Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 80

ਨਿਰਦੇਸ਼ਕ ਲਈ: “ਕਰਾਰ ਦੀ ਕੁਮਦਿਨੀ” ਦੀ ਧੁਨੀ ਲਈ ਆਸਾਫ਼ ਦਾ ਇੱਕ ਉਸਤਤਿ ਗੀਤ।

80 ਇਸਰਾਏਲ ਦੇ ਆਜੜੀ, ਕਿਰਪਾ ਕਰਕੇ ਮੈਨੂੰ ਸੁਣੋ।
    ਤੁਸੀਂ ਯੂਸੁਫ਼ ਦੀਆਂ ਭੇਡਾਂ (ਲੋਕਾਂ) ਦੀ ਅਗਵਾਈ ਕਰਦੇ ਹੋ।
ਤੁਸੀਂ ਤੇਜ ਦੇ ਕਰੂਬੀ ਉੱਪਰ ਰਾਜੇ ਵਾਂਗ ਬਿਰਾਜਮਾਨ ਹੋ।
    ਸਾਨੂੰ ਤੁਹਾਨੂੰ ਵੇਖਣ ਦਿਉ।
ਇਸਰਾਏਲ ਦੇ ਆਜੜੀ, ਆਪਣੀ ਮਹਾਨਤਾ ਇਫ਼ਰਾਈਮ,
    ਬਿਨਯਾਮੀਨ ਅਤੇ ਮਨੱਸ਼ਹ ਲਈ ਦਰਸ਼ਾਉ।
ਹੇ ਪਰਮੇਸ਼ੁਰ, ਸਾਨੂੰ ਇੱਕ ਵਾਰ ਫ਼ੇਰ ਪ੍ਰਵਾਨ ਕਰੋ।
    ਸਾਨੂੰ ਪ੍ਰਵਾਨ ਕਰੋ, ਸਾਨੂੰ ਬਚਾਉ।
ਯਹੋਵਾਹ ਸਰਬ ਸ਼ਕਤੀਮਾਨ, ਤੁਸੀਂ ਸਾਡੀਆਂ ਪ੍ਰਾਰਥਨਾ ਕਦੋਂ ਸੁਣੋਂਗੇ।
    ਕੀ ਸਦਾ ਲਈ ਸਾਡੇ ਉੱਤੇ ਕਹਿਰਵਾਨ ਹੋਵੋਂਗੇ।
ਤੁਸੀਂ ਆਪਣੇ ਲੋਕਾਂ ਨੂੰ ਹੰਝੂ ਦਿੱਤੇ ਹਨ, ਤੁਸੀਂ ਆਪਣੇ ਲੋਕਾਂ ਨੂੰ ਖਾਣ ਲਈ ਉਨ੍ਹਾਂ ਦੇ ਹੰਝੂਆਂ ਨਾਲ ਭਰੇ ਹੋਏ ਪਿਆਲੇ ਦਿੱਤੇ ਹਨ।
    ਇਹੀ ਉਨ੍ਹਾਂ ਦੇ ਪੀਣ ਲਈ ਪਾਣੀ ਸੀ।
ਤੂੰ ਸਾਨੂੰ ਸਾਡੇ ਗੁਆਂਢੀਆਂ ਲਈ ਝਗੜ੍ਹੇ ਦਾ ਕਰਣ ਬਣਾ ਦਿੱਤਾ।
    ਸਾਡੇ ਵੈਰੀ ਸਾਡੇ ਉੱਤੇ ਹੱਸਦੇ ਹਨ।
ਸਰਬ ਸ਼ਕਤੀਮਾਨ ਪਰਮੇਸ਼ੁਰ, ਸਾਨੂੰ ਇੱਕ ਵਾਰੀ ਫ਼ੇਰ ਪ੍ਰਵਾਨ ਕਰੋ।
    ਸਾਨੂੰ ਪ੍ਰਵਾਨ ਕਰੋ, ਸਾਨੂੰ ਬਚਾਉ।

ਅਤੀਤ ਵਿੱਚ ਤੁਸੀਂ ਸਾਡੇ ਨਾਲ ਬਹੁਤ ਮਹੱਤਵਪੂਰਣ ਬੂਟੇ ਵਰਗਾ ਵਿਹਾਰ ਕੀਤਾ ਸੀ।
    ਤੁਸੀਂ ਆਪਣੀ “ਵੇਲ” ਨੂੰ ਮਿਸਰ ਤੋਂ ਬਾਹਰ ਲਿਆਂਦਾ ਸੀ।
ਤੁਸੀਂ ਹੋਰਾਂ ਲੋਕਾਂ ਨੂੰ ਇਹ ਧਰਤੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਸੀ।
    ਅਤੇ ਆਪਣੀ “ਵੇਲ” ਨੂੰ ਇੱਥੇ ਬੀਜ ਦਿੱਤਾ ਸੀ।
ਤੁਸੀਂ “ਵੇਲ” ਲਈ ਭੂਇ ਤਿਆਰ ਕੀਤੀ। ਤੁਸੀਂ ਇਸਦੀ ਜੜ੍ਹ ਦੀ ਮਜ਼ਬੂਤੀ ਲਈ ਸਹਾਇਤਾ ਕੀਤੀ।
    ਛੇਤੀ ਹੀ “ਵੇਲ” ਸਾਰੀ ਜ਼ਮੀਨ ਉੱਤੇ ਫ਼ੈਲ ਗਈ।
10 ਇਸਨੇ ਪਰਬਤਾਂ ਨੂੰ ਢੱਕ ਦਿੱਤਾ ਸੀ
    ਇਸਦੇ ਪਤਿਆਂ ਨੇ ਦਿਉਦਾਰ ਦੇ ਰੁੱਖਾਂ ਉੱਤੇ ਵੀ ਛਾਂ ਕਰ ਦਿੱਤੀ ਸੀ।
11     ਇਸ ਦੀਆਂ ਸ਼ਾਖਾਵਾਂ ਭੂਮੱਧ ਸਾਗਰ ਤੱਕ ਫ਼ੈਲ ਗਈਆਂ
    ਇਸ ਦੀਆਂ ਟਹਿਣੀਆਂ ਫ਼ਰਾਤ ਨਦੀ ਤੱਕ ਫ਼ੈਲ ਗਈਆਂ।
12 ਹੇ ਪਰਮੇਸ਼ੁਰ, ਤੁਸੀਂ ਉਹ ਕੰਧਾਂ ਕਿਉਂ ਢਾਹ ਦਿੱਤੀਆਂ ਜਿਹੜੀਆਂ ਤੁਹਾਡੀ “ਵੇਲ” ਦੀ ਰੱਖਿਆ ਕਰਦੀਆਂ ਹਨ।
    ਹੁਣ ਹਰ ਲੰਘਣ ਵਾਲਾ ਇਸਦੇ ਅੰਗੂਰ ਤੋੜ ਲੈਂਦਾ ਹੈ।
13 ਜੰਗਲੀ ਸੂਰ ਆਉਂਦੇ ਹਨ ਅਤੇ ਆਕੇ ਤੁਹਾਡੀ “ਵੇਲ” ਨੂੰ ਲਤਾੜ ਦਿੰਦੇ ਹਨ।
    ਜੰਗਲੀ ਜਾਨਵਰ ਆਉਂਦੇ ਹਨ ਅਤੇ ਇਸਦੇ ਪੱਤੇ ਖਾ ਜਾਂਦੇ ਹਨ।
14 ਹੇ ਪਰਮੇਸ਼ੁਰ, ਸਰਬ ਸ਼ਕਤੀਮਾਨ ਕਿਰਪਾ ਕਰਕੇ ਵਾਪਸ ਆਉ
    ਅਤੇ ਸਵਰਗ ਵਿੱਚੋਂ ਹੇਠਾਂ ਆਪਣੀ “ਵੇਲ” ਵੱਲ ਵੇਖੋ ਅਤੇ ਇਸਦੀ ਰੱਖਿਆ ਕਰੋ।
15 ਹੇ ਪਰਮੇਸ਼ੁਰ, ਆਪਣੀ ਵੇਲ ਵੱਲ ਵੇਖੋ ਜਿਸ ਨੂੰ ਤੁਸੀਂ ਆਪਣੇ ਹੱਥੀਂ ਬੀਜਿਆ ਸੀ।
    ਉਸ ਜਵਾਨ ਬੂਟੇ ਵੱਲ ਵੇਖੋ ਜਿਸ ਨੂੰ ਤੁਸੀਂ ਆਪਣੇ ਲਈ ਉਗਾਇਆ ਸੀ।
16 ਤੁਹਾਡੀ ਭਿਆਨਕ ਝਿੜਕ ਦੇ ਕਾਰਣ ਇਹ ਇੱਕ ਸੁੱਕੇ
    ਗੋਹੇ ਵਾਂਗ ਸਾੜ ਦਿੱਤੀ ਗਈ ਹੈ।

17 ਹੇ ਪਰਮੇਸ਼ੁਰ, ਆਪਣੇ ਹੱਥ ਨਾਲ ਉਸ ਆਦਮੀ ਕੋਲ ਪਹੁੰਚੋ, ਜਿਹੜਾ ਤੇਰੇ ਸੱਜੇ ਹੱਥ ਖੜੋਂਦਾ ਹੈ।
    ਉਸ ਕੋਲ ਪਹੁੰਚ ਜਿਸ ਨੂੰ ਤੂੰ ਆਪਣੀ ਖਾਤਿਰ ਵੱਧਣ ਵਿੱਚ ਮਦਦ ਕੀਤੀ ਸੀ।
18 ਤਾਂ ਅਸੀਂ ਤੁਹਾਡੇ ਕੋਲੋਂ ਫ਼ੇਰ ਤੋਂ ਬੇਮੁੱਖ ਨਹੀਂ ਹੋਵਾਂਗੇ।
    ਸਾਨੂੰ ਜੀਵਨ ਦੇ ਤਾਂ ਜੋ ਤੁਹਾਡੇ ਨਾਮ ਦੁਆਰਾ ਬੁਲਾਏ ਜਾਈਏ।
19 ਸਰਬ ਸ਼ਕਤੀਮਾਨ ਯਹੋਵਾਹ, ਸਾਨੂੰ ਜਵਾਬ ਦੇ
    ਸਾਨੂੰ ਅਸੀਸ ਦੇ ਅਤੇ ਅਸੀਂ ਬਚਾਏ ਜਾਵਾਂਗੇ।

ਜ਼ਬੂਰ 77

ਨਿਰਦੇਸ਼ਕ ਲਈ: ਯਦੂਥੂਨ ਲਈ। ਆਸਾਫ਼ ਦਾ ਇੱਕ ਉਸਤਤਿ ਗੀਤ।

77 ਮੈਂ ਪਰਮੇਸ਼ੁਰ ਨੂੰ ਆਵਾਜ਼ ਦਿੰਦਾ ਹਾਂ ਅਤੇ ਸਹਾਇਤਾ ਲਈ ਰੋਂਦਾ ਹਾਂ।
    ਹੇ ਪਰਮੇਸ਼ੁਰ ਮੈਂ ਤੈਨੂੰ ਆਵਾਜ਼ ਦਿੰਦਾ ਹਾਂ, ਮੇਰੀ ਆਵਾਜ਼ ਸੁਣੋ।
ਮੇਰੇ ਮਾਲਕ, ਮੈਂ ਜਦੋਂ ਵੀ ਮੁਸੀਬਤ ਵਿੱਚ ਹੁੰਦਾ ਹਾਂ ਤੇਰੇ ਕੋਲ ਆਉਂਦਾ ਹਾਂ।
    ਮੈਂ ਰਾਤ ਭਰ ਤੁਹਾਡੇ ਲਈ ਪੁਕਾਰਿਆ।
    ਮੇਰੀ ਰੂਹ ਨੇ ਸੁਖੀ ਹੋਣਾ ਨਾਮੰਜ਼ੂਰ ਕਰ ਦਿੱਤਾ।
ਮੈਂ ਪਰਮੇਸ਼ੁਰ ਬਾਰੇ ਸੋਚਦਾ ਹਾਂ,
    ਅਤੇ ਉਸ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹਾਂ ਕਿ ਮੇਰਾ ਕੀ ਹਾਲ ਹੈ।
    ਪਰ ਮੈਂ ਅਜਿਹਾ ਨਹੀਂ ਕਰ ਸੱਕਦਾ।
ਤੁਸੀਂ ਮੈਨੂੰ ਸੌਣ ਨਹੀਂ ਦਿੰਦੇ ਹੋ।
    ਮੈਂ ਕੁਝ ਆਖਣ ਦੀ ਕੋਸ਼ਿਸ਼ ਵੀ ਕੀਤੀ, ਪਰ ਮੈਂ ਬਹੁਤ ਪਰੇਸ਼ਾਨ ਸਾਂ।
ਮੈਂ ਅਤੀਤ ਬਾਰੇ ਸੋਚਦਾ ਰਿਹਾ।
    ਮੈਂ ਉਨ੍ਹਾਂ ਗੱਲਾਂ ਬਾਰੇ ਸੋਚਦਾ ਰਿਹਾ ਜਿਹੜੀਆਂ ਬਹੁਤ ਪਹਿਲਾਂ ਵਾਪਰੀਆਂ ਸਨ।
ਰਾਤ ਵੇਲੇ ਮੈਂ ਆਪਣੇ ਗੀਤਾਂ ਬਾਰੇ ਸੋਚਣ ਦੀ ਕੋਸ਼ਿਸ਼ ਕਰਦਾ ਹਾਂ।
    ਮੈਂ ਆਪਣੇ-ਆਪ ਨਾਲ ਗੱਲਾਂ ਕਰਦਾ ਹਾਂ ਅਤੇ ਸਮਝਣ ਦੀ ਕੋਸ਼ਿਸ਼ ਕਰਦਾ ਹਾਂ।
ਮੈਂ ਹੈਰਾਨ ਹੁੰਦਾ ਹਾਂ, “ਕੀ ਸਾਡਾ ਯਹੋਵਾਹ ਸਾਨੂੰ ਸਦਾ ਲਈ ਛੱਡ ਗਿਆ ਹੈ?
    ਕੀ ਉਹ ਸਾਨੂੰ ਫ਼ੇਰ ਕਦੀ ਵੀ ਨਹੀਂ ਚਾਹੇਗਾ?
ਕੀ ਪਰਮੇਸ਼ੁਰ ਦਾ ਪਿਆਰ ਸਦਾ ਲਈ ਮੁੱਕ ਗਿਆ ਹੈ?
    ਕੀ ਫ਼ੇਰ ਕਦੀ ਵੀ ਉਹ ਸਾਡੇ ਨਾਲ ਨਹੀਂ ਬੋਲੇਗਾ?
ਕੀ ਪਰਮੇਸ਼ੁਰ ਮਿਹਰ ਕਰਨੀ ਭੁੱਲ ਗਿਆ ਹੈ?
    ਕੀ ਉਸਦੀ ਹਮਦਰਦੀ ਗੁੱਸੇ ਵਿੱਚ ਬਦਲ ਗਈ ਹੈ?”

10 ਮੈਂ ਫ਼ੇਰ ਸੋਚਿਆ, “ਜਿਹੜਾ ਮਾਮਲਾ ਮੈਨੂੰ ਸਤਾਉਂਦਾ ਹੈ ਇਹ ਹੈ,
    ਕੀ ਸਰਬ ਉੱਚ ਪਰਮੇਸ਼ੁਰ ਆਪਣੀ ਸ਼ਕਤੀ ਖੋਹ ਚੁੱਕਿਆ ਹੈ?”

11 ਮੈਨੂੰ ਯਾਦ ਹੈ ਯਹੋਵਾਹ ਨੇ ਕੀ ਕੁਝ ਕੀਤਾ।
    ਹੇ ਪਰਮੇਸ਼ੁਰ, ਮੈਨੂੰ ਉਹ ਅਦਭੁਤ ਗੱਲਾਂ ਚੇਤੇ ਹਨ ਜਿਹੜੀਆਂ ਤੁਸਾਂ ਬਹੁਤ ਸਮਾਂ ਪਹਿਲਾਂ ਕੀਤੀਆਂ ਸਨ।
12 ਮੈਂ ਉਸ ਬਾਰੇ ਸੋਚਿਆ ਜੋ ਤੁਸਾਂ ਨੇ ਕੀਤਾ ਹੈ।
    ਮੈਂ ਉਨ੍ਹਾਂ ਗੱਲਾਂ ਬਾਰੇ ਸੋਚਿਆ।
13 ਹੇ ਪਰਮੇਸ਼ੁਰਾ ਤੁਹਾਡੇ ਰਾਹ ਪਵਿੱਤਰ ਹਨ।
    ਹੇ ਪਰਮੇਸ਼ੁਰ ਤੁਹਾਡੇ ਜਿਹਾ ਕੋਈ ਮਹਾਨ ਨਹੀਂ ਹੈ।
14 ਤੁਸੀਂ ਪਰਮੇਸ਼ੁਰ ਹੋ ਜਿਸਨੇ ਅਦਭੁਤ ਗੱਲਾਂ ਕੀਤੀਆਂ ਹਨ।
    ਤੁਸੀਂ ਲੋਕਾਂ ਨੂੰ ਆਪਣੀ ਮਹਾਨ ਸ਼ਕਤੀ ਦਰਸ਼ਾਈ।
15 ਤੁਸੀਂ ਆਪਣੇ ਲੋਕਾਂ ਨੂੰ ਆਪਣੀ ਸ਼ਕਤੀ ਨਾਲ ਬਚਾਇਆ।
    ਤੁਸੀਂ ਯਾਕੂਬ ਅਤੇ ਯੂਸੁਫ਼ ਦੀ ਔਲਾਦਾਂ ਨੂੰ ਬਚਾਇਆ।

16 ਹੇ ਪਰਮੇਸ਼ੁਰ, ਪਾਣੀ ਨੇ ਤੁਹਾਨੂੰ ਵੇਖਿਆ ਅਤੇ ਡਰ ਗਿਆ।
    ਡੂੰਘਾ ਪਾਣੀ ਡਰ ਨਾਲ ਕੰਬ ਉੱਠਿਆ।
17 ਮੋਟੇ ਬੱਦਲਾਂ ਨੇ ਆਪਣਾ ਪਾਣੀ ਸੁੱਟ ਦਿੱਤਾ।
    ਲੋਕਾਂ ਨੇ ਉੱਚੇ ਬੱਦਲਾਂ ਵਿੱਚ ਉੱਚੀ ਕੜਕ ਸੁਣੀ।
    ਫ਼ੇਰ ਤੁਹਾਡੇ ਬਿਜਲੀ ਦੇ ਤੀਰ ਬੱਦਲਾਂ ਵਿੱਚ ਚਮਕੇ।
18 ਬਹੁਤ ਉੱਚੀ ਗਰਜ ਹੋਈ।
    ਬਿਜਲੀ ਨੇ ਸਾਰੀ ਦੁਨੀਆਂ ਰੌਸ਼ਨ ਕੀਤੀ।
    ਕੰਬੀ ਅਤੇ ਹਿੱਲੀ ਧਰਤੀ।
19 ਹੇ ਪਰਮੇਸ਼ੁਰ, ਤੁਸੀਂ ਡੂੰਘੇ ਪਾਣੀਆਂ ਵਿੱਚੋਂ ਦੀ ਚੱਲੇ, ਤੁਸੀਂ ਡੂੰਘਾ ਸਮੁੰਦਰ ਪਾਰ ਕੀਤਾ।
    ਪਰ ਤੁਸੀਂ ਕੋਈ ਵੀ ਪੈਰ ਚਿਨ੍ਹ ਨਹੀਂ ਛੱਡਿਆ।
20 ਤੁਸੀਂ ਮੂਸਾ ਅਤੇ ਹਾਰੂਨ ਨੂੰ ਆਪਣੇ ਲੋਕਾਂ ਦੀ ਭੇਡਾਂ ਵਾਂਗ
    ਅਗਵਾਈ ਕਰਨ ਲਈ ਇਸਤੇਮਾਲ ਕੀਤਾ।

ਜ਼ਬੂਰ 79

ਆਸਾਫ਼ ਦਾ ਇੱਕ ਉਸਤਤਿ ਗੀਤ।

79 ਹੇ ਪਰਮੇਸ਼ੁਰ, ਪਰਾਈਆਂ ਕੌਮਾਂ ਦੇ ਲੋਕ ਤੁਹਾਡੇ ਲੋਕਾਂ ਨਾਲ ਲੜਨ ਲਈ ਆਏ ਸਨ।
    ਉਨ੍ਹਾਂ ਨੇ ਤੁਹਾਡੇ ਪਵਿੱਤਰ ਮੰਦਰ ਨੂੰ ਦੂਸ਼ਿਤ ਕਰ ਦਿੱਤਾ।
    ਉਨ੍ਹਾਂ ਨੇ ਯਰੂਸ਼ਲਮ ਨੂੰ ਖੰਡਰ ਬਣਾ ਦਿੱਤਾ।
ਵੈਰੀਆਂ ਨੇ ਤੁਹਾਡੇ ਸੇਵਕਾਂ ਦੀਆਂ ਲਾਸ਼ਾਂ ਨੂੰ ਗਿਲਝਾਂ ਅੱਗੇ ਖਾਣ ਲਈ ਸੁੱਟ ਦਿੱਤਾ।
    ਉਨ੍ਹਾਂ ਨੇ ਤੁਹਾਡੇ ਪੈਰੋਕਾਰਾਂ ਦੀਆਂ ਲਾਸ਼ਾਂ ਨੂੰ ਜਾਨਵਰਾਂ ਅੱਗੇ ਖਾਣ ਲਈ ਸੁੱਟ ਦਿੱਤਾ।
ਹੇ ਪਰਮੇਸ਼ੁਰ, ਵੈਰੀ ਨੇ ਤੇਰੇ ਲੋਕਾਂ ਨੂੰ ਉਦੋਂ ਤੱਕ ਮਾਰਿਆ ਅਤੇ ਸੁੱਟਿਆ ਜਦੋਂ ਤੱਕ ਲਹੂ ਦੀਆਂ ਨਦੀਆਂ ਨਾ ਵਗ ਤੁਰੀਆਂ।
    ਕੋਈ ਵੀ ਬੰਦਾ ਲਾਸ਼ਾਂ ਦਫ਼ਨਾਉਣ ਲਈ ਨਹੀਂ ਬਚਿਆ।
ਸਾਡੇ ਗੁਆਂਢੀ ਦੇਸ਼ਾਂ ਨੇ ਸਾਨੂੰ ਬੇਇੱਜ਼ਤ ਕੀਤਾ।
    ਆਲੇ-ਦੁਆਲੇ ਦੇ ਲੋਕ ਸਾਡੇ ਉੱਤੇ ਹੱਸੇ ਅਤੇ ਉਨ੍ਹਾਂ ਨੇ ਸਾਡਾ ਮਜ਼ਾਕ ਉਡਾਇਆ।
ਹੇ ਪਰਮੇਸ਼ੁਰ, ਕੀ ਤੁਸੀਂ ਸਦਾ ਲਈ ਸਾਡੇ ਉੱਤੇ ਕਹਿਰਵਾਨ ਹੋਵੋਂਗੇ?
    ਕੀ ਤੁਹਾਡੀਆਂ ਕਠੋਰ ਭਾਵਨਾਵਾਂ ਸਾਨੂੰ ਅੱਗ ਵਾਂਗ ਸਾੜੀ ਜਾਣਗੀਆਂ।
ਹੇ ਪਰਮੇਸ਼ੁਰ, ਆਪਣੇ ਗੁੱਸੇ ਨੂੰ ਉਨ੍ਹਾਂ ਕੌਮਾਂ ਵੱਲ ਮੋੜ ਜਿਹੜੇ ਤੁਹਾਨੂੰ ਨਹੀਂ ਜਾਣਦੇ।
    ਆਪਣਾ ਗੁੱਸਾ ਉਨ੍ਹਾਂ ਕੌਮਾਂ ਵੱਲ ਮੋੜ ਜਿਹੜੇ ਤੁਹਾਡੇ ਨਾਮ ਦੀ ਉਪਾਸਨਾ ਨਹੀਂ ਕਰਦੇ।
ਉਨ੍ਹਾਂ ਕੌਮਾਂ ਨੇ ਯਾਕੂਬ ਨੂੰ ਤਬਾਹ ਕੀਤਾ।
    ਉਨ੍ਹਾਂ ਨੇ ਯਾਕੂਬ ਦੇ ਦੇਸ਼ ਨੂੰ ਤਬਾਹ ਕਰ ਦਿੱਤਾ।
ਹੇ ਪਰਮੇਸ਼ੁਰ, ਸਾਨੂੰ ਸਾਡੇ ਪੁਰਖਿਆਂ ਦੇ ਗੁਨਾਹਾਂ ਲਈ ਦੰਡ ਨਾ ਦਿਉ।
    ਛੇਤੀ ਕਰੋ, ਸਾਡੇ ਉੱਤੇ ਦਯਾ ਕਰੋ।
    ਸਾਨੂੰ ਤੇਰੀ ਕਿੰਨੀ ਜ਼ਰੂਰਤ ਹੈ।
ਸਾਡੇ ਪਰਮੇਸ਼ੁਰ ਅਤੇ ਮੁਕਤੀਦਾਤਾ, ਸਾਡੀ ਸਹਾਇਤਾ ਕਰੋ।
    ਸਾਡੀ ਸਹਾਇਤਾ ਕਰ। ਸਾਨੂੰ ਬਚਾਉ।
ਇਸ ਨਾਲ ਤੁਹਾਡਾ ਨਾਮ ਮਹਿਮਾਮਈ ਹੋਵੇਗਾ।
    ਆਪਣੇ ਨਾਮ ਦੇ ਚੰਗੇ ਲਈ ਸਾਡੇ ਪਾਪਾਂ ਨੂੰ ਢਾਹ ਦਿਉ।
10 ਸਾਨੂੰ ਹੋਰਾਂ ਕੌਮਾਂ ਨੂੰ ਨਾ ਕਹਿਣ ਦਿਉ, “ਤੁਹਾਡਾ ਪਰਮੇਸ਼ੁਰ ਕਿੱਥੇ ਹੈ?
    ਕੀ ਉਹ ਤੁਹਾਡੀ ਸਹਾਇਤਾ ਨਹੀਂ ਕਰ ਸੱਕਦਾ?”
ਹੇ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਦੰਡ ਦਿਉ ਤਾਂ ਜੋ ਅਸੀਂ ਵੇਖ ਸੱਕੀਏ।
    ਉਨ੍ਹਾਂ ਨੂੰ ਆਪਣੇ ਸੇਵਕਾਂ ਨੂੰ ਮਾਰਨ ਦਾ ਦੰਡ ਦਿਉ।
11 ਕਿਰਪਾ ਕਰਕੇ ਕੈਦੀਆਂ ਦੀ ਕੁਰਲਾਟ ਸੁਣੋ।
    ਹੇ ਪਰਮੇਸ਼ੁਰ, ਆਪਣੀ ਮਹਾਨ ਸ਼ਕਤੀ ਦਾ ਇਸਤੇਮਾਲ ਕਰੋ ਅਤੇ ਉਨ੍ਹਾਂ ਲੋਕਾਂ ਨੂੰ ਬਚਾ ਲਵੋ ਜਿਨ੍ਹਾਂ ਨੂੰ ਮੌਤ ਦੇ ਹਵਾਲੇ ਕੀਤਾ ਗਿਆ ਹੈ।
12 ਹੇ ਪਰਮੇਸ਼ੁਰ, ਸਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਸੱਤ ਵਾਰੀ ਦੰਡ ਦਿਉ
    ਜੋ ਉਨ੍ਹਾਂ ਨੇ ਸਾਡੇ ਨਾਲ ਇੱਕ ਵਾਰੀ ਕੀਤਾ ਸੀ।
    ਉਨ੍ਹਾਂ ਲੋਕਾਂ ਨੂੰ ਤੁਹਾਨੂੰ ਬੇਇੱਜ਼ਤ ਕਰਨ ਦੇ ਬਦਲੇ ਦੰਡ ਦਿਉ।
13 ਅਸੀਂ ਤੁਹਾਡੇ ਬੰਦੇ ਹਾਂ।
    ਅਸੀਂ ਤੁਹਾਡੇ ਇਜ਼ੜ ਦੀਆਂ ਭੇਡਾਂ ਹਾਂ।
ਅਸੀਂ ਸਦਾ ਹੀ ਤੁਹਾਡੀ ਉਸਤਤਿ ਕਰਾਂਗੇ।
    ਹੇ ਪਰਮੇਸ਼ੁਰ, ਅਸੀਂ ਸਦਾ-ਸਦਾ ਹੀ ਤੁਹਾਡੀ ਉਸਤਤਿ ਕਰਾਂਗੇ।

ਉਤਪਤ 44:18-34

ਯਹੂਦਾਹ ਬਿਨਯਾਮੀਨ ਦੀ ਵਕਾਲਤ ਕਰਦਾ ਹੈ

18 ਫ਼ੇਰ ਯਹੂਦਾਹ ਯੂਸੁਫ਼ ਕੋਲ ਗਿਆ ਅਤੇ ਆਖਿਆ, “ਸ਼੍ਰੀਮਾਨ ਜੀ, ਕਿਰਪਾ ਕਰਕੇ ਮੈਨੂੰ ਆਪਣੇ ਨਾਲ ਸਾਫ਼-ਸਾਫ਼ ਗੱਲ ਕਰਨ ਦਿਉ। ਮੇਰੇ ਨਾਲ ਨਾਰਾਜ਼ ਨਾ ਹੋਣਾ। ਮੈਂ ਜਾਣਦਾ ਹਾਂ ਕਿ ਤੁਸੀਂ ਖੁਦ ਫ਼ਿਰਊਨ ਵਾਂਗ ਹੋ। 19 ਜਦੋਂ ਅਸੀਂ ਇੱਥੇ ਤੁਹਾਡੇ ਸਾਹਮਣੇ ਸੀ, ਤੁਸੀਂ ਸਾਨੂੰ ਪੁੱਛਿਆ ਸੀ, ‘ਕਿ ਤੁਹਾਡਾ ਪਿਤਾ ਜਾਂ ਭਰਾ ਹੈ?’ 20 ਅਤੇ ਅਸੀਂ ਤੁਹਾਨੂੰ ਜਵਾਬ ਦਿੱਤਾ ਸੀ, ‘ਸਾਡਾ ਪਿਤਾ ਹੈ-ਉਹ ਬਜ਼ੁਰਗ ਹੈ। ਅਤੇ ਸਾਡਾ ਇੱਕ ਛੋਟਾ ਭਰਾ ਵੀ ਹੈ। ਸਾਡਾ ਪਿਤਾ ਉਸ ਪੁੱਤਰ ਨੂੰ ਪਿਆਰ ਕਰਦਾ ਹੈ ਕਿਉਂਕਿ ਉਹ ਉਦੋਂ ਪੈਦਾ ਹੋਇਆ ਸੀ ਜਦੋਂ ਸਾਡਾ ਪਿਤਾ ਬੁੱਢਾ ਹੋ ਚੁੱਕਾ ਸੀ। ਅਤੇ ਉਸ ਛੋਟੇ ਪੁੱਤਰ ਦਾ ਭਰਾ ਮਰ ਚੁੱਕਿਆ ਹੈ। ਇਸ ਲਈ ਇਹ ਉਸ ਮਾਂ ਤੋਂ ਜੰਮਿਆ ਇੱਕੋ-ਇੱਕ ਪੁੱਤਰ ਹੈ ਜਿਹੜਾ ਬੱਚਿਆਂ ਹੈ। ਸਾਡਾ ਪਿਤਾ ਇਸ ਨੂੰ ਬਹੁਤ ਪਿਆਰ ਕਰਦਾ ਹੈ।’ 21 ਫ਼ੇਰ ਤੁਸੀਂ ਸਾਨੂੰ ਆਖਿਆ, ‘ਉਸ ਭਰਾ ਨੂੰ ਮੇਰੇ ਕੋਲ ਲਿਆਉ। ਮੈਂ ਉਸ ਨੂੰ ਦੇਖਣਾ ਚਾਹੁੰਦਾ ਹਾਂ।’ 22 ਅਤੇ ਅਸੀਂ ਤੁਹਾਨੂੰ ਆਖਿਆ ਸੀ, ‘ਉਹ ਛੋਟਾ ਮੁੰਡਾ ਨਹੀਂ ਆ ਸੱਕਦਾ। ਉਹ ਆਪਣੇ ਪਿਤਾ ਕੋਲੋਂ ਵੱਖ ਨਹੀਂ ਹੋ ਸੱਕਦਾ। ਜੇ ਉਸ ਦੇ ਪਿਤਾ ਨੇ ਉਸ ਨੂੰ ਗਵਾ ਲਿਆ, ਤਾਂ ਉਸਦਾ ਪਿਤਾ ਇੰਨਾ ਉਦਾਸ ਹੋ ਜਾਵੇਗਾ ਕਿ ਉਹ ਮਰ ਜਾਵੇਗਾ।’ 23 ਪਰ ਤੁਸੀਂ ਸਾਨੂੰ ਆਖਿਆ ਸੀ, ‘ਤੁਹਾਨੂੰ ਆਪਣੇ ਸਭ ਤੋਂ ਛੋਟੇ ਭਰਾ ਨੂੰ ਲਿਆਉਣਾ ਪਵੇਗਾ ਨਹੀਂ ਤਾਂ ਮੈਂ ਤੁਹਾਨੂੰ ਦੋਬਾਰਾ ਨਹੀਂ ਮਿਲਾਂਗਾ।’ 24 ਇਸ ਲਈ ਅਸੀਂ ਵਾਪਸ ਆਪਣੇ ਪਿਤਾ ਕੋਲ ਗਏ ਅਤੇ ਜੋ ਕੁਝ ਤੁਸੀਂ ਆਖਿਆ ਸੀ ਉਸ ਨੂੰ ਦੱਸਿਆ।

25 “ਬਾਦ ਵਿੱਚ ਸਾਡੇ ਪਿਤਾ ਨੇ ਆਖਿਆ, ‘ਵਾਪਸ ਜਾਓ ਅਤੇ ਸਾਡੇ ਲਈ ਹੋਰ ਅਨਾਜ ਖਰੀਦ ਕੇ ਲਿਆਉ।’ 26 ਅਸੀਂ ਆਪਣੇ ਪਿਤਾ ਨੂੰ ਆਖਿਆ, ‘ਅਸੀਂ ਆਪਣੇ ਸਭ ਤੋਂ ਛੋਟੇ ਭਰਾ ਤੋਂ ਬਗੈਰ ਨਹੀਂ ਜਾ ਸੱਕਦੇ। ਰਾਜਪਾਲ ਨੇ ਆਖਿਆ ਸੀ ਕਿ ਉਹ ਸਾਨੂੰ ਓਨਾ ਚਿਰ ਨਹੀਂ ਮਿਲੇਗਾ ਜਦੋਂ ਤੱਕ ਉਹ ਸਾਡੇ ਸਭ ਤੋਂ ਛੋਟੇ ਭਰਾ ਨੂੰ ਦੇਖ ਨਹੀਂ ਲੈਂਦਾ।’ 27 ਫ਼ੇਰ ਮੇਰੇ ਪਿਤਾ ਨੇ ਮੈਨੂੰ ਆਖਿਆ, ‘ਤੂੰ ਜਾਣਦਾ ਹੈਂ ਕਿ ਮੇਰੀ ਪਤਨੀ ਰਾਖੇਲ ਤੋਂ ਮੇਰੇ ਦੋ ਪੁੱਤਰ ਸਨ। 28 ਮੈਂ ਇੱਕ ਪੁੱਤਰ ਨੂੰ ਜਾਣ ਦਿੱਤਾ ਅਤੇ ਉਹ ਕਿਸੇ ਜੰਗਲੀ ਜਾਨਵਰ ਹੱਥੋਂ ਮਾਰਿਆ ਗਿਆ। ਅਤੇ ਮੈਂ ਉਸ ਨੂੰ ਉਸਤੋਂ ਮਗਰੋਂ ਨਹੀਂ ਦੇਖਿਆ। 29 ਜੇ ਤੁਸੀਂ ਮੇਰੇ ਦੂਸਰੇ ਪੁੱਤਰ ਨੂੰ ਵੀ ਮੇਰੇ ਕੋਲੋਂ ਲੈ ਜਾਵੋਂਗੇ, ਅਤੇ ਜੇ ਉਸ ਨੂੰ ਕੁਝ ਹੋ ਗਿਆ ਤਾਂ ਮੈਂ ਬੁੱਢਾ ਅਤੇ ਉਦਾਸ ਹੀ ਮਰ ਜਾਵਾਂਗਾ।’ 30 ਹੁਣ, ਜ਼ਰਾ ਸੋਚੋ ਕਿ ਜੇ ਅਸੀਂ ਆਪਣੇ ਸਭ ਤੋਂ ਛੋਟੇ ਭਰਾ ਤੋਂ ਬਗੈਰ ਘਰ ਜਾਂਦੇ ਹਾਂ ਤਾਂ ਕੀ ਹੋਵੇਗਾ ਇਹ ਮੁੰਡਾ ਸਾਡੇ ਪਿਤਾ ਦੀ ਜ਼ਿੰਦਗੀ ਲਈ ਸਭ ਤੋਂ ਮਹੱਤਵਪੂਰਣ ਹੈ। 31 ਸਾਡਾ ਪਿਤਾ ਇਸ ਮੁੰਡੇ ਨੂੰ ਸਾਡੇ ਨਾਲ ਨਾ ਦੇਖਕੇ ਮਰ ਜਾਵੇਗਾ, ਅਤੇ ਇਹ ਦੋਸ਼ ਸਾਡਾ ਹੋਵੇਗਾ। ਅਸੀਂ ਆਪਣੇ ਪਿਤਾ ਨੂੰ ਬਹੁਤ ਸੋਗੀ ਮਨੁੱਖ ਵਾਂਗ ਕਬਰ ਵਿੱਚ ਪਹੁੰਚਾ ਦਿਆਂਗੇ।

32 “ਮੈਂ ਇਸ ਮੁੰਡੇ ਦੀ ਜੁੰਮੇਵਾਰੀ ਚੁੱਕੀ ਸੀ। ਮੈਂ ਆਪਣੇ ਪਿਤਾ ਨੂੰ ਆਖਿਆ ਸੀ, ‘ਜੇ ਮੈਂ ਇਸ ਨੂੰ ਤੁਹਾਡੇ ਕੋਲ ਵਾਪਸ ਨਾ ਲੈ ਕੇ ਆਇਆ ਤਾਂ ਤੁਸੀਂ ਮੈਨੂੰ ਉਮਰ ਭਰ ਲਈ ਦੋਸ਼ੀ ਠਹਿਰਾ ਸੱਕਦੇ ਹੋ।’ 33 ਇਸ ਲਈ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਕਿਰਪਾ ਕਰਕੇ ਇਸ ਮੁੰਡੇ ਨੂੰ ਆਪਣੇ ਭਰਾਵਾਂ ਨਾਲ ਵਾਪਸ ਜਾਣ ਦਿਉ। ਅਤੇ ਮੈਂ ਇੱਥੇ ਠਹਿਰਾਂਗਾ ਅਤੇ ਤੁਹਾਡਾ ਗੁਲਾਮ ਬਣਾਂਗਾ। 34 ਜੇ ਇਹ ਮੁੰਡਾ ਮੇਰੇ ਨਾਲ ਨਹੀਂ ਹੋਵੇਗਾ ਤਾਂ ਮੈਂ ਆਪਣੇ ਪਿਤਾ ਦਾ ਸਾਹਮਣਾ ਨਹੀਂ ਕਰ ਸੱਕਦਾ। ਮੈਂ ਇਸ ਗੱਲੋਂ ਬਹੁਤ ਭੈਭੀਤ ਹਾਂ ਕਿ ਮੇਰੇ ਪਿਤਾ ਦਾ ਕੀ ਹੋਵੇਗਾ।”

1 ਕੁਰਿੰਥੀਆਂ ਨੂੰ 7:25-31

ਵਿਆਹ ਕਰਵਾਉਣ ਸੰਬੰਧੀ ਪ੍ਰਸ਼ਨ

25 ਹੁਣ ਮੈਂ ਉਨ੍ਹਾਂ ਲੋਕਾਂ ਬਾਰੇ ਲਿਖਦਾ ਹਾਂ ਜਿਹੜੇ ਵਿਆਹੇ ਹੋਏ ਨਹੀਂ ਹਨ। ਇਸ ਬਾਰੇ ਮੇਰੇ ਕੋਲ ਪ੍ਰਭੂ ਵੱਲੋਂ ਹੁਕਮ ਨਹੀਂ ਹੈ। ਪਰ ਮੈਂ ਆਪਣੀ ਰਾਇ ਦਿੰਦਾ ਹਾਂ। ਤੁਸੀਂ ਮੇਰੇ ਵਿੱਚ ਭਰੋਸਾ ਰੱਖ ਸੱਕਦੇ ਹੋ ਕਿਉਂਕਿ ਪ੍ਰਭੂ ਮੇਰੇ ਉੱਤੇ ਮਿਹਰਬਾਨ ਸੀ। 26 ਇਹ ਮੁਸ਼ਕਿਲਾਂ ਭਰਿਆ ਸਮਾਂ ਹੈ। ਇਸ ਲਈ ਮੇਰੇ ਵਿੱਚਾਰ ਵਿੱਚ ਤੁਹਾਡੇ ਲਈ ਜਿਵੇਂ ਹੋ, ਉਵੇਂ ਹੀ ਰਹਿਣਾ ਚੰਗਾ ਹੈ। 27 ਪਰ ਜੇਕਰ ਤੁਹਾਡੀ ਪਤਨੀ ਹੈ, ਤਾਂ ਉਸ ਕੋਲੋਂ ਆਪਣੇ ਆਪ ਨੂੰ ਆਜ਼ਾਦ ਕਰਨ ਦੀ ਕੋਸ਼ਿਸ਼ ਨਾ ਕਰੋ। ਜੇ ਤੁਸੀਂ ਆਪਣੇ ਆਪ ਨੂੰ ਪਤਨੀ ਤੋਂ ਆਜ਼ਾਦ ਕਰ ਲਿਆ ਹੈ, ਤਾਂ ਫ਼ੇਰ ਪਤਨੀ ਤਲਾਸ਼ ਕਰਨ ਦੀ ਕੋਸ਼ਿਸ਼ ਨਾ ਕਰੋ। 28 ਪਰ ਜੇ ਤੁਸੀਂ ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲਿਆ ਹੈ, ਤਾਂ ਇਹ ਕੋਈ ਪਾਪ ਨਹੀਂ। ਅਤੇ ਜੇਕਰ ਇੱਕ ਅਣਵਿਆਹੀ ਕੁੜੀ ਵਿਆਹ ਕਰਾਉਂਦੀ ਹੈ, ਉਹ ਵੀ ਕੋਈ ਪਾਪ ਨਹੀਂ। ਪਰ ਜਿਹੜੇ ਮਨੁੱਖ ਵਿਆਹ ਕਰਵਾਉਂਦੇ ਹਨ ਉਨ੍ਹਾਂ ਨੂੰ ਇਸ ਜੀਵਨ ਵਿੱਚ ਮੁਸ਼ਕਿਲਾਂ ਪੇਸ਼ ਆਉਣਗੀਆਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਨ੍ਹਾਂ ਮੁਸ਼ਕਿਲਾਂ ਤੋਂ ਆਜ਼ਾਦ ਰਹੋ।

29 ਭਰਾਵੋ ਅਤੇ ਭੈਣੋ ਮੇਰਾ ਮਤਲਬ ਇਹ ਹੈ। ਸਾਡੇ ਕੋਲ ਬਹੁਤਾ ਸਮਾਂ ਨਹੀਂ ਬਚਿਆ। ਇਸ ਲਈ ਹੁਣ ਤੋਂ ਸ਼ੁਰੂ ਕਰਦਿਆਂ ਵਿਆਹੇ ਹੋਏ ਵਿਅਕਤੀਆਂ ਨੂੰ ਆਪਣਾ ਸਮਾਂ ਇਸ ਤਰ੍ਹਾਂ ਗੁਜ਼ਾਰਨਾ ਚਾਹੀਦਾ ਹੈ ਜਿਵੇਂ ਉਨ੍ਹਾਂ ਦੀਆਂ ਪਤਨੀਆਂ ਨਾ ਹੋਣ। 30 ਜਿਹੜੇ ਲੋਕ ਉਦਾਸ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ ਜਿਵੇਂ ਉਹ ਉਦਾਸ ਨਹੀਂ ਹਨ। ਜਿਹੜੇ ਵਿਅਕਤੀ ਖੁਸ਼ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ ਜਿਵੇਂ ਉਹ ਖੁਸ਼ ਨਹੀਂ ਹਨ। ਜਿਹੜੇ ਲੋਕ ਚੀਜ਼ਾਂ ਖਰੀਦਦੇ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ ਜਿਵੇਂ ਉਨ੍ਹਾਂ ਕੋਲ ਕੁਝ ਵੀ ਨਹੀਂ। 31 ਜਿਹੜੇ ਵਿਅਕਤੀ ਦੁਨਿਆਵੀ ਚੀਜ਼ਾਂ ਇਸਤੇਮਾਲ ਕਰਦੇ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ, ਜਿਵੇਂ ਇਨ੍ਹਾਂ ਚੀਜ਼ਾਂ ਦਾ ਉਨ੍ਹਾਂ ਲਈ ਕੋਈ ਮਹੱਤਵ ਨਹੀਂ। ਤੁਹਾਨੂੰ ਇਸੇ ਤਰ੍ਹਾਂ ਰਹਿਣਾ ਚਾਹੀਦਾ ਹੈ ਕਿਉਂ ਜੋ ਇਹ ਦੁਨੀਆਂ ਵਿੱਚ ਹੁਣ ਹੈ ਛੇਤੀ ਹੀ ਅਲੋਪ ਹੋ ਜਾਵੇਗਾ।

ਮਰਕੁਸ 5:21-43

ਯਿਸੂ ਦਾ ਮੋਈ ਕੁੜੀ ਨੂੰ ਪ੍ਰਾਣ ਦੇਣੇ ਅਤੇ ਬਿਮਾਰ ਔਰਤ ਨੂੰ ਰਾਜ਼ੀ ਕਰਨਾ(A)

21 ਜਿਵੇਂ ਹੀ ਯਿਸੂ ਫ਼ੇਰ ਤੋਂ ਬੇੜੀ ਦੁਆਰਾ ਝੀਲ ਦੇ ਦੂਜੇ ਪਾਸੇ ਗਿਆ, ਝੀਲ ਦੇ ਨੇੜੇ ਉਸ ਕੋਲ ਇੱਕ ਵੱਡੀ ਭੀੜ ਇਕੱਠੀ ਹੋ ਗਈ। 22 ਉੱਥੇ ਪ੍ਰਾਰਥਨਾ ਸਥਾਨ ਦਾ ਇੱਕ ਆਗੂ ਉਸ ਕੋਲ ਆਇਆ ਜਿਸਦਾ ਨਾਉਂ ਜੈਰੁਸ ਸੀ। ਜਦੋਂ ਉਸ ਨੇ ਯਿਸੂ ਨੂੰ ਲੱਭ ਲਿਆ, ਤਾਂ ਉਹ ਉਸ ਦੇ ਪੈਰੀਂ ਪੈ ਗਿਆ। 23 ਅਤੇ ਉਹ ਉਸ ਦੇ ਪੈਰੀਂ ਪੈਕੇ ਬਾਰ-ਬਾਰ ਮਿੰਨਤ ਕਰਨ ਲੱਗਾ, “ਮੇਰੀ ਛੋਟੀ ਜਿਹੀ ਧੀ ਮਰਨ ਕਿਨਾਰੇ ਹੈ। ਕਿਰਪਾ ਕਰਕੇ ਆਪਣੇ ਹੱਥ ਉਸ ਉੱਪਰ ਰੱਖ ਦਿਉ। ਉਹ ਚੰਗੀ ਹੋ ਜਾਵੇਗੀ ਤੇ ਜਿਉਂ ਪਵੇਗੀ।”

24 ਤਾਂ ਉਹ ਜੈਰੁਸ ਦੇ ਨਾਲ ਗਿਆ। ਬਹੁਤ ਸਾਰੇ ਲੋਕ ਉਸਦਾ ਪਿੱਛਾ ਕਰ ਰਹੇ ਸਨ ਅਤੇ ਉਹ ਉਸ ਨੂੰ ਦਬਾਈ ਜਾ ਰਹੇ ਸਨ।

25 ਉੱਥੇ ਇੱਕ ਔਰਤ ਸੀ, ਜਿਸ ਨੂੰ ਪਿੱਛਲੇ ਬਾਰ੍ਹਾਂ ਵਰ੍ਹਿਆਂ ਤੋਂ ਖੂਨ ਆ ਰਿਹਾ ਸੀ। 26 ਉਹ ਔਰਤ ਬੜੀ ਤਕਲੀਫ਼ ਵਿੱਚ ਸੀ ਅਤੇ ਬਹੁਤ ਸਾਰੇ ਵੈਦਾਂ ਨੇ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਉਸ ਕੋਲ ਜਿੰਨੀ ਵੀ ਦੌਲਤ ਸੀ ਉਸ ਨੇ ਆਪਣੇ ਇਲਾਜ ਤੇ ਖਰਚ ਦਿੱਤੀ ਸੀ, ਪਰ ਉਹ ਚੰਗੀ ਨਾ ਹੋਈ। ਅਤੇ ਉਸਦੀ ਹਾਲਤ ਹੋਰ ਵੀ ਖਰਾਬ ਹੋ ਗਈ।

27 ਜਦੋਂ ਉਸ ਔਰਤ ਨੇ ਯਿਸੂ ਬਾਰੇ ਸੁਣਿਆ ਅਤੇ ਉਹ ਭੀੜ ਵਿੱਚਕਾਰ ਉਸ ਦੇ ਪਿੱਛੇ ਆ ਗਈ ਅਤੇ ਉਸ ਦੇ ਕੱਪੜੇ ਨੂੰ ਛੂਹਿਆ। 28 ਉਸ ਔਰਤ ਨੇ ਸੋਚਿਆ, “ਜੇਕਰ ਮੈਂ ਸਿਰਫ਼ ਯਿਸੂ ਦੇ ਕੱਪੜੇ ਨੂੰ ਵੀ ਛੂਹ ਲਵਾਂ, ਮੈਂ ਚੰਗੀ ਹੋ ਜਾਵਾਂਗੀ।” 29 ਜਦੋਂ ਉਸ ਔਰਤ ਨੇ ਯਿਸੂ ਦਾ ਕੱਪੜਾ ਛੂਹਿਆ, ਉਸਦਾ ਲਹੂ ਵਗਣਾ ਰੁਕ ਗਿਆ ਅਤੇ ਉਸ ਨੇ ਆਪਣੇ ਸਰੀਰ ਵਿੱਚ ਇਹ ਮਹਿਸੂਸ ਕੀਤਾ ਕਿ ਉਹ ਆਪਣੀਆਂ ਤਕਲੀਫ਼ਾਂ ਤੋਂ ਚੰਗੀ ਹੋ ਗਈ ਸੀ। 30 ਜਦੋਂ ਯਿਸੂ ਨੇ ਮਹਿਸੂਸ ਕੀਤਾ ਕਿ ਕੋਈ ਸ਼ਕਤੀ ਉਸ ਵਿੱਚੋਂ ਬਾਹਰ ਆਈ ਹੈ, ਉਸ ਨੇ ਆਸੇ-ਪਾਸੇ ਵੇਖਿਆ ਅਤੇ ਪੁੱਛਿਆ, “ਕਿਸਨੇ ਮੇਰਾ ਕੱਪੜਾ ਛੋਹਿਆ ਹੈ?”

31 ਉਸ ਦੇ ਚੇਲਿਆਂ ਨੇ ਉਸ ਨੂੰ ਆਖਿਆ, “ਤੂੰ ਜਾਣਦਾ ਹੈਂ ਕਿ ਲੋਕ ਤੈਨੂੰ ਦਬਾਈ ਜਾ ਰਹੇ ਹਨ। ਅਤੇ ਹਾਲੇ ਵੀ ਤੂੰ ਪੁੱਛ ਰਿਹਾ ਹੈ, ਕਿਸਨੇ ਮੈਨੂੰ ਛੁਹਿਆ ਹੈ?”

32 ਪਰ ਯਿਸੂ ਉਸ ਵਿਅਕਤੀ ਨੂੰ ਲੱਭਣ ਲਈ ਆਸੇ-ਪਾਸੇ ਵੇਖ ਰਿਹਾ ਸੀ ਕਿ ਉਹ ਕੌਣ ਹੈ। 33 ਉਹ ਔਰਤ ਜਾਣ ਗਈ ਸੀ ਕਿ ਉਹ ਹੁਣ ਠੀਕ ਹੋ ਗਈ ਹੈ ਉਹ ਯਿਸੂ ਕੋਲ ਆਈ ਅਤੇ ਡਰ ਨਾਲ ਕੰਬਦੀ ਹੋਈ ਯਿਸੂ ਦੇ ਚਰਨਾਂ ਤੇ ਡਿੱਗ ਪਈ। ਉਸ ਨੇ ਯਿਸੂ ਨੂੰ ਸਾਰੀ ਵਾਰਤਾ ਸੁਣਾਈ। 34 ਤਾਂ ਉਸ ਨੇ ਉਸ ਔਰਤ ਨੂੰ ਆਖਿਆ, “ਹੇ ਪਿਆਰੀ ਇਸਤਰੀ! ਤੂੰ ਆਪਣੇ ਵਿਸ਼ਵਾਸ ਕਾਰਣ ਚੰਗੀ ਹੋਈ ਹੈਂ। ਖੁਸ਼ ਰਹਿ! ਹੁਣ ਤੂੰ ਕੋਈ ਹੋਰ ਤਕਲੀਫ਼ ਨਹੀਂ ਝੱਲੇਂਗੀ।”

35 ਜਦੋਂ ਯਿਸੂ ਅਜੇ ਬੋਲ ਰਿਹਾ ਸੀ, ਕੁਝ ਲੋਕ ਪ੍ਰਾਰਥਨਾ-ਸਥਾਨ ਦੇ ਆਗੂ ਜੈਰੁਸ ਦੇ ਘਰੋਂ ਆਏ ਅਤੇ ਉਸ ਨੂੰ ਆਖਿਆ, “ਤੇਰੀ ਧੀ ਮਰ ਗਈ ਹੈ। ਤੂੰ ਗੁਰੂ ਨੂੰ ਹੋਰ ਖੇਚਲ ਕਿਉਂ ਦੇ ਰਿਹਾ ਹੈਂ?”

36 ਪਰ ਯਿਸੂ ਨੇ ਉਸ ਗੱਲ ਦੀ ਬਿਲਕੁਲ ਕੋਈ ਪਰਵਾਹ ਨਾ ਕੀਤੀ ਕਿ ਉਹ ਕੀ ਆਖ ਰਹੇ ਸਨ ਅਤੇ ਪ੍ਰਾਰਥਨਾ ਸਥਾਨ ਦੇ ਆਗੂ ਨੂੰ ਆਖਿਆ, “ਡਰ ਨਹੀਂ! ਸਿਰਫ਼ ਭਰੋਸਾ ਰੱਖ।”

37 ਯਿਸੂ ਨੇ ਆਪਣੇ ਨਾਲ ਪਤਰਸ, ਯਾਕੂਬ ਅਤੇ ਉਸ ਦੇ ਭਰਾ ਯੂਹੰਨਾ ਨੂੰ ਲਿਆ ਅਤੇ ਪ੍ਰਾਰਥਨਾ ਸਥਾਨ ਦੇ ਆਗੂ ਜੈਰੁਸ ਦੇ ਘਰ ਚੱਲਾ ਗਿਆ। 38 ਜਦੋਂ ਉਹ ਉੱਥੇ ਪਹੁੰਚੇ, ਯਿਸੂ ਨੇ ਉੱਥੇ ਬਹੁਤ ਸਾਰੇ ਲੋਕਾਂ ਨੂੰ ਰੋਂਦਿਆਂ ਅਤੇ ਪਿਟਦਿਆਂ ਵੇਖਿਆ। ਉੱਥੇ ਬੜੀ ਭਾਜੜ ਪਈ ਹੋਈ ਸੀ। 39 ਯਿਸੂ ਉਸ ਘਰ ਦੇ ਅੰਦਰ ਵੜਿਆ ਅਤੇ ਲੋਕਾਂ ਨੂੰ ਕਿਹਾ, “ਤੁਸੀਂ ਲੋਕ ਕਿਉਂ ਰੋ ਰਹੇ ਹੋ ਅਤੇ ਅਸ਼ਾਂਤੀ ਕਿਉਂ ਫ਼ੈਲਾ ਰਹੇ ਹੋ? ਬੱਚੀ ਮਰੀ ਨਹੀਂ ਉਹ ਸਿਰਫ਼ ਸੌਂ ਰਹੀ ਹੈ।” 40 ਪਰ ਲੋਕਾਂ ਨੇ ਯਿਸੂ ਦਾ ਮਜਾਕ ਉਡਾਇਆ।

ਉਸ ਨੇ ਸਭ ਨੂੰ ਘਰੋਂ ਚੱਲੇ ਜਾਣ ਵਾਸਤੇ ਕਿਹਾ। ਉਹ ਉਸ ਕਮਰੇ ਵਿੱਚ ਗਿਆ ਜਿੱਥੇ ਬੱਚੀ ਸੀ। ਉਸ ਨੇ ਆਪਣੇ ਨਾਲ ਉਸ ਕਮਰੇ ਵਿੱਚ ਬੱਚੀ ਦੇ ਪਿਤਾ-ਮਾਤਾ ਅਤੇ ਆਪਣੇ ਤਿੰਨ ਚੇਲਿਆਂ ਨੂੰ ਲਿਆ। 41 ਤਦ ਯਿਸੂ ਨੇ ਉਸ ਕੁੜੀ ਦਾ ਹੱਥ ਫ਼ੜਿਆ ਅਤੇ ਉਸ ਨੂੰ ਕਿਹਾ, “ਤਲੀਥਾ ਕੂਮੀ!” (ਜਿਸਦਾ ਅਰਥ ਹੈ “ਹੇ ਕੰਨਿਆ, ਮੈਂ ਤੈਨੂੰ ਆਖਦਾ ਹਾਂ, ਉੱਠ!”) 42 ਕੁੜੀ ਝੱਟ ਉੱਠ ਖੜ੍ਹੀ ਹੋਈ ਅਤੇ ਤੁਰਨ-ਫ਼ਿਰਨ ਲੱਗੀ। ਉਹ ਕੁੜੀ ਬਾਰ੍ਹਾਂ ਵਰ੍ਹਿਆਂ ਦੀ ਸੀ। ਉਸ ਦੇ ਮਾਂ-ਪਿਉ ਅਤੇ ਚੇਲੇ ਬੜੇ ਹੈਰਾਨ ਹੋ ਗਏ। 43 ਅਤੇ ਯਿਸੂ ਨੇ ਉਨ੍ਹਾਂ ਨੂੰ ਸਖਤ ਚਿਤਾਵਨੀ ਦਿੱਤੀ ਕਿ ਉਹ ਲੋਕਾਂ ਨੂੰ ਇਸ ਬਾਰੇ ਨਾ ਦੱਸਣ। ਉਸ ਨੇ ਉਨ੍ਹਾਂ ਨੂੰ ਉਸ ਕੁੜੀ ਨੂੰ ਕੁਝ ਖਾਣ ਨੂੰ ਦੇਣ ਲਈ ਕਿਹਾ।

Punjabi Bible: Easy-to-Read Version (ERV-PA)

2010 by World Bible Translation Center