ ਰਾਜ ਦਾ ਚੌਬਾ ਵਰ੍ਹਾ ਸੀ। ਯਹੋਵਾਹ ਵੱਲੋਂ ਸੰਦੇਸ਼ ਇਹ ਸੀ: 2 “ਯਿਰਮਿਯਾਹ, ਇੱਕ ਪੱਤਰੀ ਲੈ ਅਤੇ ਉਸ ਉੱਤੇ ਉਨ੍ਹਾਂ ਸਮੂਹ ਸੰਦੇਸ਼ਾਂ ਨੂੰ ਲਿਖ ਲੈ ਜਿਹੜੇ ਮੈਂ ਤੈਨੂੰ ਦਿੱਤੇ ਹਨ। ਮੈਂ ਤੇਰੇ ਨਾਲ ਇਸਰਾਏਲ ਅਤੇ ਯਹੂਦਾਹ ਅਤੇ ਸਾਰੀਆਂ ਕੌਮਾਂ ਬਾਰੇ ਗੱਲ ਕੀਤੀ ਹੈ। ਉਸ ਸਮੇਂ ਤੋਂ ਲੈ ਕੇ, ਜਦੋਂ ਯੋਸ਼ੀਯਾਹ ਰਾਜਾ ਸੀ, ਹੁਣ ਤੀਕ ਮੇਰੇ ਵੱਲੋਂ ਬੋਲੇ ਗਏ ਸਾਰੇ ਸ਼ਬਦਾਂ ਨੂੰ ਲਿਖ ਲੈ। 3 ਸ਼ਾਇਦ ਯਹੂਦਾਹ ਦਾ ਪਰਿਵਾਰ ਉਸ ਬਾਰੇ ਸੁਣ ਲਵੇ ਜੋ ਕੁਝ ਮੈਂ ਉਨ੍ਹਾਂ ਨਾਲ ਕਰਨ ਦੀਆਂ ਵਿਉਂਤਾਂ ਬਣਾ ਰਿਹਾ ਹਾਂ। ਅਤੇ ਸ਼ਾਇਦ ਉਹ ਮੰਦੇ ਕੰਮ ਕਰਨ ਤੋਂ ਹਟ ਜਾਣ। ਜੇ ਉਹ ਅਜਿਹਾ ਕਰਨਗੇ ਤਾਂ ਮੈਂ ਉਨ੍ਹਾਂ ਦੇ ਕੀਤੇ ਹੋਏ ਪਾਪ ਬਖਸ਼ ਦਿਆਂਗਾ।”
4 ਇਸ ਲਈ ਯਿਰਮਿਯਾਹ ਨੇ ਬਾਰੂਕ ਨਾਂ ਦੇ ਇੱਕ ਬੰਦੇ ਨੂੰ ਬੁਲਾਇਆ। ਬਾਰੂਕ ਨੇਰੀਯਾਹ ਦਾ ਪੁੱਤਰ ਸੀ। ਯਿਰਮਿਯਾਹ ਨੇ ਉਸ ਨੂੰ ਉਹ ਸੰਦੇਸ਼ ਸੁਣਾਏ ਜਿਹੜੇ ਉਸ ਨੂੰ ਯਹੋਵਾਹ ਨੇ ਸੁਣਾਏ ਸਨ। ਜਦੋਂ ਯਿਰਮਿਯਾਹ ਬੋਲ ਰਿਹਾ ਸੀ ਤਾਂ ਬਾਰੂਕ ਨੇ ਉਨ੍ਹਾਂ ਸੰਦੇਸ਼ਾਂ ਨੂੰ ਪੱਤਰੀ ਉੱਤੇ ਲਿਖ ਲਿਆ। 5 ਫ਼ੇਰ ਯਿਰਮਿਯਾਹ ਨੇ ਬਾਰੂਕ ਨੂੰ ਆਖਿਆ, ਮੈ ਯਹੋਵਾਹ ਦੇ ਮੰਦਰ ਵਿੱਚ ਨਹੀਂ ਜਾ ਸੱਕਦਾ। ਮੈਨੂੰ ਓੱਥੇ ਜਾਣ ਦੀ ਇਜਾਜ਼ਤ ਨਹੀ। 6 ਇਸ ਲਈ ਮੈਂ ਚਾਹੁੰਦਾ ਹਾਂ ਕਿ ਤੂੰ ਯਹੋਵਾਹ ਦੇ ਮੰਦਰ ਵੱਲ ਜਾਵੇਂ। ਓੱਥੇ ਰੋਜ਼ੇ ਦੇ ਦਿਨ ਜਾਵੀਂ ਅਤੇ ਲੋਕਾਂ ਨੂੰ ਉਹ ਪੱਤਰੀ ਪੜ੍ਹ ਸੁਣਾਵੀਁ। ਲੋਕਾਂ ਨੂੰ ਯਹੋਵਾਹ ਦੇ ਉਹ ਸੰਦੇਸ਼ ਪੜ੍ਹ ਕੇ ਸੁਣਾਵੀਁ ਜਿਹੜੇ ਤੂੰ ਮੇਰੇ ਪਾਸੋਂ ਸੁਣ ਕੇ ਪੱਤਰੀ ਵਿੱਚ ਲਿਖੇ ਹਨ। ਯਹੂਦਾਹ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਜਿਹੜੇ ਆਪੋ-ਆਪਣੇ ਸ਼ਹਿਰਾਂ ਵਿੱਚੋਂ ਚੱਲ ਕੇ ਯਰੂਸ਼ਲਮ ਆਏ ਹਨ, ਉਹ ਸੰਦੇਸ਼ ਪੜ੍ਹ ਕੇ ਸੁਣਾਈਁ। 7 ਸ਼ਾਇਦ ਉਹ ਲੋਕ ਯਹੋਵਾਹ ਅੱਗੇ ਸਹਾਇਤਾ ਲਈ ਬੇਨਤੀ ਕਰਨ। ਸ਼ਾਇਦ ਹਰੇਕ ਬੰਦਾ ਮੰਦੇ ਕੰਮ ਕਰਨ ਤੋਂ ਹਟ ਜਾਵੇ। ਯਹੋਵਾਹ ਨੇ ਐਲਾਨ ਕੀਤਾ ਹੈ ਕਿ ਉਹ ਉਨ੍ਹਾਂ ਲੋਕਾਂ ਨਾਲ ਬਹੁਤ ਨਾਰਾਜ਼ ਹੈ।” 8 ਇਸ ਲਈ ਨੇਰੀਆਹ ਦੇ ਪੁੱਤਰ ਬਾਰੂਕ ਨੇ ਉਹ ਹਰ ਗੱਲ ਕੀਤੀ ਜਿਹੜੀ ਨਬੀ ਯਿਰਮਿਯਾਹ ਨੇ ਉਸ ਨੂੰ ਕਰਨ ਲਈ ਆਖੀ ਸੀ। ਬਾਰੂਕ ਨੇ ਉਹ ਪੱਤਰੀ ਉੱਚੀ ਆਵਾਜ਼ ਵਿੱਚ ਪੜ੍ਹ ਕੇ ਸੁਣਾਈ ਜਿਸ ਉੱਤੇ ਯਹੋਵਾਹ ਦੇ ਸੰਦੇਸ਼ ਲਿਖੇ ਹੋਏ ਸਨ। ਉਸ ਨੇ ਇਸ ਨੂੰ ਯਹੋਵਾਹ ਦੇ ਮੰਦਰ ਵਿੱਚ ਪੜ੍ਹ ਕੇ ਸੁਣਾਇਆ।
9 ਯਹੋਯਾਕੀਮ ਦੇ ਰਾਜਕਾਲ ਦੇ ਪੰਦਰ੍ਹਵੇਂ ਵਰ੍ਹੇ ਦਾ ਨੌਵਾਂ ਮਹੀਨਾ ਸੀ ਜਦੋਂ ਇੱਕ ਰੋਜ਼ੇ ਦਾ ਐਲਾਨ ਹੋਇਆ। ਉਹ ਸਾਰੇ ਲੋਕ ਜਿਹੜੇ ਯਰੂਸ਼ਲਮ ਵਿੱਚ ਰਹਿੰਦੇ ਸਨ ਅਤੇ ਹਰ ਕੋਈ ਜਿਹੜਾ ਯਹੂਦਾਹ ਦੇ ਕਸਬਿਆਂ ਵਿੱਚੋਂ ਯਰੂਸ਼ਲਮ ਆਇਆ ਸੀ ਸਾਰਿਆਂ ਨੂੰ ਯਹੋਵਾਹ ਅੱਗੇ ਵਰਤ ਰੱਖਣਾ ਚਾਹੀਦਾ ਸੀ। 10 ਉਸ ਸਮੇਂ, ਬਾਰੂਕ ਨੇ ਉਹ ਪੱਤਰੀ ਪੜ੍ਹੀ ਜਿਸ ਵਿੱਚ ਯਿਰਮਿਯਾਹ ਦੇ ਸ਼ਬਦ ਸ਼ਾਮਿਲ ਸਨ। ਉਸ ਨੇ ਪੱਤਰੀ ਨੂੰ ਯਹੋਵਾਹ ਦੇ ਮੰਦਰ ਵਿੱਚ ਪੜ੍ਹਿਆ। ਬਾਰੂਕ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਪੱਤਰੀ ਪੜ੍ਹਕੇ ਸੁਣਾਈ ਜਿਹੜੇ ਯਹੋਵਾਹ ਦੇ ਮੰਦਰ ਵਿੱਚ ਸਨ। ਬਾਰੂਕ ਨੇ ਜਦੋਂ ਪੱਤਰੀ ਪੜ੍ਹ ਕੇ ਸੁਣਾਈ ਤਾਂ ਉਹ ਉੱਪਰ ਵਰਾਂਡੇ ਵਿੱਚ ਗਮਰਯਾਹ ਦੇ ਕਮਰੇ ਅੰਦਰ ਸੀ। ਇਹ ਕਮਰਾ ਮੰਦਰ ਦੇ ਨਵੇਂ ਦਰਵਾਜ਼ੇ ਦੇ ਪ੍ਰਵੇਸ਼ ਦੇ ਨੇੜੇ ਸੀ। ਗਮਰਯਾਹ ਸ਼ਾਫ਼ਾਨ ਦਾ ਪੁੱਤਰ ਸੀ। ਗਮਰਯਾਹ ਮੰਦਰ ਦਾ ਲਿਖਾਰੀ ਸੀ।
ਪੌਲੁਸ-ਲੁਸਤ੍ਰਾ ਅਤੇ ਦਰਬੇ ਵਿੱਚ
8 ਲੁਸਤ੍ਰਾ ਵਿੱਚ ਇੱਕ ਆਦਮੀ ਸੀ ਜਿਸਦੇ ਪੈਰ ਵਿੱਚ ਕੋਈ ਤਕਲੀਫ਼ ਸੀ। ਉਹ ਜਮਾਂਦਰੂ ਹੀ ਲੰਗੜਾ ਸੀ, ਉਸ ਨੇ ਕਦੇ ਚੱਲ ਕੇ ਨਹੀਂ ਸੀ ਵੇਖਿਆ। 9 ਇਹ ਆਦਮੀ ਉੱਥੇ ਬੈਠਾ ਪੌਲੁਸ ਦੇ ਬਚਨ ਸੁਣ ਰਿਹਾ ਸੀ ਤਾਂ ਪੌਲੁਸ ਨੇ ਉਸ ਨੂੰ ਵੇਖਿਆ ਤੇ ਮਹਿਸੂਸ ਕੀਤਾ ਕਿ ਉਸ ਆਦਮੀ ਨੂੰ ਵਿਸ਼ਵਾਸ ਹੈ ਕਿ ਪਰਮੇਸ਼ੁਰ ਉਸ ਨੂੰ ਰਾਜ਼ੀ ਕਰ ਸੱਕਦਾ ਹੈ 10 ਇਸ ਲਈ ਪੌਲੁਸ ਉੱਚੀ ਬੋਲਿਆ, “ਆਪਣੇ ਪੈਰਾਂ ਤੇ ਖਲੋ ਜਾ।” ਉਹ ਆਦਮੀ ਉੱਥੋਂ ਕੁਦਿਆ ਅਤੇ ਉਸ ਨੇ ਆਸ-ਪਾਸ ਚੱਲਣਾ ਸ਼ੁਰੂ ਕਰ ਦਿੱਤਾ।
11 ਜਦੋਂ ਲੋਕਾਂ ਨੇ ਪੌਲੁਸ ਨੂੰ ਅਜਿਹਾ ਕਰਦਿਆਂ ਵੇਖਿਆ ਤਾਂ ਉਹ ਲੁਕਾਉਣਿਯਾ ਦੀ ਆਪਣੀ ਭਾਸ਼ਾ ਵਿੱਚ ਚਿਲਾਉਣ ਲੱਗੇ, “ਦੇਵਤੇ ਮਾਨਵ ਦਾ ਰੂਪ ਧਾਰਕੇ ਸਾਡੇ ਕੋਲ ਆਏ ਹਨ।” 12 ਲੋਕਾਂ ਨੇ ਬਰਨਬਾਸ ਨੂੰ ਦਿਓਸ ਅਤੇ ਪੌਲੁਸ ਨੂੰ “ਹਰਮੇਸ” [a] ਨਾਉਂ ਨਾਲ ਬੁਲਾਉਣਾ ਸ਼ੁਰੂ ਕੀਤਾ ਇਸ ਲਈ ਕਿਉਂਕਿ ਇਹ ਬਚਨ ਕਰਨ ਵਿੱਚ ਆਗੂ ਸੀ। 13 ਦਿਓਸ [b] ਦਾ ਮੰਦਰ ਸ਼ਹਿਰ ਦੇ ਕੋਲ ਹੀ ਸੀ। ਇਸ ਮੰਦਰ ਦਾ ਜਾਜਕ ਕੁਝ ਬਲਦ ਅਤੇ ਫ਼ੁੱਲ ਸ਼ਹਿਰ ਦੇ ਫ਼ਾਟਕਾਂ ਤੇ ਲਿਆਇਆ। ਉਹ ਲੋਕ ਪੌਲੁਸ ਅਤੇ ਬਰਨਬਾਸ ਨੂੰ ਬਲੀਆਂ ਦੇਣਾ ਚਾਹੁੰਦੇ ਸਨ।
14 ਪਰ ਜਦੋਂ ਪੌਲੁਸ ਅਤੇ ਬਰਨਬਾਸ ਰਸੂਲਾਂ ਨੇ ਇਹ ਸੁਣਿਆ ਤਾਂ ਉਨ੍ਹਾਂ ਆਪਣੇ ਵਸਤਰ ਪਾੜੇ ਅਤੇ ਲੋਕਾਂ ਵਿੱਚ ਬਾਹਰ ਨੂੰ ਦੌੜ ਪਏ ਅਤੇ ਉੱਚੀ-ਉੱਚੀ ਚਿਲਾਉਣ ਲੱਗ ਪਏ, 15 “ਹੇ ਪੁਰੱਖੋ। ਤੁਸੀਂ ਇਹ ਕਿਉਂ ਕਰ ਰਹੇ ਹੋ? ਅਸੀਂ ਦੇਵਤੇ ਨਹੀਂ ਹਾਂ। ਅਸੀਂ ਤੁਹਾਡੇ ਹੀ ਵਰਗੇ ਮਨੁੱਖ ਹਾਂ। ਅਸੀਂ ਇੱਥੇ ਤੁਹਾਨੂੰ ਖੁਸ਼ਖਬਰੀ ਦੱਸਣ ਆਏ ਹਾਂ ਕਿ ਤੁਹਾਨੂੰ ਇਨ੍ਹਾਂ ਵਿਅਰਥ ਗੱਲਾਂ ਤੋਂ ਜਿਉਂਦੇ ਸੱਚੇ ਪਰਮੇਸ਼ੁਰ ਵੱਲ ਪਰਤਣਾ ਚਾਹੀਦਾ ਹੈ। ਉਹੀ ਹੈ ਜਿਸਨੇ ਅਕਾਸ਼ ਸਿਰਜਿਆ ਹੈ, ਧਰਤੀ, ਸਮੁੰਦਰ ਅਤੇ ਉਸ ਸਾਰੀ ਸ੍ਰਿਸ਼ਟੀ ਵਿੱਚ ਜੀਵਨ ਸਿਰਜਿਆ ਹੈ।
16 “ਪਿੱਛਲੇ ਸਮਿਆਂ ਵਿੱਚ ਪਰਮੇਸ਼ੁਰ ਨੇ ਕੌਮਾਂ ਨੂੰ ਉਹ ਕਰਨ ਦਿੱਤਾ ਜੋ ਉਨ੍ਹਾਂ ਨੇ ਚਾਹਾ। 17 ਪਰ ਪਰਮੇਸ਼ੁਰ ਨੇ ਉਹ ਕਾਰਜ ਕੀਤੇ ਜੋ ਦਿਖਾਉਂਦੇ ਹਨ ਕਿ ਉਹ ਮੌਜੂਦ ਹੈ। ਉਸ ਨੇ ਤੁਹਾਡੇ ਲਈ ਹਮੇਸ਼ਾ ਚੰਗੀਆਂ ਗੱਲਾਂ ਕੀਤੀਆਂ। ਉਸ ਨੇ ਅਕਾਸ਼ ਤੋਂ ਤੁਹਾਡੇ ਲਈ ਬਰੱਖਾ ਕੀਤੀ ਅਤੇ ਸਹੀ ਵਕਤ ਤੇ ਫ਼ਸਲਾਂ ਦਿੱਤੀਆਂ। ਉਹ ਤੁਹਾਨੂੰ ਖਾਣ ਲਈ ਬੇਸ਼ੁਮਾਰ ਅਨਾਜ ਦਿੰਦਾ ਹੈ ਅਤੇ ਤੁਹਾਡੇ ਦਿਲ ਖੁਸ਼ੀਆਂ ਨਾਲ ਭਰਪੂਰ ਰੱਖਦਾ ਹੈ।”
18 ਪੌਲੁਸ ਅਤੇ ਬਰਨਬਾਸ ਨੇ ਉਨ੍ਹਾਂ ਨੂੰ ਇਹ ਗੱਲਾਂ ਕਹੀਆਂ, ਪਰ ਉਹ ਬੜੀ ਮੁਸ਼ਕਿਲ ਨਾਲ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਲਈ ਬਲੀਆਂ ਦੇਣ ਤੋਂ ਰੋਕ ਸੱਕੇ।
ਸ਼ਮਊਨ ਫ਼ਰੀਸੀ
36 ਫ਼ਿਰ ਫ਼ਰੀਸੀਆਂ ਵਿੱਚੋਂ ਇੱਕ ਨੇ ਬੇਨਤੀ ਕੀਤੀ ਕਿ ਉਹ ਉਸ ਨਾਲ ਰੋਟੀ ਖਾਵੇ। ਤਾਂ ਯਿਸੂ ਉਸ ਫ਼ਰੀਸੀ ਨਾਲ ਉਸ ਦੇ ਘਰ ਜਾਕੇ ਖਾਣੇ ਦੀ ਮੇਜ ਤੇ ਬੈਠਾ।
37 ਉਸ ਨਗਰ ਵਿੱਚ ਇੱਕ ਪਾਪਣ ਔਰਤ ਸੀ ਅਤੇ ਉਹ ਜਾਣਦੀ ਸੀ ਕਿ ਯਿਸੂ ਇੱਕ ਫ਼ਰੀਸੀ ਦੇ ਘਰ ਭੋਜਨ ਖਾ ਰਿਹਾ ਸੀ, ਤਾਂ ਉਹ ਇੱਕ ਸੰਗਮਰਮਰ ਦੀ ਸ਼ੀਸ਼ੀ ਵਿੱਚ ਅਤਰ ਲਿਆਈ। 38 ਉਹ ਯਿਸੂ ਦੇ ਚਰਨਾਂ ਕੋਲ ਖੜ੍ਹੀ ਸੀ ਅਤੇ ਰੋ ਰਹੀ ਸੀ। ਉਸ ਨੇ ਆਪਣੇ ਹੰਝੂਆਂ ਨਾਲ ਉਸ ਦੇ ਪੈਰ ਗਿੱਲੇ ਕਰਨੇ ਸ਼ੁਰੂ ਕਰ ਦਿੱਤੇ, ਅਤੇ ਆਪਣੇ ਵਾਲਾਂ ਦੇ ਨਾਲ ਯਿਸੂ ਦੇ ਪੈਰਾਂ ਨੂੰ ਪੂੰਝਿਆ ਅਤੇ ਸੁਕਾਇਆ। ਉਸ ਨੇ ਕਿੰਨੀ ਵਾਰ ਉਸ ਦੇ ਪੈਰਾਂ ਨੂੰ ਚੁੰਮਿਆ ਅਤੇ ਫ਼ਿਰ ਉਸ ਦੇ ਪੈਰਾਂ ਤੇ ਅਤਰ ਮਲ ਦਿੱਤਾ।
39 ਜਿਸ ਫ਼ਰੀਸੀ ਨੇ ਯਿਸੂ ਨੂੰ ਆਪਣੇ ਘਰ ਭੋਜਨ ਲਈ ਬੁਲਾਇਆ ਸੀ ਉਸ ਨੇ ਇਹ ਸਭ ਵੇਖਿਆ ਤਾਂ ਆਪਣੇ ਮਨ ਵਿੱਚ ਸੋਚਿਆ, “ਜੇਕਰ ਇਹ ਆਦਮੀ (ਯਿਸੂ) ਨਬੀ ਹੁੰਦਾ ਤਾਂ ਜਿਹੜੀ ਔਰਤ ਇਸਦੇ ਪੈਰ ਛੂਹ ਰਹੀ ਹੈ, ਉਸ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਉਹ ਇੱਕ ਪਾਪਣ ਔਰਤ ਹੈ।”
40 ਯਿਸੂ ਨੇ ਫ਼ਰੀਸੀ ਨੂੰ ਆਖਿਆ, “ਸ਼ਮਊਨ! ਮੈਂ ਤੈਨੂੰ ਕੁਝ ਆਖਣਾ ਹੈ।”
ਸ਼ਮਊਨ ਨੇ ਕਿਹਾ, “ਗੁਰੂ! ਤੁਸੀਂ ਮੈਨੂੰ ਕੀ ਆਖਣਾ ਚਾਹੁੰਦੇ ਹੋ?”
41 ਯਿਸੂ ਨੇ ਆਖਿਆ: “ਦੋ ਆਦਮੀ ਸਨ। ਦੋਵੇ ਹੀ ਇੱਕੇ ਹੀ ਸਾਹੂਕਾਰ ਦੇ ਦੇਣਦਾਰ ਸਨ। ਇੱਕ ਬੰਦਾ ਸਹੂਕਾਰ ਨੂੰ 500 ਚਾਂਦੀ ਦੇ ਸਿੱਕਿਆਂ ਦਾ ਦੇਣਦਾਰ ਸੀ ਅਤੇ ਦੂਜਾ ਆਦਮੀ ਸਾਹੂਕਾਰ ਨੂੰ 50 ਚਾਂਦੀ ਦੇ ਸਿੱਕਿਆਂ ਦਾ ਦੇਣਦਾਰ ਸੀ। 42 ਦੋਨਾਂ ਹੀ ਆਦਮੀਆਂ ਕੋਲ ਪੈਸੇ ਨਹੀਂ ਸਨ, ਇਸ ਲਈ ਉਹ ਆਪਣਾ ਕਰਜਾ ਨਾ ਦੇ ਸੱਕੇ। ਪਰ ਸਾਹੂਕਾਰ ਨੇ ਦੋਹਾਂ ਆਦਮੀਆਂ ਨੂੰ ਆਖਿਆ ਉਨ੍ਹਾਂ ਨੂੰ ਆਪਣਾ ਕਰਜ ਦੇਣ ਦੀ ਕੋਈ ਲੋੜ ਨਹੀਂ। ਹੁਣ ਦੋਹਾਂ ਵਿੱਚੋਂ ਕਿਹੜਾ ਬੰਦਾ ਸਾਹੂਕਾਰ ਨੂੰ ਵੱਧ ਪਿਆਰ ਕਰੇਗਾ।”
43 ਸ਼ਮਊਨ ਨੇ ਕਿਹਾ, “ਮੇਰੇ ਖਿਆਲ ਵਿੱਚ ਉਹ ਵੱਧੀਕ ਪਿਆਰ ਕਰੇਗਾ ਜਿਸ ਨੂੰ ਉਸ ਨੇ ਜਿਆਦਾ ਧਨ ਬਖਸ਼ਿਆ।”
ਯਿਸੂ ਨੇ ਸ਼ਮਊਨ ਨੂੰ ਕਿਹਾ, “ਤੂੰ ਠੀਕ ਆਖ ਰਿਹਾ ਹੈ।” 44 ਫ਼ਿਰ ਯਿਸੂ ਉਸ ਔਰਤ ਵੱਲ ਪਰਤਿਆ ਅਤੇ ਸ਼ਮਊਨ ਨੂੰ ਆਖਣ ਲੱਗਾ, “ਤੂੰ ਇਸ ਔਰਤ ਨੂੰ ਵੇਖ ਰਿਹਾ ਹੈਂ? ਜਦੋਂ ਮੈਂ ਤੇਰੇ ਘਰ ਅੰਦਰ ਪ੍ਰਵੇਸ਼ ਕੀਤਾ ਤਾਂ ਤੂੰ ਮੇਰੇ ਪੈਰ ਧੋਣ ਲਈ ਪਾਣੀ ਨਾ ਦਿੱਤਾ ਪਰ ਉਸ ਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਧੋਤੇ ਅਤੇ ਆਪਣੇ ਵਾਲਾਂ ਨਾਲ ਉਨ੍ਹਾਂ ਨੂੰ ਸੁਕਾਇਆ। 45 ਤੂੰ ਮੈਨੂੰ ਨਹੀਂ ਚੁੰਮਿਆ ਪਰ ਜਦੋਂ ਹੀ ਮੈਂ ਅੰਦਰ ਆਇਆ ਤਦ ਤੋਂ ਉਹ ਮੇਰੇ ਪੈਰਾਂ ਨੂੰ ਚੁੰਮਦੀ ਰਹੀ। 46 ਤੂੰ ਮੇਰਾ ਸਿਰ ਤੇਲ ਨਾਲ ਨਹੀਂ ਝਸਿਆ ਪਰ ਉਸ ਨੇ ਅਤਰ ਨਾਲ ਮੇਰੇ ਪੈਰ ਮਲੇ। 47 ਇਸ ਲਈ, ਮੈਂ ਤੁਹਾਨੂੰ ਦੱਸਦਾ ਹਾਂ ਕਿ ਉਸਦਾ ਅਨੰਦ ਪਿਆਰ ਇਹ ਦਰਸ਼ਾਉਂਦਾ ਹੈ ਕਿ ਉਸ ਦੇ ਬਹੁਤ ਸਾਰੇ ਪਾਪ ਮਾਫ਼ ਹੋ ਗਏ ਹਨ। ਪਰ ਉਹ, ਜਿਸਦੇ ਥੋੜੇ ਪਾਪ ਮਾਫ਼ ਹੋਏ ਹਨ, ਘੱਟ ਪਿਆਰ ਕਰਦਾ ਹੈ।”
48 ਫ਼ਿਰ ਯਿਸੂ ਨੇ ਉਸ ਔਰਤ ਨੂੰ ਆਖਿਆ, “ਤੇਰੇ ਪਾਪ ਬਖਸ਼ੇ ਗਏ ਹਨ।”
49 ਖਾਣੇ ਦੀ ਮੇਜ ਦੇ ਆਸ-ਪਾਸ ਬੈਠੇ ਲੋਕ ਆਪਣੇ ਮਨ ਵਿੱਚ ਸੋਚਣ ਲੱਗੇ ਕਿ, “ਇਹ ਕੌਣ ਆਦਮੀ ਹੈ ਜੋ ਪਾਪ ਵੀ ਮਾਫ਼ ਕਰ ਸੱਕਦਾ ਹੈ?”
50 ਯਿਸੂ ਨੇ ਉਸ ਔਰਤ ਨੂੰ ਕਿਹਾ, “ਤੇਰੀ ਵਿਸ਼ਵਾਸ ਨੇ ਤੈਨੂੰ ਤੇਰੇ ਪਾਪਾਂ ਤੋਂ ਬਚਾਇਆ ਹੈ, ਜਾਂ ਸ਼ਾਂਤੀ ਨਾਲ ਚਲੀ ਜਾ।”
2010 by World Bible Translation Center