Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 55

ਨਿਰਦੇਸ਼ਕ ਲਈ: ਸਾਜਾਂ ਨਾਲ ਦਾਊਦ ਦਾ ਇੱਕ ਭੱਗਤੀ ਗੀਤ।

55 ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਸੁਣ।
    ਕਿਰਪਾ ਕਰਕੇ ਦਯਾ ਲਈ ਮੇਰੀ ਪ੍ਰਾਰਥਨਾ ਨੂੰ ਅਣਡਿਠ ਨਾ ਕਰੋ।
ਹੇ ਪਰਮੇਸ਼ੁਰ, ਕਿਰਪਾ ਕਰਕੇ ਮੇਰੀ ਪ੍ਰਾਰਥਨਾ ਨੂੰ ਸੁਣੋ ਅਤੇ ਜਵਾਬ ਦਿਉ।
    ਮੈਨੂੰ ਤੁਹਾਡੇ ਨਾਲ ਗੱਲ ਕਰਨ ਦਿਉ ਅਤੇ ਤੁਹਾਨੂੰ ਆਪਣੀਆਂ ਸ਼ਿਕਾਇਤਾਂ ਦੱਸਣ ਦਿਉ।
ਮੇਰੇ ਵੈਰੀਆਂ ਨੇ ਮੈਨੂੰ ਮੰਦਾ ਆਖਿਆ।
    ਉਹ ਬਦਚਲਣ ਬੰਦਾ ਮੇਰੇ ਉੱਤੇ ਚੀਕਿਆ।
ਮੇਰੇ ਵੈਰੀ ਕ੍ਰੋਧ ਵਿੱਚ ਸਨ ਅਤੇ ਉਨ੍ਹਾਂ ਨੇ ਮੇਰੇ ਉੱਤੇ ਹਮਲਾ ਕੀਤਾ।
    ਉਨ੍ਹਾਂ ਨੇ ਮੇਰੇ ਉੱਤੇ ਮੁਸੀਬਤਾਂ ਦੇ ਪਹਾੜ ਲਿਆਂਦੇ।
ਮੇਰਾ ਦਿਲ ਮੇਰੇ ਅੰਦਰ ਬੁਰੀ ਤਰ੍ਹਾਂ ਧੜਕ ਰਿਹਾ ਹੈ।
    ਮੈਂ ਮੌਤ ਕੋਲੋਂ ਸਹਿਮ ਗਿਆ ਹਾਂ।
ਮੈਂ ਸਹਿਮਿਆ ਹਾਂ ਅਤੇ ਕੰਬ ਰਿਹਾ ਹਾਂ।
    ਮੈਂ ਭੈਭੀਤ ਹਾਂ।
ਹਾਏ, ਜੇ ਕਿਧਰੇ ਮੇਰੇ ਕਬੂਤਰੀ ਵਾਂਗ ਖੰਭ ਹੁੰਦੇ।
    ਮੈਂ ਦੂਰ ਉੱਡ ਜਾਂਦਾ ਅਤੇ ਸੱਕੂਨ ਲਈ ਥਾਂ ਲੱਭ ਲੈਂਦਾ।
    ਮੈਂ ਦੂਰ ਬਹੁਤ ਦੂਰ ਮਾਰੂਥਲ ਅੰਦਰ ਚੱਲਿਆ ਜਾਂਦਾ।

ਮੈਂ ਦੌੜ ਜਾਂਦਾ ਮੈਂ ਬਚ ਨਿਕਲਦਾ
    ਮੈਂ ਮੁਸੀਬਤਾਂ ਦੇ ਇਸ ਤੂਫ਼ਾਨ ਤੋਂ ਦੂਰ ਨੱਸ ਜਾਂਦਾ।
ਮੇਰੇ ਮਾਲਕ ਇਨ੍ਹਾਂ ਦੇ ਝੂਠ ਨੂੰ ਰੋਕੋ।
    ਮੈਂ ਇਸ ਸ਼ਹਿਰ ਅੰਦਰ ਹਿੰਸਾ ਅਤੇ ਲੜਾਈ ਦੇਖਦਾ ਹਾਂ।
10 ਰਾਤ ਦਿਨ ਹਰ ਇਲਾਵੇ ਵਿੱਚ ਸ਼ਹਿਰ,
    ਜ਼ੁਰਮ ਅਤੇ ਬਦਨਾਮੀ ਨਾਲ ਭਰਿਆ ਪਿਆ ਹੈ।
11 ਮੁਹੱਲਿਆਂ ਵਿੱਚ ਬਹੁਤ ਹੀ ਜੁਰਮ ਹੁੰਦਾ ਹੈ।
    ਲੋਕ ਹਰ ਥਾਂ ਝੂਠ ਬੋਲਦੇ ਹਨ ਅਤੇ ਧੋਖਾ ਦਿੰਦੇ ਹਨ।

12 ਜੇ ਕੋਈ ਵੈਰੀ ਮੇਰੀ ਬੇਇੱਜ਼ਤੀ ਕਰਨ ਵਾਲਾ ਹੁੰਦਾ,
    ਮੈਂ ਬਰਦਾਸ਼ਤ ਕਰ ਸੱਕਦਾ ਹਾਂ।
ਜੇ ਵੈਰੀ ਮੇਰੇ ਉੱਪਰ ਹਮਲਾਵਰ ਹੁੰਦੇ
    ਮੈਂ ਛੁਪ ਸੱਕਦਾ ਸਾਂ।
13 ਪਰ ਇਹ ਤਾਂ ਤੁਸੀਂ ਹੋ, ਮੇਰੇ ਸਾਥੀ ਮੇਰੇ ਸਹਿਯੋਗੀ ਮੇਰੇ ਮਿੱਤਰ,
    ਤੁਸੀਂ ਹੀ ਮੈਨੂੰ ਤਕਲੀਫ਼ਾਂ ਦੇ ਰਹੇ ਹੋ।
14 ਅਸੀਂ ਇੱਕ ਦੂਸਰੇ ਨਾਲ ਭੇਤ ਸਾਂਝੇ ਕਰਦੇ ਹੁੰਦੇ ਸਾਂ,
    ਜਦੋਂ ਅਸੀਂ ਭੀੜਾਂ ਵਿੱਚ ਤੁਰਕੇ ਇਕੱਠੇ ਪਰਮੇਸ਼ੁਰ ਦੇ ਮੰਦਰ ਵੱਲ ਜਾਂਦੇ ਸਾਂ।

15 ਮੈਂ ਚਾਹੁੰਦਾ ਹਾਂ ਕਿ ਮੌਤ ਮੇਰੇ ਵੈਰੀਆਂ ਨੂੰ ਹੈਰਾਨ ਕਰ ਦੇਵੇ।
    ਮੈਂ ਚਾਹੁੰਦਾ ਹਾਂ ਕਿ ਧਰਤੀ ਦਾ ਮੂੰਹ ਖੁਲ੍ਹ ਜਾਵੇ ਅਤੇ ਉਹ ਉਨ੍ਹਾਂ ਨੂੰ ਜਿਉਂਦਿਆਂ ਨਿਗਲ ਲਵੇ।
    ਕਿਉਂਕਿ ਉਹ ਇਕੱਠੇ ਅਜਿਹੀਆਂ ਭਿਆਨਕ ਗੱਲਾਂ ਦੀਆਂ ਵਿਉਂਤਾਂ ਬਣਾਉਂਦੇ ਹਨ,

16 ਮੈਂ ਪਰਮੇਸ਼ੁਰ ਨੂੰ ਸਹਾਇਤਾ ਲਈ ਬੁਲਾਵਾਂਗਾ,
    ਯਹੋਵਾਹ ਮੈਨੂੰ ਉੱਤਰ ਦੇਵੇਗਾ।
17 ਮੈਂ ਪਰਮੇਸ਼ੁਰ ਨਾਲ ਸ਼ਾਮ, ਸਵੇਰੇ ਅਤੇ ਦੁਪਿਹਰ ਨੂੰ ਗੱਲ ਕਰਦਾ ਹਾਂ।
    ਮੈਂ ਉਸ ਨੂੰ ਆਪਣੀ ਤਕਲੀਫ਼ ਬਾਰੇ ਦੱਸਦਾ ਹਾਂ, ਅਤੇ ਉਹ ਮੇਰੀ ਗੱਲ ਸੁਣਦਾ ਹੈ।
18 ਮੈਂ ਬਹੁਤ ਲੜਾਈਆਂ ਵਿੱਚ ਲੜਿਆ ਹਾਂ।
    ਪਰ ਪਰਮੇਸ਼ੁਰ ਨੇ ਸਦਾ ਮੈਨੂੰ ਬਚਾਇਆ ਹੈ ਅਤੇ ਸੁਰੱਖਿਅਤ ਵਾਪਸ ਲਿਆਂਦਾ ਹੈ।
19 ਪਰਮੇਸ਼ੁਰ ਮੇਰੀ ਗੱਲ ਸੁਣਦਾ ਹੈ।
    ਸਦੀਵੀ ਰਾਜਾ ਮੇਰੀ ਸਹਾਇਤਾ ਕਰੇਗਾ।

ਮੇਰੇ ਵੈਰੀ ਆਪਣਾ ਜੀਵਨ ਢੰਗ ਨਹੀਂ ਬਦਲਣਗੇ,
    ਉਹ ਪਰਮੇਸ਼ੁਰ ਕੋਲੋਂ ਨਹੀਂ ਡਰਨਗੇ ਅਤੇ ਨਾ ਆਦਰ ਕਰਨਗੇ।
20 ਮੇਰੇ ਵੈਰੀਆਂ ਨੇ ਆਪਣੇ ਹੀ ਦੋਸਤਾਂ ਉੱਪਰ ਹਮਲਾ ਕੀਤਾ।
    ਉਹ ਉਹੋਂ ਗੱਲਾਂ ਨਹੀਂ ਕਰਦੇ ਜਿਨ੍ਹਾਂ ਬਾਰੇ ਉਹ ਸਹਿਮਤ ਹੁੰਦੇ ਹਨ।
21 ਮੇਰੇ ਵੈਰੀ ਅਸਲ ਵਿੱਚ ਬਹੁਤ ਖੁਸ਼ਾਮਦੀ ਗਾਲੜੀ ਹਨ, ਉਹ ਸ਼ਾਂਤੀ ਬਾਰੇ ਗੱਲਾਂ ਕਰਦੇ ਹਨ,
    ਪਰ ਅਸਲੀਅਤ ਵਿੱਚ ਉਹ ਯੁੱਧ ਲਈ ਵਿਉਂਤਾਂ ਘੜਦੇ ਹਨ।
ਉਨ੍ਹਾਂ ਦੇ ਸ਼ਬਦ ਤੇਲ ਵਰਗੇ ਹਨ ਚਿਕਨੇ ਹਨ
    ਪਰ ਉਹ ਸ਼ਬਦ ਚਾਕੂ ਵਾਂਗ ਹਮਲਾ ਕਰਦੇ ਹਨ।

22 ਆਪਣੇ ਫ਼ਿਕਰ ਯਹੋਵਾਹ ਨੂੰ ਸੌਂਪ ਦਿਉ
    ਅਤੇ ਉਹ ਤੁਹਾਡਾ ਧਿਆਨ ਰੱਖੇਗਾ।
    ਯਹੋਵਾਹ ਕਦੀ ਵੀ ਚੰਗੇ ਲੋਕਾਂ ਨੂੰ ਹਾਰਨ ਨਹੀਂ ਦੇਵੇਗਾ।

23 ਹੇ ਪਰਮੇਸ਼ੁਰ, ਆਪਣੇ ਕਰਾਰ ਦੇ ਮੁਤਾਬਕ,
    ਤੂੰ ਉਨ੍ਹਾਂ ਝੂਠਿਆਂ ਅਤੇ ਕਾਤਲਾਂ ਨੂੰ ਉਨ੍ਹਾਂ ਦੀ ਅੱਧੀ ਜ਼ਿੰਦਗੀ ਮੁੱਕਣ ਤੋਂ ਵੀ ਪਹਿਲਾਂ ਹੀ ਕਬਰਾਂ ਵਿੱਚ ਭੇਜ।
ਜਿੱਥੇ ਤੱਕ ਮੇਰਾ ਸਵਾਲ ਹੈ ਮੈਨੂੰ ਤੇਰੇ ਉੱਤੇ ਭਰੋਸਾ ਹੈ ਕਿ ਤੂੰ ਮੈਨੂੰ ਬਚਾਵੇਗਾ।

ਜ਼ਬੂਰ 138:1-139:23

ਦਾਊਦ ਦਾ ਇੱਕ ਗੀਤ।

138 ਹੇ ਪਰਮੇਸ਼ੁਰ, ਮੈਂ ਪੂਰੇ ਦਿਲ ਨਾਲ ਤੇਰੀ ਉਸਤਤਿ ਕਰਦਾ ਹਾਂ।
    ਮੈਂ ਸਾਰੇ ਦੇਵਤਿਆ ਸਾਹਮਣੇ ਤੇਰੇ ਗੀਤ ਗਾਵਾਂਗਾ।
ਹੇ ਪਰਮੇਸ਼ੁਰ, ਮੈਂ ਤੇਰੇ ਪਵਿੱਤਰ ਮੰਦਰ ਨੂੰ ਸਿਜਦਾ ਕਰਦਾ ਹਾਂ।
    ਮੈਂ ਤੇਰੇ ਨਾਮ ਦੀ, ਤੇਰੇ ਸੱਚੇ ਪਿਆਰ ਦੀ, ਅਤੇ ਤੇਰੀ ਵਫ਼ਾਦਾਰੀ ਦੀ ਉਸਤਤਿ ਕਰਦਾ ਹਾਂ।
ਤੂੰ ਆਪਣੇ ਸ਼ਬਦ ਦੀ ਸ਼ਕਤੀ ਲਈ ਮਸ਼ਹੂਰ ਹੈਂ ਹੁਣ ਤੂੰ ਇਸ ਨੂੰ ਹੋਰ ਵੀ ਮਹਾਨ ਬਣਾ ਦਿੱਤਾ ਹੈ।
ਹੇ ਪਰਮੇਸ਼ੁਰ, ਮੈਂ ਤੈਨੂੰ ਮਦਦ ਲਈ ਪੁਕਾਰਿਆ।
    ਅਤੇ ਤੁਸੀਂ ਮੈਨੂੰ ਉੱਤਰ ਦਿੱਤਾ! ਤੁਸੀਂ ਮੈਨੂੰ ਸ਼ਕਤੀ ਦਿੱਤੀ।

ਯਹੋਵਾਹ, ਧਰਤੀ ਦੇ ਸਾਰੇ ਰਾਜੇ ਤੁਹਾਡੀ ਉਸਤਤਿ ਕਰਨਗੇ।
    ਜਦੋਂ ਜੋ ਤੁਸੀਂ ਆਖੋਂਗੇ ਉਹ ਸੁਣਨਗੇ।
ਉਹ ਯਹੋਵਾਹ ਦੇ ਰਸਤੇ ਬਾਰੇ ਗਾਉਣਗੇ।
    ਕਿਉਂਕਿ ਯਹੋਵਾਹ ਦੀ ਮਹਿਮਾ ਬਹੁਤ ਮਹਾਨ ਹੈ।
ਪਰਮੇਸ਼ੁਰ ਬਹੁਤ ਮਹੱਤਵਪੂਰਣ ਹੈ।
    ਪਰ ਫ਼ੇਰ ਵੀ ਉਹ ਨਿਮਾਣੇ ਲੋਕਾਂ ਦੀ ਪਾਲਣਾ ਕਰਦਾ ਹੈ।
ਜੋ ਗੁਮਾਨੀ ਲੋਕ ਕਰਦੇ ਹਨ ਉਹ ਜਾਣਦਾ ਹੈ।
    ਪਰ ਉਹ ਉਨ੍ਹਾਂ ਤੋਂ ਦੂਰ ਰਹਿੰਦਾ ਹੈ।
ਹੇ ਪਰਮੇਸ਼ੁਰ, ਜੇ ਮੈਂ ਮੁਸੀਬਤਾਂ ਵਿੱਚ ਹੋਵਾਂ ਤਾਂ ਮੈਨੂੰ ਜਿੰਦਾ ਰੱਖੀਂ।
    ਜੋ ਮੇਰੇ ਦੁਸ਼ਮਣ ਮੇਰੇ ਉੱਤੇ ਕ੍ਰੋਧਵਾਨ ਹੋਣ ਤਾਂ ਮੈਨੂੰ ਉਨ੍ਹਾਂ ਕੋਲੋਂ ਬਚਾਈ।
ਯਹੋਵਾਹ, ਮੈਨੂੰ ਉਹ ਚੀਜ਼ਾਂ ਦੇਵੋ ਜਿਨ੍ਹਾਂ ਦਾ ਤੁਸੀਂ ਇਕਰਾਰ ਕੀਤਾ ਸੀ।
    ਯਹੋਵਾਹ, ਤੁਹਾਡਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਯਹੋਵਾਹ, ਤੁਸੀਂ ਸਾਨੂੰ ਸਾਜਿਆ, ਇਸ ਲਈ ਸਾਨੂੰ ਨਾ ਛੱਡੋ।

ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।

139 ਯਹੋਵਾਹ, ਤੁਸੀਂ ਮੈਨੂੰ ਪਰੱਖਿਆ ਸੀ।
    ਤੁਸੀਂ ਮੇਰੇ ਬਾਰੇ ਸਭ ਕੁਝ ਜਾਣਦੇ ਹੋ।
ਤੁਸੀਂ ਜਾਣਦੇ ਹੋ ਮੈਂ ਕਦੋਂ ਬੈਠਦਾ ਹਾਂ ਅਤੇ ਕਦੋਂ ਉੱਠਦਾ ਹਾਂ।
    ਤੁਸੀਂ ਦੂਰੋ ਹੀ ਮੇਰੇ ਵਿੱਚਾਰ ਜਾਣਦੇ ਹੋ।
ਯਹੋਵਾਹ, ਤੁਸੀਂ ਮੈਨੂੰ ਜਾਣਦੇ ਹੋ ਮੈਂ ਕਿੱਥੇ ਜਾ ਰਿਹਾ ਹਾਂ।
    ਅਤੇ ਮੈਂ ਕਦੋਂ ਲੇਟਿਆ ਹੁੰਦਾ ਹਾਂ।
    ਤੁਸੀਂ ਸਭ ਕੁਝ ਜਾਣਦੇ ਹੋ ਜੋ ਮੈਂ ਕਰਦਾ ਹਾਂ।
ਯਹੋਵਾਹ, ਤੁਸੀਂ ਮੇਰੇ ਮੂੰਹ ਵਿੱਚੋਂ
    ਸ਼ਬਦ ਨਿਕਲਣ ਤੋਂ ਵੀ ਪਹਿਲਾ ਚਾਰ-ਚੁਫ਼ੇਰੇ ਹੋ।
ਯਹੋਵਾਹ, ਤੁਸੀਂ ਮੇਰੇ ਚਾਰ-ਚੁਫ਼ੇਰੇ, ਸਾਹਮਣੇ ਅਤੇ ਮੇਰੇ ਪਿੱਛੇ ਹੋ।
    ਤੁਸੀਂ ਹੌਲੀ ਜਿਹਾ ਆਪਣਾ ਹੱਥ ਮੇਰੇ ਉੱਤੇ ਰੱਖਦੇ ਹੋ।
ਮੈਂ ਹੈਰਾਨ ਹਾ ਕਿ ਤੁਸੀਂ ਕੀ ਕੁਝ ਜਾਣਦੇ ਹੋ।
    ਮੇਰੇ ਲਈ ਇਸ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ।
ਤੁਹਾਡੀ ਆਤਮਾ ਹਰ ਥਾਂ ਹੁੰਦੀ ਹੈ ਜਿੱਥੇ ਵੀ ਮੈਂ ਜਾਂਦਾ ਹਾਂ।
    ਯਹੋਵਾਹ, ਮੈਂ ਤੁਹਾਡੇ ਕੋਲੋਂ ਨਹੀਂ ਬਚ ਸੱਕਦਾ।
ਯਹੋਵਾਹ, ਜੇ ਮੈਂ ਸਵਰਗ ਵਿੱਚ ਜਾਂਦਾ ਹਾਂ ਤੁਸੀਂ ਉੱਥੇ ਹੁੰਦੇ ਹੋ।
    ਜੇ ਮੈਂ ਹੇਠਾਂ ਮ੍ਰਿਤੂ ਲੋਕ ਵਿੱਚ ਜਾਂਦਾ ਹਾਂ, ਤੁਸੀਂ ਉੱਥੇ ਹੁੰਦੇ ਹੋ।
ਯਹੋਵਾਹ, ਜੇ ਮੈਂ ਪੂਰਬ ਵਿੱਚ ਜਾਂਦਾ ਹਾਂ, ਜਿੱਥੇ ਸੂਰਜ ਉੱਗਦਾ ਹੈ। ਤੁਸੀਂ ਉੱਥੇ ਹੁੰਦੇ ਹੋ।
    ਜੇ ਮੈਂ ਸਮੁੰਦਰ ਵੱਲ ਪੱਛਮ ਵਿੱਚ ਜਾਂਦਾ ਹਾਂ ਤੁਸੀਂ ਉੱਥੇ ਹੁੰਦੇ ਹੋ।
10 ਉੱਥੇ ਵੀ ਤੁਹਾਡਾ ਸੱਜਾ ਹੱਥ ਮੈਨੂੰ ਫ਼ੜ ਲੈਂਦਾ ਹੈ।
    ਅਤੇ ਤੁਸੀਂ ਹੱਥ ਰਾਹੀ ਮੇਰੀ ਅਗਵਾਈ ਕਰਦੇ ਹੋ।

11 ਯਹੋਵਾਹ, ਭਾਵੇਂ ਮੈਂ ਤੁਹਾਡੇ ਕੋਲੋਂ ਛੁਪਣ ਦੀ ਕੋਸ਼ਿਸ਼ ਕਰਾਂ ਅਤੇ ਆਖਾਂ,
    “ਦਿਨ ਰਾਤ ਵਿੱਚ ਬਦਲ ਗਿਆ ਹੈ।
    ਅਵੱਸ਼ ਹੀ ਹਨੇਰਾ ਮੈਨੂੰ ਛੁਪਾ ਲਵੇਗਾ।”
12 ਪਰ ਹਨੇਰਾ ਵੀ ਤੁਹਾਡੇ ਲਈ ਹਨੇਰਾ ਨਹੀਂ ਹੈ, ਯਹੋਵਾਹ।
    ਰਾਤ ਤੁਹਾਡੇ ਲਈ ਦਿਨ ਵਾਂਗ ਹੀ ਚਮਕਦੀ ਹੈ।
13 ਤੁਸੀਂ ਮੇਰੇ ਅੰਗਾ ਨੂੰ ਇੱਕਸਾਥ ਬੁਣਿਆ ਅਤੇ ਮਾਸ ਨਾਲ ਢੱਕਿਆ
    ਜਦੋਂ ਕਿ ਮੈਂ ਅਜੇ ਆਪਣੀ ਮਾਤਾ ਦੇ ਗਰਭ ਵਿੱਚ ਸਾਂ।
14 ਯਹੋਵਾਹ, ਮੈਂ ਤੁਹਾਡੀ ਉਸਤਤਿ ਕਰਦਾ ਹਾਂ!
    ਤੁਸੀਂ ਮੈਨੂੰ ਅਜੀਬ ਢੰਗ ਨਾਲ ਬਣਾਇਆ।
ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਜੋ ਕੁਝ ਵੀ ਤੁਸੀਂ ਕੀਤਾ।
    ਇਹ ਬਹੁਤ ਅਦਭੁਤ ਹੈ।

15 ਤੁਸੀਂ ਮੇਰੇ ਬਾਰੇ ਸਭ ਕੁਝ ਜਾਣਦੇ ਹੋ।
ਤੁਸੀਂ ਮੇਰੀਆਂ ਹੱਡੀਆਂ ਨੂੰ ਵੱਧਦਿਆਂ ਵੇਖਿਆ ਹੈ,
    ਜਦੋਂ ਹਾਲੇ ਮੈਂ ਮਾਂ ਦੇ ਗਰਭ ਵਿੱਚ ਛੁਪਿਆ ਹੋਇਆ ਮੇਰਾ ਸ਼ਰੀਰ ਰੂਪ ਧਾਰ ਰਿਹਾ ਸੀ।
16 ਤੁਸੀਂ ਮੇਰੇ ਸ਼ਰੀਰ ਦੇ ਅੰਗਾ ਨੂੰ ਵੱਧਦਿਆਂ ਵੇਖਿਆ ਹੈ।
ਤੁਸੀਂ ਉਨ੍ਹਾਂ ਸਾਰਿਆ ਨੂੰ ਆਪਣੀ ਕਿਤਾਬ ਅੰਦਰ ਦਰਜ ਕਰ ਲਿਆ।
    ਤੁਸੀਂ ਮੈਨੂੰ ਹਰ-ਰੋਜ਼ ਵੇਖਿਆ ਉਨ੍ਹਾਂ ਵਿੱਚੋਂ ਕੋਈ ਵੀ ਗੁੰਮ ਨਹੀਂ ਹੈ।
17 ਮੇਰੇ ਲਈ ਤੁਹਾਡੇ ਵਿੱਚਾਰ ਮਹੱਤਵਪੂਰਣ ਹਨ।
    ਹੇ ਪਰਮੇਸ਼ੁਰ, ਤੁਸੀਂ ਇੰਨਾ ਜਾਣਦੇ ਹੋ!
18 ਜੇ ਕਿਤੇ ਮੈਂ ਉਨ੍ਹਾਂ ਦੀ ਗਿਣਤੀ ਕਰ ਸੱਕਦਾ।
    ਉਹ ਸਾਰੇ ਰੇਤ ਦੇ ਕਣਾਂ ਨਾਲੋ ਵੀ ਵੱਧੇਰੇ ਹੁੰਦੇ।

19 ਹੇ ਪਰਮੇਸ਼ੁਰ, ਬਦ ਲੋਕਾਂ ਨੂੰ ਮਾਰ ਮੁਕਾਉ।
ਉਨ੍ਹਾਂ ਕਾਤਿਲਾਂ ਨੂੰ ਮੇਰੇ ਕੋਲੋਂ ਦੂਰ ਲੈ ਜਾਵੋ।
20     ਉਹ ਬਦ ਲੋਕ ਤੁਹਾਡੇ ਬਾਰੇ ਮੰਦਾ ਬੋਲਦੇ ਹਨ।
    ਉਹ ਤੁਹਾਡੇ ਨਾਮ ਬਾਰੇ ਮੰਦਾ ਬੋਲਦੇ ਹਨ।
21 ਯਹੋਵਾਹ, ਮੈਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦਾ ਹਾਂ ਜੋ ਤੁਹਾਨੂੰ ਨਫ਼ਰਤ ਕਰਦੇ ਹਨ।
    ਮੈਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦਾ ਹਾਂ ਜਿਹੜੇ ਤੁਹਾਡੇ ਖਿਲਾਫ਼ ਹੋ ਜਾਂਦੇ ਹਨ।
22 ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਫ਼ਰਤ ਕਰਦਾ ਹਾਂ।
    ਤੁਹਾਡੇ ਦੁਸ਼ਮਣ ਮੇਰੇ ਵੀ ਦੁਸ਼ਮਣ ਹਨ।
23 ਯਹੋਵਾਹ, ਮੇਰੇ ਵੱਲ ਵੇਖੋ ਅਤੇ ਮੇਰੇ ਦਿਲ ਦੀਆਂ ਬੁੱਝ ਲਵੋ।
    ਮੇਰੀ ਪਰੱਖ ਕਰੋ ਅਤੇ ਮੇਰੇ ਵਿੱਚਾਰ ਜਾਣ ਲਵੋ।

ਉਤਪਤ 18:1-16

ਤਿੰਨ ਮਹਿਮਾਨ

18 ਬਾਦ ਵਿੱਚ, ਯਹੋਵਾਹ ਨੇ ਫ਼ੇਰ ਅਬਰਾਹਾਮ ਨੂੰ ਦਰਸ਼ਨ ਦਿੱਤਾ। ਅਬਰਾਹਾਮ ਮਮਰੇ ਦੇ ਬਲੂਤ ਦੇ ਰੁੱਖਾਂ ਨੇੜੇ ਰਹਿ ਰਿਹਾ ਸੀ। ਇੱਕ ਦਿਨ, ਸਖ਼ਤ ਗਰਮੀ ਵੇਲੇ, ਅਬਰਾਹਾਮ ਆਪਣੇ ਤੰਬੂ ਦੇ ਦਰਵਾਜ਼ੇ ਉੱਤੇ ਬੈਠਾ ਹੋਇਆ ਸੀ। ਅਬਰਾਹਾਮ ਨੇ ਉੱਪਰ ਵੱਲ ਤੱਕਿਆ ਅਤੇ ਤਿੰਨ ਆਦਮੀਆਂ ਨੂੰ ਆਪਣੇ ਸਾਹਮਣੇ ਖਲੋਤਿਆਂ ਦੇਖਿਆ। ਜਦੋਂ ਉਸ ਨੇ ਉਨ੍ਹਾਂ ਨੂੰ ਦੇਖਿਆ, ਉਹ ਉਨ੍ਹਾਂ ਵੱਲ ਦੌੜਿਆ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਝੁਕ ਕੇ ਸਨਮਾਨ ਦਿੱਤਾ। ਅਬਰਾਹਾਮ ਨੇ ਆਖਿਆ, “ਸ਼੍ਰੀਮਾਨ ਜੀਓ, ਕੁਝ ਸਮਾਂ ਮੇਰੇ ਨਾਲ, ਆਪਣੇ ਨੌਕਰ, ਨਾਲ ਠਹਿਰੋ। ਮੈਂ ਤੁਹਾਡੇ ਚਰਨ ਧੋਣ ਲਈ ਕੁਝ ਪਾਣੀ ਲਿਆਉਂਦਾ ਹਾਂ। ਤੁਸੀਂ ਰੁੱਖਾਂ ਹੇਠਾਂ ਆਰਾਮ ਕਰ ਸੱਕਦੇ ਹੋਂ। ਮੈਂ ਤੁਹਾਡੇ ਲਈ ਕੁਝ ਭੋਜਨ ਲਿਆਉਂਦਾ ਹਾਂ ਅਤੇ ਤੁਸੀਂ ਰੱਜ ਕੇ ਛਕੋ। ਫ਼ੇਰ ਤੁਸੀਂ ਆਪਣਾ ਸਫ਼ਰ ਜਾਰੀ ਰੱਖ ਸੱਕਦੇ ਹੋਂ।”

ਤਿੰਨਾਂ ਆਦਮੀਆਂ ਨੇ ਆਖਿਆ, “ਚੰਗੀ ਗੱਲ ਹੈ। ਅਸੀਂ ਓਵੇਂ ਹੀ ਕਰਾਂਗੇ ਜਿਵੇਂ ਤੂੰ ਆਖਦਾ ਹੈਂ।”

ਅਬਰਾਹਾਮ ਭੱਜ ਕੇ ਤੰਬੂ ਵੱਲ ਗਿਆ। ਅਬਰਾਹਾਮ ਨੇ ਸਾਰਾਹ ਨੂੰ ਆਖਿਆ, “ਛੇਤੀ ਨਾਲ ਤਿੰਨ ਆਦਮੀਆਂ ਲਈ ਚੋਖਾ ਸਾਰਾ ਆਟਾ ਗੁੰਨ੍ਹ ਅਤੇ ਤਿੰਨ ਰੋਟੀਆਂ ਪਕਾ।” ਫ਼ੇਰ ਅਬਰਾਹਾਮ ਆਪਣੇ ਪਸ਼ੂਆਂ ਵੱਲ ਦੌੜਿਆ। ਅਬਰਾਹਾਮ ਨੇ ਆਪਣਾ ਸਭ ਤੋਂ ਚੰਗਾ ਵੱਛਾ ਲਿਆ। ਅਬਰਾਹਾਮ ਨੇ ਵੱਛਾ ਨੌਕਰ ਨੂੰ ਦੇ ਦਿੱਤਾ। ਅਬਰਾਹਾਮ ਨੇ ਨੌਕਰ ਨੂੰ ਆਖਿਆ ਕਿ ਛੇਤੀ ਨਾਲ ਵਛਾ ਜਿਬਾਹ ਕਰੇ ਅਤੇ ਇਸਦਾ ਭੋਜਨ ਤਿਆਰ ਕਰੇ। ਅਬਰਾਹਾਮ ਨੇ ਮਾਸ, ਦੁੱਧ ਅਤੇ ਮੱਖਣ ਲਿਆਂਦਾ ਅਤੇ ਇਨ੍ਹਾਂ ਨੂੰ ਤਿੰਨਾ ਆਦਮੀਆਂ ਅੱਗੇ ਧਰ ਦਿੱਤਾ। ਫ਼ੇਰ ਉਹ ਉਨ੍ਹਾਂ ਦੇ ਨੇੜੇ ਖਲੋ ਗਿਆ ਜਦੋਂ ਉਹ ਰੁੱਖ ਹੇਠਾਂ ਬੈਠੇ ਹੋਏ ਭੋਜਨ ਛਕ ਰਹੇ ਸਨ।

ਫ਼ੇਰ ਆਦਮੀਆਂ ਨੇ ਅਬਰਾਹਾਮ ਨੂੰ ਆਖਿਆ, “ਤੇਰੀ ਪਤਨੀ ਸਾਰਾਹ ਕਿੱਥੇ ਹੈ?”

ਅਬਰਾਹਾਮ ਨੇ ਆਖਿਆ, “ਉਹ ਤੰਬੂ ਵਿੱਚ ਹੈ।”

10 ਤਾਂ ਯਹੋਵਾਹ ਨੇ ਆਖਿਆ, “ਮੈਂ ਬਹਾਰ ਦੇ ਮੌਸਮ ਵਿੱਚ ਫ਼ੇਰ ਆਵਾਂਗਾ। ਓਸ ਸਮੇਂ, ਤੇਰੀ ਪਤਨੀ ਸਾਰਾਹ ਇੱਕ ਪੁੱਤਰ ਨੂੰ ਜਨਮ ਦੇਵੇਗੀ।”

ਸਾਰਾਹ ਤੰਬੂ ਵਿੱਚ ਖਲੋਤੀ ਇਹ ਗੱਲਾਂ ਸੁਣ ਰਹੀ ਸੀ। 11 ਅਬਰਾਹਾਮ ਅਤੇ ਸਾਰਾਹ ਬਹੁਤ ਬਿਰਧ ਸਨ। ਸਾਰਾਹ ਬੱਚੇ ਜਣਨ ਦੀ ਉਮਰ ਟੱਪ ਚੁੱਕੀ ਸੀ। 12 ਇਸ ਲਈ ਸਾਰਾਹ ਨੇ ਜੋ ਸੁਣਿਆ ਸੀ ਉਸਤੇ ਵਿਸ਼ਵਾਸ ਨਹੀਂ ਕੀਤਾ। ਉਹ ਦਿਲ ਵਿੱਚ ਹੱਸੀ ਅਤੇ ਆਖਿਆ, “ਮੈਂ ਬੁੱਢੀ ਹਾਂ ਤੇ ਮੇਰਾ ਪਤੀ ਬੁੱਢਾ ਹੈ। ਮੈਂ ਇੰਨੀ ਬੁੱਢੀ ਹਾਂ ਕਿ ਬੱਚਾ ਨਹੀਂ ਜਣ ਸੱਕਦੀ।”

13 ਤਾਂ ਯਹੋਵਾਹ ਨੇ ਅਬਰਾਹਾਮ ਨੂੰ ਆਖਿਆ, “ਸਾਰਾਹ ਹਸੀ ਸੀ ਅਤੇ ਉਸ ਨੇ ਆਖਿਆ ਸੀ ਕਿ ਉਹ ਇੰਨੀ ਬੁੱਢੀ ਉਮਰੇ ਬੱਚਾ ਨਹੀਂ ਜਣ ਸੱਕਦੀ। 14 ਕੀ ਯਹੋਵਾਹ ਲਈ ਕੋਈ ਗੱਲ ਇੰਨੀ ਔਖੀ ਹੈ? ਨਹੀਂ! ਮੈਂ ਬਹਾਰ ਦੇ ਮੌਸਮ ਵਿੱਚ ਫ਼ੇਰ ਆਵਾਂਗਾ, ਜਦੋਂ ਮੈਂ ਆਖਿਆ ਹੈ ਤਾਂ ਆਵਾਂਗਾ। ਅਤੇ ਤੇਰੀ ਪਤਨੀ ਸਾਰਾਹ ਪੁੱਤਰ ਨੂੰ ਜਨਮ ਦੇਵੇਗੀ।”

15 ਪਰ ਸਾਰਾਹ ਨੇ ਆਖਿਆ, “ਮੈਂ ਨਹੀਂ ਹਸੀ!” (ਉਸ ਨੇ ਇਹ ਗੱਲ ਇਸ ਵਾਸਤੇ ਆਖੀ ਕਿਉਂਕਿ ਉਹ ਡਰ ਗਈ ਸੀ।)

ਪਰ ਯਹੋਵਾਹ ਨੇ ਆਖਿਆ, “ਨਹੀਂ! ਮੈਂ ਜਾਣਦਾ ਹਾਂ ਕਿ ਇਹ ਸੱਚ ਨਹੀਂ ਹੈ। ਤੂੰ ਜ਼ਰੂਰ ਹਸੀ ਸੀ।”

16 ਫ਼ੇਰ ਆਦਮੀ ਜਾਣ ਲਈ ਉੱਠ ਖਲੋਤੇ। ਉਨ੍ਹਾਂ ਨੇ ਸਦੂਮ ਵੱਲ ਦੇਖਿਆ ਅਤੇ ਉਸ ਦਿਸ਼ਾ ਵੱਲ ਸਫ਼ਰ ਕਰਨਾ ਆਰੰਭ ਕਰ ਦਿੱਤਾ। ਅਬਰਾਹਾਮ ਉਨ੍ਹਾਂ ਨੂੰ ਛੱਡਣ ਲਈ ਕੁਝ ਦੂਰ ਉਨ੍ਹਾਂ ਦੇ ਨਾਲ ਗਿਆ।

ਇਬਰਾਨੀਆਂ ਨੂੰ 10:26-39

ਮਸੀਹ ਤੋਂ ਬੇਮੁੱਖ ਨਾ ਹੋਵੋ

26 ਜੇ ਤੁਸੀਂ ਸੱਚ ਬਾਰੇ ਗਿਆਨ ਪ੍ਰਾਪਤ ਕਰਨ ਤੋਂ ਬਾਦ ਵੀ ਪਾਪ ਕਰਨਾ ਜਾਰੀ ਰੱਖੋਂਗੇ, ਉੱਥੇ ਕੋਈ ਬਲੀ ਨਹੀਂ ਜੋ ਹੋਰਾਂ ਦੇ ਪਾਪਾਂ ਨੂੰ ਹਟਾ ਸੱਕਦੀ ਹੋਵੇ। 27 ਜੇ ਅਸੀਂ ਪਾਪ ਕਰਦੇ ਰਹਿੰਦੇ ਹਾਂ ਤਾਂ ਸਾਡੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਕਿ ਅਸੀਂ ਹਸ਼ਰ ਦੇ ਨਿਆਂ ਤੋਂ ਡਰੀਏ ਅਤੇ ਉਸ ਕਹਿਰੀ ਅੱਗ ਤੋਂ ਡਰੀਏ ਜਿਹੜੀ ਉਨ੍ਹਾਂ ਸਾਰੇ ਲੋਕਾਂ ਨੂੰ ਫ਼ਨਾਹ ਕਰ ਦੇਵੇਗੀ ਜਿਹੜੇ ਪਰਮੇਸ਼ੁਰ ਦੇ ਵਿਰੁੱਧ ਜਿਉਂਦੇ ਹਨ। 28 ਕੋਈ ਵੀ ਵਿਅਕਤੀ ਜਿਹੜਾ ਮੂਸਾ ਦੀ ਸ਼ਰ੍ਹਾ ਨੂੰ ਮੰਨਣ ਤੋਂ ਇਨਕਾਰੀ ਹੁੰਦਾ ਸੀ ਉਸ ਨੂੰ ਦੋ ਜਾਂ ਤਿੰਨ ਗਵਾਹੀਆਂ ਦੇ ਅਧਾਰ ਤੇ ਕਸੂਰਵਾਰ ਠਹਿਰਾਇਆ ਜਾਂਦਾ ਸੀ। ਉਸ ਵਿਅਕਤੀ ਨੂੰ ਮੁਆਫ਼ ਨਹੀਂ ਸੀ ਕੀਤਾ ਜਾਂਦਾ। ਉਸ ਨੂੰ ਮਾਰਿਆ ਗਿਆ। 29 ਇਸ ਲਈ ਤੁਹਾਡੇ ਖਿਆਲ ਅਨੁਸਾਰ ਉਸ ਵਿਅਕਤੀ ਨਾਲ ਕੀ ਸਲੂਕ ਕੀਤਾ ਜਾਣਾ ਚਾਹੀਦਾ ਹੈ ਜਿਹੜਾ ਪਰਮੇਸ਼ੁਰ ਦੇ ਪੁੱਤਰ ਦੇ ਖਿਲਾਫ਼ ਨਫ਼ਰਤ ਪ੍ਰਗਟ ਕਰਦਾ ਹੈ? ਨਿਸ਼ਚਿਤ ਹੀ ਉਸ ਵਿਅਕਤੀ ਨੂੰ ਭਿਆਨਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਹਾਂ, ਉਸ ਵਿਅਕਤੀ ਨੂੰ ਭਿਆਨਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਸ ਨੇ ਉਸ ਲਹੂ ਨਾਲ ਆਦਰ ਦਾ ਵਿਹਾਰ ਨਹੀਂ ਕੀਤਾ ਜਿਸ ਨਾਲ ਨਵਾਂ ਕਰਾਰ ਸ਼ੁਰੂ ਹੁੰਦਾ ਹੈ। ਉਸ ਲਹੂ ਨੇ ਉਸ ਨੂੰ ਪਵਿੱਤਰ ਬਣਾਇਆ ਹੈ। ਅਤੇ ਉਸ ਨੂੰ ਭਿਆਨਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਸ ਨੇ ਪਰਮੇਸ਼ੁਰ ਦੀ ਕਿਰਪਾ ਦੇ ਆਤਮਾ ਦੇ ਵਿਰੁੱਧ ਆਪਣੀ ਨਫ਼ਰਤ ਦਰਸ਼ਾਈ ਹੈ। 30 ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਆਖਿਆ, “ਮੈਂ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਕੰਮਾਂ ਦੀ ਸਜ਼ਾ ਦਿਆਂਗਾ। ਮੈਂ ਉਨ੍ਹਾਂ ਦੇ ਕੀਤੇ ਗਲਤ ਕੰਮਾਂ ਦਾ ਜਵਾਬ ਦਿਆਂਗਾ।” [a] ਅਤੇ ਪਰਮੇਸ਼ੁਰ ਨੇ ਇਹ ਵੀ ਆਖਿਆ ਸੀ, “ਪ੍ਰਭੂ ਆਪਣੇ ਲੋਕਾਂ ਦਾ ਨਿਆਂ ਕਰੇਗਾ।” [b] 31 ਇੱਕ ਪਾਪੀ ਲਈ ਜਿਉਂਦੇ ਪਰਮੇਸ਼ੁਰ ਦੇ ਵੱਸ ਪੈਣਾ ਬਹੁਤ ਭਿਆਨਕ ਹੋਵੇਗਾ।

ਆਪਣੇ ਹੌਂਸਲੇ ਅਤੇ ਖੁਸ਼ੀ ਨੂੰ ਨਾ ਗਵਾਓ

32 ਉਨ੍ਹਾਂ ਪਹਿਲਿਆਂ ਦਿਨਾਂ ਨੂੰ ਚੇਤੇ ਕਰੋ ਜਦੋਂ ਤੁਸੀਂ ਪਹਿਲਾਂ ਪਹਿਲ ਸੱਚ ਦਾ ਗ਼ਿਆਨ ਹਾਸਲ ਕੀਤਾ ਸੀ। ਤੁਹਾਨੂੰ ਬਹੁਤ ਸਾਰੇ ਕਸ਼ਟਾਂ ਨਾਲ ਜੱਦੋ-ਜਹਿਦ ਕਰਨੀ ਪਈ, ਪਰ ਤੁਸੀਂ ਮਜ਼ਬੂਤ ਬਣੇ ਰਹੇ। 33 ਕਈ ਵਾਰੀ ਲੋਕਾਂ ਨੇ ਤੁਹਾਨੂੰ ਨਫ਼ਰਤ ਭਰੀਆਂ ਗੱਲਾਂ ਆਖੀਆਂ ਅਤੇ ਬਹੁਤ ਸਾਰੇ ਲੋਕਾਂ ਸਾਹਮਣੇ ਤੁਹਾਨੂੰ ਸਤਾਇਆ। ਅਤੇ ਕਈ ਵਾਰੀ ਤੁਸੀਂ ਹੋਰਾਂ ਲੋਕਾਂ ਦੀ ਸਹਾਇਤਾ ਕੀਤੀ ਜਿਨ੍ਹਾਂ ਨਾਲ ਕਦੇ ਇਸੇ ਤਰ੍ਹਾਂ ਦਾ ਵਿਹਾਰ ਕੀਤਾ ਗਿਆ ਸੀ। 34 ਹਾਂ, ਤੁਸੀਂ ਉਨ੍ਹਾਂ ਲੋਕਾਂ ਦੀ ਮਦਦ ਕੀਤੀ ਹੈ ਜੋ ਕੈਦ ਕੀਤੇ ਗਏ ਸਨ ਅਤੇ ਤੁਸੀਂ ਉਨ੍ਹਾਂ ਦੇ ਦੁੱਖਾਂ ਨੂੰ ਸਾਂਝਾ ਕੀਤਾ ਹੈ। ਅਤੇ ਜਦੋਂ ਤੁਹਾਡੀਆਂ ਸਾਰੀਆਂ ਚੀਜ਼ਾਂ ਤੁਹਾਡੇ ਪਾਸੋਂ ਦੂਰ ਖੋਹ ਲਈਆਂ ਗਈਆਂ ਸਨ ਤਾਂ ਤੁਸੀਂ ਅਨੰਦ ਵਿੱਚ ਰਹੇ ਸੀ। ਤੁਸੀਂ ਇਸ ਲਈ ਅਨੰਦ ਵਿੱਚ ਰਹੇ ਕਿਉਂਕਿ ਤੁਸੀਂ ਜਾਣਦੇ ਸੀ ਕਿ ਤੁਹਾਡੇ ਕੋਲ ਕੁਝ ਬਿਹਤਰ ਸੀ ਜਿਹੜਾ ਸਦਾ ਰਹਿਣ ਵਾਲਾ ਸੀ।

35 ਇਸ ਲਈ ਹੌਂਸਲਾ ਨਾ ਹਾਰੋ ਜਿਹੜਾ ਤੁਸੀਂ ਅਤੀਤ ਵਿੱਚ ਰੱਖਿਆ ਸੀ। ਤੁਸੀਂ ਆਪਣੇ ਹੌਂਸਲੇ ਲਈ ਇੱਕ ਵੱਡਾ ਪੁਰਸੱਕਾਰ ਪ੍ਰਾਪਤ ਕਰੋਂਗੇ। 36 ਤੁਹਾਨੂੰ ਅਵੱਸ਼ ਹੀ ਸਬਰ ਰੱਖਣਾ ਚਾਹੀਦਾ ਹੈ। ਫ਼ੇਰ, ਤੁਹਾਡੇ ਉਹੀ ਕਰਨ ਤੋਂ ਬਾਦ, ਜੋ ਪਰਮੇਸ਼ੁਰ ਚਾਹੁੰਦਾ ਹੈ, ਤੁਸੀਂ ਉਨ੍ਹਾਂ ਚੀਜ਼ਾਂ ਨੂੰ ਪ੍ਰਾਪਤ ਕਰੋਂਗੇ ਜਿਨ੍ਹਾਂ ਦਾ ਪਰਮੇਸ਼ੁਰ ਨੇ ਵਾਇਦਾ ਕੀਤਾ ਸੀ। 37 ਥੋੜੇ ਹੀ ਸਮੇਂ ਵਿੱਚ,

“ਉਹ ਜਿਹੜਾ ਆਉਣ ਵਾਲਾ ਹੈ, ਆਵੇਗਾ।
    ਉਹ ਦੇਰ ਨਹੀਂ ਕਰੇਗਾ।
38 ਜਿਹੜਾ ਵਿਅਕਤੀ ਮੇਰੇ ਨਾਲ ਧਰਮੀ ਹੈ,
    ਉਹ ਆਪਣੇ ਵਿਸ਼ਵਾਸ ਦੁਆਰਾ ਜੀਵਨ ਪ੍ਰਾਪਤ ਕਰੇਗਾ।
ਪਰ ਜੇ ਉਹ ਵਿਅਕਤੀ ਡਰ ਨਾਲ ਮੁੜ ਪੈਂਦਾ ਹੈ ਮੈਂ ਉਸ
    ਨਾਲ ਪ੍ਰਸੰਨ ਨਹੀਂ ਹੋਵਾਂਗਾ।” (A)

39 ਪਰ ਅਸੀਂ ਅਜਿਹੇ ਲੋਕ ਨਹੀਂ ਹਾਂ ਜਿਹੜੇ ਪਿੱਛੇ ਮੁੜੇ ਅਤੇ ਗੁਆਚ ਗਏ ਹੋਣ। ਨਹੀਂ। ਅਸੀਂ ਉਹ ਲੋਕ ਹਾਂ ਜਿਹੜੇ ਨਿਹਚਾ ਰੱਖਦੇ ਹਾਂ ਅਤੇ ਬਚਾਏ ਗਏ ਹਾਂ।

ਯੂਹੰਨਾ 6:16-27

ਯਿਸੂ ਦਾ ਪਾਣੀ ਉੱਤੇ ਚੱਲਣਾ(A)

16 ਸ਼ਾਮ ਨੂੰ, ਯਿਸੂ ਦੇ ਚੇਲੇ ਝੀਲ ਨੂੰ ਚੱਲੇ ਗਏ। 17 ਪਹਿਲਾਂ ਤੋਂ ਹੀ ਹਨੇਰਾ ਸੀ ਤੇ ਅਜੇ ਤੱਕ ਯਿਸੂ ਉਨ੍ਹਾਂ ਕੋਲ ਨਹੀਂ ਪਰਤਿਆ ਸੀ। ਚੇਲੇ ਕਿਸ਼ਤੀ ਵਿੱਚ ਬੈਠੇ ਅਤੇ ਕਫਰਨਾਹੂਮ ਵੱਲ ਨੂੰ ਚੱਲ ਪਏ ਜੋ ਕਿ ਝੀਲ ਦੇ ਦੂਜੇ ਪਾਰ ਸੀ। 18 ਤੇਜ਼ ਹਵਾ ਚੱਲ ਰਹੀ ਸੀ। ਦਰਿਆ ਦੀਆਂ ਲਹਿਰਾਂ ਵੱਡੀਆਂ ਤੋਂ ਵਡੇਰੀਆਂ ਹੋ ਗਈਆਂ। 19 ਚੇਲੇ ਲਗਭਗ ਤਿੰਨ ਜਾਂ ਚਾਰ ਮੀਲ ਝੀਲ ਦੇ ਅਗ੍ਹਾਂ ਜਾ ਚੁੱਕੇ ਸਨ। ਤਦ ਉਨ੍ਹਾਂ ਨੇ ਯਿਸੂ ਨੂੰ ਵੇਖਿਆ। ਉਹ ਪਾਣੀ ਉੱਤੇ ਚੱਲ ਰਿਹਾ ਸੀ। ਚੇਲੇ ਯਿਸੂ ਨੂੰ ਕਿਸ਼ਤੀ ਦੇ ਨੇੜੇ ਆਉਂਦਾ ਵੇਖ ਡਰ ਗਏ। 20 ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਹਾਂ ਡਰੋ ਨਾ।” 21 ਜਦੋਂ ਯਿਸੂ ਨੇ ਇਹ ਆਖਿਆ, ਤਾਂ ਉਹ ਯਿਸੂ ਨੂੰ ਬੇੜੀ ਅੰਦਰ ਚੜ੍ਹਾ ਕੇ ਖੁਸ਼ ਹੋ ਗਏ। ਉਸਤੋਂ ਬਾਦ ਜਿੱਥੇ ਉਨ੍ਹਾਂ ਨੇ ਪੁੱਜਣਾ ਸੀ, ਬੇੜੀ ਉੱਥੇ ਪਹੁੰਚੀ।

ਲੋਕ ਯਿਸੂ ਨੂੰ ਭਾਲਦੇ ਹਨ

22 ਅਗਲੀ ਸਵੇਰ ਜੋ ਲੋਕ ਝੀਲ ਦੇ ਦੂਜੇ ਕੰਢੇ ਤੇ ਠਹਿਰੇ ਹੋਏ ਸਨ, ਉਹ ਜਾਣਦੇ ਸਨ ਕਿ ਯਿਸੂ ਆਪਣੇ ਚੇਲਿਆਂ ਨਾਲ ਬੇੜੀ ਵਿੱਚ ਨਹੀਂ ਗਿਆ ਅਤੇ ਉਹ ਜਾਣਦੇ ਸਨ ਕਿ ਯਿਸੂ ਦੇ ਚੇਲੇ ਇੱਕਲੇ ਹੀ ਬੇੜੀ ਵਿੱਚ ਗਏ ਸਨ। ਅਤੇ ਉਹ ਇਹ ਵੀ ਜਾਣਦੇ ਸਨ ਕਿ ਉੱਥੇ ਕੇਵਲ ਇਹੀ ਇੱਕ ਬੇੜੀ ਸੀ। 23 ਪਰ ਤਦ ਤਿਬਿਰਿਯਾਸ ਵੱਲੋਂ ਕੁਝ ਬੇੜੀਆਂ ਉਸ ਥਾਂ ਤੇ ਆਈਆਂ ਜਿੱਥੇ ਉਨ੍ਹਾਂ ਨੇ ਪ੍ਰਭੂ ਦੇ ਸ਼ੁਕਰ ਕਰਨ ਤੋਂ ਬਾਦ ਰੋਟੀ ਖਾਧੀ ਸੀ। 24 ਫਿਰ ਭੀੜ ਨੇ ਉੱਥੇ ਨਾ ਤਾਂ ਯਿਸੂ ਨੂੰ ਵੇਖਿਆ ਅਤੇ ਨਾ ਹੀ ਉਸ ਦੇ ਚੇਲਿਆਂ ਨੂੰ। ਇਸ ਲਈ ਉਹ ਉਨ੍ਹਾਂ ਕਿਸ਼ਤੀਆਂ ਵਿੱਚ ਚੜ੍ਹ੍ਹੇ ਅਤੇ ਯਿਸੂ ਨੂੰ ਲੱਭਣ ਲਈ ਕਫਰਨਾਹੂਮ ਨੂੰ ਆ ਗਏ।

ਯਿਸੂ ਜੀਵਨ ਦੀ ਰੋਟੀ

25 ਜਦੋਂ ਲੋਕਾਂ ਨੇ ਯਿਸੂ ਨੂੰ ਝੀਲ ਦੇ ਪਰਲੇ ਪਾਰ ਲੱਭਿਆ, ਉਨ੍ਹਾਂ ਨੇ ਉਸ ਨੂੰ ਪੁੱਛਿਆ, “ਗੁਰੂ ਜੀ, ਤੁਸੀਂ ਇੱਥੇ ਕਦੋਂ ਆਏ?”

26 ਯਿਸੂ ਨੇ ਆਖਿਆ, “ਤੁਸੀਂ ਮੇਰੀ ਭਾਲ ਕਿਉਂ ਕਰ ਰਹੇ ਹੋ? ਕੀ ਇਸ ਲਈ ਕਿ ਤੁਸੀਂ ਮੈਨੂੰ ਕਰਿਸ਼ਮੇ ਕਰਦਿਆਂ ਵੇਖਿਆ ਹੈ ਜਿਹੜੇ ਕਿ ਮੇਰੀ ਸ਼ਕਤੀ ਨੂੰ ਸਾਬਤ ਕਰਦੇ ਹਨ? ਨਹੀਂ! ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਤੁਸੀਂ ਮੇਰੀ ਭਾਲ ਇਸ ਲਈ ਕਰ ਰਹੇ ਸੀ, ਕਿਉਂ ਕਿ ਤੁਸੀਂ ਰੋਟੀ ਖਾਧੀ ਤੇ ਤੁਸੀਂ ਸੰਤੁਸ਼ਟ ਹੋ ਗਏ ਸੀ। 27 ਨਾਸ਼ ਹੋਣ ਵਾਲਾ ਭੋਜਨ ਪ੍ਰਾਪਤ ਕਰਨ ਲਈ ਕੰਮ ਨਾ ਕਰੋ। ਪਰ ਉਸ ਭੋਜਨ ਲਈ ਕੰਮ ਕਰੋ ਜੋ ਹਮੇਸ਼ਾ ਲਈ ਰਹਿੰਦਾ ਅਤੇ ਜੋ ਤੁਹਾਨੂੰ ਸਦੀਪਕ ਜੀਵਨ ਦਿੰਦਾ ਹੈ। ਮਨੁੱਖ ਦਾ ਪੁੱਤਰ ਉਹ ਭੋਜਨ ਦੇਵੇਗਾ। ਪਿਤਾ ਪਰਮੇਸ਼ੁਰ ਨੇ ਆਪਣੀ ਪਰਵਾਨਗੀ ਦੀ ਮੋਹਰ ਆਦਮੀ ਦੇ ਪੁੱਤਰ ਉੱਤੇ ਲਾ ਦਿੱਤੀ ਹੈ।”

Punjabi Bible: Easy-to-Read Version (ERV-PA)

2010 by World Bible Translation Center