Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 107:33-108:13

33 ਪਰਮੇਸ਼ੁਰ ਨੇ ਨਦੀਆਂ ਨੂੰ ਮਾਰੂਥਲ ਵਿੱਚ ਬਦਲ ਦਿੱਤਾ ਸੀ।
    ਪਰਮੇਸ਼ੁਰ ਨੇ ਚਸ਼ਮਿਆਂ ਨੂੰ ਵਗਣ ਤੋਂ ਰੋਕ ਦਿੱਤਾ ਸੀ।
34 ਪਰਮੇਸ਼ੁਰ ਨੇ ਉਪਜਾਊ ਧਰਤੀ ਨੂੰ ਬਦਲ ਦਿੱਤਾ ਸੀ ਅਤੇ ਇਹ ਕਲਰੀ ਵਿਰਾਨ ਧਰਤੀ ਹੋ ਗਈ ਸੀ।
    ਕਿਉਂ? ਉਨ੍ਹਾਂ ਮੰਦੇ ਲੋਕਾਂ ਦੇ ਕਾਰਣ ਜਿਹੜੇ ਉਸ ਥਾਵੇਂ ਰਹਿੰਦੇ ਸਨ।
35 ਪਰਮੇਸ਼ੁਰ ਨੇ ਮਾਰੂਥਲ ਦੀ ਧਰਤੀ ਨੂੰ ਬਦਲ ਦਿੱਤਾ ਅਤੇ ਇਹ ਪਾਣੀ ਦੇ ਤਲਾਵਾਂ ਵਾਲੀ ਧਰਤੀ ਬਣ ਗਈ।
    ਪਰਮੇਸ਼ੁਰ ਨੇ ਖੁਸ਼ਕ ਧਰਤੀ ਵਿੱਚੋਂ ਪਾਣੀ ਦੇ ਚਸ਼ਮੇ ਵਗਾ ਦਿੱਤੇ।
36 ਪਰਮੇਸ਼ੁਰ ਨੇ ਭੁੱਖੇ ਲੋਕਾਂ ਦੀ ਉਸ ਚੰਗੀ ਧਰਤੀ ਵੱਲ ਅਗਵਾਈ ਕੀਤੀ
    ਅਤੇ ਉਨ੍ਹਾਂ ਨੇ ਰਹਿਣ ਲਈ ਸ਼ਹਿਰ ਬਣਾ ਲਿਆ।
37 ਉਨ੍ਹਾਂ ਲੋਕਾਂ ਨੇ ਆਪਣੇ ਖੇਤਾਂ ਵਿੱਚ ਬੀਜ ਬੀਜੇ।
    ਉਨ੍ਹਾਂ ਨੇ ਖੇਤਾਂ ਵਿੱਚ ਅੰਗੂਰ ਦੇ ਪੌਦੇ ਲਾਏ ਅਤੇ ਉਨ੍ਹਾਂ ਨੇ ਚੰਗੀ ਫ਼ਸਲ ਪ੍ਰਾਪਤ ਕੀਤੀ।
38 ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਅਸੀਸ ਦਿੱਤੀ ਉਨ੍ਹਾਂ ਦੇ ਪਰਿਵਾਰ ਵੱਧਣ ਫ਼ੁਲਣ।
    ਉਨ੍ਹਾਂ ਕੋਲ ਬਹੁਤ ਸਾਰੇ ਪਸ਼ੂ ਸਨ।
39 ਹਾਦਸਿਆਂ ਅਤੇ ਮੁਸੀਬਤਾਂ ਕਾਰਣ
    ਉਨ੍ਹਾਂ ਦੇ ਪਰਿਵਾਰ ਛੋਟੇ ਅਤੇ ਕਮਜ਼ੋਰ ਸਨ।
40 ਪਰਮੇਸ਼ੁਰ ਨੇ ਉਨ੍ਹਾਂ ਦੇ ਆਗੂਆਂ ਨੂੰ ਸ਼ਰਮਸਾਰ ਕੀਤਾ ਅਤੇ ਨਮੋਸ਼ੀ ਦਿੱਤੀ।
    ਪਰਮੇਸ਼ੁਰ ਨੇ ਉਨ੍ਹਾਂ ਨੂੰ ਮਾਰੂਥਲ ਵਿੱਚ ਅਵਾਰਾ ਭਟਕਣ ਦਿੱਤਾ ਜਿੱਥੇ ਕੋਈ ਰਾਹ ਨਹੀਂ ਸਨ।
41 ਪਰ ਪਰਮੇਸ਼ੁਰ ਨੇ ਉਨ੍ਹਾਂ ਗਰੀਬ ਲੋਕਾਂ ਨੂੰ ਫ਼ੇਰ ਉਨ੍ਹਾਂ ਦੇ ਦੁੱਖਾਂ ਵਿੱਚੋਂ ਕੱਢ ਲਿਆ।
    ਅਤੇ ਹੁਣ ਉਨ੍ਹਾਂ ਦੇ ਪਰਿਵਾਰ ਭੇਡਾਂ ਦੇ ਵੱਡੇ ਇੱਜੜ ਵਾਂਗ ਹਨ।
42-43 ਨੇਕ ਆਦਮੀ ਇਹ ਗੱਲ ਵੇਖਦੇ ਹਨ ਅਤੇ ਉਹ ਪ੍ਰਸੰਨ ਹਨ।
    ਪਰ ਮੰਦੇ ਲੋਕੀ ਵੀ ਇਸ ਨੂੰ ਦੇਖਦੇ ਹਨ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਕੀ ਆਖਣ।

ਦਾਊਦ ਦਾ ਇੱਕ ਉਸਤਤਿ ਗੀਤ।

108 ਹੇ ਪਰਮੇਸ਼ੁਰ, ਮੈਂ ਤੁਹਾਡੀ ਉਸਤਤਿ ਦੇ ਗੀਤ ਗਾਉਣ ਲਈ
    ਦਿਲ ਅਤੇ ਰੂਹ ਨਾਲ ਤਿਆਰ ਹਾਂ।
    ਸਿਤਾਰ ਅਤੇ ਸਰੰਗੀ ਜਾਗੋ,
    ਆਉ ਆਪਾਂ ਪ੍ਰਭਾਤ ਨੂੰ ਜਗਾਈਏ।
ਯਹੋਵਾਹ, ਅਸੀਂ ਕੌਮਾਂ ਅੰਦਰ ਤੁਹਾਡੀ ਉਸਤਤਿ ਕਰਾਂਗੇ।
    ਅਸੀਂ ਹੋਰਾਂ ਲੋਕਾਂ ਵਿੱਚ ਤੁਹਾਡੀ ਉਸਤਤਿ ਕਰਾਂਗੇ।
ਯਹੋਵਾਹ, ਤੁਹਾਡਾ ਪਿਆਰ ਆਕਾਸ਼ਾਂ ਨਾਲੋਂ ਉੱਚਾ ਹੈ।
ਤੁਹਾਡੀ ਵਫ਼ਾ ਉੱਚੇ ਤੋਂ ਉੱਚੇ ਬੱਦਲ ਨਾਲੋਂ ਉਚੇਰੀ ਹੈ।
ਹੇ ਪਰਮੇਸ਼ੁਰ, ਸਵਰਗਾਂ ਦੇ ਸ਼ਿਖਰਾਂ ਤੱਕ ਉੱਠੋ
    ਸਾਰੀ ਦੁਨੀਆਂ ਨੂੰ ਤੁਹਾਡੀ ਮਹਿਮਾ ਦੇਖਣ ਦੇਵੋ।
ਹੇ ਪਰਮੇਸ਼ੁਰ, ਇਸ ਤਰ੍ਹਾਂ ਹੀ ਕਰੋ ਤਾਂ ਜੋ ਤੁਹਾਡੇ ਮਿੱਤਰਾਂ ਨੂੰ ਬਚਾਇਆ ਜਾ ਸੱਕੇ।
    ਮੇਰੀ ਪ੍ਰਾਰਥਨਾ ਮੰਨ ਲਵੋ, ਅਤੇ ਸਾਨੂੰ ਬਚਾਉਣ ਲਈ ਆਪਣੀ ਮਹਾ ਸ਼ਕਤੀ ਵਰਤੋਂ।
ਪਰਮੇਸ਼ੁਰ ਆਪਣੇ ਮੰਦਰ ਵਿੱਚ ਬੋਲਿਆ:
    “ਮੈਂ ਯੁੱਧ ਜਿੱਤਾਂਗਾ ਅਤੇ ਜਿੱਤ ਬਾਰੇ ਪ੍ਰਸੰਨ ਹੋਵਾਂਗਾ!
ਮੈਂ ਇਹੀ ਧਰਤੀ ਆਪਣੇ ਲੋਕਾਂ ਦਰਮਿਆਨ ਵੰਡ ਦਿਆਂਗਾ।
    ਮੈਂ ਉਨ੍ਹਾਂ ਨੂੰ ਸ਼ਕਮ ਦੇ ਦੇਵਾਂਗਾ,
    ਮੈਂ ਉਨ੍ਹਾਂ ਨੂੰ ਸੁੱਕੋਥ ਦੀ ਵਾਦੀ ਦੇ ਦੇਵਾਂਗਾ।
ਗਿਲਆਦ ਅਤੇ ਮਨੱਸ਼ਹ ਮੇਰੇ ਹੋਣਗੇ।
    ਇਫ਼ਰਾਈਮ ਮੇਰੇ ਸਿਰ ਦੀ ਢਾਲ ਹੋਵੇਗਾ।
    ਯਹੂਦਾਹ ਮੇਰਾ ਸ਼ਾਹੀ ਡੰਡਾ ਹੋਵੇਗਾ।
ਮੋਆਬ ਮੇਰੇ ਚਰਨ ਧੋਣ ਲਈ ਪਿਆਲਾ ਹੋਣਗੇ।
    ਅਦੋਮ ਮੇਰੀ ਜੁੱਤੀ ਚੁੱਕਣ ਲਈ ਮੇਰਾ ਸੇਵਕ ਹੋਵੇਗਾ।
    ਮੈਂ ਫ਼ਲਿਸਤ ਨੂੰ ਹਰਾ ਦਿਆਂਗਾ ਅਤੇ ਜਿੱਤ ਦੇ ਨਾਅਰੇ ਮਾਰਾਂਗਾ।”

10-11 ਦੁਸ਼ਮਣ ਦੇ ਕਿਲ੍ਹੇ ਅੰਦਰ, ਮੇਰੀ ਅਗਵਾਈ ਕੌਣ ਕਰੇਗਾ?
    ਅਦੋਮ ਦੇ ਖਿਲਾਫ਼ ਲੜਨ ਵਿੱਚ ਮੇਰੀ ਅਗਵਾਈ ਕੌਣ ਕਰੇਗਾ?
ਹੇ ਪਰਮੇਸ਼ੁਰ, ਕਿਰਪਾ ਕਰਕੇ ਦੁਸ਼ਮਣ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕਰੋ!
    ਪਰ ਤੁਸੀਂ ਅਸਾਂ ਨੂੰ ਤਿਆਗ ਦਿੱਤਾ!
    ਤੁਸੀਂ ਸਾਡੀ ਫ਼ੌਜ ਦੇ ਨਾਲ ਨਹੀਂ ਗਏ।
12 ਹੇ ਪਰਮੇਸ਼ੁਰ, ਕਿਰਪਾ ਕਰਕੇ ਦੁਸ਼ਮਣ ਦੀ ਫ਼ੌਜ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕਰੋ!
    ਲੋਕ ਸਾਡੀ ਸਹਾਇਤਾ ਨਹੀਂ ਕਰ ਸੱਕਦੇ!
13 ਸਿਰਫ਼ ਪਰਮੇਸ਼ੁਰ ਹੀ ਸਾਨੂੰ ਬਲਵਾਨ ਬਣਾ ਸੱਕਦਾ ਹੈ।
    ਪਰਮੇਸ਼ੁਰ ਹੀ ਸਾਡੇ ਦੁਸ਼ਮਣਾਂ ਨੂੰ ਹਰਾ ਸੱਕਦਾ ਹੈ!

ਜ਼ਬੂਰ 33

33 ਹੇ ਸੱਜਨੋ, ਯਹੋਵਾਹ ਵਿੱਚ ਆਨੰਦ ਮਾਣੋ।
    ਚੰਗੇ ਲੋਕਾਂ ਲਈ ਉਸਦੀ ਉਸਤਤਿ ਕਰਨਾ ਚੰਗਾ ਹੈ।
ਸਾਰੰਗੀ ਵਜਾਉ ਅਤੇ ਉਸਦੀ ਉਸਤਤਿ ਕਰੋ।
    ਯਹੋਵਾਹ ਲਈ ਦਸ ਤਾਰਾਂ ਵਾਲਾ ਸਾਜ਼ ਵਜਾਉ।
ਉਸ ਨੂੰ ਇੱਕ ਨਵਾਂ ਗੀਤ।
    ਸੋਹਣੇ ਢੰਗ ਨਾਲ ਖੁਸ਼ੀ ਦੀ ਧੁਨ ਵਜਾਉ।
ਪਰਮੇਸ਼ੁਰ ਦਾ ਸ਼ਬਦ ਸੱਚਾ ਹੈ।
    ਜੋ ਵੀ ਉਹ ਕਰਦਾ ਤੁਸੀਂ ਉਸ ਉੱਤੇ ਨਿਰਭਰ ਹੋ ਸੱਕਦੇ ਹੋ।
ਪਰਮੇਸ਼ੁਰ ਨਿਆਂਕਾਰ ਹੋਣ ਅਤੇ ਚੰਗੀਆਂ ਗੱਲਾਂ ਕਰਨ ਨੂੰ ਪਿਆਰ ਕਰਦਾ ਹੈ।
    ਧਰਤੀ ਉੱਤੇ ਯਹੋਵਾਹ ਦਾ ਸੱਚਾ ਪਿਆਰ ਭਰਪੂਰ ਹੈ।
ਯਹੋਵਾਹ ਨੇ ਆਦੇਸ਼ ਦਿੱਤਾ ਅਤੇ ਦੁਨੀਆਂ ਸਾਜੀ ਗਈ।
    ਪਰਮੇਸ਼ੁਰ ਦੇ ਮੁੱਖ ਤੋਂ ਨਿਕਲੇ ਹਰ ਸਾਹ ਨੇ ਧਰਤੀ ਦੀ ਹਰ ਸ਼ੈਅ ਨੂੰ ਸਾਜਿਆ ਹੈ।
ਪਰਮੇਸ਼ੁਰ ਨੇ ਸਾਗਰ ਚੋਂ ਪਾਣੀ ਇੱਕ ਥਾਵੇਂ ਇਕੱਠਾ ਕੀਤਾ।
    ਉਹ ਸਾਗਰ ਨੂੰ ਇਸਦੀ ਥਾਂ ਸਿਰ ਰੱਖਦਾ ਹੈ।
ਧਰਤੀ ਦੇ ਹਰ ਬੰਦੇ ਨੂੰ ਡਰਨਾ ਅਤੇ ਯਹੋਵਾਹ ਦਾ ਆਦਰ ਕਰਨਾ ਚਾਹੀਦਾ ਹੈ।
    ਦੁਨੀਆਂ ਦੇ ਸਮੂਹ ਲੋਕਾਂ ਨੂੰ ਉਸਤੋਂ ਡਰਨਾ ਚਾਹੀਦਾ ਹੈ।
ਕਿਉਂਕਿ ਪਰਮੇਸ਼ੁਰ ਸਿਰਫ਼ ਆਦੇਸ਼ ਦਿੰਦਾ ਅਤੇ ਉਹ ਗੱਲ ਵਾਪਰ ਜਾਂਦੀ ਹੈ।
    ਅਤੇ ਜੇਕਰ ਉਹ ਆਖਦਾ, “ਰੁਕੋ” ਤਾਂ ਉਹ ਸੈਅ ਠਹਿਰ ਜਾਵੇਗੀ।
10 ਉਹ ਹਰ ਇੱਕ ਦੀ ਯੋਜਨਾ ਨੂੰ ਤਬਾਹ ਕਰ ਸੱਕਦਾ ਹੈ।
    ਉਹ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਤਬਾਹ ਕਰ ਸੱਕਦਾ ਹੈ।
11 ਪਰ ਯਹੋਵਾਹ ਦਾ ਮਸ਼ਵਰਾ ਸਦਾ ਲਈ ਸ਼ੁਭ ਹੈ।
    ਉਸ ਦੀਆਂ ਵਿਉਂਤਾਂ ਪੀੜੀ ਦਰ ਪੀੜੀ ਸ਼ੁਭ ਹਨ।
12 ਉਹ ਲੋਕ ਜਿਨ੍ਹਾਂ ਦਾ ਯਹੋਵਾਹ ਪਰਮੇਸ਼ੁਰ ਹੈ ਬਹੁਤ ਸੁਭਾਗੇ ਹਨ।
    ਕਿਉਂਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੇ ਖਾਸ ਲੋਕ ਹੋਣ ਲਈ ਚੁਣਿਆ।
13 ਯਹੋਵਾਹ ਨੇ ਸਵਰਗ ਤੋਂ ਹੇਠਾਂ ਤੱਕਿਆ,
    ਅਤੇ ਉਸ ਨੇ ਸਮੂਹ ਲੋਕਾਂ ਨੂੰ ਦੇਖਿਆ।
14 ਉਸ ਨੇ ਆਪਣੇ ਉੱਚੇ ਤਖਤ ਤੋਂ ਧਰਤੀ ਉੱਤੇ
    ਰਹਿਣ ਵਾਲੇ ਸਾਰੇ ਹੀ ਲੋਕਾਂ ਵੱਲ ਹੇਠਾਂ ਦੇਖਿਆ।
15 ਪਰਮੇਸ਼ੁਰ ਨੇ ਹਰ ਬੰਦੇ ਦਾ ਮਨ ਸਾਜਿਆ।
    ਜੋ ਵੀ ਹਰ ਬੰਦਾ ਸੋਚਦਾ ਪਰਮੇਸ਼ੁਰ ਜਾਣਦਾ ਹੈ।
16 ਰਾਜਾ ਉਸ ਦੇ ਆਪਣੇ ਹੀ ਵੱਡੇ ਬਲ ਦੁਆਰਾ ਨਹੀਂ ਬਚਾਇਆ ਜਾਂਦਾ।
    ਤਾਕਤਵਰ ਯੋਧਾ ਉਸ ਦੇ ਆਪਣੀ ਹੀ ਵੱਡੇ ਬਲ ਦੁਆਰਾ ਨਹੀਂ ਬਚਾਇਆ ਜਾਂਦਾ।
17 ਅਸਲ ਵਿੱਚ ਘੋੜੇ ਯੁੱਧ ਅੰਦਰ ਜਿੱਤ ਪ੍ਰਾਪਤ ਨਹੀਂ ਕਰਦੇ।
    ਅਸਲ ਵਿੱਚ ਤੁਹਾਡੇ ਬਚ ਨਿਕਲਣ ਵਿੱਚ ਉਨ੍ਹਾਂ ਦਾ ਬਲ ਮਦਦ ਨਹੀਂ ਕਰਦਾ।
18 ਯਹੋਵਾਹ ਦੇਖਦਾ ਅਤੇ ਉਨ੍ਹਾਂ ਦੇ ਦੇਖਭਾਲ ਕਰਦਾ ਜਿਹੜੇ ਉਸ ਦੇ ਮਾਰਗ ਉੱਤੇ ਤੁਰਦੇ ਹਨ।
    ਉਸਦਾ ਵੱਡਾ ਪਿਆਰ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਜਿਹੜੇ ਉਸਦੀ ਉਪਾਸਨਾ ਕਰਦੇ ਹਨ।
19 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਮੌਤ ਤੋਂ ਬਚਾਉਂਦਾ ਹੈ,
    ਉਹ ਉਨ੍ਹਾਂ ਨੂੰ ਉਦੋਂ ਬਲ ਬਖਸ਼ਦਾ ਹੈ ਜਦੋਂ ਉਹ ਭੁੱਖੇ ਹੁੰਦੇ ਹਨ।
20 ਇਸ ਲਈ ਅਸੀਂ ਯਹੋਵਾਹ ਦਾ ਇੰਤਜ਼ਾਰ ਕਰਾਂਗੇ।
    ਉਹ ਸਾਡੀ ਮਦਦ ਕਰਦਾ ਹੈ ਅਤੇ ਉਹ ਸਾਡੀ ਰੱਖਿਆ ਕਰਦਾ ਹੈ।
21 ਪਰਮੇਸ਼ੁਰ ਅਸਾਂ ਨੂੰ ਖੁਸ਼ੀ ਪ੍ਰਦਾਨ ਕਰਦਾ ਹੈ।
    ਅਸੀਂ ਸੱਚਮੁੱਚ ਉਸ ਦੇ ਪਵਿੱਤਰ ਨਾਮ ਵਿੱਚ ਭਰੋਸਾ ਕਰਦੇ ਹਾਂ।
22 ਯਹੋਵਾਹ ਅਸੀਂ ਸੱਚਮੁੱਚ ਤੁਹਾਡੀ ਉਪਾਸਨਾ ਕਰਦੇ ਹਾਂ।
    ਇਸ ਲਈ ਆਪਣਾ ਵੱਡਾ ਪਿਆਰ ਸਾਡੇ ਲਈ ਦਰਸਾਉ।

1 ਸਮੂਏਲ 9:15-10:1

15 ਇੱਕ ਦਿਨ ਪਹਿਲਾਂ ਹੀ ਯਹੋਵਾਹ ਨੇ ਸਮੂਏਲ ਨੂੰ ਆਖਿਆ ਸੀ ਕਿ, 16 “ਇਸੇ ਵੇਲੇ ਕੱਲ ਬਿਨਯਾਮੀਨ ਸ਼ਹਿਰ ਤੋਂ ਇੱਕ ਮਨੁੱਖ ਮੈਂ ਤੇਰੇ ਵੱਲ ਭੇਜਾਂਗਾ। ਤੂੰ ਉਸ ਨੂੰ ਮਸਹ ਕਰੀਂ ਤਾਂ ਜੋ ਉਹ ਮੇਰੇ ਇਸਰਾਏਲ ਦੇ ਲੋਕਾਂ ਦਾ ਆਗੂ ਅਤੇ ਪਰਧਾਨ ਬਣੇ। ਇਹ ਮਨੁੱਖ ਮੇਰੇ ਲੋਕਾਂ ਨੂੰ ਫ਼ਲਿਸਤੀਆਂ ਕੋਲੋਂ ਬਚਾਵੇਗਾ। ਮੈਂ ਆਪਣੇ ਲੋਕਾਂ ਨੂੰ ਕਸ਼ਟ ਸਹਿੰਦਿਆਂ ਵੇਖਿਆ ਹੈ ਅਤੇ ਮੈਂ ਲੋਕਾਂ ਵੱਲੋਂ ਚੀਖ ਪੁਕਾਰ ਵੀ ਸੁਣੀ ਹੈ।”

17 ਜਦੋਂ ਸਮੂਏਲ ਨੇ ਸ਼ਾਊਲ ਨੂੰ ਵੇਖਿਆ ਤਾਂ ਯਹੋਵਾਹ ਨੇ ਉਸ ਨੂੰ ਕਿਹਾ, “ਇਹ ਹੀ ਹੈ ਉਹ ਮਨੁੱਖ ਜਿਸ ਬਾਰੇ ਮੈਂ ਤੈਨੂੰ ਆਖਿਆ ਸੀ। ਇਹੀ ਮੇਰੇ ਲੋਕਾਂ ਉੱਪਰ ਰਾਜ ਕਰੇਗਾ।”

18 ਸ਼ਾਊਲ ਸ਼ਹਿਰ ਦੇ ਫ਼ਾਟਕ ਦੇ ਨੇੜੇ ਸਮੂਏਲ ਕੋਲ ਆਇਆ ਅਤੇ ਪੁੱਛਿਆ, “ਕਿਰਪਾ ਕਰਕੇ ਮੈਨੂੰ ਦੱਸ ਕਿ ਪੈਗੰਬਰ ਕਿੱਥੇ ਰਹਿੰਦਾ ਹੈ?”

19 ਸਮੂਏਲ ਨੇ ਆਖਿਆ, “ਮੈਂ ਹੀ ਪੈਗੰਬਰ ਹਾਂ। ਮੇਰੇ ਅੱਗੇ-ਅੱਗੇ ਉਸ ਉੱਚੇ ਥਾਂ ਵੱਲ ਚੱਲੇ ਜਾਓ ਜਿੱਥੇ ਉਪਾਸਨਾ ਹੋਣੀ ਹੈ। ਤੂੰ ਅਤੇ ਤੇਰਾ ਸੇਵਕ ਅੱਜ ਮੇਰੇ ਨਾਲ ਭੋਜਨ ਕਰਨਾ। ਕੱਲ ਸਵੇਰ ਨੂੰ ਮੈਂ ਤੁਹਾਨੂੰ ਤੇਰੇ ਘਰ ਵੱਲ ਵਿਦਾ ਕਰ ਦੇਵਾਂਗਾ ਅਤੇ ਉਸਤੋਂ ਪਹਿਲਾਂ ਮੈਂ ਤੇਰੇ ਸਾਰੇ ਸਵਾਲਾਂ ਦੇ ਜਵਾਬ ਵੀ ਦੇਵਾਂਗਾ। 20 ਅਤੇ ਖੋਤਿਆਂ ਦੀ ਚਿੰਤਾ ਨਾ ਕਰੀਂ ਜਿਹੜੇ ਕਿ ਤਿੰਨ ਦਿਨ ਪਹਿਲਾਂ ਤੁਹਾਡੇ ਤੋਂ ਗੁਆਚ ਗਏ ਸਨ। ਉਹ ਲੱਭ ਗਏ ਹਨ। ਹੁਣ ਸਾਰਾ ਇਸਰਾਏਲ ਜਿਸਦੇ ਮੂੰਹ ਵੱਲ ਜੋ ਦੇਖ ਰਿਹਾ ਹੈ-ਉਹ ਮਨੁੱਖ ਤੂੰ ਹੀ ਹੈਂ। ਉਹ ਸਾਰੇ ਲੋਕ ਤੈਨੂੰ ਅਤੇ ਤੇਰੇ ਪਿਤਾ ਦੇ ਪਰਿਵਾਰ ਨੂੰ ਚਾਹੁੰਦੇ ਹਨ।”

21 ਸ਼ਾਊਲ ਨੇ ਆਖਿਆ, “ਪਰ ਮੈਂ ਤਾਂ ਬਿਨਯਾਮੀਨ ਦੀ ਗੋਤ ਵਿੱਚੋਂ ਹਾਂ ਅਤੇ ਇਹ ਇਸਰਾਏਲ ਦੀਆਂ ਗੋਤਾਂ ਵਿੱਚੋਂ ਸਭ ਤੋਂ ਛੋਟਾ ਪਰਿਵਾਰ ਹੈ। ਅਤੇ ਮੇਰਾ ਪਰਿਵਾਰ ਤਾਂ ਬਿਨਯਾਮੀਨ ਦੇ ਪਰਿਵਾਰਾਂ ਵਿੱਚੋਂ ਸਭ ਤੋਂ ਛੋਟਾ ਅਤੇ ਨਿਮਾਣਾ ਹੈ। ਤੂੰ ਇੰਝ ਕਿਉਂ ਆਖ ਰਿਹਾ ਹੈ ਕਿ ਇਸਰਾਏਲੀ ਮੈਨੂੰ ਚਾਹੁੰਦੇ ਹਨ?”

22 ਤਦ ਸਮੂਏਲ ਨੇ ਸ਼ਾਊਲ ਅਤੇ ਉਸ ਦੇ ਸੇਵਕ ਨੂੰ ਲੰਗਰ ਖਾਣ ਵਾਲੀ ਥਾਂ ਉੱਤੇ ਲੈ ਆਂਦਾ। ਉੱਥੇ ਤੀਹ ਦੇ ਕਰੀਬ ਲੋਕਾਂ ਨੂੰ ਇਕੱਠਿਆਂ ਖਾਣ ਲਈ ਸੱਦਾ ਦਿੱਤਾ ਹੋਇਆ ਸੀ ਅਤੇ ਬਲੀ ਵਿੱਚ ਹਿੱਸਾ ਵੰਡਣ ਲਈ ਸਮੂਏਲ ਨੇ ਸ਼ਾਊਲ ਅਤੇ ਉਸ ਦੇ ਸੇਵਕ ਨੂੰ ਖਾਣ ਵਾਲੀ ਮੇਜ਼ ਦੀ ਸਭ ਤੋਂ ਅਹੁਦੇ ਵਾਲੀ ਥਾਂ ਉੱਤੇ ਬਿਠਾਇਆ। 23 ਸਮੂਏਲ ਨੇ ਲਾਂਗਰੀ ਨੂੰ ਕਿਹਾ, “ਉਹ ਮਾਸ ਦਾ ਟੁਕੜਾ, ਜੋ ਮੈਂ ਤੈਨੂੰ ਕਿਹਾ ਸੀ ਰੱਖ ਛੱਡੀ, ਉਹ ਲੈ ਆ।”

24 ਲਾਂਗਰੀ ਪੱਟ ਦਾ ਵੱਡਾ ਟੁਕੜਾ [a] ਲਿਆਇਆ ਅਤੇ ਮੇਜ਼ ਉੱਪਰ ਸ਼ਾਊਲ ਦੇ ਸਾਹਮਣੇ ਰੱਖ ਦਿੱਤਾ। ਸਮੂਏਲ ਨੇ ਆਖਿਆ, “ਜੋ ਮਾਸ ਦਾ ਟੁਕੜਾ ਤੇਰੇ ਸਾਹਮਣੇ ਧਰਿਆ ਹੈ ਉਹ ਖਾਉ। ਜਦੋਂ ਮੈਂ ਲੋਕਾਂ ਨੂੰ ਇਕੱਠਿਆਂ ਬੁਲਾਇਆ ਸੀ ਉਸ ਵਕਤ ਇਹ ਟੁਕੜਾ ਖਾਸ ਤੇਰੇ ਲਈ ਬਚਾਕੇ ਰੱਖਿਆ ਸੀ।” ਤਾਂ ਸ਼ਾਊਲ ਨੇ ਉਸ ਦਿਨ ਸਮੂਏਲ ਨਾਲ ਖਾਣਾ ਖਾਧਾ।

25 ਜਦੋਂ ਉਹ ਖਾਣਾ ਖਾ ਹਟੇ, ਉਹ ਪਵਿੱਤਰ ਸਥਾਨ ਤੋਂ ਹੇਠਾਂ ਆਏ ਅਤੇ ਵਾਪਸ ਸ਼ਹਿਰ ਨੂੰ ਪਰਤ ਗਏ। ਸਮੂਏਲ ਨੇ ਸ਼ਾਊਲ ਲਈ ਛੱਤ ਉੱਤੇ ਬਿਸਤਰਾ ਤਿਆਰ ਕੀਤਾ ਅਤੇ ਸ਼ਾਊਲ ਸੌਣ ਲਈ ਚੱਲਾ ਗਿਆ।

26 ਅਗਲੀ ਸਵੇਰ ਚੜ੍ਹਦੇ ਹੀ ਸਮੂਏਲ ਨੇ ਸ਼ਾਊਲ ਨੂੰ ਘਰ ਦੀ ਛੱਤ ਉੱਪਰ ਜ਼ੋਰ ਦੀ ਪੁਕਾਰਿਆ, “ਉੱਠੋ! ਤਾਂ ਜੋ ਮੈਂ ਤੈਨੂੰ ਤੇਰੇ ਰਾਹ ਨੂੰ ਤੋਂਰਾਂ।” ਸ਼ਾਊਲ ਉੱਠਿਆ ਅਤੇ ਸਮੂਏਲ ਦੇ ਨਾਲ ਘਰ ਤੋਂ ਬਾਹਰ ਨੂੰ ਤੁਰ ਪਿਆ।

27 ਸ਼ਾਊਲ, ਉਸਦਾ ਸੇਵਕ ਅਤੇ ਸਮੂਏਲ ਤਿੰਨੋ ਸ਼ਹਿਰ ਦੇ ਕੰਢੇ ਵੱਲ ਨੂੰ ਇਕੱਠੇ ਜਾਂਦੇ ਪਏ ਸਨ ਤਾਂ ਸਮੂਏਲ ਨੇ ਸ਼ਾਊਲ ਨੂੰ ਕਿਹਾ, “ਆਪਣੇ ਸੇਵਕ ਨੂੰ ਆਖ ਕਿ ਸਾਡੇ ਤੋਂ ਅੱਗੇ-ਅੱਗੇ ਹੋਕੇ ਤੁਰੇ ਕਿਉਂਕਿ ਮੈਂ ਤੈਨੂੰ ਪਰਮੇਸ਼ੁਰ ਦਾ ਸੰਦੇਸ਼ ਦੇਣਾ ਹੈ।” ਤਾਂ ਸੇਵਕ ਉਨ੍ਹਾਂ ਦੇ ਅੱਗੇ ਹੋ ਤੁਰਿਆ।

ਸਮੂਏਲ ਦਾ ਸ਼ਾਊਲ ਨੂੰ ਮਸਹ ਕਰਨਾ

10 ਸਮੂਏਲ ਨੇ ਖਾਸ ਤੇਲ ਦਾ ਇੱਕ ਕੁੱਪੀ ਲਿਆ ਅਤੇ ਉਸ ਨੂੰ ਸ਼ਾਊਲ ਦੇ ਸਿਰ ਵਿੱਚ ਪਾਇਆ। ਸਮੂਏਲ ਨੇ ਸ਼ਾਊਲ ਨੂੰ ਚੁੰਮਿਆ ਅਤੇ ਕਿਹਾ, “ਯਹੋਵਾਹ ਨੇ ਤੈਨੂੰ ਮਸਹ ਕੀਤਾ ਹੈ ਕਿ ਤੂੰ ਉਨ੍ਹਾਂ ਲੋਕਾਂ ਨੂੰ ਜੋ ਉਸ ਨਾਲ ਸੰਬੰਧਿਤ ਹਨ ਉਨ੍ਹਾਂ ਦਾ ਆਗੂ ਬਣੇ। ਤੂੰ ਯਹੋਵਾਹ ਦੇ ਲੋਕਾਂ ਉੱਤੇ ਨਿਯੰਤ੍ਰਣ ਕਰੇਂਗਾ। ਅਤੇ ਉਨ੍ਹਾਂ ਲੋਕਾਂ ਦੇ ਆਸ-ਪਾਸ ਜਿੰਨੇ ਵੀ ਵੈਰੀ ਹਨ ਉਨ੍ਹਾਂ ਤੋਂ ਤੂੰ ਉਨ੍ਹਾਂ ਦੀ ਰੱਖਿਆ ਕਰੇਂਗਾ। ਉਸ ਨੇ ਯਹੋਵਾਹ ਨੇ ਤੈਨੂੰ ਆਪਣੀ ਕੌਮ ਉੱਪਰ ਮਸਹ ਕੀਤਾ ਹੈ। ਇਹ ਇੱਕ ਨਿਸ਼ਾਨ ਹੈ ਜੋ ਇਸ ਗੱਲ ਨੂੰ ਸੱਚ ਸਾਬਿਤ ਕਰੇਗਾ।

ਰਸੂਲਾਂ ਦੇ ਕਰਤੱਬ 7:30-43

30 “ਚਾਲੀਆਂ ਸਾਲਾਂ ਬਾਅਦ, ਮੂਸਾ ਸਿਨਾਈ ਦੇ ਪਹਾੜ ਦੇ ਨੇੜੇ ਇੱਕ ਉਜਾੜ ਵਿੱਚ ਗਿਆ। ਉੱਥੇ ਉਸ ਨੂੰ ਇੱਕ ਦੂਤ ਅੱਗ ਦੀ ਲਾਟ ਵਿੱਚਕਾਰ ਬੱਲਦੀ ਝਾੜੀ ਵਿੱਚ ਪ੍ਰਗਟ ਹੋਇਆ। 31 ਜਦੋਂ ਉਸ ਨੇ ਅਜਿਹਾ ਵੇਖਿਆ ਤਾਂ ਉਹ ਹੈਰਾਨ ਰਹਿ ਗਿਆ। ਜਦੋਂ ਉਹ ਚੰਗੀ ਤਰ੍ਹਾਂ ਵੇਖਣ ਲਈ ਨੇੜੇ ਗਿਆ, ਤਾਂ ਉਸ ਨੇ ਇੱਕ ਅਵਾਜ਼ ਸੁਣੀ, ਇਹ ਪ੍ਰਭੂ ਦੀ ਅਵਾਜ਼ ਸੀ। 32 ਪ੍ਰਭੂ ਨੇ ਆਖਿਆ, ‘ਮੈਂ ਤੇਰੇ ਪਿਓ ਦਾਦਿਆਂ ਦਾ ਪਰਮੇਸ਼ੁਰ ਹਾਂ। ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ, ਅਤੇ ਯਾਕੂਬ ਦਾ ਪਰਮੇਸ਼ੁਰ।’ [a] ਮੂਸਾ ਡਰ ਨਾਲ ਕੰਬਦਾ ਹੋਇਆ ਉੱਪਰ ਤੱਕਣ ਦਾ ਹੌਂਸਲਾ ਨਾ ਕਰ ਸੱਕਿਆ।

33 “ਪ੍ਰਭੂ ਨੇ ਉਸ ਨੂੰ ਕਿਹਾ, ‘ਆਪਣੇ ਪੈਰਾਂ ਵਿੱਚੋਂ ਜੁੱਤੀ ਲਾਹ, ਕਿਉਂਕਿ ਜਿਸ ਥਾਂ ਉੱਪਰ ਤੂੰ ਖੜ੍ਹਾ ਹੈ ਉਹ ਇੱਕ ਪਵਿੱਤਰ ਧਰਤੀ ਹੈ। 34 ਮੈਂ ਆਪਣੇ ਲੋਕਾਂ ਦੇ ਕਸ਼ਟਾਂ ਤੋਂ ਬਹੁਤ ਸੁਚੇਤ ਹਾਂ। ਅਤੇ ਉਨ੍ਹਾਂ ਨੂੰ ਬੜਾ ਕੁਰਲਾਉਂਦਿਆਂ ਹੋਇਆਂ ਸੁਣਿਆ ਹੈ। ਇਸੇ ਲਈ ਮੈਂ ਉਨ੍ਹਾਂ ਨੂੰ ਬਚਾਉਣ ਲਈ ਉੱਤਰਿਆ ਹਾਂ। ਹੁਣ, ਮੂਸਾ, ਮੈਂ ਤੈਨੂੰ ਵਾਪਸ ਮਿਸਰ ਵਿੱਚ ਭੇਜਾਂਗਾ।’ [b]

35 “ਇਹ ਉਹੀ ਮੂਸਾ ਹੈ ਜਿਸ ਨੂੰ ਇਸਰਾਏਲੀਆਂ ਨੇ ਇਹ ਆਖਦਿਆਂ ਨਾਮੰਜ਼ੂਰ ਕਰ ਦਿੱਤਾ ਸੀ ਕਿ ਤੈਨੂੰ ਸਾਡਾ ਹਾਕਮ ਅਤੇ ਮੁਨਸਫ਼ ਕਿਸਨੇ ਬਣਾਇਆ ਹੈ? [c] ਉਹ ਪਰਮੇਸ਼ੁਰ ਦੁਆਰਾ ਹਾਕਮ ਅਤੇ ਛੁਟਕਾਰਾ ਦੇਣ ਵਾਲਾ ਹੋਣ ਲਈ ਭੇਜਿਆ ਗਿਆ ਸੀ। ਪਰੇਸ਼ੁਰ ਨੇ ਉਸ ਨੂੰ ਇੱਕ ਦੂਤ ਰਾਹੀਂ ਭੇਜਿਆ ਜੋ ਉਸ ਨੂੰ ਮੱਚਦੀ ਝਾੜੀ ਵਿੱਚ ਪ੍ਰਗਟਿਆ ਸੀ। 36 ਉਹੀ ਹੈ ਜਿਸਨੇ ਉਨ੍ਹਾਂ ਨੂੰ ਮਿਸਰ ਤੋਂ ਬਾਹਰ ਕੱਢਿਆ ਸੀ। ਉਸ ਨੇ ਸ਼ਕਤੀਸ਼ਾਲੀ ਕਰਤੱਬ ਅਤੇ ਕਰਿਸ਼ਮੇ ਮਿਸਰ ਵਿੱਚ ਅਤੇ ਲਾਲ ਸਮੁੰਦਰ ਵਿੱਚ ਅਤੇ ਉਜਾੜ ਵਿੱਚ ਚਾਲ੍ਹੀ ਸਾਲ ਤੱਕ ਕੀਤੇ।

37 “ਇਹ ਉਹੀ ਮੂਸਾ ਸੀ ਜਿਸਨੇ ਇਸਰਾਏਲ ਦੇ ਪੁੱਤਰਾਂ ਨੂੰ ਕਿਹਾ ਸੀ ‘ਪਰਮੇਸ਼ੁਰ ਤੁਹਾਡੇ ਭਰਾਵਾਂ ਵਿੱਚੋਂ ਹੀ ਤੁਹਾਡੇ ਲਈ ਮੇਰੇ ਵਰਗਾ ਇੱਕ ਨਬੀ ਖੜ੍ਹਾ ਕਰੇਗਾ।’ [d] 38 ਇਹ ਉਹੀ ਮੂਸਾ ਸੀ ਜੋ ਉਨ੍ਹਾਂ ਲੋਕਾਂ ਨਾਲ ਸੀ ਜੋ ਉਜਾੜ ਵਿੱਚ ਇਕੱਠੇ ਹੋਏ ਸਨ। ਉਹ ਉਸ ਦੂਤ ਨਾਲ ਸੀ ਜੋ ਉਸ ਨਾਲ ਉਜਾੜ ਵਿੱਚ ਸੀਨਈ ਦੇ ਪਹਾੜ ਉੱਪਰ ਬੋਲਿਆ ਸੀ। ਉਹ ਸਾਡੇ ਪਿਉ ਦਾਦਿਆਂ ਦੇ ਨਾਲ ਸੀ। ਮੂਸਾ ਨੂੰ ਪਰਮੇਸ਼ੁਰ ਵੱਲੋਂ ਜੀਵਨ ਦੇ ਹੁਕਮ ਮਿਲੇ ਭਈ ਸਾਨੂੰ ਸੌਂਪ ਦੇਵੇ।

39 “ਪਰ ਸਾਡੇ ਪੁਰਖਿਆਂ ਨੇ ਉਸਦੀ ਪਾਲਾਣਾ ਨਹੀਂ ਕੀਤੀ ਅਤੇ ਉਨ੍ਹਾਂ ਨੇ ਉਸ ਨੂੰ ਨਾਮੰਜ਼ੂਰ ਕਰ ਦਿੱਤਾ। ਉਹ ਦੋਬਾਰਾ ਮਿਸਰ ਵਾਪਿਸ ਜਾਣਾ ਚਾਹੁੰਦੇ ਸਨ। 40 ਸਾਡੇ ਪਿਤਰਾਂ ਨੇ ਹਾਰੂਨ ਨੂੰ ਆਖਿਆ, ‘ਮੂਸਾ ਸਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹੈ, ਪਰ ਸਾਨੂੰ ਨਹੀਂ ਪਤਾ ਕਿ ਉਸ ਨੂੰ ਕੀ ਹੋਇਆ ਹੈ। ਇਸ ਲਈ ਸਾਡੇ ਲਈ ਕੋਈ ਅਜਿਹੇ ਦੇਵਤੇ ਬਣਾ ਜੋ ਸਾਡੇ ਅੱਗੇ-ਅੱਗੇ ਚੱਲ ਕੇ ਸਾਨੂੰ ਰਾਹ ਦੱਸਣ।’ [e] 41 ਤਦ ਲੋਕਾਂ ਨੇ ਇੱਕ ਵਛੜੇ ਦੀ ਮੂਰਤ ਬਣਾਈ ਅਤੇ ਉਸ ਮੂਰਤ ਦਾ ਬਲੀਦਾਨ ਚੜ੍ਹਾਇਆ ਅਤੇ ਉਹ ਆਪਣੇ ਹੱਥਾਂ ਨਾਲ ਅਜਿਹੀ ਮੂਰਤ ਬਣਾਕੇ ਬੜੇ ਖੁਸ਼ ਸਨ। 42 ਪਰ ਪਰਮੇਸ਼ੁਰ ਨੇ ਉਨ੍ਹਾਂ ਦਾ ਵਿਰੋਧ ਕੀਤਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਅਕਾਸ਼ ਵਿੱਚਲੇ ਝੂਠੇ ਦੇਵਤਿਆਂ ਦੀ ਸੈਨਾ ਦੀ ਉਪਾਸਨਾ ਕਰਨ ਤੋਂ ਰੋਕਣਾ ਛੱਡ ਦਿੱਤਾ। ਜਿਵੇਂ ਕਿ ਨਬੀਆਂ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ਪਰਮੇਸ਼ੁਰ ਆਖਦਾ,

‘ਹੇ ਇਸਰਾਏਲ ਦੇ ਲੋਕੋ, ਕੀ ਤੁਸੀਂ ਉਜਾੜ ਵਿੱਚ ਮੇਰੇ ਲਈ ਚਾਲ੍ਹੀਆਂ ਸਾਲਾਂ ਵਾਸਤੇ
    ਬਲੀਆਂ ਜਾਂ ਭੇਟਾਵਾਂ ਲਿਆਏ।
43 ਤੁਸੀਂ ਮੋਲੋਕ ਦੇ ਤੰਬੂ ਅਤੇ ਆਪਣੇ ਦੇਵੇਤੇ ਰਿਫ਼ਾਨ ਦੇ
    ਸਿਤਾਰੇ ਦੇ ਬਿੰਬ ਨੂੰ ਚੁੱਕਿਆ ਸੀ।
ਤੁਸੀਂ ਉਹ ਮੂਰਤਾਂ ਪੂਜਣ ਲਈ ਬਣਾਈਆਂ ਸਨ,
    ਇਸ ਲਈ ਮੈਂ ਤੁਹਾਨੂੰ ਬੇਬੀਲੋਨ ਤੋਂ ਪਰ੍ਹੇ ਭੇਜ ਦੇਵਾਂਗਾ।’ (A)

ਲੂਕਾ 22:39-51

ਯਿਸੂ ਨੇ ਰਸੂਲਾਂ ਨੂੰ ਪ੍ਰਾਰਥਨਾ ਕਰਨ ਲਈ ਕਿਹਾ(A)

39-40 ਯਿਸੂ ਯਰੂਸ਼ਲਮ ਸ਼ਹਿਰ ਛੱਡ ਕੇ ਜੈਤੂਨ ਦੇ ਪਹਾੜ ਨੂੰ ਗਿਆ। ਉਹ ਅਕਸਰ ਉੱਥੇ ਜਾਇਆ ਕਰਦਾ ਸੀ। ਉਸ ਦੇ ਚੇਲੇ ਉਸ ਦੇ ਨਾਲ ਗਏ। ਜਦੋਂ ਉਹ ਉਸ ਜਗ੍ਹਾ ਪਹੁੰਚੇ, ਉਸ ਨੇ ਚੇਲਿਆਂ ਨੂੰ ਆਖਿਆ, “ਪ੍ਰਾਰਥਨਾ ਕਰੋ ਕਿ ਤੁਹਾਨੂੰ ਪਰਤਾਇਆ ਨਾ ਜਾਵੇ।”

41 ਫਿਰ ਯਿਸੂ ਉਨ੍ਹਾਂ ਤੋਂ ਪੰਜਾਹ ਕੁ ਕਦਮ ਦੂਰ ਗਿਆ। ਉਹ ਗੋਡਿਆਂ ਭਾਰ ਝੁੱਕਿਆ ਅਤੇ ਪ੍ਰਾਰਥਨਾ ਕੀਤੀ, 42 “ਹੇ ਪਿਤਾ! ਜੇਕਰ ਤੂੰ ਚਾਹੇਂ, ਤਾਂ ਦੁੱਖਾਂ ਦਾ ਇਹ ਪਿਆਲਾ ਮੇਰੇ ਤੋਂ ਹਟਾ ਲੈ, ਪਰ ਤੁਹਾਡੀ ਇੱਛਾ ਹੀ ਹੋਵੇ, ਨਾ ਕਿ ਮੇਰੀ।” 43 ਫਿਰ ਸੁਰਗ ਤੋਂ ਇੱਕ ਦੂਤ ਪ੍ਰਗਟਿਆ ਅਤੇ ਉਸ ਨੂੰ ਸ਼ਕਤੀ ਦਿੱਤੀ। 44 ਯਿਸੂ ਵੱਡੀ ਮਾਨਸਿਕ ਪੀੜਾ ਵਿੱਚ ਸੀ, ਤਾਂ ਉਹ ਹੋਰ ਵੀ ਗੰਭੀਰਤਾ ਪੂਰਵਕ ਪ੍ਰਾਰਥਨਾ ਕਰਨ ਲੱਗਾ। ਉਸਦਾ ਮੁੜਕਾ ਲਹੂ ਦੀਆਂ ਬੂਦਾਂ ਵਾਂਗ ਧਰਤੀ ਉੱਤੇ ਡਿੱਗ ਰਿਹਾ ਸੀ। [a] 45 ਉਹ ਪ੍ਰਾਰਥਨਾ ਕਰਨ ਤੋਂ ਬਾਦ, ਉੱਠਿਆ ਅਤੇ ਆਪਣੇ ਚੇਲਿਆਂ ਕੋਲ ਗਿਆ। ਉਸ ਨੇ ਉਨ੍ਹਾਂ ਨੂੰ ਸੁੱਤਿਆਂ ਹੋਇਆਂ ਵੇਖਿਆ। ਉਨ੍ਹਾਂ ਦੀ ਉਦਾਸੀ ਨੇ ਉਨ੍ਹਾਂ ਨੂੰ ਬੜਾ ਥਕਾ ਦਿੱਤਾ ਸੀ। 46 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਸੁੱਤੇ ਕਿਉਂ ਪਏ ਹੋ? ਉੱਠੋ ਅਤੇ ਉੱਠ ਕੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋਂ।”

ਯਿਸੂ ਦਾ ਗਿਰਫ਼ਤਾਰ ਹੋਣਾ(B)

47 ਜਦੋਂ ਯਿਸੂ ਬੋਲ ਰਿਹਾ ਸੀ ਤਾਂ ਲੋਕਾਂ ਦਾ ਇੱਕ ਸਮੂਹ ਉਸ ਕੋਲ ਆਇਆ, ਉਨ੍ਹਾਂ ਵਿੱਚੋਂ ਇੱਕ ਰਸੂਲ ਯਹੂਦਾ, ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ। ਯਹੂਦਾ ਯਿਸੂ ਦੇ ਕੋਲ ਆਇਆ ਤਾਂ ਜੋ ਉਹ ਯਿਸੂ ਨੂੰ ਚੁੰਮ ਸੱਕੇ।

48 ਪਰ ਯਿਸੂ ਨੇ ਉਸ ਨੂੰ ਕਿਹਾ, “ਯਹੂਦਾ। ਕੀ ਤੂੰ ਇਹ ਮਿੱਤਰਤਾ ਦਾ ਚੁੰਮਣ ਮਨੁੱਖ ਦੇ ਪੁੱਤਰ ਨੂੰ ਵੈਰੀਆਂ ਦੇ ਹੱਥ ਫ਼ੜਾਉਣ ਲਈ ਦੇ ਰਿਹਾ ਹੈਂ?” 49 ਯਿਸੂ ਦੇ ਚੇਲੇ ਵੀ ਉਸ ਕੋਲ ਹੀ ਖੜ੍ਹੇ ਸਨ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਕੀ ਵਾਪਰ ਸੱਕਦਾ ਹੈ ਅਤੇ ਯਿਸੂ ਨੂੰ ਪੁੱਛਿਆ, “ਪ੍ਰਭੂ, ਕੀ ਅਸੀਂ ਉਨ੍ਹਾਂ ਨੂੰ ਆਪਣੀਆਂ ਤਲਵਾਰਾਂ ਨਾਲ ਮਾਰ ਦੇਈਏ?” 50 ਫ਼ਿਰ ਉਨ੍ਹਾਂ ਵਿੱਚੋਂ ਇੱਕ ਨੇ ਆਪਣੀ ਤਲਵਾਰ ਸਰਦਾਰ ਜਾਜਕ ਦੇ ਨੌਕਰ ਦੇ ਕੰਨ ਤੇ ਚਲਾਈ ਅਤੇ ਕੰਨ ਨੂੰ ਵੱਢ ਦਿੱਤਾ।

51 ਯਿਸੂ ਨੇ ਕਿਹਾ, “ਰੁਕੋ।” ਤਾਂ ਉਸ ਨੇ ਉਸ ਨੌਕਰ ਦੇ ਕੰਨ ਨੂੰ ਛੂਹ ਕੇ ਉਸ ਨੂੰ ਵੀ ਰਾਜੀ ਕਰ ਦਿੱਤਾ।

Punjabi Bible: Easy-to-Read Version (ERV-PA)

2010 by World Bible Translation Center