Book of Common Prayer
ਨਿਰਦੇਸ਼ਕ ਲਈ: ਉਸਤਤਿ ਦਾ ਇੱਕ ਗੀਤ।
66 ਧਰਤੀ ਉਤਲੀ ਹਰ ਸ਼ੈਅ, ਪਰਮੇਸ਼ੁਰ ਅੱਗੇ ਖੁਸ਼ੀ ਨਾਲ ਕੂਕਦੀ ਹੈ।
2 ਉਸ ਦੇ ਮਹਿਮਾਮਈ ਨਾਮ ਦੀ ਉਸਤਤਿ ਕਰੋ।
    ਉਸਤਤਿ ਦੇ ਗੀਤਾਂ ਨਾਲ ਉਸਦਾ ਸਤਿਕਾਰ ਕਰੋ।
3 ਪਰਮੇਸ਼ੁਰ ਨੂੰ ਆਖੋ, “ਉਸਦੇ ਕੰਮ ਇੰਨੇ ਅਦਭੁਤ ਹਨ।
    ਹੇ ਪਰਮੇਸ਼ੁਰ, ਤੁਹਾਡੀ ਸ਼ਕਤੀ ਬਹੁਤ ਮਹਾਨ ਹੈ, ਤੁਹਾਡੇ ਵੈਰੀ ਝੁਕ ਗਏ ਹਨ, ਉਹ ਤੁਹਾਡੇ ਪਾਸੋਂ ਭੈਭੀਤ ਹਨ।
4 ਸਾਰੀ ਦੁਨੀਆਂ ਤੁਹਾਡੀ ਉਪਾਸਨਾ ਕਰੇ,
    ਹਰ ਕੋਈ ਤੁਹਾਡੇ ਨਾਮ ਦੀ ਉਸਤਤਿ ਗਾਵੇ।”
5 ਉਨ੍ਹਾਂ ਚੀਜ਼ਾਂ ਵੱਲ ਵੇਖੋ ਜਿਹੜੀਆਂ ਪਰਮੇਸ਼ੁਰ ਨੇ ਸਾਜੀਆਂ।
    ਉਹ ਚੀਜ਼ਾਂ ਸਾਨੂੰ ਹੈਰਾਨ ਕਰਦੀਆਂ ਹਨ।
6 ਉਸ ਦੇ ਲੋਕ ਤੁਰਕੇ ਦਰਿਆ ਪਾਰ ਕਰ ਗਏ
    ਅਤੇ ਉਨ੍ਹਾਂ ਨੇ ਉਸਦੀ ਕੀਤੀ ਮਹਾਨ ਗੱਲ ਬਾਰੇ ਆਨੰਦ ਮਾਣਿਆ।
7 ਪਰਮੇਸ਼ੁਰ ਆਪਣੀ ਮਹਾਨ ਸ਼ਕਤੀ ਨਾਲ ਦੁਨੀਆਂ ਉੱਤੇ ਸ਼ਾਸਨ ਕਰਦਾ ਹੈ;
    ਉਹ ਹਰ ਜਗ਼੍ਹਾ ਲੋਕਾਂ ਨੂੰ ਤੱਕਦਾ ਹੈ।
    ਕੋਈ ਅਜਿਹਾ ਬੰਦਾ ਨਹੀਂ ਜੋ ਉਸ ਦੇ ਖਿਲਾਫ਼ ਵਿਦ੍ਰੋਹ ਕਰ ਸੱਕੇ।
8 ਲੋਕੋ, ਸਾਡੇ ਪਰਮੇਸ਼ੁਰ ਦੀ ਉਸਤਤਿ ਕਰੋ;
    ਉਸ ਨੂੰ ਉੱਚੀ-ਉੱਚੀ ਉਸਤਤਿ ਦੇ ਗੀਤ ਗਾਵੋ।
9 ਪਰਮੇਸ਼ੁਰ ਨੇ ਸਾਨੂੰ ਜ਼ਿੰਦਗੀ ਦਿੱਤੀ,
    ਅਤੇ ਪਰਮੇਸ਼ੁਰ ਸਾਡੀ ਰੱਖਿਆ ਕਰਦਾ ਹੈ।
10 ਪਰਮੇਸ਼ੁਰ ਨੇ ਸਾਡੀ ਪਰੱਖ ਕੀਤੀ, ਜਿਵੇਂ ਲੋਕੀਂ ਚਾਂਦੀ ਅੱਗ ਨਾਲ ਪਰੱਖਦੇ ਹਨ।
11 ਹੇ ਪਰਮੇਸ਼ੁਰ, ਤੁਸਾਂ ਅਸਾਂ ਨੂੰ ਫ਼ਸ ਜਾਣ ਦਿੱਤਾ,
    ਤੁਸੀਂ ਸਾਡੇ ਉੱਤੇ ਬਹੁਤ ਭਾਰ ਰੱਖ ਦਿੱਤਾ।
12 ਸਾਡੇ ਵੈਰੀਆਂ ਨੂੰ ਸਾਡੇ ਉੱਪਰੋਂ ਦੀ ਤੋਂਰਿਆ,
    ਤੁਸਾਂ ਸਾਨੂੰ ਅੱਗ ਅਤੇ ਪਾਣੀ ਵਿੱਚ ਦੀ ਧੂਹਿਆ।
    ਪਰ ਤੁਸੀਂ ਅਸਾਂ ਨੂੰ ਇੱਕ ਸੁਰੱਖਿਅਤ ਥਾਂ ਉੱਤੇ ਲੈ ਆਏ।
13-14 ਇਸ ਲਈ ਮੈਂ ਤੁਹਾਡੇ ਮੰਦਰ ਵਿੱਚ ਬਲੀਆਂ ਲੈ ਆਵਾਂਗਾ।
ਜਦੋਂ ਮੈਂ ਮੁਸੀਬਤ ਵਿੱਚ ਸਾਂ ਮੈਂ ਤੁਹਾਡੇ ਅੱਗੇ ਸਹਾਇਤਾ ਲਈ ਪੁਕਾਰ ਕੀਤੀ।
    ਹੁਣ ਮੈਂ ਤੁਹਾਡੇ ਨਾਲ ਬਹੁਤ ਇਕਰਾਰ ਕੀਤੇ,
ਮੈਂ ਉਹ ਚੀਜ਼ਾਂ ਭੇਟ ਕਰ ਰਿਹਾ ਜਿਨ੍ਹਾਂ ਦਾ ਇਕਰਾਰ ਕੀਤਾ ਸੀ।
15     ਮੈਂ ਤੁਹਾਨੂੰ ਆਪਣੇ ਪਾਪ ਲਈ ਚੜ੍ਹਾਵੇ ਭੇਟ ਕਰ ਰਿਹਾ ਹਾਂ।
    ਮੈਂ ਤੁਹਾਨੂੰ ਭੇਡੂਆਂ ਨਾਲ ਧੂਪ ਭੇਟ ਕਰ ਰਿਹਾ ਹਾਂ।
    ਮੈਂ ਤੁਹਾਨੂੰ ਸਾਂਨ੍ਹ ਅਤੇ ਬੱਕਰੀ ਭੇਟ ਕਰ ਰਿਹਾ ਹਾਂ।
16 ਪਰਮੇਸ਼ੁਰ ਦੀ ਉਪਾਸਨਾ ਕਰਨ ਵਾਲੇ ਤੁਸੀਂ ਸਾਰੇ ਲੋਕੋ,
    ਆਉ ਅਤੇ ਮੈਂ ਤੁਹਾਨੂੰ ਦੱਸਾਂਗਾ ਜੋ ਕੁਝ ਪਰਮੇਸ਼ੁਰ ਨੇ ਮੇਰੇ ਲਈ ਕੀਤਾ।
17-18 ਮੈਂ ਉਸ ਅੱਗੇ ਪ੍ਰਾਰਥਨਾ ਕੀਤੀ,
    ਮੈਂ ਉਸਦੀ ਉਸਤਤਿ ਕੀਤੀ।
ਮੇਰਾ ਹਿਰਦਾ ਸ਼ੁੱਧ ਸੀ,
    ਇਸ ਲਈ ਮੇਰੇ ਮਾਲਕ ਨੇ ਮੇਰੀ ਗੱਲ ਸੁਣੀ।
19 ਪਰਮੇਸ਼ੁਰ ਨੇ ਮੈਨੂੰ ਸੁਣਿਆ,
    ਪਰਮੇਸ਼ੁਰ ਨੇ ਮੇਰੀ ਪ੍ਰਾਰਥਨਾ ਸੁਣੀ।
20 ਪਰਮੇਸ਼ੁਰ ਦੀ ਉਸਤਤਿ ਕਰੋ।
    ਪਰਮੇਸ਼ੁਰ ਮੇਰੇ ਕੋਲੋਂ ਦੂਰ ਨਹੀਂ ਗਿਆ। ਉਸ ਨੇ ਮੇਰੀ ਪ੍ਰਾਰਥਨਾ ਸੁਣੀ।
    ਪਰਮੇਸ਼ੁਰ ਨੇ ਮੇਰੇ ਨਾਲ ਆਪਣਾ ਪਿਆਰ ਦਰਸਾਇਆ।
ਨਿਰਦੇਸ਼ਕ ਲਈ: ਸਾਜ਼ਾਂ ਨਾਲ ਉਸਤਤਿ ਦਾ ਇੱਕ ਗੀਤ।
67 ਹੇ ਪਰਮੇਸ਼ੁਰ, ਮੇਰੇ ਉੱਪਰ ਮਿਹਰ ਰੱਖੋ ਅਤੇ ਮੈਨੂੰ ਅਸੀਸ ਦਿਉ।
    ਮਿਹਰ ਕਰਕੇ ਸਾਨੂੰ ਪ੍ਰਵਾਨ ਕਰੋ।
2 ਪਰਮੇਸ਼ੁਰ, ਮੈਨੂੰ ਉਮੀਦ ਹੈ ਕਿ ਧਰਤੀ ਦਾ ਹਰ ਬੰਦਾ ਤੁਹਾਡੇ ਬਾਰੇ ਜਾਣ ਲੈਂਦਾ ਹੈ,
    ਹਰ ਕੌਮ ਨੂੰ ਵੇਖਣ ਦਿਉ ਕਿ ਤੁਸੀਂ ਲੋਕਾਂ ਨੂੰ ਕਿਵੇਂ ਬਚਾਉਂਦੇ ਹੋ।
3 ਹੇ ਪਰਮੇਸ਼ੁਰ, ਲੋਕ ਤੈਨੂੰ ਮਹਿਮਾਮਈ ਕਰਨ।
    ਸਮੂਹ ਲੋਕ ਤੇਰੀ ਉਪਾਸਨਾ ਕਰਨ।
4 ਸਾਰੀਆਂ ਕੌਮਾਂ ਆਨੰਦ ਮਨਾਉਣ ਅਤੇ ਖੁਸ਼ ਹੋਣ।
    ਕਿਉਂਕਿ ਤੁਸੀਂ ਲੋਕਾਂ ਦਾ ਨਿਆਂ ਬੇਲਾਗ ਕਰਦੇ ਹੋਂ।
    ਤੁਸੀਂ ਸਾਰੀਆਂ ਕੌਮਾਂ ਉੱਤੇ ਸ਼ਾਸਨ ਕਰਦੇ ਹੋਂ।
5 ਹੇ ਪਰਮੇਸ਼ੁਰ, ਲੋਕ ਤੇਰੀ ਉਸਤਤਿ ਕਰਨ।
    ਸਾਰੇ ਲੋਕ ਤੈਨੂੰ ਸੁਲਾਉਣ।
6 ਪਰਮੇਸ਼ੁਰ, ਸਾਡੇ ਪਰਮੇਸ਼ੁਰ, ਸਾਨੂੰ ਅਸੀਸ ਦਿਉ,
    ਸਾਡੀ ਧਰਤੀ ਉੱਤੇ ਵੱਡੀ ਫ਼ਸਲ ਉਗਾਉ।
7 ਪਰਮੇਸ਼ੁਰ ਸਾਨੂੰ ਅਸੀਸ ਦੇਵੇ।
    ਅਤੇ ਸਾਰੀ ਧਰਤੀ ਦੇ ਲੋਕ ਡਰਨ ਅਤੇ ਪਰਮੇਸ਼ੁਰ ਦਾ ਆਦਰ ਕਰਨ।
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।
19 ਸਵਰਗ ਪਰਮੇਸ਼ੁਰ ਦੀ ਮਹਿਮਾ ਬਾਰੇ ਗੱਲਾਂ ਕਰਦੇ ਹਨ।
    ਅਕਾਸ਼ ਉਨ੍ਹਾਂ ਚੰਗਿਆਂ ਚੀਜ਼ਾਂ ਬਾਰੇ ਦੱਸਦੇ ਹਨ ਜਿਹੜੀਆਂ ਪਰਮੇਸ਼ੁਰ ਦੇ ਹੱਥੀਂ ਸਾਜੀਆਂ ਗਈਆਂ ਹਨ।
2 ਹਰ ਦਿਨ ਉਸ ਬਾਰੇ ਹੋਰ ਵੱਧੇਰੇ ਕਥਾ ਦੱਸਦਾ ਹੈ।
    ਅਤੇ ਹਰ ਰਾਤ ਪਰਮੇਸ਼ੁਰ ਦੀ ਸ਼ਕਤੀ ਬਾਰੇ ਹੋਰ ਵੱਧੇਰੇ ਪ੍ਰਗਟ ਕਰਦੀ ਹੈ।
3 ਤੁਸੀਂ ਸੱਚਮੁੱਚ ਕੋਈ ਭਾਸ਼ਣ ਜਾਂ ਸ਼ਬਦ ਨਹੀਂ ਸੁਣ ਸੱਕਦੇ।
    ਉਹ ਅਜਿਹੀ ਅਵਾਜ਼ ਨਹੀਂ ਕਰਦੇ ਜਿਸ ਨੂੰ ਅਸੀਂ ਸੁਣ ਸੱਕੀਏ।
4 ਪਰ ਉਨ੍ਹਾਂ ਦੀ “ਅਵਾਜ਼” ਪੂਰੇ ਸੰਸਾਰ ਵਿੱਚ ਫ਼ੈਲਦੀ ਹੈ।
ਉਨ੍ਹਾਂ ਦੇ “ਸ਼ਬਦ” ਧਰਤੀ ਦੇ ਅੰਤ ਤੀਕਰ ਜਾਂਦੇ ਹਨ।
    ਆਕਾਸ਼ ਸੂਰਜ ਲਈ ਇੱਕ ਘਰ ਵਾਂਗ ਹੈ।
5 ਸੂਰਜ ਇਉਂ ਬਾਹਰ ਨਿਕਲਦਾ ਹੈ ਜਿਵੇਂ ਲਾੜਾ ਆਪਣੇ ਸੌਣ ਦੇ ਕਮਰੇ ਵਿੱਚੋਂ ਬਾਹਰ ਆਉਂਦਾ ਹੈ।
    ਸੂਰਜ ਅਕਾਸ਼ ਵਿੱਚ ਆਪਣਾ ਰਾਹ ਇੰਝ ਸ਼ੁਰੂ ਕਰਦਾ ਹੈ ਜਿਵੇਂ ਇੱਕ ਖਿਡਾਰੀ ਆਪਣੀ ਦੌੜ ਦੌੜਣ ਲਈ ਉਤਸੁਕ ਹੁੰਦਾ।
6 ਸੂਰਜ ਅਕਾਸ਼ ਦੇ ਇੱਕ ਸਿਰੇ ਤੋਂ ਸ਼ੁਰੂ ਕਰਦਾ ਹੈ,
    ਅਤੇ ਇੱਕ ਸਾਰ ਦੂਸਰੇ ਸਿਰੇ ਤੀਕ ਦੌੜਦਾ ਹੈ।
    ਕੋਈ ਵੀ ਇਸਦੀ ਤਪਸ਼ ਤੋਂ ਆਪਣੇ-ਆਪ ਨੂੰ ਨਹੀਂ ਬਚਾ ਸੱਕਦਾ।
    ਯਹੋਵਾਹ ਦੇ ਉਪਦੇਸ਼ ਇਸ ਤਰ੍ਹਾਂ ਦੇ ਹਨ।
    ਇਹ ਲੋਕਾਂ ਨੂੰ ਸਿਆਣਾ ਬਣਾਉਂਦੇ ਹਨ ਜਿਹੜੇ ਮੂਰਖ ਹਨ।
7 ਯਹੋਵਾਹ ਦੇ ਉਪਦੇਸ਼ ਸੰਪੂਰਣਤਾ ਸ਼ੁੱਧ ਹਨ।
    ਇਹ ਪਰਮੇਸ਼ੁਰ ਦੇ ਲੋਕਾਂ ਨੂੰ ਨਵੀਂ ਤਾਕਤ ਬਖਸ਼ਦੇ ਹਨ।
ਯਹੋਵਾਹ ਦਾ ਕਰਾਰ ਭਰੋਸੇਯੋਗ ਹੈ।
    ਅਤੇ ਇਹ ਆਮ ਲੋਕਾਂ ਨੂੰ ਸਿਆਣੇ ਬਣਾਉਂਦਾ ਹੈ।
8 ਯਹੋਵਾਹ ਦੇ ਨੇਮ ਸਹੀ ਹਨ।
    ਉਹ ਲੋਕਾਂ ਨੂੰ ਖੁਸ਼ੀ ਪ੍ਰਦਾਨ ਕਰਦੇ ਹਨ।
ਯਹੋਵਾਹ ਦੇ ਹੁਕਮ ਚੰਗੇ ਹਨ।
    ਉਹ ਲੋਕਾਂ ਨੂੰ ਜਿਉਣ ਦਾ ਸਹੀ ਰਾਸਤਾ ਵਿਖਾਉਂਦੇ ਹਨ।
9 ਯਹੋਵਾਹ ਦੀ ਉਪਾਸਨਾ ਕਰਨੀ ਰੌਸ਼ਨੀ ਵਾਂਗ ਹੈ
    ਜਿਹੜੀ ਸਦਾ ਲਈ ਲਿਸ਼ਕਦੀ ਹੈ।
ਯਹੋਵਾਹ ਦੇ ਨਿਆਂੇ ਚੰਗੇ ਤੇ ਨਿਰਪੱਖ ਹਨ।
    ਉਹ ਸੰਪੂਰਣਤਾ ਸਹੀ ਹਨ।
10 ਯਹੋਵਾਹ ਦੇ ਉਪਦੇਸ਼ ਹਾਲੇ ਵੀ ਸਭ ਤੋਂ ਚੰਗੇ ਸੋਨੇ ਨਾਲੋਂ ਮਹਿੰਗੇ ਹਨ
    ਅਤੇ ਉਹ ਸਭ ਨਾਲੋਂ ਵੱਧੀਆਂ ਸ਼ਹਿਦ ਤੋਂ ਵੀ ਮਿੱਠੇ ਹਨ ਜਿਹੜਾ ਸਿੱਧਾ ਸ਼ਹਿਦ ਦੀਆਂ ਮੱਖੀਆਂ ਦੇ ਛੱਤੇ ਵਿੱਚੋਂ ਪ੍ਰਾਪਤ ਕੀਤਾ ਗਿਆ ਹੈ।
11 ਯਹੋਵਾਹ ਦੇ ਉਪਦੇਸ਼ ਉਸ ਦੇ ਸੇਵਕ ਨੂੰ ਚਿਤਾਵਨੀ ਦਿੰਦੇ ਹਨ,
    ਅਤੇ ਉਨ੍ਹਾਂ ਨੂੰ ਮੰਨਣ ਤੇ ਚੰਗ਼ਿਆਂ ਪ੍ਰਾਪਤੀਆਂ ਹੁੰਦੀਆਂ ਹਨ।
12 ਯਹੋਵਾਹ, ਕੋਈ ਵੀ ਆਦਮੀ ਆਪਣੀਆਂ ਸਾਰੀਆਂ ਗਲਤੀਆਂ ਨੂੰ ਨਹੀਂ ਵੇਖ ਸੱਕਦਾ।
    ਇਸ ਲਈ ਮੈਨੂੰ ਲੁਕਵੇਂ ਪਾਪ ਨਾ ਕਰਨ ਦੇਵੋ।
13 ਮੇਰੇ ਪਾਸੋਂ ਉਹ ਪਾਪ ਨਾ ਕਰਾਉ ਜਿਨ੍ਹਾਂ ਨੂੰ ਮੇਰਾ ਮਨ ਕਰਨਾ ਲੋਚਦਾ।
    ਉਨ੍ਹਾਂ ਪਾਪਾਂ ਨੂੰ ਮੇਰੇ ਉੱਤੇ ਹਾਵੀ ਨਾ ਹੋਣ ਦਿਉ।
ਜੇ ਤੁਸੀਂ ਮੇਰੇ ਸਹਾਈ ਹੋਵੋਂ ਫ਼ੇਰ ਮੈਂ ਪਵਿੱਤਰ ਅਤੇ ਆਪਣੇ ਪਾਪਾਂ ਤੋਂ ਮੁਕਤ ਹੋ ਸੱਕਦਾ ਹਾਂ।
14 ਮੇਰੇ ਸ਼ਬਦਾਂ ਤੇ ਸੋਚਾਂ ਨੂੰ ਤੁਹਾਨੂੰ ਪ੍ਰਸੰਨ ਕਰਨ ਦਿਉ।
    ਯਹੋਵਾਹ, ਤੁਸੀਂ ਮੇਰੀ ਓਟ ਹੋ ਇਹ ਤੂੰ ਹੀ ਹੈ ਜਿਸਨੇ ਮੈਨੂੰ ਬਚਾਇਆ।
ਨਿਰਦੇਸ਼ਕ ਲਈ: ਕੋਰਹ ਪਰਿਵਾਹ ਦਾ ਇੱਕ ਗੀਤ। ਅਲਾਮੋਥ ਦੁਆਰਾ ਇੱਕ ਗੀਤ।
46 ਪਰਮੇਸ਼ੁਰ ਸਾਡੀ ਤਾਕਤ ਦਾ ਸ਼ਰਚਸ਼ਮਾ ਹੈ।
    ਹਮੇਸ਼ਾ ਸੰਕਟ ਕਾਲ ਵਿੱਚ ਉਸ ਕੋਲੋਂ, ਅਸੀਂ ਸਹਾਇਤਾ ਲੈ ਸੱਕਦੇ ਹਾਂ।
2 ਇਸੇ ਲਈ ਅਸੀਂ ਨਹੀਂ ਡਰਦੇ ਜਦੋਂ ਧਰਤੀ ਹਿੱਲਦੀ ਹੈ,
    ਅਤੇ ਪਰਬਤ ਸਮੁੰਦਰ ਵਿੱਚ ਡਿੱਗਦੇ ਹਨ।
3 ਅਸੀਂ ਡਰਦੇ ਨਹੀਂ ਉਦੋਂ ਜਦੋਂ ਸਮੁੰਦਰ ਗਰਜਦੇ ਅਤੇ ਝੱਗ ਕਰਦੇ ਹਨ,
    ਅਤੇ ਸਮੁੰਦਰ ਵਿੱਚਲੇ ਪਰਬਤ ਕੰਬੰਦੇ ਹਨ।
4 ਇੱਕ ਦਰਿਆ ਹੈ ਜਿਸ ਦੀਆਂ ਧਾਰਾਵਾਂ ਪਰਮੇਸ਼ੁਰ ਦੇ ਸ਼ਹਿਰ ਅੰਦਰ,
    ਸਭ ਤੋਂ ਉੱਚੇ ਪਰਮੇਸ਼ੁਰ ਦੇ ਪਵਿੱਤਰ ਸ਼ਹਿਰ ਅੰਦਰ ਖੁਸ਼ੀ ਲਿਆਉਂਦੀਆਂ ਹਨ।
5 ਪਰਮੇਸ਼ੁਰ ਉਸ ਸ਼ਹਿਰ ਵਿੱਚ ਹੈ, ਇਸੇ ਲਈ ਉਹ ਕਦੀ ਵੀ ਤਬਾਹ ਨਹੀਂ ਹੋਵੇਗਾ।
    ਸੂਰਜ ਚੱੜ੍ਹਨ ਤੋਂ ਵੀ ਪਹਿਲਾਂ ਪਰਮੇਸ਼ੁਰ ਮਦਦ ਲਈ ਉੱਥੇ ਹੁੰਦਾ।
6 ਕੌਮਾਂ ਡਰ ਦੇ ਕਾਰਣ ਕੰਬਣਗੀਆਂ; ਜਦੋਂ ਯਹੋਵਾਹ ਰੌਲਾ ਪਾਉਂਦਾ ਹੈ,
    ਉਹ ਰਾਜ ਡਿੱਗ ਪੈਣਗੇ ਅਤੇ ਧਰਤੀ ਮਲੀਆ ਮੇਟ ਹੋ ਜਾਵੇਗੀ।
7 ਸਰਬ ਸ਼ਕਤੀਮਾਨ ਯਹੋਵਾਹ ਸਾਡੇ ਅੰਗ-ਸੰਗ ਹੈ।
    ਯਾਕੂਬ ਦਾ ਪਰਮੇਸ਼ੁਰ ਸਾਡੀ ਸੁਰੱਖਿਅਤ ਥਾਂ ਹੈ।
8 ਉਨ੍ਹਾਂ ਸ਼ਕਤੀਸ਼ਾਲੀ ਗੱਲਾਂ ਵੱਲ ਤੱਕੋ ਜੋ ਯਹੋਵਾਹ ਕਰਦਾ ਹੈ।
    ਉਨ੍ਹਾਂ ਹੈਰਾਨੀ ਭਰੀਆਂ ਕਰਨੀਆਂ ਵੱਲ ਤੱਕੋ ਜੋ ਉਸ ਨੇ ਧਰਤੀ ਉੱਤੇ ਕੀਤੀਆਂ ਹਨ।
9 ਯਹੋਵਾਹ ਲੜਾਈਆਂ ਨੂੰ ਧਰਤੀ ਦੇ ਕਿਸੇ ਕੋਨੇ ਉੱਤੇ ਵੀ ਰੋਕ ਸੱਕਦਾ ਹੈ।
    ਉਹ ਸਿਪਾਹੀਆਂ ਦੀਆਂ ਕਮਾਨਾਂ ਨੂੰ ਤੋੜ ਸੱਕਦਾ ਹੈ।
    ਉਹ ਉਨ੍ਹਾਂ ਦੇ ਨੇਜਿਆਂ ਨੂੰ ਟੁਕੜਿਆਂ ਵਿੱਚ ਤੋੜ ਸੱਕਦਾ ਹੈ ਅਤੇ ਜੰਗੀ ਗਡਿਆਂ ਨੂੰ ਅੱਗ ਨਾਲ ਸਾੜ ਸੱਕਦਾ ਹੈ।
10 ਪਰਮੇਸ਼ੁਰ ਆਖਦਾ ਹੈ, “ਸ਼ਾਂਤ ਰਹੋ ਅਤੇ ਜਾਣੋ ਕਿ ਮੈਂ ਪਰਮੇਸ਼ੁਰ ਹਾਂ।
    ਕੌਮਾਂ ਵਿੱਚ ਮੇਰੀ ਉਸਤਤਿ ਹੋਵੇਗੀ।
    ਮੈਂ ਧਰਤੀ ਉੱਤੇ ਮਹਿਮਾਮਈ ਹੋਵਾਂਗਾ।”
11 ਸਰਬ ਸ਼ਕਤੀਮਾਨ ਯਹੋਵਾਹ ਹਮੇਸ਼ਾ ਸਾਡੇ ਨਾਲ ਹੈ।
    ਯਾਕੂਬ ਦਾ ਯਹੋਵਾਹ ਸਾਡਾ ਸੁਰੱਖਿਅਤ ਸਥਾਨ ਹੈ।
14 ਉੱਥੇ ਅਸੀਂ ਕੁਝ ਭਰਾਵਾਂ ਨੂੰ ਮਿਲੇ। ਉਨ੍ਹਾਂ ਸਾਨੂੰ ਇੱਕ ਹਫ਼ਤਾ ਉੱਥੇ ਰਹਿਣ ਦੀ ਮਿੰਨਤ ਕੀਤੀ। ਅਖੀਰ ਅਸੀਂ ਰੋਮ ਪਹੁੰਚੇ। 15 ਜਦੋਂ ਉੱਥੇ ਨਿਹਚਾਵਾਨਾਂ ਨੇ ਸੁਣਿਆ ਕਿ ਅਸੀਂ ਉੱਥੇ ਪਹੁੰਚੇ ਹਾਂ, ਉਹ ਸਾਨੂੰ ਅਪੀਫ਼ੋਰੁਸ ਦੇ ਬਜ਼ਾਰ ਵਿੱਚ ਅਤੇ ਤਿੰਨ ਸਰਾਵਾਂ ਵਿੱਚ ਮਿਲਣ ਲਈ ਆਏ। ਜਦੋਂ ਪੌਲੁਸ ਨੇ ਇਨ੍ਹਾਂ ਨਿਹਚਾਵਾਨਾਂ ਨੂੰ ਵੇਖਿਆ ਤਾਂ ਉਸ ਨੂੰ ਹੌਂਸਲਾ ਹੋਇਆ ਅਤੇ ਉਸ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ।
ਪੌਲੁਸ ਰੋਮ ਵਿੱਚ
16 ਫ਼ਿਰ ਅਸੀਂ ਰੋਮ ਵਿੱਚ ਚੱਲੇ ਗਏ। ਪੌਲੁਸ ਨੂੰ ਰੋਮ ਵਿੱਚ ਇੱਕਲੇ ਰਹਿਣ ਦੀ ਆਗਿਆ ਸੀ। ਪਰ ਇੱਕ ਸਿਪਾਹੀ ਉਸਦੀ ਨਿਗਰਾਨੀ ਲਈ ਉਸ ਦੇ ਨਾਲ ਸੀ।
17 ਤਿੰਨ ਦਿਨਾਂ ਬਾਅਦ ਉਸ ਨੇ ਯਹੂਦੀਆਂ ਦੇ ਵੱਡੇ ਆਗੂਆਂ ਨੂੰ ਬੁਲਾਵਾ ਭੇਜਿਆ। ਜਦੋਂ ਉਹ ਇਕੱਠੇ ਹੋਕੇ ਆਏ ਤਾਂ ਪੌਲੁਸ ਨੇ ਆਖਿਆ, “ਹੇ ਮੇਰੇ ਯਹੂਦੀ ਭਰਾਵੋ, ਮੈਂ ਆਪਣੇ ਲੋਕਾਂ ਨਾਲ ਕੋਈ ਗਲਤ ਨਹੀਂ ਕੀਤਾ ਤੇ ਨਾ ਮੈਂ ਆਪਣੇ ਪੁਰਖਿਆਂ ਦੀਆਂ ਰੀਤਾਂ ਦੇ ਵਿਰੁੱਧ ਕੁਝ ਗਲਤ ਕੀਤਾ ਹੈ। ਪਰ ਮੈਨੂੰ ਯਰੂਸ਼ਲਮ ਵਿੱਚ ਗਿਰਫ਼ਤਾਰ ਕਰ ਲਿਆ ਗਿਆ ਅਤੇ ਰੋਮੀਆਂ ਦੇ ਹਵਾਲੇ ਕਰ ਦਿੱਤਾ ਗਿਆ। 18 ਰੋਮੀਆਂ ਨੇ ਮੈਨੂੰ ਸਵਾਲ ਕੀਤੇ ਪਰ ਉਨ੍ਹਾਂ ਨੂੰ ਕੋਈ ਵਜਹ ਨਾ ਲੱਭੀ ਜਿਸ ਵਾਸਤੇ ਮੈਂ ਮਾਰਿਆ ਜਾਵਾਂ? ਇਸ ਲਈ ਉਨ੍ਹਾਂ ਮੈਨੂੰ ਅਜ਼ਾਦ ਛੱਡ ਦੇਣਾ ਚਾਹਿਆ। 19 ਪਰ ਉੱਥੋਂ ਦੇ ਯਹੂਦੀ ਅਜਿਹਾ ਨਹੀਂ ਚਾਹੁੰਦੇ ਸਨ, ਇਸ ਲਈ ਮੈਨੂੰ ਆਪਣੀ ਦੁਹਾਈ ਕੈਸਰ ਅੱਗੇ ਦੇਣੀ ਪਈ। ਪਰ ਮੈਂ ਇਹ ਨਹੀਂ ਆਖ ਰਿਹਾ ਕਿ ਮੈਨੂੰ ਆਪਣੇ ਲੋਕਾਂ ਦੇ ਵਿਰੁੱਧ ਕੋਈ ਗਿਲਾ ਹੈ। 20 ਇਸੇ ਕਾਰਣ ਮੈਂ ਤੁਹਾਡੇ ਨਾਲ ਮਿਲ ਕੇ ਗੱਲ ਕਰਨੀ ਚਾਹੁੰਦਾ ਸੀ। ਮੈਂ ਇਸ ਜੰਜ਼ੀਰ ਨਾਲ ਬੰਨ੍ਹਿਆ ਹੋਇਆ ਹਾਂ ਕਿਉਂਕਿ ਮੈਂ ਇਸਰਾਏਲ ਦੀ ਆਸ ਵਿੱਚ ਵਿਸ਼ਵਾਸ ਰੱਖਦਾ ਹਾਂ।”
21 ਯਹੂਦੀਆਂ ਨੇ ਪੌਲੁਸ ਨੂੰ ਆਖਿਆ, “ਅਸੀਂ ਯਹੂਦਿਯਾ ਤੋਂ ਤੇਰੇ ਬਾਰੇ ਕੋਈ ਚਿੱਠੀ ਪ੍ਰਾਪਤ ਨਹੀਂ ਕੀਤੀ, ਤੇ ਨਾ ਹੀ ਸਾਡੇ ਉਨ੍ਹਾਂ ਭਰਾਵਾਂ ਵਿੱਚੋਂ, ਜੋ ਉੱਥੋਂ ਆਏ, ਤੇਰੇ ਬਾਰੇ ਕੋਈ ਖਬਰ ਲਿਆਏ ਜਾਂ ਤੇਰੇ ਬਾਰੇ ਕੁਝ ਬੁਰਾ ਕਿਹਾ। 22 ਪਰ ਅਸੀਂ ਤੈਥੋਂ ਤੇਰੀ ਨਿਹਚਾ ਬਾਰੇ ਸੁਣਨਾ ਚਾਹੁੰਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਹਰ ਜਗ਼੍ਹਾ ਦੇ ਲੋਕ ਇਸ ਸਮੂਹ ਬਾਰੇ ਮੰਦਾ ਬੋਲ ਰਹੇ ਹਨ।”
23 ਤਾਂ ਪੌਲੁਸ ਅਤੇ ਯਹੂਦੀਆਂ ਨੇ ਸਭਾ ਲਈ ਇੱਕ ਦਿਨ ਨਿਸ਼ਚਿਤ ਕੀਤਾ। ਉਸ ਦਿਨ ਹੋਰ ਵੀ ਬਹੁਤ ਸਾਰੇ ਯਹੂਦੀ ਲੋਕ ਪੌਲੁਸ ਨੂੰ ਉਸ ਦੇ ਘਰ ਮਿਲੇ। ਪੌਲੁਸ ਨੇ ਸਵੇਰੇ ਤੋਂ ਆਥਣ ਤੱਕ ਪਰਮੇਸ਼ੁਰ ਦੇ ਰਾਜ ਬਾਰੇ ਵਰਨਣ ਕੀਤਾ। ਅਤੇ ਉਨ੍ਹਾਂ ਨੂੰ ਯਿਸੂ ਬਾਰੇ ਨਿਹਚਾ ਕਰਵਾਉਣ ਲਈ ਮਨਾਉਣ ਦੀ ਕੋਸ਼ਿਸ਼, ਕੀਤੀ। ਉਸ ਨੇ ਇਹ ਕੋਸ਼ਿਸ਼ ਮੂਸਾ ਦੇ ਨੇਮ ਅਤੇ ਨਬੀਆਂ ਦੀਆਂ ਲਿਖਤਾਂ ਦਾ ਸਬੂਤ ਦੇਕੇ ਕੀਤੀ।
ਸੱਚਾ ਧਨ
16 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਇੱਕ ਵਾਰ ਇੱਕ ਬੜਾ ਧਨਵਾਨ ਆਦਮੀ ਸੀ। ਉਸ ਨੇ ਆਪਣਾ ਕਾਰੋਬਾਰ ਸੰਭਾਲਣ ਲਈ ਇੱਕ ਮੁਖਤਿਆਰ ਰੱਖਿਆ। ਬਾਦ ਵਿੱਚ ਉਸ ਨੂੰ ਪਤਾ ਚੱਲਿਆ ਕਿ ਉਸਦਾ ਮੁਖਤਿਆਰ ਉਸ ਨਾਲ ਧੋਖਾ ਕਰ ਰਿਹਾ ਹੈ। 2 ਤਾਂ ਉਸ ਨੇ ਉਸ ਨੂੰ ਅੰਦਰ ਬੁਲਾਇਆ ਅਤੇ ਕਿਹਾ, ‘ਤੇਰੇ ਬਾਰੇ ਮੈਂ ਇਹ ਸਭ ਕੀ ਸੁਣ ਰਿਹਾ ਹਾਂ। ਮੈਨੂੰ ਮੇਰੇ ਸਾਰੇ ਪੈਸੇ ਦਾ ਹਿਸਾਬ ਦੇ। ਤੂੰ ਇਸ ਤੋਂ ਬਾਦ ਮੇਰਾ ਮੁਖਤਿਆਰ ਨਹੀਂ ਹੋ ਸੱਕਦਾ।’
3 “ਬਾਅਦ ਵਿੱਚ ਮੁਖਤਿਆਰ ਨੇ ਆਪਣੇ ਮਨ ਵਿੱਚ ਸੋਚਿਆ, ‘ਹੁਣ ਮੈਂ ਕੀ ਕਰਾਂਗਾ? ਮੇਰਾ ਮਾਲਕ ਤਾਂ ਮੈਨੂੰ ਮੇਰੀ ਨੋਕਰੀ ਤੋਂ ਹਟਾ ਰਿਹਾ ਹੈ। ਮੇਰੇ ਵਿੱਚ ਖੋਦਣ ਦੀ ਤਾਕਤ ਨਹੀਂ ਹੈ ਅਤੇ ਭੀਖ ਮੰਗਣ ਤੋਂ ਮੈਨੂੰ ਸ਼ਰਮ ਆਉਂਦੀ ਹੈ। 4 ਮੈਂ ਜਾਣ ਗਿਆ ਕਿ ਮੈਂ ਕੀ ਕਰਾਂ, ਜਿਸ ਵੇਲੇ ਮੈਂ ਮੁਖਤਿਆਰੀ ਤੋਂ ਹਟਾਇਆ ਜਾਵਾਂਗਾ, ਮੈਂ ਕੁਝ ਅਜਿਹਾ ਕਰਾਂਗਾ ਕਿ ਲੋਕ ਆਪਣੇ ਘਰਾਂ ਵਿੱਚ ਮੇਰਾ ਸਵਾਗਤ ਕਰਨਗੇ।’
5 “ਤਾਂ ਉਸ ਨੇ ਆਪਣੇ ਮਾਲਕ ਦੇ ਕਰਜਾਈਆਂ ਨੂੰ ਇੱਕ-ਇੱਕ ਕਰਕੇ ਆਪਣੇ ਕੋਲ ਸੱਦਿਆ ਅਤੇ ਪਹਿਲੇ ਨੂੰ ਕਿਹਾ, ‘ਤੂੰ ਮੇਰੇ ਮਾਲਕ ਦਾ ਕਿੰਨਾ ਦੇਣਾ ਹੈ।’ 6 ਉਸ ਮਨੁੱਖ ਨੇ ਆਖਿਆ, ‘ਮੈਂ ਉਸ ਦੇ ਜੈਤੂਨ ਦੇ ਤੇਲ ਦੇ ਅੱਠ ਹਜ਼ਾਰ ਪੌਂਡ ਦੇਣੇ ਹਨ।’ ਤਾਂ ਮੁਖਤਿਆਰ ਨੇ ਉਸ ਨੂੰ ਕਿਹਾ, ‘ਆਪਣੀ ਵਹੀ ਲੈ ਅਤੇ ਬੈਠਕੇ ਚਾਰ ਹਜ਼ਾਰ ਪੌਂਡ ਲਿਖ ਦੇ।’
7 “ਤਾਂ ਮੁਖਤਿਆਰ ਨੇ ਦੂਸਰੇ ਆਦਮੀ ਨੂੰ ਸੱਦਿਆ, ‘ਤੂੰ ਮੇਰੇ ਮਾਲਕ ਦੇ ਕਿੰਨੇ ਦੇਣੇ ਹਨ?’ ਉਸ ਮਨੁੱਖ ਨੇ ਜਵਾਬ ਦਿੱਤਾ, ‘ਮੈਂ ਉਸ ਨੂੰ ਕਣਕ ਦੇ ਸੱਠ ਹਜ਼ਾਰ ਪੌਂਡ ਦੇਣਦਾਰ ਹਾਂ’, ਮੁਖਤਿਆਰ ਨੇ ਉਸ ਨੂੰ ਆਖਿਆ, ‘ਆਪਣੀ ਵਹੀ ਲੈ ਅਤੇ ਛੇਤੀ ਬੈਠ ਕੇ ਪੰਜਾਹ ਹਜ਼ਾਰ ਪੌਂਡ ਲਿਖ ਦੇ।’
8 “ਬਾਅਦ ਵਿੱਚ ਮਾਲਕ ਨੇ ਆਪਣੇ ਬੇਈਮਾਨ ਮੁਖਤਿਆਰ ਨੂੰ ਕਿਹਾ ਕਿ ਉਸ ਨੇ ਬੜੀ ਚਲਾਕੀ ਖੇਡੀ ਹੈ। ਹਾਂ! ਦੁਨਿਆਵੀ ਲੋਕ ਆਤਮਕ ਲੋਕਾਂ ਨਾਲੋਂ ਆਪਣੇ ਸਮੇਂ ਦੇ ਦੂਜੇ ਲੋਕਾਂ ਨਾਲ ਵੱਧੇਰੇ ਚਲਾਕੀ ਕਰਦੇ ਹਨ।
9 “ਮੈਂ ਤੁਹਾਨੂੰ ਦੱਸਦਾ ਹਾਂ ਕਿ ਆਪਣੇ ਲਈ ਦੋਸਤ ਪ੍ਰਾਪਤ ਕਰਨ ਵਾਸਤੇ ਤੁਹਾਡੇ ਕੋਲ ਜਿੰਨੀ ਵੀ ਦੁਨਿਆਵੀ ਦੌਲਤ ਹੈ, ਇਸਤੇਮਾਲ ਕਰੋ। ਜਦੋਂ ਦੁਨਿਆਵੀ ਦੌਲਤ ਮੁੱਕ ਜਾਵੇਗੀ ਤਾਂ ਤੁਹਾਡਾ ਸਦੀਵੀ ਘਰਾਂ ਵਿੱਚ ਸੁਆਗਤ ਕੀਤਾ ਜਾਵੇਗਾ। 10 ਜੇਕਰ ਕੋਈ ਮਨੁੱਖ ਛੋਟੀਆਂ ਵਸਤਾਂ ਬਾਰੇ ਭਰੋਸੇਮੰਦ ਹੈ, ਉਸਤੇ ਵੱਡੀਆਂ ਵਸਤਾਂ ਬਾਰੇ ਵੀ ਭਰੋਸਾ ਕੀਤਾ ਜਾ ਸੱਕਦਾ ਹੈ। ਪਰ ਜੇਕਰ ਕੋਈ ਮਨੁੱਖ ਛੋਟੀਆਂ ਚੀਜ਼ਾਂ ਵਿੱਚ ਬੇਇਮਾਨ ਹੋਵੇਗਾ ਤਾਂ ਉਹ ਵੱਡੀਆਂ ਵਸਤਾਂ ਵਿੱਚ ਵੀ ਬੇਈਮਾਨੀ ਕਰ ਸੱਕਦਾ ਹੈ। 11 ਜੇਕਰ ਤੁਸੀਂ ਇਹ ਸਾਬਤ ਨਹੀਂ ਕਰ ਸੱਕਦੇ ਕਿ ਤੁਸੀਂ ਦੁਨਿਆਵੀ ਦੌਲਤ ਨਾਲ ਵਿਸ਼ਵਾਸਯੋਗ ਹੋ, ਤਾਂ ਫ਼ਿਰ ਤੁਹਾਨੂੰ ਸੱਚੀ ਦੌਲਤ ਕੌਣ ਸੌਂਪੇਗਾ? 12 ਜੇਕਰ ਤੁਸੀਂ ਇਹ ਸਾਬਤ ਨਹੀਂ ਕਰਦੇ ਕਿ ਤੁਸੀਂ ਦੂਜਿਆਂ ਦੀ ਮਲਕੀਅਤ ਨਾਲ ਵਫਾਦਾਰ ਨਹੀਂ ਹੋ ਤਾਂ ਫ਼ਿਰ ਤੁਹਾਨੂੰ ਆਪਣੇ ਲਈ ਕੌਣ ਮਲਕੀਅਤ ਦੇਵੇਗਾ?
13 “ਕੋਈ ਵੀ ਸੇਵਕ ਇੱਕੋ ਵੇਲੇ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸੱਕਦਾ। ਉਹ ਇੱਕ ਨੂੰ ਪਿਆਰ ਕਰੇਗਾ ਅਤੇ ਦੂਜੇ ਨੂੰ ਨਫ਼ਰਤ ਜਾਂ ਇੱਕ ਨਾਲ ਵਫਾਦਾਰ ਹੋਵੇਗਾ ਅਤੇ ਦੂਜੇ ਨਾਲ ਅਣਗਹਿਲੀ ਕਰੇਗਾ। ਤੁਸੀਂ ਪਰਮੇਸ਼ੁਰ ਅਤੇ ਪੈਸੇ ਦੀ ਇੱਕੋ ਵੇਲੇ ਸੇਵਾ ਨਹੀਂ ਕਰ ਸੱਕਦੇ।”
2010 by World Bible Translation Center