Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 131-135

ਮੰਦਰ ਜਾਣ ਵੇਲੇ ਦਾਊਦ ਦਾ ਇੱਕ ਗੀਤ।

131 ਯਹੋਵਾਹ, ਮੈਂ ਗੁਮਾਨੀ ਨਹੀਂ ਹਾਂ।
    ਮੈਂ ਮਹੱਤਵਪੂਰਣ ਹੋਂਣ ਦਾ ਦਿਖਾਵਾ ਨਹੀਂ ਕਰਦਾ।
ਮੈਂ ਮਹਾਨ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕਰਦਾ।
    ਮੈਂ ਉਨ੍ਹਾਂ ਗੱਲਾਂ ਬਾਰੇ ਫ਼ਿਕਰ ਨਹੀਂ ਕਰਦਾ ਜਿਹੜੀਆਂ ਮੇਰੇ ਵਾਸਤੇ ਮੁਸ਼ਕਿਲ ਹਨ।
ਮੈਂ ਸ਼ਾਂਤ ਹਾਂ। ਮੇਰੀ ਰੂਹ ਸ਼ਾਂਤ ਹੈ।
    ਮੇਰੀ ਰੂਹ ਸ਼ਾਂਤ ਅਤੇ ਚੁੱਪ ਹੈ।
    ਜਿਵੇਂ ਕੋਈ ਬੱਚਾ ਆਪਣੀ ਮਾਂ ਦੀ ਗੋਦ ਵਿੱਚ ਸੰਤੁਸ਼ਟ ਹੋਵੇ।

ਇਸਰਾਏਲ, ਯਹੋਵਾਹ ਉੱਤੇ ਵਿਸ਼ਵਾਸ ਕਰ।
    ਹੁਣ ਉਸ ਉੱਤੇ ਵਿਸ਼ਵਾਸ ਕਰ ਅਤੇ ਸਦਾ ਲਈ ਵਿਸ਼ਵਾਸ ਕਰ।

ਮੰਦਰ ਜਾਣ ਵੇਲੇ ਦਾ ਇੱਕ ਗੀਤ।

132 ਯਹੋਵਾਹ, ਯਾਦ ਕਰੋ ਕਿ ਦਾਊਦ ਨੇ ਕਿਵੇਂ ਦੁੱਖ ਭੋਗਿਆ ਸੀ।
ਦਾਊਦ ਨੇ ਯਹੋਵਾਹ ਨਾਲ ਇਕਰਾਰ ਕੀਤਾ ਸੀ।
    ਦਾਊਦ ਨੇ ਯਾਕੂਬ ਦੇ ਪਰਮੇਸ਼ੁਰ ਨਾਲ ਖਾਸ ਇਕਰਾਰ ਕੀਤਾ ਸੀ।
ਦਾਊਦ ਨੇ ਆਖਿਆ, “ਮੈਂ ਆਪਣੇ ਘਰ ਅੰਦਰ ਨਹੀਂ ਜਾਵਾਂਗਾ,
    ਮੈਂ ਆਪਣੇ ਬਿਸਤਰ ਉੱਤੇ ਨਹੀਂ ਲੇਟਾਗਾ।
ਮੈਂ ਸੌਵਾਂਗਾ ਨਹੀਂ
    ਮੈਂ ਆਪਣੀਆਂ ਅੱਖਾਂ ਨੂੰ ਅਰਾਮ ਨਹੀਂ ਦੇਵਾਂਗਾ।
ਮੈਂ ਉਨ੍ਹਾਂ ਵਿੱਚੋਂ ਕੋਈ ਵੀ ਗੱਲ ਨਹੀਂ ਕਰਾਂਗਾ ਜਦੋਂ ਤੀਕ ਮੈਂ ਯਹੋਵਾਹ ਲਈ ਘਰ ਨਹੀਂ ਲੱਭਦਾ।
    ਯਾਕੂਬ ਦੇ ਪਰਮੇਸ਼ੁਰ ਲਈ ਇੱਕ ਸ਼ਕਤੀਸ਼ਾਲੀ ਘਰ!”

ਅਸੀਂ ਇਸ ਬਾਰੇ ਅਫ਼ਰਾਥਾਹ ਵਿੱਚ ਸੁਣਿਆ।
    ਅਸੀਂ ਕਰਾਰ ਦੇ ਪਵਿੱਤਰ ਸੰਦੂਕ ਨੂੰ ਕਿਰਯਥ-ਯਾਅਰ ਦੇ ਪਹਾੜੀ ਖੇਤਾਂ ਵਿੱਚ ਲੱਭ ਲਿਆ।
ਆਓ ਅਸੀਂ ਪਵਿੱਤਰ ਤੰਬੂ ਅੰਦਰ ਚੱਲੀਏ।
    ਅਸੀਂ ਉਸ ਚੌਂਕੀ ਕੋਲ ਉਪਾਸਨਾ ਕਰੀਏ ਜਿੱਥੇ ਪਰਮੇਸ਼ੁਰ ਆਪਣੇ ਕਦਮ ਰੱਖਦਾ ਹੈ।
ਯਹੋਵਾਹ, ਆਪਣੇ ਆਸਣ ਤੋਂ ਉੱਠੋ!
    ਯਹੋਵਾਹ, ਤੁਸੀਂ ਅਤੇ ਤੁਹਾਡਾ ਸ਼ਕਤੀਸ਼ਾਲੀ ਬਕਸਾ ਉੱਠੇ।
ਹੇ ਪਰਮੇਸ਼ੁਰ, ਤੁਹਾਡੇ ਜਾਜਕ ਚੰਗਿਆਈ ਨਾਲ ਸੱਜੇ ਹੋਏ ਹੋਣ।
    ਤੁਹਾਡੇ ਵਫ਼ਾਦਾਰ ਚੇਲੇ ਬਹੁਤ ਪ੍ਰਸੰਨ ਹਨ।
10 ਆਪਣੇ ਸੇਵਕ ਦਾਊਦ ਦੇ ਭਲੇ ਲਈ,
    ਆਪਣੇ ਚੁਣੇ ਹੋਏ ਰਾਜੇ ਨੂੰ ਰੱਦ ਨਾ ਕਰੋ।
11 ਯਹੋਵਾਹ ਨੇ ਦਾਊਦ ਨਾਲ ਇਕਰਾਰ ਕੀਤਾ।
ਯਹੋਵਾਹ ਨੇ ਦਾਊਦ ਨਾਲ ਵਫ਼ਾਦਾਰ ਹੋਣ ਦਾ ਇਕਰਾਰ ਕੀਤਾ।
    ਯਹੋਵਾਹ ਨੇ ਇਕਰਾਰ ਕੀਤਾ ਕਿ ਦਾਊਦ ਦੇ ਪਰਿਵਾਰ ਵਿੱਚੋਂ ਰਾਜੇ ਹੋਣਗੇ।
12 ਯਹੋਵਾਹ ਨੇ ਆਖਿਆ, “ਦਾਊਦ, ਜੇ ਤੇਰੇ ਬੱਚੇ ਮੇਰੇ ਕਰਾਰ ਨੂੰ ਅਤੇ ਉਨ੍ਹਾਂ ਨੇਮਾ ਨੂੰ ਮੰਨਣਗੇ ਜਿਨ੍ਹਾਂ ਦੀ ਮੈਂ ਸਿੱਖਿਆ ਦਿੰਦਾ ਹਾਂ।
    ਫ਼ੇਰ ਤੇਰੇ ਪਰਿਵਾਰ ਵਿੱਚੋਂ ਹੀ ਸਦਾ ਕੋਈ ਨਾ ਕੋਈ ਰਾਜਾ ਹੋਵੇਗਾ।”

13 ਯਹੋਵਾਹ ਨੇ ਸੀਯੋਨ ਨੂੰ ਆਪਣੇ ਮੰਦਰ ਸਥਾਨ ਵਜੋਂ ਚੁਣਿਆ।
    ਇਹ ਉਹੀ ਥਾਂ ਹੈ ਜਿਹੜੀ ਉਹ ਆਪਣੇ ਘਰ ਵਾਸਤੇ ਚਾਹੁੰਦਾ ਸੀ।
14 ਯਹੋਵਾਹ ਨੇ ਆਖਿਆ, “ਸਦਾ-ਸਦਾ ਲਈ ਮੇਰਾ ਇਹੀ ਸਥਾਨ ਹੋਵੇਗਾ
    ਮੈਂ ਇਸ ਥਾਂ ਨੂੰ ਚੁਣਦਾ ਹਾਂ ਜਿੱਥੇ ਮੈਂ ਹੋਵਾਂਗਾ।
15 ਮੈਂ ਇਸ ਸ਼ਹਿਰ ਨੂੰ ਚੋਖੇ ਭੋਜਨ ਦੀ ਅਸੀਸ ਦੇਵਾਂਗਾ।
    ਤਾਂ ਜੋ ਗਰੀਬ ਲੋਕਾਂ ਕੋਲ ਖਾਣ ਲਈ, ਚੋਖਾ ਹੋਵੇਗਾ।
16 ਮੈਂ ਜਾਜਕਾ ਨੂੰ ਮੁਕਤੀ ਦੇ ਵਸਤਰ ਪਹਿਨਾਵਾਂਗਾ।
    ਅਤੇ ਮੇਰੇ ਅਨੁਯਾਈ ਉੱਥੇ ਬਹੁਤ ਖੁਸ਼ ਹੋਣਗੇ।
17 ਇਸ ਥਾਂ ਅੰਦਰ, ਮੈਂ ਦਾਊਦ ਨੂੰ ਬਲਵਾਨ ਬਣਾਵਾਂਗਾ।
    ਮੈਂ ਆਪਣੇ ਚੁਣੇ ਹੋਏ ਰਾਜੇ ਨੂੰ ਇੱਕ ਦੀਪਕ ਪ੍ਰਦਾਨ ਕਰਾਂਗਾ।
18 ਮੈਂ ਦਾਊਦ ਦੇ ਦੁਸ਼ਮਣਾਂ ਨੂੰ ਸ਼ਰਮ ਨਾਲ ਢੱਕ ਦਿਆਂਗਾ।
    ਪਰ ਮੈਂ ਦਾਊਦ ਦੇ ਪਰਿਵਾਰ ਨੂੰ ਵੱਧਾ ਦੇਵਾਂਗਾ।”

ਮੰਦਰ ਜਾਣ ਵੇਲੇ ਦਾਊਦ ਦਾ ਇੱਕ ਗੀਤ।

133 ਆਹਾ, ਇਹ ਕਿੰਨੀ ਚੰਗੀ ਅਤੇ ਪ੍ਰਸੰਨਤਾ ਭਰੀ ਗੱਲ ਹੈ
    ਜਦੋਂ ਸੱਚਮੁੱਚ ਭਰਾ ਇਕੱਠੇ ਹੋਕੇ ਮਿਲ-ਬੈਠਦੇ ਹਨ।
ਇਹ ਹਾਰੂਨ ਦੇ ਸਿਰ ਉੱਤੇ ਪਾਏ ਹੋਏ ਮਿੱਠੀ ਸੁਗੰਧ ਵਾਲੇ ਤੇਲ ਵਾਂਗ ਹੈ,
    ਅਤੇ ਉਸਦੀ ਦਾਹੜੀ ਵਿੱਚੋਂ ਹੇਠਾ ਤਿਲਕਦੇ ਹੋਏ ਜਿਹੜਾ ਉਸ ਦੇ ਖਾਸ ਵਸਤਰਾਂ ਵਿੱਚ ਵੱਗਦਾ ਹੈ।
ਇਹ ਵਰਖਾ ਵਾਂਗ ਨਰਮ ਹੈ ਜੋ ਹਰਮੋਨ ਪਰਬਤ ਤੋਂ ਸੀਯੋਨ ਪਰਬਤ ਉੱਤੇ ਹੋ ਰਹੀ ਹੈ।
    ਕਿਉਂਕਿ ਇਹ ਸੀਯੋਨ ਹੀ ਸੀ ਜਿਸ ਨੂੰ ਯਹੋਵਾਹ ਨੇ ਅਸੀਸ ਪ੍ਰਦਾਨ ਕੀਤੀ ਸੀ। ਸਦੀਵੀ ਜੀਵਨ ਦੀ ਅਸੀਸ।

ਮੰਦਰ ਜਾਣ ਵੇਲੇ ਦਾ ਇੱਕ ਗੀਤ।

134 ਯਹੋਵਾਹ ਦੀ ਉਸਤਤਿ ਕਰੋ, ਉਸ ਦੇ ਸਾਰੇ ਸੇਵਕੋ!
    ਤੁਹਾਡੇ ਸੇਵਕਾਂ ਨੇ ਤੁਹਾਡੇ ਮੰਦਰ ਵਿੱਚ ਸੇਵਾ ਕੀਤੀ ਸੀ।
ਸੇਵਕੋ, ਆਪਣੇ ਹੱਥ ਉੱਠਾਉ
    ਅਤੇ ਯਹੋਵਾਹ ਨੂੰ ਅਸੀਸ ਦੇਵੋ।
ਅਤੇ ਯਹੋਵਾਹ ਤੁਹਾਨੂੰ ਸੀਯੋਨ ਤੋਂ ਅਸੀਸ ਦੇਵੇ
    ਯਹੋਵਾਹ ਨੇ ਸਵਰਗ ਅਤੇ ਧਰਤੀ ਨੂੰ ਸਾਜਿਆ।

135 ਯਹੋਵਾਹ ਦੀ ਉਸਤਤਿ ਕਰੋ।
ਯਹੋਵਾਹ ਦੇ ਨਾਮ ਦੀ ਉਸਤਤਿ ਕਰੋ!
    ਯਹੋਵਾਹ ਦੇ ਸੇਵਕੋ, ਉਸਦੀ ਉਸਤਤਿ ਕਰੋ!
ਉਸਦੀ ਉਸਤਤਿ ਕਰੋ, ਤੁਸੀਂ ਲੋਕ ਜਿਹੜੇ ਯਹੋਵਾਹ ਦੇ ਮੰਦਰ ਵਿੱਚ,
    ਸਾਡੇ ਪਰਮੇਸ਼ੁਰ ਦੇ ਮੰਦਰ ਦੇ ਵਰਾਂਡੇ ਵਿੱਚ ਖਲੋਤੇ ਹੋਏ ਹੋ।
ਯਹੋਵਾਹ ਦੀ ਉਸਤਤਿ ਕਰੋ, ਕਿਉਂ ਕਿ ਉਹ ਨੇਕ ਹੈ।
    ਉਸ ਦੇ ਨਾਮ ਦੀ ਉਸਤਤਿ ਕਰੋ, ਕਿਉਂਕਿ ਇਹ ਖੁਸ਼ੀ ਭਰਿਆ ਹੈ।

ਯਹੋਵਾਹ ਨੇ ਯਾਕੂਬ ਨੂੰ ਚੁਣਿਆ ਹੈ।
    ਇਸਰਾਏਲ ਪਰਮੇਸ਼ੁਰ ਦਾ ਹੈ।
ਮੈਂ ਜਾਣਦਾ ਯਹੋਵਾਹ ਮਹਾਨ ਹੈ!
    ਸਾਡਾ ਮਾਲਕ ਸਾਰੇ ਦੇਵਤਿਆ ਨਾਲੋਂ ਵੱਧੇਰੇ ਮਹਾਨ ਹੈ।
ਯਹੋਵਾਹ ਕੋਈ ਵੀ ਗੱਲ ਕਰਦਾ ਹੈ, ਜੋ ਵੀ ਉਹ ਸਵਰਗ ਅਤੇ ਧਰਤੀ ਉੱਤੇ,
    ਸਾਗਰਾਂ ਤੋਂ ਡੂੰਘੇ ਸਮੁੰਦਰਾ ਵਿੱਚ ਚਾਹੁੰਦਾ ਹੈ।
ਪਰਮੇਸ਼ੁਰ ਸਾਰੀ ਧਰਤੀ ਉੱਤੇ ਬੱਦਲਵਾਹੀ ਕਰਦਾ ਹੈ।
    ਪਰਮੇਸ਼ੁਰ ਬਿਜਲੀ ਚਮਕਾਉਂਦਾ ਹੈ ਅਤੇ ਵਰੱਖਾ ਕਰਦਾ ਹੈ।
    ਯਹੋਵਾਹ ਹਵਾ ਨੂੰ ਸਾਜਦਾ ਹੈ।
ਪਰਮੇਸ਼ੁਰ ਨੇ ਮਿਸਰ ਵਿੱਚ ਸਾਰੇ ਪਹਿਲੋਠੇ ਬੰਦਿਆ ਨੂੰ ਅਤੇ ਸਾਰੇ ਜਾਨਵਰਾਂ ਨੂੰ ਤਬਾਹ ਕਰ ਦਿੱਤਾ ਹੈ।
ਪਰਮੇਸ਼ੁਰ ਨੇ ਮਿਸਰ ਵਿੱਚ ਬਹੁਤ ਸਾਰੇ ਚਮਤਕਾਰ ਅਤੇ ਕਰਿਸ਼ਮੇ ਕੀਤੇ।
    ਪਰਮੇਸ਼ੁਰ ਨੇ ਇਹ ਗੱਲਾਂ ਫ਼ਿਰਊਨ ਅਤੇ ਉਸ ਦੇ ਅਫ਼ਸਰਾਂ ਨਾਲ ਵਾਪਰਨ ਦਾ ਕਾਰਣ ਬਣਾਇਆ।
10 ਪਰਮੇਸ਼ੁਰ ਨੇ ਬਹੁਤ ਸਾਰੀਆਂ ਕੌਮਾਂ ਨੂੰ ਹਰਾ ਦਿੱਤਾ
    ਪਰਮੇਸ਼ੁਰ ਨੇ ਸ਼ਕਤੀਸ਼ਾਲੀ ਰਾਜੇ ਮਾਰ ਦਿੱਤੇ।
11 ਪਰਮੇਸ਼ੁਰ ਨੇ ਅਮੋਰੀਆਂ ਦੇ ਰਾਜੇ ਸੀਹੋਨ ਨੂੰ ਹਰਾ ਦਿੱਤਾ,
    ਪਰਮੇਸ਼ੁਰ ਨੇ ਬਾਸ਼ਾਨ ਦੇ ਰਾਜੇ ਓਗ ਨੂੰ ਹਰਾ ਦਿੱਤਾ,
    ਪਰਮੇਸ਼ੁਰ ਨੇ ਕਨਾਨ ਦੀਆਂ ਸਾਰੀਆਂ ਕੌਮਾਂ ਨੂੰ ਹਰਾ ਦਿੱਤਾ।
12 ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਧਰਤੀ ਇਸਰਾਏਲ ਨੂੰ ਦੇ ਦਿੱਤੀ।
    ਪਰਮੇਸ਼ੁਰ ਨੇ ਉਹ ਧਰਤੀ ਆਪਣੇ ਲੋਕਾਂ ਨੂੰ ਦੇ ਦਿੱਤੀ।

13 ਯਹੋਵਾਹ, ਤੁਹਾਡਾ ਨਾਮ ਸਦਾ ਲਈ ਰੌਸ਼ਨ ਰਹੇਗਾ।
    ਯਹੋਵਾਹ ਲੋਕ ਤੁਹਾਨੂੰ ਸਦਾ-ਸਦਾ ਲਈ ਯਾਦ ਕਰਨਗੇ।
14 ਯਹੋਵਾਹ ਨੇ ਕੌਮਾ ਨੂੰ ਸਜ਼ਾ ਦਿੱਤੀ
    ਪਰ ਯਹੋਵਾਹ ਆਪਣੇ ਨੌਕਰਾ ਲਈ ਦਯਾਵਾਨ ਸੀ।
15 ਪਰਾਈਆਂ ਕੌਮਾਂ ਦੇ ਲੋਕ ਸਿਰਫ਼ ਸੋਨੇ-ਚਾਂਦੀ ਦੇ ਦੇਵਤੇ ਹੀ ਸਨ,
    ਉਨ੍ਹਾਂ ਦੇ ਦੇਵਤੇ ਬੰਦਿਆ ਦੇ ਬਣਾਏ ਹੋਏ ਸਿਰਫ਼ ਬੁੱਤ ਸਨ।
16 ਬੁੱਤਾਂ ਦੇ ਮੂੰਹ ਸਨ ਪਰ ਉਹ ਬੋਲ ਨਹੀਂ ਸੱਕਦੇ ਸਨ,
    ਬੁੱਤਾਂ ਦੀਆਂ ਅੱਖਾਂ ਸਨ ਪਰ ਉਹ ਦੇਖ ਨਹੀਂ ਸੱਕਦੀਆਂ ਸਨ।
17 ਬੁੱਤਾਂ ਦੇ ਕੰਨ ਸਨ ਪਰ ਸੁਣ ਨਹੀਂ ਸੱਕਦੇ ਸਨ,
    ਬੁੱਤਾਂ ਦੇ ਨੱਕ ਸਨ ਪਰ ਸੁੰਘ ਨਹੀਂ ਸੱਕਦੇ ਸਨ।
18 ਉਹ ਜਿਨ੍ਹਾਂ ਨੇ ਬੁੱਤ ਬਣਾਏ ਸਨ, ਉਹ ਉਨ੍ਹਾਂ ਜਿਹੇ ਹੀ ਹੋਣਗੇ।
    ਕਿਉਂ? ਕਿਉਂਕਿ ਉਨ੍ਹਾਂ ਨੇ ਸਹਾਇਤਾ ਲਈ ਬੁੱਤਾ ਉੱਤੇ ਵਿਸ਼ਵਾਸ ਕੀਤਾ।

19 ਇਸਰਾਏਲ ਦੇ ਪਰਿਵਾਰ ਵਾਲਿਉ, ਯਹੋਵਾਹ ਨੂੰ ਅਸੀਸ ਦੇਵੋ!
    ਹਾਰੂਨ ਦੇ ਪਰਿਵਾਰ ਵਾਲਿਉ, ਯਹੋਵਾਹ ਨੂੰ ਅਸੀਸ ਦੇਵੋ!
20 ਲੇਵੀ ਦੇ ਪਰਿਵਾਰ ਵਾਲਿਉ, ਯਹੋਵਾਹ ਨੂੰ ਅਸੀਸ ਦੇਵੋ!
    ਯਹੋਵਾਹ ਦੇ ਚੇਲਿਉ, ਯਹੋਵਾਹ ਨੂੰ ਅਸੀਸ ਦੇਵੋ।
21 ਯਹੋਵਾਹ ਨੂੰ ਸੀਯੋਨ ਤੋਂ ਅਸੀਸ ਹੈ,
    ਉਸ ਦੇ ਘਰ, ਯਰੂਸ਼ਲਮ ਤੋਂ

ਯਹੋਵਾਹ ਦੀ ਉਸਤਤਿ ਕਰੋ।

2 ਰਾਜਿਆਂ 23:4-25

ਤਦ ਪਾਤਸ਼ਾਹ ਨੇ ਹਿਲਕੀਯਾਹ ਜਾਜਕ ਨੂੰ, ਦੂਜੇ ਜਾਜਕਾਂ ਨੂੰ ਅਤੇ ਦਰਬਾਨਾਂ ਨੂੰ ਇਹ ਹੁਕਮ ਦਿੱਤਾ ਕਿ ਉਹ ਸਾਰੇ ਭਾਂਡੇ ਜੋ ਬਆਲ ਅਤੇ ਅਸ਼ੇਰਾਹ ਦੇਵੀ, ਅਕਾਸ਼ ਦੇ ਸਾਰੇ ਲਸ਼ਕਰ ਲਈ ਬਣਾਏ ਗਏ ਸਨ, ਯਹੋਵਾਹ ਦੇ ਮੰਦਰ ਵਿੱਚੋਂ ਬਾਹਰ ਕੱਢ ਲਿਆਉਣ। ਤਦ ਯੋਸੀਯਾਹ ਨੇ ਯਰੂਸ਼ਲਮ ਤੋਂ ਬਾਹਰ ਕਿਦਰੋਨ ਦੇ ਖੇਤਾਂ ਵਿੱਚ ਉਨ੍ਹਾਂ ਨੂੰ ਸਾੜ ਦਿੱਤਾ ਅਤੇ ਉਨ੍ਹਾਂ ਦੀ ਸੁਆਹ ਨੂੰ ਬੈਤਏਲ ਲੈ ਗਿਆ।

ਯਹੂਦਾਹ ਦੇ ਪਾਤਸ਼ਾਹਾਂ ਨੇ ਕੁਝ ਆਮ ਆਦਮੀਆਂ ਨੂੰ ਜਾਜਕ ਹੋਣ ਲਈ ਚੁਣਿਆ ਸੀ। ਇਹ ਆਦਮੀ ਅਰੋਨ ਦੇ ਪਰਿਵਾਰ ਵਿੱਚੋਂ ਨਹੀਂ ਸਨ। ਇਹ ਝੂਠੇ ਜਾਜਕ ਯਹੂਦਾਹ ਵਿੱਚਲੀਆਂ ਸਾਰਿਆਂ ਉੱਚੀਆਂ ਥਾਵਾਂ ਅਤੇ ਯਰੂਸ਼ਲਮ ਦੇ ਆਸ ਪਾਸ ਦੇ ਸਾਰੇ ਸ਼ਹਿਰਾਂ ਵਿੱਚ ਧੂਫ਼ ਧੁਖਾਉਂਦੇ ਸਨ। ਉਹ ਬਾਅਲ, ਸੂਰਜ, ਚੰਦ, ਤਾਰਾ ਮੰਡਲ ਅਤੇ ਸਾਰੇ ਤਾਰਿਆਂ ਲਈ ਧੂਫ਼ ਧੁਪਾਉਂਦੇ ਸਨ। ਪਰ ਯੋਸੀਯਾਹ ਨੇ ਉਨ੍ਹਾਂ ਸਭਨਾਂ ਜਾਜਕਾਂ ਨੂੰ ਹਟਾ ਦਿੱਤਾ

ਯੋਸੀਯਾਹ ਨੇ ਯਹੋਵਾਹ ਦੇ ਮੰਦਰ ਵਿੱਚੋਂ ਅਸ਼ੇਰਾਹ ਦਾ ਥੰਮ ਵੀ ਹਟਾ ਦਿੱਤਾ। ਅਤੇ ਇਸ ਨੂੰ ਕਿਦਰੋਨ ਵਾਦੀ ਵਿੱਚ ਬਾਹਰ ਕੱਢ ਕੇ ਸਾੜ ਦਿੱਤਾ। ਫ਼ੇਰ ਉਸ ਨੇ ਇਸ ਨੂੰ ਮਿੱਟੀ ਵਿੱਚ ਮਿੱਧ ਦਿੱਤਾ ਅਤੇ ਧੂੜ ਨੂੰ ਆਮ ਲੋਕਾਂ ਦੀਆਂ ਕਬਰਾਂ ਉੱਤੇ ਖਿਲਾਰ ਦਿੱਤਾ।

ਫ਼ੇਰ ਯੋਸੀਯਾਹ ਨੇ ਖੁਸਰਿਆਂ ਦੇ ਘਰ ਢਾਹ ਦਿੱਤੇ ਜੋ ਯਹੋਵਾਹ ਦੇ ਮੰਦਰ ਵਿੱਚ ਸਨ। ਔਰਤਾਂ ਵੀ ਦੇਵੀ ਅਸ਼ੇਰਾਹ ਦਾ ਆਦਰ ਕਰਨ ਲਈ ਇਨ੍ਹਾਂ ਘਰਾਂ ਵਿੱਚ ਪਾਉਣ ਲਈ ਛੋਟੇ-ਛੋਟੇ ਸ਼ਰਾਈਨ ਦੇ ਕੱਜਣ ਬੁਣਦੀਆਂ ਹੁੰਦੀਆਂ ਸਨ।

8-9 ਉਸ ਵਕਤ ਉਹ ਯਹੂਦਾਹ ਦੇ ਸ਼ਹਿਰਾਂ ਵਿੱਚੋਂ ਸਾਰੇ ਜਾਜਕਾਂ ਨੂੰ ਲਿਆਇਆ ਅਤੇ ਗ਼ਬਾ ਤੋਂ ਲੈ ਕੇ ਬਏਰਸ਼ਬਾ ਤੀਕ ਉਨ੍ਹਾਂ ਸਾਰਿਆਂ ਉੱਚੀਆਂ ਥਾਵਾਂ ਨੂੰ ਜਿੱਥੇ ਉਨ੍ਹਾਂ ਜਾਜਕਾਂ ਨੇ ਧੂਫ਼ ਧੁਖਾਈ ਸੀ, ਭਰਿਸ਼ਟ ਕਰ ਦਿੱਤਾ। ਉਸ ਨੇ ਪ੍ਰਵੇਸ਼ ਦੁਆਰ ਦੇ ਉੱਚੇ ਸਥਾਨਾਂ ਨੂੰ ਵੀ ਤੋੜ ਦਿੱਤਾ, ਜਿਹੜੇ ਯਹੋਸ਼ੂਆ ਸ਼ਹਿਰ ਦੇ ਆਗੂ ਦੇ ਫ਼ਾਟਕ ਦੇ ਖੁਲ੍ਹਣ ਤੇ ਸਨ, ਜੋ ਕਿ ਕਿਸੇ ਬੰਦੇ ਦੇ ਵੜਦਿਆਂ ਹੀ ਖੱਬੇ ਪਾਸੇ ਸੀ। ਤਦ ਵੀ ਉੱਚੀਆਂ ਥਾਵਾਂ ਦੇ ਜਾਜਕ ਯਰੂਸ਼ਲਮ ਵਿੱਚ ਯਹੋਵਾਹ ਦੀ ਜਗਵੇਦੀ ਕੋਲ ਨਾ ਆਏ, ਪਰ ਉਹ ਆਪਣੇ ਭਰਾਵਾਂ ਦਰਮਿਆਨ ਪਤੀਰੀ ਰੋਟੀ ਖਾ ਲੈਂਦੇ ਹੁੰਦੇ ਸਨ।

10 ਹਿੰਨੋਮ ਦੇ ਪੁੱਤਰ ਦੀ ਵਾਧੀ ਵਿੱਚ ਤੋਫ਼ਥ ਅਜਿਹੀ ਜਗ੍ਹਾ ਹੈ ਜਿੱਥੇ ਲੋਕ ਆਪਣੇ ਬੱਚਿਆਂ ਨੂੰ ਮਾਰਕੇ ਜਗਵੇਦੀ ਉੱਪਰ ਸਾੜਨ ਲਈ ਚੜ੍ਹਾਉਂਦੇ ਸਨ ਤਾਂ ਜੋ ਉਹ ਝੂਠੇ ਦੇਵਤੇ ਮੋਲਕ ਨੂੰ ਇਉਂ ਖੁਸ਼ ਕਰ ਸੱਕਣ। ਯੋਸੀਯਾਹ ਨੇ ਉਸ ਥਾਂ ਨੂੰ ਨਸ਼ਟ ਕਰ ਦਿੱਤਾ ਤਾਂ ਜੋ ਲੋਕ ਝੂਠੇ ਦੇਵਤੇ ਨੂੰ ਰਿਝਾਉਣ ਲਈ ਆਪਣੇ ਬੱਚਿਆਂ ਨੂੰ ਅੱਗ ਵਿੱਚ ਨਾ ਸਾੜਨ। 11 ਪਹਿਲਾਂ, ਯਹੂਦਾਹ ਦੇ ਪਾਤਸ਼ਾਹਾਂ ਨੇ ਯਹੋਵਾਹ ਦੇ ਮੰਦਰ ਦੇ ਪ੍ਰਵੇਸ਼ ਦਵਾਰ ਦੇ ਕੋਲ ਰੱਥ ਅਤੇ ਘੋੜੇ ਬੰਨੇ ਹੁੰਦੇ ਸਨ। ਇਹ ਨਾਥਾਨ-ਮਲਕ ਜੋ ਦਫ਼ਤਰੀ ਖਾਸ ਬੰਦਾ ਸੀ ਉਸ ਦੇ ਕਮਰੇ ਦੇ ਕੋਲ ਬੰਨ੍ਹੇ ਹੋਏ ਸਨ। ਇਹ ਰੱਥ ਅਤੇ ਘੋੜੇ ਸੂਰਜ ਦੇਵਤੇ ਦੇ ਸਨਮਾਨ ਲਈ ਸਨ। ਯੋਸੀਯਾਹ ਨੇ ਉੱਥੋਂ ਘੋੜਿਆਂ ਨੂੰ ਹਟਾਅ ਦਿੱਤਾ ਅਤੇ ਰੱਥਾਂ ਨੂੰ ਸਾੜ ਦਿੱਤਾ।

12 ਇਸਤੋਂ ਪਹਿਲਾਂ ਯਹੂਦਾਹ ਦੇ ਪਾਤਸਾਹ ਨੇ ਆਹਾਜ਼ ਦੇ ਭਵਨ ਦੀ ਛੱਤ ਉੱਪਰ ਜਗਵੇਦੀਆਂ ਬਣਾਈਆਂ ਹੋਈਆਂ ਸਨ। ਮਨੱਸ਼ਹ ਪਾਤਸ਼ਾਹ ਨੇ ਵੀ ਯਹੋਵਾਹ ਦੇ ਮੰਦਰ ਦੇ ਵਿਹੜੇ ਵਿੱਚ ਦੋ ਜਗਵੇਦੀਆਂ ਬਣਵਾਈਆਂ ਪਰ ਯੋਸੀਯਾਹ ਪਾਤਸ਼ਾਹ ਨੇ ਉਨ੍ਹਾਂ ਸਾਰੀਆਂ ਜਗਵੇਦੀਆਂ ਨੂੰ ਢਾਹ ਸੁੱਟਿਆ ਅਤੇ ਉਨ੍ਹਾਂ ਟੁਕੜਿਆਂ ਤੇ ਮੁਲਣਾਂ ਨੂੰ ਕਿਦਰੋਨ ਦੀ ਵਾਦੀ ਵਿੱਚ ਸੁਟਵਾ ਦਿੱਤਾ।

13 ਪਹਿਲਾਂ ਸੁਲੇਮਾਨ ਪਾਤਸ਼ਾਹ ਨੇ ਵੀ ਉੱਚੀਆਂ ਥਾਵਾਂ ਬਣਵਾਈਆਂ ਸਨ ਉਹ ਉਸ ਪਹਾੜੀ ਦੇ ਦੱਖਣ ਵਾਲੇ ਪਾਸੇ ਸਨ। ਇਹ ਇਸਰਾਏਲ ਦੇ ਰਾਜੇ ਸੁਲੇਮਾਨ ਦੁਆਰਾ ਸਿਦੋਨ ਦੀ ਭਿਆਨਕ ਦੇਵੀ ਅਸ਼ਤਾਰੋਥ, ਅਤੇ ਮੋਆਬ ਦੇ ਦੇਵਤੇ ਕਮੋਸ਼ ਅਤੇ ਅਮੋਨੀਆਂ ਦੇ ਮਿਲਕੋਮ ਦੇ ਸਤਿਕਾਰ ਵਿੱਚ ਬਣਾਈਆਂ ਗਈਆਂ ਸਨ। ਤਾਂ ਜੋ ਉਹ ਉਨ੍ਹਾਂ ਦੇਵਤਿਆਂ ਦੀ ਉਪਾਸਨਾ ਤੇ ਸਨਮਾਨ ਕਰ ਸੱਕਣ। ਪਰ ਯੋਸੀਯਾਹ ਪਾਤਸ਼ਾਹ ਨੇ ਇਹ ਸਾਰੀਆਂ ਉਪਾਸਨਾ ਦੀਆਂ ਉੱਚੀਆਂ ਥਾਵਾਂ ਨੂੰ ਨਸ਼ਟ ਕਰਵਾ ਦਿੱਤਾ। 14 ਯੋਸੀਯਾਹ ਪਾਤਸ਼ਾਹ ਨੇ ਸਾਰੇ ਯਾਦਗਾਰੀ ਥੰਮਾਂ ਨੂੰ ਟੁਕੜੇ-ਟੁਕੜੇ ਕਰ ਦਿੱਤਾ ਅਤੇ ਅਸ਼ੇਰਾ ਦੇ ਥੰਮ ਨੂੰ ਵੀ ਢਾਹ ਦਿੱਤਾ ਅਤੇ ਫ਼ਿਰ ਉਸ ਨੇ ਮੁਰਦਿਆਂ ਦੀਆਂ ਹੱਡੀਆਂ ਉਨ੍ਹਾਂ ਉੱਚਿਆਂ ਥਾਵਾਂ ਤੇ ਖਿਲਾਰ ਦਿੱਤੀਆਂ।

15 ਯੋਸੀਯਾਹ ਨੇ ਉਹ ਜਗਵੇਦੀ ਤੇ ਉੱਚੀ ਥਾਂ ਜੋ ਬੈਤਏਲ ਵਿੱਚ ਸੀ ਉਹ ਵੀ ਢਾਹ ਸੁੱਟੀ। ਇਹ ਥਾਂ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਬਣਵਾਇਆ ਸੀ ਜਿਸ ਦੇ ਨਾਲ ਉਸ ਨੇ ਇਸਰਾਏਲ ਤੋਂ ਪਾਪ ਕਰਵਾਇਆ ਸੀ ਤੇ ਯੋਸੀਯਾਹ ਨੇ ਉਹ ਦੋਵੇਂ ਜਗਵੇਦੀ ਤੇ ਉੱਚਾ ਥਾਂ ਢਾਹ ਦਿੱਤਾ। ਅਤੇ ਜਗਵੇਦੀ ਦੇ ਪੱਥਰ ਦੇ ਟੁਕੜੇ-ਟੁਕੜੇ ਕਰਵਾ ਦਿੱਤੇ ਇੱਥੋਂ ਤੱਕ ਕਿ ਉਨ੍ਹਾਂ ਦਾ ਚੂਰਾ ਕਰਵਾ ਦਿੱਤਾ। ਉਸ ਨੇ ਅਸ਼ੇਰਾਹ ਦਾ ਥੰਮ ਵੀ ਸਾੜ ਦਿੱਤਾ। 16 ਯੋਸੀਯਾਹ ਨੇ ਚਾਰੋ ਪਾਸੇ ਵੇਖਿਆ ਤੇ ਪਰਬਤਾਂ ਉੱਪਰ ਦੀਆਂ ਕਬਰਾਂ ਵੱਲ ਨਿਗਾਹ ਮਾਰੀ। ਅਤੇ ਉਸ ਨੇ ਆਦਮੀਆਂ ਨੂੰ ਭੇਜਿਆ। ਉਨ੍ਹਾਂ ਆਦਮੀਆਂ ਜਿਨ੍ਹਾਂ ਨੇ ਉਨ੍ਹਾਂ ਕਬਰਾਂ ਵਿੱਚੋਂ ਹੱਡੀਆਂ ਕੱਢੀਆਂ ਅਤੇ ਯੋਸੀਯਾਹ ਉਨ੍ਹਾਂ ਨੂੰ ਜਗਵੇਦੀ ਉੱਪਰ ਸਾੜ ਦਿੱਤਾ। ਇਸ ਤਰ੍ਹਾਂ ਯੋਸੀਯਾਹ ਨੇ ਜਗਵੇਦੀ ਨੂੰ ਯਹੋਵਾਹ ਦੇ ਸੰਦੇਸ਼ ਮੁਤਾਬਕ ਭ੍ਰਸ਼ਟ ਕਰ ਦਿੱਤਾ ਜਿਸਦਾ ਪਰਮੇਸ਼ੁਰ ਦੇ ਮਨੁੱਖ ਨੇ ਐਲਾਨ ਕੀਤਾ ਸੀ। ਪਰਮੇਸ਼ੁਰ ਦੇ ਮਨੁੱਖ ਨੇ ਇਨ੍ਹਾਂ ਗੱਲਾਂ ਦਾ ਐਲਾਨ ਉਸ ਵਕਤ ਕੀਤਾ ਸੀ, ਜਦੋਂ ਯਰਾਬੁਆਮ ਜਗਵੇਦੀ ਦੇ ਪਾਸੇ ਖੜ੍ਹਾ ਸੀ।

ਤਦ ਯੋਸੀਯਾਹ ਨੇ ਚਾਰੋ ਪਾਸੇ ਵੇਖਿਆ ਅਤੇ ਪਰਮੇਸ਼ੁਰ ਦੇ ਮਨੁੱਖ (ਨਬੀ) ਦੀ ਕਬਰ ਵੇਖੀ।

17 ਯੋਸੀਯਾਹ ਨੇ ਆਖਿਆ, “ਉਹ ਯਾਦਗਾਰੀ ਚਿੰਨ੍ਹ ਜੋ ਮੈਂ ਵੇਖ ਰਿਹਾ ਹਾਂ, ਉਹ ਕੀ ਹੈ?”

ਸ਼ਹਿਰ ਦੇ ਲੋਕਾਂ ਨੇ ਉਸ ਨੂੰ ਕਿਹਾ, “ਇਹ ਯਹੂਦਾਹ ਤੋਂ ਆਏ ਪਰਮੇਸ਼ੁਰ ਦੇ ਮਨੁੱਖ (ਨਬੀ) ਦੀ ਕਬਰ ਹੈ। ਇਸ ਮਨੁੱਖ ਨੇ ਯਹੂਦਾਹ ਤੋਂ ਆਕੇ ਉਨ੍ਹਾਂ ਕੰਮਾਂ ਦਾ ਪਰਚਾਰ ਕੀਤਾ ਸੀ ਜੋ ਤੂੰ ਬੈਤਏਲ ਦੀ ਜਗਵੇਦੀ ਦੇ ਵਿਰੁੱਧ ਕੀਤੇ ਹਨ। ਉਸ ਨੇ ਇਹ ਗੱਲਾਂ ਬਹੁਤ ਸਮਾਂ ਪਹਿਲਾਂ ਹੀ ਦੱਸ ਦਿੱਤੀਆਂ ਸਨ।”

18 ਯੋਸੀਯਾਹ ਨੇ ਕਿਹਾ, “ਇਸ ਪਰਮੇਸ਼ੁਰ ਦੇ ਮਨੁੱਖ ਨੂੰ ਇੱਕਲਾ ਛੱਡ ਦਿਉ। ਇਸਦੀਆਂ ਹੱਡੀਆਂ ਇੱਥੋਂ ਨਾ ਚੁੱਕੋ ਇਸ ਨੂੰ ਵਿਸ਼ਰਾਮ ਕਰਨ ਦਿਉ।” ਤਾਂ ਉਨ੍ਹਾਂ ਨੇ ਉਸ ਮਨੁੱਖ ਦੀਆਂ ਹੱਡੀਆਂ ਉਸ ਨਬੀ ਦੀਆਂ ਹੱਡੀਆਂ ਜੋ ਸਾਮਰਿਯਾ ਵਿੱਚੋਂ ਆਇਆ ਸੀ, ਰਹਿਣ ਦਿੱਤੀਆਂ।

19 ਯੋਸੀਯਾਹ ਨੇ ਉਨ੍ਹਾਂ ਉੱਚੀਆਂ ਥਾਵਾਂ ਅਤੇ ਸਾਰੇ ਮੰਦਰਾਂ ਨੂੰ ਵੀ ਜੋ ਸਾਮਰਿਯਾ ਦੇ ਸ਼ਹਿਰਾਂ ਵਿੱਚ ਸਨ, ਜਿਨ੍ਹਾਂ ਨੂੰ ਇਸਰਾਏਲ ਦੇ ਪਾਤਸ਼ਾਹ ਨੇ ਯਹੋਵਾਹ ਦੇ ਗੁੱਸੇ ਨੂੰ ਭੜਕਾਉਣ ਲਈ ਬਣਾਇਆ ਸੀ ਢਾਹ ਦਿੱਤਾ। ਅਤੇ ਉਹ ਸਭ ਕੁਝ ਜੋ ਉਸ ਨੇ ਬੈਤਏਲ ਵਿੱਚ ਕੀਤਾ ਸੀ, ਉਸੇ ਤਰ੍ਹਾਂ ਉਨ੍ਹਾਂ ਨਾਲ ਵੀ ਕੀਤਾ।

20 ਯੋਸੀਯਾਹ ਨੇ ਸਾਮਰਿਯਾ ਦੀ ਉਚਿਆਂ ਥਾਵਾਂ ਤੇ ਜਿੰਨੇ ਵੀ ਜਾਜਕ ਸਨ, ਸਭਨਾਂ ਨੂੰ ਮਾਰ ਸੁੱਟਿਆ। ਉਸ ਨੇ ਉਨ੍ਹਾਂ ਆਦਮੀਆਂ ਦੀਆਂ ਹੱਡੀਆਂ ਨੂੰ ਜਗਵੇਦੀਆਂ ’ਚ ਸਾੜਿਆ। ਇਉਂ ਉਸ ਨੇ ਇਨ੍ਹਾਂ ਉਪਾਸਨਾ ਅਸਥਾਨਾਂ ਨੂੰ ਨਸਟ ਕੀਤਾ। ਫ਼ਿਰ ਉਹ ਯਰੂਸ਼ਲਮ ਨੂੰ ਮੁੜ ਗਿਆ।

ਯਹੂਦਾਹ ਦੇ ਲੋਕਾਂ ਨੇ ਪਸਹ ਮਨਾਇਆ

21 ਤਦ ਪਾਤਸ਼ਾਹ ਨੇ ਸਾਰੇ ਲੋਕਾਂ ਨੂੰ ਇਹ ਹੁਕਮ ਦਿੱਤਾ ਤੇ ਆਖਿਆ, “ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਪਸਹ ਮਨਾਓ। ਇਹ ਉਵੇਂ ਹੀ ਮਨਾਓ ਜਿਵੇਂ ਨੇਮ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ।”

22 ਲੋਕਾਂ ਨੇ ਨਿਆਂਕਾਰ ਦੇ ਸਮੇਂ ਤੋਂ ਲੈ ਕੇ, ਜਿਸ ਨੇ ਇਸਰਾਏਲ ਨੂੰ ਇਸਦੇ ਦੁਸ਼ਮਣਾਂ ਤੋਂ ਬਚਾਇਆ ਸੀ, ਅਜਿਹਾ ਪਸਾਹ ਕਦੇ ਨਹੀਂ ਮਨਾਇਆ ਸੀ। ਜਿਵੇਂ ਹੁਣ ਮਨਾਇਆ ਗਿਆ ਸੀ । ਨਾ ਹੀ ਕਿਸੇ ਇਸਰਾਏਲ ਦੇ ਪਾਤਸ਼ਾਹ ਅਤੇ ਨਾਹੀ ਯਹੂਦਾਹ ਦੇ ਕਿਸੇ ਪਾਤਸ਼ਾਹ ਨੇ ਅਜਿਹਾ ਪਸਹ ਦਾ ਵੱਡਾ ਜਸ਼ਨ ਕਦੇ ਮਨਾਇਆ ਸੀ। 23 ਉਨ੍ਹਾਂ ਨੇ ਯੋਸੀਯਾਹ ਦੇ ਰਾਜ ਦੇ 18ਵਰ੍ਹੇ ਵਿੱਚ ਯਰੂਸ਼ਲਮ ਵਿੱਚ ਯਹੋਵਾਹ ਲਈ ਇਹ ਪਸਹ ਮਨਾਇਆ।

24 ਯੋਸੀਯਾਹ ਨੇ ਪ੍ਰੇਤ ਆਤਮਾਵਾਂ ਨਾਲ ਗੱਲ ਕਰਨ ਵਾਲੀਆਂ ਰੂਹਾਂ, ਜਾਦੂਗਰਾਂ, ਘਰੇਲੂ ਦੇਵਤਿਆਂ, ਬੁੱਤਾਂ ਅਤੇ ਹੋਰ ਅਜਿਹੀਆਂ ਸਭ ਭਿਆਨਕ ਚੀਜ਼ਾਂ, ਜਿਨ੍ਹਾਂ ਦੀ ਲੋਕ ਯਹੂਦਾਹ ਅਤੇ ਯਰੂਸ਼ਲਮ ਵਿੱਚ ਉਪਾਸਨਾ ਕਰਦੇ ਸਨ, ਨਸ਼ਟ ਕਰ ਦਿੱਤਾ। ਪਾਤਸ਼ਾਹ ਨੇ ਅਜਿਹਾ ਬਿਵਸਥਾ ਦੀ ਪੋਥੀ ਵਿੱਚ ਲਿਖੇ ਨੂੰ ਮੰਨਣ ਲਈ ਕੀਤਾ। ਜਿਹੜੀ ਹਿਲਕੀਯਾਹ ਜਾਜਕ ਨੂੰ ਯਹੋਵਾਹ ਦੇ ਮੰਦਰ ਵਿੱਚੋਂ ਲੱਭੀ ਸੀ।

25 ਯੋਸ਼ੀਯਾਹ ਵਰਗਾ ਕੋਈ ਹੋਰ ਪਾਤਸ਼ਾਹ ਨਹੀਂ ਸੀ ਉਹ ਯਹੋਵਾਹ ਵੱਲ ਪੂਰੇ ਦਿਲੋਂ, ਆਪਣੀ ਪੂਰੀ ਰੂਹ ਅਤੇ ਆਪਣੇ ਪੂਰੀ ਤਾਕਤ ਨਾਲ ਪਰਤਿਆ ਅਤੇ ਮੂਸਾ ਦੇ ਬਿਵਸਥਾ ਨਾਲ ਅਪਣੇ-ਆਪ ਨੂੰ ਇੰਝ ਬੰਨ੍ਹਿਆ ਜਿਵੇਂ ਕਿ ਕਦੇ ਵੀ ਕਿਸੇ ਹੋਰ ਰਾਜੇ ਨੇ ਨਹੀਂ ਕੀਤਾ ਸੀ। ਉਸ ਦਿਨ ਤਾਈ ਯੋਸ਼ੀਯਾਹ ਵਰਗਾ ਕੋਈ ਪਾਤਸ਼ਾਹ ਨਹੀਂ ਹੋਇਆ ਸੀ।

1 ਕੁਰਿੰਥੀਆਂ ਨੂੰ 12:1-11

ਪਵਿੱਤਰ ਆਤਮਾ ਵੱਲੋਂ ਸੁਗਾਤਾਂ

12 ਹੁਣ, ਭਰਾਵੋ ਅਤੇ ਭੈਣੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਆਤਮਕ ਸੁਗਾਤਾਂ ਬਾਰੇ ਜਾਣ ਲਵੋ। ਤੁਸੀਂ ਆਪਣੇ ਵਿਸ਼ਵਾਸੀ ਹੋਣ ਤੋਂ ਪਹਿਲਾਂ ਦਿਆਂ ਜ਼ਿੰਦਗੀਆਂ ਬਾਰੇ ਜਾਣਦੇ ਹੋ। ਤੁਸੀਂ ਖੁਦ ਜ਼ਿੰਦਗੀ ਹੀਣ ਮੂਰਤੀਆਂ ਦੀ ਉਪਾਸਨਾ ਵੱਲ ਅੰਨ੍ਹੇਵਾਹ ਖਿੱਚੇ ਗਏ ਸੀ। ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਵੀ ਵਿਅਕਤੀ ਜਿਹੜਾ ਪਰਮੇਸ਼ੁਰ ਦੇ ਆਤਮਾ ਦੀ ਸਹਾਇਤਾ ਨਾਲ ਬੋਲਦਾ ਹੈ। ਇਹ ਨਹੀਂ ਕਹਿੰਦਾ ਕਿ “ਯਿਸੂ ਮਸੀਹ ਸਰਾਪਿਆ ਜਾਵੇ।” ਅਤੇ ਕੋਈ ਵੀ ਪਵਿੱਤਰ ਆਤਮਾ ਦੀ ਸਹਾਇਤਾ ਤੋਂ ਬਿਨਾ ਨਹੀਂ ਆਖ ਸੱਕਦਾ, “ਯਿਸੂ ਪ੍ਰਭੂ ਹੈ।”

ਆਤਮਕ ਸੁਗਾਤਾਂ ਕਈ ਤਰ੍ਹਾਂ ਦੀਆਂ ਹਨ ਪਰ ਉਹ ਸਾਰੀਆਂ ਉਸੇ ਆਤਮਾ ਵੱਲੋਂ ਹਨ। ਸੇਵਾ ਕਰਨ ਦੇ ਕਈ ਤਰੀਕੇ ਹਨ; ਪਰ ਇਹ ਸਾਰੇ ਤਰੀਕੇ ਉਸੇ ਪ੍ਰਭੂ ਵੱਲੋਂ ਹਨ। ਅਤੇ ਇਸਦੇ ਵੀ ਕਈ ਤਰੀਕੇ ਹਨ ਜਿਨ੍ਹਾਂ ਰਾਹੀਂ ਪਰਮੇਸ਼ੁਰ ਲੋਕਾਂ ਵਿੱਚ ਕਾਰਜ ਕਰਦਾ ਹੈ। ਪਰ ਇਹ ਸਾਰੇ ਤਰੀਕੇ ਉਸੇ ਪਰਮੇਸ਼ੁਰ ਵੱਲੋਂ ਹਨ। ਪਰਮੇਸ਼ੁਰ ਸਾਡੇ ਵਿੱਚ ਸਭ ਕਾਰਜ ਕਰਦਾ ਹੈ।

ਆਤਮਾ ਦਾ ਕਾਰਜ ਹਰ ਮਨੁੱਖ ਵਿੱਚ ਵੇਖਿਆ ਜਾ ਸੱਕਦਾ ਹੈ। ਆਤਮਾ ਹੋਰਨਾਂ ਲੋਕਾਂ ਦੀ ਸਹਾਇਤਾ ਕਰਨ ਲਈ ਸਾਨੂੰ ਇਹ ਤੋਹਫ਼ਾ ਦਿੰਦਾ ਹੈ। ਆਤਮਾ ਇੱਕ ਵਿਅਕਤੀ ਨੂੰ ਇਹ ਦਾਤ ਸਿਆਣਪ ਦੀ ਬੋਲੀ ਬੋਲਣ ਲਈ ਦਿੰਦਾ ਹੈ। ਅਤੇ ਉਹੀ ਆਤਮਾ ਗਿਆਨ ਨਾਲ ਬੋਲਣ ਦੀ ਦਾਤ ਬਖਸ਼ਦਾ ਹੈ। ਉਹੀ ਆਤਮਾ ਇੱਕ ਵਿਅਕਤੀ ਨੂੰ ਵਿਸ਼ਵਾਸ ਪ੍ਰਦਾਨ ਕਰਦਾ ਹੈ। ਅਤੇ ਉਹੀ ਆਤਮਾ ਕਿਸੇ ਵਿਅਕਤੀ ਨੂੰ ਤੰਦਰੁਸਤੀ ਦੀ ਦਾਤ ਬਖਸ਼ਦਾ ਹੈ। 10 ਦੂਸਰੇ ਵਿਅਕਤੀ ਨੂੰ, ਕਰਿਸ਼ਮੇ ਕਰਨ ਦੀ ਦਾਤ ਬਖਸ਼ਦਾ ਹੈ, ਅਤੇ ਕਿਸੇ ਹੋਰ ਵਿਅਕਤੀ ਨੂੰ ਅਗੰਮ ਵਾਕ ਕਰਨ ਦੀ, ਅਤੇ ਕਿਸੇ ਹੋਰ ਵਿਅਕਤੀ ਨੂੰ ਨੇਕ ਅਤੇ ਬਦ ਰੂਹਾਂ ਦੇ ਵਿੱਚਕਾਰ ਫ਼ਰਕ ਕਰਨ ਦੀ ਯੋਗਤਾ ਪ੍ਰਦਾਨ ਕਰਦਾ ਹੈ। ਆਤਮਾ ਕਿਸੇ ਵਿਅਕਤੀ ਨੂੰ ਭਿੰਨ-ਭਿੰਨ ਪ੍ਰਕਾਰ ਦੀਆਂ ਭਾਸ਼ਾਵਾਂ ਬੋਲਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ, ਅਤੇ ਕਿਸੇ ਦੂਸਰੇ ਵਿਅਕਤੀ ਨੂੰ ਉਨ੍ਹਾਂ ਭਾਸ਼ਾਵਾਂ ਦੀ ਵਿਆਖਿਆ ਕਰਨ ਦੀ ਸ਼ਕਤੀ ਦਿੰਦਾ ਹੈ। 11 ਉਹੀ ਆਤਮਾ, ਇਹ ਸਾਰੀਆਂ ਗੱਲਾਂ ਕਰਦਾ ਹੈ। ਆਤਮਾ ਇਹ ਨਿਰਨਾ ਕਰਦਾ ਹੈ ਕਿ ਹਰ ਵਿਅਕਤੀ ਨੂੰ ਕੀ ਦੇਣਾ ਹੈ।

ਮੱਤੀ 9:18-26

ਯਿਸੂ ਦਾ ਮੋਈ ਕੁੜੀ ਨੂੰ ਪ੍ਰਾਣ ਦੇਣਾ ਅਤੇ ਬਿਮਾਰ ਔਰਤ ਨੂੰ ਰਾਜ਼ੀ ਕਰਨਾ(A)

18 ਜਦ ਯਿਸੂ ਉਨ੍ਹਾਂ ਨੂੰ ਇਹ ਗੱਲਾਂ ਕਹਿ ਰਿਹਾ ਸੀ ਤਾਂ ਪ੍ਰਰਥਨਾ ਸਥਾਨ ਦੇ ਇੱਕ ਆਗੂ ਨੇ ਆਣਕੇ ਉਸ ਦੇ ਅੱਗੇ ਮੱਥਾ ਟੇਕਿਆ ਅਤੇ ਆਖਿਆ, “ਮੇਰੀ ਬੇਟੀ ਹੁਣੇ ਮਰੀ ਹੈ। ਪਰ ਤੁਸੀਂ ਆਓ ਅਤੇ ਆਕੇ ਉਸ ਨੂੰ ਆਪਣੇ ਹੱਥ ਨਾਲ ਛੂਹੋ ਉਹ ਫ਼ੇਰ ਜੀ ਪਵੇਗੀ।”

19 ਫ਼ੇਰ ਯਿਸੂ ਉੱਠਿਆ ਅਤੇ ਆਪਣੇ ਚੇਲਿਆਂ ਸਣੇ ਉਸ ਦੇ ਮਗਰ ਤੁਰ ਪਿਆ।

20 ਉੱਥੇ ਇੱਕ ਔਰਤ, ਜਿਸਦੇ ਬਾਰ੍ਹਾਂ ਵਰ੍ਹਿਆਂ ਤੋਂ ਲਹੂ ਵਗ ਰਿਹਾ ਸੀ, ਉਸ ਨੇ ਪਿੱਛੋ ਦੀ ਆਣਕੇ ਯਿਸੂ ਦੇ ਚੋਗੇ ਦਾ ਪੱਲਾ ਛੋਹਿਆ। 21 ਕਿਉਂਕਿ ਉਸ ਨੇ ਸੋਚਿਆ, “ਜੇਕਰ ਮੈਂ ਸਿਰਫ਼ ਉਸ ਦੇ ਚੋਗੇ ਨੂੰ ਛੂਹ ਲਵਾਂ, ਮੈਂ ਚੰਗੀ ਹੋ ਜਾਵਾਂਗੀ।”

22 ਯਿਸੂ ਮੁੜਿਆ ਅਤੇ ਉਸ ਨੂੰ ਵੇਖਕੇ ਆਖਿਆ: “ਪਿਆਰੀ ਔਰਤ ਖੁਸ਼ ਰਹਿ। ਤੇਰੀ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।” ਉਹ ਔਰਤ ਉਸੇ ਪਲ ਚੰਗੀ ਹੋ ਗਈ।

23 ਫ਼ੇਰ ਯਿਸੂ ਪੂਜਾ ਸਥਾਨ ਦੇ ਆਗੂ ਦੇ ਘਰ ਗਿਆ। ਅਤੇ ਯਿਸੂ ਨੇ ਵੇਖਿਆ ਕੁਝ ਲੋਕ ਜਨਾਜ਼ੇ ਵਾਸਤੇ ਸੰਗੀਤਕ ਧੁਨੀ ਪੈਦਾ ਕਰ ਰਹੇ ਸਨ ਅਤੇ ਉੱਥੇ ਕੁੜੀ ਨੂੰ ਮਰੀ ਵੇਖਕੇ ਰੋ-ਪਿਟ ਰਹੇ ਹਨ। 24 ਤਾਂ ਉਸ ਨੇ ਆਖਿਆ, “ਚਲੇ ਜਾਵੋ, ਕਿਉਂਕਿ ਕੁੜੀ ਮਰੀ ਨਹੀਂ ਸਗੋਂ ਸੁੱਤੀ ਪਈ ਹੈ,” ਪਰ ਉਹ ਉਸ ਉੱਤੇ ਹੱਸੇ। 25 ਜਦੋਂ ਲੋਕਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ, ਤਾਂ ਉਹ ਉਸ ਕਮਰੇ ਵਿੱਚ ਗਿਆ ਜਿੱਥੇ ਕੁੜੀ ਸੀ। ਉਸ ਨੇ ਉਸਦਾ ਹੱਥ ਫ਼ੜਿਆ, ਅਤੇ ਉਹ ਖੜ੍ਹੀ ਹੋ ਗਈ, 26 ਇਹ ਖਬਰ ਉਸ ਸਾਰੇ ਇਲਾਕੇ ਵਿੱਚ ਫ਼ੈਲ ਗਈ।

Punjabi Bible: Easy-to-Read Version (ERV-PA)

2010 by World Bible Translation Center