Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 31

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।

31 ਯਹੋਵਾਹ, ਮੈਂ ਤੁਸਾਂ ਉੱਤੇ ਨਿਰਭਰ ਹਾਂ।
    ਮੈਨੂੰ ਨਿਰਾਸ਼ ਨਾ ਕਰੋ।
    ਮੇਰੇ ਉੱਪਰ ਮਿਹਰਬਾਨ ਹੋਵੋ ਅਤੇ ਮੈਨੂੰ ਬਚਾ ਲਵੋ।
    ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਨੂੰ ਸੁਣੋ।
    ਛੇਤੀ ਆਉ ਅਤੇ ਮੈਨੂੰ ਬਚਾਉ।
ਮੇਰੀ ਚੱਟਾਨ ਹੋਵੋ, ਮੇਰਾ ਸੁਰੱਖਿਅਤ ਸਥਾਨ ਹੋਵੋ।
    ਮੇਰਾ ਕਿਲ੍ਹਾ ਹੋਵੋ ਮੇਰੀ ਰੱਖਿਆ ਕਰੋ।
ਹੇ ਪਰਮੇਸ਼ੁਰ, ਤੁਸੀਂ ਮੇਰੀ ਚੱਟਾਨ ਹੋ,
    ਇਸੇ ਲਈ ਆਪਣੇ ਨਾਂ ਦੇ ਚੰਗੇ ਵਾਸਤੇ, ਮੇਰੇ ਆਗੂ ਬਣੋ ਅਤੇ ਮੇਰੀ ਅਗਵਾਈ ਕਰੋ।
ਮੇਰੇ ਦੁਸ਼ਮਣਾਂ ਮੇਰੇ ਲਈ ਜਾਲ ਵਿਛਾਇਆ ਹੈ।
    ਮੈਨੂੰ ਉਨ੍ਹਾਂ ਦੇ ਜਾਲ ਤੋਂ ਬਚਾਉ।
    ਤੁਸੀਂ ਹੀ ਮੇਰਾ ਸੁਰੱਖਿਅਤ ਸਥਾਨ ਹੋ।
ਯਹੋਵਾਹ, ਤੁਸੀਂ ਹੀ ਪਰਮੇਸ਼ੁਰ ਹੋ ਜਿਸਤੇ ਸਾਨੂੰ ਭਰੋਸਾ ਹੈ।
    ਮੈਂ ਤੁਹਾਡੇ ਹੱਥਾਂ ਵਿੱਚ ਆਪਣੀ ਜਿੰਦ ਸੌਂਪਦਾ ਹਾਂ।
    ਮੈਨੂੰ ਬਚਾਉ।
ਮੈਂ ਉਨ੍ਹਾਂ ਨੂੰ ਨਫ਼ਰਤ ਕਰਦਾ ਹਾਂ ਜਿਹੜੇ ਝੂਠੇ ਦੇਵਤਿਆਂ ਦੀ ਪੂਜਾ ਕਰਦੇ ਹਨ।
    ਮੈਂ ਸਿਰਫ਼ ਯਹੋਵਾਹ ਵਿੱਚ ਹੀ ਯਕੀਨ ਰੱਖਦਾ ਹਾਂ।
ਹੇ ਪਰਮੇਸ਼ੁਰ, ਤੁਹਾਡੀ ਮਿਹਰਬਾਨੀ ਸਦਕਾ ਮੈਂ ਬਹੁਤ ਪ੍ਰਸੰਨ ਹਾਂ।
    ਤੁਸੀਂ ਮੇਰੀ ਬਿਪਤਾ ਦੇਖੀ ਹੈ।
    ਤੁਸੀਂ ਮੇਰੀਆਂ ਮੁਸੀਬਤਾਂ ਬਾਰੇ ਜਾਣਦੇ ਹੋ।
ਤੁਸੀਂ ਮੈਨੂੰ ਦੁਸ਼ਮਣਾਂ ਨੂੰ ਨਹੀਂ ਫ਼ੜਨ ਦੇਵੋਂਗੇ।
    ਤੁਸੀਂ ਮੈਨੂੰ ਉਨ੍ਹਾਂ ਦੇ ਜਾਲਾਂ ਤੋਂ ਮੁਕਤ ਕਰੋਂਗੇ।
ਯਹੋਵਾਹ, ਮੈਂ ਵੱਡੇ ਸੰਕਟਾਂ ਵਿੱਚ ਪਿਆ ਹਾਂ।
    ਇਸ ਲਈ ਮੇਰੇ ਉੱਤੇ ਮਿਹਰਬਾਨ ਹੋਵੋ।
    ਕਿਉਂਕਿ ਮੈਂ ਬਹੁਤ ਪਰੇਸ਼ਾਨ ਹਾਂ, ਮੇਰੀਆਂ ਅੱਖਾਂ ਵੀ, ਗਲਾ ਅਤੇ ਮਿਹਦਾ ਵੀ ਦੁੱਖ ਰਹੇ ਹਨ।
10 ਮੇਰੀ ਜਿੰਦ ਉਦਾਸੀ ਅੰਦਰ ਬੀਤ ਰਹੀ ਹੈ।
    ਆਹਾਂ ਵਿੱਚ, ਮੇਰੇ ਸਾਲ ਬੀਤਦੇ ਜਾ ਰਹੇ ਹਨ।
ਮੇਰੀਆਂ ਮੁਸੀਬਤਾਂ ਮੈਨੂੰ ਕਮਜ਼ੋਰ ਬਣਾ ਰਹੀਆਂ ਹਨ।
    ਮੇਰੀ ਸ਼ਕਤੀ ਮੈਨੂੰ ਜਵਾਬ ਦੇ ਰਹੀ ਹੈ।
11 ਮੇਰੇ ਦੁਸ਼ਮਣ ਮੈਨੂੰ ਨਫ਼ਰਤ ਕਰਦੇ ਹਨ
    ਅਤੇ ਮੇਰੇ ਸਾਰੇ ਗੁਆਂਢੀ ਵੀ ਮੈਨੂੰ ਨਫ਼ਰਤ ਕਰਦੇ ਹਨ।
ਮੇਰੇ ਸਾਰੇ ਰਿਸ਼ਤੇਦਾਰ ਰਾਹਾਂ ਵਿੱਚ ਮੇਰੇ ਵੱਲ ਤੱਕਦੇ ਹਨ।
    ਉਹ ਮੇਰੇ ਪਾਸੋਂ ਡਰਦੇ ਹਨ
    ਅਤੇ ਮੈਥੋਂ ਬਚਦੇ ਫ਼ਿਰਦੇ ਹਨ।
12 ਲੋਕ ਮੈਨੂੰ ਗੁਆਚੇ ਹੋਏ ਸੰਦ ਵਾਂਗ
    ਮੁਕੰਮਲ ਤੌਰ ਤੇ ਭੁੱਲ ਗਏ ਹਨ।
13 ਮੈਂ ਟਿਪਣੀਆਂ ਸੁਣਦਾ ਹਾਂ, ਜਿਹੜੀਆਂ ਲੋਕ ਮੇਰੇ ਬਾਰੇ ਆਖਦੇ ਹਨ।
    ਉਹ ਲੋਕੀਂ ਮੇਰੇ ਖਿਲਾਫ਼ ਹੋ ਗਏ ਹਨ ਅਤੇ ਮੈਨੂੰ ਮਾਰਨ ਦੀਆਂ ਵਿਉਂਤਾਂ ਬਣਾ ਰਹੇ ਹਨ।

14 ਹੇ ਯਹੋਵਾਹ, ਮੈਂ ਤੇਰੇ ਵਿੱਚ ਯਕੀਨ ਰੱਖਦਾ ਹਾਂ।
    ਤੁਸੀਂ ਮੇਰੇ ਪਰਮੇਸ਼ੁਰ ਹੋ।
15 ਮੇਰੀ ਜਿੰਦ ਤੁਹਾਡੇ ਹੱਥਾਂ ਵਿੱਚ ਹੈ।
    ਮੈਨੂੰ ਮੇਰੇ ਦੁਸ਼ਮਣਾਂ ਤੋਂ ਬਚਾਉ।
    ਕੁਝ ਲੋਕੀਂ ਮੇਰਾ ਪਿੱਛਾ ਕਰ ਰਹੇ ਹਨ। ਮੈਨੂੰ ਉਨ੍ਹਾਂ ਤੋਂ ਬਚਾਉ।
16 ਕਿਰਪਾ ਕਰਕੇ ਜੀ ਆਇਆਂ ਨੂੰ ਆਖੋ ਅਤੇ ਆਪਣੇ ਸੇਵਕ ਨੂੰ ਪ੍ਰਵਾਨ ਕਰੋ।
    ਮੇਰੇ ਉੱਤੇ ਮਿਹਰਬਾਨ ਹੋਵੋ ਅਤੇ ਮੈਨੂੰ ਬਚਾਉ।
17 ਹੇ ਯਹੋਵਾਹ, ਮੈਂ ਤੁਹਾਨੂੰ ਪ੍ਰਾਰਥਨਾ ਕੀਤੀ।
    ਇਸ ਲਈ ਮੈਂ ਨਿਰਾਸ਼ ਨਹੀਂ ਹੋਵਾਂਗਾ,
ਪਰ ਬੁਰੇ ਲੋਕ ਨਿਰਾਸ਼ ਹੋਣਗੇ।
    ਉਹ ਕਬਰ ਵਿੱਚ ਖਾਮੋਸ਼ ਹੋਣਗੇ।
18 ਉਹ ਮੰਦੇ ਲੋਕ ਬਹੁਤ ਗੁਮਾਨੀ ਹਨ।
    ਉਹ ਆਪਣੇ ਬਾਰੇ ਸ੍ਵੈਂ-ਪ੍ਰਸ਼ੰਸਾ ਕਰਦੇ ਹਨ
ਅਤੇ ਚੰਗੇ ਲੋਕਾਂ ਬਾਰੇ ਝੂਠ ਦੱਸਦੇ ਹਨ।
    ਪਰ ਉਨ੍ਹਾਂ ਦੇ ਝੂਠ ਬੋਲਣ ਵਾਲੇ ਬੁਲ੍ਹ ਖਾਮੋਸ਼ ਹੋ ਜਾਣਗੇ।

19 ਹੇ ਪਰਮੇਸ਼ੁਰ, ਤੁਸੀਂ ਆਪਣੇ ਚੇਲਿਆਂ ਲਈ ਅਨੇਕ ਅਦਭੁਤ ਚੀਜ਼ਾਂ ਛੁਪਾਕੇ ਰੱਖੀਆਂ ਹਨ।
    ਉਨ੍ਹਾਂ ਸਮੂਹ ਲੋਕਾਂ ਦੇ ਸਾਹਮਣੇ ਚੰਗੀਆਂ ਗੱਲਾਂ ਕਰੋ ਜਿਹੜੇ ਤੁਹਾਡੇ ਵਿੱਚ ਯਕੀਨ ਰੱਖਦੇ ਹਨ।
20 ਮੰਦੇ ਲੋਕੀਂ ਚੰਗੇ ਲੋਕਾਂ ਨੂੰ ਦੁੱਖ ਦੇਣ ਲਈ ਇਕੱਠੇ ਹੋ ਗਏ ਹਨ।
    ਉਹ ਮੰਦੇ ਲੋਕੀਂ ਲੜਾਈ ਛੇੜਨ ਦੀ ਕੋਸ਼ਿਸ਼ ਕਰਦੇ ਹਨ।
ਪਰ ਤੁਸੀਂ ਉਨ੍ਹਾਂ ਚੰਗੇ ਲੋਕਾਂ ਨੂੰ ਲੁੱਟ ਲੈਂਦੇ ਹੋ ਅਤੇ ਉਨ੍ਹਾਂ ਦੀ ਰੱਖਿਆ ਕਰਦੇ ਹੋ।
    ਤੁਸੀਂ ਆਪਣੀ ਸ਼ਰਣ ਹੇਠਾਂ ਉਨ੍ਹਾਂ ਦੀ ਰੱਖਿਆ ਕਰੋ।
21 ਯਹੋਵਾਹ ਨੂੰ ਅਸੀਸ ਦਿਉ।
ਉਸ ਨੇ ਮੇਰੇ ਲਈ ਆਪਣਾ ਸੱਚਾ ਪਿਆਰ ਦਰਸਾਇਆ ਸੀ।
    ਜਦੋਂ ਦੁਸ਼ਮਣਾਂ ਨੇ ਨਿਰਾਲੇ ਢੰਗ ਨਾਲ ਸ਼ਹਿਰ ਨੂੰ ਘੇਰਾ ਘਤਿਆ ਸੀ।
22 ਮੈਂ ਡਰਦਾ ਸਾਂ ਅਤੇ ਮੈਂ ਆਖਿਆ, “ਮੈਂ ਉਸ ਥਾਵੇਂ ਹਾਂ ਜਿੱਥੇ ਪਰਮੇਸ਼ੁਰ ਮੈਨੂੰ ਨਹੀਂ ਦੇਖ ਸੱਕਦਾ।”
    ਪਰ ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕੀਤੀ, ਹੇ ਪਰਮੇਸ਼ੁਰ, ਅਤੇ ਤੁਸੀਂ ਮਦਦ ਲਈ ਮੇਰੀ ਉੱਚੀ ਪੁਕਾਰ ਸੁਣ ਲਈ।

23 ਪਰਮੇਸ਼ੁਰ ਦੇ ਚੇਲਿਉ, ਤੁਹਾਨੂੰ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੀਦਾ ਹੈ।
    ਯਹੋਵਾਹ ਉਨ੍ਹਾਂ ਦੀ ਰੱਖਿਆ ਕਰਦਾ ਹੈ ਜੋ ਉਸ ਦੇ ਵਫ਼ਾਦਾਰ ਹਨ।
ਪਰ ਉਹ ਉਨ੍ਹਾਂ ਲੋਕਾਂ ਨੂੰ ਦੰਡ ਦਿੰਦਾ ਹੈ ਜੋ ਆਪਣੀ ਹੀ ਤਾਕਤ ਬਾਰੇ ਸ਼ੇਖੀ ਮਾਰਦੇ ਹਨ।
    ਉਹ ਉਨ੍ਹਾਂ ਨੂੰ ਢੁਕਵਾਂ ਦੰਡ ਦਿੰਦਾ ਹੈ।
24 ਤੁਸੀਂ ਸਾਰੇ ਜਿਹੜੇ ਪਰਮੇਸ਼ੁਰ ਦੀ ਮਦਦ ਲਈ ਇੰਤਜ਼ਾਰ ਕਰ ਰਹੇ ਹੋਂ, ਤਕੜੇ ਅਤੇ ਬਹਾਦੁਰ ਬਣੋ।

ਜ਼ਬੂਰ 35

ਦਾਊਦ ਦਾ ਇੱਕ ਗੀਤ।

35 ਹੇ ਯਹੋਵਾਹ, ਮੇਰੇ ਵਿਰੋਧੀਆਂ ਦੇ ਖਿਲਾਫ਼ ਲੜੋ।
    ਮੇਰੇ ਯੁੱਧ ਲੜੋ।
ਹੇ ਯਹੋਵਾਹ, ਆਪਣੀ ਢਾਲ ਅਤੇ ਫ਼ਰੀ ਚੁੱਕ ਲਵੋ।
    ਉੱਠੋ ਅਤੇ ਮੇਰੀ ਮਦਦ ਕਰੋ।
ਆਪਣਾ ਨੇਜਾ ਅਤੇ ਬਰਛਾ ਚੁੱਕ
    ਅਤੇ ਉਨ੍ਹਾਂ ਲੋਕਾਂ ਦੇ ਖਿਲਾਫ਼ ਲੜੋ ਜੋ ਮੇਰਾ ਪਿੱਛਾ ਕਰ ਰਹੇ ਹਨ।
ਯਹੋਵਾਹ, ਮੇਰੀ ਰੂਹ ਨੂੰ ਆਖੋ, “ਮੈਂ ਤੈਨੂੰ ਬਚਵਾਂਗਾ।”

ਉਹ ਜੋ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ
    ਨਿਰਾਸ਼ ਅਤੇ ਸ਼ਰਮਸਾਰ ਹੋਣ।
ਉਹ ਜਿਹੜੇ ਮੈਨੂੰ ਸੱਟ ਮਾਰਨ ਦੀ ਸਾਜਿਸ਼ ਕਰਦੇ ਹਨ,
    ਹਾਰ ਜਾਣ ਅਤੇ ਸ਼ਰਮਸਾਰ ਹੋਣ।
ਉਨ੍ਹਾਂ ਨੂੰ ਉਸ ਤੂੜੀ ਵਾਂਗ ਬਣਾ ਦਿਉ।
    ਜਿਹੜੀ ਹਵਾ ਦੁਆਰਾ ਉੱਡ ਜਾਂਦੀ ਹੈ।
    ਯਹੋਵਾਹ ਦੇ ਦੂਤ ਨੂੰ ਉਨ੍ਹਾਂ ਦਾ ਪਿੱਛਾ ਕਰਨ ਦਿਉ।
ਯਹੋਵਾਹ, ਉਨ੍ਹਾਂ ਦੇ ਰਾਹਾਂ ਨੂੰ ਹਨੇਰਮਈ ਅਤੇ ਤਿਲਕਣਾ ਬਣਾ ਦਿਉ।
    ਯਹੋਵਾਹ ਦੇ ਦੂਤ ਨੂੰ ਉਨ੍ਹਾਂ ਦਾ ਪਿੱਛਾ ਕਰਨ ਦਿਉ।
ਮੈਂ ਕੋਈ ਗਲਤ ਕੰਮ ਨਹੀਂ ਕੀਤਾ।
ਪਰ ਉਨ੍ਹਾਂ ਲੋਕਾਂ ਨੇ ਮੈਨੂੰ ਫ਼ੜਨ ਦੀ ਕੋਸ਼ਿਸ਼ ਕੀਤੀ।
    ਉਨ੍ਹਾਂ ਨੇ ਮੈਨੂੰ ਅਕਾਰਣ ਹੀ ਫ਼ਸਾਉਣ ਦੀ ਕੋਸ਼ਿਸ਼ ਕੀਤੀ।
ਇਸ ਲਈ ਯਹੋਵਾਹ, ਉਨ੍ਹਾਂ ਨੂੰ ਆਪਣੀਆਂ ਚਾਲਾਂ ਵਿੱਚ ਫ਼ਸਣ ਦਿਉ,
    ਉਨ੍ਹਾਂ ਨੂੰ ਆਪਣੇ ਹੀ ਜਾਲਾਂ ਵਿੱਚ ਡਿੱਗਣ ਦਿਉ।
    ਕੋਈ ਅਣਪਛਾਣਿਆ ਖਤਰਾ ਉਨ੍ਹਾਂ ਨੂੰ ਫ਼ੜ ਲਵੇ।
ਫ਼ੇਰ ਮੈਂ ਯਹੋਵਾਹ ਵਿੱਚ ਆਨੰਦ ਮਾਣਾਂਗਾ।
    ਮੈਂ ਖੁਸ਼ ਹੋਵਾਂਗਾ ਜਦੋਂ ਉਸ ਨੇ ਮੈਨੂੰ ਬਚਾਉਂਦਾ ਹੈ।
10 ਫ਼ੇਰ ਮੇਰੀ ਪੂਰੀ ਹਸਤੀ ਆਖੇਗੀ;
    “ਯਹੋਵਾਹ, ਤੁਹਾਡੇ ਜਿਹਾ ਕੋਈ ਨਹੀਂ।
ਤੁਸੀਂ ਗਰੀਬ ਲੋਕਾਂ ਨੂੰ ਉਨ੍ਹਾਂ ਤੋਂ ਬਚਾਉਂਦੇ ਹੋ ਜੋ ਡਾਢੇ ਹਨ।
    ਤੁਸੀਂ ਡਾਢਿਆਂ ਕੋਲੋਂ ਚੀਜ਼ਾਂ ਖੋਹ ਕੇ ਉਹ ਚੀਜ਼ਾਂ ਤੁਸੀਂ ਗਰੀਬ ਅਤੇ ਲਾਚਾਰਾਂ ਨੂੰ ਦਿੰਦੇ ਹੋ।”
11 ਗਵਾਹਾਂ ਦੀ ਇੱਕ ਟੋਲੀ ਮੈਨੂੰ ਨੁਕਸਾਨ ਪਹੁੰਚਾਣ ਲਈ ਵਿਉਂਤਾਂ ਘੜ ਰਹੀ ਹੈ,
    ਉਹ ਲੋਕ ਮੇਰੇ ਪਾਸੋਂ ਐਸੇ ਸਵਾਲ ਪੁੱਛਣਗੇ ਜਿਨ੍ਹਾਂ ਦਾ ਮੈਂ ਕੋਈ ਜਵਾਬ ਨਹੀਂ ਜਾਣਦਾ।
12 ਮੈਂ ਤਾਂ ਸਿਰਫ਼ ਚੰਗੇ ਕੰਮ ਕੀਤੇ ਹਨ।
ਪਰ ਉਹ ਲੋਕ ਮੇਰੇ ਨਾਲ ਮੰਦੇ ਕੰਮ ਕਰਨਗੇ।
    ਯਹੋਵਾਹ, ਮੈਨੂੰ ਸ਼ੁਭ ਚੀਜ਼ਾਂ ਦਿਉ ਜਿਨ੍ਹਾਂ ਦਾ ਮੈਂ ਹੱਕਦਾਰ ਹਾਂ।
13 ਜਦੋਂ ਉਹ ਲੋਕ ਬਿਮਾਰ ਸਨ, ਮੈਂ ਉਨ੍ਹਾਂ ਲਈ ਦੁੱਖੀ ਸੀ।
    ਮੈਂ ਭੋਜਨ ਛੱਡ ਕੇ ਉਨ੍ਹਾਂ ਨੂੰ ਆਪਣਾ ਪਿਆਰ ਦਰਸਾਇਆ।
    ਕੀ ਮੈਨੂੰ ਉਨ੍ਹਾਂ ਦੀ ਪ੍ਰਾਰਥਨਾ ਕਰਕੇ ਇਹੀ ਸਿਲਾ ਮਿਲਿਆ?
14 ਮੈਂ ਉਨ੍ਹਾਂ ਲੋਕਾਂ ਲਈ ਗਮੀ ਦੇ ਬਸਤਰ ਪਹਿਨੇ।
    ਮੈਂ ਉਨ੍ਹਾਂ ਨਾਲ ਮਿੱਤਰਾਂ ਜਾਂ ਮੇਰੇ ਭਰਾਵਾਂ ਵਰਗਾ ਵਿਹਾਰ ਕੀਤਾ।
ਮੈਂ ਉਦਾਸ ਸਾਂ ਜਿਵੇਂ ਇੱਕ ਵਿਅਕਤੀ ਚੀਕਦਾ ਜਿਸਦੀ ਮਾਂ ਮਰ ਗਈ ਹੋਵੇ।
    ਮੈਂ ਉਨ੍ਹਾਂ ਲੋਕਾਂ ਨੂੰ ਆਪਣੀ ਉਦਾਸੀ ਦਰਸਾਉਣ ਲਈ ਕਾਲੇ ਵਸਤਰ ਪਹਿਨੇ।
    ਮੈਂ ਗਮ ਨਾਲ ਨੀਵੀਂ ਪਾਕੇ ਤੁਰਦਾ।
15 ਪਰ ਜਦੋਂ ਮੈਂ ਕੋਈ ਗਲਤੀ ਕੀਤੀ, ਉਹ ਲੋਕ ਮੇਰੇ ਉੱਤੇ ਹੱਸੇ।
    ਉਹ ਲੋਕ ਸੱਚਮੁੱਚ ਦੋਸਤ ਨਹੀਂ ਸਨ,
ਮੈਂ ਤਾਂ ਉਨ੍ਹਾਂ ਨੂੰ ਜਾਣਦਾ ਵੀ ਨਹੀਂ ਹਾਂ।
    ਪਰ ਉਨ੍ਹਾਂ ਨੇ ਮੈਨੂੰ ਘੇਰ ਲਿਆ ਅਤੇ ਮੇਰੇ ਉੱਤੇ ਹਮਲਾ ਕੀਤਾ।
16 ਉਨ੍ਹਾਂ ਨੇ ਮੰਦੀ ਭਾਸ਼ਾ ਇਸਤੇਮਾਲ ਕੀਤੀ ਅਤੇ ਮੇਰਾ ਮਜ਼ਾਕ ਉਡਾਇਆ।
    ਉਨ੍ਹਾਂ ਲੋਕਾਂ ਨੇ ਦੰਦ ਕਰੀਚਦਿਆਂ ਦਰਸਾਇਆ ਕਿ ਉਹ ਕ੍ਰੋਧਵਾਨ ਸਨ।

17 ਮੇਰੇ ਮਾਲਕ ਤੁਸੀਂ ਕਿੰਨਾ ਕੁ ਚਿਰ ਇਨ੍ਹਾਂ ਮੰਦੀਆਂ ਗੱਲਾਂ ਦੇ ਵਾਪਰਨ ਨੂੰ ਦੇਖਦੇ ਰਹੋਂਗੇ?
    ਉਹ ਲੋਕ ਮੈਨੂੰ ਤਬਾਹ ਕਰਨ ਦਾ ਜਤਨ ਕਰ ਰਹੇ ਹਨ।
ਹੇ ਪਰਮੇਸ਼ੁਰ ਮੇਰੀ ਜਿੰਦ ਦੀ ਰੱਖਿਆ ਕਰੋ।
    ਮੇਰੀ ਅਨਮੋਲ ਜ਼ਿੰਦਗੀ ਨੂੰ ਉਨ੍ਹਾਂ ਬੁਰੇ ਲੋਕਾਂ ਦੇ ਹੱਥੋਂ ਬਚਾਉ।
    ਉਹ ਸ਼ੇਰਾਂ ਵਰਗੇ ਹਨ।

18 ਯਹੋਵਾਹ, ਮੈਂ ਵੱਡੀ ਸਭਾ ਵਿੱਚ ਤੁਹਾਡੀ ਉਸਤਤਿ ਕਰਾਂਗਾ।
    ਮੈਂ ਤੁਹਾਡੀ ਉਸਤਤਿ ਕਰਾਂਗਾ, ਜਦੋਂ ਮੈਂ ਸ਼ਕਤੀਸ਼ਾਲੀ ਲੋਕਾਂ ਦੇ ਸੰਗ ਹੋਵਾਂਗਾ।
19 ਮੇਰੇ ਝੂਠੇ ਦੁਸ਼ਮਣ ਹੱਸਦੇ ਨਹੀਂ ਰਹਿ ਸੱਕਣਗੇ।
    ਅਵੱਸ਼ ਹੀ ਮੇਰੇ ਦੁਸ਼ਮਣਾਂ ਨੂੰ ਉਨ੍ਹਾਂ ਦੀਆਂ
    ਗੁਪਤ ਵਿਉਂਤਾ ਦਾ ਦੰਡ ਮਿਲੇਗਾ।
20 ਅਸਲ ਵਿੱਚ ਮੇਰੇ ਦੁਸ਼ਮਣ ਅਮਨ ਦੀਆਂ ਵਿਉਂਤਾਂ ਨਹੀਂ ਬਣਾ ਰਹੇ।
    ਉਹ ਖੁਫ਼ੀਆਂ ਤੌਰ ਤੇ ਇਸ ਦੇਸ਼ ਦੇ ਅਮਨ ਪਸੰਦ ਲੋਕਾਂ ਲਈ ਬਦੀ ਕਰਨ ਦੀਆਂ ਯੋਜਨਾਵਾਂ ਬਣਾ ਰਹੇ ਹਨ।
21 ਮੇਰੇ ਦੁਸ਼ਮਣ ਮੇਰੇ ਬਾਰੇ ਮੰਦੀਆਂ ਗੱਲਾਂ ਆਖ ਰਹੇ ਹਨ।
    ਉਹ ਝੂਠ ਬੋਲਦੇ ਹਨ ਅਤੇ ਆਖਦੇ ਹਨ, “ਆਹਾ ਅਸੀਂ ਜਾਣਦੇ ਹਾਂ ਕਿ ਤੁਸੀਂ ਕੀ ਕਰ ਰਹੇ ਹੋ।”
22 ਯਹੋਵਾਹ, ਤੁਸੀਂ ਲਾਜਮੀ ਤੌਰ ਤੇ ਵੇਖ ਰਹੇ ਹੋ, ਕਿ ਕੀ ਹੋ ਰਿਹਾ।
    ਇਸ ਲਈ ਚੁੱਪ ਨਾ ਰਹੋ।
    ਮੈਨੂੰ ਛੱਡ ਕੇ ਨਾ ਜਾਉ।
23 ਯਹੋਵਾਹ, ਜਾਗੋ। ਉੱਠੋ।
    ਮੇਰੇ ਪਰਮੇਸ਼ੁਰ ਅਤੇ ਮੇਰੇ ਯਹੋਵਾਹ, ਮੇਰੇ ਲਈ ਲੜੋ, ਅਤੇ ਮੇਰੇ ਨਾਲ ਇਨਸਾਫ਼ ਕਰੋ।
24 ਯਹੋਵਾਹ ਮੇਰੇ ਪਰਮੇਸ਼ੁਰ ਮੇਰੇ ਬਾਰੇ ਆਪਣੀ ਨਿਰਪੱਖਤਾ ਨਾਲ ਨਿਆਂ ਕਰੋ।
    ਉਨ੍ਹਾਂ ਲੋਕਾਂ ਨੂੰ ਮੇਰੇ ਉੱਤੇ ਹੱਸਣ ਨਾ ਦਿਉ।
25 ਉਨ੍ਹਾਂ ਲੋਕਾਂ ਨੂੰ ਨਾ ਆਖਣ ਦਿਉ, “ਆਹਾ। ਅਸੀਂ ਜੋ ਚਾਹਿਆ ਸਾਨੂੰ ਮਿਲ ਗਿਆ।”
    ਯਹੋਵਾਹ, ਉਨ੍ਹਾਂ ਨੂੰ ਨਾ ਆਖਣ ਦਿਉ, “ਅਸੀਂ ਉਸ ਨੂੰ ਤਬਾਹ ਕਰ ਦਿੱਤਾ।”
26 ਮੇਰੇ ਸਾਰੇ ਵੈਰੀ ਸ਼ਰਮਿੰਦਾ ਹੋਣ ਅਤੇ ਪਰੇਸ਼ਾਨੀ ਵਿੱਚ ਪੈਣ।
    ਉਹ ਲੋਕੀਂ ਖੁਸ਼ ਸਨ ਜਦੋਂ ਮੇਰੇ ਨਾਲ ਮੰਦੀਆਂ ਗੱਲਾਂ ਵਾਪਰ ਰਹੀਆਂ ਸਨ।
ਉਨ੍ਹਾਂ ਨੇ ਸੋਚਿਆ ਸੀ ਕਿ ਉਹ ਮੇਰੇ ਨਾਲੋਂ ਬਿਹਤਰ ਹਨ।
    ਇਸ ਲਈ ਉਨ੍ਹਾਂ ਲੋਕਾਂ ਨੂੰ ਸ਼ਰਮਿੰਦਗੀ ਅਤੇ ਅਪਮਾਨ ਨਾਲ ਢੱਕੋ।
27 ਕੁਝ ਲੋਕੀਂ ਚਾਹੁੰਦੇ ਹਨ ਕਿ ਮੇਰੇ ਨਾਲ ਚੰਗਿਆਂ ਗੱਲਾਂ ਵਾਪਰਨ।
    ਮੈਂ ਆਸ ਕਰਦਾ ਹਾਂ ਕਿ ਉਹ ਲੋਕ ਬਹੁਤ ਖੁਸ਼ ਹੋਣਗੇ।
ਉਹ ਲੋਕ ਸਦਾ ਆਖਦੇ ਹਨ, “ਯਹੋਵਾਹ ਮਹਾਨ ਹੈ।
    ਉਹ ਆਪਣੇ ਨੌਕਰਾਂ ਦੀ ਭਲਾਈ ਚਾਹੁੰਦਾ ਹੈ।”

28 ਇਸ ਲਈ ਯਹੋਵਾਹ, ਮੈਂ ਲੋਕਾਂ ਨੂੰ ਤੇਰੀ ਚੰਗਿਆਈ ਬਾਰੇ ਦੱਸਦਾ ਹਾਂ।
    ਮੈਂ ਹਰ ਰੋਜ਼ ਉਸਤਤਿ ਕਰਦਾ ਹਾਂ।

ਅੱਯੂਬ 19:1-7

ਅੱਯੂਬ ਦਾ ਜਵਾਬ

19 ਫਿਰ ਅੱਯੂਬ ਨੇ ਜਵਾਬ ਦਿੱਤਾ:

“ਕਿੰਨੀ ਦੇਰ ਹੋਰ ਤੁਸੀਂ ਮੈਨੂੰ ਦੁੱਖ ਦੇਵੋਂਗੇ
    ਤੇ ਮੈਨੂੰ ਸ਼ਬਦਾਂ ਨਾਲ ਹੌਂਸਲਾ ਦੇਵੋਂਗੇ।
ਹੁਣ ਤਾਈਂ ਤੁਸੀਂ ਮੈਨੂੰ ਦਸ ਵਾਰੀ ਬੇਇੱਜ਼ਤ ਕੀਤਾ ਹੈ,
    ਮੇਰੇ ਉੱਤੇ ਵਾਰ ਕਰਦਿਆਂ ਤੁਹਾਨੂੰ ਕੋਈ ਸ਼ਰਮ ਨਹੀਂ।
ਜੇ ਮੈਂ ਪਾਪ ਵੀ ਕੀਤਾ ਹੈ ਤਾਂ ਇਹ ਮੇਰੀ ਸਮੱਸਿਆ ਹੈ।
    ਇਸ ਨਾਲ ਤੁਹਾਨੂੰ ਕੋਈ ਤਕਲੀਫ ਨਹੀਂ।
ਤੁਸੀਂ ਤਾਂ ਬਸ ਮੇਰੇ ਨਾਲੋਂ ਬਿਹਤਰ ਦਿਸਣਾ ਚਾਹੁੰਦੇ ਹੋ।
    ਤੁਸੀਂ ਆਖਦੇ ਹੋ ਕਿ ਮੇਰੀਆਂ ਮੁਸੀਬਤਾਂ ਮੇਰਾ ਹੀ ਕਸੂਰ ਨੇ।
ਪਰ ਇਹ ਤਾਂ ਪਰਮੇਸ਼ੁਰ ਹੀ ਹੈ ਜਿਸਨੇ ਮੇਰਾ ਬੁਰਾ ਕੀਤਾ ਹੈ
    ਉਸ ਨੇ ਮੈਨੂੰ ਫੜਨ ਲਈ ਆਪਣਾ ਜਾਲ ਵਿਛਾਇਆ।
ਮੈਂ ਚੀਖਦਾ ਹਾਂ ਉਸ ਨੇ ਮੈਨੂੰ ਦੁੱਖ ਦਿੱਤਾ ਹੈ!
ਪਰ ਮੈਨੂੰ ਕੋਈ ਜਵਾਬ ਨਹੀਂ ਮਿਲਦਾ ਭਾਵੇਂ
    ਮੈਂ ਉੱਚੀ-ਉੱਚੀ ਸਹਾਇਤਾ ਲਈ ਪੁਕਾਰਦਾ ਹਾਂ ਪਰ ਕੋਈ ਨਿਆਂ ਨਹੀਂ ਮਿਲਦਾ।

ਅੱਯੂਬ 19:14-27

14 ਮੇਰੇ ਸੱਕੇ ਸੰਬੰਧੀ ਮੈਨੂੰ ਛੱਡ ਗਏ ਨੇ।
    ਮੇਰੇ ਮਿੱਤਰ ਮੈਨੂੰ ਭੁੱਲ ਗਏ ਨੇ।
15 ਮੇਰੇ ਘਰ ਆਉਣ ਵਾਲੇ ਅਤੇ ਮੇਰੀਆਂ ਨੌਕਰਾਣੀਆਂ
    ਮੇਰੇ ਵੱਲ ਤੱਕਦੀਆਂ ਨੇ ਜਿਵੇਂ ਮੈਂ ਇੱਕ ਅਜਨਬੀ ਅਤੇ ਵਿਦੇਸ਼ੀ ਹੋਵਾਂ।
16 ਮੈਂ ਆਪਣੇ ਨੌਕਰ ਨੂੰ ਬੁਲਾਉਂਦਾ ਹਾਂ ਪਰ ਉਹ ਜਵਾਬ ਨਹੀਂ ਦਿੰਦਾ ਜੇ
    ਮੈਂ ਸਹਾਇਤਾ ਲਈ ਉਸ ਦੀ ਮਿੰਨਤ ਵੀ ਕਰਾਂ ਮੇਰਾ ਨੌਕਰ ਮੈਨੂੰ ਹੁਂਗਾਰਾ ਨਹੀਂ ਦੇਵੇਗਾ।
17 ਮੇਰੀ ਪਤਨੀ ਮੇਰੇ ਸਾਹ ਵਿੱਚੋਂ ਆਉਂਦੀ ਗੰਧ ਨੂੰ ਨਫ਼ਰਤ ਕਰਦੀ ਹੈ
    ਮੇਰੇ ਆਪਣੇ ਭਰਾ ਮੈਨੂੰ ਨਫ਼ਰਤ ਕਰਦੇ ਨੇ।
18 ਛੋਟੇ ਬੱਚੇ ਵੀ ਮੇਰਾ ਮਜ਼ਾਕ ਉਡਾਉਂਦੇ ਨੇ ਜਦੋਂ ਵੀ
    ਮੈਂ ਉਨ੍ਹਾਂ ਦੇ ਨੇੜੇ ਆਉਂਦਾ ਹਾਂ ਉਹ ਮੈਨੂੰ ਮੰਦਾ ਬੋਲਦੇ ਨੇ।
19 ਮੇਰੇ ਸਾਰੇ ਕਰੀਬੀ ਦੋਸਤ ਮੈਨੂੰ ਨਫ਼ਰਤ ਕਰਦੇ ਨੇ ਉਹ ਲੋਕ ਵੀ
    ਮੇਰੇ ਖਿਲਾਫ਼ ਹੋ ਰਹੇ ਨੇ, ਜਿਨ੍ਹਾਂ ਨੂੰ ਮੈਂ ਪਿਆਰ ਕੀਤਾ।

20 “ਮੈਂ ਇੰਨਾ ਪਤਲਾ ਹਾਂ, ਮੇਰੀ ਚਮੜੀ ਹੱਡੀਆਂ ਉੱਤੋਂ ਢਿਲਕ ਗਈ ਹੈ।
    ਮੇਰੇ ਅੰਦਰ ਥੋੜਾ ਜਿਹਾ ਜੀਵਨ ਹੀ ਬੱਚਿਆਂ ਹੈ।

21 “ਮੇਰੇ ਦੋਸਤੋਂ ਤਰਸ ਕਰੋ, ਮੇਰੇ ਉੱਤੇ ਤਰਸ ਕਰੋ।
    ਕਿਉਂ ਕਿ ਪਰਮੇਸ਼ੁਰ ਨੇ ਮੈਨੂੰ ਆਪਣੇ ਹੱਥ ਨਾਲ ਮਾਰਿਆ।
22 ਤੁਸੀਂ ਮੈਨੂੰ ਪਰਮੇਸ਼ੁਰ ਦੇ ਕਰਨ ਵਾਂਗ ਹੀ ਕਿਉਂ ਭਜਾਉਂਦੇ ਹੋ!
    ਕੀ ਤੁਸੀਂ ਹਾਲੇ ਵੀ ਮੇਰੀ ਹੋਰ ਚਮੜੀ ਦੇ ਭੁੱਖੇ ਹੋ?

23 “ਕਾਸ਼ ਕਿ ਕੋਈ ਯਾਦ ਰੱਖੇ ਜੋ ਮੈਂ ਆਖਦਾ ਹਾਂ ਤੇ ਕਿਤਾਬ ਅੰਦਰ ਲਿਖਦਾ ਹਾਂ
    ਕਾਸ਼ ਕਿ ਮੇਰੇ ਸ਼ਬਦ ਪੱਤ੍ਰੀ ਉੱਤੇ ਲਿਖੇ ਹੁੰਦੇ।
24 ਕਾਸ਼ ਕਿ ਉਹ ਸਭ ਜੋ ਮੈਂ ਆਖਦਾ ਹਾਂ ਲੋਹੇ ਦੇ ਔਜ਼ਾਰ ਨਾਲ ਸਿੱਕੇ ਉੱਤੇ ਅੰਕਿਤ ਹੋਵੇ
    ਜਾਂ ਚੱਟਾਨਾਂ ਉੱਤੇ ਉਕਰਿਆ ਹੋਵੇ ਤਾਂ ਜੋ ਉਹ ਸਦਾ ਲਈ ਰਹਿਣ।
25 ਮੈਂ ਜਾਣਦਾ ਹਾਂ ਕਿ ਮੇਰਾ ਬਚਾਉ ਕਰਨ ਵਾਲਾ ਕੋਈ ਹੈ।
    ਮੈਂ ਜਾਣਦਾ ਹਾਂ ਕਿ ਉਹ ਜੀਵਨ ਹੈ।
    ਅਤੇ ਅਖੀਰ ਵਿੱਚ ਉਹ ਇੱਥੇ ਧਰਤੀ ਉੱਤੇ ਖਲੋਵੇਗਾ ਅਤੇ ਮੇਰਾ ਬਚਾਉ ਕਰੇਗਾ।
26 ਜਦੋਂ ਮੈਂ ਸ਼ਰੀਰ ਛੱਡ ਦਿਆਂਗਾ ਅਤੇ ਮੇਰੀ ਚਮੜੀ ਨਸ਼ਟ ਹੋ ਜਾਵੇਗੀ ਮੈਂ ਜਾਣਦਾ ਹਾਂ
    ਕਿ ਫ਼ਿਰ ਵੀ ਮੈਂ ਪਰਮੇਸ਼ੁਰ ਨੂੰ ਤੱਕਾਂਗਾ।
27 ਮੈਂ ਖੁਦ ਆਪਣੀਆਂ ਅੱਖਾਂ ਨਾਲ ਪਰਮੇਸ਼ੁਰ ਨੂੰ ਵੇਖਾਂਗਾ।
    ਮੈਂ ਖੁਦ, ਕੋਈ ਹੋਰ ਪਰਮੇਸ਼ੁਰ ਨੂੰ ਨਹੀਂ ਵੇਖੇਗਾ।
    ਅਤੇ ਮੈਂ ਤੁਹਾਨੂੰ ਦੱਸ ਨਹੀਂ ਸੱਕਦਾ ਕਿ ਮੈਂ ਇਸ ਨਾਲ ਕਿੰਨਾ ਉਤੇਜਿਤ ਮਹਿਸੂਸ ਕਰਦਾ ਹਾਂ।

ਰਸੂਲਾਂ ਦੇ ਕਰਤੱਬ 13:13-25

ਪੌਲੁਸ ਅਤੇ ਬਰਨਬਾਸ ਨੇ ਕੁਪਰੁਸ ਛੱਡਿਆ

13 ਪੌਲੁਸ ਅਤੇ ਉਸ ਨਾਲ ਜਿਹੜੇ ਹੋਰ ਲੋਕ ਸਨ ਪਾਫ਼ੁਸ ਤੋਂ ਜਹਾਜ਼ ਵਿੱਚ ਚੜ੍ਹ੍ਹਕੇ ਪਮਫ਼ੁਲਿਯਾ ਸ਼ਹਿਰ ਦੇ ਪਰਗਾ ਇਲਾਕੇ ਵਿੱਚ ਆਏ ਅਤੇ ਯੂਹੰਨਾ ਉਨ੍ਹਾਂ ਤੋਂ ਵਖ ਹੋਕੇ ਯਰੂਸ਼ਲਮ ਨੂੰ ਮੁੜ ਗਿਆ। 14 ਪਰ ਉਨ੍ਹਾਂ ਨੇ ਪਰਗਾ ਤੋਂ ਆਪਣਾ ਸਫ਼ਰ ਜਾਰੀ ਰੱਖਿਆ ਅਤੇ ਪਿਸਿਦਿਯਾ ਦੇ ਨੇੜੇ ਅੰਤਾਕਿਯਾ ਨੂੰ ਗਏ।

ਅੰਤਾਕਿਯਾ ਵਿੱਚ ਸਬਤ ਦੇ ਦਿਨ ਉਹ ਯਹੂਦੀਆਂ ਦੇ ਪ੍ਰਾਰਥਨਾ ਸਥਾਨ ਤੇ ਗਏ ਅਤੇ ਉੱਥੇ ਜਾਕੇ ਬੈਠ ਗਏ। 15 ਤੁਰੇਤ ਦੇ ਨਿਯਮ ਅਤੇ ਨਬੀਆਂ ਦੀਆਂ ਲਿਖਤਾਂ ਉੱਥੇ ਪੜ੍ਹੀਆਂ ਗਈਆਂ। ਉਸਤੋਂ ਬਾਅਦ ਪ੍ਰਾਰਥਨਾ ਸਥਾਨ ਦੇ ਆਗੂਆਂ ਨੇ ਪੌਲੁਸ ਅਤੇ ਬਰਨਬਾਸ ਨੂੰ ਸੁਨੇਹਾ ਭੇਜਿਆ, “ਹੇ ਭਰਾਵੋ, ਜੇ ਤੁਹਾਡੇ ਕੋਲ ਇਨ੍ਹਾਂ ਲੋਕਾਂ ਲਈ ਕੋਈ ਉਤਸਾਹ ਦੇ ਬਚਨ ਹਨ ਤਾਂ ਕਿਰਪਾ ਕਰਕੇ ਬੋਲੋ।”

16 ਤਦ ਪੌਲੁਸ ਉੱਠ ਖੜ੍ਹਾ ਹੋਇਆ, ਉਸ ਨੇ ਆਪਣਾ ਹੱਥ ਉੱਪਰ ਚੁੱਕਿਆ ਅਤੇ ਆਖਿਆ, “ਮੇਰੇ ਯਹੂਦੀ ਭਰਾਵੋ ਅਤੇ ਹੋਰ ਦੂਜੇ ਲੋਕੋ, ਜੋ ਪਰਮੇਸ਼ੁਰ ਦੀ ਉਪਾਸਨਾ ਕਰਦੇ ਹੋ, ਕਿਰਪਾ ਕਰਕੇ ਸੁਣੋ। 17 ਇਸਰਾਏਲੀਆਂ ਦੇ ਪਰਮੇਸ਼ੁਰ ਨੇ ਸਾਡੇ ਪਿਉ-ਦਾਦਿਆਂ ਨੂੰ ਚੁਣਿਆ ਹੈ ਅਤੇ ਉਨ੍ਹਾਂ ਨੂੰ ਵੱਧਣ ਵਿੱਚ ਉਦੋਂ ਮਦਦ ਕੀਤੀ ਜਦੋਂ ਉਹ ਮਿਸਰ ਵਿੱਚ ਅਜਨਬੀਆਂ ਵਾਂਗ ਸਨ। ਉਹ ਉਨ੍ਹਾਂ ਨੂੰ ਮਹਾਨ ਸ਼ਕਤੀ ਨਾਲ ਬਾਹਰ ਲਿਆਇਆ। 18 ਤੇ ਉਜਾੜ ਦੇ ਚਾਲ੍ਹੀ ਵਰ੍ਹੇ ਪਰਮੇਸ਼ੁਰ ਨੇ ਉਨ੍ਹਾਂ ਨਾਲ ਬੜਾ ਧੀਰਜ ਵਰਤਿਆ। 19 ਪਰਮੇਸ਼ੁਰ ਨੇ ਕਨਾਨ ਦੀ ਜ਼ਮੀਨ ਵਿੱਚ ਸੱਤ ਕੌਮਾਂ ਨੂੰ ਨਸ਼ਟ ਕੀਤਾ। ਉਸ ਨੇ ਉਨ੍ਹਾਂ ਦੀ ਧਰਤੀ ਆਪਣੇ ਲੋਕਾਂ ਨੂੰ ਦਿੱਤੀ 20 ਇਹ ਸਭ ਲਗਭੱਗ ਚਾਰ ਸੌ ਪੰਜਾਹ ਵਰ੍ਹਿਆਂ ਵਿੱਚ ਵਾਪਰਿਆ।

“ਇਸਤੋਂ ਬਾਅਦ ਉਸ ਨੇ ਸਮੂਏਲ ਨਬੀ ਤੀਕ ਉਨ੍ਹਾਂ ਨੂੰ ਨਿਆਂਈ ਦਿੱਤੇ। 21 ਇਸਤੋਂ ਮਗਰੋਂ ਲੋਕਾਂ ਨੇ ਬਾਦਸ਼ਾਹ ਮੰਗਿਆ। ਪਰਮੇਸ਼ੁਰ ਨੇ ਉਨ੍ਹਾਂ ਨੂੰ ਕੀਸ਼ ਦਾ ਪੁੱਤਰ ਸ਼ਾਊਲ ਦਿੱਤਾ। ਸ਼ਾਊਲ ਬਿਨਯਾਮੀਨ ਦੇ ਵੰਸ਼ ਵਿੱਚੋਂ ਸੀ ਅਤੇ ਚਾਲ੍ਹੀ ਸਾਲਾਂ ਤੱਕ ਰਾਜਾ ਸੀ। 22 ਪਰਮੇਸ਼ੁਰ ਨੇ ਸ਼ਾਊਲ ਤੋਂ ਬਾਅਦ ਦਾਊਦ ਨੂੰ ਉਨ੍ਹਾਂ ਦਾ ਬਾਦਸ਼ਾਹ ਬਣਾਇਆ। ਪਰਮੇਸ਼ੁਰ ਨੇ ਦਾਊਦ ਬਾਰੇ ਇਉਂ ਕਿਹਾ, ‘ਯੱਸੀ ਦਾ ਪੁੱਤਰ, ਦਾਊਦ ਮੈਂ ਉਸ ਨੂੰ ਆਪਣੇ ਦਿਲ ਦੀਆਂ ਇੱਛਾਵਾਂ ਅਨੁਸਾਰ ਪਾਇਆ। ਉਹ ਉਹੀ ਕਰੇਗਾ ਜੋ ਮੈਂ ਉਸਤੋਂ ਕਰਾਉਣਾ ਚਾਹੁੰਦਾ ਹਾਂ।’

23 “ਪਰਮੇਸ਼ੁਰ ਆਪਣੇ ਵਾਅਦੇ ਅਨੁਸਾਰ ਇਸਰਾਏਲ ਨੂੰ ਇੱਕ ਮੁਕਤੀਦਾਤਾ ਲਿਆਇਆ ਹੈ। ਯਿਸੂ ਉਹੀ ਔਲਾਦ ਹੈ। 24 ਯਿਸੂ ਦੇ ਆਉਣ ਤੋਂ ਪਹਿਲਾਂ ਯੂਹੰਨਾ ਨੇ ਸਾਰੇ ਯਹੂਦੀ ਲੋਕਾਂ ਵਿੱਚ ਪਰਚਾਰ ਕੀਤਾ। ਉਸ ਨੇ ਲੋਕਾਂ ਨੂੰ ਤੌਬਾ ਕਰਕੇ ਬਪਤਿਸਮਾ ਲੈਣ ਦਾ ਪਰਚਾਰ ਕੀਤਾ। 25 ਜਦੋਂ ਯੂਹੰਨਾ ਆਪਣਾ ਕੰਮ ਖਤਮ ਕਰ ਰਿਹਾ ਸੀ ਤਾਂ ਉਸ ਨੇ ਕਿਹਾ, ‘ਤੁਸੀਂ ਮੈਨੂੰ ਕੀ ਸਮਝਦੇ ਹੋਂ? ਮੈਂ ਮਸੀਹ ਨਹੀਂ ਹਾਂ। ਵੇਖੋ, ਉਹ ਮੈਥੋਂ ਬਾਅਦ ਆਵੇਗਾ। ਮੈਂ ਉਸ ਦੇ ਪੈਰ ਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ।’

ਯੂਹੰਨਾ 9:18-41

18 ਜਦੋਂ ਤੱਕ ਉਸ ਦੇ ਮਾਪਿਆਂ ਨੂੰ ਨਹੀਂ ਸੱਦਿਆ ਯਹੂਦੀਆਂ ਨੇ ਇਹ ਵਿਸ਼ਵਾਸ ਨਹੀਂ ਕੀਤਾ ਕਿ ਉਹ ਆਦਮੀ ਅੰਨ੍ਹਾ ਸੀ ਅਤੇ ਰਾਜ਼ੀ ਕੀਤਾ ਗਿਆ ਸੀ। 19 ਯਹੂਦੀਆਂ ਨੇ ਉਸ ਦੇ ਮਾਂ-ਬਾਪ ਨੂੰ ਪੁੱਛਿਆ, “ਕੀ ਇਹ ਮਨੁੱਖ ਤੁਹਾਡਾ ਪੁੱਤਰ ਹੈ? ਤੁਸੀਂ ਆਖਦੇ ਹੋ ਕਿ ਇਹ ਅੰਨ੍ਹਾ ਜਨਮਿਆਂ ਸੀ ਤਾਂ ਇਹ ਹੁਣ ਕਿਵੇਂ ਵੇਖ ਸੱਕਦਾ ਹੈ?”

20 ਉਸ ਦੇ ਮਾਪਿਆਂ ਨੇ ਆਖਿਆ, “ਅਸੀਂ ਜਾਣਦੇ ਹਾਂ ਕਿ ਇਹ ਸਾਡਾ ਪੁੱਤਰ ਹੈ ਅਤੇ ਜਦੋਂ ਇਹ ਜਨਮਿਆਂ ਸੀ ਤਾਂ ਅੰਨ੍ਹਾ ਸੀ। 21 ਪਰ ਸਾਨੂੰ ਇਹ ਨਹੀਂ ਪਤਾ ਕਿ ਹੁਣ ਇਸ ਨੂੰ ਕਿਵੇਂ ਦਿਸਦਾ ਹੈ। ਅਸੀਂ ਨਹੀਂ ਜਾਣਦੇ ਕਿ ਉਸਦੀਆਂ ਅੱਖਾਂ ਕਿਸਨੇ ਚੰਗੀਆਂ ਕੀਤੀਆਂ ਹਨ। ਤੁਸੀਂ ਉਸ ਨੂੰ ਪੁੱਛੋ। ਉਹ ਬੱਚਾ ਨਹੀਂ ਹੈ ਵੱਡਾ ਹੈ ਅਤੇ ਉਹ ਆਪਣੇ ਬਾਰੇ ਤੁਹਾਡੇ ਸਵਾਲਾਂ ਦੇ ਜਵਾਬ ਦੇ ਸੱਕਦਾ ਹੈ।” 22 ਉਸ ਦੇ ਮਾਪਿਆਂ ਨੇ ਇਹ ਇਸ ਲਈ ਆਖਿਆ, ਕਿਉ ਕਿ ਉਹ ਯਹੂਦੀ ਆਗੂਆਂ ਤੋਂ ਡਰਦੇ ਸਨ। ਯਹੂਦੀ ਆਗੂਆਂ ਨੇ ਪਹਿਲਾਂ ਹੀ ਫ਼ੈਸਲਾ ਕਰ ਲਿਆ ਸੀ ਕਿ ਉਹ ਉਸ ਮਨੁੱਖ ਨੂੰ ਪ੍ਰਾਰਥਨਾ ਸਥਾਨ ਵਿੱਚੋਂ ਕੱਢ ਦੇਣਗੇ ਜੋ ਇਹ ਆਖੇਗਾ ਕਿ ਯਿਸੂ ਮਸੀਹ ਹੈ। 23 ਇਸੇ ਲਈ ਉਸ ਦੇ ਮਾਪਿਆਂ ਨੇ ਆਖਿਆ, “ਉਹ ਕਾਫ਼ੀ ਸਿਆਣਾ ਹੈ, ਉਸ ਨੂੰ ਹੀ ਪੁੱਛ ਲਵੋ।”

24 ਯਹੂਦੀ ਆਗੂਆਂ ਨੇ ਉਸ ਆਦਮੀ ਨੂੰ, ਜੋ ਪਹਿਲਾਂ ਅੰਨ੍ਹਾ ਸੀ, ਦੂਜੀ ਵਾਰੀ ਬੁਲਾਇਆ ਅਤੇ ਆਖਿਆ, “ਤੂੰ ਪਰਮੇਸ਼ੁਰ ਦੇ ਸਾਹਮਣੇ ਸੱਚ ਬੋਲ ਅਸੀਂ ਜਾਣਦੇ ਹਾਂ ਕਿ ਉਹ ਮਨੁੱਖ (ਯਿਸੂ) ਪਾਪੀ ਹੈ।”

25 ਉਸ ਮਨੁੱਖ ਨੇ ਆਖਿਆ, “ਮੈਂ ਨਹੀਂ ਜਾਣਦਾ ਕਿ ਉਹ ਪਾਪੀ ਹੈ ਜਾਂ ਨਹੀਂ। ਮੈਂ ਸਿਰਫ਼ ਇੱਕ ਹੀ ਗਲ ਜਾਣਦਾ ਹਾਂ ਕਿ ਮੈਂ ਅੰਨ੍ਹਾ ਸੀ ਅਤੇ ਹੁਣ ਮੈਂ ਵੇਖ ਸੱਕਦਾ ਹਾਂ।”

26 ਯਹੂਦੀਆਂ ਦੇ ਆਗੂਆਂ ਨੇ ਆਖਿਆ, “ਉਸ ਨੇ ਤੈਨੂੰ ਕੀ ਕੀਤਾ? ਉਸ ਨੇ ਕਿਵੇਂ ਤੇਰੀਆਂ ਅੱਖਾਂ ਚੰਗੀਆਂ ਕੀਤੀਆਂ?”

27 ਮਨੁੱਖ ਨੇ ਆਖਿਆ, “ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਪਰ ਤੁਸੀਂ ਨਹੀਂ ਸੁਣਿਆ। ਤੁਸੀਂ ਉਹੀ ਗੱਲ ਫ਼ੇਰ ਤੋਂ ਸੁਣਨੀ ਕਿਉਂ ਪਸੰਦ ਕਰਦੇ ਹੋ? ਕੀ ਤੁਸੀਂ ਵੀ ਉਸ ਦੇ ਚੇਲੇ ਬਣਨਾ ਚਾਹੁੰਦੇ ਹੋ?”

28 ਯਹੂਦੀਆਂ ਦੇ ਆਗੂ ਬੜੇ ਕਰੋਧ ਵਿੱਚ ਆਏ ਅਤੇ ਫਿਰ ਉਸ ਆਦਮੀ ਨੂੰ ਬੜਾ ਬੁਰਾ ਭਲਾ ਕਿਹਾ ਅਤੇ ਆਖਿਆ, “ਤੂੰ ਉਸ ਆਦਮੀ ਦਾ ਚੇਲਾ ਹੈ। ਤੇ ਅਸੀਂ ਮੂਸਾ ਦੇ ਚੇਲੇ ਹਾਂ। 29 ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ ਸੀ, ਪਰ ਇਸ ਆਦਮੀ ਬਾਰੇ, ਅਸੀਂ ਨਹੀਂ ਜਾਣਦੇ ਕਿ ਉਹ ਕਿੱਥੋਂ ਆਇਆ ਹੈ।”

30 ਉਸ ਮਨੁੱਖ ਨੇ ਕਿਹਾ, “ਇਹ ਬੜੀ ਅਜੀਬ ਗੱਲ ਹੈ। ਤੁਸੀਂ ਨਹੀਂ ਜਾਣਦੇ ਕਿ ਯਿਸੂ ਕਿੱਥੋਂ ਆਇਆ ਹੈ। ਪਰ ਇਸਨੇ ਮੇਰੀਆਂ ਅੱਖਾਂ ਰਾਜੀ ਕੀਤੀਆਂ ਹਨ। 31 ਅਸੀਂ ਸਭ ਜਾਣਦੇ ਹਾਂ ਕਿ ਪਰਮੇਸ਼ੁਰ ਪਾਪੀਆਂ ਦੀ ਨਹੀਂ ਸੁਣਦਾ। ਪਰ ਪਰਮੇਸ਼ੁਰ ਉਸ ਵਿਅਕਤੀ ਨੂੰ ਸੁਣਦਾ ਹੈ ਜੋ ਸ਼ਰਧਾਲੂ ਹੈ ਅਤੇ ਉਸ ਦੇ ਹੁਕਮਾਂ ਦਾ ਆਗਿਆਕਾਰੀ ਹੈ। 32 ਇਹ ਪਹਿਲੀ ਵਾਰ ਹੈ ਕਿ ਕਿਸੇ ਨੇ ਅੰਨ੍ਹੇ ਜਨਮੇ ਆਦਮੀ ਦੀਆਂ ਅੱਖਾਂ ਚੰਗੀਆਂ ਕੀਤੀਂ ਹੋਣ। 33 ਇਹ ਮਨੁੱਖ ਜ਼ਰੂਰ ਪਰਮੇਸ਼ੁਰ ਵੱਲੋਂ ਹੋਵੇਗਾ। ਜੇਕਰ ਉਹ ਪਰਮੇਸ਼ੁਰ ਵੱਲੋਂ ਨਹੀਂ ਆਇਆ, ਤਾਂ ਉਹ ਅਜਿਹੀ ਗੱਲ ਕਰਨ ਯੋਗ ਨਾ ਹੁੰਦਾ।”

34 ਯਹੂਦੀਆਂ ਦੇ ਆਗੂਆਂ ਨੇ ਜਵਾਬ ਦਿੱਤਾ, “ਤੂੰ ਪਾਪਾਂ ਵਿੱਚ ਜੰਮਿਆ ਸੀ। ਕੀ ਤੂੰ ਸਾਨੂੰ ਸਿੱਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈਂ?” ਫਿਰ ਉਨ੍ਹਾਂ ਨੇ ਉਸ ਨੂੰ ਚੱਲੇ ਜਾਣ ਲਈ ਕਿਹਾ।

ਆਤਮਕ ਅੰਨ੍ਹਾਪਨ

35 ਜਦੋਂ ਯਿਸੂ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਉਸ ਆਦਮੀ ਨੂੰ ਇੱਥੋਂ ਜਾਣ ਨੂੰ ਕਿਹਾ ਹੈ ਤਾਂ ਯਿਸੂ ਨੇ ਉਸ ਆਦਮੀ ਨੂੰ ਲੱਭ ਕੇ ਪੁੱਛਿਆ, “ਕੀ ਤੂੰ ਮਨੁੱਖ ਦੇ ਪੁੱਤਰ ਦਾ ਵਿਸ਼ਵਾਸ ਕਰਦਾ ਹੈ?”

36 ਮਨੁੱਖ ਨੇ ਕਿਹਾ, “ਹੇ ਪ੍ਰਭੂ, ਮਨੁੱਖ ਦਾ ਪੁੱਤਰ ਕੌਣ ਹੈ। ਮੈਨੂੰ ਦੱਸੋ ਤਾਂ ਜੋ ਮੈਂ ਉਸ ਵਿੱਚ ਵਿਸ਼ਵਾਸ ਕਰ ਸੱਕਾਂ।”

37 ਮਨੁਖ ਨੇ ਆਖਿਆ, “ਤੂੰ ਉਸ ਨੂੰ ਪਹਿਲਾਂ ਹੀ ਵੇਖਿਆ ਹੈ, ਉਹ ਮਨੁੱਖ ਦਾ ਪੁੱਤਰ ਹੈ ਜੋ ਹੁਣ ਤੇਰੇ ਨਾਲ ਗੱਲਾਂ ਕਰ ਰਿਹਾ ਹੈ।”

38 ਮਨੁਖ ਨੇ ਆਖਿਆ, “ਪ੍ਰਭੂ! ਮੈਂ ਨਿਹਚਾ ਕਰਦਾ ਹਾਂ। ਤੇ ਫਿਰ ਉਸ ਆਦਮੀ ਨੇ ਝੁਕ ਕੇ ਯਿਸੂ ਨੂੰ ਮੱਥਾ ਟੇਕਿਆ।”

39 ਯਿਸੂ ਨੇ ਆਖਿਆ, “ਮੈਂ ਇਸ ਦੁਨੀਆਂ ਤੇ ਨਿਆਂ ਕਰਨ ਲਈ ਆਇਆ ਹਾਂ। ਮੈਂ ਇਸ ਜਗਤ ਤੇ ਇਸ ਲਈ ਆਇਆ ਤਾਂ ਜੋ ਅੰਨ੍ਹੇ ਵੇਖ ਸੱਕਣ ਅਤੇ ਉਹ ਜਿਹੜੇ ਸੋਚਦੇ ਹਨ ਕਿ ਉਹ ਵੇਖ ਸੱਕਦੇ ਹਨ ਅੰਨ੍ਹੇ ਹੋ ਜਾਣ।”

40 ਕੁਝ ਫ਼ਰੀਸੀਆਂ ਨੇ ਜੋ ਯਿਸੂ ਨੇੜੇ ਖੜ੍ਹੇ ਸਨ, ਇਹ ਸੁਣਿਆਂ ਅਤੇ ਆਖਿਆ, “ਕੀ! ਤੇਰਾ ਮਤਲਬ ਇਹ ਹੈ ਕਿ ਅਸੀਂ ਵੀ ਅੰਨ੍ਹੇ ਹਾਂ?”

41 ਯਿਸੂ ਨੇ ਆਖਿਆ, “ਜੇਕਰ ਤੁਸੀਂ ਸੱਚ-ਮੁੱਚ ਅੰਨ੍ਹੇ ਹੁੰਦੇ, ਤਾਂ ਤੁਸੀਂ ਪਾਪ ਦੇ ਦੋਸ਼ੀ ਨਾ ਹੁੰਦੇ। ਪਰ ਹੁਣ ਤੁਸੀਂ ਆਖਦੇ ਹੋ, ਅਸੀਂ ਵੇਖ ਸੱਕਦੇ ਹਾਂ, ਇਸ ਲਈ ਤੁਸੀਂ ਦੋਸ਼ੀ ਹੋਣਾ ਜਾਰੀ ਰੱਖਦੇ ਹੋ।”

Punjabi Bible: Easy-to-Read Version (ERV-PA)

2010 by World Bible Translation Center