Book of Common Prayer
137 ਅਸੀਂ ਬੇਬੀਲੋਨ ਦੇ ਦਰਵਾਜਿਆਂ ਦੇ ਕੰਢੇ ਬੈਠੇ ਸਾਂ
ਅਤੇ ਅਸੀਂ ਸੀਯੋਨ ਨੂੰ ਯਾਦ ਕਰਕੇ ਰੋਂਦੇ ਸਾਂ।
2 ਅਸੀਂ ਆਪਣੇ ਰਬਾਬ ਨੇੜੇ ਦੇ ਚਿਨਾਰ ਦੇ ਰੁੱਖਾਂ ਉੱਤੇ ਟੰਗ ਦਿੱਤੇ।
3 ਬੇਬੀਲੋਨ ਵਿੱਚ ਜਿਨ੍ਹਾਂ ਲੋਕਾਂ ਨੇ ਸਾਨੂੰ ਫ਼ੜਿਆ ਸੀ, ਸਾਨੂੰ ਗਾਉਣ ਲਈ ਆਖਿਆ।
ਉਨ੍ਹਾਂ ਨੇ ਸਾਨੂੰ ਖੁਸ਼ੀ ਭਰੇ ਗੀਤ ਗਾਉਣ ਲਈ ਆਖਿਆ।
ਉਨ੍ਹਾਂ ਨੇ ਸਾਨੂੰ ਸੀਯੋਨ ਬਾਰੇ ਗੀਤ ਗਾਉਣ ਲਈ ਆਖਿਆ।
4 ਪਰ ਅਸੀਂ ਬੇਗਾਨੇ ਦੇਸ਼ ਵਿੱਚ ਯਹੋਵਾਹ
ਦੇ ਗੀਤ ਨਹੀਂ ਗਾ ਸੱਕਦੇ।
5 ਹੇ ਯਰੂਸ਼ਲਮ, ਜੇ ਮੈਂ ਕਦੇ ਤੈਨੂੰ ਭੁੱਲ ਜਾਵਾਂ।
ਮੈਨੂੰ ਆਸ ਹੈ ਕਿ ਫ਼ਿਰ ਮੈਂ ਕਦੇ ਵੀ ਨਹੀਂ ਗੁਆਚਾਂਗਾ।
6 ਹੇ ਯਰੂਸ਼ਲਮ, ਜੇ ਮੈਂ ਕਦੀ ਤੈਨੂੰ ਭੁੱਲ ਜਾਵਾਂ,
ਮੈਨੂੰ ਫ਼ੇਰ ਕਦੀ ਵੀ ਗੀਤ ਨਾ ਗਾਉਣ ਦੇਵੀ।
7 ਮੈਂ ਇਕਰਾਰ ਕਰਦਾ ਹਾਂ ਯਰੂਸ਼ਲਮ ਹੀ ਸਦਾ
ਮੇਰੀ ਸਭ ਤੋਂ ਵੱਡੀ ਖੁਸ਼ੀ ਹੋਵੇਗੀ।
8 ਬੇਬੀਲੋਨ, ਤੂੰ ਤਬਾਹ ਹੋ ਜਾਵੇਗਾ,
ਉਸ ਬੰਦੇ ਨੂੰ ਅਸੀਸ ਦੇ, ਜਿਹੜਾ ਤੈਨੂੰ ਦੰਡ ਦਿੰਦਾ ਹੈ, ਜਿਸ ਦਾ ਤੂੰ ਅਧਿਕਾਰੀ ਹੈਂ।
ਉਸ ਬੰਦੇ ਨੂੰ ਅਸੀਸ ਦੇ ਜਿਹੜਾ ਤੈਨੂੰ ਦੁੱਖ ਦਿੰਦਾ ਹੈ।
ਜਿਵੇਂ ਤੂੰ ਸਾਨੂੰ ਦੁੱਖ ਦਿੰਦਾ ਹੈ।
9 ਉਸ ਬੰਦੇ ਨੂੰ ਅਸੀਸ ਦੇ ਜਿਹੜਾ ਤੇਰੇ ਬੱਚਿਆਂ ਨੂੰ ਫ਼ੜ ਲੈਂਦਾ ਹੈ।
ਅਤੇ ਉਨ੍ਹਾਂ ਨੂੰ ਚੱਟਾਨ ਉੱਤੇ ਪਟਕਾ ਮਾਰਦਾ ਹੈ।
ਦਾਊਦ ਦਾ ਇੱਕ ਗੀਤ।
144 ਯਹੋਵਾਹ ਮੇਰੀ ਚੱਟਾਨ ਹੈ,
ਯਹੋਵਾਹ ਨੂੰ ਅਸੀਸ ਦਿਉ।
ਯਹੋਵਾਹ ਮੈਨੂੰ ਯੁੱਧ ਲਈ ਤਿਆਰ ਕਰਦਾ ਹੈ।
ਯਹੋਵਾਹ ਲੜਾਈ ਲਈ ਮੈਨੂੰ ਸਿਖਲਾਈ ਦਿੰਦਾ ਹੈ।
2 ਯਹੋਵਾਹ ਮੈਨੂੰ ਪਿਆਰ ਕਰਦਾ ਹੈ ਅਤੇ ਮੇਰੀ ਰੱਖਿਆ ਕਰਦਾ ਹੈ।
ਯਹੋਵਾਹ ਹੀ ਉੱਚੇ ਪਹਾੜਾ ਵਿੱਚ ਮੇਰਾ ਸੁਰੱਖਿਅਤ ਸਥਾਨ ਹੈ।
ਯਹੋਵਾਹ ਮੈਨੂੰ ਬਚਾਉਂਦਾ ਹੈ।
ਯਹੋਵਾਹ ਮੇਰੀ ਢਾਲ ਹੈ।
ਮੈਨੂੰ ਉਸ ਉੱਤੇ ਵਿਸ਼ਵਾਸ ਹੈ।
ਆਪਣੇ ਉੱਤੇ ਰਾਜ ਕਰਨ ਵਿੱਚ ਯਹੋਵਾਹ ਮੇਰੀ ਮਦਦ ਕਰਦਾ ਹੈ।
3 ਯਹੋਵਾਹ, ਲੋਕੀ ਤੁਹਾਡੇ ਲਈ ਮਹੱਤਵਪੂਰਣ ਕਿਉਂ ਹਨ?
ਤੁਸੀਂ ਸਾਡੇ ਵੱਲ ਧਿਆਨ ਵੀ ਕਿਉਂ ਦਿੰਦੇ ਹੋ?
4 ਇੱਕ ਬੰਦੇ ਦਾ ਜੀਵਨ ਹਵਾ ਦੇ ਬੁੱਲੇ ਵਰਗਾ ਹੈ।
ਇੱਕ ਬੰਦੇ ਦਾ ਜੀਵਨ ਲੰਘਦੇ ਪਰਛਾਵੇਂ ਵਰਗਾ ਹੈ।
5 ਯਹੋਵਾਹ, ਆਕਾਸ਼ ਨੂੰ ਚੀਰ ਸੁੱਟੋ ਅਤੇ ਹੇਠਾ ਆਉ।
ਪਹਾੜਾਂ ਨੂੰ ਛੂਹ ਲਵੋ ਅਤੇ ਉਨ੍ਹਾਂ ਵਿੱਚੋਂ ਧੂੰਆਂ ਉੱਠਣ ਲੱਗੇਗਾ।
6 ਯਹੋਵਾਹ, ਬਿਜਲੀ ਭੇਜੋ ਅਤੇ ਮੇਰੇ ਦੁਸ਼ਮਣਾ ਨੂੰ ਭਜਾ ਦਿਉ।
ਆਪਣੇ “ਤੀਰ” ਛੱਡੋ ਅਤੇ ਉਨ੍ਹਾਂ ਨੂੰ ਭਜਾ ਦਿਉ।
7 ਯਹੋਵਾਹ, ਸਵਰਗ ’ਚੋਂ ਹੇਠਾ ਆਵੋ ਅਤੇ ਮੈਨੂੰ ਬਚਾ ਲਵੋ!
ਮੈਨੂੰ ਦੁਸ਼ਮਣਾ ਦੇ ਸਮੁੰਦਰ ਵਿੱਚ ਨਾ ਡੁੱਬਣ ਦੇਵੋ।
ਮੈਨੂੰ ਉਨ੍ਹਾਂ ਪਰਦੇਸੀਆ ਕੋਲੋਂ ਬਚਾਉ।
8 ਇਹ ਦੁਸ਼ਮਣ ਝੂਠੇ ਹਨ।
ਉਹ ਗੱਲਾਂ ਆਖਦੇ ਹਨ ਜਿਹੜੀਆਂ ਸੱਚ ਨਹੀਂ ਹਨ।
9 ਯਹੋਵਾਹ, ਮੈਂ ਤੁਹਾਡੇ ਕਰਿਸ਼ਮਿਆ ਬਾਰੇ ਇੱਕ ਨਵਾ ਗੀਤ ਗਾਵਾਂਗਾ।
ਮੈਂ ਤੁਹਾਡੀ ਉਸਤਤਿ ਕਰਾਂਗਾ ਅਤੇ ਦਸ ਤਾਰਾਂ ਵਾਲੀ ਸਾਰੰਗੀ ਵਜਾਵਾਂਗਾ।
10 ਯਹੋਵਾਹ ਰਾਜਿਆ ਦੀ ਮਦਦ ਉਨ੍ਹਾਂ ਦੀਆਂ ਲੜਾਈਆਂ ਜਿੱਤਣ ਵਿੱਚ ਕਰਦਾ ਹੈ।
ਯਹੋਵਾਹ ਨੇ ਆਪਣੇ ਸੇਵਕ ਦਾਊਦ ਨੂੰ ਉਸ ਦੇ ਦੁਸ਼ਮਣਾ ਦੀਆਂ ਤਲਵਾਰਾਂ ਕੋਲੋਂ ਬਚਾਇਆ।
11 ਮੈਨੂੰ ਇਨ੍ਹਾਂ ਵਿਦੇਸ਼ੀਆ ਕੋਲੋਂ ਬਚਾਉ।
ਇਹ ਦੁਸ਼ਮਣ ਝੂਠੇ ਹਨ।
ਉਹ ਉਹੀ ਗੱਲਾਂ ਕਰਦੇ ਹਨ ਜਿਹੜੀਆਂ ਸੱਚ ਨਹੀਂ ਹਨ।
12 ਸਾਡੇ ਜਵਾਨ ਪੁੱਤਰ ਮਜ਼ਬੂਤ ਰੱਖਾਂ ਵਰਗੇ ਹਨ।
ਸਾਡੀਆਂ ਧੀਆਂ ਮਹਿਲਾਂ ਦੀਆਂ ਖੂਬਸੂਰਤ ਸਜਾਵਟ ਵਰਗੀਆਂ ਹਨ।
13 ਸਾਡੇ ਅਨਾਜ ਦੇ ਕੋਠੇ ਸਭ ਤਰ੍ਹਾਂ ਦੀਆਂ ਫ਼ਸਲਾਂ ਨਾਲ ਭਰੇ ਹੋਏ ਹਨ।
ਸਾਡੇ ਖੇਤਾਂ ਵਿੱਚ ਹਜ਼ਾਰਾਂ ਹੀ ਭੇਡਾਂ ਹਨ।
14 ਸਾਡੇ ਫ਼ੌਜੀ ਸੁਰੱਖਿਅਤ ਹਨ ਕੋਈ ਵੀ ਦੁਸ਼ਮਣ
ਅੰਦਰ ਆਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ।
ਅਸੀਂ ਲੜਨ ਲਈ ਨਹੀਂ ਜਾ ਰਹੇ ਹਾਂ
ਸਾਡੀਆਂ ਗਲੀਆਂ ਵਿੱਚ ਲੋਕ ਨਹੀਂ ਚੀਖ ਰਹੇ ਹਨ।
15 ਇਸੇ ਤਰ੍ਹਾਂ, ਦੇ ਵੇਲਿਆਂ ਵਿੱਚ ਲੋਕ ਬਹੁਤ ਹੀ ਖੁਸ਼ ਹੁੰਦੇ ਹਨ
ਜੇ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹੋਵੇ ਲੋਕ ਬਹੁਤ ਹੀ ਖੁਸ਼ ਹੁੰਦੇ ਹਨ।
104 ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ।
ਮੇਰੇ ਯਹੋਵਾਹ ਪਰਮੇਸ਼ੁਰ ਤੁਸੀਂ ਬਹੁਤ ਮਹਾਨ ਹੋ।
ਤੁਸੀਂ ਮਹਿਮਾ ਅਤੇ ਮਾਨ ਨਾਲ ਕੱਜੇ ਹੋਏ ਹੋ।
2 ਤੁਸੀਂ ਨੂਰ ਨੂੰ ਪਹਿਨਦੇ ਹੋ ਜਿਵੇਂ ਕੋਈ ਚੋਲਾ ਪਹਿਨਦਾ ਹੈ।
ਤੁਸੀਂ ਅਕਾਸ਼ਾਂ ਨੂੰ ਪਰਦੇ ਵਾਂਗ ਖਿਲਾਰ ਦਿੱਤਾ ਹੈ।
3 ਹੇ ਪਰਮੇਸ਼ੁਰ ਤੁਸੀਂ ਆਪਣਾ ਘਰ ਉਨ੍ਹਾਂ ਤੋਂ ਉੱਪਰ ਬਣਾਇਆ।
ਤੁਸੀਂ ਮੋਟੇ ਬੱਦਲਾਂ ਦੀ ਰੱਥ ਵਾਂਗ ਵਰਤੋਂ ਕਰਦੇ ਹੋ
ਅਤੇ ਅਕਾਸ਼ ਦੇ ਆਰ-ਪਾਰ ਹਵਾ ਦੇ ਖੰਬਾਂ ਉੱਤੇ ਸਵਾਰੀ ਕਰਦੇ ਹੋ।
4 ਹੇ ਪਰਮੇਸ਼ੁਰ, ਤੁਸੀਂ ਆਪਣੇ ਦੂਤਾਂ ਨੂੰ ਹਵਾ ਦੇ ਵਾਂਗ
ਅਤੇ ਸੇਵਕਾਂ ਨੂੰ ਅੱਗ ਵਾਂਗ ਬਣਾਇਆ ਹੈ।
5 ਹੇ ਪਰਮੇਸ਼ੁਰ, ਤੁਸਾਂ ਧਰਤੀ ਨੂੰ ਇਸ ਦੀਆਂ ਬੁਨਿਆਦਾਂ ਉੱਤੇ ਉਸਾਰਿਆ।
ਤਾਂ ਜੋ ਇਹ ਕਦੇ ਵੀ ਤਬਾਹ ਨਾ ਹੋਵੇ।
6 ਤੁਸੀਂ ਇਸ ਨੂੰ ਕੰਬਲ ਵਾਂਗ ਪਾਣੀ ਨਾਲ ਢੱਕ ਦਿੱਤਾ ਹੈ।
ਪਾਣੀ ਨੇ ਪਰਬਤਾਂ ਨੂੰ ਢੱਕ ਲਿਆ ਸੀ।
7 ਪਰ ਤੁਸੀਂ ਹੁਕਮ ਦਿੱਤਾ ਅਤੇ ਪਾਣੀ ਦੂਰ-ਦੂਰ ਭੱਜਿਆ।
ਹੇ ਪਰਮੇਸ਼ੁਰ, ਤੁਸੀਂ ਗੁੱਸੇ ਨਾਲ ਪਾਣੀ ਉੱਤੇ ਗਜੇ ਅਤੇ ਪਾਣੀ ਤੁਹਾਥੋਂ ਦੂਰ ਭੱਜ ਉੱਠਿਆ।
8 ਪਾਣੀ ਪਰਬਤਾਂ ਤੋਂ ਹੇਠਾਂ ਵਾਦੀਆਂ ਵੱਲ ਵਗਿਆ
ਅਤੇ ਫ਼ੇਰ ਉਨ੍ਹਾਂ ਵੱਲ ਜਿਹੜੀਆਂ ਤੁਸੀਂ ਇਸ ਲਈ ਬਣਾਈਆਂ ਸਨ।
9 ਕਿਉਂਕਿ ਤੁਸੀਂ ਸਮੁੰਦਰਾਂ ਲਈ ਹਦ ਨਿਸ਼ਚਿਤ ਕਰ ਦਿੱਤੀ ਹੈ,
ਪਾਣੀ ਧਰਤੀ ਨੂੰ ਕੱਜਣ ਲਈ ਫ਼ੇਰ ਕਦੇ ਵੀ ਨਹੀਂ ਚੜ੍ਹੇਗਾ।
10 ਹੇ ਪਰਮੇਸ਼ੁਰ, ਤੁਸੀਂ ਪਾਣੀ ਨੂੰ ਚਸ਼ਮਿਆਂ ਤੋਂ ਨਦੀਆਂ ਵੱਲ ਵਗਣ ਲਾ ਦਿੰਦੇ ਹੋ।
ਇਹ ਪਾਣੀ ਨਦੀਆਂ ਵਿੱਚੋਂ ਵੱਗਦਾ ਹੈ।
11 ਨਦੀਆਂ ਸਮੂਹ ਜੰਗਲੀ ਜਾਨਵਰਾਂ ਨੂੰ ਪਾਣੀ ਦਿੰਦੀਆਂ ਹਨ।
ਅਵਾਰਾ ਖੋਤੇ ਵੀ ਇੱਥੇ ਪਾਣੀ ਪੀਣ ਲਈ ਆਉਂਦੇ ਹਨ।
12 ਜੰਗਲੀ ਪੰਛੀ ਵੀ ਇੱਥੇ ਤਲਾਵਾਂ ਉੱਤੇ ਰਹਿਣ ਲਈ ਆਉਂਦੇ ਹਨ।
ਉਹ ਨੇੜਲੇ ਰੁੱਖਾਂ ਦੀ ਟਹਿਣੀਆਂ ਵਿੱਚ ਗਾਉਂਦੇ ਹਨ।
13 ਪਰਮੇਸ਼ੁਰ ਹੇਠਾਂ ਪਹਾੜਾਂ ਉੱਪਰ ਵਰੱਖਾ ਭੇਜਦਾ ਹੈ।
ਸਾਰੀਆਂ ਚੀਜ਼ਾਂ ਜੋ ਪਰਮੇਸ਼ੁਰ ਨੇ ਬਣਾਈਆਂ ਧਰਤੀ ਨੂੰ ਆਪਣੀ ਲੋੜੀਦੀ ਹਰ ਸ਼ੈਅ ਪ੍ਰਦਾਨ ਕਰਦੀਆਂ ਹਨ।
14 ਪਰਮੇਸ਼ੁਰ ਪਸ਼ੂਆਂ ਨੂੰ ਭੋਜਨ ਦੇਣ ਲਈ ਘਾਹ ਉਗਾਉਂਦਾ ਹੈ।
ਉਹ ਸਾਨੂੰ ਪੌਦੇ ਦਿੰਦਾ ਹੈ ਜਿਨ੍ਹਾਂ ਨੂੰ ਅਸੀਂ ਉਗਾਉਂਦੇ ਹਾਂ।
ਉਹ ਪੌਦੇ ਸਾਨੂੰ ਧਰਤੀ ਵਿੱਚੋਂ ਭੋਜਨ ਦਿੰਦੇ ਹਨ।
15 ਪਰਮੇਸ਼ੁਰ ਸਾਨੂੰ ਦਾਖਰਸ ਦਿੰਦਾ ਹੈ ਜਿਹੜੀ ਸਾਨੂੰ ਪ੍ਰਸੰਨ ਕਰਦੀ ਹੈ।
ਤੇਲ ਜਿਹੜਾ ਸਾਡੀ ਚਮੜੀ ਨੂੰ ਨਰਮ ਬਣਾਉਂਦਾ
ਅਤੇ ਉਹ ਭੋਜਨ ਜਿਹੜਾ ਸਾਨੂੰ ਮਜ਼ਬੂਤ ਬਣਾਉਂਦਾ ਹੈ।
16 ਲਬਾਨੋਨ ਦੇ ਦੇਵਦਾਰ ਦੇ ਰੁੱਖ ਪਰਮੇਸ਼ੁਰ ਦੀ ਜ਼ਇਦਾਦ ਹਨ।
ਯਹੋਵਾਹ ਨੇ ਉਹ ਰੁੱਖ ਬੀਜੇ ਸਨ ਅਤੇ ਉਹ ਉਨ੍ਹਾਂ ਦੀ ਲੋੜ ਲਈ ਪਾਣੀ ਦਿੰਦਾ ਹੈ।
17 ਪੰਛੀ ਉਨ੍ਹਾਂ ਰੁੱਖਾਂ ਉੱਤੇ ਆਲ੍ਹਣੇ ਬਣਾਉਂਦੇ ਹਨ,
ਉਨ੍ਹਾਂ ਰੁੱਖਾਂ ਉੱਤੇ ਵੱਡੇ ਬਗਲੇ ਰਹਿੰਦੇ ਹਨ।
18 ਉੱਚੇ ਪਰਬਤ ਜੰਗਲੀ ਬਕਰਿਆਂ ਦੇ ਘਰ ਹਨ।
ਵੱਡੀਆਂ ਚੱਟਾਨਾਂ ਵਿੱਚ ਰਹਿਣ ਵਾਲੇ ਜੀਵਾਂ ਲਈ ਚੱਟਾਨਾਂ ਹੀ ਛੁਪਣਗਾਹਾਂ ਹਨ।
19 ਹੇ ਪਰਮੇਸ਼ੁਰ, ਤੁਸੀਂ ਸਾਨੂੰ ਇਹ ਸੂਚਿਤ ਕਰਨ ਲਈ ਚੰਨ ਦਿੱਤਾ ਹੈ ਕਿ ਤਿਉਹਾਰ ਕਦੋਂ ਸ਼ੁਰੂ ਹੋਵੇਗਾ।
ਅਤੇ ਸੂਰਜ ਜਾਣੇਗਾ ਕਿ ਕਦੋਂ ਛੁਪਣਾ ਹੈ।
20 ਤੁਸੀਂ ਹਨੇਰੇ ਨੂੰ ਰਾਤ ਬਣਾਇਆ
ਉਹ ਸਮਾਂ ਜਦੋਂ ਜੰਗਲੀ ਜਾਨਵਰ ਘੁੰਮਣ ਲਈ ਬਾਹਰ ਆਉਂਦੇ ਹਨ।
21 ਸ਼ੇਰ ਹਮਲਾ ਕਰਨ ਵੇਲੇ ਦਹਾੜਦੇ ਹਨ
ਜਿਵੇਂ ਉਹ ਪਰਮੇਸ਼ੁਰ ਕੋਲੋਂ ਭੋਜਨ ਮੰਗ ਰਹੇ ਹੋਣ ਜਿਹੜਾ ਉਹ ਉਨ੍ਹਾਂ ਨੂੰ ਦਿੰਦਾ ਹੈ।
22 ਫ਼ੇਰ ਸੂਰਜ ਚੜ੍ਹਦਾ ਹੈ,
ਅਤੇ ਜਾਨਵਰ ਅਰਾਮ ਕਰਨ ਲਈ ਵਾਪਸ ਆਪਣੇ ਘੋਰਨਿਆਂ ਵਿੱਚ ਜਾਂਦੇ ਹਨ।
23 ਫ਼ੇਰ ਲੋਕ ਕੰਮ ਕਰਨ ਲਈ ਬਾਹਰ ਜਾਂਦੇ ਹਨ
ਅਤੇ ਉਹ ਸ਼ਾਮ ਤੱਕ ਕੰਮ ਕਰਦੇ ਹਨ।
24 ਯਹੋਵਾਹ, ਤੁਸੀਂ ਅਨੇਕਾਂ ਚਮਤਕਾਰ ਕੀਤੇ ਹਨ।
ਧਰਤੀ ਉਨ੍ਹਾਂ ਚੀਜ਼ਾਂ ਨਾਲ ਭਰੀ ਪਈ ਹੈ ਜਿਹੜੀਆਂ ਤੁਸਾ ਸਾਜੀਆਂ ਸਨ।
ਅਸੀਂ ਹਰ ਚੀਜ਼ ਵਿੱਚ ਜੋ ਵੀ ਤੁਸੀਂ ਕਰਦੇ ਹੋ ਤੁਹਾਡੀ ਸਿਆਣਪ ਵੇਖਦੇ ਹਾਂ।
25 ਸਮੁੰਦਰ ਵੱਲ ਵੇਖੋ।
ਇਹ ਕਿੰਨਾ ਵੱਡਾ ਹੈ।
ਅਤੇ ਇਸ ਵਿੱਚ ਅਨੇਕਾਂ ਜੀਵ ਰਹਿੰਦੇ ਹਨ
ਇੱਥੇ ਛੋਟੇ ਅਤੇ ਵੱਡੇ ਅਣਗਿਣਤ ਜੀਵ ਰਹਿੰਦੇ ਹਨ।
26 ਸਮੁੰਦਰ ਉੱਤੇ ਜਹਾਜ਼ ਸਫ਼ਰ ਕਰਦੇ ਹਨ।
ਲਿਵਯਾਥਾਨ, ਸਮੁੰਦਰੀ ਜੀਵ ਜਿਹੜਾ ਤੁਸੀਂ ਸਾਜਿਆ,
ਸਮੁੰਦਰ ਵਿੱਚ ਖੇਡਦਾ ਹੈ।
27 ਹੇ ਪਰਮੇਸ਼ੁਰ, ਇਹ ਸਾਰੀਆਂ ਚੀਜ਼ਾਂ ਤੁਹਾਡੇ ਉੱਤੇ ਨਿਰਭਰ ਕਰਦੀਆਂ ਹਨ।
ਤੁਸੀਂ ਇਨ੍ਹਾਂ ਨੂੰ ਸਮੇਂ ਸਿਰ ਭੋਜਨ ਦਿੰਦੇ ਹੋ।
28 ਹੇ ਪਰਮੇਸ਼ੁਰ, ਤੁਸੀਂ ਸਮੂਹ ਜੀਵਾਂ ਨੂੰ ਉਨ੍ਹਾਂ ਦੇ ਖਾਣ ਯੋਗ ਭੋਜਨ ਦਿੰਦੇ ਹੋ।
ਤੁਸੀਂ ਚੰਗੇ ਭੋਜਨਾਂ ਨਾਲ ਭਰੇ ਹੋਏ ਤੁਹਾਡੇ ਹੱਥ ਖੋਲ੍ਹ ਦਿੰਦੇ ਹੋ ਅਤੇ ਰੱਜ ਜਾਣ ਤੀਕ ਖਾਣ ਦਿੰਦੇ ਹੋ।
29 ਜਦੋਂ ਤੁਸੀਂ ਉਨ੍ਹਾਂ ਕੋਲੋਂ ਆਪਣਾ ਮੂੰਹ ਮੋੜ ਲੈਂਦੇ ਹੋ,
ਉਹ ਭੈਭੀਤ ਹੋ ਜਾਂਦੇ ਹਨ।
ਜਦੋਂ ਵੀ ਤੁਸੀਂ ਉਨ੍ਹਾਂ ਦੇ ਸਾਹ ਕੱਢ ਲੈਂਦੇ ਹੋ।
ਉਹ ਕਮਜ਼ੋਰ ਬਣ ਜਾਂਦੇ ਹਨ।
ਅਤੇ ਉਨ੍ਹਾਂ ਦੇ ਸ਼ਰੀਰ ਫ਼ੇਰ ਤੋਂ ਖਾਕ ਹੋ ਜਾਂਦੇ ਹਨ।
30 ਪਰ, ਹੇ ਯਹੋਵਾਹ, ਜਦੋਂ ਤੁਸੀਂ ਆਪਣੀ ਆਤਮਾ ਉਨ੍ਹਾਂ ਵੱਲ ਭੇਜਦੇ ਹੋ।
ਉਹ ਸਿਹਤਮੰਦ ਬਣ ਜਾਂਦੇ ਹਨ।
ਅਤੇ ਤੁਸੀਂ ਇੱਕ ਵਾਰ ਫ਼ੇਰ ਧਰਤੀ ਨੂੰ ਨਵਾਂ ਨਕੋਰ ਬਣਾ ਦਿੰਦੇ ਹੋ।
31 ਯਹੋਵਾਹ ਦੀ ਮਹਿਮਾ ਸਦਾ ਲਈ ਚਮਕੇ
ਯਹੋਵਾਹ ਉਨ੍ਹਾਂ ਚੀਜ਼ਾਂ ਦਾ ਆਨੰਦ ਮਾਣੇ ਜੋ ਉਸ ਨੇ ਸਾਜੀਆਂ ਹਨ।
32 ਯਹੋਵਾਹ ਸਿਰਫ਼ ਧਰਤੀ ਵੱਲ ਵੇਖਦਾ ਹੈ
ਅਤੇ ਇਹ ਕੰਬਣ ਲੱਗ ਜਾਂਦੀ ਹੈ।
ਉਹ ਪਹਾੜਾਂ ਨੂੰ ਛੂੰਹਦਾ ਹੈ
ਅਤੇ ਉਨ੍ਹਾਂ ਤੋਂ ਧੂੰਆਂ ਉੱਠਣ ਲੱਗੇਗਾ।
33 ਮੈਂ ਉਮਰ ਭਰ ਯਹੋਵਾਹ ਦੇ ਗੀਤ ਗਾਵਾਂਗਾ।
ਮੈਂ ਯਹੋਵਾਹ ਦੀ ਉਸਤਤਿ ਉਦੋਂ ਤੱਕ ਗਾਵਾਂਗਾ ਜਦੋਂ ਤੱਕ ਮੈਂ ਜਿਉਂਦਾ ਹਾਂ।
34 ਮੈਨੂੰ ਆਸ ਹੈ ਕਿ ਇਹ ਸ਼ਬਦ, ਜਿਹੜੇ ਮੈਂ ਆਖੇ ਹਨ ਉਸ ਨੂੰ ਪ੍ਰਸੰਨ ਕਰਨਗੇ।
ਮੈਂ ਯਹੋਵਾਹ ਨਾਲ ਖੁਸ਼ ਹਾਂ।
35 ਪਾਪੀਆਂ ਨੂੰ ਧਰਤੀ ਤੋਂ ਖਤਮ ਹੋ ਜਾਣ ਦਿਉ।
ਬੁਰੇ ਲੋਕਾਂ ਨੂੰ ਇੱਥੋਂ ਸਦਾ ਲਈ ਦੂਰ ਚੱਲੇ ਜਾਣ ਦਿਉ।
ਹੇ ਮੇਰੀ ਰੂਹ, ਯਹੋਵਾਹ ਦੀ ਉਸਤਤਿ ਕਰ।
ਯਹੋਵਾਹ ਦੀ ਉਸਤਤਿ ਕਰ।
ਰੇਕਾਬੀ ਪਰਿਵਾਰ ਦੀ ਚੰਗੀ ਮਿਸਾਲ
35 ਉਸ ਸਮੇਂ ਜਦੋਂ ਯਹੋਯਾਕੀਮ ਯਹੂਦਾਹ ਦਾ ਰਾਜਾ ਸੀ, ਯਿਰਮਿਯਾਹ ਨੂੰ ਯਹੋਵਾਹ ਵੱਲੋਂ ਸੰਦੇਸ਼ ਮਿਲਿਆ। ਯਹੋਯਾਕੀਮ ਰਾਜੇ ਯੋਸ਼ੀਯਾਹ ਦਾ ਪੁੱਤਰ ਸੀ। ਯਹੋਵਾਹ ਵੱਲੋਂ ਇਹ ਸੰਦੇਸ਼ ਸੀ: 2 “ਯਿਰਮਿਯਾਹ, ਰੇਕਾਬੀ ਪਰਿਵਾਰ ਕੋਲ ਜਾਹ। ਉਨ੍ਹਾਂ ਨੂੰ ਯਹੋਵਾਹ ਦੇ ਮੰਦਰ ਦੇ ਵੱਖੀ ਵਾਲੇ ਪਾਸੇ ਦੇ ਕਿਸੇ ਕਮਰੇ ਵਿੱਚ ਆਉਣ ਦਾ ਸੱਦਾ ਦੇਵੀਂ। ਉਨ੍ਹਾਂ ਨੂੰ ਪੀਣ ਲਈ ਸ਼ਰਾਬ ਦੇਵੀਂ।”
3 ਇਸ ਲਈ ਮੈਂ ਯਅਜ਼ਨਯਾਹ ਨੂੰ ਲੈਣ ਲਈ ਗਿਆ। ਯਅਜ਼ਨਯਾਹ ਯਿਰਮਿਯਾਹ ਦਾ ਪੁੱਤਰ ਸੀ। ਯਿਰਮਿਯਾਹ ਹਬਸਿਨ੍ਨਯਾਹ ਦਾ ਪੁੱਤਰ ਸੀ। ਅਤੇ ਮੈਂ ਯਅਜ਼ਨਯਾਹ ਦੇ ਸਾਰੇ ਭਰਾਵਾਂ ਅਤੇ ਪੁੱਤਰਾਂ ਨੂੰ ਇਕੱਠਾ ਕਰ ਲੈ ਲਿਆ। ਮੈਂ ਰੇਕਾਬੀਆਂ ਦੇ ਪੂਰੇ ਪਰਿਵਾਰਾਂ ਨੂੰ ਇਕੱਠਾ ਕਰ ਲਿਆ। 4 ਫ਼ੇਰ ਮੈਂ ਰੇਕਾਬੀ ਪਰਿਵਾਰ ਨੂੰ ਯਹੋਵਾਹ ਦੇ ਮੰਦਰ ਵਿੱਚ ਲੈ ਗਿਆ। ਅਸੀਂ ਉਸ ਕਮਰੇ ਵਿੱਚ ਗਏ ਜਿਸ ਨੂੰ ਹਾਨਾਨ ਦੇ ਪੁੱਤਰ ਦਾ ਕਮਰਾ ਸੱਦਿਆ ਜਾਂਦਾ ਸੀ। ਹਾਨਾਹ ਯਿਗਦਲਯਾਹ ਨਾਂ ਦੇ ਇੱਕ ਬੰਦੇ ਦਾ ਪੁੱਤਰ ਸੀ। ਹਾਨਾਨ ਪਰਮੇਸ਼ੁਰ ਦਾ ਬੰਦਾ [a] ਸੀ। ਇਹ ਕਮਰੇ ਉਸ ਕਮਰੇ ਦੇ ਨਾਲ ਦਾ ਸੀ ਜਿੱਥੇ ਯਹੂਦਾਹ ਦੇ ਰਾਜਕੁਮਾਰ ਠਹਿਰਦੇ ਹਨ। ਇਹ ਸ਼ੱਲੁਮ ਦੇ ਪੁੱਤਰ ਮਆਸੇਯਾਹ ਦੇ ਕਮਰੇ ਦੇ ਉੱਪਰ ਸੀ। ਮਆਸੇਯਾਹ ਮੰਦਰ ਦਾ ਚੌਕੀਦਾਰ ਸੀ। 5 ਫ਼ੇਰ ਮੈਂ ਸ਼ਰਾਬ ਦੀਆਂ ਕੁਝ ਸੁਰਾਹੀਆਂ ਕੁਝ ਪਿਆਲਿਆਂ ਸਮੇਤ ਰੇਕਾਬੀ ਪਰਿਵਾਰ ਦੇ ਸਾਹਮਣੇ ਰੱਖ ਦਿੱਤੀਆਂ। ਅਤੇ ਮੈਂ ਉਨ੍ਹਾਂ ਨੂੰ ਆਖਿਆ, “ਬੋੜੀ ਜਿਹੀ ਸ਼ਰਾਬ ਪੀਵੋ।”
6 ਪਰ ਰੇਕਾਬੀ ਦੇ ਪਰਿਵਾਰ ਵਾਲਿਆਂ ਨੇ ਆਖਿਆ, “ਅਸੀਂ ਸ਼ਰਾਬ ਬਿਲਕੁਲ ਨਹੀਂ ਪੀਂਦੇ। ਅਸੀਂ ਇਹ ਕਦੇ ਨਹੀਂ ਪੀਤੀ ਕਿਉਂ ਕਿ ਸਾਡੇ ਪੁਰਖੇ ਯੋਨਾਦਾਬ ਸਪੁੱਤਰ ਰੇਕਾਬ ਨੇ ਸਾਨੂੰ ਇਹ ਆਦੇਸ਼ ਦਿੱਤਾ ਸੀ: ‘ਤੁਹਾਨੂੰ ਅਤੇ ਤੁਹਾਡੇ ਉਤਰਾਧਿਕਾਰੀਆਂ ਨੂੰ ਕਦੇ ਵੀ ਮੈ ਨਹੀਂ ਪੀਣੀ ਚਾਹੀਦੀ। 7 ਅਤੇ ਇਹ ਵੀ ਕਿ ਤੁਹਾਨੂੰ ਕਦੇ ਵੀ ਮਕਾਨ ਨਹੀਂ ਉਸਾਰਨੇ ਚਾਹੀਦੇ, ਬੀਜ ਨਹੀਂ ਬੀਜਣੇ ਚਾਹੀਦੇ ਜਾਂ ਅੰਗੂਰਾਂ ਦੇ ਬਗੀਚੇ ਨਹੀਂ ਲਗਾਉਣੇ ਚਾਹੀਦੇ। ਤੁਹਾਨੂੰ ਇਨ੍ਹਾਂ ਵਿੱਚੋਂ ਕੋਈ ਵੀ ਗੱਲ ਨਹੀਂ ਕਰਨੀ ਚਾਹੀਦੀ। ਤੁਹਾਨੂੰ ਸਿਰਫ਼ ਤੰਬੂਆਂ ਵਿੱਚ ਰਹਿਣਾ ਚਾਹੀਦਾ ਹੈ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਤੁਸੀਂ ਲੰਮੇ ਸਮੇਂ ਤੀਕ ਉਸ ਧਰਤੀ ਉੱਤੇ ਰਹੋਁਗੇ ਜਿੱਥੇ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਘੁੰਮਦੇ ਹੋ।’ 8 ਇਸ ਲਈ ਅਸੀਂ ਰੇਕਾਬੀਆਂ ਦੇ ਲੋਕਾਂ ਨੇ ਹਰ ਉਸ ਗੱਲ ਨੂੰ ਮੰਨਿਆ ਹੈ ਜਿਸਦਾ ਆਦੇਸ਼ ਸਾਡੇ ਪੁਰਖੇ ਯੋਨਾਦਾਬ ਨੇ ਸਾਡੇ ਲਈ ਕੀਤਾ ਸੀ। ਅਸੀਂ ਕਦੇ ਵੀ ਸ਼ਰਾਬ ਨਹੀਂ ਪੀਂਦੇ। ਅਤੇ ਸਾਡੀਆਂ ਪਤਨੀਆਂ, ਸਾਡੇ ਪੁੱਤਰ, ਅਤੇ ਧੀਆਂ ਵੀ ਕਦੇ ਸ਼ਰਾਬ ਨਹੀਂ ਪੀਂਦੇ। 9 ਅਸੀਂ ਕਦੇ ਵੀ ਰਹਿਣ ਲਈ ਮਕਾਨ ਨਹੀਂ ਬਣਾਉਂਦੇ। ਅਤੇ ਅਸੀਂ ਕਦੇ ਵੀ ਬਗੀਚਿਆਂ ਜਾਂ ਖੇਤਾਂ ਦੇ ਮਾਲਕ ਨਹੀਂ ਬਣਦੇ। ਅਤੇ ਅਸੀਂ ਕਦੇ ਫ਼ਸਲਾਂ ਨਹੀਂ ਬੀਜਦੇ।
10 “ਅਸੀਂ ਹਮੇਸ਼ਾ ਤੰਬੂਆਂ ਵਿੱਚ ਰਹੇ ਹਾਂ ਅਤੇ ਹਰ ਉਸ ਗੱਲ ਨੂੰ ਮੰਨਿਆ ਹੈ ਜਿਸ ਬਾਰੇ ਸਾਡੇ ਪੁਰਖੇ ਯੋਨਾਦਾਬ ਨੇ ਸਾਨੂੰ ਆਦੇਸ਼ ਦਿੱਤਾ ਸੀ। 11 ਪਰ ਜਦੋਂ ਬਾਬਲ ਦੇ ਰਾਜੇ ਨਬੂਕਦਨੱਸਰ ਨੇ ਯਹੂਦਾਹ ਦੇ ਦੇਸ਼ ਉੱਤੇ ਹਮਲਾ ਕੀਤਾ ਸੀ ਤਾਂ ਅਸੀਂ ਯਰੂਸ਼ਲਮ ਵਿੱਚ ਜ਼ਰੂਰ ਗਏ ਸੀ। ਅਸੀਂ ਇੱਕ ਦੂਜੇ ਨੂੰ ਆਖਿਆ ਸੀ, ‘ਆਓ ਅਸੀਂ ਯਰੂਸ਼ਲਮ ਦੇ ਸ਼ਹਿਰ ਵਿੱਚ ਜ਼ਰੂਰ ਦਾਖਲ ਹੋਈੇ ਤਾਂ ਜੋ ਅਸੀਂ ਬਾਬਲ ਦੀ ਫ਼ੌਜ ਅਤੇ ਆਰਾਮੀਆਂ ਦੀ ਫ਼ੌਜ ਕੋਲੋਂ ਬਚ ਸੱਕੀਏ।’ ਇਸ ਲਈ ਅਸੀਂ ਯਰੂਸ਼ਲਮ ਵਿੱਚ ਠਹਿਰ ਗਏ ਸਾਂ।”
12 ਫ਼ੇਰ ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ, 13 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, “ਯਿਰਮਿਯਾਹ, ਜਾਹ ਅਤੇ ਇਹ ਸੰਦੇਸ਼ ਯਹੂਦਾਹ ਦੇ ਬੰਦਿਆਂ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਦੱਸ: ਤੁਹਾਨੂੰ ਲੋਕਾਂ ਨੂੰ ਸਬਕ ਸਿਖਣਾ ਚਾਹੀਦਾ ਹੈ ਅਤੇ ਮੇਰੇ ਸੰਦੇਸ਼ ਨੂੰ ਮੰਨਣਾ ਚਾਹੀਦਾ ਹੈ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। 14 “ਰੇਕਾਬ ਦੇ ਪੁੱਤਰ ਯੋਨਾਦਾਬ ਨੇ ਆਪਣੇ ਪੁੱਤਰਾਂ ਨੂੰ ਸ਼ਰਾਬ ਨਾ ਪੀਣ ਦਾ ਹੁਕਮ ਕੀਤਾ ਅਤੇ ਉਹ ਆਦੇਸ਼ ਮੰਨਿਆ ਗਿਆ ਹੈ। ਅੱਜ ਦਿਨ ਤੀਕ ਯੋਨਾਦਾਬ ਦੇ ਉਤਰਾਧਿਕਾਰੀਆਂ ਨੇ ਆਪਣੇ ਪੁਰਖੇ ਦਾ ਆਦੇਸ਼ ਮੰਨਿਆ ਹੈ। ਉਹ ਸ਼ਰਾਬ ਨਹੀਂ ਪੀਂਦੇ। ਪਰ ਮੈਂ ਯਹੋਵਾਹ ਹਾਂ। ਅਤੇ ਮੈਂ ਯਹੂਦਾਹ ਦੇ ਤੁਸਾਂ ਲੋਕਾਂ ਨੂੰ ਬਾਰ-ਬਾਰ ਸੰਦੇਸ਼ ਦਿੱਤੇ ਹਨ ਪਰ ਤੁਸੀਂ ਮੇਰਾ ਹੁਕਮ ਨਹੀਂ ਮੰਨਿਆ। 15 ਮੈਂ ਆਪਣੇ ਸੇਵਕਾਂ, ਨਬੀਆਂ, ਨੂੰ ਇਸਰਾਏਲ ਅਤੇ ਯਹੂਦਾਹ ਦੇ ਤੁਸੀਂ ਲੋਕਾਂ ਕੋਲ ਭੇਜਿਆ। ਮੈਂ ਉਨ੍ਹਾਂ ਨੂੰ ਤੁਹਾਡੇ ਵੱਲ ਬਾਰ-ਬਾਰ ਭੇਜਿਆ। ਉਨ੍ਹਾਂ ਨਬੀਆਂ ਨੇ ਤੁਹਾਨੂੰ ਆਖਿਆ ਸੀ, ‘ਤੁਹਾਨੂੰ ਇਸਰਾਏਲ ਅਤੇ ਯਹੂਦਾਹ ਦੇ ਹਰ ਬੰਦੇ ਨੂੰ ਮੰਦੇ ਕੰਮ ਕਰਨੇ ਛੱਡ ਦੇਣੇ ਚਾਹੀਦੇ ਹਨ। ਤੁਹਾਨੂੰ ਨੇਕੀ ਹੀ ਕਰਨੀ ਚਾਹੀਦੀ ਹੈ। ਹੋਰਨਾਂ ਦੇਵਤਿਆਂ ਦੇ ਪਿੱਛੇ ਨਾ ਲੱਗੋ। ਉਨ੍ਹਾਂ ਦੀ ਉਪਾਸਨਾ ਜਾਂ ਸੇਵਾ ਨਾ ਕਰੋ। ਜੇ ਤੁਸੀਂ ਮੇਰਾ ਹੁਕਮ ਮੰਨੋਗੇ, ਤਾਂ ਤੁਸੀਂ ਉਸ ਧਰਤੀ ਉੱਤੇ ਵਸੋਗੇ ਜਿਹੜੀ ਮੈਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤੀ ਹੋਈ ਹੈ।’ ਪਰ ਤੁਸਾਂ ਲੋਕਾਂ ਨੇ ਮੇਰੇ ਸੰਦੇਸ਼ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ। 16 ਯੋਨਾਦਾਬ ਦੇ ਉਤਰਾਧਿਕਾਰੀਆਂ ਨੇ ਉਨ੍ਹਾਂ ਆਦੇਸ਼ਾਂ ਦਾ ਪਾਲਣ ਕੀਤਾ ਜਿਹੜੇ ਉਨ੍ਹਾਂ ਦੇ ਪੁਰਖੇ ਨੇ ਉਨ੍ਹਾਂ ਨੂੰ ਦਿੱਤੇ। ਪਰ ਯਹੂਦਾਹ ਦੇ ਲੋਕਾਂ ਨੇ ਮੇਰੀ ਗੱਲ ਨਹੀਂ ਮੰਨੀ।”
17 ਇਸ ਲਈ ਸਰਬ ਸ਼ਕਤੀਮਾਨ ਯਹੋਵਾਹ ਪਰਮੇਸ਼ੁਰ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, “ਮੈਂ ਆਖਿਆ ਸੀ ਕਿ ਯਹੂਦਾਹ ਅਤੇ ਯਰੂਸ਼ਲਮ ਨਾਲ ਬਹੁਤ ਸਾਰੀਆਂ ਮਾੜੀਆਂ ਗੱਲਾਂ ਵਾਪਰਨਗੀਆਂ। ਮੈਂ ਛੇਤੀ ਹੀ ਉਨ੍ਹਾਂ ਸਾਰੀਆਂ ਮਾੜੀਆਂ ਘਟਨਾਵਾਂ ਨੂੰ ਵਾਪਰਨ ਦਿਆਂਗਾ। ਮੈਂ ਉਨ੍ਹਾਂ ਲੋਕਾਂ ਨਾਲ ਗੱਲ ਕੀਤੀ ਪਰ ਉਨ੍ਹਾਂ ਸੁਣਨ ਤੋਂ ਇਨਕਾਰ ਕਰ ਦਿੱਤਾ। ਮੈਂ ਉਨ੍ਹਾਂ ਨੂੰ ਬੁਲਾਇਆ ਪਰ ਉਨ੍ਹਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ।”
18 ਫ਼ੇਰ ਯਿਰਮਿਯਾਹ ਨੇ ਰੇਕਾਬੀ ਲੋਕਾਂ ਦੇ ਪਰਿਵਾਰ ਨੂੰ ਆਖਿਆ, “ਸਰਬ ਸ਼ਕਤੀਮਾਨ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ, ‘ਤੁਸੀਂ ਲੋਕਾਂ ਨੇ ਆਪਣੇ ਪੁਰਖੇ ਯੋਨਾਦਾਬ ਦੇ ਆਦੇਸ਼ ਮਂਨੇ ਹਨ। ਤੁਸੀਂ ਯੋਨਾਦਾਬ ਦੀਆਂ ਸਾਰੀਆਂ ਸਿੱਖਿਆਵਾਂ ਉੱਤੇ ਚੱਲੇ ਹੋ। ਤੁਸੀਂ ਹਰ ਉਹ ਗੱਲ ਕੀਤੀ ਹੈ ਜਿਸਦਾ ਉਸ ਨੇ ਆਦੇਸ਼ ਦਿੱਤਾ ਸੀ। 19 ਇਸ ਲਈ ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ, ਇੱਥੇ ਰੇਕਾਬ ਦੇ ਪੁੱਤਰ ਯੋਨਾਦਾਬ ਦਾ ਕੋਈ ਨਾ ਕੋਈ ਉੱਤਰਾਧਿਕਾਰੀ ਮੇਰੀ ਸੇਵਾ ਕਰਨ ਵਾਲਾ ਹਮੇਸ਼ਾ ਹੋਵੇਗਾ।’”
27 ਤੁਸੀਂ ਸਾਰੇ ਇਕੱਠੇ ਮਸੀਹ ਦਾ ਸਰੀਰ ਹੋ। ਤੁਹਾਡੇ ਵਿੱਚੋਂ ਹਰ ਕੋਈ ਇਸ ਸਰੀਰ ਦਾ ਅੰਗ ਹੈ। 28 ਅਤੇ ਪਰਮੇਸ਼ੁਰ ਨੇ ਹਰ ਇੱਕ ਨੂੰ ਕਲੀਸਿਯਾ ਵਿੱਚ ਇੱਕ ਜਗ਼੍ਹਾ ਦਿੱਤੀ ਹੈ: ਪਹਿਲਾਂ ਉਸ ਨੇ ਰਸੂਲਾਂ ਨੂੰ ਜਗ਼੍ਹਾ ਦਿੱਤੀ, ਦੂਸਰੀ ਨਬੀਆਂ ਨੂੰ, ਅਤੇ ਤੀਸਰੀ ਗੁਰੂਆਂ ਨੂੰ। ਫ਼ੇਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਥਾਂ ਦਿੱਤੀ ਹੈ। ਜਿਹੜੇ ਕਰਿਸ਼ਮੇ ਕਰਦੇ ਹਨ, ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਕੋਲ ਇਲਾਜ਼ ਕਰਨ ਦੀਆਂ ਦਾਤਾਂ ਹਨ, ਉਨ੍ਹਾਂ ਲੋਕਾਂ ਨੂੰ ਜਿਹੜੇ ਅਗਵਾਈਆਂ ਕਰ ਸੱਕਣ ਦੇ ਯੋਗ ਹਨ, ਅਤੇ ਉਨ੍ਹਾਂ ਨੂੰ ਜਿਹੜੇ ਵੱਖ-ਵੱਖ ਭਾਸ਼ਾਵਾਂ ਵਿੱਚ ਗੱਲ ਕਰ ਸੱਕਦੇ ਹਨ। 29 ਸਾਰੇ ਲੋਕ ਰਸੂਲ ਨਹੀਂ ਹਨ। ਸਾਰੇ ਲੋਕ ਨਬੀ ਨਹੀਂ ਹਨ। ਸਾਰੇ ਲੋਕ ਉਸਤਾਦ ਨਹੀਂ ਹਨ। ਸਾਰੇ ਲੋਕ ਕਰਿਸ਼ਮੇ ਨਹੀਂ ਕਰ ਸੱਕਦੇ। 30 ਸਾਰੇ ਲੋਕਾਂ ਕੋਲ ਦੂਜੇ ਦਾ ਇਲਾਜ਼ ਕਰਨ ਦੀਆਂ ਦਾਤਾਂ ਨਹੀਂ ਹੁੰਦੀਆਂ। ਸਾਰੇ ਲੋਕ ਭਿੰਨ-ਭਿੰਨ ਤਰ੍ਹਾਂ ਦੀਆਂ ਭਾਸ਼ਾਵਾਂ ਵਿੱਚ ਗੱਲ ਨਹੀਂ ਕਰਦੇ। ਸਾਰੇ ਲੋਕ ਉਨ੍ਹਾਂ ਭਾਸ਼ਾਵਾਂ ਦੀ ਵਿਆਖਿਆ ਨਹੀਂ ਕਰ ਸੱਕਦੇ। 31 ਪਰ ਸੱਚਮੁੱਚ ਤੁਹਾਨੂੰ ਮਹਾਨ ਦਾਤਾਂ ਦੀ ਪ੍ਰਾਪਤੀ ਕਰਨ ਦੀ ਕਾਮਨਾ ਕਰਨੀ ਚਾਹੀਦੀ ਹੈ। ਅਤੇ ਹੁਣ ਮੈਂ ਤੁਹਾਨੂੰ ਸਰਬੋਤਮ ਮਾਰਗ ਦਿਖਾਉਂਦਾ ਹਾਂ।
ਪ੍ਰੇਮ ਹੀ ਸਰਵੋਤਮ ਦਾਤ ਹੈ
13 ਮੈਂ ਭਾਵੇਂ ਮਨੁੱਖਾਂ ਜਾਂ ਦੂਤਾਂ ਦੀਆਂ ਭਿੰਨ-ਭਿੰਨ ਭਾਸ਼ਾਵਾਂ ਬੋਲ ਸੱਕਦਾ ਹੋਵਾਂ ਪਰ ਜੇ ਮੇਰੇ ਅੰਦਰ ਪ੍ਰੇਮ ਨਹੀਂ ਹੈ, ਤਾਂ ਮੈਂ ਸਿਰਫ਼ ਗੂੰਜਣ ਵਾਲੀ ਘੰਟੀ ਜਾਂ ਇੱਕ ਉੱਚੀ-ਉੱਚੀ ਆਵਾਜ਼ ਕਰਨ ਵਾਲਾ ਛੈਣਾ ਹੀ ਹਾਂ। 2 ਮੇਰੇ ਕੋਲ ਅਗੰਮ ਵਾਕ ਦੀ ਦਾਤ ਹੋ ਸੱਕਦੀ ਹੈ, ਮੈਂ ਪਰਮੇਸ਼ੁਰ ਦੇ ਸਾਰੇ ਭੇਤਾਂ ਤੇ ਹਰ ਚੀਜ਼ ਦੇ ਗਿਆਨ ਨੂੰ ਸਮਝਨ ਵਾਲਾ ਹੋ ਸੱਕਦਾ ਹਾਂ, ਅਤੇ ਮੇਰੇ ਕੋਲ ਬਹੁਤ ਵੱਡਾ ਵਿਸ਼ਵਾਸ ਵੀ ਹੋ ਸੱਕਦਾ ਜੋ ਪਰਬਤਾਂ ਨੂੰ ਖਿਸੱਕਾਉਣ ਯੋਗ ਹੋਵੇ। ਪਰ ਮੇਰੇ ਅੰਦਰ ਪ੍ਰੇਮ ਨਹੀਂ ਹੈ ਤਾਂ ਇਨ੍ਹਾਂ ਸਾਰੀਆਂ ਗੱਲਾਂ ਦੇ ਹੁੰਦਿਆਂ ਹੋਇਆ ਵੀ ਮੈਂ ਕੁਝ ਨਹੀਂ ਹਾਂ। 3 ਮੈਂ ਭਾਵੇਂ ਆਪਣੀ ਹਰ ਸ਼ੈਅ ਲੋਕਾਂ ਦੇ ਭੋਜਨ ਲਈ ਦੇ ਦੇਵਾਂ। ਅਤੇ ਭਾਵੇਂ ਮੈਂ ਆਪਣਾ ਸਰੀਰ ਬਲੀ ਦੀ ਵਸਤੂ ਵਾਂਗ ਅੱਗ ਦੀ ਭੇਟ ਚੜ੍ਹਾ ਦੇਵਾਂ ਪਰ ਜੇ ਮੇਰੇ ਅੰਦਰ ਪ੍ਰੇਮ ਨਹੀਂ ਹੈ ਤਾਂ ਇਨ੍ਹਾਂ ਗੱਲਾਂ ਦਾ ਮੈਨੂੰ ਕੋਈ ਲਾਭ ਨਹੀਂ ਹੈ।
ਯਿਸੂ ਨੇ ਲੋਕਾਂ ਲਈ ਤਰਸ ਮਹਿਸੂਸ ਕੀਤਾ
35 ਯਿਸੂ ਨੇ ਸਾਰੇ ਪਿੰਡਾਂ ਅਤੇ ਨਗਰਾਂ ਰਾਹੀਂ ਯਾਤਰਾ ਕੀਤੀ। ਉਸ ਨੇ ਉਨ੍ਹਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਉਪਦੇਸ਼ ਦਿੱਤੇ ਅਤੇ ਰਾਜ ਬਾਰੇ ਲੋਕਾਂ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਉਸ ਨੇ ਹਰ ਤਰ੍ਹਾਂ ਦੇ ਰੋਗਾਂ ਅਤੇ ਬਿਮਾਰੀਆਂ ਨੂੰ ਚੰਗਾ ਕੀਤਾ। 36 ਜਦੋਂ ਉਸ ਨੇ ਭੀੜਾਂ ਵੇਖੀਆਂ ਤਾਂ ਉਸ ਨੂੰ ਉਨ੍ਹਾਂ ਉੱਤੇ ਤਰਸ ਆਇਆ ਕਿਉਂਕਿ ਲੋਕ ਥੱਕੇ ਹੋਏ ਅਤੇ ਲਾਚਾਰ ਸਨ। ਉਹ ਉਨ੍ਹਾਂ ਭੇਡਾਂ ਵਾਂਗ ਸਨ ਜਿਨ੍ਹਾਂ ਦਾ ਕੋਈ ਆਜੜੀ ਨਾ ਹੋਵੇ। 37 ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਖੇਤੀ ਪੱਕੀ ਹੋਈ ਹੈ ਪਰ ਵਾਢੇ ਥੋੜੇ ਹਨ। 38 ਇਸ ਲਈ ਤੁਸੀਂ ਖੇਤੀ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਆਪਣੀ ਖੇਤੀ ਵੱਢਣ ਲਈ ਵਾਢੇ ਘੱਲ ਦੇਵੇ।”
ਬਾਰ੍ਹਾਂ ਰਸੂਲ(A)
10 ਯਿਸੂ ਨੇ ਆਪਣੇ ਬਾਰ੍ਹਾਂ ਚੇਲਿਆਂ ਨੂੰ ਸੱਦਿਆ। ਉਸ ਨੇ ਉਨ੍ਹਾਂ ਨੂੰ ਭ੍ਰਿਸ਼ਟ ਆਤਮਾਵਾਂ ਕੱਢਣ ਦੀ ਸ਼ਕਤੀ ਦਿੱਤੀ। ਉਸ ਨੇ ਉਨ੍ਹਾਂ ਨੂੰ ਹਰ-ਤਰ੍ਹਾਂ ਦੇ ਰੋਗ ਅਤੇ ਬਿਮਾਰੀ ਨੂੰ ਚੰਗਿਆਂ ਕਰਨ ਦੀ ਸ਼ਕਤੀ ਦਿੱਤੀ। 2 ਬਾਰ੍ਹਾਂ ਰਸੂਲਾਂ ਦੇ ਨਾਮ ਇਉਂ ਹਨ:
ਸ਼ਮਊਨ ਜਿਹੜਾ ਪਤਰਸ ਕਹਾਉਂਦਾ ਹੈ,
ਅਤੇ ਉਸਦਾ ਭਰਾ ਅੰਦ੍ਰਿਯਾਸ;
ਜ਼ਬਦੀ ਦਾ ਪੁੱਤਰ ਯਾਕੂਬ
ਅਤੇ ਉਸਦਾ ਭਰਾ ਯੂਹੰਨਾ;
3 ਫ਼ਿਲਿਪੁਸ
ਅਤੇ ਬਰਤੁਲਮਈ;
ਥੋਮਾ
ਅਤੇ ਮੱਤੀ ਮਸੂਲੀਆ,
ਹਲਫਈ ਦਾ ਪੁੱਤਰ ਯਾਕੂਬ
ਅਤੇ ਥੱਦਈ;
4 ਸ਼ਮਊਨ ਕਨਾਨੀ [a]
ਅਤੇ ਯਹੂਦਾ ਇਸੱਕਰਿਯੋਤੀ ਜਿਸਨੇ ਉਸ ਨੂੰ ਫੜਵਾ ਵੀ ਦਿੱਤਾ।
2010 by World Bible Translation Center