Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 93

93 ਯਹੋਵਾਹ ਰਾਜਾ ਹੈ।
    ਉਹ ਮਹਿਮਾ ਅਤੇ ਸ਼ਕਤੀ ਨੂੰ ਵਸਤਰਾਂ ਵਾਂਗ ਪਹਿਨਦਾ ਹੈ।
ਉਹ ਤਿਆਰ ਹੈ, ਇਸ ਲਈ ਸਾਰੀ ਦੁਨੀਆਂ ਸੁਰੱਖਿਅਤ ਹੈ।
    ਇਹ ਨਹੀਂ ਹਿੱਲਣਗੇ ਅਤੇ ਇਹ ਬਰਬਾਦ ਨਹੀਂ ਹੋਵੇਗੀ।
ਹੇ ਪਰਮੇਸ਼ੁਰ ਤੁਹਾਡਾ ਰਾਜ ਸਦੀਵੀ ਰਿਹਾ ਹੈ।
    ਹੇ ਪਰਮੇਸ਼ੁਰ, ਤੁਸੀਂ ਸਦੀਵੀ ਤੌਰ ਤੇ ਜੀਵਿਤ ਰਹੇ ਹੋ।
ਯਹੋਵਾਹ, ਨਦੀਆਂ ਦਾ ਸ਼ੋਰ ਬਹੁਤ ਉੱਚਾ ਹੈ।
    ਟਕਰਾਉਂਦੀਆਂ ਹੋਈਆਂ ਲਹਿਰਾਂ ਬਹੁਤ ਸ਼ੋਰੀਲੀਆਂ ਹਨ।
ਸਾਗਰ ਦੀਆਂ ਟਕਰਾਉਂਦੀਆਂ ਹੋਈਆਂ ਲਹਿਰਾਂ ਬਹੁਤ ਸ਼ੋਰੀਲੀਆਂ ਹਨ।
    ਪਰ ਉੱਚਾ ਯਹੋਵਾਹ ਹੋਰ ਵੀ ਵੱਧ ਸ਼ਕਤੀਸ਼ਾਲੀ ਹੈ।
ਯਹੋਵਾਹ, ਤੁਹਾਡੇ ਨੇਮ ਸਦਾ ਲਈ ਬਣੇ ਰਹਿਣਗੇ।
    ਤੁਹਾਡਾ ਪਵਿੱਤਰ ਮੰਦਰ ਸਦਾ ਲਈ ਖਲੋਤਾ ਰਹੇਗਾ।

ਜ਼ਬੂਰ 96

96 ਉਨ੍ਹਾਂ ਨਵੀਆਂ ਗੱਲਾਂ ਬਾਰੇ ਇੱਕ ਨਵਾਂ ਗੀਤ ਗਾਵੋ ਜੋ ਯਹੋਵਾਹ ਨੇ ਕੀਤੀਆਂ ਹਨ।
    ਸਾਰੀ ਦੁਨੀਆਂ ਪਰਮੇਸ਼ੁਰ ਲਈ ਗੀਤ ਗਾਵੇ।
ਪਰਮੇਸੁਰ ਨੂੰ ਗਾਵੋ। ਉਸ ਦੇ ਨਾਮ ਨੂੰ ਅਸੀਸ ਦਿਉ।
    ਖੁਸ਼ਖਬਰੀ ਦੱਸੋ। ਹਰ ਰੋਜ਼ ਉਸਦੀ ਮੁਕਤੀ ਬਾਰੇ ਦੱਸੋ।
ਲੋਕਾਂ ਨੂੰ ਦੱਸੋ ਕਿ ਪਰਮੇਸ਼ੁਰ ਸੱਚਮੁੱਚ ਕਿੰਨਾ ਗੌਰਵਮਈ ਹੈ।
    ਹਰ ਥਾਂ ਲੋਕਾਂ ਨੂੰ ਪਰਮੇਸ਼ੁਰ ਦੇ ਚਮਤਕਾਰਾਂ ਬਾਰੇ ਦੱਸੋ।
ਯਹੋਵਾਹ ਮਹਾਨ ਹੈ ਅਤੇ ਉਸਤਤਿ ਯੋਗ ਹੈ।
    ਉਹ ਹੋਰ ਕਿਸੇ ਵੀ “ਦੇਵਤਿਆਂ” ਨਾਲੋਂ ਵੱਧੇਰੇ ਭਰਮ ਭਰਿਆ ਹੈ।
ਪਰਾਈਆਂ ਕੌਮਾਂ ਦੇ ਸਾਰੇ “ਦੇਵਤੇ” ਵਿਅਰਥ ਹਨ।
    ਪਰ ਯਹੋਵਾਹ ਨੇ ਸਵਰਗਾ ਦੀ ਸਾਜਨਾ ਕੀਤੀ।
ਉਸ ਦੇ ਸਾਹਮਣੇ ਖੂਬਸੂਰਤ ਮਹਿਮਾ ਚਮਕ ਰਹੀ ਹੈ।
    ਤਾਕਤ ਅਤੇ ਸੂਰਜ ਪਰਮੇਸ਼ੁਰ ਦੇ ਪਵਿੱਤਰ ਮੰਦਰਾਂ ਵਿੱਚ ਹੈ।
ਪਰਿਵਾਰੋ ਅਤੇ ਕੌਮੋ ਉਸਤਤਿ ਦੇ
    ਅਤੇ ਯਹੋਵਾਹ ਦੀ ਮਹਿਮਾ ਦੇ ਗੀਤ ਗਾਵੋ।
ਯਹੋਵਾਹ ਦੇ ਨਾਮ ਦੀ ਉਸਤਤਿ ਕਰੋ
    ਆਪਣੇ ਚੜ੍ਹਾਵੇ ਲੈ ਕੇ ਮੰਦਰ ਵੱਲ ਜਾਵੋ।
    ਯਹੋਵਾਹ ਦੀ ਉਪਾਸਨਾ ਉਸ ਦੇ ਸੁੰਦਰ ਮੰਦਰ ਵਿੱਚ ਕਰੋ,
ਧਰਤੀ ਦੇ ਹਰੇਕ ਵਾਸੀ ਯਹੋਵਾਹ ਦੀ ਉਪਾਸਨਾ ਕਰੀਂ।
10     ਕੌਮਾਂ ਨੂੰ ਐਲਾਨ ਕਰ ਦਿਉ ਕਿ ਯਹੋਵਾਹ ਰਾਜਾ ਹੈ।
ਇਸ ਲਈ ਦੁਨੀਆਂ ਤਬਾਹ ਨਹੀਂ ਹੋਵੇਗੀ,
    ਯਹੋਵਾਹ ਬੇਲਾਗ ਹੋਕੇ ਲੋਕਾਂ ਉੱਤੇ ਰਾਜ ਕਰੇਗਾ।
11 ਹੇ ਅਕਾਸ਼ ਖੁਸ਼ ਹੋ, ਹੇ ਧਰਤੀ ਖੁਸ਼ੀ ਮਨਾ।
    ਹੇ ਸਮੁੰਦਰ ਅਤੇ ਇਸ ਵਿੱਚਲੀ ਹਰ ਸ਼ੈਅ ਦੀਆਂ ਕਿਲਕਾਰੀਆਂ ਮਾਰੋ।
12 ਹੇ ਖੇਤੋਂ ਅਤੇ ਉਨ੍ਹਾਂ ਵਿੱਚ ਉੱਗਣ ਵਾਲੀ ਹਰ ਸ਼ੈਅ, ਖੁਸ਼ ਹੋਵੋ।
    ਹੇ ਜੰਗਲ ਦੇ ਰੁੱਖੋ ਗਾਵੋ ਅਤੇ ਖੁਸ਼ ਹੋਵੋ।
13 ਇਸ ਗੱਲ ਲਈ ਖੁਸ਼ ਹੋਵੋ ਕਿ ਯਹੋਵਾਹ ਆ ਰਿਹਾ ਹੈ,
    ਯਹੋਵਾਹ ਦੁਨੀਆਂ ਉੱਤੇ ਰਾਜ ਕਰਨ ਲਈ ਆ ਰਿਹਾ ਹੈ।
ਉਹ ਦੁਨੀਆਂ ਉੱਤੇ ਇਨਸਾਫ਼ ਅਤੇ ਨਿਰਪੱਖਤਾ ਨਾਲ ਰਾਜ ਕਰੇਗਾ।

ਜ਼ਬੂਰ 34

ਦਾਊਦ ਦਾ ਇੱਕ ਗੀਤ ਇਹ ਲਿਖਿਆ ਹੈ, ਜਦੋਂ ਦਾਊਦ ਨੇ ਅਬੀਮਲਕ ਅੱਗੇ ਪਾਗਲ ਵਿਅਕਤੀ ਹੋਣ ਦਾ ਦਿਖਾਵਾ ਕੀਤਾ ਅਤੇ ਉਸ ਨੂੰ ਛੱਡ ਦਿੱਤਾ।

34 ਮੈਂ ਹਰ ਵੇਲੇ ਯਹੋਵਾਹ ਨੂੰ ਮੁਬਾਰਕ ਆਖਾਂਗਾ।
    ਉਸਦੀ ਉਸਤਤਿ ਹਰ ਵੇਲੇ ਮੇਰੇ ਬੁੱਲ੍ਹਾਂ ਉੱਤੇ ਹੈ।
ਨਿਮ੍ਰ ਲੋਕੋ, ਸੁਣੋ ਅਤੇ ਆਨੰਦ ਮਾਣੋ।
    ਮੇਰੀ ਰੂਹ ਯਹੋਵਾਹ ਬਾਰੇ ਮਾਣ ਕਰਦੀ ਹੈ।
ਮੇਰੇ ਸੰਗ ਪਰਮੇਸ਼ੁਰ ਦੀ ਉਸਤਤਿ ਕਰੋ।
    ਆਉ ਉਸ ਦੇ ਨਾਂ ਦਾ ਆਦਰ ਕਰੀਏ।
ਮੈਂ ਮਦਦ ਲਈ ਪਰਮੇਸ਼ੁਰ ਵੱਲ ਗਿਆ, ਅਤੇ ਉਸ ਨੇ ਮੇਰੀ ਗੱਲ ਸੁਣੀ।
    ਉਸ ਨੇ ਮੈਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਤੋਂ ਬਚਾਇਆ ਜਿਨ੍ਹਾਂ ਤੋਂ ਮੈਂ ਭੈਭੀਤ ਹਾਂ।
ਮਦਦ ਲਈ, ਪਰਮੇਸ਼ੁਰ ਵੱਲ ਤੱਕੋ।
    ਤੁਸੀਂ ਪ੍ਰਵਾਨ ਹੋਵੋਂਗੇ, ਸ਼ਰਮਸਾਰ ਨਾ ਹੋਵੋ।
ਇਸ ਗਰੀਬ ਬੰਦੇ ਨੇ ਯਹੋਵਾਹ ਨੂੰ ਮਦਦ ਲਈ ਪੁਕਾਰਿਆ।
    ਅਤੇ ਯਹੋਵਾਹ ਨੇ ਮੈਨੂੰ ਸੁਣਿਆ।
    ਉਸ ਨੇ ਮੈਨੂੰ ਸਾਰੀਆਂ ਮੁਸੀਬਤਾਂ ਤੋਂ ਬਚਾਇਆ।
ਯਹੋਵਾਹ ਦਾ ਦੂਤ ਉਸ ਦੇ ਚੇਲਿਆਂ ਦੀ ਰੱਖਵਾਲੀ ਕਰਦਾ ਹੈ।
    ਯਹੋਵਾਹ ਦਾ ਦੂਤ ਉਨ੍ਹਾਂ ਦੀ ਰੱਖਿਆ ਕਰਦਾ।
ਯਹੋਵਾਹ ਨੂੰ ਚਖੋ ਅਤੇ ਦੇਖੋ ਉਹ ਕਿੰਨਾ ਚੰਗਾ ਹੈ।
    ਜੋ ਬੰਦਾ ਯਹੋਵਾਹ ਉੱਤੇ ਨਿਰਭਰ ਹੁੰਦਾ ਸੱਚਮੁੱਚ ਖੁਸ਼ ਹੁੰਦਾ ਹੈ।
ਯਹੋਵਾਹ ਦੇ ਪਵਿੱਤਰ ਲੋਕਾਂ ਨੂੰ ਉਸਦੀ ਉਪਾਸਨਾ ਕਰਨੀ ਚਾਹੀਦੀ ਹੈ।
    ਪਰਮੇਸ਼ੁਰ ਦੇ ਚੇਲਿਆਂ ਲਈ ਹੋਰ ਸੁਰੱਖਿਆ ਦਾ ਸਥਾਨ ਨਹੀਂ।
10 ਕਮਜ਼ੋਰ ਅਤੇ ਭੁੱਖੇ ਲੋਕ ਤਕੜੇ ਹੋ ਜਾਣਗੇ।
    ਪਰ ਉਹ ਲੋਕ ਜਿਹੜੇ ਮਦਦ ਲਈ ਪਰਮੇਸ਼ੁਰ ਵੱਲ ਜਾਂਦੇ ਹਨ ਹਰ ਚੰਗੀ ਵਸਤੂ ਹਾਸਲ ਕਰਨਗੇ।
11 ਬੱਚਿਉ ਮੇਰੀ ਗੱਲ ਸੁਣੋ।
    ਅਤੇ ਮੈਂ ਤੁਹਾਨੂੰ ਯਹੋਵਾਹ ਦੀ ਇੱਜ਼ਤ ਕਰਨੀ ਸਿੱਖਾਵਾਂਗਾ।
12 ਜੇ ਕੋਈ ਬੰਦਾ ਆਪਣੀ ਜਿੰਦ ਨੂੰ ਪਿਆਰ ਕਰਦਾ ਹੈ
    ਅਤੇ ਚੰਗੀ ਅਤੇ ਲੰਮੀ ਜ਼ਿੰਦਗੀ ਰਹਿਣਾ ਚਾਹੁੰਦਾ ਹੈ।
13 ਤਾਂ ਉਸ ਬੰਦੇ ਨੂੰ ਚਾਹੀਦਾ ਕਿ ਉਹ ਬਿਲਕੁਲ ਵੀ ਮੰਦੀਆਂ ਗੱਲਾਂ ਨਾ ਆਖੇ
    ਅਤੇ ਉਹ ਬੰਦਾ ਬਿਲਕੁਲ ਵੀ ਝੂਠ ਨਾ ਬੋਲੇ।
14 ਮੰਦੇ ਕੰਮ ਕਰਨੇ ਛੱਡੋ। ਨੇਕ ਕੰਮ ਕਰੋ, ਅਮਨ ਵਾਸਤੇ ਕੰਮ ਕਰੋ।
    ਸ਼ਾਂਤੀ ਦੇ ਪਿੱਛੇ ਭੱਜੋ ਜਦੋਂ ਤੱਕ ਇਸ ਨੂੰ ਫ਼ੜ ਨਾ ਲਵੋਂ।
15 ਯਹੋਵਾਹ ਨੇਕ ਬੰਦਿਆਂ ਦੀ ਰੱਖਿਆ ਕਰਦਾ ਹੈ।
    ਉਹ ਉਨ੍ਹਾਂ ਦੀਆਂ ਪ੍ਰਾਰਥਨਾ ਸੁਣਦਾ ਹੈ।
16 ਪਰ ਯਹੋਵਾਹ ਉਨ੍ਹਾਂ ਲੋਕਾਂ ਦੇ ਖਿਲਾਫ਼ ਹੈ ਜਿਹੜੇ ਮੰਦੇ ਕੰਮ ਕਰਦੇ ਹਨ।
    ਉਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦਾ ਹੈ।

17 ਯਹੋਵਾਹ ਅੱਗੇ ਪ੍ਰਾਰਥਨਾ ਕਰੋ ਅਤੇ ਉਹ ਸੁਣ ਲਵੇਗਾ।
    ਉਹ ਤੁਹਾਨੂੰ ਤੁਹਾਡੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਵੇਗਾ।
18 ਜਦੋਂ ਕੁਝ ਲੋਕ ਮੂਸੀਬਤਾਂ ਵਿੱਚ ਹੁੰਦੇ ਹਨ, ਤਾਂ ਉਹ ਗੁਮਾਨ ਕਰਨਾ ਛੱਡ ਦਿੰਦੇ ਹਨ।
    ਯਹੋਵਾਹ ਉਨ੍ਹਾਂ ਨਿਮਾਣੇ ਲੋਕਾਂ ਦੇ ਨੇੜੇ ਹੁੰਦਾ ਹੈ। ਉਹ ਉਨ੍ਹਾਂ ਨੂੰ ਬਚਾਵੇਗਾ।
19 ਹੋ ਸੱਕਦਾ ਨੇਕ ਬੰਦਿਆਂ ਨੂੰ ਔਕੜਾਂ ਆਉਣ।
    ਪਰ ਯਹੋਵਾਹ ਉਨ੍ਹਾਂ ਨੂੰ ਉਨ੍ਹਾਂ ਦੀ ਹਰ ਔਕੜ ਤੋਂ ਬਚਾਵੇਗਾ।
20 ਯਹੋਵਾਹ ਉਨ੍ਹਾਂ ਦੀਆਂ ਸਾਰੀਆਂ ਹੱਡੀਆਂ ਦੀ ਰੱਖਿਆ ਕਰੇਗਾ।
    ਉਨ੍ਹਾਂ ਦੀ ਕੋਈ ਵੀ ਹੱਡੀ ਨਹੀਂ ਟੁੱਟੇਗੀ।
21 ਪਰ ਮੁਸੀਬਤਾਂ ਮੰਦੇ ਲੋਕਾਂ ਨੂੰ ਮਾਰ ਦੇਣਗੀਆਂ।
    ਨੇਕ ਲੋਕਾਂ ਦੇ ਸਾਰੇ ਦੁਸ਼ਮਣ ਤਬਾਹ ਹੋ ਜਾਣਗੇ।
22 ਯਹੋਵਾਹ ਆਪਣੇ ਸੇਵਕ ਦੀਆਂ ਰੂਹਾਂ ਬਚਾਉਂਦਾ ਹੈ।
    ਉਹ ਲੋਕ ਉਸ ਉੱਤੇ ਨਿਰਭਰ ਕਰਦੇ ਹਨ।
    ਉਹ ਉਨ੍ਹਾਂ ਨੂੰ ਤਬਾਹ ਨਹੀਂ ਹੋਣ ਦੇਵੇਗਾ।

ਉਤਪਤ 44:1-17

ਯੂਸੁਫ਼ ਇੱਕ ਜਾਲ ਸੁੱਟਦਾ ਹੈ

44 ਫ਼ੇਰ ਯੂਸੁਫ਼ ਨੇ ਆਪਣੇ ਨੌਕਰ ਨੂੰ ਇੱਕ ਆਦੇਸ਼ ਦਿੱਤਾ। ਯੂਸੁਫ਼ ਨੇ ਆਖਿਆ, “ਆਦਮੀਆਂ ਦੇ ਬੋਰੇ ਓਨੇ ਅਨਾਜ ਨਾਲ ਭਰ ਦਿਉ ਜਿੰਨਾ ਇਹ ਚੁੱਕ ਸੱਕਣ। ਅਤੇ ਹਰੇਕ ਆਦਮੀ ਦੇ ਪੈਸੇ ਅਨਾਜ ਦੇ ਨਾਲ ਹੀ ਉਸ ਦੇ ਬੋਰੇ ਵਿੱਚ ਰੱਖ ਦਿਉ। ਸਭ ਤੋਂ ਛੋਟੇ ਭਰਾ ਦੇ ਪੈਸੇ ਵੀ ਉਸ ਦੇ ਬੋਰੇ ਵਿੱਚ ਰੱਖ ਦਿਉ। ਪਰ ਉਸ ਦੇ ਬੋਰੇ ਵਿੱਚ ਮੇਰਾ ਖਾਸ ਚਾਂਦੀ ਦਾ ਪਿਆਲਾ ਵੀ ਰੱਖ ਦਿਉ।” ਇਸ ਲਈ ਨੌਕਰ ਨੇ ਯੂਸੁਫ਼ ਦਾ ਹੁਕਮ ਮੰਨਿਆ।

ਅਗਲੀ ਸਵੇਰ ਸੁਵਖਤੇ ਹੀ, ਭਰਾਵਾਂ ਨੂੰ ਅਤੇ ਉਨ੍ਹਾਂ ਦੇ ਖੋਤਿਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਘੱਲ ਦਿੱਤਾ ਗਿਆ। ਉਨ੍ਹਾਂ ਦੇ ਦੂਰ ਜਾਣ ਤੋਂ ਪਹਿਲਾਂ, ਯੂਸੁਫ਼ ਨੇ ਆਪਣੇ ਨੌਕਰ ਨੂੰ ਆਖਿਆ, “ਜਾ ਅਤੇ ਉਨ੍ਹਾਂ ਦਾ ਪਿੱਛਾ ਕਰ। ਉਨ੍ਹਾਂ ਨੂੰ ਰੋਕ ਅਤੇ ਆਖ, ‘ਅਸੀਂ ਤੁਹਾਡਾ ਭਲਾ ਕੀਤਾ! ਪਰ ਤੁਸੀਂ ਸਾਡਾ ਬੁਰਾ ਕਿਉਂ ਕੀਤਾ ਹੈ? ਤੁਸੀਂ ਮੇਰੇ ਸੁਆਮੀ ਦਾ ਚਾਂਦੀ ਦਾ ਪਿਆਲਾ ਕਿਉਂ ਚੋਰੀ ਕੀਤਾ ਹੈ? ਮੇਰਾ ਸੁਆਮੀ ਉਸ ਪਿਆਲੇ ਵਿੱਚ ਮੈਅ ਪੀਂਦਾ ਹੈ ਅਤੇ ਇਸਦੀ ਵਰਤੋਂ ਗੁਪਤ ਗੱਲਾਂ ਜਾਨਣ ਲਈ ਕਰਦਾ ਹੈ। ਜੋ ਕੁਝ ਤੁਸੀਂ ਕੀਤਾ ਹੈ ਉਹ ਗਲਤ ਹੈ।’”

ਇਸ ਲਈ ਨੌਕਰ ਨੇ ਹੁਕਮ ਮੰਨਿਆ ਉਹ ਜਾਕੇ ਉਨ੍ਹਾਂ ਦੇ ਨਾਲ ਰਲ ਗਿਆ ਅਤੇ ਉਨ੍ਹਾਂ ਨੂੰ ਉਹ ਸਭ ਕੁਝ ਕਿਹਾ ਜੋ ਕੁਝ ਯੂਸੁਫ਼ ਨੇ ਉਸ ਨੂੰ ਆਖਣ ਲਈ ਕਿਹਾ ਸੀ।

ਪਰ ਭਰਾਵਾਂ ਨੇ ਨੌਕਰ ਨੂੰ ਆਖਿਆ, “ਰਾਜਪਾਲ ਇਹ ਗੱਲਾਂ ਕਿਉਂ ਆਖਦਾ ਹੈ? ਅਸੀਂ ਅਜਿਹੀ ਕੋਈ ਗੱਲ ਨਹੀਂ ਕੀਤੀ! ਅਸੀਂ ਉਹ ਪੈਸੇ ਵਾਪਸ ਲੈ ਕੇ ਆਏ ਸੀ ਜਿਹੜੇ ਸਾਨੂੰ ਪਹਿਲਾਂ ਆਪਣੇ ਬੋਰਿਆਂ ਵਿੱਚੋਂ ਮਿਲੇ ਸਨ। ਇਸ ਲਈ ਅਸੀਂ ਅਵੱਸ਼ ਹੀ ਤੁਹਾਡੇ ਸੁਆਮੀ ਦੇ ਘਰ ਤੋਂ ਚਾਂਦੀ ਜਾਂ ਸੋਨਾ ਚੋਰੀ ਨਹੀਂ ਕੀਤਾ। ਜੇ ਤੁਹਾਨੂੰ ਸਾਡੇ ਕਿਸੇ ਵੀ ਬੋਰੇ ਵਿੱਚੋਂ ਉਹ ਚਾਂਦੀ ਦਾ ਪਿਆਲਾ ਮਿਲ ਜਾਵੇ ਤਾਂ ਉਹ ਬੰਦਾ ਮਾਰ ਦਿੱਤਾ ਜਾਵੇ। ਤੁਸੀਂ ਉਸ ਨੂੰ ਮਾਰ ਸੱਕਦੇ ਹੋਂ, ਅਤੇ ਅਸੀਂ ਤੁਹਾਡੇ ਗੁਲਾਮ ਬਣ ਜਾਵਾਂਗੇ।”

10 ਨੌਕਰ ਨੇ ਆਖਿਆ, “ਅਸੀਂ ਉਵੇਂ ਹੀ ਕਰਾਂਗੇ ਜਿਵੇਂ ਤੁਸੀਂ ਆਖਦੇ ਹੋ। ਪਰ ਮੈਂ ਉਸ ਬੰਦੇ ਨੂੰ ਮਾਰਾਂਗਾ ਨਹੀਂ। ਜੇ ਮੈਨੂੰ ਚਾਂਦੀ ਦਾ ਪਿਆਲਾ ਮਿਲ ਗਿਆ ਤਾਂ ਉਹ ਆਦਮੀ ਮੇਰਾ ਗੁਲਾਮ ਹੋਵੇਗਾ। ਦੂਸਰੇ ਆਜ਼ਾਦ ਹੋਣਗੇ।”

ਜਾਲ ਸੁੱਟਿਆ ਜਾਂਦਾ ਹੈ; ਬਿਨਯਾਮੀਨ ਫ਼ੜਿਆ ਜਾਂਦਾ ਹੈ

11 ਫ਼ੇਰ ਹਰੇਕ ਭਰਾ ਨੇ ਛੇਤੀ ਨਾਲ ਆਪਣੀ ਬੋਰੀ ਧਰਤੀ ਉੱਤੇ ਢੇਰੀ ਕਰ ਦਿੱਤੀ। 12 ਨੌਕਰ ਨੇ ਬੋਰੀਆਂ ਦੇਖਣੀਆਂ ਸ਼ੁਰੂ ਕਰ ਦਿੱਤੀਆਂ ਉਸ ਨੇ ਸਭ ਤੋਂ ਵੱਡੇ ਭਰਾ ਤੋਂ ਤਲਾਸ਼ੀ ਸ਼ੁਰੂ ਕੀਤੀ ਅਤੇ ਸਭ ਤੋਂ ਛੋਟੇ ਅਤੇ ਖਤਮ ਕੀਤੀ। ਉਸ ਨੇ ਬਿਨਯਾਮੀਨ ਦੀ ਬੋਰੀ ਵਿੱਚ ਪਿਆਲਾ ਲੱਭ ਲਿਆ। 13 ਭਰਾ ਬਹੁਤ ਉਦਾਸ ਹੋ ਗਏ। ਉਨ੍ਹਾਂ ਨੇ ਦੁੱਖ ਨਾਲ ਆਪਣੇ ਕੱਪੜੇ ਲੀਰੋ-ਲੀਰ ਕਰ ਦਿੱਤੇ। ਉਨ੍ਹਾਂ ਨੇ ਬੋਰੀਆਂ ਵਾਪਸ ਖੋਤਿਆਂ ਉੱਤੇ ਲੱਦ ਲਈਆਂ ਅਤੇ ਸ਼ਹਿਰ ਵਾਪਸ ਚੱਲੇ ਗਏ।

14 ਯਹੂਦਾਹ ਅਤੇ ਉਸ ਦੇ ਭਰਾ ਯੂਸੁਫ਼ ਦੇ ਘਰ ਵੱਲ ਵਾਪਸ ਚੱਲੇ ਗਏ। ਯੂਸੁਫ਼ ਹਾਲੇ ਵੀ ਉੱਥੇ ਹੀ ਸੀ। ਭਰਾ ਉਸ ਦੇ ਸਾਹਮਣੇ ਧਰਤੀ ਉੱਤੇ ਡਿੱਗ ਪਏ। 15 ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਇਹ ਗੱਲ ਕਿਉਂ ਕੀਤੀ? ਕੀ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਕਿ ਮੇਰੇ ਕੋਲ ਗੁਪਤ ਗੱਲਾਂ ਜਾਨਣ ਦਾ ਖਾਸ ਤਰੀਕਾ ਹੈ। ਕੋਈ ਵੀ ਬੰਦਾ ਇਹ ਗੱਲ ਮੇਰੇ ਨਾਲੋਂ ਬਿਹਤਰ ਨਹੀਂ ਕਰ ਸੱਕਦਾ।”

16 ਯਹੂਦਾਹ ਨੇ ਆਖਿਆ, “ਜਨਾਬ, ਸਾਡੇ ਕਹਿਣ ਲਈ ਕੁਝ ਨਹੀਂ ਬੱਚਿਆਂ! ਇਸ ਨੂੰ ਸਮਝਾਉਣ ਦਾ ਕੋਈ ਰਸਤਾ ਨਹੀਂ। ਅਜਿਹਾ ਕੋਈ ਤਰੀਕਾ ਨਹੀਂ ਜਿਸ ਨਾਲ ਅਸੀਂ ਇਹ ਸਾਬਤ ਕਰ ਸੱਕੀਏ ਕਿ ਅਸੀਂ ਦੋਸ਼ੀ ਨਹੀਂ ਹਾਂ। ਪਰਮੇਸ਼ੁਰ ਨੇ ਸਾਡੀ ਕਿਸੇ ਹੋਰ ਕਰਨੀ ਲਈ ਸਾਡਾ ਨਿਆਂ ਕੀਤਾ ਹੈ। ਇਸ ਲਈ ਅਸੀਂ ਉਸ ਦੇ ਸਮੇਤ, ਤੁਹਾਡੇ ਗੁਲਾਮ ਹੋਵਾਂਗੇ ਜਿਸਦੇ ਬੋਰੇ ਵਿੱਚ ਤੁਹਾਡਾ ਪਿਆਲਾ ਮਿਲਿਆ ਸੀ।”

17 ਪਰ ਯੂਸੁਫ਼ ਨੇ ਆਖਿਆ, “ਮੈਂ ਤੁਹਾਨੂੰ ਬਾਕੀ ਸਾਰਿਆਂ ਨੂੰ ਗੁਲਾਮ ਨਹੀਂ ਬਣਾਵਾਂਗਾ! ਸਿਰਫ਼ ਉਹੀ ਬੰਦਾ ਜਿਸਨੇ ਮੇਰਾ ਪਿਆਲਾ ਚੁਰਾਇਆ ਸੀ, ਮੇਰਾ ਗੁਲਾਮ ਹੋਵੇਗਾ। ਤੁਸੀਂ ਬਾਕੀ ਸਾਰੇ ਜਣੇ ਸ਼ਾਂਤੀ ਨਾਲ ਆਪਣੇ ਪਿਤਾ ਕੋਲ ਜਾ ਸੱਕਦੇ ਹੋ।”

ਰੋਮੀਆਂ ਨੂੰ 8:1-10

ਆਤਮਾ ਵਿੱਚ ਜੀਵਨ

ਤਾਂ ਹੁਣ, ਜਿਹੜੇ ਲੋਕ ਯਿਸੂ ਮਸੀਹ ਵਿੱਚ ਹਨ ਉਨ੍ਹਾਂ ਦਾ ਨਿਆਂ ਦੋਸ਼ੀਆਂ ਵਾਂਗ ਨਹੀਂ ਹੋਵੇਗਾ। ਮੈਂ ਭਲਾ ਦੋਸ਼ੀ ਕਿਉਂ ਨਹੀਂ ਠਹਿਰਾਇਆ ਗਿਆ। ਕਿਉਂਕਿ ਮਸੀਹ ਯਿਸੂ ਵਿੱਚ, ਆਤਮਾ ਦਾ ਨੇਮ ਜੋ ਜੀਵਨ ਲਿਆਉਂਦਾ ਹੈ, ਉਸ ਨੇ ਮੈਨੂੰ ਉਸ ਸ਼ਰ੍ਹਾ ਤੋਂ ਮੁਕਤ ਕੀਤਾ ਹੈ, ਜੋ ਪਾਪ ਅਤੇ ਮੌਤ ਲਿਆਉਂਦੀ ਹੈ। ਸ਼ਰ੍ਹਾ ਸ਼ਕਤੀਹੀਣ ਸੀ ਕਿਉਂਕਿ ਸਾਡੇ ਪਾਪੀ ਸੁਭਾਵਾਂ ਨੇ ਇਸ ਨੂੰ ਕਮਜ਼ੋਰ ਬਣਾ ਦਿੱਤਾ। ਪਰ ਪਰਮੇਸ਼ੁਰ ਨੇ ਉਹ ਕੁਝ ਕੀਤਾ ਜੋ ਸ਼ਰ੍ਹਾ ਨਾ ਕਰ ਸੱਕੀ। ਪਰ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਉਸੇ ਮਨੁੱਖੀ ਸਰੀਰ ਵਿੱਚ ਧਰਤੀ ਉੱਤੇ ਭੇਜਿਆ ਜਿਸ ਨੂੰ ਅਸੀਂ ਪਾਪ ਕਰਨ ਲਈ ਇਸਤੇਮਾਲ ਕਰਦੇ ਹਾਂ। ਪਰਮੇਸ਼ੁਰ ਨੇ ਉਸੇ ਮਨੁੱਖੀ ਸਰੀਰ ਨੂੰ ਪਾਪ ਦਾ ਭੁਗਤਾਨ ਕਰਨ ਲਈ ਚਢ਼ਾਵੇ ਦੇ ਤੌਰ ਤੇ ਇਸਤੇਮਾਲ ਕੀਤਾ। ਇਸ ਲਈ ਪਰਮੇਸ਼ੁਰ ਨੇ ਪਾਪ ਨੂੰ ਨਿੰਦਣ ਲਈ ਇਨਸਾਨੀ ਜੀਵਨ ਇਸਤੇਮਾਲ ਕੀਤਾ। ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਅਸੀਂ ਸ਼ਰ੍ਹਾ ਦੀਆਂ ਜ਼ਰੂਰਤਾਂ ਨੂੰ ਆਪਣੇ ਵੱਲੋਂ ਪੂਰਨ ਕਰ ਸੱਕੀਏ ਕਿਉਂਕਿ ਅਸੀਂ ਆਤਮਾ ਅਨੁਸਾਰ ਜਿਉਂਦੇ ਹਾਂ ਨਾ ਕਿ ਆਪਣੇ ਪਾਪੀ ਸੁਭਾਅ ਦੇ ਅਨੁਸਾਰ।

ਜਿਹੜੇ ਲੋਕ ਆਪਣੇ ਪਾਪੀ ਸੁਭਾਅ ਦੇ ਅਨੁਸਾਰ ਜਿਉਂਦੇ ਹਨ ਉਹ ਸਿਰਫ਼ ਉਨ੍ਹਾਂ ਗੱਲਾਂ ਬਾਰੇ ਸੋਚਦੇ ਹਨ ਜੋ ਉਨ੍ਹਾਂ ਦੇ ਪਾਪੀ ਸੁਭਾਅ ਚਾਹੁੰਦੇ ਹਨ। ਪਰ ਜਿਹੜੇ ਲੋਕ ਆਤਮਾ ਅਨੁਸਾਰ ਜਿਉਂਦੇ ਹਨ, ਉਹ ਸਿਰਫ਼ ਉਨ੍ਹਾਂ ਗੱਲਾਂ ਬਾਰੇ ਹੀ ਸੋਚਦੇ ਹਨ ਜੋ ਆਤਮਾ ਉਨ੍ਹਾਂ ਤੋਂ ਕਰਵਾਉਣੀਆਂ ਚਾਹੁੰਦਾ ਹੈ। ਇਸ ਲਈ ਜੇਕਰ ਇੱਕ ਮਨੁੱਖ ਦੀ ਸੋਚ ਪਾਪੀ ਸੁਭਾਅ ਦੇ ਕਾਬੂ ਵਿੱਚ ਹੈ, ਤਾਂ ਨਤੀਜਾ ਆਤਮਕ ਮੌਤ ਹੈ, ਪਰ ਜੇਕਰ ਕਿਸੇ ਮਨੁੱਖ ਦੀ ਸੋਚ ਆਤਮਾ ਦੇ ਕਾਬੂ ਵਿੱਚ ਹੈ, ਤਾਂ ਨਤੀਜਾ ਹੋਵੇਗਾ ਜੀਵਨ ਅਤੇ ਸ਼ਾਂਤੀ। ਇਹ ਕਿਵੇਂ ਸੱਚ ਹੈ? ਕਿਉਂਕਿ ਜੇਕਰ ਇੱਕ ਮਨੁੱਖ ਦੀ ਸੋਚ ਪਾਪੀ ਸੁਭਾਅ ਦੇ ਵੱਸ ਹੈ, ਉਹ ਮਨੁੱਖ ਪਰਮੇਸ਼ੁਰ ਦੇ ਨੇਮ ਦੀ ਪਾਲਣਾ ਕਰਨ ਤੋਂ ਇਨਕਾਰ ਕਰਦਾ ਹੈ। ਸੱਚ ਮੁੱਚ ਉਹ ਵਿਅਕਤੀ ਪਰਮੇਸ਼ੁਰ ਦੇ ਨੇਮ ਦੀ ਪਾਲਣਾ ਕਰਨ ਦੇ ਲਾਇੱਕ ਨਹੀਂ। ਉਹ ਮਨੁੱਖ ਜਿਹੜੇ ਆਪਣੇ ਪਾਪੀ ਸੁਭਾਅ ਦੇ ਅਨੁਸਾਰ ਜਿਉਂਦੇ ਹਨ, ਪਰਮੇਸ਼ੁਰ ਨੂੰ ਪ੍ਰਸੰਨ ਨਹੀਂ ਕਰ ਸੱਕਦੇ।

ਪਰ ਤੁਹਾਡੇ ਉੱਪਰ ਪਾਪੀ ਸੁਭਾਅ ਦਾ ਰਾਜ ਨਹੀਂ ਹੈ। ਤੁਹਾਡੇ ਉੱਪਰ ਆਤਮਾ ਦਾ ਰਾਜ ਹੈ। ਪਰ ਜੇਕਰ ਸੱਚ ਮੁੱਚ ਪਰਮੇਸ਼ੁਰ ਦਾ ਆਤਮਾ ਤੁਹਾਡੇ ਅੰਦਰ ਨਿਵਾਸ ਕਰਦਾ ਹੈ ਤੇ। ਪਰ ਜੇਕਰ ਕਿਸੇ ਮਨੁੱਖ ਕੋਲ ਮਸੀਹ ਦਾ ਆਤਮਾ ਨਹੀਂ ਹੈ, ਤਾਂ ਫ਼ਿਰ ਉਹ ਵਿਅਕਤੀ ਮਸੀਹ ਨਾਲ ਸੰਬੰਧਿਤ ਨਹੀਂ ਹੈ। 10 ਤੁਹਾਡਾ ਸਰੀਰ ਪਾਪ ਕਾਰਣ ਹਮੇਸ਼ਾ ਮ੍ਰਿਤਕ ਹੋਵੇਗਾ। ਪਰ ਜੇ ਮਸੀਹ ਤੁਹਾਡੇ ਅੰਦਰ ਹੈ ਤਾਂ ਆਤਮਾ ਤੁਹਾਨੂੰ ਜੀਵਨ ਦਿੰਦਾ ਹੈ, ਕਿਉਂਕਿ ਮਸੀਹ ਨੇ ਤੁਹਾਨੂੰ ਧਰਮੀ ਬਣਾਇਆ ਹੈ।

ਯੂਹੰਨਾ 5:25-29

25 ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਉਹ ਸਮਾਂ ਆ ਰਿਹਾ ਹੈ, ਅਤੇ ਇਹ ਪਹਿਲਾਂ ਹੀ ਇੱਥੇ ਹੈ। ਉਹ ਜੋ ਮਰ ਚੁੱਕੇ ਹਨ ਪਰਮੇਸ਼ੁਰ ਦੇ ਪੁੱਤਰ ਦੀ ਅਵਾਜ਼ ਨੂੰ ਸੁਣਨਗੇ ਅਤੇ ਜਿਹੜੇ ਲੋਕ ਉਸ ਨੂੰ ਸੁਨਣਗੇ ਉਨ੍ਹਾਂ ਨੂੰ ਜੀਵਨ ਮਿਲੇਗਾ। 26 ਜਿਸ ਤਰਾਂ ਪਿਤਾ ਜੀਵਨ ਦੇਣ ਦਾ ਅਧਿਕਾਰ ਰੱਖਦਾ ਹੈ ਉਸੀ ਤਰਾਂ ਉਸ ਨੇ ਪੁੱਤਰ ਨੂੰ ਵੀ ਜੀਵਨ ਦੇਣ ਦਾ ਅਧਿਕਾਰ ਦਿੱਤਾ ਹੈ। 27 ਪਿਤਾ ਨੇ ਨਿਆਂ ਕਰਨ ਦਾ ਵੀ ਅਧਿਕਾਰ ਆਪਣੇ ਪੁੱਤਰ ਨੂੰ ਦਿੱਤਾ ਹੈ ਕਿਉਂਕਿ ਉਹ ਆਦਮੀ ਦਾ ਪੁੱਤਰ ਹੈ।

28 “ਇਸ ਗੱਲ ਬਾਰੇ ਹੈਰਾਨ ਨਾ ਹੋਵੋ। ਉਹ ਸਮਾਂ ਆ ਰਿਹਾ ਹੈ ਜਦੋਂ ਕਬਰਾਂ ਚ ਪਏ ਮੋਏ ਬੰਦੇ ਵੀ ਉਸ ਦੀ ਅਵਾਜ਼ ਸੁਣਨਗੇ। 29 ਉਹ ਆਪਣੀਆਂ ਕਬਰਾਂ ਚੋਂ ਬਾਹਰ ਆ ਜਾਣਾਗੇ, ਉਹ ਜਿਨ੍ਹਾਂ ਨੇ ਭਲੇ ਕੰਮ ਕੀਤੇ ਹਨ, ਜੀਅ ਉੱਠਣਗੇ ਅਤੇ ਸਦੀਪਕ ਜੀਵਨ ਪ੍ਰਾਪਤ ਕਰਨਗੇ। ਪਰ ਉਹ ਲੋਕ, ਜਿਨ੍ਹਾਂ ਨੇ ਮੰਦੇ ਕੰਮ ਕੀਤੇ ਹਨ, ਉਹ ਦੰਡ ਦੇ ਨਿਆਂ ਲਈ ਜੀਅ ਉੱਠਣਗੇ।

Punjabi Bible: Easy-to-Read Version (ERV-PA)

2010 by World Bible Translation Center